ਸਾਇੰਸਦਾਨ ਕਹਿੰਦੇ ਹਨ ਕਿ ਸੜਕ ’ਤੇ ਪਿਆ ਇਕ ਪੱਥਰ, ਆਪਣੇ ਆਪ ’ਚ ਕੁਝ ਕਣ
ਰੱਬੀ ਨਿਯਮਾਂ ਦੇ ਅਧੀਨ ਜੁੜ ਬੈਠੇ ਹਨ। ਜੇ ਧਰਤੀ ’ਤੇ ਕੁਝ ਡਿੱਗਦਾ ਹੈ ਤਾਂ ਧਰਤੀ ਦੀ ਆਕਰਸ਼ਨ
ਸ਼ਕਤੀ ਕਾਰਨ ਖਿੱਚਿਆ ਥੱਲੇ ਨੂੰ ਡਿੱਗਦਾ ਹੈ। ਜੇ ਧਰਤੀ ਦੀ ਆਕਰਸ਼ਨ ਸ਼ਕਤੀ ਤੋਂ ਬਾਹਰ ਚਲੇ ਜਾਵੋ ਤਾਂ
ਉਥੇ ਕੁਦਰਤ ਦਾ ਕੋਈ ਹੋਰ ਨਿਯਮ ਲਾਗੂ ਹੋ ਰਿਹਾ ਹੁੰਦਾ ਹੈ। ਪਾਣੀ ਦਾ ਇਕ-ਇਕ ਕਤਰਾ ਰੱਬੀ ਨਿਯਮ
ਅਧੀਨ ਪਾਣੀ ਤੋਂ ਭਾਪ, ਭਾਪ ਤੋਂ ਬੱਦਲ ਅਤੇ ਬੱਦਲਾਂ ਤੋਂ ਬਾਰਿਸ਼ ਬਣ ਕੇ ਵਸਦਾ ਹੈ।
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।
(ਗੁਰੂ ਗ੍ਰੰਥ ਸਾਹਿਬ, ਪੰਨਾ : 1)
ਅਨੁਸਾਰ ਰੱਬ ਜੀ ਦੀ ਸਦੀਵੀ ਸੱਤਾ, ਹੋਂਦ, ਸਦੀਵੀ ਸੱਚ ਦਾ ਪ੍ਰਗਟਾਵਾ ਹੈ।
ਮਨੁੱਖ ਦੇ ਤਨ, ਸਰੀਰ ਦਾ ਇਕ-ਇਕ ਰੋਮ ਰੱਬੀ ਨਿਯਮ ਵਿਚ ਚੱਲ ਰਿਹਾ ਹੈ।
ਸ੍ਰਿਸ਼ਟੀ ਦਾ ਜ਼ਰਾ-ਜ਼ਰਾ ਅਤੇ ਸਰੀਰ ਦਾ ਸਾਰਾ ਸਿਸਟਮ ਰੱਬੀ ਨਿਯਮ ਅਨੁਸਾਰ ਕੰਮ ਕਰਦਾ ਹੈ, ਫਿਰ ਨਾ
ਹੀ ਸ੍ਰਿਸ਼ਟੀ ਦਾ ਕੁਝ ਝੂਠ ਹੈ ਅਤੇ ਨਾ ਹੀ ਮਨੁੱਖ ਦਾ ਸਰੀਰ।
ਸ੍ਰਿਸ਼ਟੀ ਵਿਚ ਉਥਲ ਪੁਥਲ ਜਾਂ ਧਰਤੀ ਫਨਾਹ ਹੋ ਕੇ ਮੁੜ ਵਸਦੀ ਹੈ ਤਾਂ ਇਹ
ਸਭ ਕੁਝ ਰੱਬੀ ਨਿਯਮ ਦੀ ਇਕਮਿਕਤਾ ਵਿਚ ਹੋ ਰਿਹਾ ਹੈ। ਜਿਵੇਂ ਕਾਇਨਾਤ ਵਿਚ ਪਤਝੜ ਆਉਣ ’ਤੇ ਪੱਤੇ
ਝੜਦੇ ਹਨ ਅਤੇ ਵਕਤ ਨਾਲ ਮੁੜ ਨਵੇਂ ਫੁੱਲ ਪੱਤੇ ਆਉਂਦੇ ਹਨ, ਉਸੇ ਤਰ੍ਹਾਂ ਰੱਬੀ ਨਿਯਮਾਂ ਅਧੀਨ
ਮਨੁੱਖ ਦਾ ਸਰੀਰ ਬਣਦਾ ਹੈ ਅਤੇ ਬਿਨਸਦਾ ਹੈ। ਸ੍ਰਿਸ਼ਟੀ ਦਾ ਉਪਜਨ ਬਿਨਸਨ ਦਾ ਗੇੜ ਅਤੇ ਪਤਝੜ ਦਾ
ਮੁੱਖ ਕਾਰਨ ਹੈ ਕਿ ਪੱਤੇ ਜ਼ਮੀਨ ’ਤੇ ਡਿੱਗਦੇ ਹਨ, ਜਿਸ ਕਾਰਨ ਧਰਤੀ ਨੂੰ ਮੁੜ ਤਾਕਤ ਮਿਲਦੀ ਹੈ ਅਤੇ
ਨਵੀਂ ਕਾਇਨਾਤ ਖਿੜਦੀ, ਉਪਜਦੀ ਹੈ। ਇਹ ਸਭ ਕੁਝ ਕੁਦਰਤ ਦੇ ਕੀਮਤੀ ਵਿਸਮਾਦਤ ਨਿਯਮ ਅਨੁਸਾਰ ਖਰਾ
ਸੱਚ ਵਾਪਰਦਾ ਦਿਸਦਾ ਹੈ ਅਤੇ ਰੱਬੀ ਨਿਯਮਾਂ (ਇਕਮਿਕਤਾ) ਅਧੀਨ ਹੁੰਦਾ ਹੈ ਇਸ ਲਈ ਇਥੇ ਕੁਝ ਵੀ ਝੂਠ
ਨਹੀਂ।
ਇਸ ਸਾਰੀ ਵਿਚਾਰ ਨੂੰ ਇਕ ਕਹਾਣੀ ਦੀ ਮਦਦ ਨਾਲ ਸਮਝਣ ਦਾ ਜਤਨ ਕਰਦੇ ਹਾਂ
ਤਾਂ ਕਿ ਸਮਝ ਪੈ ਸਕੇ ਕਿ ਕਿਵੇਂ ਮਨੁੱਖ ਦੇ ਆਪਣੇ ਵੇਖਣ ਦੇ ਨਜ਼ਰੀਏ, ਧਾਰਨਾ ਅਤੇ ਸੋਚਣੀ ਕਾਰਨ ਹੀ
ਜਗਤ ਨੂੰ ਝੂਠਾ ਬਿਆਨਿਆ ਜਾ ਰਿਹਾ ਹੈ।
ਇਕ ਵਾਰੀ ਇਕ ਕੁੱਤਾ ਸ਼ੀਸ਼ ਮਹਿਲ ਦੇ ਅੰਦਰ ਜਾਂਦਾ ਹੈ ਪਰ ਬਾਹਰ ਨਿਕਲਣ ਦਾ
ਰਸਤਾ ਭੁੱਲ ਜਾਂਦਾ ਹੈ। ਕੁੱਤਾ ਚਾਰੋ ਪਾਸੇ ਲੱਗੇ ਸ਼ੀਸ਼ਿਆਂ ਵਿਚ ਆਪਣਾ ਅਕਸ, ਆਪਣਾ ਹੀ ਪਰਛਾਵਾਂ
ਦੇਖ ਕੇ ਡਰ ਜਾਂਦਾ ਹੈ, ਸ਼ੀਸ਼ਿਆਂ ਵਿਚ ਆਪਣੇ ਹੀ ਅਕਸ ਨੂੰ ਕਈ ਕੁੱਤਿਆਂ ਦੇ ਰੂਪ ਵਿਚ ਦੇਖਦਾ ਹੈ ਤੇ
ਭੌਂਕਦਾ ਹੈ, ਮੂੰਹ ਨਾਲ ਵੱਢਣ ਦੇ ਜਤਨ ਨਾਲ ਆਪ ਹੀ ਲਹੂ-ਲੁਹਾਨ ਹੋ ਕੇ ਮਰ ਜਾਂਦਾ ਹੈ।
ਇਸ ਕਹਾਣੀ ਵਿਚੋਂ ਕੁਝ ਸਵਾਲਾਂ ਦੇ ਉੱਤਰ ਲੱਭਦੇ ਹਾਂ :-
1. ਕੀ ਕੁੱਤੇ ਨੂੰ ਸਹੀ ਮਾਇਨੇ ਵਿਚ ਸਾਰੇ ਕੁੱਤੇ ਮਾਰਨ ਨੂੰ ਆ ਰਹੇ ਸਨ ?
2. ਕੀ ਦਰਵਾਜ਼ਾ ਨਹੀਂ ਸੀ ਜਾਂ ਕੁੱਤਾ ਭੁੱਲ ਗਿਆ ਸੀ ?
3. ਕੀ ਸ਼ੀਸ਼ੇ ਵਿਚ ਦਿਖਾਈ ਦੇ ਰਹੇ ਕੁੱਤੇ ਝੂਠੇ ਦਿਸ ਰਹੇ ਹਨ ਜਾਂ ਅਸਲੀਅਤ
ਵਿਚ ਹੈ ਸਨ ?
4. ਕੀ ਕੁੱਤਾ ਇਨ੍ਹਾਂ ਕੁੱਤਿਆਂ ਵਲੋਂ ਮਾਰਿਆ ਗਿਆ ?
ਸਵਾਲਾਂ ਦੇ ਜਵਾਬ :-
1. ਕੁੱਤੇ ਨੂੰ ਅਸਲੀਅਤ ਵਿਚ ਆਪਣੇ ਅਕਸ ਕਾਰਨ ਕੁੱਤੇ ਮਾਰਨ ਆ ਰਹੇ ਦਿਸਦੇ
ਸਨ ਪਰ ਕੁੱਤੇ ਹੈ ਹੀ ਨਹੀਂ ਸਨ।
2. ਦਰਅਸਲ ਦਰਵਾਜ਼ਾ ਤਾਂ ਸੀ ਪਰ ਕੁੱਤੇ ਨੂੰ ਸਹੀ ਮਾਇਨੇ ਵਿਚ, ਡਰ ਕਾਰਨ
ਪੈਦਾ ਹੋਏ ਭਰਮ ਨੇ ਸ਼ੀਸ਼ ਮਹਿਲ ਦੇ ਦਰਵਾਜ਼ੇ ਦੇ ਸਹੀ ਰਸਤੇ ਤੋਂ ਭਟਕਾ ਦਿੱਤਾ ਸੀ। ਨਾ ਤਾਂ ਦਰਵਾਜ਼ਾ,
ਨਾ ਸ਼ੀਸ਼ ਮਹਿਲ ਝੂਠਾ ਸੀ ਅਤੇ ਨਾ ਹੀ ਕਿਸੇ ਨੇ ਕੁਰਾਹੇ ਪਾਇਆ ਹੋਇਆ ਸੀ। ਕੇਵਲ ਕੁੱਤੇ ਦੇ ਮਨ ਦਾ
ਭਰਮ ਹੀ ਝੂਠਾ ਸੀ।
3. ਸ਼ੀਸ਼ਿਆਂ ਵਿਚ ਦਿਖਾਈ ਦੇ ਰਹੇ ਸਾਰੇ ਕੁੱਤੇ ਹੈ ਹੀ ਨਹੀਂ ਸਨ। ਇਹ ਤਾਂ
ਉਸਨੂੰ ਭਰਮ ਕਾਰਨ ਦਿਸ ਰਹੇ ਸਨ।
4. ਕੁੱਤਾ ਉਨ੍ਹਾਂ ਕੁੱਤਿਆਂ ਵਲੋਂ ਨਹੀਂ ਮਾਰਿਆ ਗਿਆ ਬਲਕਿ ਆਪਣੀ
ਅਗਿਆਨਤਾ, ਡਰ ਅਤੇ ਭਰਮ ਕਾਰਨ ਆਪ ਹੀ ਉਨ੍ਹਾਂ ਨਾਲ ਉਲਝ ਕੇ ਮਰ ਗਿਆ।
ਇਸ ਕਹਾਣੀ ਤੋਂ ਅਸੀਂ ਸਮਝਣ ਦਾ ਜਤਨ ਕਰੀਏ ਕਿ ਦੁਨੀਆ ਵਿਚ ਦਿਖਾਈ ਦੇ ਰਹੇ
ਧਨ, ਪਦਾਰਥ, ਜੀਵ-ਜੰਤੂ, ਪਸ਼ੂ-ਪੰਛੀ (ਜ਼ਮੀਨ-ਅਸਮਾਨ) ਨੂੰ ਝੂਠਾ ਕਹਿਣ ਦੀ ਜ਼ਿੰਮੇਵਾਰ ਸਾਡੀ
ਅਗਿਆਨਤਾ ਭਰੀ ਸੋਚ ਹੈ। ਅਸੀਂ ਉਨ੍ਹਾਂ ਚੀਜ਼ਾਂ ਨੂੰ ਡਰ, ਪਕੜ, ਲੋਭ ਵਸ ਅਤੇ ਉਨ੍ਹਾਂ ਦੀ ਮੁਥਾਜੀ
ਕਾਰਨ ਜਿਵੇਂ ਦੇਖਦੇ ਹਾਂ ਸਾਡਾ ਹਾਲ ਭਰਮ ਵਿਚ ਫਸੇ ਉਸ ਕੁੱਤੇ ਵਾਲਾ ਹੁੰਦਾ ਹੈ। ਅਸੀਂ ਸਤਿਗੁਰ ਦੀ
ਮਤ ਵਾਲਾ (ਗੁਰ-ਦੁਆਰ) ਦਰਵਾਜ਼ਾ ਭੁੱਲ ਜਾਂਦੇ ਹਾਂ। ਉਸ ਸ਼ੀਸ਼ ਮਹਿਲ ਦਾ ਦਰਵਾਜ਼ਾ ਵੀ ਸੱਚ ਸੀ ਅਤੇ ਇਸ
ਸ੍ਰਿਸ਼ਟੀ, ਦੁਨੀਆ ਵਿਚ ਵੀ ਗੁਰ-ਗਿਆਨ (ਸਤਿਗੁਰ) ਰਾਹੀਂ ਬਿਬੇਕ ਬੁੱਧੀ ਪ੍ਰਾਪਤ ਕਰਨ ਦਾ ‘ਦਰ’ ਵੀ
ਮੌਜੂਦ ਹੈ। ਪਰ ਅਸੀਂ ਆਪਣੀ ਹੀ ਗਲਤ ਸੋਚਣੀ ਦੀ ਅੱਖ ਅਤੇ ਨਜ਼ਰੀਏ ਕਾਰਨ ਸੱਚ ਦੇ ਗਿਆਨ ਦਾ ਦਰਵਾਜ਼ਾ
ਭੁੱਲ ਕੇ ਭਟਕਦੇ ਰਹਿੰਦੇ ਹਾਂ ਅਤੇ ਆਤਮਕ ਮੌਤ ਮਰਦੇ ਰਹਿੰਦੇ ਹਾਂ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸ੍ਰਿਸ਼ਟੀ ਵਿਚ ਮਨ ਲੁਭਾਵੇਂ ਮਾਇਆ, ਸੁਖ ਸਹੂਲਤ
ਦੇ ਸਾਧਨ, ਖਾਣ-ਪੀਣ ਦੇ ਪਦਾਰਥ ਹਨ। ਕਈ ਇਸਤ੍ਰੀਆਂ ਨੂੰ ਮਰਦ ਅਤੇ ਕਈ ਮਰਦਾਂ ਨੂੰ ਇਸਤ੍ਰੀਆਂ
ਆਕਰਸ਼ਿਤ ਕਰਦੀਆਂ ਹਨ। ਕਈ ਮਰਦਾਂ ਨੂੰ ਇਸਤ੍ਰੀ ਅਤੇ ਇਸਤ੍ਰੀਆਂ ਨੂੰ ਮਰਦ ਭੈੜੇ ਲੱਗਦੇ ਹਨ। ਇਸ
ਕਿਸਮ ਦੀ ਸੋਚਣੀ ਕਾਰਨ ਅਸੀਂ ਕਿਸੇ ਨੂੰ ਭੈੜਾ ਤੇ ਕਿਸੇ ਨੂੰ ਚੰਗਾ ਕਰਾਰ ਕਰਦੇ ਰਹਿੰਦੇ ਹਾਂ। ਇਹ
ਸਾਡੀ ਸੋਚਣੀ ਦੀ ਵੇਖਣ ਵਾਲੀ ਅੱਖ ਹੀ ਝੂਠ ਹੈ ਵਰਨਾ ਸ੍ਰਿਸ਼ਟੀ ਦਾ ਕੁਝ ਵੀ ਝੂਠ ਨਹੀਂ।
ਉੱਪਰ ਵਿਚਾਰੀ ਗਈ ਕਹਾਣੀ ਮੁਤਾਬਕ, ਕੁੱਤੇ ਨੇ ਸ਼ੀਸ਼ਿਆਂ ਵਿਚ ਜੋ ਦੇਖਿਆ ਉਹ
ਉਸਦਾ ਆਪਣਾ ਹੀ ਅਕਸ ਸੀ - ਪਰ ਅਸਲੀਅਤ ਵਿਚ ਕੁਝ ਵੀ ਨਹੀਂ ਸੀ। ਇਥੇ ਵਿਚਾਰਨਯੋਗ ਬਾਰੀਕ ਨੁਕਤਾ ਇਹ
ਹੈ ਕਿ ਸ਼ੀਸ਼ੇ ਦੇ ਅਕਸ ਦੀ ਤੁਲਨਾ ਵਿਚ, ਅਸੀਂ ਸ੍ਰਿਸ਼ਟੀ ਦਾ ਜੋ ਕੁਝ ਵੀ ਦੇਖਦੇ ਹਾਂ, ਉਹ ਸਭ ਕੁਝ
ਮੌਜੂਦ ਹੈ, ਹਾਜ਼ਰ ਹੈ ਛੂਹ ਕੇ ਮਹਿਸੂਸ ਕਰ ਸਕਦੇ ਹਾਂ। ਸਭ ਪਦਾਰਥ ਸੱਚ ਵਿਚ ਹਨ ਅਤੇ ਰੱਬੀ ਕਿਰਤ
ਦਾ ਅੰਗ ਹਨ। ਪਰ ਸ਼ੀਸ਼ੇ ਵਿਚ ਪਰਛਾਵਾਂ ਸਾਡਾ ਬਣਾਇਆ ਹੈ ਉਹ ਮਨੁੱਖੀ ਕਿਰਤ ਹੈ। ਸੋ ਅਕਸ ਝੂਠਾ ਹੋ
ਸਕਦਾ ਹੈ ਪਰ ਸ੍ਰਿਸ਼ਟੀ ਦਾ ਇਕ ਇਕ ਜ਼ਰਾ ਰੱਬੀ ਨੂਰ ਦੀ ਸੱਚਾਈ ਬਿਆਨ ਕਰ ਰਿਹਾ ਹੈ। ‘‘ਏਹੁ ਵਿਸੁ
ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ।’’(ਗੁਰੂ ਗ੍ਰੰਥ
ਸਾਹਿਬ, ਪੰਨਾ : 922)
ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਧਾਰਮਕ ਦੁਨੀਆ ਵਿਚ ਇਹ ਪ੍ਰਚਾਰਿਆ ਜਾ
ਰਿਹਾ ਹੈ ਕਿ ਰੱਬ ਜੀ ਤਾਂ ਸੱਚੇ ਹਨ ਬਾਕੀ ਦੁਨੀਆ ਝੂਠ ਹੈ। ਕਾਰਨ ਇਹੀ ਹੈ ‘‘ਕਿ ਰੱਬ ਜੀ ਨੂੰ
ਸ੍ਰਿਸ਼ਟੀ ਤੋਂ ਅਲੱਗ ਸੱਤਵੇਂ ਅਸਮਾਨ ਜਾਂ ਪਰਲੋਕ ਵਿਚ ਬੈਠੀ ਕੋਈ ਹਸਤੀ ਮੰਨਿਆ ਜਾ ਰਿਹਾ ਹੈ। ਜੋ
ਸ੍ਰਿਸ਼ਟੀ ਚਲਾ ਰਿਹਾ ਹੈ ਪਰ ਸ੍ਰਿਸ਼ਟੀ ਤੋਂ ਅਲੱਗ ਬੈਠਾ ਹੈ। ਧਾਰਮਿਕਤਾ ਮਨੁੱਖ ਦੇ ਅੰਦਰ
ਵਾਪਰਦੀ ਹੀ ਉਦੋਂ ਹੈ ਜਦੋਂ ਮਨੁੱਖ ਨੂੰ ਗਿਆਨ-ਗੁਰੂ ਰਾਹੀਂ ਬਿਬੇਕ ਬੁੱਧੀ ਪ੍ਰਾਪਤ ਹੋ ਜਾਂਦੀ ਹੈ।
ਗਿਆਨ-ਗੁਰੂ ਸਾਡੇ ਸਾਰੇ ਭਰਮ ਲਾਹ ਸੁਟਦਾ ਹੈ।
ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ।।
(ਗੁਰੂ ਗ੍ਰੰਥ ਸਾਹਿਬ, ਪੰਨਾ : 51)
ਸਾਰਾ ਹੀ ਬ੍ਰਹਿਮੰਡ, ਜਗ ਸ੍ਰਿਸ਼ਟੀ ਬ੍ਰਹਮ ਹੀ ਬ੍ਰਹਮ ਭਾਵ ਰੱਬ ਜੀ ਦਾ ਨੂਰ
ਹੀ ਹੈ। ਇਹ ਸਦੀਵੀ ਸੱਚ ਕਿ ਸਭ ਕੁਝ ਰੱਬੀ ਨੂਰ ਹੈ, ਇਕ-ਇਕ ਜ਼ਰਾ ਰੱਬੀ ਨੂਰ ਨਾਲ ਭਰਪੂਰ ਹੈ ਪਰ
ਅਸੀਂ ਅਗਿਆਨਤਾ ਵੱਸ ਇਸ ਜਗ ਦੀ ਹਰ ਚੀਜ਼ ਨੂੰ ਝੂਠਾ ਕਰਾਰ ਕਰਦੇ ਰਹਿੰਦੇ ਹਾਂ ਅਤੇ ਜੇ ਇਸ ਤੋਂ
ਮੂੰਹ ਮੋੜ ਕੇ, ਇਸਨੂੰ ਨਿੰਦ ਕੇ ਇਸ ਦਾ ਤਿਆਗ ਕਰੀਏ ਤਾਂ ਇਸ ਵਿਚ ਕੋਈ ਧਾਰਮਕਤਾ ਨਹੀਂ ਹੈ। ਬਲਕਿ
ਧਾਰਮਕਤਾ ਇਸ ਵਿਚ ਹੈ ਕਿ ਸਤਿਗੁਰ (ਸੱਚ ਦਾ ਗਿਆਨ) ਅਨੁਸਾਰ, ਆਪਣਾ ਨਜ਼ਰੀਆ ਠੀਕ ਕਰਕੇ ਇਸਨੂੰ
ਗਿਆਨ ਅੰਜਨ ਦੀਆਂ ਅੱਖਾਂ ਨਾਲ ਵੇਖਣ ਦੀ ਬਿਬੇਕ ਬੁੱਧ ਪ੍ਰਾਪਤ ਕਰੀਏ। ਜਿਵੇਂ ਕਿ ਗੁਰਬਾਣੀ ਵਿਚ ਇਕ
ਜਗ੍ਹਾ ਆਉਂਦਾ ਹੈ :-
ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ।।
(ਗੁਰੂ ਗ੍ਰੰਥ ਸਾਹਿਬ, ਪੰਨਾ : 293)