ਚੌਪਈ
ਪੂਰਬ ਦੇਸ ਏਕ ਨ੍ਰਿਪ ਰਹੈ। ਪੂਰਬ ਸੈਨ ਨਾਮ ਜਗ ਕਹੈ। ਪੂਰਬ ਦੇ ਤਾ ਕੇ ਘਰ
ਨਾਰੀ। ਜਾ ਸਮ ਲਗਤ ਨ ਦੇਵ ਕੁਮਾਰੀ। ੧।
ਅਰਥ ਕਰਤਾ: ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਪੂਰਬ
(ਦਿਸ਼ਾ) ਦੇ (ਇਕ) ਦੇਸ਼ ਵਿੱਚ ਇੱਕ ਰਾਜਾ ਰਹਿੰਦਾ ਸੀ। ਉਹ ਪੂਰਬ ਸੈਨ ਦੇ ਨਾਂ ਨਾਲ ਜਗਤ ਵਿੱਚ
ਜਾਣਿਆ ਜਾਂਦਾ ਸੀ। ਉਸ ਦੇ ਘਰ ਪੂਰਬ ਦੇ (ਦੇਈ) ਨਾਂ ਦੀ ਇਸਤਰੀ ਸੀ। ਉਸ ਵਰਗੀ ਦੇਵ ਕੁਮਾਰੀ ਵੀ
ਨਹੀਂ ਲਗਦੀ ਸੀ। ੧।
ਰੂਪ ਸੈਨ ਛਤ੍ਰੀ ਇੱਕ ਤਹਾ। ਤਾ ਸਮ ਸੁੰਦਰ ਕਹੂੰ ਨ ਕਹਾ। ਅਪ੍ਰਮਾਨ ਤਿਹ
ਤੇਜ ਬਿਰਾਜੈ। ਨਰੀ ਨਾਗਨਿਨ ਕੋ ਮਨੁ ਲਾਜੈ। ੨।
ਅਰਥ: ਉਥੇ ਇੱਕ ਰੂਪ ਸੈਨ ਛਤ੍ਰੀ ਵੀ ਰਹਿੰਦਾ ਸੀ। ਉਸ ਵਰਗਾ ਸੁੰਦਰ ਕੋਈ ਵੀ
ਕਿਤੇ ਨਹੀਂ ਸੀ। ਉਸ ਦਾ ਅਪਾਰ ਤੇਜ ਸ਼ੋਭਦਾ ਸੀ (ਜਿਸ ਨੂੰ ਵੇਖ ਕੇ) ਮੱਨੁਖ ਇਸਤਰੀਆਂ ਅਤੇ ਨਾਗ
ਇਸਤਰੀਆਂ ਦਾ ਮਨ ਲਜਾ ਜਾਂਦਾ ਸੀ। ੨।
ਰਾਜ ਤਰੁਨਿ ਜਬ ਤਾਹਿ ਨਿਹਾਰਾ। ਮਨ ਬਚ ਕ੍ਰਮ ਇਹ ਭਾਤਿ ਬਿਚਾਰਾ। ਕੈਸੇ ਕੇਲ
ਸੁ ਯਾ ਸੰਗ ਕਰੌ। ਨਾਤਰ ਮਾਰਿ ਕਟਾਰੀ ਮਰੌ। ੩।
ਅਰਥ: ਰਾਣੀ ਨੇ ਜਦ ਉਸ ਨੂੰ ਵੇਖਿਆ, ਤਾਂ ਮਨ ਬਚਨ ਅਤੇ ਕਰਮ ਕਰ ਕੇ ਇਸ
ਤਰ੍ਹਾਂ ਸੋਚਣ ਲਗੀ ਕਿ ਇਸ ਨਾਲ ਕਿਸ ਤਰ੍ਹਾਂ ਕਾਮ-ਕ੍ਰੀੜਾ ਕਰਾਂ, ਨਹੀਂ ਤਾਂ ਕਟਾਰ ਮਾਰ ਕੇ ਮਰ
ਜਾਵਾਂ। ੩।
ਮਿਤ੍ਰ ਜਾਨਿ ਇੱਕ ਹਿਤੂ ਹਕਾਰੀ। ਤਾ ਪ੍ਰਤਿ ਚਿਤ ਕੀ ਬਾਤ ਉਚਾਰੀ। ਕੈ ਇਹ
ਮੁਹਿ ਤੈ ਦੇਹਿ ਮਿਲਾਈ।
ਨਾਤਰ ਮੁਹਿ ਨ ਨਿਰਿਖਿ ਹੈ ਆਈ। ੪।
ਅਰਥ: ਮਿਤਰ ਸਮਝ ਕੇ ਉਸ ਨੇ ਇੱਕ ਹਿਤ ਕਰਨ ਵਾਲੀ (ਸਖੀ) ਨੂੰ ਬੁਲਾਇਆ ਅਤੇ
ਉਸ ਨਾਲ ਚਿਤ ਦੀ ਗੱਲ ਕੀਤੀ। ਜਾਂ ਤਾਂ ਇਹ ਮੈਨੂੰ ਮਿਲਾ ਦੇ, ਨਹੀਂ ਤਾਂ ਮੈਨੂੰ ਆ ਕੇ ਨ ਵੇਖੀਂ।
੪।
ਦੋਹਰਾ
ਕੈ ਸਜਨੀ ਮੁਹਿ ਮਿਤ੍ਰ ਕਹ ਅਬ ਹੀ ਦੇਹੁ ਮਿਲਾਇ। ਨਾਤਰ ਰਾਨੀ ਮ੍ਰਿਤ ਕੌ
ਬਹੁਰਿ ਨਿਰਖਿਯਹੁ ਆਇ। ੫।
ਅਰਥ: ਹੇ ਸਖੀ! ਜਾਂ ਤਾਂ ਮੈਨੂੰ ਹੁਣੇ ਮਿਤਰ ਨਾਲ ਮਿਲਾ ਦੇ, ਨਹੀਂ ਤਾਂ
ਫਿਰ ਰਾਣੀ ਨੂੰ ਮਰਿਆ ਹੋਇਆ ਆ ਕੇ ਵੇਖੀਂ। ੫।
ਚੌਪਈ
ਜਬ ਇਹ ਭਾਤਿ ਉਚਾਰੋ ਰਾਨੀ। ਜਾਨਿ ਗਈ ਤਬ ਸਖੀ ਸਿਯਾਨੀ। ਯਾ ਕੀ ਲਗਨ ਮਿਤ੍ਰ
ਸੌ ਲਾਗੀ। ਤਾ ਤੇ ਨੀਦ ਭੂਖ ਸਭ ਭਾਗੀ। ੬।
ਅਰਥ: ਜਦ ਰਾਣੀ ਨੇ ਇਸ ਤਰ੍ਹਾਂ ਕਿਹਾ ਤਦ ਉਹ ਸਿਆਣੀ ਸਖੀ ਜਾਣ ਗਈ। ਇਸ ਦੀ
ਮਿਤਰ ਨਾਲ ਲਗਨ ਲਗ ਗਈ ਹੈ। ਉਸ ਕਰ ਕੇ (ਇਸ ਦੀ) ਨੀਂਦਰ ਭੂਖ ਸਭ ਭਜ ਗਈ ਹੈ। ੬।
ਅੜਿਲ
ਤਨਿਕ ਨ ਲਗੀ ਅਵਾਰ ਸਜਨ ਕੈ ਘਰ ਗਈ। ਬਹੁ ਬਿਧਿ ਤਾਹਿ ਪ੍ਰਬੋਧਤ ਤਹ
ਲ੍ਹਯਾਵਤ ਭਈ।
ਜਹ ਆਗੇ ਤ੍ਰਿਯ ਬੈਠੀ ਸੇਜ ਡਸਾਇ ਕੈ। ਹੋ ਤਹੀ ਤਵਨ ਕਹ ਹਿਤੂ ਨਿਕਾਸਿਯੋ
ਲ੍ਹਯਾਇ ਕੈ। ੭।
ਅਰਥ: ਜ਼ਰਾ ਵੀ ਦੇਰ ਨ ਲਗੀ ਅਤੇ (ਉਹ ਦਾਸੀ) ਮਿਤਰ ਦੇ ਘਰ ਜਾ ਪਹੁੰਚੀ। ਉਸ
ਨੂੰ ਬਹੁਤ ਤਰ੍ਹਾਂ ਨਾਲ ਸਮਝਾ ਕੇ ਉਥੇ ਲੈ ਆਈ, ਜਿਥੇ ਅਗੇ ਰਾਣੀ ਸੇਜ ਵਿਛਾ ਕੇ ਬੈਠੀ ਹੋਈ ਸੀ।
ਉਥੇ ਹੀ ਉਸ ਦੇ ਮਿਤਰ ਨੂੰ ਲੈ ਕੇ ਆ ਪਹੁੰਚੀ। ੭।
ਚੌਪਈ
ਉਠਿ ਕਰਿ ਕੁਅਰਿ ਅਲਿੰਗਨ ਕਿਯੋ। ਭਾਤਿ ਭਾਤਿ ਚੁੰਬਨ ਤਿਹ ਲਿਯੋ। ਕਾਮ ਕੇਲ
ਰੁਚਿ ਮਾਨ ਕਮਾਯੋ।
ਭਾਂਗਿ ਅਫੀਮ ਸਰਾਬ ਚੜਾਯੋ। ੮।
ਅਰਥ: ਰਾਣੀ ਨੇ ਉਠ ਕੇ (ਯਾਰ ਨੂੰ) ਗਲਵਕੜੀ ਵਿੱਚ ਲਿਆ। ਕਈ ਤਰ੍ਹਾਂ ਨਾਲ
ਉਸ ਦੇ ਚੁੰਬਨ ਲਏ। ਮਨ ਪਸੰਦ ਦੀ ਕਾਮ-ਕ੍ਰੀੜਾ ਕੀਤੀ। ਭੰਗ, ਅਫ਼ੀਮ ਅਤੇ ਸ਼ਰਾਬ ਪੀਤੀ। ੮।
ਜਬ ਮਦ ਕਰਿ ਮਤਵਾਰਾ ਕਿਯੋ। ਭੁਜ ਤੇ ਪਕਰਿ ਸੇਜ ਪਰ ਦਿਯੋ। ਅਧਿਕ ਮਾਨਿ
ਰੁਚਿ ਗਰੇ ਲਗਾਯੋ।
ਉਛਰਿ ਉਛਰਿ ਕਰਿ ਭੋਗ ਕਮਾਯੋ। ੯।
ਅਰਥ: ਜਦ ਸ਼ਰਾਬ ਪਿਲਾ ਕੇ (ਉਸ ਨੂੰ) ਮਤਵਾਲਾ ਕਰ ਦਿੱਤਾ ਤਾਂ ਬਾਹੋਂ ਪਕੜ
ਕੇ ਸੇਜ ਉਪਰ ਪਾ ਲਿਆ। ਬਹੁਤ ਪ੍ਰਸੰਨ ਹੋ ਕੇ (ਉਸ ਨੂੰ) ਗਲੇ ਨਾਲ ਲਗਾਇਆ ਅਤੇ ਉਛਲ ਉਯਲ ਕੇ ਉਸ
ਨਾਲ ਸੰਯੋਗ ਕੀਤਾ। ੯।
ਏਕ ਤੁਰਨ ਦੂਸਰ ਮਦ ਮਾਤੋ। ਤੀਸਰ ਭੋਗ ਤਰੁਨਿ ਕੇ ਰਾਤੋ। ਦੁਹੂੰਅਨ ਮਧ ਹਾਰ
ਕੋ ਮਾਨੈ। ਚਾਰਹੁ ਬੇਦ ਭੇਦ ਇਹ ਜਾਨੈ। ੧੦।
ਅਰਥ: ਇੱਕ ਜਵਾਨ ਅਤੇ ਦੂਜਾ ਸ਼ਰਾਬ ਨਾਲ ਮਸਤ ਅਤੇ ਤੀਜਾ ਨੌਜਵਾਨ ਇਸਤਰੀ ਨਾਲ
ਭੋਗ ਵਿੱਚ ਮਗਨ, ਦਸੋ (ਇਨ੍ਹਾਂ) ਦੋਹਾਂ ਵਿਚੋਂ ਹਾਰ ਕੌਣ ਮੰਨੇ। ਚਾਰੇ ਵੇਦ ਇਸ ਭੇਦ ਨੂੰ ਜਾਣਦੇ
ਹਨ। ੧੦।
ਜਬ ਤ੍ਰਿਯ ਤਰੁਨਿ ਤਰੁਨ ਕਹ ਪਾਵੈ। ਛਿਨ ਛਤਿਯਾ ਤੇ ਛੋਰਿ ਨ ਭਾਵੈ। ਗਹਿ
ਗਹਿ ਤਾ ਕਹ ਗਰੇ ਲਗਾਵੈ।
ਚਾਰਿ ਪਹਿਰ ਨਿਸਿ ਭੋਗ ਕਮਾਵੈ। ੧੧।
ਅਰਥ: ਜਦ ਕੋਈ ਜਵਾਨ ਇਸਤਰੀ ਜਵਾਨ ਮਰਦ ਨੂੰ ਪ੍ਰਾਪਤ ਕਰਦੀ ਹੈ, ਤਾਂ ਛਿਣ
ਭਰ ਲਈ ਵੀ ਛਾਤੀ ਨਾਲ ਵਖਰਾ ਕਰਨਾ ਪਸੰਦ ਨਹੀਂ ਕਰਦੀ। (ਰਾਣੀ) ਪਕੜ ਪਕੜ ਕੇ ਉਸ ਨੂੰ ਗਲੇ ਨਾਲ
ਲਗਾਉਂਦੀ ਸੀ ਅਤੇ ਚਾਰ ਪਹਿਰ ਰਾਤ ਤਕ ਭੋਗ ਕਰਦੀ ਰਹੀ ਸੀ। ੧੧।
ਭੋਗ ਕਰਤ ਤਰੁਨੀ ਬਸਿ ਭਈ। ਪਰ ਕੀ ਤੇ ਵਾ ਕੀ ਹੈਵ ਗਈ। ਛਿਨ ਇੱਕ ਛੈਲ ਨ
ਛੋਰਿਯੋ ਜਾਵੈ। ਛੈਲਿਯਹਿ ਯਾਰ ਛਬੀਲੋ ਭਾਵੈ। ੧੨।
ਅਰਥ: ਭੋਗ ਕਰਦਿਆਂ ਰਾਣੀ ਉਸ ਦੇ ਵਸ ਵਿੱਚ ਹੋ ਗਈ। ਉਹ ਪਰਾਈ (ਇਸਤਰੀ) ਹੁਣ
ਉਸ ਦੀ ਹੋ ਗਈ। ਇੱਕ ਛਿਣ ਲਈ ਵੀ (ਉਸ) ਪੁਰਸ਼ ਨੂੰ ਛਡਿਆ ਨਹੀਂ ਜਾ ਰਿਹਾ ਸੀ। (ਉਸ) ਨੌਜਵਾਨ (ਰਾਣੀ
ਨੂੰ) ਜਵਾਨ ਯਾਰ ਚੰਗਾ ਲਗ ਰਿਹਾ ਸੀ। ੧੨।
ਕੋਕਸਾਰ ਕੇ ਮਤਨ ਉਚਾਰੈ। ਅਮਲ ਪਾਨ ਕਰਿ ਦ੍ਰਿੜ ਰਤਿ ਧਾਰੈ। ਆਨ ਪੁਰਖ ਕੀ
ਕਾਨਿ ਨ ਕਰਹੀ।
ਭਾਤਿ ਭਾਤਿ ਕੇ ਭੋਗਨ ਭਰਹੀ। ੧੩।
ਅਰਥ: ਕੋਕ ਸ਼ਾਸਤ੍ਰ ਦੇ ਪਾਠ ( ‘ਮਤਨ’ ) ਨੂੰ ਉਚਾਰਦੇ ਸਨ ਅਤੇ ਅਮਲ ਪੀ ਕੇ
ਚੰਗੀ ਤਰ੍ਹਾਂ ਨਾਲ ਰਤੀ-ਕ੍ਰੀੜਾ ਕਰਦੇ ਸਨ। (ਉਹ) ਕਿਸੇ ਹੋਰ ਪੁਰਸ਼ ਦੀ ਪਰਵਾਹ ਨਹੀਂ ਕਰਦੇ ਸਨ ਅਤੇ
ਭਾਂਤ ਭਾਂਤ ਦੇ ਭੋਗ ਕਰ ਕੇ ਤ੍ਰਿਪਤ ਹੋ ਰਹੇ ਸਨ। ੧੩।
ਪੋਸਤ ਭਾਂਗ ਅਫੀਮ ਮੰਗਾਵੈ। ਏਕ ਖਾਟ ਪਰ ਬੈਠਿ ਚੜਾਵੈ। ਹਸਿ ਹਸਿ ਕਰਿ ਦੋਊ
ਜਾਂਘਨ ਲੇਹੀ। ਰਾਜ ਤਰੁਨਿ ਕੌ ਬਹੁ ਸੁਖ ਦੇਹੀ। ੧੪।
ਅਰਥ: ਪੋਸਤ, ਭੰਗ ਅਤੇ ਅਫ਼ੀਮ ਮੰਗਵਾ ਕੇ ਇੱਕ ਮੰਜੇ ਉਤੇ ਬੈਠ ਕੇ ਚੜ੍ਹਾ
ਰਹੇ ਸਨ। (ਉਹ ਪੁਰਸ਼) ਹਸ ਹਸ ਕੇ ਰਾਣੀ ਦੀਆਂ ਦੋਵੇਂ ਟੰਗਾਂ ਪਕੜ ਰਿਹਾ ਸੀ ਅਤੇ (ਉਸ ਨੂੰ) ਬਹੁਤ
ਸੁਖ ਦੇ ਰਿਹਾ ਸੀ। ੧੪।
ਭੋਗ ਕਰਤ ਨਿਸਿ ਸਕਲ ਬਿਤਾਵੈ। ਸੋਇ ਰਹੈ ਉਠਿ ਕੇਲਿ ਕਮਾਵੈ। ਫਿਰਿ ਫਿਰਿ
ਤ੍ਰਿਯ ਆਸਨ ਕਹ ਲੈਕੈ।
ਭਾਤਿ ਭਾਤਿ ਕੈ ਚੁੰਬਨ ਕੈਕੈ। ੧੫।
ਅਰਥ: ਭੋਗ ਕਰਦਿਆਂ ਸਾਰੀ ਰਾਤ ਬਿਤਾ ਦਿੰਦੇ ਅਤੇ ਸੌਂ ਕੇ ਉਠਦੇ (ਤਾਂ ਫਿਰ)
ਰਤੀ-ਕ੍ਰੀੜਾ ਕਰਨ ਲਗ ਜਾਂਦੇ। ਉਹ ਫਿਰ ਫਿਰ ਇਸਤਰੀ ਨਾਲ ਆਸਣ ਜਮਾਂਦਾ ਅਤੇ ਭਾਂਤ ਭਾਂਤ ਦੇ ਚੁੰਬਨ
ਕਰਦਾ। ੧੫।
ਭੋਗ ਕਰਤ ਤਰੁਨਯਹਿ ਰਿਝਾਯੋ। ਭਾਤਿ ਅਨਿਕ ਤਿਨ ਕੇਲ ਮਚਾਯੋ। ਇਹ ਬਿਧਿ ਹੌ
ਹਸਿ ਤਾਹਿ ਉਚਾਰੋ।
ਕਹੌ ਜੁ ਤੁਮ ਸੌ ਸੁਨਹੋ ਪ੍ਹਯਾਰੋ। ੧੬।
ਅਰਥ: ਭੋਗ ਕਰ ਕੇ ਉਸ ਨੇ ਇਸਤਰੀ ਨੂੰ ਬਹੁਤ ਪ੍ਰਸੰਨ ਕੀਤਾ ਅਤੇ ਅਨੇਕ
ਤਰ੍ਹਾਂ ਨਾਲ ਉਸ ਨੇ ਰਤੀ-ਕ੍ਰੀੜਾ ਕੀਤੀ। ਉਸ (ਰਾਣੀ) ਨੇ ਹਸ ਕੇ ਉਸ ਨੂੰ ਇਸ ਤਰ੍ਹਾਂ ਕਿਹਾ: ਹੇ
ਪਿਆਰੇ! ਜੋ ਤੁਹਾਨੂੰ ਕਹਾਂ, ਉਸ ਨੂੰ ਸੁਣੋ। ੧੬।
ਜਬ ਤਰੁਨੀ ਸੰਗ ਦ੍ਰਿੜ ਰਤਿ ਕਰੀ। ਭਾਤਿ ਭਾਤਿ ਕੇ ਭੋਗਨ ਭਰੀ। ਰੀਝਿ ਤਰੁਨਿ
ਇਹ ਭਾਤਿ ਉਚਾਰੀ।
ਮਿਤ੍ਰ ਭਈ ਮੈ ਦਾਸ ਤਿਹਾਰੀ। ੧੭।
ਅਰਥ: ਜਦ (ਉਸ ਨੇ) ਇਸਤਰੀ ਨਾਲ ਚੰਗੀ ਤਰ੍ਹਾਂ ਕਾਮ-ਕ੍ਰੀੜਾ ਕੀਤੀ ਅਤੇ
ਭਾਂਤ ਭਾਂਤ ਦੇ ਭੋਗਾਂ ਨਾਲ ਰਜਾ ਦਿੱਤੀ। ਤਾਂ ਇਸਤਰੀ ਨੇ ਪ੍ਰਸੰਨ ਹੋ ਕੇ ਇਸ ਤਰ੍ਹਾਂ ਕਿਹਾ: ਹੇ
ਮਿਤਰ! ਮੈਂ (ਹੁਣ) ਤੇਰੀ ਦਾਸੀ ਹੋ ਗਈ ਹਾਂ। ੧੭।
ਅਬ ਜੌ ਕਹੋ ਨੀਰ ਭਰਿ ਲ੍ਹਯਾਊ। ਬਾਰ ਅਨੇਕ ਬਜਾਰ ਬਿਕਾਊ। ਜੇ ਤੁਮ ਕਹੋ ਵਹੈ
ਮੈ ਕਰਿਹੌ। ਔਰ ਕਿਸੂ ਤੇ ਨੈਕੁ ਨ ਡਰਿਹੋ। ੧੮।
ਅਰਥ: ਜੇ ਹੁਣ ਕਹੋ ਤਾਂ ਪਾਣੀ ਭਰ ਲਿਆਵਾਂ, (ਜਾਂ ਤੁਹਾਡੇ ਲਈ) ਬਾਜ਼ਾਰ
ਵਿੱਚ ਅਨੇਕ ਵਾਰ ਵਿਕਾਂ। ਜੋ ਤੁਸੀਂ ਕਹੋ, ਉਹੀ ਮੈਂ ਕਰਾਂ ਅਤੇ ਹੋਰ ਕਿਸੇ ਤੋਂ ਜ਼ਰਾ ਜਿੰਨੀ ਵੀ
ਨਹੀਂ ਡਰਾਂ। ੧੮।
ਮਿਤ੍ਰ ਬਿਹਸਿ ਇਹ ਭਾਤਿ ਉਚਾਰਾ। ਅਬ ਮੈ ਭਯੋ ਗੁਲਾਮ ਤਿਹਾਰਾ। ਤੋ ਸੀ
ਤਰੁਨਿ ਭੋਗ ਕਹ ਪਾਈ।
ਪੂਰਨ ਭਈ ਮੋਰਿ ਭਗਤਾਈ। ੧੯।
ਅਰਥ: ਮਿਤਰ ਨੇ ਹਸ ਕੇ ਇਸ ਤਰ੍ਹਾਂ ਕਿਹਾ: ਮੈਂ ਹੁਣ ਤੇਰਾ ਗ਼ੁਲਾਮ ਹੋ ਗਿਆ
ਹਾਂ। ਤੇਰੇ ਵਰਗੀ ਇਸਤਰੀ ਸੰਯੋਗ ਲਈ ਪ੍ਰਾਪਤ ਹੋਈ ਹੈ। (ਇਸ ਤਰ੍ਹਾਂ) ਮੇਰੀ ਭਗਤੀ ਪੂਰੀ ਹੋ ਗਈ
ਹੈ। ੧੯।
ਅਬ ਇਹ ਬਾਤ ਚਿਤ ਮੈ ਮੇਰੇ। ਸੋ ਮੈ ਕਹਤ ਯਾਰ ਸੰਗ ਤੇਰੇ। ਅਬ ਕਛੁ ਐਸ ਉਪਾਵ
ਬਨੈਯੈ। ਜਾ ਤੇ ਤੋ ਕਹ ਸਦਾ ਹੰਢੈਯੈ। ੨੦।
ਅਰਥ: ਹੁਣ ਮੇਰੇ ਚਿਤ ਵਿੱਚ ਇਹ ਗੱਲ ਹੈ, ਹੇ ਪ੍ਰਿਯਾ! ਉਹ ਤੇਰੇ ਨਾਲ
ਸਾਂਝੀ ਕਰਦਾ ਹਾਂ। ਹੁਣ ਕੋਈ ਅਜਿਹਾ ਉਪਾ ਕਰੀਏ ਜਿਸ ਨਾਲ (ਮੈਂ) ਤੈਨੂੰ ਸਦਾ ਮਾਣਦਾ ਰਹਾਂ। ੨੦।
ਅਬ ਤੁਮ ਐਸ ਚਰਿਤ੍ਰ ਬਨਾਵਹੁ। ਜਾ ਤੇ ਮੋਹਿ ਸਦਾ ਤੁਮ ਪਾਵਹੁ। ਭੇਦ ਦੂਸਰੋ
ਪੁਰਖ ਨ ਪਾਵੈ॥ ਲਹੈ ਨ ਸਵਾਨ ਨ ਭੂਸਨ ਆਵੈ। ੨੧।
ਅਰਥ: ਹੁਣ ਤੂੰ (ਕੋਈ) ਅਜਿਹਾ ਚਰਤ੍ਰਿ ਖੇਡ ਜਿਸ ਕਰ ਕੇ ਤੂੰ ਮੈਨੂੰ ਸਦਾ
ਲਈ ਪ੍ਰਾਪਤ ਕਰ ਲੈਏ। (ਇਸ ਗੱਲ ਦਾ) ਭੇਦ ਕੋਈ ਦੂਜਾ ਬੰਦਾ ਨ ਪਾ ਸਕੇ। ਨ ਕੁੱਤਾ ਵੇਖੇ ਅਤੇ ਨ
ਭੌਂਕਣ ਲਈ ਆਵੇ। ੨੧।
ਰਾਨੀ ਸੁਨੀ ਬਾਤ ਐਸੀ ਜਬ। ਬਚਨ ਕਹਾ ਹਸਿ ਕਰਿ ਪਿਯ ਸੋ ਤਬ। ਰੋਮ ਨਾਸ ਤੁਮ
ਬਦਨ ਲਗਾਵਹੁ।
ਸਕਲ ਨਾਰਿ ਕੋ ਭੇਸ ਬਨਾਵਹੁ। ੨੨।
ਅਰਥ: ਰਾਣੀ ਨੇ ਜਦ ਇਸ ਤਰ੍ਹਾਂ ਦੀ ਗੱਲ ਸੁਣੀ, ਤਦ ਹਸ ਕੇ ਪ੍ਰੀਤਮ ਨਾਲ ਇਸ
ਤਰ੍ਹਾਂ ਬੋਲ ਸਾਂਝੇ ਕੀਤੇ। (ਉਸ ਨੇ ਕਿਹਾ-) ਤੂੰ ਆਪਣੇ ਮੁਖ ( ‘ਬਦਨ’ ) ਉਤੇ ਰੋਮਨਾਸਨੀ ਲਗਾ ਲੈ
ਅਤੇ ਇਸਤਰੀ ਦਾ ਸਾਰਾ ਭੇਸ ਬਣਾ ਲੈ। ੨੨।
ਰੋਮਾਂਤਕ ਰਾਨਿਯਹਿ ਮੰਗਾਯੋ। ਤਾ ਕੇ ਬਦਨ ਸਾਥ ਲੈ ਲਾਯੋ। ਸਭ ਹੀ ਕੇਸ ਦੂਰਿ
ਜਬ ਭਏ। ਤਾ ਕਹ ਬਸਤ੍ਰ ਨਾਰਿ ਕੇ ਦਏ। ੨੩।
ਅਰਥ: ਰਾਣੀ ਨੇ ਰੋਮਨਾਸਨੀ ਮੰਗਵਾਈ ਅਤੇ ਲੈ ਕੇ ਉਸ ਦੇ ਸਾਰੇ ਮੂੰਹ ਉਤੇ
ਲਗਾ ਦਿੱਤੀ। ਜਦ (ਮੂੰਹ ਦੇ) ਸਾਰੇ ਵਾਲ ਉਤਰ ਗਏ, ਤਾਂ ਉਸ ਨੂੰ ਇਸਤਰੀ ਦੇ ਬਸਤ੍ਰ ਪਵਾ ਦਿੱਤੇ।
੨੩।
ਬੀਨਾ ਦਈ ਕੰਧ ਤਾ ਕੈ ਪਰ। ਸੁਨਨ ਨਮਿਤਿ ਰਾਖਿਯੋ ਤਾ ਕੌ ਘਰ। ਜਬ ਰਾਜਾ ਤਾ
ਕੇ ਗ੍ਰਿਹ ਆਵੈ। ਤਬ ਤੰਤ੍ਰੀ ਸੌ ਬੈਠਿ ਬਜਾਵੈ। ੨੪।
ਅਰਥ: ਉਸ ਦੇ ਮੋਢੇ ਉਤੇ ਵੀਣਾ ਟਿਕਾ ਦਿੱਤੀ ਅਤੇ (ਸੰਗੀਤ) ਸੁਣਨ ਲਈ ਉਸ
ਨੂੰ ਘਰ ਰਖ ਲਿਆ। ਜਦ ਰਾਜਾ ਉਸ (ਰਾਣੀ) ਦੇ ਘਰ ਆਉਂਦਾ, ਤਦ ਉਹ ਬੈਠ ਕੇ ਤੰਤੀ ਵਜਾਉਂਦੀ। ੨੪।
ਰਾਜ ਬੀਨ ਸੁਨਿ ਤ੍ਰਿਯ ਤਿਹ ਮਾਨੈ। ਪੁਰਖ ਵਾਹਿ ਇਸਤ੍ਰੀ ਪਹਿਚਾਨੈ। ਤਾ ਕੋ
ਹੇਰਿ ਰੂਪ ਲਲਚਾਨਾ।
ਘਰ ਬਾਹਰ ਤਜਿ ਭਯੋ ਦਿਵਾਨਾ। ੨੫।
ਅਰਥ: ਰਾਜਾ (ਉਸ ਤੋਂ) ਵੀਣਾ ਸੁਣ ਕੇ ਉਸ ਨੂੰ ਇਸਤਰੀ ਮੰਨਦਾ ਅਤੇ ਉਸ ਪੁਰਸ਼
ਨੂੰ (ਉਹ) ਇਸਤਰੀ ਸਮਝਦਾ। ਉਸ ਦਾ ਰੂਪ ਵੇਖ ਕੇ (ਰਾਜਾ) ਲਲਚਾ ਗਿਆ ਅਤੇ ਘਰ ਬਾਹਰ ਛਡ ਕੇ (ਉਸ ਦਾ)
ਦੀਵਾਨਾ ਹੋ ਗਿਆ। ੨੫।
ਇਕ ਦੂਤੀ ਤਬ ਰਾਇ ਬੁਲਾਇਸਿ। ਅਧਿਕ ਦਰਬ ਦੈ ਤਹਾ ਪਟਾਇਸਿ। ਜਬ ਰਾਨੀ ਐਸੇ
ਸੁਨਿ ਪਾਈ।
ਬਚਨ ਕਹਾ ਤਾ ਸੋ ਮੁਸਕਾਈ। ੨੬।
ਅਰਥ: ਤਦ ਰਾਜੇ ਨੇ ਇੱਕ ਦੂਤੀ ਨੂੰ ਬੁਲਾਇਆ ਅਤੇ ਬਹੁਤ ਧਨ ਦੇ ਕੇ ਉਸ ਪਾਸ
ਭੇਜਿਆ। ਜਦ ਰਾਣੀ ਨੇ ਇਸ ਤਰ੍ਹਾਂ ਦੀ (ਗੱਲ) ਸੁਣੀ, ਤਾਂ ਹਸ ਕੇ ਉਸ ਨੂੰ ਕਹਿਣ ਲਗੀ। ੨੬।
ਜਿਨਿ ਤੋ ਕੋ ਰਾਜਾ ਯਹ ਬਰੈ। ਹਮ ਸੋ ਨੇਹੁ ਸਕਲ ਤਜਿ ਡਰੈ। ਮੈ ਅਪਨੇ ਸੰਗ
ਲੈ ਤੁਹਿ ਸਵੈਹੋ। ਚਿਤ ਕੇ ਸਕਲ ਸੋਕ ਕਹ ਖੈਵਹੋ। ੨੭।
ਅਰਥ: ਮਤਾ ਇਹ ਰਾਜਾ ਤੈਨੂੰ ਵਰ ਲਵੇ ਅਤੇ ਮੇਰੇ ਨਾਲ ਸਾਰਾ ਸਨੇਹ ਛਡ ਦੇਵੇ।
ਮੈਂ ਤੈਨੂੰ ਆਪਣੇ ਨਾਲ ਲੈ ਕੇ ਸਵਾਂਗੀ ਅਤੇ ਚਿਤ ਦੇ ਸਾਰੇ ਗ਼ਮ ਦੂਰ ਕਰ ਦਿਆਂਗੀ। ੨੭।
ਜੋ ਤਾ ਪਹਿ ਨ੍ਰਿਪ ਸਖੀ ਪਠਾਵੈ। ਸੋ ਚਲਿ ਤੀਰ ਤਵਨ ਕੈ ਆਵੈ। ਰਾਨੀ ਕੇ ਸੰਗ
ਸੋਤ ਨਿਹਾਰੈ।
ਇਹ ਬਿਧਿ ਨ੍ਰਿਪ ਸੋ ਜਾਇ ਉਚਾਰੈ। ੨੮।
ਅਰਥ: ਉਸ ਪਾਸ (ਜਦ) ਰਾਜਾ ਸਖੀ ਨੂੰ ਭੇਜਦਾ ਅਤੇ ਉਹ ਚਲ ਕੇ ਉਸ ਪਾਸ
ਆਉਂਦੀ। (ਤਾਂ) ਉਸ ਨੂੰ ਰਾਣੀ ਨਾਲ ਸੁਤਿਆਂ ਵੇਖਦੀ ਅਤੇ ਉਸੇ ਤਰ੍ਹਾਂ ਰਾਜੇ ਨੂੰ ਜਾ ਦਸਦੀ। ੨੮।
ਰਾਨੀ ਨ੍ਰਿਪਤਿ ਭੇਦ ਲਖ ਗਈ। ਤਾ ਤੇ ਵਹਿ ਛੋਰਤ ਨਹਿ ਭਈ। ਅਪਨੇ ਸੰਗ ਤਾਹਿ
ਲੈ ਸੋਈ। ਹਮਰੋ ਦਾਵ ਨ ਲਾਗਤ ਕੋਈ। ੨੯।
ਅਰਥ: (ਰਾਜੇ ਨੇ ਸੋਚਿਆ ਕਿ) ਰਾਣੀ ਮੇਰਾ ਭੇਦ ਸਮਝ ਗਈ ਹੈ, ਇਸ ਲਈ ਉਹ (ਉਸ
ਨੂੰ) ਛਡ ਨਹੀਂ ਰਹੀ। (ਇਸੇ ਲਈ) ਉਸ ਨੂੰ ਨਾਲ ਲੈ ਕੇ ਸੌਂਦੀ ਹੈ ਅਤੇ ਮੇਰਾ ਕੋਈ ਦਾਓ ਨਹੀਂ ਲਗਦਾ
ਹੈ। ੨੯।
ਜਬ ਇਹ ਭਾਤਿ ਨ੍ਰਿਪਤਿ ਸੁਨਿ ਪਾਵੈ। ਤਹ ਤਿਹ ਆਪੁ ਬਿਲੋਕਨ ਆਵੈ। ਤ੍ਰਿਯ ਸੋ
ਸੋਤ ਜਾਰ ਕੋ ਹੇਰੈ।
ਨਿਹਫਲ ਜਾਇ ਤਿਨੈ ਨਾਹਿ ਛੇਰੈ। ੩੦।
ਅਰਥ: ਜਦ ਰਾਜਾ ਇਸ ਤਰ੍ਹਾਂ ਸੁਣਦਾ ਤਾਂ ਉਥੇ ਆਪ ਵੇਖਣ ਲਈ ਆਉਂਦਾ। (ਜਦ)
ਉਹ (ਆਪਣੀ ਯਾਰ ਨੂੰ ਰਾਣੀ ਨਾਲ ਸੁਤਾ ਵੇਖਦਾ, ਤਾਂ ਉਨ੍ਹਾਂ ਨੂੰ ਨ ਛੇੜਦਾ (ਅਤੇ ਉਸ ਦਾ ਉਦਮ)
ਨਿਸਫਲ ਹੋ ਜਾਂਦਾ। ੩੦।
ਮਾਥੋ ਧੁਨ੍ਹਯੋ ਨ੍ਰਿਪਤਿ ਸੌ ਕਹਿਯੋ। ਹਮਰੋ ਭੇਦ ਰਾਨਿਯਹਿ ਲਹਿਯੋ। ਤਾ ਤੇ
ਯਾਹਿ ਸੰਗ ਲੈ ਸੋਈ। ਮੇਰੀ ਘਾਤ ਨ ਲਾਗਤ ਕੋਈ। ੩੧।
ਅਰਥ: ਰਾਜੇ ਨੇ ਮੱਥੇ (ਸਿਰ) ਨੂੰ ਹਿਲਾਇਆ ਅਤੇ ਇਸ ਤਰ੍ਹਾਂ (ਮਨ ਵਿਚ)
ਕਿਹਾ ਕਿ ਰਾਣੀ ਨੂੰ ਮੇਰੇ ਭੇਦ ਦਾ ਪਤਾ ਲਗ ਗਿਆ ਹੈ। ਇਸ ਲਈ ਇਸ ਨੂੰ ਨਾਲ ਲੈ ਕੇ ਸੁਤੀ ਪਈ ਹੈ
ਅਤੇ ਮੇਰਾ ਕੋਈ ਦਾਓ ਨਹੀਂ ਲਗ ਰਿਹਾ। ੩੧।
ਉਨ ਰਾਨੀ ਐਸੋ ਤਬ ਕੀਯੋ। ਭੇਦ ਭਾਖਿ ਸਖਯਿਨ ਸਭ ਦੀਯੋ। ਜੋ ਇਹ ਸੋਤ ਅਨਤ
ਨ੍ਰਿਪ ਪਾਵੈ॥ ਪਕਰਿ ਭੋਗਬੇ ਕਾਜ ਮੰਗਾਵੈ। ੩੨।
ਅਰਥ: ਉਸ ਰਾਣੀ ਨੇ ਤਦ ਇਸ ਤਰ੍ਹਾਂ ਕੀਤਾ ਅਤੇ ਸਭ ਦਾਸੀਆਂ ਨੂੰ ਭੇਦ ਸਮਝਾ
ਦਿੱਤਾ ਕਿ ਜੇ ਰਾਜਾ ਇਸ ਨੂੰ ਹੋਰ ਕਿਤੇ ਸੁਤੀ ਹੋਈ ਵੇਖੇਗਾ ਤਾਂ ਭੋਗ ਕਰਨ ਲਈ ਮੰਗਵਾ ਲਵੇਗਾ। ੩੨।
ਮੈ ਸੋਵਤ ਤਾ ਤੇ ਇਹ ਸੰਗਾ। ਅਪਨੇ ਜੋਰ ਅੰਗ ਸੋ ਅੰਗਾ। ਭਲੀ ਭਲੀ ਇਸਤ੍ਰਿਨ
ਸਭ ਭਾਖੀ। ਜ੍ਹਯੋ ਤ੍ਹਯੋ ਨਾਰਿ ਨਾਹ ਤੇ ਰਾਖੀ। ੩੩।
ਅਰਥ: ਇਸ ਲਈ ਮੈਂ ਇਸ ਨਾਲ ਅੰਗ ਨਾਲ ਅੰਗ ਜੋੜ ਕੇ ਸੌਂਦੀ ਹਾਂ। ਸਾਰੀਆਂ
ਦਾਸੀਆਂ ਨੇ (ਰਾਣੀ ਦੀ ਗੱਲ ਸੁਣ ਕੇ) ‘ਭਲੀ ਭਲੀ’ ਕਿਹਾ ਅਤੇ ਜਿਵੇਂ ਕਿਵੇਂ (ਮਰਦ ਤੋਂ) ਇਸਤਰੀ
(ਬਣੀ) ਨੂੰ ਰਾਜੇ ਤੋਂ ਬਚਾਇਆ। ੩੩।
ਦਿਨ ਦੇਖਤ ਰਾਨੀ ਤਿਹ ਸੰਗਾ। ਸੋਵਤ ਜੋਰ ਅੰਗ ਸੋ ਅੰਗਾ। ਮੂਰਖ ਰਾਵ ਭੇਦ
ਨਹਿ ਪਾਵੈ। ਕੋਰੋ ਅਪਨੋ ਮੂੰਡ ਮੁਡਾਵੈ। ੩੪। ੧।
ਅਰਥ: ਰਾਣੀ ਦਿਨ ਵਿੱਚ ਸਭ ਦੇ ਵੇਖਦਿਆਂ ਉਸ ਨਾਲ ਅੰਗ ਨਾਲ ਅੰਗ ਮਿਲਾ ਕੇ
ਸੌਂਦੀ। ਮੂਰਖ ਰਾਜਾ ਭੇਦ ਨਹੀਂ ਸਮਝ ਰਿਹਾ ਸੀ ਅਤੇ ਸੁਕਾ ਹੀ ਸਿਰ ਮੁੰਨਵਾ ਰਿਹਾ ਸੀ। ੩੪।
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ
੨੯੦ਵੇਂ ਚਰਿਤ੍ਰ ਦੀ ਸਮਾਪਤੀ,
ਸਭ ਸ਼ੁਭ ਹੈ। ੨੯੦। ੫੫੩੬। ਚਲਦਾ।
ਖਿਮਾ ਦਾ ਜਾਚਕ,