.

ਸ੍ਰਿਸ਼ਟੀ ਵਿਚ ਕੁਝ ਵੀ ਝੂਠ ਨਹੀਂ

ਕਿਸ਼ਤ ਛੇਵੀਂ

ਵੀਰ ਭੁਪਿੰਦਰ ਸਿੰਘ

ਭੈ ਤੇ ਨਿਰਭਉ ਹੋਇ ਬਸਾਨਾ।।

ਜਿਸ ਤੇ ਉਪਜਿਆ ਤਿਸੁ ਮਾਹਿ ਸਮਾਨਾ।।

ਜਿਸ ਮਨੁੱਖ ਨੂੰ ਰੱਬੀ ਨਿਰਮਲ ਭਉ ਭਾਵ ਰੱਬੀ ਨਿਯਮਾਂ ਅਨੁਸਾਰ ਰੱਬੀ ਰਜ਼ਾ ’ਚ ਰਹਿਣਾ ਆ ਜਾਂਦਾ ਹੈ ਉਸ ਨੂੰ ਹੋਰ ਕੋਈ ਡਰ-ਭਉ ਨਹੀਂ ਰਹਿੰਦਾ। ‘‘ਨਿਰਭਉ ਜਪੈ ਸਗਲ ਭਉ ਮਿਟੈ’’ ਐਸੇ ਮਨੁੱਖ ਦੀ ਨਿਰਭਉ ਅਵਸਥਾ ਬਣ ਜਾਂਦੀ ਹੈ, ਨਾ ਉਹ ਡਰਦਾ ਹੈ, ਨਾ ਡਰਾਉਂਦਾ ਹੈ। ਇਹ ਅਸਲੀ ਗਿਆਨੀ ਆਤਮਕ ਅਵਸਥਾ ਦਾ ਲਖਾਇਕ ਹੈ।

‘ਨਾ ਡਰਨ’ ਤੋਂ ਭਾਵ ਹੈ ਕਿ ਰੱਬੀ ਨਿਯਮਾਂ ਅਧੀਨ ਜਿਊਣ ਦੀ ਅਵਸਥਾ ’ਚ ਮਨੁੱਖ ਦੀ ਆਤਮਾ ਬਲਵਾਨ ਹੋ ਜਾਂਦੀ ਹੈ। ਉਸਨੂੰ ਮਿਲਨ-ਵਿਛੋੜਾ, ਸੁਖ-ਦੁਖ, ਜੰਮਣ-ਮਰਨ, ਹਰਖ-ਸੋਗ, ਮਾਨ-ਅਪਮਾਨ ਆਦਿ ਦਾ ਡਰ ਨਹੀਂ ਰਹਿੰਦਾ। ਚਿੰਤਾ, ਤੌਖਲੇ, ਡਰ, ਹਉਕੇ ਮੁੱਕ ਜਾਂਦੇ ਹਨ। ‘ਨਾ ਡਰਾਉਣਾ’ ਤੋਂ ਭਾਵ ਹੈ ਕਿ ਮਨੁੱਖ ਬਦ ਅਸੀਸ, ਵਰ ਸਰਾਪ, ਜਾਦੂ ਟੂਣੇ ਕਰਾਮਾਤ ਆਦਿ ਨਾਲ ਦੂਜੇ ਦਾ ਵਿਗਾੜ ਕਰਨ ਦੀ ਬਿਰਤੀ ਰੱਖਦਾ ਹੀ ਨਹੀਂ। ਮਨੁੱਖ ਰੱਬੀ ਨਿਯਮ ’ਚ ਲੀਨ ਹੋ ਜਾਂਦਾ ਹੈ, ਨਾ ਤਾਂ ਤਾਂਤ੍ਰਿਕ, ਜਾਦੂ-ਟੂਣੇ ਜਾਂ ਕਰਮ-ਕਾਂਡਾਂ ਤੋਂ ਡਰਦਾ ਹੈ ਨਾ ਉਨ੍ਹਾਂ ਨੂੰ ਵਰਤ ਕੇ ਕਿਸੇ ਨੂੰ ਡਰਾਉਂਦਾ ਹੈ। ਮਨੁੱਖ ਰਿੱਧੀ, ਸਿੱਧੀ, ਕਰਾਮਾਤ, ਮੰਤਰ ਜੰਤਰ, ਤੋਂ ਮੁਕਤ ਹੋ ਜਾਂਦਾ ਹੈ ਕਿਉਂਕਿ ਉਸਦਾ ਨਿਸਚਾ ‘ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ’’ ਤੇ ਦ੍ਰਿੜ੍ਹ ਹੋ ਚੁੱਕਾ ਹੁੰਦਾ ਹੈ।

ਨਿਰਮਲ ਭਉ ਦੀ ਅਵਸਥਾ ਮਾਣਨ ਵਾਲਾ ਮਨੁੱਖ ਹੋਰਨਾ ਦੀ ਨਿੰਦਾ-ਮਾਨ, ਅਪਮਾਨ-ਉਸਤਤ ਨਹੀਂ ਕਰਦਾ ਕਿਉਂਕਿ ਉਹ ਰੱਬੀ ਰਜ਼ਾ ਦੀ ਸੋਝੀ ਕਾਰਨ ਆਪ ਨਿਰਮਾਣਤਾ ’ਚ ਆ ਜਾਂਦਾ ਹੈ। ਆਪਣੇ ਹੱਥ ਰੱਬੀ ਨਿਆ ਲੈਂਦਾ ਹੀ ਨਹੀਂ। ਰੱਬੀ ਨਿਯਮਾਂ ਅਤੇ ਰਜ਼ਾ ਵਿਚ ਰਹਿਣ ਕਰਕੇ ਉਸਨੂੰ ਸੋਝੀ ਹੋ ਜਾਂਦੀ ਹੈ ਕਿ ਮੈਂ ਕਰਨ ਕਰਾਵਨ ਨਹੀਂ ਹਾਂ, ਉਸਦੀ ਹਉਮੈ (ਕਪਰ) ਮੁਕ ਜਾਂਦੀ ਹੈ। ਇਹੋ ਕਾਰਨ ਹੈ ਕਿ ਉਹ ਰਜ਼ਾ ਅਨੁਸਾਰ ਸੱਚੇ ਗਿਆਨ ਦਾ ਭਾਵ ਸੱਚੇ ਗਿਆਨ ’ਚ ਲੀਨ (ਰੱਬ ’ਚ ਲੀਨ) ਜੋਤੀ ਜੋਤ ਰਲੀ ਹੋ ਜਾਂਦਾ ਹੈ। ਸੱਚੇ ਗਿਆਨ ਨਾਲ ਅਵਗੁਣ ਛੱਡਣ ਵੱਲ ਪ੍ਰੇਰਿਤ ਮਨੁੱਖ ਨੂੰ ‘ਤਿਸ ਮਾਹਿ ਸਮਾਨਾ’ ਕਹਿੰਦੇ ਹਨ।

ਬਸਤੁ ਮਾਹਿ ਲੇ ਬਸਤੁ ਗਡਾਈ।। ਤਾ ਕਉ ਭਿੰਨ ਨ ਕਹਨਾ ਜਾਈ।।

ਜਿਵੇਂ ਸਾਂਚੇ ਵਿਚ ਕੁਝ ਪਾ ਕੇ ਗਲਾ ਕੇ ਵੈਸੀ ਚੀਜ਼ ਬਾਹਰ ਨਿਕਲਦੀ ਹੈ। ਜੇ ਸਾਂਚੇ ਵਿਚ ਕੋਈ ਨੁਕਸ ਨਹੀਂ ਸੀ ਤਾਂ ਮੰਨਦੇ ਹਾਂ ਕਿ ਬਣੀ ਹੋਈ ਚੀਜ਼ ’ਚ ਨੁਕਸ ਨਹੀਂ ਹੈ।  ਜਿਵੇਂ ਪਾਣੀ ਵਿਚ ਲੂਣ ਘੋਲ ਦੇਵੋ, ਘੁਲਣ ਤੋਂ ਬਾਅਦ ਲੂਣ ਨਜ਼ਰ ਨਹੀਂ ਆਉਂਦਾ। ਜਿਵੇਂ ਕਤਰਾ ਬੂੰਦ ਨੂੰ ਸਮੁੰਦਰ ’ਚ ਪਾ ਦੇਵੋ ਤਾਂ ਬੂੰਦ ਅਲੋਪ ਹੋ ਜਾਂਦੀ ਹੈ ਭਾਵ ਆਪਣੇ ਤੋਂ ਵੱਡੇ ਵਿਰਾਟ ਬੇਅੰਤ ਵਿਚ ਲੀਨ ਹੋ ਜਾਣਾ। ਕਬੀਰ ਤੂੰ ਤੂੰ ਕਰਤਾ ਤੂ ਹੁਆ ਮੁਝ ਮਹਿ ਰਹਾ ਨ ਹੂੰ।।ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ।। (ਗੁਰੂ ਗ੍ਰੰਥ ਸਾਹਿਬ, ਪੰਨਾ : 1375) ਮਨੁੱਖ ਆਪਣੀ ਮੈਂ, ਮੇਰੀ ਦੀ ਹੋਂਦ ਤੋਂ ਮੁਕਤ ਹੋ ਜਾਂਦਾ ਹੈ। ਸੱਚੇ ਗਿਆਨ ਰਾਹੀਂ (ਸੱਚੇ ’ਚ ਲੀਨ) ਰੱਬੀ ਇਕਮਿਕਤਾ ਇਸੇ ਅਵਸਥਾ ਦੀ ਲਖਾਇਕ ਹੈ ਕਿ ਮਨੁੱਖ ਸੱਚੇ ਗਿਆਨ ਦਾ ਧਾਰਨੀ ਹੀ ਹੋ ਗਿਆ। ‘‘ਹਰਿ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਇ।।’’

‘‘ਜਿਨਾ ਨ ਵਿਸਰੈ ਨਾਮੁ ਸੇ ਕਿਨੇਹਿਆ।। ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 397) ਰੱਬ ਨੂੰ ਨਾ ਵਿਸਾਰਨ ਵਾਲੇ ਦੀ ਅਵਸਥਾ ਇਹੋ ਹੁੰਦੀ ਹੈ ਕਿ ਉਸ ’ਚ ਰੱਬੀ ਗੁਣਾਂ ਵਾਲੇ ਖਿਆਲ ਕਰਮ ਦੀ ਖੁਸ਼ਬੂ ਆਉਂਦੀ ਹੈ। ਜਲ ਵਿਚ ਬੂੰਦ ਮਿਲ ਕੇ ਬੂੰਦ ਆਪਣਾ ਵੱਖਰਾਪਣ ਤਾਂ ਹੀ ਰੱਖ ਸਕਦੀ ਹੈ ਜੇ ਬੂੰਦ ’ਚ ਤੇਲ ਦੀ ਥੰਦਿਆਈ (ਵਿਕਾਰ) ਹੈ। ਹਉਮੈ ਅਤੇ ਅਵਗੁਣਾਂ ਨਾਲ ਜੀਵਨ ਜਿਊਣਾ ਹੀ ਵਖਰੇਵਾਂ ਹੈ। ਇਕਮਿਕਤਾ ਦਾ ਪ੍ਰਤੀਕ ਹੈ ਕਿ ਰਜ਼ਾ ਦੇ ਅਨੁਕੂਲ ਚੱਲਣਾ। ਮਨੁੱਖ ਨੂੰ ਹਰੇਕ ਗੱਲ ਦੀ ਮੂਲ ਤੋਂ ਹੀ ਸਮਝ ਪੈਣੀ ਸ਼ੁਰੂ ਹੋ ਜਾਂਦੀ ਹੈ। ਗਹਿਰਾਈ ਵਿਚ ਜਾ ਕੇ ਸਮਝਣ ਦੀ ਆਦਤ ਪੈ ਜਾਂਦੀ ਹੈ। ਮਨੁੱਖ ਬੁਰਾ-ਭਲਾ, ਮੂਰਖ-ਸਿਆਣਾ, ਆਸਤਕ-ਨਾਸਤਕ, ਪਾਪੀ-ਪੁੰਨੀ ਦੇ ਲੇਬਲ ਲਗਾਉਣਾ ਛੱਡ ਦਿੰਦਾ ਹੈ। ਕਿਸੇ ਨੂੰ ਵੀ ਰੱਬ ਤੋਂ ਉਲਟ ਝੂਠੀ ਕਿਰਤ ਮੰਨ ਕੇ ਨਿੰਦਦਾ ਨਹੀਂ। ‘‘ਸਭੈ ਘਟ ਰਾਮੁ ਬੋਲੈ।। ਰਾਮ ਬਿਨਾ ਕੋ ਬੋਲੈ ਰੇ’’ ਦੀ ਅਵਸਥਾ ਵਾਪਰ ਜਾਂਦੀ ਹੈ। ਐਸਾ ਮਨੁੱਖ ਰੱਬੀ ਕਿਰਤ ’ਚ ਸਮਾ ਜਾਂਦਾ ਹੈ ‘ਜੋਤੀ ਜੋਤ ਰਲੀ’ ਦਾ ਇਹ ਪ੍ਰਤੱਖ ਪ੍ਰਮਾਣ ਹੁੰਦਾ ਹੈ। ਐਸੀ ਅਵਸਥਾ ਹੀ ਰੱਬੀ ਇਕਮਿਕਤਾ ਕਹਿਲਾਉਂਦੀ ਹੈ । ਸੱਚ ਦੇ ਗਿਆਨ ਰਾਹੀਂ ਸੁਰਤ, ਮਤ, ਮਨ, ਬੁਧ, ਰੱਬੀ ਰਜ਼ਾ ਦੇ ਅਨੁਕੂਲ ਘੜੀ ਜਾਣੀ ਹੀ ਅਭੇਦਤਾ ਹੈ। ਉਸਨੂੰ ‘‘ਭਿੰਨ ਨ ਕਹਨਾ ਜਾਈ’’ ਕਹਿੰਦੇ ਹਨ।

ਬੂਝੈ ਬੂਝਨਹਾਰੁ ਬਿਬੇਕ।। ਨਾਰਾਇਨ ਮਿਲੇ ਨਾਨਕ ਏਕ।।।।

ਬਿਬੇਕ ਬੁੱਧੀ ਨਾਲ ਇਹ ਸਮਝ ਪੈਂਦੀ ਹੈ ਕਿ ਇਹ ਸੱਚਾ ਗਿਆਨ, ਸੱਚੇ ਗੁਰ (ਸਤਿਗੁਰ) ਤੋਂ ਤਤ ਗਿਆਨ ਰਾਹੀਂ ਪ੍ਰਾਪਤ ਹੁੰਦਾ ਹੈ। ਅਸੀਂ ਸਭ ਜਾਣਦੇ ਹਾਂ ਕਿ ‘‘ਸਤਿਪੁਰਖੁ ਜਿਨਿ ਜਾਨਿਆ ਸਤਿਗੁਰ ਤਿਸ ਕਾ ਨਾਉ।। ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ।।’’ਭਾਵ ਰੱਬ ਜੀ (ਸਤਿਪੁਰਖ) ਨੂੰ ਕੇਵਲ ਸਤਿਗੁਰ ਰਾਹੀਂ ਹੀ ਜਾਣਿਆ ਜਾਂਦਾ ਹੈ ਅਤੇ ਸਤਿਗੁਰ (ਸੱਚ ਦਾ ਗਿਆਨ) ਹੀ ਬੂਝਨਹਾਰ ਹੈ।‘‘ਪਾਰਬ੍ਰਹਮ ਗੁਰ ਨਾਹੀ ਭੇਦ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 1142) ਅਤੇ ‘‘ਗੁਰੁ ਪਰਮੇਸਰੁ ਏਕੋ ਜਾਣੁ’’ (ਗੁਰੂ ਗ੍ਰੰਥ ਸਾਹਿਬ, ਪੰਨਾ : 864) ਜੈਸੇ ਪ੍ਰਮਾਣਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਰੱਬ ਅਤੇ ਰੱਬ ਦੇ ਸਤਿਗੁਰ ’ਚ ਕੋਈ ਭੇਦ ਨਹੀਂ ਹੈ। ਰੱਬ ਜੀ ਹੀ ਸਤਿਗੁਰ ਹਨ ਅਤੇ ਸਤਿਗੁਰ ਹੀ ਰੱਬ ਹੈ - ਇਸੇ ਨੂੰ ਸ਼ਬਦ ਗੁਰੂ ਕਹਿੰਦੇ ਹਨ। ਸਰੀਰਕ ਦੇਹਧਾਰੀ ਗੁਰੂ ਨਾ ਕੋਈ ਹੁੰਦਾ ਹੈ ਤੇ ਨਾ ਟਪਲਾ ਖਾਣਾ ਚਾਹੀਦਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਹੀਂ ਇਹ ਤੱਥ ਬਿਲਕੁਲ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਮਨੁੱਖ ਅਤੇ ਰੱਬ ਵਿਚ ਕੋਈ ਸਰੀਰਕ ਵਿਚੋਲਾ ਹੁੰਦਾ ਹੀ ਨਹੀਂ। ਮਨੁੱਖ ਨੇ ਬੁਝਨ ਹਾਰ ਸਤਿਗੁਰ (ਸੱਚ ਦਾ ਗਿਆਨ, ਗਿਆਨ ਗੁਰੂ) ਰਾਹੀਂ ਬਿਬੇਕ ਬੁਧੀ ਨਾਲ ਅੰਦਰ ਦੇ ਰੱਬ ਜੀ ਨਾਲ ਇਕਮਿਕਤਾ ਮਹਿਸੂਸ ਕਰਨੀ ਹੈ। ਜੇ ਕੋਈ ਵੀ ਮਨੁੱਖ ਆਪਣੇ ਆਪ ਨੂੰ ਸਤਿਗੁਰ ਕਹਿੰਦਾ ਹੈ ਤਾਂ‘‘ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ’’ (ਗੁਰੂ ਗ੍ਰੰਥ ਸਾਹਿਬ, ਪੰਨਾ : 651) ਅਨੁਸਾਰ ਜੋ ਮਨੁੱਖ ਆਪਣੇ ਆਪ ਨੂੰ ਸਤਿਗੁਰ ਮੰਨਦਾ ਹੈ, ਐਸਾ ਖ਼ਿਆਲ ਹੀ ਉਸ ਮਨੁੱਖ ਦਾ ਭੁਲੇਖਾ ਹੁੰਦਾ ਹੈ। ਭੁਲੇਖੇ ਕਾਰਨ ਹੀ ਉਹ ਉੱਚਾ ਆਸਨ ਲਗਾ ਕੇ ਆਪਣੇ ਆਪ ਨੂੰ ਮੱਥਾ ਟਿਕਾਉਂਦਾ ਹੈ। ਲੋਕੀਂ ਅਣਜਾਣ ਹੁੰਦੇ ਹਨ, ਉਹ ਭੁਲੇਖੇ ਨਾਲ ਉਸੇ ਨੂੰ ਸਤਿਗੁਰ ਸਮਝ ਕੇ ਚਰਨੀਂ ਹੱਥ ਲਾਉਂਦੇ ਰਹਿੰਦੇ ਹਨ। ਪਰ ਅਫ਼ਸੋਸ ਮੱਥੇ ਟਿਕਾ ਕੇ, ਚਰਨੀ ਹੱਥ ਲਗਵਾ ਕੇ ਹੋਰਨਾਂ ਨੂੰ ਵਰ-ਸਰਾਪ ਅਤੇ ਪੁੱਤਰ, ਧਨ-ਦੌਲਤ ਦੀ ਅਖੌਤੀ ਕਿਰਪਾ ਕਰ ਦੇਣ ਦੇ ਭੁਲੇਖੇ ਵਾਲਾ ਮਨੁੱਖ ਆਪ ਹੀ ਭੁਲੇਖੇ ਵਿਚ ਹੈ। ਉਸਦਾ ਭਰਮ ਹੀ ਉਸਨੂੰ ਸਤਿਗੁਰ ਬਣਨ ਲਈ ਕੁਮੱਤ ਵਾਲੀ ਕਿਰਿਆ ਕਰਾਉਂਦਾ ਹੈ। ਸੋ ਸਮਝਣ ਵਾਲੀ ਗੱਲ ਹੈ ਕਿ ਕੋਈ ਸਰੀਰਕ ਦੇਹਧਾਰੀ, ਅਖੌਤੀ ਸਤਿਗੁਰ ਹੁੰਦਾ ਹੀ ਨਹੀਂ। ਰੱਬ ਜੀ ਸੱਚੇ ਹਨ, ਉਨ੍ਹਾਂ ਦਾ ਸਤਿਗੁਰ (ਸੱਚਾ ਗਿਆਨ) ਵੀ ਸਦੀਵੀ ਹੈ। ਸਰੀਰਕ ਦੇਹਧਾਰੀ ਰੂਪ ’ਚ ਅਖੌਤੀ ਸਤਿਗੁਰ ਬਣਿਆ ਹੋਇਆ ਮਨੁੱਖ ਰੱਬੀ ਨਿਯਮ ਵਿਚ ਜੰਮਦਾ ਵੀ ਹੈ ਤੇ ਸਰੀਰਕ ਅੰਤ ਹੋਣ ’ਤੇ ਮਰ ਵੀ ਜਾਂਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਰੱਬ ਜੀ ਅਤੇ ਰੱਬ ਜੀ ਦਾ ਸਤਿਗੁਰ (ਸ਼ਬਦ ਗੁਰੂ) ਸਦੀਵੀ ਹੁੰਦਾ ਹੈ। ‘‘ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ।। ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 759) ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਹੀਂ ਸਦੀਵੀ ਸੱਚੇ ਗਿਆਨ ਗੁਰੂ ਰਾਹੀਂ ਤਤ ਗਿਆਨ (ਬਿਬੇਕ ਬੁਧੀ) ਪ੍ਰਾਪਤ ਕਰਨਾ ਹੀ ਹਰੇਕ ਮਨੁੱਖ ਦਾ ਉਦਮ ਅਤੇ ‘ਸਰੰਜਾਮ ਲਾਗ’ ਵਾਲੀ ਸੋਚ ਹੋਣਾ ਲਾਹੇਵੰਦ ਹੈ।

‘‘ਨਾਰਾਇਨ ਮਿਲੇ ਨਾਨਕ ਏਕ।।’’ ਜਦੋਂ ਵੀ ਕੋਈ ਮਨੁੱਖ ਸਤਿਗੁਰ (ਸੱਚੇ ਗਿਆਨ) ਰਾਹੀਂ ਬਿਬੇਕ ਬੁੱਧੀ ਪ੍ਰਾਪਤ ਕਰ ਲੈਂਦਾ ਹੈ ਤਾਂ ਉਸਨੂੰ ਹਿਰਦੇ ਘਟ ’ਚੋਂ ਰੱਬੀ ਮਿਲਨ ਦੀ ਇਕਮਿਕਤਾ ਮਹਿਸੂਸ ਹੋ ਜਾਂਦੀ ਹੈ - ਉਹ ਮਨੁੱਖ ਰੱਬ ਜੀ ਦੀ ਸਦੀਵੀ ‘ਸੱਤਾ’ ‘‘ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ’’ ਨੂੰ ਮਹਿਸੂਸ ਕਰਕੇ ਰੱਬੀ ਰਜ਼ਾ ਅਨੁਸਾਰ ਰਹਿਣ ਦਾ ਜਤਨ ਕਰਦਾ ਹੈ। ‘‘ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲਿ’’ ਅਨੁਸਾਰ ਰੱਬੀ ਰਜ਼ਾ ’ਚ ਤੁਰਨ ਦੀ ਬਿਰਤੀ ਅਤੇ ਜਾਚ ਪੱਲੇ ਪੈ ਜਾਂਦੀ ਹੈ। ਰੱਬੀ ਰਜ਼ਾ ’ਚ ਤੁਰਨ ਨਾਲ ਕੂੜ ਦੀ ਪਾਲ ਟੁੱਟਦੀ ਹੈ। ‘ਕੂੜ ਦੀ ਪਾਲ’ ਹੀ ਮੈਲਾ ਮਨ ਹੁੰਦਾ ਹੈ ਅਤੇ ਮੈਲਾ ਮਨ ਜਦੋਂ ਤੱਕ ‘ਸਾਫ਼ ਮਨ’ (ਨਿਰਮਲ-ਸ਼ੁੱਧ) ਨਹੀਂ ਹੁੰਦਾ ਉਦੋਂ ਤੱਕ ਰੱਬੀ ਇਕਮਿਕਤਾ, ਰੱਬੀ ਦਰਸ਼ਨ ਸਭ ਜਗ੍ਹਾ, ਰੱਬ ਜੀ ਦਾ ਹੁਕਮ ਬਲਿਹਾਰੀ ਕੁਦਰਤ ਵਸਿਆ, ‘‘ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ’’ - ਮਹਿਸੂਸ ਨਹੀਂ ਹੁੰਦਾ।




.