.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਧਰਮ ਦੇ ਪਰਦੇ ਪਿੱਛੇ ਅਯਾਸ਼ ਬਾਬੇ

ਸਾਡੇ ਮੁਲਕ ਨੂੰ ਰਿਸ਼ੀਆਂ-ਮੁਨੀਆਂ, ਪੀਰਾਂ-ਫਕੀਰਾਂ ਤੇ ਧਾਰਮਿਕ ਬਿਰਤੀਆਂ ਵਾਲਿਆਂ ਦਾ ਮੁਲਖ ਆਖਿਆ ਜਾਂਦਾ ਹੈ। ਇਸ ਮੁਲਕ ਵਿੱਚ ਬੰਦਾ ਧਾਰਮਿਕ ਭਾਂਵੇਂ ਨਾ ਵੀ ਹੋਵੇ ਪਰ ਉਸ ਨੇ ਖਾਸ ਕਿਸਮ ਦਾ ਲਿਬਾਸ ਪਹਿਨ ਲਿਆ ਹੋਵੇ ਤਾਂ ਲੋਕ ਉਸ ਨੂੰ ਧਰਮੀ ਕਹਿਣ ਲੱਗ ਜਾਂਦੇ ਹਨ। ਜਨ ਸਧਾਰਣ ਲੋਕਾਂ ਦੀ ਗੱਲ ਛੱਡੋ, ਪੜ੍ਹਿਆ ਲਿਖਿਆ ਤਬਕਾ ਵੀ ਅਜੇਹੇ ਪਖੰਡੀ, ਅਖੌਤੀ ਧਰਮੀ ਲੋਕਾਂ ਦੇ ਭਰਮ ਜਾਲ ਵਿੱਚ ਫਸਿਆ ਪਿਆ ਹੈ। ਵਿਕਸਤ ਮੁਲਕਾਂ ਨੇ ਆਪਣੀ ਪਰਜਾ ਨੂੰ ਹਰ ਸੁੱਖ ਸਹੂਲਤ ਦੇਣ ਦਾ ਯਤਨ ਕੀਤਾ ਹੈ। ਸਾਡੇ ਮੁਲਕ ਵਿੱਚ ਇਹ ਸਮਝਾਇਆ ਜਾ ਰਿਹਾ ਹੈ ਕਿ ਆਮ ਲੋਕਾਂ ਨੂੰ ਸਹੂਲਤ ਦੀ ਲੋੜ ਨਹੀਂ ਹੈ ਕਿਉਂਕਿ ਇਹਨਾਂ ਨੇ ਪਿੱਛਲੇ ਜਨਮ ਵਿੱਚ ਬਹੁਤ ਪਾਪ ਕੀਤੇ ਸਨ ਇਸ ਲਈ ਇਹ ਲੋਕ ਦੁੱਖ ਭੋਗਣ ਲਈ ਹੀ ਸੰਸਾਰ ਵਿੱਚ ਆਏ ਹਨ।
ਭਾਰਤੀ ਪੁਜਾਰੀ ਨੂੰ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਸੀ ਤਾਂ ਪਹਿਲਾਂ ਉਸ ਦੀ ਪੂਰਤੀ ਲਈ ਦੇਵਤਾ ਪੈਦਾ ਕਰਦਾ ਸੀ। ਉਹ ਕਹਿੰਦਾ ਸੀ ਇਹ ਲੋੜ ਇਸ ਦੇਵਤੇ ਦੀ ਹੈ। ਜੇ ਦੇਵਤੇ ਨੂੰ ਖੁਸ਼ ਕਰ ਲਿਆ ਤਾਂ ਸਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਭਾਰਤੀ ਲੋਕਾਂ ਦੇ ਮਨਾਂ ਵਿੱਚ ਇੱਕ ਗੱਲ ਪੱਕੀ ਤਰ੍ਹਾਂ ਘਰ ਕਰ ਗਈ ਹੈ ਕਿ ਸਾਨੂੰ ਕੰਮ ਕੋਈ ਵੀ ਨਾ ਕਰਨਾ ਪਏ ਪਰ ਪ੍ਰਾਪਤੀ ਸਾਰੀ ਹੋ ਜਾਣੀ ਚਾਹੀਦੀ ਹੈ। ਪੁਜਾਰੀ ਨੇ ਸਭ ਤੋਂ ਵੱਧ ਲਾਭ ਏਸੇ ਚੀਜ਼ ਦਾ ਉਠਾਇਆ ਹੈ ਕਿ ਲੋਕੋ ਤੁਸੀ ਸਾਡੇ ਪਾਸੋਂ ਉਹ ਮੰਤ੍ਰ ਲਓ ਜਿਸ ਨਾਲ ਦੇਵਤਾ ਜੀ ਖੁਸ਼ ਹੋ ਜਾਣਗੇ ਤੇ ਉਹ ਰੱਬ ਜੀ ਪਾਸ ਤੁਹਾਡੀ ਸਿਫਾਰਸ਼ ਕਰ ਦੇਣਗੇ, ਫਿਰ ਤੁਸੀਂ ਮਨ ਚਾਹਿਆਂ ਫਲ਼ ਪ੍ਰਾਪਤ ਕਰ ਸਕਦੇ ਹੋ।
ਦੁਨੀਆਂ ਦੇ ਮੁਲਖ ਚੰਦ੍ਰਮਾ `ਤੇ ਕਲੋਨੀਆਂ ਕੱਟਣ ਦੀਆਂ ਤਿਆਰੀਆਂ ਕਰ ਰਹੇ ਹਨ ਪਰ ਭਾਰਤੀ ਲੋਕ ਵਿਚਾਰੇ ਮਰਨ ਉਪਰੰਤ ਮੁਕਤੀ ਦੀ ਭਾਲ ਵਿੱਚ ਲੱਗੇ ਹੋਏ ਹਨ। ਏਹੀ ਕਾਰਨ ਹੈ ਪਿੱਛਲੇ ਕੁੱਝ ਸਮੇਂ ਤੋਂ ਤਰ੍ਹਾਂ ਤਰ੍ਹਾਂ ਦੇ ਬਾਬਿਆਂ ਨੇ ਵੱਖ ਵੱਖ ਕਿਸਮ ਦੇ ਆਪਣੇ ਪ੍ਰਵਚਨਾ ਰਾਂਹੀਂ ਲੋਕਾਂ ਨੂੰ ਧਰਮ ਦੇ ਉਪਦੇਸ਼ ਦੇਣ ਦੇ ਢੌਂਗ ਕਰ ਰਹੇ ਹਨ। ਇਹ ਅਖੌਤੀ ਧਰਮੀ ਬਾਬੇ ਮਨੁੱਖ ਨੂੰ ਮਰਣ ੳਪਰੰਤ ਸੁੱਖ ਦਾ ਲਾਲਚ ਦੇ ਰਹੇ ਹਨ। ਲੋਕ ਧਰਮ ਦੇ ਨਾਂ `ਤੇ ਇਹਨਾਂ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਸੁਣ ਕੇ ਪਿੱਛੇ ਲੱਗ ਤੁਰਦੇ ਹਨ ਤੇ ਆਪਣੀ ਕਿਰਤ ਕਮਾਈ ਨੂੰ ਘੱਟੇ ਕੌਡੀਆਂ ਗਵਾ ਕੇ ਸਮਝ ਰਹੇ ਹਨ ਕਿ ਅਸੀਂ ਆਪਣੀ ਕਮਾਈ ਨੂੰ ਸਫਲ ਕਰ ਲਿਆ ਹੈ।
ਇਹਨਾਂ ਲੋਕਾਂ ਦੇ ਧਾਰਮਿਕ ਪ੍ਰਚਵਨ ਸੁਣਨ ਲਈ ਜਿੱਥੇ ਲੱਖਾਂ ਕ੍ਰੋੜਾਂ ਰੁਪਇਆ ਪੰਡਾਲਾਂ `ਤੇ ਖਰਚ ਕੀਤਾ ਜਾ ਰਿਹਾ ਹੈ ਓੱਥੇ ਟੀ ਵੀ ਮਾਧੀਅਮ ਰਾਂਹੀ ਵੀ ਇਹ ਸਿਲਸਲਾ ਜਾਰੀ ਹੈ। ਧਾਰਮਿਕ ਪ੍ਰਵਚਨ ਕਰਨ ਵਾਲੇ ਨੂੰ ਰੱਬ ਦੇ ਨੇੜੇ ਜਾਣਦਿਆਂ ਹੋਇਆਂ ਲੋਕਾਂ ਨੇ ਮਾਇਆ ਦੀ ਪੂਰੀ ਛਹਿਬਰ ਲਗਾ ਦਿੱਤੀ। ਮਾਇਆਂ ਸਾਂਭਣ ਲਈ ਇਹਨਾਂ ਲੋਕਾਂ ਨੇ ਦਿਖਾਵੇ ਮਾਤਰ ਕੁੱਝ ਸਮਾਜ ਸੇਵੀ ਕੰਮ ਕਰਨੇ ਵੀ ਸ਼ੁਰੂ ਕਰ ਦਿੱਤੇ। ਲੋਕਾਂ ਸੋਚਿਆ ਜਿਹੜਾ ਕੰਮ ਸਰਕਾਰ ਨਹੀਂ ਕਰ ਰਹੀ ਇਹ ਬਾਬੇ ਕਰ ਰਹੇ ਹਨ ਇਸ ਲਈ ਆਪਣੀ ਕਿਰਤ ਕਮਾਈ ਵਿਚੋਂ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਸਰਦਾਰ ਜਸਵੰਤ ਸਿੰਘ ਕੰਵਲ ਹੁਰਾਂ ਆਪਣੀ ਪੁਸਤਕ ‘ਕੌਮੀ ਵਸੀਅਤ` ਵਿੱਚ ਬੜਾ ਪਿਆਰਾ ਲਿਖਿਆ ਹੈ “ਕਿ ਬਾਹਰਲੇ ਮੁਲਕਾਂ ਵਿੱਚ ਰਹਿਣ ਵਾਲਿਓ ਵੀਰੋ ਤੁਸਾਂ ਬਾਰ੍ਹਾਂ ਬਾਰ੍ਹਾਂ ਘੰਟੇ ਖੜੀਆਂ ਲੱਤਾਂ ਤੇ ਕੰਮ ਕੀਤਾ ਹੈ ਪਰ ਪੰਜਾਬ ਵਿਚੋਂ ਆਏ ਵਿਹਲੜ ਬਾਬਿਆਂ ਦੀ ਤੁਸਾਂ ਦਿਲ ਖੋਲ੍ਹ ਕੇ ਮਾਇਆ ਨਾਲ ਨਿਹਾਲ ਕੀਤਾ ਹੈ। ਤੁਹਾਡੇ ਪੈਸਿਆਂ ਨਾਲ ਇਹਨਾਂ ਬਾਬਿਆਂ ਨੇ ਪੰਜ ਪੰਜ ਮੰਜ਼ਲੀਆਂ ਆਪਣੀਆਂ ਮੜੀਆਂ ਤਾਂ ਬਣਾ ਲਈਆਂ ਹਨ ਪਰ ਕੌਮ ਪ੍ਰਤੀ ਡੱਕਾ ਭੰਨ ਕੇ ਦੂਹਰਾ ਨਹੀਂ ਕੀਤਾ। ਤੁਸਾਂ ਇਹਨਾਂ ਵਿਹਲੜ ਬਾਬਿਆਂ ਨੂੰ ਕਦੇ ਇਹ ਨਹੀਂ ਪੁੱਛਿਆ ਕਿ ਸਾਡੀ ਕਿਰਤ ਕਮਾਈ ਦੇ ਪੈਸੇ ਨਾਲ ਤੁਸਾਂ ਕੌਮ ਦਾ ਕਿਹੜਾ ਭਲਾ ਕੰਮ ਕੀਤਾ ਜੇ”।
ਧਰਮੀ ਬਾਬਿਆਂ ਨੇ ਮਨੁੱਖਤਾ ਅੰਦਰ ਸਦਾਚਾਰਕ ਕਦਰਾਂ ਕੀਮਤਾਂ ਭਰਨੀਆਂ ਸਨ ਤਾਂ ਕਿ ਸਮਾਜ ਵਿਚੋਂ ਵਿਕਾਰਾਂ ਵਾਲੀ ਬਿਰਤੀ ਦਾ ਖਾਤਮਾ ਹੋ ਸਕੇ ਤੇ ਚੰਗੇ ਨਿਰੋਏ ਸਮਾਜ ਦੀ ਸਿਰਜਣਾ ਹੋ ਸਕੇ। ਮਨੁੱਖਤਾ ਨੂੰ ਆਪਣਿਆਂ ਹੱਕਾਂ ਦੀ ਰਾਖੀ ਲਈ ਜਾਗਰੁਕ ਕਰਨਾ ਸੀ। ਪਰ ਇਹਨਾਂ ਨੇ ਧਰਮ ਦਾ ਬੁਰਕਾ ਪਹਿਨ ਕੇ ਇਸ ਪਵਿੱਤਰ (ਧਰਮ) ਸ਼ਬਦ ਨੂੰ ਹੀ ਕਲੰਕਿਤ ਕੀਤਾ ਹੈ। ਧਰਮ ਦੇ ਨਾਂ `ਤੇ ਇਹਨਾਂ ਨੇ ਮਨੁਖਤਾ ਨੂੰ ਸਿੱਧੇ ਰਾਹ ਪਉਣ ਦੀ ਜਗ੍ਹਾ ਉਲਝਾਅ ਦਿੱਤਾ। ਦੇਖਦੇ ਹਾਂ ਭਾਈ ਕਾਹਨ ਸਿੰਘ ਜੀ ਨਾਭਾ ਦੇ ਰਚਿੱਤ ਮਹਾਨ ਕੋਸ਼ ਵਿਚੋਂ---
ਧਰਮ ਦੇ ਅਰਥ ਇਸ ਤਰ੍ਹਾਂ ਆਏ ਹਨ—ਜੋ ਸੰਸਾਰ ਨੂੰ ਧਾਰਨ ਕਰਦਾ ਹੈ, ਜਿਸ ਦੇ ਅਧਾਰ ਵਿਸ਼ਵ ਹੈ, ਪਵਿੱਤਰ ਨਿਯਮ-ਸਭ ਕੁਲ ਉਧਰੀ ਇੱਕ ਨਾਮ ਧਰਮ- (ਸਵੈਯ ਸ੍ਰੀ ਮੁੱਖ ਵਾਕ ਮ: ੫) ੨. ਸ਼ੁਭ ਕਰਮ, ਨਹਿ ਬਿਲੰਬ ਧਰਮੰ ਬਿਲੰਬ ਪਾਪੰ (ਸਹਸ ਮ: ੫) “ਸਾਧ ਕੈ ਸੰਗਿ ਦ੍ਰਿੜੇ ਸਭ ਧਰਮ” ਸਾਧੂ ਦੇ ਸੰਗ ਤੋਂ ਜੋ ਦ੍ਰਿੜ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ, ਦੀਨ, “ਸੰਤ ਕਾ ਮਾਰਗ ਧਰਮ ਕੀ ਪਉੜੀ” ਸੋਰਠਿ ਮਹਲਾ ੫, ੪. ਰਿਵਾਜ, ਰਸਮ, ਕੁਲ ਅਥਵਾ ਦੇਸ਼ ਦੀ ਰੀਤ ੫. ਫਰਜ਼, ਡਿਉਟੀ, ੬. ਨਿਆਂ, ਇਨਸਾਫ਼, ੭. ਤੱਤਾਂ ਦੇ ਸ਼ਬਦ ਸਪਰਸ਼ ਆਦਿ ਦੇ ਗੁਣ।
ਧਰਮ ਦੇ ਅੰਗ—
ਧੀਰਜ, ਖਿਮਾ, ਮਨ ਨੂੰ ਵੱਸ ਕਰਨਾ, ਚੋਰੀ ਦਾ ਤਿਆਗ ਕਰਨਾ, ਪਵਿੱਤ੍ਰਤਾ, ਇੰਦ੍ਰੀਆਂ ਨੂੰ ਕੁਕਰਮਾਂ ਤੋਂ ਰੋਕਣਾ, ਨਿਰਮਲ ਬੁੱਧਿ, ਵਿਦਿਆ ਦਾ ਅਭਿਆਸ, ਸਤਯ, ਕ੍ਰੋਧ ਦਾ ਤਿਆਗ ਕਰਨਾ ਇਹ ਦਸ ਰੂਪ ਧਰਮ ਦੇ ਅੰਗ ਹਨ।
ਧਰਮ ਦਾ ਲਿਬਾਸ ਪਹਿਨੀ ਬਾਬਿਆਂ ਨੇ ਕਾਮ, ਕ੍ਰੋਧ, ਲੋਭ, ਮੋਹ ਤੇ ਅੰਹਕਾਰ `ਤੇ ਧੂੰਆਂ ਧਾਰ ਪ੍ਰਵਚਨ ਕੀਤੇ ਹਨ। ਇਹਨਾਂ ਦੇ ਕੀਮਤੀ ਬੋਲ ਸੁਣ ਕੇ ਲੋਕ ਅੱਸ਼ ਅੱਸ਼ ਕਰ ਉੱਠਦੇ ਹਨ। ਲੋਕਾਂ ਨੇ ਇਹਨਾਂ `ਤੇ ਏਨਾ ਭਰੋਸਾ ਕਰ ਲਿਆ ਕਿ ਲੋਕਾਂ ਨੇ ਇਹਨਾਂ ਨੂੰ ਭਗਵਾਨ ਦਾ ਦਰਜਾ ਹੀ ਦੇਣਾ ਸ਼ੁਰੂ ਕਰ ਦਿੱਤਾ। ਕਈਆਂ ਥਾਂਵਾਂ `ਤੇ ਚਲਦੀਆਂ ਫਿਰਦੀਆਂ ਜ਼ਿਉਂਦੀਆਂ ਅਖੌਤੀ ਧਰਮੀ ਲਾਸ਼ਾਂ `ਤੇ ਜਾਂ ਮਰ ਚੁੱਕੇ ਅਖੌਤੀ ਭਗਵਾਨਾਂ ਦੇ ਲੋਕਾਂ ਨੇ ਮੰਦਰ ਹੀ ਬਣਾ ਲਏ ਹਨ। ਅਜੇਹਿਆਂ ਮੰਦਰਾਂ ਵਿੱਚ ਹੀਰੇ ਸੋਨਾ ਚਾਂਦੀ ਤੇ ਰਪਇਆ ਖੁਲ੍ਹੇ ਰੂਪ ਵਿੱਚ ਚੜ੍ਹਦਾ ਆਮ ਟੀ ਵੀ `ਤੇ ਦਖਾਇਆ ਜਾ ਰਿਹਾ ਹੈ। ਭਾਰਤੀ ਮੰਦਰ ਅਮੀਰ ਹੋ ਰਹੇ ਪਰ ਕਿਰਤੀ ਆਪਣੀ ਤਕਦੀਰ ਸੰਵਾਰਨ ਲਈ ਗਰੀਬ ਹੋ ਰਹੇ ਹਨ। ਵਿਚਾਰੇ ਲੋਕ ਪੱਥਰ ਦੀਆਂ ਬਣੀਆਂ ਮੂਰਤੀਆਂ ਅੱਗੇ ਪੈਸਿਆਂ ਦੇ ਢੇਰ ਲਗਾ ਕੇ ਮੰਨਤਾਂ ਮੰਨਣ ਵਿੱਚ ਲੱਗੇ ਹੋਏ ਹਨ।
ਇਹਨਾਂ ਦੇ ਚੇਲੇ ਚੇਲੀਆਂ ਨੇ ਲੋਕਾਂ ਨੂੰ ਸਮਝਾਉਣਾ ਸ਼ੂਰੂ ਕਰ ਦਿੱਤਾ ਕਿ ਭਗਵਾਨ ਜੀ ਜਦੋਂ ਮੌਜ ਵਿੱਚ ਆਉਂਦੇ ਹਨ ਤਾਂ ਬਖਸ਼ਿਸ਼ਾਂ ਦੇ ਦਰਵਾਜ਼ੇ ਖੋਲ੍ਹ ਦੇਂਦੇ ਹਨ। ਕੁੱਝ ਲਾਲਚ ਵੱਸ, ਕੁੱਝ ਮੁਕਤੀ ਦੀ ਭਾਲ ਵੱਸ ਅਤੇ ਕੋਈ ਆਪਣੀ ਮਨੋ ਕਾਮਨਾ ਪੂਰੀ ਕਰਾਉਣ ਲਈ ਧਰਮੀ ਬਾਬਿਆਂ ਦੇ ਸ਼ਬਦ ਜਾਲ ਵਿੱਚ ਫਸ ਜਾਂਦੇ ਹਨ। ਬਾਬਿਆਂ ਨੂੰ ਪਹਿਲੀ ਗਲਤੀ ਕਰਨੀ ਹੀ ਔਖੀ ਲੱਗਦੀ ਹੈ ਅਗਾਂਹ `ਤੇ ਆਪੇ ਹੀ ਰਾਹ ਖੁਲ੍ਹ ਜਾਂਦਾ ਹੈ। ਇਹ ਸਿਲਸਲਾ ਲੰਬਾ ਸਮਾਂ ਚਲਦਾ ਰਹਿੰਦਾ ਹੈ। ਇਹ ਰਾਜ਼ ਓਦੋਂ ਖੁਲ੍ਹਦਾ ਹੈ ਜਦੋਂ ਕਿਸੇ ਅਣਖੀ ਪਰਵਾਰ ਨਾਲ ਪੰਗਾ ਪੈ ਜਾਂਦਾ ਹੈ। ਫਿਰ ਸਾਰੀਆਂ ਅਗਲੀਆਂ ਪਿੱਛਲੀਆਂ ਕੜੀਆਂ ਜੁੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਕੁੱਝ ਪਰਵਾਰ ਸ਼ਰਮ ਦੇ ਮਾਰੇ ਆਪਣੀ ਗੱਲ ਪ੍ਰਗਟ ਹੀ ਨਹੀਂ ਕਰਦੇ।
ਪਿੱਛਲੇ ਕੁੱਝ ਸਮੇਂ ਤੋਂ ਮੰਨੇ ਪ੍ਰਮੰਨੇ ਅਖੌਤੀ ਧਰਮੀ ਬਾਬੇ ਆਪਣਿਆਂ ਪ੍ਰਵਚਨਾ ਨਾਲ ਲੋਕਾਂ ਨੂੰ ਕਾਮ ਤੋਂ ਬਚਣ ਦਾ ਉਪਦੇਸ਼ ਦੇਂਦੇ ਆ ਰਹੇ ਸਨ ਅੱਜ ਉਹੀ ਬਾਬੇ ਜੇਲ੍ਹ ਦੀ ਚਾਰ ਦੁਆਰੀ ਵਿੱਚ ਕੈਦ ਹਨ ਅਤੇ ਦਰਜਨ ਦੇ ਕਰੀਬ ਬਲਾਤਕਾਰ, ਜ਼ਮੀਨਾਂ `ਤੇ ਜਬਰੀ ਕਬਜ਼ੇ ਅਤੇ ਕਤਲ ਦੇ ਜੁਰਮਾਂ ਦਾ ਸਾਹਮਣਾ ਕਰਦੇ ਹੋਏ ਕਚਿਹਰੀਆਂ ਦੇ ਚੱਕਰ ਕੱਢ ਰਹੇ ਹਨ। ਇਹਨਾਂ ਅਖੌਤੀ ਧਰਮੀਆਂ `ਤੇ ਕਿਸੇ ਨੇ ਬੜਾ ਪਿਆਰਾ ਵਿਅੰਗ ਕੀਤਾ ਹੈ—ਕਹਿੰਦੇ ਨੇ ਕੋਈ ਆਦਮੀ ਡੇਰਿਆਂ ਦੀ ਅੰਦਰੂਨੀ ਹਾਲਤ ਦੇਖਣ ਲਈ ਗਿਆ- ਪਹਿਲੇ ਡੇਰੇ `ਤੇ ਪਹੁੰਚਾ ਤਾਂ ਅੱਗੇ ਬੱਚੇ ਬਹੁਤ ਰੌਲ਼ਾ ਪਾ ਰਹੇ ਸਨ। ਯਾਤਰੀ ਪੁੱਛਦਾ ਇਹ ਡੇਰਾ ਕਿੰਨ੍ਹਾਂ ਦਾ ਹੈ ਅੱਗੋਂ ਜਵਾਬ ਮਿਲਿਆ ਇਹ ਡੇਰਾ ਬ੍ਰਹਮਚਾਰੀਆ ਦਾ ਹੈ। ਦੂਜੇ ਡੇਰੇ `ਤੇ ਪਹੁੰਚ ਕੇ ਕੀ ਦੇਖਦਾ ਹੈ ਕਿ ਹਾਥੀ, ਘੋੜੇ, ਰੰਗ ਬਰੰਗੀਆਂ ਚੰਮ ਚੰਮ ਕਰਦੀਆਂ ਕਾਰਾਂ ਖੜੀਆਂ ਸਨ। ਯਾਤਰੀ ਪੁੱਛਦਾ ਹੈ ਇਹ ਡੇਰਾ ਕਿੰਨ੍ਹਾਂ ਦਾ ਹੈ ਅੱਗੋਂ ਜੁਆਬ ਮਿਲਿਆ ਇਹ ਡੇਰਾ ਸੰਨਿਆਸੀਆਂ ਦਾ ਹੈ। ਤੀਜੇ ਮੰਦਰ ਵਿੱਚ ਪੈਸਿਆਂ ਨਾਲ ਨਕੋ ਨੱਕ ਭਰੀਆਂ ਗੋਲਕਾਂ ਦੇਖ ਕੇ ਪੁੱਛਦਾ ਹੈ ਜੀ ਏੱਥੇ ਕਿਹੜੇ ਮਹਾਂਰਾਜ ਜੀ ਰਹਿੰਦੇ ਤਾਂ ਅੱਗੋਂ ਸਹਿ-ਸੁਭਾਅ ਉੱਤਰ ਮਿਲਿਆ ਕਿ ਜੀ ਏੱਥੇ ਤਿਆਗੀ ਸਾਧੂ ਰਹਿੰਦੇ ਹਨ।
ਇਹ ਸਾਡਾ ਮੁਲਖ ਹੀ ਹੈ ਜਿੱਥੇ ਨਾਂਗੇ ਸਾਧ, ਜਟਾਂ ਵਧਾਈ ਜੋਗੀ, ਲੰਬੇ ਚੋਲਿਆਂ ਵਾਲੇ ਭੇਖੀ ਸਾਧ ਤੇ ਗ੍ਰਹਿਸਤ ਤੋਂ ਭਗੌੜੇ ਧਰਮੀ ਸਾਧੂ ਹਰਲ ਹਰਲ ਕਰਦੇ ਫਿਰਦੇ ਨਜ਼ਰ ਆਉਂਦੇ ਹਨ। ਇਹ ਠੀਕ ਹੈ ਕਿ ਆਮ ਪਰਵਾਰਾਂ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਹਨ ਪਰ ਉਹ ਆਪਸੀ ਵਿਚਾਰ ਵਟਾਂਦਰੇ ਦੁਆਰਾ ਠੀਕ ਕੀਤੀਆਂ ਜਾ ਸਕਦੀਆਂ ਹਨ। ਪਰਵਾਰ ਵਿਚਾਰ ਵਟਾਂਦਰੇ ਦੀ ਥਾਂ `ਤੇ ਸਾਧਾਂ ਦੇ ਡੇਰਿਆਂ ਤੋਂ ਆਪਣੀ ਮੁਸ਼ਕਲ ਦਾ ਧਰਮ ਦੇ ਨਾਂ `ਤੇ ਹੱਲ ਲੱਭਣ ਤੁਰ ਪੈਂਦੇ ਹਨ। ਇਹਨਾਂ ਲੋਕਾਂ ਦੇ ਪ੍ਰਵਚਨਾਂ ਤੋਂ ਇੰਜ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਇਹ ਸਾਡੀ ਮੁਸ਼ਕਲ ਹੱਲ ਕਰ ਦੇਣਗੇ। ਸਾਧਾਂ ਦੀ ਅਗਾਂਹ ਸਰਕਾਰੇ ਦਰਬਾਰੇ ਪੂਰੀ ਬਣੀ ਹੁੰਦੀ ਹੈ ਮਾੜਾ ਤੀੜਾ ਅਦਮੀ ਇਹਨਾਂ ਅੱਗੇ ਬੋਲ ਵੀ ਨਹੀਂ ਸਕਦਾ। ਵੋਟਾਂ ਦੀ ਗੰਦੀ ਰਾਜਨੀਤੀ ਕਰਕੇ ਡਕੈਤ ਸਾਧਾਂ ਨੂੰ ਸਰਕਾਰ ਹੱਥ ਪਉਣ ਤੋਂ ਹੀ ਡਰਦੀ ਹੈ।
ਆਸਾ ਰਾਮ `ਤੇ ਬਲਾਤਕਾਰੀ ਦਾ ਕੇਸ ਦਰਜ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਅਜੇਹੇ ਸ਼ਬਦ ਜਾਲ ਬੁਣਨ ਵਾਲੇ ਸਾਧਾਂ ਨੇ ਆਪਣੇ ਸ਼ਰਧਾਲੂਆਂ ਨੂੰ ਵੀ ਨਹੀਂ ਬਖਸ਼ਿਆ। ਸਿੱਖ ਸਮਾਜ ਵਿੱਚ ਵੀ ਕਈ ਸਾਧਾਂ ਦੀਆਂ ਕਰਤੂਤਾਂ ਜੱਗ ਜ਼ਾਹਰ ਹੋਈਆਂ ਹਨ। ਨਿਰਾ ਏਹੀ ਨਹੀਂ ਧਰਮ ਦੇ ਇਹਨਾਂ ਠੇਕੇਦਾਰਾਂ ਨੇ ਬਹੁਤ ਥਾਂਈ ਜ਼ਮੀਨਾਂ ਵੀ ਨੱਪੀਆਂ ਹੋਈਆਂ ਹਨ।
ਹਰ ਪਰਵਾਰ ਦੀਆਂ ਕੁੱਝ ਕੁ ਮੁਸ਼ਕਲਾਂ ਸਾਂਝੀਆਂ ਹਨ ਜਿਸ ਤਰ੍ਹਾਂ ਸੰਤਾਨ ਦਾ ਨਾ ਹੋਣਾ ਜਾਂ ਮੁੰਡੇ ਦੀ ਲਾਲਸਾ, ਕਾਰੋਬਾਰ ਵਿੱਚ ਅਚਾਨਕ ਘਾਟਾ ਪੈ ਜਾਣਾ, ਵੀਜ਼ਾ ਲਗਾਉਣਾ ਜਾਂ ਰਿਸ਼ਤਿਆਂ ਦਾ ਨਾ ਹੋਣਾ ਇਤਿਆਦਿਕ ਸਮੱਸਿਆਵਾਂ ਵਿੱਚ ਪ੍ਰਵਾਰ ਘਿਰੇ ਹਨ। ਲੋਕ ਸੋਚਦੇ ਹਨ ਕਿ ਸ਼ਾਇਦ ਬਾਬਾ ਜੀ ਦੇ ਪਵਿੱਤ੍ਰ ਪੈਰ ਸਾਡੇ ਘਰ ਵਿੱਚ ਪੈ ਜਾਣਗੇ ਤਾਂ ਸਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਇਸ ਭਿਆਨਕ ਚੱਕਰ ਵਿੱਚ ਪਰਵਾਰ ਆਪਣੀ ਇਜ਼ੱਤ ਗਵਾ ਬੈਠਦੇ ਹਨ। ਇਹ ਸਾਧ ਪ੍ਰਵਾਰਾਂ ਦੇ ਪ੍ਰਵਾਰ ਛੱਕ ਵੀ ਡਕਾਰ ਨਹੀਂ ਮਾਰਦੇ।
ਬਾਸਨ ਮਾਂਜਿ ਚਰਾਵਹਿ ਊਪਰਿ, ਕਾਠੀ ਧੋਇ ਜਲਾਵਹਿ।।
ਬਸੁਧਾ ਖੋਦਿ ਕਰਹਿ ਦੁਇ ਚੂਲੇੑ, ਸਾਰੇ ਮਾਣਸ ਖਾਵਹਿ।। ੨।।
ਬਾਣੀ ਕਬੀਰ ਜੀ ਕੀ ਪੰਨਾ ੪੭੬

ਦਰਅਸਲ ਪਰਵਾਰਾਂ ਦੀਆਂ ਬੀਬੀਆਂ ਵਿੱਚ ਇਹਨਾਂ ਧਰਮ ਦੇ ਅਖੌਤੀ ਠੇਕੇਦਾਰਾਂ `ਤੇ ਅੰਨ੍ਹੀ ਸ਼ਰਧਾ ਹੁੰਦੀ ਹੈ। ਜੇ ਇਹਨਾਂ `ਤੇ ਅਜੇਹਾ ਕੇਸ ਬਣਦਾ ਵੀ ਹੈ ਤਾਂ ਅੰਨ੍ਹੀ ਸ਼ਰਧਾ ਦੇ ਵੱਸ ਉੱਲੂ ਭਾਵ ਸ਼ਰਧਾਲੂ ਫਿਰ ਵੀ ਸੱਚ ਮੰਨਣ ਲਈ ਤਿਆਰ ਨਹੀਂ ਹੁੰਦੇ। ਫਿਰ ਵੀ ਕਤਾਰਾਂ ਬੰਨ੍ਹ ਬੰਨ੍ਹ ਕੇ ਅਸ਼ੀਰਵਾਦ ਲੈਣ ਲਈ ਤਰਲੋ ਮੱਛੀ ਹੁੰਦੇ ਦੇਖੇ ਗਏ ਹਨ।
ਸਾਰੇ ਹੀ ਧਰਮਾਂ ਦੇ ਕਈ ਪੁਜਾਰੀਆਂ `ਤੇ ਕਿਤੇ ਨਾ ਕਿਤੇ ਬਦ-ਇਖਲਾਕ ਦਾ ਧੱਬਾ ਲੱਗਿਆ ਹੋਇਆ ਹੀ ਨਜ਼ਰ ਆਉਂਦਾ ਹੈ। ਇਹਨਾਂ ਤੋਂ ਬਚਣ ਦਾ ਇਕੋ ਇੱਕ ਤਰੀਕਾ ਹੈ ਕਿ—
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ।।
ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ।।
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ।। ੧।।
(ਪੰਨਾ ੧੨੪੫)

ਲੋਕਾਂ ਵਿੱਚ ਜਾਗਰਤੀ ਲਿਆਉਣ ਦੀ ਲੋੜ ਹੈ ਤੇ ਲੋਕਾਂ ਨੂੰ ਹੀ ਅੱਗੇ ਆਉਣ ਦੀ ਲੋੜ ਹੈ।




.