ਭੁੱਖ ਹੜਤਾਲ ਤੇ ਮਰਨ-ਵਰਤ ਦਾ ਖੇਖਣ!
ਭੁੱਖ ਹੜਤਾਲ ਜਾਂ ਮਰਨ-ਵਰਤ ਦਾ ਰਿਵਾਜ, ਅਧਿਕਤਰ, ਮੈਲੇ ਮਨਾਂ ਦੀ ਕਾਢ ਹੈ।
ਪ੍ਰਾਚੀਨ ਕਾਲ ਵਿੱਚ ਪਾਖੰਡੀ ਸਾਧ ਸਿੱਧੜ ਲੋਕਾਂ ਨੂੰ ਭਰਮਾ ਕੇ ਉਨ੍ਹਾਂ ਵਿੱਚ ਪ੍ਰਵਾਨ ਹੋਣ ਅਤੇ
ਉਨ੍ਹਾਂ ਨੂੰ ਠੱਗਣ ਲਈ ਅੰਨ-ਸ਼ੰਨ ਦਾ ਪਾਖੰਡ ਕਰਿਆ ਕਰਦੇ ਸਨ। ਉਨ੍ਹਾਂ ਦਾ ਦਾਅਵਾ ਹੁੰਦਾ ਸੀ ਕਿ ਉਹ
ਅੰਨ-ਸ਼ੰਨ ਸਦਕਾ ਰੱਬ ਜੀ ਤੋਂ ਆਪਣੀ ਗੱਲ ਮਨਵਾਉਣ ਦੇ ਸਮਰੱਥ ਹੋ ਜਾਂਦੇ ਸਨ! ਪਰੰਤੂ ਉਨ੍ਹਾਂ ਦੇ
ਅੰਨ-ਸ਼ੰਨ ਦਾ ਪਾਖੰਡ ਮਰਨ-ਵਰਤ ਨਹੀਂ ਸੀ ਹੁੰਦਾ!
ਇਸ ਸੱਚ ਤੋਂ ਵੀ ਮੁਨਕਿਰ ਨਹੀਂ ਹੋਇਆ ਜਾ ਸਕਦਾ ਕਿ ਅੱਜ ਦੇ ਯੁਗ ਵਿੱਚ
ਅਨਿਆਂ ਵਿਰੁੱਧ ਜਨਤਾ ਨੂੰ ਜਗਾਉਣ ਵਾਸਤੇ ਭੁਖ-ਹੜਤਾਲ ਇੱਕ ਚੰਗਾ ਜ਼ਰੀਆ ਹੈ! ਪਰੰਤੂ ਇਸ ਮੰਤਵ ਲਈ
ਭੁਖ ਹੜਤਾਲ ਦਾ ਕਾਰਗਰ ਹੋਣਾ ਭੁੱਖ-ਹੜਤਾਲ਼ ਕਰਨ ਵਾਲਿਆਂ ਦੀ ਨੀਯਤ ਤੇ ਇੱਛਾ-ਸ਼ਕਤੀ
(will power)
`ਤੇ ਨਿਰਭਰ ਕਰਦਾ ਹੈ। ਜੇ ਭੁੱਖ ਹੜਤਾਲੀਆਂ ਦਾ ਹਿਰਦਾ ਸ਼ੁੱਧ ਤੇ ਨਿਸ਼ਚਾ ਦ੍ਰਿੜ ਹੈ ਤਾਂ ਲੋਕ ਜਾਗਣ
ਗੇ, ਅਤੇ ਜੇ ਨੀਯਤ ਖੋਟੀ ਤੇ ਇੱਛਾ-ਸ਼ਕਤੀ ਕਮਜ਼ੋਰ ਹੈ ਤਾਂ ਇਸ ਦਾ ਅਸਰ ਢਾਹੂ ਹੋਵੇ ਗਾ। ਅਧੁਨਿਕ
ਕਾਲ ਵਿੱਚ ਦੇਸ-ਵਿਦੇਸ ਦੇ ਜ਼ਾਲਿਮ ਸ਼ਾਸਕਾਂ ਦੇ ਲਤਾੜੇ ਹੋਏ ਮਜ਼ਲੂਮ, ਮਜਬੂਰ ਤੇ ਬੇਬਸ ਲੋਕ ਵੀ ਲੋੜ
ਪੈਣ `ਤੇ ਭੁਖ ਹੜਤਾਲ ਦਾ ਸਹਾਰਾ ਲੈਂਦੇ ਹਨ। ਭਾਰਤ ਵਿੱਚ ਭੁੱਖ ਹੜਤਾਲ ਦਾ ਪ੍ਰਯੋਗ ਕੁੱਝ ਵਧੇਰੇ
ਹੀ ਕੀਤਾ ਜਾਂਦਾ ਰਿਹਾ ਹੈ। 20ਵੀਂ ਸਦੀ ਦੇ ਭਾਰਤ ਵਿੱਚ ਗਾਂਧੀ ਨੇ ਇਸ ਸਾਧਨ ਨੂੰ ਖੇਖਣ ਬਣਾ ਕੇ
ਰਾਜਨੀਤੀ ਦੇ ਖੇਤ੍ਰ ਵਿੱਚ ਵਰਤਿਆ। ਆਜ਼ਾਦੀ ਦੇ ਸੰਘਰਸ਼ ਲਈ ਕੁਰਬਾਨ ਹੋਏ ਅਨੇਕ ਸ਼ਹੀਦਾਂ ਦੀਆਂ
ਕੁਰਬਾਨੀਆਂ ਨੂੰ ਨਜ਼ਰ-ਅੰਦਾਜ਼ ਕਰਕੇ ਬੇਗ਼ੈਰਤ ਝੋਲੀਚੁਕਾਂ ਨੇ ਆਜ਼ਾਦੀ ਦਾ ਸਿਹਰਾ ਗਾਂਧੀ ਦੇ ਸਿਰ
ਬੰਨ੍ਹ ਦਿੱਤਾ। ਇਹ ਵੀ ਸੱਚ ਹੈ ਕਿ ਫ਼ਰੰਗੀ ਰਾਜ ਵਿੱਚ ਸ: ਭਗਤ ਸਿੰਘ ਆਦਿ ਕ੍ਰਾਂਤੀਕਾਰੀਆਂ ਨੇ ਵੀ
ਇਹ ਰਾਹ ਅਪਣਾਇਆ ਤੇ ਉਨ੍ਹਾਂ ਨੂੰ ਕਿਤੇ ਕਿਤੇ ਸ਼ਫ਼ਲਤਾ ਵੀ ਮਿਲੀ। ਪਰ ਉਨ੍ਹਾਂ ਸੁਹਿਰਦ ਸੁਆਰਥ-ਰਹਿਤ
ਕ੍ਰਾਂਤੀਕਾਰੀਆਂ ਦੀਆਂ ਭੁੱਖ-ਹੜਤਾਲਾਂ ਦਾ ਸੰਬੰਧ ਧਰਮ ਨਾਲ ਨਹੀਂ ਸੀ ਹੁੰਦਾ। ਅੱਜ ਦੇ
ਪ੍ਰਜਾਤੰਤ੍ਰੀ ਆਜ਼ਾਦ ਭਾਰਤ ਵਿੱਚ ਕਈ ਹੋਰ ਵੀ ਨੇਤਾ ਹੋਏ ਹਨ ਜਿਨ੍ਹਾਂ ਨੇ ਇਸ ਹਥਿਆਰ ਨੂੰ ਵਰਤਣ ਦਾ
ਪਾਖੰਡ ਕੀਤਾ ਤੇ ਕਰ ਰਹੇ ਹਨ। ਹੋਰ ਵਿਸਥਾਰ ਵਿੱਚ ਜਾਣ ਤੋਂ ਬਿਨਾਂ ਅਸੀਂ ਆਪਣੇ ਮੁੱਦੇ ਦੀ ਗੱਲ
ਕਰਦੇ ਹਾਂ।
ਸਿੱਖਾਂ, ਵਿਸ਼ੇਸ਼ ਕਰਕੇ ਸਿੰਘਾਂ, ਦੇ ਅੰਨ-ਸ਼ੰਨ ਸੰਬੰਧੀ ਪਹਿਲਾ ਸਵਾਲ ਇਹ ਹੈ
ਕਿ
ਕੀ ਗੁਰਮਤਿ ਕਿਸੇ
ਪ੍ਰਾਪਤੀ (ਅਧਿਆਤਮਿਕ ਜਾਂ ਸੰਸਾਰਕ) ਵਾਸਤੇ ਸਿੱਖਾਂ ਨੂੰ ਭੁੱਖ-ਹੜਤਾਲ ਜਾਂ ਮਰਨ-ਬਰਤ ਦੀ ਸੇਧ
ਦਿੰਦੀ ਹੈ? ਜਿਸ ਦਾ ਸਿੱਧਾ ਤੇ ਸਪਸ਼ਟ ਜਵਾਬ ਹੈ:
ਨਹੀਂ!
ਬਾਣੀਕਾਰਾਂ ਨੇ ਤਾਂ ਮਨੁੱਖਤਾ ਵਾਸਤੇ ਰਚੀ ਸਰਵ-ਸਾਂਝੀ
ਬਾਣੀ ਵਿੱਚ ਇਸ ਖੇਖਣ ਦਾ ਖੰਡਨ ਕੀਤਾ ਹੈ:
ਅੰਨੁ ਨ ਖਾਇਆ ਸਾਦੁ ਗਵਾਇਆ॥ … ਮ: ੧
ਅੰਨੁ ਨ ਖਾਹਿ ਦੇਹੀ ਦੁਖੁ ਦੀਜੈ॥ …ਮ: ੧
ਅੰਨ ਤੇ ਰਹਤਾ ਦੁਖੁ ਦੇਹੀ ਸਹਤਾ॥ …ਮ: ੫
ਗੁਰਬਾਣੀ ਦੇ ਉਕਤ ਸੱਚ ਤੋਂ ਬਿਨਾਂ, ਮਹਾਂਪੁਰਖ ਬਾਣੀਕਾਰਾਂ ਦੇ ਜੀਵਨ
ਵਿੱਚੋਂ ਵੀ ਕੋਈ ਸਬੂਤ ਨਹੀਂ ਮਿਲਦਾ ਜਿਸ ਤੋਂ ਸਾਬਤ ਹੋਵੇ ਕਿ ਉਨ੍ਹਾਂ ਨੇ ਆਪਣਾ ਪੱਖ (ਅਧਿਆਤਮਿਕ
ਜਾਂ ਸੰਸਾਰਕ) ਪੁਗਵਾਉਣ ਵਾਸਤੇ ਕਦੇ ਅੰਨ-ਸ਼ੰਨ ਕੀਤਾ ਹੋਵੇ ਜਾਂ ਮਰਨ-ਬਰਤ ਰੱਖਿਆ ਹੋਵੇ! ਉਨ੍ਹਾਂ
ਦਾ ਹਥਿਆਰ ਤਾਂ ਗਿਆਨ ਤੇ ਬਿਬੇਕ ਹੀ ਹੁੰਦਾ ਸੀ।
ਸਾਨੂੰ ਕੋਈ ਅਜਿਹੀ ਮਿਸਾਲ ਵੀ ਨਹੀਂ ਮਿਲਦੀ ਜਿਸ ਤੋਂ ਇਹ ਸਾਬਤ ਹੋਵੇ ਕਿ
‘ਖੰਡੇ ਦੀ ਪਾਹੁਲ’ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਨੇ ਪਾਹੁਲ-ਧਾਰੀਆਂ ਨੂੰ ਭੁੱਖ-ਹੜਤਾਲ ਤੇ
ਮਰਨ-ਬਰਤ ਦਾ ਰਾਹ ਅਪਣਾਉਣ ਵਾਸਤੇ ਕਿਹਾ ਹੋਵੇ! ‘ਖੰਡੇ ਦੀ ਪਾਹੁਲ’ ਤਾਂ ਉਨ੍ਹਾਂ ਨਿਸ਼ਕਾਮ ਮਰਜੀਵੜੇ
ਸੱਚੇ ਸਿੰਘਾਂ ਦੀ ਸ਼ਖ਼ਸੀਅਤ ਦਾ ਸ਼ਿੰਗਾਰ ਹੁੰਦਾ ਸੀ ਜੋ ਮਜ਼ਲੂਮਾਂ ਦੇ ਹੱਕਾਂ ਵਾਸਤੇ ਜ਼ਾਲਿਮਾਂ ਨਾਲ
ਜੂਝ ਮਰਨ ਲਈ ਤਤਪਰ ਹੁੰਦੇ ਸਨ।
ਪਾਠਕ ਸੱਜਨੋਂ! ਆਓ, ਉਪਰੋਕਤ ਤੱਥਾਂ ਦੀ ਰੌਸ਼ਣੀ ਵਿੱਚ ਆਪਣੇ ਆਪ ਨੂੰ
ਪਰਖੀਏ:
ਇਹ ਇੱਕ ਕੜਵੀ ਸੱਚਾਈ ਹੈ ਕਿ ਆਜ਼ਾਦ ਭਾਰਤ ਵਿੱਚ ਸਿੱਖਾਂ ਅੰਦਰ ਭੁੱਖ ਹੜਤਾਲ
ਤੇ ਮਰਨ ਵਰਤ ਦੇ ਖੇਖਣ ਦੀ ਪਿਰਤ ਪਾਉਣ ਵਾਲੇ ਸਿੱਖਾਂ ਦੇ ਕੁੱਝ ਇੱਕ ਸੁਆਰਥੀ ਤੇ ਪਾਖੰਡੀ
‘ਅੰਮ੍ਰਿਤ ਧਾਰੀ ਸਿੱਖ’ ਨੇਤਾ ਹੀ ਹਨ; ਜਿਨ੍ਹਾਂ ਵਿੱਚੋਂ ਮੁੱਖ ਹਨ: ਮਾਸਟਰ ਤਾਰਾ ਸਿੰਘ ਤੇ
ਦੂਜਾ ਫ਼ਤਹਿ ਸਿੰਘ। ਇਨ੍ਹਾਂ ਦੋਨਾਂ ਨੇ 1960ਵਿਆਂ ਵਿੱਚ, ‘ਪੰਜਾਬੀ ਸੂਬੇ’ ਦੀ ਪ੍ਰਾਪਤੀ ਲਈ, ਬਾਰ
ਬਾਰ ਮਰਨ-ਬਰਤ ਤੇ ਸੜ ਕੇ ਮਰਨ ਦਾ ਜੋ ਹਾਸੋਹੀਣਾ ਡਰਾਮਾ ਕੀਤਾ, ਉਸ ਨਾਲ ਪ੍ਰਾਪਤੀ ਤਾਂ ਕੋਈ ਨਹੀਂ
ਹੋਈ ਪਰ ਪੰਜਾਬੀਆਂ ਨੇ ਗਵਾਇਆ ਬਹੁਤ ਕੁਛ। ਦੂਸਰਾ, ਇਨ੍ਹਾਂ ਪਾਖੰਡੀਆਂ ਦੀ ਘਿਣਾਉਣੀ ਕਰਤੂਤ ਕਾਰਣ
ਸੱਚੀ ਗੁਰਸਿੱਖੀ ਦੇ ਨਾਮ `ਤੇ ਜੋ ਅਮਿਟ ਧੱਬਾ ਲੱਗਾ, ਉਹ ਇਤਿਹਾਸ `ਚ ਕਾਲੇ ਅੱਖਰਾਂ ਨਾਲ ਲਿਖਿਆ
ਜਾ ਚੁੱਕਿਆ ਹੈ। ਇਸ ਸੱਚ ਨੂੰ ਸਾਰਾ ਜਗਤ ਭਲੀ ਭਾਂਤ ਜਾਣਦਾ ਹੈ! ਇਸ ਤੋਂ ਬਿਨਾਂ ਅਖਾਉਤੀ
ਸਿੱਖਾਂ ਵੱਲੋਂ ਕਈ ਹੋਰ ਭੁੱਖ-ਹੜਤਾਲਾਂ ਵੀ ਹੋਈਆਂ ਜੋ ਨਿਸ਼ਫਲ ਹੀ ਕਹੀਆਂ ਜਾ ਸਕਦੀਆਂ ਹਨ।
ਇਸ ਪ੍ਰਸੰਗ ਵਿੱਚ, ਇੱਕਾ-ਦੁੱਕਾ ਸ਼ਖ਼ਸੀਅਤਾਂ ਹੋਈਆਂ ਹਨ ਜਿਨ੍ਹਾਂ ਨੇ
ਮਰਨ-ਵਰਤ ਰੱਖਿਆ ਤੇ ਤੋੜ ਨਿਭਾਇਆ। ਇਨ੍ਹਾਂ ਵਿੱਚੋਂ
ਸ: ਦਰਸ਼ਨ ਸਿੰਘ ਫੇਰੂਮਾਨ ਦਾ
ਨਾਮ ਵਿਸ਼ੇਸ਼ ਤੌਰ `ਤੇ ਵਰਣਨ-ਯੋਗ ਹੈ। ਉਨ੍ਹਾਂ ਨੇ ਚੰਡੀਗੜ੍ਹ ਨੂੰ ਪੰਜਾਬੀ ਸੂਬੇ ਨੂੰ ਦਿਵਾਉਣ ਦੀ
ਮੰਗ ਵਾਸਤੇ (ਅਗਸਤ 15, 1969- ਅਕਤੂਬਰ 27, 1969 ਤੀਕ) ਮਰਨ-ਵਰਤ ਰੱਖਿਆ ਅਤੇ ਵਚਨ ਤੋਂ ਨਾ
ਥਿੜਕਦਿਆਂ ਹੋਇਆਂ ਅਦੁੱਤੀ ਸ਼ਹੀਦੀ ਪ੍ਰਾਪਤ ਕੀਤੀ। ਇਹ ਦੁੱਖਦਾਈ ਸੱਚ ਵੀ ਕਿਸੇ ਤੋਂ ਲੁਕਿਆ ਨਹੀਂ
ਕਿ ਕ੍ਰਿਤਘਣ ਅਕਾਲੀਆਂ, ਸ਼੍ਰੋਮਣੀ ਕਮੇਟੀ ਤੇ ਜਥੇਦਾਰ ਵਗ਼ੈਰਾ ਨੇ ਉਨ੍ਹਾਂ ਦੀ ਅਦੁੱਤੀ ਸ਼ਹਾਦਤ ਨੂੰ
ਘੱਟੇ `ਚ ਰੋਲ ਦਿੱਤਾ। ਨਤੀਜੇ ਵਜੋਂ, ਚੰਡੀਗੜ੍ਹ ਅੱਜ ਤਕ ਪੰਜਾਬੀਆਂ ਦੇ ਗਲੇ ਦੀ ਹੱਡੀ ਬਣਿਆ ਹੋਇਆ
ਹੈ।
ਹੁਣ ਗੱਲ ਕਰੀਏ ਹਰਿਆਣੇ ਦੇ ਪਿੰਡ ਠਸਕਾ ਅਲੀ ਵਿੱਚ ਰਹਿਣ ਵਾਲੇ ਗੁਰਬਖ਼ਸ਼
ਸਿੰਘ ਦੀ ਜਿਸ ਨੇ ਸਜ਼ਾ ਭੁਗਤ ਚੁੱਕੇ ਕੁੱਝ ਸਿੱਖ ਕੈਦੀਆਂ ਦੀ ਰਿਹਾਈ ਵਾਸਤੇ 14 ਨਵੰਬਰ, 2013
ਵਾਲੇ ਦਿਨ ਮੋਹਾਲੀ ਵਿਖੇ ਗੁਰੂ (ਗ੍ਰੰਥ) ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਮਰਨ-ਵਰਤ ਰੱਖਦਿਆਂ ਪ੍ਰਣ
ਕੀਤਾ ਕਿ,
“…ਜਾਂ ਤਾਂ
ਸਜ਼ਾ ਭੁਗਤ ਚੁੱਕੇ ਬੰਦੀ ਸਿੰਘ ਰਿਹਾ ਕੀਤੇ ਜਾਣ ਗੇ ਤੇ ਜਾਂ ਭਾਣਾ ਵਰਤੇ ਗਾ!”
ਉਸ ਦਾ ਇਹ ਕਦਮ ਜਾਇਜ਼ ਤੇ ਹੱਕੀ ਹੋਣ ਕਰਕੇ ਹੌਲੀ ਹੋਲੀ
ਇੱਕ ਵੱਡੀ ਲਹਿਰ ਦਾ ਰੂਪ ਧਾਰਨ ਕਰ ਗਿਆ। ਦੇਸ-ਬਿਦੇਸ ਦੇ ਮੀਡੀਆ ਨੇ ਵੀ ਇਸ ਲਹਿਰ ਨੂੰ ਹਲੂਣਾ
ਦਿੱਤਾ। ਭਾਜਪਾ ਤੇ ਅਕਾਲੀ ਦਲ ਨੂੰ ਛੱਡ ਕੇ, ਦੇਸ ਦੀਆਂ ਲਗ ਪਗ ਸਾਰੀਆਂ ਰਾਜਨੈਤਿਕ ਪਾਰਟੀਆਂ ਦੇ
ਕਾਰਕੁਨ, ਧਰਮ ਦੇ ਨਾਂ `ਤੇ ਲੋਕਾਂ ਨੂੰ ਠੱਗਣ ਵਾਸਤੇ ਬਣਾਈਆਂ ਹੋਈਆਂ ਸਭਾਵਾਂ ਤੇ ਸੰਸਥਾਵਾਂ ਦੇ
ਮੋਹਰੀ, ‘ਸੰਤ ਸਮਾਜ’ ਵਗ਼ੈਰਾ, ਅਤੇ ਕੁੱਝ ਇੱਕ ਗ਼ੈਰਸਿਆਸੀ ਲੋਕਾਂ (ਲੇਖਕ, ਕਲਾਕਾਰ, ਅਧਿਕਾਰੀ ਆਦਿ)
ਨੇ ਗੁਰਬਖ਼ਸ਼ ਸਿੰਘ ਦੇ ‘ਸੰਘਰਸ਼’ ਦੇ ਹੱਕ ਵਿੱਚ ਸਮਰਥਨ ਜਤਾਇਆ! (ਰਾਧਾਸੁਆਮੀ ਤੇ ਨਿਰੰਕਾਰੀ ਆਦਿ
ਡੇਰੇਦਾਰ ਇਸ ਝੰਜਟ ਤੋਂ ਪਰ੍ਹੇ ਹੀ ਰਹੇ!) ਇੱਥੇ ਇਹ ਸੱਚ ਲਿਖਣ ਵਿੱਚ ਵੀ ਕੋਈ ਸੰਕੋਚ ਨਹੀਂ ਕਿ
ਉਕਤ ਵਿੱਚੋਂ ਕੁੱਝ ਇੱਕ ਗ਼ੈਰਸਿਆਸੀ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਦੁਬਾਜਰੇ ਹਨ ਜੋ ਵੋਟਾਂ ਜਾਂ
ਕਿਸੇ ਹੋਰ ਸੁਆਰਥ ਦੀ ਖ਼ਾਤਿਰ ਦਿਖਾਵੇ ਦਾ ਸਮਰਥਨ ਦੇ ਰਹੇ ਸਨ!
ਕੁਛ ਇੱਕ ਪਾਠਕਾਂ ਨੇ ਮੈਨੂੰ ਬਾਰ ਬਾਰ ਕਿਹਾ ਕਿ ਮੈਂ ਵੀ ਇਸ ਲਹਿਰ ਦਾ
ਹਿੱਸਾ ਬਣਦਾ ਹੋਇਆ ਗੁਰਬਖ਼ਸ਼ ਸਿੰਘ ਦੇ ਇਸ ਮਰਨ-ਬਰਤ ਦੇ ਸਮਰਥਨ ਵਿੱਚ ਕੁੱਝ ਲਿਖਾਂ। ਪਰੰਤੂ, ਆਪਣੇ
ਪੁਰਾਣੇ ਅਣਸੁਖਾਵੇਂ ਨਿੱਜੀ ਤਜੁਰਬੇ ਅਤੇ ਕਿਸੇ ਗ਼ੈਬੀ ਪ੍ਰੇਰਣਾ
(intuition)
ਨੇ ਮੈਨੂੰ ਇਸ ਸੰਬੰਧ ਵਿੱਚ ਲਿਖਣ ਤੋਂ ਰੋਕੀ ਰੱਖਿਆ। ਪਰੰਤੂ 44 ਦਿਨ ਬਾਅਦ (27 ਦਸੰਬਰ, 2013
ਨੂੰ) ਜਦੋਂ ਗੁਰਬਖ਼ਸ਼ ਸਿੰਘ ਨੇ ਇਸ ਕਥਿਤ ਭੁੱਖ-ਹੜਤਾਲ/ਮਰਨ-ਵਰਤ ਤੇ ਪ੍ਰਣ ਨੂੰ, ਬਿਨਾਂ ਕਿਸੇ
ਪ੍ਰਾਪਤੀ ਦੇ, ਤੋੜ ਦਿੱਤਾ ਹੈ ਤਾਂ ਮੈਂ ਕੁੱਝ ਸਤਰਾਂ ਲਿਖਣ `ਤੇ ਮਜਬੂਰ ਹੋ ਗਿਆ ਹਾਂ!
ਪਾਠਕ ਸੱਜਨੋਂ, ਆਓ! ਅਕਾਲੀਆਂ ਦੁਆਰਾ, ਅਣਗਿਣਤ ਸਿੱਧੜ ਸਿੱਖਾਂ ਨੂੰ ਨਿਸ਼ਫਲ
ਅੰਦੋਲਨਾਂ ਦੀ ਭੱਠੀ ਵਿੱਚ ਝੋਕ ਕੇ, ਪ੍ਰਾਪਤ ਕੀਤੇ ਲੰਗੜੇ ਪੰਜਾਬੀ ਸੂਬੇ ਦੀ ਮੰਚ `ਤੇ ਡੇਢ ਮਹੀਨਾ
ਖੇਡੇ ਗਏ ਇਸ ਹਾਸੋਹੀਣੇ ਡਰਾਮੇ ਦੇ ‘ਕਲਾਕਾਰਾਂ’ ਦੀ ਅਸਲੀਯਤ ਬਾਰੇ ਵਿਚਾਰ ਕਰੀਏ:
ਇਸ ਨੌਟੰਕੀ ਦਾ ਮੁੱਖ ਪਾਤ੍ਰ ਹੈ: ਗੁਰਬਖ਼ਸ਼ ਸਿੰਘ! ਉਸ ਨੇ (ਖ਼ਬਰਾਂ ਮੁਤਾਬਕ)
ਬਿਨਾਂ ਕਿਸੇ ਬਾਹਰੀ ਦਬਾਉ ਦੇ ਆਪਣੀ ਮਰਜ਼ੀ ਨਾਲ ਮਰਨ-ਵਰਤ ਦਾ ਰਾਹ ਇਖ਼ਤਿਆਰ ਕੀਤਾ! ਭਾਵੇਂ ਉਸ ਦਾ
ਇਹ ਕਦਮ ਪਹਿਲੀ ਨਜ਼ਰੇ ਪ੍ਰਸੰਸਾ-ਯੋਗ ਪ੍ਰਤੀਤ ਹੁੰਦਾ ਹੈ, ਪਰ ਜਦੋਂ ਉਸ ਵੱਲੋਂ ਨਿਭਾਈ ਗਈ ਭੂਮਿਕਾ
ਨੂੰ ਨਿਰਪੱਖਤਾ ਨਾਲ ਦੇਖੀਏ ਤਾਂ ਅਤਿਅੰਤ ਨਿਰਾਸ਼ਾ ਤੇ ਨਮੋਸ਼ੀ ਹੁੰਦੀ ਹੈ!
ਭੁੱਖ-ਹੜਤਾਲ ਜਾਂ ਮਰਨ-ਵਰਤ ਉੱਥੇ ਰੱਖਿਆ ਜਾਣਾ ਚਾਹੀਦਾ ਹੈ ਜਿੱਥੋਂ ਮੰਗ
ਮਨਵਾਉਣੀ ਹੋਵੇ! ਸੋ, ਗੁਰਬਖ਼ਸ਼ ਸਿੰਘ ਨੂੰ ਚਾਹੀਦਾ ਸੀ ਕਿ ਉਹ ਆਪਣਾ ਮਰਨ-ਵਰਤ ਬਾਦਲ ਦੇ ਬੰਗਲੇ ਦੇ
ਬਾਹਰ, ਉੱਚ-ਨਿਯਆਲਿਆ ਜਾਂ ਰਾਜ-ਭਵਨ ਦੇ ਦਰ `ਤੇ ਜਾਂ ਫਿਰ ਕਿਸੇ ਹੋਰ ਅਜਿਹੇ ਸਥਾਨ `ਤੇ ਰੱਖਦਾ
ਜਿੱਥੋਂ ਕੈਦੀਆਂ ਦੀ ਰਿਹਾਈ ਸੰਭਵ ਹੈ। ਗੁਰਦਵਾਰਿਆਂ ਨੂੰ ਅਖਾੜਾ ਬਣਾ ਕੇ ਉਸ ਨੇ ਗੁਰਮਤੀ ਮਾਹੌਲ
ਨੂੰ ਗੰਧਲਾ ਕਰਨ ਤੋਂ ਵੱਧ ਕੁਛ ਨਹੀਂ ਕੀਤਾ!
ਸ਼ੁੱਭ ਕਰਮ ਕਰਨ ਵਾਸਤੇ ਸ਼ੁੱਧ ਹਿਰਦੇ ਨਾਲ ਕੀਤੀ ਜਾਣ ਵਾਲੀ ਅਰਦਾਸ ਕਿਸੇ
ਦਿਖਾਵੇ ਦੀ ਮੁਹਤਾਜ ਨਹੀਂ ਹੁੰਦੀ! ਪਰੰਤੂ ਗੁਰਬਖ਼ਸ਼ ਸਿੰਘ ਨੇ ਜੋ ਅਰਦਾਸਾਂ ਕੀਤੀਆਂ ਜਾਂ ਕਰਵਾਈਆਂ
ਗਈਆਂ ਉਨ੍ਹਾਂ ਵਿੱਚ ਦਿਖਾਵਾ ਤੇ ਝੂਠ ਦਿਖਾਈ ਦਿੰਦਾ ਹੈ! ਅਰਦਾਸ ਉਸ ਨੇ ਸਜ਼ਾਵਾਂ ਪੂਰੀਆਂ ਕਰ
ਚੁੱਕੇ ਕੈਦੀਆਂ ਦੀ ਰਿਹਾਈ ਵਾਸਤੇ ਕੀਤੀ ਸੀ ਨਾ ਕਿ ਪੈਰੋਲ `ਤੇ ਛੁੱਟੀ ਦੀ ਖ਼ੈਰਾਤ ਪ੍ਰਾਪਤ ਕਰਨ
ਵਾਸਤੇ! ਅਰਦਾਸਾਂ ਵਿੱਚ ਪੈਰੋਲ ਨੂੰ ਰਿਹਾਈ ਕਹਿਣਾ ਕੋਰਾ ਝੂਠ ਹੈ!
ਗੁਰਬਖ਼ਸ਼ ਸਿੰਘ ਆਪਣੇ ਬਿਆਨਾਂ ਵਿੱਚ ਵੀ ਗਿਰਗਟ ਦੀ ਤਰ੍ਹਾਂ ਰੰਗ ਬਦਲਦਾ
ਰਿਹਾ ਹੈ। ਇੱਕ ਬਿਆਨ ਵਿੱਚ ਉਹ ਜਥੇਦਾਰਾਂ ਨੂੰ ਪਾਣੀ ਪੀ ਪੀ ਕੋਸਦਾ ਹੋਇਆ ਉਨ੍ਹਾਂ
(ਜਥੇਦਾਰਾਂ) ਨੂੰ ਅਕ੍ਰਿਤਘਣ ਤੇ ਝੂਠੇ ਕਹਿੰਦਾ ਹੈ, ਅਤੇ ਦੂਜੇ ਬਿਆਨ ਵਿੱਚ ਜਥੇਦਾਰਾਂ ਦੇ (ਝੂਠੇ)
ਗੁਣ ਗਾਉਂਦਾ ਹੋਇਆ ਉਨ੍ਹਾਂ ਨੂੰ “ਗੁਰੂ ਦੇ ਥਾਪੇ” ਘੋਸ਼ਿਤ ਕਰਕੇ ਉਨ੍ਹਾਂ ਦੇ ਆਦੇਸ਼-ਪੱਤਰ ਨੂੰ
ਮੱਥੇ `ਤੇ ਘਸਾਉਂਦਾ ਹੈ! ਉਨ੍ਹਾਂ “ਅਕ੍ਰਿਤਘਣਾਂ ਤੇ ਝੂਠਿਆਂ” ਹੱਥੋਂ ਜੂਸ ਪੀ ਕੇ ਹੀ ਉਸ
ਨੇ ਆਪਣੇ ਹਾਸੋਹੀਣੇ ਡਰਾਮੇ ਦਾ ਭੋਗ ਪਾਇਆ! ਮੀਡੀਆ ਵਿੱਚ ਹੁਣ ਇਹ ਚਰਚਾ ਹੋ ਰਹੀ ਹੈ ਕਿ
ਗੁਰਬਖ਼ਸ਼ ਸਿੰਘ ਨੇ ਮਰਨ-ਵਰਤ ਦਬਾਅ ਹੇਠ ਜਾਂ ਕਿਸੇ ਲਾਲਚ ਵਿੱਚ ਆਕੇ ਤੋੜਿਆ ਹੈ! ਇਸ ਗੱਲ ਦਾ ਸਹੀ
ਜਵਾਬ ਤਾਂ ਗੁਰਬਖ਼ਸ਼ ਸਿੰਘ ਹੀ ਦੇ ਸਕਦਾ ਹੈ! !
ਇਸ ਢਕੌਂਸਲੇ ਨੂੰ 44 ਦਿਨ ਦੀ ਭੁੱਖ-ਹੜਤਾਲ ਕਹਿਣਾ ਵੀ ਚਿੱਟਾ ਝੂਠ ਹੈ:-
ਇਸ ਸਮੇਂ ਦੌਰਾਨ, ਆਪਣੇ ਕਰਤੱਵ ਨੂੰ ਇੱਕ ਥਾਂ ਟਿਕ ਕੇ ਸਿਦਕ ਤੇ ਸਿਰੜਤਾ ਨਾਲ ਨਿਭਾਉਣ ਦੀ ਬਜਾਏ,
ਉਹ (ਗੁਰਬਖ਼ਸ਼ ਸਿੰਘ) ਟਪੂਸੀਆਂ ਹੀ ਮਾਰਦਾ ਰਿਹਾ: ਕਦੇ ਆਨੰਦ ਪੁਰ, ਦੋ ਵਾਰ ਸੱਭ ਤੋਂ ਮਹਿੰਗੇ
ਹਸਪਤਾਲ ਫੌਰਟਿਸ ਵਿੱਚ, ਕਦੀ ਕਿਸੇ ਹੋਰ ਹਸਪਤਾਲ ਵਿੱਚ ਜ਼ੇਰੇ ਇਲਾਜ ਹੋ ਗਿਆ ਅਤੇ ਕਦੇ ਉਸ ਨੇ
ਬੁੜੈਲ ਜੇਲ੍ਹ ਵੱਲ ਮੂੰਹ ਕਰ ਲਿਆ! ਮੁਹਾਲੀ ਨੂੰ ਛੱਡਿ, ਉਸ ਦਾ ਅੰਮ੍ਰਿਤਸਰ ਜਾਕੇ ਮਰਨ ਵਰਤ ਤੋੜਣ
ਪਿੱਛੇ ਵੀ ਕੋਈ ਤਰਕ ਨਜ਼ਰ ਨਹੀਂ ਆਉਂਦਾ! …. . ਉਸ ਦਾ ਥਾਂ ਥਾਂ ਭਟਕਣਾ ਉਸ ਦੀ ਸੁਹਿਰਦਤਾ `ਤੇ
ਪ੍ਰਸ਼ਨ-ਚਿੰਨ੍ਹ ਲਾਉਂਦਾ ਹੈ!
ਖ਼ਬਰਾਂ ਮੁਤਾਬਿਕ, ਇਸ ਭਟਕਣਾ ਦੌਰਾਨ, ਉਸਨੂੰ ਗੁਲੂਕੋਸ ਲੱਗਿਆ ਤੇ ਉਸ ਨੇ
ਦਵਾਈਆਂ ਵੀ ਖਾਧੀਆਂ ਜੋ ਨਿਰਨੇ ਕਾਲਜੇ ਨਹੀਂ ਖੁਆਈਆਂ ਜਾਂਦੀਆਂ……! ! ! ਸੋ, ਉਸ ਦੇ ਇਸ ਉਸ਼ਟੰਡ
ਨੂੰ ਭੁੱਖ ਹੜਤਾਲ ਕਹਿਣਾ ਵੀ ਗ਼ਲਤ ਹੋਵੇਗਾ!
ਗੁਰਬਖ਼ਸ਼ ਸਿੰਘ ਨੇ ਆਪਣੀ ਵੈਬ ਸਾਇਟ ਸ਼ੁਰੂ ਕੀਤੀ ਹੋਈ ਹੈ ਜਿਸ ਵਿੱਚ ਉਸ ਨੇ
ਪੰਜਾਬ ਨੈਸ਼ਨਲ ਬੈਂਕ ਦਾ ਆਪਣਾ ਐਕਾਉਂਟ ਨੰਬਰ ਵੀ ਦਿੱਤਾ ਹੋਇਆ ਹੈ? ? ? ….
ਇਸ ਡਰਾਮੇ ਦੇ ਬਾਕੀ ਕਿਰਦਾਰਾਂ ਵਿੱਚੋਂ ਮੁੱਖ ਹੈ: ਪਰਦੇ ਪਿੱਛੋਂ ਹੁਕਮ
ਚਲਾ ਰਹੀ ਪੰਜਾਬ ਦੀ ਅਕਾਲੀ ਸਰਕਾਰ! ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ
ਜ਼ਿੱਮੇਦਾਰੀ ਦਰਅਸਲ ਅਕਾਲੀਆਂ ਦੀ ‘ਸਿੱਖ’ ਸਰਕਾਰ ਦੀ ਹੀ ਹੈ। ਇਸ ਸੰਬੰਧ ਵਿੱਚ ਸਿਰਫ਼ ਬੀਬੀ ਰਜਿੰਦਰ
ਕੌਰ ਭੱਠਲ ਦਾ ਬਿਆਨ ਹੀ ਕਾਫ਼ੀ ਹੈ:
“ਬਾਦਲ ਨੇ ਹੀ ਪ੍ਰਧਾਨ ਮੰਤ੍ਰੀ ਨੂੰ
ਪੱਤਰ ਲਿਖ ਕੇ ਬੰਦੀ ਸਿੰਘਾਂ ਦੀ ਰਿਹਾਈ ਰੁਕਵਾਈ ਸੀ।”
ਬਾਦਲ ਨੇ ਆਪ ਵੀ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਬੰਦੀ ਸਿੰਘਾਂ ਦੇ
ਕੇਸ ਦੂਜਿਆਂ ਸੂਬਿਆਂ ਵਿੱਚ ਹੋਣ ਕਰਕੇ ਸਾਡੀ (ਬਾਦਲ ਦੀ) ਸਰਕਾਰ ਕੁਛ ਨਹੀਂ ਕਰ ਸਕਦੀ!
ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੀ ਅਕਾਲੀ ਸਰਕਾਰ ਦਾ ਸੱਚ ਇਹ ਹੈ ਕਿ ਉਹ
ਭਾਜਪਾ ਦੀਆਂ ਬੈਸਾਖੀਆਂ ਦੇ ਸਹਾਰੇ ਚਲ ਰਹੀ ਹੈ, ਤੇ ਭਾਜਪਾ ਨਹੀਂ ਚਾਹੁੰਦੀ ਕਿ ਸਜ਼ਾ ਪੂਰੀ ਕਰ
ਚੁੱਕੇ ਬੰਦੀ ਸਿੰਘ ਰਿਹਾ ਕੀਤੇ ਜਾਣ। ਜੇ ਬਾਦਲ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੁੱਝ
ਕਰਦੀ ਹੈ ਤਾਂ ਕੁਰਸੀ ਜਾਂਦੀ ਹੈ! ਸਿਆਪਾ ਤਾਂ ਕੁਰਸੀ ਦਾ ਹੀ ਹੈ!
ਹੁਣ ਗੱਲ ਕਰੀਏ ‘ਜਥੇਦਾਰਾਂ’, ਪੁਜਾਰੀਆਂ ਤੇ ਸੰਤ ਸਮਾਜੀਆਂ ਦੀ। ਇਹ ਸੱਚ
ਤਾਂ ਹੁਣ ਜਗ-ਜ਼ਾਹਿਰ ਹੈ ਕਿ ਇਨ੍ਹਾਂ ਦੀ ਆਪਣੀ ਕੋਈ ਪਾਂਇਆ ਨਹੀਂ। ਇਹ ਸਾਰੇ ਬਾਦਲ ਦਾ ਹੁਕਮ ਹੀ
ਬਜਾਉਂਦੇ ਹਨ। ਇਨ੍ਹਾਂ ਦੇ ਪਹਿਲੇ ਬਿਆਨਾਂ ਦਾ ਨਮੂਨਾ ਦੇਖੋ: “…ਕੌਣ ਹੈ ਗੁਰਬਖ਼ਸ਼ ਸਿੰਘ? ਆਪੇ
ਕੁੱਝ ਦਿਨ ਬਾਅਦ ਪ੍ਰਸ਼ਾਦਾ ਛਕ ਲਵੇਗਾ”। …… “ਵਰਤ ਰੱਖਣਾ ਤਾਂ ਸਿੱਖ ਸਿਧਾਂਤਾਂ ਨਾਲ ਮੇਲ ਨਹੀਂ
ਖਾਂਦਾ। ਉਹਨੇ ਵਰਤ ਸਾਡੇ ਕੋਲੋਂ ਪੁੱਛ ਕੇ ਰੱਖਿਆ ਸੀ?” …ਆਦਿ।
ਇਨ੍ਹਾਂ ਬਿਆਨਾਂ ਵਿੱਚ ਸੱਚਾਈ ਤਾਂ ਹੈ, ਪਰ ਨਾਲੋ ਨਾਲ ਜਥੇਦਾਰ ਦੀ
ਬੇਚਾਰਗੀ ਵੀ ਦਿਖਾਈ ਦਿੰਦੀ ਹੈ! ਕਿਉਂਕਿ ਜਥੇਦਾਰ ਨੇ ਕਿਸੇ ਗ਼ੈਬੀ ਹੁਕਮ ਦੀ ਪਾਲਣਾ ਕਰਦਿਆਂ
ਗੁਰਬਖ਼ਸ਼ ਸਿੰਘ ਦਾ ਵਰਤ ਖੁਲ੍ਹਵਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ! (ਇਹੀ ਪਾਪ ਉਸ ਨੇ ਬੀਬੀ
ਨਿਰਪ੍ਰੀਤ ਕੌਰ ਦਾ ਵਰਤ ਖੁਲ੍ਹਵਾਉਣ ਵੇਲੇ ਵੀ ਕੀਤਾ ਸੀ।) ਸ਼ਰੋਮਣੀ ਪ੍ਰਬੰਧਕ ਕਮੇਟੀ, ਸੰਤ-ਸਮਾਜ,
‘ਬੰਦੀ ਸਿੰਘਾਂ ਦੀ ਰਿਹਾਈ ਮੋਰਚਾ’ ਦੇ ਪ੍ਰਬੰਧਕਾਂ ਤੇ ਪੁਜਾਰੀਆਂ ਆਦਿ ਦਾ ਕਿਰਦਾਰ ਜਥੇਦਾਰਾਂ ਦੇ
ਕਿਰਦਾਰ ਤੋਂ ਵੀ ਬਦਤਰ ਹੈ!
ਪਾਠ ਤੇ ਅਰਦਾਸ ਗੁਰਸਿੱਖੀ ਜੀਵਨ ਵਾਸਤੇ ਦੋ ਅਤਿਅੰਤ ਜ਼ਰੂਰੀ ਨੇਮ ਹਨ।
ਪਰੰਤੂ ‘ਸਿੱਖ’ ਨੇਤਾ ਤੇ ਪੁਜਾਰੀ ਇਨ੍ਹਾਂ ਦਾ ਦੁਰਉਪਯੋਗ ਕਰਦੇ ਹਨ! ਪਾਠ ਤੇ ਅਰਦਾਸ ਸ਼ੁੱਧ ਹਿਰਦੇ
ਤੇ ਸੱਚੀ ਸ਼ਰਧਾ ਨਾਲ ਹੀ ਕੀਤੇ ਜਾਣੇ ਚਾਹੀਦੇ ਹਨ। ਹਮੇਸ਼ਾ ਦੀ ਤਰ੍ਹਾਂ, ਪਿਛਲੇ ਡੇਢ ਮਹੀਨੇ ਵਿੱਚ
ਵੀ ਇਨ੍ਹਾਂ ਦੋ ਪਵਿੱਤਰ ਨੇਮਾਂ ਦਾ ਮਜ਼ਾਕ ਉਡਾਇਆ ਗਿਆ ਹੈ। ਇਸ ਉਸ਼ਟੰਡ ਦੌਰਾਨ ਕਈ ਅਰਦਾਸਾਂ
ਕੀਤੀਆਂ ਗਈਆਂ ਜਿਵੇਂ: ਭੁੱਖ-ਹੜਤਾਲ/ਮਰਨ-ਵਰਤ ਦੀ ਅਰੰਭਤਾ ਦੀ ਅਰਦਾਸ; ਮੰਗ ਮੁਕੰਮਲ ਹੋਣ ਦੀ
ਅਰਦਾਸ (ਮੰਗ ਤਾਂ ਮੁਕੰਮਲ ਹੋਈ ਹੀ ਨਹੀਂ!) ਅਤੇ ਸ਼ੁਕਰਾਨੇ ਦੀ ਅਰਦਾਸ! (ਜਦੋਂ ਮੰਗ ਹੀ ਪੂਰੀ ਨਹੀਂ
ਹੋਈ ਤਾਂ ਫਿਰ ਇਹ ਸ਼ੁਕਰਾਨਾ ਕਾਹਦਾ?) ਇਸੇ ਤਰ੍ਹਾਂ, ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ,
ਅਖੰਡ ਪਾਠ ਵੀ ਕੀਤੇ/ਕਰਾਏ ਗਏ?
ਗੁਰਮਤਿ ਅਨੁਸਾਰ ਸਿਰਫ਼ ਤੇ ਸਿਰਫ਼ ਇੱਕ ਅਕਾਲ ਪੁਰਖ ਹੀ
ਸਾਹਿਬ
ਹੈ; ਅਤੇ ਭਾਈ, ਖ਼ਾਲਸਾ ਤੇ ਸਿੰਘ ਆਦਿ ਸ਼ਬਦ ਉੱਚਤਮ ਆਤਮਿਕ ਸ਼ਖ਼ਸੀਅਤ ਤੇ ਦਿਬਦ੍ਰਿਸ਼ਟੀ ਵਾਲੇ ਸਚਿਆਰ
ਤੇ ਨਿਸ਼ਕਾਮ ਵਿਅਕਤੀਆਂ ਦੇ ਲਕਬ ਹਨ। ਪਰੰਤੂ ਅਤਿਅੰਤ ਦੁੱਖ ਦੀ ਗੱਲ ਹੈ ਕਿ ਗੁਰਮਤਿ ਦੇ ਪਾਖੰਡੀ,
ਮਾਇਆਧਾਰੀ, ਸੁਆਰਥੀ, ਵਿਕੇ ਹੋਏ ਬੇ-ਗ਼ੈਰਤ, ਤੇ ਝੂਠੇ ਠੇਕੇਦਾਰ ਇਨ੍ਹਾਂ ਪਵਿੱਤਰ ਲਕਬਾਂ ਨੂੰ ਆਪਣੇ
ਨਾਵਾਂ ਨਾਲ ਜੋੜ ਕੇ ਇਨ੍ਹਾਂ ਵਿਸ਼ੇਸ਼ਣਾਂ ਦਾ ਅਪਮਾਨ ਕਰ ਰਹੇ ਹਨ!
ਉਕਤ ਵਿਚਾਰੇ ਡਰਾਮੇ ਕਾਰਣ ਸਾਨੂੰ ਅਤਿਅੰਤ ਨਿਰਾਸ਼ਾ ਤੇ ਨਿਮੋਸ਼ੀ ਹੋਈ ਹੈ।
ਦੇਸ-ਵਿਦੇਸ ਦੇ ਜਿਸ ਮੀਡੀਆ ਨੇ ਇਸ ਲਹਿਰ ਨੂੰ ਸਹੀ ਜਾਣ ਕੇ ਇਸ ਦੇ ਹੱਕ ਵਿੱਚ ਆਵਾਜ਼ ਉਠਾਈ ਸੀ,
ਉਹੀ ਮੀਡੀਆ ਹੁਣ ਸਿੱਖਾਂ ਦੀ ਤੋਹੇ ਤੋਹੇ ਕਰ ਰਿਹਾ ਹੈ! ਨਤੀਜੇ ਵਜੋਂ ਅੱਜ ਸਾਨੂੰ ਦੇਸ-ਵਿਦੇਸ
ਵਿੱਚ ਸ਼ਰਮਿੰਦਾ ਵੀ ਹੋਣਾ ਪੈ ਰਿਹਾ ਹੈ। ਪਾਠਕ ਸਜਨੋਂ! ਜੇ ਭਵਿਖ ਵਿੱਚ ਅਸੀਂ ਅਜਿਹੀ ਨਮੋਸ਼ੀ ਤੋਂ
ਬਚਣਾ ਹੈ ਤਾਂ ਸਾਨੂੰ ਸੁਆਰਥੀ ਸ਼ੋਸ਼ੇ-ਬਾਜਾਂ ਤੋਂ ਸਾਵਧਾਨ ਰਹਿਣ ਦੀ ਸਖ਼ਤ ਜ਼ਰੂਰਤ ਹੈ!
ਗੁਰਇੰਦਰ ਸਿੰਘ ਪਾਲ
ਦਸੰਬਰ 29, 2013
ਨੋਟ:- ਉਕਤ ਲੇਖ 29 ਦਸੰਬਰ, 2013 ਨੂੰ ਲਿਖਿਆ ਗਿਆ ਸੀ। ਅੱਜ 4
ਜਨਵਰੀ, 2014 ਨੂੰ ਗੁਰਬਖ਼ਸ਼ ਸਿੰਘ ਵੱਲੋਂ ‘ਸ਼ੁਕਰਾਨਾ ਸਮਾਗਮ’ ਦਾ ਇੱਕ ਇਸ਼ਤਿਹਾਰ ਦੇਖਣ
ਵਿੱਚ ਆਇਆ ਹੈ ਜੋ ਉਸ ਦੇ ਕੱਚੇ ਕਿਰਦਾਰ ਦੀ ਅਸਲੀਅਤ ਉੱਤੇ ਰੌਸ਼ਨੀ ਪਾਉਂਦਿਆਂ ਇਹ ਸਪਸ਼ਟ ਕਰਦਾ ਹੈ
ਕਿ ਉਹ ਗੁਰਮਤਿ ਤੇ ਗੁਰਸਿੱਖੀ ਦੇ ਦ੍ਰੋਹੀਆਂ ਦਾ ਭਾਈਵਾਲ ਹੈ! ਪਾਠਕ ਇਸ ਇਸ਼ਤਿਹਾਰ ਨੂੰ ਗਹੁ ਨਾਲ
ਪੜ੍ਹ ਕੇ ਆਪ ਫ਼ੈਸਲਾ ਕਰ ਸਕਦੇ ਹਨ! ਇਸ਼ਤਿਹਾਰ ਹੇਠਾਂ ਕੌਪੀ ਪੇਸਟ ਹੈ:-