ਸਾਡਾ ਪੰਜਾਬ
ਗੁਰਸ਼ਰਨ ਸਿੰਘ ਕਸੇਲ
ਹਰ ਦੇਸ਼ ਦੇ ਵਸਨੀਕਾਂ ਦਾ ਆਪਣੀ-ਆਪਣੀ ਜਨਮ ਭੂਮੀ ਨਾਲ ਬਹੁਤ ਪਿਆਰ ਹੁੰਦਾ ਹੈ; ਅਤੇ ਖਾਸ ਕਰਕੇ
ਜੇਕਰ ਉਹ ਵਸਨੀਕ ਵਿਦੇਸ਼ ਵਿਚ ਰਹਿੰਦੇ ਹੋਣ ਤਾਂ ਫਿਰ ਹੋਰ ਵੀ ਪਿਆਰ ਵੱਧ ਜਾਂਦਾ ਹੈ । ਇੰਜ਼ ਹੀ
ਪੰਜਾਬ ਤੋਂ ਬਾਹਰ ਵਸਦੇ ਪੰਜਾਬੀਆਂ ਦਾ ਵੀ ਆਪਣੇ ਪੰਜਾਬ ਨਾਲ ਅਥਾਹ ਪਿਆਰ ਹੈ । ਇਸੇ ਪਿਆਰ ਵਿਚ
ਖੀਵੇ ਹੋਏ ਪੰਜਾਬੀ ਇਹ ਗਾਣਾ ਵੀ ਗਾਉਂਦੇ ਹਨ, “ ਜਿਵੇਂ ਫੁੱਲਾਂ ਵਿਚੋਂ ਫੁੱਲ ਗੁਲਾਬ ਨੀ ਸਈਓ,
ਇਵੇਂ ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀ ਸਈਓ” । ਇਹ ਧਰਤੀ ਕਦੀ ਗੁਰੂਆਂ, ਪੀਰਾਂ ਤੇ ਯੋਧਿਆਂ ਦੀ ਧਰਤੀ
ਮੰਨੀ ਜਾਂਦੀ ਸੀ । ਪੰਜਾਬ ਦੇ ਚੰਗੇ-ਚੰਗੇ ਲੇਖਕ, ਕਲਾਕਾਰ, ਗਾਇਕ ਅਤੇ ਫਿਲਮਾ ਵਿਚ ਕੰਮ ਕਰਨ ਵਾਲੇ
ਬਹੁਤ ਮਸ਼ਹੂਰ ਸਨ । ਪਰ ਕੀ ਅੱਜ ਪੰਜਾਬ ਦੀ ਉਹੀ ਸ਼ਾਂਨ ਹੈ ? ਕੀ ਅੱਜ ਪੰਜਾਬ ਦੇ ਲੋਕ ਪੰਜਾਬੀ
ਬੋਲਣ, ਲਿਖਣ ਨੂੰ ਗਰਬ ਮਹਿਸੂਸ ਕਰਦੇ ਹਨ ? ਕੀ ਪੰਜਾਬ ਦੀਆਂ ਉਹ ਸਮਾਜਕ ਕਦਰਾਂ ਕੀਮਤਾਂ ਅੱਜ ਵੀ
ਹਨ ? ਉਹੀ ਪੰਜਾਬ ਜਿਸਨੂੰ ਗੁਲਾਬ ਦੇ ਫੁੱਲ ਨਾਲ ਅਸੀਂ ਤੁਲਣਾ ਕਰਦੇ ਸਾਂ, ਅੱਜ ਕਿਥੇ ਖੜ੍ਹਾ ਹੈ,
ਇਹ ਸੱਭ ਕੁਝ ਉਥੇ ਗਿਆਂ ਹੀ ਪਤਾ ਲੱਗਦਾ ਹੈ ।
ਵੇਖਣ ਨੂੰ ਹਰ ਕੋਈ ਉਥੇ ਬਹੁਤ ਧਰਮੀ ਹੈ । ਕਿਸੇ ਗੁਰਦੁਆਰੇ, ਮੰਦਰ ਜਾਂ ਕਿਸੇ ਕਿਸੇ ਹੋਰ ਧਰਮ
ਵਾਲੀਆਂ ਨੇ ਆਪਣੇ ਧਾਰਮਕ ਸਥਾਨ ਤੋਂ ਸਪੀਕਰਾਂ ਦੀ ਅਵਾਜ਼ ਤੁਹਾਨੂੰ ਜਰੂਰੀ ਸੁਣਾਉਣੀ ਹੀ ਹੈ ।
ਜੇਕਰ ਗਲਤੀ ਨਾਲ ਕਿਸੇ ਨੇ ਆਖ ਦਿਤਾ ਕਿ ਇਸ ਅਵਾਜ਼ ਨੂੰ ਧਰਮ ਸਥਾਨ ਦੀ ਹਦੂਦ ਵਿਚ ਰਹਿਣ ਜੋਗੀ ਕਰ
ਲਓ ਤਾਂ ਤੁਸੀਂ ਝੱਟ-ਪੱਟ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰ ਦਿਤੀ ਗਈ ਸਮਝਦੇ ਹਨ; ਪਰ
ਜਿਹੜੀ ਗੱਲ ਧਰਮ ਗ੍ਰੰਥ ਤੋਂ ਸਾਨੂੰ ਆਪਣੇ ਜੀਵਨ ਵਿਚ ਅਪਨਾਉਣ ਲਈ ਸੁਣਾਈ ਜਾ ਰਹੀ ਹੁੰਦੀ ਹੈ,
ਉਸਦੇ ਅਸੀਂ ਲਾਗੇ-ਲਾਗੇ ਵੀ ਨਹੀਂ ਜਾਂਦੇ । ਅੱਜ ਬਹੁ-ਗਿਣਤੀ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ
ਸਾਹਿਬ (ਸ਼ਬਦ ਗੁਰੂ) ਦੀ ਬਾਣੀ ਨਾਲੋਂ ਅਖੌਤੀ ਸਾਧਾਂ ਸੰਤਾਂ ਦੀਆਂ ਮਨਘੜ੍ਹਤ ਕਹਾਣੀਆਂ ‘ਤੇ ਜਿਆਦਾ
ਵਿਸ਼ਵਾਸ ਹੈ । ਅੱਜ ਅਸੀਂ ਸਿੱਖ “ਸ਼ਬਦ ਗੁਰੂ” ਦੇ ਪੁਜਾਰੀ ਹੋਣ ਦਾ ਦਾਵਾ ਕਰਨ ਵਾਲੇ ਇਹ ਵੀ ਨਹੀਂ
ਜਾਣਦੇ ਕਿ “ਸ਼ਬਦ ਗੁਰੂ” ਕਿਸਨੂੰ ਆਖਦੇ ਹਨ, ਇਹ ਸਮਝਣ ਦੀ ਅੱਜੇ ਦੂਰ ਦੀ ਗੱਲ ਲਗਦੀ ਹੈ । ਅੱਜ
ਸਾਡੇ ਪੰਜਾਬ ਦੇ ਸਿੱਖਾਂ ਵਿਚ ਮਨਮਤ ਅਤੇ ਵਹਿਮਾਂ ਭਰਮਾ ਦਾ ਭਰਪੂਰ ਬੋਲਬਾਲਾ ਹੈ । ਇਨੇ ਸਾਧਾਂ
ਸੰਤਾਂ ਦੇ ਡੇਰੇ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰ ਕਰਨ ਦੇ ਦਾਵੇ ਕਰਨ ਦੇ ਬਾਵਜੂਦ ਵੀ ਗੁਰਮਤਿ
ਜੀਵਨ ਜਾਚ ਵਿਚ ਧਾਰਮਿਕ ਬਿਰਤੀ ਵਾਲਾ ਸਿੱਖ ਲੱਭਣਾ ਲਾਟਰੀ ਨਿਕਲਣ ਵਾਂਗਰ ਹੈ ।
ਗੁਰਦੁਆਰੇ ਜਾਂ ਧਾਰਮਿਕ ਸਮਾਗਮ ਸਮੇਂ ਜਿਸਦੇ ਹੱਥ ਵਿਚ ਮਾਈਕ ਹੁੰਦਾ ਹੈ, ਉਹ ਆਪਣੀ ਹੀ ਰਹਿਤ
ਮਰਯਾਦਾ ਬਣਾਈ ਫਿਰਦਾ ਹੈ । ਪੰਜਾਬ ਵਿਚ ਇਕ ਵਿਆਹ ਤੇ ਜਾਣ ਦਾ ਮੌਕਾ ਮਿਲਿਆ । ਉਥੇ ਕੀਰਤਨ ਕਰਨ
ਵਾਲੇ ਭਾਈ ਜੀ ਅੰਦਰ ਹਾਰਮੂਨੀਅਮ ਨੂੰ ਤਿਆਰ ਰਹੇ ਸਨ, ਜਦੋਂ ਵਿਆਹ ਵਾਲਾ ਲੜਕਾ, ਲੜਕੀ ਅਤੇ ਕੁਝ
ਰਿਸ਼ਤੇਦਾਰ ਅੰਦਰ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਰਹੇ ਸਨ ਤਾਂ ਉਹ ਪ੍ਰਚਾਰਕ ਵੀਰ ਕਹਿੰਦਾ ਕਿ
ਜਰਾਬਾਂ ਅਤੇ ਜੁੱਤੀ ਇਕੋ ਚੀਜ਼ ਹੈ, ਇਸ ਕਰਕੇ ਸਾਰੇ ਜਰਾਬਾਂ ਲਾਹ ਕੇ ਬੈਠੋ । ਜਦ ਕਿ ਲੜਕੇ ਦੀਆਂ
ਜਰਾਬਾਂ ਬਿਲਕੁਲ ਸਾਫ ਸਨ ਪਰ ਕਹਿਣ ਵਾਲੇ ਭਾਈ ਜੀ ਦੇ ਥੱਲੀਓ ਗੰਦੇ ਪੈਰ ਦੂਰੋਂ ਦਿਸ ਰਹੇ ਸਨ ।
ਏਨੀ ਸਰੀਰ ਦੀ ਹਿੰਦੂ ਧਰਮ ਵਾਂਗੂ ਸੁੱਚਮ ਰੱਖਣ ਦੀ ਹੋਰਨਾ ਨੂੰ ਗੱਲ ਕਰਨ ਵਾਲਾ ਆਪ ਜੇਬ ਵਿਚੋਂ
ਫੋਨ ਕੱਢਕੇ ਹਾਰਮੂਨੀਅਮ ਤੇ ਰੱਖਕੇ ਆਪ ਲਾਵਾਂ ਦਾ ਪਾਠ ਪੜ੍ਹ ਰਿਹਾ ਸੀ । ਫਿਰ ਉਸ ਤੋਂ ਅੱਗੇ ਉਹੀ
ਪ੍ਰਚਾਰਕ ਆਪਣਾ ਫੋਨ ਜੇਬ ਵਿਚ ਪਾ ਕੇ ਉਥੋਂ ਉਠਕੇ ਸਿਧਾ ਮੁੱਖਵਾਕ ਲੈਣ ਲਈ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਤਾਬਿਆ ਤੇ ਬੈਠ ਗਿਆ । ਮੈਂ ਸੋਚ ਰਿਹਾ ਸੀ ਕਿ ਕੀ ਇਸ ਪ੍ਰਚਾਰਕ ਨੇ ਆਪਣੇ ਫੋਨ ਫੜਨ
ਵਾਲੇ ਥੁੱਕ ਲੱਗੇ ਹੱਥ ਹੁਣ ਸਾਫ ਕੀਤੇ ਹਨ ?
ਹਾਂ, ਸਫਾਈ ਦੇ ਤੌਰ ਤੇ ਜੇਕਰ ਕਿਸੇ ਦੀਆਂ ਜੁਰਾਬਾਂ ਗੰਦੀਆਂ ਹਨ ਜਾਂ ਬਦਬੂਅ ਆਉਂਦੀ ਹੈ ਤਾਂ ਜਰੂਰ
ਲਾਹ ਲੈਣੀਆਂ ਚਾਹੀਦੀਆਂ ਹਨ । ਰਹਿਤ ਮਰਯਾਦਾ ਅਨੁਸਾਰ ਗੁਰਦੁਆਰੇ ਅੰਦਰ ਸ਼ਾਇਦ ਜੁੱਤੀ ਲਾਉਣੀ ਵੀ
ਸਫਾਈ ਕਰਕੇ ਹੀ ਹੈ । ਕਨੇਡਾ ਵਿਚ ਵੀ ਸਾਫ ਸੁਥਰੇ ਘਰਾਂ ਅੰਦਰ ਜਾਂਦੇ ਸਾਰ ਹੀ ਆਪਣੀਆਂ ਜੁੱਤੀਆਂ
ਲਾ ਦੇਂਦੇ ਹਨ; ਹਾਂ ਜਿਸ ਘਰ ਪੈਰ ਗੰਦੇ ਹੋਣ ਦਾ ਡਰ ਹੋਵੇ ਉਥੇ ਨਹੀਂ ਲਾਉਦੇ । ਹੋ ਸਕਦਾ ਹੈ ਕਿਸੇ
ਹੋਰ ਦੇਸ਼ ਵੀ ਇੰਜ਼ ਲੋਕ ਕਰਦੇ ਹੋਣ ।
ਇਕ ਕਥਾ ਵਾਚਕ ਲੜਕੀ ਦੇ ਵਿਆਹ ਨੂੰ ਕੰਨਿਆ ਦਾਨ ਆਖੀ ਜਾ ਰਿਹਾ ਸੀ, ਵੇਖਣ ਨੂੰ ਭਾਂਵੇ ਉਹ ਵੀਰ ਪੰਜ
ਕਕਾਰੀ ਲੱਗਦਾ ਸੀ । ਉਂਝ ਗੱਲ ਗੱਲ ਨਾਲ ਸਾਡੇ ਮਹਾਪੁਰਖ ਇਹ ਆਖਦੇ ਸਨ, ਉਹ ਆਖਦੇ ਸਨ । ਪਰ ਇਹ
ਨਹੀਂ ਸੀ ਪਤਾ ਕਿ ਸਿੱਖ ਧਰਮ ਵਿਚ ਕੰਨਿਆ ਦਾਨ ਨਹੀਂ ਹੁੰਦਾ । ਉਸ ਕਥਾ ਵਾਲੇ ਦੇ ਮਹਾਪੁਰਖ ਨੇ ਜਾਂ
ਉਸਨੂੰ ਇਹ ਦੱਸਿਆ ਨਹੀਂ ਸੀ ਜਾਂ ਉਸਦੇ ਮਹਾਪੁਰਖ ਨੂੰ ਆਪ ਹੀ ਸਿੱਖ ਸਿਧਾਤ ਦੀ ਸੋਝੀ ਨਹੀਂ ਸੀ ।
ਆਮ ਮਨੁੱਖ ਵੀ ਜਾਣਦਾ ਹੈ ਕਿ ਜਦੋਂ ਕੋਈ ਚੀਜ਼ ਦਾਨ ਕਰ ਦਿਤੀ ਜਾਵੇ ਤਾਂ ਫਿਰ ਉਸ ‘ਤੇ ਦਾਨ ਕਰਨ
ਵਾਲੇ ਦਾ ਕੋਈ ਹੱਕ ਨਹੀਂ ਰਹਿੰਦਾ, ਪਰ ਕੀ ਸਾਡੀਆਂ ਧੀਆਂ, ਭੈਣਾ ਤੇ ਉਹਨਾਂ ਦੇ ਵਿਆਹ ਮਗਰੋਂ ਸਾਡਾ
ਕੋਈ ਹੱਕ ਨਹੀਂ ਰਹਿੰਦਾ ? ਜਾਂ ਧੀਆਂ, ਭੈਣਾ ਦਾ ਆਪਣੇ ਜਨਮ ਦੇਣ ਵਾਲੇ ਪ੍ਰੀਵਾਰ ਤੇ ਵਿਆਹ ਮਗਰੋਂ
ਕੋਈ ਰਿਸ਼ਤਾ ਨਹੀਂ ਰਹਿਂਦਾ ? ਪਰ ਮਾਈਕ ਤੇ ਬੋਲਦੇ ਨੂੰ ਕੋਣ ਰੋਕੇ ਨਾਲੇ ਫਿਰ ਜਿਥੇ ਸਾਰੇ ਹੀ ਧੋਣਾ
ਸੁੱਟਕੇ ਸਿਰਫ ਅੱਗੋਂ “ਵਾਹਿਗੁਰੂ” ਹੀ ਆਖਣ ਵਾਲੇ ਹੋਣ ।
ਪੰਜਾਬ ਦੇ ਸ਼ਹਿਰਾਂ ਵਿਚ ਪੰਜਾਬੀ ਬੋਲਣ ਵੱਲ ਕੋਈ ਖਿਆਲ ਨਹੀਂ ਹੈ । ਅੰਗਰੇਜੀ ਮੀਡੀਮ ਵਾਲੇ ਇਕ
ਸਕੂਲ ਵਿਚ ਸਾਡੇ ਇਕ ਰਿਸ਼ਤੇਦਾਰ ਦੀ ਚਾਰ ਕੁ ਸਾਲ ਦੀ ਬੇਟੀ ਪੜ੍ਹਦੀ ਹੈ । ਉਹਨਾਂ ਦੱਸਿਆ ਕਿ ਸਾਡੀ
ਬੱਚੀ ਦੀ ਟੀਚਰ ਆਖਦੀ ਹੈ ਕਿ “ਤੁਸੀਂ ਘਰ ਇਸ ਨਾਲ ਹਿੰਦੀ ਬੋਲਿਆ ਕਰੋ” । ਉਥੇ ਸਾਰਾ ਦਿਨ ਸਕੂਲ
ਵਿਚ ਹਿੰਦੀ ਬੋਲਦੇ ਹਨ । ਸੁੱਣਨ ਵਿਚ ਇਹ ਵੀ ਆਇਆ ਹੈ ਕਿ ਕਈ ਸਕੂਲਾ ਵਿਚ ਹਿੰਦੀ ਨਾਂ ਬੋਲਣ ਕਰਕੇ
ਬੱਚਿਆਂ ਨੂੰ ਜੁਰਮਾਨੇ ਵੀ ਕੀਤੇ ਜਾਂਦੇ ਹਨ । ਅੱਜੇ ਕਹਿਣ ਨੂੰ ਪੰਜਾਬ ਵਿਚ ਪੰਜਾਬੀ ਲਾਜਮੀ ਹੈ ।
ਹੋਰ ਕਿਸੇ ਸਕੂਲ ਨੂੰ ਕੀ ਆਖੋਗੇ ! ਮੈਂਨੂੰ ਕੁਝ ਲੋਕਾਂ ਕੋਲੋਂ ਇਹ
ਸੁਣਕੇ ਦੁੱਖ ਤੇ ਹੈਰਾਨੀ ਵੀ ਹੋਈ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਲੜਕੀਆਂ ਵਾਲੇ ਖਾਲਸਾ ਸਕੂਲ
ਵਿਚ ਬਹੁ-ਗਿਣਤੀ ਟੀਚਰ ਜਿਥੇ ਆਪ ਤਾਂ ਹਿੰਦੀ ਬੋਲਦੀਆਂ ਹੀ ਹਨ, ਸਕੂਲ ਦੇ ਬੱਚਿਆਂ ਨਾਲ ਵੀ ਤੇ
ਬੱਚਿਆਂ ਨੂੰ ਵੀ ਹਿੰਦੀ ਬੋਲਣ ਲਈ ਮਜਬੂਰ ਕਰਦੇ ਹਨ । ਉਂਝ ਵੀ ਇਸ ਸਕੂਲ ਦੀ ਮੁੱਖੀ ਅਧਿਆਪਕਾ ਵੀ
ਹਿੰਦੂ ਧਰਮ ਨਾਲ ਸਬੰਧਤ ਹੈ ਅਤੇ ਬਹੁ-ਗਿਣਤੀ ਅਧਿਆਪਕਾ ਵੀ ਹਿੰਦੂ ਧਰਮ ਨੂੰ ਮੰਨਣ ਵਾਲੀਆਂ ਹੀ ਹਨ
। ਹਿੰਦੂ ਅਧਿਆਪਕਾ ਦਾ ਹੋਣਾ ਮਾੜਾ ਨਹੀਂ ਪਰ ਪੰਜਾਬ ਵਿਚ ਤੇ ਖਾਸ ਕਰਕੇ ਸਿੱਖਾਂ ਦੇ ਸਕੂਲ ਕਾਲਜ
ਵਿਚ ਪੰਜਾਬੀ ਬੋਲੀ ਨੂੰ ਪਿੱਛੇ ਸੁੱਟਕੇ ਵਿਦਿਆਰਥੀਆਂ ਨੂੰ ਹਿੰਦੀ ਬੋਲਣ ਲਈ ਮਜਬੂਰ ਕਰਨਾ ਦੁੱਖ ਦਾ
ਵਿਸ਼ਾ ਜਰੂਰ ਹੈ । ਜਿਹੜੇ ਸਾਡੇ ਲੀਡਰ ਆਪਣੇ ਖਾਲਸਾ ਸਕੂਲਾਂ ਵਿਚ ਪੰਜਾਬੀ ਬੋਲਣੀ ਲਾਗੂ ਨਹੀਂ ਕਰਵਾ
ਰਹੇ, ਉਹ ਅੰਗਰੇਜੀ ਸਕੂਲਾਂ ਅਤੇ ਹਿੰਦੂ ਧਰਮ ਵਾਲੇ ਸਕੂਲਾਂ ਵਿਚ ਪੰਜਾਬੀ ਲਾਜ਼ਮੀ ਕਿਵੇਂ ਕਰਵਾ
ਸਕਣਗੇ ?
ਵਿਦੇਸ਼ਾਂ ਵਿਚ ਬੈਠੇ ਪੰਜਾਬ ਅਤੇ ਪੰਜਾਬੀ ਭਾਸ਼ਾ ਦੇ ਮਦੀਓ ! ਸਾਡੇ ਆਪਣੇ ਘਰ ਵਿਚ ਤਾਂ ਪੰਜਾਬੀ
ਭਾਸ਼ਾ ਨੂੰ ਦੁਰਕਾਰਿਆ ਜਾ ਰਿਹਾ ਹੈ, ਉਹ ਵੀ ਪੰਜਾਬੀ ਭਾਸ਼ਾ ਦੇ ਪਹਿਰੇਦਾਰ ਅਖਵਾਉਣ ਵਾਲਿਆਂ ਵਲੋਂ
ਹੀ, ਕਿਸੇ ਹੋਰ ਤੇ ਗੁੱਸਾ ਕੀ ਕਰੋਗੇ ।
ਰਹੀ ਗੱਲ ਨਸ਼ਿਆਂ ਦੀ ਉਹ ਤਾਂ ਹੁਣ ਹੱਦੋਂ ਟੱਪ ਚੁੱਕੀ ਹੈ । ਕਈ ਮਾਪੇ ਆਪਣੇ ਪੁੱਤਾਂ ਦੇ ਨਸ਼ਈ ਹੋਣ
ਕਰਕੇ, ਉਹਨਾਂ ਦਾ ਨਸ਼ਾ ਛਡਾਉਣ ਦੀ ਖਾਤਰ ਈਸਾਈ ਬਣਨ ਜਾਂ ਸਾਧਾਂ ਦੇ ਡੇਰਿਆਂ ਵਲ ਜਾ ਰਹੇ ਹਨ । ਇਹ
ਵਾਕਿਆ ਸਾਡੇ ਪਿੰਡ ਕਸੇਲ ਦੇ ਇਕ ਸਿੱਖਾਂ ਦੇ ਘਰ ਦਾ ਵੀ ਹੈ । ਜਿਹੜੇ ਹੁਣ ਈਸਾਈ ਬਣ ਗਏ ਹਨ ।
ਆਵਾਜਾਈ ਲਈ ਭਾਂਵੇ ਕਿ ਕਾਰਾਂ, ਸਕੂਟਰ ਤਾਂ ਬਹੁਤ ਲੋਕਾਂ ਕੋਲ ਆ ਗਏ ਹਨ ਪਰ ਸੜਕ ਤੇ ਇੰਜ਼ ਲੱਗਦਾ
ਹੈ ਕਿ ਇਸ ਸੂਬੇ ਵਿਚ ਕੋਈ ਪੜ੍ਹਿਆ ਲਿਖਿਆ ਸੁਝਵਾਨ ਇਨਸਾਨ ਹੈ ਹੀ ਨਹੀਂ ਹੈ । ਛੋਟੀ-ਛੋਟੀ ਉਮਰ ਦੇ
ਸਕੂਲ ਪੜ੍ਹਦੇ ਬੱਚੇ ਬਿਨਾ ਲਾਈਸੰਸ ਮੋਟਰ ਸਾਈਕਲ, ਸਕੂਟਰ ਆਦਿ ਚਲਾ ਰਹੇ ਹਨ । ਕਿਉਂਕਿ ਲਾਈਸੰਸ
ਲੈਣ ਦੀ ਅਜੇ ਉਹਨਾਂ ਦੀ ਉਮਰ ਨਹੀਂ ਹੋਈ । ਕੋਈ ਪੁਲਸ ਵਾਲਾ ਉਹਨਾਂ ਨੂੰ ਰੋਕਦਾ ਨਹੀਂ ਹੈ । ਉਂਜ
ਗੱਲਾਂ ਵਿਚ ਰੀਸਾ ਭਾਂਵੇਂ ਅਸੀਂ ਕੈਲੋਫੋਰਨੀਆਂ ਦੀਆਂ ਕਰੀ ਜਾਈਏ ਪਰ ਸੜਕ ਤੇ ਗਿਆਂ ਪਤਾ ਲੱਗਦਾ ਹੈ
ਕਿ ਅਸੀਂ ਕਿਹੋ ਜਿਹੇ ਮੁਲਕ ਵਿਚ ਫਿਰ ਰਹੇ ਹਾਂ ।
ਜਿਸ ਪੰਜਾਬ ਦੇ ਪਾਣੀ ਨੂੰ ਸ਼ਰਬਤ ਵਰਗਾ ਸਾਡੇ ਗੀਤਕਾਰ ਲਿਖਦੇ ਹਨ, ਉਸ ਪਾਣੀ ਨਾਲ ਕੈਂਸਰ ਵਰਗੇ
ਭਿਆਨਕ ਰੋਗ ਪੈਦਾ ਹੋ ਰਹੇ ਹਨ । ਜਿਸਦੇ ਵੱਧ ਜੁਮੇਵਾਰ ਕਾਰਖਾਨਿਆਂ ਦੇ ਮਾਲਕ ਹੀ ਹਨ ।
ਸੁਣਨ ਨੂੰ ਮਿਲਦਾ ਹੈ ਕਿ ਪੰਜਾਬ ਵਿਚ ਤਰਕੀ ਬਹੁਤ ਹੋ ਗਈ ਹੈ ਜਾਂ ਹੋ ਰਹੀ ਹੈ ਪਰ ਫਿਰ ਵੀ
ਬਹੁ-ਗਿਣਤੀ ਪੜ੍ਹਿਆ ਨਾ ਪੜ੍ਹਿਆ ਪੰਜਾਬੀ ਖਾਸ ਕਰਕੇ ਸਿੱਖ ਵਿਦੇਸ਼ਾਂ ਨੂੰ ਭੱਜਣ ਲਈ ਹਰ ਹੀਲਾ ਵਰਤਨ
ਲਈ ਕਿਉਂ ਤਿਆਰ ਹਨ ?
ਹੇ ਪੰਜਾਬ ਵਾਸੀਓ ! ਹੋਰ ਨਹੀਂ ਤਾਂ ਘੱਟੋ ਘੱਟ ਆਪਣੀ ਪੰਜਾਬੀ ਭਾਸ਼ਾ ਨੂੰ ਤਾਂ ਪੰਜਾਬ ਵਿਚ ਬਚਾ ਲਓ
। ਸਿੱਖ ਧਰਮ ਦੇ ਪ੍ਰਚਾਰ ਵਿਚ ਤਾਂ ਪਹਿਲਾਂ ਹੀ ਗੁਰਮਤਿ ਵਿਰੋਧੀ ਤਾਕਤਾਂ ਹਾਵੀ ਹੋ ਚੁੱਕੀਆਂ ਹਨ ।