.

ਸਭ ਕੁਝ ਪ੍ਰਮਾਤਮਾ ਦੇ ਭੈਅ ਵਿੱਚ ਹੈ

ਸਤਿੰਦਰਜੀਤ ਸਿੰਘ

ਇਸ ਸੰਸਾਰ ਦੀ ਉਤਪਤੀ ਕਦੋਂ ‘ਤੇ ਕਿਵੇਂ ਹੋਈ? ਇਸ ਸੰਬੰਧੀ ਪੂਰਾ ਜਾਨਣ ਲਈ ਪ੍ਰਯੋਗ ਲਗਾਤਾਰ ਜਾਰੀ ਹਨ। ਸਾਇੰਸ ਇਸ ਖੇਤਰ ਵਿੱਚ ਬਹੁਤ ਮਹੱਤਵਪੂਰਨ ਕਾਰਜ ਕਰ ਰਹੀ ਹੈ। ਗੁਰੂ ਸਾਹਿਬ ਸੰਸਾਰ ਦੀ ਉਤਪਤੀ ਬਾਰੇ ਗਿਆਨ ਬਹੁਤ ਪਹਿਲਾਂ ਦੇ ਗਏ ਹਨ। ਜਪੁ ਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਇਸ ਬਾਰੇ ਸਮਝਾਉਂਦੇ ਹਨ:

ਕੀਤਾ ਪਸਾਉ ਇਕੋ ਕਵਾਉ ॥ ਤਿਸ ਤੇ ਹੋਏ ਲਖ ਦਰਿਆਉ ॥ {ਪੰਨਾ 3}

ਗੁਰਬਾਣੀ ਵਿੱਚੋਂ ਸਾਨੂੰ ਸਮਝ ਆਉਂਦੀ ਹੈ ਕਿ ਜਦੋਂ ਇਹ ਸ਼੍ਰਿਸ਼ਟੀ ਬਣੀ, ਉਸ ਸਮੇਂ ਕੀ ਦਿਨ, ਕੀ ਸਮਾਂ ਜਾਂ ਕੀ ਮੌਸਮ ਜਾਂ ਹਾਲਾਤ ਸੀ ਇਸ ਬਾਰੇ ਪੰਡਿਤਾਂ, ਕਾਜ਼ੀਆਂ ਸਮੇਤ ਕਿਸੇ ਨੂੰ ਕੁੱਝ ਨਹੀਂ ਪਤਾ ਸਿਵਾਏ ‘ਕਰਤਾ ਪੁਰਖ’ ਅਕਾਲ ਪੁਰਖ ਪ੍ਰਮਾਤਮਾ ਦੇ ਜੋ ਕਿ ਖੁਦ ਇਸ ਸੰਸਾਰ ਨੂੰ ਸਾਜਣ ਵਾਲਾ ਹੈ:

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ॥

ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ॥

ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ॥

ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ॥

ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥

ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥ {ਪੰਨਾ 4}

ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਪ੍ਰਮਾਤਮਾ ਨੇ ਆਪਣੇ-ਆਪ ਨੂੰ ਸਾਜਿਆ ‘ਤੇ ਫਿਰ ਉਸਨੇ ਕੁਦਰਤ ਭਾਵ ਸ਼੍ਰਿਸ਼ਟੀ ਦੀ ਰਚਨਾ ਕੀਤੀ ‘ਤੇ ਬੈਠ ਕੇ ਜਗਤ ਤਮਾਸ਼ਾ ਦੇਖ ਰਿਹਾ ਹੈ:

ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ {ਪੰਨਾ 463}

ਇਸ ਪ੍ਰਕਾਰ ਗੁਰਬਾਣੀ ਦੀ ਰੌਸ਼ਨੀ ਵਿੱਚ ਅਸੀਂ ਸਮਝ ਸਕਦੇ ਹਾਂ ਕਿ ਸਭ ਕੁੱਝ ਪ੍ਰਮਾਤਮਾ ਦੇ ਅਧੀਨ ਹੈ, ਉਸ ਦੇ ਭੈਅ ਵਿੱਚ ਹੈ। ਹਵਾ ਸਦਾ ਹੀ ਰੱਬ ਦੇ ਡਰ ਵਿਚ ਚੱਲ ਰਹੀ ਹੈ । ਲੱਖਾਂ ਦਰਿਆ ਵੀ ਭੈਅ ਵਿੱਚ ਹੀ ਵਗ ਰਹੇ ਹਨ, ਅੱਗ ਵੀ ਰੱਬ ਦੇ ਭੈਅ ਵਿੱਚ ਹੀ ਹੈ, ਰੱਬ ਦੇ ਭੈਅ ਵਿੱਚ ਇੰਦਰ ਰਾਜਾ ਸਿਰ ਦੇ ਭਾਰ ਫਿਰ ਰਿਹਾ ਹੈ, ਧਰਮ-ਰਾਜ ਦਾ ਦਰਬਾਰ ਵੀ ਰੱਬ ਦੇ ਡਰ ਵਿੱਚ ਹੈ, ਸੂਰਜ ਵੀ ਤੇ ਚੰਦ੍ਰਮਾ ਵੀ ਰੱਬ ਦੇ ਹੁਕਮ ਵਿੱਚ ਹਨ, ਸਿੱਧ, ਬੁੱਧ, ਦੇਵਤੇ ‘ਤੇ ਨਾਥ ਸਾਰੇ ਰੱਬ ਦੇ ਭੈਅ ਵਿੱਚ ਹਨ। ਇਹ ਆਕਾਸ਼, ਵੱਡੇ-ਵੱਡੇ ਬਲ ਵਾਲੇ ਜੋਧੇ ‘ਤੇ ਸੂਰਮੇ ਸਭ ਰੱਬ ਦੇ ਭੈਅ ਵਿੱਚ ਹਨ, ਸਾਰੀ ਧਰਤੀ ਰੱਬ ਦੇ ਡਰ ਦੇ ਭਾਰ ਹੇਠ ਨੱਪੀ ਪਈ ਹੈ। ਕੇਵਲ ਇਕ ਸੱਚਾ ਨਿਰੰਕਾਰ ਹੀ ਭੈ-ਰਹਿਤ ਹੈ:

ਸਲੋਕ ਮਃ ੧ ॥

ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥

ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ ॥

ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ ਰਾਜਾ ਧਰਮ ਦੁਆਰੁ ॥

ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥

ਭੈ ਵਿਚਿ ਸਿਧ ਬੁਧ ਸੁਰ ਨਾਥ ॥ ਭੈ ਵਿਚਿ ਆਡਾਣੇ ਆਕਾਸ ॥

ਭੈ ਵਿਚਿ ਜੋਧ ਮਹਾਬਲ ਸੂਰ ॥ ਭੈ ਵਿਚਿ ਆਵਹਿ ਜਾਵਹਿ ਪੂਰ ॥

ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥

{ਪੰਨਾ 15}

ਗੁਰਬਾਣੀ ਵਿੱਚ ਬ੍ਰਹਿਮੰਡ, ਸ਼੍ਰਿਸ਼ਟੀ ਦੇ ਹੋਂਦ ਵਿੱਚ ਆਉਣ ਦੇ ਵਰਤਾਰੇ ਦਾ ਜ਼ਿਕਰ ਮਿਲਦਾ ਹੈ ਜਿਸ ਅਨੁਸਾਰ ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾਂ ਜਿਸ ਦੀ ਗਿਣਤੀ ਦੇ ਵਾਸਤੇ ‘ਅਰਬਦ-ਨਰਬਦ’ ਵਰਗੇ ਸ਼ਬਦ ਵੀ ਨਹੀਂ ਵਰਤੇ ਜਾ ਸਕਦੇ, ਐਸੀ ਘੁੱਪ ਹਨੇਰੇ ਦੀ ਹਾਲਤ ਸੀ। ਉਸ ਸਮੇਂ ਨਾਂ ਧਰਤੀ ਸੀ, ਨਾਂ ਆਕਾਸ਼ ਸੀ ਅਤੇ ਨਾਂ ਹੀ ਕਿਤੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ। ਉਸ ਸਮੇਂ ਨਾਂ ਦਿਨ ਸੀ, ਨਾਂ ਰਾਤ ਸੀ, ਨਾਂ ਚੰਦ ਸੀ, ਨਾਂ ਸੂਰਜ ਸੀ। ਉਸ ਸਮੇਂ ਸਿਰਫ ਪਰਮਾਤਮਾ ਆਪਣੇ-ਆਪ ਵਿੱਚ ਹੀ ਸਮਾਧੀ ਲਗਾਈ ਬੈਠਾ ਸੀ, ਜਿਸ ਵਿੱਚ ਕੋਈ ਕਿਸੇ ਕਿਸਮ ਦੀ ਤਰਕੀਬ ਨਹੀਂ ਸੀ:

ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥

ਨ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥1॥

ਉਸ ਸਮੇਂ ਨਾਂ ਜਗਤ-ਰਚਨਾ ਦੀਆਂ ਚਾਰ ਖਾਣੀਆਂ ਸਨ, ਨਾਂ ਜੀਵਾਂ ਦੀਆਂ ਬਾਣੀਆਂ ਸਨ। ਉਸ ਵੇਲੇ ਨਾਂ ਹਵਾ ਸੀ, ਨਾਂ ਪਾਣੀ ਸੀ, ਨਾਂ ਉਤਪਤੀ ਸੀ, ਨਾਂ ਪਰਲੋ ਸੀ, ਨਾਂ ਜੰਮਣ ਸੀ, ਨਾਂ ਮਰਨ ਸੀ। ਉਸ ਸਮੇਂ ਨਾਂ ਧਰਤੀ ਦੇ ਨੌਂ ਖੰਡ ਸਨ, ਨਾਂ ਪਾਤਾਲ ਸੀ, ਨਾਂ ਸੱਤ ਸਮੁੰਦਰ ਸਨ ‘ਤੇ ਨਾਂ ਹੀ ਨਦੀਆਂ ਵਿੱਚ ਪਾਣੀ ਵਹਿ ਰਿਹਾ ਸੀ:

ਖਾਣੀ ਨ ਬਾਨੀ ਪਾਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥

ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥2॥

ਤਦ ਨਾ ਸੁਰਗ-ਲੋਕ ਸੀ, ਨਾ ਮਾਤ-ਲੋਕ ਸੀ ਤੇ ਨਾ ਹੀ ਪਤਾਲ ਸੀ। ਉਸ ਸਮੇਂ ਨਾ ਕੋਈ ਦੋਜ਼ਖ਼ ਸੀ, ਨਾ ਬਹਿਸ਼ਤ ਸੀ ‘ਤੇ ਨਾ ਹੀ ਮੌਤ ਲਿਆਉਣ ਵਾਲਾ ਕਾਲ ਸੀ ਅਤੇ ਨਾ ਹੀ ਜੰਮਣ-ਮਰਨ ਸੀ:

ਨਾ ਤਦਿ ਸੁਰਗੁ ਮਛੁ ਪਇਆਲਾ ॥ ਦੋਜਕੁ ਭਿਸਤੁ ਨਹੀ ਖੈ ਕਾਲਾ ॥

ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥3॥

ਉਸ ਵਕਤ ਨਾ ਕੋਈ ਬ੍ਰਹਮਾ ਸੀ, ਨਾ ਵਿਸ਼ਨੂੰ ਸੀ ‘ਤੇ ਨਾ ਹੀ ਸ਼ਿਵ ਸੀ। ਤਦੋਂ ਇੱਕ ਪਰਮਾਤਮਾ ਹੀ ਸੀ, ਹੋਰ ਕੋਈ ਵਿਅਕਤੀ ਨਹੀਂ ਸੀ ਦਿਸਦਾ। ਤਦ ਨਾ ਕੋਈ ਇਸਤ੍ਰੀ ਸੀ, ਨਾ ਕੋਈ ਮਰਦ ਸੀ, ਨਾ ਕੋਈ ਜਾਤੀ ਸੀ ਅਤੇ ਨਾ ਕਿਸੇ ਜਾਤੀ ਵਿੱਚ ਕੋਈ ਜਨਮ ਹੀ ਲੈਂਦਾ ਸੀ। ਨਾ ਕੋਈ ਦੁੱਖ ਭੋਗਣ ਵਾਲਾ ਜੀਵ ਹੀ ਸੀ:

ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥ ਅਵਰੁ ਨ ਦੀਸੈ ਏਕੋ ਸੋਈ ॥

ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥4॥

ਤਦ ਨਾ ਕੋਈ ਜਤੀ ਸੀ, ਨਾ ਕੋਈ ਸਤੀ ਸੀ ‘ਤੇ ਨਾ ਕੋਈ ਤਿਆਗੀ ਸੀ। ਤਦ ਨਾ ਕੋਈ ਸਿੱਧ ਸਨ, ਨਾ ਸਾਧਿਕ ਸਨ ‘ਤੇ ਨਾਹ ਹੀ ਕੋਈ ਗ੍ਰਹਿਸਤੀ ਸਨ। ਉਸ ਸਮੇਂ ਨਾ ਕੋਈ ਜੋਗੀਆਂ ਦਾ ‘ਤੇ ਨਾ ਕੋਈ ਜੰਗਮਾਂ ਦਾ ਭੇਖ ਸੀ ਅਤੇ ਨਾ ਹੀ ਕੋਈ ਜੋਗੀਆਂ ਦਾ ਗੁਰੂ ਅਖਵਾਉਣ ਵਾਲਾ ਸੀ:

ਨਾ ਤਦਿ ਜਤੀ ਸਤੀ ਬਨਵਾਸੀ ॥ ਨਾ ਤਦਿ ਸਿਧ ਸਾਧਿਕ ਸੁਖ ਵਾਸੀ ॥

ਜੋਗੀ ਜੰਗਮ ਭੇਖੁ ਨਾ ਕੋਈ ਨਾ ਕੋ ਨਾਥੁ ਕਹਾਇਦਾ ॥5॥

ਉਸ ਸਮੇਂ ਨਾ ਕਿਤੇ ਜਪ ਹੋ ਰਹੇ ਸਨ, ਨਾ ਤਪ ਹੋ ਰਹੇ ਸਨ, ਨਾ ਕਿਤੇ ਸੰਜਮ ਸਾਧੇ ਜਾ ਰਹੇ ਸਨ, ਨਾ ਵਰਤ ਰੱਖੇ ਜਾ ਰਹੇ ਸਨ ਅਤੇ ਨਾ ਹੀ ਪੂਜਾ ਕੀਤੀ ਜਾ ਰਹੀ ਸੀ। ਤਦ ਕੋਈ ਐਸਾ ਜੀਵ ਨਹੀਂ ਸੀ ਜੋ ਪਰਮਾਤਮਾ ਤੋਂ ਬਿਨ੍ਹਾਂ ਕਿਸੇ ਹੋਰ ਦਾ ਜ਼ਿਕਰ ਕਰ ਸਕਦਾ। ਤਦ ਪਰਮਾਤਮਾ ਆਪ ਹੀ ਆਪਣੇ ਆਪ ਵਿੱਚ ਪਰਗਟ ਹੋ ਕੇ ਖ਼ੁਸ਼ ਹੋ ਰਿਹਾ ਸੀ ‘ਤੇ ਆਪਣੇ ਵਡੱਪਣ ਦਾ ਮੁੱਲ ਆਪ ਹੀ ਪਾਉਂਦਾ ਸੀ:

ਜਪ ਤਪ ਸੰਜਮ ਨਾ ਬ੍ਰਤ ਪੂਜਾ ॥ ਨਾ ਕੋ ਆਖਿ ਵਖਾਣੈ ਦੂਜਾ ॥

ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥6॥

ਤਦ ਨਾ ਕਿਤੇ ਸੁੱਚ ਰੱਖੀ ਜਾ ਰਹੀ ਸੀ, ਨਾ ਕਿਤੇ ਕੋਈ ਸੰਜਮ ਕੀਤਾ ਜਾ ਰਿਹਾ ਸੀ, ਨਾ ਹੀ ਕਿਤੇ ਤੁਲਸੀ ਦੀ ਮਾਲਾ ਸੀ। ਤਦ ਨਾ ਕਿਤੇ ਕੋਈ ਗੋਪੀ ਸੀ, ਨਾ ਕੋਈ ਕਾਨ੍ਹ ਸੀ, ਨਾ ਕੋਈ ਗਊ ਸੀ, ਨਾ ਗਊਆਂ ਦਾ ਰਾਖਾ ਸੀ। ਤਦ ਨਾ ਕੋਈ ਤੰਤ੍ਰ-ਮੰਤ੍ਰ ਆਦਿਕ ਪਾਖੰਡ ਸੀ ‘ਤੇ ਨਾ ਕੋਈ ਬੰਸਰੀ ਵਜਾ ਰਿਹਾ ਸੀ:

ਨਾ ਸੁਚਿ ਸੰਜਮੁ ਤੁਲਸੀ ਮਾਲਾ ॥ ਗੋਪੀ ਕਾਨੁ ਨ ਗਊ ਗੋੁਆਲਾ ॥

ਤੰਤੁ ਮੰਤੁ ਪਾਖੰਡੁ ਨਾ ਕੋਈ ਨਾ ਕੋ ਵੰਸੁ ਵਜਾਇਦਾ ॥7॥

ਤਦ ਨਾ ਕਿਤੇ ਧਾਰਮਿਕ ਕਰਮ-ਕਾਂਡ ਸੀ, ਨਾ ਕਿਤੇ ਮਿੱਠੀ ਮਾਇਆ ਸੀ। ਤਦ ਨਾ ਕਿਤੇ ਕੋਈ ਉੱਚੀ-ਨੀਵੀਂ ਜਾਤ ਸੀ ‘ਤੇ ਨਾ ਹੀ ਕਿਸੇ ਜ਼ਾਤ ਵਿੱਚ ਕੋਈ ਜਨਮ ਲੈਂਦਾ ਅੱਖੀਂ ਦਿਸਦਾ ਸੀ। ਤਦ ਨਾ ਕਿਤੇ ਮਾਇਆ ਦੀ ਮਮਤਾ ਦਾ ਜਾਲ ਸੀ, ਨਾ ਕਿਤੇ ਕਿਸੇ ਦੇ ਸਿਰ ਉੱਤੇ ਕਾਲ ਸੀ। ਨਾ ਕੋਈ ਜੀਵ ਕਿਸੇ ਦਾ ਸਿਮਰਨ-ਧਿਆਨ ਧਰਦਾ ਸੀ:

ਕਰਮ ਧਰਮ ਨਹੀ ਮਾਇਆ ਮਾਖੀ ॥ ਜਾਤਿ ਜਨਮੁ ਨਹੀ ਦੀਸੈ ਆਖੀ ॥

ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥8॥

ਤਦ ਨਾ ਕਿਤੇ ਨਿੰਦਿਆ ਸੀ, ਨਾ ਖ਼ੁਸ਼ਾਮਦ ਸੀ, ਨਾ ਕੋਈ ਜੀਵਾਤਮਾ ਸੀ, ਨਾ ਕੋਈ ਜਿੰਦ ਸੀ। ਤਦ ਨਾ ਗੋਰਖ ਸੀ, ਨਾ ਮਾਛਿੰਦ੍ਰ ਨਾਥ ਸੀ। ਤਦ ਨਾ ਕਿਤੇ ਧਾਰਮਿਕ ਪੁਸਤਕਾਂ ਦੀ ਗਿਆਨ-ਚਰਚਾ ਸੀ, ਨਾ ਕਿਤੇ ਸਮਾਧੀ ਸੀ, ਤਦ ਨਾ ਕਿਤੇ ਕੁਲਾਂ ਦੀ ਉਤਪੱਤੀ ਸੀ ‘ਤੇ ਨਾ ਹੀ ਕੋਈ ਚੰਗੀ ਕੁਲ ਵਿੱਚ ਜੰਮਣ ਦਾ ਮਾਣ ਕਰਦਾ ਸੀ:

ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥ ਨਾ ਤਦਿ ਗੋਰਖੁ ਨਾ ਮਾਛਿੰਦੋ ॥

ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥9॥

ਤਦ ਨਾ ਕੋਈ ਬ੍ਰਾਹਮਣ-ਖੱਤਰੀ ਆਦਿਕ ਵਰਨ ਸਨ, ਨਾ ਕਿਤੇ ਜੋਗੀ-ਜੰਗਮ ਆਦਿਕ ਭੇਖ ਸਨ। ਤਦ ਨਾ ਕੋਈ ਦੇਵਤਾ ਸੀ ‘ਤੇ ਨਾ ਦੇਵਤੇ ਦਾ ਮੰਦਰ ਸੀ। ਤਦ ਨਾ ਕੋਈ ਗਊ ਸੀ, ਨਾ ਕਿਤੇ ਗਾਇਤ੍ਰੀ ਸੀ। ਨਾ ਕਿਤੇ ਹਵਨ ਸਨ, ਨਾ ਜੱਗ ਹੋ ਰਹੇ ਸਨ, ਨਾ ਕਿਤੇ ਤੀਰਥਾਂ ਦਾ ਇਸ਼ਨਾਨ ਸੀ ‘ਤੇ ਨਾਹ ਕੋਈ ਦੇਵ ਪੂਜਾ ਕਰ ਰਿਹਾ ਸੀ:

ਵਰਨ ਭੇਖ ਨਹੀ ਬ੍ਰਹਮਨ ਖਤ੍ਰੀ ॥ ਦੇਉ ਨ ਦੇਹੁਰਾ ਗਊ ਗਾਇਤ੍ਰੀ ॥

ਹੋਮ ਜਗ ਨਹੀ ਤੀਰਥ ਨਾਵਣੁ ਨਾ ਕੋ ਪੂਜਾ ਲਾਇਦਾ ॥10॥

ਤਦ ਨਾ ਕੋਈ ਮੌਲਵੀ ਸੀ, ਨਾ ਕਾਜ਼ੀ ਸੀ, ਨਾ ਕੋਈ ਸ਼ੇਖ਼ ਸੀ, ਨਾ ਹਾਜੀ ਸੀ। ਤਦ ਨਾ ਕਿਤੇ ਪਰਜਾ ਸੀ, ਨਾ ਕੋਈ ਰਾਜਾ ਸੀ, ਨਾ ਕਿਤੇ ਦੁਨੀਆਂ ਵਾਲੀ ਹਉਮੈ ਹੀ ਸੀ, ਨਾ ਕੋਈ ਇਹੋ ਜਿਹੀ ਗੱਲ ਹੀ ਕਰਨ ਵਾਲਾ ਸੀ:

ਨਾ ਕੋ ਮੁਲਾ ਨਾ ਕੋ ਕਾਜੀ ॥ ਨਾ ਕੋ ਸੇਖੁ ਮੁਸਾਇਕੁ ਹਾਜੀ ॥

ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥11॥

ਤਦ ਨਾ ਕਿਤੇ ਪ੍ਰੇਮ ਸੀ, ਨਾ ਕਿਤੇ ਭਗਤੀ ਸੀ, ਨਾ ਕਿਤੇ ਜੜ੍ਹ ਸੀ, ਨਾ ਚੇਤਨ ਸੀ। ਉਸ ਵਕਤ ਨਾ ਕਿਤੇ ਕੋਈ ਸੱਜਣ ਸੀ, ਨਾ ਮਿੱਤਰ ਸੀ, ਨਾ ਕਿਤੇ ਪਿਤਾ ਦਾ ਵੀਰਜ ਸੀ, ਨਾ ਮਾਂ ਦੀ ਰੱਤ ਸੀ। ਤਦ ਪਰਮਾਤਮਾ ਆਪ ਹੀ ਸ਼ਾਹ ਸੀ, ਆਪ ਹੀ ਵਣਜ ਕਰਨ ਵਾਲਾ ਸੀ, ਤਦ ਉਸ ਸਦਾ-ਥਿਰ ਪ੍ਰਭੂ ਨੂੰ ਇਹੋ ਕੁਝ ਚੰਗਾ ਲੱਗਦਾ ਸੀ:

ਭਾਉ ਨ ਭਗਤੀ ਨਾ ਸਿਵ ਸਕਤੀ ॥ ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥

ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥12॥

ਤਦ ਨਾ ਕਿਤੇ ਸ਼ਾਸਤ੍ਰ, ਸਿੰਮ੍ਰਿਤੀਆਂ ‘ਤੇ ਵੇਦ ਸਨ, ਨਾ ਕਿਤੇ ਕੁਰਾਨ-ਅੰਜੀਲ ਆਦਿਕ ਸ਼ਾਮੀ ਕਿਤਾਬਾਂ ਸਨ। ਤਦ ਕਿਤੇ ਪੁਰਾਣਾਂ ਦੇ ਪਾਠ ਵੀ ਨਹੀਂ ਸਨ,ਤਦ ਨਾ ਕਿਤੇ ਸੂਰਜ ਦਾ ਚੜ੍ਹਨਾ ਸੀ ਅਤੇ ਨਾ ਡੁੱਬਣਾ ਸੀ। ਤਦ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰ੍ਹੇ ਰਹਿਣ ਵਾਲਾ ਪਰਮਾਤਮਾ ਆਪ ਹੀ ਬੋਲਣ-ਚੱਲਣ ਵਾਲਾ ਸੀ, ਆਪ ਹੀ ਅਦ੍ਰਿਸ਼ਟ ਸੀ ‘ਤੇ ਆਪ ਹੀ ਆਪਣੇ ਆਪ ਨੂੰ ਪ੍ਰਗਟ ਕਰਨ ਵਾਲਾ ਸੀ:

ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥ ਪਾਠ ਪੁਰਾਣ ਉਦੈ ਨਹੀ ਆਸਤ ॥

ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ ॥13॥

ਅੱਗੇ ਗੁਰੂ ਸਾਹਿਬ ਦੱਸਦੇ ਹਨ ਕਿ ਜਦੋਂ ਉਸ ਪਰਮਾਤਮਾ ਨੂੰ ਚੰਗਾ ਲੱਗਾ ਤਾਂ ਉਸ ਨੇ ਜਗਤ ਪੈਦਾ ਕਰ ਦਿੱਤਾ ਅਤੇ ਇਸ ਸਾਰੇ ਜਗਤ ਖਿਲਾਰੇ ਨੂੰ ਉਸ ਨੇ ਬਿਨ੍ਹਾਂ ਕਿਸੇ ਦਿਸਦੇ ਸਹਾਰੇ ਤੋਂ ਆਪੋ-ਆਪਣੇ ਜਗ੍ਹਾ ਟਿਕਾ ਦਿੱਤਾ। ਫਿਰ ਉਸਨੇ ਦੁਨੀਆਂ ਨੂੰ ਬਣਾਉਣ,ਪਾਲਣ ‘ਤੇ ਮਾਰਨ ਵਾਲੇ ਮੰਨੇ ਜਾਂਦੇ ਤਿਂ ਦੇਵਤੇ ਬ੍ਰਹਮਾ, ਵਿਸ਼ਨੂੰ ‘ਤੇ ਸ਼ਿਵ ਵੀ ਪੈਦਾ ਕਰ ਦਿੱਤੇ ਭਾਵ ਕਿ ਇਹ ਤਿੰਨ ਵੀ ਉਸ ਸਦਾ-ਥਿਰ ਪ੍ਰਮਾਤਮਾ ਦੇ ਅਧੀਨ ਹਨ, ਫਿਰ ਜਗਤ ਵਿੱਚ ਮਾਇਆ ਦਾ ਮੋਹ ਵੀ ਵਧਾ ਦਿੱਤਾ:

ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥ ਬਾਝੁ ਕਲਾ ਆਡਾਣੁ ਰਹਾਇਆ ॥

ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ ॥14॥

ਜਿਸ ਕਿਸੇ ਬੰਦੇ ਨੂੰ ਗੁਰੂ ਨੇ ਉਪਦੇਸ਼ ਸੁਣਾਇਆ ਉਸ ਨੂੰ ਸਮਝ ਆ ਗਈ ਕਿ ਪ੍ਰਮਾਤਮਾ ਜਗਤ ਪੈਦਾ ਕਰ ਕੇ, ਆਪ ਹੀ ਸੰਭਾਲ ਰਿਹਾ ਹੈ, ਹਰ ਥਾਂ ਉਸ ਦਾ ਹੁਕਮ ਚੱਲ ਰਿਹਾ ਹੈ। ਇਹ ਸਾਰੇ ਖੰਡ, ਬ੍ਰਹਿਮੰਡ, ਪਾਤਾਲ ਆਦਿ ਉਸ ਪਰਮਾਤਮਾ ਨੇ ਆਪ ਹੀ ਬਣਾਏ ਹਨ ‘ਤੇ ਉਹ ਆਪ ਹੀ ਗੁਪਤ ਹਾਲਤ ਤੋਂ ਪ੍ਰਗਟ ਹੋਇਆ ਹੈ:

ਵਿਰਲੇ ਕਉ ਗੁਰਿ ਸਬਦੁ ਸੁਣਾਇਆ ॥ ਕਰਿ ਕਰਿ ਦੇਖੈ ਹੁਕਮੁ ਸਬਾਇਆ ॥

ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ ॥15॥

ਫਿਰ ਗੁਰੂ ਸਾਹਿਬ ਦੱਸਦੇ ਹਨ ਕਿ ਪੂਰੇ ਅਤੇ ਸੱਚੇ ਗੁਰੂ ਤੋਂ ਇਹ ਸਮਝ ਪੈਂਦੀ ਹੈ ਕਿ ਕੋਈ ਵੀ ਜੀਵ ਪ੍ਰਮਾਤਮਾ ਦੀ ਤਾਕਤ ਦਾ ਅੰਤ ਨਹੀਂ ਜਾਣ ਸਕਦਾ । ਹੇ ਨਾਨਕ! ਜੇਹੜੇ ਬੰਦੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ-ਰੰਗ ਵਿੱਚ ਰੰਗੇ ਜਾਂਦੇ ਹਨ ਉਹ ਉਸ ਦੀ ਬੇਅੰਤ ਤਾਕਤ ਦੇ ਕੌਤਕ ਵੇਖ-ਵੇਖ ਕੇ ਹੈਰਾਨ ਹੀ ਹੈਰਾਨ ਹੁੰਦੇ ਹਨ ਤੇ ਉਸ ਦੇ ਗੁਣ ਗਾਉਂਦੇ ਰਹਿੰਦੇ ਹਨ:

ਤਾ ਕਾ ਅੰਤੁ ਨ ਜਾਣੈ ਕੋਈ ॥ ਪੂਰੇ ਗੁਰ ਤੇ ਸੋਝੀ ਹੋਈ ॥

ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ ॥16॥3॥15॥

{ ਪੰਨਾ 1035}

ਉਪਰੋਕਤ ਸ਼ਬਦ ਤੋਂ ਇਹ ਸਪੱਸ਼ਟ ਹੈ ਕਿ ਜਦੋਂ ਇੱਥੇ ਕੁੱਝ ਵੀ ਨਹੀਂ ਸੀ, ਉਸ ਵਕਤ ਪ੍ਰਮਾਤਮਾ ਆਪਣੇ-ਆਪ ਵਿੱਚ ਸੀ ਅਤੇ ਇਹ ਸਾਰਾ ਜਗਤ ਪਸਾਰਾ ਉਸ ਪ੍ਰਮਾਤਮਾ ਨੇ ਆਪਣੀ ਮਰਜ਼ੀ ਨਾਲ ਬਣਾਇਆ ਹੈ। ਉਸਨੇ ਆਪਣੇ-ਆਪ ਤੋਂ, ‘ਜ਼ੀਰੋ’ ਵਾਲੀ ਹਾਲਤ ਤੋਂ ਹਵਾ,ਪਾਣੀ, ਬ੍ਰਹਮਾ,ਵਿਸ਼ਨੂੰ ਅਤੇ ਮਹੇਸ਼, ਇਨਸਾਨੀ ਪੰਜ ਗਿਆਨ ਇੰਦ੍ਰੀਆਂ, ਮਨ ਅਤੇ ਬੁੱਧੀ, ਧਰਤੀ,ਆਕਾਸ਼,ਸੂਰਜ ਅਤੇ ਚੰਦ, ਦਿਨ-ਰਾਤ, ਸੁੱਖ-ਦੁੱਖ, ਜਨਮ-ਮਰਨ ਇਹ ਸਭ ਪ੍ਰਮਾਤਮਾ ਨੇ ਆਪ ਬਣਾਏ ਹਨ ਅਤੇ ਜਿਹੜਾ ਕੋਈ ਪ੍ਰਮਾਤਮਾ ਦੇ ਨਾਮ ਨਾਲ ਸਾਂਝ ਬਣਾ ਲੈਂਦਾ ਹੈ, ਉਹ ਇਸ ਸਾਰੀ ਖੇਡ ਨੂੰ ਸਮਝਦਾ ‘ਤੇ ਸੁੱਖਾਂ-ਦੁੱਖਾਂ ਤੋਂ ਨਿਰਲੇਪ ਹੋ ਜਾਂਦਾ ਹੈ:

“ਪਉਣੁ ਪਾਣੀ ਸੁੰਨੈ ਤੇ ਸਾਜੇ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ॥

ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ॥੨॥

ਸੁੰਨਹ ਬ੍ਰਹਮਾ ਬਿਸਨੁ ਮਹੇਸੁ ਉਪਾਏ॥ ਸੁੰਨੇ ਵਰਤੇ ਜੁਗ ਸਬਾਏ॥

ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲਿਆ ਭਰਮੁ ਚੁਕਾਇਦਾ॥੩॥

ਸੁੰਨਹੁ ਸਪਤ ਸਰੋਵਰ ਥਾਪੇ॥ ਜਿਨਿ ਸਾਜੇ ਵੀਚਾਰੇ ਆਪੇ॥

ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ॥੪॥

ਸੁੰਨਹੁ ਚੰਦੁ ਸੂਰਜੁ ਗੈਣਾਰੇ॥ ਤਿਸ ਕੀ ਜੋਤਿ ਤ੍ਰਿਭਵਣ ਸਾਰੇ॥

ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ॥੫॥

ਸੁੰਨਹੁ ਧਰਤਿ ਅਕਾਸੁ ਉਪਾਏ॥ ਬਿਨੁ ਥੰਮਾ ਰਾਖੇ ਸਚੁ ਕਲ ਪਾਏ॥

ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ॥੬॥

ਸੁੰਨਹੁ ਖਾਣੀ ਸੁੰਨਹੁ ਬਾਣੀ॥ ਸੁੰਨਹੁ ਉਪਜੀ ਸੁੰਨਿ ਸਮਾਣੀ॥

ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ॥੭॥

ਸੁੰਨਹੁ ਰਾਤ ਦਿਨਸੁ ਦੁਇ ਕੀਏ॥ ਓਪਤਿ ਖਪਤਿ ਸੁਖਾ ਦੁਖ ਦੀਏ॥

ਸੁਖ ਦੁਖ ਹੀ ਤੇ ਅਮਰੁ ਅਤੀਤਾ॥ ਗੁਰਮੁਖਿ ਨਿਜ ਘਰੁ ਪਾਇਦਾ॥੮॥ ….

ਸੁੰਨਹੁ ਸਪਤ ਪਾਤਲ ਉਪਾਏ॥ ਸੁੰਨਹੁ ਭਵਨ ਰਖੇ ਲਿਵ ਲਾਏ॥

ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ॥੧੦॥ ….

ਸੁੰਨਹੁ ਉਪਜੇ ਦਸ ਅਵਤਾਰਾ॥ ਸ੍ਰਿਸਟਿ ੳੇਪਾਇ ਕੀਆ ਪਾਸਾਰਾ॥

ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ॥੧੩॥

ਪੰਚ ਤਤੁ ਸੁੰਨਹੁ ਪਰਗਾਸਾ॥ ਦੇਹ ਸੰਜੋਗੀ ਕਰਮ ਅਭਿਆਸਾ॥

ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ॥੧੪॥ …..

ਸਤਿਗੁਰ ਤੇ ਪਾਏ ਵਚਿਾਰਾ॥ ਸੁੰਨ ਸਮਾਧਿ ਸਚੇ ਘਰ ਬਾਰਾ॥

ਨਾਨਕ ਨਿਰਮਲ ਨਾਦੁ ਸਬਦੁ ਧੁਨਿ ਸਚੁ ਰਾਮੈ ਨਾਮਿ ਸਮਾਇਦਾ॥ ੧੭॥

(ਪੰ: 1037-38)

ਉਪਰੋਕਤ ਸ਼ਬਦਾਂ ਦੀ ਵੀਚਾਰ ਤੋਂ ਅਸੀਂ ਸਮਝ ਸਕਦੇ ਹਾਂ ਕਿ ਇਹ ਸਾਰਾ ਜਗਤ, ਬ੍ਰਹਿਮੰਡ, ਸ਼੍ਰਿਸ਼ਟੀ ਉਸ ਪ੍ਰਮਾਤਮਾ ਦੀ ਸਾਜਨਾ ਹੈ, ਇੱਕ ਸਦਾ-ਥਿਰ ਸ਼ਕਤੀ ਇਸ ਸਾਰੇ ਤਮਾਸ਼ੇ ਪਿੱਛੇ ਕੰਮ ਕਰ ਰਹੀ ਹੈ, ਇਸਨੂੰ ਸੰਭਾਲ ਰਹੀ ਹੈ। ਇਸ ਸਾਰੀ ਖੇਡ ਨੂੰ ਚਲਾਉਣ ਵਾਲਾ ਕੋਈ ਦੇਹਧਾਰੀ ਸਾਧ-ਬਾਬਾ ਜਾਂ ਜੋਤਸ਼ੀ ਨਹੀਂ। ਜਦੋਂ ਜੋਤਸ਼ੀਆਂ, ਸਾਧ-ਬਾਬਿਆਂ ਸਮੇਤ ਹਰ ਚੀਜ਼ ਉਸ ਪ੍ਰਮਾਤਮਾ ਨੇ ਬਣਾਈ ਹੈ ਤਾਂ ਫਿਰ ਇਹ ਸਾਧ-ਬਾਬੇ, ਜੋਤਸ਼ੀ ਆਦਿ ਕਿਸੇ ਦੂਸਰੇ ਇਨਸਾਨ ਦੀ ਕਿਸਮਤ ਦਾ ਫੈਸਲਾ ਕਿਵੇਂ ਕਰ ਸਕਦੇ ਹਨ...? ਜਦੋਂ ਸਭ ਚੀਜ਼ਾਂ ਨੂੰ ਪੈਦਾ ਕਰਨ ਵਾਲਾ ਇੱਕੋ-ਇੱਕ ਪ੍ਰਮਾਤਮਾ ਹੈ ਤਾਂ ਫਿਰ ਕੋਈ ਦੇਹਧਾਰੀ ਜਿਸ ਦੇ ਆਪਣੇ ਸਿਰ ‘ਤੇ ਕਾਲ ਮੰਡਰਾ ਰਿਹਾ ਹੈ, ਕਿਸੇ ਨੂੰ ਪੁੱਤ ਨਹੀਂ ਦੇ ਸਕਦਾ। ਜਿਸ ਇਨਸਾਨ ਨੂੰ ਆਪਣੀ ਮੌਤ ਦਾ ਨਹੀਂ ਪਤਾ, ਉਹ ਕਿਸੇ ਦੂਸਰੇ ਦੀ ਉਮਰ ਵਧਾ ਨਹੀਂ ਸਕਦਾ। ਵਿਹਲੜ ਸਾਧ-ਬਾਬਿਆਂ ਨੇ ਲੋਕਾਂ ਨੂੰ ਡਰਾ ਕੇ ਆਪਣੇ-ਆਪ ਨੂੰ ਰੱਬ ਬਣਾ ਲਿਆ ਹੈ। ਆਧੁਨਿਕ ਮੀਡੀਆ ਖੁਦ ਇਹਨਾਂ ਵਿਹਲੜਾਂ ਦੀ ਮਸ਼ਹੂਰੀ ਅੱਗੇ ਹੋ ਕੇ ਕਰਦਾ ਹੈ। ਬਾਹਰਲੇ ਮੁਲਕਾਂ ਦੇ ਅਖ਼ਬਾਰਾਂ ਵਿੱਚ ਇਹਨਾਂ ਠੱਗਾਂ ਦੀ ਮਸ਼ਹੂਰੀ ਨਾਲ ਪੇਜ਼ ਕਾਲੇ ਕੀਤੇ ਮਿਲਦੇ ਹਨ, ਇਹ ਸਭ ਲੋਕਾਂ ਦੇ ਸਮਝਣ ਦੀ ਸਮਰੱਥਾ ਦੇ ਖਾਤਮੇ ਦਾ ਨਤੀਜਾ ਹੈ। ਗੁਰਮਤਿ ਵਿੱਚ ਚਮਤਕਾਰ ਨੂੰ ਕੋਈ ਥਾਂ ਨਹੀਂ ਹੈ, ਸੰਸਾਰ ਅੰਦਰ ਹੋ ਰਹੀਆਂ ਸਾਰੀਆਂ ਘਟਨਾਵਾਂ ਪਿੱਛੇ ਯੋਗ ਹਾਲਤ ਬਣਦੇ ਹਨ, ਜਿਸਨੂੰ ਸਾਇੰਸ ਵੀ ਮੰਨਦੀ ਹੈ। ਸਾਇੰਸ ਦੇ ਤਰਕ ਨਾਲ ਜਿਹੜੇ ਅੰਧ-ਵਿਸ਼ਵਾਸ਼ ਅਤੇ ਕਰਮਕਾਂਡ ਰੱਦ ਕੀਤੇ ਜਾਂਦੇ ਹਨ, ਉਹਨਾਂ ਸਭ ਦਾ ਖੰਡਨ ਗੁਰੂ ਸਾਹਿਬ ਵੀ ਇਸੇ ਤਰੀਕੇ ਕਰ ਗਏ ਹਨ। ਇਹ ਸੱਚ ਹੈ ਕਿ ਕੁੱਝ ਅਖੌਤੀ ਸਾਧਾਂ-ਸੰਤਾਂ ਨੇ ਗੁਰਮਤਿ ਨੂੰ ਗਲਤ ਤਰੀਕੇ ਪੇਸ਼ ਕੀਤਾ ਹੈ ਜਿਸ ਕਾਰਨ ਗੁਰਬਾਣੀ ਨੂੰ ਚਮਤਕਾਰ ਸਮਝ ਲਿਆ ਗਿਆ। ਬੂਬਨੇ ਸਾਧਾਂ ਨੇ ਕੁੱਝ ਚੋਣਵੇਂ ਸ਼ਬਦਾਂ ਨੂੰ ਆਪਣੇ ਅਨੁਸਾਰ ਅਰਥ ਕਰ ਕੇ ਲੋਕਾਂ ਦੇ ਦੁੱਖ-ਤਕਲੀਫ ਦੂਰ ਕਰਨ ਦਾ ਢੌਂਗ ਰਚਿਆ, ਮੁੰਡੇ ਵੰਡੇ, ਬਿਮਾਰੀਆਂ ਠੀਕ ਕਰਨ ਦੇ ਦਮਗਜ਼ੇ ਮਾਰੇ ‘ਤੇ ਵਿਹਲੜ ਜੋਤਸ਼ੀਆਂ ਨੇ ਜਾਦੂ-ਟੂਣਿਆਂ ਨਾਲ ‘ਸ਼ਰੀਕਾਂ’ ਦਾ ਨੁਕਸਾਨ ‘ਤੇ ‘ਆਪਣੇ’ ਬੇੜੇ ਪਾਰ ਕਰਨ ਦਾ ਪਾਖੰਡ ਰਚਿਆ। ਇਹਨਾਂ ਨੀ ਲੁਟੇਰਿਆਂ ਦੀ ਸਵਾਰਥੀ ਸੋਚ ਕਾਰਨ ਧਰਮ ਦੀ ਪ੍ਰੀਭਾਸ਼ਾ ਗਤਲ ਢੰਗ ਨਾਲ ਸੰਸਾਰ ਅੱਗੇ ਪੇਸ਼ ਹੋਈ ‘ਤੇ ਸਾਇੰਸ ਅਤੇ ਧਰਮ ਵਿੱਚ ਦਰਾਰ ਵਧਣ ਦਾ ਕੰਮ ਸ਼ੁਰੂ ਹੋਇਆ। ਜਿਹੜੇ ਵੀ ਧਰਮ ਸੰਸਾਰ ‘ਤੇ ਮੰਨੇ ਗਏ ਹਨ ਸਭ ਦੀਆਂ ਗਲਤ ਧਾਰਨਾਵਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ, ਸਾਰੇ ਧਰਮਾਂ ਦਾ ਤੁਲਨਾਤਮਿਕ ਅਧਿਐਨ ਕੀਤਾ ਜਾਵੇ ‘ਤੇ ਪਰਖਿਆ ਜਾਵੇ ਕਿ ਕਿੱਥੇ ਕੀ-ਕੀ ਕਮੀਆਂ ਹਨ ਜਾਂ ਕੀ-ਕੀ ਧਾਰਨਾਵਾਂ ਲੋਕਾਂ ਨੇ ਆਪਣੇ ਫਾਇਦੇ ਲਈ ਪ੍ਰਚੱਲਿਤ ਕੀਤੀਆਂ ਹਨ ਅਤੇ ਇਹਨਾਂ ਸਾਰੀਆਂ ਨੂੰ ਰੱਦ ਕੀਤਾ ਜਾਵੇ ‘ਤੇ ਲੋਕਾਂ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਵੇ। ਸਾਰੇ ਧਰਮਾਂ ਦੇ ਸੂਝਵਾਨ ਲੋਕ ਅੱਗੇ ਆਉਣ ‘ਤੇ ਸਮਾਜ ਦੀ ਲੁੱਟ ਨੂੰ ਰੋਕਣ ਲਈ ਯਤਨ ਕਰਨ, ਕੰਮ ਤਾਂ ਮੁਸ਼ਕਿਲ ਹੈ ਕਿਉਂਕਿ ਗੈਲੀਲਿਉ ਵਾਂਗ ਜ਼ਹਿਰ ਦਾ ਪਿਆਲਾ ਵੀ ਪੀਣਾ ਪੈ ਸਕਦਾ ਹੈ ‘ਤੇ ਬਰੂਨੋ ਵਾਂਗ ਜ਼ਿੰਦਾ ਜਲਣਾ ਵੀ ਪੈ ਸਕਦਾ ਹੈ, ਕਿਉਂਕਿ ਜਿੰਨ੍ਹਾਂ ਦਾ ਖਾਣ ਮਾਰਿਆ ਜਾਵੇਗਾ ਉਹ ਲੋਕ ਫਤਵੇ ਤਾਂ ਜਾਰੀ ਕਰਨਗੇ ਹੀ ਪਰ ਲੋਕਾਂ ਦੇ ਜਾਗਰੂਕ ਹੋਣ ਨਾਲ ਇਹ ਫਤਵੇ ਹਵਾ ਵਿੱਚ ਧੂੰਏਂ ਵਾਂਗ ਖਿੱਲਰ ਜਾਣਗੇ। ਅੱਜ ਜ਼ਰੂਰਤ ਹੈ ਕਿ ‘ਸਾਇੰਸ ਅਤੇ ਧਰਮ’ ਵਿਚਕਾਰ ਲੜਾਈ ਨੂੰ ਛੱਡ, ਇਹਨਾਂ ਵਿਹਲੜ-ਲੁਟੇਰੇ ਲੋਕਾਂ ਦਾ ਫਸਤਾ ਵੱਢਣ ਦੀ ਮੁਹਿੰਮ ਤੇਜ਼ ਹੋਵੇ। ਸਾਇੰਸਦਾਨ ਅਤੇ ਤਰਕ ਦੇ ਧਾਰਨੀ ਸਹੀ ਤਰਕ ਅਤੇ ਕਾਰਨ, ਪ੍ਰਚਾਰਕ ਕਹਾਉਣ ਵਾਲੇ ਗੁਰਮਤਿ ਦੀ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਤਾਂ ਲੋਕਾਂ ਨੂੰ ਗੱਲਾਂ ਨਾਲ ਲੁੱਟ ਰਹੇ ਲੁਟੇਰੇ ਜੋਤਸ਼ੀਆਂ, ਸਾਧਾਂ-ਸੰਤਾਂ ਤੋਂ ਸਮਾਜ ਨੂੰ ਜਲਦੀ ਨਿਜ਼ਾਤ ਮਿਲ ਸਕਦੀ ਹੈ। ਸਮਾਜ ਵਿੱਚੋਂ ਅੰਧਵਿਸ਼ਵਾਸ਼ ਅਤੇ ਕਰਮਕਾਂਡ ਖਤਮ ਕਰਨ ਲਈ ਲੋਕਾਂ ਦਾ ਜਗਰੂਕ ਹੋਣਾ ਜ਼ਰੂਰੀ ਹੈ, ਲੋਕਾਂ ਦਾ ਇਹ ਸਮਝਣਾ ਜ਼ਰੂਰੀ ਹੈ ਕਿ ਵਿਹਲੜ ਸਾਧਾਂ-ਬਾਬਿਆਂ, ਜੋਤਸ਼ੀਆਂ ਦੇ ਹੱਥ ਕੁੱਝ ਨਹੀਂ।

ਭੁੱਲ-ਚੁੱਕ ਦੀ ਖਿਮਾਂ,

ਸਤਿੰਦਰਜੀਤ ਸਿੰਘ।




.