. |
|
ਭੇਖਧਾਰੀ ਧਾਰਮਿਕ ਠੱਗ?
ਅਵਤਾਰ ਸਿੰਘ ਮਿਸ਼ਨਰੀ (5104325827)
ਭੇਖੀਧਾਰੀ ਉਹ ਹੁੰਦਾ ਹੈ ਜੋ ਬਾਹਰੀ ਤੌਰ ਤੇ ਸਰੀਰ ਉੱਤੇ
ਭੁਲੇਖਾ ਪਾਊ ਧਰਮ ਭੇਖ ਧਾਰਨ ਕਰਕੇ, ਅੰਦਰੂੰਨੀ ਤੌਰ ਤੇ ਜਨਤਾ ਨੂੰ ਥੋਥੇ ਕਰਮਕਾਂਡਾਂ ਰੂਪ
ਛਾਲਾਵਿਆਂ ਰਾਹੀਂ, ਕਿਰਤ ਤੋਂ ਭਗੌੜਾ ਰਹਿ ਕੇ, ਡੇਰਾ, ਮੱਠ ਆਦਿਕ (ਧਰਮ ਅਸਥਾਨ) ਬਣਾ ਕੇ
ਪੂਜਾ-ਪਾਠਾਂ, ਜੰਤ੍ਰਾਂ-ਮੰਤ੍ਰਾਂ, ਫੋਕੀਆਂ ਸਿਮਰਨ ਸਮਾਧੀਆਂ ਅਤੇ ਕਲਪਿਤ ਨਰਕ-ਸਵਰਗ ਜਾਂ ਸੱਚਖੰਡ
ਦੇ ਡਰਾਵੇ ਤੇ ਲਾਲਚ ਦੇ ਕੇ, ਲੋਕਾਂ ਨੂੰ ਆਪਣੇ ਭਰਮਜਾਲ ਰਾਹੀਂ ਦੋਹੀਂ ਹੱਥੀਂ ਲੁੱਟੇ। ਇਨ੍ਹਾਂ
ਭੇਖੀਆਂ ਤੇ ਧਾਰਮਿਕ ਠੱਗਾਂ ਤੋਂ ਸਿੱਖ ਕੌਮ ਨੂੰ ਕੋਈ ਅਗਵਾਈ ਨਹੀਂ ਲੈਣੀ ਚਾਹੀਦੀ ਕਿਉਂਕਿ ਇਹ
ਗੁਰੂ ਸ਼ਰੀਕ ਸ਼੍ਰੀਚੰਦੀਏ, ਦਾਤੂਦਾਸੀਏ, ਮੀਣੇ ਪਿਰਥੀਏ, ਰਾਮਰਾਈਏ, ਧੀਰਮੱਲੀਏ, ਉਦਾਸੀ-ਨਿਰਮਲੇ ਅਤੇ
ਬਾਬੇ ਬਕਾਲੇ ਵਾਲੇ ਬਾਈ ਮੰਜੀਆਂ ਦੇ ਭੇਖੀ ਦੇਹਧਾਰੀ ਠੱਗ ਮਸੰਦਾਂ ਦੇ ਹੀ ਵਾਰਸ ਹਨ।
ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਤਾਂ ਤੇ
ਚੱਲਣ ਵਾਲੇ ਆਗੂ ਚਾਹੀਦੇ ਹਨ ਇਹ ਤਾਂ ਚਿੱਟੀਆਂ ਸਿਉਂਕਾਂ ਆਪੋ ਆਪਣੇ ਵੱਡੇ ਵਡੇਰੇ ਸੰਤਾਂ,
ਮਹੰਤਾਂ, ਸੰਪ੍ਰਦਾਈਆਂ ਅਤੇ ਡੇਰੇਦਾਰਾਂ ਦੇ ਠੱਗ ਸਿਧਾਂਤ ਤੇ ਚਲਦੇ ਹਨ। ਗੁਰੂ ਗ੍ਰੰਥ ਤਾਂ ਇਨ੍ਹਾਂ
ਨੇ ਸਿੱਖਾਂ ਨੂੰ ਭੁਲੇਖਾ ਪਾ ਕੇ, ਧਰਮ ਸ਼ਰਧਾ ਨਾਲ ਲੁੱਟਣ ਲਈ ਡੇਰਿਆਂ ਵਿੱਚ ਪ੍ਰਕਾਸ਼ ਕੀਤਾ ਹੈ।
ਜਿਵੇਂ ਮਛੇਰਾ ਮੱਛੀਆਂ ਫੜਨ ਲਈ ਕੁੰਡੀ ਅੱਗੇ ਮਾਸ ਦੀ ਬੋਟੀ ਜਾਂ ਗਡੋਆ ਪਰੋ ਲੈਂਦਾ ਹੈ ਤਾਂ
ਮੱਛੀਆਂ ਖਾਣ ਦੇ ਲਾਲਚ ਅਤੇ ਮੀਟ ਦੇ ਭੁਲੇਖੇ ਮੁਛੇਰਿਆਂ ਦੀਆਂ ਕੁੰਡੀਆਂ ਵਿੱਚ ਫਸ ਕੇ ਆਪਣੀ ਜਾਨ
ਗਵਾ ਲੈਂਦੀਆਂ ਹਨ।
ਯਾਦ ਰਹੇ ਕਿ ਗੁਰੂਆਂ ਅਤੇ ਗੁਰੂ ਗ੍ਰੰਥ ਵਿਚਲੇ ਭਗਤ
ਸਾਹਿਬਾਨਾਂ ਨੇ ਕਿਸੇ ਵੀ ਅਜਿਹੇ ਭੇਖੀ ਠੱਗ ਸਾਧ-ਸੰਤ ਜਾਂ ਡੇਰੇਦਾਰ ਨੂੰ ਕੋਈ ਮਾਨਤਾ ਨਹੀਂ ਦਿੱਤੀ
ਸਗੋਂ ਇਨ੍ਹਾਂ ਪ੍ਰਤੀ ਕਿਹਾ ਹੈ ਕਿ- ਓਇ
ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠੱਗ॥ ਐਸੇ ਸੰਤ ਨ ਮੋਂ ਕਉ ਭਾਵਹਿ॥ (੪੭੬)
ਭਾਵ ਅਜਹੇ ਆਪੂੰ ਬਣੇ ਭੇਖੀ ਸੰਤ ਮੈਨੂੰ ਚੰਗੇ ਨਹੀਂ ਲਗਦੇ।
ਮਨਮੁਖ ਭਰਮਿ ਭੁਲੇ ਭੇਖਧਾਰੀ (੧੦੫੨)
ਇਹ ਮਨਮੁੱਖ ਅਤੇ ਭਰਮ ਭੁਲੇਖਆਿਂ ਵਿੱਚ ਪਏ ਅਤੇ ਪਾਣ ਵਾਲੇ
ਭੇਖਧਾਰੀ ਹਨ। ਗੁਰੂ ਗ੍ਰੰਥ ਵਿਖੇ ਜੋ ਸਾਧ, ਸੰਤ ਜਾਂ ਬਾਬਾ ਲਫਜ਼ ਆਏ ਹਨ ਉਹ ਗੁਰੂ, ਭਗਤ, ਬਜੁਰਗ
ਅਤੇ ਸਤਸੰਗੀ ਕਿਰਤੀਆਂ ਲਈ ਹਨ ਨਾਂ ਕਿ ਧਰਮ ਦੇ ਨਾਂ ਤੇ ਦੁਕਾਨਾਂ ਖੋਲੀ ਬੈਠੇ, ਕਿਰਤ ਤੋਂ ਭਗੌੜੇ,
ਚੋਲਾਧਾਰੀ ਇਨ੍ਹਾਂ ਭੇਖੀ ਠੱਗਾਂ ਵਾਸਤੇ। ਅੱਜ ਸਾਨੂੰ ਸਾਰੀਆਂ ਲੜਾਈਆਂ-ਭੜਾਈਆਂ ਅਤੇ ਆਪਸੀ ਮਤਿਭੇਦ
ਛੱਡ ਕੇ, ਮਨੁੱਖਤਾ ਦੇ ਗੁਰੂ ਗਿਆਨ ਦੇ ਭੰਡਾਰ
"ਗੁਰੂ ਗ੍ਰੰਥ ਸਾਹਿਬ"
ਦੀ ਬਾਣੀ ਨੂੰ ਤਨਦੇਹੀ, ਸ਼ਰਧਾ ਪਿਆਰ ਅਤੇ ਸਤਿਕਾਰ ਨਾਲ ਪੜ੍ਹਨਾਂ, ਭਾਵਅਰਥਾਂ ਨੂੰ ਸਮਝਣਾ ਅਤੇ
ਗੁਰਉਪਦੇਸ਼ਾਂ ਤੇ ਅਮਲ ਕਰਕੇ ਅਸਲੀ ਸਿੱਖ (ਸਿਖਿਆਰਥੀ) ਬਣਨਾ ਚਾਹੀਦਾ ਹੈ। ਗੁਰੂ ਨੇ ਅਜਿਹੇ ਭੇਖੀ
ਠੱਗ ਵਿਚੋਲੇ ਪੁਜਾਰੀਆਂ ਤੋਂ ਹੀ ਤਾਂ ਦੇਸ਼ਵਾਸੀਆਂ ਨੂੰ ਬਚਾਇਆ ਅਤੇ ਸਮੁੱਚੇ ਸੰਸਾਰ ਨੂੰ ਬਚੇ ਰਹਿਣ
ਦਾ ਉਪਦੇਸ਼ ਦਿੱਤਾ ਸੀ ਜੋ ਚੰਗੇ ਭਾਗਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਖੇ ਮਜ਼ੂਦ ਹੈ।
ਆਓ ਆਪੋ ਆਪਣੇ ਘਰ ਪ੍ਰਵਾਰ, ਪਿੰਡ ਅਤੇ ਸਹਿਰ ਪੱਧਰ ਤੱਕ
ਇਨ੍ਹਾਂ ਭੇਖੀ ਧਰਮ ਠੱਗਾਂ ਤੋਂ ਆਪ ਸੁਚੇਤ ਹੋਈਏ ਤੇ ਹੋਰਨਾਂ ਨੂੰ ਕਰੀਏ। ਅੱਜ ਜੇ ਸਿੱਖ
"ਸਿੱਖ"
ਸ਼ਬਦ ਦਾ ਹੀ ਅਰਥ ਸਮਝ ਲੈਣ ਤਾਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਨ। ਸਿੱਖ ਦਾ ਸਿੱਧਾ ਸਾਦਾ ਅਰਥ ਹੈ
ਸਿੱਖਣ ਵਾਲਾ ਸਿਖਿਆਰਥੀ। ਸਿੱਖ ਦਾ ਧਰਮ ਗੁਰੂ, ਸ਼ਬਦ ਗੁਰੂ ਗ੍ਰੰਥ ਸਾਹਿਬ ਹੈ। ਆਪਣੇ ਆਪ ਨੂੰ ਸਿੱਖ
ਅਖਵਾਉਣ ਵਾਲਿਓ! ਜਰਾ ਸੋਚੋ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਖੁਦ ਕੁਝ ਸਿੱਖ ਰਹੇ ਹੋ ਜਾਂ
ਇਨ੍ਹਾਂ ਭੇਖੀ ਸਾਧਾਂ ਸੰਤਾਂ ਤੇ ਸੰਪ੍ਰਦਾਈਆਂ ਤੋਂ ਦੋਹੀਂ ਹੱਥੀ ਲੁੱਟੇ ਜਾ ਰਹੇ ਹੋ।
ਦੂਜਾ ਗੁਰਦੁਆਰੇ ਦਾ ਗ੍ਰੰਥੀ ਹੀ ਸੰਤ ਹੈ ਜੇ ਉਹ ਕੇਵਲ
ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤਾਂ ਅਨੁਸਾਰ ਸੰਗਤਿ ਨੂੰ ਸਿਖਿਆ ਦਿੰਦਾ ਹੈ
ਪਰ ਗੁਰੂ ਗ੍ਰੰਥ ਦਾ ਗ੍ਰੰਥੀ ਜੇ ਕਿਸੇ ਡੇਰੇ ਜਾਂ ਟਕਸਾਲ ਦਾ ਹੋਵੇਗਾ ਉਹ ਕਦੇ ਵੀ ਸਿੱਧਾ ਗੁਰੂ
ਨਾਲ ਨਹੀਂ ਜੋੜੇਗਾ ਸਗੋਂ ਭੇਖੀ ਸਾਧਾਂ ਦੀਆਂ ਮਿਥਿਹਾਸਕ ਕਥਾ ਕਹਾਣੀਆਂ ਦੀਆਂ ਪੂਛਾਂ ਹੀ ਫੜਾਉਂਦਾ
ਰਹੇਗਾ। ਸੋ ਇਨ੍ਹਾਂ ਭੇਖੀਆਂ ਤੋਂ ਬਚਣ ਲਈ ਆਪ ਗੁਰਮਤਿ ਸਿੱਖੋ ਤੇ ਹੋਰਨਾਂ ਨੂੰ ਸਿਖਾਓ ਅਤੇ ਭੇਖੀ
ਡੇਰੇਦਾਰ ਸਾਧਾਂ ਨੂੰ ਸਿੱਖੀ ਦੇ ਵਿਹੜੇ ਚੋਂ ਭਜਾਓ। ਘੱਟ ਤੋਂ ਘੱਟ ਗੁਰੂਆਂ, ਭਗਤਾਂ ਅਤੇ ਸੂਰਬੀਰ
ਯੋਧਿਆਂ ਦੀ ਧਰਤੀ ਪੰਜਾਬ ਵਿਖੇ ਤਾਂ ਕੋਈ ਭੇਖੀਆਂ ਦਾ ਡੇਰਾ ਨਾਂ ਰਹੇ। ਸੰਗਤਿ ਦੇ ਹੱਥ ਬਹੁਤ ਕੁਝ
ਹੈ ਜੇ ਸੰਗਤਿ ਇਨ੍ਹਾਂ ਭੇਖੀਆਂ ਦੇ ਡੇਰੇ ਉਸਾਰ ਸਕਦੀ ਹੈ ਤਾਂ ਉਝਾੜ ਵੀ ਸਕਦੀ ਹੈ।
|
. |