.

ਸ੍ਰਿਸ਼ਟੀ ਵਿਚ ਕੁਝ ਵੀ ਝੂਠ ਨਹੀਂ

ਕਿਸ਼ਤ ਚੌਥੀ

ਵੀਰ ਭੁਪਿੰਦਰ ਸਿੰਘ

ਸਲੋਕੁ

ਆਦਿ ਸਚੁ ਜੁਗਾਦਿ ਸਚੁ।।

ਹੈ ਭਿ ਸਚੁ ਨਾਨਕ ਹੋਸੀ ਭਿ ਸਚੁ।।।।

(ਗੁਰੂ ਗ੍ਰੰਥ ਸਾਹਿਬ, ਪੰਨਾ : 285)

ਰੱਬ ਜੀ ਸੱਚੇ ਹਨ, ਹਮੇਸ਼ਾ ਤੋਂ ਸੱਚੇ ਹਨ, ਹੁਣ ਵੀ ਸੱਚੇ ਹਨ, ਸਦੈਵ ਲਈ ਸੱਚੇ ਹੀ ਰਹਿਣਗੇ :- ਇਸਦਾ ਭਾਵ ਇਹ ਵੀ ਸਮਝ ਪੈਂਦਾ ਹੈ ਕਿ ਰੱਬ ਜੀ ਦਾ ਗਿਆਨ ਵੀ ਮੁੱਢ ਤੋਂ ਹੀ ਸੱਚਾ ਹੈ ਤੇ ਹਮੇਸ਼ਾ ਹੀ ਸੱਚਾ ਰਹੇਗਾ। ਸ਼ੁਰੂ ਤੋਂ, ਹਮੇਸ਼ਾ ਤੋਂ, ਅੱਜ ਵੀ ਅਤੇ ਆਉਣ ਵਾਲੇ ਸਮੇਂ ਵਿਚ ਵੀ ਸੱਚਾ ਰਹੇਗਾ।

ਰੱਬ ਜੀ ਦੇ ਨਿਯਮ, ਹੁਕਮ, ਰਜ਼ਾ ਵੀ ਮੁਢ ਕਦੀਮਾਂ ਤੋਂ ਸੱਚ ਹਨ, ਹੁਣ ਵੀ ਸੱਚ ਹਨ ਤੇ ਸਦੈਵ ਸੱਚੇ ਰਹਿਣਗੇ। ਰੱਬੀ ਨਿਯਮ ਕਦੀ ਨਾ ਬਦਲੇ ਹਨ, ਨਾ ਬਦਲਣਗੇ ਜੋ ਮਨੁੱਖ ਰੱਬੀ ਸੱਤਾ (ਸ਼ਕਤੀ) ਤੋਂ ਮੁਨਕਰ ਹੁੰਦਾ ਹੈ ਉਹ ਮਾਨੋ ਰੱਬੀ ਨਿਯਮ ਤੋਂ ਮੁਨਕਰ ਹੋ ਰਿਹਾ ਹੈ। ਐਸਾ ਮਨੁੱਖ ਕਰਾਮਾਤਾਂ, ਜਾਦੂ ਟੂਣੇ, ਤੰਤਰ, ਮੰਤਰ, ਜੰਤਰ ਰਾਹੀਂ ਜਾਂ ਕਿਸੇ ਅਖੌਤੀ ਧਾਰਮਕ ਬਾਬਾ, ਪੀਰ-ਫ਼ਕੀਰ, ਸੰਤ ਸਾਧ ਦੇ ਰਾਹੀਂ ਰੱਬੀ ਨਿਯਮ ਤੋਂ ਉਲਟ ਹੋਣ ਨੂੰ ਸਵੀਕਾਰਦਾ ਹੈ ਤੇ ਕਰਾਮਾਤ ਮੰਨਣ ਲੱਗ ਪੈਂਦਾ ਹੈ।

ਅਸਟਪਦੀ

ਪਦਾ ਪਹਿਲਾ :-

ਚਰਨ ਸਤਿ ਸਤਿ ਪਰਸਨਹਾਰ।।

ਪੂਜਾ ਸਤਿ ਸਤਿ ਸੇਵਦਾਰ।।

ਦਰਸਨੁ ਸਤਿ ਸਤਿ ਪੇਖਨਹਾਰ।।

ਨਾਮੁ ਸਤਿ ਸਤਿ ਧਿਆਵਨਹਾਰ।।

ਆਪਿ ਸਤਿ ਸਤਿ ਸਭ ਧਾਰੀ।।

ਆਪੇ ਗੁਣ ਆਪੇ ਗੁਣਕਾਰੀ।।

ਸਬਦੁ ਸਤਿ ਸਤਿ ਪ੍ਰਭੁ ਬਕਤਾ।।

ਸੁਰਤਿ ਸਤਿ ਸਤਿ ਜਸੁ ਸੁਨਤਾ।।

ਬੁਝਨਹਾਰ ਕਉ ਸਤਿ ਸਭ ਹੋਇ।।

ਨਾਨਕ ਸਤਿ ਸਤਿ ਪ੍ਰਭੁ ਸੋਇ।।।।

(ਗੁਰੂ ਗ੍ਰੰਥ ਸਾਹਿਬ, ਪੰਨਾ : 285)

ਚਰਨ ਸਤਿ ਸਤਿ ਪਰਸਨਹਾਰ :- ਜੋ ਮਨੁੱਖ ਰੱਬੀ ਸੱਚਾਈ ਨਾਲ ਇਕਮਿਕ ਹੋਣਾ ਚਾਹੁੰਦਾ ਹੈ ਉਸਦੀ ਅਗਵਾਈ ਰਹਿਨੁਮਾਈ, ਸੋਝੀ, ਬਿਬੇਕ ਬੁੱਧੀ ਪ੍ਰਾਪਤੀ ਦਾ ਸਰੋਤ ਰੱਬੀ ਗਿਆਨ, ਸੱਚਾ ਗਿਆਨ ਹੀ ਹੁੰਦਾ ਹੈ। ਰੱਬ ਜੀ ਦੇ ਚਰਨ ਸਰੀਰਕ ਤਾਂ ਹੁੰਦੇ ਨਹੀਂ ਫਿਰ ਰੱਬੀ ਚਰਨ ਦਾ ਭਾਵ ਨਿਕਲਦਾ ਹੈ ਕਿ ਰੱਬ ਦੇ ਮਾਰਗ ਦੇ ਪਦ-ਚਿਨ੍ਹ (ਚਰਨ-ਮਾਰਗ, ਪੰਥ)। ਸੋ ਰੱਬ ਜੀ ਦਾ ਮਾਰਗ ਪਰਸਨਹਾਰ ਹੈ ਭਾਵ ਪਰਸਣ ਯੋਗ ਹੈ। ਕਿਉਂਕਿ ਰੱਬ ਜੀ ਸੱਚੇ ਹਨ ਇਸ ਕਰਕੇ ਉਨ੍ਹਾਂ ਦਾ ਸੱਚਾ ਮਾਰਗ, ਪਦ ਚਿੰਨ੍ਹ ਵੀ ਤੁਰਨਯੋਗ ਹਨ। ਜੋ ਮਨੁੱਖ ਸਚਿਆਰ ਬਣਨਾ ਚਾਹੁੰਦਾ ਹੈ ਉਸਦੀ ਜਾਚਨਾ ਕੂੜ ਦੀ ਪਾਲ ਤੋੜਨ ਲਈ ਹੁੰਦੀ ਹੈ। ਸੋ ਜੋ ਕੂੜ ਦੀ ਪਾਲ ਤੋੜਨਾ ਚਾਹੁੰਦਾ ਹੈ ਉਸਨੂੰ ਸੱਚ ਦਾ ਮਾਰਗ, ਸੱਚੇ ਗਿਆਨ ਦੇ ਨਕਸ਼ੇ ਕਦਮਾਂ ਤੇ ਤੁਰਨਾ ਆ ਜਾਂਦਾ ਹੈ। ਸੱਚ ਦੇ ਮਾਰਗ ’ਤੇ ਚੱਲਣ ਵਾਲਾ ਜਿਗਯਾਸੂ, ਅਭਿਲਾਖੀ ਵੀ ਸੱਚਾ ਹੋ ਸਕਦਾ ਹੈ (ਹਰਿ ਜਨ ਐਸਾ ਚਾਹੀਐ ਜੈਸਾ ਹਰਿ ਹੀ ਹੋਇ) ਸਚਿਆਰ ਬਣਨ ਲਈ ਸਚੇ ਦੇ ਚਰਨ ਪਰਸਨ ਯੋਗ ਹਨ। ਜਿਸ ਮਨੁੱਖ ਨੂੰ ਸਚਿਆਰ ਬਣਨ ਦੀ ਤਾਂਘ ਹੋ ਜਾਂਦੀ ਹੈ, ਮੰਨਣਾ ਪਵੇਗਾ ਕਿ ਉਸਨੂੰ ਕੂੜਿਆਰ ਦੇ ਨਤੀਜਿਆਂ ਤੋਂ ਜੋ ਨੁਕਸਾਨ ਹੁੰਦੇ ਹਨ, ਉਨ੍ਹਾਂ ਦਾ ਆਭਾਸ ਹੋ ਚੁੱਕਾ ਹੈ, ਆਭਾਸ ਹੋਣਾ ਹੀ ਲਖਾਇਕ ਹੈ ਕਿ ਉਸ ਮਨੁੱਖ ਨੇ ਮਨ ਕਰਕੇ ਸਚਿਆਰ ਬਣਨ ਦੀ ਜਾਚਨਾ ਦੀ ਅਵਸਥਾ ’ਚ ਪ੍ਰਵੇਸ਼ ਕੀਤਾ ਹੈ। ਜੋ ਮਨੁੱਖ ਸੱਚਮੁਚ ਕੂੜਿਆਰ ਜੀਵਨ ਤੋਂ ਦੁਖੀ ਹੈ ਅਤੇ ਜੇ ਛੁਟਣਾ ਚਾਹੁੰਦਾ ਹੈ ਤਾਂ ਉਹ ਕਦੀ ਵੀ ਨਹੀਂ ਕਹੇਗਾ ਕਿ ਕਿਸਦੀ ਮੰਨੀਏ - ਜੀ ਫਲਾਣੇ ਨੇ ਇਹ ਕਿਹਾ ਸੀ, ਫਲਾਣੇ ਨੇ ਉਹ ਅਰਥ ਕੀਤੇ ਸੀ, ਫਲਾਣਾ ਧਰਮ ਤਾਂ ਇਹ ਕਹਿੰਦਾ ਹੈ, ਆਦਿ। ਅਜਿਹੀ ਦੁਵਿਧਾ ’ਚ ਉਹ ਕਦੀ ਨਹੀਂ ਪਵੇਗਾ। ਜੋ ਸਚਿਆਰ ਬਣਨਾ ਚਾਹੁੰਦਾ ਹੈ, ਉਸਨੂੰ ਸਤਿ ਦੇ ਮਾਰਗ-ਚਰਨ ਹੀ ਪਰਸਨੇ ਹਨ, ਅਤਿ ਜ਼ਰੂਰੀ ਹਨ ਤਾਂ ਹੀ ਕੂੜਿਆਰ ਤੋਂ ਛੁਟੇਗਾ। ਕੂੜ ਦੀ ਪਾਲ ਜਿੰਨਾ ਕਾਰਨਾਂ ਕਰ ਕੇ ਬਣੀ (ਹੋਂਦ ’ਚ ਆਈ) ਉਨ੍ਹਾਂ ਕਾਰਨਾਂ ਨੂੰ ਮਿਟਾਉਣਾ, ਡਿਗਾਉਣਾ ਹੈ ਅਤੇ ਸਤਿ ਦੇ ਮਾਰਗ ਭਾਵ ਸੱਚ ਦੇ ਗਿਆਨ ਅਨੁਸਾਰ ਦ੍ਰਿੜ੍ਹਤਾ ਨਾਲ ਟੁਰਨਾ ਅਤਿ ਲੁੜੀਂਦਾ ਹੈ।

ਪੂਜਾ ਸਤਿ ਸਤਿ ਸੇਵਦਾਰ :- ਇਥੇ ਪੂਜਾ ਦਾ ਅਰਥ ਹੈ ਪੂਜਣਯੋਗ, ਆਦਰ ਕਰਨ ਯੋਗ। ਪੂਜਾ ਲਫ਼ਜ਼ ਕ੍ਰਿਆਵਾਚਕ ਹੈ। ਭਾਵ ਆਦਰ ਸਨਮਾਨ ਕਰਨਾ, ਅਰਚਨਾ ਦੀ ਕ੍ਰਿਆ (ਕੁਝ ਅਰਪਨ ਕਰਨਾ)।

ਗੁਰਬਾਣੀ ਅਨੁਸਾਰ ਉਹ ਪੂਜਣਯੋਗ ਹੈ ਜੋ ਬਿਨਸਦਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਅਨੁਸਾਰ ਕਿਸੇ ਮਨੁੱਖ, ਫੋਟੋ, ਆਕ੍ਰਿਤੀ, ਤੀਰਥ ਦੀ ਪੂਜਾ ਨਹੀਂ ਹੋ ਸਕਦੀ ਕਿਉਂਕਿ ਉਹ ਸਭ ਬਿਨਸਨਹਾਰ ਹਨ। ਜੋ ਸਦੈਵ ਸੱਚ ਹੈ ਉਹ ਰੱਬ ਜੀ ਹਨ। ਇਸ ਕਰਕੇ ਰੱਬ ਦੀ ਪੂਜਾ ਹੀ ਅਸਲੀ ਸੇਵਾ ਹੈ। ਜਦੋਂ ਸੁਰਤ ਮਤ ਮਨ ਬੁੱਧ ਨੂੰ ਸੱਚ ਅਨੁਸਾਰ ਘੜ ਲਿਆ ਭਾਵ ਮਨ ਦੀ ਮਤ ਤਿਆਗ ਕੇ ਰੱਬੀ ਰਜ਼ਾ, ਹੁਕਮ ਅਨੁਸਾਰ ਜਿਊਣਾ ਹੀ ਸੇਵਾਦਾਰ ਦੀ ਅਵਸਥਾ ਕਹਿਲਾਉਂਦੀ ਹੈ। ਸੇਵਦਾਰ ਬਣਨ ਲਈ ਕੇਵਲ (ਸੱਚ) ਸਤਿ ਦੀ ਪੂਜਾ ਹੀ ਲਾਹੇਵੰਦ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਚ ਅਨੇਕ ਪ੍ਰਮਾਣ ਹਨ ਜਿਵੇਂ ਕਿ :-

ਅਚੁਤ ਪੂਜਾ ਜੋਗ ਗੋਪਾਲ।। ਮਨੁ ਤਨੁ ਅਰਪਿ ਰਖਉ ਹਰਿ ਆਗੈ ਸਰਬ ਜੀਆ ਕਾ ਹੈ ਪ੍ਰਤਿਪਾਲ।। (ਗੁਰੂ ਗ੍ਰੰਥ ਸਾਹਿਬ, ਪੰਨਾ : 824)

ਭਾਵ ਰੱਬ ਜੀ ਹੀ ਪੂਜਣਯੋਗ ਹਨ ਕਿਉਂਕਿ ਉਹ ਅਬਿਨਾਸੀ ਹਨ, ਉਹ ਨਾਸ ਨਹੀਂ ਹੁੰਦੇ। ਉਸਦੀ ਪੂਜਾ ਵੀ ਨਾਸ ਨਹੀਂ ਹੁੰਦੀ (ਅਦੁੱਤ)। ਜੋ ਸਚਿਆਰ ਬਣਨਾ ਚਾਹੁੰਦਾ ਹੈ ਉਹ ਆਪਣਾ ਆਪਾ ਸੱਚ ਅੱਗੇ ਅਰਪ ਦੇਵੇ। ਗੁਰਬਾਣੀ ਅਨੁਸਾਰ ਮਨ, ਤਨ, ਅਰਪਨਾ ਹੀ ਪੂਜਾ ਕਹਿਲਾਉਂਦਾ ਹੈ। ਜੋ ਮਨੁੱਖ ਸੱਚੇ ਮਾਰਗ ਦੇ ਚਰਨ ਪਰਸਦਾ ਹੈ ਉਹ ਮਨੁੱਖ ਆਪਣੀ ਮਨ ਦੀ ਮਤ ਨੂੰ ਤਿਆਗ ਕੇ ਗਿਆਨ-ਗੁਰੂ (ਸਤਿਗੁਰ, ) ਦੀ ਮਤ ਲੈਂਦਾ ਹੈ। ਸਤਿਗੁਰ ਹੀ ਰੱਬ ਹੈ ਤੇ ਰੱਬ ਹੀ ਸਤਿਗੁਰ (ਸੱਚ ਦਾ ਗਿਆਨ,) ਹੈ। ‘ਗੁਰੁ ਪਰਮੇਸਰੁ ਏਕੋ ਜਾਣੁ’ - ਮਨੁੱਖ, ਮਨ ਦੀ ਮਤ ਤਿਆਗ ਕੇ ਸਤਿਗੁਰ ਅਨੁਸਾਰ ਆਪਣੀ ਸੋਚਣੀ ਅਤੇ ਕਰਮ ’ਚ ਜੋ ਵੀ ਮਿਹਨਤ ਕਰਦਾ ਹੈ, ਉਹੋ ਅਸਲੀ ਪੂਜਾ ਹੈ। ਜੇ ਮਨੁੱਖ ਐਸੀ ਅਵਸਥਾ ’ਚ ਵਿਚਰ ਰਿਹਾ ਹੈ ਤਾਂ ਮਾਨੋ ਸੇਵਦਾਰ ਦੀ ਅਵਸਥਾ ’ਚ ਹੈ। ਸੋ ਇਹ ਭਾਵਅਰਥ ਸਮਝਾਇਆ ਹੈ ਕਿ ਸੱਚ ਦੀ ਪੂਜਾ ਹੀ ਰੱਬੀ ਪੂਜਾ ਹੈ। ਜੇ ਸੱਚੇ ਦੀ ਪੂਜਾ ਕਰਨੀ ਹੈ ਤਾਂ ਸੱਚੇ ਮਾਰਗ ਦੇ ਚਰਨ ਪਰਸ ਕੇ ਭਾਵ ਸੱਚੇ ਮਾਰਗ ’ਤੇ ਦ੍ਰਿੜ੍ਹਤਾ ਨਾਲ ਚੱਲਣਾ ਹੀ ਅਸਲੀ ਸੇਵਦਾਰ ਦੀ ਅਵਸਥਾ ਹੈ। ਇਹੋ ਅਸਲੀ ਪੂਜਾ ਹੈ ਜੋ ਵਿਅਰਥ ਨਹੀਂ ਜਾਂਦੀ ਕਿਉਂਕਿ ਰੱਬ ਸਦੀਵੀ ਸੱਚ ਹੈ ਤੇ ਉਸਦੀ ਪੂਜਾ ਵੀ ਸਦੀਵੀ ਹੈ ਉਸਦੀ ਸੇਵਾ ਹੀ ਸੱਚਾ ਮਾਰਗ ਹੈ।

ਦਰਸਨੁ ਸਤਿ ਸਤਿ ਪੇਖਨਹਾਰ :- ਸਤਿ ਦਾ ਦਰਸ਼ਨ ਕਰਨਾ ਭਾਵ ਸੱਚ ਦੇ ਗਿਆਨ (ਸਤਿਗੁਰ) ਰਾਹੀਂ ਰੱਬ ਜੀ ਨੂੰ ਮਾਣਨਾ ਮਹਿਸੂਸ ਕਰਨਾ ਹੀ ਦੇਖਣ ਦਾ ਲਖਾਹਿਕ (ਪੇਖਨਹਾਰ) ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਰੱਬ ਜੀ ਦਾ ਕੋਈ ਰੂਪ ਰੰਗ ਰੇਖ ਨਹੀਂ ਤਾਂ ਫਿਰ ਕਿਸਦੇ ਦਰਸ਼ਨ ਦੇਖਣ ਲਾਇਕ (ਪੇਖਨਹਾਰ) ਹੁੰਦੇ ਹਨ। ਦਰਅਸਲ ਸਮਝਣਾ ਇਹ ਹੈ ਕਿ ਜਦੋਂ ਮਨੁੱਖ ਨੂੰ ਸਤਿਗੁਰ ਦੇ ਤਤ ਗਿਆਨ ਰਾਹੀਂ ਅੰਤਰ ਆਤਮੇ ਦੀਆਂ ਅੱਖਾਂ ਪ੍ਰਾਪਤ ਹੁੰਦੀਆਂ ਹਨ ਤਾਂ ਰੱਬੀ ਦਰਸ਼ਨ ਭਾਵ ਰੱਬ ਜੀ ਦਾ ਭਾਣਾ, ਹੁਕਮ, ਨਿਯਮ ਸਮਝ ਪੈਂਦੇ ਹਨ। ਜਿਸ ਨਾਲ ਮਨੁੱਖ ਦਾ ਦੇਖਣ ਦਾ ਨਜ਼ਰੀਆ ਬਦਲ ਜਾਂਦਾ ਹੈ। ਹਰੇਕ ਪਾਸੇ, ਹਰੇਕ ਇਨਸਾਨ ’ਚ, ਹਰੇਕ ਜਗ੍ਹਾ, ਰੱਬੀ ਦਰਸ਼ਨ ਦੇਖਣ ਦੀ ਅੱਖ ਬਣ ਜਾਂਦੀ ਹੈ। ਮਨੁੱਖ ਦਾ ਦੂਜਿਆਂ ਪ੍ਰਤੀ ਵਿਤਕਰਾ ਮੁੱਕ ਜਾਂਦਾ ਹੈ ਅਤੇ ਉਸ ਨੂੰ ਸਾਰੇ ‘ਕੁਦਰਤ ਕੇ ਸਭ ਬੰਦੇ’ ਨਜ਼ਰ ਆਉਣ ਲੱਗਦੇ ਹਨ। ਜਦੋਂ ਮਨੁੱਖ ਸੱਚੇ ਗਿਆਨ ਦਾ ਫਲਸਫਾ ਭਾਵ ਦਰਸ਼ਨ ਸਮਝ ਜਾਂਦਾ ਹੈ ਤਾਂ ਉਸਨੂੰ ‘‘ਨਾ ਕੋ ਬੈਰੀ ਨਹੀ ਬਿਗਾਨਾ’’ ਵਾਲੀ ਪੇਖਨ ਦੀਆਂ ਅੱਖਾਂ ਪ੍ਰਾਪਤ ਹੁੰਦੀਆਂ ਹਨ। ਊਚ-ਨੀਚ, ਅਮੀਰ-ਗਰੀਬ ਅਤੇ ਤੇਰੇ-ਮੇਰੇ ਦਾ ਭੁਲੇਖਾ ਲੱਥ ਜਾਂਦਾ ਹੈ।

ਨਾਮੁ ਸਤਿ ਸਤਿ ਧਿਆਵਨਹਾਰ :- ਜਦੋਂ ਮਨੁੱਖ ਸੱਚੇ ਗਿਆਨ ਅਨੁਸਾਰ ਸੱਚੇ ਦੇ ਦਰਸ਼ਨ ਕਰਨ ਯੋਗ ਹੋ ਜਾਂਦਾ ਹੈ ਤਾਂ ਉਸਨੂੰ ਸਭ ਜਗ੍ਹਾ ਰੱਬ ਜੀ ਦਾ ਹੁਕਮ, ਨਿਯਮ ਦੀ ਅਹਿਮੀਅਤ ਮਹਿਸੂਸ ਹੋਣ ਲੱਗ ਪੈਂਦੀ ਹੈ। ਮਨੁੱਖ ਰੱਬੀ ਨਿਯਮਾਂ ਦੇ ਅਧੀਨ ਜਿਊਣ ਦੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜੋ ਕਿ ਹੁਕਮ ਰਜ਼ਾਈ ਚੱਲਣ ਦੀ ਅਵਸਥਾ ਹੁੰਦੀ ਹੈ। ਕੂੜ ਦੀ ਪਾਲ ਤੋੜਨ ਲਈ ਮਨੁੱਖ ਨੂੰ ਸੱਚ ਦਾ ਗਿਆਨ (ਨਾਮ) ਧਿਆਉਣਾ ਹੀ ਲਾਹੇਵੰਦ ਹੈ। ਸੱਚੇ ਦਾ ਸੱਚਾ ਗਿਆਨ ਹੀ ਧਿਆਵਨਯੋਗ ਹੈ। ਰੱਬ ਦੀ ਹਾਜ਼ਰ-ਨਾਜ਼ਰਤਾ ਦੀ ਅਵਸਥਾ ਅਤੇ ਬਿਨਾ ਵਿਤਕਰੇ ਦੀ ਅੱਖ (ਸਤਿ ਸਤਿ ਪੇਖਨਹਾਰ) ਪ੍ਰਾਪਤ ਹੋਣਾ ਹੀ ਨਾਮ ਧਿਆਉਣ ਦੀ ਅਵਸਥਾ ਦਾ ਲਖਾਇਕ ਹੈ।

ਆਪਿ ਸਤਿ ਸਤਿ ਸਭ ਧਾਰੀ :- ਸਾਰੀ ਸ੍ਰਿਸ਼ਟੀ ’ਚ ਸਭ ਜਗ੍ਹਾ ਅਤੇ ਮਨੁੱਖਾਂ ਦੇ ਸਰੀਰਾਂ ’ਚ ਸਭ ਜਗ੍ਹਾ ਸੱਚੇ ਦਾ ਹੁਕਮ ਨਿਯਮ ਹੀ ਧਾਰਿਆ ਹੋਇਆ ਹੈ। ਹੁਕਮ ਤੋਂ ਬਾਹਰ ਸ੍ਰਿਸ਼ਟੀ ਵਿਚ ਕੁਝ ਵੀ ਨਹੀਂ ਹੋ ਸਕਦਾ।

ਆਪੇ ਗੁਣ ਆਪੇ ਗੁਣਕਾਰੀ :- ਜਦੋਂ ਮਨੁੱਖ ਨੂੰ ਸੱਚੇ ਗਿਆਨ ਭਾਵ ਰੱਬੀ ਗੁਣਾਂ ਦਾ ਖ਼ਜ਼ਾਨਾ ਪ੍ਰਾਪਤ ਹੁੰਦਾ ਹੈ, ਉਸ ਮਨੁੱਖ ਦੇ ਸੁਭਾਅ ’ਚ ਰੱਬੀ ਗੁਣਾਂ ਵਾਲੀਆਂ ਸਿਫ਼ਤਾਂ ਆ ਜਾਂਦੀਆਂ ਹਨ ਤੇ ਮਨੁੱਖ ਰੱਬੀ ਗੁਣ ਹੋਰ ਵਧਾਉਣ ਦੇ ਕਾਬਿਲ ਹੋ ਜਾਂਦਾ ਹੈ। ਹੁਣ, ਮਨੁੱਖ ਮਾਣ ਨਹੀਂ ਕਰਦਾ ਬਲਕਿ ਇਹ ਮਹਿਸੂਸ ਕਰਦਾ ਹੈ ਕਿ ਰੱਬ ਜੀ ਨੇ ਹੀ ਮੇਰੇ ਅੰਦਰ ਰੱਬੀ ਗੁਣਾਂ ਦਾ ਖ਼ਜ਼ਾਨਾ ਉਪਜਾਇਆ ਹੈ ਤੇ ਆਪੇ ਉਨ੍ਹਾਂ ਗੁਣਾਂ ਨੂੰ ਸੱਚੇ ਗਿਆਨ ਰਾਹੀਂ ਮੇਰੇ ਅੰਦਰ ਉਜਾਗਰ ਕਰਦੇ ਹਨ।

ਸਬਦੁ ਸਤਿ ਸਤਿ ਪ੍ਰਭੁ ਬਕਤਾ :- ਤੋਂ ਭਾਵ ਹੈ ਹੁਕਮ, ਰਜ਼ਾ। ਹੁਕਮ ਰਜ਼ਾ ਵੀ ‘ਸਤਿ’ ਹੈ ਤੇ ਉਸਦਾ ਰਚਣਹਾਰਾ ਰੱਬ (ਪ੍ਰਭੂ) ਵੀ ‘ਸਤਿ’ ਹੀ ਹੈ।

ਪ੍ਰਭੂ ਆਪ ਹੀ ਸਤਿ ਦਾ ਬਕਤਾ ਭਾਵ ਬੋਲਣਵਾਲਾ ਹੈ ਪਰ ਕਿਸੇ ਨੂੰ ਸਰੀਰਕ ਗੁਰੂ ਮੰਨਣਾ ਹੀ ਮਨੁੱਖ ਦੀ ਸਭ ਤੋਂ ਵੱਡੀ ਭੁੱਲ ਹੈ ਕਿਉਂਕਿ ਕੋਈ ਵੀ ਮਨੁੱਖ ਦਮ ਭਰ ਕੇ ਨਹੀਂ ਕਹਿ ਸਕਦਾ ਕਿ ਮੈਂ ਗੁਰੂ ਹਾਂ। ਰੱਬ ਜੀ ਸੱਚੇ ਹਨ ਤੇ ਉਨ੍ਹਾਂ ਦਾ ਗਿਆਨ ਵੀ ਸੱਚਾ ਹੈ। ਉਸੀ ਨੂੰ ‘ਸਤਿਗੁਰ’ ਕਹਿੰਦੇ ਹਨ। ਗੁਰਬਾਣੀ ਦਾ ਫੁਰਮਾਨ ਹੈ ‘‘ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ।।’’ ਰੱਬ ਜੀ ਅਤੇ ਉਨ੍ਹਾਂ ਦਾ ਸੱਚ ਦਾ ਗਿਆਨ ਹਰ ਮਨੁੱਖ ਦੇ ਨਿਜ ਘਰ ਵਿਚ ਵਸਦਾ ਹੈ। ਅੰਤਰ ਆਤਮੇ ਦੀ ਆਵਾਜ਼ ਸੁਣਨ ਵਾਲਾ ਮਨੁੱਖ ਮਨ ਦੀ ਮਰਜ਼ੀ ਛੱਡ ਦਿੰਦਾ ਹੈ ਤੇ ਨਿਜਘਰ ਵਿਚ ਵਸੇ ਰੱਬ ਜੀ ਦੀ ਬੋਲੀ ਬਾਣੀ, ਸ਼ਬਦ (ਸਤਿਗੁਰ) ਨੂੰ ਸੁਣਦਾ ਤੇ ਵਿਚਾਰਦਾ ਹੈ ਅਤੇ ਉਸਨੂੰ ਆਪਣੇ ਜੀਵਨ ਵਿਚ ਅਮਲੀ ਤੌਰ ’ਤੇ ਜਿਊਣ ਲਈ ਮਿਹਨਤ ਕਰਦਾ ਹੈ। ਰੱਬ ਦਾ ਬਕਤਾ (ਬੁਲਾਰਾ) ਸਤਿਗੁਰ ਹੀ ਹੁੰਦਾ ਹੈ ਜਿਸਨੂੰ ਮਨ ਨੇ ਸੁਣਨਾ ਹੈ।

ਅਦੈਤ ਰੂਪ ਦੀ ਇਸ ਅਵਸਥਾ ਨੂੰ ਮਾਣਦਿਆਂ ਨਾਨਕ ਪਾਤਸ਼ਾਹ ਉਚਾਰਦੇ ਹਨ ‘‘ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ’’ ਭਾਵ ਨਿਜਘਰ ਵਿਚੋਂ ਜੈਸੀ ਸ਼ਬਦ ਦੀ ਅਗਵਾਈ ਮਿਲੀ ਹੈ, ਮੈਂ ਵੈਸਾ ਹੀ ਬਿਆਨ ਕਰ ਰਿਹਾ ਹਾਂ। ਜੋ ਬਿਆਨ ਕੀਤਾ ਗਿਆ, ਉਸ ਦੇ ਤਤ ਗਿਆਨ ਨੂੰ ਹੀ ਸਤਿਗੁਰ ਕਹਿੰਦੇ ਹਨ ਜੋ ਕਿ ਬਕਤਾ ਹੈ ਅਤੇ ਜਿਸ ਨੂੰ ਹਰੇਕ ਨੇ ਨਿਜਘਰ ’ਚੋਂ ਸੁਣਨਾ ਹੈ।

ਸੁਰਤਿ ਸਤਿ ਸਤਿ ਜਸੁ ਸੁਨਤਾ :- ਜਦੋਂ ਮਨੁੱਖ ਦੀ ਸੁਰਤ ਸੱਚ ਦੇ ਗਿਆਨ ਰਾਹੀਂ ਘੜੀ ਜਾਂਦੀ ਹੈ ਤਾਂ ਉਹ ਉੱਚੀ ਸੁਰਤ ਵਾਲਾ ਹੋ ਜਾਂਦਾ ਹੈ। ਐਸਾ ਮਨੁੱਖ ਅਚੇਤ, ਬੇਹੋਸ਼, ਸੁੱਤੇ ਮਨ ਦੀ ਅਵਸਥਾ ’ਚ ਨਹੀਂ ਰਹਿੰਦਾ। ਉੱਚੀ ਸੁਰਤ ਕਾਰਨ ਰੱਬੀ ਗੁਣਾਂ ਦਾ ਜਸ ਸੁਣਨ ਵਾਲੀ ਅਵਸਥਾ ਹੋ ਜਾਂਦੀ ਹੈ ਭਾਵ ਰੱਬੀ ਗੁਣਾਂ ਦੀ ਅਵਸਥਾ ’ਚ ਜਿਊਣਾ ਹੀ ‘ਜਸ ਸੁਨਤਾ’ ਦੀ ਅਵਸਥਾ ਦਾ ਲਖਾਇਕ ਹੈ।

ਸੋ ਇਸਦਾ ਭਾਵ ਅਰਥ ਇਹੋ ਦ੍ਰਿੜ੍ਹਾਇਆ ਹੈ ਕਿ ਜੋ ਮਨੁੱਖ ਸੱਚ ਦੇ ਗਿਆਨ (ਸ਼ਬਦ) ਰਾਹੀਂ ਸੁਰਤ ਘੜਨ ਦੇ ਲਾਇਕ ਹੋ ਜਾਂਦਾ ਹੈ ਉਸ ਦੀ ਅਵਸਥਾ ਰੱਬੀ ਗੁਣਾਂ ਵਾਲੀ ਹੋ ਜਾਂਦੀ ਹੈ। ਐਸਾ ਮਨੁੱਖ ਇਹ ਹੰਕਾਰ ਨਹੀਂ ਕਰਦਾ ਕਿ ਮੈਂ ਆਪਣੀ ਸੁਰਤ, ਮਿਹਨਤ, ਕਰਮ ਕਾਂਡ ਜਾਂ ਕਿਸੇ ਹਠ ਜੋਗ ਨਾਲ ਰੱਬ ਨਾਲ ਜੋੜੀ ਹੈ ਬਲਕਿ ਨਿਮਰਤਾ ਭਾਵ ’ਚ ਇਹ ਮਹਿਸੂਸ ਕਰਦਾ ਹੈ ਕਿ ਰੱਬੀ ਗੁਣਾਂ ਵਾਲੀ ਅਵਸਥਾ ਦੀ ਸੁਰਤ ਮੈਨੂੰ ਸੱਚੇ ਗਿਆਨ ਰਾਹੀਂ ਪ੍ਰਾਪਤ ਹੋਈ ਹੈ। ‘ਸਹਿਜੇ ਹੋਏ ਸੁ ਹੋਏ’ ਦੀ ਅਵਸਥਾ ਹੀ ਇਹੋ ਹੁੰਦੀ ਹੈ।

ਬੁਝਨਹਾਰ ਕਉ ਸਤਿ ਸਭ ਹੋਇ।।

ਨਾਨਕ ਸਤਿ ਸਤਿ ਪ੍ਰਭੁ ਸੋਇ।।।। (ਗੁਰੂ ਗ੍ਰੰਥ ਸਾਹਿਬ, ਪੰਨਾ : 285)

ਜਦੋਂ ਮਨੁੱਖ ਸੱਚ ਦੇ ਗਿਆਨ ਰਾਹੀਂ ਜਿਊਣ ਦਾ ਜਤਨ ਕਰਦਾ ਹੈ ਤਾਂ ਉਸਨੂੰ ਪਤਾ ਲੱਗਦਾ ਹੈ ਕਿ ਸੱਚਾ ਗਿਆਨ (ਗੁਰੂ) ਹੀ ਸੱਚੇ ਰੱਬ ਦਾ ਬੁਝਨਹਾਰ ਹੈ। ‘‘ਸਤਿ ਪੁਰਖ ਜਿਨ ਜਾਨਿਆ ਸਤਿ ਗੁਰ ਤਿਸ ਕਾ ਨਾਉ’’ ਅਨੁਸਾਰ ਰੱਬ ਜੀ ਦਾ ਗਿਆਨ ਰੱਬ ਜੀ ਦੀ ਪੂਰਨ ਜਾਣਕਾਰੀ ਰੱਖਦਾ ਹੈ। ਸੱਚਾ ਗਿਆਨ ਹੀ ਬੁਝਨਹਾਰ ਹੈ। ਇਸ ਕਰਕੇ ਸੱਚਾ ਗਿਆਨ ਹੀ ‘ਸਤਿ’ ਹੈ। ਭਾਵ ਅਰਥ ਸਮਝਣ ਲਈ ਅਲੱਗ-ਅਲੱਗ ਅਰਥ ਕਰਨੇ ਪੈਂਦੇ ਹਨ ਭਾਵ ਇਕ ਰੱਬ ਜੀ ਅਤੇ ਇਕ ਰੱਬ ਜੀ ਦਾ ਸੱਚਾ ਗਿਆਨ, ਸਤਿਗੁਰ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਹੀਂ ਇਨ੍ਹਾਂ ਨੂੰ ਅਲੱਗ-ਅਲੱਗ ਨਹੀਂ ਬਲਕਿ ਇਕ ਮਿਕ ਹੀ ਮੰਨਿਆ ਗਿਆ ਹੈ ਜਦ ਮਨੁੱਖ ਮਨ ਦੀ ਮਤ ਤਿਆਗ ਕੇ ਸੱਚੇ ਗਿਆਨ ਅਨੁਸਾਰ ਰੱਬੀ ਰਜ਼ਾ ’ਚ ਰਹਿੰਦਾ ਹੈ, ਉਹ ਸੱਚੇ ’ਚ ਹੀ ਸਮਾ ਜਾਂਦਾ ਹੈ ਭਾਵ ਰੱਬੀ ਰਜ਼ਾ ਨਾਲ ਇਕਮਿਕਤਾ ਵਾਲਾ ਜੀਵਨ ਜਿਊਣ ਲੱਗ ਪੈਂਦਾ ਹੈ।




.