ਲੰਗਰ
ਵੀਰ ਭੁਪਿੰਦਰ ਸਿੰਘ
ਲੰਗਰ ਗੁਰਮਤ ਦਾ, ਮਨੁੱਖਤਾ ਨੂੰ ਇਨਸਾਨੀਅਤ ਸਿੱਖਾਉਣ ਦਾ ਇਕ ਕੀਮਤੀ ਸਿਧਾਂਤ ਹੈ।
ਕਾਸ਼ ! ਗੁਰਮਤ
ਦਾ ਇਹ ਕੀਮਤੀ ਸਿਧਾਂਤ ਅਸੀਂ ਰੈਡ ਕਰਾੱਸ, ਯੂ ਐਨ ਓ, ਯੂਨੈਸਕੋ ਨੂੰ ਦੱਸ ਸਕੀਏ ਕਿ ਲੰਗਰ ਸਾਰੀ
ਮਨੁੱਖਤਾ ਨੂੰ ਏਕਤਾ ਸਿਖਾਉਣ ਦਾ ਢੰਗ ਹੈ।
ਪੁਰਾਤਨ ਸਮੇਂ ਤੋਂ ਹੀ ਧਰਮ ਅਸਥਾਨਾਂ ਤੇ ਲੰਗਰ ਕੀਤਾ ਜਾਂਦਾ ਸੀ। ਜਿਸ ਜਗ੍ਹਾ ਉੱਚ ਜ਼ਾਤ ਵਾਲਿਆਂ
ਦਾ ਲੰਗਰ ਹੁੰਦਾ ਸੀ ਉੱਥੇ ਨੀਵੀ ਜ਼ਾਤ ਵਾਲੇ ਨਹੀਂ ਆ ਸਕਦੇ ਸਨ, ਨਾ ਹੀ ਉਨ੍ਹਾਂ ਭਾਂਡਿਆਂ ਨੂੰ ਵਰਤ
ਸਕਦੇ ਸਨ ਅਤੇ ਨਾ ਹੀ ਉਨ੍ਹਾਂ ਵਿੱਚ ਵਰਤਾ ਸਕਦੇ ਸਨ। ਇਸ ਉੱਚੀ-ਨੀਵੀਂ ਜ਼ਾਤ ਅਤੇ ਅਮੀਰ-ਗ਼ਰੀਬ ਦੇ
ਵਿਤਕਰੇ ਨੂੰ ਖ਼ਤਮ ਕਰਨ ਲਈ ਗੁਰੂ ਘਰ ਵਿੱਚ ਲੰਗਰ ਦੀ ਵਿਲੱਖਣ ਪ੍ਰਥਾ ਚਲਾਈ। ਗੁਰੂ ਅਮਰਦਾਸ ਪਾਤਸ਼ਾਹ
ਦੇ ਸਮੇਂ ਵਿੱਚ ਬਾਦਸ਼ਾਹ ਅਕਬਰ ਜਦੋਂ ਗੁਰੂ ਘਰ ਵਿੱਚ ਆਉਂਦਾ ਹੈ ਤਾਂ ਉਸਨੂੰ ਹਿਦਾਇਤ ਕੀਤੀ ਜਾਂਦੀ
ਹੈ ਕਿ ਜੇ ਉਸ ਦੇ ਮਨ ਵਿੱਚ ਇਹ ਖ਼ਿਆਲ ਹੈ ਕਿ ਉਹ ਰਾਜਾ ਹੈ ਅਤੇ ਬਾਕੀ ਮਨੁੱਖ ਨੀਵੇਂ ਹਨ ਤਾਂ ਉਹ
ਗੁਰੂ ਘਰ ਆਉਣ ਤੋਂ ਪਹਿਲਾਂ ਬਾਹਰ ਹੀ ਲੰਗਰ ਛੱਕ ਕੇ ਆਏ। ਜੇ ਉਹ ਗੁਰੂ ਘਰ ਵਿੱਚ ਲੰਗਰ ਛੱਕਣਾ
ਚਾਹੁੰਦਾ ਹੈ ਤਾਂ ਆਪਣੇ ਮਨ ’ਚੋਂ ਉੱਚੇ-ਨੀਵੇਂ ਦੀ ਭਾਵਨਾ ਕੱਢ ਕੇ, ਪੰਗਤ ਵਿੱਚ ਸਭ ਮਨੁੱਖਾਂ ਨਾਲ
ਰੱਲ ਕੇ ਬੈਠੇ। ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਗੁਰੂ ਘਰ ਵਿੱਚ ਲੰਗਰ ਦੀ ਪ੍ਰਥਾ ਦੀ ਸ਼ੁਰੂਆਤ
ਬਰਾਬਰਤਾ ਸਿਖਾਉਣ ਲਈ ਹੋਈ ਸੀ। ਲੰਗਰ ਦਾ ਮਕਸਦ ਸੀ :
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।। ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।। (ਗੁਰੂ ਗ੍ਰੰਥ ਸਾਹਿਬ, ਪੰਨਾ 15)
ਜਦੋਂ ਅਸੀਂ ਲੰਗਰ ਕਰਦੇ ਹਾਂ ਤਾਂ ਗ਼ਰੀਬਾਂ ਨੂੰ ਜੰਗਲੇ, ਗੇਟ ਤੋਂ ਬਾਹਰ ਖੜਾ ਰਖਦੇ ਹਾਂ, ਇਸ
ਤਰ੍ਹਾਂ ਅਸੀਂ ਅਕਸਰ ਗੁਰੂ ਪਾਤਸ਼ਾਹ ਦਾ ਬਰਾਬਰਤਾ ਵਾਲਾ ਨੁਕਤਾ ਤੋੜ ਦੇਂਦੇ ਹਾਂ। ਸਾਡੇ ਲੰਗਰਾਂ
ਵਿੱਚ ਅਸੀਂ ਆਪਣੇ ਅਮੀਰ ਜ਼ਾਦੇ ਜਾਂ ਉੱਚ ਜ਼ਾਤੀਏ ਸਾਥੀ ਨੂੰ ਵੇਖ ਕੇ ਉਸ ਨਾਲ ਹੀ ਬੈਠਦੇ ਹਾਂ। ਜੇਕਰ
ਲੰਗਰ ਦੇ ਵਿੱਚ ਕੋਈ ਹਿੰਦੂ, ਮੁਸਲਮਾਨ, ਗ਼ੈਰ ਸਿੱਖ ਜਾਂ ਗ਼ਰੀਬ ਆ ਜਾਏ ਤਾਂ ਵਿਤਕਰੇ ਦੀ ਭਾਵਨਾ
ਕਾਰਨ ਅਸੀਂ ਉਨ੍ਹਾਂ ਨਾਲ ਬੈਠਦੇ ਹੀ ਨਹੀਂ ਹਾਂ। ਉਹ ਸੱਜਣ ਮੁਬਾਰਕ ਹਨ ਜਿਹੜੇ ਵਿਤਕਰਾ ਨਹੀਂ ਕਰਦੇ
ਪਰ ਜੇਕਰ ਅਸੀਂ ਇਹ ਸੋਚ ਕੇ ਕਿ ਫਲਾਣੇ ਦੇ ਕਪੜੇ ਗੰਦੇ ਹਨ, ਇਹ ਗ਼ੈਰ ਸਿੱਖ ਹੈ, ਪਤਿਤ ਹੈ, ਦੂਜੇ
ਮਜ਼੍ਹਬ ਦਾ ਹੈ ਉਸ ਨਾਲ ਨਹੀਂ ਬੈਠਦੇ ਤਾਂ ਲੰਗਰ ਦਾ ਮਕਸਦ ਹਲ ਨਹੀਂ ਹੋਇਆ ਕਿਉਂਕਿ ਬਰਾਬਰਤਾ ਵਾਲਾ
ਨੁਕਤਾ ਪੂਰਾ ਨਹੀਂ ਹੁੰਦਾ।
ਗੁਰਮਤ ਅਨੁਸਾਰ ਲੰਗਰ ਦੇ ਸਿਧਾਂਤ ਨੂੰ ਸਮਝਦੇ ਹੋਏ ਸਾਨੂੰ ਚਾਹੀਦਾ ਹੈ ਕਿ ਸਾਡੇ ਲੰਗਰਾਂ ਵਿੱਚ
ਸਾਦਗੀ ਹੋਵੇ। ਜੇ ਸਾਡੇ ਲੰਗਰਾਂ ਵਿੱਚ ਸਾਦਗੀ ਨਹੀਂ ਰਹੀ ਤਾਂ ਇਹ ਲੰਗਰ ਭਾਈ ਲਾਲੋ ਵਾਲੇ ਨਹੀਂ
ਰਹੇ। ਅਸੀਂ ਲੰਗਰ ਕੇਵਲ ਆਪਣੀ ਅਮੀਰੀ ਦੇ ਦਿਖਾਵੇ ਲਈ ਕਰਦੇ ਹਾਂ। ਜੇ ਇਕ ਗੁਰਪੁਰਬ ਤੇ ਅਮੀਰੀ ਦੇ
ਦਿਖਾਵੇ ਵਾਲੇ ਇਹ ਲੰਗਰ ਨਾ ਕਰੀਏ ਤਾਂ ਸੋਮਾਲੀਆ, ਬੋਸਨੀਆ, ਬੰਗਲਾਦੇਸ਼ ਅਤੇ ਉੜੀਸਾ ਵਰਗੀਆਂ ਗ਼ਰੀਬ
ਥਾਵਾਂ ਤੇ ਭੁੱਖੇ ਤੇ ਲਾਚਾਰ ਲੋਕਾਂ ਨੂੰ ਸਾਰੀ ਉਮਰ ਵਾਸਤੇ ਰੋਟੀ ਖੁਆ ਸਕਦੇ ਹਾਂ, ਉਨ੍ਹਾਂ ਦਾ
ਪਾਲਣ-ਪੋਸ਼ਣ ਕਰ ਸਕਦੇ ਹਾਂ, ਉਨ੍ਹਾਂ ਨੂੰ ਕੰਮ-ਕਾਜ ਦੇ ਸਕਦੇ ਹਾਂ। ਪਰ ਅਸੀਂ ਕੇਵਲ ਆਪਣਾ ਨਾਂ
ਉੱਚਾ ਕਰਣ ਲਈ ਲੰਗਰ ਦੇ ਨਾਂ ਹੇਠਾਂ ਢੇਰ ਸਾਰੀ ਮਾਇਆ ਜ਼ਾਇਆ ਕਰ ਦੇਂਦੇ ਹਾਂ। ਇਸ ਤਰ੍ਹਾਂ ਸਾਡਾ
ਨਾਂ ਤੇ ਉੱਚਾ ਹੋ ਗਿਆ ਪਰ ਲੰਗਰ ਦਾ ਮਕਸਦ ਹਲ ਨਹੀਂ ਹੁੰਦਾ।
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ।। (ਗੁਰੂ ਗ੍ਰੰਥ ਸਾਹਿਬ, ਪੰਨਾ 1349)
ਏਕੁ ਪਿਤਾ ਏਕਸ ਕੇ ਹਮ ਬਾਰਿਕ ॥ (ਗੁਰੂ ਗ੍ਰੰਥ ਸਾਹਿਬ, ਪੰਨਾ 611)
ਸਭ ਦੀਆਂ ਰਗਾਂ ’ਚ ਇਕੋ ਕਿਸਮ ਦਾ ਲਹੂ ਵਗਦਾ ਹੈ, ਫਿਰ ਉੱਚੀ-ਨੀਵੀਂ ਜ਼ਾਤ ਅਤੇ ਅਮੀਰੀ-ਗ਼ਰੀਬੀ ਦਾ
ਵਿਤਕਰਾ ਕਰਨਾ ਮਨੁੱਖਤਾ ਦਾ ਸਿਧਾਂਤ ਨਹੀਂ। ਇਹ ਗੱਲ ਸਾਨੂੰ ਸੁਨੇਹਾ ਦੇਂਦੀ ਹੈ ਕਿ ਸਾਨੂੰ
ਜ਼ਾਤ-ਪਾਤ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਰਾਹੀਂ ਸਾਨੂੰ ਗੁਰੂਆਂ ਅਤੇ
ਭਗਤਾਂ ਦੀ ਬਾਣੀ ਤੋਂ ਇਹੀ ਸੁਨੇਹਾ ਮਿਲਦਾ ਹੈ ਪਰ ਸਾਡਾ ਧਿਆਨ ਇਸ ਪਾਸੇ ਨਹੀਂ ਜਾਂਦਾ। ਅਫਸੋਸ ਇਸ
ਗੱਲ ਦਾ ਹੈ ਕਿ ਸਰੋਵਰ ਅਤੇ ਲੰਗਰ ਦੀ ਪ੍ਰਥਾ ਚਲਾਉਣ ਦੇ ਬਾਵਜੂਦ ਅਸੀਂ ਜ਼ਾਤ-ਪਾਤ ਅਤੇ
ਅਮੀਰੀ-ਗ਼ਰੀਬੀ ਦੇ ਵਿਤਕਰੇ ਵਾਲੀ ਖੇਡ ਕਰੀ ਜਾਂ ਰਹੇ ਹਾਂ। ਇਸਦਾ ਭਾਵ ਅਸੀਂ ਗੁਰੂ ਸਾਹਿਬਾਨ ਦੀ
ਬਾਣੀ ਅਨੁਸਾਰ ਆਪਣਾ ਜੀਵਨ ਨਹੀਂ ਬਣਾ ਰਹੇ ਹਾਂ। ਲੰਗਰ ਦੀ ਪੰਗਤ ਵਿੱਚ ਬੈਠ ਕੇ ਬਰਾਬਰਤਾ ਸਿੱਖਦੇ
ਹੋਏ ਅਸੀਂ ਆਪਣੇ ਆਪ ਨੂੰ ਆਤਮਕ ਤੌਰ ਤੇ ਵੀ ਉੱਚਾ ਕਰ ਸਕਦੇ ਹਾਂ।
ਲੰਗਰ ਵਿੱਚ ਸਾਦਗੀ ਅਤੇ ਸਫਾਈ ਦਾ ਹੋਣਾ ਬਹੁਤ ਜਰੂਰੀ ਹੈ। ਜਿਸ ਤਰ੍ਹਾਂ ਮਲਕ ਭਾਗੋ ਨਾਮ, ਅਮੀਰੀ,
ਦਿਖਾਵੇ ਅਤੇ ਹੇਰਾ-ਫੇਰੀ ਦੀ ਕਮਾਈ ਦਾ ਪ੍ਰਤੀਕ ਹੈ। ਉਸੀ ਤਰ੍ਹਾਂ ‘ਭਾਈ ਲਾਲੋ' ਗਰੀਬ,
ਮਿਹਨਤ-ਮਸ਼ੱਕਤ ਅਤੇ ਇਮਾਨਦਾਰੀ ਦੀ ਕਮਾਈ ਦਾ ਪ੍ਰਤੀਕ ਹੈ।
ਇਨ੍ਹਾਂ ਸਭ ਗਲ੍ਹਾਂ ਨੂੰ ਧਿਆਨ ਵਿੱਚ ਰੱਖੀਏ ਤਾਂ ਸਾਨੂੰ ਸਮਝ ਪੈਂਦੀ ਹੈ ਕਿ ਲੰਗਰ ਸਭ ਦੇ ਲਈ
ਸਾਂਝਾ ਹੈ, ਲੰਗਰ ਪਕਾਉਣਾ ਅਤੇ ਵਰਤਾਉਣਾ ਅਮਲੀ ਤੌਰ ਤੇ ਬਰਾਬਰਤਾ ਸਿੱਖਣ ਦਾ ਇੱਕ ਢੰਗ ਹੈ।
ਪੁਰਾਤਨ
ਸਮੇਂ ਹੀ ਨਹੀਂ ਅੱਜ ਤੋਂ ਤੀਹ-ਪੈਂਤੀ ਸਾਲ ਪਹਿਲੋਂ ਤੱਕ ਵੀ ਗੁਰਦੁਆਰੇ ਵਿੱਚ ਸੰਗਤਾਂ ਆਪ ਲੰਗਰ
ਪਕਾਉਂਦੀਆਂ ਸਨ ਅਤੇ ਪਕਾਉਣ ਸਮੇਂ ਗੁਰਦੁਆਰੇ ਵਿੱਚ ਚਲ ਰਹੇ ਗੁਰਬਾਣੀ ਦੇ ਕਥਾ/ਕੀਰਤਨ ਸੰਗਤਾਂ ਦੇ
ਕੰਨੀਂ ਪੈਂਦਾ ਸੀ, ਇਸ ਤਰ੍ਹਾਂ ਸਹਿਜੇ ਹੀ ਗੁਰੂ ਦੀ ਗੱਲ ਵੀ ਸਮਝ ਪੈ ਜਾਂਦੀ ਸੀ। ਹਰ ਉਮਰ, ਹਰ
ਵਰਗ, ਜਾਤ, ਧਰਮ ਅਤੇ ਲਿੰਗ ਵਾਲੇ ਇਕੱਠੇ ਬੈਠਦੇ, ਬਿਨਾਂ ਕਿਸੀ ਵਿਤਕਰੇ ਦੇ ਲੰਗਰ ਪਕਾਉਂਦੇ ਅਤੇ
ਵਰਤਾਉਂਦੇ ਸਨ। ਲੰਗਰ ਪਕਾਉਣ ਦੇ ਇਸ ਤਰੀਕੇ ਰਾਹੀਂ ਨਿਮਰਤਾ, ਏਕਤਾ ਅਤੇ ਬਰਾਬਰਤਾ (ਏਕੁ ਪਿਤਾ ਏਕਸ
ਕੇ ਹਮ ਬਾਰਿਕ) ਦਾ ਸਿਧਾਂਤ ਦ੍ਰਿੜ ਹੁੰਦਾ ਸੀ, ਜੋ ਕਿ ਗੁਰੂ ਦੀ ਅਸਲੀ ਸੇਵਾ ਹੈ। ਲੰਗਰ ਦੀ ਸੇਵਾ
ਹੱਥੀਂ ਮਿਹਨਤ ਕਰਕੇ ਕਰਨਾ ਸਿਹਤ ਲਈ ਵੀ ਫਾਇਦੇਮੰਦ ਸਿੱਧ ਹੁੰਦਾ ਹੈ। ਭਾਵੇਂ ਅੱਜ ਵੀ ਗੁਰਪੁਰਬਾਂ
ਜਾਂ ਇਤਿਹਾਸਕ ਸਥਾਨਾਂ ਤੇ ਹੱਥੀਂ ਲੰਗਰ ਤਿਆਰ ਕੀਤਾ ਜਾਂਦਾ ਹੈ ਪਰ ਅੱਜ ਕਲ੍ਹ ਦੇ ਸਮੇਂ ਵਿੱਚ
ਲੰਗਰ ਵਿੱਚੋਂ ਸਾਦਗੀ ਪੰਖ ਲਗਾ ਕੇ ਉਡ ਗਈ ਹੈ।
ਹਲਵਾਈਆਂ ਤੋਂ ਲੰਗਰ ਬਨਵਾਉਣਾ, ਹੋਟਲਾਂ ਤੋਂ ਮੰਗਵਾਉਣਾ ਜਾਂ ਢੇਰ ਸਾਰੇ ਪਕਵਾਨਾਂ ਨੂੰ ਲੰਗਰ ਦਾ
ਨਾਮ ਦੇਣਾ ਗੁਰਮਤ ਅਸੂਲਾਂ ਤੋਂ ਵਿਰੁੱਧ ਹੈ। ਲੇਕਿਨ ਆਮ ਤੌਰ ਤੇ ਸੰਗਤਾਂ ’ਚ ਆਏ ਦਿਨ ਹਲਵਾਈ ਜਾਂ
ਹੋਟਲਾਂ ਤੋਂ ਲੰਗਰ ਮੰਗਵਾ ਕੇ ਵਰਤਾਉਣ ਦੀ ਵਾਦੀ ਵੱਧਦੀ ਜਾ ਰਹੀ ਹੈ ਜੋ ਕਿ ਢਹਿੰਦੀਆਂ ਕਲਾਂ ਦੀ
ਨਿਸ਼ਾਨੀ ਹੈ। ਬਾਹਰਲੇ ਦੇਸ਼ਾਂ ’ਚ ਵੀ ਕਈ ਥਾਵਾਂ ਤੇ ਹਲਵਾਈ ਨੂੰ ਗੁਰਦੁਆਰੇ ਬੁਲਵਾ ਕੇ ਲੰਗਰ
ਪਕਵਾਉਂਦੇ ਹਨ। ਕਈ ਥਾਵਾਂ ਤੇ ਭਾਵੇਂ ਸੰਗਤਾਂ ਆਪ ਵੀ ਲੰਗਰ ਪਕਾਉਂਦੀਆਂ ਹਨ ਪਰ ਉੱਥੇ ਵੀ ਲੰਗਰ
ਵਿੱਚ ਕੋਕ, ਜਲੇਬੀ, ਸ਼ਰਬਤ, ਪਰਾਂਠੇ, ਲੱਡੂ, ਖੀਰ, ਬਦਾਮ, ਬਰਫੀ ਆਦਿ ਚੀਜ਼ਾਂ ਲੰਗਰ ਵਿੱਚ ਵਰਤਾਈਆਂ
ਜਾਂਦੀਆਂ ਹਨ ਨਤੀਜਤਨ ਲੰਗਰ ਵਿੱਚੋਂ ਸਾਦਗੀ ਅਤੇ ਬਰਾਬਰਤਾ ਵਾਲਾ ਸਿਧਾਂਤ ਅਲੋਪ ਹੁੰਦਾ ਜਾ ਰਿਹਾ
ਹੈ।
ਕੁਦਰਤ ਦੇ ਨਿਯਮਾਂ ਨੂੰ ਸਮਝਣ ਵਾਲੇ ਨੁਕਤੇ ਅਨੁਸਾਰ ਬੀਮਾਰ ਨੂੰ ਹਸਪਤਾਲ ਜਾਂ ਡਾਕਟਰਾਂ ਤੋਂ ਛੁੱਪ
ਕੇ, ਬਿਨਾਂ ਪੁੱਛੇ ਲੰਗਰ ਇਸ ਖ਼ਿਆਲ ਨਾਲ ਖੁਆਉਣਾ ਕਿ ਉਨ੍ਹਾਂ ਦੇ ਰੋਗ ਦੂਰ ਹੋ ਜਾਣਗੇ, ਗੁਰਮਤ ਦੇ
ਸਿਧਾਂਤ ਤੋਂ ਲਾਂਭੇ ਹੋਣਾ ਅਤੇ ਇਕ ਅੰਧਵਿਸ਼ਵਾਸ ਹੈ। ਇਸ ਬਾਰੇ ਲੰਗਰ ਪਕਾਉਣ, ਵਰਤਾਉਣ ਅਤੇ
ਕਮੇਟੀਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਇਸ ਗੱਲ ਦਾ ਪ੍ਰਚਾਰ ਹੋਣਾ ਚਾਹੀਦਾ ਹੈ ਕਿ ਕਿਸੀ ਮਰੀਜ਼
ਨੂੰ ਕਿਨ੍ਹਾਂ ਹਾਲਾਤਾਂ ਵਿੱਚ ਅਤੇ ਡਾਕਟਰ ਦੀ ਰਾਇ ਮੁਤਾਬਕ ਲੰਗਰ ਦਿੱਤਾ ਜਾਵੇ ਕਿ ਨਹੀਂ; ਵਸ
ਇਨ੍ਹਾਂ ਸਭ ਗੱਲਾਂ ਬਾਰੇ ਖੁਲ੍ਹ ਕੇ ਜਾਣਕਾਰੀ ਦਿੱਤੀ ਜਾਵੇ ਤਾ ਕਿ ਲੰਗਰ ਦੀ ਵਿੱਲਖਣਤਾ, ਮਹਾਨਤਾ
ਅਤੇ ਬਰਾਬਰਤਾ ਜਿਹੇ ਸਾਰੇ ਗੁਣਾਂ ਨੂੰ ਜੀਵਤ ਰੱਖਿਆ ਜਾ ਸਕੇ। ਲੰਗਰ ਸਾਦਾ ਹੋਵੇ, ਸਾਫ ਹੋਵੇ ਅਤੇ
ਸਰਬ ਸਾਂਝਾ ਹੋਵੇ। ਸਾਦੇ ਫੁਲਕੇ ਅਤੇ ਦਾਲ-ਸਬਜ਼ੀ ਤੋਂ ਵੱਧ ਲੰਗਰ ਵਿੱਚ ਵਿਖਾਵੇ ਨਾ ਕੀਤੇ ਜਾਣ
ਬਲਕਿ ਸਭ ਦੀ ਉਮਰ ਵਾਲਿਆਂ ਦੀ ਸਿਹਤ ਬਾਰੇ ਵੱਧ ਤੇਂ ਵੱਧ ਜਾਣਕਾਰੀ ਲੈ ਕੇ ਲੰਗਰ ਪਕਾਉਣਾ ਲਾਹੇਵੰਦ
ਹੋਵੇਗਾ।
ਜੇ ਕਰ ਅਸੀਂ ਲੰਗਰ ਕਰਨੇ ਹੀ ਹਨ ਤਾਂ ਸਾਦਗੀ ਵੱਲ ਜ਼ਰੂਰ ਧਿਆਨ ਕਰੀਏ ਜਿਸ ਨਾਲ ਖਰਚੇ ਬੱਚਣਗੇ,
ਲੰਗਰ ਵੀ ਜ਼ਾਇਆ ਨਹੀਂ ਜਾਵੇਗਾ ਅਤੇ ਵੱਧ ਤੋਂ ਵੱਧ ਮਾਇਆ ਬਚਾ ਕੇ ਅਸੀਂ ਹਸਪਤਾਲ,
ਯਤੀਮਖਾਨੇ, ਵਿਧਵਾ ਆਸ਼ਰਮ, ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇ ਸਕਦੇ ਹਾਂ ਜੋ ਕਿ ਗੁਰੂ ਸਾਹਿਬਾਨ ਵੇਲੇ
ਵੀ ਅਮਲੀ ਤੌਰ ਤੇ ਕੀਤਾ ਜਾਂਦਾ ਸੀ। ਜੇ ਕਿਤੇ ਹੜ੍ਹ ਆਵੇ, ਸੋਕਾ ਪੈ ਜਾਵੇ, ਭੂਚਾਲ ਆ ਜਾਵੇ, ਅੱਗ
ਲੱਗ ਜਾਵੇ ਜਾਂ ਕੋਈ ਬੇਘਰ ਹੋ ਜਾਵੇ ਤਾਂ ਗੁਰਦੁਆਰੇ ਜਾਂ ਕਿਸੇ ਸੰਸਥਾ ਵੱਲੋਂ ਰੱਲ ਕੇ ਲੰਗਰ ਤਿਆਰ
ਕੀਤਾ ਜਾਂਦਾ ਹੈ। ਲੰਗਰ ਪਕਾਉਣ ਅਤੇ ਵਰਤਾਉਣ ਦੇ ਲਈ ਸੇਵਾ ਭਾਵਨਾ ਵਾਲੇ ਸੇਵਾਦਾਰ (ਵਲੰਟੀਅਰ)
ਜਾਂਦੇ ਹਨ। ਇਹ ਗੁਰਮਤ ਦਾ ਇਕ ਅਨੋਖਾ ਅਤੇ ਸਰਬ ਸਾਂਝੀਵਾਲਤਾ ਜਿਊਣ ਦਾ ਵਿੱਲਖਣ ਢੰਗ ਹੈ। ਜਿਨ੍ਹਾਂ
ਗੁਰਦੁਆਰਿਆਂ ਵਿੱਚੋਂ ਗਰੀਬਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਜਾਂ ਉਨ੍ਹਾਂ ਦੇ ਰੋਜ਼ਾਨਾ ਆ ਕੇ
ਖਾਣ ਕਾਰਨ ਉਨ੍ਹਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਾਂਦਾ ਤਾਂ ਸਾਨੂੰ ‘‘ਜਿਥੈ ਨੀਚ ਸਮਾਲੀਅਨਿ”
ਵਾਲੇ ਨੁਕਤੇ ਵੱਲ ਧਿਆਨ ਕਰਨ ਦੀ ਲੋੜ ਹੈ। ਸੰਗਤਾਂ ਅਤੇ ਕਮੇਟੀਆਂ ਆਪ ਇਸ ਪਾਸੋਂ ਜਾਗ ਕੇ ਇਸ ਕੰਮ
ਨੂੰ ਨਜਿੱਠ ਸਕਦੀਆਂ ਹਨ।
ਲੰਗਰ ਪਕਾਉਣਾ ਅਤੇ ਵਰਤਾਉਣਾ ਗੁਰਮਤ ਦਾ ਅਟੁੱਟ ਅੰਗ ਹੈ। ਇਸ ਰਾਹੀਂ ਨਿਮਰਤਾ ਅਤੇ ਬਰਾਬਰਤਾ ਦਾ
ਸੁਭਾਅ ਪੱਕ ਜਾਂਦਾ ਹੈ। ਸਭ ਤੋਂ ਵੱਡਾ ਮਕਸਦ ਹੈ, ਗੁਰਮਤ ਨੂੰ ਸੁਣਨਾ, ਵਿਚਾਰਨਾ ਅਤੇ ਗੁਰਬਾਣੀ
ਅਨੁਸਾਰ ਅਮਲੀ ਜੀਵਨੀ ਦਾ ਧਾਰਨੀ ਬਣਨਾ। ਜੇ ਕਰ ਅਸੀਂ ਲੰਗਰ ਪਕਾਉਣ ਅਤੇ ਵਰਤਾਉਣ ਵਿੱਚ ਆਪਣਾ ਤਨ,
ਮਨ ਅਤੇ ਧਨ ਪਾਉਂਦੇ ਹਾਂ ਪਰ ਗੁਰਮਤ ਨਹੀਂ ਸਿੱਖਦੇ ਹਾਂ, ਅਮਲੀ ਜੀਵਨੀ ਵਾਲਾ ਸੁਭਾਅ ਨਹੀਂ ਬਣਾਂਦੇ
ਹਾਂ, ਗੁੱਸੇ ਅਤੇ ਹੰਕਾਰੀ ਹੋ ਕੇ ਗਰੀਬ ਨੂੰ ਮਾੜੇ ਬੋਲ ਬੋਲਦੇ ਹਾਂ ਜਾਂ ਧੜੇਬਾਜ਼ੀ ਕਾਰਨ ਹੋਰਨਾਂ
ਨੂੰ ਗਾਲਾਂ ਭਰੇ ਕੁਬੋਲ ਬੋਲਦੇ ਹਾਂ ਤਾਂ ਅਮਲੀ ਜੀਵਨੀ ਤੇਂ ਬਿਨਾ ਸਾਡਾ ਸਾਰਾ ਜੀਵਨ ਵਿਅਰਥ ਜਾ
ਰਿਹਾ ਹੈ। ਲੰਗਰ ਪਕਾ ਕੇ, ਵਰਤਾ ਕੇ ਜਾਂ ਲੰਗਰ ਲਈ ਮਾਇਆ ਦੇ ਕੇ ਗੁਰਮਤ ਅਸੂਲਾਂ ਤੋਂ ਉਲਟ
ਛੂਤ-ਛਾਤ, ਜ਼ਾਤ-ਪਾਤ, ਅਮੀਰ-ਗਰੀਬ ਦਾ ਵਿਤਕਰਾ ਅਤੇ ਪਖੰਡ, ਦਿਖਾਵੇ ਵਾਲੇ ਕਰਮਕਾਂਡ ਜੇ ਕਰ ਅਸੀਂ
ਕਰਦੇ ਹਾਂ ਤਾਂ ਗਿਆਨ ਤੋਂ ਕੋਰੇ ਰਹਿੰਦੇ ਹਾਂ, ਸਾਡੀ ਸਾਰੀ ਮਿਹਨਤ ਅਜਾਈ ਜਾ ਰਹੀ ਹੈ ਅਤੇ
ਨਿਰਾਰਥਕ ਹੀ ਸਿੱਧ ਹੋਵੇਗੀ।
ਭਾਵੇਂ ਲੰਗਰ ਪਕਾਈਏ, ਵਰਤਾਈਏ ਜਾਂ ਲੰਗਰ ਲਈ ਮਾਇਆ ਦੇਈਏ ਪਰ ਗੁਰਮਤ ਗਿਆਨ ਲੈਣਾ ਅਤੇ ਉਸ ਅਨੁਸਾਰ
ਆਪਣਾ ਜੀਵਨ ਅਮਲੀ ਤੌਰ ਤੇ ਜਿਊਣਾ ਹੀ ਸਾਡੇ ਜੀਵਨ ਦਾ ਮੁੱਖ ਉੱਦੇਸ਼ ਹੋਣਾ ਚਾਹੀਦਾ ਹੈ। ਧਰਮ ਦੀ
ਕਿਰਤ ਕਮਾਈ, ਹੱਕ-ਹਲਾਲ ਦੀ ਕਮਾਈ ਅਤੇ ਹੋਰਨਾਂ ਲਈ ਵੰਡ ਛੱਕਣਾ ਹੀ ਗੁਰਮਤ ਅਨੁਸਾਰ ਲੰਗਰ ਦਾ
ਪ੍ਰਤੀਕ ਹੈ।