ਗੁਰੂ ਨਾਨਕ ਸਾਹਿਬ ਨੇ 1478 ਤੋਂ ਲੈ ਕੇ 1506 ਤੱਕ, ਧਰਮ ਦੀ ਸੁੱਚੀ ਕਿਰਤ
ਕਰਦਿਆਂ ਰਾਹਿ ਭੋਇਂ ਦੀ ਤਲਵੰਡੀ (ਮੌਜੂਦਾ ਪਾਕਿਸਤਾਨ ਅੰਦਰ ਨਨਕਾਣਾ ਸਾਹਿਬ) ਦੇ ਆਸ-ਪਾਸ ਦੇ
ਇਲਾਕਿਆਂ ਵਿੱਚ, ਪਹਿਲਾਂ ਇਕੱਲਿਆਂ ਤੇ ਬਾਅਦ ਵਿੱਚ (1507 ਤੋਂ) ਆਪਣੇ ਬਚਪਨ ਦੇ ਸਾਥੀ ਤੇ
ਨਗਰ-ਨਿਵਾਸੀ, ਗ਼ਰੀਬ ਪਰਿਵਾਰ ਵਿੱਚ ਜਨਮੇ, ਭਾਈ ਮਰਦਾਨਾ ਜੀ ਨੂੰ ਨਾਲ ਰੱਖ ਕੇ, ਉਸ ਨੂੰ ਆਪਣਾ ਭਰਾ
ਬਣਾ ਕੇ, ਗੁਰਬਾਣੀ ਦੇ ਕੀਰਤਨ ਅਤੇ ਵਖਿਆਨ ਦੇ ਰੂਪ ਵਿੱਚ, ਮਨੁੱਖਤਾ ਨੂੰ ਕਾਦਿਰੁ ਦੀ ਕੁਦਰਤਿ ਦੇ
ਅਟੱਲ ਨਿਯਮਾਂ ਅਨੁਸਾਰ ਜੀਵਨ ਜਿਉਣ ਲਈ ਜਾਗਰੂਕ ਕਰਨ ਹਿਤ ਪ੍ਰਚਾਰ ਕੀਤਾ।
1507 ਤੋਂ 1522 ਤੱਕ, ਭਾਰਤ ਉਪ-ਮਹਾਂਦੀਪ, ਏਸ਼ੀਆ ਮਹਾਂਦੀਪ ਦੇ ਹੋਰ ਵੱਡੇ
ਹਿੱਸਿਆਂ, ਅਰਬ ਦੇਸ਼ਾਂ ਮੱਧ-ਪੂਰਬ ਅਤੇ ਯੂਰਪ ਵਿੱਚ ਇਟਲੀ (ਰੋਮ) ਤੱਕ ਗੁਰਮਤਿ ਇਨਕਲਾਬੀ ਲਹਿਰ ਦੇ
ਫ਼ਲਸਫ਼ੇ ਦਾ ਪ੍ਰਚਾਰ ਕਰਨ ਲਈ ਕੀਤੀਆਂ ਚਾਰ ਪ੍ਰਚਾਰ ਫੇਰੀਆਂ ਦੌਰਾਨ, ਥਾਂ-ਪੁਰ-ਥਾਂ, ਇਸ ਲਹਿਰ ਦਾ
ਅੱਗੇ ਪ੍ਰਚਾਰ ਤੇ ਪਸਾਰ ਕਰਨ ਲਈ, ‘ਸੰਗਤਿ’ ਨਾਮ ਹੇਠ ਸਦੀਵਕਾਲੀ ਸਥਾਨਿਕ ਗੁਰਮਤਿ ਸੰਸਥਾਵਾਂ
(ਮੌਜੂਦਾ ਗੁਰਦਵਾਰਾ) ਕਾਇਮ ਕੀਤੀਆਂ। ਇਹ ਪ੍ਰਚਾਰ-ਫੇਰੀਆਂ (ਉਦਾਸੀਆਂ) ਗੁਰੂ ਨਾਨਕ ਸਾਹਿਬ ਨੇ ਭਾਈ
ਮਰਦਾਨੇ ਸਮੇਤ ਤਕਰੀਬਨ 45, 000 ਕਿਲੋਮੀਟਰ ਦਾ ਸਫ਼ਰ (ਬਹੁਤਾ ਪੈਦਲ ਤੁਰ ਕੇ ਹੀ) ਤਹਿ ਕਰ ਕੇ
ਕੀਤੀਆਂ।
ਜਿੱਥੇ ਕਿਧਰੇ ਵੀ ਗੁਰੂ ਸਾਹਿਬ ਕੁੱਝ ਦਿਨਾਂ ਦਾ ਪੜਾਅ ਕਰ ਕੇ ਪ੍ਰਚਾਰ
ਕਰਿਆ ਕਰਦੇ ਸਨ, ਉਥੋਂ ਅੱਗੇ ਚਾਲੇ ਪਾਉਂਣ ਤੋਂ ਪਹਿਲਾਂ, ਹੇਠ ਲਿਖੀਆਂ ਯੋਗਤਾਵਾਂ ਰੱਖਣ ਵਾਲੇ
ਮਨੁੱਖਾਂ ਨੂੰ ਸਥਾਨਿਕ ‘ਸੰਗਤਿ’ ਦੇ ਸੇਵਾਦਾਰ (ਇਲਾਕੇ `ਚ ਗੁਰਮਤਿ ਪ੍ਰਚਾਰ ਕਰਨ ਲਈ, ਪ੍ਰਬੰਧਕ)
ਨਾਮਜ਼ਦ ਕਰ ਦਿਆ ਕਰਦੇ ਸਨ। ਇਸ ਨਾਮਜ਼ੱਦਗੀ (ਸੀਲੈਕਸ਼ਨ) ਦਾ ਆਧਾਰ ਕੇਵਲ ਤੇ ਕੇਵਲ ਯੋਗਤਾ ਦਾ ਮਾਪਦੰਡ
ਹੀ ਹੋਇਆ ਕਰਦਾ ਸੀ, ਬਹੁ-ਗਿਣਤੀ ਦਾ ਅਸੂਲ (ਵੋਟਾਂ ਦਾ ਵਿਧਾਨ) ਨਹੀਂ -
(ੳ) ਧਰਮ ਦੀ (ਈਮਾਨਦਾਰੀ ਦੀ) ਸੁੱਚੀ ਕਿਰਤ ਕਰ ਕੇ ਨਾਮ ਜਪਣਾ ਤੇ ਵੰਡ
ਛਕਣਾ।
(ਅ) ਗੁਰਮਤਿ ਫ਼ਲਸਫ਼ੇ ਦੇ ਪ੍ਰਚਾਰ ਦੀ ਤਾਂਘ ਅਤੇ ਕਾਬਲੀਅਤ।
(ੲ) ਖ਼ੁਦਗਰਜ਼ ਰੁਚੀ ਤੇ ਦੁਨਿਆਵੀ ਧੜੇਬੰਦੀਆਂ ਤੋਂ ਨਿਰਲੇਪਤਾ ਅਤੇ ਹਰ
ਤਰ੍ਹਾਂ ਦੇ ਦੁਨਿਆਵੀ ਦਬਾਅ ਤੋਂ ਮੁਕਤ ਹੋ ਕੇ, ਨਿਰਭਉ ਤੇ ਨਿਰਵੈਰੁ ਰਹਿ ਕੇ ਵਿਚਰਨਾ।
ਸੁਭਾਵਕ ਹੀ ਹੈ ਕਿ ਸਤਿਗੁਰੂ ਜੀ, ਆਉਂਣ ਵਾਲੇ ਸਮੇਂ ਦੌਰਾਨ ਵੀ, ਇਸੇ
ਗੁਰਮਤਿ ਵਿਧੀ ਅਨੁਸਾਰ ਇਸ ਸੰਸਥਾ ਦੇ ਸੇਵਾਦਾਰ ਮੁਕੱਰਰ ਕਰਨ ਲਈ ਤਾਕੀਦ ਕਰਦਿਆਂ ਕਰਦੇ ਹੋਣਗੇ।
‘ਸੰਗਤਿ’ ਸੰਸਥਾ ਦਾ ਯੋਗਦਾਨ
ਇਤਿਹਾਸਕ ਲਿਖਤਾਂ (ਕਾਦੀਆਨਾ ਮੁਸਲਿਮ ਫ਼ਿਰਕੇ ਦੇ ਬਾਨੀ ਮਿਰਜ਼ਾ ਗ਼ੁਲਾਮ
ਮੁਹੰਮਦ ਤੇ ਭਾਈ ਗੁਰਦਾਸ ਦੀਆਂ ਲਿਖਤਾਂ) ਇਸ ਹਕੀਕਤ ਦੀ ਪੁਸ਼ਟੀ ਕਰਦੀਆਂ ਹਨ ਕਿ ਗੁਰੂ ਨਾਨਕ ਸਾਹਿਬ
ਦੇ ਸਰੀਰਕ ਜੀਵਨ-ਕਾਲ ਦੌਰਾਨ ਹੀ (1539 ਤੱਕ) ਉਸ ਵਕਤ ਦੇ ਸੰਸਾਰ ਦੀ ਵਸੋਂ ਦਾ ਤਕਰੀਬਨ ਤੀਜੇ
ਹਿੱਸੇ ਤੋਂ ਵੀ ਵੱਧ ਹਿੱਸਾ, ਆਪ-ਮੁਹਾਰੇ ਹੀ, ਮਨੁੱਖੀ ਮਨਾਂ ਨੂੰ ਕੁਦਰਤੀ ਤੌਰ `ਤੇ ਖਿੱਚ ਪਾਉਂਣ
ਵਾਲੇ ਇਸ ਇਨਕਲਾਬੀ ਗੁਰਮਤਿ ਫ਼ਲਸਫ਼ੇ ਦੇ ਪ੍ਰਚਾਰ ਤੋਂ ਡੂੰਘੇ ਰੂਪ ਵਿੱਚ ਪ੍ਰਭਾਵਤ ਹੋਇਆ। ਇਹ ਹਕੀਕਤ
ਵੀ ਜ਼ਿਕਰਯੋਗ ਹੈ ਕਿ ਮਨੁੱਖੀ ਸਮਾਜ ਦੇ ਇਸ ਹਿੱਸੇ ਵਿੱਚ, ਜਨ-ਸਧਾਰਨ ਤੋਂ ਇਲਾਵਾ, ਵਕਤ ਦੇ
ਰਾਜੇ-ਮਹਾਂਰਾਜੇ, ਰੱਬੀ-ਭਗਤ ਅਤੇ ਮਾਨਵ-ਵਿਰੋਧੀ ਅੱਡਿਆਂ ਦੇ ਮੁੱਖੀ ਸੰਚਾਲਕ (ਸੱਜਣ ਠੱਗ, ਕੌਡਾ
ਭੀਲ, ਵਲੀ ਕੰਧਾਰੀ, ਭੂਮੀਆ ਚੋਰ, ਢਾਕੇ ਦੀ ਜਾਦੂਗਰਨੀ ਨੂਰਸ਼ਾਹ ਆਦਿ) ਵੀ ਸ਼ਾਮਿਲ ਸਨ ਜਿਨ੍ਹਾਂ ਨੇ
ਇਸ ਇਨਕਲਾਬੀ ਲਹਿਰ ਵਿੱਚ ਸ਼ਾਮਿਲ ਹੋ ਕੇ ਗੁਰਮਤਿ ਫ਼ਲਸਫ਼ੇ ਦਾ ਅੱਗੇ ਦ੍ਰਿੜਤਾ ਨਾਲ ਪ੍ਰਚਾਰ ਵੀ
ਕੀਤਾ।
2. ਹੋਰ ਗੁਰਮਤਿ ਸੰਸਥਾਵਾਂ ਹੋਂਦ ਵਿੱਚ ਆਈਆਂ
ਗੁਰੂ ਨਾਨਕ ਸਾਹਿਬ ਦੇ ਜੀਵਨ-ਕਾਲ ਦੌਰਾਨ ਹੀ, ਸਰਬ-ਸਾਂਝਾ ਲੰਗਰ (ਪੰਗਤ)
ਨਾਂਅ ਦੀ ਸੰਸਥਾ, ‘ਸੰਗਤਿ’ ਦੇ ਵਿਕਾਸ ਦੇ ਰੂਪ ਵਿੱਚ ਹੋਂਦ ਵਿੱਚ ਆਈ ਜਿਥੇ ਲੋੜਵੰਦਾਂ ਨੂੰ,
ਬਿਨਾਂ ਕਿਸੇ ਭਿੰਨ-ਭੇਦ ਦੇ ਇੱਕ ਪੰਗਤ ਵਿੱਚ ਬੈਠਾ ਕੇ ਸਾਂਝੀ ਰਸੋਈ (ਲੰਗਰ) ਵਿੱਚ ਤਿਆਰ ਕੀਤਾ
ਭੋਜਨ ਮੁਫ਼ਤ ਛਕਾਇਆ ਜਾਂਦਾ ਸੀ। ‘ਸੰਗਤਿ’ ਵਿਕਾਸ ਕਰ ਕੇ ਧਰਮਸ਼ਾਲਾ ਦਾ ਰੂਪ ਧਾਰਦੀ ਹੋਈ ਮੌਜੂਦਾ
ਗੁਰਦਵਾਰਾ ਬਣੀ ਜਿੱਥੋਂ ਲੋੜਵੰਦਾਂ ਲਈ ਸਾਂਝੇ ਲੰਗਰ ਦੇ ਨਾਲ-ਨਾਲ, ਮੁਫ਼ਤ ਰਿਹਾਇਸ਼, ਮੁਫ਼ਤ ਸਿਹਤ
ਸੇਵਾਵਾਂ, ਮੁਫ਼ਤ ਵਿਦਿਆ, ਮੁਫ਼ਤ ਕਸਰਤ ਕੇਂਦਰ (ਜਿੰਮ) ਅਤੇ ਹੋਰ ਸਾਂਝੇ ਸਮਾਜ-ਭਲਾਈ ਦੇ ਕਾਰਜ ਵੀ
ਕੀਤੇ ਜਾਣ ਲੱਗੇ। ਇਨ੍ਹਾਂ ਸਾਰੇ ਕਾਰਜਾਂ ਲਈ ਮਾਇਆ, ਇਸ ਇਨਕਲਾਬੀ ਲਹਿਰ ਵਿੱਚ ਸ਼ਾਮਿਲ ਪ੍ਰਾਣੀਆਂ
ਵੱਲੋਂ, ਸਵੈ-ਇੱਛਾ ਨਾਲ, ਆਪੋ-ਆਪਣੀ ਕਮਾਈ ਵਿੱਚੋਂ ਭੇਟਾ ਕੀਤੇ ਦਸਵੰਧ ਦੀ ਪੂੰਜੀ ਦੇ ਰੂਪ ਵਿੱਚ,
ਆਇਆ ਕਰਦੀ ਸੀ।
3. ਮਨੁੱਖੀ ਬਰਾਬਰਤਾ ਵਾਲੇ ਸਮਾਜ ਦਾ ਵਿਕਾਸ
ਗੁਰੂ ਨਾਨਕ ਸਾਹਿਬ ਵੱਲੋਂ 1478 ਵਿੱਚ ਅਰੰਭ ਕੀਤੇ ਇਨਕਲਾਬ ਦਾ ਪਹਿਲਾ
ਪੜਾਅ ਸੀ ਮਨੁੱਖੀ ਬਰਾਬਰਤਾ ਵਾਲੇ, ਯਾਨੀ ਕਿ, ਕਾਦਿਰੁ ਦੀ ਕੁਦਰਤਿ ਦੇ ਨਿਯਮਾਂ ਦੀ ਸਵੈ-ਇੱਛਾ ਨਾਲ
ਪਾਲਣਾ ਕਰਨ ਵਾਲੇ ਸਮਾਜ ਦਾ ਵਿਕਾਸ ਕਰਨਾ। ਇਸ ਮਨੋਰਥ ਦੀ ਪੂਰਤੀ ਲਈ ਹੀ ‘ਸੰਗਤਿ’ ਤੇ ‘ਪੰਗਤ’,
ਦੀਆਂ ਸੰਸਥਾਵਾਂ ਦੇ ਨਾਲ-ਨਾਲ ਅਜਿਹੇ ਨਗਰ ਵੀ ਵਸਾਉਣੇ ਜ਼ਰੂਰੀ ਸਮਝੇ ਗਏ ਜਿੱਥੇ ਗੁਰਮਤਿ ਇਨਕਲਾਬੀ
ਫ਼ਲਸਫ਼ੇ ਦੇ ਸਿਧਾਂਤਾਂ ਨੂੰ ਅਮਲੀ ਰੂਪ ਵਿੱਚ ਅਪਣਾਉਂਣ ਵਾਲੇ ਵੱਖ-ਵੱਖ ਕਿਤਿਆਂ ਦੇ ਲੋਕਾਂ ਨੂੰ
ਇਕੱਠਿਆਂ ਰਹਿ ਕੇ, ਸਮਾਜਿਕ ਤੌਰ `ਤੇ ਵਿਕਸਤ ਹੋਣ ਦਾ ਅਨੁਕੂਲ ਵਾਤਾਵਰਣ ਮਿਲ ਸਕੇ। 1522 ਵਿੱਚ,
ਵਿਸ਼ਵ-ਪੱਧਰੀ ਪ੍ਰਚਾਰ ਫੇਰੀਆਂ ਦੀ ਸਮਾਪਤੀ ਤੋਂ ਬਾਅਦ, ਗੁਰੂ ਨਾਨਕ ਸਾਹਿਬ ਨੇ ਰਾਵੀ ਦਰਿਆ ਦੇ
ਕਿਨਾਰੇ ਆਪਣੀ ਜ਼ਮੀਨ ਦੇ ਨਜ਼ਦੀਕ ਕੁੱਝ ਹੋਰ ਜ਼ਮੀਨ ਖਰੀਦ ਕੇ ਕਰਤਾਰਪੁਰ ਨਾਂਅ ਦਾ ਨਗਰ ਵਸਾਇਆ। ਇਸੇ
ਤਰ੍ਹਾਂ ਹੀ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਜਾਮਿਆਂ ਨੇ ਸਿੱਖ ਵਸੋਂ ਵਾਲੇ ਨਗਰ (ਖਡੂਰ,
ਗੋਇੰਦਵਾਲ, ਅੰਮ੍ਰਿਤਸਰ, ਤਰਨਤਾਰਨ, ਹਰਿਗੋਬਿੰਦਪੁਰਾ, ਅਨੰਦਪੁਰ, ਕੀਰਤਪੁਰ, ਪਾਉਂਟਾ ਆਦਿ) ਵਸਾਏ।
ਸਮਾਂ ਪਾ ਕੇ ਇਹ ਨਗਰ ਮਨੁੱਖੀ ਬਰਾਬਰਤਾ ਵਾਲੇ ਆਦਰਸ਼ਕ ਸਮਾਜ ਦਾ ਵਿਕਾਸ ਕਰਨ ਲਈ ਸਥਾਨਕ ਕੇਂਦਰਾਂ
ਦੇ ਰੂਪ ਵਿੱਚ ਸਥਾਪਤ ਹੋ ਗਏ।
4. ਸਰਬਸਾਂਝੇ ਸਰੋਵਰ/ਬਾਉਲੀ/ਖੂਹ ਤਿਆਰ ਹੋਏ
ਸਮਾਜ ਵਿੱਚੋਂ ਊਚ-ਨੀਚ ਅਤੇ ਸੁੱਚ-ਭਿੱਟ ਵਰਗੀਆਂ ਗ਼ੈਰ-ਕੁਦਰਤੀ ਮਨੌਤਾਂ ਨੂੰ
ਖਤਮ ਕਰਨ ਲਈ ਅਤੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਸਰਬ-ਸਾਂਝੇ ਸਰੋਵਰ, ਬਾਊਲੀਆਂ ਅਤੇ ਖੂਹ ਤਿਆਰ
ਕਰਵਾਏ ਗਏ।
5. ਵਪਾਰ-ਕੇਂਦਰ, ਘੋੜ-ਸਵਾਰੀ ਅਤੇ ਸ਼ਸਤਰ-ਅਭਿਆਸ ਅਰੰਭ ਹੋਏ
ਗੁਰੂ ਅਰਜੁਨ ਸਾਹਿਬ ਨੇ ਸਿੱਖ ਵਸੋਂ ਵਾਲੇ ਸਥਾਪਤ ਹੋ ਚੁੱਕੇ ਨਗਰਾਂ ਵਿੱਚ
ਵੱਖ-ਵੱਖ ਕਿੱਤਿਆਂ ਦੇ ਤਕਨੀਕੀ ਮਾਹਰਾਂ ਅਤੇ ਵਪਾਰੀਆਂ ਨੂੰ, ਉਚੇਚੇ ਤੌਰ `ਤੇ ਯਤਨ ਕਰ ਕੇ,
ਸਹੂਲਤਾਂ ਦੇ ਕੇ, ਵਸਾਇਆ। ਸਿੱਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਦੂਰ-ਦੁਰਾਡੇ ਦੇ ਦੇਸ਼ਾਂ ਵੱਲ
ਘੱਲ ਕੇ ਵਧੀਆ ਨਸਲ ਦੇ ਘੋੜੇ ਖਰੀਦ ਕੇ ਲਿਆਉਂਣ ਲਈ ਉਤਸ਼ਾਹਤ ਕੀਤਾ, ਘੋੜ-ਸਵਾਰੀ ਅਤੇ ਸ਼ਸਤਰ ਅਭਿਆਸ
ਅਰੰਭ ਕਰਵਾਏ।
6. ਮੰਜੀਆਂ ਅਤੇ ਪੀੜ੍ਹੇ ਸਥਾਪਤ ਹੋਏ-ਇਸਤਰੀ ਨੂੰ ਮਰਦ ਦੇ ਬਰਾਬਰ ਹੱਕ
ਪ੍ਰਾਪਤ ਹੋਏ
ਗੁਰੂ ਅਮਰਦਾਸ ਸਾਹਿਬ ਨੇ, ਇਨਕਲਾਬੀ ਫ਼ਲਸਫ਼ੇ ਦਾ ਸੁਚੱਜੇ ਢੰਗ ਨਾਲ ਪ੍ਰਚਾਰ
ਕਰਨ ਲਈ, ਅਲੱਗ-ਅਲੱਗ ਇਲਾਕਿਆਂ ਵਿੱਚ, 22 ਮੰਜੀਆਂ ਤੇ 52 ਪੀੜ੍ਹੇ ਪ੍ਰਚਾਰ ਕੇਂਦਰਾਂ ਦੇ ਰੂਪ
ਵਿੱਚ ਸਥਾਪਤ ਕੀਤੇ। ਮੰਜੀਆਂ ਮਰਦ-ਪ੍ਰਚਾਰਕਾਂ ਤੇ ਪੀੜੇ ਇਸਤਰੀ-ਪ੍ਰਚਾਰਕਾਂ `ਤੇ ਆਧਾਰਤ ਸਨ।
7. ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਸਥਾਪਨਾ
ਗੁਰੂ ਰਾਮਦਾਸ ਸਾਹਿਬ ਨੇ ਲੋੜੀਂਦੀ ਜ਼ਮੀਨ ਖਰੀਦ ਕੇ ਅੰਮ੍ਰਿਤਸਰ ਸ਼ਹਿਰ ਨੂੰ
ਗੁਰਮਤਿ ਇਨਕਲਾਬ ਦੇ ਕੇਂਦਰ ਵਜੋਂ ਵਸਾਇਆ ਸੀ। ਇਥੇ ਗੁਰੂ ਅਰਜਨ ਸਾਹਿਬ ਨੇ ਸਰੋਵਰ ਦੇ ਵਿਚਕਾਰ
ਦਰਬਾਰ ਸਾਹਿਬ ਦੀ ਇਮਾਰਤ ਤਿਆਰ ਕਰਵਾ ਕੇ, ਪਹਿਲੀ ਸਤੰਬਰ 1604 ਦੇ ਦਿਨ (ਗੁਰੂ) ਗ੍ਰੰਥ ਸਾਹਿਬ ਦੇ
ਪਹਿਲੇ ਸਰੂਪ ਦਾ ਪ੍ਰਕਾਸ਼ ਕਰਵਾਇਆ।
8. ਗੁਰੂ ਅਰਜੁਨ ਸਾਹਿਬ ਦੀ ਸ਼ਹੀਦੀ
ਗੁਰਮਤਿ ਇਨਕਲਾਬ ਦੇ ਵਿਕਾਸ ਨੂੰ ਰੋਕਣ ਲਈ, ਭਾਰਤ ਵਿੱਚ ਮੁਗ਼ਲ ਰਾਜ ਦੇ
ਫ਼ਿਰਕਾਪ੍ਰਸਤ ਅਹਿਲਕਾਰਾਂ, ਮੁਸਲਮਾਨਾਂ ਦੇ ਨਕਸ਼ਬੰਦੀ ਫ਼ਿਰਕੇ ਦੇ ਆਗੂ ਸ਼ੈਖ਼ ਅਹਿਮਦ (ਸਰਹਿੰਦ ਦਾ
ਰਹਿਣ ਵਾਲਾ), ਕਾਜ਼ੀ ਤੇ ਮੁਲਾਣਿਆਂ ਦੀ ਸਾਜਿਸ਼ੀ ਮਿਲੀ-ਭੁਗਤ ਨਾਲ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ
ਅਰਜੁਨ ਸਾਹਿਬ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ, ਮਈ 1606 ਵਿੱਚ ਸ਼ਹੀਦ ਕਰਵਾ ਦਿੱਤਾ।
9. ਅਕਾਲ ਤਖ਼ਤ ਸਾਹਿਬ ਦੀ ਕੇਂਦਰੀ ਸੰਸਥਾ ਹੋਂਦ ਵਿੱਚ ਆਈ
ਗੁਰੂ ਅਰਜੁਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ, 1608-09 ਵਿੱਚ, ਗੁਰੂ
ਹਰਿਗੋਬਿੰਦ ਸਾਹਿਬ ਨੇ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ, ਗੁਰਮਤਿ ਫ਼ਲਸਫ਼ੇ ਦੇ ‘ਮੀਰੀ-ਪੀਰੀ’
ਦੇ ਵਿਲੱਖਣ ਸਿਧਾਂਤ ਨੂੰ ਸਥੂਲ ਰੂਪ ਵਿੱਚ ਪਰਗਟ ਕਰਨ ਲਈ, ਗੁਰਮਤਿ ਇਨਕਲਾਬ ਦੀ ਕੇਂਦਰੀ ਸੰਸਥਾ
‘ਅਕਾਲ ਤਖ਼ਤ ਸਾਹਿਬ’ ਦੀ ਸਥਾਪਨਾ ਕੀਤੀ। ਇਹ ਸੰਸਥਾ, ਇੱਕੋ-ਇੱਕ ਅਕਾਲ ਪੁਰਖੁ ਦੀ ਹਕੂਮਤ ਅਧੀਨ,
ਸਿੱਖ ਕੌਮ ਦੀ ਪ੍ਰਭੂ-ਸੱਤਾ ਦਾ ਪ੍ਰਗਟਾਵਾ ਕਰਦੀ ਹੈ।
10. ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਕਿਲ੍ਹੇ ਵਿੱਚ ਕੈਦ
ਜਹਾਂਗੀਰ ਨੇ ਗੁਰੂ ਹਰਿ ਗੋਬਿੰਦ ਸਾਹਿਬ ਨੂੰ, ਗੱਲਬਾਤ ਕਰਨ ਦੇ ਬਹਾਨੇ,
ਦਿੱਲੀ ਬੁਲਾ ਕੇ, ਜਨਵਰੀ 1612 ਵਿੱਚ, 12 ਸਾਲ ਲਈ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ।
ਇਸ ਕਿਲ੍ਹੇ ਵਿੱਚ 52 ਹਿੰਦੂ ਰਾਜੇ ਵੀ ਕੈਦ ਕੀਤੇ ਹੋਏ ਸਨ। ਜਹਾਂਗੀਰ ਦੇ ਅਹਿਮ ਦਰਬਾਰੀ ਵਜ਼ੀਰ
ਖ਼ਾਂ, ਸਾਂਈ ਮੀਆਂ ਮੀਰ, ਮਲਿਕਾ ਨੂਰ ਜਹਾਂ ਅਤੇ ਗਵਾਲੀਅਰ ਦੇ ਕਿਲ੍ਹੇ ਦੇ ਦਰੋਗਾ ਹਰੀ ਦਾਸ ਯਾਦਵ
ਆਦਿ ਦੇ ਯਤਨਾਂ ਕਾਰਨ, 26 ਅਕਤੂਬਰ 1619 ਨੂੰ ਗੁਰੂ ਸਾਹਿਬ ਨੂੰ ਰਿਹਾਅ ਕਰ ਦਿੱਤਾ ਗਿਆ। ਪਰ,
ਗੁਰੂ ਸਾਹਿਬ ਨੇ ਇਕੱਲਿਆਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਕੈਦੀ 52 ਹਿੰਦੂ ਰਾਜਿਆਂ ਨੂੰ
ਵੀ ਆਪਣੇ ਨਾਲ ਹੀ ਰਿਹਾਅ ਕਰਵਾ ਕੇ, ਕੈਦ `ਚੋਂ ਬਾਹਰ ਆਏ।
11. ਗੁਰੂ ਹਰਿ ਗੋਬਿੰਦ ਸਾਹਿਬ `ਤੇ ਮੁਗ਼ਲਾਂ ਦੇ ਹਮਲੇ
ਸਤੰਬਰ 1621 ਤੋਂ ਜੁਲਾਈ 1635 ਤੱਕ ਤੱਤਕਾਲੀ ਮੁਗ਼ਲ ਬਾਦਸ਼ਾਹੀ ਫ਼ੌਜਾਂ ਨੇ
ਗੁਰੂ ਹਰਿ ਗੋਬਿੰਦ ਸਾਹਿਬ `ਤੇ ਵੱਡੇ ਹਮਲੇ ਕੀਤੇ, ਪਰ, ਹਰ ਵਾਰ ਬਾਦਸ਼ਾਹੀ ਫ਼ੌਜਾਂ ਭਾਰੀ
ਜਾਨੀ-ਨੁਕਸਾਨ ਕਰਾ ਕੇ ਨੱਸ ਜਾਂਦੀਆਂ ਰਹੀਆਂ।
12. ਗੁਰੂ ਹਰਿ ਰਾਏ ਸਾਹਿਬ ਨਾਲ 2200 ਘੋੜ-ਸਵਾਰ ਸਿੱਖ ਫ਼ੌਜ
ਗੁਰੂ ਹਰਿ ਰਾਏ ਸਾਹਿਬ ਨਾਲ 2200 ਘੋੜ-ਸਵਾਰ ਅਤੇ ਸੈਂਕੜੇ ਹੋਰ ਸਿੱਖ ਫ਼ੌਜੀ
ਹਮੇਸ਼ਾਂ ਹੀ ਰਹਿੰਦੇ ਸਨ, ਪਰ, ਉਨ੍ਹਾਂ `ਤੇ ਮੁਗ਼ਲ ਬਾਦਸ਼ਾਹ ਸ਼ਾਹ ਜਹਾਨ ਦੀਆਂ ਫ਼ੌਜਾਂ ਨੂੰ ਹਮਲਾ ਕਰਨ
ਦਾ ਹੀਆ ਨਾ ਪਿਆ।
13. ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ
ਭਾਰਤ ਉੱਪ-ਮਹਾਂਦੀਪ ਵਿੱਚ, ਜ਼ਾਲਮ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ
ਅਧੀਨ ਹਿੰਦੂ ਸਮਾਜ (ਵਿਸ਼ੇਸ਼ ਕਰ ਕੇ ਬ੍ਰਾਹਮਣਾਂ) ਨੂੰ ਜ਼ਬਰਦਸਤੀ ਮੁਸਲਮਾਨ ਬਣਾਉਂਣ ਦੀ ਮੁਹਿੰਮ
ਚਲਾਈ ਗਈ ਸੀ। ਜਦੋਂ ਇਨ੍ਹਾਂ ਮਜ਼ਲੂਮਾਂ ਨੂੰ ਕਿਸੇ ਪਾਸਿਉਂ ਵੀ ਮਦਦ ਨਾ ਮਿਲੀ ਤਾਂ ਇਹ, ਅਨੰਦਪੁਰ
ਸਾਹਿਬ, ਗੁਰੂ ਤੇਗ਼ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਆ ਕੇ ਫ਼ਰਿਆਦੀ ਹੋਏ। ਸਤਿਗੁਰਾਂ ਨੇ, ਇਨ੍ਹਾਂ
ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ, ਆਪਣੇ ਤਿੰਨ ਨਿਕਟਵਰਤੀ ਸਿੱਖਾਂ (ਭਾਈ ਮਤੀ ਦਾਸ, ਭਾਈ
ਸਤੀ ਦਾਸ ਤੇ ਭਾਈ ਦਿਆਲਾ ਜੀ) ਸਮੇਤ, ਦਿੱਲੀ ਚਾਂਦਨੀ ਚੌਕ ਦੀ ਕੋਤਵਾਲੀ ਦੇ ਸਾਹਮਣੇ, ਅਸਹਿ ਤਸੀਹੇ
ਝੱਲ ਕੇ, 11 ਨਵੰਬਰ 1675 ਦੇ ਦਿਨ ਸ਼ਹਾਦਤ ਦਿੱਤੀ। ਮਨੁੱਖਤਾ ਦੇ ਕਲਮਬੰਦ ਹੋਏ ਇਤਿਹਾਸ ਵਿੱਚ ਇਸ
ਕਿਸਮ ਦੀ ਇਹ ਪਹਿਲੀ ਘਟਨਾ ਸੀ ਕਿ ਜਦ ਕਿਸੇ ਕੌਮ ਦੇ ਧਾਰਮਿਕ ਮੁੱਖੀ ਨੇ ਕਿਸੇ ਦੂਜੇ ਮਜ਼੍ਹਬ ਦੇ
ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਆਪਣੀ ਸ਼ਹਾਦਤ ਦਿੱਤੀ ਹੋਵੇ।
14. ਭੰਗਾਣੀ ਦਾ ਜੰਗ
ਨਾਹਨ (ਹਿਮਾਚਲ ਪ੍ਰਦੇਸ਼) ਦੇ ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਪਰਵਾਨ
ਕਰਕੇ, ਗੁਰੂ ਗੋਬਿੰਦ ਸਿੰਘ ਅਪ੍ਰੈਲ 1685 ਵਿੱਚ ਨਾਹਨ ਪੁੱਜੇ, ਅਤੇ ਉਸੇ ਮਹੀਨੇ ਹੀ, ਜਮੁਨਾ ਨਦੀ
ਦੇ ਕਿਨਾਰੇ, ਪਉਂਟਾ ਨਗਰ ਦੀ ਉਸਾਰੀ ਅਰੰਭ ਕਰਵਾਈ। 18 ਸਤੰਬਰ 1688 ਦੇ ਦਿਨ, ਬਿਲਾਸਪੁਰ ਦੇ ਰਾਜੇ
ਭੀਮ ਚੰਦ ਦੇ ਮਜ਼ਬੂਰ ਕਰਨ `ਤੇ, (ਕਿਉਂਕਿ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਦਾ ਵਿਆਹ ਸ੍ਰੀਨਗਰ
ਗੜ੍ਹਵਾਲ ਦੇ ਰਾਜੇ ਫਤਹਿ ਸ਼ਾਹ ਦੀ ਧੀ ਨਾਲ ਅਜੇ ਹੋ ਕੇ ਹੀ ਹਟਿਆ ਸੀ ਅਤੇ ਬਾਰਾਤ ਵਿੱਚ ਸ਼ਾਮਿਲ ਹੋਏ
ਬਾਈਧਾਰ (ਹਿਮਾਚਲ) ਦੇ ਰਾਜੇ ਅਜੇ ਆਪਣੀਆਂ ਫ਼ੌਜਾਂ ਦੇ ਚੋਣਵਿਆਂ ਸੂਰਮਿਆਂ ਸਮੇਤ ਗੜ੍ਹਵਾਲ ਵਿੱਚ ਹੀ
ਸਨ) ਪਹਾੜੀ ਰਾਜਿਆਂ ਨੇ ਬਾਰਾਤ ਦੀ ਵਾਪਸੀ ਦੌਰਾਨ, ਫ਼ਤਹਿ ਸ਼ਾਹ ਦੀਆਂ ਫੌਜਾਂ ਸਮੇਤ, ਪਾਉਂਟਾ ਵਿਖੇ
ਗੁਰੂ ਸਾਹਿਬ `ਤੇ ਹਮਲਾ ਕਰਨ ਦਾ ਪਲਾਨ ਬਣਾ ਲਿਆ। ਗੁਰੂ ਸਾਹਿਬ ਨੂੰ ਜਦੋਂ ਇਸ ਬਾਰੇ ਖ਼ਬਰ ਮਿਲੀ
ਤਾਂ ਉਨ੍ਹਾਂ ਨੇ ਪਾਉਂਟਾ ਨਗਰ ਤੋਂ ਕੁੱਝ ਕੁ ਮੀਲ ਬਾਹਰ ਜਮੁਨਾ ਦੇ ਕਿਨਾਰੇ ਮੋਰਚੇ ਮੱਲ ਲਏ। 18
ਸਤੰਬਰ ਨੂੰ ਜੰਗ ਸ਼ੁਰੂ ਹੋਣ ਦੇ ਵਕਤ ਸਢੌਰਾ ਨਿਵਾਸੀ ਪੀਰ ਬੁੱਧੂ ਸ਼ਾਹ ਵੀ ਆਪਣੇ ਪੁੱਤਰਾਂ, ਨਜ਼ਦੀਕੀ
ਰਿਸ਼ਤੇਦਾਰਾਂ ਅਤੇ ਮੁਰੀਦਾਂ ਦੇ ਤਕਰੀਬਨ 700 ਦੀ ਨਫ਼ਰੀ ਵਾਲੇ ਕਾਫ਼ਲੇ ਸਮੇਤ ਸਤਿਗੁਰਾਂ ਦੀ ਸਹਾਇਤਾ
ਲਈ ਆਣ ਹਾਜ਼ਿਰ ਹੋਇਆ। ਘਮਸਾਨ ਦੇ ਜੰਗ ਵਿੱਚ ਭਾਰੀ ਜਾਨੀ-ਨੁਕਸਾਨ ਉਠਾ ਕੇ ਪਹਾੜੀ ਹਿੰਦੂ ਰਾਜੇ ਨੱਸ
ਗਏ। ਇਸ ਜੰਗ ਵਿੱਚ ਗੁਰੂ ਸਾਹਿਬ ਦੀ ਭੂਆ ਦੇ ਦੋ ਪੁੱਤਰ ਅਤੇ ਪੀਰ ਬੁਧੂ ਸ਼ਾਹ ਦੇ ਦੋ ਪੁੱਤਰ ਵੀ
ਸ਼ਹੀਦ ਹੋ ਗਏ। ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਇਸ ਜੰਗ ਵਿੱਚ ਹਿੱਸਾ ਨਹੀਂ ਲਿਆ ਸੀ।
ਨਿਰਸੰਦੇਹ, ਇਹ ਹਮਲਾ ਗੁਰਮਤਿ ਇਨਕਲਾਬ ਨੂੰ ਮਾਰੂ ਸੱਟ ਮਾਰਨ ਲਈ ਹੀ ਕੀਤਾ ਗਿਆ ਸੀ।
15. ਭ੍ਰਿਸ਼ਟ ਧਾਰਮਿਕ ਪ੍ਰਚਾਰਕਾਂ (ਮਸੰਦਾਂ) ਨੂੰ ਮਿਸਾਲੀ ਸਜ਼ਾਵਾਂ
ਗੁਰੂ ਅਮਰਦਾਸ ਸਾਹਿਬ ਦੇ ਵਕਤ ਗੁਰਮਤਿ ਇਨਕਲਾਬ ਦਾ ਵਿਉਂਤਬੰਦ ਢੰਗ ਨਾਲ
ਪ੍ਰਚਾਰ ਕਰਨ ਲਈ 22 ਮੰਜੀਆਂ ਤੇ 52 ਪੀੜ੍ਹੇ ਸਥਾਪਤ ਕੀਤੇ ਗਏ ਸਨ। ਇਨ੍ਹਾਂ ਪ੍ਰਚਾਰ ਕੇਂਦਰਾਂ ਨੇ
ਕਾਫ਼ੀ ਸਮਾਂ ਬੜਾ ਚੰਗਾ ਕੰਮ ਕੀਤਾ। ਪਰ, ਸਤਾਰਵੀਂ ਸਦੀ ਦੇ ਪਿਛਲੇ ਦਹਾਕਿਆਂ ਤੱਕ
ਪਹੁੰਚਦੇ-ਪਹੁੰਚਦੇ, ਮੰਜੀਆਂ ਦੇ ਪ੍ਰਚਾਰਕ ਮੁੱਖੀ (ਮਸੰਦ) ਭ੍ਰਿਸ਼ਟ ਹੋ ਗਏ ਅਤੇ ਸੰਗਤਿ ਤੋਂ
ਜ਼ਬਰਦਸਤੀ ਮਾਇਆ ਇਕੱਠੀ ਕਰ ਕੇ ਐਸ਼-ਪ੍ਰਸਤੀ ਕਰਨ ਲੱਗ ਪਏ। ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ
ਜਨਤਕ ਤੌਰ `ਤੇ, ਮਿਸਾਲੀ ਸਜ਼ਾਵਾਂ ਦੇ ਕੇ ਮਸੰਦ ਸੰਸਥਾ ਨੂੰ ਬੰਦ ਕਰ ਦਿੱਤਾ।
16. ਖੰਡੇ ਦੀ ਪਾਹੁਲ ਦੀ ਅਦੁੱਤੀ ਬਖਸ਼ਿਸ਼
29 ਮਾਰਚ 1699 ਦੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਦੀ
ਪਾਵਨ ਧਰਤੀ `ਤੇ ਸਿੱਖ ਕੌਮ ਦੀ ਵਿਸ਼ੇਸ਼ ਇਕੱਤ੍ਰਤਾ ਬੁਲਾਈ। ਇਸ ਇਕੱਤ੍ਰਤਾ ਬਾਰੇ ਕੌਮ ਨੂੰ ਜਾਣਕਾਰੀ
ਕੁੱਝ ਮਹੀਨੇ ਪਹਿਲਾਂ ਹੀ ਦਿੱਤੀ ਜਾ ਚੁੱਕੀ ਸੀ। ਉਸ ਦਿਨ ਸਵੇਰ ਦੇ ਦੀਵਾਨ ਵਿੱਚ, ਕੀਰਤਨ ਤੇ
ਸ਼ਬਦ-ਵਿਚਾਰ ਤੋਂ ਬਾਅਦ, ਗੁਰੂ ਸਾਹਿਬ ਨੇ ਆਪਣੀ ਕਿਰਪਾਨ ਮਿਆਨ `ਚੋਂ ਕੱਢੀ ਅਤੇ ਕੜਕਵੀਂ ਬੀਰ-ਰਸੀ
ਆਵਾਜ਼ ਵਿੱਚ ਇੱਕ ਸਿਰ ਦੀ ਮੰਗ ਕੀਤੀ ਤਾਂ ਭਾਈ ਦਇਆ ਰਾਮ ਸੀਸ ਭੇਟ ਕਰਨ ਲਈ ਉੱਠ ਕੇ ਖੜ੍ਹਾ ਹੋਇਆ।
ਗੁਰੂ ਜੀ ਤਖ਼ਤ ਤੋਂ ਉੱਤਰੇ ਤੇ ਉਸ ਨੂੰ ਫੜ ਕੇ ਨੇੜੇ ਵਾਲੀ ਇੱਕ ਹੋਰ ਪਹਾੜੀ `ਤੇ ਗੱਡੇ ਹੋਏ ਤੰਬੂ
ਵਿੱਚ ਲੈ ਗਏ (ਹੁਣ ਇਹ ਤੰਬੂ ਵਾਲੀ ਪਹਾੜੀ ਹੋਂਦ ਵਿੱਚ ਨਹੀਂ ਹੈ) ਕੁੱਝ ਪਲਾਂ ਬਾਅਦ, ਗੁਰੂ ਸਾਹਿਬ
ਖ਼ੂਨ ਨਾਲ ਲਿੱਬੜੀ ਕਿਰਪਾਨ ਲੈ ਕੇ ਤੰਬੂ `ਚੋਂ ਬਾਹਰ ਆਏ ਅਤੇ ਇੱਕ ਹੋਰ ਸਿਰ ਦੀ ਮੰਗ ਕੀਤੀ। ਇਸੇ
ਤਰ੍ਹਾਂ, ਵਾਰੀ-ਵਾਰੀ ਪੰਜ ਵਾਰ ਸਿਰਾਂ ਦੀ ਮੰਗ ਕਰਨ `ਤੇ, ਪੰਜ ਸਿੱਖ, ਵਾਰੀ-ਵਾਰੀ, ਸੀਸ ਭੇਟ ਕਰਨ
ਲਈ ਉੱਠੇ। ਪੰਜਵੇਂ ਸਿੱਖ ਵੱਲੋਂ ਸੀਸ ਭੇਟ ਕਰਨ ਤੋਂ ਕੁੱਝ ਚਿਰ ਮਗਰੋਂ, ਗੁਰੂ ਸਾਹਿਬ ਸੀਸ ਭੇਟ
ਕਰਨ ਵਾਲੇ ਸਿੱਖਾਂ ਦੇ ਨਾਲ, ਤੰਬੂ `ਚੋਂ ਨੀਲਾ ਬਾਣਾ ਪਹਿਨ ਕੇ ਬਾਹਰ ਆਏ। ਸੀਸ ਭੇਟ ਕਰਨ ਵਾਲੇ
ਪੰਜਾਂ ਸਿੱਖਾਂ ਨੇ ਵੀ ਨੀਲਾ ਬਾਣਾ ਪਹਿਨਿਆ ਹੋਇਆ ਸੀ। ਸੀਸ ਭੇਟ ਕਰਨ ਵਾਲੇ ਪੰਜਾਂ ਸਿੱਖਾਂ (ਭਾਈ
ਦਇਆ ਰਾਮ, ਭਾਈ ਧਰਮ ਚੰਦ, ਭਾਈ ਮੁਹਕਮ ਚੰਦ, ਭਾਈ ਸਾਹਿਬ ਚੰਦ, ਭਾਈ ਹਿੰਮਤ ਚੰਦ) ਦੇ ਚਿਹਰਿਆਂ
`ਤੇ ਵੱਖਰੀ ਕਿਸਮ ਦਾ ਨੂਰ ਝਲਕ ਰਿਹਾ ਸੀ।
ਗੁਰੂ ਸਾਹਿਬ ਨੇ ਸੰਗਤ ਨੂੰ ਮੁਖ਼ਾਤਿਬ ਹੋ ਕੇ ਆਖਿਆ ਕਿ, “ਹੁਣ ਤੋਂ ਇਨ੍ਹਾਂ
ਪੰਜਾਂ ਮਰਜੀਵੜਿਆਂ ਨੂੰ ਪੰਜ ਪਿਆਰੇ ਆਖਿਆ ਜਾਇਆ ਕਰੇਗਾ। ਜਦ ਤੱਕ ਚੰਦ ਸੂਰਜ ਕਾਇਮ ਰਹਿਣਗੇ, ਗੁਰੂ
ਨੂੰ ਸੀਸ ਭੇਟ ਕਰਨ ਵਾਲੇ ਪੰਜਾਂ ਸਿੱਖਾਂ ਦਾ ਨਾਂ ਦੁਨੀਆਂ-ਭਰ ਵਿੱਚ ਕਾਇਮ ਰਹੇਗਾ। ਜਦੋਂ ਵੀ ਕੜਾਹ
ਪ੍ਰਸ਼ਾਦ ਦੀ ਦੇਗ਼ ਤਿਆਰ ਹੋਇਆ ਕਰੇਗੀ, ਇਨ੍ਹਾਂ ਦਾ ਛਾਂਦਾ (ਹਿੱਸਾ) ਸਭ ਤੋਂ ਪਹਿਲਾਂ ਕੱਢਿਆ ਜਾਇਆ
ਕਰੇਗਾ।
ਇਸ ਤੋਂ ਪਿੱਛੋਂ, ਗੁਰੂ ਸਾਹਿਬ ਨੇ ਨਜ਼ਦੀਕ ਵਗਦੇ ਸਤਲੁਜ ਦਰਿਆ `ਚੋਂ ਸਾਫ਼
ਜਲ ਮੰਗਵਾ ਕੇ ਖੰਡੇ-ਬਾਟੇ ਦੀ ਪਾਹੁਲ ਤਿਆਰ ਕੀਤੀ। ਫਿਰ ਅਰਦਾਸਿ ਕਰ ਕੇ ਜੈਕਾਰਾ ਛੱਡਣ ਤੋਂ ਬਾਅਦ,
ਖੰਡੇ ਨਾਲ, ਪਹਿਲਾਂ ਪਾਹੁਲ ਦੀਆਂ ਪੰਜ ਬੂੰਦਾਂ ਆਪਣੇ ਮੁੱਖ ਵਿੱਚ ਪਾਈਆਂ ਅਤੇ ਫਿਰ ਪੰਜਾਂ
ਪਿਆਰਿਆਂ ਨੂੰ ਖੰਡੇ ਦੀ ਪਾਹੁਲ ਦੇ ਕੇ ਉਨ੍ਹਾਂ ਨੂੰ ਨਵਾਂ ਨਾਂ ‘ਸਿੰਘ’ ਦਿੱਤਾ। ਪਹਿਲਾਂ ਗੁਰੂ
ਸਾਹਿਬ ਨੇ ਆਪਣਾ ਨਾਂ ਗੋਬਿੰਦ ਸਿੰਘ ਰੱਖਿਆ ਤੇ ਫੇਰ ਪੰਜ ਪਿਆਰਿਆਂ ਨੂੰ ਦਇਆ ਸਿੰਘ, ਧਰਮ ਸਿੰਘ,
ਮੁਹਕਮ ਸਿੰਘ, ਸਾਹਿਬ ਸਿੰਘ ਤੇ ਹਿੰਮਤ ਸਿੰਘ ਦੇ ਨਾਂ ਦਿੱਤੇ। ਇਸ ਤੋਂ ਪਿਛੋਂ ਉਨ੍ਹਾਂ ਨੂੰ
ਰਹਿਤ-ਮਰਯਾਦਾ (ਜੀਵਨ-ਜਾਚ ਦਾ ਅਨੁਸ਼ਾਸਨ) ਦੱਸੀ। ਗੁਰੂ ਸਾਹਿਬ ਨੇ ਆਖਿਆ ਕਿ, “ਹੁਣ ਤੁਹਾਡਾ ਪਿਛਲਾ
ਜਨਮ, ਧਰਮ, ਕਰਮ, ਭਰਮ ਤੇ ਸ਼ਰਮ ਪੰਜੇ ਖ਼ਤਮ ਹੋ ਗਈਆਂ ਹਨ। ਹੁਣ ਤਸੀਂ ਅਕਾਲ ਪੁਰਖੁ ਦੇ ਖ਼ਾਲਸਾ ਹੋ।
ਤੁਸੀਂ ਪੰਜਾਂ ਕਕਾਰਾਂ ਨੂੰ ਹਮੇਸ਼ਾਂ ਆਪਣੇ ਅੰਗ ਰੱਖਣਾ, ਚਾਰ ਬੱਜਰ ਕੁਰਹਿਤਾਂ (ਕੇਸ਼ਾਂ ਦੀ
ਬੇ-ਅਦਬੀ ਨਹੀਂ ਕਰਨੀ, ਕੁੱਠਾ ਮਾਸ ਨਹੀਂ ਖਾਣਾ, ਤਮਾਕੂ ਨਹੀਂ ਵਰਤਣਾ ਤੇ ਪਰ-ਨਾਰੀ ਦਾ ਸੰਗ ਨਹੀਂ
ਕਰਨਾ) ਤੋਂ ਬਚਣਾ। …. ਮੀਣੇ, ਮਸੰਦ, ਧੀਰ ਮੱਲੀਏ, ਰਾਮਰਾਈਏ ਤੇ ਸਿਰਗੁੰਮ (ਮੋਨੇ), ਇਨ੍ਹਾਂ
ਪੰਜਾਂ ਨਾਲ ਮੇਲ ਨਹੀਂ ਰੱਖਣਾ, ਗੋਰ (ਕਬਰ), ਮੜ੍ਹੀ, ਸਮਾਧ ਭੁੱਲ ਕੇ ਵੀ ਨਹੀਂ ਜਾਣਾ, ਤੁਹਾਨੂੰ
ਸੁਨਹਿਰੇ ਵਿੱਚ ਮਿਲਾ ਦਿੱਤਾ ਹੈ। ਆਪਸ `ਚ ਭਰਮ-ਭੇਦ ਨਹੀਂ ਰੱਖਣਾ” (ਡਾ. ਹਰਜਿੰਦਰ ਸਿੰਘ ਦਿਲਗੀਰ:
ਸਿੱਖ ਤਵਾਰੀਖ਼, ਸਫ਼ੇ 316-17)
ਗੁਰੂ ਨਾਨਕ ਸਾਹਿਬ ਵੱਲੋਂ ਅਰੰਭ ਕੀਤੇ ਗੁਰਮਤਿ ਇਨਕਲਾਬ ਦਾ ਇਹ ਤੀਜਾ ਅਤੇ
ਬਹੁਤ ਹੀ ਅਹਿਮ ਪੜਾਅ ਸੀ ਜਿਸ ਰਾਹੀਂ ਸਿੱਖ ਕੌਮ ਨੂੰ ਸ਼ਸਤਰਧਾਰੀ ਹੋ ਕੇ ਸਵੈ-ਇੱਛਾ ਅਧੀਨ, ਅਕਾਲ
ਪੁਰਖੁ ਦੀ ਫ਼ੌਜ (ਖ਼ਾਲਸਾ ਫ਼ੌਜ) ਵਿੱਚ ਸ਼ਾਮਿਲ ਹੋ ਕੇ ਗੁਰਮਤਿ ਇਨਕਲਾਬ ਦੇ ਵਿਕਾਸ ਵਿੱਚ ਬਣਦਾ
ਯੋਗਦਾਨ ਪਾਉਂਣ ਲਈ ਸੱਦਾ ਦਿੱਤਾ ਗਿਆ ਸੀ। ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕਰਨ ਵਾਲੇ ਮਰਦਾਂ ਦੇ
ਨਾਮ ਨਾਲ ‘ਸਿੰਘ’ (ਯਾਨੀ ਕਿ ਸ਼ੇਰ ਦੀ ਨਿਰਭੈਤਾ) ਅਤੇ ਬੀਬੀਆਂ ਦੇ ਨਾਮ ਨਾਲ ‘ਕੌਰ’ (ਰਾਜ ਕੁਮਾਰੀ
ਜਾਂ ਸ਼ਹਿਜ਼ਾਦੀ) ਦਾ ਲਕਬ ਬਖਸ਼ਿਸ਼ ਕੀਤਾ ਗਿਆ। ਸਿੱਖ-ਕਰੈਕਟਰ ਦੀ ਇਹ ਚਰਮ-ਸੀਮਾ ਸੀ।
17. ਹਿੰਦੂ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੇ ਹਮਲੇ
ਜੁਲਾਈ 1698 ਤੋਂ ਲੈ ਕੇ ਮਾਰਚ 1705 ਤੱਕ, ਕੋਈ ਦਰਜਨ ਕੁ ਹਮਲੇ ਪਹਾੜੀ
ਹਿੰਦੂ ਰਾਜਿਆਂ ਅਤੇ ਦਿੱਲੀ ਦੇ ਤਖਤ `ਤੇ ਕਾਬਜ਼ ਮੁਗ਼ਲਾਂ ਵੱਲੋਂ ਅਨੰਦਪੁਰ ਵਾਸੀ ਗੁਰੂ ਗੋਬਿੰਦ
ਸਿੰਘ ਜੀ ਉੱਪਰ ਕੀਤੇ ਗਏ ਤਾਕਿ ਗੁਰਮਤਿ ਇਨਕਲਾਬੀ ਲਹਿਰ ਨੂੰ ਕੁਚਲ ਦਿੱਤਾ ਜਾਵੇ। ਪਰ, ਹਰ ਵਾਰ
ਇਨ੍ਹਾਂ ਹਮਲਾਵਰਾਂ ਨੂੰ ਮੂੰਹ ਦੀ ਖਾਣੀ ਪਈ। ਆਖ਼ਰ, ਪਹਾੜੀ ਰਾਜੇ ਮਈ 1705 ਦੇ ਅਰੰਭ ਤੋਂ,
ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ, ਦੂਰ ਮੋਰਚੇ ਮੱਲ ਕੇ ਬੈਠ ਗਏ। ਅਨੰਦਪੁਰ ਦੇ ਕਿਲ੍ਹਿਆਂ ਅੰਦਰ
ਅਨਾਜ ਅਤੇ ਘਾਹ-ਪੱਠਾ ਖਤਮ ਹੋਣ `ਤੇ ਆ ਗਏ। ਕਹਿੰਦੇ ਹਨ ਕਿ ਸਿੰਘਾਂ ਨੇ, ਮਾਤਾ ਗੁੱਜਰ ਕੌਰ ਜੀ
ਰਾਹੀਂ, ਗੁਰੂ ਸਾਹਿਬ ਨੂੰ, ਅਨੰਦਪੁਰ ਛੱਡਣ ਲਈ ਬੇਨਤੀ ਕੀਤੀ। ਇਸ ਦੇ ਨਾਲ ਹੀ, ਹਿੰਦੂ ਰਾਜਿਆਂ
ਅਤੇ ਔਰੰਗਜ਼ੇਬ ਵੱਲੋਂ ਗੀਤਾ ਅਤੇ ਕੁਰਾਨ ਸ਼ਰੀਫ ਦੀਆਂ ਲਿਖਤੀ ਤੌਰ `ਤੇ ਕਸਮਾਂ ਖਾਧੀਆਂ ਗਈਆਂ ਕਿ
ਜੇਕਰ ਇੱਕ ਵਾਰ ਗੁਰੂ ਸਾਹਿਬ ਅਨੰਦਪੁਰ ਨੂੰ ਖਾਲੀ ਕਰ ਕੇ ਚਲੇ ਜਾਣ ਤਾਂ ਉਨ੍ਹਾਂ ਦਾ ਕਿਸੇ ਵੀ
ਕਿਸਮ ਦਾ ਵਿਰੋਧ ਨਹੀਂ ਕੀਤਾ ਜਾਵੇਗਾ।
18. ਅਨੰਦਪੁਰ ਸਾਹਿਬ ਛੱਡਣਾ
ਦਸੰਬਰ 1705 ਵਿੱਚ, ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ।
ਪਹਾੜੀ ਰਾਜਿਆਂ ਤੇ ਮੁਗ਼ਲਾਂ ਨੇ, ਆਪਣੀਆਂ ਕਸਮਾਂ ਤੋੜ ਕੇ, ਗੁਰੂ ਸਾਹਿਬ ਦੇ ਕਾਫ਼ਲੇ `ਤੇ ਹਮਲਾ ਕਰ
ਦਿੱਤਾ। ਸਰਸਾ ਨਦੀ ਦੇ ਨਜ਼ਦੀਕ ਘਮਸਾਨ ਦਾ ਜੰਗ ਹੋਇਆ। ਮਾਤਾ ਗੁੱਜਰ ਕੌਰ ਅਤੇ ਦੋਨੋਂ ਛੋਟੇ
ਸਾਹਿਬਜ਼ਾਦੇ (ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ) ਕਾਫ਼ਲੇ ਤੋਂ ਵਿੱਛੜ ਗਏ ਅਤੇ ਖੇੜੀ (ਹੁਣ ਨਵਾਂ ਨਾਂ
ਸੁਹੇੜੀ) ਦੇ ਰਹਿਣ ਵਾਲੇ ਬ੍ਰਾਹਮਣ ਗੰਗਾ ਰਾਮ ਦੇ ਸੰਪਰਕ `ਚ ਆ ਕੇ, ਉਸ ਦੇ ਭਰੋਸਾ ਦੇਣ `ਤੇ, ਉਸ
ਦੇ ਘਰ ਚਲੇ ਗਏ। ਉਸ ਨੇ ਵਿਸ਼ਵਾਸਘਾਤ ਕਰ ਕੇ (ਲਾਲਚ ਵਿੱਚ ਆ ਕੇ) ਉਨ੍ਹਾਂ ਨੂੰ, ਮੋਰਿੰਡਾ ਕੋਤਵਾਲ
ਨੂੰ ਇਤਲਾਹ ਦੇ ਕੇ, ਗ੍ਰਿਫ਼ਤਾਰ ਕਰਵਾ ਦੱਤਾ, ਜਿੱਥੋਂ ਉਨ੍ਹਾਂ ਨੂੰ ਸੂਬਾ ਸਰਹਿੰਦ ਵਜ਼ੀਰ ਖਾਂ ਦੇ
ਸਪੁਰਦ ਕੀਤਾ ਗਿਆ। ਉਨ੍ਹਾਂ ਨੂੰ ਠੰਢੇ ਬੁਰਜ ਵਿੱਚ ਕੈਦ ਕਰ ਕੇ, ਤਿੰਨ ਦਿਨ, ਕਈ ਕਿਸਮ ਦੇ
ਦੁਨਿਆਵੀ ਲਾਲਚ ਅਤੇ ਡਰਾਵੇ ਦੇ ਕੇ ਮੁਸਲਮਾਨ ਬਣਾਉਂਣ ਦੇ ਯਤਨ ਕੀਤੇ ਗਏ। ਪਰ, ਉਨ੍ਹਾਂ ਵੱਲੋਂ
ਇਨਕਾਰ ਕਰਨ `ਤੇ, ਉਨ੍ਹਾਂ ਨੂੰ ਜਿਉਂਦੇ-ਜੀਅ ਨੀਹਾਂ ਵਿੱਚ ਚਿਣਾ ਕੇ ਸ਼ਹੀਦ ਕਰ ਦਿੱਤਾ ਗਿਆ। ਮਾਤਾ
ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ।
19. ਚਮਕੌਰ ਸਾਹਿਬ ਦੀ ਜੰਗ
ਸਰਦੀ ਰੁੱਤ ਦੀ ਹਨ੍ਹੇਰੀ ਰਾਤ ਅਤੇ ਉਪਰੋਂ ਕਹਿਰ ਵਰਸਾਉਂਦੀਆਂ ਠੰਡੀਆਂ ਤੇਜ
ਹਵਾਵਾਂ ਤੇ ਬਰਸਾਤ ਦੌਰਾਨ, ਸਰਸਾ ਨਦੀ ਨੂੰ ਪਾਰ ਕਰਦੇ ਸਮੇਂ, ਬਹੁਤ ਸਾਰੇ ਸਿੰਘ ਗੁਰੂ ਸਾਹਿਬ ਦੇ
ਕਾਫ਼ਲੇ ਤੋਂ ਵਿੱਛੜ ਕੇ ਅਲੱਗ-ਅਲੱਗ ਪਾਸਿਆਂ ਨੂੰ ਨਿਕਲ ਗਏ। ਗੁਰੂ ਸਾਹਿਬ, ਦੋ ਵੱਡੇ ਸਾਹਿਬਜ਼ਾਦਿਆਂ
(ਅਜੀਤ ਸਿੰਘ ਤੇ ਜੁਝਾਰ ਸਿੰਘ) ਅਤੇ 40 ਕੁ ਸਿੰਘਾਂ ਸਮੇਤ ਚਮਕੌਰ ਪਿੰਡ ਦੇ ਬਾਹਰਵਾਰ ਹਵੇਲੀਨੁਮਾ
ਕੱਚੀ ਗੜ੍ਹੀ ਵਿੱਚ ਪਹੁੰਚ ਗਏ। ਇਸ ਗੜ੍ਹੀ ਨੂੰ (ਲੱਖਾਂ ਦੀ ਗਿਣਤੀ ਵਿੱਚ) ਪਹਾੜੀ ਰਾਜਿਆਂ ਤੇ
ਮੁਗ਼ਲਾਂ ਦੀਆਂ ਫ਼ੌਜਾਂ ਨੇ, (ਲੁਟੇਰੇ ਮੁਲਖਈਆਂ ਦੀਆਂ ਧਾੜਾਂ ਸਮੇਤ), ਘੇਰਾ ਪਾ ਲਿਆ। ਦਿਨ-ਭਰ ਦੀ
ਜੰਗ ਦੌਰਾਨ, ਦੋਨੋਂ ਵੱਡੇ ਸਾਹਿਬਜ਼ਾਦੇ ਅਤੇ 30 ਕੁ ਸਿੰਘ ਸ਼ਹੀਦ ਹੋ ਗਏ। ਬਾਕੀ ਬਚੇ ਸਿੰਘਾਂ ਨੇ
ਗੜ੍ਹੀ ਵਿੱਚ ਗੁਰਮੱਤਾ ਕਰ ਕੇ, ਗੁਰੂ ਸਾਹਿਬ ਨੂੰ ਗੜ੍ਹੀ `ਚੋਂ ਚਲੇ ਜਾਣ ਲਈ ਕਿਹਾ। ਗੁਰੂ ਸਾਹਿਬ,
ਇਸ ਗੁਰਮੱਤੇ ਨੂੰ ਖ਼ਾਲਸਾ ਕੌਮ ਦੇ ਹੁਕਮ ਦੇ ਤੌਰ `ਤੇ ਸਵੀਕਾਰ ਕਰ ਕੇ, ਉਸੇ ਰਾਤ ਨੂੰ, ਭਾਈ ਦਇਆ
ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਮੇਤ, ਸ਼ਰ੍ਹੇਆਮ ਉੱਚੀ ਆਵਾਜ ਵਿੱਚ ਲਲਕਾਰਾ ਮਾਰ ਕੇ
(ਤਾੜੀ ਮਾਰ ਕੇ), ਗੜ੍ਹੀ ਵਿੱਚੋਂ ਚਲੇ ਗਏ। ਗੜ੍ਹੀ ਵਿਚਲੇ ਸਾਰੇ ਸਿੰਘ, ਦੁਨੀਆਂ ਦੇ ਇਤਿਹਾਸ ਦੀ
ਇਸ ਸਭ ਤੋਂ ਆਸਾਵੀਂ ਜੰਗ ਵਿੱਚ ਸ਼ਹੀਦ ਹੋ ਗਏ।
20. ਮੁਕਤਸਰ ਸਾਹਿਬ ਦੀ ਜੰਗ
ਚਮਕੌਰ ਦੀ ਗੜ੍ਹੀ ਤੋਂ ਨਿਕਲ ਕੇ, ਗੁਰੂ ਸਾਹਿਬ ਮਾਛੀਵਾੜਾ, ਕਟਾਣੀ, ਰਾਏ
ਕੋਟ, ਮਹਿਦੀਆਣਾ, ਤਖਤੂਪੁਰਾ, ਆਦਿ ਥਾਵਾਂ ਤੋਂ ਹੁੰਦੇ ਹੋਏ, ਕੁੱਝ ਦਿਨਾਂ ਬਾਅਦ, ਦੀਨਾ-ਕਾਂਗੜ
ਪਹੁੰਚ ਗਏ। ਇਥੇ ਦੋ ਸਕੇ ਭਰਾਵਾਂ ਲਖਮੀਰ ਤੇ ਸ਼ਮੀਰ ਪਾਸ ਕੁੱਝ ਦਿਨ ਰੁਕੇ। ਸੂਬਾ ਸਰਹਿੰਦ ਨੂੰ ਵੀ
ਇਸ ਬਾਰੇ ਖ਼ਬਰਾਂ ਮਿਲ ਚੁੱਕੀਆਂ ਸਨ। ਉਹ ਵੀ, 10 ਕੁ ਹਜ਼ਾਰ ਦੀ ਫ਼ੌਜ ਲੈ ਕੇ, ਗੁਰੂ ਸਾਹਿਬ ਦਾ
ਪਿੱਛਾ ਕਰਦਾ ਆ ਰਿਹਾ ਸੀ। ਗੁਰੂ ਸਾਹਿਬ ਕੋਟ ਕਪੂਰੇ ਹੁੰਦੇ ਹੋਏ ਖਿਦਰਾਣੇ ਦੀ ਢਾਬ (ਮੌਜੂਦਾ
ਮੁਕਤਸਰ ਸਾਹਿਬ) `ਤੇ ਪਹੁੰਚੇ ਅਤੇ ਮੋਰਚੇ ਮੱਲ ਲਏ। ਜਿਹੜੇ ਸਿੰਘ ਸਰਸਾ ਨਦੀ ਪਾਰ ਕਰਦੇ ਸਮੇਂ,
ਹਨੇਰੇ ਅਤੇ ਬਿਖੜੇ ਮੌਸਮ ਕਾਰਨ, ਗੁਰੂ ਸਾਹਿਬ ਦੇ ਕਾਫ਼ਲੇ ਨਾਲੋਂ ਵਿੱਛੜ ਗਏ ਸਨ ਉਹ, ਅਤੇ ਮਾਝੇ
ਇਲਾਕੇ ਦੇ ਕੁੱਝ ਹੋਰ ਸਿੰਘ ਵੀ ਗੁਰੂ ਸਾਹਿਬ ਦੀ ਭਾਲ ਕਰਦੇ-ਕਰਦੇ ਖਿਦਰਾਣੇ ਢਾਬ ਲਾਗੇ ਪਹੁੰਚ ਗਏ।
ਸਰਹਿੰਦ ਦੀ ਮੁਗ਼ਲ ਫ਼ੌਜ ਬਾਰੇ, ਜੋ ਗੁਰੂ ਸਾਹਿਬ ਦਾ ਪਿੱਛਾ ਕਰਦੀ ਆ ਰਹੀ ਸੀ, ਵੀ ਇਨ੍ਹਾਂ ਨੂੰ ਖ਼ਬਰ
ਮਿਲ ਗਈ ਸੀ। ਇਨ੍ਹਾਂ ਨੇ ਉੱਥੇ ਹੀ ਝਾੜੀਆਂ ਉੱਪਰ ਇਸ ਤਰ੍ਹਾਂ ਚਾਦਰਾਂ ਪਾ ਦਿੱਤੀਆਂ ਤਾ ਕਿ ਉਹ
ਦੂਰੋਂ ਦੇਖਿਆਂ ਤੰਬੂਆਂ ਦਾ ਭੁਲੇਖਾ ਪਾਉਂਣ ਅਤੇ ਆਪ ਮੋਰਚੇ ਸੰਭਾਲ ਲਏ। ਉਧਰ ਗੁਰੂ ਸਾਹਿਬ ਨੇ
ਨਜ਼ਦੀਕ ਇੱਕ ਉੱਚੇ ਰੇਤਲੇ ਟਿੱਬੇ ਉੱਤੇ ਮੋਰਚਾ ਲਾਇਆ ਹੋਇਆ ਸੀ। ਮੁਗ਼ਲ ਫ਼ੌਜਾਂ ਦਾ, ਮਾਝੇ ਦੇ
ਸਿੰਘਾਂ ਦੇ ਜਥੇ ਨੇ (ਜਿਸ ਦੀ ਅਗੁਵਾਈ ਮਾਝੇ ਦੀ ਬਹਾਦਰ ਬੀਬੀ, ਮਾਈ ਭਾਗ ਕੌਰ ਕਰ ਰਹੀ ਸੀ), ਚੰਗਾ
ਸਵਾਗਤ ਕੀਤਾ, ਘਮਸਾਨ ਦਾ ਜੰਗ ਮੱਚਿਆ। ਮੁਗ਼ਲ ਫੌਜਾਂ, ਪਾਣੀ ਨੂੰ ਤਰਸਦੀਆਂ, ਭਾਰੀ ਜਾਨੀ-ਨੁਕਸਾਨ
ਕਰਾ ਕੇ, ਪਿੱਛੇ ਮੁੜ ਗਈਆਂ। ਗੁਰੂ ਸਾਹਿਬ ਟਿੱਬੇ ਤੋਂ ਹੇਠਾਂ ਮੈਦਾਨੇ-ਜੰਗ ਵਿੱਚ ਪਹੁੰਚੇ ਤਾਂ
ਸਾਰੇ ਦੇ ਸਾਰੇ ਸਿੰਘ, ਸਿਵਾਏ ਭਾਈ ਮਹਾਂ ਸਿੰਘ ਅਤੇ ਮਾਈ ਭਾਗ ਕੌਰ ਦੇ, ਸ਼ਹੀਦੀਆਂ ਪਾ ਚੁੱਕੇ ਸਨ।
ਗੁਰੂ ਸਾਹਿਬ ਨੇ ਭਾਈ ਮਹਾਂ ਸਿੰਘ ਦਾ ਸੀਸ ਆਪਣੀ ਬੁੱਕਲ ਵਿੱਚ ਲਿਆ, ਨੇਤਰਾਂ `ਤੇ ਪਾਣੀ ਦੇ ਛਿੱਟੇ
ਮਾਰੇ, ਮਹਾਂ ਸਿੰਘ ਨੇ ਨੇਤਰ ਖੋਲ੍ਹੇ, ਗੁਰੂ ਸਾਹਿਬ ਨੇ ਪਿਆਰ ਨਾਲ ਅਸੀਸ ਦਿੱਤੀ, ਕੁੱਝ
ਬਚਨ-ਬਿਲਾਸ ਕੀਤੇ ਤੇ ਇਸ ਸੂਰਮੇ ਸਿੰਘ ਦੀ ਰੂਹ ਅਰਸ਼ਾਂ ਨੂੰ ਉਡਾਰੀ ਮਾਰ ਗਈ। ਮਾਈ ਭਾਗ ਕੌਰ ਨੂੰ
ਵੀ ਸਤਿਗੁਰੂ ਨੇ ਬੇਹੋਸ਼ੀ ਦੀ ਹਾਲਤ ਵਿੱਚੋਂ, ਪਾਣੀ ਦੇ ਛਿੱਟੇ ਮਾਰ ਕੇ, ਸਾਵਧਾਨ ਕੀਤਾ। ਇਨ੍ਹਾਂ
ਸਾਰੇ ਸ਼ਹੀਦਾਂ ਨੂੰ ਮੁਕਤਿਆਂ ਦਾ ਖਿਤਾਬ ਦੇ ਕੇ, ਸਤਿਗੁਰੂ ਜੀ ਸਾਬੋ ਕੀ ਤਲਵੰਡੀ (ਦਮਦਮਾ) ਜਾ
ਪਹੁੰਚੇ।
21. ਗੁਰੂ ਸਾਹਿਬ `ਤੇ ਹਮਲਾ ਤੇ ਸ਼ਹੀਦੀ
ਕੁੱਝ ਸਮਾਂ (9-10 ਮਹੀਨੇ) ਸਾਬੋ ਕੀ ਤਲਵੰਡੀ ਰਹਿ ਕੇ ਗੁਰੂ ਸਾਹਿਬ ਨੇ
ਗੁਰਮਤਿ ਇਨਕਲਾਬ ਦੇ ਵਿਕਾਸ ਲਈ ਪ੍ਰਚਾਰ ਕੀਤਾ, ਇਲਾਕੇ ਵਿੱਚ ਗੁਰਮਤਿ ਵਿਦਿਆ ਪੜਾਉਂਣ ਲਈ ਵਿਸ਼ੇਸ਼
ਯਤਨ ਕੀਤੇ। “ਇਥੇ ਇੱਕ ਲੱਖ ਤੋਂ ਵਧੀਕ ਸਿੰਘਾਂ-ਸਿੰਘਣੀਆਂ ਨੇ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ
ਕੀਤੀ ਅਤੇ ਖ਼ਾਲਸਾ ਫ਼ੌਜ ਵਿੱਚ ਸ਼ਾਮਿਲ ਹੋਏ।
ਮਾਰਚ 1707 ਵਿੱਚ ਔਰੰਗਜ਼ੇਬ ਦੀ ਮੌਤ ਹੋ ਗਈ ਅਤੇ ਉਸ ਦੇ ਪੁਤਰਾਂ ਵਿੱਚ
ਰਾਜ-ਭਾਗ ਸੰਭਾਲਣ ਲਈ ਜੰਗ ਛਿੜ ਪਈ। “ਬਹਾਦਰਸ਼ਾਹ ਨੇ ਗੁਰੂ ਸਾਹਿਬ ਨਾਲ ਵਾਅਦਾ ਕੀਤਾ ਕਿ ਉਹ 1705
ਈ. ਵਿੱਚ ਗੁਰੂ ਸਾਹਿਬ ਦਾ ਪਰਿਵਾਰ ਸ਼ਹੀਦ ਕਰਨ ਵਾਲਿਆਂ ਅਤੇ ਅਨੰਦਪੁਰ ਸਾਹਿਬ `ਤੇ ਹਮਲਾ ਕਰਨ
ਵਾਲਿਆਂ ਨੂੰ ਸਜ਼ਾ ਦੇਵੇਗਾ। ਗੁਰੂ ਜੀ ਨੇ ਬਹਾਦਰਸ਼ਾਹ ਵੱਲੋਂ ਜੰਗ ਵਿੱਚ ਉਸ ਦੀ ਮਦਦ ਕਰਨ ਦੀ ਬੇਨਤੀ
ਪਰਵਾਨ ਕਰ ਕੇ, ਉਸ ਦੀ ਫ਼ੌਜੀ ਮਦਦ ਕਰ ਕੇ ਉਸ ਨੂੰ ਦਿੱਲੀ ਦੇ ਤਖ਼ਤ `ਤੇ ਬੈਠਾਇਆ। ਇਸ ਦੌਰਾਨ,
ਬਹਾਦਰਸ਼ਾਹ ਨੂੰ ਅਜਮੇਰ ਅਤੇ ਜੈਪੁਰ ਦੇ ਰਾਜਪੂਤਾਂ ਦੀ ਬਗ਼ਾਵਤ ਦਬਾਉਣ ਲਈ ਰਾਜਪੂਤਾਨੇ ਵੱਲ ਜਾਣਾ ਪੈ
ਗਿਆ। ਉਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਇਹ ਆਖ ਕੇ ਨਾਲ ਲੈ ਲਿਆ ਕਿ ਉਹ ਰਸਤੇ ਵਿੱਚ
ਸਾਰਾ ਕੁੱਝ ਵਿਚਾਰ ਲੈਣਗੇ। ਬਹਾਦਰ ਸ਼ਾਹ ਅਜੇ ਰਾਜਪੂਤਾਂ ਨਾਲ ਮਿਲ ਹੀ ਰਿਹਾ ਸੀ ਕਿ ਉਸ ਨੂੰ ਆਪਣੇ
ਤੀਜੇ ਭਰਾ ਦਾਰਾ ਬਖਸ਼ ਦੀ ਬਗ਼ਾਵਤ ਦੀ ਖ਼ਬਰ ਮਿਲੀ। ਉਹ ਇਸ ਨਵੀਂ ਬਗ਼ਾਵਤ ਨੂੰ ਦਬਾਉਂਣ ਵਾਸਤੇ ਦੱਖਣ
ਵੱਲ ਚੱਲ ਪਿਆ। ਗੁਰੂ ਜੀ ਵੀ ਉਸ ਦੇ ਨਾਲ ਹੀ ਚਲਦੇ ਗਏ।
ਉਧਰ, ਗੁਰੂ ਸਾਹਿਬ ਅਤੇ ਬਹਾਦਰ ਸ਼ਾਹ ਦੀ ਨੇੜਤਾ, ਦਾ ਸਰਹਿੰਦ ਦੇ ਸੂਬੇਦਾਰ
ਵਜ਼ੀਰ ਖ਼ਾਂ ਨੂੰ ਵੀ ਪਤਾ ਲੱਗ ਗਿਆ ਸੀ। ਉਸ ਨੇ ਚੋਖ਼ੀ ਰਕਮ ਦੇ ਕੇ ਆਪਣੇ ਦੋ ਨੁਮਾਇੰਦੇ ਤੇ ਸੂਹੀਏ
(ਪਠਾਣ ਸਿਪਾਹੀ) ਬਹਾਦਰ ਸ਼ਾਹ ਨੂੰ ਮਿਲਣ ਲਈ ਭੇਜੇ ਜਿਨ੍ਹਾਂ ਨੂੰ ਮਿਲਣ ਤੋਂ ਬਾਅਦ ਬਹਾਦਰਸ਼ਾਹ ਦੀ
ਨੀਅਤ ਬਦਲ ਗਈ। ਗੁਰੂ ਸਾਹਿਬ ਅਤੇ ਬਹਾਦਰ ਸ਼ਾਹ ਵਿੱਚ ਆਖਰੀ ਮੁਲਾਕਾਤ ਬਾਲਾਪੁਰ (ਮਹਾਂਰਾਸ਼ਟਰਾ)
ਵਿੱਚ ਅਗੱਸਤ 1708 ਵਿੱਚ ਹੋਈ। ਇਸ ਮੁਲਾਕਾਤ ਵਿੱਚ ਗੁਰੂ ਸਾਹਿਬ ਨੇ ਜਾਣ ਲਿਆ ਕਿ ਬਹਾਦਰ ਸ਼ਾਹ
ਆਪਣੇ ਬੋਲਾਂ ਤੋਂ ਮੁੱਕਰ ਗਿਆ ਹੈ। ਇਸ ਕਰ ਕੇ ਗੁਰੂ ਸਾਹਿਬ ਨੇ ਉਸ ਦਾ ਸਾਥ ਛੱਡ ਦਿੱਤਾ ਅਤੇ
ਨੰਦੇੜ ਵਿੱਚ ਹੀ ਰੁਕ ਗਏ।
ਇਥੇ ਹੀ, 3 ਸਤੰਬਰ 1708 ਦੇ ਦਿਨ ਗੁਰੂ ਸਾਹਿਬ ਦਾ ਮਿਲਾਪ ਮਾਧੋ ਦਾਸ
ਬੈਰਾਗੀ (ਮਗਰੋਂ ਬੰਦਾ ਸਿੰਘ ਬਹਾਦਰ) ਨਾਲ ਹੋਇਆ। 4 ਸਤੰਬਰ ਨੂੰ ਗੁਰੂ ਸਾਹਿਬ ਨੇ ਉਸ ਨੂੰ ਖੰਡੇ
ਦੀ ਪਾਹੁਲ ਦਿੱਤੀ ਅਤੇ ਇੱਕ ਮਹੀਨਾ ਆਪਣੇ ਪਾਸ ਰੱਖ ਕੇ ਪੂਰੀ ਸਿਖਲਾਈ ਦਿੱਤੀ। ਪੰਜਾਬ ਦੀ ਹਾਲਤ
ਸੁਣ ਕੇ ਅਤੇ ਮੁਗ਼ਲ ਹਾਕਮਾਂ ਦੀਆਂ ਕਰਤੂਤਾਂ ਬਾਰੇ ਸੁਣ ਕੇ ਬੰਦਾ ਸਿੰਘ ਨੇ ਗੁਰੂ ਜੀ ਤੋਂ ਪੰਜਾਬ
ਜਾ ਕੇ ਦੁਸ਼ਟਾਂ ਨੁੰ ਸੋਧਣ ਦੀ ਇਜਾਜ਼ਤ ਮੰਗੀ।
5 ਅਕਤੂਬਰ 1708 ਦੇ ਦਿਨ, ਬੰਦਾ ਸਿੰਘ ਬਹਾਦਰ ਨੰਦੇੜ ਤੋਂ ਚੱਲਿਆ ਅਤੇ ਇਸੇ
ਦਿਨ ਸ਼ਾਮ ਨੂੰ ਜਮਸ਼ੈਦ ਖ਼ਾਂ ਪਠਾਣ ਨੇ ਗੁਰੂ ਸਾਹਿਬ ਦੇ ਸੁੱਤਿਆਂ ਉਨ੍ਹਾਂ ਤੇ ਹਮਲਾ ਕਰ ਦਿੱਤਾ ਤੇ
ਜਮਧਾਰ (ਕਟਾਰ) ਦੇ ਤਿੰਨ ਵਾਰ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਬੇਹੱਦ ਜ਼ਖ਼ਮੀ ਹੋਣ ਦੇ
ਬਾਵਜੂਦ ਗੁਰੂ ਸਾਹਿਬ ਨੇ ਪਰਤਵਾਂ ਵਾਰ ਕਰ ਕੇ ਜਮਸ਼ੈਦ ਖਾਂ ਨੂੰ ਥਾਏਂ ਮਾਰ ਦਿੱਤਾ। ਗੁਰੂ ਸਾਹਿਬ
ਆਪ ਵੀ ਇਨ੍ਹਾਂ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ 7 ਅਕਤੂਬਰ ਨੂੰ ਤੜਕੇ ਵੇਲੇ ਅਕਾਲ ਪੁਰਖੁ ਦੀ ਗੋਦ
ਵਿੱਚ ਸਮਾ ਗਏ। ਉਨ੍ਹਾਂ ਦਾ ਸਸਕਾਰ ਇਸੇ ਸ਼ਾਮ ਨੂੰ ਗੁਦਾਵਰੀ ਦਰਿਆ ਦੇ ਕੰਢੇ ਕਰ ਦਿੱਤਾ ਗਿਆ।
ਅਜਿਹਾ ਜਾਪਦਾ ਹੈ ਕਿ ਜਮਸ਼ੈਦ ਖਾਨ ਨੂੰ ਭਾਵੇਂ ਸਰਹਿੰਦ ਦੇ ਵਜ਼ੀਰ ਖਾਨ ਨੇ
ਭੇਜਿਆ ਸੀ, ਪਰ, ਉਸ ਨੂੰ ਬਾਦਸ਼ਾਹ ਦੀ ਹਮਾਇਤ ਜਾਂ ਮਨਜੂਰੀ ਜ਼ਰੂਰ ਹਾਸਿਲ ਸੀ, ਕਿਉਂਕਿ, ਬਹਾਦਰ ਸ਼ਾਹ
ਨੇ ਇਸ ਜਮਸ਼ੈਦ ਖਾਨ ਦੇ ਪੁੱਤਰ ਨੂੰ “ਉਸ ਦੇ ਬਾਪ ਦੇ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਾਰੇ ਜਾਣ
ਕਾਰਣ”, 30 ਅਕਤੂਬਰ 1708 ਦੇ ਦਿਨ, ਆਪਣੇ ਦਰਬਾਰ ਵਿੱਚ ਖਿੱਲਤ ਭੇਂਟ ਕੀਤੀ ਸੀ। ਇਸ ਬਾਰੇ ਇੱਕ
ਐਂਟਰੀ ਅਖ਼ਬਾਰਤ-ਇ-ਦਰਬਾਰ-ਇ-ਮੁਅੱਲਾ ਵਿੱਚ ਮਿਲਦੀ ਹੈ।
ਸਿਰਫ਼ ਏਨਾ ਹੀ ਨਹੀਂ, ਬਲਕਿ ਗੁਰੂ ਸਾਹਿਬ ਦੇ ਚੜ੍ਹਾਈ ਕਰਨ ਦਾ ਜ਼ਿਕਰ ਵੀ
ਇਸੇ ਰੀਕਾਰਡ ਵਿੱਚ ਮੌਜੂਦ ਹੈ। ਇਸ ਤੋਂ ਇਲਾਵਾ, ਇਹੀ ਜ਼ਿਕਰ ਇੱਕ ਸਿੱਖ ਲੇਖਕ ਸੈਨਾਪਤੀ ਦੀ
‘ਗੁਰਸੋਭਾ (1709) ‘, ਬਹਾਦਰਸ਼ਾਹ ਦੇ ਤਿੰਨ ਸਮਕਾਲੀ ਮੁਸਲਮਾਨ ਲੇਖਕਾਂ ਦੀਆਂ ਕਿਤਾਬਾਂ, ਮਿਰਜ਼ਾ
ਮੁਹੰਮਦ ਦੀ ਇਬਰਤਨਾਮਾ (1716), ਮੁਹੰਮਦ ਕਾਸਿਮ ਦੀ ਇਬਰਤਨਾਮਾ (1723), ਮੁਹੰਮਦ ਸ਼ਫ਼ੀ ਦੀ
ਮੀਰਾਤ-ਇ-ਵਾਰਿਦਾਤ (1734) ਅਤੇ ਇੱਕ ਹਿੰਦੂ ਲੇਖਕ ਚਤੁਰਮਾਨ ਸਕਸੈਨਾ ਦੀ `ਚਹਾਰ ਗੁਲਸ਼ਨ’ ਵਿੱਚ ਵੀ
ਮਿਲਦਾ ਹੈ। ਇਨ੍ਹਾਂ ਸਾਰੀਆਂ ਲਿਖਤਾਂ ਵਿੱਚ ਗੁਰੂ ਸਾਹਿਬ ਦੀ ‘ਮੌਤ’ ਛੁਰਿਆਂ ਦੇ ਵਾਰ ਨਾਲ ਹੋਣ ਦਾ
ਜ਼ਿਕਰ ਹੈ ਅਤੇ ਬਾਦਸ਼ਾਹ ਦੇ ਭੇਜੇ ਜ਼ਿਰਾਹ ਵੱਲੋਂ ਜ਼ਖ਼ਮ ਸੀਣ ਅਤੇ ਮਗਰੋਂ ਕਮਾਣ ਖਿੱਚਣ ਨਾਲ ‘ਮੌਤ’ ਦਾ
ਜ਼ਰਾ ਮਾਸਾ ਜ਼ਿਕਰ ਵੀ ਨਹੀਂ।” (ਡਾ. ਹਰਜਿੰਦਰ ਸਿੰਘ ਦਿਲਗੀਰ: ਸਿੱਖ ਤਵਾਰੀਖ ਸਫ਼ੇ 338-344)।
22. ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੰਜਾਬ ਵਿੱਚ ਨਿਵਾਸ
ਦੌਰਾਨ ਹੀ ਗੁਰੂ ਤੇਗ਼ ਬਹਾਦਰ ਸਾਹਿਬ ਦੁਆਰਾ ਪ੍ਰਗਟ ਹੋਈ ਗੁਰਬਾਣੀ ਨੂੰ ਸਬੰਧਤ ਰਾਗਾਂ ਅਧੀਨ ਅੰਕਿਤ
ਕਰ ਕੇ, ਗੁਰੂ ਗ੍ਰੰਥ ਸਾਹਿਬ ਦਾ ਮੌਜੂਦਾ ਸਰੂਪ ਹੋਂਦ ਵਿੱਚ ਲਿਆਂਦਾ ਜਾ ਚੁੱਕਾ ਸੀ। ਦਸਮੇਸ਼ ਜੀ ਨੇ
ਨੰਦੇੜ (ਹਜ਼ੂਰ ਸਾਹਿਬ), ਮਹਾਰਾਸ਼ਟਰਾ ਵਿਖੇ ਜੋਤੀ ਜੋਤਿ ਸਮਾਉਂਣ ਤੋਂ ਇੱਕ ਦਿਨ ਪਹਿਲਾਂ, ਗੁਰਮਤਿ
ਵਿਧੀ ਅਨੁਸਾਰ, ਗੁਰੂ ਗ੍ਰੰਥ ਸਾਹਿਬ ਨੂੰ ਸਦੀਵਕਾਲ ਲਈ ਗੁਰਗੱਦੀ `ਤੇ ਸੁਸ਼ੋਭਤ ਕਰ ਕੇ ਇਸ ਭਾਵ ਦੇ
ਬਚਨ ਉਚਾਰੇ ਸਨ -
ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਅਤੇ -
ਜੋਤਿ ਗ੍ਰੰਥ ਵਿੱਚ, ਪ੍ਰਾਣ ਪੰਥ ਵਿੱਚ।
ਇਸ ਦਾ ਸਪੱਸ਼ਟ ਭਾਵ ਇਹ ਹੈ ਕਿ ‘ਗੁਰੂ ਜੋਤਿ’ ਗੁਰਬਾਣੀ ਵਿੱਚ ਅਭੇਦ ਹੋ ਗਈ
ਅਤੇ ਗੁਰੂ ਨਾਨਕ ਸਾਹਿਬ ਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਜਾਮਿਆਂ ਦੀ ਸਮੁੱਚੀ ਸਰੀਰਕ
ਜ਼ਿੰਮੇਵਾਰੀ, ਸਮੂਹਕ ਰੂਪ ਵਿੱਚ, ਉਸ ਮਨੁੱਖੀ ਵਰਗ ਨੂੰ ਸੌਂਪੀ ਗਈ ਜਿਹੜਾ, ਕੇਵਲ ਅਤੇ ਕੇਵਲ
ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਤੋਂ ਅਗੁਵਾਈ ਲੈ ਕੇ, ਸਦੀਵ ਕਾਲੀ ਤੇ ਵਿਸ਼ਵ-ਪੱਧਰੀ ਰੱਬੀ-ਰਾਜ
ਦੀ ਸਥਾਪਨਾ ਲਈ ਜਦੋਜਹਿਦ ਕਰਦਾ ਰਹੇਗਾ।
23. ਰੱਬੀ-ਰਾਜ ਦਾ ਮਾਡਲ ਸਥਾਪਤ ਹੋਇਆ-ਖ਼ਾਲਸਾ ਜੀ ਕੇ ਬੋਲਬਾਲੇ
ਦਸਮੇਸ਼ ਪਿਤਾ ਜੀ ਨੇ 5 ਅਕਤੂਬਰ 1708 ਦੇ ਦਿਨ ਬੰਦਾ ਸਿੰਘ ਬਹਾਦਰ ਨੂੰ
ਖ਼ਾਲਸਾ ਫ਼ੌਜ ਦਾ ਮੁੱਖੀ ਮੁਕੱਰਰ ਕਰ ਕੇ ਨੰਦੇੜ ਤੋਂ ਪੰਜਾਬ ਵੱਲ ਨੂੰ ਵਿਦਾ ਕਰ ਦਿੱਤਾ ਸੀ। ਉਸ ਨੂੰ
ਸਿੱਖ ਕੌਮ ਦੇ ਨਾਂ ਇੱਕ ਹੁਕਮਨਾਮਾ, ਕੌਮੀ ਨਿਸ਼ਾਨ (