ਨੋਟ- ਲੜੀ ਜੋੜਨ ਲਈ ਕਿਸ਼ਤ ਨੰ. 11 ਪੜੋ (ਸੁਖਜੀਤ ਸਿੰਘ ਕਪੂਰਥਲਾ)
ਦੂਸਰਾ ਸਾਹਿਬਜਾਦਾ ਵੀ ਸ਼ਹੀਦੀ ਪਾ ਕੇ ਜਾਮੇ-ਸ਼ਹਾਦਤ ਪੀ ਗਿਆ ਤਾਂ ਹੁਣ ਉਹ
ਸ਼ਾਮ ਦਾ ਸਮਾਂ ਆ ਗਿਆ ਹੈ, ਜਦ ਜੰਗ ਬਿਲਕੁਲ ਬੰਦ ਹੋ ਗਈ ਹੈ ਤੇ ਜੰਗ ਦਾ ਮੈਦਾਨ ਬਿਲਕੁਲ ਸ਼ਾਂਤ
ਹੈ।।
ਹੁਣ ਇਸ ਸਮੇਂ ਕਲਗੀਧਰ ਪਾਤਸ਼ਾਹ ਦੇ ਪਾਸ ਚਮਕੌਰ ਦੀ ਗੜ੍ਹੀ ਅੰਦਰ ਕੇਵਲ
ਗਿਆਰਾਂ ਸਿੰਘ ਮੌਜੂਦ ਹਨ। ਇਤਿਹਾਸ ਵਿੱਚ ਉਹਨਾਂ ਗਿਆਰਾਂ ਸਿੰਘਾਂ ਦੇ ਨਾਮ ਵੀ ਲਿਖੇ ਮਿਲਦੇ ਹਨ ਜੋ
ਆਪ ਜੀ ਦੀ ਜਾਣਕਾਰੀ ਲਈ ਦੱਸਣੇ ਜਰੂਰੀ ਵੀ ਬਣਦੇ ਹਨ। ਗਿਆਰਾਂ ਸਿੰਘਾਂ ਦੇ ਨਾਮ ਹਨ:-
1) ਭਾਈ ਦਯਾ ਸਿੰਘ ਜੀ
2) ਭਾਈ ਧਰਮ ਸਿੰਘ ਜੀ
3) ਭਾਈ ਮਾਨ ਸਿੰਘ ਜੀ
4) ਭਾਈ ਸੰਗਤ ਸਿੰਘ ਜੀ
5) ਭਾਈ ਸੰਤ ਸਿੰਘ ਜੀ
6) ਭਾਈ ਰਾਮ ਸਿੰਘ ਜੀ
7) ਭਾਈ ਕੇਹਰ ਸਿੰਘ ਜੀ
8) ਭਾਈ ਸੰਤੋਖ ਸਿੰਘ ਜੀ
9) ਭਾਈ ਦੇਵਾ ਸਿੰਘ ਜੀ
10) ਭਾਈ ਜਿਊਣ ਸਿੰਘ ਜੀ
11) ਭਾਈ ਕਾਠਾ ਸਿੰਘ ਜੀ
ਹੁਣ ਕੇਵਲ ਇਹ ਗਿਆਰਾਂ ਸਿੰਘ ਕਲਗੀਧਰ ਪਾਤਸ਼ਾਹ ਦੇ ਪਾਸ ਹਨ। ਕੇਵਲ 43
ਸਿੰਘਾਂ ਦੀ ਗਿਣਤੀ ਸੀ ਜਦੋਂ ਚਮਕੌਰ ਦੀ ਗੜ੍ਹੀ ਅੰਦਰ ਆਏ ਸਨ, ਜਿੰਨਾਂ ਵਿੱਚ 40 ਸਿੰਘ, ਦੋ
ਸਾਹਿਬਜਾਦੇ ਅਤੇ 43 ਵੇਂ ਗੁਰੂ ਕਲਗੀਧਰ ਪਾਤਸ਼ਾਹ ਖੁਦ ਸਨ। ਇਸ ਸਮੇਂ ਗਿਆਰਾਂ ਸਿੰਘ ਅਤੇ 12 ਵੇ
ਗੁਰੂ ਕਲਗੀਧਰ ਪਾਤਸ਼ਾਹ ਹਨ।
ਅਜ 8 ਪੋਹ ਦੀ ਸ਼ਾਮ ਹੋ ਗਈ ਹੈ ਤੇ ਕਲਗੀਧਰ ਪਾਤਸ਼ਾਹ ਨੇ ਸਾਥੀ ਸੂਰਬੀਰਾਂ
ਨਾਲ ਮਿਲ ਕੇ “ਰਹਰਾਸਿ ਸਾਹਿਬ” ਦਾ ਦੀਵਾਨ ਚਮਕੌਰ ਦੀ ਗੜੀ ਅੰਦਰ ਸਜਾਇਆ ਹੈ।
ਡਾ: ਲਤੀਫ ਨੇ ਬੜੀ ਬਾ-ਕਮਾਲ ਖੋਜ ਕੀਤੀ ਹੈ, ਇਹ 8 ਪੋਹ ਦਾ ਦਿਨ ਸੀ ਤੇ ਇਹ
ਦਿਨ ਸੀ 22 ਦਸੰਬਰ 1704 ਈਸਵੀ, ਜਿਸ ਦਿਨ ਕਲਗੀਧਰ ਪਾਤਸ਼ਾਹ ਦੇ ਦੋ ਸਾਹਿਬਜਾਦੇ ਸ਼ਹੀਦ ਹੋਏ ਤੇ ਇਹ
ਉਹ ਦਿਨ ਸੀ ਜਿਸ ਦਿਨ ਕਲਗੀਧਰ ਪਾਤਸ਼ਾਹ ਦਾ 39 ਵਾਂ ਜਨਮ-ਦਿਹਾੜਾ ਵੀ ਸੀ। ਕਲਗੀਧਰ ਪਾਤਸ਼ਾਹ ਨੂੰ
ਆਪਣੇ 39 ਵੇਂ ਜਨਮ ਦਿਹਾੜੇ ਦਾ ਤੋਹਫਾ ਆਪਣੇ ਦੋ ਸਪੁੱਤਰਾਂ, ਪੰਜਾਂ ਵਿੱਚੋ ਤਿੰਨ ਪਿਆਰਿਆਂ ਅਤੇ
ਸਾਥੀ ਸਿੰਘਾਂ ਦੀ ਕੁਰਬਾਨੀ ਦੇ ਰੂਪ ਵਿੱਚ ਮਿਲਿਆ।
ਚਮਕੌਰ ਦੀ ਗੜ੍ਹੀ ਅੰਦਰ ਕੇਵਲ ਗਿਆਰਾਂ ਸਿੰਘ ਮੌਜੂਦ ਹਨ। ਰਹਿਰਾਸ ਦੇ
ਦੀਵਾਨ ਤੋਂ ਬਾਅਦ ਕਲਗੀਧਰ ਪਾਤਸ਼ਾਹ ਆਪਣੇ ਸਿੰਘ, ਸੂਰਬੀਰਾਂ ਨੂੰ ਸੰਬੋਧਨ ਹੋ ਕੇ ਕਹਿਣ ਲਗੇ “ਕੱਲ
ਨੂੰ ਜੋ ਦਿਨ ਚੜ੍ਹੇਗਾ ਉਸ ਵਿੱਚ ਸਭ ਤੋਂ ਪਹਿਲਾਂ ਮੈਂ ਜਾਮੇ -ਸ਼ਹਾਦਤ ਪੀਣ ਲਈ ਮੈਦਾਨ-ਏ-ਜੰਗ ਵਿੱਚ
ਲੜ੍ਹਾਂਗਾ” ਸਿੰਘ, ਸੂਰਬੀਰਾਂ ਨੇ ਸਤਿਗੁਰੂ ਜੀ ਦੇ ਬਚਨ ਸੁਣ ਕੇ ਸਹਿਮਤੀ ਨਾ ਦਿੱਤੀ। ਪਰ
ਗੁਰੂ ਸਾਹਿਬ ਕਹਿਣ ਲਗੇ” ਜਿਥੇ ਮੇਰੇ ਜਾਨ ਤੋਂ ਪਿਆਰੇ ਸਿੰਘ, ਸੂਰਬੀਰ, ਸਾਹਿਬਜਾਦੇ ਪਏ ਹੋਏ
ਨੇ ਇਸ ਤੋਂ ਵੱਧ ਪਿਆਰੀ ਜਗ੍ਹਾ ਮੇਰੇ ਲਈ ਹੋਰ ਕਿਹੜੀ ਹੋ ਸਕਦੀ ਹੈ। ਮੈਨੂੰ ਸ਼ਹੀਦੀ ਪ੍ਰਾਪਤ ਕਰਨ
ਲਈ ਇਸ ਤੋਂ ਵੱਧ ਪਵਿਤਰ ਜਗਾ ਹੋਰ ਕੋਈ ਨਹੀ ਮਿਲੇਗੀ। “ ਕਲਗੀਧਰ ਪਾਤਸ਼ਾਹ ਇਹ ਕਹਿ ਕੇ ਆਪਣੇ
ਸਥਾਨ ਤੇ ਜਾ ਕੇ ਅਗਲੇ ਦਿਨ ਦੀ ਜੰਗ ਦੀ ਤਿਆਰੀ ਕਰਨ ਲਗ ਪਏ ਨੇ।
ਭਾਈ ਦਇਆ ਸਿੰਘ ਜੀ ਨੇ ਜਦੋਂ ਇਹ ਸਭ ਦੇਖਿਆ ਤਾਂ ਸਵਾਲੀਆ ਅੰਦਾਜ਼ ਵਿੱਚ
ਕਲਗੀਧਰ ਪਾਤਸ਼ਾਹ ਤੋਂ ਹੱਥ ਜੋੜ ਕੇ ਪੁੱਛ ਕੀਤੀ,” ਪਾਤਸ਼ਾਹ! ਕਿਧਰ ਦੀ ਤਿਆਰੀ ਕਰੀ ਜਾ ਰਹੇ ਹੋ?
“ਕਲਗੀਧਰ ਪਾਤਸ਼ਾਹ ਨੇ ਭਾਈ ਦਇਆ ਸਿੰਘ ਨੂੰ ਜਵਾਬ ਦਿੱਤਾ “ਭਾਈ ਦਇਆ ਸਿੰਘ! ਮੈਂ ਜੰਗ ਦੀ
ਤਿਆਰੀ ਕਰ ਰਿਹਾ ਹਾਂ। “ ਭਾਈ ਦਇਆ ਸਿੰਘ ਜੀ ਬੋਲੇ “ਪਾਤਸ਼ਾਹ! ਕੀ ਪਹਿਲਾਂ ਵੀ ਕੋਈ ਸਿੱਖ
ਗੁਰੂ ਦੀ ਆਗਿਆ ਤੋਂ ਬਿਨਾਂ ਆਪਣੀ ਮਰਜੀ ਨਾਲ ਮੈਦਾਨ-ਏ-ਜੰਗ ਵਿੱਚ ਗਿਆ ਹੈ? “ਸਤਿਗੁਰੂ ਜੀ ਨੇ
ਫੁਰਮਾਇਆ “ਨਹੀ, ਬਿਲਕੁਲ ਨਹੀ ਗਿਆ। “ਭਾਈ ਦਇਆ ਸਿੰਘ ਜੀ ਕਹਿਣ ਲਗੇ “ਸਤਿਗੁਰੂ ਜੀ!
ਫਿਰ ਆਪ ਗੁਰੂ ਪੰਥ ਦੀ ਆਗਿਆ ਤੋਂ ਬਿਨਾਂ ਕਿਵੇਂ ਮੈਦਾਨ-ਏ-ਜੰਗ ਵਿੱਚ ਜਾ ਸਕਦੇ ਹੋ? ਕਲਗੀਧਰ
ਪਾਤਸ਼ਾਹ ਖੜੇ ਹੋ ਗਏ ਤੇ ਭਾਈ ਦਇਆ ਸਿੰਘ ਨੂੰ ਮੁਖਾਤਿਬ ਹੋਏ “ਮੈਂ ਗੁਰੂ ਪੰਥ ਪਾਸੋ
ਮੈਦਾਨ-ਏ-ਜੰਗ ਵਿੱਚ ਜਾਣ ਦੀ ਆਗਿਆ ਮੰਗਦਾ ਹਾਂ। “ਹੁਣ ਭਾਈ ਦਇਆ ਸਿੰਘ ਜੀ ਨੇ ਅਗਲਾ ਸਵਾਲ
ਸਤਿਗੁਰੂ ਜੀ ਨੂੰ ਕਰ ਦਿੱਤਾ “ਸਤਿਗੁਰੂ ਜੀ! ਆਪ ਸਿੱਖ ਬਣਕੇ ਆਗਿਆ ਮੰਗ ਰਹੇ ਹੋ ਜਾਂ ਗੁਰੂ ਬਣ
ਕੇ ਹੁਕਮ ਕਰ ਰਹੇ ਹੋ? “ਸਤਿਗੁਰੂ ਜੀ ਕਹਿਣ ਲਗੇ “ਭਾਈ ਦਇਆ ਸਿੰਘ ਜੀ! ਮੈਂ ਸਿੱਖ ਦੀ
ਹੈਸੀਅਤ ਨਾਲ ਗੁਰੂ ਪੰਥ ਪਾਸੋਂ ਆਗਿਆ ਮੰਗਦਾ ਹਾਂ”ਭਾਈ ਦਇਆ ਸਿੰਘ ਜੀ ਬੋਲੇ “ਆਗਿਆ ਤਾਂ
ਪੰਥ ਨੇ ਆਪਣੀ ਮਰਜ਼ੀ ਨਾਲ ਦੇਣੀ ਹੈ ਤੇ ਆਪ ਜੀ ਨੂੰ ਆਗਿਆ ਦਾ ਪਾਲਣ ਵੀ ਕਰਨਾ ਪਵੇਗਾ, ਬੋਲੋ!
ਪਰਵਾਨ ਹੈ। “ਕਲਗੀਧਰ ਪਾਤਸ਼ਾਹ ਹੱਥ ਜੋੜ ਕੇ ਕਹਿਣ ਲਗੇ “ਪਰਵਾਨ ਹੈ। “
ਇਸ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਨੇ ਦਾਦੂ ਪੀਰ ਦੀ ਕਬਰ ਨੂੰ ਨਮਸਕਾਰ
ਕੀਤੀ ਸੀ ਤਾਂ ਸਿੰਘਾਂ ਨੇ ਘੋੜੇ ਦੀਆਂ ਵਾਗਾਂ ਫੜ ਲਈਆਂ ਸਨ ਤੇ ਕਲਗੀਧਰ ਪਾਤਸ਼ਾਹ ਨੂੰ ਕਹਿਣ ਲਗੇ
ਕਿ ਆਪ ਜੀ ਸਾਨੂੰ ਤਾਂ ਹੁਕਮ ਕਰਦੇ ਹੋ ਕਿ
ਜਾਗਤ ਜੋਤਿ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ।।
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ।।
ਤੇ ਆਪ ਖੁਦ ਕਬਰ ਨੂੰ ਤੀਰ ਨਾਲ ਨਮਸਕਾਰ ਕਰਦੇ ਹੋ? ਤਾਂ ਕਲਗੀਧਰ ਪਾਤਸ਼ਾਹ
ਉੱਥੇ ਵੀ ਹੱਥ ਬੰਨ ਬਣ ਕੇ ਖੜੇ ਹੋ ਗਏ ਸਨ ਕਿ ਖਾਲਸਾ ਜੀ ਮੈਨੂੰ ਆਪ ਜੋ ਵੀ ਸਜਾ (ਤਨਖਾਹ)
ਲਾਵੋਗੇ, ਪ੍ਰਵਾਨ ਹੈ। ਸਿੱਖਾਂ ਨੇ ਸਲਾਹ ਕੀਤੀ ਕਿ ਸਤਿਗੁਰੂ ਜੀ ਨੂੰ ਸਵਾ ਲੱਖ ਦਮੜਾ ਤਨਖਾਹ ਲਾਈ
ਜਾਵੇ। ਫਿਰ ਸਭ ਨੇ ਸਲਾਹ ਬਦਲੀ ਤੇ ਸਵਾ ਲੱਖ ਤੋਂ ਇੱਕ ਲੱਖ, ਫਿਰ ਇੱਕ ਲੱਖ ਤੋਂ 25 ਹਜ਼ਾਰ, ਫਿਰ
ਪੰਝੀ ਸੌ, ਫਿਰ ਪੰਜ ਸੌ ਤੇ ਫਿਰ ਅਖ਼ੀਰ ਸਰਬ ਸੰਮਤੀ ਲਾਲ ਫੈਸਲਾ ਪੰਝੀ ਦਮੜਿਆਂ ਤੇ ਹੋਇਆ ਸੀ।
ਕਿਉਂਕਿ ਬਹੁਤਿਆਂ ਦਾ ਵਿਚਾਰ ਸੀ ਕਿ ਸਤਿਗੁਰੂ ਨੇ ਤਾਂ ਸਵਾ ਲੱਖ ਦਮੜਾ ਵੀ ਤਾਰ ਦੇਣਾ ਹੈ, ਪਰ
ਅਸੀਂ ਇਹੋ ਜਿਹੀ ਗਲਤੀ ਕਰਾਂਗੇ ਤਾਂ ਫਿਰ ਅਸੀ ਐਨੇ ਦਮੜੇ ਕਿਥੋਂ ਲੈ ਕੇ ਆਵਾਂਗੇ। ਇਸ ਲਈ ਤਨਖਾਹ
ਥੋੜੀ ਲਾਈ ਜਾਵੇ, ਫਿਰ ਅਖੀਰ ਫੈਸਲਾ ਇਹ ਹੋਇਆ ਕਿ ਪੰਜ ਜਪੁਜੀ ਸਾਹਿਬ ਦੇ ਜਾਪ ਨਾਲ ਪੰਝੀ ਦਮੜਿਆਂ
ਦੀ ਤਨਖਾਹ। ਇਹ ਤਨਖਾਹ ਪੰਜ ਪਿਆਰਿਆਂ ਵਲੋਂ ਕਲਗੀਧਰ ਪਾਤਸ਼ਾਹ ਨੂੰ ਦਾਦੂ ਪੀਰ ਦੀ ਕਬਰ ਨੂੰ ਨਮਸਕਾਰ
ਕਰਨ ਕਾਰਨ ਲਗਾਈ ਗਈ ਸੀ।
ਮੈਂ ਬੇਨਤੀ ਕਰ ਦਿਆਂ ਕਿ ਅਸੀਂ ਤਾਂ ਪਤਾ ਨਹੀ ਕਿੰਨੇ ਕੁ ਲਾਲਾਂ ਵਾਲੇ
ਪੀਰਾਂ ਨੂੰ ਮੱਥੇ ਟੇਕੀ ਜਾ ਰਹੇ ਹਾਂ? ਸੋਚਣ ਦੀ ਲੋੜ ਹੈ।
ਕਲਗੀਧਰ ਪਾਤਸ਼ਾਹ ਪ੍ਰਤੀ ਚਮਕੌਰ ਦੀ ਗੜ੍ਹੀ ਵਿੱਚ ਜੋ ਫੈਸਲਾ ਸਿੰਘ,
ਸੂਰਬੀਰਾਂ ਨੇ ਕੀਤਾ ਉਹ ਫੈਸਲਾ ਕਲਗੀਧਰ ਪਾਤਸ਼ਾਹ ਨੂੰ ਖਾਲਸੇ ਵਲੋਂ, ਪੰਥ ਵਲੋਂ ਸੁਣਾਇਆ ਗਿਆ। ਉਹ
ਫੈਸਲਾ ਸੀ “ਸਤਿਗੁਰੂ ਜੀ! ਪੰਥ ਵਲੋ ਆਪ ਨੂੰ ਹੁਕਮ ਹੈ ਕਿ ਆਪ ਰਾਤੋ-ਰਾਤ ਗੜ੍ਹੀ ਛੱਡ ਕੇ ਇਥੋਂ
ਚਲੇ ਜਾਉ”।
ਉਸ ਸਮੇਂ ਭਾਈ ਦਇਆ ਸਿੰਘ ਜੀ ਦੀ ਅਗਵਾਈ ਵਿੱਚ ਇਹ ਫੈਸਲਾ ਹੋਇਆ ਸੀ।
ਕਿਉਂਕਿ ਜੇਕਰ ਸਤਿਗੁਰੂ ਜੀ ਸ਼ਹੀਦ ਹੋ ਗਏ ਤਾਂ ਅਸੀਂ ਸਮੁੱਚਾ ਸਿੱਖ ਪੰਥ ਇਕਠਾ ਹੋ ਕੇ ਵੀ ਇੱਕ
ਗੁਰੂ ਗੋਬਿੰਦ ਸਿੰਘ ਜੀ ਪੈਦਾ ਨਹੀ ਕਰ ਸਕਾਂਗੇ। ਪਰ ਜੇਕਰ ਗੁਰੂ ਗੋਬਿੰਦ ਸਿੰਘ ਜੀ ਸਲਾਮਤ ਰਹਿ ਗਏ
ਤਾਂ ਸਾਡੇ ਵਰਗੇ ਬੇ-ਸ਼ੁਮਾਰ ਖਾਲਸੇ ਪੈਦਾ ਕਰ ਸਕਦੇ ਹਨ। ਇਸ ਲਈ ਕਲਗੀਧਰ ਪਾਤਸ਼ਾਹ ਲਈ ਗੜ੍ਹੀ ਨੂੰ
ਛੱਡਣਾ ਪੰਥ ਦੇ ਭਵਿੱਖ ਲਈ ਵੀ ਬੇਹਤਰ ਸੀ।
ਇਤਿਹਾਸਕ ਤੱਥਾਂ ਨੂੰ ਪੜਚੋਲਣ ਤੋਂ ਪਤਾ ਲਗਦਾ ਹੈ ਕਿ ਗੁਰੂ ਕਲਗੀਧਰ
ਪਾਤਸ਼ਾਹ ਨੇ ਪੰਥ ਦਾ ਇਹ ਹੁਕਮ ਸੁਣ ਕੇ ਸਿੰਘ, ਸੂਰਬੀਰ ਦੇ ਅੱਗੇ ਆਪਣਾ ਸੀਸ ਝੁਕਾ ਦਿਤਾ ਸੀ ਤੇ
ਇੱਕ ਬੇਨਤੀ ਵੀ ਕਰ ਦਿੱਤੀ ਸੀ ਕਿ ਖਾਲਸਾ ਜੀ ਮੈਂ ਚੁੱਪ ਕਰਕੇ ਨਹੀ ਜਾਣਾ। ਪੰਜ ਪਿਆਰਿਆ ਨੇ ਵੀ ਇਹ
ਬੇਨਤੀ ਪ੍ਰਵਾਨ ਕਰ ਲਈ ਸੀ ਕਿ ਸਿੱਖਾ ਦਾ ਗੁਰੂ ਚੁੱਪ ਕਰਕੇ ਗੜ੍ਹੀ ਛੱਡ ਕੇ ਨਹੀ ਜਾਵਾਂਗਾ। ਉਸ
ਸਮੇਂ ਪੰਜ ਪਿਆਰਿਆਂ ਵਿੱਚ ਸ਼ਾਮਲ ਸਨ-
1) ਭਾਈ ਦਯਾ ਸਿੰਘ ਜੀ
2) ਭਾਈ ਧਰਮ ਸਿੰਘ ਜੀ
3) ਭਾਈ ਮਾਨ ਸਿੰਘ ਜੀ
4) ਭਾਈ ਸੰਗਤ ਸਿੰਘ ਜੀ
5) ਭਾਈ ਸੰਤ ਸਿੰਘ ਜੀ
ਕਵੀ ‘ਕਰਤਾਰ ਸਿੰਘ ਬਲੱਗਣ` ਨੇ ਇਸ ਸਮੇਂ ਦੇ ਘਟਨਾਕ੍ਰਮ ਸਬੰਧੀ ‘ਗੁਰੂ`
ਸ਼ਬਦ ਨੂੰ ਬਹੁ-ਅਰਥੀ (ਪਹਿਲਾ ਕਲਗੀਧਰ ਪ੍ਰਤੀ ਅਤੇ ਦੂਜਾ ਪੰਥ ਖਾਲਸੇ ਪ੍ਰਤੀ) ਵਰਤਦੇ ਹੋਏ
ਬਹੁਤ ਹੀ ਭਾਵਪੂਰਤ ਸ਼ਬਦਾ ਵਿੱਚ ਕਲ੍ਹਮਬੱਧ ਕੀਤਾ ਹੈ-
ਸੁਣਿਆ ਗੁਰੂ ਨੇ ਗੁਰੂ ਦਾ ਹੁਕਮਨਾਮਾ,
ਛੇਤੀ ਸੀਸ ਝੁਕਾ ਕੇ ਉਠ ਟੁਰਿਆ।
ਹੱਥ ਜੋੜ ਦਿੱਤੇ ਅੱਖਾਂ ਭਰ ਆਈਆਂ,
ਅਤੇ ਹੁਕਮ ਬਜਾ ਕੇ ਉਠ ਟੁਰਿਆ।
ਇਤਿਹਾਸਕਾਰ ਮੈਕਾਲਿਫ ਲਿਖਦਾ ਹੈ ਕਿ ਜਦੋਂ ਪੰਜ ਪਿਆਰਿਆਂ ਨੇ ਕਲਗੀਧਰ
ਪਾਤਸ਼ਾਹ ਨੂੰ ਗੜ੍ਹੀ ਛੱਡਣ ਦਾ ਹੁਕਮ ਸੁਨਾਇਆ ਸੀ ਤਾਂ ਕਲਗੀਧਰ ਪਾਤਸ਼ਾਹ ਨੇ ਪੰਜਾ ਪਿਆਰਿਆਂ ਦੀਆਂ
ਤਿੰਨ ਪਰਿਕਰਮਾ ਕੀਤੀਆਂ ਅਤੇ ਪਰਿਕਰਮਾ ਕਰਕੇ ਸੀਸ ਝੁਕਾਇਆ। ਫਿਰ ਤਿੰਨ ਸਿੰਘ ਭਾਈ ਦਇਆ ਸਿੰਘ, ਭਾਈ
ਮਾਨ ਸਿੰਘ ਜੀ, ਭਾਈ ਧਰਮ ਸਿੰਘ ਜੀ ਨੂੰ ਨਾਲ ਲਿਆ ਤੇ ਤਿੰਨਾਂ ਨੂੰ ਸਮਝਾਇਆ ਕਿ ਤੁਸੀ ਤਿੰਨਾਂ ਨੇ
ਵੱਖਰੀ-2 ਦਿਸ਼ਾ ਨੂੰ ਨਿਕਲਣਾ ਹੈ। ਜਾਂਦੀ ਵਾਰ ਕਲਗੀਧਰ ਪਾਤਸ਼ਾਹ ਨੇ ਆਪਣੇ ਬਚਨਾਂ ਨੂੰ ਸੱਚ ਕਰ ਕੇ
ਵੀ ਵਿਖਾਇਆ “ਐ ਦੁਨੀਆਂ ਦੇ ਲੋਕੇ, ਮੈਨੂੰ ਐਵੇ ਸ਼ਹਿਨਸ਼ਾਹ ਆਖੀ ਜਾਂਦੇ ਹੋ? ਮੇਰੀ ਸ਼ਹਿਨਸ਼ਾਹੀ
ਤਾਂ ਖਾਲਸੇ ਦੇ ਸਿਰ ਤੇ ਖੜੀ ਹੈ। “
ਕਲਗੀਧਰ ਪਾਤਸ਼ਾਹ ਨੇ ਭਾਈ ਸੰਗਤ ਸਿੰਘ ਜੀ ਜੋ ਕਿ ਕਲਗਹੀਧਰ ਪਾਤਸ਼ਾਹ ਦੇ
ਹਮ-ਸ਼ਕਲ ਵੀ ਸਨ, ਭਾਈ ਸੰਗਤ ਸਿੰਘ ਦੇ ਸੀਸ ਉਪਰ ਆਪਣੀ ਕਲਗੀ ਸਜਾ ਦਿੱਤੀ। ਉਹ ਕਲਗੀ ਜਿਸਨੂੰ
ਝੁਕਾਉਣ ਲਈ ਵਜ਼ੀਰ ਖ਼ਾਂ ਹੰਭ ਗਿਆ, ਪਹਾੜੀ ਰਾਜੇ ਵੀ ਹੰਭ ਗਏ। ਜਿਸ ਕਲਗੀ ਨੂੰ ਝੁਕਾਉਣ ਲਈ ਔਰੰਗਜੇਬ
ਨੇ 14 ਜੰਗਾਂ ਵੀ ਲੜੀਆਂ ਪਰ ਕਲਗੀਧਰ ਪਾਤਸ਼ਾਹ ਦੀ ਕਲਗੀ ਨਾ ਝੁਕਾ ਸਕਿਆ। ਅੱਜ ਕਲਗੀਧਰ ਪਾਤਸ਼ਾਹ ਨੇ
ਆਪਣੀ ਕਲਗੀ ਆਪਣੀ ਦਸਤਾਰ ਆਪਣੇ ਹੱਥੀ ਭਾਈ ਸੰਗਤ ਸਿੰਘ ਜੀ ਦੇ ਸੀਸ ਉਪਰ ਸਜਾਈ ਹੈ।।
ਜਿਨ ਕੀ ਜਾਤ ਔਰ ਕੁੱਲ ਮਾਹੀ, ਸਰਦਾਰੀ ਨਾ ਭਈ ਕਦਾਹੀ।
ਤਿਨਹੀ ਕੋ ਸਰਦਾਰ ਬਣਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ।
ਕਲਗੀਧਰ ਪਾਤਸ਼ਾਹ ਨੇ ਕੇਵਲ ਆਪਣੀ ਦਸਤਾਰ ਅਤੇ ਕਲਗੀ ਹੀ ਨਹੀ ਬਖਸ਼ੀ ਬਲਕਿ
ਭਾਈ ਸੰਗਤ ਸਿੰਘ ਜੀ ਨੂੰ ਆਪਣਾ ਰੂਪ ਵੀ ਦੇ ਦਿੱਤਾ, ਜੋ ਬਚਨ ਕਲਗੀਧਰ ਪਾਤਸ਼ਾਹ ਨੇ ਕਹੇ ਸਨ ਉਹਨਾਂ
ਨੂੰ ਸੱਚ ਕਰ ਵਿਖਾਇਆ:-
ਖਾਲਸਾ ਮੇਰੋ ਰੂਪ ਹੈ ਖਾਸ।।
ਖਾਲਸੇ
ਅਗਲੇ ਦਿਨ ਵੈਰੀਆਂ ਨੂੰ ਭੁਲੇਖਾ ਪਿਆ ਤਾਂ ਉਹ ਭਾਈ ਸੰਗਤ ਸਿੰਘ ਜੀ ਨੂੰ
ਕਲਗੀਧਰ ਪਾਤਸ਼ਾਹ ਸਮਝ ਕੇ ਉਸਦਾ ਸਿਰ ਵੱਢ ਕੇ ਲੈ ਗਏ ਸਨ ਤੇ ਵਜ਼ੀਰ ਖ਼ਾਂ ਕੋਲ ਪੇਸ਼ ਕਰ ਦਿੱਤਾ ਸੀ ਕਿ
ਅਸੀਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲੈ ਆਏ ਹਾਂ। ਘੋਖ ਕਰਨ ਤੇ ਪਤਾ ਲਗਾ ਸੀ ਕਿ ਇਹ ਗੁਰੂ
ਗੋਬਿੰਦ ਸਿੰਘ ਨਹੀ, ਭਾਈ ਸੰਗਤ ਸਿੰਘ ਦਾ ਸੀਸ ਹੈ।
ਕਲਗੀਧਰ ਪਾਤਸ਼ਾਹ ਦੇ ਨਾਲ ਤਿੰਨ ਸਿੰਘ, ਗੁਰੂ ਸਾਹਿਬ ਦੇ ਨਿਰਦੇਸ਼ਾਂ ਦਾ
ਪਾਲਣਾ ਕਰਦੇ ਹੋਏ ਰਾਤ ਦੇ ਹਨੇਰੇ ਵਿੱਚ ਗੜ੍ਹੀ ਅੰਦਰੋਂ ਨਿਕਲੇ ਤੇ ਉਚੀ ਅਵਾਜ ਵਿੱਚ:-
ਪੀਰ ਹਿੰਦ ਮੇ ਰਵਦ, ਪੀਰ ਹਿੰਦ ਮੇ ਰਵਦ
ਦੀਆਂ ਚਾਰੇ ਪਾਸਿਆਂ ਤੋਂ ਆਵਾਜਾਂ ਆ ਰਹੀਆਂ ਹਨ। ਹਿੰਦ ਦਾ ਪੀਰ ਜਾ ਰਿਹਾ
ਜੇ, ਹਿੰਦ ਦਾ ਪੀਰ ਜਾ ਰਿਹਾ ਜੇ। ਵੈਰੀ ਮੁਲਖਈਏ ਜੋ ਕਿ ਅਰਾਮ ਵਿੱਚ ਸਨ, ਅੱਭੜਵਾਹੇ ਉਠੇ ਤੇ ਮਸ਼ਾਲ
ਜਗਾਉਣ ਦਾ ਜਤਨ ਕੀਤਾ। ਕਲਗੀਧਰ ਪਾਤਸ਼ਾਹ ਨੇ ਐਸਾ ਤੀਰ ਦਾ ਨਿਸ਼ਾਨਾ ਮਾਰਿਆ ਤੇ ਉਹ ਮਸ਼ਾਲ ਉਥੇ ਹੀ
ਡਿਗ ਪਈ। ਵੈਰੀਆਂ ਨੇ ਸਮਝਿਆ ਕਿ ਬਾਹਰੋਂ ਹੋਰ ਸਿੱਖ ਫੌਜਾਂ ਨੇ ਆ ਕੇ ਸਾਡੇ ਤੇ ਹਮਲਾ ਕਰ ਦਿੱਤਾ
ਹੈ। ਰਾਤ ਦੇ ਹਨੇਰੇ ਵਿੱਚ ਉਹ ਪਹਾੜੀ ਰਾਜਿਆਂ ਦੀਆਂ ਫੌਜਾਂ ਅਤੇ ਮੁਗਲਈ ਫੌਜਾਂ ਆਪਸ ਵਿੱਚ ਹੀ
ਲੜ-ਲੜ ਕੇ ਮਰ ਗਈਆਂ। ਜੋ ਬਚ ਗਏ ਉਹ ਦਿਨ ਦੇ ਉਜਾਲੇ ਵਿੱਚ ਮੈਦਾਨ ਦਾ ਦ੍ਰਿਸ਼ ਵੇਖ ਕੇ ਹੈਰਾਨ ਹੋ
ਕੇ ਕਹਿਣ ਲਗੇ ਕਿ ਰਾਤ ਸਿਖ ਤਾਂ ਕੋਈ ਵੀ ਨਹੀ ਮਰਿਆ, ਸਾਡੇ ਆਪਣੇ ਹੀ ਆਪਸ ਵਿੱਚ ਲੜ-ਲੜ ਕੇ ਮਰ
ਗਏ। ਇਹ ਕਲਗੀਧਰ ਪਾਤਸ਼ਾਹ ਦੀ ਯੁੱਧ -ਨੀਤੀ ਹੈ।
ਕਲਗੀਧਰ ਪਾਤਸ਼ਾਹ ਜਦੋਂ ਗੜ੍ਹੀ ਛੱਡ ਕੇ ਨਿਕਲੇ ਤਾਂ ਆਸਮਾਨੀ ਬਿਜਲੀ ਨੇ ਵੀ
ਆਪਣਾ ਫਰਜ਼ ਪੂਰੀ ਤਰਾਂ ਨਿਭਾਇਆ ਸੀ। ਜਦੋਂ ਕਲਗੀਧਰ ਪਾਤਸ਼ਾਹ ਸਾਹਿਜਬਾਦਿਆਂ ਦੀਆਂ ਲਾਸ਼ਾ ਦੇ ਕੋਲ ਦੀ
ਲੰਘੇ ਤਾਂ ਪਾਤਸ਼ਾਹ ਨੇ ਤੱਕਿਆ ਕਿ ਸਾਹਿਬਜਾਦਾ ਅਜੀਤ ਸਿੰਘ ਦੀ ਲਾਸ਼ ਪਈ ਹੈ ਤਾਂ ਕਲਗੀਧਰ ਪਾਤਸ਼ਾਹ
ਕੋਲ ਦੀ ਬੇਧਿਆਨੀ ਵਿੱਚ ਲੰਘ ਗਏ, ਫਿਰ ਸਾਹਿਜਬਾਦਾ ਜੁਝਾਰ ਸਿੰਘ ਦੀ ਲਾਸ਼ ਦੇਖੀ ਤਾਂ ਵੀ ਕੋਲ ਦੀ
ਲੰਘ ਗਏ। ਪਰ ਭਾਈ ਦਇਆ ਸਿੰਘ ਜੀ ਪਿੱਛੇ ਰਹਿ ਗਏ। ਜਦੋਂ ਪਾਤਸ਼ਾਹ ਨੇ ਪਿੱਛੇ ਮੁੜ ਕੇ ਦੇਖਿਆ ਕਿ
ਭਾਈ ਦਇਆ ਸਿੰਘ ਜੀ ਸਾਹਿਬਜਾਦਾ ਅਜੀਤ ਸਿੰਘ ਦੀ ਲਾਸ਼ ਦੇ ਪਾਸ ਗੋਡਿਆਂ ਭਾਰ ਬੈਠੇ ਹੋਏ ਹਨ ਤੇ ਆਪਣਾ
ਕਮਰਕਸਾ ਖੋਲ ਰਹੇ ਨੇ। ਕਲਗੀਧਰ ਪਾਤਸ਼ਾਹ ਨੇ ਪੁਛਿਆ “ਭਾਈ ਦਇਆ ਸਿੰਘ ਜੀ! ਕੀ ਕਰ ਰਹੇ ਹੋ? “ਭਾਈ
ਦਇਆ ਸਿੰਘ ਜੀ ਕਹਿਣ ਲਗੇ “ਗਰੀਬ ਨਿਵਾਜ! ਮੇਰੇ ਪਾਸ ਕੋਈ ਵੱਡਾ ਕੱਪੜਾ ਤਾਂ ਹੈ ਨਹੀਂ ਸਿਰਫ ਇਹ
ਕਮਰਕੱਸਾ ਹੈ, ਪਾਤਸ਼ਾਹ! ਮੈਂ ਚਾਹੁੰਦਾ ਹਾਂ ਕਿ ਇਹ ਕੱਪੜਾ ਮੈਂ ਅਜੀਤ ਸਿੰਘ ਦੀ ਲਾਸ਼ ਉਪਰ ਪਾ ਕੇ
ਕਮ-ਸੇ-ਕਮ ਇਸਦਾ ਮੁੱਖੜਾ ਤਾਂ ਢੱਕ ਦਿਆਂ। “ਕਲਗੀਧਰ ਪਾਤਸ਼ਾਹ ਕਹਿਣ ਲਗੇ “ਭਾਈ ਦਇਆ ਸਿੰਘ!
ਜੇਕਰ ਤੁਸੀਂ ਸਾਰਿਆਂ ਸਿੰਘ, ਸੂਰਬੀਰਾਂ ਦੇ ਮੁੱਖੜੇ ਢੱਕ ਸਕਦੇ ਹੋ ਤਾਂ ਢੱਕਣਾ ਨਹੀ ਤਾਂ ਅਜੀਤ
ਸਿੰਘ ਨੂੰ ਵੀ ਇਸੇ ਤਰਾਂ ਹੀ ਪਿਆ ਰਹਿਣ ਦਿਉ। ਜਿਸ ਤਰਾਂ ਮੇਰੇ ਬਾਕੀ ਸਿੰਘ ਪਏ ਨੇ, ਅਜੀਤ ਸਿੰਘ
ਵੀ ਇਹਨਾਂ ਦੇ ਨਾਲ ਹੀ ਪਿਆ ਰਹੇਗਾ। “
ਇਸ ਦ੍ਰਿਸ਼ ਨੂੰ ਕਵੀ “ਵਿਧਾਤਾ ਸਿੰਘ ਤੀਰ” ਨੇ ਬੜੇ ਹੀ ਕਮਾਲ ਅਤੇ
ਭਾਵਨਾਤਮਕ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ ਕਿ ਜਦੋਂ ਭਾਈ ਦਇਆ ਸਿੰਘ ਜੀ, ਸਾਹਿਬਜਾਦਿਆਂ ਪਾਸ
ਗੋਡਿਆਂ ਭਾਰ ਬੈਠੇ ਹੋਏ ਨੇ, ਕਲਗੀਧਰ ਪਾਤਸ਼ਾਹ ਭਾਈ ਦਇਆ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਮਾਨੋ
ਕਹਿ ਰਹੇ ਹੋਣ ਕਿ:-
ਉਤਾਂਹ ਉਠ! ਉਹ ਨਹੀ ਦੇਸ਼ ਭਗਤ ਹੁੰਦਾ,
ਜੋ ਸ਼ਹੀਦ ਦੀ ਮੌਤ ਤੇ ਝੂਰਦਾ ਏ।
ਇਹ ਤਾਂ ਮੰਜਿਲਾਂ ਮਾਰ ਕੇ ਪਿਆ ਲੰਮਾ,
ਆਪਣਾ ਪੰਧ ਸਜਣ, ਬੜੀ ਦੂਰ ਦਾ ਏ।
ਮੈਨੂੰ ਰੱਤੀ ਪਰਵਾਹ ਨਹੀ,
ਜਗ ਸਾਰਾ ਰਣ ਛੋੜ ਸਮਝੇ।
ਪਰ ਮੈਂ ਕਦੀ ਇਹ ਨਾ ਸੁਣਾਂ ਕਿ ਗੁਰੂ ਗੋਬਿੰਦ ਸਿੰਘ ਨੇ,
ਸਿੰਘ ਹੋਰ ਤੇ ਪੁੱਤ ਹੋਰ ਸਮਝੇ।
ਸਿੱਖ ਪੰਥ ਦਾ ਹੁਕਮ ਮੰਨ ਕੇ ਕਲਗੀਧਰ ਪਾਤਸ਼ਾਹ ਪੁੱਤਰਾਂ ਨੂੰ ਵੀ ਸਿੰਘਾਂ
ਦੇ ਤੁਲ ਛੱਡ ਕੇ ਚਲੇ ਗਏ।
ਇਤਿਹਾਸ ਗਵਾਹੀ ਭਰਦਾ ਹੈ ਕਿ ਇਸ ਵਕਤ ਬੀਬੀ ਸ਼ਰਨ ਕੌਰ ਮੈਦਾਨ ਦੇ ਵਿੱਚ
ਨਿੱਤਰੀ ਸੀ। ਉਸ ਬਹਾਦਰ ਸਿੰਘਣੀ ਬੀਬੀ ਸ਼ਰਨ ਕੌਰ ਨੇ ਰਾਤ ਦੇ ਹਨੇਰੇ ਵਿੱਚ ਸਿੰਘ, ਸੂਰਬੀਰਾਂ ਦੀਆਂ
ਲਾਸ਼ਾਂ ਨੂੰ ਪਹਿਚਾਣ-ਪਹਿਚਾਣ ਕੇ, ਇਕੋ ਹੀ ਚਿਖਾ ਚਿਣ ਕੇ ਉਹਨਾ ਦਾ ਸਮੂਹਿਕ ਸਸਕਾਰ ਕਰ ਦਿੱਤਾ।
ਬੀਬੀ ਸ਼ਰਨ ਕੌਰ ਨੇ ਜਦੋਂ ਚਿਖਾ ਨੂੰ ਲਾਂਬੂ ਲਾ ਦਿੱਤਾ ਤੇ ਫਿਰ ਪਾਸ ਬੈਠ ਕੇ ਸੋਹਿਲਾ ਸਾਹਿਬ ਦੀ
ਗੁਰਬਾਣੀ ਦਾ ਜਾਪ ਕਰ ਰਹੀ ਸੀ ਤੇ ਚਿਖਾ ਵੀ ਚੰਗੀ ਤਰਾਂ ਭੱਖ ਉਠੀ ਸੀ। ਅੱਗ ਦੇ ਭਾਂਬੜ ਬਲ ਉਠੇ
ਤਾਂ ਵੈਰੀਆਂ ਨੇ ਦੇਖਿਆ ਕਿ ਪਾਸ ਇੱਕ ਬੀਬੀ ਬੈਠੀ ਬਾਣੀ ਪੜ੍ਹ ਰਹੀ ਹੈ। ਵੈਰੀਆਂ ਨੇ ਉਸ ਬੀਬੀ ਨੂੰ
ਬਾਣੀ ਪੜ੍ਹਦਿਆਂ ਹੀ ਚੁੱਕ ਕੇ ਜਿਊਂਦੀ ਨੂੰ ਹੀ ਉਸ ਚਿਖਾ ਵਿੱਚ ਸੁੱਟ ਦਿੱਤਾ ਸੀ।
ਜਿਸ ਅਸਥਾਨ ਵਿਖੇ ਕਲਗੀਧਰ ਪਾਤਸ਼ਾਹ ਦੇ ਸਿੰਘ, ਸੂਰਬੀਰਾਂ ਅਤੇ
ਸਾਹਿਬਜਾਦਿਆਂ ਨੇ ਜਾਮੇ-ਸ਼ਹਾਦਤ ਪੀਤਾ ਸੀ, ਉਸ ਅਸਥਾਨ ਉਪਰ ਗੁਰਦੁਆਰਾ “ਗੜ੍ਹੀ ਸਾਹਿਬ”
ਸੁਸ਼ੋਭਿਤ ਹੈ। ਜਿਸ ਅਸਥਾਨ ਉਪਰ ਸਿੰਘ, ਸੂਰਬੀਰ ਅਤੇ ਲਾਡਲੇ ਸਾਹਿਬਜਾਦਿਆਂ ਦਾ ਸਸਕਾਰ ਕੀਤਾ ਗਿਆ,
ਉਸ ਅਸਥਾਨ ਦਾ ਨਾਮ ਗੁਰਦੁਆਰਾ “ਕਤਲਗੜ੍ਹ ਸਾਹਿਬ” ਹੈ।