ਅਸਲੀ ਮਾਨਵਵਾਦੀ ਮੱਤਾਂ ਦੀ ਥਾਂ ਨਕਲੀ
ਮੱਤ ਹੋਂਦ ਵਿੱਚ ਆਉਂਦੇ ਰਹੇ! !
ਜਿਸ ਤਰ੍ਹਾਂ ਪਿੱਛੇ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਮਨੁੱਖਤਾ ਨੂੰ
‘ਰਾਜਨੀਤਕ-ਪੁਜਾਰੀ-ਸਰਮਾਏਦਾਰ’ ਦੀ ਤਿੱਕੜੀ ਦੇ ਸ਼ੋਸ਼ਨ ਅਤੇ ਲੁੱਟ-ਖਸੁੱਟ ਤੋਂ ਖ਼ਲਾਸੀ ਦਿਵਾਉਂਣ ਲਈ,
ਸਮੇਂ-ਸਮੇਂ ਸਿਰ, ਇਨਕਲਾਬੀ ਮਹਾਂ ਪੁਰਖ (ਪੈਗੰਬਰ, ਰਹਿਬਰ, ਆਦਿ) ਪੈਦਾ ਹੁੰਦੇ ਆਏ ਹਨ। ਇਨ੍ਹਾਂ
ਕਰਾਂਤੀਕਾਰੀ ਰੂਹਾਂ ਨੇ ਹੱਕ, ਸੱਚ ਤੇ ਇਨਸਾਫ਼ ਦੀ ਆਵਾਜ਼ ਬੁਲੰਦ ਕੀਤੀ, ਸਥਾਪਤ ਲੋਟੂ ਤਿੱਕੜੀ ਦੇ
ਖਿਲਾਫ਼ ਜਦੋ-ਜਹਿਦ ਕੀਤੀ ਅਤੇ ਮਨੁੱਖਤਾ ਦੇ ਕੁੱਝ ਕੁ ਹਿੱਸੇ ਨੂੰ ਰੱਬੀ-ਸੱਚ ਦੇ ਮਾਰਗ `ਤੇ ਪਾ ਕੇ
ਆਪਣੀ ਮਾਨਵਵਾਦੀ ਵਿਚਾਰਧਾਰਾ (ਮਜ਼੍ਹਬ ਦੀ ਫ਼ਿਲਾਸਫ਼ੀ) ਦਾ ਪ੍ਰਚਾਰ ਤੇ ਪਾਸਾਰ ਕੀਤਾ। ਪਰ, ਬਦਕਿਸਮਤੀ
ਨਾਲ ਮਨੁੱਖਤਾ ਦੇ ਇਨ੍ਹਾਂ ਰਹਿਬਰਾਂ ਨੇ ਆਪੋ-ਆਪਣੇ ਮੱਤ (ਮਜ਼੍ਹਬ) ਦੇ ਫ਼ਲਸਫ਼ੇ ਨੂੰ ਆਪਣੇ ਜੀਵਨਕਾਲ
ਦੌਰਾਨ ਨਾਂ ਤਾਂ ਆਪ ਹੀ ਕਲਮਬੰਦ ਕੀਤਾ ਅਤੇ ਨਾਂ ਹੀ ਆਪਣੇ ਕਿਸੇ ਪੈਰੋਕਾਰ ਪਾਸੋਂ ਆਪਣੀ ਨਿਗਰਾਨੀ
`ਚ ਕਲਮਬੰਦ ਕਰਾਇਆ। ਇਸ ਹਕੀਕਤ ਦਾ ਨਾਜ਼ਾਇਜ਼ ਫਾਇਦਾ ਉਠਾ ਕੇ, ਇਹ ਲੋਟੂ ‘ਤਿੱਕੜੀ’, ਇਨ੍ਹਾਂ ਹੀ
ਰਹਿਬਰਾਂ ਦੀ ਵਿਚਾਰਧਾਰਾ ਨੂੰ ਆਪਣੇ ਮੁਆਫਕ ਆਉਣ ਵਾਲੀ ਵਿਚਾਰਧਾਰਾ ਵਿੱਚ ਬਦਲ ਕੇ, ਇਨ੍ਹਾਂ ਹੀ
ਰਹਿਬਰਾਂ ਦੇ ਨਾਂ `ਤੇ, ਨਕਲੀ ਮੱਤ ਪ੍ਰਚੱਲਤ ਕਰਨ ਵਿੱਚ ਸਫ਼ਲ ਹੁੰਦੀ ਰਹੀ। ਅਜਿਹਾ ਕਰਨ ਲਈ ਇਸ
‘ਤਿੱਕੜੀ’ ਨੇ ਇਨ੍ਹਾਂ ਰਹਿਬਰਾਂ ਨੂੰ ਕਰਾਮਾਤੀ ਸ਼ਕਤੀਆਂ ਦੇ ਮਾਲਿਕ ਬਣਾ ਕੇ ਉਨ੍ਹਾਂ ਨੂੰ ਰੱਬ
ਵੱਲੋਂ ਸਿਧੇ ਹੀ ਮਿਲੇ ਗਿਆਨ ਦੇ ਆਧਾਰ `ਤੇ (ਉਨ੍ਹਾਂ ਦੇ ਨਾਂ `ਤੇ) ਨਕਲੀ ਧਾਰਮਿਕ ਗ੍ਰੰਥ ਤਿਆਰ
ਕਰਵਾਏ ਅਤੇ ਪ੍ਰਚਾਰ ਕੀਤਾ ਕਿ ਇਨ੍ਹਾਂ ਗ੍ਰੰਥਾਂ `ਤੇ ਕੋਈ ਵੀ ਕਿੰਤੂ-ਪ੍ਰੰਤੂ ਨਹੀਂ ਕੀਤਾ ਜਾ
ਸਕਦਾ। ਅਜਿਹਾ ਕਰਨਾ ਇਸ ਲਈ ਜ਼ਰੂਰੀ ਸੀ ਕਿ ਮਨੁੱਖੀ ਸਮਾਜ ਆਪਣੇ ਦਿਮਾਗ਼ ਦੀ ਵਰਤੋਂ ਕਰ ਕੇ ਸੱਚ ਦੇ
ਮਾਰਗ `ਤੇ ਨਾ ਚੱਲ ਸਕੇ, ਆਪਸ ਵਿੱਚ ਹੀ ਲੜਦਾ-ਮਰਦਾ ਰਹੇ ਅਤੇ ਕਰਮ-ਕਾਂਡਾਂ ਤੇ ਮਰਿਯਾਦਾਵਾਂ ਦੇ
ਜਾਲ ਵਿੱਚ ਫਸਿਆ ਇਸ ਤਿੱਕੜੀ ਦੇ ਰਹਿਮੋ-ਕਰਮ `ਤੇ ਹੀ ਨਿਰਭਰ ਰਹੇ।
ਇਨ੍ਹਾਂ ਰਹਿਬਰਾਂ ਦੇ ਨਾਂ `ਤੇ ਪ੍ਰਚੱਲਤ ਕੀਤੇ ਜਾ ਚੁੱਕੇ ਨਕਲੀ ਧਾਰਮਿਕ
ਗ੍ਰੰਥਾਂ ਵਿੱਚ ਇਨ੍ਹਾਂ ਰਹਿਬਰਾਂ ਦੇ ਫ਼ਲਸਫ਼ੇ ਦੇ ਵੀ ਕੁੱਝ ਅਸਲੀ ਅੰਸ਼ ਮਿਲ ਜਾਂਦੇ ਹਨ। ਪਰ,
ਮਨੁੱਖਤਾ ਵਿੱਚ ਧਰਮ ਦੇ ਨਾਂ `ਤੇ ਵੰਡੀਆਂ ਪਾਉਣੀਆਂ, ਵੱਖਰੀ ਸੋਚ ਰੱਖਣ ਵਾਲੇ ਮਨੁੱਖਾਂ `ਤੇ ਜ਼ੁਲਮ
ਕਰਨੇ, ਮਨੁੱਖੀ ਸਮਾਜ ਵਿੱਚ ਧਰਮ ਦੇ ਨਾਂ `ਤੇ ਨਫ਼ਰਤ ਪੈਦਾ ਕਰਨੀ, ਵਿਤਕਰੇ ਕਰਨੇ, ਫ਼ਿਰਕਾਪ੍ਰਸਤੀ
ਨੂੰ ਹਵਾ ਦੇਣੀ, ਗ਼ੈਰ-ਮੱਤਾਂ ਵਾਲਿਆਂ ਦੀ ਨਸਲਕੁਸ਼ੀ ਕਰਨੀ, ਇਤਿਆਦਿ ਇਨ੍ਹਾਂ ਰਹਿਬਰਾਂ ਦੇ ਅਸਲੀ
ਫ਼ਲਸਫ਼ੇ ਦੇ ਅੰਸ਼ ਕਦਾਚਿਤ ਨਹੀਂ ਹੋ ਸਕਦੇ - ਅਜਿਹੇ ਮਾਨਵ-ਵਿਰੋਧੀ ਅੰਸ਼ਾਂ ਦਾ ਪ੍ਰਚਲਤ ਮੱਤਾਂ ਵਿੱਚ
ਮੌਜੂਦ ਹੋਣਾ ਹੀ ਸਭ ਤੋਂ ਵੱਡਾ ਸਬੂਤ ਹੈ ਇਨ੍ਹਾਂ ਦੇ ਨਕਲੀ ਹੋਣ ਦਾ। ਲੇਖਕ ਦਾ ਦ੍ਰਿੜ ਵਿਸ਼ਵਾਸ਼ ਹੈ
ਕਿ ਮੱਤਾਂ ਦੇ ਸਤਿਕਾਰਯੋਗ ਬਾਨੀ ਸਰਬੱਤ ਦਾ ਭਲਾ ਲੋਚਣ ਵਾਲੇ, ਮਨੁੱਖਤਾ ਵਿੱਚ ਪ੍ਰਚੱਲਤ ਹੋ
ਚੁੱਕੀਆਂ ਉਚ-ਨੀਚ ਦੀਆਂ ਭਾਵਨਾਵਾਂ ਅਤੇ ਵਹਿਮਾਂ-ਭਰਮਾਂ ਨੂੰ ਰੱਦ ਕਰਨ ਵਾਲੇ, ਮਨੁੱਖੀ ਸਮਾਜ ਅੰਦਰ
ਇਸ ਲੋਟੂ ਤਿੱਕੜੀ ਦੁਆਰਾ ਪਾਈਆਂ ਗਈਆਂ ਵੰਡੀਆਂ ਨੂੰ ਮਿਟਾਉਣ ਵਾਲੇ, ਮਨੁੱਖ ਦੇ ਮਨੁੱਖ ਵਲੋਂ,
ਕੀਤੇ ਜਾ ਰਹੇ ਸਰਬ-ਪੱਖੀ ਸ਼ੋਸ਼ਨ ਨੂੰ ਖ਼ਤਮ ਕਰਨ ਵਾਲੇ ਅਤੇ ਪਰਸਪਰ ਪ੍ਰੇਮ-ਭਾਵਨਾਵਾਂ ਦੇ ਧਾਰਨੀ
ਮਨੁੱਖੀ ਭਾਈਚਾਰੇ ਦੀ ਸਿਰਜਨਾ ਕਰਨ ਲਈ ਜਦੋਜਹਿਦ ਕਰਨ ਵਾਲੇ ਸਨ। ਪਰ ਇਸ ਸ਼ਾਤਰ ਮਾਨਵ-ਵਿਰੋਧੀ
ਤਿੱਕੜੀ ਨੇ ਇਨ੍ਹਾਂ ਰਹਿਬਰਾਂ ਨੂੰ ਹੀ ਇਨ੍ਹਾਂ ਮਜ਼੍ਹਬਾਂ ਦੇ ਨਕਲੀ ਫ਼ਲਸਫ਼ਿਆਂ ਅੰਦਰ, ਐਨ ਇਸ ਦੇ
ਉਲਟ ਕਿਰਦਾਰ ਵਾਲੇ ਬਣਾ ਕੇ ਪੇਸ਼ ਕਰ ਦਿੱਤਾ। ਸਦ ਅਫ਼ਸੋਸ!
ਸੰਨ 1469 ਵਿੱਚ, ਰਾਇ ਭੋਇਂ ਦੀ ਤਲਵੰਡੀ (ਮੌਜੂਦਾ ਨਨਕਾਣਾ ਸਾਹਿਬ) ਵਿਖੇ,
ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ। ਉਨ੍ਹਾਂ ਨੇ ਨੌਂ ਸਾਲ ਦੀ ਨਿੱਕੀ ਜਿਹੀ ਆਯੂ ਵਿੱਚ ਹੀ,
ਮਨੂੰਵਾਦੀ ਵਿਚਾਰਧਾਰਾ (ਅਸਲ ਵਿੱਚ, ਭਾਰਤ ਵਿੱਚ ਉਸ ਵਕਤ ਪ੍ਰਚੱਲਤ ਵਰਨ-ਆਸ਼ਰਮ ਦੀ ਕਰਮ-ਕਾਂਡੀ
ਵਿਚਾਰਧਾਰਾ) ਅਧੀਨ, ਮਨੁੱਖੀ ਸਮਾਜ ਵਿੱਚ ਧਰਮ ਦੇ ਨਾਂਅ `ਤੇ ਵੰਡੀਆਂ ਪਾਉਂਣ ਵਾਲੀ ਗ਼ੈਰ-ਕੁਦਰਤੀ
ਤੇ ਮਾਨਵ-ਵਿਰੋਧੀ ਜਨੇਊ ਧਾਰਨ ਕਰਨ ਦੀ ਅਹਿਮ ਰਸਮ ਨੂੰ, ਭਰੀ ਸਭਾ ਵਿੱਚ, ਅਕੱਟ ਦਲੀਲਾਂ ਦੇ ਆਧਾਰ
`ਤੇ ਰੱਦ ਕਰ ਕੇ, ਇੱਕ ਆਦਰਸ਼ਕ ਮਨੁੱਖੀ ਸਮਾਜ ਦੀ ਸਿਰਜਨਾ ਲਈ, ਇੱਕ ਲਾ-ਸਾਨੀ ਇਨਕਲਾਬ ਦੇ ਅਰੰਭ
ਕਰਨ ਦਾ ਬਿਗੁਲ ਵਜਾ ਦਿੱਤਾ - ਇੱਕ ਅਜਿਹਾ ਸਦੀਵਕਾਲੀ ਤੇ ਸਰਬਦੇਸ਼ੀ ਇਨਕਲਾਬ ਜਿਸ ਦਾ ਮਨੋਰਥ,
ਮਨੁੱਖ ਦੀ ਹਰ ਪੱਖ ਤੋਂ ਬਰਾਬਰਤਾ ਦੇ ਅਧਾਰ `ਤੇ, ਵਿਸ਼ਵ-ਪੱਧਰੀ ਹਲੇਮੀ ਰਾਜ (ਰੱਬੀ-ਰਾਜ) ਦੀ
ਸਥਾਪਨਾ ਕਰਨਾ ਸੀ। ਜੁੱਗੋ-ਜੁੱਗ ਅਟੱਲ, ਨਿਰੰਕਾਰ ਪ੍ਰਭੂ ਦੇ ਸ਼ਬਦ-ਸਰੂਪ, ਗੁਰੂ ਗ੍ਰੰਥ ਸਾਹਿਬ
ਵਿੱਚ ੴਤੋਂ ਲੈ ਕੇ “ਤਨੁ ਮਨੁ ਥੀਵੈ ਹਰਿਆ” ਤੱਕ ਦਾ ਗੁਰਮਤਿ ਫ਼ਲਸਫ਼ਾ ਇਸ ਇਨਕਲਾਬੀ ਲਹਿਰ ਦੀ
ਵਿਚਾਰਧਾਰਾ ਦਾ ਧੁਰਾ ਬਣਿਆ। ਗੁਰੂ ਨਾਨਕ ਸਾਹਿਬ ਵੱਲੋਂ ਅਰੰਭ ਕੀਤੇ ‘ਮੱਤ’ ਨੂੰ ‘ਸਿੱਖ-ਮੱਤ’ ਦੇ
ਨਾਮ ਨਾਲ ਯਾਦ ਕੀਤਾ ਜਾਂਦਾ ਹੈ।
ਸੁਭਾਵਕ ਹੈ, ਕਿ ਗੁਰੂ ਨਾਨਕ ਸਾਹਿਬ ਨੇ ਜਿਥੇ ਉਸ ਵਕਤ ਤੱਕ ਪ੍ਰਚੱਲਤ ਹੋ
ਚੁੱਕੇ ਮੱਤਾਂ ਦਾ ਡੂੰਘਾ ਅਧਿਐਨ ਕੀਤਾ, ਉਥੇ ਇਸ ਖ਼ੁਦਗਰਜ਼ ਤੇ ਸ਼ਾਤਰ ਤਿੱਕੜੀ ਦੇ ਕਿਰਦਾਰ ਬਾਰੇ ਵੀ
ਬੜੀ ਬਾਰੀਕੀ ਨਾਲ ਸਾਰੇ ਪੱਖਾਂ ਤੋਂ ਵਿਚਾਰ ਕੀਤਾ। ਇਸ ਹਕੀਕਤ ਦੀ ਪੁਸ਼ਟੀ ਸਤਿਗੁਰਾਂ ਦੁਆਰਾ ਪ੍ਰਗਟ
ਹੋਈ ਸਰਬਸਾਂਝੀ ਗੁਰਬਾਣੀ ਦੇ ਅਧਿਐਨ ਤੋਂ ਸਹਿਜੇ ਹੀ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਵੱਲੋਂ
1478 ਵਿੱਚ ਅਰੰਭ ਕੀਤੇ ਲਾਸਾਨੀ ਇਨਕਲਾਬ ਦਾ ਟੀਚਾ ਸੰਸਾਰ ਵਿੱਚ, ਪੜਾਅ-ਦਰ-ਪੜਾਅ, ਰੱਬੀ-ਰਾਜ ਦੀ
ਸਥਾਪਨਾ ਕਰ ਕੇ ਸਰਬੱਤ ਦੇ ਭਲੇ ਦਾ ਸਦੀਵਕਾਲੀ ਬਾਨ੍ਹਣੂ ਬੰਨ੍ਹਣਾ ਹੈ - ਇੱਕ ਅਜਿਹੇ ਆਦਰਸ਼ਕ
ਸਮਾਜ-ਪ੍ਰਬੰਧ ਦੀ ਸਥਾਪਨਾ ਜਿਸ ਦੁਆਰਾ ਸਿਆਸੀ-ਸੱਤਾ ਦੀ ਕਾਣੀ ਵੰਡ, ਸਮਾਜਕ ਰੁਤਬਿਆਂ ਦੀ ਕਾਂਣੀ
ਵੰਡ ਤੇ ਆਰਥਕ ਸਾਧਨਾਂ ਦੀ ਆਸਾਵੀਂ ਵੰਡ ਵਾਲੇ ਨਿਜ਼ਾਮ ਨੂੰ ਜੜ੍ਹੋਂ ਉਖਾੜ ਕੇ ਇਸ ਦੀ ਥਾਂ ‘ਸਭੇ
ਸਾਂਝੀਵਾਲ ਸਦਾਇਨਿ’, ਵਾਲੇ ਫ਼ਲਸਫ਼ੇ ਨੂੰ ਅਮਲੀ ਰੂਪ ਦੇ ਕੇ ਸੰਸਾਰ ਵਿੱਚ ਸਦੀਵੀ ਸੁਖ-ਸ਼ਾਂਤੀ ਤੇ
ਹੱਕ, ਸੱਚ ਤੇ ਇਨਸਾਫ਼ ਦਾ ਜਾਮਨ ਨਿਜ਼ਾਮ ਸਥਾਪਤ ਕਰ ਕੇ, ਇਸ ਧਰਤੀ `ਤੇ ਹੀ, ਸਵੱਰਗ ਦਾ ਮਾਡਲ ਕਾਇਮ
ਕਰਨਾ ਹੈ। ਇਸ ਲਾਸਾਨੀ ਇਨਕਲਾਬ ਦੀ ਅਗੁਵਾਈ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਤਿੰਨ ਉਤਰਾਧਿਕਾਰੀ
ਗੁਰੂ ਜਾਮਿਆਂ (ਗੁਰੂ ਅਰਜੁਨ ਸਾਹਿਬ, ਗੁਰੂ ਤੇਗ਼ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ)
ਨੂੰ ਸ਼ਹਾਦਤਾਂ ਦੇਣੀਆਂ ਪਈਆਂ। ਦਸਮੇਸ਼ ਜੀ ਨੇ ਤਾਂ ਆਪਣਾ ਸਰਬੰਸ ਹੀ ਇਸ ਇਨਕਲਾਬ ਦੇ ਲੇਖੇ ਲਾ
ਦਿੱਤਾ। ਇਥੇ ਹੀ ਬੱਸ ਨਹੀਂ; ਸਿੱਖ-ਮੱਤ ਦੇ ਧਾਰਨੀ ਲੱਖਾਂ ਹੀ ਪ੍ਰਾਣੀਆਂ, ਜਿਨ੍ਹਾਂ ਵਿੱਚ ਮਰਦ,
ਇਸਤਰੀਆਂ ਅਤੇ ਸ਼ੀਰ-ਖੋਰ ਮਾਸੂਮ ਬੱਚੇ ਵੀ ਸ਼ਾਮਿਲ ਹਨ, ਨੇ ਮਨੁੱਖਤਾ ਦੇ ਭਲੇ ਲਈ, ਇਸ ਇਨਕਲਾਬੀ
ਲਹਿਰ ਦੇ ਵਿਕਾਸ ਲਈ, ਕੁਰਬਾਨੀਆਂ ਦਿੱਤੀਆਂ।
ਸ਼ਾਇਦ ਪਹਿਲੇ ਹੋ ਚੁੱਕੇ ਮੱਤਾਂ ਦੇ ਬਾਨੀਆਂ ਦੇ ਮਾਨਵਵਾਦੀ ਫ਼ਲਸਫ਼ਿਆਂ ਦੇ ਹੋ
ਚੁੱਕੇ ਹਸ਼ਰ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਹੀ, ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ
ਉਤਰਾਧਿਕਾਰੀ ਗੁਰੂ ਜਾਮਿਆਂ ਨੇ ਗੁਰਮਤਿ ਫ਼ਲਸਫ਼ੇ ਨੂੰ, ਸਮੇਂ-ਸਮੇਂ ਸਿਰ, ਖ਼ੁਦ ਕਲਮਬੰਦ ਕਰ ਕੇ,
ਜੁੱਗੋ-ਜੁੱਗ ਅਟੱਲ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਦਾ ਸਰੂਪ ਆਪਣੀ ਨਿੱਜੀ ਦੇਖ-ਰੇਖ ਹੇਠ ਤਿਆਰ
ਕਰਵਾ ਕੇ ਮਨੁੱਖਤਾ ਦੀ ਸਦੀਵਕਾਲੀ ਅਗੁਵਾਈ ਲਈ 6 ਅਕਤੂਬਰ 1708 ਦੇ ਦਿਨ, ਸਦਾ ਵਾਸਤੇ ਗੁਰਗੱਦੀ
`ਤੇ ਸ਼ੁਸ਼ੋਭਤ ਕਰ ਦਿੱਤਾ। ਪਰ, ‘ਹਾਕਮ-ਪੁਜਾਰੀ-ਸਰਮਾਏਦਾਰ’ ਦੀ ਖ਼ੁਦਗਰਜ਼ ਤਿੱਕੜੀ ਵੀ ਚੈਨ ਨਾਲ ਟਿਕ
ਕੇ ਨਹੀਂ ਬੈਠੀ। ਇਸ ਨੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ, ਗੁਰਮਤਿ ਫ਼ਲਸਫ਼ੇ ਨੂੰ ਗੰਧਲਾ ਕਰ ਕੇ
ਮਨੁੱਖਤਾ ਨੂੰ ਭੰਬਲ-ਭੂਸਿਆਂ `ਚ ਪਾ ਕੇ, ਇਸ ਇਨਕਲਾਬੀ ਲਹਿਰ ਨੂੰ ਪੁੱਠਾ ਗੇੜ ਦੇਣ ਦੇ ਸਿਰਤੋੜ
ਯਤਨ ਜਾਰੀ ਰੱਖੇ ਹੋਏ ਹਨ ਅਤੇ ਇਹ ਤਿੱਕੜੀ ਆਪਣੇ ਨਾਪਾਕ ਮਿਸ਼ਨ ਵਿੱਚ ਕਾਫ਼ੀ ਹੱਦ ਸਫ਼ਲਤਾ ਵੀ ਪ੍ਰਾਪਤ
ਕਰ ਚੁੱਕੀ ਹੈ। ਯਾਨੀ ਕਿ, ਜਿਨ੍ਹਾਂ ਵਹਿਮਾਂ-ਭਰਮਾਂ, ਕਰਮ-ਕਾਂਡਾਂ, ਮਰਿਯਾਦਾਵਾਂ, ਫੋਕਟ
ਰਸਮਾਂ-ਰੀਤਾਂ, ਊਚ-ਨੀਚ ਦੀਆਂ ਭਾਵਨਾਵਾਂ ਅਤੇ ਵਿਤਕਰਿਆਂ ਦਾ ਗੁਰੂ-ਬਾਣੀ ਸਖਤੀ ਨਾਲ ਖੰਡਨ ਕਰਦੀ
ਹੈ, ਉਨ੍ਹਾਂ ਨੂੰ ਹੀ ਗੁਰਮਤਿ ਦੇ ਲੇਬਲ ਹੇਠ ਪ੍ਰਚਾਰ ਕੇ ਪ੍ਰਚਲਤ ਕਰਨ ਦੇ ਸਿਰਤੋੜ ਯਤਨ ਕੀਤੇ ਜਾ
ਰਹੇ ਹਨ। ਇਥੇ ਹੀ ਬੱਸ ਨਹੀਂ, ਅਖੌਤੀ ਦਸਮ ਗ੍ਰੰਥ, ਸਰਬਲੋਹ ਗ੍ਰੰਥ, ਪ੍ਰੇਮ ਸੁਮਾਰਗ ਗ੍ਰੰਥ
ਆਦਿ ਗੁਰਮਤਿ ਵਿਰੋਧੀ ਰਚਨਾਵਾਂ ਨੂੰ ਦਸਮੇਸ਼ ਜੀ ਦੇ ਨਾਮ ਨਾਲ ਜੋੜ ਕੇ ਗੁਰੂ ਗ੍ਰੰਥ ਸਾਹਿਬ ਦੇ
ਸ਼ਰੀਕ ਵਜੋਂ ਸਥਾਪਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਧਰਮਸ਼ਾਲਾ (ਗੁਰਦਵਾਰਾ), ਅਕਾਲ ਤਖ਼ਤ ਸਾਹਿਬ,
ਸ਼੍ਰੋਮਣੀ ਅਕਾਲੀ ਦਲ, ਸ੍ਰੋ. ਗੁਰਦਵਾਰਾ ਪ੍ਰਬੰਧਕ ਕਮੇਟੀ ਆਦਿ ਸੰਸਥਾਵਾਂ/ਜਥੇਬੰਦੀਆਂ ਦਾ
ਭਗਵਾਂਕਰਨ ਕਰ ਕੇ ਇਨ੍ਹਾਂ ਨੂੰ ਆਰ. ਐਸ. ਐਸ. ਦੇ ਅਧੀਨ ਕੀਤਾ ਜਾ ਰਿਹਾ ਹੈ। ਸਿੱਖ-ਮੱਤ ਦੀ
ਵਿਲੱਖਣ ਤੇ ਅੱਡਰੀ ਹੋਂਦ ਨੂੰ ਭਾਰਤੀ ਸੰਵਿਧਾਨ ਦੀ ਧਾਰਾ 25 (2) (ਬੀ) ਰਾਹੀਂ ਖ਼ਤਮ ਕਰ ਕੇ ਸਿੱਖ
ਕੌਮ ਨੂੰ ਮਨੂੰਵਾਦ ਦੀ ਦੁਬੇਲ ਬਣਾਇਆ ਜਾ ਰਿਹਾ ਹੈ। ਹੋਰ ਵੀ ਅਨੇਕਾਂ ਧੱਕੇਸ਼ਾਹੀਆਂ ਕੀਤੀਆਂ ਗਈਆਂ
ਹਨ, ਕੌਮ ਦੀ ਨਸਲਕੁਸ਼ੀ ਦੇ ਪ੍ਰੋਗਰਾਮ ਸਿਰੇ ਚਾੜ੍ਹੇ ਗਏ ਹਨ। ਭਵਿੱਖ ਦੇ ਗਰਭ ਵਿੱਚ ਅਜੇ ਹੋਰ ਕੀ
ਕੁੱਝ ਹੈ, ਪਤਾ ਨਹੀਂ।
ਇਸ ਤਰ੍ਹਾਂ, ਕਹੇ ਜਾਂਦੇ ਪੱਥਰ-ਯੁਗ ਦੇ ਸਮੇਂ ਤੋਂ ਲੈ ਕੇ ਵਰਤਮਾਨ ਸਮੇਂ
ਤੱਕ ਪਹੁੰਚਦਿਆਂ-ਪਹੁੰਚਦਿਆਂ, ਮਨੁੱਖੀ ਸਮਾਜ ਦਾ ਵਿਕਾਸ ਕਈ ਪੜਾਵਾਂ ਵਿੱਚੋਂ ਦੀ ਲੰਘ ਕੇ ਅਜੋਕੀ
ਇੱਕੀਵੀਂ ਸਦੀ ਦੇ ਅਰੰਭਲੇ ਦਹਾਕੇ ਦੇ ਆਧੁਨਿਕ ਵਿਕਾਸ ਦੇ ਪੜਾਅ ਤੱਕ ਪਹੁੰਚਿਆ ਹੈ। ਵਿਗਿਆਨਕ ਖ਼ੋਜ
ਅਤੇ ਮਨੁੱਖ ਦੀ ਚੰਗੇ ਰੁਜ਼ਗਾਰ ਦੀ ਤਲਾਸ਼ ਦੀ ਰੁਚੀ ਨੇ ਸਮੁੱਚੇ ਸੰਸਾਰ ਨੂੰ ਹੀ ਇੱਕ ਵੱਡੇ ਨਗਰ (
Global
Village) ਦਾ ਰੂਪ ਦੇ ਦਿੱਤਾ ਹੈ। ਸੰਸਾਰ ਦੇ
ਕੁੱਝ ਹਿੱਸਿਆਂ ਵਿੱਚ ਅੱਜ ਵੀ ਰਜਵਾੜਾ-ਸ਼ਾਹੀ, ਡਿਕਟੇਟਰਸ਼ਿਪ ਅਤੇ ਤਾਨਾਸ਼ਾਹੀ ਦੇ ਮਾਡਲ ਦੀਆਂ
ਹਕੂਮਤਾਂ ਕਾਇਮ ਹਨ। ਸੰਸਾਰ ਵਿੱਚ ਕੁੱਝ-ਕੁ ਬਹੁ-ਕੌਮੀ ਦੇਸ਼ ਹਨ ਅਤੇ ਕੁੱਝ-ਕੁ ਇਕੱਹਿਰੀ ਕੌਮ ਵਾਲੇ
ਦੇਸ਼ ਹਨ। ਪਰ, ਤਕਰੀਬਨ ਸਾਰੇ ਦੇਸ਼ਾਂ ਵਿੱਚ ਹੀ ਘੱਟ ਗਿਣਤੀ ਵਰਗ, ਬਹੁ-ਭਾਸ਼ਾਈ, ਆਦੀ-ਵਾਸੀ ਅਤੇ
ਧਾਰਮਿਕ ਘੱਟ ਗਿਣਤੀਆਂ ਵਸਦੀਆਂ ਹਨ। ਕੁੱਝ ਦੇਸ਼ਾਂ ਵਿੱਚ ਲੋਕ-ਰਾਜ ਦੇ ਅੱਡਰੇ-ਅੱਡਰੇ ਮਾਡਲ ਹੋਂਦ
ਵਿੱਚ ਹਨ ਅਤੇ ਕੁੱਝ-ਕੁ ਦੇਸ਼ਾਂ ਨੇ ਧਰਮ ਦੇ ਨਾਂ `ਤੇ ਰੀਪਬਲਿਕਸ ਵੀ ਕਾਇਮ ਕੀਤੀਆਂ ਹੋਈਆਂ ਹਨ।
ਅਜਿਹੀਆਂ ਸਮੁੱਚੀਆਂ ਜ਼ਮੀਨੀ ਹਕੀਕਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕਾਦਿਰੁ ਦੀ ਕੁਦਰਤਿ ਦੇ
ਵੱਧ-ਤੋਂ ਵੱਧ ਨਿਯਮਾਂ ਦੀ ਪਾਲਣਾ ਕਰਨ ਵਾਲੇ ਚੰਗੇ ਸਮਾਜ ਦੀ ਰੂਪ-ਰੇਖਾ ਤਿਆਰ ਕਰ ਕੇ ਉਸ ਨੂੰ ਅਮਲ
ਵਿੱਚ ਲਿਆਉਣਾ ਉਚਿਤ ਹੋਵੇਗਾ।
7. ਅਸਲੀ ਲੋਕ-ਰਾਜ (ਚੰਗਾ ਸਮਾਜ ਪ੍ਰਬੰਧ)
ਸੰਸਾਰ ਦੇ ਉਦਾਰਚਿੱਤ (ਖੁੱਲ੍ਹੇ, ਮਾਨਵਵਾਦੀ ਵਿਚਾਰਾਂ ਵਾਲੇ) ਤਬਕੇ ਦੀ
ਰੁਚੀ ਇੱਕ ਚੰਗੇ ਲੋਕਰਾਜ ਦੇ ਮਾਡਲ ਵੱਲ ਕੇਂਦਰਤ ਹੁੰਦੀ ਜਾ ਰਹੀ ਹੈ, ਕਿਉਂਕਿ, ਲੋਕਰਾਜ ਦੇ ਕਿਸੇ
ਚੰਗੇ ਮਾਡਲ ਰਾਹੀਂ ਹੀ ਇੱਕ ਵਧੀਆ ਵਿਸ਼ਵ-ਭਾਈਚਾਰੇ ਦੀ ਸਥਾਪਨਾ ਵੱਲ ਵਧਿਆ ਜਾ ਸਕਦਾ ਹੈ।
ਲੋਕਰਾਜ ਦੀ ਪ੍ਰੀਭਾਸ਼ਾ
ਲੋਕਰਾਜ ਦੀ ਸਿੱਧੀ-ਪੱਧਰੀ ਪ੍ਰੀਭਾਸ਼ਾ ਕੁੱਝ ਇਸ ਤਰ੍ਹਾਂ ਦੀ ਹੋ ਸਕਦੀ ਹੈ -
‘ਆਮ ਲੋਕਾਂ ਦਾ, ਆਮ ਲੋਕਾਂ ਦੀ ਭਲਾਈ ਲਈ, ਆਮ ਲੋਕਾਂ ਦੁਆਰਾ ਸਮਾਜ ਪ੍ਰਬੰਧ’। ਅਜਿਹੇ ਲੋਕਰਾਜੀ
ਸਮਾਜ ਪ੍ਰਬੰਧ ਲਈ ਲੋਕਰਾਜੀ ਦੇਸ਼ਾਂ ਦੇ ਸੰਵਿਧਾਨਾਂ ਵਿੱਚ ਹੇਠ ਲਿਖੇ ਚਾਰ ਲੋਕਰਾਜੀ ਥ੍ਹੰਮਾਂ ਦਾ
ਜ਼ਿਕਰ ਕੀਤਾ ਜਾਂਦਾ ਹੈ:-
1. ਵਿਧਾਨ-ਪਾਲਿਕਾ (ਸਬੰਧਤ ਦੇਸ਼ ਦੇ ਸਮਾਜ ਪ੍ਰਬੰਧ ਲਈ ਸੰਵਿਧਾਨ ਅਨੁਸਾਰ,
ਲੋੜੀਂਦੇ ਕਾਨੂੰਨ ਬਣਾਉਂਣ ਲਈ ਜ਼ਿੰਮੇਵਾਰ)।
2. ਕਾਰਜ-ਪਾਲਿਕਾ (ਸਮਾਜ ਪ੍ਰਬੰਧ ਦੇ ਕਾਨੂੰਨਾਂ ਦੀ ਪਾਲਣਾ ਕਰਾਉਂਣ ਲਈ
ਜ਼ਿੰਮੇਵਾਰ)।
3. ਨਿਆਂਏ-ਪਾਲਿਕਾ (ਦੇਸ਼ ਦੇ ਸੰਵਿਧਾਨ ਅਨੁਸਾਰ, ਵਿਧਾਨ-ਪਾਲਿਕਾ ਵੱਲੋਂ
ਬਣਾਏ ਜਾ ਰਹੇ ਕਾਨੂੰਨਾਂ ਦੀ ਨਿਰਪੱਖ ਪੜਚੋਲ ਕਰ ਕੇ, ਗ਼ੈਰ-ਵਾਜਬ ਕਾਨੂੰਨਾਂ ਨੂੰ ਰੱਦ ਕਰਨ ਅਤੇ
ਵਾਜਬ ਕਾਨੂੰਨ-ਪ੍ਰਣਾਲੀ ਅਨੁਸਾਰ ਦੇਸ਼ ਦੇ ਨਾਗਰਿਕਾਂ ਨੂੰ ਸਸਤਾ ਤੇ ਨਿਰਪੱਖ ਇਨਸਾਫ਼ ਦੁਆਉਂਣ ਲਈ
ਜ਼ਿੰਮੇਵਾਰ)।
4. ਮੀਡੀਆ (ਲੋਕ ਹਿੱਤ ਦੇ ਮਸਲਿਆਂ ਨੂੰ ਨਿਰਪੱਖ ਤੌਰ `ਤੇ ਮੀਡੀਆ ਰਾਹੀਂ
ਪੇਸ਼ ਕਰਨ ਲਈ ਜ਼ਿੰਮੇਵਾਰ)।
ਇਹ ਇੱਕ ਦੁਖਦਾਈ ਹਕੀਕਤ ਹੈ ਕਿ ਸੰਸਾਰ ਵਿੱਚ ਪ੍ਰਚੱਲਤ ਵਰਤਮਾਨ ਲੋਕਰਾਜੀ
ਮਾਡਲਾਂ `ਚੋਂ ਕੋਈ ਮਾਡਲ ਵੀ ਨਾਂ ਤਾਂ ਸਬੰਧਤ ਦੇਸ਼ਾਂ ਦੇ ਆਮ ਨਾਗਰਿਕਾਂ ਨੂੰ ਹੀ ਪੂਰੀ ਤਰ੍ਹਾਂ
ਸੰਤੁਸ਼ਟ ਕਰ ਸਕਿਆ ਹੈ ਅਤੇ ਨਾਂ ਹੀ ਵਿਸ਼ਵ-ਪੱਧਰੀ ਚੰਗੇ ਭਾਈਚਾਰੇ ਦੀ ਸਥਾਪਨਾ ਲਈ ਕੋਈ ਜ਼ਿਕਰਯੋਗ
ਯੋਗਦਾਨ ਪਾ ਸਕਿਆ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਪਰ, ਲੇਖਕ ਦੀ ਸਮਝ ਅਨੁਸਾਰ, ਸਭ ਤੋਂ ਅਹਿਮ
ਅਤੇ ਬੁਨਿਆਦੀ ਕਾਰਨ ਇਹ ਹੈ ਕਿ ਮਨੁੱਖ ਨੇ ਪਦਾਰਥਵਾਦ ਦੇ ਖੇਤਰ (
materialism)
ਵਿੱਚ ਤਾਂ ਉਨਤੀ ਕਰ ਕੇ ਸਰੀਰਕ ਸੁਖ-ਸਹੂਲਤਾਂ ਦੇ ਬਹੁਤ ਸਾਰੇ ਸਾਧਨ ਪੈਦਾ ਕਰ ਲਏ ਹਨ, ਪਰ,
ਅਧਿਆਤਮਵਾਦ (ਇਨਸਾਨੀਅਤ) ਦੇ ਖੇਤਰ ਵਿੱਚ ਮਨੁੱਖ ਅੱਜ ਵੀ ਮੱਧਯੁਗ ਦੀ ਮਨੁੱਖੀ-ਬਿਰਤੀ ਦੇ ਪੱਧਰ
`ਤੇ ਹੀ ਖੜ੍ਹਾ ਨਜ਼ਰ ਆ ਰਿਹਾ ਹੈ - ਸਹੀ ਮਾਅਨਿਆਂ ਵਿੱਚ, ਮਨੁੱਖੀ ਕਿਰਦਾਰ ਵਿੱਚੋਂ, ਇਨਸਾਨੀਅਤ ਦੇ
ਭਰਵੇਂ ਦਰਸ਼ਨ ਨਹੀਂ ਹੋ ਰਹੇ। ਯਾਨੀ ਕਿ, ਮਨੁੱਖ ਆਪਣੀ ਖ਼ੁਦਗਰਜ਼ੀ ਤੋਂ ਆਜ਼ਾਦ ਹੋਕੇ, ‘ਇਨਸਾਨੀਅਤ’ ਦੇ
ਪੱਧਰ ਤੱਕ ਨਹੀਂ ਪਹੁੰਚ ਸਕਿਆ।
ਸਰਬਸਾਂਝੇ ਗੁਰਮਤਿ ਫ਼ਲਸਫ਼ੇ `ਤੇ ਅਧਾਰਤ ਅਸਲੀ ਲੋਕਰਾਜ (ਰੱਬੀ-ਰਾਜ) ਦਾ
ਮਾਡਲ
ਅਜੋਕੇ ਲੋਕਰਾਜੀ ਮਾਡਲਾਂ ਦੇ ਵਿਪਰੀਤ, ਗੁਰਮਤਿ ਫ਼ਲਸਫ਼ੇ ਅੰਦਰ ਇੱਕ ਵਿਲੱਖਣ
ਲੋਕਰਾਜੀ ਮਾਡਲ ਦੀ ਰੂਪ-ਰੇਖਾ ਦਾ ਇੱਕ ਐਸਾ ਖਾਕਾ ਚਿਤਰਿਆ ਹੋਇਆ ਮਿਲਦਾ ਹੈ ਜਿਸ ਦੇ ਹਾਣ ਦਾ ਕੋਈ
ਵੀ ਪ੍ਰਚੱਲਤ ਲੋਕਰਾਜੀ ਮਾਡਲ ਨਹੀਂ ਹੈ। ਲੋਕਰਾਜ ਦੇ ਇਸ ਮਾਡਲ ਨੂੰ, ਗੁਰੂ ਗ੍ਰੰਥ ਸਾਹਿਬ ਦੇ ਸਰਬ
ਸਾਂਝੇ ਫ਼ਲਸਫੇ ਅੰਦਰ ਹਲੇਮੀ-ਰਾਜ (ਰੱਬੀ-ਰਾਜ) ਕਿਹਾ ਗਿਆ ਹੈ। ਇਹ ਹਲੇਮੀ-ਰਾਜ ਦਾ ਮਾਡਲ ਕਿਹੋ
ਜਿਹਾ ਹੈ? ਆਓ, ਵੀਚਾਰੀਏ।
1. ਵਾਹਿਦ ਰੱਬ ਹੀ ਸਮੁੱਚੀ ਸ੍ਰਿਸ਼ਟੀ ਦਾ ਇੱਕੋ-ਇੱਕ ਹਾਕਮ
ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਅਨੁਸਾਰ, ਵਾਹਿਦ ਪਰਮੇਸ਼ਰ ਹੀ ਸਾਰੀ ਕਾਇਨਾਤ
ਦਾ ਸਦੀਵਕਾਲੀ ਹਾਕਮ (ਰਾਜਾ) ਹੈ ਅਤੇ ਸਮੁੱਚੀ ਸ੍ਰਿਸ਼ਟੀ ਉਸ ਮਾਲਿਕ ਪ੍ਰਭੂ ਦੀ ਪਰਜਾ ਹੈ। ਗੁਰਮਤਿ
ਦੇ ਇਸ ਬੁਨਿਆਦੀ ਅਤੇ ਸਰਬ-ਉੱਚ ਸਿਧਾਂਤ ਨੂੰ ਮਨੁੱਖਤਾ ਦੇ ਸਾਹਮਣੇ ਸਥੂਲ ਰੂਪ ਵਿੱਚ ਪੇਸ਼ ਕਰਨ ਲਈ
ਹੀ ਗੁਰੂ ਹਰਿਗੋਬਿੰਦ ਸਾਹਿਬ ਨੇ 1608 ਵਿੱਚ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਐਨ ਸਨਮੁੱਖ, ਅਕਾਲ
ਤਖ਼ਤ ਸਾਹਿਬ ਨੂੰ ਪ੍ਰਗਟ ਕੀਤਾ ਸੀ। ‘ਅਕਾਲ’ ਸ਼ਬਦ ਦੇ ਅਰਥ ਹਨ ‘ਸਮੇਂ ਦੇ ਪ੍ਰਭਾਵ ਤੋਂ ਨਿਰਲੇਪ,
ਸਦੀਵਾਕਾਲੀ। ਇਹ ਸੰਸਥਾ ਅਕਾਲ ਪੁਰਖ ਦੇ ਮੀਰੀ-ਪੀਰੀ ਦੇ ਵਿਲੱਖਣ ਗੁਰਮਤਿ-ਸਮੇਲ ਨੂੰ ਪ੍ਰਗਟ ਕਰਦੀ
ਹੋਈ ਸਿੱਖ ਕੌਮ ਦੀ ਪ੍ਰਭੂ-ਸੱਤਾ ਦੀ ਨਿਸ਼ਾਨੀ ਹੈ …. .
ਵਡਾ ਤੇਰਾ ਦਰਬਾਰੁ, ਸਚਾ ਤੁਧੁ ਤਖ਼ਤੁ॥ ਸਿਰਿ ਸਾਹਾਂ ਪਾਤਿਸਾਹੁ, ਨਿਹਚਲੁ ਚਵਰੁ ਛਤੁ॥ (ਮ: 5,
964)
ਭਾਵ: (ਹੇ ਪ੍ਰਭੂ!) ਤੇਰਾ ਦਰਬਾਰ (ਹੋਰ ਸਭ ਦਰਬਾਰਾਂ ਨਾਲੋਂ) ਵੱਡਾ
ਹੈ, ਤੇਰਾ ਤਖ਼ਤ ਸਦਾ ਕਾਇਮ ਰਹਿਣ ਵਾਲਾ ਹੈ, (ਹੇ ਪ੍ਰਭੂ!) ਤੇਰਾ ਚਵਰ ਅਤੇ ਛਤਰ ਸਦਾ ਕਾਇਮ ਰਹਿਣ
ਵਾਲੇ ਹਨ, ਅਤੇ ਤੂੰ ਪਾਤਿਸ਼ਾਹਾਂ ਦੇ ਸਿਰ ਉੱਤੇ ਵੀ (ਸਭ ਤੋਂ ਵੱਡਾ) ਪਾਤਿਸ਼ਾਹ ਹੈਂ।
ਇਸ ਬੁਨਿਆਦੀ ਗੁਰਮਤਿ ਸਿਧਾਂਤ ਦਾ ਸਿੱਧਾ-ਸਾਦਾ ਭਾਵ ਇਹ ਹੈ ਕਿ ਕੋਈ ਵੀ
ਮਨੁੱਖ, ਭਾਵੇਂ ਉਹ ਕਿਤਨੇ ਵੀ ਉੱਚੇ ਦੁਨਿਆਵੀ ਅਹੁਦੇ `ਤੇ ਕਿਉਂ ਨਾ ਬੈਠਾ ਹੋਵੇ, ਹਾਕਮ (
Ruler)
ਨਹੀਂ ਹੋ ਸਕਦਾ। ਹਾਂ, ਸਮਾਜ ਪ੍ਰਬੰਧ ਲਈ, ਪਿੰਡ-ਪੱਧਰ ਤੋਂ ਲੈ ਕੇ ਰਾਸ਼ਟਰ-ਪੱਧਰ ਤੱਕ, ਪ੍ਰਬੰਧਕੀ
ਅਹੁਦਿਆਂ ਦਾ ਹੋਣਾ ਜਰੂਰੀ ਹੈ ਅਤੇ ਇਹ ਅਹੁਦੇ ਕੇਵਲ ਅਤੇ ਕੇਵਲ ਯੋਗਤਾ (ਮੈਰਿਟ) ਦੇ ਅਧਾਰ `ਤੇ ਹੀ
ਪੂਰੇ ਜਾਣੇ ਚਾਹੀਦੇ ਹਨ, ਸਿਰਾਂ ਦੀ ਗਿਣਤੀ (ਇਲੈਕਸ਼ਨ ਸਿਸਟਮ), ਜਥੇਬੰਦੀਆਂ ਦੀ ਹਮਾਇਤ ਜਾਂ
ਭਾਈ-ਭਤੀਜਾਵਾਦ ਦੇ ਮਾਨਵ-ਵਿਰੋਧੀ ਅਸੂਲਾਂ ਅਨੁਸਾਰ ਨਹੀਂ। ਇਸ ਸਿਧਾਂਤ ਦਾ ਦੂਜਾ ਸਪੱਸ਼ਟ ਸੰਕੇਤ ਇਹ
ਹੈ ਕਿ ਅਹੁਦਿਆਂ `ਤੇ ਤਾਇਨਾਤ ਹੋਣ ਵਾਲੇ ਮਨੁੱਖ ਜੰਤਾਂ ਦੇ ਸੇਵਾਦਾਰ ਹਨ, ਜੰਤਾਂ ਦੇ ਮਾਲਿਕ
ਹਰਗਿਜ਼ ਨਹੀਂ ਹੋ ਸਕਦੇ। ਜਿਸ ‘ਲੋਕਰਾਜ’ ਦੇ ਮਾਡਲ ਵਿੱਚ ਇਸ ਅਤੀ-ਅਹਿਮ ਸਿਧਾਂਤ ਦੀ ਪਾਲਣਾ ਨੂੰ
ਯਕੀਨੀ ਬਣਾਉਂਣ ਲਈ ਕੋਈ ਭਰੋਸੇਯੋਗ ਸਿਸਟਮ ਦੀ ਹੋਂਦ ਨਾ ਹੋਵੇ, ਉਸ ‘ਲੋਕਰਾਜ’ ਨੂੰ, ਸਹੀ ਮਾਅਨਿਆਂ
ਵਿੱਚ, ਲੋਕਰਾਜ ਹੀ ਨਹੀਂ ਕਿਹਾ ਜਾ ਸਕਦਾ ਅਤੇ ਅੱਜ ਦੇ ਆਧੁਨਿਕ ਯੁੱਗ ਵਿੱਚ ਵੀ ਦੁਨੀਆਂ ਅੰਦਰ
ਕਿਸੇ ਵੀ ਲੋਕਰਾਜੀ ਮਾਡਲ ਵਿੱਚ ਇਸ ਅਸੂਲ ਦੀ ਅਮਲੀ ਤੌਰ `ਤੇ ਪਾਲਣਾ ਦੀ ਰੜਕਵੀਂ ਅਣਹੋਂਦ ਹੈ।
ਫਿਰ, ਸੰਸਾਰ ਵਿੱਚ ਪਰਸਪਰ-ਪ੍ਰੇਮ ਤੇ ਸ਼ਾਂਤੀ, ਭਲਾ ਕਿਵੇਂ ਉਪਲੱਬਧ ਹੋ ਸਕਦੀ ਹੈ?
2. ਸੰਘਵਾਦ (
Federalism)
‘ਵੰਨ-ਸੁਵੰਨਤਾ’ ਕਾਦਿਰ ਦੀ ਕੁਦਰਤਿ ਦਾ ਬੁਨਿਆਦੀ ਅਸੂਲ ਹੈ ਜਿਸ ਦੀ
ਉਲੰਘਣਾ ਨਹੀਂ ਕੀਤੀ ਜਾਣੀ ਚਾਹੀਦੀ। ਇੱਕ ਚੰਗੇ ਸਮਾਜ ਪ੍ਰਬੰਧ ਦੀ ਸਿਰਜਨਾ ਲਈ ਲਾਜ਼ਮੀ ਹੈ ਕਿ ਕਿਸੇ
ਦੇਸ਼ ਦੀਆਂ ਸੂਬਾਂ-ਸਰਕਾਰਾਂ ਅਤੇ ਕੇਂਦਰੀ ਸਰਕਾਰ ਵਿੱਚ ਹਰ ਪੱਧਰ `ਤੇ (ਹਰ ਲੋਕਰਾਜੀ ਥੰਮ੍ਹ ਅੰਦਰ)
ਦੇਸ਼ ਵਿੱਚ ਵਸਣ ਵਾਲੀਆਂ ਕੌਮਾਂ, ਧਾਰਮਿਕ ਘੱਟ ਗਿਣਤੀਆਂ, ਭਾਸ਼ਾਈ ਘੱਟ ਗਿਣਤੀਆਂ ਅਤੇ ਪਿਛੜੇ ਸਮਾਜਕ
ਵਰਗਾਂ (ਆਦੀਵਾਸੀ ਆਦਿਕ) ਨੂੰ, ਯੋਗ ਪ੍ਰਤੀਨਿਧਤਾ ਹਾਸਿਲ ਹੋਵੇ। ਇਸ ਦੇ ਨਾਲ-ਨਾਲ, ਇਨ੍ਹਾਂ
ਸਾਰਿਆਂ ਨੂੰ ਆਪੋ-ਆਪਣੇ ਮਜ੍ਹਬ, ਭਾਸ਼ਾ ਅਤੇ ਸਭਿਆਚਾਰ ਨੂੰ ਵਿਕਸਤ ਕਰਨ ਲਈ ਵੀ ਯੋਗ ਸਹੂਲਤਾਂ
ਦਿੱਤੀਆਂ ਜਾਣ।
ਦੇਸ਼ ਦੀ ਕੇਂਦਰੀ ਸਰਕਾਰ ਦੇ ਅਧੀਨ ਕੇਵਲ ਹੇਠ ਲਿਖੇ ਮਹਿਕਮੇ ਹੀ ਰੱਖੇ ਜਾਣ
ਤੇ ਬਾਕੀ ਦੇ ਸਾਰੇ ਵਿਭਾਗ ਸਬੰਧਤ ਸੂਬਾ-ਸਰਕਾਰਾਂ ਅਧੀਨ ਹੋਣ:-
(ੳ) ਵਿੱਤ ਮਹਿਕਮਾ
(Finance
Department)।
(ਅ) ਰੱਖਿਆ
(Defence)।
(ੲ) ਵਿਦੇਸ਼ੀ ਮਾਮਲੇ
(Foreign
Affairs)।
(ਸ) ਸੰਚਾਰ
(Communications)।
(ਹ) ਰੇਲਵੇਜ਼
(Railways)।
ਹਰ ਇੱਕ ਸੂਬੇ ਦਾ ਆਪਣਾ ਸੰਵਿਧਾਨ ਤੇ ਨਿਸ਼ਾਨ
(Flag) ਹੋਵੇ।
ਸੂਬਿਆਂ ਦੇ ਗਵਰਨਰਜ਼ ਸੂਬਿਆਂ ਦੇ ਲੋਕਾਂ ਦੁਆਰਾ (ਸੂਬਾ ਸਰਕਾਰਾਂ ਜਾਂ ਕੇਂਦਰੀ ਸਰਕਾਰ ਦੁਆਰਾ
ਨਹੀਂ), ਯੋਗਤਾ ਦੇ ਆਧਾਰ `ਤੇ ਚੁਣੇ ਜਾਣ। ਕੇਂਦਰੀ ਸਰਕਾਰ ਪਾਸ ਸੂਬਾ ਸਰਕਾਰਾਂ ਨੂੰ ਭੰਗ ਕਰਨ
(ਤੋੜਨ) ਦਾ ਕੋਈ ਅਧਿਕਾਰ ਨਾ ਹੋਵੇ। ਸੂਬਿਆਂ ਦੀ ਅੰਦਰੂਨੀ ਸੁਰੱਖਿਆ
(Law and Order)
ਕੇਵਲ ਅਤੇ ਕੇਵਲ ਸਬੰਧਤ ਸੂਬਾ ਸਰਕਾਰਾਂ ਦੇ ਅਧੀਨ ਹੋਵੇ। ਰਾਸ਼ਟਰੀ ਅਪਾਤਕਾਲ
(National Emergency)
ਸਮੇਂ ਵੀ ਕੇਂਦਰ ਸਰਕਾਰ ਨੂੰ ਸੂਬਿਆਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਦਾ ਅਧਿਕਾਰ ਨਾ
ਹੋਵੇ। ਜੇਕਰ ਕਿਸੇ ਸੂਬੇ ਨਾਲ ਕੇਂਦਰੀ ਸਰਕਾਰ ਪੱਖਪਾਤੀ ਰਵੱਈਆ ਅਪਣਾ ਕੇ ਧੱਕੇਸ਼ਾਹੀ, ਬੇ-ਇਨਸਾਫੀ
ਅਤੇ ਵਿਤਕਰਾ ਕਰਨ ਤੋਂ ਬਾਜ਼ ਨਾ ਆਵੇ ਤਾਂ ਸਬੰਧਤ ਸੂਬੇ ਨੂੰ (ਸੂਬੇ ਦੇ ਲੋਕਾਂ ਦੀ ਆਮ-ਰਾਇਸ਼ੁਮਾਰੀ
ਦੁਆਰਾ) ਕੇਂਦਰ ਨਾਲੋਂ ਨਾਤਾ ਤੋੜ ਕੇ ਸੁਤੰਤਰ ਤੌਰ `ਤੇ ਵਿਚਰਨ ਲਈ ਯੋਗ ਕਾਨੂੰਨੀ ਪ੍ਰਕਿਰਿਆ ਦੀ
ਵਿਵਸਥਾ ਵੀ ਕੀਤੀ ਜਾਵੇ।
ਨਿਰਸੰਦੇਹ, ਅਜਿਹਾ ਸੰਘੀ ਸਮਾਜ ਪ੍ਰਬੰਧ ‘ਅਨੇਕਤਾ ਵਿੱਚ ਏਕਤਾ’ ਦੇ ਕੁਦਰਤੀ
ਅਸੂਲ ਅਧੀਨ ਹੀ ਹੋਂਦ ਵਿੱਚ ਲਿਆਂਦਾ ਜਾ ਸਕਦਾ ਹੈ, ‘ਏਕਤਾ ਵਿੱਚ ਅਨੇਕਤਾ’ ਦੇ ਮਾਨਵ-ਵਿਰੋਧੀ ਨਿਯਮ
ਅਧੀਨ ਨਹੀਂ। ਇਥੇ ਇਨ੍ਹਾਂ ਦੋਨਾਂ ਅਸੂਲਾਂ ਬਾਰੇ ਵੀ ਸੰਕੇਤਕ ਵਿਚਾਰ ਕਰ ਲੈਣੀ ਪ੍ਰਸੰਗਕ ਹੋਵੇਗੀ
ਤਾਕਿ ਕਿਸੇ ਵੀ ਕਿਸਮ ਦਾ ਕੋਈ ਭੁਲੇਖਾ ਨਾ ਰਹੇ।
ਅਨੇਕਤਾ ਵਿੱਚ ਏਕਤਾ
ਇਸ ਅਸੂਲ ਅਧੀਨ ਸਬੰਧਤ ਧਿਰਾਂ (ਸਮਾਜਕ ਵਰਗ), ਮਾਨਵਵਾਦੀ ਸਾਂਝੇ ਮਨੋਰਥਾਂ
ਦੀ ਪੂਰਤੀ ਲਈ, ਰਲ-ਮਿਲ ਕੇ ਕੰਮ ਕਰਦੀਆਂ ਹਨ। ਇਹ ਏਕਤਾ ਸਬੰਧਤ ਧਿਰਾਂ ਦੀ, ਹਰ ਪੱਖ ਤੋਂ,
ਬਰਾਬਰਤਾ ਦੇ ਆਧਾਰ `ਤੇ ਹੀ ਚੰਗੇ ਨਤੀਜੇ ਦੇ ਸਕਦੀ ਹੈ। ਇਸ ਵਿੱਚ, ਕੋਈ ਧਿਰ; ਗਿਣਤੀ ਜਾਂ ਤਾਕਤ
ਵਿੱਚ ਭਾਵੇਂ ਦੂਜੀਆਂ ਧਿਰਾਂ ਨਾਲੋਂ ਵੱਡੀ ਹੋਵੇ, ਪਰ, ਉਹ ਦੂਜੀਆਂ ਧਿਰਾਂ ਨੂੰ ਧੌਂਸ ਦੇ ਕੇ ਆਪਣੀ
ਮਰਜ਼ੀ ਅਨੁਸਾਰ ਨਹੀਂ ਚਲਾ ਸਕਦੀ। ਇਸ ਏਕਤਾ ਵਿੱਚ ਵੱਡੇ-ਛੋਟੇ, ਵੱਧ ਤਾਕਤਵਰ-ਘੱਟ ਤਾਕਤਵਰ ਦੀ ਥੋਥੀ
ਦਲੀਲ ਨੂੰ ਕੋਈ ਮਾਨਤਾ ਨਹੀਂ ਦਿੱਤੀ ਜਾ ਸਕਦੀ। ਸਾਰੀਆਂ ਧਿਰਾਂ, ਹਰ ਪੱਖ ਤੋਂ, ਬਰਾਬਰ ਦੇ ਸਤਿਕਾਰ
ਤੇ ਅਧਿਕਾਰ ਦੀਆਂ ਹੱਕਦਾਰ ਹੁੰਦੀਆਂ ਹਨ, ਕੇਵਲ ਅਤੇ ਕੇਵਲ, ਤਰਕ-ਸੰਗਤਿ, ਮਾਨਵਵਾਦੀ ਫ਼ੈਸਲੇ ਹੀ
ਲਾਗੂ ਕਰਨਯੋਗ ਮੰਨੇ ਜਾਂਦੇ ਹਨ। ਹਰ ਇੱਕ ਧਿਰ ਨੂੰ ਆਪਣੇ ਧਰਮ ਅਤੇ ਸਭਿਆਚਾਰ ਨੂੰ ਪਰਫੁੱਲਤ ਕਰ ਕੇ
ਆਪਣੀ ਵਿਲੱਖਣ ਪਹਿਚਾਣ ਨੂੰ ਕਾਇਮ ਰੱਖਣ ਦਾ ਪੂਰਾ-ਪੂਰਾ ਹੱਕ ਹਾਸਿਲ ਹੁੰਦਾ ਹੈ।
ਏਕਤਾ ਵਿੱਚ ਅਨੇਕਤਾ
ਏਕਤਾ ਦੇ ਇਸ ਗ਼ੈਰ-ਕੁਦਰਤੀ ਅਸੂਲ ਅਧੀਨ, ਸਭ ਤੋਂ ਵੱਧ ਗਿਣਤੀ ਜਾਂ ਤਾਕਤ
ਵਾਲੀ ਧਿਰ ਦੇ ਅਧੀਨ ਹੀ ਦੂਜੀਆਂ ਧਿਰਾਂ ਦੁਬੇਲ (ਗ਼ੁਲਾਮ) ਹੋ ਕੇ ਚਲਦੀਆਂ ਹਨ; ਸਾਰੇ ਫ਼ੈਸਲੇ ਅਤੇ
ਸਮਾਜ-ਪ੍ਰਬੰਧ ਦੇ ਨਿਯਮ ਇਸ ਵੱਡੀ (ਜਾਂ ਸ਼ਾਤਰ) ਧਿਰ ਵੱਲੋਂ ਹੀ ਦੂਜੀਆਂ ਧਿਰਾਂ ਉੱਪਰ ਥੋਪੇ ਜਾਂਦੇ
ਹਨ। ਸੰਖੇਪ ਵਿੱਚ, ਇੱਕ ਸ਼ਾਤਰ ਤਾਕਤਵਰ ਧਿਰ ਹੁੰਦੀ ਹੈ ਮਾਲਿਕ, ਅਤੇ, ਦੂਜੀਆਂ ਸਾਰੀਆਂ ਧਿਰਾਂ ਉਸ
ਦੀਆਂ (ਅਣ-ਐਲਾਨੀਆਂ) ਗ਼ੁਲਾਮ। ਨਿਰਸੰਦੇਹ, ਇਹ ਬਨਾਵਟੀ ਏਕਤਾ ਦਾ ਅਸੂਲ ਕਾਦਿਰ ਦੀ ਕੁਦਰਤਿ ਦੇ
ਅਟੱਲ ਨਿਯਮਾਂ ਦੀ ਘੋਰ ਉਲੰਘਣਾ ਕਰਦਾ ਹੈ ਅਤੇ ਕਿਸੇ ਸੂਰਤ ਵਿੱਚ ਵੀ ਬਰਦਾਸ਼ਤ ਕਰਨਯੋਗ ਨਹੀਂ ਹੋ
ਸਕਦਾ। ਪਰ, ਇਸ ਨੂੰ ਮਨੁੱਖਤਾ ਦੀ ਬਦਕਿਸਮਤੀ (ਜਾਂ ਤੌਹੀਨ) ਹੀ ਕਿਹਾ ਜਾ ਸਕਦਾ ਹੈ ਕਿ ਇਹ
ਮਾਨਵ-ਵਿਰੋਧੀ ਅਸੂਲ, ਅੱਜ ਇੱਕੀਵੀਂ ਸਦੀ ਵਿੱਚ ਵੀ, ਲੋਕਰਾਜ ਦਾ ਉੱਚੀ ਸੁਰ ਵਿੱਚ ਦਾਅਵਾ ਕਰਨ
ਵਾਲੇ ਦੇਸ਼ਾਂ ਵਿੱਚ ਵੀ ਅਮਲੀ ਤੌਰ `ਤੇ ਲਾਗੂ ਕੀਤਾ ਜਾ ਰਿਹਾ ਹੈ ਅਤੇ ਫ਼ਿਰਕਾਪ੍ਰਸਤ ਮੀਡੀਆ ਦੀ
ਵਰਤੋਂ (ਦੁਰਵਰਤੋਂ) ਕਰ ਕੇ ਬਾਕੀ ਦੁਨੀਆਂ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ
ਹੈ; ਤੇ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਸਾਡਾ ਦੇਸ਼ ਅਸਲ ਵਿੱਚ ਸੈਕੂਲਰ ਲੋਕਰਾਜ ਦਾ ਇੱਕ
ਆਲ੍ਹਾ ਨਮੂੰਨਾ ਹੈ। ਸਦ ਅਫ਼ਸੋਸ!
ਅਸਲ ਵਿੱਚ, ਵਧੀਆ ਸੰਘੀ ਸਮਾਜ ਪ੍ਰਬੰਧ ਉਸੇ ਨੂੰ ਹੀ ਕਿਹਾ ਜਾ ਸਕਦਾ ਹੈ
ਜਿਸ ਵਿੱਚ ਇੱਕ ਨਿੱਕੇ ਜਿਹੇ ਪਿੰਡ ਦੀ ਪੰਚਾਇਤ ਤੋਂ ਲੈ ਕੇ ਉੱਪਰ ਤੱਕ, ਸਾਰੇ ਫੈਸਲੇ ਸੁਤੰਤਰ ਰੂਪ
ਵਿੱਚ ਅਤੇ ਸਮੁੱਚੀ ਮਾਨਵਤਾ ਦੇ ਭਲੇ ਨੂੰ ਮੁੱਖ ਰੱਖ ਕੇ ਹੀ ਲਏ ਅਤੇ ਅਮਲ ਵਿੱਚ ਲਿਆਂਦੇ ਜਾਂਦੇ
ਹਨ। ਇਸ ਸਿਧਾਂਤ ਬਾਰੇ ਗੁਰਮਤਿ ਫ਼ਲਸਫ਼ਾ ਇੰਜ ਸੇਧਾਂ ਬਖਸ਼ਿਸ਼ ਕਰਦਾ ਹੈ -
ਤੂੰ ਸਾਂਝਾ ਸਾਹਿਬੁ ਬਾਪੁ ਹਮਾਰਾ॥ ਨਉਂ ਨਿਧਿ ਤੇਰੈ ਅਖੁਟ ਭੰਡਾਰਾ॥ ਜਿਸੁ
ਤੂੰ ਦੇਹਿਂ ਸੁ ਤ੍ਰਿਪਤਿ ਆਘਾਵੈ, ਸੋਈ ਭਗਤੁ ਤੁਮਾਰਾ ਜੀਉ॥ 2॥ ਸਭੁ ਕੋ ਆਸੈ ਤੇਰੀ ਬੈਠਾ॥ ਘਟ ਘਟ
ਅੰਤਰਿ ਤੂਹੈ ਵੁਠਾ॥ ਸਭੇ ਸਾਂਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿਂ ਬਾਹਰਾ ਜੀਉ॥ 3॥
(ਮ: 5, 97)
ਭਾਵ: (ਹੇ ਪ੍ਰਭੂ!) ਤੂੰ ਹੀ ਸਾਰੀ ਕਾਇਆਨਾਤ ਦਾ ਸਾਂਝਾ ਪਿਤਾ ਹੈਂ,
ਤੇਰੇ ਕਦੇ ਨਾ ਖ਼ਤਮ ਹੋਣ ਵਾਲੇ ਖਜ਼ਾਨਿਆਂ ਵਿੱਚ ਸਾਰੇ ਹੀ ਪਦਾਰਥ ਭਰਪੂਰ ਹਨ, (ਪਰ, ਹੇ ਪ੍ਰਭੂ!)
ਜਿਸ ਮਨੁੱਖ ਨੂੰ ਤੂੰ ਬੰਦਗੀ ਦੀ ਦਾਤ ਬਖ਼ਸ਼ ਦੇਂਦਾ ਹੈਂ, ਉਸ ਦੀ ਦੁਨਿਆਵੀ ਪਦਾਰਥਾਂ ਦੀ
ਭੁੱਖ-ਤ੍ਰੇਹ (ਤ੍ਰਿਸ਼ਨਾ) ਮਿਟ ਜਾਂਦੀ ਹੈ, ਅਸਲ ਵਿੱਚ, ਉਹ ਹੀ ਤੇਰਾ ਭਗਤ ਕਿਹਾ ਜਾ ਸਕਦਾ ਹੈ। 2.
(ਹੇ ਪ੍ਰਭੂ!) ਤੂੰ ਸਭਨਾਂ ਜੀਵਾਂ ਦੇ ਹਿਰਦਿਆਂ ਵਿੱਚ (ਗੁਪਤ ਰੂਪ ਵਿੱਚ)
ਵਿਆਪਕ ਹੈਂ ਅਤੇ ਸਭ ਜੀਵ ਤੇਰੀਆਂ ਦਾਤਾਂ ਦੇ ਆਸਰੇ ਹੀ ਹੋਂਦ ਵਿੱਚ ਹਨ। (ਹੇ ਦਾਤਾਰ!) ਦੁਨੀਆਂ ਦੇ
ਸਾਰੇ ਜੀਅ-ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਅਖਵਾਂਦੇ ਹਨ, ਕੋਈ ਜੀਵ ਐਸਾ ਨਹੀਂ ਦਿਸਦਾ, ਜੋ
ਤੈਥੋਂ ਵੱਖਰਾ ਹੋਵੇ (ਜਿਸ ਵਿੱਚ ਤੂੰ ਨਾ ਹੋਵੇਂ)।
ਹੁਣਿ ਹੁਕਮੁ ਹੋਆ ਮਿਹਰਵਾਣ ਦਾ॥ ਪੈ ਕੋਇ ਨ ਕਿਸੈ ਰਞਾਣਦਾ॥ ਸਭ ਸੁਖਾਲੀ
ਵੁਠੀਆ, ਇਹੁ ਹੋਆ ਹਲੇਮੀ ਰਾਜੁ ਜੀਉ॥ (ਮ: 5, 74)
ਭਾਵ: ਬੱਸ, ਹੁਣ ਮਿਹਰਵਾਨ ਪ੍ਰਭੂ ਦਾ ਹੁਕਮ ਹੋ ਗਿਆ ਹੈ ਕਿ ਕੋਈ ਕਿਸੇ ਤੇ
ਪੈ ਕੇ (ਹਾਵੀ ਹੋ ਕੇ) ਉਸ ਨੂੰ ਦੁੱਖ ਨਹੀਂ ਦੇ ਸਕੇਗਾ। ਸਾਰੀ ਰਈਅਤ (ਲੋਕਾਈ) ਸੁਖ ਨਾਲ ਵਸੇਗੀ,
ਐਸਾ ਨਰਮੀ ਵਾਲਾ (ਹਲੇਮੀ) ਰਾਜ ਹੋ ਗਿਆ ਹੈ।
3. ਲੋਕਰਾਜੀ ਥੰਮ੍ਹ ਲੋਕਾਂ-ਪ੍ਰਤੀ ਜਵਾਬਦੇਹ
ਲੋਕਰਾਜ ਦੇ ਕਹੇ ਜਾਂਦੇ ਚਾਰੇ ਥੰਮ੍ਹ, ਸਬੰਧਤ ਦੇਸ਼ਾਂ/ਸੂਬਿਆਂ ਦੇ
ਲੋਕਾਂ-ਪ੍ਰਤੀ ਜਵਾਬ-ਦੇਹ ਹਨ, ਕਿਉਂਕਿ, ਲੋਕਰਾਜੀ ਸਮਾਜ ਪ੍ਰਬੰਧ ਅਧੀਨ ਇਹ ਲੋਕਾਂ ਦੀ ਸੇਵਾ ਲਈ ਹੀ
ਹੁੰਦੇ ਹਨ, ਲੋਕਾਂ ਦੀ ਪਿੱਠ `ਤੇ ਕਾਠੀ ਪਾ ਕੇ ਸਵਾਰੀ ਕਰਨ ਲਈ ਨਹੀਂ। ਇਹ ਥੰਮ੍ਹ ਲੋਕਾਂ ਦੀ ਸਹੀ
ਮਾਅਨਿਆਂ ਵਿੱਚ ਨਿਰਪੱਖਤਾ ਅਤੇ ਕੁਸ਼ਲਪੂਰਬਕਤਾ ਨਾਲ ਸੇਵਾ ਤਦ ਹੀ ਕਰ ਸਕਦੇ ਹਨ ਜੇਕਰ ਇਹ ਪਾਰਦਰਸ਼ਕ
ਢੰਗ ਨਾਲ ਕੰਮ ਕਰਨ, ਆਪੋ-ਆਪਣੇ ਕਾਰਜ ਖੇਤਰਾਂ ਵਿੱਚ ਕੰਮ ਕਰਨ ਦੀ ਇਨ੍ਹਾਂ ਨੂੰ ਸੁਤੰਤਰਤਾ ਹਾਸਿਲ
ਹੋਵੇ ਅਤੇ ਇਨ੍ਹਾਂ ਦੀ ਕਾਰਗੁਜਾਰੀ `ਤੇ ਕਰੜੀ ਨਿਗਰਾਣੀ ਰੱਖਣ ਲਈ ਨਿਰਪੱਖ ਅਤੇ ਯੋਗ ਸੰਵਿਧਾਨਕ
ਅਧਿਕਾਰਾਂ ਨਾਲ ਲੈਸ ਲੋਕਪਾਲ ਦੀ ਸੰਸਥਾ ਕਾਇਮ ਕੀਤੀ ਜਾਵੇ।
4. ਊਚ-ਨੀਚ ਦੀ ਭਾਵਨਾ ਤੇ ਵਿਤਕਰਿਆਂ ਤੋਂ ਮੁਕਤ ਸਮਾਜ ਪ੍ਰਬੰਧ
ਜਿਸ ਤਰ੍ਹਾਂ ਕਿ ਪਹਿਲਾਂ ਹੀ ਇਸ ਲਿਖਤ ਵਿੱਚ ਸਪੱਸ਼ਟ ਕੀਤਾ ਜਾ ਚੁੱਕਾ ਹੈ,
ਸਰਬਸਾਂਝੇ ਗੁਰਮਤਿ ਫ਼ਲਸਫ਼ੇ ਅੰਦਰ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ, ਰੰਗ, ਨਸਲ, ਲਿੰਗ-ਭੇਦ ਆਦਿ ਦੇ
ਆਧਾਰ `ਤੇ ਕਿਸੇ ਵੀ ਕਿਸਮ ਦੇ ਵਿਤਕਰੇ ਲਈ ਕੋਈ ਥਾਂ ਨਹੀਂ ਹੈ। ‘ਮਨੁਖੀ-ਬਰਾਬਰਤਾ’ ਦੇ ਸਿਧਾਂਤ
ਨੂੰ ਪਰਵਾਨਗੀ ਹੈ। ਅਜਿਹੇ ਫ਼ਲਸਫ਼ੇ `ਤੇ ਅਮਲ ਨੂੰ ਯਕੀਨੀ ਬਣਾ ਕੇ ਹੀ ਚੰਗੇ ਸਮਾਜ ਦੀ ਸਿਰਜਨਾ ਕੀਤੀ
ਜਾ ਸਕਦੀ ਹੈ, ਕੇਵਲ ਜ਼ੁਬਾਨੀ-ਕਲਾਮੀ ਵਾਅਦੇ ਅਤੇ ਦਾਅਵੇ ਕਰ ਕੇ ਨਹੀਂ।
ਬੇਗਮਪੁਰਾ ਸਹਰ ਕੋ ਨਾਉਂ॥ ਦੂਖੁ ਅੰਦੋਹੁ ਨਹੀਂ ਤਿਹਿ ਠਾਉ॥ ਨਾਂ ਤਸਵੀਸ
ਖਿਰਾਜੁ ਨ ਮਾਲੁ॥ ਖਉਫ ਨ ਖਤਾ ਨ ਤਰਸੁ ਜਵਾਲੁ॥ 1॥ ਅਬ ਮੋਹਿ ਖੂਬ ਵਤਨ ਗਹ ਪਾਈ॥ ਊਹਾਂ ਖੈਰਿ ਸਦਾ
ਮੇਰੇ ਭਾਈ॥ 1॥ ਰਹਾਉ॥ ਕਾਇਮੁ ਦਾਇਮ ਸਦਾ ਪਾਤਿਸਾਹੀ॥ ਦੋਮ ਨ ਸੇਮ, ਏਕ ਸੋ ਆਹੀ॥ ਆਬਾਦਾਨੁ ਸਦਾ
ਮਸਹੂਰ॥ ਊਹਾਂ ਗਨੀ ਬਸਹਿਂ ਮਾਮੂਰ॥ 2॥
(ਰਵਿਦਾਸ ਜੀਉ, 345)
ਪਦ-ਅਰਥ: ਬੇਗਮਪੁਰਾ-ਉਹ ਪੁਰੀ ਜਿਥੇ ਕੋਈ ਗਮ ਨਹੀਂ ਹੈ।
ਅੰਦੋਹੁ-ਚਿੰਤਾ। ਤਸਵੀਸ-ਘਬਰਾਹਟ। ਖਿਰਾਜੁ-ਕਰ, ਟੈਕਸ। ਖਤਾ-ਉਕਾਈ, ਦੋਸ਼। ਤਰਸੁ-ਡਰ। ਜਵਾਲੁ-ਘਾਟਾ।
ਭਾਵ: (ਹੇ ਮੇਰੇ ਵੀਰ!) ਹੁਣ ਮੈਂ ਵਸਣ ਲਈ ਸੋਹਣੀ ਥਾਂ ਲੱਭ ਲਈ ਹੈ,
ਉਥੇ ਸਦਾ ਸੁਖ (ਆਤਮਿਕ ਸੁਖ) ਹੀ ਸੁਖ ਹੈ। ਰਹਾਉ।
(ਜਿਸ ਆਤਮਿਕ ਸ਼ਹਿਰ ਵਿੱਚ ਮੈਂ ਵਸਦਾ ਹਾਂ) ਉਸ ਸ਼ਹਿਰ ਦਾ ਨਾਮ ਹੈ ਬੇਗਮਪੁਰਾ
(ਭਾਵ, ਉਸ ਅਵਸਥਾ ਵਿੱਚ ਕੋਈ ਗਮ ਨਹੀਂ ਪੋਹ ਸਕਦਾ); ਉਸ ਥਾਂ ਨਾ ਕੋਈ ਦੁੱਖ ਹੈ, ਨਾਂ ਚਿੰਤਾ ਅਤੇ
ਨਾਂ ਕੋਈ ਘਬਰਾਹਟ, ਉਥੇ ਦੁਨੀਆਂ ਵਾਲੀ ਕੋਈ ਜਾਇਦਾਦ ਨਹੀਂ (ਹਉਮੈ-ਹੰਕਾਰ ਤੋਂ ਮੁਕਤ ਅਵਸਥਾ) ਅਤੇ
ਨਾਂ ਹੀ, ਉਸ ਜਾਇਦਾ ਨੂੰ ਮਸੂਲ ਹੈ। ਉਸ ਅਵੱਸਥਾ ਵਿੱਚ ਕਿਸੇ ਪਾਪ-ਕਰਮ ਦਾ ਖ਼ਤਰਾ ਨਹੀਂ, ਕੋਈ ਡਰ
ਨਹੀਂ, ਕੋਈ ਗਿਰਾਵਟ ਨਹੀਂ। 1.
ਉਥੇ ਮਾਲਿਕ-ਪ੍ਰਭੂ ਦੀ ਸਦੀਵਕਾਲੀ ਪਾਤਿਸ਼ਾਹੀ ਹੈ। ਉਥੇ ਕਿਸੇ ਦਾ ਦੂਜਾ,
ਤੀਜਾ ਦਰਜਾ ਨਹੀਂ (ਸਭ ਬਰਾਬਰ ਹੀ-ਹਨ)। ਉਥੋਂ ਦੀ ਆਬਾਦੀ ਮਸ਼ਹੂਰ ਹੈ ਅਤੇ ਉਥੇ ਰੱਜੇ-ਪੁੱਜੇ
(ਸਬਰ-ਸੰਤੋਖ ਵਾਲੇ) ਲੋਕ ਵਸਦੇ ਹਨ। 2.
ਸੁਭਾਵਕ ਹੀ, ਸੁਆਲ ਪੈਦਾ ਹੋ ਸਕਦਾ ਹੈ ਕਿ ਕੀ ਧਰਤੀ ਦੇ ਕਿਸੇ ਹਿੱਸੇ `ਤੇ,
ਹੁਣ ਤੱਕ, ਕਦੇ ਅਸਲੀ ਲੋਕਰਾਜ ਸਥਾਪਤ ਵੀ ਹੋਇਆ ਹੈ ਜਾਂ ਇਹ ਸਿਰਫ਼ ਹਵਾਈ ਕਿਲ੍ਹੇ ਬਣਾਉਣ ਵਰਗੀਆਂ
ਦਿਮਾਗ਼ੀ ਕਸਰਤਾਂ ਹੀ ਹਨ? ਜੀ ਹਾਂ। ਉਪਰੋਕਤ ਗੁਣਾਂ ਵਾਲੇ ਰੱਬੀ-ਰਾਜ (ਅਸਲੀ ਲੋਕਰਾਜ) ਦਾ ਮਾਡਲ
ਸਥਾਪਤ ਕੀਤਾ ਜਾ ਚੁੱਕਾ ਹੈ। ਕਦੋਂ, ਕਿਵੇਂ ਅਤੇ ਕਿੱਥੇ, ਇਸ ਬਾਰੇ ਅੱਗੇ ਵੀਚਾਰ ਕੀਤਾ ਜਾ ਰਿਹਾ
ਹੈ।
ਗੁਰੂ ਨਾਨਕ ਸਾਹਿਬ ਦਾ ਮਿਸ਼ਨ-ਵਿਸ਼ਵ-ਵਿਆਪਕ ਸਦੀਵਕਾਲੀ ਰੱਬੀ-ਰਾਜ (ਅਸਲੀ
ਲੋਕਰਾਜ) ਦੀ ਸਥਾਪਨਾ
ਗੁਰੂ ਨਾਨਕ ਸਾਹਿਬ, ਉਸ ਵਕਤ ਦੇ ਪ੍ਰਚੱਲਤ ਮੱਤਾਂ (ਮਜ੍ਹਬਾਂ) ਦੀ ਤਰਜ਼
`ਤੇ, ਇੱਕ ਹੋਰ ‘ਮੱਤ’ ਚਲਾਉਂਣ ਲਈ ਨਹੀਂ ਆਏ ਸਨ। ਸ੍ਰਿਸ਼ਟੀ ਦੇ ਨਾਥ ਪ੍ਰਭੂ-ਪਿਤਾ ਨੇ, ਉਨ੍ਹਾਂ
ਨੂੰ ਧੁਰੋਂ ਹੀ ਵਰੋਸਾਅ ਕੇ, ਸਮੁੱਚੀ ਮਨੁੱਖਤਾ ਨੂੰ ਇੱਕੋ-ਇੱਕ ਰੱਬੀ-ਧਰਮ (ਇਨਸਾਨੀਅਤ) ਦਾ ਉਪਦੇਸ਼
ਦ੍ਰਿੜ ਕਰਵਾ ਕੇ, ਮਨੁੱਖਤਾ ਦੀ ਹਰ ਪੱਖ ਤੋਂ ਬਰਾਬਰਤਾ ਦੇ ਅਧਾਰ `ਤੇ ਸੰਸਾਰ ਵਿੱਚ ਸਦੀਵਕਾਲੀ
ਰੱਬੀ-ਰਾਜ (ਹਲੇਮੀ-ਰਾਜ) ਸਥਾਪਤ ਕਰਨ ਲਈ ਭੇਜਿਆ ਸੀ। ਇਸ ਹਕੀਕਤ ਬਾਰੇ, ਗੁਰੂ ਗ੍ਰੰਥ ਸਾਹਿਬ ਵਿੱਚ
ਅੰਕਿਤ ਨਿਰੰਕਾਰ-ਸਰੂਪ ਸਰਬ-ਸਾਂਝੀ ਗੁਰਬਾਣੀ ਵਿੱਚ, ਜ਼ਿਕਰ ਕੀਤਾ ਮਿਲਦਾ ਹੈ-
ਨਾਨਕਿ ਰਾਜੁ ਚਲਾਇਆ, ਸਚੁ ਕੋਟੁ ਸਤਾਣੀ ਨੀਵਦੈ॥
(ਰਾਮਕਲੀ ਕੀ ਵਾਰ, 966)
ਭਾਵ: ਗੁਰੂ ਨਾਨਕ ਸਾਹਿਬ ਨੇ ਸਦਾ-ਕਾਇਮ ਰਹਿਣ ਵਾਲੇ ਕਿਲ੍ਹੇ (ਰੱਬੀ
ਸਿਧਾਂਤਾਂ ਦਾ ਕਿਲ੍ਹਾ) ਦੀ ਪੱਕੀ ਤੇ ਮਜ਼ਬੂਤ ਨੀਂਹ ਰੱਖ ਕੇ (ਰੱਬੀ-ਧਰਮ ਦਾ) ਰਾਜ ਚਲਾਇਆ ਹੈ।
ਇਸ ਮਿਸ਼ਨ ਦੀ ਪ੍ਰਾਪਤੀ ਲਈ, ਗੁਰੂ ਨਾਨਕ ਸਾਹਿਬ ਨੇ, ਰੱਬੀ ਰਜ਼ਾ ਅਨੁਸਾਰ,
ਨੌਂ ਸਾਲ ਦੀ ਨਿੱਕੀ ਜਿਹੀ ਆਯੂ ਵਿੱਚ (ਸੰਨ 1478 ਵਿੱਚ), ਮਨੂੰਵਾਦੀਆਂ ਵੱਲੋਂ ਧਰਮ ਦੇ ਨਾਂ `ਤੇ
ਮਨੁੱਖੀ ਸਮਾਜ ਅੰਦਰ ਵੰਡੀਆਂ ਪਾ ਕੇ ਆਪਣੀ ਚੌਧਰ ਸਥਾਪਤ ਕਰਨ ਲਈ ਪ੍ਰਚੱਲਤ ਕੀਤੀ ਜਨੇਊ ਧਾਰਨ ਕਰਨ
ਦੀ ਅਹਿਮ (ਪਰ, ਗ਼ੈਰ-ਕੁਦਰਤੀ ਤੇ ਮਾਨਵ-ਵਿਰੋਧੀ) ਰਸਮ ਨੂੰ ਭਾਰੀ ਸਭਾ ਅੰਦਰ, ਅਕੱਟ ਦਲੀਲਾਂ ਦੇ
ਅਧਾਰ `ਤੇ, ਰੱਦ ਕਰ ਕੇ, ਇੱਕ ਲਾ-ਸਾਨੀ (ਗੁਰਮਤਿ) ਇਨਕਲਾਬ ਦੇ ਅਰੰਭ ਕਰਨ ਦਾ ਬਿਗੁਲ ਵਜਾ ਦਿੱਤਾ।
ਇਸ ਹਕੀਕਤ ਦੀ ਪ੍ਰੋੜਤਾ ਕਰਦੇ ਹੋਏ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ
ਗੁਰੂ ਅਰਜੁਨ ਸਾਹਿਬ ਦੀ ਸੰਪਾਦਨਾ ਅਨੁਸਾਰ ਲਿਖਤੀ ਰੂਪ ਦੇਣ ਵਾਲੇ, ਭਾਈ ਗੁਰਦਾਸ ਆਪਣੀ ਗੁਰਮਤਿ
ਸਿਧਾਂਤਾਂ ਦਾ ਖ਼ੁਲਾਸਾ ਕਰਨ ਵਾਲੀ ਰਚਨਾ ਦੀ ਪਹਿਲੀ ਵਾਰ ਦੀ ਪਉੜੀ ਨੰਬਰ 24 ਵਿੱਚ ਇੰਜ ਦਰਜ ਕਰਦੇ
ਹਨ -
1. ਪਹਿਲਾਂ ਬਾਬੇ ਪਾਯਾ ਬਖਸੁ ਦਰਿ, ਪਿਛੋ ਦੇ ਫਿਰਿ ਘਾਲ ਕਮਾਈ॥
… … … … …
… … … … …
4. ਬਾਬਾ ਪੈਧਾ ਸਚ-ਖੰਡਿ, ਨਉ ਨਿਧਿ ਨਾਮ ਗਰੀਬੀ ਪਾਈ।
5. ਬਾਬਾ ਦੇਖੇ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ।
6. ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ।
7. ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤਿ ਚਲਾਈ।
8. ਚੜਿਆ ਸੋਧਣਿ ਧਰਤਿ ਲੁਕਾਈ। (ਭਾਈ ਗੁਰਦਾਸ: ਵਾਰ 1, ਪਉੜੀ 24)
ਭਾਵ: 1. ਗੁਰੂ ਨਾਲਕ ਸਾਹਿਬ ਨੇ ਪਹਿਲਾਂ (ਅਕਾਲ ਪੁਰਖੁ ਦੀ) ਦਰਗਾਹੋਂ
ਬਖਸ਼ਿਸ਼ ਪਾਈ, ਪਿੱਛੋਂ ਫੇਰ ਘਾਲ ਘਾਲੀ (ਭਾਵ, ਪਰਮੇਸ਼ਰ ਨੇ ਪਹਿਲੇ ਨਿਵਾਜ ਕੇ ਥਾਪਿਆ ਤੇ ਆਪ ਨੇ ਫੇਰ
ਪ੍ਰੇਮਾ-ਭਗਤੀ ਕੀਤੀ)।
… … … … … … …. .
… … … … … … …. .
4. ਗੁਰੂ ਬਾਬਾ ਜੀ ਨੂੰ ਸੱਚ ਖੰਡ ਵਿੱਚ (ਪਤਿ ਦੀ) ਪੁਸ਼ਾਕ ਮਿਲੀ, ਨੌਂ ਹੀ
ਨਿਧੀਆਂ, ਨਾਮ ਤੇ ਗਰੀਬੀ (ਨਿਮਰਤਾ) ਦੀ ਬਖਸ਼ਿਸ਼ ਹੋਈ।
5. (ਹੁਣ ਆਪ) ਬਾਬੇ ਨੇ ਦਿੱਬ-ਦ੍ਰਿਸ਼ਟੀ ਨਾਲ ਦੇਖਿਆ ਤਾਂ ਸਾਰੀ ਪ੍ਰਿਥਵੀ
(ਵਿਕਾਰਾਂ ਦੀ ਅੱਗ ਵਿੱਚ) ਸੜਦੀ ਨਜ਼ਰ ਆਈ (ਭਾਵ, ਵਿਕਾਰਾਂ ਨਾਲ ਪੀੜਤ ਦੇਖੀ)
6. (ਸ਼ਬਦ-ਗੁਰੂ) ਦੇ ਗਿਆਨ ਦੀ ਸੋਝੀ ਤੋਂ ਬਿਨਾਂ, ਚਾਰ-ਚੁਫੇਰੇ ਅਗਿਆਨਤਾ
ਦਾ ਹਨ੍ਹੇਰਾ ਛਾਇਆ ਹੋਇਆ ਹੈ ਅਤੇ ਜ਼ੋਰ-ਜੁਲਮ, ਧੱਂਕੇਸ਼ਾਹੀ, ਬੇਇਨਸਾਫੀ ਦੇ ਕਾਰਨ ਲੁਕਾਈ ਵਿੱਚ
ਹਾ-ਹਾਕਾਰ ਮੱਚੀ ਹੋਈ ਹੈ।
7. ਬਾਬੇ ਨੇ ਧਾਰਮਿਕ ਲਿਬਾਸ ਧਾਰਨ ਕੀਤਾ ਅਤੇ (ਮਾਯਾ ਤੋਂ) ਨਿਰਲੇਪ
(ਉਦਾਸ) ਰਹਿਣ ਦੀ ਰੀਤੀ ਤੋਰੀ (ਭਾਵ, ਫ਼ਕੀਰੀ ਤਰੀਕਾ ਧਾਰਨ ਕੀਤਾ)।
8. (ਹੁਣਿ) ਧਰਤੀ ਦੇ ਲੋਕਾਂ ਨੂੰ ਸੋਧਣ ਲਈ (ਭਾਵ, ਸਹੀ ਜੀਵਨ-ਜਾਚ ਦੀ
ਸਿਖਲਾਈ ਦੇਣ ਲਈ) ਪ੍ਰਚਾਰ-ਫੇਰੀ `ਤੇ ਨਿਕਲ ਤੁਰੇ।
ਮਨੁੱਖਤਾ ਦਾ ਇੱਕੋ-ਇੱਕ ਧਰਮ (ਇਨਸਾਨੀਅਤ)
ਏਕੋ ਧਰਮੁ ਦ੍ਰਿੜੇ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ॥ ਅਨਹਦਿ
ਰਾਤਾ ਏਕ ਲਿਵਤਾਰ॥ ਓਹੁ ਗੁਰਮੁਖਿ ਪਾਵੈ ਅਲਖ ਅਪਾਰ॥
(ਮ: 1, 1188)
ਭਾਵ: ਜਿਹੜਾ ਮਨੁੱਖ ਆਪਦੇ ਹਿਰਦੇ ਵਿੱਚ ਇਹ ਪੱਕਾ ਭਰੋਸਾ ਧਾਰਦਾ ਹੈ
ਕਿ ਸਦਾ-ਥਿਰ ਪ੍ਰਭੂ ਦੇ ਹੁਕਮ ਅਨੁਸਾਰ ਚੱਲਣਾ (ਨਾਮ-ਧਰਮ, ਯਾਨੀ ਇਨਸਾਨੀਅਤ) ਹੀ ਇੱਕੋ-ਇੱਕ ਠੀਕ
ਧਰਮ ਹੈ, ਉਹੀ ‘ਸ਼ਬਦ-ਗੁਰੂ’ ਦੀ ਮੱਤਿ (ਉਪਦੇਸ਼) ਦਾ ਆਸਰਾ ਲੈ ਕੇ ਸਦਾ ਲਈ (ਵਿਕਾਰਾਂ ਦੇ ਟਾਕਰੇ
`ਤੇ) ਅਡੋਲ ਹੋ ਜਾਂਦਾ ਹੈ, ਉਹ ਮਨੁੱਖ ਇੱਕ-ਤਾਰ ਸੁਰਤਿ ਜੋੜ ਕੇ ਅਬਿਨਾਸ਼ੀ ਪ੍ਰਭੂ ਦੀ ਹਜੂਰੀ ਵਿੱਚ
ਟਿਕਿਆ ਹੋਇਆ ਮਸਤ ਰਹਿੰਦਾ ਹੈ; ਪਰਮਾਤਮਾ ਦੀ ਸ਼ਰਣ ਵਿੱਚ ਰਹਿ ਕੇ ਉਹ ਮਨੁੱਖ ਅਦ੍ਰਿਸ਼ਟ ਤੇ ਬੇ-ਅੰਤ
ਪ੍ਰਭੂ ਦਾ (ਅੰਤਰ-ਆਤਮੇ) ਦਰਸ਼ਨ ਕਰ ਲੈਂਦਾ ਹੈ।
ਇਨਕਲਾਬੀ ਪਲਾਨ
1478 ਵਿੱਚ ਅਰੰਭ ਕੀਤੇ ਗੁਰਮਤਿ ਇਨਕਲਾਬ ਦੇ ਮਨੋਰਥ ਨੂੰ ਪ੍ਰਾਪਤ ਕਰਨ ਲਈ
ਗੁਰੂ ਨਾਨਕ ਸਾਹਿਬ ਨੇ ਇੰਜ ਪਲਾਨ ਬਣਾ ਕੇ ਅਮਲ ਵਿੱਚ ਲਿਆਂਦਾ:-
(ੳ) ਸੰਸਾਰ ਦੇ ਵੱਡੇ ਹਿੱਸੇ ਵਿੱਚ ਪ੍ਰਚਾਰ ਕਰ ਕੇ, ਥਾਂ-ਪੁਰ-ਥਾਂ,
ਸਦੀਵਕਾਲੀ ਸਥਾਨਿਕ ਗੁਰਮਤਿ ਸੰਸਥਾ ‘ਸੰਗਤਿ’ (ਮੌਜੂਦਾ ਗੁਰਦਵਾਰਾ) ਕਾਇਮ ਕਰ ਕੇ, ਮਨੁੱਖਤਾ ਨੂੰ
ਕਾਦਿਰੁ ਦੀ ਕੁਦਰਤਿ ਦੇ ਅਟੱਲ ਨਿਯਮਾਂ ਅਨੁਸਾਰ ਜੀਵਨ ਜਿਊਣ ਦੀ ਸਹੀ ਜੀਵਨ-ਜਾਚ ਬਾਰੇ ਸਿਖਲਾਈ ਦੇ
ਕੇ, ਆਦਰਸ਼ਕ ਮਨੁੱਖੀ ਸਮਾਜ ਦੀ ਸਥਾਪਨਾ ਕਰਨੀ।
(ਅ) ਆਦਰਸ਼ਕ ਮਨੁੱਖੀ ਸਮਾਜ ਨੂੰ ਆਦਰਸ਼ਕ ਸਮਾਜ ਪ੍ਰਬੰਧ ਅਧੀਨ ਜਥੇਬੰਦ ਕਰਨਾ।
(ੲ) ਜਥੇਬੰਦ ਹੋ ਚੁੱਕੇ ਆਦਰਸ਼ਕ ਸਮਾਜ ਨੂੰ ਸ਼ਸਤਰਧਾਰੀ ਕਰ ਕੇ,
ਪੜਾਅ-ਦਰ-ਪੜਾਅ, ਰੱਬੀ-ਰਾਜ ਦੀ ਸਥਾਪਨਾ ਵੱਲ ਵਧਣਾ।
ਇਨਕਲਾਬੀ ਵਿਚਾਰਧਾਰਾ (ਫ਼ਲਸਫ਼ਾ)
ਗੁਰੂ ਗ੍ਰੰਥ ਸਾਹਿਬ ਵਿੰਚ ‘ੴ’ ਤੋਂ ਲੈ ਕੇ ‘ਤਨੁ ਮਨੁ ਥੀਵੈ ਹਰਿਆ’ ਤੱਕ
ਅੰਕਿਤ ਗੁਰੂ-ਬਾਣੀ ਦੇ ਸਿਧਾਂਤ ਇਸ ਲਾਸਾਨੀ ਇਨਕਲਾਬ ਦੀ ਵਿਚਾਰਧਾਰਾ ਦਾ ਧੁਰਾ ਬਣੇ।
ਅਗੁਵਾਈ
ਇਸ ਇਨਕਲਾਬੀ ਲਹਿਰ ਦੀ ਅਗੁਵਾਈ, 1478 ਤੋਂ 1708 ਤੱਕ, ਖ਼ੁਦ ਗੁਰੂ ਨਾਨਕ
ਸਾਹਿਬ ਅਤੇ ਉਨ੍ਹਾਂ ਦੇ ਨੌਂ ਉਤਰਾਧਿਕਾਰੀ ਗੁਰੂ ਜਾਮਿਆਂ ਨੇ ਕੀਤੀ। ਅਕਤੂਬਰ 1708 ਵਿੱਚ, ਦਸਮੇਸ਼
ਪਿਤਾ ਜੀ ਨੇ ਜੋਤੀ ਜੋਤਿ ਸਮਾਉਂਣ ਤੋਂ ਇੱਕ ਦਿਨ ਪਹਿਲਾਂ, ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਨੂੰ
ਗੁਰਗੱਦੀ `ਤੇ ਸਦੀਵਕਾਲ ਲਈ ਸ਼ੁਸ਼ੋਭਤ ਕਰ ਕੇ ਇਸ ਇਨਕਲਾਬ ਦੀ ਅਗੁਵਾਈ, ਗੁਰੂ ਗ੍ਰੰਥ ਸਾਹਿਬ ਦੀ
ਤਾਬਿਆ ਅਧੀਨ, ਸਮੁੱਚੀ ਸਿੱਖ ਕੌਮ ਨੂੰ ਸਾਂਝੇ ਰੂਪ ਵਿੱਚ ਸੌਂਪ ਦਿੱਤੀ।
ਹਲੇਮੀ ਰਾਜ (ਅਸਲੀ ਲੋਕਰਾਜ) ਦੀ ਸਥਾਪਨਾ ਲਈ ਜਦੋ-ਜਹਿਦ-’ ਗੁਰਮਤਿ
ਇਨਕਲਾਬ’
ਜਿਵੇਂ ਕਿ ਉਪਰ ਜ਼ਿਕਰ ਕੀਤਾ ਜਾ ਚੁੱਕਾ ਹੈ, ‘ਸਿੱਖ-ਮੱਤ’ ਦੁਨੀਆਂ ਦੇ
ਹੋਰਨਾਂ ਮੱਤਾਂ ਵਾਂਗ ਸਿਰਫ ਇੱਕ ‘ਮੱਤ’ (ਮਜ਼੍ਹਬ) ਹੀ ਨਹੀਂ ਹੈ। ਜਿੱਥੇ ਸਿੱਖ-ਮੱਤ ਮਨੁੱਖ ਨੂੰ
ਕਾਦਿਰੁ ਦੀ ਕੁਦਰਤਿ ਦੇ ਅਟੱਲ ਨਿਯਮਾਂ ਦੀ ਸੋਝੀ ਕਰਵਾ ਕੇ, ਇਨ੍ਹਾਂ ਨਿਯਮਾਂ ਦੇ ਅਨੁਕੂਲ ਅਮਲੀ
ਤੌਰ `ਤੇ ਜੀਵਨ ਜਿਉਂਣ ਦੀ ਜੁਗਤਿ ਦਰਸਾਉਂਦਾ ਹੈ, ਉੱਥੇ ਮਨੁੱਖਤਾ ਨੂੰ ਪ੍ਰਸਪਰ-ਪ੍ਰੇਮ ਦੀਆਂ
ਅਦੁੱਤੀ ਭਾਈਚਾਰਕ ਸਾਂਝਾਂ ਵਿੱਚ ਪਰੋ ਕੇ ਵਿਸ਼ਵ-ਪੱਧਰੀ ਰੱਬੀ-ਰਾਜ ਦੀ ਸਥਾਪਨਾ ਲਈ ਇੱਕ ਸਦੀਵਕਾਲੀ
ਲਹਿਰ ਦਾ ਨਿਰੋਆ ਹਿੱਸਾ ਬਣ ਕੇ ਤੁਰਨ ਦਾ ਉਪਦੇਸ਼ ਵੀ ਕਰਦਾ ਹੈ। ਇਥੇ ਇਨਕਲਾਬੀ ਲਹਿਰਾਂ ਦੇ ਅਸਲੇ
ਬਾਰੇ ਵੀ ਕੁੱਝ ਕੁ ਵਿਚਾਰ ਕਰ ਲੈਣੀ ਪ੍ਰਸੰਗਕ ਹੋਵੇਗੀ।
ਸਿਸਟਮ
ਜਿਵੇਂ ਕਿਸੇ ਮਸ਼ੀਨ ਦੇ ਵੱਖ-ਵੱਖ ਹਿੱਸੇ-ਪੁਰਜ਼ੇ ਹੁੰਦੇ ਹਨ, ਜਿਨ੍ਹਾਂ ਨੂੰ
ਵਿਉਂਤਬੰਦ ਢੰਗ ਨਾਲ ਜੋੜ ਕੇ ਚਲਾਉਂਣ ਨਾਲ ਮਸ਼ੀਨ (ਇੱਕ ਸਿਸਟਮ) ਮਿਥੇ ਮਕਸਦ ਲਈ ਸਹੀ ਢੰਗ ਨਾਲ ਕੰਮ
ਕਰਨਾ ਸ਼ੁਰੂ ਕਰ ਦਿੰਦੀ ਹੈ, ਇਸੇ ਤਰ੍ਹਾਂ ਹੀ, ਕਿਸੇ ਸਿਸਟਮ ਦੇ ਅਲੱਗ-ਅਲੱਗ ਹਿੱਸਿਆਂ ਨੂੰ ਮਿਥੀ
ਹੋਈ ਵਿਉਂਤ ਅਨੁਸਾਰ ਇੱਕ-ਜੁਟ ਕਰ ਕੇ, ਚਲਾਉਂਣ ਨਾਲ, ਉਹ ਸਿਸਟਮ ਸਹੀ ਤਰੀਕੇ ਨਾਲ ਕੰਮ ਕਰਨ ਲੱਗ
ਜਾਂਦਾ ਹੈ।
ਨਿਆਂਇਕ ਸਮਾਜਿਕ ਸਿਸਟਮ
ਇੱਕ ਪਰਿਵਾਰ, ਸਮਾਜਿਕ ਸਿਸਟਮ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਹੈ। ਪਰਿਵਾਰ
ਵਿੱਚ ਇੱਕ ਮਨੁੱਖ ਜਾਂ ਇੱਕ ਤੋਂ ਵੱਧ ਮਨੁੱਖ ਹੋ ਸਕਦੇ ਹਨ। ਪਰਿਵਾਰਾਂ ਦੇ ਸਮੂਹ ਮਿਲ ਕੇ ਕਬੀਲਿਆਂ
ਦਾ ਰੂਪ ਧਾਰਨ ਕਰ ਜਾਂਦੇ ਹਨ ਜਿਨ੍ਹਾਂ ਨੂੰ ਸਮਾਜਿਕ ਵਰਗ ਵੀ ਕਿਹਾ ਜਾ ਸਕਦਾ ਹੈ। ਬਹੁ-ਭਾਂਤੀ
ਸਮਾਜ ਵਿੱਚ, ਇੱਕ ਜਾਂ ਇੱਕ ਤੋਂ ਵੱਧ ਕੌਮਾਂ, ਧਾਰਮਿਕ ਘਟ ਗਿਣਤੀਆਂ, ਭਾਸ਼ਾਈ ਘਟ ਗਿਣਤੀਆਂ ਅਤੇ
ਹੋਰ ਸਭਿਆਚਾਰਕ ਇਕਾਈਆਂ ਹੋ ਸਕਦੀਆਂ ਹਨ। ਮੋਟੇ ਤੌਰ `ਤੇ, ਕਿਸੇ ਵੀ ਚੰਗੇ ਸਮਾਜਿਕ ਸਿਸਟਮ ਅੰਦਰ
ਉਸ ਸਮਾਜ ਦੇ ਧਾਰਮਿਕ ਆਰਥਿਕ, ਸਿਆਸੀ, ਸਮਾਜਿਕ ਅਤੇ ਸਭਿਆਚਾਰਕ ਪੱਖਾਂ ਅੰਦਰ ਲੋੜੀਂਦਾ ਸੰਤੁਲਣ
ਹੋਣਾ ਜਰੂਰੀ ਹੁੰਦਾ ਹੈ। ਇਸ ਸੰਤੁਲਣ ਦਾ ਅਧਾਰ ਬਣਨਾ ਚਾਹੀਦਾ ਹੈ ਮਨੁੱਖੀ ਬਰਾਬਰਤਾ ਦਾ ਸਿਧਾਂਤ।
ਅਨਿਆਂਇਕ ਸਮਾਜਿਕ ਸਿਸਟਮ
ਜਿਹੜਾ ਸਮਾਜ ‘ਮਨੁੱਖੀ ਬਰਾਬਰਤਾ’ ਦੇ ਕੁਦਰਤੀ ਸਿਧਾਂਤ ਨੂੰ ਨਜ਼ਰ-ਅੰਦਾਜ਼ ਕਰ
ਕੇ ਚਲਦਾ ਹੈ, ਉਸ ਨੂੰ ਅਨਿਆਂਇਕ ਸਮਾਜਿਕ ਸਿਸਟਮ ਕਿਹਾ ਜਾ ਸਕਦਾ ਹੈ।
“ਜੰਤਾ ਨੂੰ ਦਬਾਉਂਣ ਜਾਂ ਲੁੱਟਣ-ਪੁੱਟਣ ਵਾਲੇ ਅਨਿਆਂਇਕ ਸਿਸਟਮ ਵੀ
ਰਾਤੋ-ਰਾਤ ਹੋਂਦ ਵਿੱਚ ਨਹੀਂ ਆ ਜਾਂਦੇ। ਧਿੰਗਾ-ਜ਼ੋਰੀ ਅਤੇ ਖ਼ੁਦਗਰਜ਼ ਰੁਚੀਆਂ ਤੇ ਹਿੱਤਾਂ ਦੀ
ਸਦੀਆਂ-ਬੱਧੀ ਤੁਰੀ ਆਉਂਦੀ ਤੋਰ ਨੇ ਹੌਲੀ-ਹੌਲੀ ਅਜਿਹੇ ਪ੍ਰਪੱਕ ਸਿਸਟਮਾਂ ਦੀ ਸ਼ਕਲ ਫੜੀ। ਇਨ੍ਹਾਂ
ਨੇ ਮਨੁੱਖਤਾ ਨੂੰ ਉੱਚੀ-ਨੀਵੀਂ ਦਰਜਾ-ਬੱਦਰਜੀ ਦੀਆਂ ਪੁਖਤਾ ਤੈਹਾਂ
(Stratifications)
ਵਿੱਚ ਜਕੜ ਦਿੱਤਾ। … ਮੈਕਸ ਵੈਬਰ (Max Weber)
ਨੇ ਊਚ-ਨੀਚ ਦੀ ਕਾਣੀ-ਵੰਡ ਪਾਉਣ ਵਾਲੇ ਸਿਸਟਮਾਂ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਹੈ। ਇੱਕ
ਉਹ, ਜਿਨ੍ਹਾਂ ਦਾ ਆਧਾਰ ਆਰਥਕ ਜਮਾਤਾਂ ਹਨ, ਦੂਸਰੇ, ਜਿਨ੍ਹਾਂ ਦਾ ਆਧਾਰ ਭਾਈਚਾਰਕ
ਰੁਤਬੇ ਦੀ ਕਾਣੀ ਵੰਡ ਹੈ ਅਤੇ ਤੀਸਰੇ ਜੋ ਸਿਆਸੀ-ਸੱਤਾ ਦੀ ਕਾਣੀ ਵੰਡ ਕਰ ਕੇ ਉਭਰਦੇ ਅਤੇ
ਪਲਦੇ ਹਨ। ਅਕਸਰ, ਇਨ੍ਹਾਂ ਤਿੰਨਾਂ ਕਿਸਮਾਂ ਦੀਆਂ ਲੜੀਆਂ ਆਪਸ ਵਿੱਚ ਉਲਝ ਜਾਂਦੀਆਂ ਹਨ - ‘ਆਰਥਕ
ਸ਼ਕਤੀ’ ਆਪਣੇ ਵੱਲ ਭਾਈਚਾਰਕ ਅਤੇ ਸਿਆਸੀ ਵੱਕਾਰ (Prestige)
ਨੂੰ ਖਿੱਚਦੀ ਹੈ, ਆਰਥਕ ਅਤੇ ਭਾਈਚਾਰਕ ਵੱਕਾਰ ਸਿਆਸੀ ਸੱਤਾ ਵੱਲ ਖਿੱਚੇ ਜਾਂਦੇ ਹਨ। …. . ਜਮਾਤੀ
ਵੰਡ ਉੱਤੇ ਆਧਾਰਤ ਸਿਸਟਮ ਦੀਆਂ ਉੱਘੜਵੀਆਂ ਮਿਸਾਲਾਂ ਹਨ ‘ਜਾਗੀਰਦਾਰੀ’ ਤੇ ‘ਸਰਮਾਏਦਾਰੀ’ ਸਿਸਟਮ।
ਭਾਈਚਾਰਕ ਰੁਤਬੇ ਉੱਤੇ ਆਧਾਰਤ ਸਿਸਟਮ ਦੀ ਪ੍ਰਮੁੱਖ ਮਿਸਾਲ ਹੈ ਭਾਰਤ ਦਾ ਜਾਤਿ-ਪਾਤੀ ਸਮਾਜਕ
ਪ੍ਰਬੰਧ, ਜਿੱਥੇ ਆਰਥਕ ਅਤੇ ਸਿਆਸੀ ਸੱਤਾ ਨੂੰ ਬ੍ਰਾਹਮਣਾਂ ਦੇ ਧਾਰਮਿਕ ਤੇ ਭਾਈਚਾਰਕ ਮਿਲਗੋਭਾ
ਰੁਤਬੇ ਦੇ ਜੂਲੇ ਹੇਠ ਵਗਣਾ ਪਿਆ। ਸਿਆਸੀ ਸੱਤਾ ਨੇ ਰਾਜਾਸ਼ਾਹੀ ਅਤੇ ਲੋਕਰਾਜ (ਰੀਪਬਲੀਕਨ ਅਤੇ
ਡੈਮੋਕਰੇਸੀ ਆਦਿ) ਕਈ ਰੂਪ ਧਾਰੇ (ਜਗਜੀਤ ਸਿੰਘ: ਇਨਕਲਾਬੀ ਲਹਿਰਾਂ ਦੇ ਪ੍ਰਸੰਗ ਵਿੱਚ ਸਿੱਖ
ਲਹਿਰ, ਸਫ਼ੇ 10-14)।
ਸੁਧਾਰਿਕ ਲਹਿਰ
ਕਿਸੇ ਵੀ ਸੁਧਾਰਿਕ ਲਹਿਰ ਦਾ ਨਿਸ਼ਾਨਾ ਸਮਾਜ ਦੇ ਕਿਸੇ ਅਨਿਆਂਇਕ ਸਿਸਟਮ
ਵਿੱਚ ਲੋੜੀਂਦੀ ਮੁਰੰਮਤ ਕਰ ਕੇ ਉਸ ਨੂੰ ‘ਬਰਦਾਸ਼ਤ ਕਰਨਯੋਗ’ ਬਣਾਉਂਣਾ ਹੁੰਦਾ ਹੈ। ਉਸ ਨੂੰ ਜੜ੍ਹੋਂ
ਉਖਾੜ ਕੇ ਉਸ ਦੀ ਜਗ੍ਹਾ ਕੋਈ ਬਦਲਵਾਂ ਸਿਸਟਮ ਪ੍ਰਚੱਲਤ ਕਰਨਾ ਨਹੀਂ ਹੁੰਦਾ।
ਬਗ਼ਾਵਤ
ਬਗ਼ਾਵਤ ਵੀ ਸਮਾਜ ਦੇ ਕਿਸੇ ਅਨਿਆਂਇਕ ਸਿਸਟਮ ਨੂੰ ਜੜ੍ਹੋਂ ਉਖਾੜਨ ਦੇ ਟੀਚੇ
ਨੂੰ ਹਾਸਿਲ ਕਰਨ ਲਈ ਨਹੀਂ ਹੁੰਦੀ। ਇਹ ਵੀ ਸਮਾਜ ਦੇ ਕਿਸੇ ਅਨਿਆਂਇਕ ਸਿਸਟਮ ਦੇ ਖਿਲਾਫ਼ ਇੱਕ
ਅੱਭੜਵਾਹੇ ਉੱਠੇ ਉਬਾਲ ਦੀ ਤਰ੍ਹਾਂ ਕੋਈ ਸੀਮਤ ਜਿਹੀ ਪ੍ਰਾਪਤੀ ਕਰ ਕੇ ਹੀ ਸ਼ਾਂਤ ਹੋ ਜਾਇਆ ਕਰਦੀ
ਹੈ।
ਇਨਕਲਾਬੀ ਲਹਿਰ
ਇਨਕਲਾਬੀ ਲਹਿਰਾਂ, ਸੁਧਾਰਿਕ ਲਹਿਰਾਂ ਜਾਂ ਬਗ਼ਾਵਤਾਂ ਨਾਲੋਂ, ਆਪਣੇ ਅਸਲੇ
ਵਿੱਚ, ਬਿਲਕੁਲ ਹੀ ਅਲੱਗ ਕਿਸਮ ਦੀਆਂ ਹੁੰਦੀਆਂ ਹਨ। “ਕਿਸੇ ਵੀ ਇਨਕਲਾਬੀ ਲਹਿਰ ਨੂੰ ਪਰਖਣ ਦੀ
ਸਭ ਤੋਂ ਵੱਡੀ ਕਸਵੱਟੀ ਇਹ ਹੈ ਕਿ ਉਹ ਪੁਰਾਣੇ ਚਲੇ ਆ ਰਹੇ ਅਨਿਆਂਇਕ ਸਿਸਟਮਾਂ `ਚੋਂ ਕਿਸੇ ਇੱਕ
ਵਿੱਚ ਬੁਨਿਆਦੀ ਤਬਦੀਲੀ ਲਿਆਉਂਦੀ ਹੈ ਕਿ ਨਹੀਂ? ਇਨਕਲਾਬ ਪ੍ਰਚੱਲਤ ਸਿਸਟਮ ਵਿੱਚ, ਕਿਸ਼ਤਾਂ ਜਾਂ
ਟੋਟਕਿਆਂ ਵਿੱਚ, ਤਬਦੀਲੀ ਨਹੀਂ ਲਿਆਉਂਦਾ, ਇਸ ਦਾ ਟੀਚਾ ਪ੍ਰਚੱਲਤ ਸਿਸਟਮ ਵਿੱਚ ਸਮੁੱਚੀ ਤਬਦੀਲੀ
ਲਿਆਉਣਾ ਹੁੰਦਾ ਹੈ, ਨਾ ਕਿ ਇਸ ਦੇ ਕਿਸੇ ਇੱਕ-ਅੱਧ ਹਿੱਸੇ ਵਿੱਚ। ਇਨਕਲਾਬੀ ਲਹਿਰਾਂ ਦਾ ਟੀਚਾ
ਪ੍ਰਚੱਲਤ ਅਨਿਆਂਇਕ ਸਿਸਟਮਾਂ ਨੂੰ ਤੋੜਨਾ ਹੁੰਦਾ ਹੈ, ਸੁਧਾਰ ਕਰਨਾ ਨਹੀਂ” (ਜਗਜੀਤ ਸਿੰਘ:
ਉਪਰੋਕਤ ਸਫ਼ਾ 14)।
ਇਨਕਲਾਬੀ ਲਹਿਰ ਦੇ ਬੁਨਿਆਦੀ ਅੰਗ
ਕਿਸੇ ਮਨੁੱਖੀ ਸਮਾਜ ਵਿੱਚ ਅਨਿਆਂਇਕ ਸਿਸਟਮਾਂ ਦੀ ਸਦੀਆਂ ਪੁਰਾਣੀ ਹੋਂਦ
ਹੋਣ ਦੇ ਬਾ-ਵਜੂਦ, ਇਨਕਲਾਬ ਆਪਣੇ ਆਪ ਨਹੀਂ ਵਾਪਰਦੇ, ਇਹ ਲਿਆਉਂਣੇ ਪੈਂਦੇ ਹਨ। ਇਨਕਲਾਬ ਲਿਆਉਣ
ਲਈ, ਇਨਕਲਾਬ ਦੇ ਕੁੱਝ ਕੁ ਬੁਨਿਆਦੀ ਅੰਗ ਅੱਗੇ ਦਰਜ ਕੀਤੇ ਜਾ ਰਹੇ ਹਨ।
1. ਇਨਕਲਾਬੀ ਟੀਚੇ
ਇਨਕਲਾਬੀ ਲਹਿਰਾਂ, ਅਨਿਆਂਇਕ ਸਿਸਮਟਮਾਂ (ਪ੍ਰਣਨਾਲੀਆਂ) ਨੂੰ ਜੜ੍ਹੋਂ
ਪੁੱਟਣ ਦੇ ਨਿਸ਼ਾਨੇ ਅਪਣਾਉਂਦੀਆਂ ਹਨ, ਨਾ ਕਿ ਇਨ੍ਹਾਂ ਵਿੱਚ ਕੁੱਝ ਕੁ ਸੁਧਾਰ ਜਾਂ ਮੁਰੰਮਤ ਕਰ ਕੇ,
ਇਨ੍ਹਾਂ ਦੀ ਦਿੱਖ ਨੂੰ ਬਦਲੀ ਕਰ ਕੇ ਚਾਲੂ ਰੱਖਣ ਦੇ।
2. ਇਨਕਲਾਬੀ ਆਦਰਸ਼
ਇਨਕਲਾਬੀ ਵਿਚਾਰਧਾਰਾ (ਫ਼ਲਸਫ਼ਾ) ਕਿਸੇ ਵੀ ਇਨਕਲਾਬ ਦੀ ਜਿੰਦ-ਜਾਨ ਹੁੰਦੀ
ਹੈ, ਪਰ, ਇਹ ਇਨਕਲਾਬ ਦੇ ਇੰਜਨ ਨੂੰ ਖਿੱਚਣ ਵਾਲੀ ਸ਼ਕਤੀ ਤਾਂ ਹੀ ਬਣਦੀ ਹੈ ਜੇ ਇਹ ਮਨੁੱਖੀ ਮਨਾਂ
ਨੂੰ ਜਜ਼ਬਾਤੀ ਅਤੇ ਇਖ਼ਲਾਕੀ ਹੁਲਾਰਾ ਦੇ ਸਕੇ। ਇਨਕਲਾਬੀ ਲਹਿਰਾਂ ਤਾਂ ਹੀ ਆਪਣੀ ਮੰਜਲ ਵੱਲ ਵਧ
ਸਕਦੀਆਂ ਹਨ ਜੇਕਰ ਇਨਕਲਾਬੀ ਆਦਰਸ਼ (ਵਿਚਾਰਧਾਰਾ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਜਜ਼ਬਾਤੀ ਸੁਮੇਲ)
ਇਨਕਲਾਬ ਦੇ ਟੀਚਿਆਂ ਦੀ ਦ੍ਰਿੜਤਾ ਨਾਲ ਸੇਧ ਬੰਨ੍ਹ ਕੇ ਚੱਲੇ।
3. ਪਲਾਨ
ਇਨਕਲਾਬੀ ਨਿਸ਼ਾਨਿਆਂ ਨੂੰ ਹਾਸਿਲ ਕਰਨ ਲਈ, ਇਨਕਲਾਬੀ ਫ਼ਲਸਫ਼ੇ `ਤੇ ਆਧਾਰਤ
ਨੇੜ-ਭਵਿੱਖ
(Short Term)
ਅਤੇ ਦੂਰ-ਭਵਿੱਖ (Long Term)
ਦੇ ਬਹੁਤ ਹੀ ਸੂਝ-ਬੂਝ ਨਾਲ, ਵਿਸਥਾਰਪੂਰਬਕ ਪਲਾਨ ਬਣਾ ਕੇ, ਯੋਗ ਢੰਗ ਨਾਲ ਅਮਲ ਵਿੱਚ ਲਿਆਉਂਣੇ
ਅਤਿ ਜਰੂਰੀ ਹੁੰਦੇ ਹਨ। ਅਚਾਨਕ ਅਤੇ ਆਰਜੀ ਪਲਾਨ ਬਣਾ ਕੇ ਇਨਕਲਾਬ ਨਹੀਂ ਲਿਆਂਦੇ ਜਾ ਸਕਦੇ।
4. ਅਗੁਵਾਈ
(Leadership)
ਸਫ਼ਲ ਇਨਕਲਾਬਾਂ ਦੇ ਲੀਡਰਾਂ ਦੇ ਕਿਰਦਾਰ ਦੀ ਸਮੁੱਚੀ ਘਾੜਤ ਇਨਕਲਾਬਾਂ ਦੇ
ਆਦਰਸ਼ਾਂ ਨੇ ਹੀ ਘੜੀ ਹੁੰਦੀ ਹੈ ਅਤੇ ਉਹ ਇਨਕਲਾਬੀ ਆਦਰਸ਼ ਨੂੰ ਮੁਕੰਮਲ ਤੌਰ `ਤੇ ਸਮਰਪਿਤ ਹੁੰਦੇ
ਹਨ।
5. ਸਿਆਸੀ ਅਤੇ ਹਥਿਆਰਬੰਦ
ਪ੍ਰਚੱਲਤ ਅਨਿਆਂਇਕ ਸਿਸਟਮ, ਸਿਆਸੀ ਸੱਤਾ ਅਤੇ ਫ਼ੌਜੀ ਤਾਕਤ ਤੋਂ ਬਿਨਾਂ
ਕਾਇਮ ਨਹੀਂ ਰੱਖੇ ਜਾ ਸਕਦੇ। ਇਸ ਲਈ, ਇਨ੍ਹਾਂ ਸਿਸਟਮਾਂ ਨੂੰ ਜੜ੍ਹੋਂ ਉਖੇੜਨ ਦੀ ਜੱਦੋ-ਜਹਿਦ ਲਈ
ਇਨਕਲਾਬਾਂ ਦਾ ਸਿਆਸੀ ਅਤੇ ਹਥਿਆਰਬੰਦ ਹੋਣਾ ਲਾਜ਼ਮੀ ਹੁੰਦਾ ਹੈ।
6. ਅਨੁਕੂਲ ਸਮਾਜਕ ਵਾਤਾਵਰਣ
ਜਿਸ ਤਰ੍ਹਾਂ ਕੁ-ਰੁੱਤੇ ਅਤੇ ਪ੍ਰਤੀਕੂਲ ਮਾਹੌਲ ਵਿੱਚ ਬੀਜਿਆ ਸਿਹਤਮੰਦ
(ਨਰੋਆ) ਬੀਜ ਵੀ ਜਾਂ ਤਾਂ ਪੁੰਗਰਦਾ ਹੀ ਨਹੀਂ, ਅਤੇ ਜੇਕਰ ਪੁੰਗਰ ਵੀ ਆਵੇ ਤਾਂ ਉਹ ਸਿਹਤ-ਮੰਦ
ਪੌਦੇ ਦਾ ਰੂਪ ਧਾਰ ਕੇ ਨਿਰੋਏ ਫ਼ਲ ਨਹੀਂ ਦੇ ਸਕਦਾ। ਇਸੇ ਤਰ੍ਹਾਂ ਹੀ, ਇਨਕਲਾਬ ਦੀ ਸਫ਼ਲਤਾ ਲਈ,
ਅਨੁਕੂਲ ਸਮਾਜਿਕ ਮਾਹੌਲ ਦਾ ਹੋਣਾ ਬਹੁਤ ਅਹਿਮੀਅਤ ਰਖਦਾ ਹੈ। ਜੇਕਰ ਕਿਸੇ ਕਾਰਨ ਕਰ ਕੇ ਇਨਕਲਾਬ ਦੇ
ਅਮਲ ਨੂੰ ਇਨਕਲਾਬੀ ਨਿਸ਼ਾਨਿਆਂ ਵੱਲ ਸਫ਼ਲਤਾ ਨਾਲ ਵਧਾਉਂਣ ਲਈ ਅਨੁਕੂਲ (ਢੁਕਵਾਂ) ਸਮਾਜਿਕ ਮਾਹੌਲ
ਉਪਲੱਬਧ ਨਾ ਹੋਵੇ ਤਾਂ ਅਨੁਕੂਲ ਮਾਹੌਲ ਪੈਦਾ ਕਰਨ ਲਈ ਯੋਗ ਕਾਰਵਾਈ ਕਰ ਕੇ ਹੀ ਅੱਗੇ ਵਧਿਆ ਜਾ
ਸਕਦਾ ਹੈ।
ਸਮੁੱਚੇ ਸੰਸਾਰ ਦੇ ਹੁਣ ਤੱਕ ਦੇ ਇਨਕਲਾਬਾਂ ਦਾ ਨਿਰਪੱਖ ਹੋ ਕੇ ਅਧਿਐਨ
ਕੀਤਿਆਂ ਇਹ ਹਕੀਕਤ ਸਪੱਸ਼ਟ ਹੋ ਜਾਂਦੀ ਹੈ ਕਿ ਗੁਰਮਤਿ ਇਨਕਲਾਬ ਹੀ ਇੱਕੋ-ਇੱਕ ਇਨਕਲਾਬ ਹੈ ਜਿਸ ਨੇ
ਅਕਤੂਬਰ 1708 ਵਿੱਚ ਗੁਰੂ ਗੋਬਿੰਦ ਸਿੰਘ ਵੱਲੋਂ ਨਿਯੁਕਤ ਕੀਤੇ ਸਿੱਖ ਕੌਮ ਦੇ ਜਰਨੈਲ ਬੰਦਾ ਸਿੰਘ
ਬਹਾਦਰ ਦੀ ਅਗੁਵਾਈ ਹੇਠ, ਲਾਸਾਨੀ ਵਿਰੋਧਤਾ ਦੇ ਬਾ-ਵਜੂਦ, ਵਾਹਿਦ ਪ੍ਰਭੁ ਦੀ ਹਕੂਮਤ ਅਧੀਨ, ਮਈ
1710 ਵਿੱਚ, ਤੱਤਕਾਲੀਨ ਭਾਰਤ ਉੱਪ-ਮਹਾਂਦੀਪ ਦੇ ਕਰਨਾਲ ਅਤੇ ਲਾਹੌਰ ਦੇ ਵਿਚਕਾਰਲੇ ਛੇ ਸੂਬਿਆਂ
ਅੰਦਰ ਰੱਬੀ-ਰਾਜ ਦਾ ਮਾਡਲ (ਇੱਕ ਆਦਰਸ਼ਕ ਸਮਾਜ ਪ੍ਰਬੰਧ ਦਾ ਨਮੂਨਾ) ਸਥਾਪਤ ਕਰ ਕੇ ਇਸ ਦਾ
ਨਾਨਕਸ਼ਾਹੀ ਸਿੱਕਾ ਅਤੇ ਮੁਹਰ ਜਾਰੀ ਕਰ ਦਿੱਤੇ। ਇਸ ਸਿੱਕੇ ਦੇ ਇੱਕ ਪਾਸੇ ਇਹ ਲਿਖਿਆ ਸੀ:
ਸਿੱਕਾ ਜ਼ਦ ਬਰ ਹਰਦੋ ਆਲਿਮ, ਤੇਗ਼ਿ ਨਾਨਕ ਵਾਹਿਬ ਅਸਤ ਫ਼ਤਹਿ ਗੋਬਿੰਦ ਸਿੰਘ
ਸ਼ਾਹਿ-ਸ਼ਾਹਾਂ, ਫ਼ਜ਼ਲਿ ਸੱਚਾ ਸਾਹਿਬ ਅਸਤ
ਭਾਵ: ਦੋ ਜਹਾਨਾਂ ਦੇ ਸੱਚੇ ਪਾਤਿਸ਼ਾਹ ਦੀ ਮਿਹਰ ਨਾਲ ਇਹ ਸਿੱਕਾ ਜਾਰੀ
ਕੀਤਾ ਗਿਆ। ਗੁਰੂ ਨਾਨਕ ਦੀ ਤੇਗ਼ ਹਰੇਕ ਦਾਤ ਬਖਸ਼ਦੀ ਹੈ, ਅਕਾਲ ਪੁਰਖੁ ਦੇ ਫ਼ਜ਼ਲ ਨਾਲ ਸ਼ਹਿਨਸ਼ਾਹਾਂ ਦੇ
ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਦੀ ਫ਼ਤਹਿ ਹੋਈ ਹੈ।
ਸਿੱਕੇ ਦੇ ਦੂਜੇ ਪਾਸੇ ਲਿਖਿਆ ਸੀ:
ਜਰਬ ਬ ਅਮਾਨੁਲ ਦਹਰ ਮਸੱਵਰਤ ਸ਼ਹਿਰ॥ ਜੀਨਤੁੱਲ ਬਖ਼ਤ ਮੁਬਾਰਕ ਬਖ਼ਤ॥
ਭਾਵ: ਦੁਨੀਆਂ ਦੇ ਸਕੂਨ-ਭਰੇ ਥਾਂ, ਜੰਨਤ ਵਰਗੇ ਸ਼ਹਿਰ, ਭਾਗਾਂ ਵਾਲੇ
ਤਖ਼ਤ ਦੀ ਰਾਜਧਾਨੀ ਵਿੱਚ, ਜਾਰੀ ਹੋਇਆ।
ਇੰਜ ਹੀ, ਇਸ ਹਲੇਮੀ-ਰਾਜ ਪ੍ਰਬੰਧ ਦੀ ਮੁਹਰ `ਤੇ ਇੰਜ ਲਿਖਿਆ ਸੀ:
ਅਜ਼ਮਤਿ ਨਾਨਕ ਗੁਰੂ ਹਮ ਜ਼ਾਹਿਰੋ ਹਮ ਬਾਤਨ ਅਸਤ॥ ਪਾਦਸ਼ਾਹ ਦੀਨੋ-ਦੁਨੀਆਂ ਆਪ ਸੱਚਾ ਸਾਹਿਬ ਅਸਤ॥
ਭਾਵ: ਅੰਦਰ-ਬਾਹਰ, ਸਾਰੇ ਪਾਸੇ, ਗੁਰੂ ਨਾਨਕ ਦੀ ਹੀ ਵਡਿਆਈ ਹੈ। ਉਹ
ਸੱਚਾ ਰੱਬ ਦੀਨ-ਦੁਨੀਆਂ ਦੋਹਾਂ ਦਾ ਵਾਲੀ ਹੈ।
ਦੁਨੀਆਂ ਦੇ ਇਨਕਲਾਬੀ ਇਤਿਹਾਸ ਵਿੱਚ ਇਹ ਗੁਰਮਤਿ ਇਨਕਲਾਬ ਹੀ ਇੱਕੋ-ਇੱਕ
ਇਨਕਲਾਬ ਹੈ ਜਿਸ ਨੇ ਤੱਤਕਾਲੀਨ ਸਮਾਜ ਪ੍ਰਬੰਧ ਦੇ ਸਾਰੇ ਦੇ ਸਾਰੇ ਪ੍ਰਚੱਲਤ ਅਨਿਆਂਇਕ ਸਿਸਟਮਾਂ
(ਸਿਆਸੀ-ਸੱਤਾਂ ਦੀ ਕਾਣੀ ਵੰਡ, ਆਰਥਕ ਸਾਧਨਾਂ ਦੀ ਕਾਣੀ ਵੰਡ ਅਤੇ ਸਮਾਜਿਕ ਰੁਤਬਿਆਂ ਦੀ ਕਾਣੀ ਵੰਡ
ਵਾਲੇ ਸਮਾਜ ਪ੍ਰਬੰਧ) ਨੂੰ ਇੱਕੋ ਝਟਕੇ ਵਿੱਚ ਹੀ ਜੜ੍ਹਾਂ ਤੋਂ ਉਖੇੜ ਕੇ ਇਨ੍ਹਾਂ ਦੀ ਥਾਂ ਬਦਲਵੇਂ
ਨਿਆਂਇਕ ਮਾਨਵਵਾਦੀ ਸਮਾਜ ਪ੍ਰਬੰਧ ਨੂੰ ਹੋਂਦ ਵਿੱਚ ਲਿਆਂਦਾ। ਇਹ ਇਨਕਲਾਬ, ਹੇਠ ਲਿਖੇ ਕਾਰਨਾਂ ਕਰ
ਕੇ, ਮਨੁੱਖਤਾ ਦੇ ਇਤਿਹਾਸ ਦਾ ਇੱਕ ਲਾਸਾਨੀ ਇਨਕਲਾਬ ਹੈ -
1. ਲਾਸਾਨੀ ਇਨਕਲਾਬੀ ਟੀਚਾ
ਸਮੁੱਚੇ ਸੰਸਾਰ ਵਿੱਚ, ਮਨੁੱਖਤਾ ਦੀ ਹਰ ਪੱਖ ਤੋਂ ਬਰਾਬਰਤਾ ਦੇ ਆਧਾਰ `ਤੇ,
ਵਾਹਿਦ ਪ੍ਰਭੂ ਦੀ ਹਕੂਮਤ ਅਧੀਨ, ਆਦਰਸ਼ਕ (
Ideal)
ਸਮਾਜ ਪ੍ਰਬੰਧ ਦੀ ਸਥਾਪਨਾ ਕਰਨੀ।
2. ਲਾਸਾਨੀ ਇਨਕਲਾਬੀ ਆਦਰਸ਼
ਕਾਦਿਰੁ ਦੀ ਕੁਦਰਤਿ ਦੇ ਅਟੱਲ ਨਿਯਮਾਂ ਦੀ ਪਾਲਣਾ ਕਰਨ ਵਾਲੇ ਗੁਰਮਤਿ
ਫ਼ਲਸਫ਼ੇ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਕੁਦਰਤੀ ਤੇ ਜਜ਼ਬਾਤੀ ਸੁਮੇਲ ਵਾਲਾ ਆਦਰਸ਼।
3. ਲਾਸਾਨੀ ਗ਼ਰੀਬ-ਜਨਤਕ ਆਧਾਰ
ਇਸ ਇਨਕਲਾਬੀ ਲਹਿਰ ਵਿੱਚ ਮਨੁੱਖੀ ਸਮਾਜ ਦੇ ਸਦੀਆਂ ਤੋਂ ਦੁਰਕਾਰੇ ਹੋਏ
ਗ਼ਰੀਬ ਵਰਗਾਂ ਨੂੰ, ਮੂਹਰਲੀਆਂ ਇਨਕਲਾਬੀ ਸਫ਼ਾਂ ਅੰਦਰ, ਪਹਿਲ ਦੇ ਆਧਾਰ `ਤੇ, ਯੋਗਤਾ ਅਨੁਸਾਰ,
ਅਗੁਵਾਈ ਕਰਨ ਦੇ ਅਧਿਕਾਰ ਪ੍ਰਾਪਤ ਹਨ।
4. ਲਾਸਾਨੀ ਵਿਰੋਧ ਅਤੇ ਪ੍ਰਤੀਕੂਲ ਸਮਾਜਿਕ ਮਾਹੌਲ
ਇਹੋ ਹੀ ਸੰਸਾਰ ਦਾ ਇੱਕੋ-ਇੱਕ ਇਨਕਲਾਬ ਹੈ ਜਿਸ ਨੇ ਇੱਕੋ ਸਮੇਂ `ਤੇ ਉਸ
ਵਕਤ ਏਸ਼ੀਆ ਦੀ ਸਭ ਤੋਂ ਸ਼ਕਤੀਸ਼ਾਲੀ ਜ਼ਾਲਮ ਮੁਗ਼ਲੀਆ ਹਕੂਮਤ ਦੀ ਭਰਵੀਂ ਹਥਿਆਰਬੰਦ ਵਿਰੋਧਤਾ ਅਤੇ ਉਸ
ਵਕਤ ਦੇ ਏਸ਼ੀਆ ਦੇ ਸਭ ਤੋਂ ਵੱਧ ਦਹਿਸ਼ਤਗਰਦ ਹਮਲਾਵਰ ਨਾਦਰਸ਼ਾਹ ਤੇ ਅਹਿਮਦਸ਼ਾਹ ਅਬਦਾਲੀ ਦੇ ਫ਼ੌਜੀ
ਹਮਲਿਆਂ ਦਾ ਹਥਿਆਰਬੰਦ ਟਾਕਰਾ ਕਰ ਕੇ ਸਫ਼ਲਤਾ ਹਾਸਿਲ ਕੀਤੀ। ਇਥੇ ਹੀ ਬੱਸ ਨਹੀਂ, ਇਸ ਇਨਕਲਾਬੀ
ਲਹਿਰ ਨੇ ਸੰਸਾਰ ਦੇ ਹੁਣ ਤੱਕ ਦੇ ਸਭ ਤੋਂ ਵੱਧ ਅਨਿਆਂਇਕ, ਗ਼ੈਰ-ਕੁਦਰਤੀ ਤੇ ਮਾਨਵ-ਵਿਰੋਧੀ
ਮਨੂੰਵਾਦੀ ਸਮਾਜਿਕ ਪ੍ਰਬੰਧ (ਵਰਨ-ਆਸ਼ਰਮ ਜਾਤਿ-ਪਾਤਿ ਸਿਸਟਮ) ਦੀਆਂ ਜੜ੍ਹਾਂ ਖੋਖ਼ਲੀਆਂ ਕਰ ਕੇ ਇਸ
ਕਰਮ-ਕਾਂਡੀ ਮਨੂੰਵਾਦੀ ਸਮਾਜ ਪ੍ਰਬੰਧ ਤੋਂ ਵੱਖਰਾ ਮਨੁੱਖੀ ਬਰਾਬਰਤਾ ਵਾਲਾ ਸਮਾਜ ਪ੍ਰਬੰਧ ਸਥਾਪਤ
ਕੀਤਾ।
5. ਲਾਸਾਨੀ ਅਗੁਵਾਈ
ਇਸ ਇਨਕਲਾਬੀ ਲਹਿਰ ਦੀ ਅਗੁਵਾਈ, 1478 ਤੋਂ ਲੈ ਕੇ ਅਕਤੂਬਰ 1708 ਤੱਕ
ਪ੍ਰਭੂ-ਪਿਤਾ ਨਾਲ ਅੰਤਰ-ਆਤਮੇ ਇੱਕਸੁਰ ਹੋਈ ਜੋਤਿ ਨਿਰੰਜਨੀ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ
ਉਤਰਾਧਿਕਾਰੀ ਨੌਂ ਗੁਰੂ-ਜਾਮਿਆਂ ਨੇ ਖ਼ੁਦ ਕੀਤੀ। ਅਕਤੂਬਰ 1708 ਵਿੱਚ, ਜੋਤੀ ਜੋਤਿ ਸਮਾਉਂਣ ਤੋਂ
ਇੱਕ ਦਿਨ ਪਹਿਲਾਂ, ਗੁਰੂ ਨਾਨਕ ਜੋਤਿ ਦੇ ਦਸਵੇਂ ਗੁਰੂ-ਜਾਮੇਂ ਗੁਰੂ ਗੋਬਿੰਦ ਸਿੰਘ ਜੀ ਨੇ
ਜੁਗੋ-ਜੁਗ ਅਟੱਲ, ਨਿਰੰਕਾਰ ਦੇ ਸ਼ਬਦ-ਸਰੂਪ, ਗੁਰੂ ਗ੍ਰੰਥ ਸਾਹਿਬ ਨੂੰ ਸਦੀਵਕਾਲ ਲਈ ਗੁਰਗੱਦੀ `ਤੇ
ਸ਼ੁਸ਼ੋਭਤ ਕਰ ਕੇ, ਇਸ ਇਨਕਲਾਬੀ ਲਹਿਰ ਦੀ ਅਗੁਵਾਈ, ਸ਼ਬਦ-ਗੁਰੂ ਦੀ ਸਿਧਾਂਤਕ ਰਹਿਨੁਮਾਈ ਹੇਠ ਚੱਲਣ
ਵਾਲੇ ਮਨੁੱਖੀ ਸਮਾਜ ਨੂੰ ਸਾਂਝੇ ਰੂਪ ਵਿੱਚ, ਸੌਂਪ ਦਿੱਤੀ।