ਰਾਤ ਇਸੇ ਤਰਾਂ ਬੀਤ ਗਈ। 8 ਪੋਹ ਦਾ ਅੰਮ੍ਰਿਤ ਵੇਲਾ ਹੋ ਗਿਆ। ਸਿੰਘ
ਸੂਰਬੀਰਾਂ ਨੇ ਇਹ ਅੰਮ੍ਰਿਤ ਵੇਲਾ ਗੁਆਇਆ ਨਹੀ, ਸੰਭਾਲ ਲਿਆ। ਜੋਗੀ ਅੱਲ੍ਹਾ ਯਾਰ ਖਾਂ ਇਹ 8 ਪੋਹ
1704 ਈਸਵੀ ਦਾ ਅੰਮ੍ਰਿਤ ਵੇਲਾ ਸੰਭਾਲਣ ਦੀ ਬਾਤ ਬਿਆਨ ਕਰਦਾ ਹੈ:-
ਬੇਦਾਰ ਥੇ ਸਭ ਖਾਲਸਾ ਜੀ ਹੋ ਚੁਕੇ ਕਬ ਕੇ।
ਨਹਾ ਧੋ ਕੇ ਬੈਠੇ ਹੂਏ ਧਯਾਨ ਮੇਂ ਰੱਬ ਕੇ।
ਅੰਮ੍ਰਿਤ ਵੇਲਾ ਹੁੰਦਿਆਂ ਹੀ ਸਾਰੇ ਸਿੰਘ, ਸੂਰਬੀਰ ਉਠ ਪਏ, ਸਾਵਧਾਨ ਹੋ ਗਏ
ਤੇ ਨਹਾ ਧੋ ਕੇ ਰੱਬ ਦੀ ਯਾਦ ਵਿੱਚ ਜੁੜ ਗਏ।
ਦੀਵਾਨ ਬੜੀ ਸ਼ਾਨ ਕਾ ਜਲਵੇ ਥੇ ਗਜ਼ਬ ਕੇ।
ਖ਼ੁਦ ਰਖਤੇ ਥੇ ਤਸ਼ਰੀਫ ਗੁਰੂ ਸਾਹਮਨੇ ਸਭ ਕੇ।
ਅੰਮ੍ਰਿਤ ਵੇਲੇ ਦੇ ਸਿਮਰਨ ਤੋ ਬਾਅਦ ਦੀਵਾਨ ਵੀ ਕਮਾਲ ਦਾ ਸਜਾਇਆ ਗਿਆ ਤੇ
ਸਭ ਦੇ ਸਨਮੁਖ ਹੋ ਕੇ ਸਾਹਿਬੇ-ਕਮਾਲ ਸ੍ਰੀ ਗੁਰੂ ਗੋਬੰਦ ਸਿੰਘ ਜੀ ਬੈਠੇ ਹਨ।
ਥੇ ਪਾਸ ਅਜੀਤ ਔਰ ਥੇ ਜੁਝਾਰ ਪਯਾਰੇ।
ਗੁਰਿਆਈ ਕੇ ਚੜ੍ਹਤੇ ਹੂਏ ਦਰਿਆ ਕੇ ਕਿਨਾਰੇ।
ਜੋਗੀ ਅਲ੍ਹਾ ਯਾਰ ਖਾਂ ਉਸ ਸਮੇ ਦੇ ਦੀਵਾਨ ਦੇ ਨਜ਼ਾਰੇ ਨੂੰ ਆਪਣੀ ਕਲਾ
ਦੁਆਰਾ ਪੇਸ਼ ਕਰਦਿਆਂ ਕਹਿ ਰਿਹਾ ਹੈ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਵਾਰਿਸ ਸਾਹਿਬਜਾਦਾ ਅਜੀਤ
ਸਿੰਘ ਅਤੇ ਸਾਹਿਬਜਾਦਾ ਜੁਝਾਰ ਸਿੰਘ ਜੀ ਵੀ ਕਲਗੀਧਰ ਪਾਤਸ਼ਾਹ ਦੇ ਪਾਸ ਹੀ ਬੈਠੇ ਹਨ। ਕਵੀ ਇਸ
ਕਿੱਸੇ ਨੂੰ ਅਗਾਂਹ ਵਧਾਉਂਦੇ ਲਿਖਦਾ ਹੈ-
ਖੋਲੇ ਗ੍ਰੰਥ ਪਾਕ ਕੋ ਬੈਠੇ ਹਜੂਰ ਥੇ।
ਉਪਦੇਸ਼ ਸੁਨ ਕੇ ਹੋ ਚੁਕੇ ਸਭ ਕੋ ਸਰੂਰ ਥੇ।
ਕਲਗੀਧਰ ਪਾਤਸ਼ਾਹ ਪਵਿਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਲ੍ਹ ਕੇ ਬੈਠ ਗਏ ਸਨ।
(ਇਹ ਵੱਖਰੀ ਬਾਤ ਹੈ ਕਿ ਇਤਿਹਾਸਕਾਰਾਂ ਨੇ ਚਮਕੌਰ ਦੀ ਗੜ੍ਹੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ
ਮੌਜੂਦਗੀ ਦਾ ਜਿਕਰ ਤਕ ਨਹੀ ਕੀਤਾ) ਜੋਗੀ ਅੱਲ੍ਹਾ ਯਾਰ ਖਾਂ ਇਹ ਦ੍ਰਿਸ਼ ਇੰਨੀ ਬਰੀਕੀ ਨਾਲ ਹੂ-ਬਹੂ
ਪੇਸ਼ ਕਰ ਰਿਹਾ ਹੈ ਜਿਵੇਂ ਉਹ ਚਮਕੌਰ ਦੀ ਗੜ੍ਹੀ ਦੇ ਅੰਦਰ ਆਪ ਬੈਠ ਕੇ ਇਹ ਸਭ ਦੇਖ ਕੇ ਲਿਖ ਰਿਹਾ
ਹੋਵੇ। ਜਦੋ ਕਲਗੀਧਰ ਪਾਤਸ਼ਾਹ ਨੇ ਸਿੰਘ, ਸੂਰਬੀਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼
ਸੁਣਾਇਆ ਤਾਂ ਉਥੇ ਸਾਂਤੀ ਅਤੇ ਭਾਵ-ਪੂਰਤ ਮਾਹੌਲ ਛਾਇਆ ਹੋਇਆ ਸੀ। ਇਸ ਮਸਤੀ ਦੇ ਆਲਮ ਦੇ ਮਾਹੌਲ ਦਾ
ਕਾਰਣ ਇਹ ਸੀ ਕਿ ਬਾਣੀ ਸੀ ਅਕਾਲ ਪੁਰਖ ਦੀ ਅਤੇ ਮੁਖਾਰਬਿੰਦ ਸੀ ਕਲਗੀਧਰ ਪਾਤਸ਼ਾਹ ਦਾ, ਸ੍ਰਵਨ ਕਰਨ
ਵਾਲੇ ਨੂੰ ਕਿਵੇਂ ਨਹੀ ਸਰੂਰ ਆਵੇਗਾ।
ਜਿਤਨੇ ਭੀ ਸਾਮਈਨ ਵੁਹ ਨਜਦੀਕ ਦੂਰ ਥੇ।
ਉਨ ਸਭ ਕੇ ਰੁਖ ਪਿ ਨੂਰ ਕੇ ਪੈਦਾ ਜ਼ਹੂਰ ਥੇ।
ਜਿੰਨੇ ਵੀ ਉਥੇ ਸਿੰਘ ਬੈਠੇ ਸਨ, ਸਭ ਕਲਗੀਧਰ ਪਾਤਸ਼ਾਹ ਦੀ ਰਸਨਾ ਤੋਂ ਅਕਾਲ
ਪੁਰਖ ਦੇ ਉਪਦੇਸ਼ ਸੁਣ-ਸੁਣ ਕੇ ਆਨੰਦ ਲੈ ਰਹੇ ਸਨ।
ਤਾਸੀਰ ਥੀ ਜ਼ਬਾਂ ਮੇ ਯਿਹ ਬਯਾਨ ਮੇਂ।
ਰੂਹ ਫੁੰਕ ਗਈ ਧਰਮ ਕੀ ਥੀ ਇੱਕ ਇੱਕ ਜਵਾਨ ਮੇਂ।
ਹਕੀਮ ਜੋਗੀ ਅੱਲ੍ਹਾ ਯਾਰ ਖਾਂ ਕਹਿ ਰਹੇ ਹਨ ਕਿ ਗੁਰੂ ਕਲਗੀਧਰ ਪਾਤਸ਼ਾਹ ਦੀ
ਰਸਨਾ ਤੋਂ ਐਸੀ ਭਾਵਨਾ ਵਾਲੇ ਸ਼ਬਦ ਨਿਕਲ ਰਹੇ ਸਨ ਕਿ ਹਰ ਸਿੱਖ ਦੇ ਹਿਰਦੇ ਵਿੱਚ ਧਰਮ ਦੀ ਖਾਤਰ
ਕੁਰਬਾਨ ਹੋਣ ਦਾ ਜਜ਼ਬਾ ਭਰਿਆ ਜਾਣਾ ਸੁਭਾਵਿਕ ਹੀ ਸੀ। ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਮੁਖਾਰਬਿੰਦ
ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਉਪਦੇਸ਼ ਘੋਟ-ਘੋਟ ਕੇ ਸਿੰਘ, ਸੂਰਬੀਰਾਂ ਦੇ ਮਨਾਂ ਵਿੱਚ
ਬਿਠਾ ਦਿੱਤਾ।
ਕਬੀਰਾ ਮਰਤਾ ਮਰਤਾ ਜਗੁ ਮੂਆ ਮਰਿ ਭਿ ਨ ਜਾਨਿਆ ਕੋਇ।।
ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ।। (ਸਲੋਕ ਕਬੀਰ ਜੀ-੧੩੬੬)
ਕਿਉਂਕਿ ਕਲਗੀਧਰ ਪਾਤਸ਼ਾਹ ਜਾਣਦੇ ਨੇ ਕਿ ਇਹ ਜੋ ਅਜ ਦਾ ਸੂਰਜ ਚੜਣਾ ਹੈ,
ਇਸਨੇ ਮੇਰੀ ਜਾਨ ਤੋਂ ਪਿਆਰੇ ਸਿੰਘ, ਸੂਰਬੀਰਾਂ ਦੀ ਕੁਰਬਾਨੀ ਲੈ ਲੈਣੀ ਹੈ।
ਦੀਵਾਨ ਕਾ ਅਭੀ ਨ ਹੂਆ ਇਖਤਤਾਮ ਥਾ।
ਗਰਦਸ਼ ਮੇ ਅਭੀ ਥਾ ਦਾਇ ਇਰਫਾ ਕਾ ਜਾਂਮ ਥਾ।
ਅਜੇ ਦੀਵਾਨ ਲਗਾ ਹੋਇਆ ਹੈ, ਅਜੇ ਦੀਵਾਨ ਦੀ ਸਮਾਪਤੀ ਨਹੀ ਹੋਈ, ਅਜੇ
ਪਾਤਸ਼ਾਹ ਸਿੰਘ, ਸੂਰਬੀਰਾਂ ਨੂੰ ਆਤਮ ਗਿਆਨ ਦੇ ਗੱਫੇ ਵਰਤਾ ਹੀ ਰਹੇ ਸਨ ਤਾਂ ਚਲਦੇ ਹੋਏ ਦੀਵਾਨ
ਵਿੱਚ ਕੀ ਹੋਇਆ?
ਇਤਨੇ ਮੇ ਆ ਕੇ ਕਹਿਨੇ ਲਗਾ ਇੱਕ ਗ਼ੁਲਾਮ ਥਾ।
ਪਹਰੇ ਪਿ ਜੁ ਖੜਾ ਹੂਆ ਬਾਲਾ ਇ ਬਾਮ ਥਾ।
ਜਿਸ ਦੀ ਡਿਊਟੀ ਚਮਕੌਰ ਦੀ ਗੜ੍ਹੀ ਵਿੱਚ ਸਭ ਤੋਂ ਉਚੀ ਜਗ੍ਹਾ ਉਪਰ ਨਿਗਰਾਨੀ
ਤੇ ਲਗਾਈ ਹੋਈ ਸੀ, ਉਹ ਸਿੰਘ ਉਸ ਜਗ੍ਹਾ ਤੋਂ ਹੇਠਾਂ ਉਤਰ ਆਇਆ ਤੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਆ
ਕੇ ਖੜਾ ਹੋ ਗਿਆ ਤੇ ਹੱਥ ਜੋੜ ਕੇ ਕਹਿਣ ਲਗਾ।
ਬੋਲਾ:- “ਅੱਦੂ” ਕੀ ਫੌਜ ਹੈ ਘੇਰੇ ਹਿਸਾਰ ਕੋ।
ਕਿਆ ਹੁਕਮ ਅਬ ਹਜੂਰ ਕਾ ਹੈ ਜਾਂ-ਨਿਸਾਰ ਕੋ।
ਦੇਖੋ ਸਿਖ ਦੀ ਭਾਵਨਾ, ਸਿਖ ਇਕੱਲਾ ਹੀ ਹੱਥ ਬੰਨ ਕੇ ਕਹਿ ਰਿਹਾ ਹੈ, ਕਿ
ਸਤਿਗੁਰੂ ਜੀ ਦੁਸ਼ਮਣ (ਅਦੂ) ਦੀ ਫੌਜ ਨੇ ਗੜ੍ਹੀ ਨੂੰ ਘੇਰਾ ਪਾ ਲਿਆ ਹੈ ਤੇ ਆਪਣੇ ਸਿੱਖ ਨੂੰ ਆਪ
ਆਪਣਾ ਹੁਕਮ ਸੁਣਾਓ, ਮੇਰੇ ਲਈ ਕੀ ਹੁਕਮ ਹੈ?
ਅਰਸ਼ਾਦ ਹੋ ਤੋ ਸਭ ਕੋ ਅਕੇਲਾ ਭਗਾ ਕੇ ਆਊਂ।
“ਅਜਮੇਰ ਚੰਦ” ਆਨ ਮੇਂ ਕੈਦੀ ਬਨਾ ਕੇ ਆਊਂ।
ਸਤਿਗੁਰੂ ਜੀ ਆਪ ਆਗਿਆ ਦਿਉ, ਇਹ ਅਜਮੇਰ ਚੰਦ ਦੀ ਅਗਵਾਈ ਵਿੱਚ ਇਹ ਜੋ
ਪਹਾੜੀ ਰਾਜਿਆਂ ਤੇ ਫੌਜਾਂ ਨੇ ਆ ਕੇ ਸਾਨੂੰ ਘੇਰਾ ਪਾ ਲਿਆ ਹੈ, ਮੈਂ ਇਹਨਾਂ ਦੀਆ ਮੁਸ਼ਕਾ ਬੰਨ ਕੇ
ਆਪ ਦੇ ਅੱਗੇ ਲਿਆ ਕੇ ਪੇਸ਼ ਕਰਾਂ। ਕਿਉਂਕਿ ਸਿੱਖ ਜਾਣਦਾ ਹੈ ਕਿ ਜੇਕਰ ਗੁਰੂ ਸਾਹਿਬ ਹੁਕਮ ਕਰ
ਦੇਣਗੇ ਤਾਂ ਸਭ ਕੁੱਝ ਕਰਵਾ ਵੀ ਉਨ੍ਹਾਂ ਨੇ ਆਪੇ ਹੀ ਲੈਣਾ ਹੈ। ਇਹੋ ਜਿਹੇ ਹੁੰਦੇ ਨੇ ਪੂਰਨ
ਗੁਰਸਿੱਖ ਜੋ ਆਪਣੇ ਗੁਰੂ ਤੇ ਪੂਰਨ ਤੌਰ ਤੇ ਵਿਸ਼ਵਾਸ ਰੱਖਦੇ ਨੇ।
ਮੈ ਆਪ ਜੀ ਨੂੰ ਭਰੋਸੇ ਤੇ ਹਿੰਮਤ ਦੀ ਇੱਕ ਇਤਿਹਾਸਕ ਬਾਤ ਵੀ ਕਹਿੰਦਾ
ਜਾਂਵਾ। ਅਸੀ ਅਕਸਰ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਪੜ੍ਹਦੇ ਹਾਂ ਕਿ ਉਹਨਾ ਨੇ ਸ੍ਰੀ ਹਰਿਮੰਦਰ
ਸਾਹਿਬ ਦੀ ਬੇ-ਅਦਬੀ ਦਾ ਬਦਲਾ ਲੈਣ ਲਈ ਆਪਣੀ ਕੁਰਬਾਨੀ ਦੇ ਕੇ ਸ੍ਰੀ ਹਰਿਮੰਦਰ ਸਾਹਿਬ ਆਜਾਦ
ਕਰਵਾਇਆ ਸੀ। ਪਰ ਕਦੀ ਬਾਬਾ ਦੀਪ ਸਿੰਘ ਜੀ ਦੇ ਜੀਵਨ ਦਾ ਪੂਰਨ ਇਤਿਹਾਸ ਪੜ੍ਹ ਕੇ ਨਹੀ ਦੇਖਿਆ
ਹੋਵੇਗਾ, ਕਦੀ ਪੜਿਓ!
ਇੱਕ ਇਤਿਹਾਸਕ ਘਟਨਾ ਮੈ ਆਪ ਜੀ ਨਾਲ ਸਾਂਝੀ ਕਰਾ ਕਿ ਜਦੋਂ ਅਹਿਮਦ ਸ਼ਾਹ
ਅਬਦਾਲੀ 2200 ਦੇ ਕਰੀਬ ਹਿੰਦੁਸਤਾਨ ਦੀਆਂ ਬਹੂ-ਬੇਟੀਆਂ ਨੂੰ ਗ੍ਰਿਫਤਾਰ ਕਰਕੇ, ਗਜਨੀ, ਬਸਰੇ ਤੇ
ਬਗਦਾਦ ਦੀਆਂ ਮੰਡੀਆਂ ਵਿੱਚ ਨੀਲਾਮ ਕਰਨ ਲਈ ਲੈ ਕੇ ਜਾ ਰਿਹਾ ਸੀ, ਉਹਨਾ 2200 ਹਿੰਦੁਸਤਾਨ ਦੀਆਂ
ਬਹੂ-ਬੇਟੀਆਂ ਦੀ ਇਜਤ ਨੂੰ ਟਕੇ-ਟਕੇ ਵਿੱਚ ਨੀਲਾਮ ਕਰਕੇ ਵੇਚਿਆ ਜਾਣਾ ਸੀ। ਉਸ ਸਮੇ ਉਹਨਾ ਦੀ
ਕੂਕ-ਪੁਕਾਰ, ਕਿਸੇ ਰਾਜਪੂਤ, ਕਿਸੇ ਮਰਹੱਟੇ, ਤੇ ਕਿਸੇ ਹੋਰ ਸੂਰਬੀਰ ਨੇ ਨਹੀ ਸੀ ਸੁਣੀ। ਉਹ
ਬੱਝੀਆਂ ਹੋਈਆਂ ਅਬਲਾਵਾਂ ਕੂਕ ਪੁਕਾਰ ਪਤਾ ਕੀ ਕਰਦੀਆਂ ਸਨ? ਇੱਕ ਕਵੀ ਨੇ ਉਹਨਾਂ ਦੀ ਪੁਕਾਰ ਨੂੰ
ਕਵਿਤਾ ਦੇ ਰੂਪ ਵਿੱਚ ਕਲਮਬੱਧ ਕੀਤਾ ਹੈ।
ਮੋੜੀ ਬਾਬਾ ਕੱਛ ਵਾਲਿਆ,
ਛਈ ਛਈ, ਨਹੀ ਤੇ ਗਈ,
ਰੰਨ ਬਸਰੇ ਨੂੰ ਗਈ।
ਕੱਛ ਤੋ ਭਾਵ ਕਛਿਹਰਾ ਹੈ ਤੇ ਉਹ ਕਛਿਹਰੇ ਵਾਲਿਆਂ ਨੂੰ ਪੁਕਾਰ ਕਰਦੀਆਂ ਸਨ।
ਉਸ ਸਮੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਸਾਥੀਆਂ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਤੋ ਉਹ 2200
ਬਹੂ-ਬੇਟੀਆਂ ਨੂੰ ਅਜ਼ਾਦ ਕਰਵਾ ਕੇ ਘਰੋ ਘਰੀ ਸੁਰਖਿਅਤ ਪਹੁੰਚਾਇਆ ਸੀ।
ਜੋ ਲੋਕ ਆਪਣੀਆ ਬਹੂ-ਬੇਟੀਆਂ ਦੀ ਇਜਤ ਨਾ ਬਚਾ ਸਕੇ, ਉਸ ਸਮੇ ਕਛਿਹਰੇ
ਵਾਲਿਆਂ ਨੇ ਹੀ ਉਹਨਾ ਦੀਆਂ ਬਹੂ-ਬੇਟੀਆਂ ਦੀ ਇਜਤ ਬਚਾਈ ਸੀ ਤੇ ਅਜ ਉਹੀ ਲੋਕ ਸਿੱਖਾਂ ਨੂੰ ਮਖੌਲ
ਕਰਦੇ ਹਨ ਕਿ ਸਿਖਾਂ ਦੇ ਬਾਰਾਂ ਵਜ ਗਏ ਹਨ।
ਕਸ਼ਮੀਰ ਤੋਂ ਵੀ ਪੰਡਿਤ ਕ੍ਰਿਪਾ ਰਾਮ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਿਤ
ਫਰਿਆਦ ਲੈ ਕੇ ਅਨੰਦਪੁਰ ਸਾਹਿਬ ਆਏ ਸੀ ਤੇ ਗੁਰੂ ਨਾਨਕ ਦੇ ਘਰ ਨੇ ਆਪਣੇ ਵਚਨ ਨੂੰ ਪੂਰਾ ਕਰ ਕੇ
ਦਿਖਾਇਆ ਸੀ।
ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ।।
ਬਿਨਵੰਤਿ ਨਾਨਕ ਹਰਿ ਕੰਤੁ ਮਿਲਿਆ ਸਦਾ ਕੇਲ ਕਰੰਦਾ।। (ਬਿਹਾਗੜਾ ਮਹਲਾ
੫-੫੪੪)
ਅਨੰਦਪੁਰ ਸਾਹਿਬ ਵਿਖੇ ਹੀ ਇੱਕ ਬ੍ਰਾਹਮਣ ਫਰਿਆਦ ਲੈ ਕੇ ਹਾਜਰ ਹੋਇਆ ਸੀ।
ਕਲਗੀਧਰ ਪਾਤਸ਼ਾਹ ਦੇ ਅੱਗੇ ਕੂਕਾਂ ਮਾਰ-ਮਾਰ ਕੇ ਰੋਇਆ ਤੇ ਕਹਿਣ ਲਗਾ “ਮੇਰੀ ਔਰਤ ਨੂੰ ਪਠਾਨ
ਚੁੱਕ ਕੇ ਲੈ ਗਏ ਹਨ। ਮੇਰੀ ਫਰਿਆਦ ਕੋਈ ਨਹੀ ਸੁਣ ਰਿਹਾ, ਇਸ ਲਈ ਮੈਂ ਆਪਣੀ ਫਰਿਆਦ ਲੈ ਕੇ ਗੁਰੂ
ਘਰ ਆਇਆ ਹਾਂ। “ਗੁਰੂ ਪਾਤਸ਼ਾਹ ਨੇ ਉਸੇ ਸਮੇ ਸਾਹਿਬਜਾਦਾ ਅਜੀਤ ਸਿੰਘ ਨੂੰ ਅਵਾਜ ਮਾਰ ਕੇ ਕਿਹਾ
“ਬੇਟਾ ਅਜੀਤ! ਸਿੰਘਾਂ ਨੂੰ ਨਾਲ ਲੈ ਕੇ ਜਾਉ ਤੇ ਇਸ ਦੀ ਬ੍ਰਾਹਮਣੀ ਵਾਪਸ ਲਿਆ ਕੇ ਦਿਉ”।
ਇਤਿਹਾਸ ਗਵਾਹ ਹੈ ਕਿ ਸਾਹਿਬਜਾਦਾ ਅਜੀਤ ਸਿੰਘ ਜੀ ਨੇ 100 ਸਿੰਘ ਦੇ ਜਥੇ ਨੂੰ ਲੈ ਕੇ ਸੁੱਤੇ ਹੋਏ
“ਜਾਬਰ ਖਾਂ” ਤੇ ਹਮਲਾ ਕੀਤਾ ਤੇ ਉਸਦੀਆਂ ਮੁਸ਼ਕਾ ਬੰਨ ਕੇ ਨਾਲ ਲੈ ਕੇ ਆਏ ਤੇ ਬ੍ਰਾਹਮਣ ਦੀ
ਪਤਨੀ ਨੂੰ ਅਜ਼ਾਦ ਕਰਵਾ ਕੇ ਉਸਨੂੰ ਬਾ-ਇਜਤ ਉਸਦੇ ਘਰ ਛੱਡ ਕੇ ਆਏ।
ਉਹੀ ਸਿੱਖ ਜਿਸਦੀ ਡਿਊਟੀ ਚਮਕੌਰ ਦੀ ਗੜ੍ਹੀ ਦੇ ਉਚੇ ਸਥਾਨ ਤੇ ਨਿਗਰਾਨੀ
ਕਰਨ ਲਈ ਲਗੀ ਹੋਈ ਸੀ। ਜਦੋਂ ਉਸ ਨੇ ਦੇਖਿਆ ਕਿ ਵੈਰੀ ਦੀ ਫੌਜ ਘੇਰਾ ਪਾਈ ਨਜਦੀਕ ਆ ਰਹੀ ਹੈ ਤਾਂ
ਉਹ ਕਲਗੀਧਰ ਪਾਤਸ਼ਾਹ ਨੂੰ ਆ ਕੇ ਬੇਨਤੀ ਕਰ ਰਿਹਾ ਹੈ-
ਅਰਸ਼ਾਦ ਹੋ ਤੇ ਸਭ ਕੋ ਅਕੇਲਾ ਭਗਾ ਕੇ ਆਊਂ।
‘ਅਜਮੇਰ ਚੰਦ` ਆਨ ਮੇ ਕੈਦੀ ਬਨਾ ਕੇ ਆਊਂ।
‘ਬਾਜ਼ੀਦ ਖਾਂ` ਕਾ ਸਿਰ ਭੀ ਅਭੀ ਜਾ ਕੇ ਮੈ ਉੜਾਊਂ।
ਇੱਕ ਸਿੰਘ ਏਕ ਲਾਖ ਪਿ ਗ਼ਾਲਿਬ ਹੂਆ ਦਿਖਾਊਂ।
ਸਾਹਿਬ ਜੀ ਮੈਨੂੰ ਆਗਿਆ ਦਿਉ, ਮੈਂ ਵਜੀਰ ਖਾਂ ਦਾ ਸਿਰ ਵੱਢ ਕੇ ਆਪ ਜੀ ਦੇ
ਕਦਮਾਂ ਵਿੱਚ ਲਿਆ ਕੇ ਰੱਖ ਦਿਆਂ। ਸਤਿਗੁਰੂ ਜੀ ਮੈਨੂੰ ਆਗਿਆ ਦਿਉ, ਮੈਂ ਇਕੱਲਾ ਸਿੰਘ ਇਹਨਾਂ
ਲੱਖਾਂ ਫੌਜਾਂ ਤੇ ਭਾਰੂ ਹੋ ਕੇ ਵਿਖਾ ਦਿਆਂਗਾ।
ਸਤਿਗੁਰੂ ਜੀ ਸਿੰਘ ਵਲ ਪਿਆਰ ਨਾਲ ਵੇਖਦੇ ਹੋਏ ਸੁਣ ਕੇ ਕਹਿਣ ਲਗੇ-
“ਸਾਬਾਸ਼”! ਕਹਿ ਕੇ ਸਤਿਗੁਰੂ ਫੌਰਨ ਖੜੇ ਹੂਏ।
ਜ਼ੁਰਤ ਪਿ ਪਹਰੇਦਾਰ ਕੀ ਵੁਹ ਖੁਸ਼ ਬੜੇ ਹੂਏ।
ਪਹਿਰੇਦਾਰ ਸਿੰਘ ਦੀ ਜੁਰਅਤ ਦੇਖ ਕੇ ਪਾਤਸ਼ਾਹ ਪ੍ਰਸੰਨਤਾ ਦੇ ਘਰ ਵਿੱਚ ਆ
ਗਏ। ਹੁਣ ਸਤਿਗੁਰੂ ਜੀ ਉੱਠ ਕੇ ਖੜੇ ਹੋ ਗਏ ਤੇ ਚਮਕੌਰ ਦੀ ਕੱਚੀ ਗੜ੍ਹੀ ਦੀ ਕੀਤੀ ਗਈ ਕਿਲੇਬੰਦੀ
ਦਾ ਨਿਰੀਖਣ ਕਰਨ ਲਗੇ ਨੇ। ਨਿਰੀਖਣ ਕਰਦਿਆਂ ਸਤਿਗੁਰੂ ਜੀ ਆਪ ਸਭ ਤੋਂ ਉਚੀ ਜਗ੍ਹਾ ਉਪਰ ਚਲੇ ਗਏ ਤੇ
ਉਥੇ ਜਾ ਕੇ ਆਪਣਾ ਟਿਕਾਣਾ ਕਰਨ ਲਗੇ ਨੇ।
ਜਿਸ ਜਾਂ ਕੀਆ ਹਜੂਰ ਨੇ ਜਾ ਕਰ ਕਯਾਮ ਥਾ।
ਚਮਕੌਰ ਕੀ ਗੜ੍ਹੀ ਮੇਂ ਯਿਹ ਏਕ ਊਚਾ ਬਾਮ ਥਾ।
ਇਸ ਜਾਂ ਸੇ ਚਾਰ ਕੂੰਟ ਕਾ ਨਜ਼ਾਰਾ ਆਮ ਥਾ।
ਦਿਖਤਾ ਯਹਾਂ ਸੇ ਲਸ਼ਕਰਿ-ਆਦਾ ਤਮਾਮ ਥਾ।
ਕਲਗੀਧਰ ਪਾਤਸ਼ਾਹ ਨੇ, ਉਚੀ ਜਗ੍ਹਾ ਪਰ ਖੜੇ ਹੋ ਕੇ ਮੁਗਲਾਂ ਦੀ ਦਸ ਲਖ ਫੌਜ
ਨੂੰ ਤੱਕਿਆ, ਸਾਰੀ ਦੀ ਸਾਰੀ ਫੌਜ ਤੇ ਕਲਗੀਧਰ ਪਾਤਸ਼ਾਹ ਦੀ ਨਿਗਾ ਗਈ। ਦੇਖਦੇ ਨੇ ਕਿ:-
ਅਸਵਾਰ ਹੀ ਅਸਵਾਰ ਥੇ ਫੈਲੇ ਹੂਏ ਰਨ ਮੇਂ।
ਪਿਆਦੇ ਥੇ, ਯਾ ਥੇ ਆਦਮੀ -ਘਾਸ ਉਗਪੜੀ ਬਨ ਮੇਂ।
ਕਈ ਪੈਦਲ ਫੌਜੀ ਹਨ, ਕਈ ਘੋੜਿਆਂ ਤੇ ਅਸਵਾਰ ਹਨ, ਗੱਲ ਕੀ ਚਾਰ ਚੁਫੇਰੇ
ਮੁਗਲਈ ਅਤੇ ਪਹਾੜੀ ਫੌਜਾਂ ਘੇਰਾ ਪਾ ਕੇ ਬੈਠੀਆਂ ਹੋਈਆਂ ਹਨ। ਆਪ ਅੰਦਾਜਾ ਲਗਾਓ ਕਿ ਜਦੋ ਕਲਗੀਧਰ
ਪਾਤਸ਼ਾਹ ਨੇ ਇਹ ਦਸ ਲਖ ਫੌਜਾਂ ਨੂੰ ਦੇਖਿਆ ਹੋਵੇਗਾ ਤਾਂ ਦਸ ਲਖ ਫੌਜਾਂ ਕਿੰਨੇ ਇਲਾਕੇ ਵਿੱਚ
ਫੈਲੀਆਂ ਹੋਣਗੀਆ।
ਇਹ ਜੋ ਦਸ ਲੱਖ ਫੌਜ ਹੈ ਚਮਕੌਰ ਦੀ ਗੜ੍ਹੀ ਅੰਦਰਲੇ 40 ਸਿੰਘ, ਸੂਰਬੀਰਾਂ
ਨੂੰ ਘੇਰ ਕੇ ਖੜੀ ਹੈ। ਇੱਕ ਵਿਦਵਾਨ ਆਪਣੇ ਵਿਚਾਰ ਲਿਖਦਾ ਹੈ ਕਿ “ਕੱਚੀ ਗੜ੍ਹੀ” ਦੀ ਦਸ
ਲੱਖ ਦੇ ਸਾਹਮਣੇ ਕੀ ਮਜਾਲ ਸੀ, ਜੇਕਰ ਦਸ ਲੱਖ ਫੌਜੀ ਇਕ-ਇਕ ਮੁਠ ਮਿਟੀ ਦੀ ਵੀ ਭਰਦਾ ਤਾਂ “ਕੱਚੀ
ਗੜ੍ਹੀ” ਦਾ ਨਾਮੋ-ਨਿਸ਼ਾਨ ਹੀ ਮਿਟ ਜਾਦਾ, ਕਿਉਂਕਿ “ਕਚੀ ਗੜ੍ਹੀ” ਦੀ ਮਿਟੀ ਦੀ ਦਸ
ਲੱਖ ਮੁੱਠ ਵੀ ਨਹੀ ਸੀ ਹੋਣੀ।
ਮੇਰੇ ਕਲਗੀਧਰ ਪਾਤਸ਼ਾਹ ਨੇ ਜਦੋਂ ਇਹ ਸਾਰਾ ਨਜ਼ਾਰਾ ਆਪਣੀਆਂ ਨਜਰਾਂ ਨਾਲ
ਤੱਕਿਆ ਤਾਂ ਸਾਹਿਬਜਾਦਾ ਅਜੀਤ ਸਿੰਘ, ਸਾਹਿਬਜਾਦਾ ਜੁਝਾਰ ਸਿੰਘ ਅਤੇ 40 ਸਿੰਘਾਂ ਨੂੰ ਕਿਵੇਂ
ਜਥਿਆਂ ਦੇ ਰੂਪ ਵਿੱਚ ਵੈਰੀਆਂ ਨਾਲ ਲੜ੍ਹਣ ਲਈ ਤਿਆਰ ਕਰਨ ਲਗੇ ਨੇ? ਇਸ ਜੰਗ ਦੇ ਨਜ਼ਾਰੇ ਨੂੰ ਜੋਗੀ
ਅੱਲ੍ਹਾ ਯਾਰ ਖਾਂ ਆਪਣੀ ਕਲਮ ਦੇ ਨਾਲ ਜਾਣੂ ਕਰਵਾ ਰਿਹਾ ਹੈ।
ਸਤਿਗੁਰ ਨੇ ਮੌਕਾ ਮੌਕਾ ਸੇ ਸਭ ਕੋ ਬਿਠਾ ਦੀਆ।
ਹਰ ਬੁਰਜ ਪਿ, ਫਸੀਲ ਪਿ, ਪਹਿਰਾ ਲਗਾ ਦੀਆ।
ਚਮਕੌਰ ਸਾਹਿਬ ਵਿੱਚ ਗੁਰਦੁਆਰਾ “ਕਤਲਗੜ੍ਹ ਸਾਹਿਬ” ਹੈ ਤੇ ਇਸ
ਗੁਰਦੁਆਰਾ ਸਾਹਿਬ ਦੇ ਬਾਹਰ ਦੋ ਪੰਗਤੀਆ ਲਿਖੀਆ ਹੋਈਆ ਹਨ, ਜੋ ਇਉਂ ਹਨ।
ਬੱਸ, ਏਕ ਹਿੰਦ ਮੇ ਤੀਰਥ ਹੈ, ਯਾਤਰਾ ਕੇ ਲਿਯੇ।
ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਯੇ।
ਇਹ ਪੰਗਤੀਆਂ, ਗੁਰੁਦੁਆਰਾ ਸਾਹਿਬ ਦੇ ਬਾਹਰ ਬੜੀ ਲੰਮੀ ਸੋਚ ਵਿਚਾਰ ਤੋਂ
ਬਾਅਦ ਹੀ ਅੰਕਿਤ ਕੀਤੀਆਂ ਗਈਆ ਹੋਣਗੀਆ।।
ਇੱਕ ਯੂਰਪ ਦਾ ਜਰਨੈਲ ਜਿਸਦਾ ਨਾਮ ਹੈ “ਨੈਪੋਲੀਅਨ ਬੋਨਾਪਾਰਟ” ਉਹ
ਲਿਖਦਾ ਹੈ ਕਿ “ਮੌਤ ਕਿਸੇ ਆਦਮੀ ਨੂੰ ਸ਼ਹੀਦ ਨਹੀ ਬਨਾਉਦੀ, ਸਗੋ ਆਦਰਸ਼ ਮਨੁੱਖ ਨੂੰ ਸ਼ਹੀਦ
ਬਣਾਉਦਾ ਹੈ। “ਚਮਕੌਰ ਦੀ ਗੜ੍ਹੀ ਦੇ ਜਿੰਨੇ ਵੀ ਸ਼ਹੀਦ ਨੇ ਸਾਰੇ ਹੀ ਇਤਿਹਾਸ ਵਿੱਚ ਇੱਕ ਸਾਮਾਨ
ਸਤਿਕਾਰ ਦੇ ਹੱਕਦਾਰ ਹਨ।
ਮੈ ਬੇਨਤੀ ਕਰ ਰਿਹਾ ਸੀ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ “ਕੱਚੀ ਗੜ੍ਹੀ”
ਦੀ ਸਭ ਤੋਂ ਉਚੀ ਜਗ੍ਹਾ ਉਪਰ ਖੜੇ ਹੋ ਗਏ ਨੇ, ਇਸ ਸਮੇਂ ਦੌਰਾਨ ਵਜੀਰ ਖਾਂ ਨੇ ਆਪਣਾ ਇੱਕ
ਏਲਚੀ ਅੰਦਰ ਭੇਜਿਆ, ਜਿਸਨੇ ਆਪਣੇ ਹੱਥ ਵਿੱਚ ਚਿੱਟਾ ਝੰਡਾ ਫੜਿਆ ਹੋਇਆ ਸੀ, ਜਿਸਦਾ ਮਤਲਬ ਇਹ
ਹੁੰਦਾ ਹੈ ਕਿ ਇਹ ਏਲਚੀ ਹੈ ਤੇ ਇਸਦੇ ਉਪਰ ਕੋਈ ਵੀ ਵਾਰ ਨਹੀ ਕੀਤਾ ਜਾ ਸਕਦਾ।
ਏਲਚੀ ਨੇ ਗੜ੍ਹੀ ਅੰਦਰ ਆ ਕੇ ਨਵਾਬ ਵਜੀਰ ਖਾਂ ਦਾ ਪੈਗਾਮ ਪੜ੍ਹ ਕੇ ਸੁਣਾਇਆ
“ਤੁਸੀ ਸਾਰੇ ਆਪਣੇ ਆਪ ਨੂੰ ਨਵਾਬ ਵਜੀਰ ਖਾਂ ਦੇ ਹਵਾਲੇ ਕਰ ਦਿਉ, ਇਸੇ ਵਿੱਚ ਹੀ ਤੁਹਾਡੀ
ਸਲਾਮਤੀ ਹੈ”। ਜਦੋਂ ਏਲਚੀ ਨੇ ਪੈਗਾਮ ਪੜ੍ਹ ਕੇ ਸੁਣਾਇਆ ਤਾਂ ਉਸਨੇ ਗੜ੍ਹੀ ਦੇ ਅੰਦਰ ਸਿੰਘਾਂ
ਦੀ ਗਿਣਤੀ ਵਲ ਵੀ ਧਿਆਨ ਮਾਰਿਆ ਤਾਂ ਉਸਦਾ ਹੌਸਲਾ ਹੋਰ ਵੱਧ ਗਿਆ। ਫਿਰ ਹੌਸਲਾ ਵੀ ਇੰਨਾ ਵਧਿਆ ਕਿ
ਬੋਲਦਿਆਂ-ਬੋਲਦਿਆਂ ਉਸ ਏਲਚੀ ਨੇ ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਾਨ ਵਿੱਚ ਵੀ ਕੁਬੋਲ ਬੋਲ ਦਿੱਤੇ। ਉਸ
ਸਮੇ ਸਾਹਿਬਜਾਦਾ ਅਜੀਤ ਸਿੰਘ ਜੀ ਜੋ ਏਲਚੀ ਦੇ ਪਾਸ ਹੀ ਖੜੇ ਸਨ, ਨੇ ਆਪਣੇ ਮਿਆਨ ਵਿਚੋ ਤਲਵਾਰ
ਬਾਹਰ ਕਢ ਲਈ ਤੇ ਕਹਿਣ ਲਗੇ “ਉਏ ਏਲਚੀ! ਤੂੰ ਸੁਨੇਹਾ ਲੈ ਕੇ ਆਇਆ ਹੈ ਤੇ ਆਪਣੇ ਸੁਨੇਹੇ ਤਕ ਹੀ
ਸੀਮਤ ਰਹਿ, ਜੇਕਰ ਤੂੰ ਇਸ ਤੋ ਅੱਗੇ ਇੱਕ ਵੀ ਸ਼ਬਦ ਪਿਤਾ ਗੁਰੂ ਦੇ ਖਿਲਾਫ ਬੋਲਿਆ ਤਾਂ ਮੈ ਏਲਚੀ
ਨੂੰ ਨਾ ਮਾਰਨ ਦੀ ਰਵਾਇਤ ਨੂੰ ਖਤਮ ਕਰਕੇ ਤੇਰਾ ਸਿਰ ਤੇਰੇ ਧੜ੍ਹ ਤੋਂ ਅਲੱਗ ਕਰ ਦਿਆਂਗਾ। ਹੁਣ
ਤੇਰੇ ਲਈ ਇਹੀ ਗਲ ਚੰਗੀ ਹੈ ਕਿ ਤੂੰ ਇਥੋ ਸਹੀ ਸਲਾਮਤ ਵਾਪਸ ਚਲਿਆ ਜਾ, ਇਸਤੋ ਅਗਲੀ ਗੱਲ ਬਾਤ ਹੁਣ
ਮੈਦਾਨ-ਏ-ਜੰਗ ਵਿੱਚ ਹੀ ਹੋਵੇਗੀ। “
ਏਲਚੀ ਚੁੱਪ ਕਰਕੇ ਬਾਹਰ ਚਲਿਆ ਗਿਆ ਤੇ ਬਾਹਰ ਜਾ ਕੇ ਵਜੀਰ ਖਾਂ ਨੂੰ ਸਾਰੀ
ਗੱਲ ਦਸਦਾ ਹੈ। ਜਦੋ ਏਲਚੀ ਨੇ ਗੜ੍ਹੀ ਦੇ ਸਿੰਘਾਂ ਦੀ ਗਿਣਤੀ ਬਾਰੇ ਦਸਿਆ ਕਿ ਸਿੰਘ ਕਿੰਨੇ ਕੁ ਹਨ,
ਉਹਨਾ ਪਾਸ ਅਸਲਾ ਕਿੰਨਾ ਕੁ ਹੈ, ਉਹਨਾ ਪਾਸ ਸ਼ਸਤ੍ਰ ਕਿੰਨੇ ਕੁ ਹਨ, ਇਹ ਸਭ ਸੁਣ ਕੇ ਵਜੀਰ ਖਾਂ ਦਾ
ਹੌਸਲਾ ਹੋਰ ਵਧ ਗਿਆ। ਵਜੀਰ ਖਾਂ ਨੇ ਹੁਣ ਗੜ੍ਹੀ ਦੇ ਬਾਹਰ ਢੰਡੋਰਾ ਪਿਟਵਾ ਦਿੱਤਾ “ਐ ਗੁਰੂ
ਗੋਬਿੰਦ ਸਿੰਘ! ਤੇਰੇ ਲਈ ਚੰਗੀ ਗਲ ਹੋਵੇਗੀ, ਜੇਕਰ ਤੂੰ ਆਪਣੇ ਆਪ ਨੂੰ ਸਾਥੀਆਂ ਸਮੇਤ ਸਾਡੇ ਹਵਾਲੇ
ਕਰ ਦੇਵੇਂ ਤੁਹਾਡੀ ਸਲਾਮਤੀ ਇਸੇ ਵਿੱਚ ਹੈ। “ਸਿੰਘਾਂ ਨੇ ਉਸ ਢੰਡੋਰੇ ਦਾ ਜਆਬ ਤੀਰਾਂ ਦੀ
ਵਾਛੜ ਨਾਲ ਦਿੱਤਾ, ਹੁਣ ਕਲਗੀਧਰ ਪਾਤਸ਼ਾਹ ਨੇ ਵੀ ਕਿਲੇ ਦੀ ਅੰਦਰੋਂ ਵਿਉਂਤਬੰਦੀ ਕਰਕੇ ਜੰਗ ਦੇ
ਟਾਕਰੇ ਲਈ ਮੁਕੰਮਲ ਤਿਆਰੀ ਕਰ ਲਈ। ਜੋਗੀ ਅੱਲ੍ਹਾ ਯਾਰ ਖਾਂ ਅੱਗੇ ਦੇ ਦ੍ਰਿਸ਼ਾ ਨੂੰ ਪੇਸ਼ ਕਰਦਿਆਂ
ਕਹਿੰਦਾ ਹੈ-
ਸਤਿਗੁਰ ਨੇ ਮੌਕਾ ਮੌਕਾ ਸੇ ਸਭ ਕੋ ਬਿਠਾ ਦੀਆ।
ਗੁਰੂ ਕਲਗੀਧਰ ਪਾਤਸ਼ਾਹ ਕੇਵਲ ਇੱਕ ਧਾਰਮਿਕ ਆਗੂ ਹੀ ਨਹੀ, ਗੁਰੂ ਕਲਗੀਧਰ
ਪਾਤਸ਼ਾਹ ਕੇਵਲ ਇੱਕ ਰਾਜਨੀਤਕ ਆਗੂ ਹੀ ਨਹੀ, ਗੁਰੂ ਕਲਗੀਧਰ ਪਾਤਸ਼ਾਹ ਕੇਵਲ ਇੱਕ ਸਮਾਜਿਕ ਆਗੂ ਹੀ
ਨਹੀ ਬਲਕਿ ਗੁਰੂ ਕਲਗੀਧਰ ਪਾਤਸ਼ਾਹ ਇੱਕ ਵਧੀਆ ਤੇ ਕਮਾਲ ਦੇ ਯੁੱਧ-ਨੀਤਕ ਜਰਨੈਲ ਵੀ ਹਨ। ਯੁੱਧ ਆਪ
ਲੜਣਾ ਅਤੇ ਯੁੱਧ ਲੜਾਉਣ ਦੇ ਵਿੱਚ ਇੱਕ ਬਹੁਤ ਵੱਡਾ ਫਰਕ ਹੈ। ਕਲਗੀਧਰ ਪਾਤਸ਼ਾਹ ਯੁੱਧ ਲੜਣ ਵਾਲੇ ਵੀ
ਹਨ ਅਤੇ ਯੁੱਧ ਲੜਾਉਣ ਵਾਲੇ ਵੀ ਹਨ। ਸਤਿਗੁਰੂ ਕਲਗੀਧਰ ਪਾਤਸ਼ਾਹ ਇਹ ਗਲ ਵੀ ਚੰਗੀ ਤਰਾਂ ਜਾਣਦੇ ਹਨ
ਕਿ ਹੁਣ ਲੜਾਈ (ਜੰਗ) ਤੋ ਬਿਨਾ ਕੋਈ ਹੋਰ ਚਾਰਾ ਹੀ ਨਹੀ ਹੈ, ਉਹਨਾਂ ਨੇ ਗੜ੍ਹੀ ਦੀ ਮੋਰਚਾਬੰਦੀ
ਬੜੇ ਹੀ ਕਮਾਲ ਦੇ ਤਰੀਕੇ ਨਾਲ ਕੀਤੀ।
ਕਲਗੀਧਰ ਪਾਤਸ਼ਾਹ ਇਹ ਜਾਣਦੇ ਨੇ ਕਿ ਮੇਰੇ ਕੋਲ ਸਿੰਘਾਂ ਦੀ ਗਿਣਤੀ ਕਿੰਨੀ
ਕੁ ਹੈ ਤੇ ਬਾਹਰ ਦੁਸ਼ਮਣ ਫੌਜ ਦੀ ਗਿਣਤੀ ਕਿੰਨੀ ਹੈ। ਦੋਹਾਂ ਪਾਸਿਆਂ ਦੀ ਗਿਣਤੀ ਨੂੰ ਧਿਆਨ ਵਿੱਚ
ਰੱਖਦਿਆਂ ਹੀ ਕਲਗੀਧਰ ਪਾਤਸ਼ਾਹ ਨੇ ਗੜ੍ਹੀ ਵਿੱਚ ਮੋਰਚਾਬੰਦੀ ਦੀ ਵਿਉਂਤ ਬਣਾਈ ਹੈ।
ਯਿਹ ਮੋਰਚਾ ਇਸੇ, ਉਸੇ ਵੁਹ ਦਮਦਮਾ ਦੀਆ।
ਸਿੰਘੋ ਕਾ ਇੱਕ ਹਿਸਾਰ ਕਿਲੇ ਮੇ ਬਨਾ ਦੀਆ।
ਕਿਸੇ ਨੂੰ ਕਿਸੇ ਪਾਸੇ, ਕਿਸੇ ਨੂੰ ਕਿਸੇ ਪਾਸੇ, ਸਭ ਸਿੰਘਾਂ ਦੀਆਂ ਵਿਉਂਤ
ਨਾਲ ਡਿਊਟੀਆ ਲਗਾ ਦਿੱਤੀਆਂ ਤੇ ਸਿੰਘਾਂ, ਸੂਰਬੀਰਾਂ ਦਾ ਇੱਕ ਚਕਰਵਿਊ ਬਣਾ ਦਿੱਤਾ। ਹੁਣ ਸਾਰੇ
ਸਿੰਘ ਆਪਣੇ-ਆਪਣੇ ਸਥਾਨ ਤੇ ਮੋਰਚਿਆਂ ਉਪਰ ਡੱਟ ਗਏ। ਬਾਹਰ ਵਾਲੇ ਪਾਸੇ ਕੀ ਹੋ ਰਿਹਾ ਹੈ? ਬਾਹਰ
ਵਜ਼ੀਰ ਖਾਂ, ਜਬਰਦਸਤ ਖਾਂ ਤੇ ਪਹਾੜੀ ਰਾਜੇ ਆਪਣੀਆਂ-ਆਪਣੀਆਂ ਫੌਜਾਂ ਨੂੰ ਹੱਲਾਸ਼ੇਰੀ ਦੇ ਰਹੇ ਨੇ,
ਨਗਾਰਿਆਂ ਤੇ ਚੋਟਾਂ ਵੱਜ ਰਹੀਆਂ ਨੇ ਕਿ ਅੱਗੇ ਨੂੰ ਹੋ ਜਾਉ, ਗੜੀ ਦੇ ਅੰਦਰ ਮੁਠੀ ਕੁ ਭਰ ਸਿੰਘ
ਨੇ, ਵੈਰੀਆਂ ਦੀਆਂ ਫੌਜਾਂ ਹੌਲੀ-ਹੌਲੀ ਗੜ੍ਹੀ ਵਲ ਨੂੰ ਵਧਣ ਲਈ ਤਿਆਰ ਹੋ ਰਹੀਆਂ ਨੇ। ਗੜ੍ਹੀ ਦੇ
ਅੰਦਰ ਤੋਂ ਸਿੰਘਾਂ ਨੇ ਉਚੀ ਅਵਾਜ ਵਿੱਚ ਇੱਕ ਜੈਕਾਰਾ ਗੁੰਜਾਇਆ:-
“ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ”
ਤਾਂ ਸਾਰੇ ਸਿੰਘਾਂ ਨੇ ਆਪਣੇ ਸੀਸ ਗੜ੍ਹੀ ਦੀ ਦੀਵਾਰ ਤੋਂ ਉਤਾਂਹ ਨੂੰ ਕਰ
ਲਏ, ਜੈਕਾਰੇ ਦੀ ਗੂੰਜ ਸੁਣਕੇ ਵੈਰੀਆਂ ਦੀ ਫੌਜ ਡਰ ਗਈ ਤੇ ਪਿਛਾਂਹ ਨੂੰ ਹਟਣੀ ਸ਼ੁਰੂ ਹੋ ਗਈ।
ਇਹ ਕਲਗੀਧਰ ਪਾਤਸ਼ਾਹ ਦੇ ਪਾਏ ਹੋਏ ਪੂਰਨੇ ਹਨ ਤੇ ਇਹਨਾਂ ਪੂਰਨਿਆਂ ਤੇ ਹੋਰ
ਵੀ ਸਿੱਖ ਚਲੇ ਸਨ ਜਿੰਨਾ ਵਿਚੋ ਦੋ ਨਾਵਾਂ ਦਾ ਮੈ ਆਪ ਜੀ ਦੇ ਸਨਮੁਖ ਜਿਕਰ ਕਰਨਾ ਜਰੂਰੀ ਸਮਝਦਾ
ਹਾਂ।
ਸਮਾਂ ਸੀ ਅਹਿਮਦ ਸ਼ਾਹ ਅਬਦਾਲੀ ਦਾ, ਤੇ ਸਿੱਖ ਸਨ-ਭਾਈ ਹਾਠੂ ਸਿੰਘ ਅਤੇ ਭਾਈ
ਬਾਘੜ ਸਿੰਘ, ਪਿੰਡ ਸੀ- ਕਾਨਾ ਕਾਛਾ, ਜਿਲਾ ਲਾਹੋਰ। ਜਦੋਂ ਇਹਨਾਂ ਸਿੱਖਾਂ ਨੇ ਸੁਣਿਆ ਕਿ ਅਹਿਮਦ
ਸ਼ਾਹ ਅਬਦਾਲੀ ਸਿਖਾਂ ਦਾ ਕਤਲੇਆਮ ਕਰਦਾ ਇਧਰ (ਲਾਹੌਰ) ਵੀ ਆ ਰਿਹਾ ਹੈ ਤਾਂ ਭਾਈ ਹਾਠੂ ਸਿੰਘ, ਭਾਈ
ਬਾਘੜ ਸਿੰਘ ਆਪ ਹੀ ਲਾਹੌਰ ਨੂੰ ਚਲ ਪਏ ਕਿ ਅਸੀਂ ਇਸਨੂੰ ਇਧਰ ਵਧਣ ਹੀ ਨਹੀ ਦੇਣਾ। ਇਹਨਾ ਸਿੰਘਾਂ
ਦਾ ਟਾਕਰਾ ਰਸਤੇ ਵਿੱਚ ਵਿੱਚ ਹੀ ਫੌਜਾਂ ਨਾਲ ਹੋ ਗਿਆ ਤੇ ਇਹ ਦੋਵੇਂ ਪਕੜੇ ਗਏ। ਜਦੋਂ ਇਹਨਾਂ
ਦੋਵਾਂ ਸਿੰਘਾਂ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਅਹਿਮਦ ਸ਼ਾਹ ਅਬਦਾਲੀ ਨੇ
ਇਹਨਾ ਤੋਂ ਪੁਛਿਆ “ਤੁਸੀ ਲਾਹੌਰ ਕੀ ਕਰਨ ਆ ਰਹੇ ਸੀ? “ਇਹਨਾ ਸਿੰਘਾਂ ਨੇ ਜਵਾਬ ਦਿੱਤਾ “ਅਸੀ
ਲਾਹੌਰ ਨੂੰ ਤੇਰਾ ਸਿਰ ਵੱਢਣ ਲਈ ਆ ਰਹੇ ਸਾਂ। “ਇਹ ਜਵਾਬ ਸੁਣਕੇ ਅਹਿਮਦ ਸ਼ਾਹ ਅਬਦਾਲੀ ਕਹਿਣ
ਲਗਾ “ਤੁਹਾਨੂੰ ਮੇਰੀਆ ਫੌਜਾਂ ਤੇ ਮੇਰੀ ਤਾਕਤ ਦਾ ਅੰਦਾਜਾ ਨਹੀ ਹੈ। “ਸਿੰਘ ਕਹਿਣ ਲਗੇ “ਸਾਨੂੰ
ਤੇਰੀਆਂ ਫੌਜਾਂ, ਤੇਰੀ ਤਾਕਤ ਦਾ ਕੋਈ ਵੀ ਡਰ ਨਹੀ ਹੈ, ਅਸੀ ਤਾਂ ਤੈਨੂੰ ਸਬਕ ਸਿਖਾਉਣ ਲਈ ਆ ਰਹੇ
ਸੀ। “ਇਹ ਜਵਾਬ ਸੁਣਕੇ ਅਹਿਮਦ ਸ਼ਾਹ ਅਬਦਾਲੀ ਇੰਨਾਂ ਤਿਲਮਿਲਾਇਆ ਤੇ ਉਸੇ ਵਕਤ ਗੁੱਸੇ ਵਿੱਚ ਆਣ
ਕੇ ਹੁਕਮ ਸੁਣਾ ਦਿੱਤਾ ਕਿ ਇਹਨਾ ਨੂੰ ਹਾਥੀ ਦੇ ਪੈਰਾਂ ਵਿੱਚ ਸੁੱਟ ਕੇ ਕੁਚਲ ਦਿੱਤਾ ਜਾਵੇ। ਜਦੋਂ
ਭਾਈ ਹਾਠੂ ਸਿੰਘ ਨੂੰ ਹਾਥੀ ਦੇ ਪੈਰਾਂ ਅੱਗੇ ਸੁਟਿਆ ਗਿਆ ਤਾਂ ਭਾਈ ਸਾਹਿਬ ਨੇ ਏਨੀ ਬੁਲੰਦ ਅਵਾਜ
ਨਾਲ ਜੈਕਾਰਾ ਗੁੰਜਾਇਆ ਕਿ ਹਾਥੀ ਉਸ ਜੈਕਾਰੇ ਦੀ ਗੂੰਜ ਦੀ ਅਵਾਜ ਨੂੰ ਸੁਣ ਕੇ ਡਰ ਕੇ ਪਿਛੇ ਨੂੰ
ਹੋ ਗਿਆ। ਹਾਠੂ ਸਿੰਘ ਨੂੰ ਪਿੰਜਰੇ ਵਿੱਚ ਬੰਦ ਕਰਕੇ ਉਸਦੇ ਵਿੱਚ ਸ਼ੇਰ ਛੱਡ ਦਿੱਤਾ, ਉਸ ਸਮੇ ਭਾਈ
ਹਾਠੂ ਸਿੰਘ ਦੇ ਹੱਥ ਵਿੱਚ ਕੇਵਲ ਇੱਕ ਸੋਟਾ ਹੀ ਸੀ, ਜਿਸ ਨਾਲ ਭਾਈ ਹਾਠੂ ਸਿੰਘ ਨੇ ਗੁਰੂ ਕਲਗੀਧਰ
ਪਾਤਸ਼ਾਹ ਦੀ ਬਖਸ਼ਿਸ਼ ਸਦਕਾ ਸ਼ੇਰ ਦਾ ਮੁਕਾਬਲਾ ਕੀਤਾ ਤੇ ਉਸ ਸ਼ੇਰ ਨੂੰ ਮਾਰ ਮੁਕਾਇਆ।
ਆਪ ਜੀ ਨੇ “ਹਰੀ ਸਿੰਘ ਨਲੂਆ” ਦਾ ਨਾਮ ਤਾਂ ਸੁਣਿਆ ਹੋਵੇਗਾ। ਪਰ
ਕੀ ਆਪ ਜੀ ਜਾਣਦੇ ਹੋ ਕਿ “ਨਲੂਆ” ਦਾ ਅਰਥ ਕੀ ਹੁੰਦਾ ਹੈ?” ਨਲੂਆ”ਇਕ ਉਪਾਧੀ ਹੈ।
ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਜੰਗਲ ਵਿੱਚ ਸ਼ਿਕਾਰ ਕਰਨ
ਗਏ ਤਾਂ ਹਰੀ ਸਿੰਘ ਉਪਰ ਅਚਾਨਕ ਇੱਕ ਸ਼ੇਰ ਨੇ ਹਮਲਾ ਕਰ ਦਿੱਤਾ, ਉਸ ਸਮੇ ਹਰੀ ਸਿੰਘ ਕੋਲ ਇੰਨਾ ਵੀ
ਸਮਾਂ ਨਹੀ ਸੀ ਕਿ ਉਹ ਤਲਵਾਰ ਆਪਣੇ ਮਿਆਨ ਵਿੱਚੋ ਬਾਹਰ ਕੱਢ ਸਕਦਾ। ਜਦੋ ਸ਼ੇਰ ਨੇ ਮੂੰਹ ਖੋਲ੍ਹ ਕੇ
ਹਰੀ ਸਿੰਘ ਤੇ ਝਪਟਾ ਮਾਰਿਆ ਤਾਂ ਹਰੀ ਸਿੰਘ ਨੇ ਫੁਰਤੀ ਨਾਲ ਸ਼ੇਰ ਦੇ ਜਬਾੜਿਆਂ ਨੂੰ ਆਪਣੇ ਹੱਥਾਂ
ਦੁਆਰਾ ਮਜਬੂਤੀ ਨਾਲ ਪਕੜ ਲਿਆ ਤੇ ਜਬਾੜਾ ਪਾੜ ਕੇ ਰੱਖ ਦਿੱਤਾ। ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ
ਤੇ ਬਹੁਤ ਖੁਸ਼ ਹੋਏ। ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨੂੰ “ਨਲੂਆ” ਦੀ ਉਪਾਧੀ ਬਖਸ਼ੀ।
“ਨਲੂਆ” ਦਾ ਅਰਥ ਹੁੰਦਾ ਹੈ, ‘ਸ਼ੇਰ ਨੂੰ ਹੱਥਾਂ ਨਾਲ ਮਾਰਨ ਵਾਲਾ`। ਉਹ ਹਰੀ ਸਿੰਘ
ਨਲੂਆ ਜਿਸ ਉਪਰ ਗੁਰੂ ਕਲਗੀਧਰ ਪਾਤਸ਼ਾਹ ਦੀ ਪੂਰਨ ਬਖਸ਼ਿਸ਼ ਸੀ ਤੇ ਆਪ ਜਾਣਦੇ ਹੋ ਕਿ ਸ. ਹਰੀ ਸਿੰਘ
ਨਲੂਆ ਦੀ ਧਾਂਕ ਕਿਥੇ-ਕਿਥੇ ਤਕ ਪਈ ਸੀ। ਜਦੋਂ ਪਠਾਨਾਂ ਦੇ ਬੱਚੇ ਰਾਤ ਨੂੰ ਸੌਦੇਂ ਨਹੀ ਸਨ ਤਾਂ
ਉਹਨਾਂ ਬੱਚਿਆਂ ਦੀ ਮਾਵਾਂ ਇਹ ਆਮ ਕਹਿੰਦੀਆਂ ਸਨ” ਚੁੱਪ ਸ਼ਾ ਬੱਚਾ, ਹਰੀਆ ਰਾਂਗਲੇ”, ਚੁੱਪ
ਕਰਕੇ ਸੌਂ ਜਾ ਬੇਟਾ ਨਹੀ ਤਾਂ ਹਰੀ ਸਿੰਘ ਨਲੂਆ ਆ ਜਾਵੇਗਾ। ਇਥੋ ਤੁਸੀਂ ਆਪ ਹੀ ਅੰਦਾਜਾ ਲਗਾ ਲਉ
ਕਿ ਹਰੀ ਸਿੰਘ ਨਲੂਆ ਦੀ ਧਾਂਕ ਕਿੰਨੀ ਕੁ ਸੀ। ਪਰ ਅਜ ਕਲ੍ਹ ਦੀਆਂ ਮਾਵਾਂ ਵਲ ਵੀ ਦੇਖ ਲਉ, ਇਹ
ਮਾਵਾਂ ਬੱਚੇ ਨੂੰ ਕਹਿਣਗੀਆਂ ਕਿ ਬੇਟਾ ਚੁੱਪ ਕਰਕੇ ਸੌਂ ਜਾ ਨਹੀ ਤਾਂ ਮਾਣੋ ਬਿੱਲੀ ਆ ਜਾਵੇਗੀ।
ਕਿੱਥੇ ਉਹ ਹਰੀ ਸਿੰਘ ਨਲੂਆ ਤੇ ਕਿੱਥੇ ਇਹ ਮਾਣੋ ਬਿੱਲੀ। ਕਿਵੇਂ ਅਸੀਂ ਆਪਣੇ ਧਰਮ ਤੇ ਵਿਰਸੇ ਦਾ
ਪ੍ਰਚਾਰ ਕਰਾਂਗੇ?
ਜਦੋ ਭਾਈ ਹਾਠੂ ਸਿੰਘ ਨੇ ਸ਼ੇਰ ਨੂੰ ਮਾਰ ਦਿੱਤਾ ਸੀ ਤਾਂ ਅਹਿਮਦ ਸ਼ਾਹ
ਅਬਦਾਲੀ ਨੇ ਗੁੱਸੇ ਵਿੱਚ ਆ ਕੇ ਦੋ ਹਾਥੀ ਮੰਗਵਾਏ ਤੇ ਉਹਨਾਂ ਦੀਆਂ ਪਿਛਲੀਆਂ ਲੱਤਾਂ ਨਾਲ ਰੱਸੇ
ਬੰਨ ਕੇ, ਦੂਸਰੇ ਸਿਰਿਆਂ ਨਾਲ ਭਾਈ ਹਾਠੂ ਸਿੰਘ ਨੂੰ ਬੰਨ ਕੇ ਹਾਥੀ ਵੱਖ-ਵੱਖ ਦਿਸ਼ਾਵਾ ਵਲ ਤੋਰ
ਦਿੱਤੇ, ਅੰਤ ਭਾਈ ਹਾਠੂ ਸਿੰਘ ਦੇ ਸਰੀਰ ਨੂੰ ਹਾਥੀਆਂ ਨਾਲ ਖਿੱਚ ਕੇ ਪਾੜ ਦਿੱਤਾ ਗਿਆ ਇਸ ਤਰਾਂ
ਭਾਈ ਹਾਠੂ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਸ਼ਾਇਦ ਅਸੀ ਇਹ ਹਾਠੂ ਸਿੰਘ ਦਾ ਨਾਮ ਹੀ ਨਹੀ ਸੁਣਿਆ
ਹੋਵੇਗਾ। ਸਾਨੂੰ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਇਤਿਹਾਸਕ ਪੰਨੇ ਪੜ੍ਹਨ ਦੀ ਆਦਤ ਵੀ ਪਾਉਣੀ
ਚਾਹੀਦੀ ਹੈ। ਅੰਤ ਭਾਈ ਹਾਠੂ ਸਿੰਘ ਦੀ ਸ਼ਹੀਦੀ ਤੋਂ ਬਾਅਦ ਭਾਈ ਬਾਘੜ ਸਿੰਘ ਨੂੰ ਵੀ ਵੱਖ-ਵੱਖ
ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਮੈ ਬੇਨਤੀ ਕਰਾਂ ਕਿ ਅਸੀ ਫਿਲਮੀ ਮੈਗਜ਼ੀਨ ਤਾਂ ਬਹੁਤ ਪੜ੍ਹਦੇ ਹਾਂ ਜੋ ਕਿ
ਸਾਨੂੰ ਨਹੀ ਪੜ੍ਹਦੇ ਚਾਹੀਦੇ, ਪਰ ਜੋ ਇਤਿਹਾਸਕ ਗਾਥਾਵਾਂ ਸਾਨੂੰ ਪੜਣੀਆਂ ਚਾਹੀਦੀਆਂ ਹਨ ਉਹਨ ਨੂੰ
ਪੜ੍ਹਨ ਤੋ ਅਸੀ ਸੰਕੋਚ ਕਰਦੇ ਹਾਂ। ਇਹ ਪੂਰਨ ਸਚਾਈ ਹੈ, ਪਰ ਇਸਦੇ ਵਿੱਚ ਸਾਡੇ ਨਾਲੋ ਜਿਆਦਾ ਕਸੂਰ
ਸਾਡੀਆਂ ਪ੍ਰਬੰਧਕ ਕਮੇਟੀਆਂ ਦਾ ਵੀ ਹੈ ਕਿਉਕਿ ਸਾਡੀਆਂ ਜਿਆਦਾਤਰ ਪ੍ਰਬੰਧਕ ਕਮੇਟੀਆ ਗੁਰਦੁਆਰਿਆਂ
ਵਿੱਚ ਧਾਰਮਿਕ ਲਿਟਰੇਚਰ, ਇਤਿਹਾਸਕ ਲਿਟਰੇਚਰ ਨੂੰ ਕੋਈ ਅਹਿਮੀਅਤ ਦੇਣ ਦੇ ਹੱਕ ਵਿੱਚ ਨਹੀ ਹਨ। ਇਧਰ
ਜੋਗੀ ਅੱਲ੍ਹਾ ਯਾਰ ਖਾਂ ਆਪਣੇ ਕਿੱਸੇ ਵਿੱਚ ਲਿਖਦਾ ਹੈ ਕਿ ਜਦੋਂ ਚਮਕੌਰ ਦੀ ਗੜ੍ਹੀ ਦੇ ਅੰਦਰੋਂ
ਜੈਕਾਰਿਆਂ ਦੀ ਗੂੰਜ ਉਠੀ ਤਾਂ ਮੁਗਲ, ਪਹਾੜੀ ਫੌਜਾਂ ਡਰ ਕੇ ਪਿਛਾਂਹ ਨੂੰ ਭੱਜਣ ਲਗੀਆਂ।
ਸਰਹੰਦ ਦਾ ਜਵਾਬ ਵਜੀਰ ਖਾਂ, ਮਲੇਰਕੋਟਲਾ ਨਵਾਬ ਸ਼ੇਰ ਮੁਹੰਮਦ ਖਾਨ ਦੇ ਭਰਾ
ਨਾਹਰ ਖਾਂ ਨੂੰ ਸੰਬੋਧਨ ਹੋ ਕੇ ਕਹਿਣ ਲਗਾ” ਨਾਹਰ ਖਾਂ! ਆਪਣੇ ਘਰ ਦੇ ਅੰਦਰ ਜਨਾਨੀਆ ਕੋਲ ਬੈਠ
ਕੇ ਆਪਣੀ ਬਹਾਦਰੀ ਦੀਆ ਟਾਹਰਾਂ ਮਾਰਨੀਆਂ ਬੜੀ ਸੌਖੀ ਗੱਲ ਹੁੰਦੀ ਹੈ, ਆ ਜਰਾ ਅੱਗੇ ਨੂੰ ਵੱਧ,
ਅਸੀਂ ਐਨੀਆਂ ਫੌਜਾਂ ਲੈ ਕੇ ਆਏ ਹਾਂ ਪਿਛਾਂਹ ਨੂੰ ਨਹੀ ਹਟਣਾ। “ਇਹ ਗਲ ਸੁਣਕੇ ਨਾਹਰ ਖਾਂ ਨੇ
ਜਵਾਬ ਦਿੱਤਾ “ਨਵਾਬ ਸਾਹਿਬ! ਮੈਨੂੰ ਲਗਦਾ ਹੈ ਕਿ ਮੈ ਤੁਰਿਆ ਫਿਰਦਾ ਆਪ ਨੂੰ ਚੰਗਾ ਨਹੀ
ਲੱਗਦਾ, ਗੁਰੂ ਗੋਬਿੰਦ ਸਿੰਘ ਦੀਆ ਫੌਜਾਂ ਨਾਲ ਮੁਕਾਬਲਾ ਕਰਨਾ ਆਪਣੇ ਵੱਸ ਦੀ ਗੱਲ ਨਹੀ ਹੈ। “ਫਿਰ
ਨਾਹਰ ਖਾਂ ਕਹਿਣ ਲਗਾ” ਇਹ ਵੱਖਰੀ ਗਲ ਹੈ ਕਿ ਤੁਸੀਂ ਮੈਨੂੰ ਜਰਨੈਲ ਦੇ ਤੌਰ ਤੇ ਵੰਗਾਰਿਆ ਹੈ
ਤੇ ਮੈਂ ਅੱਗੇ ਵਧਣ ਲਗਾ ਹਾਂ, ਮੈਂ ਵੇਖਦਾ ਹਾਂ ਕਿ ਕਿੰਨੇ ਕੁ ਮਾਵਾਂ ਦੇ ਦੁੱਧ ਪੀਣ ਵਾਲੇ ਮੇਰੇ
ਨਾਲ ਅਗਾਂਹ ਨੂੰ ਵਧਦੇ ਨੇ। “
ਹੁਣ ਨਾਹਰ ਖਾਂ ਅਗਾਂਹ ਨੂੰ ਗੜ੍ਹੀ ਵਲ ਨੂੰ ਵਧਿਆ ਤੇ ਉਸਨੇ ਗੜ੍ਹੀ ਦੀ ਕੰਧ
ਨਾਲ ਪੌੜੀ ਲਾ ਲਈ। ਪੌੜੀ ਫੜ੍ਹ ਕੇ ਉਸਨੇ ਉਪਰ ਨੂੰ ਚੜਨਾ ਸ਼ੁਰੂ ਕਰ ਦਿੱਤਾ, ਤਾਂ ਕਲਗੀਧਰ ਉਪਰੋ
ਬੋਲੇ “ਨਾਹਰ ਖਾਂ। ਇਹ ਇੱਕ ਤੀਰ ਤੇਰੇ ਵਲ ਨੂੰ ਆ ਰਿਹਾ ਈ, ਜਰਾ ਸੰਭਾਲ ਲੈ ਆਪਣੇ ਆਪ ਨੂੰ। “ਕਲਗੀਧਰ
ਪਾਤਸ਼ਾਹ ਨੇ ਨਾਹਰ ਖਾਂ ਨੂੰ ਵੰਗਾਰ ਕੇ ਆਪਣੀ ਕਮਾਨ ਵਿਚੋਂ ਇੱਕ ਤੀਰ ਛੱਡਿਆ ਜੋ ਨਾਹਰ ਖਾਂ ਦੇ ਆ
ਕੇ ਲੱਗਾ। ਨਾਹਰ ਖਾਂ ਸਿੱਧਾ ਧਰਤੀ ਪਰ ਆ ਕੇ ਧੜੰਮ ਕਰਕੇ ਡਿਗਾ ਤੇ ਉਸੇ ਸਮੇ ਉਸਦੀ ਮੌਤ ਹੋ ਗਈ।
ਹੁਣ ਅਗਲਾ ਜਰਨੈਲ ਗਨੀ ਖਾਂ ਹੈ। ਜਿਸਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ,
ਉਹ ਜਰਨੈਲ ਗਨੀ ਖਾਂ ਅੱਗੇ ਨੂੰ ਆਇਆ ਤੇ ਦੂਸਰੀ ਪੌੜੀ ਰਾਹੀਂ ਗੜੀ ਉਪਰ ਚੜ੍ਹਨ ਲੱਗ ਪਿਆ, ਜਦੋ ਉਹ
ਉਪਰ ਚੜ੍ਹ ਗਿਆ ਤਾਂ ਕਲਗੀਧਰ ਪਾਤਸ਼ਾਹ ਨੇ ਉਸਦੇ ਸਿਰ ਉਪਰ ਗੁਰਜ ਮਾਰ ਕੇ ਉਸਦਾ ਸਿਰ ਭੰਨ ਦਿੱਤਾ।
ਗਨੀ ਖਾਂ ਵੀ ਧਰਤੀ ਤੇ ਆਣ ਡਿਗਿਆ।
ਤੀਜਾ ਜਰਨੈਲ ਸੀ ਖੁਆਜਾ ਮਹਿਮੂਦ ਅਲੀ, ਜਦੋ ਇਸਨੇ ਆਪਣੇ ਦੋ ਸਾਥੀਆਂ ਨੂੰ
ਅਨਿਆਈ ਮੌਤ ਮਰਦਿਆਂ ਦੇਖਿਆ ਤਾਂ ਇਸਦੀ ਹਿੰਮਤ ਜਵਾਬ ਦੇ ਗਈ ਤੇ ਇਹ ਖੁਆਜਾ ਮਹਿਮੂਦ ਅਲੀ ਕੰਧ ਦੀ
ਓਟ ਲੈ ਕੇ ਦੌੜਣ ਵਿੱਚ ਸਫਲ ਹੋ ਗਿਆ। ਕਲਗੀਧਰ ਨੇ ਇਸਦੀ ਡਰਪੋਕਤਾ ਕਾਰਣ ਇਸਨੂੰ ‘ਖੁਆਜਾ
ਮਰਦੂਦ` ਦਾ ਲਕਬ ਦਿਤਾ ਹੈ।
ਹੁਣ ਕਲਗੀਧਰ ਪਾਤਸ਼ਾਹ ਨੇ ਆਪਣੇ ਸਿੰਘ, ਸੂਰਬੀਰਾਂ ਨੂੰ ਤਿਆਰ ਬਰ ਤਿਆਰ
ਰਹਿਣ ਦਾ ਅਵਾਜਾ ਲਗਾ ਦਿੱਤਾ। ਇਸ ਦ੍ਰਿਸ਼ ਨੂੰ ਇੱਕ ਵਿਦਵਾਨ ਸ਼ਾਇਰ ਆਪਣੀ ਕਲਮ ਦੁਆਰਾ ਪੇਸ਼ ਕਰਦਿਆਂ
ਲਿਖਦਾ ਹੈ-
ਬੋਲੇ ਫਿਰ ਦਸਮੇਸ਼ ਜੀ, ਖੰਡਾ ਲਿਸ਼ਕਾ ਕੇ,
ਦਸ ਲਖ ਵੈਰੀਆ ਪਾ ਲਿਆ ਹੈ, ਘੇਰਾ ਆ ਕੇ।
ਮੈ ਤਕਣਾ ਹੈ ਬਲ ਤੁਸਾ ਦਾ ਅਜ ਇਉ ਅਜਮਾ ਕੇ,
ਕਿ ਰਜਦਾ ਖੰਡਾ ਕਿਸ ਦਾ, ਸਿਰ ਕਿਤਨੇ ਲਾਹ ਕੇ।
ਮੈ ਸਮਝਾਂਗਾ ਸਿਖ ਉਸਨੂੰ, ਜੋ ਰਣ ਵਿੱਚ ਜਾ ਕੇ
ਅਜ ਸਵਾ ਲਖ ਨਾਲ ਲੜੇਗਾ, ਇਕਲਾ ਹਿੱਕ ਡਾਹ ਕੇ।
ਫਿਰ ਡਿਗੇ ਦੁਸ਼ਮਣ ਪਲਾਂ ਵਿੱਚ, ਸੌ ਕਾਨੀ ਖਾ ਕੇ,
ਮੈ ਆਇਆ ਪੁਰਖ ਅਕਾਲ ਤੋ, ਇਹ ਆਗਿਆ ਪਾ ਕੇ।
ਮੈ ਜਿੰਦਾ ਰਖਣਾ ਪੰਥ ਨੂੰ, ਪੁੱਤ ਭੇਟ ਚੜਾ ਕੇ,
ਮੈ ਜਿੰਦਾ ਰਖਣਾ ਪੰਥ ਨੂੰ, ਪੁੱਤ ਭੇਟ ਚੜਾ ਕੇ।
ਜੋ ਕਲਗੀਧਰ ਪਾਤਸ਼ਾਹ ਦੇ ਬਚਨ ਹਨ ਕਿ:-
ਸਵਾ ਲਾਖ ਸੇ ਏਕ ਲੜਾੳ,
ਤਬੈ ਗੋਬਿੰਦ ਸਿੰਘ ਨਾਮ ਕਹਾਊ।।
ਅਜ ਕਲਗੀਧਰ ਪਾਤਸ਼ਾਹ ਨੇ ਚਮਕੌਰ ਦੀ ਧਰਤੀ ਪਰ ਆਪਣੇ ਇਹਨਾਂ ਬਚਨਾਂ ਦਾ
ਪ੍ਰੈਕਟੀਕਲ ਕਰ ਕੇ ਦਿਖਾਉਣਾ ਹੈ। ਜੇਕਰ ਪਾਤਸ਼ਾਹ ਕੇਵਲ ਬਚਨ ਕਹਿ ਕੇ, ਪ੍ਰੈਕਟੀਕਲ ਕਰ ਕੇ ਨਾ
ਦਿਖਾਉਦੇ ਤਾਂ ਦੁਨੀਆਂ ਦੇ ਲੋਕਾਂ ਨੇ ਕਹਿਣਾ ਸੀ ਕਿ ਕਲਗੀਧਰ ਸਿਰਫ ਗੱਲਾਂ ਹੀ ਕਰਦੇ ਨੇ ਉਹ ਕਹਿਣੀ
ਅਤੇ ਕਰਨੀ ਦੇ ਪੂਰੇ ਨਹੀ। ਸੋ ਅਜ ਚਮਕੌਰ ਦੀ ਧਰਤੀ ਉਪਰ, ਇਕੱਲੇ-ਇਕੱਲੇ ਸਿੰਘ ਨੂੰ ਸਵਾ-ਸਵਾ ਲਖ
ਦੁਸ਼ਮਣਾਂ ਦਾ ਮੁਕਾਬਲਾ ਕਰਨ ਦਾ ਮਾਣ ਬਖਸ਼ਿਆ ਜਾਣਾ ਹੈ।
ਇਥੇ ਇੱਕ ਗਲ ਆਪ ਜੀ ਦੇ ਧਿਆਨ ਲਈ ਕਹਿਣੀ ਜਰੂਰੀ ਬਣਦੀ ਹੈ, ਕਿ ਪੁਰਾਤਨ
ਗੁਰਸਿਖਾਂ ਅੰਦਰ ਪੰਥ ਲਈ ਪਿਆਰ ਸੀ। ਅਕਸਰ ਉਹ ਕਹਿੰਦੇ ਹੁੰਦੇ ਸਨ “ਪੰਥ ਵਸੈ ਮੈਂ ਉਜੜਾ, ਮਨ
ਚਾਉ ਘਨੇਰਾ”। ਇੰਨਾ ਪਿਆਰ ਸੀ ਪੁਰਾਤਨ ਗੁਰਸਿਖਾਂ ਦਾ ਪੰਥ ਲਈ। ਪਰ ਅਜ ਕਲ੍ਹ ਦੇ ਸਿਖ ਵੀ ਹਨ
ਜੋ ਪੰਥ ਦੇ ਜਥੇਦਾਰ ਵੀ ਬਨਣਾ ਲੋਚਦੇ ਨੇ ਤੇ ਇਹ ਵੀ ਕਹਿੰਦੇ ਹਨ ਕਿ:- “ਪਰਿਵਾਰ ਵਸੇ, ਪੰਥ
ਉੱਜੜੇ, ਮਨ ਚਾਓ ਘਨੇਰਾ”। ਅਜ ਕਲ ਬਾਤ ਬਿਲਕੁਲ ਉਲਟੀ ਹੋ ਗਈ ਹੈ। ਪਤਾ ਨਹੀ ਅਸੀ ਕਿਵੇਂ ਕਹਿ
ਦਿੰਦੇ ਹਾਂ ਕਿ ਅਸੀ ਕਲਗੀਧਰ ਦੇ ਸਿਖ ਹਾਂ, ਅਸੀ ਕਲਗੀਧਰ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ
ਹੈ। ਖੈਰ ਹੁਣ ਕਲਗੀਧਰ ਪਾਤਸ਼ਾਹ ਆਪਣੇ ਸਿੰਘ, ਸੂਰਬੀਰਾਂ ਨੂੰ ਯੁੱਧ ਦੀ ਆਰੰਭਤਾ ਅਤੇ ਮੁਕਾਬਲਾ ਕਰਨ
ਲਈ ਖਬਰਦਾਰ ਕਰ ਰਹੇ ਨੇ, ਨਗਾਰੇ ਤੇ ਚੋਟ ਵਜ ਗਈ ਤੇ ਮੈਦਾਨ ਭਖ ਗਿਆ ਹੈ। ਕਲਗੀਧਰ ਪਾਤਸ਼ਾਹ ਸਿੰਘਾ,
ਸੂਰਬੀਰਾ ਨੂੰ ਸੰਬੋਧਨ ਹੋ ਕੇ ਬਚਨ੍ਹ ਕਰ ਰਹੇ ਨੇ” ਸਿੰਘੋ! ਭੇਡਾਂ ਦੇ ਵੱਗ ਵਿੱਚ ਸ਼ੇਰ ਇੱਕ ਹੀ
ਹੁੰਦਾ। ਇਹ ਜੋ ਮੁਗਲ ਆਏ ਨੇ ਇਹ ਭੇਡਾਂ ਦਾ ਵੱਗ ਹੈ ਤੇ ਤੁਸੀ ਅਕਾਲ ਪੁਰਖ ਪਰਮੇਸ਼ਰ ਦੇ ਸਾਜੇ ਹੋਏ
ਸ਼ੇਰ ਹੋ”।