.

ਸ੍ਰਿਸ਼ਟੀ ਵਿਚ ਕੁਝ ਵੀ ਝੂਠ ਨਹੀਂ

ਕਿਸ਼ਤ ਪੰਜਵੀਂ

ਵੀਰ ਭੁਪਿੰਦਰ ਸਿੰਘ

ਸੁਖਮਨੀ ਸਾਹਿਬ ਦੀ 17ਵੀਂ ਅਸ਼ਟਪਦੀ ਦੇ ਪਹਿਲੇ ਪਦੇ ਨੂੰ ਵਿਚਾਰਿਆਂ ਪਤਾ ਚਲਦਾ ਹੈ ਕਿ ਸੱਚੇ (ਸਤਿ) ਨੂੰ ਭਾਵ ਰੱਬ ਨੂੰ ਮਹਿਸੂਸ ਕਰਨਾ, ਰੱਬੀ ਨੂਰ ਰਾਹੀਂ ਕੁਦਰਤ ਦੇ ਸਭ ਬੰਦੇ ਇਕੋ ਜਿਹੇ ਵੇਖਣਾ ਅਤੇ ਹਰੇਕ ਜਗ੍ਹਾ ਰੱਬੀ ਨਿਯਮ, ਰੱਬੀ ਰਜ਼ਾ ਨੂੰ ਮੰਨਣਾ, ਇਹ ਅਵਸਥਾ ਸੱਚੇ ਗਿਆਨ, ਸਤਿਗੁਰ (ਬੁਝਨਹਾਰ) ਰਾਹੀਂ ਪ੍ਰਾਪਤ ਹੁੰਦੀ ਹੈ ਕਿਉਂਕਿ ਬੁਝਨਹਾਰ (ਗਿਆਨ-ਗੁਰੂ) ਹੀ ਸੱਚਾ ਗਿਆਨ ਹੈ ਜੋ ਸੱਚੇ ਦੀ ਸਦੀਵੀ ਸੱਚੀ ਹੋਂਦ ਨੂੰ ਦਰਸਾਉਂਦਾ, ਮਹਿਸੂਸ ਕਰਵਾਉਂਦਾ ਹੈ। ਐਸੇ ਮਨੁੱਖ ਨੂੰ ਸਾਰੀ ਸ੍ਰਿਸ਼ਟੀ ’ਚ ਸਭ ਕੁਦਰਤ ਕੇ ਬੰਦੇ ਦਿਸਦੇ ਹਨ, ਚੰਗੇ ਮੰਦੇ ਦਾ ਵਿਤਕਰਾ ਮੁਕ ਜਾਂਦਾ ਹੈ, ਕੋਈ ਪਾਪੀ ਤੇ ਕੋਈ ਪੁੰਨੀ ਨਹੀਂ ਦਿਸਦਾ। ਉਸਨੂੰ ਦ੍ਰਿੜ੍ਹ ਹੋ ਜਾਂਦਾ ਹੈ ਕਿ ਸਭ ਜਗ੍ਹਾ ਰੱਬੀ ਹੁਕਮ ਹੀ ਵਾਪਰ ਰਿਹਾ ਹੈ। ਸੋ ਐਸੇ ਮਨੁੱਖ ਵਾਸਤੇ ਸਭ ਜਗ੍ਹਾ ਹਰੇਕ ਜੀਵ ਜੰਤ ਮਨੁੱਖਾਂ ’ਚ ਰੱਬ ਜੀ (ਸਤਿ) ਹੀ ਭਾਸਦਾ ਹੈ। ਐਸੀ ਅਵਸਥਾ ’ਚ ਮਿਥਿਆ ਕੁਝ ਨਹੀਂ ਲੱਗਦਾ ਕਿਉਂਕਿ ਰੱਬ ਜੀ ਸੱਚੇ (ਸਤਿ) ਹਨ ਉਨ੍ਹਾਂ ਦੀ ਰਚਨਾ ਵੀ ਸੱਚ (ਸਤਿ) ਮਹਿਸੂਸ ਹੋਣ ਲੱਗ ਪੈਂਦੀ ਹੈ। ‘‘ਆਪ ਸਤਿ ਕੀਆ ਸਭ ਸਤਿ।।’’ ਸਾਰੇ ਜਗਤ ਦੀ ਰਚਨਾ ਇਕ ਅਟਲ ਸੱਚੇ ਨਿਯਮ ਅਧੀਨ ਚਲਦੀ ਦਿਸਦੀ ਹੈ ਤੇ ਮਨੁੱਖ ਨੂੰ ਰਜ਼ਾ ’ਚ ਤੁਰਨਾ ਸੌਖਾ ਹੋ ਜਾਂਦਾ ਹੈ, ਸਿੱਟੇ ਵਜੋਂ ਕੂੜ ਕੁਝ ਵੀ ਨਹੀਂ ਰਹਿੰਦਾ। ਇਸ ਕਰਕੇ ਕੂੜ ਦੀ ਪਾਲ ਟੁੱਟ ਜਾਂਦੀ ਹੈ, ਜੋ ਕਿ ਅਸਲੀਅਤ ’ਚ ਹੈ ਹੀ ਨਹੀਂ ਸੀ ਕੇਵਲ ਮਨ ਦੇ ਭਰਮ ਕਾਰਨ ਐਸੀ ਲਗਦੀ ਸੀ।

ਪਦਾ ਦੂਜਾ :- ਸਤਿ ਸਰੂਪ ਰਿਦੈ ਜਿਨਿ ਮਾਨਿਆ।।

ਕਰਨ ਕਰਾਵਨ ਤਿਨਿ ਮੂਲੁ ਪਛਾਨਿਆ।।

ਜਿਸ ਨੇ ਹਿਰਦੇ ’ਚੋਂ ਸਤਿ ਸਰੂਪ ਰੱਬ ਜੀ ਨੂੰ ਮੰਨ ਲਿਆ, ਦੇਖ ਲਿਆ, ਚਖ ਲਿਆ, ਮਹਿਸੂਸ ਕਰ ਲਿਆ, ਇਕਮਿਕਤਾ ਮਾਣ ਲਈ, ਮਾਨੋ ਉਹ ਮਨੁੱਖ ਆਪਣੇ ਮੂਲ ਨੂੰ ਪਛਾਣਨ ਦੇ ਲਾਇਕ ਹੋ ਗਿਆ। ‘‘ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ।। ਮਨ ਹਰਿ ਜੀ ਤੇਰੇ ਨਾਲ ਹੈ। ਗੁਰਮਤੀ ਰੰਗ ਮਾਣ।’’

ਇਸ ਪ੍ਰਮਾਣ ਰਾਹੀਂ ਵਿਚਾਰੀਏ ਤਾਂ ਪਤਾ ਲੱਗਦਾ ਹੈ ਕਿ ਜੋ ਮਨੁੱਖ ਮੂਲ ਨੂੰ ਪਛਾਣਨ ਲਈ ਗਿਆਨ ਜੋਤ (ਸਤਿਗੁਰ,) ਦੀ ਅਗਵਾਈ ਲੈਂਦਾ ਹੈ ਉਸਨੂੰ ਅੰਦਰ ਬੈਠੇ ਰੱਬ ਜੀ (ਹਰਿ ਜੀ ਤੇਰੇ ਨਾਲ) ਮਹਿਸੂਸ ਹੋ ਜਾਂਦੇ ਹਨ। ਰੱਬ ਦੀ ਜੋਤ ਸਭ ਦੇ ਅੰਦਰ ਹੈ ਉਸ ਨਾਲ ਇਕਮਿਕਤਾ ਮਾਣਨੀ ਹੋਵੇ ਤਾਂ ਗਿਆਨ-ਗੁਰੂ (ਸੱਚ ਦਾ ਗਿਆਨ) ਅਨੁਸਾਰ ਜੀਵਨ ਢਾਲੋ। ਸੁਰਤ ਮਤ ਮਨ ਬੁਧ ਨੂੰ ਘੜੋ ਤਾਂ ਕਿ ਅੰਦਰ ਬੈਠੇ ਰੱਬ ਨਾਲ ਇਕਮਿਕਤਾ (ਰੱਬੀ ਦਰਸ਼ਨ) ਹੋ ਸਕੇ। ਇਹੋ ਹੈ ‘‘ਕਰਨ ਕਰਾਵਨ ਤਿਨਿ ਮੂਲ ਪਛਾਨਿਆ’’ ਦੀ ਅਵਸਥਾ।

ਜਾ ਕੈ ਰਿਦੈ ਬਿਸਾਸ ਪ੍ਰਭ ਆਇਆ।।

ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ।।

ਜਿਸ ਮਨੁੱਖ ਨੂੰ ਸੱਚੇ ਗਿਆਨ (ਗਿਆਨ-ਗੁਰੂ) ਅਨੁਸਾਰ ਰੱਬੀ ਨਿਯਮ ਰਜ਼ਾ ਤੇ ਪੂਰਾ ਯਕੀਨ ਹੋ ਜਾਂਦਾ ਹੈ। ਐਸੇ ਪੱਕੇ ਭਰੋਸੇ ਅਤੇ ਵਿਸ਼ਵਾਸ ਵਾਲੇ ਮਨੁੱਖ ਮੰਤਰ, ਟੂਣੇ, ਕਰਾਮਾਤਾਂ ਜਾਂ ਕਿਸੇ ਦੇ ਕੀਤਿਆਂ ਕੁਝ ਹੋ ਜਾਣਾ ਨਹੀਂ ਮੰਨਦੇ, ਕਿਸੇ ਹੋਰ ਦੀ ਟੇਕ ਨਹੀਂ ਰੱਖਦੇ, ਅੰਦਰੋਂ ਰੱਬੀ ਮਿਲਣ ਦਾ ਆਧਾਰ, ਹਿਰਦਾ ਮਹਿਸੂਸ ਕਰ ਲੈਂਦਾ ਹੈ। ਇਹੋ ਅਵਸਥਾ ਉਸਨੂੰ ਤਤ ਗਿਆਨ ਦਾ ਪ੍ਰਕਾਸ਼ ਮਾਣਨਯੋਗ ਬਣਾ ਦਿੰਦੀ ਹੈ। ਅੰਦਰੋਂ ਤਤ ਗਿਆਨ ਦਾ ਪ੍ਰਗਟ ਹੋਣਾ ਹੀ ਅਸਲੀ ਸੱਚਾ ਗਿਆਨ ਹੁੰਦਾ ਹੈ।

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ।।

ਗਿਆਨ ਕਾ ਬਧਾ ਮਨ ਰਹੈ ਗੁਰ ਬਿਨੁ ਗਿਆਨੁ ਨ ਹੋਇ।।

(ਗੁਰੂ ਗ੍ਰੰਥ ਸਾਹਿਬ, ਪੰਨਾ : 469)

ਇਸ ਪ੍ਰਮਾਣ ਰਾਹੀਂ ਸਮਝਣਾ ਹੈ ਕਿ ਜਿਵੇਂ ਪਾਣੀ ਨੂੰ ਘੜੇ ’ਚ ਰੱਖ ਕੇ ਸੰਭਾਲ ਸਕੀਦਾ ਹੈ ਜਦਕਿ ਘੜਾ ਵੀ ਪਾਣੀ ਨਾਲ ਬਣਦਾ ਹੈ। ਇਸੇ ਤਰ੍ਹਾਂ ਮਨ ਦੀ ਸੰਭਾਲ ਵੀ ਗਿਆਨ ਰਾਹੀਂ ਕਰ ਸਕਦੇ ਹਾਂ ਪਰ ਇਹ ਗਿਆਨ ‘ਗੁਰ’ ਬਿਨ ਨਹੀਂ ਹੋ ਸਕਦਾ ਭਾਵ ਤਤ ਗਿਆਨ ਬਿਨਾਂ ਮਨ ਕਾਬੂ ਨਹੀਂ ਹੋ ਸਕਦਾ। ਵਰਨਾ ਅਖੌਤੀ ਗਿਆਨ-ਚਰਚਾ ਦੀ ਸੋਝੀ ਸਭ ਨੂੰ ਹੁੰਦੀ ਹੈ ਪਰ ਮਨ ਕਾਬੂ ਨਹੀਂ ਹੁੰਦਾ। ‘‘ਅਵਰ ਉਪਦੇਸੈ ਆਪਿ ਨ ਕਰੈ’’ ਅਨੁਸਾਰ ਹੋਰਨਾਂ ਨੂੰ ਉਪਦੇਸ਼ ਤਾਂ ਦਿੱਤਾ ਪਰ ਆਪ ਉਸ ਉੱਤੇ ਅਮਲ ਹੀ ਨਾ ਕੀਤਾ। ਜੇ ਅਮਲੀ ਜੀਵਨ (ਗੁਰ) ਜੁਗਤ ਹੈ ਤਾਂ ‘ਤਤ ਗਿਆਨ’ ਰਾਹੀਂ ਹੀ ਮਨੁੱਖ ਦਾ ਮਨ ਕਾਬੂ ਹੁੰਦਾ ਹੈ। ਭਾਵ ਅਰਥ ਇਹੋ ਸਮਝਣਾ ਹੈ ਕਿ ਬਾਹਰੋਂ-ਬਾਹਰੋਂ ਗਿਆਨ ਪੜ੍ਹ ਸੁਣ ਲੈਣਾ, ਵਿਚਾਰ ਲੈਣਾ ਜਾਂ ਹੋਰਨਾਂ ਨੂੰ ਉਪਦੇਸ਼ ਦੇ ਦੇਣ ਵਾਲੇ ਗਿਆਨ ਦੀ ਚਰਚਾ ਇਸ ਪ੍ਰਮਾਣ ’ਚ ਨਹੀਂ ਵਿਚਾਰੀ ਜਾ ਰਹੀ। ਬਲਕਿ ‘ਤਤ ਗਿਆਨ’ ਜੋ ਮਨੁੱਖ ਨੂੰ ਅਮਲੀ ਜੀਵਨ ਜਿਊ ਕੇ ਪ੍ਰਾਪਤ ਹੁੰਦਾ ਹੈ, ਉਸੀ ‘ਤਤ ਗਿਆਨ’ ਦੀ ਗੱਲ ਸਮਝਾਈ ਗਈ ਹੈ। ਗੁਰਬਾਣੀ ਵਿਚ ਆਉਂਦਾ ਹੈ ‘‘ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗੁਨੁ ਕਰੈ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 1376)। ਪਤਾ ਹੋਵੇ ਕਿ ਫਲਾਣਾ ਕੰਮ ਗ਼ਲਤ ਹੈ ਪਰ ਫਿਰ ਵੀ ਮਨੁੱਖ ਕਰ ਬੈਠਦਾ ਹੈ ਤਾਂ ਮਾਨੋ ਮਨ ਕਾਬੂ ਨਹੀਂ ਹੋਇਆ ਸੀ। ਜਾਣ ਬੁੱਝ ਕੇ ਅਵਗੁਣ ਕਰਨਾ ਦਰਸਾਉਂਦਾ ਹੈ ਕਿ ਗਿਆਨ ਤਾਂ ਸੀ ਕਿ ਇਸਦਾ ਨਤੀਜਾ ਗਲਤ ਹੁੰਦਾ ਹੈ ਪਰ ਮਨ ਨੂੰ ਕਾਬੂ (ਵਸ) ਕਰਨਾ ਨਹੀਂ ਆਇਆ। ਜੇ ‘ਤਤ ਗਿਆਨ’ ਹੋ ਜਾਂਦਾ ਤਾਂ ਮਨ ਕਾਬੂ ਹੋ ਜਾਣਾ ਸੀ ਸੋ ‘ਗੁਰ ਬਿਨ ਗਿਆਨ ਨ ਹੋਇ’ ਦਾ ਮਤਲਬ ਨਿਕਲਿਆ ਕਿ ਅਮਲੀ ਜੀਵਨ ਜੁਗਤ ਜੇ ਜੀਵੋ ਤਾਂ ‘ਤਤ ਗਿਆਨ’ ਨਾਲ ਮਨ ਵਸ ਹੋ ਜਾਂਦਾ ਹੈ।

ਗਿਆਨ ਕਾ ਬਧਾ ਮਨ ਰਹੈ ਗੁਰ ਬਿਨੁ ਗਿਆਨੁ ਨ ਹੋਇ॥ (ਗੁਰੂ ਗ੍ਰੰਥ ਸਾਹਿਬ, ਪੰਨਾ : 469)

ਪਹਿਲੀ ਪੰਕਤੀ ਵਿਚ ਆਏ ਲਫ਼ਜ਼ ‘ਗਿਆਨ’ ਦਾ ‘ਨ’ ਮੁਕਤਾ ਹੈ ਅਤੇ ਦੂਜੀ ਪੰਕਤੀ ਵਿਚ ਆਏ ਲਫ਼ਜ਼ ‘ਗਿਆਨੁ’ ਦੇ ‘ਨ’ ਨੂੰ ਔਂਕੜ ਹੈ। ਇਹ ਤਾਂ ਠੀਕ ਹੈ ਕਿ ਮਨ ਨੂੰ ਗਿਆਨ ਨਾਲ ਬੰਨ੍ਹੀਦਾ ਹੈ (ਭਾਵ ਕਾਬੂ ਕਰੀਦਾ ਹੈ) ਪਰ ਜਦੋਂ ਤਕ ‘ਗੁਰ’ ਨਾ ਹੋਵੇ ਗਿਆਨ ਨਹੀਂ ਹੋ ਸਕਦਾ। ਪਹਿਲੀ ਪੰਕਤੀ ਵਿਚ ਆਏ ਗਿਆਨ ਅਨੁਸਾਰ ਗੁਰ ਦਾ ਮਤਲਬ ਅਮਲੀ ਜੀਵਨ ਹੈ ਅਤੇ ਅਮਲੀ ਜੀਵਨ ਜਿਊਣ ’ਤੇ ਹੀ ਮਨੁੱਖ ਤਤ ਗਿਆਨ (ਗਿਆਨੁ) ਤੱਕ ਪਹੁੰਚਦਾ ਹੈ।

ਆਉ ਉਦਾਹਰਣ ਰਾਹੀਂ ਸਮਝੀਏ। ਮਾਂ ਬੱਚੀ ਨੂੰ ਸਮਝਾਉਂਦੀ ਹੈ ਕਿ ਪੂੜੀ ਦਾ ਆਟਾ ਕਿਵੇਂ ਗੁੰਨੀਂਦਾ ਹੈ ਅਤੇ ਪੂੜੀ ਨੂੰ ਕਿਵੇਂ ਫੁਲਾਉਂਦੇ ਹਨ। ਬੱਚੀ ਸਾਰਾ ਗਿਆਨ ਸੁਣ ਲੈਂਦੀ ਹੈ ਪਰ ਉਸਨੂੰ ਕੇਵਲ ਸੁਣਨ ਨਾਲ ਅਸਲੀ ਗਿਆਨ ਦੀ ਅਵਸਥਾ ਪ੍ਰਾਪਤ ਨਹੀਂ ਹੁੰਦੀ। ਗਿਆਨ ਨਾਲ ਜਦੋਂ ਮਨ ਕਾਬੂ ਹੋ ਜਾਵੇ ਤਾਂ ਨਤੀਜਤਨ ਆਨੰਦ-ਖੇੜਾ-ਵਿਸਮਾਦ ਦੀ ਪ੍ਰਾਪਤੀ ਹੀ ਲਖਾਇਕ ਹੈ ਅਸਲੀ ਗਿਆਨ ਦਾ। ਜਦੋਂ ਬੱਚੀ ਨੂੰ ਗਿਆਨ ਸੁਣਨ ਨਾਲ ਜਾਂ ਕਿਧਰੋਂ ਪੜ੍ਹ ਕੇ ਪਤਾ ਲੱਗ ਗਿਆ - ਉਹ ਕੇਵਲ ਅਵਸਥਾ ਹੈ। ਜਦੋਂ ਉਹ ਇਸ ਗਿਆਨ ਨੂੰ ਅਮਲ ਰੂਪ ’ਚ ਲਿਆਉਂਦੀ ਹੈ ਤਾਂ ਇਸ ਨੂੰ ‘ਗੁਰ’ ਅਵਸਥਾ ਕਹਿੰਦੇ ਹਨ। ਜਦੋਂ ਤੱਕ ‘ਗੁਰ’ ’ਚੋਂ ਨਾ ਲੰਘੋ ਤਦ ਤੱਕ ਗਿਆਨ ਤੱਕ ਅਪੜ ਹੀ ਨਹੀਂ ਸਕਦੇ। ਜਦੋਂ ਤੱਕ ਬੱਚੀ ਦੱਸੇ ਅਨੁਸਾਰ ਗਿਆਨ (ਗੁਰ) ਨੂੰ ਅਮਲੀ ਰੂਪ ’ਚ ਨਹੀਂ ਕਰਦੀ ਤਦ ਤੱਕ ਗਿਆਨ ਨਹੀਂ ਹੋ ਸਕਦਾ। ਜਦੋਂ ਬੱਚੀ ਗੁਰ ’ਚੋਂ ਅਮਲੀ ਤੌਰ ’ਤੇ ਲੰਘਦੀ ਹੈ ਸਭ ਕੁਝ ਚਾਅ, ਨਿਮਰਤਾ ਅਤੇ ਲਗਨ ਨਾਲ ਗਿਆਨ ਮੁਤਾਬਕ ਕਰਦੀ ਹੈ, ਪੂੜ੍ਹੀਆਂ ਤਲ ਕੇ ਪੂਰੀ ਤਰ੍ਹਾਂ ਫੁਲਾ ਕੇ ਕੜ੍ਹਾਈ ’ਚੋਂ ਬਾਹਰ ਕੱਢਦੀ ਹੈ ਤਾਂ ਸਮਝੋ ਕਿ ਹੁਣ ਬੱਚੀ ਮਨ ਕਰਕੇ ਗਿਆਨ ਤੋਂ ਆਤਮਕ ਤੌਰ ’ਤੇ ਗੁਰ ਗਿਆਨ ਨੂੰ ਹਾਸਿਲ ਕਰਨ ਯੋਗ ਹੋ ਗਈ ਕਿਉਂਕਿ ਬੱਚੀ ਨੇ ਗੁਰ ਨੂੰ ਗਿਆਨ ਮੁਤਾਬਕ ਅਮਲੀ ਤੌਰ ’ਤੇ ਹੰਢਾਇਆ।

ਜਦੋਂ ਕੋਈ ਡਾਕਟਰ ਬਣਨ ਲਈ ਚਾਰ ਸਾਲ ਪੜ੍ਹਾਈ ਕਰਦਾ ਹੈ ਤਾਂ ਗਿਆਨ ਦੀ ਅਵਸਥਾ ’ਚ ਹੈ। ਸਾਰੀ ਪੜ੍ਹਾਈ ਨੂੰ ਗੁਰ ’ਚੋਂ ਲੰਘਾਉਂਦਾ ਹੈ ਤਾਂ ਉਹ ਅਵਸਥਾ ਬਣਦੀ ਹੈ ਜੋ ਕਿ ਤਤ ਗਿਆਨ ਦੀ ਪ੍ਰਾਪਤੀ ਕਹਿਲਾਉਂਦੀ ਹੈ। ਜਦੋਂ ਆਪਣੀ ਕਿਤਾਬੀ ਪੜ੍ਹਾਈ ਮੁਤਾਬਕ ਗੁਰ ਕੀਤਾ ਤਾਂ ਹੀ ਤਤ ਗਿਆਨ  ਠੀਕ ਕਰਨਾ ਆ ਗਿਆ ਅਤੇ ਉਸੇ ਅਨੁਸਾਰ ਬੀਮਾਰੀ ਦਾ ਠੀਕ ਕਾਰਨ ਲਭ ਕੇ ਇਲਾਜ ਕਰਨਾ ਆ ਗਿਆ। ਜਿਸ ਮਨੁੱਖ ਨੂੰ ਬੀਮਾਰੀ ਦਾ ਸਹੀ ਕਾਰਨ ਲੱਭ ਕੇ ਠੀਕ ਕਰਨ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਉਸੇ ਨੂੰ ਕਾਮਯਾਬ ਡਾਕਟਰ ‘‘ਰੋਗ ਦਾਰੂ ਦੋਵੋ ਬੁਝੈ ਤਾਂ ਵੈਦ ਸੁਜਾਣ’’ ਕਹਿੰਦੇ ਹਨ। ਸੋ ਇਸ ਪਦੇ ਦੀ ਇਹ ਪੰਕਤੀ ‘‘ਜਾ ਕੈ ਰਿਦੈ ਬਿਸਾਸ ਪ੍ਰਭ ਆਇਆ।। ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ।।’’ ਦਾ ਸਮੁੱਚਾ ਭਾਵਅਰਥ ਇਹੋ ਸਮਝ ਪੈਂਦਾ ਹੈ ਕਿ ਮਨੁੱਖ ਨੂੰ ਹਿਰਦੇ ’ਚ ਇਹ ਪੱਕਾ ਵਿਸ਼ਵਾਸ ਬੈਠ ਜਾਂਦਾ ਹੈ (ਦ੍ਰਿੜ੍ਹ ਹੋ ਜਾਂਦਾ ਹੈ) ਕਿ ਰੱਬ ਜੀ ਸੱਚੇ ਹਨ, ਸ੍ਰਿਸ਼ਟੀ ਸੱਚੀ ਹੈ, ਨਿਯਮ  ਸੱਚੇ ਹਨ, ਰੱਬ ਜੀ ਸਭ ਜਗ੍ਹਾ ਹਾਜ਼ਰ ਨਾਜ਼ਰ ਹਨ, ਉਨ੍ਹਾਂ ਦੀ ਵਿਲੱਖਣ ਲੜੀਬੱਧ ਨਿਯਮਾਵਲੀ ਹੈ ਅਤੇ ਸਾਰੇ ਮਨੁੱਖਾਂ, ਜੀਵ ਜੰਤਾਂ ’ਚ ਰੱਬ ਜੀ ਵਸਦੇ ਹਨ। ਇਹ ਸਭ ਕੁਝ ਮਹਿਸੂਸ ਕਰਨ ਲਈ ਐਸੀ ਅੱਖ ਮਿਲ ਜਾਣਾ ਹੀ ‘‘ਤਤੁ ਗਿਆਨੁ ਤਿਸ ਮਨਿ ਪ੍ਰਗਟਾਇਆ’’ ਕਹਿਲਾਉਂਦਾ ਹੈ ਵਰਨਾ ਕੇਵਲ ਗਿਆਨ ਹੋਣਾ ਹੋਰ ਗੱਲ ਹੈ ਜੋ ਕਿ ਉੱਪਰੀ ਤਲ ’ਤੇ ਸਮਝਣ ਪੜ੍ਹਨ ਪੜ੍ਹਾਉਣ ਜਾਂ ਹੋਰਨਾਂ ਨੂੰ ਉਪਦੇਸ਼ ਦੇਣ ਤੱਕ ਮਹਿਦੂਦ ਹੈ।




.