ਲਹੂ-ਭਿੱਜੀ ਚਮਕੌਰ- (ਕਿਸ਼ਤ ਨੰ. 6)
ਚਮਕੌਰ ਦੀ ਗੜ੍ਹੀ ਵਿੱਚ 7-8 ਪੋਹ ਦੀ ਰਾਤ
(Chapter- 6/13)
ਨੋਟ- ਲੜੀ ਜੋੜਨ ਲਈ ਕਿਸ਼ਤ ਨੰ. 5 ਪੜੋ
(ਸੁਖਜੀਤ ਸਿੰਘ ਕਪੂਰਥਲਾ)
ਕੁਛ ਲੇਟ ਗਏ ਖ਼ਾਕ ਪਿ ਜੀ-ਪੋਸ਼ ਬਿਛਾ ਕਰ।
ਪਹਿਰਾ ਲਗੇ ਦੇਨੇ ਕਈ ਤਲਵਾਰ ਉਠਾ ਕਰ।
ਕਲਗੀਧਰ ਪਾਤਸ਼ਾਹ ਨੇ ਕਈ ਸਿੰਘਾ ਦੀ ਡਿਊਟੀ ਪਹਿਰੇਦਾਰੀ ਤੇ ਲਗਾ ਦਿੱਤੀ
ਕਿਉਕਿ ਕਲਗੀਧਰ ਪਾਤਸ਼ਾਹ ਜਾਣਦੇ ਨੇ ਕਿ ਵੈਰੀਆਂ ਤੇ ਯਕੀਨ ਨਹੀ ਕੀਤਾ ਜਾ ਸਕਦਾ। ਹੁਣ ਇਥੇ ਸੌਣ ਲਈ
ਮੰਜਾ ਬਿਸਤਰਾ ਤੇ ਹੈ ਨਹੀ, ਇਸ ਲਈ “ਕੁਛ ਲੇਟ ਗਏ, ਖਾਕ ਪਿ ਜੀ-ਪੋਸ ਬਿਛਾ ਕਰ” ਜੋ ਕਪੜਾ
ਘੋੜੇ ਦੀ ਕਾਠੀ ਦੇ ਥੱਲੇ ਪਾਇਆ ਜਾਂਦਾ ਹੈ, ਉਸਨੂੰ “ਜੀ ਪੋਸ਼” ਕਹਿੰਦੇ ਹਨ। ਉਹ ਕਪੜਾ ਲੈ
ਕੇ ਮਿਟੀ ਤੇ ਹੀ ਵਿਛਾਉਣਾ ਕਰਕੇ ਉਸ ਉਪਰ ਹੀ ਸੂਰਬੀਰ ਲੇਟ ਗਏ ਨੇ। ਸਿੰਘ ਸੂਰਬੀਰਾ ਨੇ ਵਿਸ਼ੇਸ਼ ਤੌਰ
ਤੇ ਇੱਕ ਤੰਬੂ ਕਲਗੀਧਰ ਪਾਤਸ਼ਾਹ ਲਈ ਤਾਣ ਦਿੱਤਾ ਸੀ, ਪਾਤਸ਼ਾਹ ਉਸ ਤੰਬੂ ਵਿੱਚ ਚਲੇ ਗਏ।
ਜੋਗੀ ਅੱਲ੍ਹਾ ਯਾਰ ਖ਼ਾਂ ਦੀ ਕਲਮ ਜੋ ਕਿ ਇਸ ਕਿੱਸੇ ਦੀ ਮੁੱਖ ਗਵਾਹ ਹੈ। ਉਸ
ਵਿੱਚ ਇਹ ਕਲਾ ਹੈ ਤੇ ਇਸ ਤਰ੍ਹਾਂ ਲਗਦਾ ਹੈ ਕਿ ਇਸ ਕਿੱਸੇ ਨੂੰ ਲਿਖਦਿਆ ਹੋਇਆ ਇਹ ਕਲਮ ਇਸ ਜਗ੍ਹਾ
ਤੇ ਨਾਲ-ਨਾਲ ਹੀ ਵਿਚਰ ਰਹੀ ਹੈ ਅਤੇ ਸਭ ਕੁੱਝ ਆਪਣੀਆਂ ਅੱਖਾਂ ਨਾਲ ਦੇਖਦੀ ਹੋਈ ਬਿਆਨ ਕਰ ਰਹੀ
ਹੋਵੇ।
ਗੋਬਿੰਦ ਭੀ ਸ਼ਬਬਾਸ਼ ਹੂਏ ਖੈਮਾ ਮੇਂ ਜਾਕਰ।
ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ।
ਜੋਗੀ ਅੱਲ੍ਹਾ ਯਾਰ ਖ਼ਾਂ ਦੀ ਕਲਮ ਤੋ ਇੰਝ ਮਹਿਸੂਸ ਹੋ ਰਿਹਾ ਹੈ ਜਿਵੇ ਉਹ
ਅੱਖੀਂ ਡਿੱਠੇ ਹਾਲਾਤ ਲਿਖ ਰਿਹਾ ਹੋਵੇ। ਤੰਬੂ ਅੰਦਰ ਝਾਤੀ ਮਾਰ ਕੇ ਕੀ ਦੇਖਿਆ ਕਿ ਕਲਗੀਧਰ ਪਾਤਸ਼ਾਹ
ਲੇਟੇ ਨਹੀ, ਸੁੱਤੇ ਨਹੀ, ਉਹ ਗਰਦਨ ਝੁਕਾ ਕੇ ਬੈਠੇ ਹੋਏ ਨੇ।
ਮੁਆਫ ਕਰਨਾ ਅਜ ਦਾ ਸਿੱਖ ਆਪਣੇ ਆਪ ਨੂੰ ਸਿੱਖ ਤਾਂ ਬੜੀ ਸ਼ਾਨ ਅਖਵਾਉਂਦਾ
ਹੈ, ਪਰ ਕਲਗੀਧਰ ਪਾਤਸ਼ਾਹ ਦੇ ਤੰਬੂ ਵਿੱਚ ਝਾਤੀ ਮਾਰ ਕੇ ਬੱਕਰੇ ਝਟਕਾਉਣ ਦੀ ਗੱਲ ਵੀ ਲਿਖੀ ਜਾਂਦਾ
ਹੈ, ਕੋਈ ਕੁੱਝ ਲਿਖੀ ਜਾਦਾ ਹੈ, ਕੋਈ ਕੁਝ। ਪਰ ਮੁਆਫ ਕਰਨਾ! ਕੀ ਅਸੀਂ ਕਲਗੀਧਰ ਪਾਤਸ਼ਾਹ ਉਪਰ ਯਕੀਨ
ਕਰਦੇ ਹਾਂ
?
ਕਲਗੀਧਰ ਪਾਤਸ਼ਾਹ ਕੋਈ ਝੂਠੀਆਂ ਬਾਤਾਂ ਜਾਂ ਨਾਟਕ ਕਰਨ
ਵਾਲੇ ਨਹੀ ਸਨ। ਅਸੀ ਅਨੰਦਪੁਰ ਸਾਹਿਬ ਸਤਿਗੁਰੂ ਦੇ ਤੰਬੂ ਅੰਦਰ ਐਂਵੇ ਹੀ ਝਾਤੀਆਂ ਮਾਰੀ ਜਾਂਦੇ
ਹਾਂ, ਕਦੀ ਵੀ ਅਸੀਂ ਇਹ ਨਹੀ ਸੋਚਿਆ ਕਿ ਜੇਕਰ ਕਲਗੀਧਰ ਪਾਤਸ਼ਾਹ ਨੇ ਪਰਦਾ ਰੱਖਿਆ ਹੈ ਤਾਂ ਪਰਦਾ ਹੀ
ਰਹਿਣ ਦਈਏ। ਬਸ ਕਲਗੀਧਰ ਪਾਤਸ਼ਾਹ ਉਪਰ ਹੀ ਯਕੀਨ ਕਰੀਏ। ਸਿੱਖੀ ਦਾ ਮਤਲਬ ਹੈ ਆਪਣੇ ਗੁਰੂ ਉਪਰ
ਵਿਸ਼ਵਾਸ ਕਰਨਾ, ਯਕੀਨ ਕਰਨਾ। ਜੇਕਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਕਰ ਲਈਏ ਤਾਂ ਗੁਰੂ
ਸਾਹਿਬ ਹਨ। ਜੇਕਰ ਯਕੀਨ ਨਾ ਕਰੀਏ ਤਾਂ ਕਿਤਾਬ ਵੀ ਨਹੀ, ਇਹ ਤਾਂ ਸਾਡੇ ਵਿਸ਼ਵਾਸ ਤੇ ਭਾਵਨਾ ਦੀ ਬਾਤ
ਹੈ ਕਿ ਸਾਡੀ ਗੁਰੂ ਪ੍ਰਤੀ ਭਾਵਨਾ ਕੀ ਹੈ।
ਮੈਂ ਬੇਨਤੀ ਕਰਾਂ ਕਿ ਕਦੀ ਵੀ ਕਿਸੇ ਨੇ ਆਪਣੀ ਮਾਂ ਕੋਲੋ ਇਹ ਸਬੂਤ ਨਹੀ
ਮੰਗਿਆ ਹੋਵੇਗਾ ਕਿ ਮੈਨੂੰ ਮੇਰੇ ਬਾਪ ਦੇ ਅਸਲੀ ਬਾਪ ਹੋਣ ਦਾ ਸਬੂਤ ਦਿਉ ਕਿ ਇਹ ਮੇਰਾ ਬਾਪ ਹੈ।
ਕਿਉਕਿ ਕੁੱਝ ਬਾਤਾਂ ਸਬੂਤਾਂ ਤੇ ਨਿਰਭਰ ਨਾ ਹੋ ਕੇ ਭਾਵਨਾ ਅਤੇ ਯਕੀਨ ਦੀਆਂ ਹੁੰਦੀਆਂ ਹਨ। ਜੇਕਰ
ਕਲਗੀਧਰ ਪਾਤਸ਼ਾਹ ਤੇ ਵਿਸ਼ਵਾਸ ਕਰੀਏ ਤਾਂ ਉਹ ਸਭ ਕੁੱਝ ਹਨ ਜੇ ਨਾ ਕਰੀਏ ਤਾਂ ਕੁੱਝ ਵੀ ਨਹੀ। ਸਾਨੂੰ
ਕਲਗੀਧਰ ਪਾਤਸ਼ਾਹ ਤੇ ਵਿਸ਼ਵਾਸ ਕਰਨਾ ਪੈਣਾ ਹੈ। ਜੋਗੀ ਅੱਲ੍ਹਾ ਯਾਰ ਖ਼ਾਂ ਲਿਖ ਰਿਹਾ ਹੈ ਕਿ ਜਦੋ
ਮੇਰੀਆਂ ਅੱਖਾਂ ਨੇ ਤੱਕਿਆ ਕਿ ਕਲਗੀਧਰ ਪਾਤਸ਼ਾਹ ਲੇਟੇ ਨਹੀ, ਬਲਕਿ ਗਰਦਨ ਝੁਕਾ ਕੇ ਬੈਠ ਗਏ ਹਨ ਤੇ
ਮੈਂ ਆਪਣੇ ਕੰਨਾ ਨਾਲ ਕੀ ਸੁਣਿਆ
?
ਵਾਹਗੁਰੂ” “ਵਾਹਗੁਰੂ” ਹੈ ਮੂੰਹ ਸੇ ਨਿਕਲਤਾ।
ਹੈ ਤੂ ਹੀ ਤੂ! “ ਤੂ ਹੀ ਤੂ ਮੂੰਹ ਸੇ ਨਿਕਲਤਾ।
ਦੋਖੋ ਇਹ ਜੋਗੀ ਅੱਲ੍ਹਾ ਯਾਰ ਖਾਂ ਦੀ ਕਲਮ ਦੇ ਲਿਖਣ ਦਾ ਅੰਦਾਜ ਹੈ ਕਿ
ਪਾਤਸ਼ਾਹ ਗਰਦਨ ਝੁਕਾ ਕੇ ਬੈਠੇ ਹੋਏ ਨੇ ਤੇ ਉਹਨਾ ਦੇ ਮੁਖਾਰਬਿੰਦ ਤੋ “ਵਾਹਿਗੁਰੂ-ਵਾਹਿਗੁਰੂ”
ਦੇ ਅਲਫਾਜ ਨਿਕਲ ਰਹੇ ਹਨ। ਮੁਖਾਰਬਿੰਦ ਵਿਚੋ ਉਹੀ ਬਾਤ ਨਿਕਲ ਰਹੀ ਹੈ ਜੋ ਸਾਹਿਬ ਸ੍ਰੀ ਗੁਰੂ
ਗ੍ਰੰਥ ਸਾਹਿਬ ਵਿੱਚ ਦਰਜ ਹੈ।
ਰਸਨਾ ਜਪਤੀ ਤੂਹੀ ਤੂਹੀ।।
ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇੱਕ ਤੂਹੀ? (ਸਾਰਗ ਮਹਲਾ
੫-੧੨੧੫)
ਤੇ ਰਸਨਾ ਦੇ ਨਾਲ ‘ਤੂੰ ਹੀ ਤੂੰ ਹੀ` ਜਪਦਿਆ ਅਵਸਥਾ ਕਿਥੇ ਪਹੁੰਚ
ਜਾਦੀ ਹੈ, ਕਬੀਰ ਸਾਹਿਬ ਫੁਰਮਾਣ ਕਰਦੇ ਹਨ।
ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ।।
ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ।। (ਸਲੋਕ ਕਬੀਰ ਜੀ-੧੩੭੫)
ਇੱਕ ਗੱਲ ਕਹਿ ਕੇ ਮੈ ਇਸ ਕਿੱਸੇ ਨੂੰ ਅਗਾਂਹ ਨੂੰ ਤੋਰਾਂਗਾ।
ਸੁਲਤਾਨਪੁਰ ਲੋਧੀ ਦੀ ਧਰਤੀ ਉਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ਦੀ ਕਾਰ ਕੀਤੀ। ਇਹ
ਇਤਿਹਾਸਿਕ ਸੱਚ ਹੈ ਕਿ ਇਥੇ ਗੁਰੂ ਨਾਨਕ ਸਾਹਿਬ ਨੇ ਸੌਦਾ ਤੋਲਦਿਆਂ ਤੇਰਾਂ-ਤੇਰਾਂ ਦੀ ਗਿਣਤੀ
ਕਰਦਿਆਂ ਤੇਰਾ-ਤੇਰਾ ਕਹਿੰਦਿਆਂ ਸਾਰਾ ਮੋਦੀਖਾਨਾ ਲੁਟਾ ਦਿੱਤਾ ਸੀ।” ਤਵਾਰੀਖ ਗੁਰੂ ਖਾਲਸਾ”
ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਜਦੋਂ ਗੁਰੂ ਨਾਨਕ ਦੀਆਂ ਸ਼ਿਕਾਇਤਾਂ ਹੋਈਆਂ ਤਾਂ
ਮੋਦੀਖਾਨੇ ਦਾ ਹਿਸਾਬ ਕੀਤਾ ਗਿਆ। ਪਰ ਤੇਰਾ-ਤੇਰਾ ਕਹਿ ਕੇ ਲੁਟਾਉਣ ਤੋਂ ਬਾਅਦ ਵੀ ਗੁਰੂ ਨਾਨਕ ਦਾ
ਮੌਦੀਖਾਨੇ ਵਿੱਚੋ ਵਾਧਾ ਹੀ ਨਿਕਲਿਆ ਸੀ, ਘਾਟਾ ਨਹੀ ਸੀ ਨਿਕਲਿਆ।
ਪਰ ਜਦੋਂ ਅਸੀਂ ਗੁਰਦੁਆਰਿਆਂ ਵਿੱਚ 10-20-50 ਰੁਪਏ ਭੇਟਾ/ਸੇਵਾ ਵਜੋਂ
ਦਿੰਦੇ ਹਾਂ ਤਾਂ ਸਾਡੀ ਜੇਬ ਵਿੱਚ ਘਾਟਾ ਪੈ ਜਾਂਦਾ ਹੈ, ਉਸ ਵਿੱਚ ਵਾਧਾ ਨਹੀ ਹੁੰਦਾ। ਪਰ ਗੁਰੂ
ਨਾਨਕ ਲੁਟਾਉਣ ਤੋ ਬਾਅਦ ਵੀ ਵਾਧੇ ਵਿੱਚ ਰਹਿੰਦੇ ਨੇ, ਇਸ ਵਿੱਚ ਕੋਈ ਤਾਂ ਕਾਰਣ ਹੋਵੇਗਾ। ਇੱਕ
ਵਿਦਵਾਨ ਲਿਖਦਾ ਹੈ ਕਿ ਗੁਰੂ ਨਾਨਕ ਤੇਰਾ-ਤੇਰਾ ਕਹਿ ਕੇ ਲੁਟਾਉਂਦੇ ਹਨ, ਤੇ ਅਸੀ ਮੇਰਾ-ਮੇਰਾ ਕਹਿ
ਕੇ ਦਿੰਦੇ ਹਾਂ, ਬਸ! ਇਹੀ ਇੱਕ ਮੁੱਖ ਕਾਰਣ ਹੈ। ਮੁਆਫ ਕਰਨਾ ਸਾਡੀ ਹਾਲਤ, ਸਾਡੀ ਸੋਚ ਪਤਾ ਕਿਥੇ
ਖੜੀ ਹੈ, ਅਸੀ ਕੇਵਲ ਮੇਰਾ-ਮੇਰਾ ਕਹਿ ਕੇ ਦਿੰਦੇ ਹੀ ਨਹੀ ਬਲਕਿ ਅਸੀ ਗ੍ਰੰਥੀ ਸਿੰਘ ਦੇ ਮੂੰਹੋ
ਆਪਣਾ ਨਾਮ ਵੀ ਅਰਦਾਸ ਵਿੱਚ ਸੁਨਣਾ ਚਾਹੁੰਦੇ ਹਾਂ ਤੇ ਪੂਰੇ ਧਿਆਨ ਨਾਲ ਕੰਨ ਲਾ ਕੇ ਅਰਦਾਸ ਸੁਣਦੇ
ਹਾਂ ਕਿ ਅਰਦਾਸ ਵਿੱਚ ਮੇਰਾ ਨਾਮ ਬੋਲਿਆ ਗਿਆ ਹੈ ਕਿ ਨਹੀ। ਅਸੀ ਪੜੀ ਤਾਂ ਜਾਂਦੇ ਹਾਂ।
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ, ਜੋ ਕਿਛੁ ਹੈ ਸੋ ਤੇਰਾ।।
ਤੇਰਾ ਤੁਝ ਕਉ ਸਉਪਤੇ ਕਿਆ ਲਾਗੇ ਮੇਰਾ।। (ਸਲੋਕ ਕਬੀਰ ਜੀ-੧੩੭੭)
ਪਰ ਸਾਡੀ ਹਾਲਤ ਇਹ ਹੈ ਕਿ ਅਸੀ ਸਿਰਫ ਪੜਦੇ ਹੀ ਹਾਂ, ਅਮਲ ਕਰਨ ਦੀ ਜੁਰਅਤ
ਨਹੀ ਰੱਖਦੇ। ਕਿਵੇਂ ਅਸੀਂ ਆਸ ਕਰ ਸਕਦੇ ਹਾਂ ਕਿ ਸਾਡੀ ਅਵਸਥਾ “ਰਸਨਾ ਜਪਤੀ ਤੂਹੀ ਤੂਹੀ”
ਵਾਲੀ ਹੋ ਜਾਵੇ। ਗੁਰੂ ਨਾਨਕ ਜੀ ਤੇਰਾ-ਤੇਰਾ ਕੇਵਲ ਜੁਬਾਨ ਤੋ ਹੀ ਨਹੀ ਕਰਦੇ, ਉਹ ਅੰਦਰੋ ਵੀ
ਤੇਰਾ-ਤੇਰਾ ਵਾਲੀ ਭਾਵਨਾ ਨਾਲ ਜੁੜੇ ਹੋਏ ਹਨ। ਆਉ ਅਸੀਂ ਵੀ ਅਰਦਾਸ ਕਰੀਏ ਕਿ ਹੇ ਸਚੇ ਪਾਤਸ਼ਾਹ!
ਸਾਡੇ ਤੇ ਵੀ ਤਰਸ ਕਰੋ, ਸਾਡੇ ਤੇ ਵੀ ਆਪ ਕ੍ਰਿਪਾ ਕਰੋ, ਤਾਂ ਜੋ ਸਾਡੀ ਭਾਵਨਾ ਵੀ ਬਾਣੀ ਪ੍ਰਤੀ
ਅੰਦਰੋਂ ਬਾਹਰੋਂ ਇੱਕ ਹੋ ਜਾਵੇ। ਸਾਡੇ ਵੀ ਜੋ ਜੁਬਾਨ ਤੇ ਹੋਵੇ, ਉਹੀ ਮਨ ਵਿੱਚ ਹੋਵੇ, ਜੋ ਮਨ
ਵਿੱਚ ਹੋਵੇ ਉਹੀ ਜੁਬਾਨ ਤੇ ਹੋਵੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਨੀਆਂ ਅੰਦਰ ਇੱਕ ਐਸੀ ਮਹਾਨ
ਸਖਸ਼ੀਅਤ ਹਨ, ਜਿਸ ਮਹਾਨ ਸ਼ਖਸ਼ੀਅਤ ਨੂੰ ਜਿਸਨੇ ਵੀ ਨਿਰਪੱਖਤਾ ਦੇ ਨਾਲ ਪੜਿਆ ਹੈ, ਜਿਸਨੇ ਵੀ
ਨਿਰਪੱਖਤਾ ਦੇ ਨਾਲ ਵਾਚਿਆ ਹੈ, ਉਹ ਭਾਵੇ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਵਰਗ ਦਾ ਹੋਵੇ, ਪਰ
ਉਸਦਾ ਸੀਸ, ਉਸਦਾ ਹਿਰਦਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਸਤਿਕਾਰ ਨਾਲ ਝੁਕ ਜਾਂਦਾ
ਹੈ।
ਹਿੰਦੁਸਤਾਨ ਦੇ ਰਾਸ਼ਟਰਪਤੀ ਹੋਏ ਨੇ ਡਾ: ਜਾਕਰ ਹੁਸੈਨ ਜੋ ਕਿ ਇੱਕ ਮੁਸਲਮਾਨ
ਸਨ। ਇੱਕ ਵਾਰ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ
ਦੇ ਪਰਥਾਇ ਇੱਕ ਸੈਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ। ਡਾ: ਜਾਕਰ ਹੁਸੈਨ,
ਰਾਸ਼ਟਰਪਤੀ ਭਵਨ ਵਿੱਚ ਬੈਠ ਕੇ ਆਪਣੀ ਪੜੀ ਜਾਣ ਵਾਲੀ ਤਕਰੀਰ ਨੂੰ ਆਪਣੇ ਦਫਤਰ ਵਿੱਚ ਬੈਠ ਕੇ ਲਿਖ
ਰਹੇ ਸਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਤੀ ਤਕਰੀਰ ਲਿਖਦਿਆਂ-ਲਿਖਦਿਆਂ ਰਾਸ਼ਟਰਪਤੀ ਜਾਕਰ
ਹੁਸੈਨ ਨੇ ਤੱਕਿਆ
ਕਿ ਜਿਹੜੇ ਕਾਗਜ਼ਾ ਉਪਰ ਉਹ ਲਿਖ ਰਹੇ ਸਨ, ਉਹਨਾ ਕਾਗਜ਼ਾ ਦੇ
ਉਪਰ ਪਾਣੀ ਦੇ ਕੁੱਝ ਤੁਪਕੇ ਡਿੱਗੇ। ਡਾ: ਸਾਹਿਬ ਨੇ ਚਾਰ ਚੁਫੇਰੇ ਧਿਆਨ ਮਾਰਿਆ, ਕਿਧਰੇ ਵੀ ਪਾਣੀ
ਦੀ ਕੋਈ ਆਮਦ ਦਾ ਸਰੋਤ ਦਿਖਾਈ ਨਾ ਦਿੱਤਾ। ਜਦ ਉਹਨਾ ਨੇ ਆਪਣੀਆਂ ਐਨਕਾਂ ਉਤਾਰੀਆਂ ਤਾਂ ਉਹਨਾਂ ਨੂੰ
ਮਹਿਸੂਸ ਹੋਇਆ ਕਿ ਉਹਨਾ ਦੀਆਂ ਆਪਣੀਆਂ ਹੀ ਅੱਖਾਂ ਵਿੱਚੋ ਤ੍ਰਿਪ-ਤ੍ਰਿਪ ਕਰਕੇ ਅਥੱਰੂ ਡਿਗ ਰਹੇ
ਸਨ। ਮੈ ਬੇਨਤੀ ਕੀਤੀ ਸੀ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਜੋ ਵੀ
ਨਿਰਪੱਖਤਾ ਨਾਲ ਪੜੇਗਾ, ਉਸਦੇ ਅੰਦਰ ਦੀ ਭਾਵਨਾ ਜਰੂਰ ਪ੍ਰਭਾਵਿਤ ਹੋਵੇਗੀ।
ਇੱਕ ਕਵੀ ਕਰਤਾਰ ਸਿੰਘ ਬਲੱਗਣ ਨੇ ਆਪਣੀ ਕਲਮ ਨਾਲ ਆਪਣੇ ਅੰਦਰੋਂ ਹਿਰਦੇ ਦੀ
ਭਾਵਨਾ ਨੂੰ ਬੜੀ ਬਾਖੂਬੀ ਅਤੇ ਵਧੀਆ ਢੰਗ ਨਾਲ ਸਾਹਿਬ ਕਲਗੀਧਰ ਦੇ ਜੀਵਨ ਨੂੰ ਚਾਰ ਲਾਈਨਾ ਵਿੱਚ
ਲਿਖਿਆ ਹੈ ਉਹ ਲਿਖਦਾ ਹੈ-
ਚਿੜੀਆ ਜਿਸ ਦੀਆ ਬਾਜ਼ਾਂ ਤੇ ਹੋਣ ਭਾਰੂ,
ਉਸਦੇ ਸਿੰਘਾਂ ਦੀ ਕਿੰਨੀ ਕੁ ਸ਼ਾਨ ਹੋਸੀ।
ਸਵਾ ਲਖ ਨਾਲ ਇੱਕ ਲੜਾਉਣ ਵਾਲਾ,
ਕਲਗੀਧਰ ਖੁਦ ਕਿੰਨਾ ਬਲਵਾਨ ਹੋਸੀ।
ਹੁਣ ਅੰਦਾਜਾ ਤੁਸੀਂ ਖੁਦ ਲਗਾ ਲਓ ਕਿ ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ
ਨੇ ਨਿਵਾਜਿਆ, ਉਹ ਮਸਤ ਹਾਥੀ ਨਾਲ ਵੀ ਟਕਰਾ ਜਾਂਦੇ ਨੇ। ਉਹ ਦਸ ਲਖ ਮੁਗਲੀਆ ਫੌਜ ਨਾਲ ਵੀ ਟਕਰਾ
ਜਾਂਦੇ ਨੇ। ਕਲਗੀਧਰ ਦੀਆਂ ਬਖਸ਼ਿਸ਼ਾਂ ਨਾਲ ਨਿਵਾਜੇ ਹੋਏ ਚਰਖੜੀਆਂ ਦੇ ਨਾਲ ਵੀ ਮਖੌਲ ਕਰ ਜਾਂਦੇ ਨੇ
ਤੇ ਉਹ ਕਲਗੀਧਰ ਪਾਤਸ਼ਾਹ ਖੁਦ ਕਿੰਨੀ ਤਾਕਤ ਦੇ ਮਾਲਕ ਹੋਣਗੇ। ਪਰ ਇਹ ਸਭ ਕੁੱਝ ਐਵੇਂ ਨਹੀ ਹੋ
ਜਾਂਦਾ, ਇਸਦਾ ਮੂਲ ਕਾਰਣ ਬਾਣੀ-ਬਾਣੇ ਦੇ ਨਾਲ ਜੁੜੇ ਹੋਣਾ ਹੈ।
ਮੈਂ ਆਪ ਜੀ ਨੂੰ ਇੱਕ ਉਦਾਹਰਣ ਦਿੰਦਾ ਹਾਂ ਜਿਸਦੇ ਨਾਲ ਇਹ ਗੱਲ ਆਪ ਜੀ ਦੀ
ਪਕੜ ਵਿੱਚ ਜਲਦੀ ਆ ਜਾਵੇਗੀ। ਇੱਕ ਕਿਸਾਨ ਨੇ ਸ਼ਾਹੂਕਾਰ ਤੋਂ ਕਰਜਾ ਲਿਆ ਤੇ ਬਕਾਇਦਾ ਪ੍ਰਨੋਟ ਵੀ
ਲਿਖ ਕੇ ਦਿੱਤਾ ਗਿਆ। ਪਰ ਸਮੇ ਦੀ ਖੇਡ ਵਰਤੀ। ਉਸ ਕਿਸਾਨ ਦੀ ਆਰਥਿਕ ਹਾਲਤ ਬਹੁਤ ਹੀ ਮਾੜੀ ਹੋ ਗਈ।
ਜਿਸ ਕਾਰਣ ਉਹ ਮੂਲ ਤਾਂ ਕੀ ਵਿਆਜ ਦੇਣ ਤੋਂ ਵੀ ਅਸਮਰਥ ਹੋ ਗਿਆ। ਸ਼ਾਹੂਕਾਰ ਬਿਨਾ ਨਾਗਾ ਕਿਸਾਨ ਦੇ
ਘਰ ਗੇੜੇ ਲਾਉਂਦਾ। ਹੁਣ ਇਹ ਰੋਜ਼-ਰੋਜ਼ ਦਾ ਝਗੜਾ ਇੰਨ੍ਹਾ ਵਧ ਗਿਆ ਕਿ ਸ਼ਾਹੂਕਾਰ ਨੂੰ ਅਦਾਲਤ ਵਿੱਚ
ਜਾਣਾ ਪੈ ਗਿਆ।
ਮੁਕਦਮੇ ਦੀ ਸੁਣਵਾਈ ਹੋਈ ਤਾਂ ਜੱਜ ਨੇ ਕਿਸਾਨ ਨੂੰ ਪੁਛਿਆ “ਤੇਰਾ ਵਕੀਲ
ਕਿੱਥੇ ਹੈ
?”ਕਿਸਾਨ
ਕਹਿੰਦਾ “ਹਜੂਰ ਮੇਰੇ ਪਾਸ ਤਾਂ ਪੈਸੇ ਹੀ ਨਹੀ ਹਨ, ਮੈਂ ਵਕੀਲ ਕਿਥੋਂ ਲਿਆਵਾ, ਪਰ ਮੈਂ ਆਪ ਦੀ
ਅਦਾਲਤ ਵਿੱਚ ਹਾਜਰ ਹਾਂ”। ਜੱਜ ਕਹਿਣ ਲਗਾ “ਤੂੰ ਮੇਰੀ ਗਲ ਦਾ ਜਵਾਬ ਦੇ, ਕੀ ਤੂੰ ਕਰਜਾ
ਲਿਆ ਸੀ?”ਕਿਸਾਨ
ਕਹਿੰਦਾ, “ਜੀ ਹਜੂਰ ਲਿਆ ਸੀ। ਵਿਆਜ ਵੀ ਤੈਅ ਸੀ। “ “ਜੇ ਵਿਆਜ ਤੈਅ ਸੀ ਤੂੰ ਦਿੱਤਾ ਕਿਉਂ ਨਹੀ?”ਕਿਸਾਨ:-
“ਹਜੂਰ ਕਰਜਾ ਲਿਆ ਸੀ ਤੇ ਵਿਆਜ ਵੀ ਦੇਣਾ ਕੀਤਾ ਸੀ, ਪਰ ਮੇਰੀ ਮਾਲੀ ਹਾਲਤ ਬਹੁਤ ਖਰਾਬ ਹੋ ਗਈ
ਹੈ ਜਦੋ ਠੀਕ ਹੋ ਜਾਵੇਗੀ ਤਾਂ ਮੈ ਇਸਦੀ ਪਾਈ ਪਾਈ ਮੋੜ ਦੇਵਾਂਗਾ। “ਜੱਜ ਕਿਸਾਨ ਦੀ ਸਚਾਈ ਤੋ
ਬਹੁਤ ਖੁਸ਼ ਹੋਇਆ ਤੇ ਸ਼ਾਹੂਕਾਰ ਨੂੰ ਕਹਿਣ ਲਗਾ “ਦੇਖ ਭਲਿਆ, ਇਹ ਕਿਸਾਨ ਸਚਾਈ ਤੇ ਚਲਿਆ ਹੈ ਤੇ
ਮੈਨੂੰ ਇਸ ਵਲ ਵੇਖ ਕੇ ਤਰਸ ਆ ਰਿਹਾ ਹੈ ਤੇ ਤੂੰ ਵੀ ਇਸ ਉਪਰ ਤਰਸ ਕਰ ਤੂੰ ਇਸਨੂੰ ਕੋਈ ਰਿਆਇਤ ਕਰ।
ਜਾਂ ਤੂੰ ਮੂਲ ਲੈ ਲਾ-ਜਾਂ ਤੂੰ ਵਿਆਜ ਲੈ ਲਾ। “ਜੱਜ ਦੀ ਗੱਲ ਸ਼ਾਹੂਕਾਰ ਨੂੰ ਮੰਨਣੀ ਵੀ ਪੈਣੀ
ਸੀ, ਉਸਨੇ ਕੁੱਝ ਦੇਰ ਹਿਸਾਬ ਲਗਾਇਆ (ਮੂਲ ਥੋੜਾ ਅਤੇ ਵਿਆਜ ਜਿਆਦਾ ਸੀ) ਤੇ ਬੋਲਿਆ “ਹਜੂਰ
ਮੈਨੂੰ ਵਿਆਜ ਦਿਵਾ ਦਿਉ, ਮੈਂ ਇਸਨੂੰ ਮੂਲ ਛੱਡਿਆ”। ਜੱਜ ਕਹਿਣ ਲਗਾ” ਭਲਿਆ ਦੁਬਾਰਾ ਸੋਚ
ਲੈ “। ਤਾਂ ਵੀ ਸ਼ਾਹੂਕਾਰ ਦਾ ਜਵਾਬ ਉਹੀ ਰਿਹਾ ਕਿ ਮੈ ਇਸਨੂੰ ਮੂਲ ਛੱਡਿਆ। ਜੱਜ ਕਹਿਣ ਲਗਾ “ਤੇਰਾ
ਮੁਕਦਮਾ ਖਾਰਿਜ ਕੀਤਾ ਜਾਂਦਾ ਹੈ ਕਿਉਕਿ ਜਿਸਦਾ ਮੂਲ ਹੀ ਨਹੀ ਹੈ ਤਾਂ ਵਿਆਜ ਕਿਸ ਚੀਜ ਦਾ। “
ਮੈਂ ਬੇਨਤੀ ਕਰ ਦਿਆਂ ਕਿ ਜੇਕਰ ਸਿੱਖ ਦਾ ਮੂਲ ਹੀ ਨਹੀ ਹੈ ਤਾਂ ਉਸਦੀ
ਸਿੱਖੀ ਵੀ ਨਹੀ ਹੋ ਸਕਦੀ, ਸਿੱਖ ਦਾ ਮੂਲ ਹੀ ਗੁਰਬਾਣੀ ਹੈ। ਸਿੱਖ ਦਾ ਮੂਲ ਗੁਰੂ ਕਲਗੀਧਰ ਪਾਤਸ਼ਾਹ
ਦਾ ਬਖਸ਼ਿਸ਼ ਕੀਤਾ ਹੋਇਆ ਬਾਣਾ ਹੈ ਅਤੇ ਇਸ ਬਾਣੇ ਅਤੇ ਬਾਣੀ ਦੇ ਸੁਮੇਲ ਦਾ ਨਾਮ ਹੀ ਹੈ “ਸਿੱਖੀ”।
ਮੱਤ ਕਿਧਰੇ ਸੋਚ ਲੈਣਾ ਕਿ ਮੈ ਬਾਣਾ ਪੈ ਕੇ ਸਿਖ ਬਣ ਗਿਆ ਹਾਂ, ਨਹੀ ਜਰਾ ਪੁਰਾਤਨ ਸਿੱਖਾਂ ਦਾ
ਇਤਿਹਾਸ ਪੜ ਕੇ ਦੇਖ ਲੈਣਾ, ਉਹਨਾਂ ਵਲੋ ਇਤਿਹਾਸ ਦੇ ਪੰਨਿਆਂ ਨੂੰ ਸ਼ਿੰਗਾਰਨ ਦੇ ਪਿੱਛੇ ਵੀ ਉਹਨਾਂ
ਵਲੋ ਬਾਣੀ ਅਤੇ ਬਾਣੇ ਨਾਲ ਜੁੜੇ ਹੋਣਾ ਸੀ।
ਹੁਣ ਚਮਕੌਰ ਦੀ ਕੱਚੀ ਗੜ੍ਹੀ ਦੇ ਕਿੱਸੇ ਨੂੰ ਅਗਾਂਹ ਤੋਰਦਿਆਂ ਜੋਗੀ
ਅੱਲ੍ਹਾ ਯਾਰ ਖ਼ਾਂ ਆਪਣੇ ਵਿਚਾਰ ਲਿਖਦਾ ਹੈ ਕਿ 7-8 ਪੋਹ ਦੀ ਰਾਤ ਹੈ, ਸਿੰਘ ਸੂਰਬੀਰ ਅਰਾਮ ਦੀ
ਅਵਸਥਾ ਵਿੱਚ ਨੇ, ਕਲਗੀਧਰ ਪਾਤਸ਼ਾਹ ਤੰਬੂ ਦੇ ਅੰਦਰ ਤਾਂ ਅਰਾਮ ਕਰਨ ਲਈ ਗਏ ਨੇ ਪਰ ਇਥੇ ਉਹ ਆਪਣੇ
ਆਸਣ ਉਪਰ ਗਰਦਨ ਹੇਠਾਂ ਨੂੰ ਝੁਕਾ ਕੇ ਬੈਠੇ ਹੋਏ ਨੇ ਤੇ ਤੂੰ-ਹੀ, ਤੂੰ-ਹੀ ਉਚਾਰ ਰਹੇ ਨੇ। ਇੰਝ
ਲਗਦਾ ਹੈ ਕਿ ਜਿਵੇ ਜੋਗੀ ਅੱਲ੍ਹਾ ਯਾਰ ਖ਼ਾਂ ਖੁਦ ਉਥੇ ਮੌਜੂਦ ਹੈ ਤੇ ਸਾਨੂੰ “ਅੱਖੀ ਡਿੱਠੇ
ਹਾਲਾਤ” ਬਿਆਨ ਕਰ ਰਿਹਾ ਹੈ। ਉਹ ਲਿਖਦਾ ਹੈ ਕਿ ਮੇਰੇ ਕੰਨਾਂ ਵਿੱਚ ਕਲਗੀਧਰ ਪਾਤਸ਼ਾਹ ਦੀ ਅਵਾਜ
ਪੈ ਰਹੀ ਹੈ, ਕਲਗੀਧਰ ਪਾਤਸ਼ਾਹ ਅਕਾਲ ਪੁਰਖ ਪਰਮੇਸ਼ਰ ਦੇ ਸ਼ੁਕਰਾਨੇ ਵਿੱਚ ਬੈਠੇ ਨੇ ਤੇ ਮੁਖਾਰਬਿੰਦ
ਤੋ ‘ਤੂੰ-ਹੀ, -ਤੂੰ ਹੀ` ‘ਵਾਹਿਗੁਰੂ -ਵਾਹਿਗੁਰੂ` ਉਚਾਰ ਰਹੇ ਹਨ।
ਜਬ ਡੇਢ ਘੜੀ ਰਾਤ ਗਈ ਜ਼ਿਕਰਿ-ਖੁਦਾ ਮੇਂ।
ਖ਼ੇਮੇਂ ਸੇ ਨਿਕਲ ਆਏ ਸ੍ਰਕਾਰ ਹਵਾ ਮੇਂ।
ਸ਼ੁਕਰਾਨਾ ਕਰਦਿਆਂ ਪਾਤਸ਼ਾਹ ਨੇ ਡੇਢ-ਘੜੀ ਬਿਤਾਈ, ਬੰਦਗੀ ਕਰਦਿਆਂ ਤੰਬੂ
ਵਿੱਚ ਸ਼ਾਹੀ ਆਸਣ ਤੇ ਬੈਠੇ ਰਹੇ। ਕੁੱਝ ਦੇਰ ਬਾਅਦ ਉਠ ਕੇ ਬਾਹਰ ਆ ਗਏ ਤੇ ਕੱਚੀ ਗੜੀ ਦਾ ਨਿਰੀਖਣ
ਕਰਨ ਲਗ ਪਏ।
ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇਂ।
ਬੋਲੇ “ਯੈ ਖੁਦਾਵੰਦ! ਹੂੰ ਖੁਸ਼ ਤੇਰੀ ਰਜ਼ਾ ਮੇਂ।
ਕਲਗੀਧਰ ਪਾਤਸ਼ਾਹ ਹੌਲੀ ਹੌਲੀ ਟਹਿਲ ਕਦਮੀ ਵੀ ਕਰ ਰਹੇ ਹਨ, ਪਰ ਮਨ ਕਰਕੇ
ਅਕਾਲ ਪੁਰਖ ਦੇ ਪਾਸ ਦੁਆ ਕਰਨ ਵਿੱਚ ਹਨ। ਇਥੇ ਮੈ ਇੱਕ ਗੱਲ ਆਪ ਜੀ ਦੀ ਜਾਣਕਾਰੀ ਲਈ ਦੱਸਦਾ ਜਾਵਾਂ
ਕਿ ਕੁੱਝ ਲੋਕ ਬਾਰ-ਬਾਰ ਇੱਕ ਹੀ ਸਵਾਲ ਪੁਛਣਗੇ ‘ਸਿਮਰਨ ਕਿਵੇਂ ਕਰੀਏ? `ਪਰ ਕਦੀ ਇਹ ਨਹੀ
ਪੁਛਿਆ ਹੋਵੇਗਾ ਕਿ ਰੋਟੀ ਕਿਵੇਂ ਖਾਈਏ, ਪਾਣੀ ਕਿਵੇਂ ਪੀਵੀਏ। ਕਿਉਕਿ ਜੇਕਰ ਭੁੱਖ ਲਗੀ ਹੋਵੇ ਤਾਂ
ਕੋਈ ਨਹੀ ਪੁੱਛੇਗਾ ਕਿ ਰੋਟੀ ਕਿਵੇਂ ਖਾਣੀ ਹੈ, ਪਿਆਸ ਲਗੀ ਹੋਵੇ ਤਾਂ ਆਪੇ ਹੀ ਪਾਣੀ ਪੀਤਾ ਜਾਂਦਾ
ਹੈ। ਪਰ ਪਤਾ ਨਹੀ ਕਿਉਂ ਇਹ ਗਲ ਪੁੱਛਣੀ ਜਰੂਰੀ ਸਮਝਦੇ ਹਨ ਕਿ “ਜੀ ਸਿਮਰਨ ਕਿਵੇਂ ਕਰੀਏ”?
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਆਪਣੀ ਪੁਸਤਕ “ਸਿਮਰਨ ਦੀਆ ਬਰਕਤਾਂ ਅਤੇ ਹੋਰ ਲੇਖ” ਵਿੱਚ
ਬੜੇ ਸੁਚੱਜੇ ਢੰਗ ਨਾਲ ਲੇਖ ਲਿਖੇ ਹਨ। ਉਹ ਲਿਖਦੇ ਹਨ ਕਿ ਜੇਕਰ ਅਸੀਂ ਪੈਦਲ ਚਲ ਰਹੇ ਹੋਈਏ ਤਾਂ
ਆਪਣੇ ਕਦਮਾਂ ਦੀ ਚਾਲ ਦੇ ਨਾਲ-ਨਾਲ ਵਾਹਿਗੁਰੂ ਦੀ ਧੁਨੀ ਅਲਾਪੀ ਜਾਈਏ ਤਾਂ ਪਤਾ ਹੀ ਨਹੀ ਲਗੇਗਾ ਕਿ
ਕੱਦੋ ਸਫਰ ਵੀ ਕੱਟਿਆ ਗਿਆ ਤੇ ਸਿਮਰਨ ਵੀ ਹੋ ਗਿਆ। ਕਦੀ ਟਾਂਗੇ ਤੇ ਜਾ ਰਹੇ ਹੋਈਏ ਤਾਂ ਟਾਂਗੇ ਦੇ
ਘੋੜੇ ਦੀ ਟਾਪ ਦੇ ਨਾਲ-ਨਾਲ ਆਪਣੇ ਧਿਆਨ ਨੂੰ ਵਾਹਿਗੁਰੂ ਦੇ ਸਿਮਰਨ ਨਾਲ ਜੋੜ ਲਈਏ ਤਾਂ
ਵਾਹਿਗੁਰੂ-ਵਾਹਿਗੁਰੂ ਕਰਦਿਆਂ ਸਫਰ ਵੀ ਕੱਟਿਆ ਜਾਵੇਗਾ ਤੇ ਸਿਮਰਨ ਵੀ ਹੋ ਜਾਵੇਗਾ। ਇਹ ਵੱਖਰੀ ਗਲ
ਹੈ ਕਿ ਸਾਡਾ ਧਿਆਨ ਗੁਰੂ ਦੀ ਬਾਣੀ ਵਲ ਘੱਟ ਤੇ ਫਿਲਮੀ ਗੀਤਾਂ ਵਲ ਜਿਆਦਾ ਜਾਂਦਾ ਹੈ।
ਪਰ ਕਲਗੀਧਰ ਪਾਤਸ਼ਾਹ ਤੰਬੂ ਵਿੱਚੋਂ ਬਾਹਰ ਆ ਕੇ ਵੀ ਉਸ ਅਕਾਲ ਪੁਰਖ ਦੇ
ਸ਼ੁਕਰਾਨੇ ਵਿੱਚ ਮਨ ਕਰਕੇ ਲੀਨ ਹਨ ਤੇ ਕਹਿ ਰਹੇ ਹਨ ਕਿ ਐ ਖੁਦਾਵੰਦ! ਐ ਅਕਾਲ ਪੁਰਖ ਪਰਮੇਸ਼ਰ ਜੇਕਰ
ਤੂੰ ਮੈਨੂੰ ਅਨੰਦਪੁਰ ਸਾਹਿਬ ਦੇ ਆਸਣ ਤੋਂ ਚਮਕੌਰ ਦੀ ਗੜ੍ਹੀ ਵਿੱਚ ਲੈ ਆਇਆ ਹੈ ਤਾਂ ਮੈ ਤੇਰੀ ਰਜ਼ਾ
ਵਿੱਚ ਇਥੇ ਆ ਕੇ ਵੀ ਖੁਸ਼ ਹਾਂ। ਕਲਗੀਧਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਚਲ
ਕੇ ਖੁਸ਼ ਹਨ ਤੇ ਸ਼ੁਕਰਾਨੇ ਵਿੱਚ ਲੀਨ ਹਨ, ਜਿਵੇਂ ਗੁਰੂ ਅਰਜਨ ਦੇਵ ਜੀ ਵੀ ਅਕਾਲ ਪੁਰਖ ਦੇ ਸ਼ੁਕਰਾਨੇ
ਵਿੱਚ ਕਹਿੰਦੇ ਨੇ ਕਿ ਐ ਅਕਾਲ ਪੁਰਖ ਪਰਮੇਸ਼ਰ! ਜੇਕਰ ਤੂੰ ਮੈਨੂੰ ਹਰਮਿੰਦਰ ਸਾਹਿਬ ਦੇ ਆਸਣ ਤੇ
ਬਿਠਾਇਆ ਤਾਂ ਵੀ ਤੇਰਾ ਧੰਨਵਾਦ, ਜੇਕਰ ਤੱਤੀ ਤਵੀ ਤੇ ਵੀ ਬਿਠਾਇਆ ਹੈ ਤਾਂ ਵੀ ਮੈ ਤੇਰਾ ਧੰਨਵਾਦ
ਕਰਦਾ ਹਾਂ।
ਉਲਾਹਨੋ ਮੈ ਕਾਹੂ ਨ ਦੀਓ।।
ਮਨ ਮੀਠ ਤੁਹਾਰੋ ਕੀਓ।। (ਨਟ ਨਰਾਇਣ ਮਹਲਾ ੫-੯੭੮)
ਇਹ ਗੁਰੂ ਨਾਨਕ ਦੇ ਘਰ ਦੀਆਂ ਨਿਵੇਕਲੀਆਂ ਬਾਤਾਂ ਹਨ। ਇਹ ਕੇਵਲ ਕਹਿਣ ਦੀਆਂ
ਬਾਤਾਂ ਹੀ ਨਹੀ ਹਨ। ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਬਚਨਾਂ ਨੂੰ ਕਮਾ ਕੇ ਵਿਖਾਇਆ ਹੈ।
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ।।
ਜੇ ਭੂਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ।। (ਸੂਹੀ ਮਹਲਾ
੪-੭੫੭)
ਗੁਰੂ ਕਲਗੀਧਰ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਬਚਨਾਂ ਤੇ ਚਮਕੌਰ ਦੀ ਗੜ੍ਹੀ
ਵਿੱਚ ਵੀ ਪਹਿਰਾ ਦੇ ਰਹੇ ਹਨ। ਉਹ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਦੇ ਬਚਨਾਂ ਨੂੰ ਕਮਾ ਕੇ
ਵੀ ਦਿਖਾ ਰਹੇ ਹਨ।
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ।।
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ।। (ਸੋਰਠਿ ਮਹਲਾ
੯-੬੩੩)
ਗੁਰਬਾਣੀ ਤੇ ਚਲ ਕੇ ਪਾਤਸ਼ਾਹ ਸਾਨੂੰ ਦਿਖਾ ਰਹੇ ਹਨ। ਮਾਨੋ ਗੁਰੂ ਕਲਗੀਧਰ
ਪਾਤਸ਼ਾਹ ਅਤੇ ਅਕਾਲ ਪੁਰਖ ਦੋਨੋ ਆਹਮਣੇ-ਸਾਹਮਣੇ ਨੇ ਤੇ ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਕਹਿ ਰਹੇ
ਨੇ।
ਕਰਤਾਰ ਸੇ ਕਹਤੇ ਥੇ ਗੋਯਾ ਰੂ-ਬ-ਰ ਹੋ ਕਰ।
ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋ ਹੋ ਕਰ।
ਹੇ ਅਕਾਲ ਪੁਰਖ ਤੁਹਾਡੀ ਰਚਾਈ ਹੋਈ ਇਸ ਲੀਲਾ ਵਿੱਚੋਂ ਸੁਰਖਰੂ ਹੋ ਕੇ ਨਿਕਲ
ਜਾਵਾਂਗਾ, ਤੇਰੀ ਹੀ ਕ੍ਰਿਪਾ ਨਾਲ ਮੈਂ ਇਸ ਪਰਚੇ ਵਿਚੋ ਪਾਸ ਵੀ ਹੋ ਜਾਵਾਂਗਾ। ਇਥੇ ਮੈਂ ਇੱਕ
ਇਤਿਹਾਸਕ ਗਾਥਾ ਆਪ ਨੂੰ ਅਰਜ ਕਰਨੀ ਜਰੂਰੀ ਸਮਝਾਂਗਾ।
ਇੱਕ ਵਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਰਿਆ ਦੇ ਕਿਨਾਰੇ ਖੜੇ ਸਨ। ਦਰਿਆ
ਪਾਰ ਕਰਨ ਲਈ ਬੇੜੀ ਵਿੱਚ ਬੈਠ ਗਏ। ਇਸ ਬੇੜੀ ਦੇ ਮਲਾਹ ਦਾ ਨਾਮ ਇਤਿਹਾਸ ਵਿੱਚ ‘ਸੈਦਾ`
ਕਰਕੇ ਆਉਂਦਾ ਹੈ। ਇਸ ਸੈਦੇ ਮਲਾਹ ਨੇ ਜਦ ਬੇੜੀ ਦਰਿਆ ਵਿੱਚ ਚਲਾਉਣੀ ਸ਼ੁਰੂ ਕਰ ਦਿੱਤੀ ਤਾਂ ਦਰਿਆ
ਦੇ ਮੱਧ ਵਿੱਚ ਜਾ ਕੇ ਬੇੜੀ ਨੂੰ ਘੁਮਾਉਣਾ ਸ਼ੁਰੂ ਕਰ ਦਿੱਤਾ। ਉਸਨੇ ਇੱਕ ਚੱਪੂ ਹੱਥੋਂ ਛੱਡ ਦਿੱਤਾ
ਅਤੇ ਕੇਵਲ ਇੱਕ ਚੱਪੂ ਹੀ ਮਾਰ ਰਿਹਾ ਸੀ। ਕਲਗੀਧਰ ਪਾਤਸ਼ਾਹ ਕਹਿਣ ਲੱਗੇ “ਸੈਦਿਆ! ਤੂੰ ਬੇੜੀ
ਨੂੰ ਪਾਰ ਕਿਉ ਨਹੀ ਲਗਾਉਦਾ? ਐਥੇ ਹੀ ਘੁਮਾਈ ਜਾ ਰਿਹਾ ਹੈ, ਕੀ ਗੱਲ ਹੈ? “ਸੈਦੇ ਨੇ ਜਵਾਬ
ਦਿੱਤਾ “ਪਾਤਸ਼ਾਹ! ਮੇਰੇ ਪੂਰਬਲੇ ਕਰਮ ਜਾਗ ਪਏ ਲੱਗਦੇ ਨੇ ਤਾਂ ਹੀ ਤੁਸੀ ਇਸ ਬੇੜੀ ਵਿੱਚ ਸਵਾਰ
ਹੋਏ ਹੋ, ਜੇਕਰ ਮੈ ਬੇੜੀ ਪਾਰ ਲਗਾ ਦਿੱਤੀ ਤਾਂ ਤੁਸੀ ਬੇੜੀ ਵਿੱਚੋਂ ਉਤਰ ਕੇ ਚਲੇ ਜਾਣਾ ਹੈ, ਪਰ
ਸਤਿਗੁਰੂ ਜੀ ਮੇਰਾ ਦਿਲ ਕਰਦਾ ਹੈ ਕਿ ਮੈ ਆਪ ਜੀ ਦਾ ਰੱਜ-ਰੱਜ ਕੇ ਦੀਦਾਰ ਕਰ ਲਵਾਂ। ਕੀ ਪਤਾ ਮੇਰੀ
ਜਿੰਦਗੀ ਵਿੱਚ ਦੁਬਾਰਾ ਐਸਾ ਸੁਹਾਵਣਾ ਮੌਕਾ ਬਣੇ ਜਾਂ ਨਾ ਬਣੇ। “ ਸਾਹਿਬ ਦੇ ਆਦੇਸ਼ ਤੇ ਜਦ
ਬੇੜੀ ਕਿਨਾਰੇ ਲਗਾਈ ਤਾਂ ਸਤਿਗੁਰੂ ਜੀ ਨੇ ਸੈਦੇ ਨੂੰ ਕਿਹਾ “ਆਪਣਾ ਭਾੜਾ ਲੈ ਲਾ”। ਪਰ
ਸੈਦੇ ਨੇ ਨਾਂਹ ਕਰ ਦਿੱਤੀ। ਸਤਿਗੁਰੂ ਜੀ ਕਹਿਣ ਲੱਗੇ “ਜੇ ਭਾੜਾ ਥੋੜਾ ਹੈ ਤਾਂ ਹੋਰ ਲੈ ਲੈ”।
ਪਰ ਅਖੀਰ ਸੈਦੇ ਨੇ ਫਿਰ ਵੀ ਨਾਂਹ ਕਰ ਦਿੱਤੀ। ਸਤਿਗੁਰੂ ਜੀ ਕਹਿਣ ਲਗੇ “ਸੈਦਿਆ! ਇਹ ਤੇਰਾ
ਰੁਜ਼ਗਾਰ ਹੈ, ਤੇਰੀ ਕਿਰਤ ਹੈ ਜੇਕਰ ਤੂੰ ਇਹ ਨਹੀ ਲਵੇਂਗਾ ਤਾਂ ਤੇਰਾ ਗੁਜ਼ਾਰਾ ਕਿਸ ਤਰਾ ਹੋਵੇਗਾ?
ਤੈਨੂੰ ਕੀ ਚਾਹੀਦਾ ਹੈ ਸੈਦਿਆ, ਜੋ ਵੀ ਤੈਨੂੰ ਚਾਹੀਦਾ ਹੈ, ਮੰਗ ਲੈ”। ਸੈਦਾ ਹੱਥ ਜੋੜ ਕੇ
ਕਹਿਣ ਲੱਗਾ “ਪਾਤਸ਼ਾਹ ਜੀ ਤੁਸੀ ਤਰੁੱਠੇ ਹੋ ਤਾਂ ਇਹ ਕ੍ਰਿਪਾ ਕਰੋ ਕਿ ਜਿਵੇਂ ਮੈਂ ਆਪ ਜੀ ਨੂੰ
ਇਸ ਦਰਿਆ ਦੇ ਘਾਟ ਤੋ ਪਾਰ ਲੰਘਾਇਆ ਹੈ, ਉਸੇ ਤਰ੍ਹਾਂ ਹੀ ਜਦੋਂ ਮੈਂ ਅੰਤ ਸਮੇ ਆਪ ਜੀ ਦੇ ਪਾਸ
ਆਵਾਂ ਤਾਂ ਮੈਨੂੰ ਉਸ ਘਾਟ ਤੋਂ ਪਾਰ ਕਰਵਾ ਦੇਣਾ। “
ਖਿਆਲ ਕਰਨਾ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ
ਸਾਹਮਣੇ ਹੋਵਣ ਤਾਂ ਅਸੀਂ ਦੁਨਿਆਵੀ ਪਦਾਰਥਾਂ ਅਤੇ ਮਾਇਆ ਤੋਂ ਇਲਾਵਾ ਹੋਰ ਕੁੱਝ ਮੰਗ ਹੀ ਨਹੀ
ਸਕਦੇ। ਇਤਿਹਾਸ ਦੇ ਪੰਨੇ ਸਾਨੂੰ ਸੇਧ ਜਰੂਰ ਦੇ ਰਹੇ ਹਨ। ਜੋਗੀ ਅੱਲ੍ਹਾ ਯਾਰ ਖ਼ਾਂ ਦੀ ਕਲਮ ਸਾਹਿਬ
ਗੁਰੂ ਗੋਬਿੰਦ ਸਿੰਘ ਜੀ ਦੇ ਖਿਆਲਾਂ ਨੂੰ ਪ੍ਰਗਟ ਕਰਦੀ ਹੋਈ ਲਿਖਦੀ ਹੈ-
ਮੈ ਤੇਰਾ ਹੂੰ, ਬਚੇ ਭੀ ਮੇਰੇ ਤੇਰੇ ਹੈਂ ਮੌਲਾ।
ਥੇ ਤੇਰੇ ਹੀ, ਹੈਂ ਤੇਰੇ, ਰਹੇਂਗੇ ਤੇਰੇ ਦਾਤਾ।
ਐ ਅਕਾਲ ਪੁਰਖ ਪਰਮੇਸ਼ਰ, ਮੈ ਤੇਰਾ ਹਾਂ ਤੇ ਇਹ ਜੋ ਬੱਚੇ ਹਨ ਇਹ ਵੀ ਤੇਰੇ
ਹਨ। ਇਹ ਪਹਿਲਾਂ ਵੀ ਤੇਰੇ ਸਨ, ਹੁਣ ਵੀ ਤੇਰੇ ਹਨ ਤੇ ਤੇਰੇ ਹੀ ਰਹਿਣਗੇ। ਇਹਨਾਂ ਉਪਰ ਮੇਰਾ ਕੋਈ
ਹੱਕ ਨਹੀ ਹੈ, ਇਹ ਸਭ ਤੇਰੀ ਹੀ ਬਖਸ਼ਿਸ਼
ਹੈ।
ਅਸੀਂ ਤਾਂ ਬੱਚਿਆਂ ਉਪਰ ਵੀ ਆਪਣੀਆਂ ਮੋਹਰਾਂ ਲਾਈ ਜਾਂਦੇ ਹਾਂ ਦਾਤੇ ਦੀਆਂ
ਦਾਤਾਂ ਉਪਰ ਵੀ ਅਸੀਂ ਆਪਣੀਆਂ ਮੋਹਰਾਂ ਲਾਈ ਜਾਦੇ ਹਾਂ। ਪਰ ਮੋਹਰ ਲਾਉਣ ਨਾਲ ਕੁੱਝ ਨਹੀ ਹੁੰਦਾ,
ਉਹ ਕਾਹਦੀ ਦਾਤ ਹੈ ਜੋ ਬੰਦਾ ਕਹੇ ਕਿ ਇਹ ਮੇਰੀ ਹੈ। ਗੁਰਬਾਣੀ ਸਾਨੂੰ ਸੇਧ ਦੇ ਰਹੀ ਹੈ।
ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ।। (ਸੋਰਠਿ ਮਹਲਾ
੩-੬੦੪)
ਉਹ ਕਾਹਦੀ ਦਾਤ ਹੈ ਜੋ ਬੰਦਾ ਕਹੇ ਕਿ ਇਹ ਮੈਂ ਆਪਣੇ ਯਤਨਾਂ ਨਾਲ ਪ੍ਰਾਪਤ
ਕੀਤੀ ਹੈ, ਗੁਰੂ ਸਾਹਿਬ ਫੁਰਮਾਣ ਕਰਦੇ ਨੇ:-
ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ।।
ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ।। (ਸਲੋਕ ਮਹਲਾ ੨-੪੭੫)
ਇਹ ਦਾਤਾਂ ਤਾਂ ਉਸ ਅਕਾਲ ਪੁਰਖ ਦੀਆਂ ਰਹਿਮਤਾਂ ਨੇ, ਇਹਨਾ ਨੂੰ ਉਸਦੀਆਂ
ਬਰਕਤਾਂ ਸਮਝ ਕੇ ਵਰਤ ਲਈਏ ਪਰ ਅਫਸੋਸ ਕਿ ਅਸੀ ਉਹਨਾਂ ਦਾਤਾਂ ਤੇ ਆਪਣੀਆਂ ਹੀ ਮੋਹਰਾਂ ਲਾਈ ਜਾਂਦੇ
ਹਾਂ।
ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜ੍ਹੀ ਵਿੱਚ ਅਕਾਲ ਪੁਰਖ ਨਾਲ ਰੂ-ਬਰੂ ਹੋ ਕੇ
ਇਹ ਗਲ ਕਹਿ ਰਹੇ ਹਨ ਕਿ ਹੇ ਅਕਾਲ ਪੁਰਖ ਪਰਮੇਸ਼ਰ ਮੈ ਵੀ ਤੇਰਾ ਹਾਂ ਇਹ ਬੱਚੇ ਵੀ ਤੇਰੇ ਹਨ।
ਮੈ ਤੇਰਾ ਹੂੰ, ਬਚੇ ਭੀ ਮੇਰੇ ਤੇਰੇ ਹੈਂ ਮੌਲਾ।
ਥੇ ਤੇਰੇ ਹੀ, ਹੈਂ ਤੇਰੇ, ਰਹੇਂਗੇ ਤੇਰੇ ਦਾਤਾ।
ਜਿਸ ਹਾਲ ਮੇਂ ਰੱਖੇ ਤੂੰ, ਵੁਹੀ ਹਾਲ ਹੈ ਅੱਛਾ।
ਜ਼ੁੱਜ਼ ਸ਼ੁਕਰ ਕੇ ਆਨੇ ਕਾ ਜ਼ਬਾ ਪ੍ਰ ਨਹੀ ਸ਼ਿਕਵਾ।
ਹੇ ਅਕਾਲ ਪੁਰਖ ਪਰਮੇਸ਼ਰ ਆਪ ਤੂੰ ਮੈਨੂੰ ਜਿਸ ਹਾਲ ਵਿੱਚ ਰੱਖੇਗਾਂ, ਮੈਂ ਉਸ
ਹਾਲ ਵਿੱਚ ਹੀ ਰਹਾਂਗਾ ਮੈਂ ਤੇਰੇ ਅੱਗੇ ਕਿਸੇ ਤਰ੍ਹਾਂ ਦਾ ਵੀ ਵਿਰੋਧ ਨਹੀ ਕਰਾਗਾਂ। ਕਿਉਕਿ ਗੁਰੂ
ਨਾਨਕ ਦੇ ਘਰ ਦਾ ਸਿਧਾਂਤ ਹੈ-
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।। (ਜਪੁਜੀ ਸਾਹਿਬ -੧)
ਉਸ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਰਹਿਣਾ ਹੀ ਗੁਰਮਤਿ ਹੈ। ਕਲਗੀਧਰ
ਪਾਤਸ਼ਾਹ ਕਹਿ ਰਹੇ ਨੇ ਕਿ ਹੇ ਅਕਾਲ ਪੁਰਖ ਪਰਮੇਸ਼ਰ ਮੇਰੀ ਜੁਬਾਨ ਤੇ ਸ਼ੁਕਰਾਨੇ ਦਾ ਸ਼ਬਦ ਤਾਂ ਰਹੇਗਾ
ਪਰ ਸ਼ਿਕਵੇ ਦਾ ਸ਼ਬਦ ਕਦੀ ਵੀ ਨਹੀ ਆਵੇਗਾ। ਜੇਕਰ ਅਸੀ ਕਲਗੀਧਰ ਪਾਤਸ਼ਾਹ ਨੂੰ ਹੋਰ ਨਜਦੀਕ ਤੋਂ ਜਾਨਣਾ
ਹੋਵੇ ਤਾਂ ਸਾਨੂੰ ਆਪਣੀ ਸੁਰਤ ਮਾਛੀਵਾੜੇ ਦੇ ਜੰਗਲਾਂ ਵਿੱਚ ਲੈ ਕੇ ਜਾਣੀ ਪਵੇਗੀ। ਜਿਥੇ ਕਲਗੀਧਰ
ਪਾਤਸ਼ਾਹ ਇਕੱਲੇ ਚਲ ਰਹੇ ਨੇ, ਕੋਈ ਫੌਜ ਨਾਲ ਨਹੀ ਹੈ, ਕੋਈ ਸਿੰਘ ਸੂਰਬੀਰ ਨਾਲ ਨਹੀ ਹੈ, ਕੋਈ
ਪਰਿਵਾਰਕ ਮੈਂਬਰ ਵੀ ਨਹੀ ਤੇ ਨਾ ਹੀ ਪਾਸ ਕੋਈ ਸਵਾਰੀ ਹੈ। ਕਲਗੀਧਰ ਪਾਤਸ਼ਾਹ ਨੂੰ ਇਸ ਤਰ੍ਹਾ ਵੇਖ
ਕੇ ਕਿਸੇ ਨੇ ਮਖੌਲ ਕੀਤਾ ਸੀ।
ਨਾ ਡੱਲਾ, ਨਾ ਮੱਲਾ, ਗੁਰੂ ਫਿਰੇ ਇਕੱਲਾ
ਤਾਂ ਗੁਰੂ ਪਾਤਸ਼ਾਹ ਨੇ ਬੜੇ ਕਮਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ
ਕੀ ਹੋਇਆ, ਜੇ ਨਾ ਡੱਲਾ, ਨਾ ਮੱਲਾ,
ਗੁਰੂ ਕਦੇ ਨਾ ਇਕੱਲਾ, ਗੁਰੂ ਨਾਲ ਹਮੇਸ਼ਾ ਅੱਲ੍ਹਾ।
ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਵਿੱਚ ਵੀ ਇਹੀ ਕਹਿ ਰਹੇ ਹਨ ਕਿ:-
ਮਿਤ੍ਰ ਪਿਆਰੇ ਨੂੰ, ਹਾਲੁ ਮੁਰੀਦਾ ਦਾ ਕਹਿਣਾ।।
ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ ਨਿਵਾਸਾ ਦੇ ਰਹਣਾ।।
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆ ਦਾ ਸਹਣਾ।।
ਯਾਰੜੇ ਦਾ ਸਾਨੂੰ ਸਥਰੁ ਚੰਗਾ ਭਠ ਖੇੜਿਆ ਦਾ ਰਹਣਾ।।
ਕਲਗੀਧਰ ਪਾਤਸ਼ਾਹ ਨੇ ਉਥੇ ਵੀ ਅਕਾਲ ਪੁਰਖ ਨੂੰ ਕੋਈ ਉਲਾਹਮਾ ਨਹੀ ਦਿੱਤਾ,
ਉਥੇ ਵੀ ਪਾਤਸ਼ਾਹ ਨੇ ਹਰ ਹਾਲਾਤ ਨੁੰ ਖਿੜੇ ਮੱਥੇ ਪ੍ਰਵਾਨ ਕੀਤਾ। ਚਮਕੌਰ ਦੀ ਗੜ੍ਹੀ ਵਿੱਚ ਸਤਿਗੁਰੂ
ਜੀ ਅਕਾਲ ਪੁਰਖ ਦਾ ਸ਼ੁਕਰਾਨਾ ਹੀ ਕਰ ਰਹੇ ਨੇ।
ਲੇਟੇ ਹੂਏ ਹੈਂ ਖਾਲਸਾ ਜੀ ਆਜ ਜ਼ਮੀ ਪਰ।
ਕਿਸ ਤਰਹ ਸੇ ਚੈਨ ਆਏ ਹਮੇ ਸ਼ਾਹਿ-ਨਸ਼ੀ ਪਰ।
ਸਾਹਿਬ ਕਹਿ ਰਹੇ ਨੇ ਕਿ ਮੇਰੇ ਸੂਰਬੀਰ ਸਿੰਘਾਂ ਨੇ ਮੇਰੇ ਲਈ ਤੰਬੂ ਦੇ
ਅੰਦਰ ਆਸਣ ਵਿਛਾ ਦਿੱਤਾ ਹੈ, ਪਰ ਉਹ 40 ਸਿੰਘ ਜਮੀਨ ਤੇ ਲੇਟੇ ਪਏ ਨੇ, ਪਰ ਮੈਨੂੰ ਇਹ ਆਸਣ ਸ਼ੋਭਾ
ਨਹੀ ਦਿੰਦਾ। ਮੈਨੂੰ ਇਸ ਆਸਣ ਤੇ ਨੀਂਦਰ ਵੀ ਨਹੀ ਆਵੇਗੀ।
ਯਿਹ ਕਹਿ ਕੇ ਗੁਰੂ ਲਸ਼ਕਰਿ ਖੁੱਫਤਾ ਮੇਂ ਦਰ ਆਏ।
ਪਹਰੇ ਪਿ ਜਵਾਂ ਊਘਤੇ ਅਕਸਰ ਨਜ਼ਰ ਆਏ।
ਕਲਗੀਧਰ ਪਾਤਸ਼ਾਹ ਨੇ ਦੇਖਿਆ ਕਿ ਜਿਨ੍ਹਾ ਸਿੰਘਾਂ ਦੀ ਡਿਊਟੀ ਪਹਿਰੇ ਤੇ
ਲਗਾਈ ਗਈ ਹੈ, ਉਹਨਾਂ ਉਪਰ ਵੀ ਨੀਂਦ ਨੇ ਜ਼ੋਰ ਪਾਇਆ ਹੋਇਆ ਸੀ। ਥਕਾਵਟ ਵੀ ਆਪਣਾ ਰੰਗ ਵਿਖਾ ਰਹੀ
ਸੀ। ਕਲਗੀਧਰ ਪਾਤਸ਼ਾਹ ਬੜੇ ਆਹਿਸਤਾ-ਆਹਿਸਤਾ ਕਦਮਾਂ ਦੇ ਨਾਲ ਚਲਦੇ ਹੋਏ ਚਮਕੌਰ ਦੀ ਗੜ੍ਹੀ ਦਾ
ਨਿਰੀਖਣ ਕਰ ਰਹੇ ਸਨ, ਮਤਾਂ ਮੇਰੇ ਸਿੰਘ, ਸੂਰਬੀਰਾਂ ਦੇ ਅਰਾਮ ਵਿੱਚ ਕੋਈ ਵਿਘਨ ਨਾ ਪੈ ਜਾਵੇ।
ਇਹਨਾਂ ਦ੍ਰਿਸ਼ਾਂ ਨੂੰ ਜੋਗੀ ਅੱਲ੍ਹਾ ਯਾਰ ਖ਼ਾਂ ਬੜੇ ਹੀ ਸੁਚਜੇ ਢੰਗ ਨਾਲ
ਕਲਮਬੱਧ ਕਰਦਾ ਲਿਖਦਾ ਹੈ:-
ਯੂੰ ਹਰ ਜਗਾ ਖਾਮੋਸ਼ ਗਏ ਬੇਖਬਰ ਆਏ।
ਸੋਏ ਹੂਏ ਬੱਚੋ ਕੇ ਕਰੀ ਜੂੰ ਪਿਦਰ ਆਏ।
ਗਰਜ਼ਿ ਕਿ ਦਬੇ ਪਾਉਂ ਟਹਿਲਨੇ ਲਗੇ ਸਤਿਗੁਰ।
ਭਗਤੀ ਸੇ ਮੁਰਦੋਂ ਕੀ ਬਹਿਲ ਨੇ ਲਗੇ ਸਤਿਗੁਰ।
ਚਲਦਿਆਂ-ਚਲਦਿਆਂ ਸਤਿਗੁਰੂ ਉਸ ਜਗ੍ਹਾ ਪਹੁੰਚੇ ਜਿਥੇ ਸਾਹਿਬਜਾਦਾ ਅਜੀਤ
ਸਿੰਘ ਅਤੇ ਸਾਹਿਬਜਾਦਾ ਜੁਝਾਰ ਸਿੰਘ ਵੀ ਸੁੱਤੇ ਪਏ ਨੇ। ਆਪਣੇ ਸਿੰਘ ਸੂਰਬੀਰਾਂ ਦੀ ਬਹਾਦਰੀ ਉਹਨਾ
ਦੇ ਅੰਦਰ ਦੀ ਭਗਤੀ ਅਤੇ ਭਾਵਨਾ ਨੂੰ ਵਾਚਦੇ ਹੋਏ ਪਾਤਸ਼ਾਹ ਉਹਨਾਂ ਤੋਂ ਬਲਿਹਾਰ ਵੀ ਜਾ ਰਹੇ ਨੇ ਤੇ
ਆਹਿਸਤਾ-ਆਹਿਸਤਾ ਟਹਿਲ ਵੀ ਰਹੇ ਨੇ। ਕਲਗੀਧਰ ਪਾਤਸ਼ਾਹ ਨੇ ਦੇਖਿਆ ਕਿ ਸਿੰਘ, ਸੂਰਬੀਰਾਂ ਦੇ ਸਿਰਾਂ
ਦੀਆ ਕੇਸਕੀਆਂ ਅਤੇ ਛੋਟੀਆਂ ਦਸਤਾਰਾਂ ਸੁਤਿਆਂ ਹੋਇਆਂ ਉਤਰ ਗਈਆਂ ਸਨ। ਕੇਸ ਵੀ ਖੁੱਲੇ ਪਏ ਸਨ।
ਪਾਤਸ਼ਾਹ ਨੇ ਸਿੰਘਾਂ ਦੀਆਂ ਕੇਸਕੀਆਂ ਚੁੱਕੀਆਂ, ਬੜੇ ਪਿਆਰ ਨਾਲ ਉਹਨਾਂ ਨੂੰ ਚੁਕਿਆ। ਖੁੱਲੇ ਹੋਏ
ਕੇਸਾਂ ਨੂੰ ਪਾਤਸ਼ਾਹ ਆਪਣੇ ਹੱਥਾ ਨਾਲ ਹੌਲੀ-ਹੌਲੀ ਝਾੜ ਰਹੇ ਹਨ ਤੇ ਜੋ ਮਿੱਟੀ ਉਹਨਾਂ ਕੇਸਾਂ
ਵਿੱਚੋ ਨਿਕਲਦੀ ਹੈ, ਉਸ ਮਿੱਟੀ ਨੂੰ ਪਾਤਸ਼ਾਹ ਸਤਿਕਾਰ ਵਜੋਂ ਆਪਣੇ ਮਸਤਕ ਤੇ ਵੀ ਲਗਾਉਂਦੇ ਹਨ:-
ਸਾਫੇ ਕਬੀ ਸਿੰਘੋਂ ਕੇ ਉਠਾਤੇ ਥੇ ਜ਼ਮੀ ਸੇ।
ਕੇਸ ਇਸ ਕੇ ਜੋ ਝਾੜੇ ਤੋ ਲੀ ਖ਼ਾਕ ਉਸ ਕੀ ਜਬੀ ਸੇ।
ਸਰ ਠੀਕ ਕੀਏ, ਸਰਕੇ ਹੂਏ ਬਾਲਿਸ਼ਿ-ਜ਼ੀ ਸੇ।
ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀ ਸੇ।
ਜਿਵੇ ਇੱਕ ਮਾਂ ਆਪਣੇ ਸੁੱਤੇ ਹੋਏ ਪੁੱਤਰ ਦੀ ਪਰਵਰਿਸ਼ ਵੀ ਕਰਦੀ ਹੈ ਤੇ
ਉਸਦਾ ਹਰ ਤਰ੍ਹਾਂ ਨਾਲ ਖਿਆਲ ਵੀ ਕਰਦੀ ਹੈ। ਬੱਚੇ ਦੇ ਉਪਰ ਤੋ ਕਪੜਾ ਨਾ ਲੱਥ ਜਾਵੇ, ਬੱਚੇ ਦਾ ਸਿਰ
ਸਿਰਾਣੇ ਤੋ ਨਾ ਲੱਥ ਜਾਵੇ, ਬੱਚਾ ਕਿਧਰੇ ਡਿੱਗ ਨਾ ਜਾਵੇ ਆਦਿ। ਬਿਲਕੁਲ ਕਲਗੀਧਰ ਪਾਤਸ਼ਾਹ ਉਸ ਮਾਂ
ਵਾਂਗ ਇਥੇ ਆਪਣਾ ਫਰਜ ਨਿਭਾ ਰਹੇ ਹਨ। ਕਈ ਸੂਰਬੀਰ ਆਪਣੇ ਸਿਰ ਹੇਠਾਂ ਘੋੜਿਆਂ ਦੀਆ ਕਾਠੀਆਂ ਲੈ ਕੇ
ਵੀ ਪਏ ਹੋਏ ਸੀ, ਉਹਨਾ ਦੇ ਸਿਰ ਵੀ ਕਾਠੀਆਂ ਤੋਂ ਹੇਠਾਂ ਨੂੰ ਹੋ ਗਏ ਸਨ, ਪਾਤਸ਼ਾਹ ਨੇ ਹੌਲੀ-ਹੌਲੀ
ਉਹਨਾ ਦੇ ਸਿਰ ਵੀ ਕਾਠੀਆਂ ਦੇ ਉਪਰ ਕੀਤੇ। ਸਤਿਗੁਰੂ ਜੀ ਆਪਣੇ ਸਿੰਘਾਂ ਨੂੰ ਜਿਸ ਤਰ੍ਹਾਂ ਨਾਲ
ਪਿਆਰ ਕਰਦੇ ਹਨ, ਸ਼ਾਇਦ ਦੁਨੀਆ ਵਿੱਚ ਕਿਸੇ ਮੁਰਸ਼ਦ ਨੇ, ਕਿਸੇ ਪੀਰ ਨੇ ਆਪਣੇ ਕਿਸੇ ਵੀ ਮੁਰੀਦ ਨੂੰ
ਨਹੀ ਕੀਤਾ ਹੋਵੇਗਾ।
ਜੋਗੀ ਅੱਲ੍ਹਾ ਯਾਰ ਖਾਂ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਦਾ ਪਿਆਰ, ਦੁਲਾਰ,
ਕਲਗੀਧਰ ਪਾਤਸ਼ਾਹ ਆਪਣੇ ਸਿੰਘਾਂ ਤੇ ਲੁਟਾ ਰਹੇ ਨੇ, ਮੈਨੂੰ ਦੁਨੀਆਂ ਵਿੱਚ ਕੋਈ ਹੋਰ ਇਸ ਤਰ੍ਹਾਂ ਦਾ
ਮੁਰਸ਼ਦ ਦਿਖਾਈ ਨਹੀ ਦਿੱਤਾ।
ਹਾਸ਼ਾ! ਕਿਸੀ ਮੁਰਸ਼ਦ ਮੇਂ ਯਿਹ ਈਸਾਰ ਨਹੀਂ ਹੈ।
ਯਿਹ ਪਿਆਰ ਕਿਸੀ ਪੀਰ ਮੇਂ ਜ਼ਿਨਹਾਰ ਨਹੀ ਹੈ।
ਕਲਗੀਧਰ ਪਾਤਸ਼ਾਹ ਇਕੱਲੇ-ਇਕੱਲੇ ਸਿੰਘ ਦੇ ਪਾਸ ਜਾ ਕੇ ਉਸ ਵੱਲ ਵੈਰਾਗ ਤੇ
ਪਿਆਰ ਭਰੀਆਂ ਨਜਰਾਂ ਨਾਲ ਤਕ ਰਹੇ ਹਨ।
ਥੇ ਦੇਖਤੇ ਹਰ ਇੱਕ ਕੋ ਗੁਰੂ ਦੀਦਾਇ ਤਰ ਸੇ।
ਉਲਫ਼ਤ ਕੀ ਨਿਗਾਹੋਂ ਸੇ ਮੁਹੱਬਤ ਕੀ ਨਜ਼ਰ ਸੇ।
ਬਾਂਧੇ ਹੂਏ ਪਟਕਾ ਪਇ-ਖਿਦਮਤ ਥੇ ਕਮਰ ਸੇ।
ਥਾ ਜਾਗਤਾ ਕੋਈ ਤੋ ਸਰਕ ਜਾਤੇ ਥੇ ਸਰ ਸੇ।
ਕਈ ਸਿੰਘਾਂ ਨੇ ਆਪਣੇ ਕਮਰਕੱਸੇ ਖੋਲ ਕੇ ਆਪਣੇ ਸਿਰਾਂ ਤੇ ਬੰਨੇ ਹੋਏ ਸਨ
ਕਿਉਕਿ ਇਸ ਕੱਚੀ ਗੜ੍ਹੀ ਵਿੱਚ ਸਿੰਘਾਂ ਦੇ ਪਾਸ ਲੋੜੀਂਦੇ ਬਸਤਰ, ਕੱਪੜੇ ਵਗੈਰਾ ਵੀ ਨਹੀ ਸਨ। ਜਦ
ਕੋਈ ਸਿੰਘ ਸੱਜੇ ਜਾਂ ਖੱਬੇ ਨੂੰ ਪਾਸਾ ਲੈਂਦਾ ਸੀ ਤਾਂ ਉਨ੍ਹਾਂ ਦੇ ਸਿਰ ਘੋੜਿਆਂ ਦੀ ਕਾਠੀ ਰੂਪੀ
ਸਰਾਣਿਆਂ ਤੋ ਸਰਕ ਜਾਂਦੇ ਸਨ। ਸਤਿਗੁਰੂ ਸੁੱਤੇ ਪਏ ਸਿੰਘਾਂ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਤਕ ਰਹੇ
ਸਨ।
ਨਫਰਤ ਥੀ ਯਹਾ ਤਕ ਸ਼ਹਿ ਵਾਲਾ ਕੋ ਰਿਆ ਸੇ।
ਨੇਕੀ ਕੋ ਛੁਪਾਤੇ ਥੇ ਸਦਾ ਮਾ ਉ-ਸ਼ਮਾ ਸੇ।
ਐ ਦੁਨੀਆਂ ਦੇ ਲੋਕੋ! ਕਲਗੀਧਰ ਪਾਤਸ਼ਾਹ ਨੂੰ ਦਿਖਾਵੇ ਤੋਂ ਨਫਰਤ ਹੈ, ਉਹ ਜੋ
ਵੀ ਕਰ ਰਹੇ ਹਨ, ਸੱਚੇ ਦਿਲ ਨਾਲ ਕਰ ਰਹੇ ਹਨ। ਮਤਾਂ ਕਿਧਰੇ ਕੋਈ ਇਹ ਸੋਚ ਲਵੇ ਕਿ ਕਲਗੀਧਰ ਪਾਤਸ਼ਾਹ
ਇਹ ਪਿਆਰ, ਇਹ ਦੁਲਾਰ, ਇਹ ਭਾਵਨਾ ਸਿਰਫ ਆਪਣੇ ਖਾਲਸੇ ਪ੍ਰਤੀ ਦਿਖਾਵੇ ਮਾਤਰ ਕਰ ਰਹੇ ਹੋਣਗੇ।
ਖਿਆਲ ਕਰਿਉ! ਜੇਕਰ ਅਸੀ ਕਦੀ ਗੁਰਮਤਿ ਦੀ ਪ੍ਰੀਭਾਸ਼ਾ ਵਿੱਚ ਦਾਨ ਕਰਨਾ ਹੋਵੇ
ਤਾਂ ਦਾਨ ਪਤਾ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ
?
ਜੇਕਰ ਸੱਜਾ ਹੱਥ ਦਾਨ ਕਰੇ ਤਾਂ ਖੱਬੇ ਹੱਥ ਨੂੰ
ਪਤਾ ਨਹੀ ਲਗਣਾ ਚਾਹੀਦਾ ਹੈ। ਕਿਸੇ ਵਿਦਵਾਨ ਨੇ ਇਹ ਕਿਹਾ ਹੈ ਕਿ ਦਾਨ ਪ੍ਰਤੀ ਸਾਡੀ ਹਾਲਤ ਇਹ ਹੈ
ਕਿ ਗੁਰਦੁਆਰਾ ਸਾਹਿਬ ਦੇ ਪੱਖਿਆਂ ਤੇ ਆਪਣੇ ਨਾਮ, ਦਰੀਆਂ ਤੇ ਆਪਣੇ ਨਾਮ, ਕੰਧਾਂ ਤੇ ਲੱਗੇ
ਸੰਗਮਰਮਰ ਤੇ ਆਪਣੇ ਨਾਵਾਂ ਦੀਆਂ ਲਿਸਟਾਂ, ਇਥੋ ਤਕ ਕਿ ਪਾਲਕੀ ਸਾਹਿਬ ਅਤੇ ਪਾਲਕੀ ਸਾਹਿਬ ਦੇ ਥੜੇ
ਵੀ ਅਸੀਂ ਦਾਨੀਆਂ ਨੇ ਆਪਣੀ ਬੀਮਾਰ ਮਾਨਸਿਕਤਾ ਨਾਲ ਨਾਮ ਲਿਖ-ਲਿਖ ਕੇ ਭਰੇ ਹੋਏ ਹਨ। ਇਸ ਪ੍ਰਤੀ
ਸਿੱਖਾਂ ਨੂੰ ਸੁਚੇਤ ਵੀ ਹੋਣਾ ਜਰੂਰੀ ਹੈ ਕਿਉਕਿ ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਇੱਕ ਦਿਨ
ਐਸਾ ਵੀ ਆ ਜਾਵੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਉਪਰ ਵੀ ਲਿਖਿਆ ਮਿਲੇਗਾ ਕਿ ਇਹ ਸਰੂਪ ਫਲਾਣੇ
ਸਿੱਖ ਨੇ ਭੇਟ ਕੀਤਾ ਹੈ।
ਮੈਨੂੰ ਚੰਗੀ ਤਰਾਂ ਯਾਦ ਹੈ ਕਿ ਇੱਕ ਵਾਰੀ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ
ਕਥਾ ਦੌਰਾਨ ਕਿਹਾ ਸੀ ਕਿ ਉਹ ਇੱਕ ਵਾਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪਾਕਿਸਤਾਨ
ਗੁਰਦੁਆਰੇ ਨਨਕਾਣਾ ਸਾਹਿਬ ਵਿਖੇ ਗਏ ਤਾਂ ਉਥੇ ਉਹਨਾਂ ਕੀ ਨੇ ਤੱਕਿਆ
?
ਇੱਕ ਬਜੁਰਗ ਪ੍ਰਾਣੀ ਬੜੀ ਨੀਝ ਨਾਲ ਹੇਠਾਂ, ਉਪਰ,
ਸੱਜੇ, ਖੱਬੇ ਤਕ ਰਿਹਾ ਸੀ, ਤਾਂ ਮਸਕੀਨ ਸਾਹਿਬ ਨੇ ਪੁਛਿਆ “ਬਾਬਾ ਜੀ ਤੁਹਾਡਾ ਕੀ ਗੁਆਚ ਗਿਆ
ਹੈ? ਸਾਨੂੰ ਦੱਸੋ ਅਸੀ ਲਭ ਦੇਈਏ। “ ਬਜੁਰਗ ਨੇ ਜਵਾਬ ਦਿੱਤਾ “ਜੀ ਗੁਆਚਾ ਤਾਂ ਕੁੱਝ ਨਹੀ
ਹੈ। ਸਾਡੇ ਬਜੁਰਗ ਇਥੇ ਦਾਨ ਵਿੱਚ ਕਾਫੀ ਪੈਸੇ ਦੇ ਕੇ ਗਏ ਹਨ। ਦਸਦੇ ਸਨ ਕਿ ਸਾਡੇ ਨਾਮ ਦਾ ਨਨਕਾਣਾ
ਸਾਹਿਬ ਪੱਥਰ ਲੱਗਿਆ ਹੋਇਆ ਹੈ, ਇਸ ਲਈ ਮੈ ਉਹ ਪੱਥਰ ਲੱਭ ਰਿਹਾ ਹਾਂ “ਮਸਕੀਨ ਸਾਹਿਬ ਹੱਸ ਕੇ
ਕਹਿਣ ਲਗੇ “ਬਜੁਰਗੋ! ਤੁਸੀਂ ਇਥੇ ਯਾਤਰਾ ਕਰਨ ਲਈ ਆਏ, ਮੈਨੂੰ ਲਗਦਾ ਹੈ ਕਿ ਤੁਸੀ ਇਥੇ ਮਰੇ
ਹੋਏ ਪਿਤਰਾਂ ਨੂੰ ਲੱਭਣ ਲਈ ਹੀ ਆਏ ਹੋ। “ ਅਜ ਜਰਾ ਸਮਾਜ ਅੰਦਰ ਗੁਰਮਤਿ ਦੇ ਦਾਇਰੇ ਦੀ ਅੱਖ
ਨਾਲ ਝਾਤੀ ਮਾਰ ਕੇ ਦੇਖਿਓ, ਅਸੀ ਅਜ ਵੀ ਉਥੇ ਹੀ ਖੜੇ ਹਾਂ।
ਪਰ ਜੋਗੀ ਅੱਲ੍ਹਾ ਯਾਰ ਖ਼ਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ
ਇਹ ਅੱਖਰ ਲਿਖਣ ਵਿੱਚ ਫਖਰ ਮਹਿਸੂਸ ਕਰਦਾ ਹੋਇਆ ਲਿਖਦਾ ਹੈ ਕਿ:-
ਜਿਨ ਸਿੰਘੋ ਨੇ ਕਲ ਮੌਤ ਕੇ ਸਾਹਿਲ ਥਾ ਉਤਰਨਾ।
ਕਲ ਸੁਬਹ ਥਾ ਜਿਨ ਖਾਲਸੋਂ ਨੇ ਜੰਗ ਮੇਂ ਮਰਨਾ।
ਬਾਲੀ ਸੇ ਸ਼ਹੀਦੋ ਕੇ ਹੂਆ ਜਬਕਿ ਗੁਜਰਨਾ।
ਮੁਸ਼ਕਲ ਹੂਆ ਇਸ ਜਾ ਸੇ ਕਦਮ ਆਗੇ ਕੋ ਧਰਨਾ।
ਕਲਗੀਧਰ ਪਾਤਸ਼ਾਹ ਦੇ ਇਹਨਾ ਸਿੰਘ, ਸੂਰਬੀਰਾਂ ਨੇ ਕਲ੍ਹ ਨੂੰ ਜੰਗ ਦੀ ਭੇਟ
ਚੜ੍ਹ ਜਾਣਾ ਹੈ। ਕਲਗੀਧਰ ਪਾਤਸ਼ਾਹ ਸਿੰਘ ਸੂਰਬੀਰਾਂ ਦੇ ਸਿਰ ਵਾਲੇ ਪਾਸਿਓ ਹੌਲੀ ਹੌਲੀ ਚਲ ਵੀ ਰਹੇ
ਨੇ। ਕੈਸੀ ਭਾਵਨਾ, ਕੈਸਾ ਪਿਆਰ, ਕੈਸੀ ਮਮਤਾ ਹੈ ਸਿੰਘਾਂ ਪ੍ਰਤੀ ਗੁਰੂ ਕਲਗੀਧਰ ਦੇ ਹਿਰਦੇ ਅੰਦਰ
ਤੇ ਕਲਗੀਧਰ ਪਾਤਸ਼ਾਹ ਚਲਦਿਆਂ-ਚਲਦਿਆਂ ਰੁਕ ਗਏ, ਗੋਡਿਆਂ ਭਾਰ ਬੈਠ ਗਏ। ਕਲਗੀਧਰ ਪਾਤਸ਼ਾਹ ਜਾਣਦੇ ਨੇ
ਕਿ ਇਹਨਾ ਸਿੰਘਾਂ ਨੇ ਕਲ ਨੂੰ ਵੈਰੀਆਂ ਦੇ ਨਾਲ ਜੂਝਣਾ ਹੈ। ਕਲਗੀਧਰ ਪਾਤਸ਼ਾਹ ਸੁੱਤੇ ਹੋਏ ਸਿੰਘਾਂ
ਦੇ ਕਦੀ ਗਲੇ ਤੇ ਕਦੀ ਮੱਥੇ ਤੇ ਚੁੰਮਨ ਕਰਦੇ ਹਨ। ਅੱਗੇ ਜੋ ਜੋਗੀ ਅੱਲ੍ਹਾ ਯਾਰ ਖ਼ਾਂ ਲਿਖਦਾ ਹੈ ਉਹ
ਕਲਗੀਧਰ ਪਾਤਸ਼ਾਹ ਤੋ ਇਲਾਵਾ ਦੁਨੀਆਂ ਵਿੱਚ ਕੋਈ ਹੋਰ ਰਹਿਬਰ ਨਹੀ ਕਰ ਸਕਦਾ, ਉਹ ਲਿਖਦਾ ਹੈ-
ਚੂਮਾ ਕਭੀ ਹਲਕੂਮ ਦਹਨ ਚੂੰਮਨੇ ਬੈਠੇ।
ਜਬ ਪਾਇੰਤੀ ਆਏ ਤੋ ਚਰਨ ਚੂੰਮਨੇ ਬੈਠੇ।
ਹੁਣ ਕਲਗੀਧਰ ਪਾਤਸ਼ਾਹ ਸਿੰਘਾਂ ਦੇ ਪੈਰਾਂ ਨੂੰ ਹੌਲੀ-ਹੌਲੀ ਚੁੰਮਦੇ ਨੇ ਤੇ
ਸੀਸ ਵੀ ਨਿਵਾ ਰਹੇ ਹਨ। ਕੀ ਅਜ ਕੋਈ ਹੈ ਐਸਾ ਧਾਰਮਿਕ ਰਹਿਬਰ? ਅਜ ਕਲ ਤਾਂ ਗੁਰੂ ਚੇਲੇ ਦਾ ਵੀ ਫਰਕ
ਰਹਿ ਜਾਂਦਾ ਹੈ। ਪਰ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਚੇਲੇ ਦਾ ਕੋਈ ਵੀ ਫਰਕ ਨਹੀ ਹੈ। ਕਈ ਵਾਰ
ਸਾਡੇ ਮਨ ਖਿਆਲ ਵਿੱਚ ਆ ਜਾਂਦਾ ਹੋਵੇਗਾ ਕਿ
ਵਾਹੁ ਵਾਹੁ ਗੋਬਿੰਦ ਸਿੰਘ, ਆਪੇ ਗੁਰ ਚੇਲਾ।। (ਭਾਈ ਗੁਰਦਾਸ ਜੀ - ਵਾਰ ੫੧
ਪਉੜੀ ੧)
ਇਹ ਗਲ ਦਸਵੇ ਜਾਮੇ ਦੀ ਹੈ ਤੇ ਸਾਡੀ ਸੋਚ ਵੀ ਇਥੇ ਹੀ ਖੜੀ ਹੈ। ਪਰ ਮੈਂ
ਬੇਨਤੀ ਕਰ ਦਿਆਂ ਕਿ ਇਹ ਸਾਡੀ ਨਾ-ਸਮਝੀ ਹੈ। , ਜੋ ਪੂਰਨੇ ਗੁਰੂ ਨਾਂਨਕ ਜੀ ਦੇ ਪਹਿਲੇ ਪਾਏ ਹੋਏ
ਸੀ, ਉਸੇ ਨਿਰਧਾਰਤ ਸੋਚ ਤੇ ਚਲਦਿਆਂ ਇਹ ਸੋਚ ਦਸਵੇ ਜਾਮੇ ਤਕ ਵੀ ਚਲੀ ਜਾ ਰਹੀ ਹੈ। ਇਹ “ਆਪੇ
ਗੁਰੂ ਚੇਲਾ” ਦੀ ਸੋਚ ਗੁਰੂ ਨਾਨਕ ਸਾਹਿਬ ਦੀ ਹੀ ਚਲਾਈ ਹੋਈ ਹੈ। ਜੇਕਰ ਇਸਦੇ ਸਬੂਤ ਦੀ ਲੋੜ
ਮਹਿਸੂਸ ਹੋ ਰਹੀ ਹੋਵੇ ਤਾਂ ਭਾਈ ਸੱਤਾ ਜੀ-ਭਾਈ ਬਲਵੰਡ ਜੀ ਦੀ ਵਾਰ ਦੀ ਪਹਿਲੀ ਪਉੜੀ ਦੀਆਂ ਅੰਤਿਮ
ਪੰਕਤੀਆਂ ਪੜ੍ਹ ਲੈਣਾ ਆਪ ਜੀ ਨੂੰ ਸਬੂਤ ਵੀ ਮਿਲ ਜਾਵੇਗਾ।
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤ ਥੀਵਦੈ।।
ਸਹਿ ਟਿਕਾ ਦਿਤੋਸੁ ਜੀਵਦੈ।। (ਰਾਮਕਲੀ-ਸਤੇ ਬਲਿਵੰਡ ਕੀ ਵਾਰ-੯੬੬)
ਇਸਦਾ ਮਤਲਬ ਹੈ ਕਿ ਗੁਰੂ ਨੇ ਆਪਣੇ ਚੇਲੇ ਭਾਈ ਲਹਿਣਾ ਜੀ ਦੇ ਚਰਨਾਂ ਉਪਰ
ਜਿਊਂਦੇ ਜੀ ਮੱਥਾ ਟੇਕਿਆ ਸੀ। “ਗੁਰਿ”ਕਿਉਕਿ “ਰ” ਨੂੰ ਸਿਹਾਰੀ ਲਗੀ ਹੋਈ ਹੈ ਤੇ
ਇਸਦਾ ਮਤਲਬ ਹੈ ਕਿ ਗੁਰੂ ਨੇ। “ਰਹਰਾਸਿ” ਦਾ ਇਥੇ ਮਤਲਬ ਹੈ “ਨਮਸਕਾਰ”।
ਜਦੋ ਗੁਰੂ ਨਾਨਕ ਜੀ ਕਰਤਾਪੁਰ ਤੋਂ ਧਾਨਕ ਰੂਪ ਧਾਰਨ ਕਰਕੇ ਬਾਹਰ ਨੂੰ ਚਲੇ
ਗਏ ਤਾਂ ਬਹੁਤ ਸਾਰੇ ਉਹਨਾਂ ਦੇ ਪਿਛੇ-ਪਿਛੇ ਗਏ। ਗੁਰੂ ਜੀ ਨੇ ਕੁੱਝ ਮਾਇਆ ਆਦਿ ਦੀ ਸੁੱਟ ਵੀ
ਕੀਤੀ, ਹੱਥ ਵਿੱਚ ਫੜੇ ਸੋਟੇ ਨਾਲ ਮਾਰਨ ਦੇ ਯਤਨ ਵੀ ਕੀਤੇ। ਹੌਲੀ-ਹੌਲੀ ਸਭ ਲੋਕ ਪਿਛਾਂਹ ਨੂੰ
ਹਟਦੇ ਗਏ ਪਰ ਭਾਈ ਲਹਿਣਾ ਜੀ ਪਿਛੇ ਨਹੀ ਸਨ ਹਟੇ। ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ
ਕਿਹਾ ਸੀ “ਤੂੰ ਪਿਛਾਂਹ ਨੂੰ ਕਿਉਂ ਨਹੀ ਜਾਂਦਾ? “ਭਾਈ ਲਹਿਣਾ ਜੀ ਨੇ ਜਵਾਬ ਦਿੱਤਾ ਸੀ, “ਸਚੇ
ਪਾਤਸ਼ਾਹ! ਉਹਨਾਂ ਸਾਰਿਆਂ ਦੇ ਟਿਕਾਣੇ ਹੋਣਗੇ ਪਰ ਮੇਰਾ ਤਾਂ ਤੁਹਾਡੇ ਚਰਨਾਂ ਤੋ ਇਲਾਵਾ ਕੋਈ ਹੋਰ
ਟਿਕਾਣਾ ਹੀ ਨਹੀ ਹੈ, ਮੈਨੂੰ ਆਪ ਹੀ ਦੱਸੋ ਮੈਂ ਕਿਥੇ ਚਲਿਆ ਜਾਂਵਾ? “ਤਾਂ ਗੁਰੂ ਨਾਨਕ ਸਾਹਿਬ
ਨੇ ਭਾਈ ਲਹਿਣਾ ਜੀ ਨੂੰ ਆਪਣੇ ਗਲ ਨਾਲ ਲਗਾ ਕੇ ਕਿਹਾ ਸੀ “ਲਹਿਣਿਆ ਟਿਕਾਣਾ ਤੈਨੂੰ ਨਹੀ, ਗੁਰੂ
ਜੋਤ ਨੂੰ ਟਿਕਾਉਣ ਲਈ ਟਿਕਾਣਾ ਮੈਨੂੰ ਲਭ ਗਿਆ ਹੈ। “ਗੁਰੂ ਨਾਨਕ ਸਾਹਿਬ ਨੇ ਉਸ ਨੂਰਾਨੀ ਰੱਬੀ
ਜੋਤ ਨੂੰ ਭਾਈ ਲਹਿਣਾ ਜੀ (ਆਪਣੇ ਚੇਲੇ) ਦੇ ਹਿਰਦੇ ਵਿੱਚ ਟਿਕਾਇਆ ਸੀ ਤੇ ਭਾਈ ਲਹਿਣੇ ਤੋਂ ਗੁਰੂ
ਅੰਗਦ ਦੇਵ ਬਣਾਇਆ ਸੀ। ਗੁਰੂ ਜੋਤ ਚਲਦਿਆਂ-ਚਲਦਿਆਂ ਦਸਵੇਂ ਜਾਮੇ ਤਕ ਸਮਾਈ ਤੇ ਫਿਰ ਸ੍ਰੀ ਗੁਰੂ
ਗ੍ਰੰਥ ਸਾਹਿਬ ਵਿੱਚ ਹਮੇਸ਼ਾ ਲਈ ਸਮਾ ਗਈ।
ਮਤ ਕਿਧਰੇ ਸੋਚਿਉ ਕਿ ਗੁਰੂ ਨਾਨਕ ਜੀ ਸਾਡੇ ਤੋਂ ਕਿਧਰੇ ਦੂਰ ਚਲੇ ਗਏ ਹਨ,
ਨਹੀ ਗੁਰੂ ਨਾਨਕ ਜੀ ਸਾਡੇ ਪਾਸ “ਗੁਰੂ ਗ੍ਰੰਥ ਸਾਹਿਬ” ਰਾਹੀਂ ਮੌਜੂਦ ਨੇ, ਇਹ ਵੱਖਰੀ ਗੱਲ
ਹੈ ਕਿ ਸਾਡੇ ਪਾਸ ਭਾਵਨਾ ਵਾਲੀ ਅੱਖ ਹੀ ਨਾ ਹੋਵੇ, ਸਾਡੇ ਪਾਸ ਮਹਿਸੂਸ ਕਰਨ ਦੀ ਸਮਰੱਥਾ ਹੀ ਨਾ
ਹੋਵੇ।
ਅਜ ਅਸੀ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਕਹਿੰਦੇ ਹਾਂ ਕਿ ਐ ਬਾਬਾ ਨਾਨਕ!
ਤੁਹਾਡੀ ਵਿਚਾਰਧਾਰਾ ਗੁਰਦੁਆਰੇ ਦੀ ਚਾਰ ਦੀਵਾਰੀ ਦੇ ਅੰਦਰ ਹੀ ਠੀਕ ਹੈ ਕਿਉਕਿ ਬਾਹਰ ਤੁਹਾਡੀ
ਵਿਚਾਰਧਾਰਾ ਨੂੰ ਅਪਣਾ ਕੇ ਸਾਡਾ ਨੱਕ ਨਹੀ ਰਹਿੰਦਾ ਤੇ ਅਸੀ ਸਮਾਜ ਵਿੱਚ, ਰਿਸ਼ਤੇਦਾਰੀਆਂ ਵਿੱਚ
ਆਪਣਾ ਨੱਕ ਵੀ ਤੇ ਰਖਣਾ ਹੈ ਨਾ। ਜੇਕਰ ਮੈਂ ਸ਼ਾਦੀ ਵਿੱਚ ਸ਼ਰਾਬ ਨਾ ਪਿਲਾਈ ਤਾਂ ਮੇਰੇ ਰਿਸ਼ਤੇਦਾਰ,
ਸੱਜਣ ਮਿੱਤਰ ਨਰਾਜ਼ ਹੋ ਜਾਣਗੇ, ਮੇਰੇ ਕੁੜਮ ਕੀ ਆਖਣਗੇ ਆਦਿ। ਇਸ ਲਈ ਬਾਬਾ ਨਾਨਕ ਜੀ ਆਪ ਜੀ ਦੇ
ਵਿਚਾਰ ਤਾਂ ਬਹੁਤ ਵਧੀਆ ਹਨ ਪਰ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਠੀਕ ਹਨ। ਕਿਉਕਿ ਮੇਰੇ ਘਰ
ਵਿੱਚ ਦੁਨੀਆਦਾਰੀ ਅਤੇ ਮੂੰਹ ਲਿਹਾਜੇ ਵੀ ਤਾਂ ਰਖਣੇ ਪੈਣੇ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਬੜੀ
ਕਮਾਲ ਦੀ ਉਦਾਹਰਣ ਦਿੰਦੇ ਹਨ।
ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ।।
ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ।। (ਮਹਲਾ ੫-੩੨੨)
ਭਾਵ ਕਿ ਇੱਕ ਉਡਦੀ ਹੋਈ ਇੱਲ ਪਹਾੜਾਂ ਦੇ ਪਹਾੜ, ਜੰਗਲਾਂ ਦੇ ਜੰਗਲ ਲੰਘ
ਜਾਂਦੀ ਹੈ, ਮਤਾ ਕੋਈ ਵੇਖ ਕੇ ਇਹ ਸੋਚ ਲਵੋ ਕਿ ਇਸ ਨੇ ਬਹੁਤ ਤਪ ਸਾਧਿਆ ਹੈ, ਇਹ ਬੜੀ ਜਤੀ-ਸਤੀ
ਹੋਵੇਗੀ। ਪਰ ਇੱਲ ਦਾ ਸੁਭਾਅ ਹੈ ਕਿ ਜਿਥੇ ਵੀ ਕਿਧਰੇ ਇੱਲ ਨੂੰ ਮੁਰਦਾ ਜਾਨਵਰ ਜਾਂ ਮਾਸ ਦਿਸਿਆ ਇਹ
ਅਸਮਾਨ ਤੋਂ ਸਿੱਧੀ ਹੇਠਾਂ ਨੂੰ ਆ ਜਾਂਦੀ ਹੈ। ਇੱਲ ਆਪਣੇ ਸੁਭਾਉ ਕਾਰਣ ਹੀ ਅਰਸ਼ਾਂ ਤੋਂ ਫ਼ਰਸ਼ਾਂ ਤੱਕ
ਆਉਂਦਿਆਂ ਕੋਈ ਖਾਸ ਸਮਾਂ ਨਹੀ ਲਗਾਉਦੀ।
ਸਾਡੇ ਸਿੱਖਾਂ ਵਿੱਚ ਵੀ ਗੁਰੂ ਬਿਰਤੀ ਵਾਲੇ ਬਹੁਤ ਹੀ ਘੱਟ ਪਰ ਇੱਲ ਬਿਰਤੀ
ਵਾਲੇ ਬਹੁਤ ਸੰਖਿਆ ਵਿੱਚ ਮਿਲ ਜਾਂਦੇ ਹਨ, ਇਹ ਮੈਂ ਨਹੀ ਗੁਰੂ ਸਾਹਿਬ ਹੀ ਫੁਰਮਾਣ ਕਰ ਰਹੇ ਹਨ।
ਕਦੀ ਵਿਆਹ, ਸ਼ਾਦੀਆਂ ਵਿੱਚ ਦੇਖ ਲੈਣਾ ਕਿੱਧਰੇ ਮੀਟ ਸ਼ਰਾਬ ਆ ਜਾਵੇ ਤਾਂ ਇਹ ਟੁੱਟ ਕੇ ਪੈ ਜਾਣਗੇ,
ਇਸ ਲਈ ਇੱਲ ਬਿਰਤੀ ਵਾਲਿਆਂ ਦੀ ਪਹਿਚਾਣ ਕਰਨੀ ਕੋਈ ਔਖੀ ਗੱਲ ਨਹੀਂ ਹੈ। ਹੰਸ ਅਤੇ ਬਗੁਲਾ ਵੇਖਣ
ਨੂੰ ਦੋਵੇਂ ਇੱਕੋ ਜਿਹੇ ਹੀ ਲੱਗਦੇ ਹਨ। ਦੋਵੇਂ ਚਿੱਟੇ ਖੰਭਾਂ ਵਾਲੇ ਨੇ, ਦੋਵੇਂ ਸਰੋਵਰ ਵਿੱਚ ਵੀ
ਰਹਿੰਦੇ ਹਨ, ਪਰ ਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਤੇ ਪਹਿਚਾਣ ਦਸਦੇ ਹੋਏ ਫੁਰਮਾਣ ਕਰਦੇ
ਹਨ।
ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ।। (ਸਲੋਕ ਮਹਲਾ ੫-੯੬੦)
ਇਹ ਗੱਲ ਸਾਡੇ ਤੇ ਪੂਰੀ ਤਰ੍ਹਾਂ ਲਾਗੂ ਹੈ। ਪੈਲਸਾਂ ਵਿੱਚ ਜਾ ਕੇ ਮਿੰਟਾਂ
ਵਿੱਚ ਹੀ ਪਹਿਚਾਣ ਹੋ ਜਾਂਦੀ ਹੈ, ਪਰਖ ਹੋ ਜਾਂਦੀ ਹੈ ਕਿ ਅਸੀਂ ਕਿੱਥੇ ਖੜੇ ਹਾਂ? ਕੀ ਅਸੀਂ
ਗੁਰਬਾਣੀ ਦਾ ਹੁਕਮ ਮੰਨ ਰਹੇ ਹਾਂ
?
ਅਸੀਂ ਗੁਰੂ ਨਾਨਕ ਜੀ ਦੇ ਉਪਦੇਸ਼ਾਂ ਨੂੰ ਸਿਰਫ਼
ਗੁਰਦੁਆਰਿਆਂ ਦੀ ਸ਼ੋਭਾ ਮੰਨਣ ਵਿੱਚ ਹੀ ਵਿਸਵਾਸ ਰੱਖਦੇ ਹਾਂ। ਬਾਹਰ ਬਰਦਾਸ਼ਤ ਨਹੀਂ ਹੁੰਦੇ, ਪਰ
ਗੁਰੂ ਸਾਹਿਬ ਫਿਰ ਵੀ ਸਾਨੂੰ ਉਪਦੇਸ਼ ਕਰ ਰਹੇ ਹਨ।
ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ।।
ਏਨੀ ਜਲੀਈਂ ਨਾਮੁ ਵਿਸਾਰਿਆ ਇੱਕ ਨ ਚਲੀਆ ਨਾਲਿ।। (ਮਹਲਾ ੨-੧੨੯੦)
ਐ ਭਾਈ
!
ਤੂੰ ਦੁਨੀਆਂ ਦੀਆਂ ਖੁਸ਼ੀਆਂ ਲੈਣੀਆਂ ਚਾਹੁੰਦਾ ਹੈ, ਤੂੰ ਦੁਨੀਆਂ ਵਿੱਚ ਰਹਿੰਦਿਆਂ, ਪਤਨੀ, ਭਾਈ,
ਪੁੱਤਰ ਤੇ ਰਿਸ਼ਤੇਦਾਰਾਂ ਦੀਆਂ ਝੂਠੀਆਂ ਤੇ ਨਾਜਾਇਜ ਮੰਗਾਂ, ਨਜਾਇਜ਼ ਗੱਲਾਂ ਵੀ ਮੰਨੀ ਜਾਂਦਾ ਹੈ।
ਪਰ ਕਦੀ ਗੁਰੂ ਦੀ ਸੱਚੀ ਅਤੇ ਜ਼ਾਇਜ਼ ਗੱਲ ਵੀ ਮੰਨ ਕੇ ਦੇਖ ਲੈ।
ਅਸੀਂ ਕਿਵੇਂ ਆਖ ਸਕਦੇ ਹਾਂ ਕਿ ਸਿੱਖ ਗੁਰੂ ਦੀ ਸੱਚੀ ਗੱਲ ਨੂੰ ਪਹਿਲ
ਦਿੰਦਾ ਹੈ। ਜੇਕਰ ਅਸੀਂ ਆਪਣੇ ਅੰਦਰ ਸਿੱਖੀ ਅਤੇ ਸਚਾਈ ਦੇਖਣੀ, ਸਮਝਣੀ ਹੈ ਤਾਂ ਇਹ ਉਸ ਦਿਨ
ਹੋਵੇਗਾ, ਜਿਸ ਦਿਨ ਅਸੀਂ ਇਹ ਗੱਲ ਆਖਾਂਗੇ ਕਿ ਜੇਕਰ ਮੈਂ ਇਹ ਕੰਮ ਕੀਤਾ ਤਾਂ ਮੇਰਾ ਗੁਰੂ ਕੀ
ਆਖੇਗਾ, ਮੈਂ ਗੁਰੂ ਅੱਗੇ ਕੀ ਮੂੰਹ ਲੈ ਕੇ ਜਾਵਾਂਗਾ, ਉਸ ਦਿਨ ਸਮਾਜ ਦੀ ਸਹੀ ਦਿਸ਼ਾ ਦੀ ਸਿਰਜਣਾ ਦਾ
ਆਗਾਜ਼ ਹੋਵੇਗਾ।
ਬੇਗਮ ਪੁਰਾ ਸਹਰ ਕੋ ਨਾਉ।। ਦੂਖੁ ਅੰਦੋਹੁ ਨਹੀ ਤਿਹਿ ਠਾਉ।। (ਗਉੜੀ
ਰਵਿਦਾਸ ਜੀ-੩੪੫)
ਤੇ ਜਦੋਂ ਅਸੀਂ ਗੁਰੂ ਦੀ ਪਰਵਾਹ ਕਰਨ ਲੱਗ ਜਾਵਾਗੇ ਤਾਂ ਫਿਰ
ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ।। (ਮਹਲਾ ੨-੪੭੩)
ਤਾਂ ਗੁਰੁ ਵੀ ਬੇਅੰਤ ਖੁਸ਼ੀਆਂ ਸਾਡੀ ਝੋਲੀ ਵਿੱਚ ਟਿਕਾਵੇਗਾ, ਪਰ ਉਸ ਦਿਨ,
ਜਿਸ ਦਿਨ ਅਸੀਂ ਲੋਕਾਈ ਦੀ ਪਰਵਾਹ ਛੱਡ ਕੇ ਗੁਰੂ ਦੀ ਮੰਨਣ ਵਿੱਚ ਵਿਸਵਾਸ਼ ਰੱਖਣ ਲੱਗ ਪਵਾਂਗੇ।
ਜੋਗੀ ਅੱਲ੍ਹਾ ਯਾਰ ਖ਼ਾਂ ਆਪਣੇ ਕਿੱਸੇ ਨੂੰ ਅਗਾਂਹ ਤੋਰਦਾ ਹੋਇਆ ਲਿਖਦਾ ਹੈ
ਕਿ:-
ਫਰਮਾਏ! ਸਹਰ ਸੋ ਕੇ ਯਿਹ ਹੁਸ਼ਿਆਰ ਨ ਹੋਂਗੇ।
ਅਬ ਹੋ ਕੇ ਯਿਹ ਫਿਰ ਨੀਂਦ ਸੇ ਬੇਦਾਰ ਨ ਹੋਂਗੇ।
ਕਲਗੀਧਰ ਪਾਤਸ਼ਾਹ ਸੁੱਤੇ ਹੋਏ ਸਿੰਘ, ਸੂਰਬੀਰਾਂ ਦੇ ਨਾਲ ਆਪਣੇ ਮਨ ਹੀ ਅੰਦਰ
ਗੱਲਾਂ ਪਏ ਕਰਦੇ ਨੇ ਕਿ ਇਹ ਅੱਜ ਦੀ ਰਾਤ ਸੌਂ ਰਹੇ ਨੇ ਪਰ ਕੱਲ੍ਹ ਨੂੰ ਸ਼ਾਇਦ ਇਹ ਸੌਂ ਵੀ ਨਹੀਂ
ਸਕਣਗੇ।
ਨੀਂਦਰ ਦੇ ਵਿਸ਼ੇ ਨੂੰ ਲੈ ਕੇ ਪ੍ਰਿੰਸੀਪਲ ਸਤਿਬੀਰ ਸਿੰਘ ਜੀ ਨੇ ਇੱਕ
ਬਾ-ਕਮਾਲ ਗੱਲ ਸਾਡੀ ਝੋਲੀ ਵਿੱਚ ਪਾਈ ਹੈ। ਉਹ ਲਿਖਦੇ ਨੇ ਕਿ ਸਾਡੀ ਸਿੱਖ ਮਰਿਆਦਾ ਅਨੁਸਾਰ “ਸੋਹਿਲਾ
ਸਾਹਿਬ” ਦੀ ਬਾਣੀ ਨੂੰ ਦੋ ਸਮੇਂ ਪੜ੍ਹਣ ਦਾ ਵਿਧਾਨ ਹੈ। ਇੱਕ ਰਾਤ ਨੂੰ ਸੌਣ ਤੋਂ ਪਹਿਲਾਂ
ਰੋਜ਼ਾਨਾ ਨਿਤਨੇਮ ਰੂਪ ਵਿੱਚ ਤੇ ਦੂਸਰਾ ਮਿਰਤਕ ਪ੍ਰਾਣੀ ਦੀ ਚਿਖਾ ਨੂੰ ਅਗਨੀ ਦੇਣ ਉਪਰੰਤ “ਸੋਹਿਲਾ
ਸਾਹਿਬ” ਦੀ ਬਾਣੀ ਪੜ੍ਹਣ ਦੀ ਮਰਿਆਦਾ ਹੈ। ਪ੍ਰਿੰਸੀਪਲ ਸਾਹਿਬ ਨੇ ਇਸ ਘੁੰਡੀ ਨੂੰ ਬੜੇ ਵਧੀਆ
ਤਰੀਕੇ ਨਾਲ ਖੋਲ ਕੇ ਸਾਨੂੰ ਸਮਝਾਉਣਾ ਕੀਤਾ ਹੈ। ਉਹ ਦਸਦੇ ਹਨ ਕਿ “ਨੀਂਦ ਇੱਕ ਛੋਟੀ ਮੌਤ ਹੈ”
ਅਤੇ “ਮੌਤ ਇੱਕ ਲੰਮੀ ਨੀਂਦ ਹੈ”। ਇਹਨਾਂ ਦੋਵਾਂ ਦੀ ਆਪਸ ਵਿੱਚ ਇੱਕ ਲੰਮੀ ਸਾਂਝ ਹੈ,
ਕਿਉਂਕਿ ਸੁੱਤੇ ਹੋਏ ਮਨੁੱਖ ਨੂੰ ਵੀ ਇਹ ਪਤਾ ਨਹੀਂ ਹੁੰਦਾ ਕਿ ਉਹ ਸਵੇਰੇ ਉਠੇਗਾ ਕਿ ਨਹੀਂ ਉਠੇਗਾ।
ਹੁਣ ਕਲਗੀਧਰ ਪਾਤਸ਼ਾਹ ਆਪਣੇ ਮਨ ਹੀ ਮਨ ਅੰਦਰ ਇਹ ਗੱਲਾਂ ਕਰ ਰਹੇ ਹਨ ਕਿ
ਕਲ੍ਹ ਤੋਂ ਬਾਅਦ ਮੈਂ ਤਾਂ ਹੋਵਾਂਗਾ, ਪਰ ਮੇਰੇ ਇਹ ਸਿੰਘ ਸੂਰਬੀਰ ਨਹੀਂ ਹੋਣਗੇ। ਇਹ ਮੇਰਾ ਸਾਥ
ਨਿਭਾਉਣ ਲਈ ਇਸ ਸਥਾਨ ਤੋ ਅੱਗੇ ਨਹੀਂ ਤੁਰ ਸਕਣਗੇ।
ਹਮ ਹੋਂਗੇ ਮੁਸੀਬਤ ਮੇਂ ਮਗਰ ਯਾਰ ਨ ਹੋਂਗੇ।
ਯਿਹ ਸਿੰਘ ਪਿਆਰੇ ਯਿਹ ਵਫਾਦਾਰ ਨ ਹੋਂਗੇ।
ਸੋਏ ਹੂਏ ਸ਼ੇਰੋਂ ਕੋ ਗਲੇ ਅਪਨੇ ਲਗਾਯਾ।
ਸਤਿਗੁਰ ਨੇ ਦਲੇਰੋਂ ਕੋ ਗਲੇ ਅਪਨੇ ਲਗਾਯਾ।
ਹੁਣ ਸਤਿਗੁਰੂ ਜੀ ਸੁੱਤੇ ਹੋਏ ਸਿੰਘਾਂ ਨੂੰ ਆਪਣੀ ਗਲਵਕੜੀ ਵਿੱਚ ਵੀ ਲੈ
ਰਹੇ ਹਨ। ਹੁਣ ਤੁਸੀਂ ਅੰਦਾਜਾ ਲਗਾਉ ਕਿ ਜੋ ਸੁੱਤੇ ਹੋਏ ਸਿੰਘਾਂ ਨੂੰ ਸਤਿਗੁਰੂ ਜੀ ਗਲਵਕੜੀ ਵਿੱਚ
ਲੈ ਕੇ ਪਿਆਰ ਕਰ ਰਹੇ ਹਨ ਪਰ ਸਿੰਘਾਂ ਦੀ ਨੀਂਦਰ ਫਿਰ ਵੀ ਨਹੀਂ ਖੁੱਲ ਰਹੀ, ਪਤਾ ਨਹੀਂ ਕਿੰਨੀ ਕੁ
ਗਹਿਰੀ ਨੀਂਦ ਵਿੱਚ ਸਿੰਘ ਸੂਰਬੀਰ ਸੌਂ ਰਹੇ ਹੋਣਗੇ। ਕਿਉਂਕਿ ਥਕਾਵਟ ਹੀ ਐਨੀ ਹੋਈ ਸੀ ਕਿ ਜਦੋਂ ਦਾ
ਅਨੰਦਪੁਰ ਸਾਹਿਬ ਨੂੰ ਛੱਡਿਆ, ਸਰਸਾ ਨਦੀ ਦੇ ਕੰਢੇ ਦੀ ਜੰਗ, ਸਰਸਾ ਦੇ ਪਾਣੀਆਂ ਦੀ ਬਾਤ, ਉਹ ਰੋਪੜ
ਦੀ ਜੰਗ ਤਾਂ ਫਿਰ ਉਪਰੋ ਭੁਖਣ ਭਾਣੇ, ਇਹਨਾਂ ਗੱਲਾਂ ਨੂੰ ਆਪਣੇ ਜਿਹਨ ਵਿੱਚ ਰੱਖ ਕੇ ਸੋਚਾਂਗੇ ਤਾਂ
ਇਹਨਾਂ ਦੀ ਇਹ ਨੀਂਦਰ ਸਭਾਵਿਕ ਹੀ ਲਗੇਗੀ।
ਇਹ ਜੋ ਪਿਆਰ ਕਲਗੀਧਰ ਪਾਤਸ਼ਾਹ ਸਿੰਘਾਂ, ਸੂਰਬੀਰਾਂ ਤੋਂ ਨਿਛਾਵਰ ਕਰ ਰਹੇ
ਹਨ, ਉਸ ਤੋਂ ਪ੍ਰਭਾਵਿਤ ਹੋ ਕੇ ਜੋਗੀ ਅੱਲ੍ਹਾ ਯਾਰ ਖ਼ਾਂ ਕਹਿ ਰਹੇ ਨੇ ਕਿ ਮੇਰੀ ਕਲਮ ਰੁਕ ਜਾਦੀ
ਹੈ, ਉਸ ਪਿਆਰ, ਦੁਲਾਰ ਨੂੰ ਮੈਂ ਪੂਰਨ ਸ਼ਬਦਾਵਲੀ ਵਿੱਚ ਬਿਆਨ ਕਰਨ ਤੋਂ ਅਸਮਰਥ ਹਾਂ, ਕਹਿੰਦਾ ਹੈ:-
ਇਨਸਾਫ ਕਰੇ ਜੀ ਮੇਂ ਜਮਾਨਾ ਤੋ ਯਕੀਂ ਹੈ।
ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ।
ਇਹ ਕਿ ਜੇਕਰ ਦੁਨੀਆਂ ਇਨਸਾਫ ਕਰੇ ਤਾਂ ਮੇਰੇ ਖਿਆਲ ਵਿੱਚ ਪੂਰੀ ਦੁਨੀਆਂ
ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ ਕੋਈ ਵੀ ਰਹਿਬਰ ਦੁਨੀਆਂ ਵਿੱਚ ਨਹੀਂ ਹੋਵੇਗਾ।
ਇਹ ਵੱਖਰੀ ਬਾਤ ਹੈ ਕਿ ਉਹਨਾਂ ਦਾ ਸਵਾਂਗ ਰਚਣ ਵਾਲੇ ਬਹੁਤ ਤੁਰੇ ਫਿਰਦੇ
ਹਨ, ਬਹੁਤ ਲੋਕ ਮਿਲ ਜਾਣਗੇ ਜੋ ਉਹਨਾਂ ਦੇ ਨਾਮ ਦੀਆਂ ਖੱਟੀਆਂ ਖਾਂਦੇ ਤੁਰੇ ਫਿਰਦੇ ਹਨ। ਇਹ ਲੋਕ
ਸਿਰਫ ਨਾਟਕ ਚੇਟਕ ਹੀ ਕਰ ਸਕਦੇ ਹਨ, ਜੋ ਲੋਕ ਬਲਾਤਕਾਰਾਂ ਦੇ ਕੇਸਾਂ ਵਿੱਚ ਪੇਸ਼ੀਆਂ ਭੁਗਤਦੇ ਤੁਰੇ
ਫਿਰਦੇ ਨੇ ਉਹ ਕਾਹਦੇ ਸਾਧ ਨੇ, ਕਾਹਦੇ ਗੁਰੂ ਨੇ?
ਅਸੀਂ ਅੱਜ ਸਿਰਫ ਪਹਿਰਾਵੇ ਤੇ ਹੀ ਰੁਕ ਜਾਂਦੇ ਹਾਂ ਤੇ ਗੁਰੂ ਸਮਝ ਕੇ ਬੈਠ
ਜਾਂਦੇ ਹਾਂ ਕਿ ਲੰਮਾਂ ਚੋਲਾ ਪਾਇਆ ਹੈ, ਪਜਾਮਾ ਪਾਉਣ ਤੋਂ ਪਰਹੇਜ਼ ਕਰਦਾ ਹੈ ਤੇ ਅਸੀਂ ਉਸਨੂੰ ਸਾਧ
ਸਮਝ ਲੈਂਦੇ ਹਾਂ। ਪਰ ਗੁਰੂ ਨਾਨਕ ਦੇ ਘਰ ਅੰਦਰ ਪਹਿਰਾਵਾ ਸਾਧ ਨਹੀਂ ਮੰਨਿਆ ਗਿਆ। ਫਿਰ ਸਾਧ ਕੌਣ
ਹੈ
?
ਜਿਸਦੇ ਕਰਮ ਨਿਰਮਲ ਨੇ, ਉਹੀ ਸਾਧ ਹੈ। ਗੁਰੂ ਸਾਹਿਬ ਆਪਣੇ
ਪਾਵਨ ਬਚਨਾਂ ਰਾਹੀ ਸਾਨੂੰ ਸਮਝਾਉਣਾ ਕਰਦੇ ਹਨ-
ਸਾਧ ਨਾਮ ਨਿਰਮਲ ਤਾ ਕੇ ਕਰਮ (ਗਉੜੀ ਸੁਖਮਨੀ ਮਹਲਾ ੫-੨੯੬)
ਮੈਂ ਬੇਨਤੀ ਕਰ ਦਿਆਂ ਇੱਕ ਰਿਕਸ਼ਾ ਚਲਾ ਕੇ ਪੇਟ ਪਾਲਣ ਵਾਲਾ ਵੀ ਸਾਧ ਹੋ
ਸਕਦਾ ਹੈ, ਰੋਜ਼ਾਨਾ ਦਿਹਾੜੀ ਕਰਨ ਵਾਲਾ ਵੀ ਸਾਧ ਹੋ ਸਕਦਾ ਹੈ, ਪਰ ਉਸਨੇ ਆਪਣੇ ਜੀਵਨ ਨੂੰ ਸਹੀ
ਅਰਥਾਂ ਵਿੱਚ ਸਾਧਿਆ ਹੋਵੇ ਤਾਂ। ਇਹ ਜਰੂਰੀ ਨਹੀ ਕਿ ਡੇਰੇ ਵਿੱਚ ਬੈਠ ਕੇ ਸਾਧ ਬਣ ਜਾਈਦਾ ਹੈ, ਇਹ
ਪਾਖੰਡ ਵੀ ਹੋ ਸਕਦਾ ਹੈ।
ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਡੇਰੇਦਾਰਾਂ ਨੂੰ ਅੰਦਰੋਂ ਦੇਖਿਆ
ਸੀ, ਪਰ ਅਸੀਂ ਇਹਨਾਂ ਨੂੰ ਬਾਹਰੋਂ-ਬਾਹਰੋਂ ਹੀ ਤੱਕਦੇ ਹਾਂ। ਗੁਰੂ ਸਾਹਿਬ ਨੇ ਇਹਨਾਂ ਨੂੰ ਅੰਦਰੋਂ
ਤੱਕ ਕੇ ਕਿਹਾ ਸੀ ਕਿ ਇਹ ਪਤਾ ਕੌਣ ਨੇ:-
ਪੂੰਅਰ ਤਾਪ ਗੇਰੀ ਕੇ ਬਸਤ੍ਰਾ।।
ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ।। (ਪ੍ਰਭਾਤੀ ਮਹਲਾ ੫-੧੩੪੮)
ਇਹ ਆਪਣੀਆ ਪਰਿਵਾਰਿਕ ਜਿੰਮੇਵਾਰੀਆਂ ਤੇ ਭੱਜੇ ਹੋਏ ਭਗੌੜੇ ਮਨੁੱਖ ਨੇ। ਇਹ
ਉਹ ਲੋਕ ਨੇ ਜੋ ਬਿਪਤਾ ਦੇ ਮਾਰੇ ਹੋਏ, ਆਪਣੀਆਂ ਪਰਿਵਾਰਿਕ ਅਤੇ ਸਮਾਜਿਕ ਜਿੰਮੇਵਾਰੀਆਂ ਪੂਰੀਆਂ
ਨਹੀਂ ਕਰ ਸਕਦੇ ਤੇ ਇਹਨਾਂ ਡਰਾਂ ਕਾਰਨ ਘਰੋਂ ਭੱਜ ਜਾਂਦੇ ਹਨ, ਪਰ ਇਹਨਾਂ ਨੂੰ ਕੋਈ ਪੁੱਛੇ ਕਿ:-
ਦੇਸੁ ਛੋਡਿ ਪਰਦੇਸਹਿ ਧਾਇਆ।।
ਪੰਚ ਚੰਡਾਲ ਨਾਲੇ ਲੈ ਆਇਆ।। (ਪ੍ਰਭਾਤੀ ਮਹਲਾ ੫-੧੩੪੮)
ਗੁਰੂ ਸਾਹਿਬ ਬਚਨ ਕਰਦੇ ਹਨ ਕਿ ਕੀ ਹੋਇਆ ਜੇਕਰ ਘਰ ਛੱਡ ਦਿੱਤਾ ਹੈ ਤਾਂ ਪਰ
ਇਹ ਫਿਰ ਵੀ ਪੰਜ ਚੋਰ ਨਾਲੇ ਹੀ ਲੈ ਕੇ ਆਇਆ ਹੈ। ਜੋ ਛੱਡਣਾ ਚਾਹੀਦਾ ਸੀ ਉਹ ਛੱਡ ਨਹੀ ਸਕਿਆ, ਤੇ
ਜੋ ਨਹੀ ਸੀ ਛੱਡਣਾ ਚਾਹੀਦਾ ਉਹ ਛੱਡ ਆਇਆ ਹੈ। ਡੇਰਿਆਂ ਵਿੱਚ ਆਪਾ ਨੂੰ ਬਹੁਤ ਖਤਰੇ ਦਿਖਾਈ ਦਿੰਦੇ
ਹਨ, ਅਸੀ ਬਹੁਤ ਕੁੱਝ ਡੇਰਿਆਂ ਨਾਲ ਸਬੰਧਤ ਖਬਰਾਂ ਆਪ ਦੇਖਦੇ, ਸੁਣਦੇ ਹਾਂ। ਪਰ ਧੰਨ ਸ੍ਰੀ ਗੁਰੂ
ਗ੍ਰੰਥ ਸਾਹਿਬ ਦੇ ਦਰਬਾਰ ਵਿੱਚ ਕਿਸੇ ਨੂੰ ਕੋਈ ਖਤਰਾ ਨਹੀ ਹੈ। ਗੁਰੂ ਸਾਹਿਬ ਜੀ ਨੇ ਸਾਡੇ ਤੇ
ਮਹਾਨ ਬਖਸ਼ਿਸ਼ਾਂ ਕੀਤੀਆਂ ਹਨ। ਪਰ ਅਸੀ ਮੰਨਣ ਲਈ ਤਿਆਰ ਨਹੀ ਹਾਂ, ਬੱਸ ਅਸੀ ਸਰੀਰ ਹੀ ਲਭੀ ਜਾ ਰਹੇ
ਹਾਂ। ਪਰ ਗੁਰੂ ਨਾਨਕ ਦੇ ਘਰ ਅੰਦਰ ਸਰੀਰ ਗੁਰੂ ਨਹੀ ਹੈ। ਜੇਕਰ ਸਰੀਰ ਗੁਰੂ ਹੁੰਦਾ ਤਾਂ ਭਾਈ
ਲਹਿਣਾ ਵੀ ਗੁਰੂ ਹੋਣਾ ਚਾਹੀਦਾ ਸੀ। ਕਿਉਕਿ ਭਾਈ ਲਹਿਣਾ ਅਤੇ ਗੁਰੂ ਅੰਗਦ ਦੇਵ ਜੀ ਦਾ ਸਰੀਰ ਇਕੋ
ਹੈ। ਬਾਬੇ ਅਮਰਦਾਸ ਅਤੇ ਗੁਰੂ ਅਮਰਦਾਸ ਜੀ ਦਾ ਸਰੀਰ ਵੀ ਇੱਕ ਹੈ। ਇਸੇ ਤਰ੍ਹਾ ਭਾਈ ਜੇਠਾ ਅਤੇ
ਸ੍ਰੀ ਗੁਰੂ ਰਾਮਦਾਸ ਜੀ ਦਾ ਸਰੀਰ ਵੀ ਇੱਕ ਹੈ।
ਖਿਆਲ ਕਰਨਾ ਸਰੀਰ ਸਾਡਾ ਗੁਰੂ ਨਹੀ ਹੈ, ਸਾਡੇ ਗੁਰੂ ਸ੍ਰੀ ਗੁਰੂ ਅੰਗਦ ਦੇਵ
ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਨੇ ਤੇ ਉਹ ਵੀ ਉਦੋ ਗੁਰੂ ਨੇ ਜਦੋਂ ਉਹਨਾਂ
ਦੇ ਸਰੀਰ ਅੰਦਰ ਜੋਤ ਪ੍ਰਵੇਸ ਕੀਤੀ। ਜਦ ਤਕ ਉਹਨਾਂ ਅੰਦਰ ਗੁਰੂ-ਜੋਤ ਪ੍ਰਵੇਸ਼ ਨਹੀ ਕੀਤੀ, ਉਹ
ਉਨ੍ਹਾ ਚਿਰ ਭਾਈ ਲਹਿਣਾ ਜੀ, ਬਾਬਾ ਅਮਰਦਾਸ ਜੀ, ਅਤੇ ਭਾਈ ਜੇਠਾ ਜੀ ਨੇ, ਸਤਿਕਾਰਯੋਗ ਨੇ ਪਰ ਗੁਰੂ
ਨਹੀ। ਪਰ ਜਦੋ ਜੋਤ ਪ੍ਰਵੇਸ਼ ਕਰਦੀ ਹੈ ਤਾਂ ਉਹ ਗੁਰੂ ਬਣ ਜਾਂਦੇ ਨੇ, ਤੇ ਫਿਰ ਭਾਈ ਸਤਾ ਜੀ ਤੇ ਭਾਈ
ਬਲਵੰਡ ਜੀ ਵੀ ਇਹ ਕਹਿੰਦੇ ਨੇ
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ।।
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਆ।।
ਅਟਲੁ ਅਥਾਹੁ ਅਤੋਲ ਤੂ ਤੇਰਾ ਅੰਤ ਨ ਪਾਰਾਵਾਰਿਆ।। (ਰਾਮਕਲੀ-ਸਤੇ ਬਲਵੰਡ
ਕੀ ਵਾਰ-੯੬੮)
ਇਤਿਹਾਸ ਦੇ ਪੰਨਿਆ ਵਿਚੋ ਦਾਸ ਨੇ ਪੜਿਆ ਸੀ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ
ਅਥਾਹ ਚਲਦੇ ਲੰਗਰ ਪਿਛੇ ਅਰਦਾਸ ਅਤੇ ਨੁਕਤਾ ਕੀ ਹੈ।
ਭਾਈ ਜੇਠਾ ਜੀ ਬਚਪਨ ਵਿੱਚ ਘੁੰਘਣੀਆ ਵੇਚਿਆ ਕਰਦੇ ਸਨ। ਇੱਕ ਦਿਨ ਘੁੰਘਣੀਆ
ਵੇਚਦਿਆਂ-ਵੇਚਦਿਆਂ ਭਾਈ ਜੇਠਾ ਜੀ ਨੂੰ ਇੱਕ ਫਕੀਰ ਮਿਲ ਗਿਆ ਤੇ ਕਹਿਣ ਲਗਾ ਕਿ “ਬੇਟਾ ਮੈਨੂੰ
ਭੁੱਖ ਬਹੁਤ ਲਗੀ ਹੋਈ ਹੈ, ਕੁੱਝ ਖਾਣ ਲਈ ਦੇ ਦੇ। “ਉਸ ਸਮੇ ਭਾਈ ਜੇਠਾ ਜੀ ਨੇ ਆਪਣੇ
ਨਿੱਕੇ-ਨਿੱਕੇ ਹੱਥਾਂ ਨਾਲ ਬੁੱਕ ਭਰਕੇ ਉਸ ਫਕੀਰ ਦੀ ਝੋਲੀ ਵਿੱਚ ਘੁੰਘਣੀਆ ਦੀ ਪਾ ਦਿੱਤੀ। ਉਹ
ਫਕੀਰ ਬੋਲਿਆ, “ਬੇਟਾ ਤੇਰੇ ਹੱਥਾਂ ਦੀ ਬੁੱਕ ਬੜੀ ਛੋਟੀ ਹੈ, ਮੇਰੇ ਪੇਟ ਦੀ ਭੁੱਖ ਬੜੀ ਵੱਡੀ
ਹੈ। “ਬਸ ਇਹ ਸੁਣਿਆ ਤਾਂ ਭਾਈ ਜੇਠਾ ਜੀ ਨੇ ਪਿਆਰ ਵਸ ਹੋ ਕੇ ਆਪਣੀ ਘੁੰਘਣੀਆ ਦੀ ਸਾਰੀ ਪਰਾਤ
ਹੀ ਉਸ ਫਕੀਰ ਦੀ ਝੋਲੀ ਵਿੱਚ ਪਲਟ ਦਿੱਤੀ। ਘਰ ਖਾਲੀ ਹੱਥ ਹੀ ਨਾਨੀ ਦੇ ਕੋਲ ਵਾਪਸ ਆ ਗਏ। ਘਰ
ਆਉਦਿਆਂ ਨਾਨੀ ਨੇ ਪੁੱਛ ਕੀਤੀ, “ਬੇਟਾ ਅਜ ਦੀ ਵਟਕ ਕੀ ਹੈ”ਭਾਈ ਜੇਠਾ ਜੀ ਨੇ ਨਾਨੀ ਨੂੰ
ਕਿਹਾ “ਨਾਨੀ ਜੀ, ਅਜ ਦਾ ਹਿਸਾਬ ਸਿੱਧਾ ਹੀ ਰਬ ਦੇ ਘਰ ਪਹੁੰਚ ਗਿਆ ਹੈ, “ਜਦੋਂ ਨਾਨੀ ਨੂੰ
ਭਾਈ ਜੇਠਾ ਜੀ ਨੇ ਸਾਰੀ ਗੱਲ ਦੱਸੀ ਤਾਂ ਨਾਨੀ ਨੇ ਪਰਮੇਸ਼ਰ ਅੱਗੇ ਜੁੜੇ ਹੋਏ ਹੱਥਾਂ ਨਾਲ ਇਹ ਅਰਦਾਸ
ਕੀਤੀ, “ਹੇ ਪਰਮੇਸ਼ਰ! ਜੇ ਤੂੰ ਇਸ ਬੱਚੇ ਨੂੰ ਵੰਡਣ ਦਾ ਸੁਭਾਓ ਦਿੱਤਾ ਸੀ, ਤਾਂ ਫਿਰ ਵੰਡਣ ਲਈ
ਵੀ ਦੇਣਾ ਸੀ”ਬਸ! ਉਹ ਨਾਨੀ ਦੀ ਕੀਤੀ ਹੋਈ ਭਾਵਨਾ ਭਰਪੂਰ ਅਰਦਾਸ ਸਦਕਾ ਅਜ ਰੋਜਾਨਾ ਲੱਖਾਂ
ਪ੍ਰਾਣੀ ਸ੍ਰੀ ਗੁਰੂ ਰਾਮਦਾਸ ਜੀ (ਭਾਈ ਜੇਠਾ ਜੀ) ਦੇ ਦਰ ਤੋਂ ਪ੍ਰਸ਼ਾਦਾ ਛੱਕ ਕੇ ਨਿਹਾਲ ਹੋ ਕੇ
ਜਾਂਦੇ ਹਨ। ਮਤ ਕਦੀ ਇਹ ਸੋਚ ਲੈਣਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰਾਂ ਨੂੰ ਚੌਧਰੀ ਚਲਾ ਰਹੇ
ਹਨ, ਇਹ ਗੁਰੂ ਨਾਨਕ ਦੇ ਘਰ ਦਾ ਲੰਗਰ, ਗੁਰੂ ਨਾਨਕ ਆਪ ਹੀ ਚਲਾ ਰਹੇ ਹਨ।
ਖੈਰ! ਆਪਾ ਅੱਗੇ ਚਲਦੇ ਹਾਂ ਕਿ ਜੋਗੀ ਅੱਲ੍ਹਾ ਯਾਰ ਖ਼ਾਂ ਕਹਿ ਰਹੇ ਹਨ ਕਿ:-
ਇਨਸਾਫ ਕਰੇ ਜੀ ਮੇਂ ਜ਼ਮਾਨਾ ਤੋ ਯਕੀਂ ਹੈ।
ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ।
ਯਿਹ ਪਿਆਰ ਮੁਰੀਦੋ ਸੇ ਇਹ ਸ਼ਫਕਤ ਭੀ ਕਹੀਂ ਹੈ?
ਭਗਤੀ ਮੇਂ ਗੁਰੂ ਅਰਸ਼ ਹੈ ਸੰਸਾਰ ਜ਼ਮੀਂ ਹੈ।
ਜੋਗੀ ਅੱਲ੍ਹਾ ਯਾਰ ਖ਼ਾਂ ਕਹਿ ਰਿਹਾ ਹੈ ਕਿ ਜਿਸ ਤਰਾਂ ਦਾ ਪਿਆਰ ਗੁਰੂ
ਕਲਗੀਧਰ ਪਾਤਸ਼ਾਹ ਨੇ ਸਿੰਘ, ਸੂਰਬੀਰਾਂ ਤੋਂ ਨਿਛਾਵਰ ਕੀਤਾ ਹੈ, ਇਸ ਤਰ੍ਹਾਂ ਦਾ ਪਿਆਰ, ਦੁਲਾਰ ਕਦੀ
ਸੰਸਾਰ ਵਿੱਚ ਕਿਸੇ ਰਹਿਬਰ ਨੇ ਨਹੀ ਕੀਤਾ ਹੋਵੇਗਾ। ਗੁਰੂ ਅਸਮਾਨ ਦੀਆ ਬੁੰਲਦੀਆ ਨੂੰ ਛੂਹ ਰਹੇ ਹਨ
ਤੇ ਦੁਨੀਆਂ ਧਰਤੀ ਤੇ ਹੀ ਰੀਂਗਦੀ ਫਿਰਦੀ ਹੈ।
ਉਲਫਤ ਕੇ ਯਿਹ ਜਜ਼ਬੇ ਨਹੀਂ ਦੇਖੇ ਕਹੀਂ ਹਮਨੇ।
ਹੈ ਦੇਖਨਾ ਇੱਕ ਬਾਤ, ਸੁਨੇ ਭੀ ਨਹੀ ਹਮਨੇ।
ਇੰਨੇ ਪਿਆਰ ਅਤੇ ਭਗਤੀ ਭਰੇ ਜਜਬੇ ਜੋ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜ੍ਹੀ
ਵਿਖੇ ਸਿੰਘਾਂ ਤੇ ਲੁਟਾ ਰਹੇ ਨੇ, ਇਸ ਤਰ੍ਹਾਂ ਦਾ ਵਤੀਰਾ, ਇਸ ਤਰ੍ਹਾਂ ਦਾ ਪਿਆਰ ਦੇਖਣਾ ਤਾਂ ਦੂਰ
ਦੀ ਗਲ ਹੈ, ਮੈ ਕਦੀ ਸੁਣਿਆ ਵੀ ਨਹੀ ਹੈ।
ਕਰਤਾਰ ਕੀ ਸੁਗੰਦ ਹੈ, ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਕੀ, ਵੁਹ ਕਮ ਹੈ।
ਜੋਗੀ ਅੱਲ੍ਹਾ ਯਾਰ ਖ਼ਾਂ ਲਿਖ ਰਿਹਾ ਹੈ ਕਿ ਜੋ ਵੀ ਹੈ ਮੈਂ ਅਕਾਲ ਪੁਰਖ ਦੀ
ਕਸਮ ਖਾ ਕੇ ਆਖਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਿੰਨੀ ਵੀ ਸਿਫਤ ਕਰ ਲਈਏ, ਉਹ ਸਿਫਤ
ਥੋੜੀ ਰਹਿ ਜਾਵੇਗੀ, ਸ਼ਬਦ ਮੁੱਕ ਜਾਣਗੇ, ਜਬਾਨ ਰੁਕ ਜਾਵੇਗੀ, ਪਰ ਗੁਰੂ ਗੋਬਿੰਦ ਸਿੰਘ ਜੀ ਦੀ
ਤਾਰੀਫ, ਉਹਨਾਂ ਦੀ ਉਸਤਤ ਪੂਰਨ ਰੂਪ ਵਿੱਚ ਬਿਆਨ ਨਹੀ ਕੀਤੀ ਜਾ ਸਕੇਗੀ।
ਪਰ ਸਾਡੇ ਹਿੰਦੁਸਤਾਨ ਦੇ ਅਕ੍ਰਿਤਘਣ ਆਗੂਆ ਨੇ ਕੀ ਕੀਤਾ, ਕੀ ਆਪ ਜੀ ਨੂੰ
ਪਤਾ ਹੈ? ਇਹਨਾ ਅਖੌਤੀ ਦੇਸ਼ ਭਗਤਾਂ ਨੇ ਕਹਿ ਦਿੱਤਾ ਸੀ ਕਿ “ਗੁਰੂ ਗੋਬਿੰਦ ਸਿੰਘ ਇੱਕ ਭੁਲੱਕੜ
ਦੇਸ਼ ਭਗਤ ਹੈ”। ਉਸ ਸਮੇ ਦੇ ਸਿੱਖਾਂ ਨੇ ਇਸ ਗੱਲ ਦਾ, ਇਹਨਾ ਲਫਜ਼ਾਂ ਦਾ ਡੱਟ ਕੇ ਵਿਰੋਧ ਕੀਤਾ।
ਵਿਰੋਧ ਕਰਨਾ ਬਣਦਾ ਵੀ ਸੀ ਤੇ ਵਿਰੋਧ ਵੀ ਇੰਨਾ ਜਬਰਦਸਤ ਹੋਇਆ ਕਿ ਉਸ ਸਮੇ ਉਨ੍ਹਾਂ ਨੂੰ ਮੁਆਫੀ
ਮੰਗਣੀ ਪਈ ਸੀ।
ਜਿਨ੍ਹਾ ਨੇ ਕਲਗੀਧਰ ਪਾਤਸ਼ਾਹ ਨੂੰ ਭਾਵਨਾ ਦੀ ਅੱਖ ਨਾਲ ਪੜਿਆ ਹੈ ਉਹ ਤਾਂ
ਕਲਗੀਧਰ ਪਾਤਸ਼ਾਹ ਦੀਆਂ ਤਾਰੀਫਾਂ ਕਰਦੇ ਨਹੀ ਥੱਕਦੇ, ਪਰ ਜਿਨ੍ਹਾ ਨੇ ਈਰਖਾ ਦੀ ਅੱਖ ਨਾਲ ਪੜਿਆ ਹੈ
ਉਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਕੁੱਝ ਵੀ ਨਹੀ ਲਗਦੇ। ਜੋਗੀ ਅੱਲ੍ਹਾ ਯਾਰ ਖ਼ਾਂ ਕਹਿੰਦਾ ਹੈ ਕਿ ਅਕਾਲ
ਪੁਰਖ ਨੇ ਮੈਨੂੰ ਕਲਮ ਹੀ ਨਹੀ ਬਲਕਿ ਕਲਮ ਵਿੱਚ ਕਲਾ ਵੀ ਦਿੱਤੀ ਹੈ।
ਉਹ ਲਿਖਦਾ ਹੈ। ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ ਵੁਹ ਕਮ ਹੈ।
ਹਰਚੰਦ ਮੇਰੇ ਹਾਥ ਮੇਂ ਪੁਰ ਜੋਰ ਕਲਮ ਹੈ।
ਸਤਿਗੁਰੂ ਕੇ ਲਿਖੂੰ ਵਸਫ, ਕਹਾ ਤਾਬਿ-ਰਕਮ ਹੈ।
ਜਦੋ ਮੈਂ ਕਲਗੀਧਰ ਪਾਤਸ਼ਾਹ ਦੇ ਗੁਣਾਂ ਨੂੰ ਬਿਆਨ ਕਰਨ ਲਗਦਾ ਹਾਂ ਤਾਂ ਮੇਰੀ
ਇਹ ਕਲਮ ਅਤੇ ਇਸ ਦੀ ਲਿਖਣ ਕਲਾ ਵੀ ਹਾਰ ਜਾਦੀ ਹੈ।
ਇੱਕ ਆਂਖ ਸੇ ਕਿਆ, ਬੁਲਬਲਾ ਕੁਲ ਬਹਿਰ ਕੋ ਦੇਖੇ।
ਸਾਹਿਲ ਕੋ, ਯਾ ਮੰਝਧਾਰ ਕੋ, ਯਾ ਲਹਰ ਕੋ ਦੇਖੇ।
ਜੋਗੀ ਲਿਖ ਰਿਹਾ ਹੈ ਕਿ ਇਹ ਤਾਂ ਇਸ ਤਰਾਂ ਹੈ, ਜਿਵੇ ਇੱਕ ਪਾਣੀ ਦਾ
ਬੁਲਬੁਲਾ ਕਹੇ ਕਿ ਮੈ ਸਮੁੰਦਰ ਦਾ ਅੰਤ ਪਾ ਲਵਾਂ ਪਰ ਉਹ ਪਾ ਨਹੀ ਸਕੇਗਾ ਤੇ ਗੁਰੂ ਗੋਬਿੰਦ ਸਿੰਘ
ਸਾਹਿਬ ਜੀ ਨੂੰ ਜਾਨਣ ਲਈ ਅਸੀ ਕੀ ਕਰ ਸਕਦੇ ਹਾਂ।
ਇੱਕ ਛੋਟਾ ਜਿਹਾ ਬੱਚਾ ਸਮੁੰਦਰ ਦੇ ਕਿਨਾਰੇ ਪਾਣੀ ਦੇ ਸਿਰੇ ਤੇ ਉਂਗਲ ਨਾਲ
ਲਕੀਰ ਦਾ ਨਿਸ਼ਾਨ ਲਗਾ ਕੇ ਇੱਕ ਲੋਟਾ ਪਾਣੀ ਦਾ ਸਮੁੰਦਰ ਵਿੱਚੋ ਭਰ ਕੇ ਲਿਆਇਆ ਅਤੇ ਦੂਰ ਜਾ ਕੇ ਡੋਲ
ਦਿੱਤਾ। ਇਸ ਤਰਾਂ ਉਹ ਬਾਰ-ਬਾਰ ਕਰ ਰਿਹਾ ਸੀ ਜਦੋਂ ਉਹ ਇਹ ਕਿਰਿਆ ਕਰ-ਕਰ ਕੇ ਥੱਕ ਗਿਆ ਤਾਂ ਦੇਖਦਾ
ਹੈ ਕਿ ਸਮੁੰਦਰ ਦਾ ਪਾਣੀ ਕਿੰਨਾ ਕੁ ਘਟ ਗਿਆ ਹੈ? ਉਹ ਸੋਚ ਰਿਹਾ ਸੀ ਕਿ ਮੈਂ ਸਮੁੰਦਰ ਦੇ ਪਾਣੀ
ਨੂੰ ਹੇਠਾਂ ਕਰ ਦੇਣਾ ਹੈ, ਪਰ ਪਾਣੀ ਘਟ ਨਹੀ ਸੀ ਰਿਹਾ, ਇੱਕ ਮਿਲੀਮੀਟਰ ਵੀ ਨਹੀ ਸੀ ਘਟਿਆ, ਪਾਣੀ
ਤਾਂ ਉਥੇ ਦਾ ਉਥੇ ਹੀ ਖੜਾ ਹੈ। ਇੱਕ ਸਿਆਣਾ ਮਨੁੱਖ ਉਸ ਦੇ ਲਾਗੇ ਤੋਂ ਲੰਘਿਆ ਤਾਂ ਉਸ ਨੇ ਬੱਚੇ
ਨੂੰ ਪੁਛਿਆ “ਬੇਟਾ ਇਹ ਕੀ ਕਰ ਰਿਹਾ ਏ? “ਜਦੋ ਬਚੇ ਨੇ ਇਹ ਸਾਰੀ ਵਿਥਿਆ ਸੁਣਾਈ ਤਾਂ ਉਹ
ਸਿਆਣਾ ਮਨੁੱਖ ਹੱਸ ਕੇ ਕਹਿਣ ਲਗਾ “ਬੇਟਾ ਤੇਰੇ ਇਸ ਤਰ੍ਹਾ ਲੋਟੇ ਭਰ-ਭਰ ਕੇ ਡੋਲਣ ਨਾਲ ਸਮੁੰਦਰ
ਨੂੰ ਕੋਈ ਫਰਕ ਨਹੀ ਪੈਣਾ” ਤਾਂ ਬੱਚੇ ਨੇ ਗੁਸੇ ਵਿੱਚ ਆ ਕੇ ਲੋਟਾ ਹੀ ਸਮੁੰਦਰ ਵਿੱਚ ਸੁੱਟ
ਦਿੱਤਾ। ਇਹ ਦੇਖ ਕੇ ਮਨੁੱਖ ਹੱਸ ਪਿਆ ਤੇ ਕਹਿਣ ਲਗਾ “ਕਾਕਾ ਦੇਖ ਲੈ, ਸਮੁੰਦਰ ਤੇਰੇ ਲੋਟੇ
ਵਿੱਚ ਨਹੀ ਸਮਾ ਸਕਦਾ ਪਰ ਤੇਰਾ ਲੋਟਾ ਸਮੁੰਦਰ ਵਿੱਚ ਜਰੂਰ ਸਮਾ ਗਿਆ ਹੈ। “
ਅਸੀ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੰਤ ਨਹੀ ਪਾ ਸਕਦੇ। ਅਸੀ
ਗੁਰੂ ਕਲਗੀਧਰ ਪਾਤਸ਼ਾਹ ਨੂੰ ਕਿਸੇ ਵੀ ਬੰਧਨ ਵਿੱਚ ਨਹੀ ਬੰਨ ਸਕਦੇ। ਪਰ ਹਾਂ! ਅਸੀ ਗੁਰੂ ਵਿੱਚ ਸਮਾ
ਜਰੂਰ ਸਕਦੇ ਹਾਂ। ਦੁਨੀਆਂ ਦੇ ਵਿਦਵਾਨਾਂ ਨੇ ਆਪਣੇ-ਆਪਣੇ ਅੰਦਾਜ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੂੰ
ਸ਼ਰਧਾ ਦੇ ਫੁੱਲ ਭੇਟ ਕੀਤੇ ਹਨ।
********* (ਚਲਦਾ … ….)
ਨੋਟ:- ਪਾਠਕਾ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਪੁਸਤਕ ‘ਸਾਕਾ ਚਮਕੌਰ`ਅਤੇ
ਅਜੋਕੇ ਹਾਲਾਤ ਨੂੰ ਗੁਰਮਤਿ ਦ੍ਰਿਸ਼ਟੀਕੋਣ ਤੋ ਪੇਸ਼ ਕਰਦੀ ਹੈ, ਜੋ ਛਪਾਈ ਅਧੀਨ ਹੈ। ਛਾਪਣ ਤੋ ਪਹਿਲਾ
ਭਾਈ ਕਾਮਰੇਟ ਸਿੰਘ ਵਲੋ ਸੰਪਾਦਿਤ ਇਹ ਪੁਸਤਕ ਸੂਝਵਾਨ ਪਾਠਕਾਂ ਦੇ ਸਾਹਮਣੇ 13 ਕਿਸ਼ਤਾ ਵਿੱਚ
ਲੜੀਵਾਰ ਪੇਸ਼ ਕੀਤੀ ਜਾ ਰਹੀ ਹੈ। ਜੇ ਕਿਸੇ ਪਾਠਕ ਦਾ ਇਸ ਬਾਰੇ ਕੋਈ ਹੋਰ ਉਸਾਰੂ ਸੁਝਾਅ ਹੋਵੇ ਤਾਂ
ਦਾਸ ਉਸਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ।
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201/6 ਮੁਹੱਲਾ ਸੰਤਪੁਰਾ, ਕਪੂਰਥਲਾ
98720-76876
ਈ. ਮੇਲ-
[email protected]