ਜਸਬੀਰ ਸਿੰਘ ਵੈਨਕੂਵਰ
ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਨਾਲ ਸੰਬੰਧਤ ਕੁੱਝ ਮਨਘੜਤ ਸਾਖੀਆਂ
(ਕਿਸ਼ਤ ਤੀਜੀ)
ਗੁਰੂ ਨਾਨਕ ਸਾਹਿਬ ਦੇ ਜੋਤੀ
ਜੋਤ ਸਮਾਉਣ ਸਮੇਂ ਦੀ ਦੂਜੀ ਮਨਘੜਤ ਕਹਾਣੀ ਗੁਰੂ ਸਾਹਿਬ ਦੇ ਸਮਾਉਣ ਉਪਰੰਤ ਸਿਰੀ ਚੰਦ ਅਤੇ ਲਖਮੀ
ਦਾਸ ਦੇ ਬੇਨਤੀ ਕਰਨ `ਤੇ ਫਿਰ ਜੀਵਤ ਹੋ ਕੇ ਇਹਨਾਂ (ਪੁੱਤਰਾਂ) ਦੇ ਰੋਜ਼ੀ-ਰੋਟੀ ਸੰਬੰਧੀ ਤੌਖ਼ਲਿਆਂ
ਨੂੰ ਦੂਰ ਕਰਨ ਸੰਬੰਧੀ ਹੈ।
ਇਸ ਸਾਖੀ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਵਲੋਂ ਸਿਰੀ ਚੰਦ ਅਤੇ ਲਖਮੀ ਦਾਸ ਨੂੰ ਬੁਲਾਉਣ ਤੋਂ
ਪ੍ਰਾਰੰਭ ਕਰ ਰਹੇ ਹਾਂ। ਇਥੋਂ ਪ੍ਰਾਰੰਭ ਕਰਨ ਦਾ ਮਨੋਰਥ ਜਿੱਥੇ ਥੋਹੜੇ ਕੁ ਵਿਸਤਾਰ ਨਾਲ ਇਸ ਘਟਨਾ
ਦਾ ਵਰਨਣ ਕਰਨਾ ਹੈ ਉੱਥੇ ਨਾਲ ਹੀ ਇਸ ਸੰਬੰਧੀ ਲੇਖਕਾਂ ਦੀਆਂ ਭਿੰਨ ਭਿੰਨ ਰਾਵਾਂ ਨੂੰ ਪਾਠਕਾਂ ਨਾਲ
ਸਾਂਝਿਆਂ ਕਰਨਾ ਵੀ ਹੈ।
ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਗੁਰੂ ਸਾਹਿਬ ਦੇ ਸਮਾਉਣ ਦਾ ਸਮਾਂ ਨੇੜੇ ਜਾਣ ਕੇ (ਮਾਤਾ)
ਸੁਲੱਖਣੀ ਜੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋਏ। ਸਤਿਗੁਰੂ ਜੀ ਨੇ ਸੁਲੱਖਣੀ ਜੀ ਦੀ ਉਦਾਸੀ
ਦੇ ਕਾਰਨ ਨੂੰ ਮਹਿਸੂਸ ਕਰਦਿਆਂ ਹੋਇਆਂ ਇੱਕ ਸਿੱਖ ਨੂੰ ਸਿਰੀ ਚੰਦ ਅਤੇ ਲਖਮੀ ਦਾਸ ਨੂੰ ਬੁਲਾਉਣ ਲਈ
ਭੇਜਿਆ ਕਿ ਉਹ ਛੇਤੀ ਆ ਕੇ ਮਿਲ ਲੈਣ, ਫਿਰ ਉਹਨਾਂ ਨੂੰ ਇਹ ਮੌਕਾ ਨਹੀਂ ਮਿਲੇਗਾ। ਭਾਈ ਸਾਹਿਬ
ਲਿਖਦੇ ਹਨ:-
“ਬਹੁਰ ਸੁਲਖਣੀ ਆਇ ਬੰਦਿ ਕਰ ਬੰਦਨ ਕੀਨੀ। ਮਨ ਅਧੀਨ ਹੁਐ ਦੀਨ ਤੀਨ ਪਰਦੱਛਨ ਦੀਨੀ। ਲੋਚਨ ਤੇ ਜਲ
ਜਾਤਿ ਬੈਠਿਗੀ ਤਬੀ ਸਮੀਪਾ। ਮੁਰਝਾਨੀ ਕੋ ਦੇਖਿ ਭਨਯੋ ਬੇਦੀ ਕੁਲਦੀਪਾ। ਇੱਕ ਸਿਖ ਜਾਹੁ ਸ੍ਰੀ ਚੰਦ
ਢਿਗ ਲਖਮੀ ਦਾਸ ਸੰਯੁਕਤ ਜਹਿਂ। ਜਸਪਦ ਲਯਾਉ ਬੁਲਾਇ ਤਿਨ, ਬਹੁਰ ਦਰਸ ਪਾਵਹਿਂ ਸੁ ਨਹਿਂ।” (ਉਤਰਾਰਧ
ਅਧਯਾਯ ੫੫)
ਜਦੋਂ ਸਿੱਖ ਨੇ ਸਿਰੀ ਚੰਦ ਅਤੇ ਲਖਮੀ ਦਾਸ ਨੂੰ ਸੁਨੇਹਾ ਦਿੱਤਾ ਤਾਂ ਉਹਨਾਂ ਨੇ ਹਜ਼ੂਰ ਪਾਸ ਆਉਣ ਦੀ
ਥਾਂ ਹੱਸਦਿਆਂ ਹੋਇਆਂ ਇਉਂ ਕਿਹਾ, “ਬਦਨ ਬਿਹਸ ਕੈ ਬਚ ਕਹੇ ਦਿਵਸ ਸਪਤਪੀ ਜੈਸ। ਹਮਹਿ ਬੁਲਾਵਤਿ ਹੈਂ
ਅਬੈ ਆਜ ਸਮਾਵਹਿਂ ਤੈਸ।” ਭਾਵ: ਸ੍ਰੀ ਚੰਦ ਅਤੇ ਲਖਮੀ ਦਾਸ ਨੇ ਅੱਗੋਂ ਹੱਸਕੇ ਕਿਹਾ ਕਿ ਜਿਸ
ਤਰ੍ਹਾਂ ਪਿਤਾ ਗੁਰਦੇਵ ਸਤਵੀਂ ਥਿਤ ਨੂੰ ਸਾਨੂੰ ਬੁਲਾਉਂਦੇ ਸਨ, ਉਸੇ ਤਰ੍ਹਾਂ ਅੱਜ ਫਿਰ ਸਮਾਉਣ
ਲਗਿਆਂ ਸਾਨੂੰ ਬੁਲਾ ਰਹੇ ਹਨ। ਭਾਵ, ਜਿਸ ਤਰ੍ਹਾਂ ਤਿੰਨ ਕੁ ਦਿਨ ਪਹਿਲਾਂ ਕਹਿੰਦੇ ਸਨ ਕਿ ਉਹ
ਸਮਾਉਣ ਲੱਗੇ ਹਨ ਪਰ ਸਮਾਏ ਨਹੀਂ ਸਨ, ਅੱਜ ਵੀ ਉਸ ਦਿਨ ਵਾਂਗ ਸਮਾਉਣ ਲੱਗੇ ਹਨ?
ਸਿੱਖ ਨੇ ਵਾਪਸ ਆ ਕੇ ਗੁਰਦੇਵ ਨੂੰ ਸਿਰੀ ਚੰਦ ਅਤੇ ਲਖਮੀ ਦਾਸ ਦੇ ਉੱਤਰ ਬਾਰੇ ਦੱਸਿਆ ਹੈ। ਗੁਰੂ
ਨਾਨਕ ਸਾਹਿਬ ਸੁਣ ਕੇ ਖ਼ਾਮੌਸ਼ ਹੋ ਜਾਂਦੇ ਹਨ। ਭਾਵੇਂ ਹਜ਼ੂਰ ਚੁੱਪ ਕਰ ਜਾਂਦੇ ਹਨ ਪਰ (ਮਾਤਾ)
ਸੁਲੱਖਣੀ ਜੀ ਆਪਣੇ ਮਨ ਵਿੱਚ ਵਿਚਾਰ ਕਰ ਰਹੇ ਸਨ ਕਿ ਮੇਰੇ ਪੁੱਤਰਾਂ ਦੇ ਮਨ ਵਿੱਚ ਰੰਚ-ਮਾਤਰ ਵੀ
ਆਪਣੇ ਪਿਤਾ ਗੁਰਦੇਵ ਬਾਰੇ ਪ੍ਰਤੀਤੀ ਨਹੀਂ ਆਈ ਹੈ। ਇਸ ਲਈ ਉਹ ਅੰਤ ਸਮੇਂ ਵੀ ਇਹਨਾਂ ਦੇ ਦਰਸ਼ਨ ਕਰਨ
ਲਈ ਨਹੀਂ ਆਏ ਹਨ। ਸ੍ਰੀ ਚੰਦ ਅਤੇ ਲਖਮੀ ਦਾਸ ਦੀ ਬੇਪ੍ਰਤੀਤੀ ਨੂੰ ਦੇਖ ਕੇ ਮਾਤਾ ਸੁਲੱਖਣੀ ਜੀ ਸੋਚ
ਰਹੇ ਹਨ ਕਿ ਇਹ ਬਾਅਦ ਵਿੱਚ ਪਛਤਾਣਗੇ। ਇਹ ਸੋਚ ਕੇ ਸੁਲੱਖਣੀ ਜੀ ਨੇ ਸਤਿਗੁਰੂ ਜੀ ਨੂੰ ਬੇਨਤੀ
ਕੀਤੀ ਕਿ ਸੁਆਮੀ ਜੀ ਜੇਕਰ ਤੁਸੀਂ ਹੁਣ ਸ੍ਰੀ ਚੰਦ ਅਤੇ ਲਖਮੀ ਦਾਸ ਨੂੰ ਬੁਲਾਓਗੇ ਤਾਂ ਉਹ ਜ਼ਰੂਰ
ਆਉਣਗੇ। ਭਾਈ ਸੰਤੋਖ ਸਿੰਘ ਜੀ ਦੇ ਸ਼ਬਦਾਂ ਵਿੱਚ:-
“ਗੁਨਤਿ ਸੁਲਖਣੀ ਉਰ ਇਸ ਭਾਂਤੀ। ਮਮ ਸੁਤ ਝੂਰਹਿਂਗੇ ਪਸ਼ਚਾਤੀ। ਮਿਲੇ ਨ ਆਨਿ ਜਨਕ ਕੇ ਤਾਈਂ। ਤਨਕ
ਪ੍ਰਤੀਤ ਨ ਤਿਨ ਕੋ ਆਈ। ਤਬਿ ਠਾਂਢੀ ਹੁਐ ਪ੍ਰਭੂ ਅਗਾਰੀ। ਹਾਥ ਬੰਦਿ ਅਸ ਗਿਰਾ ਉਚਾਰੀ। ਅਬਿ ਕੁ
ਪੁਨ ਨਿਜ ਤਾਤਨਿ ਤਾਈਂ। ਪਠਹੁ ਬੁਲਾਇ ਪਾਸ, ਗੋਸਾਈਂ! ਆਵਹਿਂਗੇ ਅਬਿ ਮਾਨਹਿਂ ਬੈਨਾ। ਛਿਮਾਛੇਤ੍ਰ
ਤੁਮ ਸ਼੍ਰੀ ਗੁਨ ਐਨਾ! ਨੀਕੀ ਬਾਤ ਮਿਲਹਿਂ ਇਸ ਕਾਲਾ। ਬਿਨੈ ਮਾਨੀਏ ਮੇਰੀ ਦਯਾਲਾ!” (ਮਾਤਾ)
ਸੁਲੱਖਣੀ ਜੀ ਦੀ ਦੇ ਕਹਿਣ `ਤੇ ਸਤਿਗੁਰੂ ਜੀ ਨੇ ਇੱਕ ਸਿੱਖ ਨੂੰ ਇਹਨਾਂ ਦੋਹਾਂ ਨੂੰ ਬੁਲਾਉਣ ਲਈ
ਭੇਜਿਆ। ਇਸ ਸਿੱਖ ਨੇ ਸ੍ਰੀ ਚੰਦ ਅਤੇ ਲਖਮੀ ਦਾਸ ਨੂੰ ਆਖਿਆ ਕਿ, “. . ਨਿਸ਼ਚੇ ਗੁਰੂ ਸਮਾਵਨ ਲਾਗੇ।
ਮਾਤਾ ਬਿਨਤੀ ਕੀਨਿ ਘਨੇਰੀ। ਮੁਝ ਤੁਮ ਪਾਸ ਪਠਾਯੋ ਫੇਰੀ। ਰੰਚਕ ਔਰ ਬਿਲੰਬ ਨ ਕੋਈ। ਚਹਉ ਤ ਮਿਲਉ
ਭਲੇ ਬਿਧਿ ਹੋਈ।” ਗੁਰੂ ਪੁੱਤਰਾਂ ਨੂੰ ਜਦੋਂ ਸਿੱਖ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਸੱਚ-ਮੁੱਚ ਹੀ
ਸਮਾਉਣ ਲੱਗੇ ਹਨ ਅਤੇ ਤੁਹਾਡੇ ਮਾਤਾ ਜੀ ਨੇ ਤੁਹਾਨੂੰ ਬੁਲਾਇਆ ਹੈ। ਜੇਕਰ ਤੁਸੀਂ ਹੁਣ ਦੇਰੀ ਕੀਤੀ
ਤਾਂ ਪਿਤਾ ਗੁਰਦੇਵ ਦੇ ਫਿਰ ਦਰਸ਼ਨ ਨਹੀਂ ਕਰ ਸਕੋਗੇ। ਇਹ ਸੁਣ ਕੇ, “ਸਿਰੀ ਚੰਦ ਪੁਨ ਲਖਮੀਦਾਸਾ।
ਮਾਤ ਬਾਤ ਸੁਨਿ ਭਏ ਉਦਾਸਾ। ਤਤਛਿਨ ਉਠੇ ਤਜੇ ਅਨਮਤਾ। ਕਹਯੋ ਸਮਾਇਂ ਨ ਸਾਚੇ ਪਿਤਾ। ਗਮਨੇ ਮਿਲਿਨ
ਭਈ ਇਤ ਐਸੇ।” ਭਾਵ, ਸਿਰੀ ਚੰਦ ਅਤੇ ਲਖਮੀ ਦਾਸ ਨੂੰ ਮਾਤਾ ਵਲੋਂ ਭੇਜੇ ਸੁਨੇਹੇ ਨਾਲ ਯਕੀਨ ਹੋ ਗਿਆ
ਕਿ ਪਿਤਾ ਗੁਰਦੇਵ ਸੱਚ-ਮੁੱਚ ਹੀ ਸਮਾਉਣ ਲੱਗੇ ਹਨ। ਗੁਰੂ-ਪੁੱਤਰਾਂ ਨੂੰ ਸਤਿਗੁਰੂ ਜੀ ਦੇ ਬਚਨਾਂ
`ਤੇ ਭਰੋਸਾ ਨਹੀਂ ਕੀਤਾ ਪਰ ਸੁਲੱਖਣੀ ਜੀ ਦਾ ਸੁਨੇਹਾ ਮਿਲਦਿਆਂ ਹੀ ਇਹਨਾਂ ਨੇ ਹੋਰ ਗਿਣਤੀ-ਮਿਣਤੀ
ਛੱਡ ਕੇ ਸਤਿਗੁਰੂ ਜੀ ਦੇ ਟਿਕਾਣੇ ਵਲ ਤੁਰ ਪਏ ਕਿ ਕਿਧਰੇ ਪਿਤਾ ਜੀ ਸੱਚ-ਮੁੱਚ ਹੀ ਸਮਾ ਨਾ ਜਾਣ।
ਪਰ ਇਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਤਿਗੁਰੂ ਜੀ ਨੇ ਸਰੀਰ ਤਿਆਗ ਦਿੱਤਾ। ਜਿਉਂ ਹੀ ਗੁਰੂ ਜੀ
ਨੇ ਸਰੀਰ ਤਿਆਗਿਆ, ਸੰਗਤਾਂ ਵਿਰਲਾਪ ਕਰਨ ਲੱਗ ਪਈਆਂ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ, “ਉਤ
ਕੀ ਸੁਨਹੁ ਕੀਨਿ ਗੁਰ ਜੈਸੇ। ਅੰਬਰ ਪਾਇ ਬਦਨ ਪਰ ਤਬਿਹੀ। ਪੌਢਿ ਗਏ ਦੇਖਹਿਂ ਨਰ ਸਭਿਹੀ। ਗੇ ਸਮਾਇ
ਤਨ ਰਹੇ ਨ ਪ੍ਰਾਨਾ। ਭਾ ਕਹਾਇ ਕੋ ਸਬਦਿ ਮਹਾਨਾ। ਕਰਿਹੀਂ ਲੋਕ ਬਿਲਾਪ ਕਲਾਪਾ। ਭਯੋ ਪ੍ਰਭੂ ਕੋ
ਬਿਰਹੁ ਪ੍ਰਤਾਪਾ।” (ਉਤਰਾਰੑਧ ਅਧਯਾਯ ੫੬)
“ਤਿਹ ਛਿਨ ਦੋਨੋ ਸੁਤ ਚਲਿ ਆਏ। ਸੁਨਤਿ ਰੌਰ ਹਿਰਦੇ ਬਿਸਮਾਏ। ਭੀਰ ਅਧਿਕ ਜਾਵਨ ਮਗ ਨਾਂਹੀ। ਦੁਸ਼ਤਰ
ਹੁਐ ਪਹੁੰਚੇ ਪ੍ਰਭੁ ਪਾਂਹੀ। ਦੇਖਿ ਸੁਲਖਣੀ ਸੁਤ ਸੋਂ ਭਾਖੀ। ਪੂਰਬ ਕਿਉਂ ਨਾ ਅਏ ਅਸਕਾਂਖੀ? ਰਹੇ
ਬੁਲਾਇ ਪਠੇ ਦੁਐ ਬਾਰੀ। ਆਏ ਨਹੀਂ ਨ ਨੀਕ ਬਿਚਾਰੀ। ਪੀਛੇ ਆਇ, ਰਹੋ ਪਛੁਤਾਈ। ਅਬਿ ਤੌ ਗਏ ਸਮਾਇ
ਗੁਸਾਈਂ।” (ਅਧਯਾਯ ੫੬) ਭਾਵ, ਜਦੋਂ ਇਹ ਸਿਰੀ ਚੰਦ ਅਤੇ ਲਖਮੀ ਦਾਸ ਗੁਰੂ ਸਾਹਿਬ ਦੇ ਪਾਸ ਆਏ ਤਾਂ
ਸੰਗਤਾਂ ਨੂੰ ਵੈਰਾਗਵਾਨ ਦੇਖ ਕੇ ਬਹੁਤ ਹੈਰਾਨ ਹੋਏ। ਸੰਗਤਾਂ ਦੀ ਕਾਫੀ ਭੀੜ ਹੋਣ ਕਾਰਨ ਇਹ ਦੋਵੇਂ
ਬੜੀ ਮੁਸ਼ਕਲ ਨਾਲ ਗੁਰੂ ਸਾਹਿਬ ਦੇ ਮਿਰਤਕ ਸਰੀਰ ਦੇ ਪਾਸ ਪਹੁੰਚੇ। ਇਹਨਾਂ ਨੂੰ ਦੇਖ ਕੇ ਸੁਲੱਖਣੀ
ਜੀ ਨੇ ਕਿਹਾ ਕਿ ਹੁਣ ਤਾਂ ਗੁਰਦੇਵ ਸਮਾ ਗਏ ਹਨ। ਪਹਿਲਾਂ ਤੁਹਾਨੂੰ ਦੋ ਵਾਰ ਬੁਲਾਇਆ ਪਰ ਤੁਸੀਂ
ਨਹੀਂ ਆਏ। ਹੁਣ ਮਗਰੋਂ ਆਏ ਹੋ, ਹੁਣ ਤੁਹਾਡੇ ਪੱਲੇ ਪਛਤਾਵਾ ਹੀ ਹੈ।
ਭਾਈ ਬਾਲੇ ਵਾਲੀ ਜਨਮ ਸਾਖੀ, ਜਿਸ ਨੂੰ ਭਾਈ ਸੰਤੋਖ ਸਿੰਘ ਜੀ ਨੇ ਆਧਾਰ ਬਣਾਇਆ ਹੈ, ਵਿੱਚ ਇਸ ਘਟਨਾ
ਦਾ ਇਉਂ ਵਰਨਣ ਕੀਤਾ ਹੋਇਆ ਹੈ:-
“ਸੇਵਕਾਂ ਬੇਟਿਆਂ ਕੋ ਜਾਇ ਕਰ ਕਹਾ ਕਿ ਤੁਮਾਰੀ ਢਿਲ ਹੈ ਨਹੀਂ ਤਾਂ ਬਾਬਾ ਜੀ ਸਮਾਵਣੇ ਕੋ ਤਿਆਰ ਹਨ
ਤਾਂ ਉਨ ਕੀ ਢਿਲ ਜਾਣਕੇ ਬਾਬਾ ਜੀ ਸਮਾ ਗਏ ਜਾਂ ਪਿਛੋਂ ਬੇਟੇ ਆਏ ਦੇਖਣ ਤਾਂ ਸਚ ਹੀ ਸਮਾ ਗਏ ਹਨ
ਨੇਤਰ ਮੂੰਦ ਲੀਏ ਥੇ”। ਇਸ ਜਨਮ ਸਾਖੀ ਵਿੱਚ ਮਾਤਾ ਸੁਲੱਖਣੀ ਜੀ ਨੂੰ ਉਦਾਸ ਦੇਖ ਕੇ ਜਾਂ ਇਹਨਾਂ
ਵਲੋਂ ਦੁਬਾਰਾ ਕਹਿਣ `ਤੇ ਗੁਰੂ ਨਾਨਕ ਸਾਹਿਬ ਵਲੋਂ ਪੁੱਤਰਾਂ ਨੂੰ ਬੁਲਾਉਣ ਦਾ ਵਰਨਣ ਨਹੀਂ ਹੈ।
‘ਮਿਹਰਬਾਨ ਰਚਿਤ’ ਜਨਮ ਸਾਖੀ ਵਿੱਚ ਵੀ ਨਾ ਤਾਂ ਪਹਿਲੀ ਵਾਰ (ਮਾਤਾ) ਸੁਲੱਖਣੀ ਜੀ ਨੂੰ ਉਦਾਸ ਦੇਖ
ਕੇ ਅਤੇ ਨਾ ਹੀ ਦੂਜੀ ਵਾਰ (ਮਾਤਾ) ਸੁਲੱਖਣੀ ਜੀ ਦੇ ਕਹਿਣ `ਤੇ ਗੁਰੂ ਨਾਨਕ ਸਾਹਿਬ ਵਲੋਂ ਪੁੱਤਰਾਂ
ਨੂੰ ਬੁਲਾਉਣ ਦੀ ਗੱਲ ਲਿਖੀ ਹੈ। ਇਸ ਸਾਖੀ ਵਿੱਚ ਗੁਰੂ ਸਾਹਿਬ ਵਲੋਂ ਪਰਵਾਰ ਨੂੰ ਬੁਲਾਉਣ ਦੀ ਗੱਲ
ਲਿਖੀ ਹੋਈ ਹੈ ਅਤੇ ਨਾਲ ਹੀ ਪੁੱਤਰਾਂ ਦੇ ਨਾ ਆਉਣ ਦਾ ਵੀ ਵਰਨਣ ਹੈ। ਦੂਜੀ ਵਾਰ ਕਿਸੇ ਸਿੱਖ ਵਲੋਂ
ਹੀ ਸਿਰੀ ਚੰਦ ਅਤੇ ਲਖਮੀ ਦਾਸ ਨੂੰ ਕਿਹਾ ਗਿਆ ਕਿ ਹਜ਼ੂਰ ਸੱਚ-ਮੁੱਚ ਹੀ ਸਮਾ ਰਹੇ ਹਨ। ਇਹ ਸੁਣ ਕੇ
ਇਹ ਦੋਵੇਂ ਗੁਰੂ ਜੀ ਦੇ ਪਾਸ ਆਉਂਦੇ ਹਨ। ਜਦੋਂ ਇਹ ਦੋਵੇਂ ਗੁਰੂ ਜੀ ਦੇ ਪਾਸ ਆਉਂਦੇ ਹਨ ਤਦੋਂ
ਗੁਰੂ ਜੀ ਨੇ ਸਰੀਰ ਨਹੀਂ ਸੀ ਤਿਆਗਿਆ। ਇਸ ਸਾਖੀ ਦੇ ਸ਼ਬਦਾਂ ਵਿੱਚ, “ਜਿਤਨਾ ਪਰਵਾਰ ਥਾ ਸੋ ਸਭ
ਗੁਰੂ ਬਾਬੇ ਨਾਨਕ ਜੀ ਸਦਾਇਆ। ਉਤੇ ਸਮੇ ਪਰਵਾਰ ਆਇਆ। ਲਖਮੀ ਦਾਸ ਅਤੇ ਸਿਰੀ ਚੰਦ ਨੂੰ ਆਦਮੀ
ਭੇਜਿਆ। ਤਬ ਉਹ ਨ ਆਏ। ਉਨੀ ਭੀ ਢਿਲ ਕੀਤੀ। ਓਨੀ ਕਹਿਆ ਜੇਹਾ ਪਰਸਹੁ ਚਲਿਆ ਹੈ। ਤੇਹਾ ਇਹੁ ਹੁਣ ਭੀ
ਸਮਾਵੈਗਾ। ਢਿਲ ਮਠਿ ਕਰਿ ਰਹੇ। ਤਬ ਗੁਰੂ ਬਾਬੇ ਨਾਨਕ ਜੀ ਹੁਕਮੁ ਕੀਆ। ਸੋ ਸਾਰੇ ਵੇੜੇ ਵਿੱਚ ਚਉਕਾ
ਦੇਹੋ। ਅਰੁ ਕੁਸਾ ਲੈ ਆਵਹੁ। ਸਭ ਸਮਗ੍ਰੀ ਆਣਿ ਹਜੂਰ ਕਰਹੁ। ਫੇਰਿ ਸ੍ਰੀ ਚੰਦ ਅਰੁ ਲਖਮੀ ਦਾਸ ਥੇ
ਆਦਮੀ ਗਏ। ਜੇ ਗੁਰੂ ਬਾਬਾ ਨਾਨਕ ਜੀ ਸਮਾਵਣੇ ਕੇ ਘਰਿ ਹੈ। ਸਮਗ੍ਰੀ ਸਭ ਤਈਆਰੁ ਹੋਈ ਹੈ। ਤੁਸਾਡੀ
ਹੀ ਢਿਲ ਹੈ। ਤਦਿ ਜਾਤੋ ਨੇ ਜੇ ਮਤਿ ਸਚੇ ਹੀ ਸਮਾਵਦਾ ਹੋਵੈ। ਤਬ ਲਖਮੀ ਦਾਸ ਅਤੇ ਸਿਰੀ ਚੰਦ ਗੁਰੂ
ਬਾਬੇ ਨਾਨਕ ਜੀ ਪਾਸਿ ਆਇ ਗਏ। ਜਾਇ ਕਰਿ ਦੇਖਨਿ ਤਾ ਗੁਰੂ ਬਾਬਾ ਜੀ ਸਹੀ ਸਮਾਵਦਾ ਹੈ।”
ਮਹਿਮਾ ਪ੍ਰਕਾਸ਼ (ਕਵਿਤਾ) ਦਾ ਕਰਤਾ ਇਹ ਤਾਂ ਲਿਖਿਆ ਹੈ ਕਿ, ‘ਤਬ ਲਖਮੀ ਦਾਸ ਸ੍ਰੀ ਚੰਦ ਬੁਲਾਏ।
ਪਿਤਾ ਪਰਮਾਨੁ ਕੀਓ ਨਹੀਂ ਆਏ। ਚਾਦਰ ਓਢ ਦਿਆਲ ਤਬ ਲੀਆ। ਨਿਜ ਪਰਮਧਾਮ ਕੋ ਪਿਆਨਾ ਕੀਆ।’ ਪਰ
(ਮਾਤਾ) ਸੁਲੱਖਣੀ ਜੀ ਦੇ ਕਹਿਣ ਜਾਂ ਇਹਨਾਂ ਨੂੰ ਉਦਾਸ ਦੇਖ ਕੇ ਸਤਿਗੁਰੂ ਜੀ ਵਲੋਂ ਸਿਰੀ ਚੰਦ ਅਤੇ
ਲਖਮੀ ਦਾਸ ਨੂੰ ਬੁਲਾਉਣ ਦਾ ਵਰਨਣ ਨਹੀਂ ਕੀਤਾ ਹੈ। ਮਹਿਮਾ ਪ੍ਰਕਾਸ਼ ਅਨੁਸਾਰ ਗੁਰੂ ਨਾਨਕ ਸਾਹਿਬ ਨੇ
ਆਪ ਹੀ ਇਹਨਾਂ ਨੂੰ ਬੁਲਾਇਆ ਸੀ ਪਰ ਇਹ ਨਹੀਂ ਸਨ ਆਏ।
ਮਹਿਮਾ ਪ੍ਰਕਾਸ਼ (ਵਾਰਤਕ) ਦੇ ਕਰਤੇ ਨੇ ਇਹ ਵਿਰਤਾਂਤ ਕੁੱਝ ਕੁ ਮਹਿਮਾ ਪ੍ਰਕਾਸ਼ (ਕਵਿਤਾ) ਵਾਂਗ ਹੀ
ਲਿਖਿਆ ਹੈ।
ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ਼ ਗੁਰੂ ਖ਼ਾਲਸਾ ਵਿੱਚ ਇਸ ਘਟਨਾ ਨੂੰ ਇਹਨਾਂ (ਮਿਹਰਵਾਨ, ਭਾਈ
ਬਾਲੇ ਦੀ ਜਨਮ ਸਾਖੀ, ਮਹਿਮਾ ਪ੍ਰਕਾਸ਼ ਅਤੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼) ਨਾਲੋਂ ਵੀ ਵੱਖਰੇ ਢੰਗ ਨਾਲ
ਇਸ ਘਟਨਾ ਦਾ ਵਰਨਣ ਕੀਤਾ ਹੈ। ਆਪ ਅਨੁਸਾਰ, “ਇਕ ਦਿਨ ਗੁਰੂ ਜੀ ਨੇ ਭਾਈ ਸਾਧਾਰਨ ਨੂੰ ਕਿਹਾ ਜਿਸ
ਥਿੱਤ ਨੂੰ ਤੇਰੇ ਪਿਓ ਨੇ ਚਲਾਣਾ ਕੀਤਾ ਸੀ, ਓਸੇ ਥਿੱਤ ਨੂੰ-ਜੋ ਬਹੁਤ ਥੋੜੇ ਦਿਨਾਂ ਤਕ ਆਉਣ ਵਾਲੀ
ਹੈ-ਅਸੀਂ ਦੇਹ ਤਿਆਗਾਂਗੇ। ਭਾਈ ਸਾਧਾਰਨ ਨੇ ਇਹ ਗੱਲ ਭਾਈ ਬੁੱਢੇ ਨੂੰ ਦੱਸ ਦਿੱਤੀ, ਬਸ ਸਾਰੇ ਦੇਸ
ਵਿੱਚ ਧੁੰਮ ਪੈ ਗਈ, ਸਭ ਸਿੱਖ ਆ ਕੱਠੇ ਹੋਏ, ਮਾਤਾ ਸੁਲੱਖਣੀ ਜੀ ਭੀ ਪੁਤ੍ਰਾਂ ਸਮੇਤ ਆ ਪਹੁੰਚੀ।
(ਨੋਟ:- ਗਿਆਨੀ ਗਿਆਨ ਸਿੰਘ ਅਨੁਸਾਰ ਗੁਰੂ ਨਾਨਕ ਸਾਹਿਬ ਇਸ ਸਮੇਂ ਪੱਖੋ ਕੇ ਰੰਧਾਵੇ ਵਿਖੇ ਸਨ)
ਪੁਤ੍ਰ ਦਰਸ਼ਨ ਕਰ ਸ਼ਿਕਾਰ ਨੂੰ ਚਲੇ ਗਏ। … ਸਤਿਗੁਰੂ ਜੀ ਵਾਹਿਗੁਰੂ ਨਾਮ ਨੂੰ ਉਚਾਰਨ ਕਰਦੇ ਹੋਏ
ਜੋਤੀ ਜੋਤਿ ਸਮਾ ਗਏ। ਪੁਤਰ ਆ ਕੇ ਪਛਤਾਏ, ਮਾਤਾ ਸੁਲੱਖਣੀ ਜੀ ਨੇ ਵਿਆਕੁਲ ਹੋ ਕੇ ਬੇਨਤੀ ਕੀਤੀ
ਸੁਆਮੀ ਜੀ! ਦੋ ਗੱਲਾਂ ਪੁਤ੍ਰਾਂ ਨਾਲ ਤਾਂ ਕਰੋ। ਓਸੇ ਵੇਲੇ ਬਾਲੇ ਨੇ ਆ ਢਾਹ ਮਾਰੀ ਅਰ ਕਿਹਾ ਗੁਰੂ
ਜੀ! ਆਪ ਨੇ ਕਿਹਾ ਸੀ ਤੈਨੂੰ ਨਾਲ ਲੈ ਚਲਾਂਗੇ। ਬਾਲੇ ਤੇ ਸਿੱਖਾਂ ਦੇ ਬਹੁਤ ਵਿਰਲਾਪ ਕਰਨ ਤੇ ਗੁਰੂ
ਜੀ ਉੱਠੇ ਅਰ ਕਿਹਾ ਤੂੰ ਸਾਥੋਂ ਵੱਖਰਾ ਨਹੀਂ, ਕੁਛ ਦਿਨ ਜਾ ਕੇ ਅੰਗਦ ਜੀ ਪਾਸ ਰਹੁ, ਓਹ ਮੇਰਾ ਰੂਪ
ਹੈ, ਓਸ ਨੂੰ ਮੇਰਾ ਹਾਲ ਸੁਣਾ ਫੇਰ ਤੈਨੂੰ ਅਸੀਂ ਸੱਦ ਲਵਾਂਗੇ।
ਸ੍ਰੀ ਮਾਤਾ ਸੁਲੱਖਣੀ ਜੀ ਦੀ ਬੇਨਤੀ ਮੰਨ ਗੁਰੂ ਜੀ ਕਰਤਾਰ ਪੁਰ ਆ ਰਹੇ, ਏਥੇ ਆ ਕੇ ਇੱਕ ਭਾਰਾ ਯੱਗ
ਕੀਤਾ, ਦੂਰ ਦੂਰ ਤੋਂ ਸਾਧ, ਬ੍ਰਾਹਮਣ, ਅਤਿਥੀ ਕੱਠੇ ਹੋਏ ਫੇਰ ਸਾਧਾਰਨ ਸਿੱਖ ਨੂੰ ਨਾਲ ਲੈ ਕੇ
ਬਾਹਰ ਜਾ ਕੇ ਅੱਠ ਵਿਘੇ ਭੋਂ ਕਛਾਈ, ਚੰਦਨ, ਕਸਤੂਰੀ ਘਿਓ ਆਦਿਕ ਵਸਤਾਂ ਕੱਠੀਆਂ ਕਰਵਾਈਆਂ। ਮਾਤਾ
ਸੁਲੱਖਣੀ ਜੀ ਨੇ ਨਾਲ ਚਲਣ ਦੀ ਆਗਿਆ ਮੰਗੀ, ਗੁਰੂ ਜੀ ਨੇ ਪੋਤ੍ਰਾ ਖਿਡਾ ਕੇ ਆਉਣ ਦੀ ਆਗਯਾ ਕੀਤੀ।
ਫੇਰ ਆਸਣ ਵਿਛਾ ਕੇ ਬਿਰਾਜ ਗਏ, ਕੀਰਤਨ ਹੋਣ ਲੱਗ ਪਿਆ, ਜਾਂ ਦਸਮੀ ਵਾਲੇ ਦਿਨ ਚਾਰ ਘੜੀ ਦਿਨ
ਚੜ੍ਹਿਆ ਤਾਂ ਪਦਮਾਸਨ ਬੈਠ ਗਏ ਅਰ ਸ੍ਰੀਰ ਤਿਆਗ ਦਿੱਤਾ।” ਖ਼ੈਰ!
ਗੁਰੂ ਨਾਨਕ ਸਾਹਿਬ ਜਦੋਂ ਸਮਾ ਗਏ ਤਾਂ ਸਿਰੀ ਚੰਦ ਅਤੇ ਲਖਮੀ ਦਾਸ ਹੁਰੀਂ ਬੜੀ ਅਧੀਨਗੀ ਨਾਲ
ਗੁਰੂ-ਪਿਤਾ ਨੂੰ ਮੁਖ਼ਾਤਬ ਹੁੰਦਿਆਂ ਇਉਂ ਬੇਨਤੀ ਕਰਨ ਲੱਗੇ, “ਸਿਰੀ ਚੰਦ ਤਬਿ ਲਖਮੀ ਦਾਸ। ਪਿਤ ਆਗੈ
ਕੀਨੀ ਅਰਦਾਸਿ। ਹਾਥ ਬੰਦਿ ਦੋਨੋ ਹੁਐ ਠਾਂਢੇ। ਹਿਰਦੇ ਮਹਿਂ ਸ਼ਰਧਾ ਅਤਿ ਬਾਢੇ। ਹੇ ਜਗਤੇਸ਼ ਸਰਬ
ਸੁਖਦਾਨੀ! । ਹੇ ਸਰਬੱਗਯ ਸਰਬ ਗੁਨਖਾਨੀ! । ਸਭਿ ਬਿਧਿ ਪੂਰਨ ਹੋ ਸਮਰੱਥਾ। ਰਾਉਰ ਕੇ ਗੁਨ ਅਹੈਂ
ਅਕੱਥਾ। ਅਪਰ ਨਰਨ ਸੇ ਤੁਮਕੋ ਮਾਨਤਿ। ਜਗ ਕਰਤਾ ਇਹ ਭੇਦ ਨਾ ਜਾਨਤਿ। ਅਬੈ ਪ੍ਰਤੀਤ ਤੁਮਾਰੀ ਆਈ।
ਤ੍ਰੈਲੋਕੀਪਤਿ ਸ਼ੰਕ ਨ ਰਾਈ। ਬਿਨਾ ਮਿਲੇ ਅਬਿ ਆਪ ਸਮਾਏ। ਹਮ ਰਹਿਗੇ ਹਿਰਦੇ ਪਛੁਤਾਏ। ਅਬੈ ਬਧੀ
ਅਭਿਲਾਖ ਬਿਸਾਲਾ। ਦਰਸ ਆਪ ਕਾ ਕਰਨ ਕ੍ਰਿਪਾਲਾ। ਸੁਨਿਕੈ ਬਿਨੈ ਪ੍ਰਸੀਦਹੁ ਤਾਤਾ! । ਛਿਮਾ ਕਰਹੁ
ਭੂਲੇ ਪਸ਼ਚਾਤਾ। ਤੁਮਕੋ ਸ਼੍ਰੀ ਕਰਤਾਰ ਦੁਹਾਈ। ਬੋਲੇ ਮਿਲੇ ਜੇ ਜਾਈ। ਪੂਰਬ ਜਿਉਂ ਦੁਐ ਘਟਿਕਾ ਔਰੀ।
ਹਮ ਸੋਂ ਬੋਲਹੁ ਮਿਲਹੁ ਬਹੋਰੀ। ਅਸ ਅਰਦਾਸ ਕੀਨਿ ਜਬਿ ਦੋਈ। ਚਹੁਂਦਿਸ਼ ਭੀਰ ਅਧਿਕ ਤਬਿ ਹੋਈ।”
ਸਿਰੀ ਚੰਦ ਅਤੇ ਲਖਮੀ ਦਾਸ ਨੇ ਪਛਤਾਵਾ ਕਰਦਿਆਂ ਹੋਇਆਂ ਜਦੋਂ ਇਸ ਤਰ੍ਹਾਂ ਬੇਨਤੀ ਕੀਤੀ ਤਾਂ ਗੁਰੂ
ਨਾਨਕ ਸਾਹਿਬ ਆਪਣੇ ਪੁੱਤਰਾਂ ਨਾਲ ਗੱਲ ਕਰਨ ਲਈ ਉੱਠ ਕੇ ਬੈਠ ਗਏ। ਹਜ਼ੂਰ ਕੇਵਲ ਬੈਠੇ ਹੀ ਨਹੀਂ
ਸਗੋਂ ਆਪਣੇ ਪੁੱਤਰਾਂ ਨੂੰ ਕਹਿਣ ਲੱਗੇ ਕਿ ਤੁਸੀਂ ਕੇਵਲ ਦੋ ਘੜੀਆਂ ਲਈ ਹੀ ਮੈਨੂੰ ਜੀਵਤ ਹੋਣ ਲਈ
ਆਖਿਆ ਹੈ। ਜੇਕਰ ਤੁਸੀਂ ਮੇਰੇ ਹੋਰ ਵੀ ਲੰਬੇਰੇ ਜੀਵਨ ਦੀ ਮੰਗ ਕਰਦੇ ਤਾਂ ਮੈਂ ਉਤਨਾ ਚਿਰ ਜੀਵਤ
ਰਹਿਣਾ ਸੀ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਕਰਤਾ ਦੇ ਸ਼ਬਦਾਂ ਵਿੱਚ:-
“ਤਾਤਨ ਸੋਂ ਬੋਲਨ ਕੇ ਕਾਰਨ। ਉਠਿ ਬੈਠੇ ਤਬਿ ਨਰਕ ਨਿਵਾਰਨ। …ਠਾਂਢੇ ਦੁਐ ਤਾਤਨ ਕੋ ਦੇਖਾ। ਬੋਲੇ
ਗੁਰ ਕਰਿ ਕ੍ਰਿਪਾ ਬਿਸ਼ੇਖਾ। ਜਾਚਤਿ ਜੇ ਜੀਵਨ ਬਹੁ ਮੇਰਾ। ਸੋ ਪਾਵਤਿ ਅਬਿ ਹੁਤੀ ਨ ਦੇਰਾ। ਦੁਐ
ਘਟਿਕਾ ਜਾਚੀ ਤੁਮ ਜੋਈ। ਨਹਿਂ ਅਧੀਨ ਤੁਮਰੇ ਕਛੁ ਸੋਈ। ਨਿੰਰਕਾਰ ਭਾਵੀ ਜੋ ਆਹੀ। ਸੋਈ ਹੋਤਿ ਮਿਟੈ
ਕਬਿ ਨਾਂਹੀ। ਅਬਿ ਜੋ ਹੈ ਤੁਮਰੇ ਮਨ ਮਾਂਹੀ। ਕਰਉ ਪ੍ਰਤੱਖ ਹਮਾਰੇ ਪਾਹੀ। ਪੂਰਬ ਰਹੇ ਬੁਲਾਇ ਨ ਆਏ।
ਕਰੀ ਬਾਤ ਆਪਨ ਮਨ ਭਾਏ।”
ਭਾਈ ਬਾਲੇ ਵਾਲੀ ਜਨਮ ਸਾਖੀ ਅਨੁਸਾਰ “ਤਾਂ ਸ੍ਰੀ ਚੰਦ ਲਖਮੀ ਦਾਸ ਹਥ ਜੋੜ ਕੇ ਲਗੇ ਬੇਨਤੀ ਕਰਨ ਹੇ
ਬਾਬਾ ਜੀ ਕਰਤਾਰ ਦੀ ਦੁਹਾਈ ਹਈ ਚਾਰ ਘੜੀਆਂ ਅਸਾਂ ਨਾਲ ਗੱਲਾਂ ਕੀਤੇ ਬਗੈਰ ਨਾ ਜਾਵੀਂ ਤਾਂ ਬਾਬਾ
ਜੀ ਕਰਤਾਰ ਦੀ ਦੁਹਾਈ ਮੰਨਕੇ ਨੇਤਰ ਖੋਲਕੇ ਉਠ ਬੈਠੇ ਤੇ ਆਖਣ ਲਗੇ ਕਹੁ ਪੁਤਰ ਤੁਸਾਂ ਚਾਰ ਘੜੀਆਂ
ਮੰਗੀਆਂ ਜੇ ਕਦੀ ਚਾਰ ਜੁਗ ਮੰਗਦੇ ਤਾਂ ਅਸਾਂ ਚਾਰ ਜੁਗ ਰੈਂਹਦੇ ਪਰ ਬੱਚਾ ਤੁਸਾਂ ਦੇ ਵਸ ਨਹੀਂ
ਮੇਰੇ ਸਾਹਿਬ ਦਾ ਹੁਕਮ ਹੀ ਏਵੇਂ ਹੈ।”
ਭਾਈ ਬਾਲੇ ਵਾਲੀ ਅਤੇ ਮਿਹਰਬਾਨ ਵਾਲੀ ਜਨਮ ਸਾਖੀ ਵਿੱਚ `ਚਾਰ ਘੜੀਆਂ’ ਅਤੇ ਸ਼੍ਰੀ ਗੁਰੂ ਨਾਨਕ
ਪ੍ਰਕਾਸ਼ ਵਿੱਚ ‘ਦੋ ਘੜੀਆਂ’ ਦਾ ਵਰਨਣ ਹੈ। ਪੁਰਾਤਨ ਜਨਮ ਸਾਖੀ ਵਿੱਚ ਇਸ ਤਰ੍ਹਾਂ ਦਾ ਵਰਨਣ ਨਹੀਂ
ਹੈ।
ਮਹਿਮਾ ਪ੍ਰਕਾਸ਼ (ਕਵਿਤਾ) ਦੇ ਕਰਤੇ ਅਨੁਸਾਰ ‘ਤਬ ਤੁਮ ਚਾਰ ਜੁਗ ਮੁਖ ਕਹਤੇ। ਮਾਨ ਪ੍ਰੇਮ ਹਮ ਬੈਠੇ
ਰਹਤੇ।’ ਮਹਿਮਾ ਪ੍ਰਕਾਸ਼ (ਵਾਰਤਕ) ਵਿੱਚ ਵੀ ਮਹਿਮਾ ਪ੍ਰਕਾਸ਼ (ਕਵਿਤਾ) ਨਾਲ ਮਿਲਦੀ-ਜੁਲਦੀ ਹੀ
ਵਾਰਤਾ ਲਿਖੀ ਹੋਈ ਹੈ:- “ਤਬ ਫਿਰ ਪਿਛੇ ਸਾਹਿਬ ਨੇ ਸ੍ਰੀ ਲਖਮੀ ਦਾਸ ਜੀ ਅਉਰ ਸ੍ਰੀ ਚੰਦ ਜੀ ਕੋ
ਬੁਲਾਇਆ। ਪਰ ਵੋ ਨਾ ਹੀ ਆਏ। ਤਬ ਬਾਬਾ ਜੀ ਜੋਤੀ ਜੋਤ ਸਮਾਏ। ਤਬ ਸਾਹਿਬਜਾਦਿਆ ਨੇ ਸੁਣਿਆ ਤਬ ਦਉੜੇ
ਆਏ। ਦੇਖੈ ਜੋ ਬਾਬਾ ਜੀ ਸਮਾਇ ਗਇਆ ਹੈ। ਤਬ ਬਹੁਤ ਬੈਰਾਗ ਅਰ ਰੁਦਨ ਕੀਆ। ਕਹਨ ਲਗੇ- ਜੋ ਅਸਾ ਬਾਬੇ
ਜੀ ਨਾਲ ਚਾਰ ਗਲਾ ਭੀ ਨਾ ਕੀਤੀਆ। ਅਰ ਕਹਿਓਨੇ। ਹੇ ਬਾਬਾ ਜੀ ਪਰਮੇਸਰ ਦੇ ਵਾਸਤੇ ਸਾਡੇ ਨਾਲ ਚਾਰ
ਬਾਤਾ ਤੋ ਕਰੋ। ਤਬ ਬਾਬਾ ਜੀ ਉਠ ਬੈਠੇ। ਤਬ ਬਾਬੇ ਜੀ ਆਖਿਆ। ਜੋ ਤੁਸਾ ਆਖਨਾ ਹੈ ਮੈਨੂੰ ਆਖੋ।
ਤੁਸੀ ਚਾਰ ਜੁਗ ਕਹਦੇ ਹੋ, ਚਾਰ ਜੁਗ ਤੁਸਾਡੇ ਵਾਸਤੇ ਬੈਠਾ ਰਹਤਾ। ਅਬ ਜੋ ਕੁਛ ਤੁਸਾ ਕਹਨਾ ਹੈ ਸੋ
ਕਹੋ।”
ਗੁਰੂ ਨਾਨਕ ਸਾਹਿਬ ਸਿਰੀ ਚੰਦ ਅਤੇ ਲਖਮੀ ਦਾਸ ਦੇ ਬੇਨਤੀ ਕਰਨ `ਤੇ ਫਿਰ ਜੀਵਤ ਹੋ ਕੇ ਇਹਨਾਂ ਨੂੰ
ਕਹਿੰਦੇ ਹਨ ਕਿ, “ਅਬਿ ਜੋ ਹੈ ਤੁਮਰੇ ਮਨ ਮਾਂਹੀ। ਕਰਉ ਪ੍ਰਤੱਖ ਹਮਾਰੇ ਪਾਹੀ। ਪੂਰਬ ਰਹੇ ਬੁਲਾਇ ਨ
ਆਏ। ਕਰੀ ਬਾਤ ਆਪਨ ਮਨ ਭਾਏ।”
ਗੁਰੂ ਨਾਨਕ ਸਾਹਿਬ ਦੇ ਇਸ ਤਰ੍ਹਾਂ ਕਹਿਣ `ਤੇ ਸਿਰੀ ਚੰਦ ਨੇ ਕਿਹਾ ਕਿ, “ਤਿਹ ਛਿਨ ਸਿਰੀ ਚੰਦ ਕਰ
ਬੰਦੇ। ਬੋਲਯੋ ਬਚਨ ਸੁਨਹੁ ਸੁਖਕੰਦੇ! ਤੁਮ ਅੰਤਰਜਾਮੀ ਸਭਿ ਜਾਨਹੁ। ਬਿਨਾ ਕਹੇ ਤੇ ਭੇਵ ਪਛਾਨਹੁ।
ਪੁਛਹੁ ਤੱਦਯਪਿ ਕਰਹੁਂ ਉਚਾਰੀ। ਪਿਤਾ ਵਸਤੁ ਕੇ ਸੁਤ ਅਧਿਕਾਰੀ। ਹਮ ਕੋ ਛੂਛਾ ਛੋਰਿ ਪਯਾਨੇ। ਥਾਪਯੋ
ਲਹਿਣਾ ਅਪਨ ਸਥਾਨੇ। ਕਲਾ ਬਿਸਾਲਹਿ ਤੇ ਤਜਿ ਖਾਲੀ। ਕਰੀ ਆਪ ਅਸਮੰਜਸ ਚਾਲੀ। ਦਈ ਅਪਰ ਕੋ ਸਰਬ
ਬਡਾਈ। ਤੁਮਰੇ ਸੁਤ ਕਯਾ ਜਗ ਮਹਿਂ ਪਾਈਂ? ।”
ਭਾਈ ਬਾਲੇ ਦੀ ਜਨਮ ਸਾਖੀ ਅਨੁਸਾਰ:-
“ਹੁਣ ਤੁਸਾਂ ਜੋ ਗੱਲਾਂ ਕਰਨੀਆਂ ਹਨ ਸੋ ਕਰੋ ਤਾਂ ਬੇਟਿਆਂ ਕਿਹਾ ਜੀ ਸਭ ਕੁਛ ਆਪ ਜਾਣਦੇ ਹੋ ਤਾਂ
ਗੁਰੂ ਬਾਬੇ ਜੀ ਕਹਾ ਬੇਟਾ ਜੋ ਤੁਹਾਡੇ ਜੀ ਆਉਂਦਾ ਹੈ ਸੋ ਆਖੋ ਤਾਂ ਬੇਟਿਆਂ ਕਹਾ ਬਾਬਾ ਜੀ ਅਸੀਂ
ਤੇਰੇ ਪੁਤਰ ਸਾਂ ਕੁਛ ਸਾਡੇ ਵਲ ਵੀ ਮੇਹਰ ਕਰਨੀ ਸੀ ਤੇ ਵਡਿਆਈ ਤਾਂ ਸਾਰੀ ਲਹਿਣੇ ਕੋ ਦੇ ਦਿਤੀ ਹੈ
ਪਰ ਅਛਾ ਜੀ ਸਾਡੇ ਕੁਛ ਵਸ ਨਹੀਂ ਤੁਸਾਡੇ ਰਜਾਇ ਸੋ ਅਸਾਂ ਮੰਨਣੀ ਸਾਡਾ ਕੁਛ ਚਾਰਾ ਨਹੀਂ।”
ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਇਸ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ:- “ਤੁਸਾ ਜੋ ਗਲਿ ਕਰਣੀ ਹੈ
ਸੋ ਕਰ ਲੇਹੁ। ਜੇ ਕਿਛੁ ਤੁਸਾਡੇ ਜੀਅ ਹੈ ਸੋ ਕਰਹੇ। ਤਬਿ ਓਨਿ ਬੇਨਤੀ ਕੀਤੀ ਜੇ ਬਾਬਾ ਜੀ ਤੂੰ ਸਭ
ਕਿਛੁ ਜਾਣਦਾ ਹੈ। ਅਸੀ ਕੇ ਆਖੀਐ। ਤਬ ਗੁਰੂ ਬਾਬੇ ਜੀ ਆਖਿਆ ਬਚਾ ਜੇ ਕੁਛੁ ਤੁਸਾਡੇ ਜੀਆ ਹੈ ਸੋ
ਆਖਹੁ। ਤਬ ਉਨੀ ਆਖਿਆ ਬੇਨਤੀ ਕੀਤੀ ਜੇ ਬਾਬੇ ਜੀ ਅਸੀ ਤੇਰੇ ਪੁਤ੍ਰ ਸੇ। ਅਸਾ ਨੋ ਤੁਧੁ ਮਿਹਰੁ ਨ
ਕੀਤੀਆ। ਵਡਿਆਈ ਤੁਧ ਲਹਣੇ ਨੂੰ ਦਿਤੀ। ਜਿਉ ਰਜਾਇ, ਅਸਾਡਾ ਕਿਆ ਚਾਰਾ ਹੈ।”
ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਦਾ ਕਰਤਾ ਇਸ ਸੰਬੰਧ ਵਿੱਚ ਇਸ ਤਰ੍ਹਾਂ ਲਿਖਦਾ ਹੈ:- “ਲਖਮੀ
ਦਾਸ ਸ੍ਰੀ ਚੰਦ ਜਾਇ ਗੁਰਾਂ ਦੇ ਸਨਮੁਖ ਭਇਆ। ਸਭਨਾਂ ਰਲਿ ਕੇ ਬੇਨਤੀ ਇਹ ਕੀਤੀ: ‘ਅਸੀਂ ਹਾਂ ਤੇਰੇ,
ਅਤੇ ਗੱਦੀ ਤੇਰੇ ਪਾਸੋਂ ਲਹਿਣੇ ਹੈ ਲੀਤੀ’। ਅਸਾਡਾ ਆਖ ਕੇ ਕੀਤੋ ਹਵਾਲ? ਤੇਰੇ ਪਾਸਹੁੰ ਕੋੜ੍ਹੀ
ਕਿਰਾੜ ਲੈ ਗਿਆ ਮਾਲ। ਅਸਾਡਾ ਮਾਣੁ ਤਾਣੁ ਜੋ ਸਭ ਕਿਛੁ ਹੈ ਤੂੰ। ਤੁਧੁ ਬਿਨਾ ਅਸਾਂ ਆਖਣਾ ਕਿਸ
ਕੂੰ? (ਕੇਸਰ ਸਿੰਘ ਛਿੱਬਰ)
ਸ੍ਰੀ ਗੁਰ ਪੁਰ ਪ੍ਰਕਾਸ਼ ਗ੍ਰੰਥ ਦੇ ਕਰਤੇ ਨੇ ਮਾਤਾ ਸੁਲੱਖਣੀ ਜੀ ਵਲੋਂ ਇਸ ਤਰ੍ਹਾਂ ਦੇ ਬੇਨਤੀ
ਕਰਨਾ ਲਿਖਿਆ ਹੈ:- “ਹੇ ਮਮ ਨਾਥ ਅਰਜ ਇੱਕ ਮੋਰੀ। ਗੁਰਤਾ ਦੀਨੀ ਅੰਗਦ ਤਾਂਈ। ਤੁਮਰੇ ਸੁਤ ਕਸ ਕਰੈਂ
ਨ੍ਰਿਬਾਹੀ। ਨਾਮ ਲਾਜ ਤੁਮਹੀ ਕੋ ਸਾਰੀ। ਇਮ ਕਹਿ ਮੁਖ ਤੇ ਤੂਸਨ ਧਾਰੀ।”। (ਕਵਿ ਸੰਤ ਰੇਣ ਪ੍ਰੇਮ
ਸਿੰਘ)
ਗਿਆਨੀ ਗਿਆਨ ਸਿੰਘ ਜੀ ਨੇ ‘ਤਵਾਰੀਖ਼ ਗੁਰੂ ਖ਼ਾਲਸਾ’ ਵਿੱਚ ਇਸ ਘਟਨਾ ਨੂੰ ਇਹਨਾਂ ਸਾਰਿਆਂ ਨਾਲੋਂ
ਵੱਖਰੇ ਢੰਗ ਨਾਲ ਬਿਆਨ ਕੀਤਾ ਹੈ। ਆਪ ਅਨੁਸਾਰ:- “ਏਸ ਬਾਤ ਪਰ ਪੁਤ੍ਰ ਨਰਾਜ਼ ਹੋਏ ਅਤੇ ਸ੍ਰੀ
ਸੁਲੱਖਣੀ ਜੀ ਨੇ ਭੀ ਬਹੁਤ ਅਰਜੋਈਆਂ ਕਰਕੇ ਆਖਿਆ ਪੁਤ੍ਰ ਨੂੰ ਛੱਡ ਕੇ ਦੂਸਰੇ ਨੂੰ ਗੁਰਿਆਈ ਬਖਸ਼
ਦਿੱਤੀ ਏਹ ਗੱਲ ਚੰਗੀ ਨਹੀਂ। ਗੁਰੂ ਜੀ ਬੋਲੋ ਚੋਣੀਏ ਤੂੰ ਪੁਤ੍ਰਾਂ ਨੂੰ ਆਖਦੀ ਹੈਂ ਏਹ ਚੀਜ਼ ਸੇਵਕ
ਦੀ ਹੈ ਮਰੂਸੀ ਨਹੀਂ, ਪੁਤ੍ਰ ਏਸ ਲਾਇਕ ਨਹੀਂ, ਜੇ ਹੁੰਦੇ ਤਾਂ ਏਹੋ ਮਾਲਕ ਸੇ। ਏਹ ਗੁਰਿਆਈ ਦਾ ਕੰਮ
ਬੜਾ ਔਖਾ ਹੈ ਏਨ੍ਹਾਂ ਦੇ ਚੁੱਕਣ ਦਾ ਨਹੀਂ।
ਫੇਰ ਸੁਲੱਖਣੀ ਜੀ ਬੋਲੀ ਕਿਉਂ ਨਹੀਂ ਏਹ ਤੁਹਾਡੇ ਪੁਤ੍ਰ ਲਾਇਕ ਹਨ, ਗੁਰੂ ਜੀ ਨੇ ਆਖਿਆ ਭਲੀ ਹੋਈ,
ਜੇ ਚੁਕਣ ਜੋਗੇ ਹਨ ਤਾਂ ਚੁੱਕ ਲੈਣ। ਏਹ ਕਹਿ ਕੇ ਬਾਬੇ ਜੀ ਨੇ ਇੱਕ ਗੋਦੜਾ ਮੈਦਾਨ ਵਿੱਚ ਰਖਵਾ
ਦਿੱਤਾ ਤੇ ਆਖਿਆ ਏਹ ਗੁਰਿਆਈ ਹੈ ਜਿਸ ਵਿੱਚ ਸ਼ਕਤੀ ਹੈ ਚੁੱਕ ਲਓ। ਸਿਰੀ ਚੰਦ ਜੀ ਨੇ ਛੇਤੀ ਨਾਲ
ਉੱਠਕੇ ਹੱਥ ਜਾ ਪਾਇਆ ਪਰ ਗੋਦੜੇ ਦਾ ਇੱਕ ਪੱਲਾ ਭੀ ਨਾ ਚੁੱਕ ਸਕਿਆ। ਫੇਰ ਲਖਮੀ ਚੰਦ ਭੀ ਗਿਆ ਤੇ
ਦੋਵੇਂ ਰਲ ਕੇ ਚੁੱਕ ਰਹੇ ਤਾਂ ਭੀ ਨਾ ਚੁੱਕ ਸਕਿਆ। ਜਦ ਓਹ ਸ਼ਰਮਿੰਦੇ ਹੋ ਕੇ ਹਟ ਬੈਠੇ ਤਾਂ ਜਿਹੜੇ
ਬਾਬੇ ਬੁੱਢੇ ਤੇ ਅਜਿੱਤੇ ਜੇਹੇ ਆਪਣੇ ਆਪ ਨੂੰ ਸਭ ਤਰ੍ਹਾਂ ਲਾਇਕ ਅਜ਼ਮਤ ਅਕਲ ਦੇ ਧਨੀ ਮੰਨੀ ਬੈਠੇ
ਸੇ ਅਤੇ ਮਨੋ ਮਨ ਗੁਰਿਆਈ ਚਾਹੁੰਦੇ ਸੇ ਓਹਨਾਂ ਨੂੰ ਭੀ ਆਗਿਆ ਹੋਈ ਕਿ ਤੁਸੀਂ ਚੁੱਕੋ। ਓੜਕ ਇੱਕ
ਪੱਲਾ ਬਾਬੇ ਬੁੱਢੇ ਨੇ ਚੁਕਿਆ ਹੋਰ ਕਿਸੇ ਤੋਂ ਨਾ ਹਿੱਲਿਆ. . ਗੁਰਿਆਈ ਦਾ ਦਾਵਾ ਕਰਨ ਵਾਲੇ ਜਦ
ਲੱਜਿਯਾਵਾਨ ਹੋ ਕੇ ਹੇਠਾਂ ਮੂੰਹ ਕਰ ਬੈਠੇ ਤਾਂ ਬਾਬੇ ਜੀ ਦੇ ਹੁਕਮ ਨਾਲ ਅੰਗਦ ਜੀ ਨੇ ਸਹਿਜੇਹੀ
ਗੋਦੜਾ ਉਠਾ ਕੇ ਆਪਣੇ ਉਪਰ ਲੈ ਲਿਆ। ਏਸ ਵੇਲੇ ਗੁਰੂ ਜੀ ਨੇ ਬਚਨ ਕੀਤਾ ਕਿ ਭਾਈ ਬੁੱਢੇ ਦੇ ਘਰ ਕੁਛ
ਦਿਨ ਗੁਰਿਆਈ ਦੀ ਸ਼ਾਖ ਰਹੇਗੀ।
ਹੁਣ ਜਦ ਹੋਰ ਕੋਈ ਬਹਾਨਾਂ ਗੁਰੂ ਜੀ ਦੇ ਪੁਤ੍ਰਾਂ ਨੂੰ ਗੁਰਿਆਈ ਦੇ ਮੰਗਣ ਦਾ ਨਾ ਰਿਹਾ ਤਦ ਗੁਰੂ
ਅੰਗਦ ਜੀ ਨੂੰ ਮਾਰ ਕੁਟ ਕੇ ਕਰਤਾਰ ਪੁਰੋਂ ਕੱਢ ਦੇਣ ਦੇ ਮਨਸੂਬੇ ਕਰਨ ਲੱਗ ਪਏ ਫੇਰ ਭੀ ਬਾਬੇ ਜੀ
ਨੇ ਕਿਰਪਾ ਕੀਤੀ ਤੇ ਆਖਿਆ ਏਹ ਚੀਜ਼ ਸੇਵਾ ਦੀ ਹੈ, ਤੁਸੀਂ ਦਾਵਾ ਛੱਡ ਦਿਓ ਤੁਹਾਡੀ ਜ਼ਬਾਨ ਪਰ ਰਿੱਧੀ
ਸਿੱਧੀ ਰਹੇਗੀ, ਏਸ ਪਰ ਭੀ ਧੀਰਜ ਨਾ ਕੀਤਾ। ਸਿਰੀ ਚੰਦ ਤਾਂ ਰੁੱਸਕੇ ਗਾਲੀਆਂ ਕੱਢਦਾ ਹੋਯਾ ਆਪਣੇ
ਸਿਰ ਵਿੱਚ ਬਿਭੂਤੀ ਪਾਕੇ ਪਿੰਡੋਂ ਬਾਹਰ ਇੱਕ ਟਾਹਲੀ ਦੇ ਹੇਠ ਜਾ ਬੈਠਾ ਤੇ ਲਖਮੀ ਚੰਦ ਵਿਰੋਧ
ਕਰਨੋਂ ਨਾ ਹਟਿਆ ਤਾਂ ਬਾਬੇ ਜੀ ਨੇ ਅੰਗਦ ਜੀ ਨੂੰ ਹੁਕਮ ਦਿੱਤਾ ਪੁਰਖਾ! ਤੂੰ ਖਡੂਰ ਨਿਹਾਲੇ ਜੱਟ
ਦੇ ਘਰ ਜਾ ਰਹੋ। (ਤਵਾਰੀਖ਼ ਖ਼ਾਲਸਾ-ਗਿਆਨੀ ਗਿਆਨ ਸਿੰਘ ਜੀ)
ਗਿਆਨੀ ਗਿਆਨ ਸਿੰਘ ਜੀ ਨੇ ਉਪਰੋਕਤ ਵੇਰਵੇ ਦਾ ਕੁੱਝ ਕੁ ਹਿੱਸਾ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ
ਕਾ’ ਵਿੱਚੋਂ ਲਿਆ ਹੈ ਅਤੇ ਕੁੱਝ ਕੁ ਉਹਨਾਂ ਦੀ ਆਪਣੀ ਹੀ ਕਲਪਨਾ ਦਾ ਸਿੱਟਾ ਹੈ।
(ਚੱਲਦਾ)