ਜਨੇਊ ਜੀਅ ਕਾ……
(1)
ਹਿੰਦੂ ਮੱਤ ਵਿੱਚ ਜੰਞੂ ਧਾਰਨ ਕਰਨ ਦਾ ਰਿਵਾਜ ਬੜਾ ਮਹੱਤਵ ਪੂਰਣ ਤੇ
ਪੁਰਾਣਾ ਹੈ। ਜਨੇਊ ਵਿਸ਼ੇਸ਼ ਧਾਰਮਿਕ ਰੀਤੀ ਨਾਲ ਬਣਾਇਆ ਤੇ ਪਹਰਾਇਆ ਜਾਂਦਾ ਹੈ। ਜਨੇਊ ਨੂੰ ਬਣਾਉਣ
ਅਤੇ ਪਹਨਣ ਦੇ ਢੰਗ ਬੜੇ ਨਿਆਰੇ ਤੇ ਪੇਚੀਦਾ ਹਨ।
ਜਨੇਊ ਇੱਕ ਬਹੁ-ਬਿਧੀ ਪ੍ਰਤੀਕ (ਚਿੰਨ੍ਹ) ਹੈ। ਇਸ ਦੇ ਪ੍ਰਤੀਕਾਤਮਿਕ
ਲੱਛਣਾਂ ਦੀਆਂ ਕਈ ਵਿਆਖਿਆਵਾਂ ਹਨ। ਮੁੱਖ ਤੌਰ `ਤੇ, ਜੰਞੂ ਵਰਣ-ਵੰਡ ਦਾ ਸੂਚਕ ਹੈ। ਹਰ
ਵਰਣ ਦੇ ਬਾਲਕ ਵਾਸਤੇ ਜੰਞੂ ਵੱਖ ਵੱਖ ਪਦਾਰਥ ਦੇ ਬਣਾਏ ਜਾਂਦੇ ਸਨ: ਉੱਚਤਮ ਸਮਝੇ ਜਾਂਦੇ ਵਰਣ,
ਬ੍ਰਾਹਮਣ ਦਾ ਜਨੇਊ ਕਪਾਹ ਦਾ, ਖੱਤਰੀ ਵਾਸਤੇ ਸਣ ਦਾ ਅਤੇ ਵੈਸ਼ ਲਈ ਉੰਨ ਦਾ! ਸ਼ੂਦਰਾਂ ਨੂੰ ਜਨੇਊ
ਪਹਨਣ ਦੀ ਆਗਿਆ ਨਹੀਂ! ਲੜਕੀਆਂ ਵਾਸਤੇ ਵੀ ਜਨੇਊ ਧਾਰਨ ਕਰਨ `ਤੇ ਮਨਾਹੀ ਹੈ! ਸਪਸ਼ਟ ਹੈ ਕਿ ਹਿੰਦੂ
ਮੱਤ ਵਿੱਚ ਇਸਤ੍ਰੀਆਂ ਨੂੰ ਵੀ ਸ਼ੂਦਰਾਂ ਵਾਂਗ ਹੀਣ ਸਮਝਿਆ ਜਾਂਦਾ ਸੀ!
ਜਨੇਊ-ਸੰਸਕਾਰ ਵਾਸਤੇ ਬਾਲਕ ਦੀ ਉਮਰ ਵੀ ਵਰਣ ਅਨੁਸਾਰ ਨਿਰਧਾਰਤ ਹੈ:
ਬ੍ਰਾਹਮਣ-ਪੁੱਤਰ ਦਾ ਜੰਞੂ-ਸੰਸਕਾਰ ਅੱਠਵੇਂ ਸਾਲ `ਚ, ਖੱਤਰੀ ਦਾ ਗਿਆਰਵੇਂ ਅਤੇ ਵੈਸ਼ ਦਾ ਬ੍ਹਾਰਵੇਂ
ਵਰ੍ਹੇ ਵਿੱਚ ਕੀਤਾ ਜਾਂਦਾ ਹੈ।
ਜਨੇਊ ਧਾਰਨ ਕਰਨ/ਕਰਾਉਣ ਦੀਆਂ ਰੁੱਤਾਂ ਵੀ ਵਰਣ ਅਨੁਸਾਰ ਨਿਸ਼ਚਿਤ ਕੀਤੀਆਂ
ਹੋਈਆਂ ਹਨ: ਬ੍ਰਾਹਮਣ ਦੇ ਪੁੱਤਰ ਦਾ ਜੰਞੂ-ਸੰਸਕਾਰ ਬਸੰਤ-ਬਹਾਰ ਅਥਵਾ ਚੇਤ ਵੈਸਾਖ ਦੇ ਮਹੀਨੇ
ਵਿੱਚ; ਖੱਤਰੀ ਦਾ ਗਰਮੀ ਦੀ ਰੁੱਤੇ ਜੇਠ ਹਾੜ (ਮਈ ਜੂਨ) ਦੇ ਮਹੀਨੇ ਵਿੱਚ ਅਤੇ ਵੈਸ਼-ਬਾਲਕ ਵਾਸਤੇ
ਸਰਦੀਆਂ ਦਾ ਅੱਸੂ, ਕੱਤਕ ਦਾ ਮਹੀਨਾ ਸਹੀ ਮੰਨਿਆਂ ਜਾਂਦਾ ਹੈ!
ਉਕਤ ਵਖਰੇਵਿਆਂ ਪਿੱਛੇ ਕੀ ਤਰਕ ਹੈ? ਕੁਛ ਨਹੀਂ ਕਿਹਾ ਜਾ ਸਕਦਾ!
ਪ੍ਰਾਚੀਨ ਸਮਿਆਂ ਵਿੱਚ ਜੰਞੂ ਨੂੰ ਕੁੱਝ ਇੱਕ ਆਤਮਿਕ ਗੁਣਾਂ ਦਾ ਸੂਚਕ ਵੀ
ਸਮਝਿਆ ਜਾਂਦਾ ਸੀ, ਜਿਨ੍ਹਾਂ ਵਿੱਚੋਂ ਪਰਮੁੱਖ ਹੈ: ਸੋਚਣੀ, ਕਥਨੀ ਅਤੇ ਕਰਨੀ ਦੀ ਸੁੱਚਤਾ, ਸ਼ੁੱਧਤਾ
(Purity in thought, word and deed.),
ਇਕ-ਸਮਾਨਤਾ ਤੇ ਸਮ-ਸੁਰਤਾ।
ਗੁਰਬਾਣੀ ਵਿੱਚ ਆਤਮਾ ਦੇ ਇਸ ਗੁਣ (ਸੋਚਨੀ, ਕਥਨੀ ਤੇ ਕਰਨੀ ਦੀ ਸ਼ੁੱਧਤਾ ਤੇ ਸਮਸੁਰਤਾ) ਦਾ ਵਰਣਨ
ਅਤੇ ਪੁਰਜ਼ੋਰ ਸਮਰਥਨ ਤਾਂ ਹੈ, ਪਰੰਤੂ ਗੁਰਬਾਣੀ ਵਿੱਚ ਇਸ ਆਤਮਿਕ ਗੁਣ ਨੂੰ ਕਿਸੇ ਦੁਨਿਆਵੀ
ਚਿੰਨ੍ਹ ਜਾਂ ਪ੍ਰਤੀਕ ਦਾ ਮੁਥਾਜ ਨਹੀਂ ਬਣਾਇਆ ਗਿਆ!
ਗੁਰੂਦਵਾਰਿਆਂ ਵਿੱਚ ਜਨੇਊ ਜਾਂ ਜੰਞੂ ਸੰਸਕਾਰ ਬਾਰੇ ਦੋ ਖ਼ਿਆਲ ਰੱਖੇ ਜਾਂਦੇ
ਹਨ: ਪਹਿਲਾ, ਗੁਰੂ ਨਾਨਕ ਦੇਵ ਜੀ ਨੇ, ਵੈਦਿਕ ਕਾਲ ਤੋਂ ਹੀ ਪ੍ਰਚੱਲਿਤ ਤੇ ਪ੍ਰਵਾਣਿਤ,
ਚਿੰਨ੍ਹਾਤਮਕ ਜੰਞੂ ਦੇ ਕਰਮਕਾਂਡ ਨੂੰ ਦਲੀਲਾਂ ਨਾਲ ਨਕਾਰਿਆ; ਅਤੇ ਦੂਜਾ, ਗੁਰੂ ਤੇਗ ਬਹਾਦੁਰ ਜੀ
ਨੇ ‘ਜੰਞੂ ਦੀ ਰੱਖਿਆ’ ਵਾਸਤੇ ਅਦੁੱਤੀ ਸ਼ਹਾਦਤ ਦਿੱਤੀ! ਹਥਲੇ ਲੇਖ ਵਿੱਚ ਅਸੀਂ ਕੁੱਝ ਇੱਕ ਉਨ੍ਹਾਂ
ਸ਼ਬਦਾਂ/ਸ਼ਲੋਕਾਂ ਉੱਤੇ ਹੀ ਵਿਚਾਰ ਕਰਾਂ ਗੇ ਜਿਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਨੇਊ ਦੇ
ਧਰਮ-ਕਰਮ ਦਾ ਖੰਡਨ ਕੀਤਾ ਹੈ। ਆਪ ਫ਼ਰਮਾਉਂਦੇ ਹਨ:
ਸਲੋਕ ਮ: ੧॥ ਦਇਆ ਕਪਾਹੁ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ॥ ੧॥
ਸ਼ਬਦ ਅਰਥ:- ਦਇਆ: (ਪਰ ਮਨ ਨੂੰ ਨਿਜ ਮਨ ਸਮਝਦਿਆਂ) ਪਰਾਇਆਂ ਲਈ ਕਰੁਣਾ
ਦਾ ਭਾਵ ਰੱਖਣਾ, ਰਹਿਮ-ਦਿਲੀ। ਜਤੁ: ਇੰਦ੍ਰੀਆਂ ਨੂੰ ਜ਼ਬਤ ਵਿੱਚ ਰੱਖਣਾ। ਸਤੁ: ਹੱਥੋਂ ਦੇਣਾ,
ਸਹਾਇਤਾ ਕਰਨਾ; ਸਚਿਆਰ ਜੀਵਨ। ਜਨੇਊ: ਜੰਞੂ। ਜੀਅ: ਆਤਮਾ, ਮਨ, ਹਿਰਦਾ। ਘਤੁ: ਘਤਣਾ=ਪਾਉਣਾ; ਪਾ।
ਨ ਤੁਟੈ: ਨਹੀਂ ਟੁੱਟਦਾ। ਮਲੁ: (ਦੁਨਿਆਵੀ) ਮੈਲ। ਨ ਜਾਇ: ਸਾਥ ਨਹੀਂ
ਛੱਡਦਾ।
ਚਉਕੜਿ: ਚਾਰ ਕੌਡੀਆਂ ਦਾ, ਅਤਿਅੰਤ ਸਸਤਾ। ਅਣਾਇਆ: (ਮੁੱਲ) ਲਿਆਂਦਾ।
ਚਉਕੈ: ਰਸੋਈ/ਚੌਂਕੇ ਵਿੱਚ ਬੈਠ ਕੇ (ਹਿੰਦੂ ਮੱਤ ਵਿੱਚ ਚੌਂਕੇ ਨੂੰ ਪਵਿਤ੍ਰ ਮੰਨਿਆਂ ਜਾਂਦਾ ਹੈ)।
ਸਿਖਾ: ਸਿੱਖਿਆ, ਉਪਦੇਸ਼। ਗੁਰੂ ਬ੍ਰਾਹਮਣ ਥੀਆ: ਜਨੇਊ ਸੰਸਕਾਰ ਦੀ ਰਸਮ ਕਰਨ ਵਾਲਾ ਬ੍ਰਾਹਮਣ ਹੀ
ਭਵਿੱਖ ਵਾਸਤੇ ਜਜਮਾਨ ਦਾ ਗੁਰੂ ਬਣ ਗਿਆ ਜੋ ਹਰ ਕਰਮਕਾਂਡ ਕਰਨ ਵਾਸਤੇ (ਦੱਛਣਾ ਲੈ ਕੇ) ਸੇਧ
ਦੇਵੇਗਾ। ਝੜਿ ਪਇਆ: ਸਾਥ ਛੱਡ ਗਿਆ। ਵੇਤਗਾ: ਬਿਨਾਂ ਤਾਗੇ/ਜੰਞੂ ਦੇ।
ਭਾਵ ਅਰਥ:- ਐ ਪੰਡਿਤ! ਜੇ ਤੇਰੇ ਕੋਲ ਦਇਆ ਰੂਪੀ ਕਪਾਹ, ਸਬਰ-ਸੰਤੋਖ
ਦੇ ਸੂਤ, ਵਾਸ਼ਨਾਵਾਂ ਉੱਤੇ ਕਾਬੂ ਦੀਆਂ ਗੰਢਾਂ ਵਾਲਾ ਅਤੇ (ਦਇਆ-ਵਸ) ਲੋੜਵੰਦਾ ਨੂੰ ਹੱਥੋਂ ਦੇਣ ਦੀ
ਰੁਚੀ (ਜਾਂ ਸਚਿਆਰਤਾ) ਦੇ ਵਟ ਦੇ ਕੇ ਬਣਾਇਆ ਹੋਇਆ ਆਤਮਿਕ ਗੁਣਾਂ ਦਾ ਜਨੇਊ ਹੈ ਤਾਂ ਜਜਮਾਨ ਬਾਲਕ
ਦੇ ਗਲਿ ਪਾ। (ਆਤਮਿਕ ਗੁਣਾਂ ਵਾਲਾ) ਇਹ ਸੱਚਾ ਜਨੇਊ ਕਦੇ ਟੁੱਟਦਾ ਨਹੀਂ, ਇਸ ਨੂੰ (ਸੰਸਾਰਕਤਾ ਦੀ)
ਮੈਲ ਵੀ ਨਹੀਂ ਲੱਗਦੀ, (ਅੰਤਿਮ ਸੰਸਕਾਰ ਸਮੇਂ ਸਰੀਰ ਨਾਲ) ਸੜਦਾ ਨਹੀਂ ਅਤੇ ਅਜਿਹਾ ਜਨੇਊ (ਧਾਰਨ
ਕਰਨ ਵਾਲੇ ਦਾ, ਲੋਕ ਪਰਲੋਕ ਵਿੱਚ) ਸਾਥ ਵੀ ਨਹੀਂ ਛੱਡਦਾ। ਹੇ ਨਾਨਕ! ਉਹ ਸਜਨ ਧੰਨ ਹਨ ਜੋ
ਸਦਗੁਣਾਂ ਵਾਲਾ ਇਹ ਪਵਿੱਤਰ, ਸੱਚਾ ਤੇ ਸਦੀਵੀ ਜਨੇਊ ਪਾ ਕੇ ਵਿਚਰਦੇ ਹਨ।
ਰਿਵਾਜਨ ਪਾਏ ਜਾਣ ਵਾਲੇ ਜਨੇਊ ਨੂੰ ਪੰਡਿਤ ਕੌਡੀਆਂ ਦੇ ਭਾਅ ਖ਼ਰੀਦ ਕੇ
ਲਿਆਉਂਦਾ ਹੈ ਤੇ ਚੌਂਕੇ ਵਿੱਚ ਬੈਠ ਕੇ ਰਸਮੀ ਤੌਰ `ਤੇ ਜਜਮਾਨ ਦੇ ਗਲਿ ਪਾਉਂਦਾ ਹੈ। (ਜਜਮਾਨ ਦੇ)
ਕੰਨ ਵਿੱਚ ਕਿਸੇ ਦੀਖਿਆ ਦੀ ਫੂਕ ਮਾਰਦਿਆਂ ਬ੍ਰਾਹਮਣ ਆਪਣੇ ਆਪ ਨੂੰ ਉਸ ਦਾ ਗੁਰੂ ਘੋਸ਼ਿਤ ਕਰ ਦਿੰਦਾ
ਹੈ। (ਪੰਡਿਤ ਦੇ ਪੁਆਏ ਇਸ ਜਨੇਊ ਦਾ ਸਾਥ ਸੱਚਾ ਤੇ ਸਦੀਵੀ ਨਹੀਂ ਹੁੰਦਾ, ਕਿਉਂਕਿ) ਜਦੋਂ ਜਜਮਾਨ
ਮਰਦਾ ਹੈ ਤਾਂ ਇਹ ਜਨੇਊ ਵੀ ਸਾਥ ਛੱਡ ਜਾਂਦਾ ਹੈ ਅਤੇ ਇਉਂ ਜਨੇਊ-ਧਾਰੀ ਜਜਮਾਨ ਬਿਨਾਂ ਜੰਞੂ ਦੇ ਹੀ
ਇਸ ਸੰਸਾਰ ਤੋਂ ਕੂਚ ਕਰਦਾ ਹੈ।
ਉਕਤ ਵਿਚਾਰੇ ਸ਼ਬਦ ਦਾ ਸਾਰੰਸ਼:- ਕਪਾਹ, ਸਣ ਜਾਂ ਉੱਨ ਦਾ, ਰਸਮੀ ਤੌਰ `ਤੇ
ਬਣਾਇਆ ਤੇ ਪਹਨਾਇਆ ਜਾਂਦਾ ਸਥੂਲ ਜਨੇਊ ਅਸਥਾਈ ਹੋਣ ਕਾਰਣ ਸੂਖਮ ਆਤਮਾ ਵਾਸਤੇ ਨਿਰਾਰਥਕ ਹੈ; ਇਸ ਦੇ
ਉਲਟ, ਨੈਤਿਕ ਗੁਣਾਂ ਦਾ ਸੂਖਮ ਸੁੱਚਾ ਤੇ ਸਦੀਵੀ ਜਨੇਊ ਮਨੁੱਖਾ ਜੀਵਨ ਲਈ ਲਾਭਦਾਇਕ ਤੇ ਸਾਰਥਕ ਹੈ।
ਦੋਹਾਂ ਜਨੇਊਆਂ ਦੀ ਬਿਬੇਕ-ਪੂਰਨ ਤੁਲਨਾ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਕਪਾਹ ਦੇ ਕੱਚੇ ਜਨੇਊ ਨੂੰ
ਨਕਾਰਦੇ ਹੋਏ ਆਤਮਾ ਦਾ ਸਾਥ ਨਿਭਾਉਣ ਵਾਲੇ ਸਦਗੁਣਾਂ ਦੇ ਪੱਕੇ ਤੇ ਸਾਰਥਕ ਜਨੇਊ ਨੂੰ ਧਾਰਨ ਕਰਨ ਦਾ
ਸੁਝਾਅ ਦਿੰਦੇ ਹਨ।
ਅਗਲੇ ਸ਼ਲੋਕ ਵਿੱਚ ਗੁਰੂ ਨਾਨਕ ਦੇਵ ਜੀ ਜਨੇਊ ਦੀ ਕਰਮਕਾਂਡੀ ਰਸਮ ਕਰਨ ਵਾਲੇ
ਪਾਖੰਡੀ ਬ੍ਰਾਹਮਣ ਤੇ ਜਨੇਊ ਪਾਉਣ ਵਾਲੇ ਜਜਮਾਨ ਦੇ ਪਤਿਤ ਕਿਰਦਾਰ, ਅਤੇ ਕਪਾਹ ਤੋਂ ਵੱਟੇ ਰਸਮੀ
ਜਨੇਊ ਦੀ ਖੀਣਤਾ ਤੇ ਤੁੱਛਤਾ ਬਾਰੇ ਆਪਣੇ ਵਿਚਾਰ ਦਿੰਦੇ ਹੋਏ ਲਿਖਦੇ ਹਨ:-
ਮ: ੧॥ ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ॥
ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ॥
ਤਗੁ ਕਪਾਹਹੁ ਕਤੀਐ ਬਾਮੑਣੁ ਵਟੇ ਆਇ॥
ਕੁਹਿ ਬਕਰਾ ਰਿੰਨਿ ਖਾਇਆ ਸਭੁ ਕੋ ਆਖੈ ਪਾਇ॥
ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹ+ਰ॥
ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ॥ ੨॥
ਸ਼ਬਦ ਅਰਥ:- ਲਖ: ਬਹੁਤਾਤ ਵਿੱਚ, ਅਨੇਕ। ਚੋਰੀਆ ਜਾਰੀਆ: ਚੋਰੀ-ਯਾਰੀ,
ਵਿਕਾਰੀ ਰੁਚੀਆਂ ਦੀ ਤ੍ਰਿਪਤੀ ਵਾਸਤੇ ਓਹਲੇ ਵਿੱਚ ਕੀਤੇ ਬਦ ਕਰਮ; ਨਾਜਾਇਜ਼ ਤੇ ਅਨੁਚਿਤ ਸੰਬੰਧ।
ਕੂੜੀਆ: ਝੂਠੀਆਂ ਤੇ ਮੰਦੀਆਂ ਸੋਚਾਂ। ਗਾਲਿ: ਕੁਬੋਲ, ਨਿੰਦਾ/ਚੁਗ਼ਲੀ ਵਾਲੇ ਮੰਦੇ ਬੋਲ। ਠਗੀਆ: ਕਪਟ
ਨਾਲ ਦੂਸਰੇ ਦੀ ਕਮਾਈ ਲੁੱਟ ਕੇ ਖਾਣ ਦੇ ਯਤਨ। ਪਹਿਨਾਮੀਆ: ਪਿਨਹਾਂ=ਛੁਪਿਆ ਹੋੲਆ; ਲੁਕ-ਛੁਪ ਕੇ
ਕੀਤੇ ਅਨੈਤਿਕ ਕਰਮ। ਜੀਅ ਨਾਲਿ: ਮਨੋਂ।
ਤਗੁ: ਧਾਗਾ, ਜਨੇਊ। ਕੁਹਿ: ਨਿਰਦਯਤਾ ਨਾਲ ਮਾਰ ਕੇ, ਹਲਾਲ ਕਰਕੇ। ਤਗਿ:
ਧਾਗੇ/ਜਨੇਊ ਵਿੱਚ। ਜੋਰੁ: ਜ਼ੋਰ, ਸ਼ਕਤੀ।
ਭਾਵ ਅਰਥ:- (ਚਿੰਨ੍ਹ-ਧਾਰੀ ਮਨੁੱਖ ਵਿਕਾਰੀ ਰੁਚੀਆਂ ਦੀ ਤ੍ਰਿਪਤੀ
ਵਾਸਤੇ) ਓਹਲੇ ਵਿੱਚ ਤਾਂ ਅਨੇਕ ਬਦ ਕਰਮ ਕਰਦੇ ਤੇ ਨਾਜਾਇਜ਼ ਸੰਬੰਧ ਬਣਾਉਂਦੇ ਹਨ, ਹਮੇਸ਼ਾ ਝੂਠ ਅਤੇ
ਚੁਗ਼ਲੀ-ਨਿੰਦਾ ਵਾਲੇ ਮੰਦੇ ਬੋਲ ਬੋਲਦੇ ਹਨ। ਧੋਖੇ ਨਾਲ ਲੋਕਾਂ ਨੂੰ ਠੱਗਦੇ ਅਤੇ (ਸੰਸਾਰਕ ਸੁਆਰਥ
ਵਾਸਤੇ) ਲੁਕ-ਛੁਪ ਕੇ ਕੁਕਰਮ ਕਰਦੇ ਹਨ। (ਪਰੰਤੂ ਲੋਕਾਂ ਵਿੱਚ ਪ੍ਰਵਾਣ ਹੋਣ ਵਾਸਤੇ ਦਿਖਾਵੇ ਦੇ
ਧਰਮ-ਕਰਮਾਂ ਤੇ ਚਿੰਨ੍ਹਾਂ ਦਾ ਸਹਾਰਾ ਲੈਂਦੇ ਹਨ।)
ਬ੍ਰਾਹਮਣ ਕਪਾਹ ਤੋਂ ਕੱਤੇ ਸੂਤ ਨੂੰ (ਮੰਤ੍ਰਵਿਧੀ ਨਾਲ) ਵਟ ਦੇ ਕੇ ਜੰਞੂ
ਬਣਾਉਂਦਾ ਹੈ। (ਜੰਞੂ-ਸੰਸਕਾਰ ਦੀ ਰਸਮ ਨੂੰ ਸੁਆਦੀ ਤੇ ਰੌਣਕਮਈ ਬਣਾਉਣ ਲਈ) ਬਕਰੇ ਨੂੰ ਬੇਰਹਿਮੀ
ਨਾਲ ਹਲਾਲ ਕਰਕੇ ਰਿੰਨ੍ਹਿਆ ਜਾਂਦਾ ਹੈ। ਪਹਿਲਾਂ ਪੰਡਿਤ ਭੋਗ ਲਾਉਂਦਾ ਹੈ ਤੇ ਫਿਰ ਜਜਮਾਨ ਅਤੇ
ਸਾਰੇ ਮਹਿਮਾਨ ਵੀ ਖਾਂਦੇ ਹਨ। (ਮਾਸਾਹਾਰੀ ਜਸ਼ਨ ਤੋਂ ਬਾਅਦ, ਖਿੜੇ ਹੋਏ) ਜਜਮਾਨ ਪਰਿਵਾਰ ਤੇ
ਮਹਿਮਾਨ ਵਧਾਈ ਦਿੰਦੇ ਹੋਏ ਕਹਿੰਦੇ ਹਨ “ਜਨੇਊ ਪਾਇਆ ਗਿਆ” ਅਰਥਾਤ ਜਨੇਊ ਧਾਰਨ ਕਰਨ ਦੀ ਰਸਮ ਸੰਪੰਨ
ਹੋਈ! (ਇਤਨਾ ਖਲਜਗਣ ਕਰ ਕੇ ਪਾਇਆ) ਜਨੇਊ ਸਮੇਂ ਨਾਲ ਪੁਰਾਣਾ ਤੇ ਜਰਜਰਾ ਹੋਣ `ਤੇ ਸਿੱਟ ਦਿੱਤਾ
ਜਾਂਦਾ ਹੈ ਅਤੇ ਫਿਰ ਹੋਰ ਨਵਾਂ ਪਾ ਲਿਆ ਜਾਂਦਾ ਹੈ।
ਹੇ ਨਾਨਕ! ਉਹ ਤਾਗਾ ਕਦੇ ਨਹੀਂ ਟੁੱਟਦਾ ਜਿਸ ਵਿੱਚ (ਆਤਮਿਕ ਗੁਣਾਂ ਦੀ)
ਸਬਲਤਾ ਹੋਵੇ।
(ਚਲਦਾ……)
ਗੁਰਇੰਦਰ ਸਿੰਘ ਪਾਲ
ਜਨਵਰੀ 12, 2014.