ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗਹਿਰਾਈ ਨਾਲ ਵਿਚਾਰਿਆਂ ਪਤਾ ਲੱਗਦਾ
ਹੈ ਕਿ ਜਿਸ ਮਨੁੱਖ ਕੋਲ ਸ੍ਰਿਸ਼ਟੀ ਦੀ ਹਰੇਕ ਵਸਤੂ ਨੂੰ ਦੇਖਣ ਲਈ ਬਿਬੇਕ ਬੁੱਧੀ ਵਾਲੀ ਅੱਖ ਨਹੀਂ,
ਜੋ ਸੱਚ ਨੂੰ ਵੇਖ ਨਹੀਂ ਸਕਦਾ, ਉਹ ਆਤਮਕ ਅੰਨ੍ਹਾ ਕਹਿਲਾਉਂਦਾ ਹੈ। ਜੋ ਮਨੁੱਖ ਇਨ੍ਹਾਂ ਚੀਜ਼ਾਂ
ਵਿਚੋਂ ਲੰਘਦਿਆਂ ਅਤੇ ਰੋਜ਼ਾਨਾ ਜੀਵਨ ਵਿਚ ਸੱਚ ਤੇ ਟੁਰਦਿਆਂ ਲੜਖੜਾ ਜਾਂਦਾ ਹੈ ਉਹ ਆਤਮਕ ਤੌਰ ’ਤੇ
ਲੰਗੜਾ ਕਹਿਲਾਉਂਦਾ ਹੈ। ਜਿਸ ਨੂੰ ਵਿਕਾਰ ਡੁਲਾ ਦਿੰਦੇ ਹਨ, ਉਹੋ ਮਨੁੱਖ ਸਾਫ਼ ਸਿੱਧੇ ਮੈਦਾਨ ’ਤੇ
ਤੁਰਨੋਂ ਅਸਮਰਥ ਹੋ ਜਾਂਦਾ ਹੈ ਉਸਨੂੰ ਆਤਮਕ-ਪਿੰਗਲਾ ਕਹਿੰਦੇ ਹਨ ਪਰ ਜਿਸ ਨੂੰ ਵਿਕਾਰ ਨਹੀਂ ਡੁਬਾ
ਸਕਦੇ, ਉਹ ਆਤਮਕ ਤੌਰ ’ਤੇ ਮਜ਼ਬੂਤ ਪਾਂਧੀ ਹੋ ਜਾਂਦਾ ਹੈ, ਉਸ ਲਈ ਕੁਝ ਵੀ ਝੂਠ ਨਹੀਂ, ਕੁਝ ਵੀ ਔਖਾ
ਨਹੀਂ।
ਇਸ ਵਿਚਾਰ ਤੋਂ ਇਹੀ ਸਮਝਣਾ ਹੈ ਕਿ ਜੇਕਰ ਅਸੀਂ ਅਧਿਆਤਮਕ ਅੱਖਾਂ, ਨੱਕ,
ਕੰਨ, ਹੱਥ, ਪੈਰ ਨਹੀਂ ਬਣਾਏ (ਘੜੇ) ਤਾਂ ਮਾਨੋ ਅਸੀਂ ਵੇਖਣ ਨੂੰ ਤਾਂ ਮਨੁੱਖ ਹਾਂ ਪਰ ਆਤਮਕ ਬਿਰਤੀ
ਉੱਚੀ ਨਾ ਹੋਣ ਕਾਰਨ ਪਸ਼ੂ ਹੀ ਹਾਂ। ਆਪਣੇ ਬਾਹਰਲੇ ਸਰੀਰ ਤੋਂ ਇਲਾਵਾ ਅੰਦਰ ਦਾ ਆਤਮਕ ਸਰੀਰ ‘ਦੁਰਲਭ
ਦੇਹ’ ਪੈਦਾ ਕਰਨ ਲਈ ਗਿਆਨ-ਗੁਰ (ਸਤਿਗੁਰ) ਦੀ ਮਤ ਲੈਣੀ ਹੈ ਵਰਨਾ - ਪਸੂ ਮਾਣਸ ਚੰਮਿ ਪਲੇਟੇ
ਅੰਦਰਹੁ ਕਾਲਿਆ।।
ਅਖੀਂ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ।। ਪੈਰਾ ਬਾਝਹੁ ਚਲਣਾ ਵਿਣੁ ਹਥਾ
ਕਰਣਾ।। ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ।। ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ।।
(ਗੁਰੂ ਗ੍ਰੰਥ ਸਾਹਿਬ, ਪੰਨਾ : 139)
ਇਸ ਸ਼ਬਦ ਰਾਹੀਂ ਇਹੋ ਸਮਝ ਪੈਂਦੀ ਹੈ ਕਿ ਜਿਸ ਮਨੁੱਖ ਨੂੰ ਆਪਣੀਆਂ ਇੰਦਰੀਆਂ
ਨੂੰ ਬਿਬੇਕ ਬੁੱਧੀ ਨਾਲ ਉਜਾਗਰ ਕਰਕੇ ਜਿਊਣਾ ਆ ਜਾਂਦਾ ਹੈ ਤਾਂ ਉਸ ਮਨੁੱਖ ਦੀ ਦ੍ਰਿਸ਼ਟੀ, ਸੋਚਣੀ,
ਸੁਰਤ, ਮਤ, ਮਨ, ਬੁਧ ਸਭ ਕੁਝ ਬਦਲ ਜਾਂਦਾ ਹੈ। ਉਸਨੂੰ ਰੱਬ ਜੀ ਤੋਂ ਅਲਗ ਕੁਝ ਵੀ ਨਜ਼ਰ ਨਹੀਂ
ਆਉਂਦਾ ਬਲਕਿ ਹਰੇਕ ਜਗ੍ਹਾ, ਹਰੇਕ ਚੀਜ਼ ਰੱਬ ਜੀ ਦੀ ਬਣਾਈ ਹੋਈ ਅਤੇ ਹਰ ਮਨੁੱਖ ਵਿਚ ਰੱਬ ਜੀ ਹੀ
ਨਜ਼ਰ ਆਉਂਦੇ ਹਨ ‘‘ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ’’ ਅਨੁਸਾਰ ਮਨੁੱਖ ਦੇ ਇੰਦਰੇ
- ਗਿਆਨ ਇੰਦਰੇ ਇਕ ਨਵਾਂ ਜਨਮ ਲੈ ਲੈਂਦੇ ਹਨ, ਜਿਨ੍ਹਾਂ ਦੇ ਧਿਆਨ ਵਿਚੋਂ ਰੱਬ ਜੀ ਵਿਸਰਦੇ ਹੀ
ਨਹੀਂ ਹਨ।
ਦੁਇ ਦੁਇ ਲੋਚਨ ਪੇਖਾ।। ਹਉ ਹਰਿ ਬਿਨੁ ਅਉਰੁ ਨ ਦੇਖਾਂ।।
(ਗੁਰੂ ਗ੍ਰੰਥ ਸਾਹਿਬ, ਪੰਨਾ : 655)
ਇਸ ਸ਼ਬਦ ਨੂੰ ਵਿਚਾਰਿਆਂ ਵੀ ਇਹੀ ਸਮਝ ਪੈਂਦੀ ਹੈ ਕਿ ਅੰਦਰ ਦੀਆਂ ਆਤਮਕ
ਅੱਖਾਂ ਮਿਲ ਜਾਣ ’ਤੇ ਮਨੁੱਖ ਨੂੰ ਸ੍ਰਿਸ਼ਟੀ ਵਿਚ ਆਪਣੇ ਅੰਦਰ ਅਤੇ ਹਰੇਕ ਜਗ੍ਹਾ ਅਤੇ ਹਰੇਕ ਮਨੁੱਖ
ਵਿਚ ਰੱਬ ਜੀ ਹੀ ਨਜ਼ਰ ਆਉਂਦੇ ਹਨ। ਉਹ ਮਨੁੱਖ ਰੱਬੀ ਕਿਰਤ ਦਾ ਕੁਝ ਵੀ ਝੂਠ ਨਹੀਂ ਮੰਨ ਸਕਦਾ।
ਸ੍ਰਿਸ਼ਟੀ ਦਾ ਕੁਝ ਵੀ ਝੂਠ ਨਹੀਂ ਹੈ ਕੇਵਲ ਮਨੁੱਖ ਦੀ ਅਗਿਆਨਤਾ ਭਰੀ ਸੋਚ
ਜਾਂ ਮਤ ਹੀ ਹੈ ਜੋ ਆਪਣੇ ਨਜ਼ਰੀਏ ਨਾਲ ਦੇਖ ਕੇ ਇਸਨੂੰ ਝੂਠ ਕਹਿ ਰਹੀ ਹੈ। ਪਰ ਅਫ਼ਸੋਸ ਅਸੀਂ
ਜਿਉਂ-ਜਿਉਂ ਇਸਨੂੰ ਝੂਠ ਕਹਿ ਰਹੇ ਹੁੰਦੇ ਹਾਂ ਉਨਾਂ ਹੀ ਇਸ ਤੋਂ ਉੱਪਰ ਹੋ ਕੇ ਦੇਖਣ ਦੀ ਦ੍ਰਿਸ਼ਟੀ
ਤੋਂ ਵਾਂਝੇ ਰਹਿ ਜਾਂਦੇ ਹਾਂ। ਜਿਸ ਧਰਤੀ ’ਤੇ ਕੰਵਲ ਖਿੜਦੇ ਹਨ, ਉਹ ਧਰਤੀ ਦਾ ਚਿੱਕੜ ਵੀ ਸੱਚਾ ਹੈ
- ਜੇ ਧਰਤੀ ਨਾਲ ਚਿੱਕੜ ਨਾ ਹੁੰਦਾ ਤਾਂ ਕੰਵਲ ਵੀ ਨਹੀਂ ਸੀ ਖਿੜਨਾ। ਜੇ ਧਰਤੀ ਨਾਲ ਮਾਇਆ ਨਾ
ਹੁੰਦੀ ਤਾਂ ਅਸੀਂ ਪੈਦਾ ਹੀ ਨਹੀਂ ਸੀ ਹੋਣਾ, ਫਿਰ ਕੰਵਲ ਵਾਲੀ ਨਿਰਲੇਪ ਬਿਰਤੀ ਕਿੱਥੋਂ ਮਿਲਣੀ ਸੀ।
ਦਰਅਸਲ ਜਿਸਨੂੰ ਮਾਇਆ ਕਹਿ ਕੇ ਨਿੰਦਿਆ ਜਾਂਦਾ ਹੈ ਉਹ ਤਾਂ ਮਨ ਮਤ ਤੋਂ ਉਪਜੀ ਸੋਚ ਅਤੇ ਭਰਮ ਹੀ
ਹੈ।
ਇਸ ਸਾਰੀ ਗੱਲ ਨੂੰ ਇੰਝ ਸਮਝਣਾ ਹੈ ਕਿ ਸ੍ਰਿਸ਼ਟੀ ਵਿਚ ਕੁਝ ਵੀ ਝੂਠ ਨਹੀਂ
ਬਲਕਿ ਅਗਿਆਨਤਾ ਭਰੀ ਸੋਚਣੀ ਕਾਰਨ ਮਨੁੱਖ ਇਸ ਵਿਚ ਖਚਤ ਹੋ ਜਾਂਦਾ ਹੈ ਤੇ ਸਤਿਗੁਰ ਨਾ ਪ੍ਰਾਪਤ ਕਰਨ
ਕਰਕੇ ਇਸ ਵਿਚ ਗੁਆਚ ਹੀ ਜਾਂਦਾ ਹੈ। ਇਸ ਲਈ ਐ ਮਨੁੱਖ ! ਆਪਣੇ ਮਨ ਹੇਠਾਂ ਸਤਿਗੁਰ (ਸੱਚ ਦਾ ਗਿਆਨ)
ਦੀ ਅਧਾਰ ਸ਼ਿਲਾ ਰੱਖ ਲੈ ਤਾਂ ਕਿ ਤੇਰਾ ਮਨ ਸੱਚ ਅਨੁਸਾਰ ਜਿਊਂ ਕੇ ਸਦੀਵੀ ਸੁੱਖ ਮਾਣ ਸਕੇ।
ਇਕ ਹੋਰ ਸ਼ਬਦ ਰਾਹੀਂ ਇਸ ਨੂੰ ਸਮਝਣ ਦਾ ਯਤਨ ਕਰਦੇ ਹਾਂ।
ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ।। ਰੁਹਲਾ ਟੁੰਡਾ ਅੰਧੁਲਾ ਕਿਉ ਗਲਿ
ਲਗੈ ਧਾਇ।। ਭੈ ਕੇ ਚਰਣ ਕਰ ਭਾਵ ਕੈ ਲੋਇਣ ਸੁਰਤਿ ਕਰੇਇ।। ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ
ਹੋਇ।।
(ਗੁਰੂ ਗ੍ਰੰਥ ਸਾਹਿਬ, ਪੰਨਾ : 13)
ਭਾਵ ਸਭ ਜਗ੍ਹਾ ਰੱਬੀ ਰੌਂ ਦਿਸ ਰਹੀ ਹੈ, ਰੱਬੀ ਨਾਦ, ਰਵਾਨਗੀ ਸੁਣਾਈ ਦੇ
ਰਹੀ ਹੈ ਰੱਬ ਜੀ ਸਾਰੀ ਸ੍ਰਿਸ਼ਟੀ ਵਿਚ ਇਕ ਰਸ ਵਿਆਪਕ ਹਨ, ਫਿਰ ਅਸੀਂ ਮਨੁੱਖ ਰੱਬ ਜੀ ਨਾਲ ਭਾਵ
ਉਨ੍ਹਾਂ ਦੇ ਭਾਣੇ, ਨਿਯਮ ਨਾਲ ਇਕਮਿਕ ਕਿਉਂ ਨਹੀਂ ਹੋਣਾ ਚਾਹੁੰਦੇ ? ਉਸਦਾ ਸੁਆਦ ਕਿਉਂ ਨਹੀਂ ਲੈ
ਪਾਉਂਦੇ। ਜੀਵ ਦਾ ਇਹ ਹਾਲ ਇਸ ਕਰਕੇ ਹੈ ਕਿਉਂਕਿ ਉਸ ਕੋਲ ਸੱਚ ਦੇ ਗਿਆਨ (ਸਤਿਗੁਰ) ਦੇ ਹੱਥ, ਪੈਰ,
ਅੱਖ, ਨੱਕ, ਕੰਨ (ਇੰਦਰੇ, ਗਿਆਨ ਇੰਦਰੇ) ਨਹੀਂ ਹਨ। ਜਿਨ੍ਹਾਂ ਦੀ ਘਾਟ ਕਾਰਨ ਮਨੁੱਖ ਰੁਹਲਾ ਟੁੰਡਾ
ਹੋ ਗਿਆ ਹੈ ਅਤੇ ਦੌੜ ਕੇ ਰੱਬ ਜੀ ਨਾਲ ਮਿਲਣਾ ਹੀ ਨਹੀਂ ਚਾਹੁੰਦਾ।
ਜੇ ਮਨੁੱਖ ਸਤਿਗੁਰ (ਸੱਚ ਦੇ ਗਿਆਨ) ਅਨੁਸਾਰ, ਹੱਥ-ਪੈਰ ਬਣਾ ਲਵੇ ਅਤੇ
ਅੱਖਾਂ ਨੂੰ ਰੱਬੀ ਸੁਰਤ ਵਾਲੀਆਂ ਬਣਾ ਲਵੇ ਤਾਂ ਮਨੁੱਖ ਸ੍ਰਿਸ਼ਟੀ ਵਿਚ ਰਹਿੰਦੇ ਹੋਏ, ਰੱਬੀ ਮਿਲਣ
ਮਾਣ ਸਕਦਾ ਹੈ। ਇਸ ਸਾਰੇ ਸ਼ਬਦ ਦਾ ਭਾਵ ਇਹ ਨਿਕਲਿਆ ਕਿ ਰੱਬੀ ਭਾਣਾ ਕੁਦਰਤ ਵਿਚ ਵਾਪਰ ਰਿਹਾ ਨਿਯਮ,
ਹੁਕਮ ਅਟਲ ਸੱਚ ਹੈ, ਉਸ ਨਿਯਮ ਦੇ ਨਿਰਮਲ ਭਉ ਹੇਠ ਆਪਣੇ ਇੰਦਰੇ, ਗਿਆਨ ਇੰਦਰੀਆਂ ਨੂੰ ਚਲਾਉਣਾ
ਸਿੱਖ ਲਵੇ ਤਾਂ ਰੱਬੀ ਇਕਮਿਕਤਾ ਜਿਊਂਦੇ ਜੀਅ ਪ੍ਰਾਪਤ ਕਰ ਸਕਦਾ ਹੈ।
ਜਿਸ ਮਨੁੱਖ ਨੂੰ ਗਿਆਨ-ਗੁਰੂ ਰਾਹੀਂ ਇਹ ਨੁਕਤਾ ਸਮਝ ਪੈ ਜਾਂਦਾ ਹੈ, ਉਸਦਾ
ਸਾਰਾ ਸਰੀਰ, ਸਾਰੇ ਇੰਦਰੇ, ਗਿਆਨ ਇੰਦਰੇ ਕਾਬੂ ਵਿਚ ਰਹਿੰਦੇ ਹਨ। ਮਨੁੱਖ ਦੀ ਸੁਰਤ ਮਤ ਮਨ ਬੁੱਧ
ਬਦਲ ਜਾਂਦੀ ਹੈ ਤੇ ਐਸੀ ਦ੍ਰਿਸ਼ਟੀ ਵਾਲੇ ਮਨੁੱਖ ਨੂੰ ਸ੍ਰਿਸ਼ਟੀ ਦਾ ਕੁਝ ਵੀ ਝੂਠ ਨਹੀਂ ਲੱਗਦਾ ਬਲਕਿ
ਉਸ ਮਨੁੱਖ ਨੂੰ ਇਸ ਸ੍ਰਿਸ਼ਟੀ ਵਿਚ ਵਾਪਰ ਰਹੇ ਕੁਦਰਤ ਦੇ ਨਿਯਮ ਹੁਕਮ ਭਾਣੇ ਦੇ ਨਿਰਮਲ ਭਉ ਵਿਚ ਸਭ
ਕੁਝ ਵਰਤਣਾ ਆ ਜਾਂਦਾ ਹੈ ਜਿਸ ਕਾਰਨ ਮਨੁੱਖ ‘‘ਅੰਜਨ ਮਹਿ ਨਿਰੰਜਨ ਰਹੀਐ’’ ਵਾਲਾ ਜੀਵਨ
ਜਿਊਣਾ ਸਿੱਖ ਜਾਂਦਾ ਹੈ। ਮੁਰਗਾਬੀ ਵਾਂਗੂੰ ਪਾਣੀ ਵਿਚ ਰਹਿ ਕੇ ਵੀ ਖੰਭ ਭਿੱਜਦੇ ਨਹੀਂ ਹਨ।
ਸ੍ਰਿਸ਼ਟੀ ਦੇ ਕਰਤਾ ਰੱਬ ਜੀ ਆਪ ਹੀ ਹਨ ਅਤੇ ਆਪ ਹੀ ਇਸ ਵਿਚ ਆਪਣੇ ਹੁਕਮ
ਰਜ਼ਾ ਕਰਕੇ ਮੌਜੂਦ ਹਨ। ਕਰਤਾ ਭਾਵ ਰੱਬ ਜੀ ਸੱਚ ਹਨ ਤਾਂ ਉਨ੍ਹਾਂ ਦੀ ਕਿਰਤ ਸ੍ਰਿਸ਼ਟੀ ਵੀ ਸੱਚੀ ਹੈ।
ਸ੍ਰਿਸ਼ਟੀ ਵਿਚ ਰੱਬ ਜੀ ਨੂੰ ਮੌਜੂਦ ਨਹੀਂ ਸਮਝਿਆ ਤਾਂ ਹੀ ਸੋਨਾ, ਪੈਸਾ, ਮਕਾਨ, ਮਰਦ, ਇਸਤ੍ਰੀ ਸਭ
ਕੁਝ ਨੂੰ ਝੂਠ ਸਮਝੀ ਬੈਠੇ ਹਾਂ। ਪਰ ਇਹ ਸਭ ਰੱਬੀ ਨਿਯਮ ਵਿਚ ਬਣੇ ਹਨ, ਇਨ੍ਹਾਂ ਵਿਚ ਝੂਠ ਕੁਝ ਵੀ
ਨਹੀਂ, ਸਿਰਫ਼ ਮਨ ਦੇ ਦੇਖਣ ਦਾ ਨਜ਼ਰੀਆ ਹੈ। ਮਨਮੁਖਤਾ ਵਾਲੇ ਨਜ਼ਰੀਏ ਨੂੰ ਹੀ ਕੂੜ ਕਹਿੰਦੇ ਹਨ ਪਰ
ਜੇ ਅਸੀਂ ਸਤਿਗੁਰ, ਸੱਚ ਦੇ ਗਿਆਨ ਅੱਗੇ ਆਪਣੀ ਹਉਮੈ ਨੂੰ ਛੱਡ ਕੇ ਸਮਰਪਣ ਕਰ ਦੇਈਏ ਤਾਂ ਮਨ ਦੀ
ਕੂੜ ਖਤਮ ਹੋ ਜਾਏਗੀ। ਬੂੰਦ ਸਾਗਰ ਵਿਚ ਸਮਾ ਜਾਏਗੀ, ਨਿਜ ਘਰ ਦਾ ਰਸਤਾ ਮਿਲ ਪਏਗਾ। ਨਾਨਕ ਜੀ
ਕਹਿੰਦੇ ਹਨ ਸੱਚ ਵਿਚ ਸਮਾ ਕੇ ਸਚਿਆਰ ਹੋ ਸਕਦੇ ਹਾਂ। ਜਦੋਂ ਤੱਕ ਮਨ ਕਰਤਾ ਬਣਿਆ ਰਹਿੰਦਾ ਹੈ ਤਦ
ਤੱਕ ਸ੍ਰਿਸ਼ਟੀ ਨੂੰ ਝੂਠ ਕਹਿੰਦੇ ਹਾਂ ਜਦੋਂ ਸੱਚ ਦਾ ਗਿਆਨ ਲੈ ਕੇ ਸਚਿਆਰ ਬਣ ਜਾਏਗਾ ਤਾਂ ਕੁਝ ਵੀ
ਝੂਠ ਨਹੀਂ ਲੱਗੇਗਾ।
ਇਥੇ ਰੱਬ ਜੀ ਦਾ ਨੂਰ ਹੀ ਨੂਰ ਵਰਤ ਰਿਹਾ ਹੈ ਇਸ ਕਰਕੇ ਕੁਝ ਵੀ ਝੂਠ ਨਹੀਂ।
ਰੱਬ ਜੀ ਸੱਚੇ ਹਨ ਅਤੇ ਉਨ੍ਹਾਂ ਦੀ ਕਿਰਤ ਵੀ ਸੱਚੀ ਹੀ ਹੈ। ਮਨੁੱਖ ਨੂੰ ਸਿਰਫ਼ ਗਿਆਨ ਗੁਰੂ
(ਸਤਿਗੁਰ) ਅਨੁਸਾਰ ਜੀਵਨ ਜਿਊਣਾ ਹੈ ਤਾਂ ਕਿ ਬਿਨਾ ਕੁਝ ਤਿਆਗ ਕੀਤੇ ਇਸ ਨੂੰ ਮਾਣਦਿਆਂ, ਇਸ ਤੋਂ
ਉੱਪਰ ਵੀ ਰਹਿ ਸਕੇ, ਅਸਲੀਅਤ ਵਿਚ ਇਹੀ ਧਾਰਮਿਕਤਾ ਕਹਿਲਾਉਂਦੀ ਹੈ।