ਆਦਿ ਸਚੁ
(ਕਿਸ਼ਤ ਪਹਿਲੀ)
ਵੀਰ ਭੁਪਿੰਦਰ ਸਿੰਘ
ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ
ਦਾ ਆਪਣਾ ਹੀ ਇਕ ਵਿਲੱਖਣ ਅਤੇ ਖੂਬਸੂਰਤ ਢੰਗ ਹੈ। ਗੁਰੂ ਨਾਨਕ ਪਾਤਸ਼ਾਹ ਵਲੋਂ ਅਪਣਾਈ ਗਈ ਸ਼ੈਲੀ,
ਬੋਲੀ ਅਤੇ ਵਿਆਕਰਣ ਦੇ ਸਿਧਾਂਤਾਂ ਨੂੰ ਮੁੱਖ ਰੱਖਦਿਆਂ ਬਾਕੀ ਗੁਰੂਆਂ ਨੇ ਵੀ ਬਾਣੀ ਉਚਾਰੀ ਅਤੇ
ਮਨੁੱਖਤਾ ਦੇ ਭਲੇ ਲਈ ਸਰਬ ਸਾਂਝਾ ‘ਆਦਿ ਗ੍ਰੰਥ’ ਤਿਆਰ ਕੀਤਾ ਗਿਆ। ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ
ਸਿੰਘ ਜੀ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਨੂੰ ਉਨ੍ਹਾਂ ਸਿਧਾਂਤਾਂ ਨੂੰ ਮੁੱਖ ਰੱਖਦਿਆਂ
ਹੋਇਆਂ ‘ਆਦਿ ਗ੍ਰੰਥ’ ਵਿਚ ਸ਼ਾਮਲ ਕੀਤਾ ਜੋ ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਮੌਜੂਦ
ਹੈ ਅਤੇ ਸਾਡੇ ਸਭ ਦੀ ਰਹਿਨੁਮਾਈ ਗੁਰੂ ਰੂਪ ਵਿਚ ਕਰ ਰਿਹਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ ਬਾਰੇ ਪਾਠਕਾਂ ਨਾਲ ਇਹ ਸਾਂਝ ਕਰਨੀ ਬੜੀ ਜ਼ਰੂਰੀ ਜਾਪਦੀ
ਹੈ ਕਿ ਇਸ ਵਿਚ ਅਨੇਕਾਂ ਜਾਤ ਪਾਤ ਅਤੇ ਮਜ਼੍ਹਬ ਦੇ ਵਿਤਕਰੇ ਤੋਂ ਉੱਪਰ ਹੋ ਕੇ ਭਗਤਾਂ, ਫਕੀਰਾਂ ਅਤੇ
ਸੂਫ਼ੀਆਂ ਦੀ ਬਾਣੀ ਨੂੰ ਵੀ ਗੁਰੂਆਂ ਦੀ ਬਾਣੀ ਦੇ ਬਰਾਬਰ ਦਰਜਾ ਦੇ ਕੇ ਲਿਖਿਆ ਗਿਆ ਹੈ, ਇਹ
ਇਨਸਾਨੀਅਤ ਦੇ ਧਰਮ ਦਾ ਸਭ ਤੋਂ ਵੱਡਾ ਸਬੂਤ ਹੈ। ਗੁਰੂ ਨਾਨਕ ਸਾਹਿਬ ਨੇ ਮਜ੍ਹਬਾਂ ਦੇ ਵੱਖਵਾਦ ਦੇ
ਝਗੜੇ ਨੂੰ ਸੁਲਝਾਉਣ ਦਾ ਇਹ ਇਕ ਅਹਿਮ ਨੁਕਤਾ ਵਰਤਿਆ। ਸਿੱਟੇ ਵਜੋਂ ਮਨੁੱਖਤਾ ਦੇ ਭਲੇ ਲਈ ਗੁਰੂ
ਗ੍ਰੰਥ ਸਾਹਿਬ ਨੂੰ ਸਰਬ ਸਾਂਝਾ ਗ੍ਰੰਥ ਬਣਾ ਕੇ ਪੇਸ਼ ਕੀਤਾ।
ਗੁਰੂ ਗ੍ਰੰਥ ਸਾਹਿਬ ਵਿਚ ਵਿਆਕਰਣ ਅਤੇ ਵਿਲੱਖਣ ਸ਼ੈਲੀ ਇਸ ਕਰਕੇ ਨਹੀਂ ਵਰਤੀ ਗਈ ਕਿ ਕੋਈ ਮਨੁੱਖ
ਕੇਵਲ ਚੁੰਚ ਗਿਆਨੀ ਬਣ ਜਾਵੇ। ਦਰਅਸਲ ਵਿਆਕਰਣ ਦੇ ਸਿਧਾਂਤਾਂ ਨੂੰ ਇਸ ਕਰਕੇ ਵਰਤਿਆ ਗਿਆ ਹੈ ਕਿ
ਸਾਰੇ ਗ੍ਰੰਥ ਵਿਚ ਕੋਈ ਸ਼ਬਦ, ਸਿਧਾਂਤ ਅਤੇ ਵਿਚਾਰਧਾਰਾ ਆਪਾ ਵਿਰੋਧੀ ਨਾ ਹੋਵੇ। ਇਸੇ ਆਸ਼ੇ ਨੂੰ
ਮੁੱਖ ਰੱਖਦਿਆਂ ਜੇ ਕੋਈ ਵੀ ਵਿਚਾਰਧਾਰਾ ਕਿਸੇ ਵੀ ਲਫ਼ਜ਼ ਜਾਂ ਸਤਰ ਰਾਹੀਂ ਲਿਖੀ ਗਈ ਹੈ ਤਾਂ ਉਸ
ਵਿਸ਼ੇ ਨਾਲ ਮਿਲਦੇ ਹੋਰ ਅਨੇਕ ਸ਼ਬਦ ਉਸੀ ਗੁਰੂ ਦੇ ਜਾਂ ਬਾਕੀ ਗੁਰੂਆਂ ਦੇ ਅਤੇ ਫਿਰ ਭਗਤਾਂ ਦੇ
ਸ਼ਬਦਾਂ ਨੂੰ ਉਸੇ ਵਿਚਾਰਧਾਰਾ ਦੀ ਲੜੀ ਵਿਚ ਪਰੋਇਆ ਗਿਆ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਸੇ ਇਕ ਫਿਰਕੇ ਜਾਂ ਮਜ਼੍ਹਬ ਦਾ ਪੱਖ ਨਹੀਂ ਲਿਆ ਗਿਆ ਅਤੇ ਨਾ ਹੀ
ਕਿਸੇ ਮਜ਼੍ਹਬ ਦੇ ਪੁਰਾਤਨ ਅਖੌਤੀ ਪੀਰ-ਪੈਗ਼ੰਬਰ ਅਵਤਾਰ ਨੂੰ ਰੱਬ ਕਰਕੇ ਮੰਨਿਆ ਹੈ। ਕਿਸੇ ਵੀ
ਮਨੁੱਖ, ਦੇਵੀ-ਦੇਵਤੇ ਜਾਂ ਮੂਰਤੀ ਫੋਟੋ ਨੂੰ ਰੱਬ ਦੇ ਤੁੱਲ ਨਹੀਂ ਮੰਨਿਆ ਗਿਆ। ਇਕ ਰੱਬ, ਇਕ ਨੂਰ,
ਸਰਬ ਸਾਂਝੇ ਪਿਤਾ ਨੂੰ ਬਿਆਨ ਕਰਨ ਲਈ ਜੋ ਵੀ ਅੰਧ ਵਿਸ਼ਵਾਸ ਪ੍ਰਚਲਿਤ ਸਨ, ਉਨ੍ਹਾਂ ਦੀ ਖੁੱਲ੍ਹ ਕੇ
ਆਲੋਚਨਾ ਜ਼ਰੂਰ ਕੀਤੀ ਗਈ ਹੈ ਪਰ ਮਕਸਦ ਰੱਬ ਜੀ ਦੀ ਵਡਿਆਈ ਹੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿਚ ਇਕ ਰੱਬ ਤੋਂ ਛੁੱਟ, ਕਿਸੇ ਵੀ ਮਨੁੱਖ, ਮੂਰਤੀ, ਪੀਰ, ਫਕੀਰ ਜਾਂ
ਅਵਤਾਰ ਦੀ ਪੂਜਾ ਬਾਰੇ ਕੁਝ ਵੀ ਪ੍ਰਵਾਨ ਨਹੀਂ ਕੀਤਾ ਗਿਆ। ਕਿਸੇ ਖ਼ਾਸ ਦਿਸ਼ਾ ਜਾਂ ਕਿਸੇ ਖ਼ਾਸ ਵਕਤ
’ਤੇ ਪੂਜਾ ਅਤੇ ਕਰਮਕਾਂਡਾਂ ਰਾਹੀਂ ਰੱਬ ਪ੍ਰਾਪਤੀ ਨੂੰ ਇਸ ਵਿਚ ਕੋਈ ਥਾਂ ਨਹੀਂ ਦਿੱਤੀ ਗਈ। ਇਹ ਹੀ
ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਰਪੱਖ ਹੋ ਕੇ ਪੜ੍ਹਨ ਵਾਲੇ ਮਨੁੱਖ ਕਿਸੇ ਖ਼ਾਸ ਫਿਰਕੇ
ਜਾਂ ਮਜ਼੍ਹਬ ਪ੍ਰਸਤੀ ਦੇ ਸ਼ਿਕਾਰ ਨਹੀਂ ਹੁੰਦੇ। ਜੋ ਇਸ ਨੂੰ ਪੜ੍ਹ ਕੇ ਇਸ ਵਿਚਲੇ ਸੁਨੇਹੇ ਨੂੰ ਸਮਝ
ਜਾਂਦੇ ਹਨ, ਉਨ੍ਹਾਂ ਨੂੰ ਮੁਕਤੀ ਲਈ ਕਿਸੇ ਖ਼ਾਸ ਤੀਰਥ ’ਤੇ ਨਹੀਂ ਜਾਣਾ ਪੈਂਦਾ, ਉਹ ਮਨੁੱਖ ਨਾ ਤਾਂ
ਨਰਕ ਤੋਂ ਡਰਦੇ ਹਨ ਅਤੇ ਨਾ ਹੀ ਸਵਰਗ ਦੀ ਪ੍ਰਾਪਤੀ ਲਈ ਕਿਸੇ ਅਵਤਾਰ ਉੱਤੇ ਵਿਸ਼ਵਾਸ ਰੱਖਦੇ ਹਨ,
ਉਨ੍ਹਾਂ ਨੂੰ ਪਾਪਾਂ ਦੀ ਨਿਵਰਤੀ ਲਈ ਕੋਈ ਕਰਮ ਕਾਂਡ ਨਹੀਂ ਕਰਨੇ ਪੈਂਦੇ। ਉਸ ਮਨੁੱਖ ਨੂੰ ਕਿਸੇ ਵੀ
ਵਿਚੋਲੇ, ਭੇਖ, ਦੇਹਧਾਰੀ ਗੁਰੂ ਜਾਂ ਮੰਤਰ ਦੀ ਲੋੜ ਨਹੀਂ ਰਹਿੰਦੀ। ਇਨ੍ਹਾਂ ਸਭ ਗੱਲਾਂ ਕਾਰਨ ਹੀ
ਵੱਖਵਾਦ ਦੇ ਮਜ਼੍ਹਬੀ ਝਗੜੇ ਸ਼ੁਰੂ ਹੁੰਦੇ ਹਨ ਅਤੇ ਹੋ ਰਹੇ ਹਨ।
ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਮਨੁੱਖਤਾ ਦੇ ਭਲੇ ਲਈ ਨਿਰੋਲ ਸੱਚ ਪਰਚਾਰਿਆ ਕਿ ਰੱਬ ਜੀ ਸਦੀਵੀ ਸੱਚ
ਹਨ ਅਤੇ ਜੰਮਦੇ ਮਰਦੇ ਨਹੀਂ ਹਨ। ਉਨ੍ਹਾਂ ਨੂੰ ਸੱਚੇ ਹੋਣ ਲਈ ਨਵਾਂ ਜਨਮ, ਨਵੀਂ ਜਗ੍ਹਾ, ਨਵੇਂ
ਅਵਤਾਰ-ਪੈਗ਼ੰਬਰ ਬਣ ਕੇ ਜੰਮਣਾ ਨਹੀਂ ਪੈਂਦਾ। ਜੇ ਕਰ ਮਨੁੱਖ ਨੂੰ ਇਹ
ਸਮਝ ਆ ਜਾਵੇ ਕਿ ਰੱਬ ਜੀ ਮੁੱਢ ਕਦੀਮਾਂ ਤੋਂ, ਸਦੀਵੀ ਸੱਚ ਹਨ ਤਾਂ ਮਜ਼੍ਹਬੀ ਦੰਗੇ ਹੋਣੇ ਬੰਦ ਹੋ
ਜਾਣਗੇ, ਕੋਈ ਧਰਮ ਜਾਂ ਮਜ਼੍ਹਬ ਕੇਵਲ ਗਿਣਤੀ ਵਧਾਉਣ ਵੱਲ ਧਿਆਨ ਨਹੀਂ ਦੇਵੇਗਾ। ਰੱਬ ਜੀ ਸ਼ੁਰੂ ਤੋਂ
ਸੱਚੇ ਹਨ ਅਤੇ ਹਮੇਸ਼ਾ ਲਈ ਸੱਚੇ ਰਹਿਣਗੇ।
ਆਓ ਰੱਬ ਜੀ ਦੇ ਸਦੀਵੀ ਸੱਚ ਹੋਣ ਦੇ ਗੁਣ ਨੂੰ ‘ਜਪੁ’ ਬਾਣੀ ਦੇ ਇਸ ਸਲੋਕ ਰਾਹੀਂ ਸਮਝਣ ਦਾ ਜਤਨ
ਕਰੀਏ।
ਆਦਿ ਸਚ - ਰੱਬ ਜੀ ਸ਼ੁਰੂ ਤੋਂ ਹਨ।
ਜੁਗਾਦਿ ਸਚ - ਜੁਗਾਂ-ਜੁਗਾਂ ਤੋਂ ਭਾਵ ਹਮੇਸ਼ਾ ਤੋਂ ‘ਸੱਚ’ ਹਨ।
ਹੈ ਭੀ ਸਚੁ - ਹੁਣ ਵੀ ‘ਸੱਚ’ ਹਨ।
ਨਾਨਕ ਹੋਸੀ ਭੀ ਸਚੁ - ਹਮੇਸ਼ਾ ਲਈ, ਜਦੋਂ ਤੱਕ ਸ੍ਰਿਸ਼ਟੀ ਹੈ, ਰੱਬ ਜੀ ਸੱਚੇ ਹੀ ਰਹਿਣਗੇ।
ਇਹ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ।
ਬਾਣੀ ਦੀ ਬਣਤਰ ਅਨੁਸਾਰ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਜਪੁਜੀ ਸਾਹਿਬ ਵਿਚ ਦੋ ਸਲੋਕ ਹਨ। ਪਹਿਲਾ
ਸ਼ੁਰੂ ਵਿਚ ‘‘ਆਦਿ ਸਚੁ.... ਨਾਨਕ ਹੋਸੀ ਭੀ ਸਚੁ।।’’ ਅਤੇ ਦੂਜਾ ਸਲੋਕ ਅੰਤ ਵਿਚ 38ਵੀਂ
ਪਉੜੀ ਤੋਂ ਬਾਅਦ ਲਿਖਿਆ ਗਿਆ ਹੈ।
ਰੱਬ ਜੀ ਦਾ ਇਹ ਗੁਣ ਕਿ ਉਹ ਹਮੇਸ਼ਾ ਤੋਂ ਸੱਚ ਹਨ ਅਤੇ ਸਦੀਵੀ ਸੱਚੇ ਰਹਿਣਗੇ, ਇਹ ਸਿਧਾਂਤ ਮਨੁੱਖਤਾ
ਨੂੰ ਵੱਖੋ-ਵੱਖਰੇ, ਆਪਣੇ ਥਾਪੇ ਹੋਏ ਰੱਬ ਤੋਂ ਮੁਕਤ ਕਰਾਉਂਦਾ ਹੈ। ਜਦੋਂ ਮਨੁੱਖ ਵੱਖੋ-ਵੱਖਰੇ
ਆਪਣੇ ਥਾਪੇ ਹੋਏ ਰੱਬ ਤੇ ਟੇਕ ਰੱਖਦਾ ਹੈ ਤਾਂ ਉਹ ਇਕ ਸੀਮਿਤ ਬੁੱਧੀ ਦਾ ਮਾਲਕ ਹੋ ਜਾਂਦਾ ਹੈ। ਜਿਸ
ਰਾਹੀਂ ਉਹ ਕੇਵਲ ਕਿਸੇ ਖਾਸ ਸਮੇਂ ਵਿਚ, ਕਿਸੇ ਖਾਸ ਸਥਾਨ ’ਤੇ, ਕੁਝ ਖਾਸ ਮਨੁੱਖਾਂ ਵਿਚ ਹੀ ਰੱਬ
ਮਹਿਸੂਸ ਕਰਦਾ ਹੈ। ਜਿਹੜਾ ਰੱਬ ਸੀਮਿਤ ਸਥਾਨ, ਸੀਮਿਤ ਸਮੇਂ ਅਤੇ ਸੀਮਿਤ ਮਨੁੱਖਾਂ ਵਿਚ ਹੀ ਵਸਦਾ
ਹੈ, ਉਹ ਸੱਚ ਕਿਸ ਤਰ੍ਹਾਂ ਹੋ ਸਕਦਾ ਹੈ ? ਉਹ ਤਾਂ ਮਨੁੱਖ ਦਾ ਆਪਣਾ-ਆਪਣਾ, ਆਪਣੇ ਵਿਚਾਰਾਂ ਰਾਹੀਂ
ਥਾਪਿਆ ਹੋਇਆ ਰੱਬ ਹੋਏਗਾ। ਇਸੇ ਧਾਰਨਾ ਅਧੀਨ ਮਨੁੱਖ ਇਹ ਵਿਸ਼ਵਾਸ ਰੱਖਦਾ ਹੈ ਕਿ ਰੱਬ ਜੀ ਅਵਤਾਰ
ਧਾਰਦੇ ਹਨ। ਜੇ ਮਨੁੱਖ ਇਸ ਧਾਰਨਾ ’ਤੇ ਵਿਸ਼ਵਾਸ ਰੱਖੇਗਾ ਕਿ ਰੱਬ ਜੀ ਮਨੁੱਖੀ ਰੂਪ ਵਿਚ ਅਵਤਾਰ ਧਾਰ
ਕੇ ਸਮੇਂ-ਸਮੇਂ ’ਤੇ ਜਨਮ ਲੈਂਦੇ ਹਨ ਤਾਂ ਫਿਰ ਸਮੇਂ-ਸਮੇਂ ’ਤੇ ਧਾਰਨ ਕੀਤੇ ਜਾਂ ਆਪਣੇ ਥਾਪੇ
ਅਵਤਾਰ ਰੂਪੀ ਅਖੌਤੀ ਰੱਬ ਨੂੰ ਆਪਣੀ ਉਮਰ ਭੋਗ ਕੇ ਮਰਨਾ ਵੀ ਪਏਗਾ। ਇਸੇ ਕਰਕੇ ਇਹ ਸੁਨਹਿਰੀ ਵਿਚਾਰ
ਕਿ ਰੱਬ ਸਦੀਵੀ ਸੱਚ ਹੈ, ਸਾਰੀ ਦੁਨੀਆ ਦੇ ਭਲੇ ਲਈ ਇਕ ਚਾਨਣ ਮੁਨਾਰਾ ਸਾਬਤ ਹੁੰਦੀ ਹੈ ਅਤੇ ਸਾਨੂੰ
ਸਭ ਨੂੰ ਇਸ ਰੱਬੀ ਗੁਣ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਮੈਂ ਰੱਬ ਜੀ ਦੀ ਸਦੀਵੀ ਹੋਂਦ ਅੱਗੇ
ਆਪਣੇ ਆਪ ਨੂੰ ਸਮਰਪਣ ਕਰ ਦੇਵਾਂ, ਆਪਣੀ ਛਿਣ ਮਾਤਰ ਹੋਂਦ ਦਾ ਮਾਣ ਨਾ ਕਰਾਂ। ਮੈਂ ਰੱਬ ਜੀ ਤੋਂ
ਉਪਜਿਆ ਹਾਂ, ਉਨ੍ਹਾਂ ਦੇ ਵਿਚ, ਉਨ੍ਹਾਂ ਦੇ ਸੱਚੇ ਗਿਆਨ ਰਾਹੀਂ ਸਮਾ ਸਕਦਾ ਹਾਂ। ਰੱਬ ਜੀ ਮੇਰੇ
ਤੋਂ ਪਹਿਲਾਂ ਵੀ ਸਨ ਅਤੇ ਮੇਰੇ ਬਾਅਦ ਵੀ ਰਹਿਣਗੇ। ਮੈਂ ਮੁਕ ਜਾਵਾਂਗਾ ਪਰ ਉਹ ਕਦੀ ਵੀ ਨਹੀਂ
ਮੁੱਕਣਗੇ ਫਿਰ ਮੈਂ ਕਿਉਂ ਆਪਣੀ ਅਮੀਰੀ, ਜਾਤ ਬਰਾਦਰੀ, ਸਰੀਰ, ਜੋਬਨ, ਰਾਜ, ਧਨ ਅਤੇ ਮਜ਼੍ਹਬ ਦਾ
ਮਾਣ ਕਰਾਂ। ਮੈਨੂੰ ਕਿਉਂ ਫਿਕਰ ਹੈ ਕਿ ਆਪਣੇ ਥਾਪੇ ਹੋਏ ਖਾਸ ਰੱਬ ਜੀ ਅਤੇ ਮੇਰੇ ਮਜ਼੍ਹਬ ਨੂੰ ਖ਼ਤਰਾ
ਹੈ ਕਿ ਉਹ ਮੁੱਕ ਨਾ ਜਾਣ, ਖਤਮ ਨਾ ਹੋ ਜਾਣ ਜਾਂ ਘਟ ਨਾ ਜਾਣ ਜਦ ਕਿ ਰੱਬ ਜੀ ‘ਆਦਿ ਸਚੁ’
ਅਤੇ‘ਹੋਸੀ ਭੀ ਸਚੁ’ ਮੁਤਾਬਕ ਹਮੇਸ਼ਾ ਰਹਿਣਗੇ। ਰੱਬ ਜੀ ਸਦੀਵੀ ਹਨ ਅਤੇ ਸਭ ਦੇ ਸਾਂਝੇ ਹਨ। ਇਸ
ਸੱਚ ਮੁਤਾਬਕ ਸਾਨੂੰ ਠੰਡੇ ਨਿਰਮਲ ਇਨਸਾਨ ਬਣ ਕੇ ਜਿਊਣਾ ਚਾਹੀਦਾ ਹੈ।