.

ਸਿੱਖ, ਜਾਤਿ-ਪਾਤਿ ਤੋਂ ਰਹਿਤ!

{ਪਹਿਲੀ ਕਿਸ਼ਤ}

ਸਾਰੇ ਸੰਸਾਰ ਵਿਖੇ ਵਿਚਰਦੇ ਸਿੱਖ ਭਲੀ-ਭਾਂਤ ਜਾਣਕਾਰੀ ਰੱਖਦੇ ਹਨ ਕਿ “ਗੁਰੂ ਗਰੰਥ ਸਾਹਿਬ” ਵਿੱਚ ਅੰਕਿਤ ਗੁਰਬਾਣੀ ਸਮੁੱਚੀ ਮਨੁੱਖਤਾ ਲਈ ਸਾਂਝਾ ਓਪਦੇਸ਼ ਦਿੰਦੀ ਹੈ। ਜਿਹੜਾ ਵੀ ਪ੍ਰਾਣੀ, ਗੁਰਬਾਣੀ ਨੂੰ ਸੋਚ-ਸਮਝ ਕੇ ਪੜ੍ਹਦਾ ਅਤੇ ਅਮਲ ਕਰਦਾ ਹੈ, ਐਸਾ ਇਨਸਾਨ ਸਚਿਆਰ/ਗੁਰਮੁੱਖ/ਖ਼ਾਲਸਾ ਬਣ ਜਾਂਦਾ ਹੈ। ਐਸਾ ਗੁਰਸਿੱਖ ਫਿਰ ਕਿਸੇ ਪ੍ਰਾਣੀ ਨਾਲ ਜਾਤਿ-ਪਾਤਿ ਜਾਂ ਊਚ-ਨੀਚ ਦਾ ਵਿਤਕਰਾ ਨਹੀਂ ਕਰਦਾ ਕਿਉਂਕਿ ਸਿੱਖ ਧਰਮ ਅਨੁਸਾਰ ਜਾਤਿ ਕੇਵਲ ਕਰਮਾਨੁਸਾਰ ਹੈ ਅਤੇ ਜਨਮ ਨਾਲ ਇਸ ਦਾ ਕੋਈ ਸਬੰਧ ਨਹੀਂ। ਇਤਿਹਾਸ ਪੜ੍ਹਣ `ਤੇ ਪਤਾ ਲਗਦਾ ਹੈ ਕਿ ਅੱਜ ਤੋਂ ਦੋ ਕੁ ਹਜ਼ਾਰ ਸਾਲ ਪਹਿਲਾਂ ਭਾਰਤ ਅਤੇ ਉਸ ਦੇ ਆਸ-ਪਾਸ ਦੇ ਮੁਲਕ: ਸ੍ਰੀ ਲੰਕਾ, ਮਲਡਾਈਵਜ਼, ਨਿਪਾਲ, ਭੂਟਾਨ, ਤਿੱਬਤ, ਬਰਮਾ, ਅਫਗਾਨਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਵਿਖੇ ਹਿੰਦੂ ਮੱਤ ਦਾ ਹੀ ਬੋਲ-ਬਾਲਾ ਸੀ। ਪਰ, ਜਾਤਿ-ਪਾਤਿ ਦਾ ਵਿਤਕਰਾ ਹੋਂਣ ਕਰਕੇ, ਹਰੇਕ ਇਨਸਾਨ ਨੂੰ ਇਕੋ ਜਿਹਾ ਨਹੀਂ ਸਮਝਿਆ ਜਾਂਦਾ ਸੀ, ਜਿਸ ਸਦਕਾ ਪਹਿਲਾਂ ਹਿੰਦੂਆਂ ਤੋਂ ਬੋਧੀ ਬਣੇ ਜਿਨ੍ਹਾਂ ਦੇ ਹੁਣ ਆਪਣੇ ਦੇਸ਼ ਹਨ (ਸ੍ਰੀ ਲੰਕਾ, ਭੂਟਾਨ, ਤਿੱਬਤ ਅਤੇ ਬਰਮਾ) ਅਤੇ ਫਿਰ ਮੁਸਲਮਾਨਾਂ ਦੀ ਗ਼ੁਲਾਮੀ ਕਰਕੇ, ਵਧੇਰੇ ਹਿੰਦੂ ਕੌਮ ਨੇ ਇਸਲਾਮ ਮੱਤ ਗ੍ਰਹਿਣ ਕਰ ਲਿਆ ਅਤੇ ਆਪਣੇ ਵੱਖਰੇ ਮੁਲਕ ਲਏ ਜਿਵੇਂ ਅਫਗਾਨਸਤਾਨ, ਮਲਡਾਈਵਜ਼, ਪਾਕਿਸਤਾਨ ਅਤੇ ਬੰਗਲਾਦੇਸ਼। ਇਸ ਤਰ੍ਹਾਂ ਹੀ ਅੰਗ੍ਰੇਜ਼ ਰਾਜ ਸਮੇਂ, ਬਹੁਤ ਹਿੰਦੂ ਪਰਿਵਾਰ ਈਸਾਈ ਬਣੇ ਅਤੇ ਹੁਣ ਵੀ ਬਣ ਰਹੇ ਹਨ। ਪਰ, ਮੁਸਲਮਾਨ ਰਾਜ ਸਮੇਂ ਹੀ (੧੪੬੯ ਤੋਂ ੧੭੦੮) ਗੁਰੂ ਸਾਹਿਬਾਨ ਨੇ ਸੱਭ ਲੋਕਾਈ ਨੂੰ ਇੱਕ ਅਕਾਲ ਪੁਰਖ ਨਾਲ ਜੋੜਿਆ ਅਤੇ ਏਕਤਾ ਦਾ ਓਪਦੇਸ਼ ਦਿੱਤਾ:

ਪੰਨਾ ੭: ਜਪੁ ਪਉੇੜੀ ੩੩॥ ਨਾਨਕ ਉਤਮੁ ਨੀਚੁ ਨ ਕੋਇ॥

ਪੰਨਾ ੧੧੮੮: ਬਸੰਤੁ ਮਹਲਾ ੧॥ ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ॥

ਪੰਨਾ ੬੪੬: ਰਾਗੁ ਸੋਰਠਿ ਵਾਰ ਮ: ੩॥ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥

ਪੰਨਾ ੯੭: ਰਾਗੁ ਮਾਝ ਮਹਲਾ ੫॥ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥

ਪੰਨਾ ੭੪੭: ਸੂਹੀ ਮਹਲਾ ੫॥ ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥

ਪੰਨਾ ੧੧੮੫: ਬਸੰਤੁ ਮਹਲਾ ੫॥ ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥

ਇੰਜ, ਬੇਅੰਤ ਲੋਕ ਆਪਣੇ ਅਲੱਗ ਅਲੱਗ ਰੀਤੀ-ਰਿਵਾਜ਼ ਛੱਡ ਕੇ, ਗੁਰੂ ਦੇ ਸਿੱਖ ਬਣਦੇ ਗਏ ਅਤੇ ਜਲਦੀ ਹੀ ਮੁਸਲਮਾਨਾਂ ਦੀ ਗ਼ੁਲਾਮੀ ਅਤੇ ਬਿੱਪਰ ਰੀਤਾਂ ਤੋਂ ਛੁੱਟਕਾਰਾ ਪਾ ਕੇ, ਪੰਜਾਬ ਦੇਸ਼ ਅਤੇ ਆਸ-ਪਾਸ ਦੇ ਇਲਾਕਿਆਂ ਵਿਖੇ ਖ਼ਾਲਸਾ ਰਾਜ ਸਥਾਪਤ ਕੀਤਾ। ਇਸ ਲਈ, ਹੁਣ ਵੀ ਵੇਲਾ ਹੈ ਕਿ ਸਿੱਖਾਂ ਨੂੰ ਬਿੱਪਰ ਰੀਤਾਂ ਦਾ ਤਿਆਗ ਕਰਕੇ ਅਤੇ ਖੰਡੇ ਦੀ ਪਾਹੁਲ ਗ੍ਰਹਿਣ ਕਰਕੇ, ਗੁਰੂ ਦਾ ਖ਼ਾਲਸਾ: ਸਿੰਘ-ਕੌਰ ਬਣ ਜਾਣਾ ਚਾਹੀਦਾ ਹੈ। ਇਵੇਂ ਸਾਰੇ ਸੰਸਾਰ ਵਿਚੋਂ ਜਾਤਿ-ਪਾਤਿ, ਛੂਤ-ਛਾਤ, ਊਚ-ਨੀਚ, ਅਮੀਰ-ਗ਼ਰੀਬ ਅਤੇ ਕਾਲੇ-ਗੋਰੇ ਦਾ ਵਿਤਕਰਾ ਖ਼ੱਤਮ ਹੋ ਸਕਦਾ ਹੈ।

“ਮਹਾਨ ਕੋਸ਼” ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਜੀ ਬਿਆਨ ਕਰਦੇ ਹਨ: “ਜਾਤਿ” : ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸ਼ਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.

ਗੁਰੂ ਸਾਹਿਬਾਨ ਨੇ ਜਾਤਿ ਦੇ ਅਗਯਾਨ ਭਰੇ ਵਿਸ਼ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਸੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦਸ਼ਸਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦੁਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਜਿਵੇਂ ਗੁਰਬਾਣੀ ਦੇ ਫੁਰਮਾਨ ਹਨ:

ਗੁਰੂ ਗਰੰਥ ਸਾਹਿਬ ਪੰਨਾ ੧੦: ਆਸਾ ਮਹਲਾ ੧॥ ਖਸਮੁ ਵਿਸਾਰਹਿ ਤੇ ਕਮਜਾਤਿ॥ ਨਾਨਕ ਨਾਵੈ ਬਾਝੁ ਸਨਾਤਿ॥

ਅਰਥ: ਜਿਹੜੇ ਪ੍ਰਾਣੀ ਅਕਾਲ ਪੁਰਖ ਨੂੰ ਭੁਲਾ ਦਿੰਦੇ ਹਨ, ਉਨ੍ਹਾਂ ਨੂੰ ਹੀ ਨੀਚ ਕਿਹਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਫੁਰਮਾਉੁਂਦੇ ਹਨ ਕਿ ਨਾਮ ਤੋਂ ਬਿਨਾਂ ਸਾਰੇ ਪ੍ਰਾਣੀ ਮਹਾਂ ਨੀਚ ਹੀ ਗਿਣੇ ਜਾਂਦੇ ਹਨ।

ਪੰਨਾ ੧੫: ਸਿਰੀਰਾਗੁ ਮਹਲਾ ੧॥ ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ ੪॥ ੩॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਨੀਵਿਆਂ ਪ੍ਰਾਣੀਆਂ ਵਿੱਚ ਜਿਹੜੇ ਨੀਵੀਂ ਜ਼ਾਤ ਦੇ ਪ੍ਰਾਣੀ ਹਨ ਅਤੇ ਅੱਗੋਂ ਉਨ੍ਹਾਂ ਵਿਚੋਂ ਵੀ ਜਿਹੜੇ ਬਹੁਤ ਹੀ ਨੀਚ ਪ੍ਰਾਣੀ ਹਨ, ਮੈਂ ਉਨ੍ਹਾਂ ਦਾ ਸਾਥੀ ਬਣ ਕੇ ਰਹਿਣਾ ਪਸੰਦ ਕਰਦਾ ਹਾਂ ਕਿਉਂਕਿ ਵੱਡੇ ਮਾਇਆਧਾਰੀ ਅਹੰਕਾਰੀਆਂ ਨਾਲ ਰਹਿਣ ਦੀ ਕੀ ਰੀਸ ਕਰਨੀ ਹੈ। ਮੈਨੂੰ ਇਹ ਪੂਰਾ ਵਿਸ਼ਵਾਸ਼ ਹੈ ਕਿ ਜਿੱਥੇ ਨੀਵੇਂ ਪ੍ਰਾਣੀਆਂ ਦੀ ਸੰਭਾਲ ਕੀਤੀ ਜਾਂਦੀ ਹੈ, ਉੱਥੇ ਹੀ ਅਕਾਲ ਪੁਰਖ ਦੀ ਕ੍ਰਿਪਾ-ਦ੍ਰਿਸ਼ਟੀ ਅਤੇ ਬਖਸ਼ਿਸ਼ ਹੁੰਦੀ ਹੈ।

ਪੰਨਾ ੬੨: ਸਿਰੀਰਾਗੁ ਮਹਲਾ ੧॥ ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ॥ ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ॥ ਕਰਮਿ ਮਿਲੈ ਸਚੁ ਪਾਈਐ ਧੁਰਿ ਬਖਸ ਨ ਮੇਟੈ ਕੋਇ॥ ੬॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਸੱਚੇ ਆਚਰਣ ਵਾਲਾ ਪ੍ਰਾਣੀ, ਸੱਭ ਨੂੰ ਉੱਤਮ ਹੀ ਆਖਦਾ ਹੈ ਕਿਉਂਕਿ ਉਸ ਨੂੰ ਹੋਰ ਕੋਈ ਨੀਚ ਨਹੀਂ ਦਿਸਦਾ ਕਿਉਂਕਿ ਸਾਰੇ ਪ੍ਰਾਣੀ ਅਕਾਲ ਪੁਰਖ ਦੇ ਬਣਾਏ ਹੋਏ ਹਨ ਅਤੇ ਉਨ੍ਹਾਂ ਵਿੱਚ ਕਰਤਾਰ ਦੀ ਜੋਤਿ ਦਾ ਹੀ ਪ੍ਰਕਾਸ਼ ਵਰਤ ਰਿਹਾ ਹੈ। ਪਰ, ਐਸਾ ਪ੍ਰਾਣੀ ਅਕਾਲ ਪੁਰਖ ਦੀ ਮਿਹਰ ਦਾ ਪਾਤਰ ਬਣ ਜਾਂਦਾ ਹੈ ਜਿਸ ਨੂੰ ਫਿਰ ਹੋਰ ਕੋਈ ਖ਼ੱਤਮ ਨਹੀਂ ਕਰ ਸਕਦਾ।

ਪੰਨਾ ੮੩: ਸਲੋਕ ਮ: ੧॥ ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ॥ ਆਪਹੁ ਜੇ ਕੋ ਭਲਾ ਕਹਾਏ॥ ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ॥ ੧॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਆਪਣੀ ਉੱਚੀ ਜ਼ਾਤ ਦੀ ਵਡਿਆਈ ਅਤੇ ਆਪਣੇ ਉੱਚੇ ਨਾਂ ਦਾ ਅਹੰਕਾਰ ਕਰਨਾ ਵੀ ਫਜੂਲ ਹੈ ਕਿਉਂਕਿ ਸਾਰੇ ਜੀਆਂ ਦਾ ਪ੍ਰਤਿਪਾਲਕ ਇੱਕ ਅਕਾਲ ਪੁਰਖ ਆਪ ਹੀ ਹੈ। ਜੇ ਕੋਈ ਪ੍ਰਾਣੀ ਆਪਣੇ ਆਪ ਨੂੰ ਵੱਡਾ ਕਹਾਉਂਣ ਲਗ ਪਵੇ, ਪਰ ਉਸ ਦੀ ਅਸਲੀਅਤ ਦਾ ਤਾਂ ਹੀ ਪਤਾ ਲਗੇਗਾ, ਜਦੋਂ ਉਹ ਅਕਾਲ ਪੁਰਖ ਦੇ ਦਰਬਾਰ ਵਿਖੇ ਉਸ ਦੇ ਕੀਤੇ ਕੰਮਾਂ ਦੀ ਪੜਤਾਲ ਹੋਵੇਗੀ।

ਪੰਨਾ ੧੪੨: ਵਾਰ ਕੀ ਮਾਝ ਮਹਲਾ ੧॥ ਪਵੜੀ॥ ਜਾਤੀ ਦੈ ਕਿਆ ਹਥਿ ਸਚੁ ਪਰਖੀਐ॥ ਮਹੁਰਾ ਹੋਵੈ ਹਥਿ ਮਰੀਐ ਚਖੀਐ॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਅਕਾਲ ਪੁਰਖ ਦੇ ਦਰਬਾਰ ਵਿਖੇ ਤਾਂ ਸੱਚੇ ਨਾਮ ਅਨੁਸਾਰ ਕੀਤੀ ਕਮਾਈ ਦੀ ਹੀ ਪਰਖ ਹੋਵੇਗੀ ਕਿਉਂਕ ਉੱਥੇ ਕਿਸੇ ਜਾਤ ਵਰਣ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ। ਜਾਤ ਦਾ ਅਹੰਕਾਰ ਜ਼ਹਿਰ ਸਮਾਨ ਹੈ, ਜਿਵੇਂ ਕਿਸੇ ਵੀ ਜਾਤ ਵਾਲਾ ਜ਼ਹਿਰ ਖਾ ਲਵੇ, ਤਾਂ ਉਸ ਦੀ ਮੌਤ ਯਕੀਨਨ ਹੈ।

ਪੰਨਾ ੨੨੧: ਰਾਗੁ ਗਉੜੀ ਮਹਲਾ ੧॥ ਜਾਤਿ ਰਹੇ ਪਤਿ ਕੇ ਆਚਾਰਾ॥ ਦ੍ਰਿਸਟਿ ਭਈ ਸੁਖੁ ਆਤਮ ਧਾਰਾ॥ ੪॥

ਅਰਥ: ਜਾਤਿ ਅਤੇ ਲੋਕ-ਲਾਜ ਦੀ ਖ਼ਾਤਰ ਕੀਤੇ ਕੰਮ ਸਭ ਰਹਿ ਗਏ ਕਿਉਂਕਿ ਅਕਾਲ ਪੁਰਖ ਦੀ ਮਿਹਰ ਸਦਕਾ ਆਤਮਕ ਸੁਖ ਪਰਾਪਤ ਹੋ ਗਿਆ ਹੈ।

ਪੰਨਾ ੩੪੯: ਆਸਾ ਮਹਲਾ ੧॥ ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥ ੧॥ ਰਹਾਉ॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਸੱਭ ਪ੍ਰਾਣੀਆਂ ਵਿੱਚ ਅਕਾਲ ਪੁਰਖ ਦੀ ਹੀ ਜੋਤਿ ਸਮਝੋ ਅਤੇ ਕਿਸੇ ਦੀ ਜ਼ਾਤ ਨਾ ਪੁੱਛੋ ਕਿਉਂਕਿ ਮੌਤ ਤੋਂ ਬਾਅਦ ਜਾਤ ਦੀ ਕੋਈ ਮਹੱਤਤਾ ਨਹੀਂ!

ਪੰਨਾ ੩੫੩: ਆਸਾ ਮਹਲਾ ੧॥ ਹਮਰੀ ਜਾਤਿ ਪਤਿ ਸਚੁ ਨਾਉ॥ ਕਰਮ ਧਰਮ ਸੰਜਮੁ ਸਤ ਭਾਉ॥ ਨਾਨਕ ਬਖਸੇ ਪੂਛ ਨ ਹੋਇ॥ ਦੂਜਾ ਮੇਟੇ ਏਕੋ ਸੋਇ॥ ੪॥ ੧੪॥

ਅਰਥ: ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਐ ਪ੍ਰਾਣੀ, ਸੱਚ ਨਾਮ ਹੀ ਜਾਤਿ ਤੇ ਪਾਤ ਹੈ ਅਤੇ ਅਕਾਲ ਪੁਰਖ ਦਾ ਸੱਚਾ ਪਿਆਰ ਹੀ ਸਾਡੇ ਲਈ ਧਾਰਮਿਕ ਕਰਮ ਤੇ ਮਨ ਇੰਦ੍ਰਿਆਂ ਨੂੰ ਰੋਕਣ ਦਾ ਸਾਧਨ ਹੈ। ਜਿਸ ਪ੍ਰਾਣੀ ਉੱਪਰ ਅਕਾਲ ਪੁਰਖ ਦੀ ਬਖਸ਼ਿਸ਼ ਹੋ ਜਾਏ ਤਾਂ ਫਿਰ ਉਸ ਇਨਸਾਨ ਨੂੰ ਕੋਈ ਚਿੰਤਾ ਨਹੀਂ ਰਹਿੰਦੀ ਅਤੇ ਨਾ ਹੀ ਅਕਾਲ ਪੁਰਖ ਤੋਂ ਬਿਨਾ ਕਿਸੇ ਹੋਰ ਦੀ ਹੋਂਦ ਦਾ ਖਿਆਲ ਆਉਂਦਾ ਹੈ।

ਪੰਨਾ ੩੫੮: ਆਸਾ ਮਹਲਾ ੧॥ ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨ੍ਹੀ॥ ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ॥ ੪॥ ੩੩॥

ਅਰਥ: ਗੁਰੂ ਨਾਨਕ ਸਾਹਿਬ ਕਈ ਭੇਖੀਆਂ ਬਾਰੇ ਬਿਆਨ ਕਰਦੇ ਹਨ ਜਿਵੇਂ ਮ੍ਰਿਗ ਚਰਮ ਪਹਿਨ ਕੇ ਬ੍ਰਹਮਚਾਰੀ, ਹੱਥ ਵਿੱਚ ਖੱਪਰ ਲੈ ਕੇ ਜੋਗੀ, ਦੰਡ ਧਾਰ ਕੇ ਦੰਡੀ ਸੰਨਯਾਸੀ, ਚਰਮਪੋਸ਼ ਹੋ ਕੇ ਮੁਸਲਮਾਨ ਫ਼ਕੀਰ ਅਤੇ ਬੋਦੀ ਜਨੇਊ ਧੋਤੀ ਧਾਰੀ ਕਰਮ ਕਾਂਡੀ ਬ੍ਰਹਾਮਣ। ਪਰ, ਅਕਾਲ ਪੁਰਖ ਸੱਭ ਦਾ ਇਕੋ ਹੀ ਮਾਲਿਕ ਹੈ। ਅਕਾਲ ਪੁਰਖ ਦੀ ਭਾਲ ਲਈ, ਐਸੀਆਂ ਅਲੱਗ ਅਲੱਗ ਜਾਤਾਂ ਜਾਂ ਭੇਸ ਦੁਨਿਆਵੀਂ ਲੋਕਾਂ ਨੇ ਬਣਾਏ ਹੋਏ ਹਨ, ਪਰ ਇਹ ਕੋਈ ਊਚ-ਨੀਚ ਸਿਧ ਨਹੀਂ ਕਰਦੀਆਂ।

ਪੰਨਾ ੪੬੮: ਆਸਾ ਮਹਲਾ ੧॥ ਪਉੜੀ॥ ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ॥ ਤਿਨ੍ਹ ਮੰਗਾ ਜਿ ਤੁਝੈ ਧਿਆਇਦੇ॥ ੯॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਹੇ ਅਕਾਲ ਪੁਰਖ ਜੀਓ, ਮੈਂ ਤੇਰੇ ਦਰ ਦਾ ਇੱਕ ਨੀਚ-ਜਾਤੀਆ ਢਾਢੀ ਹਾਂ, ਭਾਵੇਂ ਹੋਰ ਕਈ ਆਪਣੇ-ਆਪ ਨੂੰ ਉੱਚ-ਜਾਤੀਏ ਅਖਵਾਉਂਦੇ ਹਨ। ਪਰ, ਮੈਂ ਉਨ੍ਹਾਂ ਪਾਸੋਂ ਤੇਰੇ ਨਾਮ ਦੀ ਦਾਤਿ ਮੰਗਦਾ ਹਾਂ, ਜਿਹੜੇ ਤੇਰੀ ਭਗਤੀ ਕਰਦੇ ਹਨ।

ਪੰਨਾ ੪੬੯: ਆਸਾ ਮਹਲਾ ੧॥ ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਆਖੀਰ ਸਮੇਂ ਅਕਾਲ ਪੁਰਖ ਦੇ ਦਰਬਾਰ ਵਿਖੇ ਜਾਤ ਦਾ ਜੋਰ ਨਹੀਂ ਚਲਦਾ ਕਿਉਂਕ ਉੱਥੇ ਤਾਂ ਨਾਮ ਦੀ ਕੀਤੀ ਕਮਾਈ ਹੀ ਕੰਮ ਆਉਂਦੀ ਹੈ। ਉਨ੍ਹਾਂ ਪ੍ਰਾਣੀਆਂ ਨੂੰ ਹੀ ਆਦਰ ਮਿਲਦਾ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਭਲੇ ਕੰਮ ਕੀਤੇ ਹੋਣ। ੩।

ਪੰਨਾ ੪੬੯: ਆਸਾ ਸਲੋਕੁ ਮ: ੧॥ ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ॥ ਤੂੰ ਸਚਾ ਸਾਹਿਬੁ ਸਿਫਤਿ ਸੁਆਲ੍ਹਿਉ ਜਿਨਿ ਕੀਤੀ ਸੋ ਪਾਰਿ ਪਇਆ॥ ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ॥ ੨॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਸਾਰੀ ਸ੍ਰਿਸ਼ਟੀ ਵਿੱਚ ਅਕਾਲ ਪੁਰਖ ਦਾ ਹੀ ਨੂਰ ਹੈ ਅਤੇ ਸਾਰੇ ਜੀਆਂ ਵਿੱਚ ਉਸ ਦਾ ਹੀ ਪ੍ਰਕਾਸ਼ ਹੈ ਕਿਉਂਕਿ ਅਕਾਲ ਪੁਰਖ ਆਪ ਹੀ ਸੱਭ ਥਾਂਈ ਇਕ-ਰਸ ਵਿਆਪਕ ਹੈ। ਜਿਨ੍ਹਾਂ ਪ੍ਰਾਣੀਆਂ ਨੇ ਅਕਾਲ ਪੁਰਖ ਦੀਆਂ ਨੇਕ ਵਡਿਆਈਆਂ ਨੂੰ ਗ੍ਰਹਿਣ ਕੀਤਾ, ਉਹ ਇਸ ਸੰਸਾਰ-ਸਮੁੰਦਰ ਤੋਂ ਤਰ ਗਏ। ਇਸ ਲਈ, ਸਾਨੂੰ ਅਕਾਲ ਪੁਰਖ ਦੀ ਹੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਅਤੇ ਉਸ ਦੇ ਭਾਣੇ ਵਿੱਚ ਹੀ ਵਿਚਰਣਾ ਚਾਹੀਦਾ ਹੈ।

ਪੰਨਾ ੫੦੪: ਗੂਜਰੀ ਮਹਲਾ ੧॥ ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ॥

ਅਰਥ: ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਜਿਹੜੇ ਪ੍ਰਾਣੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਜ਼ਿੰਦਗੀ ਬਤੀਤ ਕਰਦੇ ਹਨ, ਉਹ ਕਿਸੇ ਉੱਚੀ, ਨੀਵੀਂ ਜਾਂ ਵਿਚਕਾਰਲੀ ਜਾਤਿ ਦੀ ਕੋਈ ਪ੍ਰਵਾਹ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੇ ਤਾਂ ਅਕਾਲ ਪੁਰਖ ਦੀ ਹੀ ਸ਼ਰਨ ਗ੍ਰਹਿਣ ਕਰ ਲਈ ਹੁੰਦੀ ਹੈ।

ਪੰਨਾ ੬੬੩: ਧਨਾਸਰੀ ਮਹਲਾ ੧॥ ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥ ਸ੍ਰਿਸਿਟ ਸਭ ਇੱਕ ਵਰਨ ਹੋਈ ਧਰਮ ਕੀ ਗਤਿ ਰਹੀ॥ ੩॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਖੱਤ੍ਰੀਆਂ ਨੇ ਆਪਣਾ ਧਰਮ ਛੱਡ ਕੇ, ਆਪਣੀ ਨੌਕਰੀ ਦੀ ਖ਼ਾਤਰ ਮਲੇਛ-ਮੁਸਲਮਾਨਾਂ ਦੀ ਬੋਲੀ ਬੋਲਣ ਲੱਗ ਪਏ। ਉਨ੍ਹਾਂ ਦੀ ਧਰਮ-ਅਣਖ ਖ਼ੱਤਮ ਹੋ ਗਈ, ਜਿਵੇਂ ਕਿ ਸਾਰੀ ਸ੍ਰਿਸ਼ਟੀ ਇਕੋ ਵਰਨ ਦੀ ਹੋ ਗਈ ਹੋਵੇ!

ਪੰਨਾ ੭੨੧: ਤਿਲੰਗ ਮਹਲਾ ੧॥ ਘਿਅ ਪਟ ਭਾਂਡਾ ਕਹੈ ਨ ਕੋਇ॥ ਐਸਾ ਭਗਤੁ ਵਰਨ ਮਹਿ ਹੋਇ॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਰੇਸ਼ਮ ਤੇ ਘਿਉ ਦੇ ਭਾਂਡੇ ਬਾਰੇ ਕੋਈ ਨਹੀਂ ਪੁੱਛਦਾ ਕਿ ਕਿਸ ਕਿਸ ਨੇ ਇਨ੍ਹਾਂ ਨੂੰ ਛੋਹਿਆ ਹੋਇਆ ਹੈ। ਪਰ, ਅਕਾਲ ਪੁਰਖ ਦਾ ਭਗਤ ਵੀ ਇੰਜ ਹੀ ਪ੍ਰਤੀਤ ਹੁੰਦਾ ਹੈ, ਭਾਵੇਂ ਉਹ ਕਿਸੇ ਵੀ ਜਾਤਿ ਵਿੱਚ ਜੰਮਿਆ ਹੋਵੇ।

ਪੰਨਾ ੭੨੨: ਤਿਲੰਗ ਮਹਲਾ ੧॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਬਾਬਰ ਦੇ ਹਮਲੇ ਸਮੇਂ ਕੀ ਉੱਚੀਆਂ ਜਾਤਾਂ ਦੀਆਂ ਇਸਤ੍ਰੀਆਂ, ਕੀ ਨੀਵੀਆਂ ਜਾਤਾਂ ਦੀਆਂ ਤੀਵੀਆਂ ਅਤੇ ਕੀ ਹੋਰ ਹਿੰਦੁਵਾਣੀਆ, ਸੱਭ ਨੂੰ ਹੀ ਬਿਪਤਾ ਦਾ ਸਾਮ੍ਹਣਾ ਕਰਨਾ ਪਿਆ।

ਪੰਨਾ ੭੨੮: ਸੂਹੀ ਮਹਲਾ ੧॥ ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ॥ ੪॥

ਅਰਥ: ਗੁਰੂ ਨਾਨਕ ਸਾਹਿਬ ਬੇਨਤੀ ਕਰਦੇ ਹਨ ਕਿ ਅਕਾਲ ਪੁਰਖ ਆਪ ਹੀ ਸੱਭ ਨੂੰ ਤਾਰਨਹਾਰ ਹੈ ਕਿਉਂਕਿ ਅਸੀਂ ਨਾ ਤੇ ਹੋਰਨਾਂ ਨਾਲੋਂ ਚੰਗੇ ਹੈਂ ਅਤੇ ਨਾ ਹੀ ਸਾਡੇ ਨਾਲੋਂ ਕੋਈ ਬੁਰਾ ਹੈ।

ਪੰਨਾ ੧੧੮੯: ਬਸੰਤੁ ਮਹਲਾ ੧॥ ਸਭ ਉਤਮ ਕਿਸੁ ਆਖਉ ਹੀਨਾ॥ ਹਰਿ ਭਗਤੀ ਸਚਿ ਨਾਮਿ ਪਤੀਨਾ॥ ੧॥ ਰਹਾਉ॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਸਾਰੀ ਲੋਕਾਈ ਚੰਗੀ ਹੈ ਕਿਉਂਕਿ ਸੱਭ ਵਿੱਚ ਅਕਾਲ ਪੁਰਖ ਦੀ ਹੋਂਦ ਹੈ, ਇਸ ਲਈ ਕਿਸੇ ਨੂੰ ਬੁਰਾ/ਨੀਚ ਨਹੀਂ ਕਹਿਣਾ ਚਾਹੀਦਾ। ਪਰ, ਅਸਲ ਵਿੱਚ ਉਹੀ ਪ੍ਰਾਣੀ ਚੰਗਿਆਈ ਪ੍ਰਾਪਤ ਕਰਦਾ ਹੈ, ਜਿਹੜਾ ਅਕਾਲ ਪੁਰਖ ਦੀ ਭਗਤੀ ਵਿੱਚ ਜੁੜਿਆ ਰਹਿੰਦਾ ਹੈ।

ਪੰਨਾ ੧੧੮੯: ਬਸੰਤੁ ਮਹਲਾ ੧॥ ਕਿਆ ਹਉ ਆਖਾ ਜਾਂ ਕਿਛੂ ਨਾਹਿ॥ ਜਾਤਿ ਪਤਿ ਸਭ ਤੇਰੈ ਨਾਇ॥ ੩॥

ਅਰਥ: ਗੁਰੂ ਨਾਨਕ ਸਾਹਿਬ ਫੁਰਮਾਨ ਕਰਦੇ ਹਨ ਕਿ ਮੈਂ ਕੀ ਆਖ ਸਕਦਾ ਹਾਂ, ਜਦ ਮੇਰਾ ਕੁੱਝ ਵੀ ਨਹੀਂ ਕਿਉਂਕਿ ਇਹ ਮੇਰੀ ਉੱਚੀ ਜਾਤਿ ਜਾਂ ਇੱਜ਼ਤ ਤਾਂ ਅਕਾਲ ਪੁਰਖ ਦੀ ਬਖਸ਼ਿਸ਼ ਕਰਕੇ ਹੀ ਬਣੀ ਹੋਈ ਹੈ।

ਪੰਨਾ ੧੧੯੮: ਸਾਰਗ ਮਹਲਾ ੧॥ ਇਨ ਬਿਧਿ ਹਰਿ ਮਿਲੀਐ ਵਰ ਕਾਮਨਿ ਧਨ ਸੋਹਾਗੁ ਪਿਆਰੀ॥ ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ॥ ੧॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਅਕਾਲ ਪੁਰਖ ਨਾਲ ਲੀਨ ਹੋਣ ਕਰਕੇ, ਉਸ ਦੀ ਰਹਿਮਤ ਦੇ ਪਾਤਰ ਬਣ ਸਕਦੇ ਹੈਂ ਕਿਉਂਕਿ ਗੁਰੂ ਦੀ ਮਤਿ ਗ੍ਰਹਿਣ ਕਰਕੇ ਹੀ, ਇਨਸਾਨ ਦਾ ਜ਼ਾਤ ਪਾਤ, ਵਰਨ ਜਾਂ ਖ਼ਾਨਦਾਨ ਦਾ ਭਰਮ ਦੂਰ ਹੁੰਦਾ ਹੈ।

ਪੰਨਾ ੧੨੫੬: ਮਲਾਰ ਮਹਲਾ ੧॥ ਜਾਤਿ ਕੁਲੀਨੁ ਸੇਵਕੁ ਜੇ ਹੋਇ॥ ਤਾ ਕਾ ਕਹਣਾ ਕਹਹੁ ਨ ਕੋਇ॥ ਵਿਚਿ ਸਨਾਤਂੀ ਸੇਵਕੁ ਹੋਇ॥ ਨਾਨਕ ਪਣ੍ਹੀਆ ਪਹਿਰੈ ਸੋਇ॥ ੬॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਜੇ ਕੋਈ ਪ੍ਰਾਣੀ ਆਪਣੀ ਉੱਚੀ ਜਾਤਿ ਜਾਂ ਕੁੱਲ ਦਾ ਅਹੰਕਾਰ ਤਿਆਗ ਕੇ, ਅਕਾਲ ਪੁਰਖ ਦਾ ਭਗਤ ਬਣ ਜਾਏ ਤਾਂ ਉਸ ਦੀ ਪੂਰੀ ਸਿਫ਼ਤਿ ਕੀਤੀ ਹੀ ਨਹੀਂ ਜਾ ਸਕਦੀ। ਇਵੇਂ ਹੀ ਜੇ ਕੋਈ ਨੀਵੀਂ ਜਾਤ ਵਿੱਚ ਪੈਦਾ ਹੋਇਆ ਪ੍ਰਾਣੀ, ਅਕਾਲ ਪੁਰਖ ਦੀ ਭਗਤੀ ਕਰਨ ਲਗ ਪਏ ਤਾਂ ਐਸਾ ਭਗਤ ਵੀ ਉੱਚੀ ਕੁਲ ਵਿੱਚ ਗਿਣਿਆ ਜਾਂਦਾ ਹੈ।

ਪੰਨਾ ੧੩੨੯: ਪ੍ਰਭਾਤੀ ਮਹਲਾ ੧॥ ਊਚਾ ਤੇ ਫੁਨਿ ਨੀਚੁ ਕਰਤੁ ਹੈ ਨੀਚ ਕਰੈ ਸੁਲਤਾਨੁ॥ ਜਿਨੀ ਜਾਣੁ ਸੁਜਾਣਿਆ ਜਗਿ ਤੇ ਪੂਰੇ ਪਰਵਾਣੁ॥ ੨॥

ਅਰਥ: ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਹਰ ਸਮੇਂ ਅਕਾਲ ਪੁਰਖ ਦਾ ਨਾਮ ਸਿਮਰਣਾ ਚਾਹੀਦਾ ਹੈ ਕਿਉਂਕਿ ਉਹੀ ਉੱਚਿਆਂ ਤੋਂ ਨੀਵਾਂ ਕਰ ਸਕਦਾ ਹੈ ਅਤੇ ਨੀਵਿਆਂ ਨੂੰ ਬਾਦਸ਼ਾਹ ਬਣਾ ਦਿੰਦਾ ਹੈ। ਜਿਹੜੇ ਪ੍ਰਾਣੀ ਅਕਾਲ ਪੁਰਖ ਦੀ ਰਹਿਮਤ ਦੇ ਪਾਤਰ ਬਣ ਗਏ, ਉਨ੍ਹਾਂ ਦਾ ਹੀ ਇਸ ਦੁਨੀਆ ਵਿੱਚ ਆਉਂਣਾ ਸਫਲ ਹੋ ਗਿਆ ਸਮਝੋ।

ਪੰਨਾ ੧੩੩੦: ਪ੍ਰਭਾਤੀ ਮਹਲਾ ੧॥ ਜਾਤਿ ਜਨਮੁ ਨਹ ਪੂਛੀਆ ਸਚ ਘਰੁ ਲੇਹੁ ਬਤਾਇ॥ ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥ ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ॥ ੪॥ ੧੦॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਅਕਾਲ ਪੁਰਖ ਦੀ ਦਰਗਹ ਵਿਖੇ ਜਾਤ-ਜਨਮ ਬਾਰੇ ਨਹੀਂ ਪੁਛਿਆ ਜਾਏਗਾ, ਇਸ ਲਈ ਸੱਚੇ ਘਰ ਦਾ ਪਤਾ ਭਾਵ ਉੱਤਮ ਜ਼ਿੰਦਗੀ ਦਾ ਢੰਗ ਸਿੱਖਣਾ ਚਾਹੀਦਾ ਹੈ ਅਤੇ ਨਾ ਹੀ ਇਸ ਸੰਸਾਰ ਵਿਖੇ ਕਿਸੇ ਦੀ ਜਾਤ ਜਾਂ ਕੁਲ ਬਾਰੇ ਪੁੱਛਣਾ ਚਾਹੀਦਾ ਹੈ ਕਿਉਂਕਿ ਪ੍ਰਾਣੀ ਦੀ ਜਾਤ-ਪਾਤ ਤਾਂ ਉਹੀ ਹੈ ਜਿਹੋ-ਜਿਹੇ ਉਹ ਕਰਮ ਕਰਦਾ ਹੈ। ਜਨਮ-ਮਰਨ ਦਾ ਡਰ ਤਦੋਂ ਹੀ ਦੂਰ ਹੋ ਸਕਦਾ ਹੈ, ਜਦੋਂ ਪ੍ਰਾਣੀ ਅਕਾਲ ਪੁਰਖ ਦੇ ਸੱਚੇ ਨਾਮ ਨਾਲ ਜੁੜਿਆ ਰਹਿੰਦਾ ਹੈ।

ਪੰਨਾ ੧੩੪੫: ਪ੍ਰਭਾਤੀ ਮਹਲਾ ੧॥ ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ॥ ਜਾਤਿ ਵਰਨ ਤੇ ਭਏ ਅਤੀਤਾ ਮਮਤਾ ਲੋਭੁ ਚੁਕਾਇਆ॥ ੭॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਦੁਨੀਆ ਵਿਖੇ ਐਸੇ ਪ੍ਰਾਣੀ ਵਿਰਲੇ ਹਨ, ਜਿੰਨ੍ਹਾਂ ਦੇ ਜੀਵਨ ਨੂੰ ਪਰਖ ਕੇ ਅਕਾਲ ਪੁਰਖ ਨੇ ਆਪਣੀ ਬਖਸ਼ਿਸ਼ ਦੇ ਪਾਤਰ ਬਣਾ ਲਿਆ ਹੋਵੇ। ਐਸੇ ਪ੍ਰਾਣੀ ਜਾਤਿ ਤੇ ਵਰਨ ਦੀ ਹਉਮੈ ਤੋਂ ਨਿਰਲੇਪ ਰਹਿ ਕੇ, ਮਾਇਆ ਅਤੇ ਲੋਭ ਤੋਂ ਛੁੱਟਕਾਰਾ ਪਾ ਲੈਂਦੇ ਹਨ।

ਸਾਨੂੰ ਇਹ ਭੀ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਸੱਭ ਤੋਂ ਨਜ਼ਦੀਕੀ ਸਾਥੀ ਸਨ: ਭਾਈ ਮਰਦਾਨਾ ਜੀ ਅਤੇ ਭਾਈ ਲਾਲੋ! !

(ਚਲਦਾ)

ਧੰਨਵਾਦ ਸਹਿਤ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧ ਦਸੰਬਰ ੨੦੧੩




.