.

ਪ੍ਰਾਣੀ ਦਾ ਜਨਮ-ਮਰਨ!

“ਗੁਰੂ ਗਰੰਥ ਸਾਹਿਬ” ਵਿੱਚ ਅੰਕਿਤ ਗੁਰਬਾਣੀ ਦੁਆਰਾ ਸਾਨੂੰ ਸੋਝੀ ਪਰਾਪਤ ਹੁੰਦੀ ਹੈ ਕਿ ਅਕਾਲ ਪੁਰਖ ਨੇ ਪੰਜਾਂ ਤੱਤਾਂ ਦੇ ਸੁਮੇਲ ਨਾਲ ਪ੍ਰਾਣੀ ਨੂੰ ਇਹ ਸਰੀਰ ਬਖਸ਼ਿਆ, ਜਿਸ ਵਿੱਚ ਇਲਾਹੀ ਜੋਤਿ ਵੀ ਟਕਾਅ ਦਿੱਤੀ ਹੋਈ ਹੈ। ਇਵੇਂ, ਸਾਰੀ ਲੋਕਾਈ ਇਸ ਸੰਸਾਰ ਵਿਖੇ ਜਨਮ ਲੈਂਦੀ ਹੈ। ਆਓ, ਇਸ ਬਾਰੇ ਕੁੱਝ ਕੁ ਸ਼ਬਦਾਂ ਦੁਆਰਾ ਜਾਣਕਾਰੀ ਲੈਣ ਦਾ ਓਪਰਾਲਾ ਕਰੀਏ ਤਾਂ ਜੋ ਅਸੀਂ ਅਕਾਲ ਪੁਰਖ ਦੇ ਹੁਕਮ ਅਨੁਸਾਰ ਜੀਵਨ ਸਫਲਾ ਕਰਨ ਦੇ ਯੱਤਨ ਵਿੱਚ ਲਗੇ ਰਹੀਏ:

ਗੁਰੂ ਗਰੰਥ ਸਾਹਿਬ, ਪੰਨਾ ੩੯੬: ਆਸਾ ਮਹਲਾ ੫॥ ਸਤਿਗੁਰ ਸਾਚੈ ਦੀਆ ਭੇਜਿ॥ ਚਿਰੁ ਜੀਵਨੁ

ਉਪਜਿਆ ਸੰਜੋਗਿ॥ ਉਦਰੈ ਮਾਹਿ ਆਇ ਕੀਆ ਨਿਵਾਸੁ॥ ਮਾਤਾ ਕੈ ਮਨਿ ਬਹੁਤੁ ਬਿਗਾਸੁ॥ ੧॥

ਅਰਥ: ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਦੀ ਰਹਿਮਤ ਸਦਕਾ, ਮਾਤਾ ਦੇ ਗਰਭ ਵਿੱਚ ਬੱਚੇ/ਬੱਚੀ ਦਾ ਨਿਵਾਸ ਆਰੰਭ ਹੋਇਆ, ਜਿਸ ਸਦਕਾ ਮਾਤਾ ਜੀ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਇਵੇਂ, ਅਕਾਲ ਪੁਰਖ ਦੇ ਹੁਕਮ ਅਨੁਸਾਰ ਇਸ ਸੰਸਾਰ ਵਿਖੇ ਬੱਚੇ-ਬੱਚੀ ਦਾ ਜਨਮ ਹੁੰਦਾ ਹੈ। (੧)

ਜੰਮਿਆ ਪੂਤੁ ਭਗਤੁ ਗੋਵਿੰਦ ਕਾ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥ ਰਹਾਉ॥

ਅਰਥ: ਬੱਚੇ ਦਾ ਜਨਮ ਅਕਾਲ ਪੁਰਖ ਦੀ ਭਗਤੀ ਕਰਨ ਲਈ ਹੋਇਆ। ਅਕਾਲ ਪੁਰਖ ਦੇ ਹੁਕਮ ਅਨੁਸਾਰ ਇਲਾਹੀ ਜੋਤਿ ਸੱਭ ਪ੍ਰਾਣੀਆਂ ਵਿੱਚ ਵਿਚਰਦੀ ਹੈ। (ਰਹਾਉ)

ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ॥ ਮਿਟਿਆ ਸੋਗੁ ਮਹਾ ਅਨੰਦੁ ਥੀਆ॥

ਗੁਰਬਾਣੀ ਸਖੀ ਅਨੰਦੁ ਗਾਵੈ॥ ਸਾਚੇ ਸਾਹਿਬ ਕੈ ਮਨਿ ਭਾਵੈ॥ ੨॥

ਅਰਥ: ਅਕਾਲ ਪੁਰਖ ਦੇ ਹੁਕਮ ਅਨੁਸਾਰ ਦਸਾਂ ਮਹੀਨਿਆਂ ਦੀ ਕੁਦਰਤੀ ਪਰਕਿਰਿਆ ਬਾਅਦ ਬੱਚੇ ਨੇ ਜਨਮ ਲਿਆ। ਇਵੇਂ, ਪਰਿਵਾਰ ਦੇ ਸਾਰੇ ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ ਅਤੇ ਉਹ ਸੱਭ ਖੇੜਾ ਮਹਿਸੂਸ ਕਰਦੇ ਹਨ। ਇੰਜ, ਸਾਰੇ ਸਤ-ਸੰਗੀ ਮਿਲ ਕੇ ਅਕਾਲ ਪੁਰਖ ਦੀ ਸਿਫਤਿ-ਸਾਲਾਹ ਦਾ ਕੀਰਤਨ ਕਰਦੇ ਹਨ ਅਤੇ ਅਕਾਲ ਪੁਰਖ ਦੀ ਰਹਿਮਤ ਦੇ ਪਾਤਰ ਬਣ ਜਾਂਦੇ ਹਨ। (੨)

ਵਧੀ ਵੇਲਿ ਬਹੁ ਪੀੜੀ ਚਾਲੀ॥ ਧਰਮ ਕਲਾ ਹਰਿ ਬੰਧਿ ਬਹਾਲੀ॥ ਮਨ ਚਿੰਦਿਆ ਸਤਿਗੁਰੂ ਦਿਵਾਇਆ॥

ਭਏ ਅਚਿੰਤ ਏਕ ਲਿਵ ਲਾਇਆ॥ ੩॥

ਅਰਥ: ਇੰਜ, ਅਕਾਲ ਪੁਰਖ ਦੀ ਮਿਹਰ ਸਦਕਾ, ਇਹ ਸ੍ਰਿਸ਼ਿਟੀ ਚਲਦੀ ਆ ਰਹੀ ਹੈ। ਜਿਹੜੇ ਪ੍ਰਾਣੀ ਅਕਾਲ ਪੁਰਖ ਨਾਲ ਸੁਰਤ ਜੋੜੀ ਰੱਖਦੇ ਹਨ, ਉਹ ਦੁਨਿਆਵੀਂ ਚਿੰਤਾ ਤੋਂ ਰਹਿਤ ਹੋ ਕੇ, ਸੰਤੁਸ਼ਟ ਜੀਵਨ ਬਤੀਤ ਕਰਦੇ ਹਨ। (੩)

ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ॥ ਬੁਲਾਇਆ ਬੋਲੈ ਗੁਰ ਕੈ ਭਾਣਿ॥ ਗੁਝੀ ਛੰਨੀ ਨਾਹੀ ਬਾਤ॥

ਗੁਰੁ ਨਾਨਕੁ ਤੁਠਾ ਕੀਨੀ ਦਾਤਿ॥ ੪॥ ੭॥ ੧੦੧॥

ਅਰਥ: ਜਿਵੇਂ ਬਾਲਕ ਆਪਣੇ ਪਿਤਾ ਉਪਰ ਪੂਰਾ ਵਿਸ਼ਵਾਸ਼ ਰੱਖਦਾ ਹੈ, ਇਵੇਂ ਹੀ ਗੁਰੂ ਦੇ ਸਿੱਖ, ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਕਰਕੇ ਸੰਤੁਸ਼ਟ ਰਹਿੰਦੇ ਹਨ। ਐ ਪ੍ਰਾਣੀ, ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਜਿਹੜੇ ਪ੍ਰਾਣੀ ਅਕਾਲ ਪੁਰਖ ਦੀ ਰਹਿਮਤ ਦੇ ਪਾਤਰ ਬਣ ਜਾਂਦੇ ਹਨ, ਉਹ ਸਦਾ ਖੇੜੇ ਵਿੱਚ ਰਹਿੰਦੇ ਹਨ। (੪/੭/੧੦੧)

ਆਓ, ਇਸ ਸੰਬੰਧਿਤ ਇੱਕ ਹੋਰ ਸ਼ਬਦ ਦੀ ਵਿਚਾਰ ਕਰੀਏ: ਪੰਨਾ ੪੯੬, ਗੂਜਰੀ ਮਹਲਾ ੫॥

ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ॥

ਸੋ ਹਰਿ ਹਰਿ ਤੁਮ੍ਹ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ॥ ੧॥

ਅਰਥ: ਐ ਪ੍ਰਾਣੀ, ਜਿਸ ਅਕਾਲ ਪੁਰਖ ਦੇ ਸੱਚੇ ਨਾਮ ਨੂੰ ਸਿਮਰਦਿਆਂ, ਸਾਰੇ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ ਅਤੇ ਇਵੇਂ ਸਿਮਰਨ ਵਾਲੇ ਪ੍ਰਾਣੀ ਦੇ ਪਿੱਤਰਾਂ ਨੂੰ ਭੀ ਸੰਤੁਸ਼ਟਤਾ ਪਰਾਪਤ ਹੁੰਦੀ ਹੈ ਕਿ ਉਨ੍ਹਾਂ ਦੀ ਔਲਾਦ ਵੀ ਅਕਾਲ ਪੁਰਖ ਦੀ ਰਹਿਮਤ ਦੇ ਪਾਤਰ ਬਣ ਗਈ ਹੈ। ਜਿਸ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਸਾਨੂੰ ਸਦਾ ਹੀ ਉਸ ਦਾ ਸੱਚਾ ਨਾਮ ਜੱਪਦੇ ਰਹਿਣਾ ਚਾਹੀਦਾ ਹੈ। (੧)

ਪੂਤਾ ਮਾਤਾ ਕੀ ਆਸੀਸ॥ ਨਿਮਖ ਨਾ ਬਿਸਰਉ ਤੁਮ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥ ੧॥ ਰਹਾਉ॥

ਅਰਥ: ਅਕਾਲ ਪੁਰਖ ਦੀ ਮਿਹਰ ਸਦਕਾ ਸਾਨੂੰ ਪ੍ਰਮਾਤਮਾ ਦੀ ਬਖ਼ਸ਼ਿਸ਼ ਨੂੰ ਅੱਖ ਝਮਕਣ ਜਿਤਨੇ ਸਮੇਂ ਲਈ ਭੀ ਨਹੀਂ ਭੁੱਲਣਾ ਚਾਹੀਦਾ ਅਤੇ ਸਦਾ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਜੱਪਦੇ ਰਹਿਣਾ ਚਾਹੀਦਾ ਹੈ। (੧-ਰਹਾਉ)

ਸਤਿਗੁਰੁ ਤੁਮ੍ਹ ਕਉ ਹੋਇ ਦਇਆਲਾ ਸੰਤ ਸੰਗਿ ਤੇਰੀ ਪ੍ਰੀਤਿ॥

ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ॥ ੨॥

ਅਰਥ: ਐ ਪ੍ਰਾਣੀ, ਸਤਿਗੁਰੂ ਤੇਰੇ ਉੱਤੇ ਸਦਾ ਦਇਆਵਾਨ ਰਹੇਗਾ ਜੇ ਅਸੀਂ ਅਕਾਲ ਪੁਰਖ ਦੇ ਪਿਆਰ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰੀ ਰੱਖਾਂਗੇ। ਜਿਵੇਂ, ਕੱਪੜਾ ਪ੍ਰਾਣੀ ਦੇ ਸਰੀਰ ਦਾ ਪਰਦਾ ਢੱਕਦਾ ਹੈ ਤਿਵੇਂ ਹੀ ਪ੍ਰਮਾਤਮਾ ਸਾਡੀ ਇੱਜ਼ਤ ਕਾਇਮ ਰੱਖਦਾ ਅਤੇ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਸਾਡੀ ਆਤਮਿਕ ਖ਼ੁਰਾਕ ਹੈ। (੨)

ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ॥

ਰੰਗ ਤਮਾਸਾ ਪੂਰਨ ਆਸਾ ਕਬਹਿ ਨਾ ਬਿਆਪੈ ਚਿੰਤਾ॥ ੩॥

ਅਰਥ: ਐ ਪ੍ਰਾਣੀ, ਆਤਮਿਕ ਜੀਵਨ ਦੇਣ ਵਾਲਾ ਨਾਮ-ਜਲ ਸਦਾ ਪੀਂਦਾ ਰਹੁ, ਸਦਾ ਲਈ ਤੇਰਾ ਉੱਚਾ ਆਤਮਿਕ ਜੀਵਨ ਬਣਿਆ ਰਹੇ ਅਤੇ ਪ੍ਰਮਾਤਮਾ ਦਾ ਸਿਮਰਨ ਕੀਤਿਆਂ ਅਮੁੱਕ ਆਨੰਦ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਆਤਮਿਕ ਖ਼ੁਸ਼ੀਆਂ ਪ੍ਰਾਪਤ ਹੋਈਆਂ ਰਹਿੰਦੀਆਂ ਹਨ, ਸੱਭ ਇਛਾਂਵਾਂ ਪੂਰੀਆਂ ਹੋਈਆਂ ਰਹਿੰਦੀਆਂ ਹਨ ਅਤੇ ਫਿਰ ਕਿਸੇ ਕਿਸਮ ਦੀ ਚਿੰਤਾ ਦਾ ਡਰ ਨਹੀਂ ਰਹਿੰਦਾ। (੩)

ਭਵਰੁ ਤੁਮਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ॥

ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ॥ ੪॥ ੩॥ ੪॥

ਅਰਥ: ਐ ਪ੍ਰਾਣੀ, ਤੇਰਾ ਇਹ ਮਨ ਭੌਰਾ ਬਣਿਆ ਰਹੇ ਅਤੇ ਪ੍ਰਮਾਤਮਾ ਦੀ ਸਿਖਿਆ ਤੇਰੇ ਮਨ-ਭੌਰੇ ਲਈ ਕੌਲ-ਫੁੱਲ ਬਣੀ ਰਹੇ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਨ ਵਾਲਾ ਪ੍ਰਾਣੀ ਸੱਚੇ ਨਾਮ ਵਿੱਚ ਲੀਨ ਹੋਇਆ ਰਹਿੰਦਾ ਹੈ, ਜਿਵੇਂ ਪਪੀਹਾ ਵਰਖਾ ਦੀ ਬੂੰਦ ਪੀ ਕੇ ਆਨੰਦ ਮਹਿਸੂਸ ਕਰਦਾ ਹੈ। (੪/੩/੪)

ਮਾਰੂ ਮਹਲਾ ੧ (ਪੰਨਾ ੧੦੩੨)॥ ਜਨਮੇ ਕਉ ਵਾਜਹਿ ਵਾਧਾਏ॥ ਸੋਹਿਲੜੇ ਅਗਿਆਨੀ ਗਾਏ॥

ਜੋ ਜਨਮੈ ਤਿਸੁ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ॥ ੭॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਜਦੋਂ ਕੋਈ ਜੀਵ ਜੰਮਦਾ ਹੈ ਤਾਂ ਉਸ ਦੇ ਜੰਮਣ `ਤੇ ਵਾਜੇ ਵਜਦੇ ਹਨ ਅਤੇ ਵਾਧਾਈਆਂ ਮਿਲਦੀਆਂ ਹਨ। ਗਿਆਨ ਤੋਂ ਸੱਖਣੇ ਪ੍ਰਾਣੀ ਖ਼ੁਸ਼ੀ ਦੇ ਗੀਤ ਗਾਉਂਦੇ ਹਨ। ਪਰ, ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜਾ ਜੀਵ ਜੰਮਦਾ ਹੈ, ਉਸ ਨੇ ਮਰਨਾ ਭੀ ਜ਼ਰੂਰ ਹੈ ਕਿਉਂਕਿ ਅਕਾਲ ਪੁਰਖ ਦੇ ਇਲਾਹੀ ਹੁਕਮ ਅਨੁਸਾਰ ਹਰੇਕ ਜੀਵ ਦੀ ਮੌਤ ਹੋਣੀ ਭੀ ਜਰੂਰੀ ਹੈ। (੭)

ਪੰਨਾ ੧੪੨੮, ਸਲੋਕ ਮਹਲਾ ੯॥ ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ॥ ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ॥ ੩੫॥

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥ ੪੯॥

ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ॥ ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ॥ ੫੦॥

ਗੁਰੂ ਗਰੰਥ ਸਾਹਿਬ, ਪੰਨਾ ੯੧: ਸਿਰੀ ਰਾਗੁ॥ ਭਗਤ ਕਬੀਰ ਜੀ ਬਿਆਨ ਕਰਦੇ ਹਨ:

“ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ॥

ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ॥ ੧॥

ਅਰਥ: ਮਾਂ ਸਮਝਦੀ ਹੈ ਕਿ ਉਸ ਦਾ ਪੁੱਤਰ ਉਮਰ ਕਰਕੇ ਹਰ ਰੋਜ਼ ਵੱਡਾ ਹੋ ਰਿਹਾ ਹੈ, ਪਰ ਉਹ ਇਹ ਨਹੀਂ ਸਮਝਦੀ ਕਿ ਉਸ ਦੇ ਪੁੱਤਰ ਦੀ ਉਮਰ ਤਾਂ ਹਰ ਰੋਜ਼ ਘੱਟ ਰਹੀ ਹੈ! ਆਪਣੇ ਹੀ ਖ਼ਿਆਲ ਵਿੱਚ ਮਸਤ ਹੋਈ ਮਾਂ ਮੇਰਾ ਪੁੱਤਰ, ਮੇਰਾ ਪੁੱਤਰ ਪੁਕਾਰਦੀ ਹੋਈ ਲਾਡ ਕਰਦੀ ਰਹਿੰਦੀ ਹੈ, ਭਾਵੇਂ ਮੌਤ ਦਾ ਏਲਚੀ ਇਹ ਦੇਖ ਕੇ ਹੱਸ ਰਿਹਾ ਹੈ ਕਿ ਇਸ ਦੀ ਮੌਤ ਤਾਂ ਕਿਸੇ ਸਮੇਂ ਵੀ ਹੋ ਸਕਦੀ ਹੈ। (੧)

ਹੋਰ ਦੇਖੋ, ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ॥ ਪੰਨਾ ੬੯੧-੬੯੨: ਦਿਨ ਤੇ ਪਹਰ ਪਹਰ ਤੇ ਘਰੀਆਂ ਆਵ ਘਟੈ ਤਨੁ ਛੀਜੈ॥ ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ॥ ੧॥ ਸੋ ਦਿਨੁ ਆਵਨ ਲਾਗਾ॥ ਮਾਤ ਪਿਤਾ ਭਾਈ ਸੁਤ ਬਨਿਤਾ ਕਹਹੁ ਕੋਊ ਹੈ ਕਾ ਕਾ॥ ੧॥ ਰਹਾਉ॥ ਜਬ ਲਗੁ ਜੋਤਿ ਕਾਇਆ ਮਹਿ ਬਰਤੈ ਆਪਾ ਪਸੂ ਨ ਬੂਝੈ॥ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ॥ ੨॥ ਕਹਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮਾ॥ ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾਂ॥ ੩॥ ੨॥

ਪੰਨਾ ੧੩੮੩: ਸਲੋਕ ਸੇਖ ਫਰੀਦ ਕੇ॥ ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ॥ ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍ਹਿ॥ ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ॥ ਤਿਨਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍ਹਿ॥ ਵੇਖਹੁ ਬੰਦਾ ਚਲਿਆ ਚਹੁ ਜਣਿਅ ਦੈ ਕੰਨ੍ਹਿ॥ ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ॥ ੧੦੦॥

ਗੁਰਬਾਣੀ ਸਾਨੂੰ ਬਾਰ ਬਾਰ ਇਹੀ ਸੇਧ ਦਿੰਦੀ ਹੈ ਕਿ ਜਨਮ-ਮਰਨ, ਅਕਾਲ ਪੁਰਖ ਦਾ ਹੀ ਪਰਮ ਅਧਿਕਾਰ ਹੈ। ਕੋਈ ਅਖੌਤੀ ਸੰਤ-ਬਾਬਾ ਜਾਂ ਜੋਤਸ਼ੀ ਕੁੱਝ ਵੀ ਨਹੀਂ ਕਰ ਸਕਦਾ ਅਤੇ ਨਾ ਹੀ ਕਿਸੇ ਕਰਮ-ਕਾਂਡ ਕਰਨ ਨਾਲ ਕੋਈ ਫਰਕ ਪੈਂਦਾ ਹੈ। ਜਿਵੇਂ ਦੇਖੋ: ਪੰਨਾ ੨੮੧, ਗਉੜੀ ਸੁਖਮਨੀ ਮ: ੫, ੧੪ਵੀਂ ਅਸਟਪਦੀ ਦੇ ਆਰੰਭ ਵਿੱਚ ਗੁਰੂ ਅਰਜਨ ਸਾਹਿਬ ਉਚਾਰਦੇ ਹਨ: ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕਉ ਏਕੈ ਭਗਵਾਨੁ॥ ਜਿਸ ਕੈ ਦੀਐ ਰਹੈ ਅਘਾਇ॥ ਬਹੁਰਿ ਨ ਤ੍ਰਿਸਨਾ ਲਾਗੈ ਆਇ॥ ਮਾਰੈ ਰਾਖੈ ਏਕੋ ਆਪਿ॥ ਮਾਨੁਖ ਕੈ ਕਿਛੁ ਨਾਹੀ ਹਾਥਿ॥ ਤਿਸ ਕਾ ਹੁਕਮੁ ਬੂਝਿ ਸੁਖੁ ਹੋਇ॥ ਤਿਸ ਕਾ ਨਾਮੁ ਰਖੁ ਕੰਠਿ ਪਰੋਇ॥ ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ॥ ਨਾਨਕ ਬਿਘਨੁ ਨ ਲਾਗੈ ਕੋਇ॥ ੧॥

ਪੰਨਾ ੪, ਜਪੁ ਜੀ ਸਾਹਿਬ ਦੇ ਪਉੜੀ ੨੦ ਦੇ ਅਖੀਰ ਵਿੱਚ ਸਾਨੂੰ ਓਪਦੇਸ਼ ਹੈ: “ਨਾਨਕ ਹੁਕਮੀ ਆਵਹੁ ਜਾਹੁ॥ ੨੦॥

ਹਰ ਰੋਜ਼, ਗੁਰੂ ਨਾਨਕ ਸਾਹਿਬ ਸਾਨੂੰ ਚੌਕੰਨਾ ਕਰਦੇ ਰਹਿੰਦੇ ਹਨ ਕਿ ਇਨਸਾਨ ਦਾ ਜਨਮ ਅਤੇ ਮੌਤ, ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ।

ਪੰਨਾ ੫੯੪, ਵਡਹੰਸ ਕੀ ਵਾਰ ਮਹਲਾ ੪॥ ਪਉੜੀ॥ ਤੂ ਆਪੇ ਆਪਿ ਆਪਿ ਸਭੁ ਕਰਤਾ ਕੋਈ ਦੂਜਾ ਹੋਇ ਸੁ ਅਵਰੋ ਕਹੀਐ॥ ਹਰਿ ਆਪੇ ਬੋਲੈ ਆਪਿ ਬੁਲਾਵੈ ਹਰਿ ਆਪੇ ਜਲਿ ਥਲਿ ਰਵਿ ਰਹੀਐ॥ ਹਰਿ ਆਪੇ ਮਾਰੈ ਹਰਿ ਆਪੇ ਛੋਡੈ ਮਨ ਹਰਿ ਸਰਣੀ ਪੜਿ ਰਹੀਐ॥ ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ॥ ਉਠਦਿਆ ਬਹਦਿਆ ਸੁਤਿਆ ਸਦਾ ਸਦਾ ਹਰਿ ਨਾਮੁ ਧਿਆਈਐ ਜਨ ਨਾਨਕ ਗੁਰਮੁਖਿ ਹਰਿ ਲਹੀਐ॥ ੨੧॥ ੧॥

ਪੰਨਾ ੧੧੪੨, ਭੈਰਉ ਮਹਲਾ ੫॥ ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ॥ ਸਤਿਗੁਰੁ ਮੇਰਾ ਮਾਰਿ ਜੀਵਾਲੈ॥ ਸਤਿਗੁਰ ਮੇਰੇ ਕੀ ਵਡਿਆਈ॥ ਪ੍ਰਗਟੁ ਭਾਈ ਹੈ ਸਭਨੀ ਥਾਈ॥ ੨॥

ਸੱਭ ਸਿੱਖ ਪਰਿਵਾਰਾਂ ਨੂੰ ਇਹੀ ਬੇਨਤੀ ਹੈ ਕਿ ਪੰਜਾਬੀ ਬੋਲੀ ਸਿੱਖ ਕੇ “ਨਿੱਤ-ਨੇਮ ਅਤੇ ਗੁਰੂ ਗਰੰਥ ਸਾਹਿਬ” ਦਾ ਆਪ ਪਾਠ ਕਰਨ ਤਾਂ ਜੋ ਸਾਨੂੰ ਹਰ ਸਮੇਂ ਗੁਰੂ ਓਪਦੇਸ਼ ਯਾਦ ਰਹੇ ਕਿ ਇਸ ਜੀਵਣ ਨੂੰ ਕਿਵੇਂ ਸਫਲ ਕਰ ਸਕਦੇ ਹੈਂ?

ਇਸ ਦਾ ਅਸਲੀ ਫਾਇਦਾ ਸਾਡਾ, ਆਪਣੇ ਪਰਿਵਾਰ, ਰਿਸ਼ਤੇਦਾਰੀ ਤੋਂ ਇਲਾਵਾ ਸਾਰੀ ਸਿੱਖ ਕੌਮ ਅਤੇ ਸਮੁੱਚੀ ਲੋਕਾਈ ਨੂੰ ਹੋਵੇਗਾ ਕਿਉਂਕਿ ਫਿਰ ਅਸੀਂ ਸੱਭ ਵਿੱਚ ਅਕਾਲ ਪੁਰਖ ਦੀ ਇੱਕ ਹੀ ਹੋਂਦ/ਜੋਤਿ ਮਹਿਸੂਸ ਕਰਾਂਗੇ। ਇੰਜ, ਕਿਸੇ ਧੜੇਬਾਜ਼ੀ ਜਾਂ ਅਲੱਗ ਅਲੱਗ ਜਥੇਬੰਦੀ ਵਿੱਚ ਨਾ ਪੈ ਕੇ, ਇਸ ਜ਼ਿੰਦਗੀ ਨੂੰ ਖ਼ੁਆਰ ਹੋਂਣ ਤੋਂ ਬਚਾਅ ਸਕਾਂਗੇ! ਧੰਨਵਾਦ।

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੩ ਨਵੰਬਰ ੨੦੧੩




.