.

ਸ੍ਰਿਸ਼ਟੀ ਵਿਚ ਕੁਝ ਵੀ ਝੂਠ ਨਹੀਂ

ਵੀਰ ਭੁਪਿੰਦਰ ਸਿੰਘ

ਕਿਸ਼ਤ ਸਤਵੀਂ

ਮੈਲਾ ਮਨ ਸਾਫ਼ ਕਿਵੇਂ ਹੋ ਸਕਦਾ ਹੈ ਆਓ ਵਿਚਾਰੀਏ :-

ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ।। ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ।। ਗੁਰੂ ਦੁਆਰੈ ਹੋਇ ਸੋਝੀ ਪਾਇਸੀ।। ਏਤੁ ਦੁਆਰੈ ਧੋਇ ਹਛਾ ਹੋਇਸੀ।। ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ।। ਮਤੁ ਕੋ ਜਾਣੈ ਜਾਇ ਅਗੈ ਪਾਇਸੀ।। ਜੇਹੇ ਕਰਮ ਕਮਾਇ ਤੇਹਾ ਹੋਇਸੀ।। ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ।। ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ।। ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ।। ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ।। (ਗੁਰੂ ਗ੍ਰੰਥ ਸਾਹਿਬ, ਪੰਨਾ : 730)

ਮੈਲਾ ਮਨ (ਕੂੜ ਕੀ ਪਾਲ) ਵਾਲਾ ਭਾਂਡਾ, ਮਲੀਣ ਭਾਂਡਾ ਕਹਿਲਾਉਂਦਾ ਹੈ। ਇਸ ਭਾਂਡੇ ਨੂੰ ਸ਼ਬਦ ਗੁਰੂ ਰਾਹੀਂ ਸਾਫ਼ ਕਰੀਦਾ ਹੈ ਅਤੇ ਸਾਫ਼ ਹੋ ਜਾਣ ’ਤੇ ਬਿਬੇਕ ਬੁੱਧੀ ਵਾਲਾ ਤਤ ਗਿਆਨ (ਦੁੱਧ) ਇਸ ਵਿਚ ਆ ਪੈਂਦਾ ਹੈ। ਇਸ ਬਿਬੇਕ ਬੁੱਧ ਕਾਰਨ ਮਨੁੱਖ ਨੂੰ ਮੈਲੇ ਚੰਗੇ ਦੀ ਸੋਝੀ ਹੋ ਜਾਂਦੀ ਹੈ। ਮਨੁੱਖ ਮੈਲੇ ਖ਼ਿਆਲ-ਸੰਸਕਾਰ ਧੋ ਲੈਂਦਾ (ਛੱਡ ਦਿੰਦਾ ਹੈ) ਸਿੱਟੇ ਵਜੋਂ ਸਹਿਜੇ ਹੀ ਕੇਵਲ ਚੰਗੇ ਦਾ ਧਾਰਨੀ ਹੋ ਜਾਂਦਾ ਹੈ। ਸਿੱਟੇ ਵਜੋਂ ਮੈਲਾ ਮਨ ਸਾਫ਼ ਹੋ ਗਿਆ। ਇਸੇ ਅਵਸਥਾ ਸਦਕਾ ਕੂੜ ਦੀ ਪਾਲ ਟੁੱਟ ਗਈ। ਪਰ ‘‘ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ’’ (ਗੁਰੂ ਗ੍ਰੰਥ ਸਾਹਿਬ, ਪੰਨਾ : 919) ਅਨੁਸਾਰ ਰੱਬੀ ਮਿਲਣ ਦੀ ਅਵਸਥਾ ਗੁਰ ਸ਼ਬਦ (ਤਤ ਗਿਆਨ) ਵਾਲੀ ਬਿਬੇਕ ਬੁੱਧੀ ਨਾਲ ਪ੍ਰਾਪਤ ਹੁੰਦੀ ਹੈ। ‘‘ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 614) ਅਨੁਸਾਰ ਬਿਬੇਕ ਬੁੱਧੀ ਕਾਰਨ ਅੰਦਰ ਵਾਲੇ ਰੱਬ ਜੀ ਮਹਿਸੂਸ ਹੋਣ ਲੱਗ ਪੈਂਦੇ ਹਨ। ਬਾਹਰ ਭੀਤਰ ਵਾਲੇ ਇਕੋ ਰੱਬ ਜੀ ਦੀ ਰਜ਼ਾ ’ਚ ਰਹਿਣਾ ਹੀ ਰੱਬੀ ਮਿਲਣ ਦੀ ਅਵਸਥਾ ਹੈ - ਇਹ ਅਵਸਥਾ ਵੀ ਸਦੀਵੀ ਸੱਚ ਹੈ ਜੋ ਕਿ ‘‘ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ’’ ਦੀ ਲਖਾਇਕ ਹੈ।

‘‘ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਨੁ ਨ ਹੋਈ’’ ਅਨੁਸਾਰ ਮਨੁੱਖ ਸਦੀਵੀ ਇਕਮਿਕਤਾ ਤਾਂ ਹੀ ਮਾਣ ਸਕਦਾ ਹੈ ਜਦੋਂ ਸ਼ਬਦ ਰਾਹੀਂ ਮਨ ਦੀ ਮੈਲ ਭਾਵ ਕੁਮਤ ਵਲੋਂ ਮਰ ਗਿਆ। ਜੋ ਮਨੁੱਖ ਜਿਊਂਦੇ ਜੀਅ ਇਸੇ ਜੀਵਨ ’ਚ ‘‘ਜੀਵਤਿਆ ਮਰ ਰਹੀਐ’’ ਅਨੁਸਾਰ ਰੱਬੀ ਇਕਮਿਕਤਾ ਪ੍ਰਾਪਤ ਕਰ ਲੈਂਦਾ ਹੈ ਉਸਦਾ ਮਨ ਮੈਲਾ ਹੁੰਦਾ ਹੀ ਨਹੀਂ, ਆਤਮਕ ਮੌਤ ਹੁੰਦੀ ਹੀ ਨਹੀਂ ਭਾਵ ਕੂੜ ਦੀ ਪਾਲ ਸਦੀਵੀ ਤੌਰ ’ਤੇ ਟੁੱਟ ਜਾਂਦੀ ਹੈ। ਹੁਣ ਇਸ ਮਨੁੱਖ ਨੂੰ ਰੱਬੀ ਰਜ਼ਾ ’ਚ ਸਰੀਰਕ ਤੌਰ ’ਤੇ ਮਰਨਾ ਪਏਗਾ ਭਾਵ ਰੱਬੀ ਰਜ਼ਾ ’ਚ ਸਰੀਰ ਇਕ ਦਿਨ ਬਿਨਸ ਜਾਂਦਾ ਹੈ ਪਰ ਰੱਬ ਜੀ ਦਾ ਹੁਕਮ ਹਮੇਸ਼ਾ ਲਈ ਸੱਚਾ ਹੁੰਦਾ ਹੈ।

ਸ਼ਬਦ (ਤਤ ਗਿਆਨ) ਅਨੁਸਾਰ ਮਨ ਧੋਣ ਨਾਲ ਮਨੁੱਖ ਦੇ ਖਿਆਲ, ਵਿਚਾਰ, ਸੰਸਕਾਰ ਅਤੇ ਕਰਮ ਅਜਿਹੇ ਬਣ ਜਾਂਦੇ ਹਨ, ਜਿਨ੍ਹਾਂ ਦੀ ਇਕਮਿਕਤਾ ਰੱਬੀ ਨਿਯਮਾਂ ਨਾਲ ਹੁੰਦੀ ਹੈ। ਭਾਵ ਮਨੁੱਖ ਦੀ ਸੋਚਣੀ ਖਿਆਲ ਕਰਮ ਰੱਬੀ ਰਜ਼ਾ ਅਨੁਸਾਰ ਬਣ ਜਾਂਦੇ ਹਨ। ਇਹੋ ਕਾਰਨ ਹੈ ਕਿ ਮਨੁੱਖ ਇਸ ਅਵਸਥਾ ਦੇ ਕਾਰਨ ਰੱਬੀ ਰਜ਼ਾ ’ਚ ਰਹਿੰਦਾ ਹੋਇਆ ਕੁਦਰਤ ਨਾਲ ਇਕਮਿਕਤਾ ’ਚ ਕੇਸਾਂ ਅਤੇ ਰੋਮਾਂ ਦੀ ਬੇਅਦਬੀ ਨਹੀਂ ਕਰਦਾ।

ਅਸੀਂ ਸਭ ਜਾਣਦੇ ਹਾਂ ਕਿ ਇਹ ਸਲੋਕ ਅਤੇ ਅਸ਼ਟਪਦੀ ਸੁਖਮਨੀ ਸਾਹਿਬ ਦੀ ਸਤ੍ਹਾਰਵੀਂ ਅਸ਼ਟਪਦੀ ਦਾ ਹਿੱਸਾ ਹਨ। ਆਪਣੇ ਪ੍ਰਕਰਣ ਨੂੰ ਸਮਝਣ ਲਈ ਅਸੀਂ ਸਲੋਕ ਅਤੇ ਪਹਿਲੇ ਦੋ ਪਦਿਆਂ ਦਾ ਸਹਾਰਾ ਲਿਆ ਹੈ। ਪਰ ਅਸੀਂ ਜਾਣਦੇ ਹਾਂ ਕਿ ਸਾਰੀ ਅਸ਼ਟਪਦੀ ਦਾ ਮੁੱਢ ਸਲੋਕ ਤੋਂ ਆਰੰਭ ਹੋ ਕੇ ਅੱਠਵੇਂ ਪਦੇ ’ਤੇ ਮੁਕਦਾ ਹੈ। ਆਉ ਇਸੀ ਅਸਟਪਦੀ ਦੇ ਅੱਠਵੇਂ ਪਦੇ ਨੂੰ ਵਿਚਾਰੀਏ :-

ਪਦਾ ਅੱਠਵਾਂ :-

ਮਨ ਮੇਰੇ ਤਿਨ ਕੀ ਓਟ ਲੇਹਿ।। ਮਨੁ ਤਨੁ ਅਪਨਾ ਤਿਨ ਜਨ ਦੇਹਿ।।

ਜਿਨਿ ਜਨਿ ਅਪਨਾ ਪ੍ਰਭੂ ਪਛਾਤਾ।। ਸੋ ਜਨੁ ਸਰਬ ਥੋਕ ਕਾ ਦਾਤਾ।।

ਤਿਸ ਕੀ ਸਰਨਿ ਸਰਬ ਸੁਖ ਪਾਵਹਿ।। ਤਿਸ ਕੈ ਦਰਸਿ ਸਭ ਪਾਪ ਮਿਟਾਵਹਿ।।

ਅਵਰ ਸਿਆਨਪ ਸਗਲੀ ਛਾਡੁ।। ਤਿਸੁ ਜਨ ਕੀ ਤੂ ਸੇਵਾ ਲਾਗੁ।।

ਆਵਨੁ ਜਾਨੁ ਨ ਹੋਵੀ ਤੇਰਾ।। ਨਾਨਕ ਤਿਸੁ ਜਨ ਕੇ ਪੂਜਹੁ ਸਦ ਪੈਰਾ।।।।।।

(ਗੁਰੂ ਗ੍ਰੰਥ ਸਾਹਿਬ, ਪੰਨਾ : 286)

ਸਤਿਗੁਰ (ਸੱਚ ਦਾ ਗਿਆਨ) ਹੀ ਰੱਬ ਜੀ ਨੂੰ ਬਿਆਨ ਕਰਨ ਦੀ ਸਮਰੱਥਾ ਰੱਖਦਾ ਹੈ। ਰੱਬ ਜੀ ਸੱਚੇ ਹਨ, ਸ੍ਰਿਸ਼ਟੀ ’ਚ ਉਨ੍ਹਾਂ ਦੇ ਨਿਯਮ, ਹੁਕਮ, ਕਾਨੂੰਨ ਵੀ ਸੱਚੇ ਅਤੇ ਅਟਲ ਹਨ। ਸਤਿਗੁਰ (ਸੱਚ ਦਾ ਗਿਆਨ) ਹੀ ਮਨੁੱਖ ਨੂੰ ਰਜ਼ਾ ਅਨੁਸਾਰ (ਹੁਕਮ ਰਜ਼ਾਈ) ਚੱਲਣ ਦੀ ਸੋਝੀ ਸੁਮਤ (ਤਤ ਗਿਆਨ) ਬਖ਼ਸ਼ਦਾ ਹੈ। ਇਸਦਾ ਮਤਲਬ ਸਤਿਗੁਰ ਹੀ ਰੱਬੀ ਰਜ਼ਾ ਨਾਲ ਇਕਮਿਕਤਾ ਦੇ ਗਿਆਨ ਦੀ ਸੋਝੀ ਰੱਖਦਾ ਹੈ ਤੇ ਇਸੇ ਨੂੰ ‘ਸਤਿਪੁਰਖ’ ਭਾਵ ਰੱਬ ਜੀ ਨੂੰ ਸਤਿਗੁਰ ਵਲੋਂ ਜਾਣਨਾ ਬੁਝਣਾ ਕਹਿਲਾਉਂਦਾ ਹੈ। ‘ਸਤਿਗੁਰ ਤਿਸ ਕਾ ਨਾਉ’ ਭਾਵ ਉਸੇ ਗਿਆਨ, ਸਮਝ ਬੂਝ ਨੂੰ ਸਤਿਗੁਰ ਕਹਿੰਦੇ ਹਨ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖ ਨੂੰ ਰੱਬੀ ਰਜ਼ਾ ’ਚ ਤੋਰਨ ਦੇ ਸਮਰੱਥ ਹੈ ਕਿਉਂਕਿ ਇਸ ਬਾਣੀ ਦੇ ਤੱਤ ਗਿਆਨ ਰਾਹੀਂ ਮਨੁੱਖ ਰੱਬੀ ਰਜ਼ਾ ’ਚ ਰਹਿਣਾ ਸਿੱਖਦਾ ਹੈ।

ਗੁਰਬਾਣੀ ਪੜਿਆਂ ਵਿਚਾਰਿਆਂ ਪਤਾ ਲੱਗਦਾ ਹੈ ਕਿ ਸੱਚ (ਰੱਬੀ ਗੁਣਾਂ) ਦੀ ਸੰਗਤ ਕਰਨੀ ਚਾਹੀਦੀ ਹੈ ਕਿਉਂਕਿ ‘‘ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ।। (ਗੁਰੂ ਗ੍ਰੰਥ ਸਾਹਿਬ, ਪੰਨਾ : 94) ਅਤੇ ‘‘ਸਤਿਗੁਰ ਬਾਝਹੁ ਸੰਗਤਿ ਨ ਹੋਈ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 1068) ਅਨੁਸਾਰ ਸਤਿਗੁਰ ਦੀ ਸੰਗਤ ਕਿਸੇ ਮਨੁੱਖ ਦੀ ਸੰਗਤ ਨਹੀਂ ਕਹਿਲਾਉਂਦੀ ਬਲਕਿ ਸੱਚੇ ਗਿਆਨ ਨਾਲ ਸੁਰਤ ਦੀ ਸੰਗਤ ਕਰਨਾ ਹੀ ‘ਸ਼ਬਦ ਗੁਰੂ ਸੁਰਤ ਧੁਨ ਚੇਲਾ’ ਦੀ ਲਖਾਇਕ ਹੈ। ਵਿਚਾਰਿਆਂ ਪਤਾ ਲੱਗਦਾ ਹੈ ਕਿ ਗੁਰਬਾਣੀ ਵਿਚ ਇਕ ਰੱਬ ਦੀ ਓਟ ਲੈਣਾ ਜਾਂ ਸਤਿਗੁਰ ਦੀ ਓਟ ਲੈਣਾ ਦ੍ਰਿੜ੍ਹਾਇਆ ਗਿਆ ਹੈ ਨਾ ਕਿ ਕਿਸੇ ਮਨੁੱਖ ਦੀ ਜਾਂ ‘ਮਨੁੱਖਾਂ ਦੀ’। ਭਾਵੇਂ ਇਕ ਮਨੁੱਖ ਹੋਵੇ ਤੇ ਭਾਵੇਂ ਅਨੇਕ ਪਰ ਅਸੀਂ ਹਰ (ਇਕਿ) ਮਨੁੱਖ ਨੇ ਸਤਿਗੁਰ ਦੀ ਓਟ ਆਸਰਾ, ਸੰਗਤ, ਪਰਨਾ, ਓਹਲਾ  ਟੇਕ ਰੱਖਣੀ ਹੈ। ਉੱਪਰ ਕੀਤੀ ਸਾਰੀ ਵਿਚਾਰ ਮੁਤਾਬਕ ਇਸ ਪਦੇ ਦੇ ਭਾਵ ਅਰਥ ਨੂੰ ਸੰਖੇਪ ਵਿਚ ਸਮਝੀਏ।

1. ਮਨ ਮੇਰੇ.... ਤਿਨ ਜਨ ਦੇਹਿ।। ਰੱਬ ਜੀ ਸੱਚ ਹਨ, ਉਨ੍ਹਾਂ ਦੀ ਨਿਯਮਾਵਲੀ ਸਦੀਵ ਸੱਚ ਹੈ। ਉਨ੍ਹਾਂ ਦੇ ਹੁਕਮ ਨਿਯਮ ਨਾਲ ਇਕਮਿਕਤਾ ਲਈ ‘ਐ ਮੇਰੇ ਮਨ ! ਤੂੰ ਸਤਿਗੁਰ (ਤਿਨ ਕੀ) ਜੀ ਦੀ ਓਟ ਲੈ ਅਤੇ ਜੋ ਸਤਿਗੁਰ ਦਾ ਸੁਨੇਹਾ ਮਿਲੇ ਉਸ ਅੱਗੇ ਮਨ ਤਨ ਅਰਪਣ ਕਰ ਦੇ।

2. ਜਿਨਿ ਜਨਿ ਅਪਨਾ.... ਥੋਕ ਕਾ ਦਾਤਾ।। ਸਤਿਪੁਰਖੁ ਜਿਨਿ ਜਾਨਿਆ ਸਤਿਗੁਰ ਤਿਸ ਕਾ ਨਾਉ।। ਅਨੁਸਾਰ ‘‘ਜਿਨਿ ਜਨਿ ਅਪਨਾ ਪਭੂ ਪਛਾਤਾ’’ ਨੂੰ ਵਿਚਾਰਨਾ ਹੈ। ਸਤਿਗੁਰ ਅਤੇ ਰੱਬ ਜੀ ਓਤ-ਪ੍ਰੋਤ ਹਨ ‘‘ਗੁਰ ਪਰਮੇਸਰੁ ਏਕੋ ਜਾਣੁ।।’’ ਰੱਬ ਜੀ ਅਤੇ ਸਤਿਗੁਰ ਅਲੱਗ-ਅਲੱਗ ਨਹੀਂ ਹਨ। ਪ੍ਰਭੂ ਨੂੰ ਪਛਾਣਨ ਦਾ ਪੂਰਾ ਗਿਆਨ, ਸਤਿਗੁਰ ਭਾਵ ਸੱਚ ਦੇ ਗਿਆਨ ’ਚ ਸਮੋਇਆ ਹੁੰਦਾ ਹੈ। ਸੋ ਇਸ ਪੰਕਤੀ ਵਿਚ‘ਜਨਿ’ ਦਾ ਅਰਥ ਮਨੁਖ ਨਹੀਂ ਲੈਣਾ ਬਲਕਿ ਸਤਿਗੁਰ (ਗਿਆਨ-ਗੁਰੂ) ਪੱਖੋਂ ਲੈਣਾ ਹੈ। ਸਤਿਗੁਰ ਹੀ ਪ੍ਰਭੂ ਨੂੰ ਪਛਾਣਨ ਦਾ ਗਿਆਨ ਅਤੇ ਹਰੇਕ ਮਨੁੱਖ ਦੇ ਨਿਜਘਰ ਵਿਚ ਸਥਿਤ ਹੈ। ਜਿਸ ਮਨ ਨੇ ਨਿਜਘਰ ਦੀ ਰੱਬੀ ਆਵਾਜ਼ ਨੂੰ ਸੁਣਿਆ, ਉਸੀ ਦੀ ਕੂੜਿਆਰ ਵਾਲੀ ਸੋਚ ਤੋਂ ਸਚਿਆਰ ਵਾਲੀ ਸੋਚ ਵਲ ਤਬਦੀਲੀ ਹੁੰਦੀ ਹੈ। ‘‘ਸਤਿਗੁਰ ਕੀ ਜਿਸ ਨੋ ਮਤ ਆਵੈ ਸੋ ਸਤਿਗੁਰ ਮਾਹਿ ਸਮਾਨਾ’’ ਸਤਿਗੁਰ ਦਾ ਸੁਨੇਹਾ, ਸੰਦੇਸ਼ ਲੈ ਕੇ ਮਨ ਦੀ ਮਤ ਛੁਟਦੀ ਹੈ ਤਾਂ ਮਨ ਸਤਿਗੁਰ ਵਿਚ ਅਭੇਦ ਹੋ ਜਾਂਦਾ ਹੈ। ਮਨ ਨਿਜਘਰ ਵਿਚ ਬੈਠੇ ਰੱਬੀ ਖਜ਼ਾਨੇ ਵਿਚ ਰਲਾ ਲਿਆ ਜਾਂਦਾ ਹੈ। ਰੱਬੀ ਬੇਅੰਤ ਖਜ਼ਾਨੇ ’ਚ ਬੇਅੰਤ ਚੰਗੇ ਗੁਣਾਂ ਦਾ ਭੰਡਾਰ ਹੁੰਦਾ ਹੈ ਜਿਸ ਨੂੰ ਸਭੇ ਥੋਕ ਕਹਿੰਦੇ ਹਨ।

3. ਤਿਸ ਕੀ ਸਰਨਿ .... ਪਾਪ ਮਿਟਾਵਹਿ।। ਇਸ ਪੰਕਤੀ ਵਿਚ ‘ਤਿਸ ਕੀ’ ਸਤਿਗੁਰ (ਸੱਚ ਦਾ ਗਿਆਨ) ਨੂੰ ਕਿਹਾ ਗਿਆ ਹੈ ਭਾਵ ਸਤਿਗੁਰ ਦੀ ਸ਼ਰਣ ਲੈਣੀ ਹੈ। ਜਦੋਂ ਮਨ ਸਤਿਗੁਰ ਅਨੁਸਾਰ ਅਮਲੀ ਜੀਵਨ ਜਿਊਂਦਾ ਹੈ ਤਾਂ ਸਤਿਗੁਰ ਦੀ ਸ਼ਰਣ ਵਿਚ ਹੈ।

ਮਨ ਦਾ ਸਭ ਤੋਂ ਵੱਡਾ ਦੁੱਖ ਹੈ ਕਿ ਪ੍ਰਭੂ ਤੋਂ ਵਿਛੜ ਕੇ ਵਿਕਾਰਾਂ ਕਾਰਨ ਇਸ ਕੋਲ ਕੂੜ ਦੀ ਮੈਲ ਵਧਦੀ ਜਾਂਦੀ ਹੈ। ਵਿਕਾਰਾਂ ਕਾਰਨ ਇਕੱਠੀ ਹੋਈ ਕੂੜ ਦੀ ਮੈਲ ਕਰਕੇ ਮਨ ਪ੍ਰਭੂ ਤੋਂ ਵਿਛੜਿਆ ਰਹਿੰਦਾ ਹੈ। ਇਸ ਦੀ ਅੰਦਰ ਬੈਠੇ ਰੱਬ ਜੀ ਨਾਲ ਦੂਰੀ ਪੈ ਜਾਂਦੀ ਹੈ। ਰੱਬੀ ਗੁਣਾਂ ਦਾ ਖਜ਼ਾਨਾ ਲੈ ਲੈ ਕੇ ਵਿਕਾਰਾਂ ਤੋਂ ਮੁਕਤ ਹੋਣਾ ਹੀ ਸਰਬ ਸੁਖ ਹੈ। ਨਿਜਘਰ ਵਿਚ ਰੱਬੀ ਮਿਲਣ ਹੋਣ ਨਾਲ ਵਿਛੋੜਾ ਰੂਪੀ ਦੁੱਖ ਕਟਿਆ ਗਿਆ। ਸੱਚ ਦੇ ਗਿਆਨ (ਸਤਿਗੁਰ) ਨਾਲ ਸੁਰਤ, ਮਤ, ਮਨ, ਬੁਧ ਵਿਚੋਂ ਮੰਦੇ ਖਿਆਲ ਕੱਟੇ ਜਾਂਦੇ ਹਨ ਤਾਂ ਉਹ ਮਨ ਦਾ ਪਾਪ ਮਿਟਣਾ ਕਹਿਲਾਉਂਦਾ ਹੈ। ਮੰਦੇ ਖਿਆਲਾਂ ਨੂੰ ਮਨ ’ਚੋਂ ਸਦਾ ਲਈ ਮਿਟਾ ਲੈਣਾ ਹੀ ‘ਪਾਪ ਮਿਟਾਉਣ’ ਦਾ ਲਖਾਇਕ ਹੈ। ਭਾਵ ‘‘ਗੁਰ ਕਹਿਆ ਸ ਕਾਰ ਕਮਾਵਹੁ’’ ਅਨੁਸਾਰ ਜੋ ਮਨੁੱਖ ਸਤਿਗੁਰ ਦੀ ਸਰਣ ਪੈ ਕੇ ਅਮਲੀ ਜੀਵਨ ਜਿਊਂਦਾ ਹੈ ਉਸਦੇ ਪਾਪ, ਫੁਰਨੇ, ਭਰਮ ਕੱਟੇ ਜਾਂਦੇ ਹਨ ਤੇ ਇਹੋ ਸਾਰੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ ਕਿ ਮਨੁੱਖ ਦੇ ਪਾਪ ਕੱਟੇ ਜਾਣ। ਜੀਵਨ ਮੁਕਤ ਹੀ ਸੁੱਖ ਹੈ।

4. ਅਵਰ ਸਿਆਨਪ.... ਤੂ ਸੇਵਾ ਲਾਗ।। ਐ ਮੇਰੇ ਮਨ, ਤੂੰ ਆਪਣੀ ਚਤੁਰਾਈ ਸਿਆਣਪ ਛੱਡ ਦੇ ਕਿਉਂਕਿ ਚਤੁਰਾਈ ਸਿਆਣਪ ਕਿਤੇ ਕੰਮ ਨਾ ਆਈਐ - ਚਤੁਰਾਈ ਨਾਲ ਮਨੁੱਖ ‘ਆਦਿ ਸਚ ਜੁਗਾਦਿ ਸਚੁ’ ਵਾਲੇ ਸਦੀਵੀ ਸੱਚੇ ਰੱਬ ਦੀ ਰਜ਼ਾ ਮੁਤਾਬਕ ਨਹੀਂ ਤੁਰ ਸਕਦਾ। ਰਜ਼ਾ ਤੋਂ ਉਲਟ ਤੁਰਨ ਦੀ ਮਤ ਨੂੰ ਹੀ ਚਤੁਰਾਈ, ਸਿਆਣਪ ਕਹਿੰਦੇ ਹਨ। ਸੋ ਸਤਿਗੁਰ ਦੀ ਸੇਵਾ ਭਾਵ ਉਸਦੀ ਮਤ ਲੈ ਕੇ ਜੀਵਨ ਜਿਊਣਾ ਸੇਵਾ ਕਹਿਲਾਉਂਦਾ ਹੈ। ਮਨ ਦੀਆਂ ਚਤੁਰਾਈਆਂ, ਸਿਆਣਪਾਂ ਮੁਕਦੀਆਂ ਹਨ ਤਾਂ ਸਿੱਟੇ ਵਜੋਂ ਰਜ਼ਾ ’ਚ ਰਹਿਣ ਦੀ ਜਾਚ ਆਉਂਦੀ ਹੈ।

5. ਆਵਨੁ ਜਾਨੁ.... ਪੂਜਹੁ ਸਦ ਪੈਰਾ।। ਅਨੁਸਾਰ ਐ ਮੇਰੇ ਮਨ ! ਰਜ਼ਾ ਤੋਂ ਉਲਟ ਜਿਊਣਾ ਹੀ ਆਵਣ ਜਾਣ ਦੀ ਅਵਸਥਾ ਕਹਿਲਾਉਂਦਾ ਹੈ। ਮਨੁੱਖ ਪਲ-ਪਲ ਆਤਮਕ ਮੌਤ ਮਰਦਾ ਹੈ। ਸੋ ਸਤਿਗੁਰ ਜੀ ਦੇ ਚਰਨਾਂ ਭਾਵ ਨਕਸ਼ੇ ਕਦਮਾਂ ’ਤੇ ਤੁਰਨਾ ਹੀ ਪੂਜਣਾ ਕਹਿਲਾਉਂਦਾ ਹੈ। ਤੂੰ (ਮਨ) ਜੇ ਸੱਚੇ ਮਾਰਗ ’ਤੇ ਤੁਰੇ ਤਾਂ ਤੇਰਾ (ਮਨ) ਆਵਨ ਜਾਣਾ ਮੁੱਕ ਜਾਂਦਾ ਹੈ ਤੇ ਇਹੋ ਰਜ਼ਾ ’ਚ ਆਦਿ ਸੱਚ - ਹੋਸੀ ਭੀ ਸਚ ਰੱਬ ਦੀ ਰਜ਼ਾ ’ਚ ਤੁਰਨ ਦਾ ਲਖਾਇਕ ਅਵਸਥਾ ਕਹਿਲਾਉਂਦੀ ਹੈ ਜੋ ਕਿ ਕੇਵਲ ਸਤਿਗੁਰੂ ਰਾਹੀਂ ਪ੍ਰਾਪਤ ਹੁੰਦੀ ਹੈ।

ਸਾਰੀ ਅਸ਼ਟਪਦੀ ਅਤੇ ਇਸ ਦੇ ਉੱਪਰ ਲਿਖੇ ਸਲੋਕ ਦਾ ਭਾਵਅਰਥ ਇਹੀ ਨਿਕਲਿਆ ਕਿ ਰੱਬ ਜੀ ਆਦਿ ਤੋਂ ਸੱਚ ਹਨ ਅਤੇ ਹਮੇਸ਼ਾ ਲਈ ਸੱਚ ਹੀ ਰਹਿਣਗੇ। ਉਨ੍ਹਾਂ ਦਾ ਸੱਚਾ ਗਿਆਨ, ਸਤਿਗੁਰ ਵੀ ਸਦੀਵੀ ਸੱਚ ਹੈ। ਰੱਬ ਜੀ ਨਾਲ ਇਕਮਿਕਤਾ ਤਾਂ ਹੀ ਮਿਲਦੀ ਹੈ ਜੇ ਸਤਿਗੁਰ ਅਨੁਸਾਰ ਰੱਬੀ ਰਜ਼ਾ ਵਿਚ ਜੀਵਨ ਜੀਵੋ।




.