.

ਲੇਖਾ ਲਿਖੀਐ ਮਨ ਕੈ ਭਾਇ॥ …

ਦਸਵੀਂ ਦੇ ਸਿਲੇਬਸ ਵਿੱਚ ਅੰਗਰੇਜ਼ੀ ਦੀ ਇੱਕ ਦਿਲ-ਟੁੰਬਵੀਂ ਸਿੱਖਿਆ-ਦਾਇਕ ਕਹਾਣੀ ਪੜ੍ਹਾਈ ਜਾਂਦੀ ਸੀ। ਕਹਾਣੀ ਅਤੇ ਉਸ ਦੇ ਲੇਖਕ ਦਾ ਨਾਮ ਤਾਂ ਹੁਣ ਯਾਦ ਨਹੀਂ ਪਰ ਕਹਾਣੀ ਦਾ ਸਾਰ ਕੁਛ ਇਸ ਤਰ੍ਹਾਂ ਸੀ:- ਪੁਰਾਣੇ ਸਮਿਆਂ ਦੀ ਗੱਲ ਹੈ ਕਿ ਕਿਸੇ ਬ੍ਰਾਹਮਣ ਤੋਂ ਅਣਜਾਣੇ ਵਿੱਚ ਗਊ-ਹੱਤਿਆ ਹੋ ਗਈ। ਬ੍ਰਾਹਮਣ ਦਾ ਇਹ ਵਿਸ਼ਵਾਸ ਸੀ ਕਿ ਗਊਵਧ ਬਜਰ ਪਾਪ ਹੈ ਜਿਸ ਕਾਰਣ ਉਹ ਨਰਕਾਂ ਦੀ ਅੱਗ ਵਿੱਚ ਸੁੱਟਿਆ ਜਾ ਸਕਦਾ ਸੀ। ਘਬਰਾਇਆ ਹੋਇਆ ਉਹ ਆਪਣੇ ਗੁਰੂ ਕੋਲ ਗਿਆ ਤੇ ਸਾਰਾ ਵਾਕਿਆ ਸੱਚ ਸੱਚ ਦਸ ਕੇ ਆਪਣਾ ਗੁਨਾਹ ਕਬੂਲਦਿਆਂ ਇਸ ਪਾਪ ਦੀ ਮਿਲਨ ਵਾਲੀ ਸਜ਼ਾ ਤੋਂ ਬਚਣ ਦਾ ਉਪਾਓ ਪੁੱਛਿਆ। ਗੁਰੂ ਨੇ ਦਿਲਾਸਾ ਦਿੰਦਿਆਂ ਕਿਹਾ ਕਿ ਜੇ ਤੂੰ ਪੰਜ ਸਾਲ ਗੰਗਾ ਨਦੀ ਦੇ ਕਿਨਾਰੇ ਪ੍ਰਭੂ-ਭਗਤੀ ਦੀ ਤਪੱਸਿਆ ਕਰਕੇ ਆਪਣੇ ਗੁਨਾਹ ਦਾ ਪਸ਼ਚਾਤਾਪ ਕਰੇਂ ਤਾਂ ਤੇਰਾ ਇਹ ਪਾਪ ਬਖ਼ਸ਼ਿਆ ਜਾ ਸਕਦਾ ਹੈ। ਬ੍ਰਾਹਮਣ ਨੇ ਗੁਰੂ ਦਾ ਆਸ਼ੀਰਵਾਦ ਲੈ ਕੇ ਗੰਗਾ ਵੱਲ ਚਾਲੇ ਪਾ ਦਿੱਤੇ।

ਕਈ ਦਿਨਾਂ ਦੇ ਪੈਦਲ ਸਫ਼ਰ ਤੋਂ ਬਾਅਦ ਉਹ ਨਦੀ ਕਿਨਾਰੇ ਜਾ ਪਹੁੰਚਿਆ ਅਤੇ ਏਕਾਂਤ ਜਿਹੇ ਵਿੱਚ ਡੇਰਾ ਲਾ ਕੇ ਗੁਰੂ ਦੁਆਰਾ ਸੁਝਾਈ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਤੋਂ ਮਿਲੀ ਭਿੱਖਿਆ ਖਾ ਖਾ ਕੇ ਉਸ ਨੇ ਪੰਜ ਸਾਲ ਦੀ ਤਪੱਸਿਆ ਪੂਰੀ ਕਰ ਲਈ। ਜਦੋਂ ਉਹ ਵਾਪਸ ਜਾਣ ਲੱਗਾ ਤਾਂ ਇੱਕ ਅਜਨਬੀ ਨੇ ਉਸ ਤੋਂ ਉਸ ਦੀ ਵਾਪਸੀ ਬਾਰੇ ਪੁੱਛਿਆ। ਬ੍ਰਾਹਮਣ ਨੇ ਸਾਰੀ ਵਿੱਥਿਆ ਸੁਣਾਉਂਦਿਆਂ ਕਿਹਾ, “ਪ੍ਰਭੂ ਦੀ ਕ੍ਰਿਪਾ ਨਾਲ ਅੱਜ ਮੈਂ ਗੰਗਾ ਕਿਨਾਰੇ ਪੰਜ ਸਾਲ ਦੀ ਤਪੱਸਿਆ ਪੂਰੀ ਕਰ ਲਈ ਹੈ!” ਅਜਨਬੀ ਹੱਸਿਆ ਤੇ ਕਹਿਣ ਲੱਗਾ, “ਪੰਡਤ ਜੀ, ਇਹ ਨਦੀ ਤਾਂ ਗੰਗਾ ਨਹੀਂ, ਗੰਗਾ ਤਾਂ ਇੱਥੋਂ ਕੋਹਾਂ ਦੂਰ ਹੈ!” ਇਹ ਸੁਣ ਕੇ ਪੰਡਤ ਦੇ ਹਵਾਸ ਉੱਡ ਗਏ! ਪਰ ਉਸ ਨੇ ਹੌਸਲਾ ਨਾ ਹਾਰਦੇ ਹੋਏ ਅਗਾਂਹ ਨੂੰ ਦੌੜ ਲਗਾ ਦਿੱਤੀ। ਕਈ ਦਿਨਾਂ ਦੀ ਖੇਚਲ ਖੁਆਰੀ ਤੋਂ ਬਾਅਦ ਉਹ ਇੱਕ ਵਡੇਰੀ ਨਦੀ ਤੇ ਜਾ ਪਹੁੰਚਿਆ। ਉਥੇ ਵੀ ਉਸ ਨੇ ਪਹਿਲਾਂ ਵਾਂਗ ਨਿਸ਼ਚੇ ਨਾਲ ਪੰਜ ਸਾਲ ਹੋਰ ਤਪੱਸਿਆ ਕੀਤੀ। ਪਰੰਤੂ ਉਸ ਦੀ ਬਦਕਿਸਮਤੀ ਨੂੰ ਉਹ ਨਦੀ ਵੀ ਗੰਗਾ ਨਹੀਂ ਸੀ! ਇਸੇ ਤਰ੍ਹਾਂ ਖੱਜਲ ਖੁਆਰ ਹੁੰਦਿਆਂ ਉਸ ਨੇ ਦੋ ਹੋਰ ਨਦੀਆਂ ਕਿਨਾਰੇ ਪੰਜ ਪੰਜ ਸਾਲ ਤਪੱਸਿਆ ਸਾਧੀ। ਚੌਥੀ ਨਦੀ ਉੱਤੇ ਕੀਤੀ ਤਪੱਸਿਆ ਤੋਂ ਬਾਅਦ ਕਿਸੇ ਸੁਹਿਰਦ ਸਿਆਣੇ ਨੇ ਗੰਗਾ ਬਾਰੇ ਸਪਸ਼ਟ ਤੇ ਨਿਸ਼ਚਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨਦੀਆਂ ਤਾਂ ਗੰਗਾ ਨਹੀਂ ਪਰ ਅਗਲੇਰੀ ਵਿਸ਼ਾਲ ਤੇ ਵਡੇਰੀ ਨਦੀ ਗੰਗਾ ਹੀ ਹੈ।

ਹੁਣ ਤੀਕ ਉਸ ਦਾ ਬਿਰਧ ਸਰੀਰ ਅਤਿਅੰਤ ਜਰਜਰਾ ਤੇ ਦੁਰਬਲ ਹੋ ਚੁੱਕਾ ਸੀ। ਫ਼ਿਰ ਵੀ ਉਸ ਨੇ ਹਿੰਮਤ ਨਾ ਹਾਰੀ ਤੇ ਦ੍ਰਿੜਤਾ ਨਾਲ ਗੰਗਾ ਵੱਲ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ। ਕੁੱਝ ਦਿਨਾਂ ਦੇ ਬਾਅਦ ਜਦ ਉਸ ਨੂੰ ਗੰਗਾ ਦਾ ਵਹਿਣ ਵਿਖਾਈ ਦਿੱਤਾ, ਤਦ ਤੀਕ ਉਸ ਦੇ ਨਿਰਬਲ ਸਰੀਰ ਤੇ ਅੰਗਾਂ ਨੇ ਜਵਾਬ ਦੇ ਦਿੱਤਾ ਸੀ! ਉਹ ਨਿਢਾਲ ਹੋ, ਚੱਕਰ ਖਾ ਕੇ ਡਿੱਗ ਪਿਆ ਤੇ ਪ੍ਰਾਣ ਤਿਆਗ ਦਿੱਤੇ। ਇਸ ਤਰ੍ਹਾਂ, ਗੰਗਾ ਕਿਨਾਰੇ ਪੰਜ ਸਾਲ ਤਪੱਸਿਆ ਕਰਕੇ ਗਊ-ਹੱਤਿਆ ਦਾ ਪਾਪ ਬਖ਼ਸ਼ਵਾਉਣ ਦੇ ਯਤਨ `ਚ ਉਹ ਵਿਚਾਰਾ ਅਸਫ਼ਲ ਰਿਹਾ!

ਯਮਦੂਤਾਂ ਨੇ ਬ੍ਰਾਹਮਣ ਨੂੰ ਲੈ ਜਾ ਕੇ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਕੀਤਾ। ਉਸ ਦੇ ਜੀਵਨ ਦਾ ਲੇਖਾ ਪੜ੍ਹਦਿਆਂ ਇਹ ਵੀ ਦੱਸਿਆ ਗਿਆ ਕਿ ਉਸ ਤੋਂ ਗਊ-ਹੱਤਿਆ ਦਾ ਬਜਰ ਪਾਪ ਹੋਇਆ ਸੀ; ਪਰੰਤੂ ਉਸ ਨੇ ਵੀਹ ਸਾਲ ਗੰਗਾ ਦੇ ਕਿਨਾਰੇ ਤਪੱਸਿਆ ਕਰਕੇ ਉਹ ਪਾਪ ਬਖ਼ਸ਼ਵਾ ਲਿਆ ਹੈ! ਸੱਤਿਆਵਾਦੀ ਬ੍ਰਾਹਮਣ ਨੇ ਸੱਚ ਦੱਸਦਿਆਂ ਕਿਹਾ ਕਿ ਵੀਹ ਸਾਲ ਤਾਂ ਉਹ ਭੁਲੇਖੇ ਵਿੱਚ ਹੋਰ ਹੋਰ ਨਦੀਆਂ ਉੱਤੇ ਹੀ ਤਪੱਸਿਆ ਕਰਦਾ ਰਿਹਾ ਸੀ ਅਤੇ ਗੰਗਾ ਕਿਨਾਰੇ ਤਾਂ ਉਹ ਇੱਕ ਦਿਨ ਵੀ ਤਪੱਸਿਆ ਨਹੀਂ ਸੀ ਕਰ ਸਕਿਆ!

ਧਰਮਰਾਜ ਨੇ ਸਥਿਤੀ ਸਮਝਦਿਆਂ ਉਸ ਬ੍ਰਾਹਮਣ ਨੂੰ ਸਮਝਾਇਆ, “ਹੇ ਬ੍ਰਾਹਮਣ! ਮਨੁੱਖਾਂ ਦੇ ਕਰਮਾਂ ਦਾ ਲੇਖਾ ਉਨ੍ਹਾਂ ਦੇ ਮਨ ਦੀਆਂ ਭਾਵਨਾਵਾਂ ਦੇ ਆਧਾਰ `ਤੇ ਲਿਖਿਆ ਜਾਂਦਾ ਹੈ ਨਾ ਕਿ ਉਨ੍ਹਾਂ ਦੇ ਦਿਖਦੇ ਕਰਮਾਂ ਦੇ ਆਧਾਰ `ਤੇ! ਮਨੋਂ ਤੂੰ ਵੀਹ ਵਰ੍ਹੇ ਦੀ ਤਪੱਸਿਆ ਗੰਗਾ-ਕਿਨਾਰੇ ਹੀ ਕੀਤੀ ਹੈ! ਇਸ ਵਾਸਤੇ ਤਪੱਸਿਆ ਦੀ ਤੇਰੀ ਸਾਧਨਾ ਪ੍ਰਵਾਨ ਹੋਈ ਹੈ ਤੇ ਤੇਰਾ ਗਊ-ਹੱਤਿਆ ਦਾ ਗੁਨਾਹ ਬਖ਼ਸ਼ਿਆ ਜਾ ਚੁੱਕਿਆ ਹੈ”। ਇਉਂ ਬ੍ਰਾਹਮਣ ਦੀ ਸਦਭਾਵਨਾ, ਸੁਹਿਰਦਤਾ ਤੇ ਦ੍ਰਿੜ੍ਹ ਨਿਸ਼ਚੇ ਨਾਲ ਕੀਤੀ ਵੀਹ ਸਾਲ ਦੀ ਤਪੱਸਿਆ ਥਾਏ ਪਈ।

ਪਾਠਕ ਸੱਜਨੋਂ! ਮਨੁੱਖ ਦਾ ਕਰਤੱਵ ਹੈ ਕਿ ਉਹ ਜੀਵਨ-ਮਨੋਰਥ ਦੀ ਸਿਧੀ ਲਈ, ਨਾਮ-ਸਿਮਰਨ ਦਾ ਸਹਾਰਾ ਲੈਂਦਿਆਂ, ਸਦਭਾਵਨਾ, ਸੁਹਿਰਦਤਾ ਤੇ ਨਿਸ਼ਕਾਮਤਾ ਨਾਲ ਨਿਰਮਲ ਕਰਮ ਕਮਾ ਕੇ ਪ੍ਰਭੂ ਦੀ ਕ੍ਰਿਪਾ-ਦ੍ਰਿਸ਼ਟੀ ਦਾ ਭਾਗੀਦਾਰ ਬਣਨ ਦਾ ਯਤਨ ਕਰੇ। ਪਰੰਤੂ ਮਨੁੱਖ ਦਾ ਦੁਖਾਂਤ ਇਹ ਹੈ ਕਿ ਉਹ ਧਰਮ ਦੇ ਨਾਂ `ਤੇ ਕਰਦਾ ਤਾਂ ਬਹੁਤ ਕੁਛ ਹੈ, ਪਰੰਤੂ ਉਸ ਦੇ ਕਰਨ ਪਿੱਛੇ ਉਸ ਦੇ ਸੁਆਰਥੀ ਮਨ `ਚ ਚਿਤਵਿਆ ਮੰਤਵ/ਮਨੋਰਥ/ਭਾਵਨਾ ਨੇਕ, ਸਹੀ ਤੇ ਪਰਮਾਰਥਕ ਨਹੀਂ ਹੁੰਦਾ। ਇਸ ਕਾਰਣ ਉਸ ਦੇ ਕੀਤੇ ਕਰਮ ਜੀਵਨ-ਮਨੋਰਥ ਦੀ ਸਿੱਧੀ ਵਾਸਤੇ ਸਹਾਇਕ ਨਹੀਂ ਹੁੰਦੇ। ਉਹ ਹਉਮੈ, ਲੋਭ ਤੇ ਮੋਹ ਆਦਿ ਦੁਸ਼ ਵ੍ਰਿਤੀਆਂ ਦੇ ਮਾਰੂ ਪ੍ਰਭਾਵ ਹੇਠ, ਦਿਖਾਵੇ ਦੇ ਨਿਰਾਰਥਕ ਧਰਮ-ਕਰਮ ਕਰਦਿਆਂ ਸਾਰੀ ਜ਼ਿੰਦਗੀ ਵਿਅਰਥ ਗਵਾ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਵਿਆਪਕ ਸੱਚ ਦਾ ਪ੍ਰਗਟਾਵਾ ਹੇਠ ਲਿਖੇ ਸ਼ਬਦ ਵਿੱਚ ਕੀਤਾ ਹੈ:-

ਨ ਭੀਜੈ ਰਾਗੀ ਨਾਦੀ ਬੇਦਿ॥ ਨ ਭੀਜੈ ਸੁਰਤੀ ਗਿਆਨੀ ਜੋਗਿ॥

ਨ ਭੀਜੈ ਸੋਗੀ ਕੀਤੈ ਰੋਜਿ॥ ਨ ਭੀਜੈ ਰੂਪੀ ਮਾਲੀਂ ਰੰਗਿ॥ ਨ ਭੀਜੈ ਤੀਰਥਿ ਭਵਿਐ ਨੰਗਿ॥ ਨ ਭੀਜੈ ਦਾਤੀਂ ਕੀਤੈ ਪੁੰਨਿ॥ ਨ ਭੀਜੈ ਬਾਹਰਿ ਬੈਠਿਆਂ ਸੁੰਨਿ॥ ਨ ਭੀਜੈ ਭੇੜਿ ਮਰਹਿ ਭਿੜਿ ਸੂਰ॥ ਨ ਭੀਜੈ ਕੇਤੇ ਹੋਵਹਿ ਧੂੜ॥ ਲੇਖਾ ਲਿਖੀਐ ਮਨ ਕੈ ਭਾਇ॥ ਨਾਨਕ ਭੀਜੈ ਸਾਚੈ ਨਾਇ॥ ਮ: ੧

ਸ਼ਬਦ ਅਰਥ:- ਨ ਭੀਜੈ: ਪਤੀਜਦਾ ਨਹੀਂ; ਭਿੱਜਣਾ: ਪਤੀਜਣਾ, ਪ੍ਰਸੰਨ ਹੋਣਾ, ਪ੍ਰਭਾਵਤ ਹੋਣਾ। ਰਾਗੀ: ਰਾਗਾਂ ਨਾਲ, ਭਜਨ-ਕੀਰਤਨ ਕਰਕੇ। ਨਾਦੀ: ਸੰਗੀਤ ਦੇ ਸਾਜ਼ ਵਜਾ ਵਜਾ ਕੇ, ਸ਼ਬਦ-ਗਿਆਨ ਨਾਲ। ਬੇਦਿ: ਵੇਦ/ਧਰਮ-ਗ੍ਰੰਥ ਪੜ੍ਹਨ ਨਾਲ। ਸੁਰਤੀ: ਸਮਾਧੀਆਂ ਲਾਉਣ/ਧਿਆਨ ਜੋੜਣ/ਚਿੰਤਨ ਕਰਨ ਨਾਲ। ਗਿਆਨੀ: ਗਿਆਨ ਨਾਲ, ਗਿਆਨ ਦੀਆਂ ਗੱਲਾਂ ਕਰਕੇ। ਜੋਗਿ: ਜੋਗ-ਸਾਧਨਾ ਦੇ ਮਿਥੇ ਕਰਮ ਕਰਨ ਨਾਲ। ਸੋਗੀ: (ਜੈਨੀਆਂ ਦੀ ਤਰ੍ਹਾਂ ਜੀਵਨ ਵੱਲੋਂ) ਉਪਰਾਮ ਤੇ ਗ਼ਮਗੀਨ ਰਹਿ ਕੇ; ਸੋਗ ਫ਼ਾਰਸੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ: ਮਾਤਮ, ਗ਼ਮ, ਮੁਸੀਬਤ। ਰੋਜਿ: ਰੋਜ਼ਾ/ਬਰਤ ਰੱਖ ਕੇ; ਰੋਜ਼ਹ/ਰੋਜ਼ਾ ਵੀ ਫ਼ਾਰਸੀ ਦਾ ਲਫ਼ਜ਼ ਹੈ ਜਿਸ ਦੇ ਅਰਥ ਹਨ: ਸ਼ਰਅਈ ਤੌਰ `ਤੇ ਸਾਰਾ ਦਿਨ ਭੁੱਖਾ ਪਿਆਸਾ ਰਹਿਣਾ।

ਰੂਪੀ: ਰੂਪ/ਸਰੀਰਿਕ ਦਿੱਖ ਕਰਕੇ, ਭੁਲੇਖਾ ਪਾਊ ਰੰਗ-ਬਰੰਗੇ ਕਪਟੀ ਭੇਖਾਂ ਤੇ ਚਿਨ੍ਹਾਂ ਨਾਲ। ਮਾਲੀਂ: ਧਨ-ਦੌਲਤ ਦੀ ਬਹੁਤਾਤ ਨਾਲ; ਫ਼ਾਰਸੀ ਦੇ ਲਫ਼ਜ਼ ਮਾਲ (ਧਨ-ਦੌਲਤ) ਤੋਂ ਮਾਲੀ ਲਫ਼ਜ਼ ਬਣਿਆ ਹੈ; ਮਾਲੀ ਦੇ ਅਰਥ ਹਨ ਕਿਰਾੜ ਅਰਥਾਤ ਮਾਇਆ ਦਾ ਵਪਾਰ ਕਰਨ ਵਾਲਾ। ਰੰਗਿ: ਰੰਗਾਂ ਕਰਕੇ, ਦੁਨਿਆਵੀ ਖੇਡ-ਤਮਾਸ਼ਿਆਂ ਨਾਲ; ਰੰਗ: ਕਲਰ; ਕਲਰ (colour) ਤੋਂ ਬਿਨਾਂ, ਰੰਗ ਦੇ ਅਰਥ ਬਾਣਾ, ਬੈਜ ਤੇ ਵਰਦੀ ਆਦਿ ਵੀ ਕੀਤੇ ਜਾਂਦੇ ਹਨ। ਤੀਰਥਿ: ਤੀਰਥਾਂ (ਪਵਿੱਤਰ ਮੰਨੇ ਜਾਂਦੇ ਸਥਾਨਾਂ) ਦੇ ‘ਦਰਸ਼ਨ/ਇਸ਼ਨਾਨ’ ਕਰਕੇ। ਭਵਿਆ: (ਕਾਮਚੋਰ ਬਣ ਕੇ) ਮਨੋਰਥ-ਹੀਣ ਭਟਕਦੇ ਫਿਰਨ ਨਾਲ। ਨੰਗਿ: ਨੰਗੇ ਹੋ ਕੇ, ਨਿਰਵਸਤ੍ਰ ਰਹਿ ਕੇ।

ਦਾਤੀਂ: ਇੰਦ੍ਰੀਆਂ ਨੂੰ ਕੁਚਲ ਕੇ, ਬ੍ਰਹਮਚਾਰੀ ਜੀਵਨ (celibacy) ਅਪਣਾਇਆਂ; ਦਾਨ ਦਿੱਤਿਆਂ। ਪੁੰਨਿ: (ਦਿਖਾਵੇ ਦੇ) ਨੇਕ ਕਰਮ ਕਰਕੇ। ਸੁੰਨਿ: ਏਕਾਂਤ ਵਿੱਚ ਵਿਚਰ ਕੇ।

ਭੇੜਿ: ਜੰਗ ਵਿੱਚ। ਭਿੜਿ: ਭਿੜ/ਲੜ ਕੇ। ਸੂਰ: ਭੇੜ/ਜੰਗ ਵਿੱਚ ਵੀਰਤਾ ਦਿਖਾਉਣ ਵਾਲੇ ਸੂਰਮੇ। ਧੂੜ: ਮਿੱਟੀ-ਘੱਟਾ, ਸੁਆਹ।

ਲੇਖਾ: (ਚੰਗੇ-ਮੰਦੇ ਕਰਮਾਂ ਦਾ) ਹਿਸਾਬ। ਲਿਖੀਐ: ਲਿਖਿਆ ਜਾਂਦਾ ਹੈ। ਭਾਇ: ਭਾਵਨਾ, ਮਨਸ਼ਾ, ਮਕਸਦ, ਮਨੋਰਥ, ਮਨ ਦਾ ਖ਼ਿਆਲ। ਸਾਚੈ: ਸੱਚਾ ਅਕਾਲ ਪੁਰਖ, ਪਰਮਾਤਮਾ। ਨਾਇ: ਨਾਮ-ਸਿਮਰਨ ਕਰਕੇ।

ਭਾਵ ਅਰਥ:- (ਨਿਰੰਜਨ ਅਕਾਲ ਪੁਰਖ) ਸੰਗੀਤ ਦੇ ਸਾਜ਼ਾਂ ਨਾਲ ਰਾਗ ਗਾਉਣ, ਭਜਨ-ਕੀਰਤਨ ਕਰਨ, ਜਾਂ ਧਰਮ-ਗ੍ਰੰਥਾਂ ਦਾ ਪਾਠ ਕਰਨ ਨਾਲ ਨਹੀਂ ਪਤੀਜਦਾ।

ਨਾ ਹੀ ਉਹ ਸਮਾਧੀਆਂ ਲਾਉਣ, ਨਾ ਹੀ ਗਿਆਨ ਦੀਆਂ ਗੱਪਾਂ ਮਾਰਨ, ਅਤੇ ਨਾ ਹੀ ਜੋਗ-ਸਾਧਨਾ ਦੇ ਮਿਥੇ ਹੋਏ ਕਰਮ ਕਮਾਉਣ ਨਾਲ ਪ੍ਰਸੰਨ ਕੀਤਾ ਜਾ ਸਕਦਾ ਹੈ।

ਨਾ ਹੀ (ਜੈਨੀਆਂ ਵਾਂਗ) ਜੀਵਨ ਤੋਂ ਉਪਰਾਮ ਰਹਿ ਕੇ, ਅਤੇ ਨਾ ਹੀ ਰੋਜ਼ੇ/ਬਰਤ ਰੱਖ ਕੇ ਰੀਝਾਇਆ ਜਾ ਸਕਦਾ ਹੈ।

ਨਾ ਹੀ ਉਹ ਦਿਖਾਵੇ ਦੀ ਬਾਹਰੀ ਭੇਖੀ ਦਿੱਖ ਨਾਲ, ਨਾ ਮਾਇਆ ਦਾ ਵਪਾਰ ਕਰਕੇ ‘ਕੱਠੇ ਕੀਤੇ ਧਨ-ਦੌਲਤ ਦੀ ਬਹੁਤਾਤ ਨਾਲ, ਅਤੇ ਨਾ ਹੀ ਧਰਮ ਦੇ ਨਾਮ `ਤੇ ਕੀਤੇ ਰੰਗ-ਤਮਾਸ਼ਿਆਂ ਨਾਲ ਪਤੀਜਦਾ ਹੈ। ਨਾ ਹੀ ਉਹ ਰੰਗ ਬਰੰਗੇ (ਭਗਵੇਂ, ਪੀਲੇ, ਹਰੇ, ਨੀਲੇ, ਕੇਸਰੀ ਆਦਿ ਰੰਗਾਂ ਦੇ) ਬਾਣੇ ਤੇ ਧਾਰਮਿਕ ਚਿੰਨ੍ਹ ਧਾਰਨ ਕਰਕੇ ਖ਼ੁਸ਼ ਕੀਤਾ ਜਾ ਸਕਦਾ ਹੈ।

ਨਾ ਹੀ (ਆਪੂੰ ਬਣਾਏ) ਧਰਮ-ਸਥਾਨਾਂ ਦੇ ‘ਦਰਸ਼ਨ/ਯਾਤ੍ਰਾ’ ਕਰਕੇ, ਤੇ ਨਾ ਹੀ ਨਾਂਗਿਆਂ ਵਾਂਗ ਨਿਰਵਸਤ੍ਰ ਭਟਕ ਕੇ ਉਸ ਦੀ ਬਖ਼ਸ਼ਿਸ਼ ਦੇ ਹੱਕਦਾਰ ਬਣਿਆ ਜਾ ਸਕਦਾ ਹੈ।

ਇੰਦ੍ਰੀਆਂ ਨੂੰ ਕੁਚਲ ਕੇ ਬ੍ਰਹਮਚਾਰੀ ਹੋਣ, ਅਤੇ ਦਿਖਾਵੇ ਦੇ ਧਰਮ-ਕਰਮ ਕਰਿਆਂ ਵੀ ਉਹ ਨਹੀਂ ਪਤੀਜਦਾ। (ਗ੍ਰਹਿਸਥ ਤਿਆਗ ਕੇ) ਵੱਸੋਂ ਤੋਂ ਬਾਹਰ ਇਕਾਂਤ-ਵਾਸ ਕਰਕੇ ਵੀ ਉਸ ਦੀਆਂ ਖ਼ੁਸ਼ੀਆਂ ਪ੍ਰਾਪਤ ਨਹੀਂ ਕੀਤੀਆਂ ਜਾ ਸਕਦੀਆਂ।

ਜੰਗ ਵਿੱਚ ਸੂਰਮਿਆਂ ਦੀ ਤਰ੍ਹਾਂ ਲੜ-ਮਰਿ, ਮਿੱਟੀ ਵਿੱਚ ਮਿਲ ਕੇ, (ਜਾਂ ਪਿੰਡੇ `ਤੇ ਭਸਮ ਚੜ੍ਹਾ ਕੇ), ਵੀ ਉਸ ਦੇ ਦਰ `ਤੇ ਪ੍ਰਵਾਨ ਨਹੀਂ ਹੋਇਆ ਜਾ ਸਕਦਾ।

ਨਾਨਕ ਵਿਚਾਰ ਕਰਦਾ ਹੈ: ਮਨੁੱਖ ਦੇ ਕੀਤੇ ਕਰਮਾਂ ਦਾ ਲੇਖਾ/ਹਿਸਾਬ ਉਸ ਦੇ ਮਨ ਦੀ ਭਾਵਨਾ/ਮਨੋਰਥ/ਝੁਕਾਅ ਦੇ ਆਧਾਰ `ਤੇ ਹੀ ਲਿਖਿਆ ਜਾਂਦਾ ਹੈ। ਨਿਰਲੇਪ ਅਕਾਲ ਪੁਰਖ ਸੱਚੇ, ਸੁਹਿਰਦ ਤੇ ਨਿਸ਼ਕਾਮ ਮਨ ਨਾਲ ਨਾਮ-ਸਿਮਰਨ ਕਰਨ ਨਾਲ ਹੀ ਪਤੀਜਦਾ ਹੈ। ਇਸ ਲਈ ਮਨੁੱਖ ਨੂੰ (ਦਿਖਾਵੇ ਦੇ ਦੰਭ ਛੱਡ ਕੇ, ਮਨ ਦੇ ਮਕਸਦ/ਭਾਵਨਾ ਨੂੰ ਪਰਮਾਰਥੀ ਬਣਾਉਂਦਿਆਂ) ਸਦਸਥਿਰ ਪ੍ਰਭੂ ਦਾ ਨਾਮ-ਸਿਮਰਨ ਦੇ ਰਾਹ ਪੈਣਾ ਚਾਹੀਦਾ ਹੈ।

ਉਕਤ ਵਿਚਾਰੇ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ, ਦੁਨਿਆਵੀ ਸੁਆਰਥ ਦੀ ਖ਼ਾਤਿਰ, ਬ੍ਰਾਹਮਣਾਂ, ਜੋਗੀਆਂ, ਜੈਨੀਆਂ, ਮੌਲਵੀਆਂ ਆਦਿ ਦੁਆਰਾ ਕੀਤੇ/ਕਰਵਾਏ ਜਾਂਦੇ ਦਿਖਾਵੇ ਦੇ ਕਰਮਾਂ ਅਤੇ ਠੱਗੀ ਵਾਸਤੇ ਕੀਤੇ ਜਾਂਦੇ ਖੇਖਣਾਂ (ਧਰਮ-ਗ੍ਰੰਥਾਂ ਦੇ ਪਾਠ, ਰਾਗ/ਕੀਰਤਨ, ਰੰਗ-ਬਰੰਗੇ ਬਾਣੇ ਤੇ ਧਾਰਮਿਕ ਚਿੰਨ੍ਹ, ਧਰਮ ਦੇ ਨਾਂ `ਤੇ ਧਰਮ ਦਾ ਧੰਦਾ, ਧਰਮ ਨਾਲ ਸੰਬੰਧਿਤ ਰੰਗ-ਤਮਾਸ਼ੇ, ਤੀਰਥਾਂ ਦੇ ਦਰਸ਼ਨ/ਯਾਤ੍ਰਾ, ਨਿਰਵਸਤ੍ਰਤਾ, ਬ੍ਰਹਮਚਰਜਤਾ, ਦਾਨ, ਉਜਾੜਾਂ ਵਿੱਚ ਏਕਾਂਤ-ਵਾਸ, ਧਰਮ ਦੇ ਨਾਂ `ਤੇ ਮਰਨ ਮਾਰਨ ਦੀ ‘ਸੂਰਮਤਾਈ’ ਅਤੇ ਪਿੰਡੇ `ਤੇ ਭਸਮ ਮਲਨ ਆਦਿ) ਦਾ ਖੰਡਨ ਕਰਦੇ ਹੋਏ, ਮੰਦਭਾਵਨਾਵਾਂ ਤੋਂ ਮੁਕਤ ਮਨ ਨਾਲ, ਨਾਮ-ਸਿਮਰਨ ਦੇ ਰਾਹ ਪੈਣ ਦਾ ਸੁਝਾਅ ਦਿੰਦੇ ਹਨ।

ਪਾਠਕ ਸੱਜਨੋਂ! ਜੇ ਅਸੀਂ ਸੱਚੇ ਤੇ ਨਿਰਪੱਖ ਮਨ ਨਾਲ ਉਪਰੋਕਤ ਸ਼ਬਦ ਦੀ ਕਸੌਟੀ `ਤੇ ਆਪਣੇ ਆਪ ਨੂੰ ਪਰਖੀਏ ਤਾਂ ਸਾਨੂੰ, ਨਿਰਸੰਦੇਹ, ਆਪਣੀਆਂ ਕਰਤੂਤਾਂ `ਤੇ ਸ਼ਰਮਸਾਰ ਹੋਣਾ ਪਵੇਗਾ! ਗੁਰੂ ਨਾਨਕ ਦੇਵ ਜੀ ਦੁਆਰਾ ਨਕਾਰੇ ਗਏ ਸਾਰੇ ਖੇਖਣ ਅਸੀਂ ਗੱਜ ਵੱਜ ਕੇ, ਧੂਮ ਧਾਮ ਤੇ ਨਿਸੰਗਤਾ ਨਾਲ ਕਰਦੇ ਹਾਂ! ਇਥੇ ਹੀ ਬਸ ਨਹੀਂ, ਅਸੀਂ ਕਈ ਨਵੇਂ ਖੇਖਣ ਵੀ ਈਜਾਦ ਕਰ ਲਏ ਹੋਏ ਹਨ ਜੋ ਦੂਜੇ ਧਰਮਾਂ ਵਿੱਚ ਵਿਆਪਕ ਖੇਖਣਾਂ ਨੂੰ ਵੀ ਮਾਤ ਪਾਉਂਦੇ ਹਨ! ਹੋਰ ਵੀ ਦੁੱਖ ਦੀ ਗੱਲ ਤਾਂ ਇਹ ਹੈ ਕਿ ਅਸੀਂ ਮੰਦਭਾਵਨਾਵਾਂ ਵਾਲੇ ਇਹ ਮਨਮਤੀ ਆਡੰਬਰ ਕਰਨ ਵਿੱਚ ਅਤਿਅੰਤ ਫ਼ਖ਼ਰ ਵੀ ਮਹਿਸੂਸ ਕਰਦੇ ਹਾਂ, ਅਤੇ ਇਨ੍ਹਾਂ ਅਡੰਬਰਾਂ ਨੂੰ ਆਪਣੀ ਪਹਚਾਨ ਦਾ ਨਾਮ ਦਿੰਦੇ ਹਾਂ!

ਗੁਰਇੰਦਰ ਸਿੰਘ ਪਾਲ

ਦਸੰਬਰ 1, 2013.




.