.

ਕੜਾਹ ਪ੍ਰਸ਼ਾਦ

ਵੀਰ ਭੁਪਿੰਦਰ ਸਿੰਘ

ਅਸੀਂ ਸਤਿਗੁਰ (ਸੱਚ ਦਾ ਗਿਆਨ) ਨੂੰ ਠੀਕ ਤਰ੍ਹਾਂ ਨਾਲ ਨਹੀਂ ਸਮਝੇ ਇਸੀ ਕਰਕੇ ਉਸ ਦੀ ਦੇਹਧਾਰੀ ਗੁਰੂ ਵਾਂਗੂੰ ਪੂਜਾ ਸ਼ੁਰੂ ਕਰ ਦਿੱਤੀ। ਸਰਦੀਆਂ ਆਈਆਂ ਤਾਂ ਉਸ ਉਪਰ ਕੰਬਲ ਕਰ ਦਿੱਤੇ, ਗਰਮੀਆਂ ਆਈਆਂ ਤਾਂ ਏਅਰ ਕੰਡੀਸ਼ਨਰ ਚਲਾ ਦਿੱਤੇ। ਮੈਂ ਸੁਣਿਆ ਕਿ ਇਕ ਅਸਥਾਨ ਤੇ ਦਾਤੁਨ ਰੱਖਦੇ ਹਨ ਅਤੇ ਕਹਿੰਦੇ ਹਨ ਕਿ ਸਤਿਗੁਰ ਜੀ ਦਾਤੁਨ ਕਰ ਕੇ ਚਲੇ ਜਾਂਦੇ ਹਨ। ਜੇ ਉਹ (ਸਤਿਗੁਰ) ਦਾਤੁਨ ਕਰ ਕੇ ਚਲੇ ਜਾਂਦੇ ਹਨ ਤਾਂ ਕੁਰਬਲ-ਕੁਰਬਲ ਕਰ ਰਹੀ ਸੰਗਤ ਨਾਲ ਕਿਉਂ ਨਹੀਂ ਮਿਲਦੇ? ਕੀ ਉਨ੍ਹਾਂ ਦਾ ਪਿਆਰ ਸਿਰਫ ਦਾਤੁਨ ਨਾਲ ਹੀ ਹੈ? ਨਹੀਂ ! ਇਹ ਤਾਂ ਕੇਵਲ ਇੱਕ ਭੁਲੇਖਾ ਹੈ, ਆਪਣੇ ਹੀ ਮਨ ਦਾ ਕੋਈ ਖ਼ਿਆਲ ਹੈ। ਗੁਰਬਾਣੀ ਵਿੱਚ ਆਇਆ ਹੈ :

ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ।। ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ।। (ਗੁਰੂ ਗ੍ਰੰਥ ਸਾਹਿਬ, ਪੰਨਾ 754)

ਭਾਵ ਰੱਬ ਜੀ, ਸਤਿਗੁਰੁ ਜੀ ਨਾ ਬਿਨਸਨਹਾਰ ਹਨ, ਉਹ ਸਬ ਜਗ੍ਹਾ ਮੌਜੂਦ ਭਾਵ ਹਾਜ਼ਰ ਨਾਜ਼ਰ ਹਨ। ਜੇਕਰ ਸਾਨੂੰ ਸਤਿਗੁਰੁ ਜੀ ਇਸ ਤਰ੍ਹਾਂ ਸਮਝ ਆ ਜਾਣ ਤਾਂ ਸਾਨੂੰ ਇਹ ਵੀ ਸਮਝ ਆ ਜਾਵੇਗਾ ਕਿ ਅਸੀਂ ਮੱਥਾ ਵੀ ਸ਼ਬਦ ਗੁਰੂ, ਗਿਆਨ ਗੁਰੂ ਨੂੰ ਹੀ ਟੇਕਦੇ ਹਾਂ ਅਤੇ ਫਿਰ ਸਾਨੂੰ ਬਿਲਕੁਲ ਸਾਫ ਹੋ ਜਾਵੇਗਾ ਕਿ ਅਸੀਂ ਸ਼ਬਦ ਗੁਰੂ, ਗਿਆਨ ਨੂੰ ਭੋਗ ਵੀ ਨਹੀਂ ਲਗਾਉਂਦੇ ਹਾਂ। ਗੁਰਮਤ ਭੋਗ ਲਗਾਉਣ ਵਾਲੀ ਰੀਤ ਨੂੰ ਨਹੀਂ ਮੰਨਦੀ ਹੈ ਅਤੇ ਨਾ ਹੀ ਸਾਨੂੰ ਇਸ ਰੀਤ ਨੂੰ ਮੰਨਣਾ ਚਾਹੀਦਾ ਹੈ। ਪਰ ਅਸੀਂ ਕਿਉਂਕਿ ਕਰਮ-ਕਾਂਡੀ ਹੋ ਗਏ ਇਸ ਕਰਕੇ ਦਾਲ, ਫੁਲਕਾ, ਖੀਰ, ਲੱਸੀ ਆਦਿ ਐਸੀਆਂ ਸਾਰੀਆਂ ਚੀਜ਼ਾਂ ਲਿਆ ਕੇ ਰੱਖ ਦੇਂਦੇ ਹਾਂ ਅਤੇ ਹਰ ਇਕ ਨਾਲ ਕ੍ਰਿਪਾਨ ਛੁਆਈ ਜਾਂਦੇ ਹਾਂ। ਸੰਗਤਾਂ ਸਮਝਦੀਆਂ ਹਨ ਕਿ ਸਤਿਗੁਰ ਨੂੰ ਭੋਗ ਲਗਾ ਰਹੇ ਹਨ। ਕਈ ਥਾਵਾਂ ਤੇ ਤਾਂ ਪ੍ਰਸ਼ਾਦ (ਦਾਲ, ਫੁਲਕਾ, ਖੀਰ, ਲੱਸੀ, ਕੜਾਹ ਪ੍ਰਸ਼ਾਦ) ਅੱਗੇ ਖੜੇ ਹੋ ਕੇ ਅਰਦਾਸ ਕੀਤੀ ਜਾਂਦੀ ਹੈ ਤੇ ਉਚਾਰਦੇ ਹਨ :

ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ।। (ਗੁਰੂ ਗ੍ਰੰਥ ਸਾਹਿਬ, ਪੰਨਾ 1266)

ਅਸੀਂ ਕੜਾਹ ਪ੍ਰਸ਼ਾਦ ਕਿਸ ਨੂੰ ਭੇਂਟ ਕਰਦੇ ਹਾਂ?

ਜੇਕਰ ਅਸੀਂ ਅਕਾਲ ਤਖ਼ਤ ਦੀ ਰਹਿਤ ਮਰਿਆਦਾ ਪੜ੍ਹੀਏ ਤਾਂ ਉਸ ਵਿੱਚ ਲਿਖਿਆ ਹੈ ਕਿ ਗੁਰੂ ਘਰ ਵਿੱਚ ਕੇਵਲ ਅਤੇ ਕੇਵਲ ਕੜਾਹ ਪ੍ਰਸ਼ਾਦ ਹੀ ਪ੍ਰਵਾਨ ਹੈ ਅਤੇ ਉਹ ਕੜਾਹ ਪ੍ਰਸ਼ਾਦ ਵੀ ਸਤਿਗੁਰ ਜਾਂ ਰੱਬ ਜੀ ਨੂੰ ਭੋਗ ਲਗਾਉਣ ਵਾਸਤੇ ਨਹੀਂ ਹੈ ਤੇ ਨਾ ਹੀ ਰੱਬ ਜੀ ਖਾਂਦੇ ਹਨ।

1920 ਤੋਂ ਪਹਿਲਾਂ ਗੁਰਦੁਆਰਿਆਂ ਵਿੱਚ ਦੇਹਧਾਰੀ ਗੁਰਤਾ ਦੀ ਖੇਡ ਮਹੰਤਾਂ ਰਾਹੀਂ ਚਲ ਰਹੀ ਸੀ। ਉਸ ਖੇਡ ਦੇ ਅਧੀਨ ਹੀ ਉਹ ਕੜਾਹ ਪ੍ਰਸ਼ਾਦ ਲਿਆ ਕੇ ਕਹਿੰਦੇ ਸਨ ਕਿ, ‘‘ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਭੇਂਟ ਹੈ, ਆਪ ਭੋਗ ਲਾਵੋ ਤੇ ਸੰਗਤਾਂ ਵਿੱਚ ਵਰਤਾਣ ਦਾ ਹੁਕਮ ਬਖਸ਼ੋ। ਪਰ ਸਤਿਗੁਰ ਸਰੀਰਕ ਗੁਰੂ ਨਹੀਂ ਹਨ, ਜਿਸ ਅੱਗੇ ਉਹ ਇਹ ਕਹਿ ਰਹੇ ਹੁੰਦੇ ਸਨ। ਉਨ੍ਹਾਂ ਦੁਆਰਾ ਸ਼ੁਰੂ ਕੀਤੀ ਗਈ ਇਸ ਦੇਹਧਾਰੀ ਗੁਰਤਾ ਦੀ ਖੇਡ ਵਿੱਚ ਅਸੀਂ ਅੱਜ ਵੀ ਫੱਸੇ ਹੋਏ ਹਾਂ। ਲੇਕਿਨ ਸਾਨੂੰ ਕੋਈ ਪੁੱਛਦਾ ਨਹੀਂ ਹੈ ਕਿ, ਜੇ ਸਤਿਗੁਰ ਜੀ ਸ਼ਬਦ ਗੁਰੂ ਹਨ ਤਾਂ ਸ਼ਬਦ ਗੁਰੂ ਜੀ ਤਾਂ ਖਾਂਦੇ ਨਹੀਂ। ਗੁਰਮਤ ਤਾਂ ਅਕਾਲ ਪੁਰਖ, ਪੂਰਨ ਜੋਤ ਦਾ ਸਿਧਾਂਤ ਦ੍ਰਿੜ ਕਰਾਉਂਦੀ ਹੈ ਅਤੇ ਪੂਰਨ ਜੋਤ ਨੂੰ ਨਾ ਠੰਡ ਲਗਦੀ ਹੈ ਅਤੇ ਨਾ ਹੀ ਭੁੱਖ ਲਗਦੀ ਹੈ। ਜੇ ਸਤਿਗੁਰ ਜੀ ਸ਼ਬਦ ਗੁਰੂ ਹਨ ਤਾਂ ਫਿਰ ਕੜਾਹ ਪ੍ਰਸ਼ਾਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਉਂ ਲਿਆਇਆ ਜਾਂਦਾ ਹੈ? ਇਹੋ ਸਮਝਨਾ ਜ਼ਰੂਰੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਲਿਆਉਣ ਦਾ ਮਕਸਦ ਸਾਨੂੰ ਇਹ ਸਮਝਾਉਣਾ ਹੈ ਕਿ ਤੂੰ ਰੱਬ ਜੀ ਨੂੰ ਸਾਰੇ ਮਨੁੱਖਾਂ ਵਿੱਚ ਵੇਖ ਅਤੇ ਬਰਾਬਰਤਾ ਨਾਲ ਸਾਰਿਆਂ ਵਿੱਚ ਪ੍ਰਸ਼ਾਦ ਵਰਤਾ ਭਾਵ  ਏਕਤਾ ਅਤੇ ਬਰਾਬਰਤਾ ਵਾਲਾ ਜੀਵਨ ਦ੍ਰਿੜ ਕਰ ਲੈ।

ਭਾਰਤ ਵਿੱਚ ਇਹ ਸਮਝਿਆ ਜਾਂਦਾ ਹੈ ਕਿ ਭਗਤੀ ਦੇ ਮਾਰਗ ਤੇ ਚਲਣ ਲਈ ਭਗਵਾਨ ਜੀ ਨੂੰ ਕੁਝ ਭੇਂਟ ਕਰੋ ਪਰ ਗੁਰਮਤ ਸਿਧਾਂਤ ਅਨੁਸਾਰ ਕੜਾਹ ਪ੍ਰਸ਼ਾਦ ਕੇਵਲ ਭਗਤੀ ਦਾ ਲਖ਼ਾਇਕ ਹੈ, ਜਿਸ ਰਾਹੀਂ ਮਨੁੱਖੀ ਬਰਾਬਰਤਾ ਦ੍ਰਿੜਾਈ ਜਾਂਦੀ ਹੈ।

ਜੇ ਪ੍ਰਸ਼ਾਦ ਭਗਤੀ ਦਾ ਲਖ਼ਾਇਕ ਹੈ ਤਾਂ ਫਿਰ ਇਹ ਕਿਹੜੀ ਭਗਤੀ ਹੈ?

ਘਟ ਘਟ ਮੈ ਹਰਿ ਜੂ ਬਸੈ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1427)

ਭਾਵ ਸਾਰਿਆਂ ਵਿੱਚ ਮਨੁੱਖਤਾ ਅਤੇ ਬਰਾਬਰਤਾ ਦੇਖਣਾ ਹੀ ਗੁਰਮਤ ਦੀ ਭਗਤੀ ਹੈ।

ਕਟੋਰੀ ਪ੍ਰਸ਼ਾਦ ਕੀ ਹੁੰਦਾ ਹੈ?

ਜੋ ਲੋਕ ਗੁਰਮਤ ਦੀ ਇਸ ਭਗਤੀ ਨੂੰ ਨਹੀਂ ਸਮਝਦੇ ਹਨ, ਉਹ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਵੀ ਹੈ ਤਾਂ ਵੀ ਇਕ ਕਟੋਰੀ ਵਿੱਚ ਪ੍ਰਸ਼ਾਦ ਇਹ ਸਮਝ ਕੇ ਵਖਰਾ ਰੱਖਦੇ ਹਨ ਕਿ ਸਤਿਗੁਰੁ ਜੀ ਆ ਕੇ ਖਾਣਗੇ। ਪਰ ਕਟੋਰੀ ਵਿੱਚ ਪ੍ਰਸ਼ਾਦ ਸਿਰਫ ਅਤੇ ਸਿਰਫ ਇਸ ਮਕਸਦ ਨਾਲ ਪਾਇਆ ਜਾਂਦਾ ਹੈ ਕਿ ਤਾਬਿਆ ਤੇ ਜਿਹੜਾ ਮਨੁੱਖ ਬੈਠੇਗਾ, ਜੋ ਰੁਮਾਲੇ, ਸੁਖਆਸਨ ਜਾਂ ਹੁਕਮਨਾਮਾ ਲੈਣ ਦੀ ਸੇਵਾ ਕਰੇਗਾ, ਉਹ ਕਟੋਰੀ ਵਿੱਚ ਰੱਖੇ ਉਸ ਪ੍ਰਸ਼ਾਦ ਨੂੰ ਸੇਵਾ ਤੋਂ ਬਾਅਦ ਲੈ ਲਵੇ। ਕਟੋਰੀ ਵਿੱਚ ਪ੍ਰਸ਼ਾਦ ਸੇਵਾ ਕਰਨ ਵਾਲੇ ਮਨੁੱਖ ਲਈ ਹੈ। ਜੇਕਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ ਤਾਂ ਸਾਨੂੰ ਕਟੋਰੀ ਵਿੱਚ ਪ੍ਰਸ਼ਾਦ ਪਾਣ ਦੀ ਕੋਈ ਲੋੜ ਨਹੀਂ।

ਇਥੋਂ ਫਿਰ ਇਹ ਸਵਾਲ ਉਠਦਾ ਹੈ ਕਿ :-

ਪੰਜ ਪਿਆਰਿਆਂ ਨੂੰ ਪ੍ਰਸ਼ਾਦ ਅਲੱਗ ਕਿਉਂ ਵਰਤਾਇਆ ਜਾਂਦਾ ਹੈ?

ਸੰਗਤਾਂ ਨੂੰ ਵਿਸਾਖੀ ਵਾਲਾ ਦ੍ਰਿਸ਼ ਅਤੇ ਪੰਜ ਪਿਆਰਿਆਂ ਦਾ ਸਿਧਾਂਤ ਦ੍ਰਿੜ ਕਰਾਉਣ ਲਈ ਪੰਜ ਪਿਆਰਿਆਂ ਨੂੰ ਪਹਿਲੋਂ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਪੰਜਾਂ ਪਿਆਰਿਆਂ ਦੀ ਯਾਦ ਦ੍ਰਿੜ ਕਰਨ ਲਈ ਅਸੀਂ ਉਨ੍ਹਾਂ ਦਾ ਪ੍ਰਸ਼ਾਦ ਕਢਦੇ ਹਾਂ। ਰਹਿਤ ਮਰਿਆਦਾ ਵਿੱਚ ਵੀ ਲਿਖਿਆ ਹੈ ਕਿ ਪੰਜ ਪਿਆਰਿਆਂ ਦੀ ਯਾਦ ਵਿੱਚ ਛਾਂਦਾ ਕਢਿਆ ਜਾਏ। ਪਰ ਜੇਕਰ ਅਸੀਂ ਚੁਣ-ਚੁਣ ਕੇ ਕਿਨ੍ਹਾਂ ਖ਼ਾਸ ਮਨੁੱਖਾਂ ਨੂੰ ਦਿੰਦੇ ਹਾਂ ਤਾਂ ਬਰਾਬਰਤਾ ਵਾਲਾ ਗੁਰੂ ਨਾਨਕ ਜੀ ਦਾ ਸਿਧਾਂਤ ਟੁੱਟ ਜਾਂਦਾ ਹੈ। ਅੱਜ ਕਈਂ ਥਾਵਾਂ ਤੇ ਇਸ ਗੱਲ ਤੇ ਝਗੜਾ ਹੋ ਜਾਂਦਾ ਹੈ ਕਿ ਜੇਕਰ ਬੀਬੀਆਂ ਅੱਗੇ ਬੈਠੀਆਂ ਹੋਣ ਤਾਂ ਉਨ੍ਹਾਂ ਨੂੰ ਪੰਜ ਪਿਆਰਿਆਂ ਦਾ ਪ੍ਰਸ਼ਾਦ ਨਹੀਂ ਦਿੰਦੇ। ਇਸਤਰੀ ਪੁਰਸ਼ ਬਾਰਾਬਰ ਹਨ ਤਾਂ ਫਿਰ ਵਿਤਕਰਾ ਕਿਉਂ ਕਰਦੇ ਹਾਂ? ਪੰਜ ਪਿਆਰਿਆਂ ਵਾਲਾ ਪ੍ਰਸ਼ਾਦ ਕੇਵਲ ਆਦਮੀਆਂ ਵੱਲ ਕਿਉਂ ਵਰਤਾਂਦੇ ਹਾਂ, ਦਰਅਸਲ ਅਸੀਂ ਕੜਾਹ ਪ੍ਰਸ਼ਾਦ ਦੇ ਏਕਤਾ, ਸਾਂਝੀਵਾਲਤਾ, ਬਰਾਬਰਤਾ ਵਾਲੇ ਕੀਮਤੀ ਸਿਧਾਂਤ ਤੋਂ ਉਲਟ ਪ੍ਰੈਕਟਿਸ ਕਰ ਰਹੇ ਹਾਂ।

ਇਕ ਹੋਰ ਭੁਲੇਖੇ ਅਧੀਨ ਰੱਬ ਜੀ ਨੂੰ ਖੁਸ਼ ਕਰਨ ਲਈ ਅਸੀਂ ਸ਼ਨੀਵਾਰ ਨੂੰ ਕਾਲੇ ਛੋਲੇ ਵਰਤਾਂਦੇ ਹਾਂ। ਖ਼ਾਸ ਦਿਨ ਅਤੇ ਖ਼ਾਸ ਕਿਸੇ ਕਿਸਮ ਦੇ ਆਪਣੇ ਮੰਨੇ ਹੋਏ ਜਾਂ ਥਾਪੇ ਹੋਏ ਰੱਬ ਜਾਂ ਦੇਵਤੇ ਨੂੰ ਪ੍ਰਸ਼ਾਦ ਉਸ ਦੀ ਮਨ ਪਸੰਦ ਦਾ ਚੜ੍ਹਾਇਆ ਜਾਂਦਾ ਹੈ। ਪਰ ਰੱਬ ਜੀ ਤਾਂ ਆਪ ਹੀ ਸਭ ਕੁਝ ਹਨ। ਗੁਰਬਾਣੀ ਵਿੱਚ ਆਇਆ ਹੈ :

ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ।। ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ।।੧।।

ਰੰਗ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ।।੧।।ਰਹਾਉ।। (ਗੁਰੂ ਗ੍ਰੰਥ ਸਾਹਿਬ, ਪੰਨਾ 23)

ਭਾਵ ਮੈਂ ਜਿੱਥੇ ਵੀ ਦੇਖਦਾ ਹਾਂ ਸਭ ਜਗ੍ਹਾ ਮੇਰਾ ਸਤਿਗੁਰ ਹੈ, ਮੇਰਾ ਰੱਬ ਹੈ, ਉਹ ਆਪ ਹੀ ਮਾਣਦਾ ਹੈ। ਆਪ ਹੀ ਰੱਸ ਹੈ, ਆਪ ਹੀ ਚੀਨੀ ਹੈ, ਆਪ ਹੀ ਘਿਉ, ਆਪ ਹੀ ਆਟਾ ਹੈ, ਸਭ ਕੁਝ ਆਪ ਹੀ ਹੈ ਤਾਂ ਉਸ ਅੱਗੇ ਕੀ ਅਰਪਣ ਕਰਾਂ। ਅਰਪਣ ਤਾਂ ਉਹ ਕਰੀਏ ਜੋ ਸਾਡਾ ਹੋਵੇ। ਕਬੀਰ ਸਾਹਿਬ ਤਾਂ ਕਹਿ ਰਹੇ ਹਨ :

ਕਬੀਰਾ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥

(ਗੁਰੂ ਗ੍ਰੰਥ ਸਾਹਿਬ, ਪੰਨਾ 1375)

ਦਰਅਸਲ, ਅਰਪਣ ਆਪਣੀ ਹਉਮੈ ਨੂੰ ਕਰਨਾ ਸੀ। ਸਾਨੂੰ ਜਦੋਂ ਇਹ ਗੱਲ ਸਮਝ ਆ ਜਾਏਗੀ ਕਿ ਸ਼ਬਦ ਗੁਰੂ ਦੀ ਪੂਜਾ ਕਿਵੇਂ ਕਰਨੀ ਹੈ, ਆਪਾ ਕਿਵੇਂ ਵਾਰਨਾ ਹੈ ਤਾਂ ਫਿਰ ਸਾਨੂੰ ਕੜਾਹ ਪ੍ਰਸ਼ਾਦ ਬਾਰੇ ਵੀ ਸਮਝ ਆ ਜਾਏਗੀ। ਫਿਰ ਸਾਨੂੰ ਇਹ ਵੀ ਸਮਝ ਆ ਜਾਵੇਗਾ ਕਿ ਗੁਰਦੁਆਰੇ ਵਿੱਚ ਭਾਂਤ-ਭਾਂਤ ਦੇ ਲੰਗਰ ਅਤੇ ਪ੍ਰਸ਼ਾਦ ਨਹੀਂ ਲਿਜਾਏ ਜਾਂਦੇ। ਰਹਿਤ ਮਰਿਆਦਾ ਅਨੁਸਾਰ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ, ਗੁਰਦੁਆਰੇ ਵਿੱਚ ਪ੍ਰਵਾਨ ਨਹੀਂ ਹਨ। ਸਾਨੂੰ ਚਾਹੀਦਾ ਹੈ ਕਿ ਸ਼ਨੀਵਾਰ ਦੇ ਛੋਲੇ, ਸ਼ੁੱਕਰਵਾਰ ਦੀ ਬੂੰਦੀ ਆਦਿ ਜਾਂ ਹੋਰ ਕਿਸੇ ਦਿਨ ਕੁਝ ਵੀ ਅਜਿਹਾ ਨ ਕਰੀਏ।

ਜਦੋਂ ਇਨ੍ਹਾਂ ਸਾਰੀਆਂ ਖੇਡਾਂ ਤੋਂ ਅਸੀਂ ਮੁਕਤ ਹੋ ਜਾਵਾਂਗੇ ਤਾਂ ਗੁਰਦੁਆਰੇ ਵਿੱਚ ਸ਼ਰਾਧ ਆਦਿ ਦੀ ਮਨਮਤ ਨਹੀਂ ਕਰਾਂਗੇ। ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਦਸਵੀਂ ਦਾ ਸ਼ਰਾਧ ਮਨਾਈ ਫਿਰਦੇ ਹਾਂ ਅਤੇ ਉਸ ਨੂੰ ਜੋਤੀ-ਜੋਤ ਸਮਾਣਾ ਕਹੀ ਜਾਂਦੇ ਹਾਂ, ਅਜਿਹੀਆਂ ਸਾਰੀਆਂ ਖੇਡਾਂ ਤੋਂ ਵੀ ਛੁੱਟ ਜਾਵਾਂਗੇ ਕਿਉਂਕਿ ਗੱਲ ਦੀ ਗਹਿਰਾਈ ਤਕ ਜਾਂਦਿਆਂ-ਜਾਂਦਿਆਂ ਸਾਨੂੰ ਸੱਚ ਸਮਝ ਆ ਜਾਵੇਗਾ। ਉਸ ਤੋਂ ਬਾਦ ਫਿਰ ਇਹ ਵੀ ਸਮਝ ਆ ਜਾਂਦਾ ਹੈ ਕਿ ਅਸੀਂ ਗੁਰੂ ਜੀ ਨੂੰ, ਰੱਬ ਜੀ ਨੂੰ ਭੋਗ ਹੀ ਨਹੀਂ ਲਗਾਂਦੇ ਹਾਂ ਤਾਂ ਪ੍ਰਸ਼ਾਦ ਕਿਸ ਨੂੰ ਭੇਂਟ ਕਰਦੇ ਹਾਂ, ਪੰਜ ਪਿਆਰਿਆਂ ਦਾ ਪ੍ਰਸ਼ਾਦ ਕਿਉਂ ਹੁੰਦਾ ਹੈ, ਕਟੋਰੀ ਵਿੱਚ ਪ੍ਰਸ਼ਾਦ ਕਿਉਂ ਰੱਖਦੇ ਹਨ, ਇਹ ਸਾਰੀ ਗੱਲ ਸਾਨੂੰ ਸਮਝ ਆ ਜਾਏਗੀ। ਫਿਰ ਅਸੀਂ ‘‘ਤਨੁ ਮਨੁ ਅਰਪਉ ਪੂਜ ਚਰਾਵਉ'' (ਗੁਰੂ ਗ੍ਰੰਥ ਸਾਹਿਬ, ਪੰਨਾ 525) ਵਾਲੀ ਜੀਵਨੀ ਜਿਊ ਸਕਾਂਗੇ।

ਫਰੀਦਾ ਖਾਲਕੁ ਖਲਕ ਮਹਿ (ਗੁਰੂ ਗ੍ਰੰਥ ਸਾਹਿਬ, ਪੰਨਾ 1381)

ਕੁਦਰਤਿ ਕੇ ਸਭ ਬੰਦੇ ।। (ਗੁਰੂ ਗ੍ਰੰਥ ਸਾਹਿਬ, ਪੰਨਾ 1349)

ਅਨੁਸਾਰ ਬਿਨਾ ਵਿਤਕਰੇ ਵਾਲੀ ਜੀਵਨੀ ਜਿਊ ਸਕਾਂਗੇ, ਜੋ ਕਿ ਗੁਰਮਤ ਅਨੁਸਾਰ ਭਗਤੀ ਦੀ ਲਖਾਇਕ ਹੈ ਕਿ ਸਾਰੇ ਮਨੁੱਖਾਂ ਨੂੰ ਬਰਾਬਰ ਸਮਝੋ ਕਿਉਂਕਿ ਸਭ ਵਿੱਚ ਇਕੋ ਰੱਬ ਵੱਸਦੇ ਹਨ।




.