ਅੰਤਰਗਤਿ ਤੀਰਥਿ ਮਲਿ ਨਾਉ।। (ਗੁਰੂ ਗ੍ਰੰਥ ਸਾਹਿਬ ਪੰਨਾ 4)
ਐ ਮਨੁੱਖ, ਤੂੰ ਅੰਤਰ ਦੀ ਗਤੀ ਲਈ ਗਿਆਨ ਰੂਪੀ ਤੀਰਥ ’ਤੇ ਮਲ-ਮਲ ਕੇ ਚੰਗੀ
ਤਰ੍ਹਾਂ ਨਹਾ ਤਾ ਕਿ ਤੂੰ ਸੱਚਾ ਜੀਵਨ ਜਿਊ ਸਕੇਂ। ‘ਅੰਤਰ’ ਭਾਵ ਮਨ ਨੂੰ ਜੇਕਰ ਤੂੰ ਸਾਫ ਨਹੀ ਕੀਤਾ
ਤਾਂ ਕੀ ਹੋਵੇਗਾ:
ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ।। (ਗੁਰੂ ਗ੍ਰੰਥ ਸਾਹਿਬ,
ਪੰਨਾ 919)
ਜੇ ਤੇਰੇ ਮਨ ਵਿੱਚ ਦੁਬਿਧਾ, ਭਰਮ-ਵਹਿਮ ਜਾਂ ਖ਼ੌਫ ਹੈ, ਡਰ ਹੈ ਤਾਂ ਤੇਰਾ
‘ਜੀਉ ਮਲੀਣੁ’ ਹੋ ਜਾਵੇਗਾ। ‘ਧੋਤਾ’ ਲਫਜ਼ ਵਰਤ ਕੇ ਗੁਰੂ ਸਾਹਿਬ ਮਲੀਣ ਮਨ (ਜੀਉ, ਆਤਮਾ) ਨੂੰ ਧੋਣ
ਦਾ ਢੰਗ ਦਸਦੇ ਹਨ :
ਮੰਨੁ ਧੋਵਹੁ ਸਬਦਿ ਲਾਗਹੁ (ਗੁਰੂ ਗ੍ਰੰਥ ਸਾਹਿਬ, ਪੰਨਾ 919)
ਭਾਵ ਸਤਿਗੁਰ ਦੇ ਗਿਆਨ ਦੇ ਨਾਲ ਤੂੰ ਆਪਣਾ ਮਨ ਧੋ।
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ।। ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ
ਹੈ।। (ਗੁਰੂ ਗ੍ਰੰਥ ਸਾਹਿਬ, ਪੰਨਾ 687)
ਗੁਰਦੁਆਰੇ ਦਾ ਮਕਸਦ ਸ਼ਬਦ ਵਿਚਾਰ ਦੇ ਨਾਲ ਮਨ ਨੂੰ ਧੋਣਾ ਹੈ ਅਤੇ
ਗੁਰਦੁਆਰਿਆਂ ਦੇ ਬਾਹਰ ਸਰੋਵਰ ਦੀ ਸਥਾਪਨਾ ਕਰਨ ਦਾ ਮਕਸਦ ਮਨੁੱਖ ਨੂੰ ਏਕਤਾ ਸਿਖਾਉਣਾ ਹੈ ਤਾ ਕਿ
ਬਰਾਬਰਤਾ ਸਿੱਖ ਸੱਕੀਏ। ਅੱਜ ਅਮਰੀਕਾ ਦੇ ਵਿੱਚ ਵਿਤਕਰੇ ਨੂੰ ਕਾਨੂੰਨੀ ਤੌਰ ਤੇ ਨਜਿੱਠਿਆ ਜਾਂਦਾ
ਹੈ। ਜੇਕਰ ਕੋਈ ਕਿਸੀ ਨਾਲ ਪੱਖਪਾਤ ਜਾਂ ਵਿਤਕਰਾ ਕਰੇ ਤਾਂ ਉਸ ਨੂੰ ਅਪਰਾਧੀ ਕਰਾਰ ਕੀਤਾ ਜਾਂਦਾ
ਹੈ। ਮਨੁੱਖਤਾ ਨੂੰ ਏਕਤਾ ਦੀ ਨਜ਼ਰ ਨਾਲ ਵੇਖਣਾ ਧਾਰਮਕਤਾ ਦੀ ਨਿਸ਼ਾਨੀ ਹੈ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।। (ਗੁਰੂ ਗ੍ਰੰਥ ਸਾਹਿਬ,
ਪੰਨਾ 1349)
ਭਾਵ ਸਾਰੇ ਮਨੁੱਖ ਬਰਾਬਰ ਹਨ। ਜ਼ਾਤ-ਪਾਤ ਦੀਆਂ ਵੰਡੀਆਂ ਕਰਕੇ ਮਨੁੱਖ ਵੀ
ਵੰਡਿਆ ਹੋਇਆ ਹੈ, ਜਿਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ:
ਜਾਤਿ ਕਾ ਗਰਬੁ ਨ ਕਰੀਅਹੁ ਕੋਈ ।। (ਗੁਰੂ ਗ੍ਰੰਥ ਸਾਹਿਬ, ਪੰਨਾ 1127)
ਭਾਵ ਹੇ ਮਨੁੱਖ ! ਤੂੰ ਜਾਤ-ਪਾਤ ਦਾ ਗਰਬ ਨ ਕਰ, ਕਿ ਮੈਂ ਊੱਚੀ ਜ਼ਾਤ ਦਾ
ਹਾਂ। ਜਿਸ ਮਨੁੱਖ ਨੂੰ ਰੱਬ ਵਿਸਰ ਜਾਏ ਉਹ ਲੋਕਾਂ ਨੂੰ ਬਰਾਬਰ ਨਹੀ ਸਮਝਦਾ, ਆਪਣੇ ਆਪ ਨੂੰ ਅਮੀਰ
ਤੇ ਦੂਜਿਆਂ ਨੂੰ ਗਰੀਬ, ਆਪਣੇ ਆਪ ਨੂੰ ਗੋਰਾ ਤੇ ਦੂਜਿਆਂ ਨੂੰ ਕਾਲਾ, ਆਪਣੇ ਆਪ ਨੂੰ ਸਿਆਣਾ ਤੇ
ਦੂਜਿਆਂ ਨੂੰ ਅਨਪੜ੍ਹ, ਆਪਣੇ ਆਪ ਨੂੰ ਊੱਚ ਜ਼ਾਤੀਆ ਤੇ ਦੂਜਿਆਂ ਨੂੰ ਸ਼ੁਦਰ/ਚੂੜ੍ਹਾ ਸਮਝਦਾ ਹੈ,
ਉਨਾਂ ਨਾਲ ਸਰੀਰ ਦਾ ਕੋਈ ਵੀ ਅੰਗ ਨਹੀਂ ਲਗਣ ਦੇਂਦਾ, ਉਨ੍ਹਾਂ ਦੇ ਪਰਛਾਵੇ ਤੋਂ ਵੀ ਦੂਰ ਭੱਜਦਾ
ਹੈ, ਉਨ੍ਹਾਂ ਨੂੰ ਧਾਰਮਕ ਸਥਾਨਾਂ ਵਿੱਚ ਨਹੀਂ ਵੜਨ ਦਿੰਦਾ, ਇਹ ਸਭ ਕੁਝ ਰੱਬ ਨੂੰ ਵਿਸਾਰ ਦੇਣ
ਵਾਲੇ ਜੀਵਨ ਦਾ ਲਖ਼ਾਇਕ ਹੈ। ਜੇਕਰ ਤੂੰ ਸੱਚ ਨਾਲ ਜੁੜ ਜਾਵੇਂ ਤਾਂ ਇਹੋ ਤੇਰੀ ਰੱਬੀ ਜ਼ਾਤ ਹੈ ਤੇ
ਇਸੇ ’ਚ ਤੇਰੀ ਪੱਤ ਹੈ ਕਿ ਤੂੰ ਸਭ ਨਾਲ ਇਕੋ ਜਿਹਾ ਪਿਆਰ ਕਰ।
ਜੋ ਮਨੁੱਖ ਕਿਸੇ ਨੂੰ ਪਾਪੀ, ਨਾਸਤਕ, ਊੱਚੇ-ਨੀਵੇਂ ਮਜ਼੍ਹਬ ਦਾ ਸਮਝਦਾ ਹੈ
ਤਾਂ ਮਾਨੋ ਉਹ ਵਿਤਕਰੇ ਦੀ ਖੇਡ ਵਿੱਚ ਹੈ। ਜੇ ਉਸ ਵਿਤਕਰੇ ਦੀ ਭਾਵਨਾ ਨਾਲ ਉਹ ਗੁਰਦੁਆਰੇ ਚਲਾ ਗਿਆ
ਅਤੇ ਸਰੋਵਰ ਵਿੱਚ ਇਸ਼ਨਾਨ ਵੀ ਕਰ ਕੇ ਆ ਗਿਆ ਤਾਂ ਮਾਨੋ ਉਸਨੇ ਬੇਕਾਰ ਹੀ ਸਰੋਵਰ ਵਿੱਚ ਇਸ਼ਨਾਨ ਕੀਤਾ
ਕਿਉਂਕਿ ਬਾਹਰੋਂ ਤਾਂ ਉਸਨੂੰ ਭਾਵੇਂ ਕੋਈ ਪਕੜ ਨ ਸਕੇ ਪਰ ਉਸਦੇ ਹਿਰਦੇ ਦੀ ਕਚਿਹਰੀ ਵਿੱਚ ‘ਧਰਮ’
ਉਸਨੂੰ ਪਕੜ ਹੀ ਲੈਂਦਾ ਹੈ। ਜੇ ਅਸੀਂ ਵਿਤਕਰੇ ਦੀ ਭਾਵਨਾ ਨਾਲ ਇਸ਼ਨਾਨ ਕੀਤਾ ਤਾਂ ਸਰੋਵਰ ਦਾ ਮਕਸਦ
ਪੂਰਾ ਨਹੀਂ ਹੋਇਆ।
ਸਰੋਵਰ ਅਤੇ ਬਾਉਲੀਆਂ ਬਣਾਉਣ ਦੇ ਪਿੱਛੇ ਮਕਸਦ ਹੀ ਇਹੋ ਸੀ ਕਿ ਪਹਿਲੇ
ਜ਼ਮਾਨੇ ਵਿੱਚ ਊੱਚੀਆਂ ਜਾਤਾਂ ਵਾਲਿਆਂ ਦੇ ਵਖਰੇ ਖੂਹ ਹੁੰਦੇ ਸੀ, ਵਖਰੇ ਨਦੀ ਦੇ ਘਾਟ ਹੁੰਦੇ ਸੀ।
ਊੱਥੇ ਨੀਵੀਂ ਜ਼ਾਤ ਵਾਲਾ ਨਹਾ ਨਹੀਂ ਸੀ ਸਕਦਾ ਤੇ ਨਾ ਹੀ ਉਨ੍ਹਾਂ ਖੂਹਾਂ ਤੋਂ ਪਾਣੀ ਪੀ ਸਕਦਾ ਸੀ।
ਵਖਰੇ-ਵਖਰੇ ਖੂਹ, ਵਖਰੇ-ਵਖਰੇ ਘਾਟ, ਵਖਰੀਆਂ ਨਦੀਆਂ ਪਰ ਗੁਰੂ ਪਾਤਸ਼ਾਹ ਨੇ ਬਉਲੀ ਅਤੇ ਸਰੋਵਰ ਬਣਾ
ਦਿਤੇ ਤਾ ਕਿ ਬਰਾਬਰਤਾ ਅਤੇ ਮਨੁੱਖਤਾ ਸਿਖਾਉਣ ਵਾਲੀ ਬਾਣੀ ਨੂੰ ਵਿਵਹਾਰਕ ਤੌਰ ਤੇ ਜੀਵਿਆ ਜਾ ਸਕੇ।
ਬਾਣੀ ਪੜ੍ਹ ਕੇ ਉਸ ਤੋਂ ਬਰਾਬਰਤਾ ਸਿੱਖ ਕੇ, ਉੱਚੀ ਜ਼ਾਤ ਦੀ ਹਉਮੈ, ਹੰਕਾਰ ਨੂੰ ਅਮਲੀ ਤੌਰ ਤੇ
ਛੱਡਣ ਲਈ, ਇਕੋ ਹੀ ਸਰੋਵਰ ਵਿੱਚ ਇਸ਼ਨਾਨ ਵਾਲੀ ਪ੍ਰਥਾ ਚਲਾਈ ਗਈ ਤਾ ਕਿ ਜਾਤ-ਪਾਤ ਦਾ ਗਰਬ ਨਾ ਰਹਿ
ਜਾਏ। ਪਰ ਅਸੀਂ ਇਸ਼ਨਾਨ ਵੀ ਕੀਤਾ ਅਤੇ ਜ਼ਾਤ-ਪਾਤ ਵੀ ਮੰਨਦੇ ਰਹੇ, ਆਪਣੇ ਨਾਵਾਂ ਪਿੱਛੇ ਜਾਤਾਂ ਵੀ
ਲਗਾਂਦੇ ਰਹੇ ਕਿਉਂਕਿ ਅਸੀਂ ਇਸ਼ਨਾਨ ਦੌਰਾਨ ਉਸ ਪਾਣੀ ਨੂੰ ਪੀਣਾ ਸ਼ੁਰੂ ਕਰ ਦਿੱਤਾ ਪਰ ਬਰਾਬਰਤਾ ਦਾ
ਮਤਲਬ ਨਹੀਂ ਸਮਝਿਆ। ਅਸੀਂ ਖਤਰੀ, ਅਰੋੜੇ, ਭਾਪੇ, ਰਾਮਗੜੀਏ, ਲੁਭਾਣੇ, ਦਲਿਤ ਆਦਿ ਕਿਸਮਾਂ ਦੀਆਂ
ਵੰਡੀਆਂ ਵਿੱਚ ਪੈ ਗਏ।
ਏਕੁ
ਪਿਤਾ ਏਕਸ ਕੇ ਹਮ ਬਾਰਿਕ ਵਾਲੀ ਬਰਾਬਰਤਾ
ਨੂੰ ਜਦੋਂ ਤਕ ਵਿਵਹਾਰ ਵਿਚ ਨਹੀਂ ਜੀਵਾਂਗੇ ਤਦ ਤਕ ਸਾਨੂੰ ਸਰੋਵਰ ਦਾ ਮਕਸਦ ਸਮਝ ਨਹੀਂ ਆਵੇਗਾ।
ਗੁਰੂ ਗ੍ਰੰਥ ਸਾਹਿਬ ਅਨੁਸਾਰ ਸਰੋਵਰ ਬਾਰੇ ਸਮਝਣਾ ਅਤਿ ਜ਼ਰੂਰੀ ਹੈ।
ਰਾਮਦਾਸ ਸਰੋਵਰਿ ਨਾਤੇ।।
(ਗੁਰੂ ਗ੍ਰੰਥ ਸਾਹਿਬ, ਪੰਨਾ 625)
ਜਦੋਂ ਅਸੀਂ ਬਾਣੀ ਨੂੰ ਖੋਜ ਕੇ ਪੜ੍ਹਾਂਗੇ ਤਾਂ ਇਸ ਦਾ ਭਾਵ ਸਮਝ ਆਵੇਗਾ
ਕਿ ‘ਰਾਮ ਦੇ ਦਾਸਾਂ ਦਾ ਸਰੋਵਰ’। ਦਾਸ ਦੇ ‘ਸ’ ਨੂੰ ਔਂਕੜ ਨਹੀਂ ਹੈ ਭਾਵ ਇਹ ਗੁਰੂ ਰਾਮਦਾਸ ਸਾਹਿਬ
ਬਾਰੇ ਨਹੀਂ ਹੈ। ‘ਰਾਮ’ ਭਾਵ ਇਕ ਅਕਾਲ ਪੁਰਖ ਵਾਹਿਗੁਰੂ ਜਾਂ ਖ਼ੁਦਾ ਦੇ ਦਾਸਾਂ, ਰਾਮ ਦੇ ਦਾਸਾਂ
ਭਾਵ ਸੱਚ ਦੀ ਸੰਗਤ ਵਿੱਚ ਜਿਹੜੀ ਸੱਚ ਦੀ ਵਿਚਾਰ ਹੁੰਦੀ ਹੈ, ਜਦੋਂ ਉਸ ਵਿਚਾਰ ਦੇ ਸਰੋਵਰ ਵਿਚ
ਨਹਾਓ ਤਾਂ ਕੀ ਹੋਵੇਗਾ;ਵਸ
ਸਭਿ ਉਤਰੇ ਪਾਪ ਕਮਾਤੇ।।
(ਗੁਰੂ ਗ੍ਰੰਥ ਸਾਹਿਬ, ਪੰਨਾ 625)
ਭਾਵ ਸਾਰੇ ਵਿਤਕਰੇ ਦੀ ਭਾਵਨਾ ਵਾਲੇ ਪਾਪ ਦੂਰ ਹੋ ਜਾਂਦੇ ਹਨ। ਲੋਕਾਂ ਨੂੰ
ਬਰਾਬਰ ਨਾ ਸਮਝਣਾ, ਬਰਾਬਰਤਾ ਵਾਲਾ ਜੀਵਨ ਨਾ ਜਿਊਣਾ ਇਕ ਪਾਪ ਹੀ ਹੈ। ‘‘ਸਾਰੇ ਮਨੁੱਖਾਂ ਵਿੱਚ
ਬਰਾਬਰਤਾ ਵੇਖਣ ਤੋਂ ਹੀ ਗੁਰਮਤ ਦੀ ਭਗਤੀ ਸ਼ੁਰੂ ਹੁੰਦੀ ਹੈ” ਤੇ ਸਰੋਵਰ ਦਾ ਮਕਸਦ ਵੀ ਬਰਾਬਰਤਾ
ਸਿਖਾਉਣਾ ਹੀ ਹੈ। ਪਰ ਸਰੋਵਰ ਦਾ ਇਹ ਮਕਸਦ ਨਹੀਂ ਕਿ ਸਰੋਵਰ ਵਿਚ ਡੁਬਕੀ ਮਾਰੋ ਤਾਂ ਤੁਹਾਡੇ ਅਖੌਤੀ
ਪਾਪ ਦੂਰ ਹੋ ਜਾਣਗੇ ਜਾਂ ਸਰੀਰਕ ਰੋਗ ਦੂਰ ਹੋ ਜਾਣਗੇ। ਗੁਰ ਸਮਾਨਿ ਤੀਰਥੁ ਨਹੀ ਕੋਇ।। (ਗੁਰੂ
ਗ੍ਰੰਥਸਾਹਿਬ, ਪੰਨਾ 1328) ਗਿਆਨ ਗੁਰੂ ਦੇ ਸਰੋਵਰ ’ਚ ਇਸ਼ਨਾਨ ਕਰਕੇ ਮਨੁੱਖ ਅੰਤਰਆਤਮੇ ਦੇ ਸਾਰੇ
ਪਾਪਾਂ ਤੋਂ ਭਾਵ ਅਵਗੁਣ ਤੋਂ ਮੁਕਤ ਹੋ ਜਾਂਦਾ ਹੈ।
ਇਹ ਭੁਲੇਖਾ ਪਤਾ ਨਹੀਂ ਕਿਥੋਂ ਪਾ ਦਿੱਤਾ ਗਿਆ ਕਿ ਰਜਨੀ ਅਤੇ ਉਸਦੇ ਪਤੀ ਨੇ
ਕਾਂ ਨੂੰ ਸਰੋਵਰ ਵਿੱਚ ਨਹਾ ਕੇ ਹੰਸ ਬਣਦਿਆਂ ਵੇਖਿਆ ਤੇ ਫਿਰ ਉਸੇ ਸਰੋਵਰ ਵਿੱਚ ਨਹਾ ਕੇ ਰਜਨੀ ਦੇ
ਪਤੀ ਦਾ ਟੁੰਡ (ਕੋੜ੍ਹ,) ਠੀਕ ਹੋ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਫੁਰਮਾਨ ਹੈ :
ਬਗੁਲਾ ਕਾਗ ਨੀਚ ਕੀ ਸੰਗਤ ਜਾਇ ਕਰੰਗ ਬਿਖੂ ਮੁਖਿ ਲਾਈਐ ।। ਨਾਨਕ ਮੇਲਿ
ਮੇਲਿ ਪ੍ਰਭ ਸੰਗਤ ਮਿਲਿ ਸੰਗਤ ਹੰਸ ਕਰਾਈਐ ।। (ਗੁਰੂ ਗ੍ਰੰਥ ਸਾਹਿਬ, ਪੰਨਾ 881)
ਕਾਗ ਸਾਡੀ ਮਨ ਦੀ ਬਿਰਤੀ ਹੈ, ਉਹ ਬਿਰਤੀ ਵਿਸ਼ਟਾ/ਵਿਕਾਰ ਖਾਂਦੀ ਹੈ ਭਾਵ
ਨਿੰਦਾ ਕਰਦੀ ਹੈ। ਜਿਸ ਤਰ੍ਹਾਂ ਕਾਂ ਅਤੇ ਇੱਲਾਂ ਨੂੰ ਅਸੀਂ ਦੇਖਦੇ ਹਾਂ, ਉਹ ਮੋਏ ਹੋਏ ਜੀਵ-ਜੰਤੂ,
ਵਿਸ਼ਟਾ ਅਤੇ ਸੜੀਆਂ-ਗਲੀਆਂ ਚੀਜ਼ਾਂ ਖਾਂਦੇ ਹਨ। ਅਸੀਂ ਜੇ ਕਿਸੀ ਦੀ ਨਿੰਦਾ ਕਰਦੇ ਹਾਂ ਤਾਂ ਇਹ ਕਾਂ
ਬਿਰਤੀ ਹੈ ਪਰ ਗੁਰੂ, ਕਾਗਹੁ ਹੰਸ ਕਰ ਦੇਂਦਾ ਹੈ ਭਾਵ ਸ਼ਬਦ ਗੁਰੂ ਕਾਂ ਬਿਰਤੀ ਨੂੰ ਹੰਸ ਬਿਰਤੀ
ਵਿੱਚ ਤਬਦੀਲ ਕਰ ਦੇਂਦਾ ਹੈ। ਭਾਵ ਮਨੁੱਖ ਦੀ ਕਾਂ ਬਿਰਤੀ ਹੈ ਤੇ ਸੰਗਤ ਵਿੱਚ ਆ ਕੇ ਸੱਚ ਦੀ ਵਿਚਾਰ
ਲੈ ਕੇ ਮਨੁੱਖ ਦੀ ਮਾਨਸਕ ਅਤੇ ਆਤਮਕ ਅਵਸਥਾ, ਦੁਰਮਤ (ਜ਼ਮੀਰ) ਕਾਂ ਤੋਂ ਹੰਸ ਤਬਦੀਲ ਹੋ ਜਾਂਦੀ ਹੈ।
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ।। (ਗੁਰੂ ਗ੍ਰੰਥ
ਸਾਹਿਬ, ਪੰਨਾ 611)
ਭਾਵ ਹੇ ਮਨੁੱਖ ਤੂੰ ਆਪਣੇ ਮਨ ਨੂੰ, ਆਪਣੇ ਅੰਤਰ ਆਤਮੇ ਨੂੰ ਸੱਚ ਦੀ ਵਿਚਾਰ
ਨਾਲ ਇਸ਼ਨਾਨ ਕਰਾ ਤਾ ਕਿ ਰੱਬ ਜੀ ਨਾਲ ਜੁੜ ਸਕੇਂ ਤਾਂ ਤੇਰਾ ਤਨ, ਮਨ ਅਰੋਗ ਹੋ ਜਾਵੇਗਾ। ਜਿਸਦਾ ਤਨ
ਮੈਲਾ ਹੈ ਉਹ ਤਾਂ ਬਾਹਰੋ ਸਾਫ ਹੋ ਸਕਦਾ ਹੈ ਪਰ ਜਿਸਦਾ ਮਨ ਮੈਲਾ ਹੈ, ਉਸਨੂੰ ਸੱਚ ਦੀ ਵਿਚਾਰ, ਸੱਚ
ਦੇ ਗਿਆਨ ਨਾਲ ਹੀ ਸਾਫ ਕੀਤਾ ਜਾ ਸਕਦਾ ਹੈ।
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ।। ਉਦਮੁ
ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ।। (ਗੁਰੂ ਗ੍ਰੰਥ ਸਾਹਿਬ, ਪੰਨਾ 305)
ਭਾਵ ਗੁਰੂ ਕਾ ਸਿੱਖ ਅੰਮ੍ਰਿਤ ਰੂਪੀ ਬਾਣੀ (ਸੱਚ ਦੀ ਵਿਚਾਰ) ਦੇ ਸਰੋਵਰ
ਵਿਚ ਨਹਾਉਂਦਾ ਹੈ। ਪਰ ਫਿਰ ਸਵਾਲ ਉਠਦਾ ਹੈ ਕਿ ਦਰਬਾਰ ਸਾਹਿਬ (ਅੰਮ੍ਰਿਤਸਰ) ਦਾ ਸਰੋਵਰ ਕਿਸ
ਵਾਸਤੇ ਹੈ;ਵਸ ਉਸ ਸਰੋਵਰ ਦਾ ਕੀ ਮਕਸਦ ਹੈ;ਵਸ ਦਰਬਾਰ ਸਾਹਿਬ (ਅੰਮ੍ਰਿਤਸਰ) ਦਾ ਸਰੋਵਰ ਸਾਰੇ
ਮਨੁੱਖਾਂ ਨੂੰ ਵਿਵਹਾਰਿਕ ਤੌਰ, ਅਮਲੀ ਤੌਰ ਤੇ ਏਕਤਾ ਅਤੇ ਬਰਾਬਰਤਾ ਸਿਖਾਉਣ ਦਾ ਇਕ ਢੰਗ ਹੈ।