. |
|
ਭੇਖੀ, ਝੂਠੇ ਅਤੇ ਕਪਟੀ ਸਿੱਖਾਂ ਨੂੰ ਸੱਚ ਤੋਂ ਕਿਉਂ ਨਫਰਤ ਹੈ?
ਕਿਸੇ ਦੇ ਵਿਚਾਰਾਂ ਨਾਲ ਸਹਿਮਤ ਜਾਂ ਅਸਹਿਮਤ ਹੋਣਾਂ ਹਰ ਇੱਕ ਦਾ ਅਧਿਕਾਰ
ਹੈ। ਇੱਥੇ ‘ਸਿੱਖ ਮਾਰਗ’ ਤੇ ਲਿਖਣ ਵਾਲੇ ਵੀ ਸਾਰੇ ਵਿਦਵਾਨ ਲੇਖਕ, ਆਮ ਲੇਖਕ ਅਤੇ ਪਾਠਕ ਵੀ ਸਾਰੇ
ਹੀ ਦੂਜਿਆਂ ਦੇ ਸਾਰੇ ਵਿਚਾਰਾਂ ਨਾਲ ਜ਼ਰੂਰੀ ਨਹੀਂ ਕਿ ਸਹਿਮਤ ਹੋਣ। ਇਹੀ ਗੱਲ ਬਾਕੀ ਹੋਰਨਾ ਤੇ ਵੀ
ਢੁਕਦੀ ਹੈ ਜਿਹੜੇ ਕਿ ਇੱਥੇ ਲਿਖਣ ਵਾਲਿਆਂ ਵਿੱਚ ਨਹੀਂ ਹਨ। ਉਹਨਾ ਨੂੰ ਵੱਖਰੇ ਵਿਚਾਰ ਰੱਖਣ ਦਾ
ਪੂਰਾ ਅਧਿਕਾਰ ਹੈ। ਪਰ ਜਦੋਂ ਉਹ ਦੂਸਰਿਆਂ ਤੇ ਤਾਲਬਾਨੀ ਸੋਚ ਦੇ ਅਧੀਨ ਫਤਵੇ ਲਉਂਦੇ ਹਨ ਤਾਂ ਫਿਰ
ਸਾਨੂੰ ਵੀ ਕਈ ਵਾਰੀ ਉਸੇ ਬੋਲੀ ਵਿੱਚ ਜਵਾਬ ਦੇਣਾਂ ਪੈਂਦਾ ਹੈ। ਇਸ ਲੇਖ ਦਾ ਹੈਡਿੰਗ ਸਿਰਫ ਉਹਨਾ
ਲਈ ਹੈ ਜਿਹੜੇ ਇੱਥੇ ਲਿਖਣ ਵਾਲਿਆਂ ਲਈ ਇਸ ਤਰ੍ਹਾਂ ਦੇ ਵਿਚਾਰ ਰੱਖਦੇ ਹਨ। ਆਮ ਵੱਖਰੇ ਵਿਚਾਰ
ਵਾਲਿਆਂ ਲਈ ਨਹੀਂ। ਜਦੋਂ ਦਾ ਅਸੀਂ ‘ਸਿੱਖ ਮਾਰਗ’ ਸ਼ੁਰੂ ਕੀਤਾ ਹੈ ਸਾਡਾ ਉਦੋਂ ਤੋਂ ਹੀ ਅਜਿਹੇ
ਲੋਕਾਂ ਨਾਲ ਵਾਹ ਪੈਂਦਾ ਆ ਰਿਹਾ ਹੈ। ਜਿਹੜੇ ਸੱਚ ਦੀ ਸਾਨੂੰ ਸਮਝ ਆ ਗਈ ਹੈ ਅਸੀਂ ਉਸ ਸੱਚ ਦੇ ਹੱਕ
ਵਿੱਚ ਡਟਣ ਲਈ ਕਦੀ ਵੀ ਕਿਸੇ ਦੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਨਾ ਹੀ ਅਗਾਂਹ ਨੂੰ ਕੋਈ ਕਰਨੀ ਹੈ।
ਇਸ ਲਈ ਸਾਨੂੰ ਕੋਈ ਚੰਗਾ ਸਮਝੇ ਅਤੇ ਭਾਵੇਂ ਮਾੜਾ, ਇਸ ਦੀ ਨਾ ਤਾਂ ਕੋਈ ਪਹਿਲਾਂ ਪਰਵਾਹ ਕੀਤੀ ਹੈ
ਅਤੇ ਨਾ ਹੀ ਅਗਾਂਹ ਨੂੰ ਕੋਈ ਕਰਨੀ ਹੈ। ਇਹ ਵਿਰੋਧੀ ਸਾਰੇ ਸੱਜਣ ਦੇਖ ਵਿਚਾਰ ਲੈਣ ਕਿ ਅਸੀਂ ਇਤਨੇ
ਸਾਲਾਂ ਤੋਂ ਹੁਣ ਤੱਕ ਕਿਸੇ ਦੀ ਵੀ ਵਿਰੋਧਤਾ ਦੇ ਕਾਰਨ ਆਪਣੇ ਸੱਚ ਦੇ ਵਿਚਾਰਾਂ ਵਿੱਚ ਕੋਈ ਤਬਦੀਲੀ
ਕੀਤੀ ਹੈ? ਹਾਂ, ਜੇ ਕਰ ਕੋਈ ਸਹੀ ਅਤੇ ਨਵੀਂ ਜਾਣਕਾਰੀ ਮਿਲ ਜਾਵੇ ਤਾਂ ਜ਼ਰੂਰ ਕਰ ਸਕਦੇ ਹਾਂ ਅਤੇ
ਕੀਤੀ ਵੀ ਹੈ ਪਰ ਝੂਠੀ ਵਿਰੋਧਤਾ ਕਾਰਨ ਬਿੱਲਕੁੱਲ ਨਹੀਂ ਕੀਤੀ ਅਤੇ ਨਾ ਹੀ ਅਗਾਂਹ ਨੂੰ ਕਦੀ
ਕਰਾਂਗੇ, ਕੋਈ ਜਿਤਨਾ ਮਰਜ਼ੀ ਹੈ ਝੂਠ ਤੇ ਅਧਾਰਤ ਝੱਖ ਮਾਰੀ ਜਾਵੇ। ਜਿਹੜੇ ਸੱਚ ਦੀ ਖ਼ਾਤਰ ਸਾਨੂੰ
ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਹੈ ਉਸ ਦੀਆਂ ਕੁੱਝ ਮਿਸਾਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ
ਹਾਂ।
ਗੁਰ ਬਿਲਾਸ ਪਾ: ਛੇਵੀਂ ਦਾ ਕੂੜ ਨੰਗਾ ਹੋਣ ਕਰਕੇ ਵਿਰੋਧਤਾ: ਜਦੋਂ
ਜੋਗਿੰਦਰ ਸਿੰਘ ਵੇਦਾਂਤੀ ਨੇ ਅਖੌਤੀ ਜਥੇਦਾਰ ਹੁੰਦਿਆਂ ਪ੍ਰੋ: ਅਮਰਜੀਤ ਸਿੰਘ ਨਾਲ ਰਲ ਕੇ ਸੰਪਾਦਤ
ਕੀਤੀ ਗੁਰ ਬਿਲਾਸ ਪਾ: ਛੇਵੀਂ ਦੀ ਪੁਸਤਕ 14 ਰਤਨਾਂ ਦੇ ਪ੍ਰਸੰਸਾ ਪੱਤਰਾਂ ਨਾਲ ਸ਼ਿਗਾਰ ਕੇ, ਗੋਲਕ
ਦੇ ਪੈਸੇ ਨਾਲ ਛਪਵਾ ਕੇ ਇਸ ਦੀ ਕਥਾ ਗੁਰਦੁਆਰਿਆਂ ਵਿੱਚ ਕਰਨ ਦੀ ਵਕਾਲਤ ਕੀਤੀ ਤਾਂ ਗੁਰਬਖਸ਼ ਸਿੰਘ
ਕਾਲਾ ਅਫਗਾਨਾ ਨੇ ਇਸ ਕਿਤਾਬ ਦਾ ਕੂੜ ਗੁਰਬਾਣੀ ਦੇ ਅਧਾਰ ਤੇ ਨੰਗਾ ਕਰ ਦਿੱਤਾ ਤਾਂ ਇਹਨਾ ਸਾਰੇ
ਪੁਜਾਰੀਆਂ ਨੂੰ ਅਖੌਤੀ ਵਿਦਵਾਨਾ ਨੂੰ ਅਤੇ ਲੀਡਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਕੂੜ ਕਿਤਾਬ
ਨੂੰ ਨੰਗਾ ਕਰਦੀ ਕਾਲੇ ਅਫਗਾਨੇ ਦੀ ਕਿਤਾਬ ਛਪਣ ਤੋਂ ਪਹਿਲਾਂ ਹੀ ਅਸੀਂ ‘ਸਿੱਖ ਮਾਰਗ’ ਤੇ ਲੜੀਵਾਰ
ਛਾਪ ਦਿੱਤੀ ਸੀ। ਉਸ ਵੇਲੇ ਸਰਵਰ ਤੇ ਥਾਂ ਬਹੁਤ ਮਹਿੰਗੀ ਹੋਣ ਦੇ ਕਾਰਨ ਸਾਨੂੰ ਪਹਿਲਾਂ ਛਪੀਆਂ
ਲਿਖਤਾਂ ਕੁੱਝ ਦੇਰ ਬਾਅਦ ਹਟਾਉਣੀਆਂ ਪੈਂਦੀਆਂ ਸਨ। ਇਹ ਵੀ ਹਟਾਉਣੀ ਪਈ ਸੀ। ਹੁਣ ਫਿਰ ਦੁਬਾਰਾ
ਲੜੀਵਾਰ ਸਾਰੀ ਪਾਈ ਗਈ ਹੈ। ਕਾਲਾ ਅਫਗਾਨਾ ਸਾਬਕਾ ਪੁਲਸੀਆ ਹੋਣ ਦੇ ਕਾਰਨ ਉਸ ਦੀ ਬੋਲ-ਬਾਣੀ ਜਾਂ
ਜੀਵਨ ਵਿੱਚ ਅਨੇਕਾਂ ਨੁਕਸ ਹੋ ਸਕਦੇ ਹਨ। ਪਰ ਜਿਹੜਾ ਕੰਮ ਉਸ ਨੇ ਇਸ ਕੂੜ ਕਿਤਾਬ ਨੂੰ ਨੰਗਾ ਕਰਕੇ
ਕੀਤਾ ਹੈ ਉਹ ਅੱਜ ਤੱਕ ਕੋਈ ਵੀ ਨਹੀਂ ਸੀ ਕਰ ਸਕਿਆ। ਸਦੀਆਂ ਤੋਂ ਬਹੁਤਾ ਕੁੱਝ ਇਸ ਦੇ ਅਧਾਰ ਤੇ ਹੀ
ਹੋ ਰਿਹਾ ਸੀ ਅਤੇ ਹਾਲੇ ਵੀ ਕਈ ਕੁੱਝ ਹੋ ਰਿਹਾ ਹੈ। ਹਵਾਲੇ ਵੀ ਇਸ ਦੇ ਅਧਾਰ ਤੇ ਹੀ ਅਤੇ ਕਰਮਕਾਂਡ
ਵੀ ਇਸ ਦੇ ਅਧਾਰ ਤੇ ਹੀ ਹੋ ਰਹੇ ਸਨ/ਹਨ।
ਜਦੋਂ ਪੁਜਾਰੀਆਂ, ਰਾਜਨੀਤਕ ਲੀਡਰਾਂ ਅਤੇ ਅਖੌਤੀ ਵਿਦਵਾਨਾਂ ਨੇ ਰਲ ਕੇ ਅਤੇ
ਬਹਾਨਾ ਬਣਾ ਕੇ ਇਸ ਨੂੰ ਅਖੌਤੀ ਤੌਰ ਤੇ ਆਪਣੇ ਬਿਪਰਾਂ ਵਾਲੇ ਪੰਥ ਤੋਂ ਛੇਕ ਦਿੱਤਾ ਤਾਂ ਬਹੁਤੇ
ਡਰਦੇ ਇਸ ਤੋਂ ਪਰੇ ਹਟ ਗਏ। ਕਈ ਮਿਲਣ ਤੋਂ ਵੀ ਝਿਜਕਣ ਲੱਗੇ। ਇਸ ਦੀਆਂ ਕਿਤਾਬਾਂ ਨੂੰ ਸਾੜਨਾ ਸ਼ੁਰੂ
ਕਰ ਦਿੱਤਾ ਅਤੇ ਸਾਨੂੰ ਅਨੇਕਾਂ ਹੀ ਲਿਖਤਾਂ ਇਸ ਦੇ ਵਿਰੋਧ ਵਿੱਚ ਆਉਣ ਲੱਗੀਆਂ। ਸ਼੍ਰੋ: ਗੁਰਦੁਆਰਾ
ਪ੍ਰਬੰਧਕ ਕਮੇਟੀ ਨੇ ਤਾਂ ਗੁਰਮਤਿ ਪ੍ਰਕਾਸ਼ ਮੈਗਜ਼ੀਨ ਦਾ ਇੱਕ ਪੂਰਾ ਅੰਕ ਹੀ ਕਾਲੇ ਅਫਗਾਨੇ ਦੇ
ਬਰਖਿਲਾਫ ਕੱਢ ਦਿੱਤਾ ਸੀ। ਉਸ ਵੇਲੇ ‘ਸਿੱਖ ਮਾਰਗ’ ਨੇ ਡਟ ਕੇ ਇਸ ਦਾ ਸਾਥ ਦਿੱਤਾ ਅਤੇ ਸਮੇ
ਮੁਤਾਬਕ ਕਈਆਂ ਦੇ ਜਵਾਬ ਵੀ ਦਿੱਤੇ ਜਿਹੜੇ ਕਿ ਹਾਲੇ ਵੀ ਇੱਥੇ ਪੜ੍ਹੇ ਜਾ ਸਕਦੇ ਹਨ। ਜਦੋਂ ਬਹੁਤੇ
ਇਸ ਦਾ ਸਾਥ ਛੱਡਦੇ ਗਏ ਅਤੇ ਕਈ ਇਸ ਨੂੰ ਪੁਜਾਰੀਆਂ ਅੱਗੇ ਪੇਸ਼ ਹੋਣ ਦੀ ਸਲਾਹ ਦੇਣ ਲੱਗ ਪਏ ਤਾਂ
ਇੱਕ ਸਮਾ ਐਸਾ ਵੀ ਆਇਆ ਕਿ ਇਹ ਦੁਚਿੱਤੀ ਵਿੱਚ ਆ ਕੇ ਉਥੇ ਜਾਣ ਦੀਆਂ ਗੱਲਾਂ ਕਰਨ ਲੱਗ ਪਿਆ। ਮੇਰੀ
ਇਸ ਨੂੰ ਇਹੀ ਸਲਾਹ ਹੁੰਦੀ ਸੀ ਕਿ ਜੇ ਕਰ ਜਾਣਾ ਹੀ ਹੈ ਤਾਂ ਜਾ ਕੇ ਸਾਰਿਆਂ ਦੇ ਸਾਹਮਣੇ ਵਿਚਾਰ
ਕਰਨ ਲਈ ਵੰਗਾਰ। ਜੇ ਕਰ ਜਾ ਕੇ ਗੀਦੀ ਪੁਣਾ ਕਰਕੇ ਮੁਆਫੀ ਹੀ ਮੰਗਣੀ ਹੈ ਤਾਂ ਕਿਤਾਬਾਂ ਲਿਖਣ ਲਈ
ਇਤਨਾ ਸਮਾ ਕਾਹਦੇ ਲਈ ਜ਼ਾਇਆ ਕਰਨਾ ਸੀ? ਕੋਈ ਸਮਾ ਆਵੇਗਾ ਅਤੇ ਲੋਕਾਈ ਨੇ ਆਪੇ ਹੀ ਸੱਚ ਝੂਠ ਦਾ
ਨਿਤਾਰਾ ਕਰ ਦੇਣਾ ਹੈ। ਅਤੇ ਹੁਣ ਉਹ ਸਮਾ ਆ ਪਹੁੰਚਾ ਹੈ। ਬਹੁਤੇ ਸਿੱਖ, (ਭੇਖੀ ਅਤੇ ਕਪਟੀਆਂ ਨੂੰ
ਛੱਡ ਕੇ) ਸੱਚ ਅਤੇ ਝੂਠ ਨੂੰ ਸਮਝ ਚੁੱਕੇ ਹਨ। ਇਸ ਵਿੱਚ ਬਹੁਤਾ ਰੋਲ ਸਪੋਕਸਮੈਨ ਨੇ ਕੀਤਾ ਹੈ ਅਤੇ
ਹੁਣ ਫੇਸ-ਬੁੱਕ ਵਾਲੇ ਜਾਗਰੂਕ ਸੱਜਣ ਕਰ ਰਹੇ ਹਨ। ਜਿਹੜੀ ਤੋਏ-ਤੋਏ ਕਿਸੇ ਸਮੇ ਕਾਲੇ ਅਫਗਾਨੇ ਅਤੇ
ਇਸ ਦੀਆਂ ਕਿਤਾਬਾਂ ਦੀ ਹੁੰਦੀ ਸੀ ਉਹੀ ਤੋਏ-ਤੋਏ ਹੁਣ ਵੇਦਾਂਤੀ ਅਤੇ ਉਸ ਦੀ ਸੰਪਾਦਿਤ ਕੀਤੀ ਕਿਤਾਬ
ਗੁਰ ਬਿਲਾਸ ਦੀ ਹੋ ਰਹੀ ਹੈ।
ਗੰਦੀ ਕਿਤਾਬ ਦੀ ਅਸਲੀਅਤ ਦੱਸਣ ਕਰਕੇ ਵਿਰੋਧਤਾ: ਦਸਮ ਗ੍ਰੰਥ ਦੇ ਨਾਮ
ਵਾਲੀ ਗੰਦੀ ਕਿਤਾਬ ਦੀ ਅਸਲੀਅਤ ਸਭ ਤੋਂ ਪਹਿਲਾਂ ਇੰਟਰਨੈੱਟ ਤੇ ‘ਸਿੱਖ ਮਾਰਗ’ ਨੇ ਹੀ ਦੱਸਣੀ ਸ਼ੁਰੂ
ਕੀਤੀ ਸੀ। ਇਸ ਕਰਕੇ ਸਾਡੀ ਵਿਰੋਧਤਾ ਕਾਫੀ ਹੋਈ ਸੀ। ਕਈ ਨੇੜਲੇ ਸੱਜਣ ਵੀ ਕਹਿਣ ਲੱਗ ਪਏ ਸਨ ਕਿ ਇਹ
ਤੂੰ ਕੀ ਕਰਨ ਲੱਗ ਪਿਆ ਹੈ। ਛੱਡ ਪਰੇ ਇਸ ਨੂੰ। ਹੁਣ ਸਿਆਣੇ ਸਿੱਖ ਇਸ ਦੀ ਅਸਲੀਅਤ ਨੂੰ ਸਮਝ ਚੁੱਕੇ
ਹਨ। ਫੇਸ-ਬੁੱਕ ਤੇ ਵੀ ਕਈ ਸੱਜਣ ਗਰੁੱਪ ਬਣਾ ਕੇ ਲੋਕਾਈ ਨੂੰ ਜਾਗਰਤ ਕਰਨ ਵਿੱਚ ਆਪਣਾ ਹਿੱਸਾ ਪਾ
ਰਹੇ ਹਨ। ਹੋਰ ਕਈ ਵਿਦਵਾਨ ਅਤੇ ਸਾਈਟਾਂ ਵੀ ਆਪਣੇ ਤੌਰ ਤੇ ਯੋਗਦਾਨ ਪਾਰ ਰਹੇ ਹਨ। ਪਰ ਪਹਿਲ ‘ਸਿੱਖ
ਮਾਰਗ’ ਨੂੰ ਹੀ ਕਰਨੀ ਪਈ ਸੀ। ਸ਼ਾਇਦ ਹਾਲੇ ਵੀ ਸਭ ਤੋਂ ਵੱਧ ਲਿਖਤਾਂ ਇਸ ਗੰਦੀ ਕਿਤਾਬ ਨੂੰ ਨੰਗਾ
ਕਰਨ ਵਾਲੀਆਂ ‘ਸਿੱਖ ਮਾਰਗ’ ਤੇ ਹੀ ਹੋਣ।
ਅਖੌਤੀ ਸੰਤਾਂ ਦੇ ਚੇਲਿਆਂ ਵਲੋਂ ਵਿਰੋਧਤਾ: ਕੋਈ ਦਸ ਕੁ ਸਾਲ ਪਹਿਲਾਂ
2004 ਤੋਂ ਭਾਈ ਸੁਖਵਿੰਦਰ ਸਿੰਘ ਸਭਰਾ ਦੀਆਂ ਪੁਸਤਕਾਂ ‘ਸੰਤਾਂ ਦੇ ਕੌਤਕ’ ਛਪ ਕੇ ਮਾਰਕੀਟ ਵਿੱਚ
ਆਉਣੀਆਂ ਸ਼ੁਰੂ ਹੋਈਆਂ। ਇਹ ਛੇਤੀਂ ਹੀ ਸਿਆਣੇ ਸਿੱਖਾਂ ਵਿੱਚ ਪ੍ਰਸਿੱਧ ਹੋ ਗਈਆਂ। ਕਈ ਸਿੱਖਾਂ ਦੇ
ਫੂਨ ਆਉਣੇ ਸ਼ੁਰੂ ਹੋ ਗਏ ਕਿ ਇਹਨਾ ਨੂੰ ਜ਼ਰੂਰ ਪੜ੍ਹੋ ਅਤੇ ‘ਸਿੱਖ ਮਾਰਗ’ ਤੇ ਵੀ ਪਾਓ। ਇੱਕ ਪਾਠਕ
ਗੁਰਸ਼ਰਨ ਸਿੰਘ ਕਸੇਲ ਨੇ ਦੋ ਭਾਗ ਲੈ ਕੇ ਭੇਜ ਦਿੱਤੇ। ਭਾਈ ਸੁਖਵਿੰਦਰ ਸਿੰਘ ਨੂੰ ਫੂਨ ਕਰਕੇ ਇਹ
ਕਿਤਾਬਾਂ ਨੂੰ ਇੰਟਰਨੈੱਟ ਤੇ ਪਉਣ ਬਾਰੇ ਪੁੱਛਿਆ ਅਤੇ ਕੰਪਿਉਟਰ ਤੇ ਟਾਈਪ ਕੀਤੀਆਂ ਹੋਈਆਂ ਭੇਜਣ ਦੀ
ਬੇਨਤੀ ਕੀਤੀ। ਕਿਉਂਕਿ ਉਹ ਮੈਨੂੰ ਜਾਣਦੇ ਨਹੀਂ ਸਨ ਇਸ ਲਈ ਉਹਨਾ ਨੇ ਕੋਈ ਖਾਸ ਹੁੰਘਾਰਾ ਨਾ ਭਰਿਆ।
ਫਿਰ ਇੰਦਰ ਸਿੰਘ ਘੱਗਾ ਨੂੰ ਫੂਨ ਕਰਕੇ ਪੁੱਛਿਆ ਕਿ ਜੇ ਕਰ ਉਹ ਉਸ ਨੂੰ ਜਾਣਦੇ ਹਨ ਅਤੇ ਉਹਨਾ ਨੂੰ
ਕੋਈ ਇਤਰਾਜ਼ ਨਾ ਹੋਵੇ ਤਾਂ ਆਮ ਲੋਕਾਂ ਨੂੰ ਜਾਗਰਤ ਕਰਨ ਲਈ ਇਸ ਨੂੰ ਇੰਟਰਨੈੱਟ ਤੇ ਪਾ ਦਈਏ। ਘੱਗਾ
ਜੀ ਕਹਿਣ ਲੱਗੇ ਕਿ ਉਹ ਤਾਂ ਮੇਰਾ ਦੋਸਤ ਹੈ ਅਤੇ ਚੰਗੀ ਤਰ੍ਹਾਂ ਜਾਣਦਾ ਹਾਂ। ਘੱਗਾ ਜੀ ਨੇ ਕੁੱਝ
ਦਿਨਾ ਬਾਅਦ ਹੀ ਉਹ ਟਾਈਪ ਕੀਤੀਆਂ ਹੋਈਆਂ ਈ-ਮੇਲ ਰਾਹੀ ਭਜਵਾ ਦਿੱਤੀਆਂ। ਫਿਰ ਸਮੱਸਿਆ ਹੋਰ ਖੜੀ ਹੋ
ਗਈ। ਜਿਸ ਫੌਂਟਸ ਵਿੱਚ ਇਹ ਪੁਸਤਕਾਂ ਟਾਈਪ ਸਨ ਉਹ ਨਾ ਤਾਂ ਨਾਲ ਸਨ ਅਤੇ ਨਾ ਹੀ ਕਿਤਿਉਂ ਇੰਟਰਨੈੱਟ
ਤੋਂ ਮਿਲ ਰਹੇ ਸਨ। ਸ਼ਾਇਦ ਹਾਲੇ ਵੀ ਉਹ ਨਹੀਂ ਮਿਲ ਰਹੇ। ਇਸ ਮਸਲੇ ਦਾ ਹੱਲ ਸਰਵਜੀਤ ਸਿੰਘ ਨੇ ਆਪਣੇ
ਬੱਚਿਆਂ ਨਾਲ ਰਲ ਕੇ ਕੱਢਿਆ ਅਤੇ ਇੱਕ ਫੌਂਟਸ ਕਨਵਰਟਰ ਬਣਾ ਕੇ ਭੇਜ ਦਿੱਤਾ। ਜਿਸ ਨੂੰ ਲੋੜ ਅਨੁਸਾਰ
ਮੈਂ ਸੋਧ ਕੇ ਵਰਤ ਲਿਆ। ਕਾਪੀ ਪੇਸਟ ਕਰਨ ਦੀ ਵੀ ਕਾਫੀ ਸਮੱਸਿਆ ਆਉਂਦੀ ਸੀ ਕਿਉਂਕਿ ਇਹ ਫਾਈਲਾਂ
ਵਰਡ ਵਿੱਚ ਨਹੀਂ ਪੇਜ਼ ਮੇਕਰ ਵਿੱਚ ਸਨ। ਖੈਰ! ਅਸੀਂ ਬਹੁਤ ਜ਼ਿਆਦਾ ਮਿਹਨਤ ਕਰਕੇ ਇਹ ਤਿੰਨ ਪੁਸਤਕਾਂ
‘ਸਿੱਖ ਮਾਰਗ’ ਤੇ ਪਾ ਦਿੱਤੀਆਂ। ਇਹ ਪਉਣ ਲਈ ਸਾਨੂੰ ਮਿਹਨਤ ਵੀ ਬਹੁਤ ਕਰਨੀ ਪਈ, ਵਿਰੋਧਤਾ ਵੀ ਹੋਈ
ਪਰ ਹੁਣ ਕੁੱਝ ਖੁਸ਼ੀ ਵੀ ਹੋ ਰਹੀ ਹੈ ਕਿ ਫੇਸ-ਬੁੱਕੀ ਸੱਜਣਾ ਨੇ ਇਸੇ ਨਾ ਤੇ ਗਰੁੱਪ ਬਣਾ ਕੇ ਇਹਨਾ
ਲਿਖਤਾਂ ਤੋਂ ਅਨੇਕਾਂ ਹੀ ਲੋਕਾਂ ਨੂੰ ਜਾਣੂ ਕਰਵਾ ਦਿੱਤਾ ਹੈ।
ਗੁਰਬਾਣੀ ਦੇ ਸੱਚ ਨਾਲ ਖੜਨ ਕਰਕੇ ਵਿਰੋਧਤਾ: ਜਦੋਂ ਇਸ ਗੱਲ ਦੀ ਸਮਝ ਆ
ਗਈ ਕਿ ਗੁਰਬਾਣੀ ਇੱਕ ਜੀਵਨ ਜਾਂਚ ਹੈ ਇਹ ਕੋਈ ਜਾਦੂ ਜਾਂ ਕਰਾਮਾਤ ਨਹੀਂ ਹੈ। ਇਸ ਨੂੰ ਪੜ੍ਹ ਕੇ ਇਹ
ਵੀ ਸਮਝ ਆ ਜਾਂਦੀ ਹੈ ਕਿ ਕੋਈ ਮਨੁੱਖ ਉਚਾ ਜਾਂ ਨੀਵਾਂ ਨਹੀਂ ਹੁੰਦਾ। ਉਸ ਦੇ ਕਰਮ ਜਾਂ ਕਹਿ ਲਓ ਕਿ
ਆਮ ਰੋਜ਼ਾਨਾ ਜਿੰਦਗੀ ਦੇ ਕੰਮ ਕਾਜ਼ ਦਾ ਜੀਵਨ ਹੀ ਉਸ ਨੂੰ ਉਚਾ ਜਾਂ ਨੀਵਾਂ ਬਣਾਉਂਦੇ ਹਨ। ਨਾ ਤਾਂ
ਕੋਈ ਕਿਸੇ ਕਥਿਤ ਉਚੀ ਕੁੱਲ ਵਿੱਚ ਪੈਦਾ ਹੋਇਆ ਉਚਾ ਹੋ ਸਕਦਾ ਹੈ ਅਤੇ ਨਾ ਹੀ ਕਿਸੇ ਧਾਰਮਿਕ ਪਦਵੀ
ਦੇ ਬੈਠਾ ਹੋਇਆ। ਕਬੀਰ ਜੀ ਨੇ ਪੰਜ ਸਦੀਆਂ ਪਹਿਲਾਂ ਹੀ ਬ੍ਰਾਹਮਣ ਨੂੰ ਵੰਗਾਰ ਕਿ ਕਿਹਾ ਸੀ ਕਿ ਤੂੰ
ਕਿਸੇ ਹੋਰ ਰਸਤੇ ਜੰਮਿਆਂ ਹੈਂ ਜਾਂ ਤੇਰੀਆਂ ਰਗਾਂ ਵਿੱਚ ਕੋਈ ਖੂਨ ਦੀ ਥਾਂ ਤੇ ਦੁੱਧ ਚਲਦਾ ਹੈ। ਸੋ
ਧਾਰਮਿਕ ਸੇਧ ਅਸੀਂ ਗੁਰਬਾਣੀ ਦੇ ਸੱਚ ਤੋਂ ਲੈਣੀ ਹੈ ਨਾ ਕਿ ਕਿਸੇ ਕਥਿਤ ਜਥੇਦਾਰ/ਪੁਜਾਰੀ ਜਾਂ
ਕਿਸੇ ਹੋਰ ਲੀਡਰ ਕੋਲੋਂ। ਜਿਸ ਗੱਲ ਦੀ ਗੁਰਬਾਣੀ ਤਸਦੀਕ ਨਹੀਂ ਕਰਦੀ ਉਸ ਨੂੰ ਧਾਰਮਿਕ ਮੰਨਣਾ ਕੋਈ
ਜਰੂਰੀ ਨਹੀਂ ਹੁੰਦਾ। ਆਪਣੇ ਚਿੱਤੋਂ ਝਗੜਾ ਮੁਕਾਉਣ ਲਈ ਪਰ ਅਸਲ ਵਿੱਚ ਗੁਰਬਾਣੀ ਦੇ ਸੱਚ ਨੂੰ ਪਿੱਠ
ਦੇ ਕੇ ਗੁਰਦੁਰਿਆਂ ਵਿੱਚ ਸਿਰ ਪੜਵਾਉਣ ਲਈ ਇੱਕ ਗੁਰੂ ਕੀ ਨਿੰਦਾ ਵਾਲਾ ਲੰਗਰ ਵਾਲਾ ਪਖੰਡਨਾਮਾ
1998 ਵਿੱਚ ਜਾਰੀ ਕੀਤਾ ਗਿਆ ਸੀ। ਮੈਂ ਇਸ ਦੇ ਆਉਣ ਤੋਂ ਪਹਿਲਾਂ ਵੀ ਇਸ ਦੀ ਵਿਰੋਧਤਾ ਕੀਤੀ ਸੀ
ਹੁਣ ਵੀ ਕਰਦਾ ਹਾਂ ਅਤੇ ਅਖੀਰਲੇ ਸਾਹ ਤੱਕ ਕਰਦਾ
ਰਹਾਂਗਾ। ਮੈਂ ਕਿਸੇ ਵੀ ਗਰੁੱਪ ਨਾਲ ਸੰਬੰਧਿਤ ਨਹੀਂ ਸੀ ਅਤੇ ਨਾ ਹੀ ਹੁਣ ਹਾਂ ਪਰ ਗੱਲ ਗੁਰਬਾਣੀ
ਦੇ ਸੱਚ ਦੀ ਕਰ ਰਿਹਾ ਹਾਂ। ਇਸ ਵਿਸ਼ੇ ਤੇ ਮੇਰੀ ਬਹੁਤਿਆਂ ਨੇ ਵਿਰੋਧਤਾ ਕੀਤੀ ਸੀ ਅਤੇ ਕਈ ਹੁਣ ਵੀ
ਕਰ ਰਹੇ ਹਨ ਪਰ ਜਦੋਂ ਸੱਚ ਨਾਲ ਖੜਨਾ ਹੋਵੇ ਤਾਂ ਕਿਸੇ ਦੀ ਕੋਈ ਪਰਵਾਹ ਵੀ ਨਹੀਂ ਹੋਣੀ ਚਾਹੀਦੀ।
ਪਾਠਕ ਸੱਜਣ ਹੋਰ ਜਾਣਕਾਰੀ ਲਈ ਇਸ ਬਾਰੇ ਮੇਰਾ ਇੱਕ ਲੇਖ “ਕੀ ਲੰਗਰ ਬਾਰੇ ਫ਼ਤਵਾ (ਹੁਕਮਨਾਮਾ),
ਗੁਰਮਤਿ ਸੀ ਜਾਂ ਗੁਰੂ ਕੀ ਨਿੰਦਿਆ?” ਇੱਥੇ ਲੇਖ ਲੜੀ ਦੁਜੀ ਵਿਚ
ਪੜ੍ਹ ਸਕਦੇ ਹਨ ਜੋ ਕਿ 7 ਨਵੰਬਰ 2004 ਦਾ ਲਿਖਿਆ
ਹੋਇਆ ਹੈ।
ਹੋਰ ਵੀ ਕਈ ਮੁੱਦਿਆਂ ਕਰਕੇ ਵਿਰੋਧਤਾ: ਕਈ ਅਜੇਹੀਆਂ ਗੱਲਾਂ ਹੋਰ ਵੀ
ਹਨ
ਜਿਹੜੀਆਂ ਕਿ ਕਈ ਅੰਨਿਆਂ ਦੀ ਅੰਨੀ ਸ਼ਰਧਾ ਨੂੰ ਸੱਟ ਮਾਰਦੀਆਂ ਹਨ।
ਜਦੋਂ ਉਸ ਬਾਰੇ ਕੋਈ ਸੱਚ ਛਪਦਾ ਹੈ ਤਾਂ ਉਹਨਾ ਦੇ ਮਨਾ ਨੂੰ ਠੇਸ ਪਹੁੰਚਦੀ ਹੈ। ਇਹ ਭਾਵੇਂ ਕਿਸੇ
ਸ਼ਬਦ ਦੀ ਵਿਚਾਰ ਹੋਵੇ ਤੇ ਭਾਵੇਂ ਕਿਸੇ ਕਰਾਮਾਤੀ ਕਹਾਣੀ ਦੀ। ਸਦੀਆਂ ਤੋਂ ਜੋ ਗਲਤ ਗੱਲਾਂ ਮਨ ਵਿੱਚ
ਬੈਠੀਆਂ ਹੋਣ ਤਾਂ ਉਹਨਾ ਨੂੰ ਕੱਢਣਾ ਬਹੁਤ ਔਖਾ ਹੁੰਦਾ ਹੈ। ਜਿਵੇ ਕੇ
ਕਰਾਮਾਤੀ ਮਿੱਠੇ ਰੀਠਿਆਂ ਦੀ ਕਹਾਣੀ ਜੋ ਸਦੀਆਂ
ਤੋਂ ਚੱਲ ਰਹੀ ਸੀ। ਉਸ ਦੀ ਅਸਲੀਅਤ ਵੀ ਇੱਥੇ ‘ਸਿੱਖ ਮਾਰਗ’ ਤੇ ਹੀ ਪਹਿਲੀ ਵਾਰੀ ਦੱਸੀ ਗਈ ਸੀ।
ਪਾਠਕ ਜਨ ਇਹ ਲੇਖ ਗੁਰਇੰਦਰ ਸਿੰਘ ਪਾਲ ਦੇ ਲੇਖਾਂ ਵਿੱਚ ਪੜ੍ਹ ਸਕਦੇ ਹਨ।
ਸਰਵਉਚ ਸਿਰਫ ਗੁਰਬਾਣੀ: ਸਾਡੇ ਲਈ ਸਿਰਫ ਗੁਰਬਾਣੀ ਹੀ ਸਰਵਉਚ ਹੈ ਨਾ
ਕਿ ਕੋਈ ਇਮਾਰਤ ਜਾਂ ਕੋਈ ਵਿਆਕਤੀ। ‘ਸਿੱਖ ਮਾਰਗ’ ਪਹਿਲੇ ਦਿਨ ਤੋਂ ਹੀ ਗੁਰਬਾਣੀ ਦੇ ਸੱਚ ਨੂੰ
ਸਮਰਪਿਤ ਹੈ। ਇਸ ਬਾਰੇ ਲੇਖਾਂ ਦੇ ਉਪਰ ਲਿਖਿਆ ਵੀ ਹੁੰਦਾ ਹੈ। ਇਸ ਬਾਰੇ ਇਸ ਲੇਖ ਵਿੱਚ ਵੀ ਅਤੇ
ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾ ਹਾਂ। ਗੁਰਬਾਣੀ ਅਨੁਸਾਰ ਅਕਾਲ ਪੁਰਖ ਨੂੰ ਕਿਸੇ ਵੀ ਇੱਕ ਥਾਂ ਤੇ
ਕੈਦ ਕਰਕੇ ਨਹੀਂ ਰੱਖਿਆ ਜਾ ਸਕਦਾ ਅਤੇ ਨਾ ਹੀ ਕੋਈ ਖਾਸ ਥਾਂ ਉਸ ਦੇ ਬੈਠਣ ਦਾ ਟਿਕਾਣਾ ਹੈ। ਇਸ
ਬਾਰੇ ਸਾਡੇ ਵਿਚਾਰ ਉਦੋਂ ਤੋਂ ਹੀ ਇਸ ਤਰ੍ਹਾਂ ਦੇ ਹਨ ਜਦੋਂ ਸਾਨੂੰ ਗੁਰਬਾਣੀ ਦੀ ਕੁੱਝ ਸਮਝ ਪੈ ਗਈ
ਸੀ। ਕੋਈ 20 ਕੁ ਸਾਲਾਂ ਤੋਂ ਤਾਂ ਅਸੀਂ ਇਸ ਬਾਰੇ ਲਿਖਦੇ ਵੀ ਆ ਰਹੇ ਹਾਂ। ਹੋਰ ਵੀ ਬਹੁਤ ਸਾਰੇ
ਲਿਖਦੇ ਰਹੇ ਹਨ। ਕਾਲੇ ਅਫਗਾਨੇ ਨੇ ਵੀ ਲਿਖਿਆ ਹੈ ਭਾਈ ਜਸਬੀਰ ਸਿੰਘ ਵੈਨਕੂਵਰ ਵਾਲੇ ਦਾ ਇੱਕ ਲੇਖ “ਗੁਰਬਾਣੀ
ਦਾ ਸੱਚ (ਅਕਾਲ ਪੁਰਖ ਦਾ ਤਖ਼ਤ) “ ਕੋਈ ਚਾਰ ਸਾਲ ਪਹਿਲਾਂ ਫਰਵਰੀ 2010 ਦਾ ਇੱਥੇ ਛਪਿਆ ਹੋਇਆ
ਹੈ ਅਤੇ ਅਮਜੀਤ ਸਿੰਘ ਚੰਦੀ ਦਾ ਵੀ, “ਸਿੱਖੀ ਵਿੱਚ ਅਕਾਲ ਤਖ਼ਤ ਦੀ ਥਾਂ?” ਮਾਰਚ 2010 ਦਾ
ਛਪਿਆ ਹੋਇਆ ਹੈ। ਉਸ ਵੇਲੇ ਤੱਕ ਤਾਂ ਡਾ: ਇਕਬਾਲ ਸਿੰਘ ਢਿੱਲੋਂ ਦੀ ਇੱਥੇ ਕੋਈ ਵੀ ਲਿਖਤ ਨਹੀਂ ਸੀ
ਛਪੀ। ਡਾ: ਢਿੱਲੋਂ ਦੇ ਲੇਖ ਉਸ ਤੋਂ ਪਿਛੋਂ ਛਪੇ ਸਨ। ਜਦੋਂ ਉਹਨਾਂ ਦੀ ਕਿਤਾਬ ਛਪ ਗਈ ਤਾਂ ਉਹਨਾਂ
ਨੇ ਆਪਣੇ ਪਹਿਲੇ ਲੇਖ, ਜਿਨ੍ਹਾਂ `ਚ ਬਹੁਤ ਸੋਧਾਂ ਹੋ ਚੁਕੀਆਂ ਸਨ ਇਥੋਂ ਹਟਾ ਲਏ।
ਉਹਨਾ ਦੇ ਕੁੱਝ ਲੇਖ ਇੱਥੋਂ ਹਟਾਉਣ ਬਾਰੇ ਵੀ ਗਲਤ
ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ। ਇਸ ਦੀ ਅਸਲੀਅਤ ਜਾਨਣ ਲਈ ਇਸ ਸੰਬੰਧੀ ਉਹਨਾ ਦੀ ਇੱਕ ਚਿੱਠੀ ਜੋ
ਕਿ ਨਵੰਬਰ 2012 ਨੂੰ ਛਪੀ ਸੀ, ਪੜ੍ਹੀ ਜਾ ਸਕਦੀ ਹੈ। ਦਰਅਸਲ ਗੱਲ ਇਹ ਹੈ ਕਿ ਜਿਹੜੀ ਗੱਲ ਅਸੀਂ ਕਈ
ਦਹਾਕੇ ਪਹਿਲਾਂ ਦੀ ਕਹਿ ਰਹੇ ਹਾਂ ਉਹੀ ਗੱਲ ਹੁਣ ਸਮਝ ਕੇ ਹੋਰ ਵੀ ਕਈ ਕਹਿਣ ਲੱਗ ਪਏ ਹਨ। ਹੇਠਾਂ
ਅਸੀਂ ਇੱਕ ਲਿਖਤ ਦਾ ਕੁੱਝ ਹਿੱਸਾ ਅਤੇ ਸੰਪਾਦਕ ਦੀ ਟਿੱਪਣੀ ਦਾ ਹਿੱਸਾ ਕਾਪੀ ਪੇਸਟ ਕਰ ਰਹੇ ਹਾਂ
ਜੋ ਕਿ 29 ਜਨਵਰੀ 2014 ਨੂੰ ਖ਼ਾਲਸਾ ਨਿਊਜ਼ ਤੇ ਛਪੀ ਸੀ।
“ਤੇ ਸਿੱਖਾਂ ਦੇ ਇਕ ਜਾਗਰੂਕ ਕਹਾਉਂਦੇ ਵਰਗ ਵਿਚ ਵੀ ‘ਅਕਾਲ ਤਖਤ’ ਦਾ
ਏਨਾ ‘ਖੌਫ’ ਬੈਠਿਆ ਹੋਇਆ ਹੈ, ਕਿ ਉਹ ਅਕਾਲ ਤਖਤ ਤੋਂ ਜਾਰੀ ਹੋਣ ਵਾਲੇ ਹਰ ਜਾਇਜ਼-ਨਜਾਇਜ਼
‘ਹੁਕਮਨਾਮੇ’ ਨੂੰ ਮੰਨਣ ਲਈ ਤਿਆਰ ਹੀ ਰਹਿੰਦੇ ਹਨ। ਇਸ ਗੱਲ ਕਰਕੇ ਅੱਜ ਸਿੱਖਾਂ ਦਾ ਬੇਹੱਦ ਨੁਕਸਾਨ
ਹੋ ਰਿਹਾ ਹੈ। ਸਿੱਖਾਂ ਨੂੰ ਇਹ ਗੱਲ ਪੱਲੇ ਬੰਨ੍ਹਣ ਦੀ ਲੋੜ ਹੈ ਕਿ ‘ਗੁਰੂ ਗ੍ਰੰਥ ਤੇ ਗੁਰੂ ਪੰਥ’
ਦੇ ਸਿਧਾਂਤ ਅੱਗੇ ਅਜੋਕੇ ਅਕਾਲ ਤਖਤ ਦੀ ਕੋਈ ਬੁੱਕਤ ਨਹੀਂ ਹੈ।
ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਰਵਉੱਚ ਹੈ, ਅਕਾਲ ਤਖ਼ਤ ਨਹੀਂ।
ਅਕਾਲ ਤਖ਼ਤ ਇੱਕ ਸਿਧਾਂਤ ਹੈ ਜੋ ਅਕਾਲ ਦੇ ਹੁਕਮ ਅਨੁਸਾਰ ਚਲਦਾ ਹੈ, ਜੋ ਕਿ ਗੁਰਬਾਣੀ ਅੰਦਰ ਅੰਕਿਤ
ਹੈ, ਇਸ ਲਈ ਗੁਰਬਾਣੀ ਹੀ ਅਕਾਲ ਤਖ਼ਤ ਹੈ, ਕੋਈ ਬਿਲਡਿੰਗ ਨਹੀਂ, ਨਾ ਹੀ ਉਸ ‘ਤੇ ਤਨਖਾਹ ‘ਤੇ ਰੱਖਿਆ
ਸ਼੍ਰੋਮਣੀ ਕਮੇਟੀ ਦਾ ਨੌਕਰ।”
ਪਾਠਕ ਜਨ ਇਹ ਪੂਰੀ ਲਿਖਤ ਉਥੇ ਜਾ ਕੇ ਪੜ੍ਹ ਸਕਦੇ ਹਨ ਅਤੇ ਆਪ ਹੀ ਇਹ
ਅੰਦਾਜ਼ਾ ਲਾ ਸਕਦੇ ਹਨ ਕਿ ਜਿਹੜੇ ਇੱਥੇ ਸਿੱਖ ਮਾਰਗ ਤੇ ਇਸ ਤਰ੍ਹਾਂ ਦੀਆਂ ਲਿਖਤਾਂ ਦੀ ਵਿਰੋਧਤਾ
ਕਰਦੇ ਹਨ ਪਰ ਖਾਲਸਾ ਨਿਊਜ਼ ਤੇ
ਹਮਾਇਤ। ਕੀ ਅਜਿਹੇ ਸੱਜਣ ਕਿਸੇ ਮਾਨਸਿਕ ਰੋਗ ਦਾ
ਸ਼ਿਕਾਰ ਤਾਂ ਨਹੀਂ ਹਨ? ਇਸੇ ਤਰ੍ਹਾਂ ਦਾ ਇੱਕ ਲੇਖ ਹਰਲਾਜ ਸਿੰਘ ਬਹਾਦਰਪੁਰ ਦਾ ਸਿੱਖ ਮਾਰਗ ਤੇ 8
ਦਸੰਬਰ 2013 ਨੂੰ ਛਪਿਆ ਸੀ ਅਤੇ ਖ਼ਾਲਸਾ ਨਿਊਜ਼ ਤੇ ਇਹ 10 ਦਸੰਬਰ ਵਾਲੀ ਤਾਰੀਖ ਨੂੰ ਛਪਿਆ ਸੀ।
ਪਾਠਕ ਜਨ ਆਪ ਇਹ ਲੇਖ ਪੜ੍ਹ ਕੇ ਦੇਖ ਸਕਦੇ ਹਨ। ਕਈਆਂ ਨੇ ਇਸ ਲੇਖ ਤੇ ਟਿੱਪਣੀ ਕਰਦਿਆਂ ਇਕ-ਇਕ
ਅੱਖਰ ਨੂੰ ਸੱਚ ਕਿਹਾ ਸੀ।
ਮੌਜੂਦਾ ਬੀੜ ਅਤੇ ਕਰਤਾਰਪੁਰੀ ਬੀੜ: ਇਹ ਇੱਕ ਬਹੁਤ ਹੀ ਅਹਿਮ ਅਤੇ
ਸੰਵੇਦਨਸ਼ੀਲ ਮੁੱਦਾ ਹੈ। ਆਮ ਲੋਕਾਂ ਨੂੰ ਮਾੜਾ ਜਿਹਾ ਝੂਠ ਬੋਲ ਕੇ ਹੀ ਭੜਕਾਇਆ ਜਾ ਸਕਦਾ ਹੈ ਅਤੇ
ਅੱਜ ਵੀ ਭੜਕਾਇਆ ਜਾ ਰਿਹਾ ਹੈ। ਇਹ ਕੋਈ ਨਵੀ ਗੱਲ ਨਹੀਂ ਹੈ। ਜਦੋਂ ਸ਼੍ਰੋ: ਕਮੇਟੀ ਨੇ ਸਾਰੇ
ਮੰਗਲਾਚਰਨ ਗੁਰੂ ਦੀ ਦਿੱਤੀ ਇੱਕ ਤਰਤੀਬ ਅਨੁਸਾਰ ਸਭ ਤੋਂ ਉਪਰ ਰੱਖ ਕੇ ਬੀੜਾਂ ਛਾਪੀਆਂ ਤਾਂ ਚੀਫ
ਖਾਲਸਾ ਦੀਵਾਨ, ਬੀੜਾਂ ਛਾਪਣ ਵਾਲੇ ਦੁਕਾਨਦਾਰ ਅਤੇ ਡੇਰਿਆਂ ਵਾਲੇ ਸਾਧਾਂ ਨੇ ਰਲ ਕੇ ਐਸਾ ਸ਼ੋਰ
ਪਾਇਆ ਕਿ ਕੀਤੀ ਗਈ ਸਹੀ ਗੱਲ ਨੂੰ ਵੀ ਭੜਕਾ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਗਲਤ ਸਾਬਤ ਕਰ ਦਿੱਤਾ।
ਸੋ ਪਾਠਕਾਂ ਨੂੰ ਬੇਨਤੀ ਹੈ ਕਿ ਇਸ ਅਸਲੀਅਤ ਨੂੰ ਬਹੁਤ ਹੀ ਗੰਭੀਰਤਾ ਨਾਲ ਸਮਝਣ ਦੀ ਕੋਸ਼ਿਸ਼ ਕਰਨ।
ਕਰਤਾਰਪੁਰੀ ਬੀੜ ਬਾਰੇ ਕਈ ਲੇਖ ਛਪ ਚੁੱਕੇ ਹਨ, ਹਾਲੇ ਕੁੱਝ ਦਿਨ ਪਹਿਲਾਂ ਹੀ ਹਾਕਮ ਸਿੰਘ ਜੀ ਦਾ
ਲੇਖ ਭਰਪੂਰ ਜਾਣਕਾਰੀ ਦੇਣ ਵਾਲਾ ਛਪਿਆ ਹੈ।
ਇਕ ਗੱਲ ਫੇਰ
ਸਪਸ਼ਟ ਕਰ ਦਿੰਦੇ ਹਾਂ ਅਤੇ ਪਹਿਲਾਂ ਵੀ ਕਈ ਵਾਰੀ
ਕੀਤੀ ਗਈ ਸੀ ਕਿ ਅਸੀਂ ਮੌਜੂਦਾ ਛਾਪੇ ਵਾਲੀ ਬੀੜ ਨੂੰ ਕਦੀ ਵੀ ਨਕਲੀ ਨਹੀਂ ਕਿਹਾ। ਹਾਂ ਇਹ ਜਰੂਰ
ਕਿਹਾ ਕਿ ਇਸ ਵਿੱਚ ਵੀ ਕੁੱਝ ਤਰੁੱਟੀਆਂ ਲਗਦੀਆਂ ਹਨ ਜੋ ਕਿ ਗੁਰੂ ਅਰਜਨ ਦੇਵ ਜੀ ਦੀ ਸਖਸ਼ੀਅਤ ਨਾਲ
ਮੇਲ ਨਹੀਂ ਖਾਂਦੀਆਂ। ਇਹ ਤਰੁੱਟੀਆਂ ਹੋਣ ਦੇ ਬਾਵਜੂਦ ਵੀ ਅਸੀਂ ਇਹ ਮੰਨਦੇ ਹਾਂ ਕਿ ਮੌਜੂਦਾ ਬੀੜ
ਵਿੱਚ ਗੁਰਬਾਣੀ 99% ਸ਼ੁੱਧ ਰੂਪ ਵਿੱਚ ਸਾਡੇ ਕੋਲ ਹੈ। ਇਹਨਾ ਤਰੁੱਟੀਆਂ ਵਿਚੋਂ ਮੈਂ ਸਿਰਫ ਇੱਕ
ਤਰੁੱਟੀ ਦਾ ਜ਼ਿਕਰ ਕਰਾਂਗਾ। ਇਹ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਦਾ ਹੋਰ ਖੁਲਾਸਾ ਕਰ ਦੇਵਾਂ
ਜਿਹੜੀ ਕਿ ਕੁੱਝ ਬੰਦਿਆਂ ਵਲੋਂ ਰਵਾਇਤੀ ਤੌਰ ਤੇ ਸੁਣੀ ਝੁਠੇ ਤੌਰ ਤੇ ਪ੍ਰਚਾਰੀ ਜਾ ਰਹੀ ਹੈ। ਉਹ
ਝੂਠੀ ਗੱਲ ਇਹ ਹੈ ਕਿ ਦਸਮੇਂ ਪਾਤਸ਼ਾਹ ਨੇ ਸਾਬੋ ਕੀ ਤਲਵੰਡੀ ਵਿਖੇ ਇੱਕ ਬੀੜ ਲਿਖਵਾਈ ਸੀ ਜਿਸ ਵਿੱਚ
ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਚਾੜੀ ਸੀ। ਉਹ ਬੀੜ ਤਾਂ ਸਿੱਖਾਂ ਦੇ ਕੋਲ ਹੀ ਰਹੀ ਹੈ ਕਿਤੇ ਗਈ
ਹੀ ਨਹੀਂ। ਇਸ ਲਈ ਉਸ ਵਿੱਚ ਕੋਈ ਵਾਧਾ ਘਾਟਾ ਹੋ ਹੀ ਨਹੀਂ ਸਕਦਾ ਸੀ ਅਤੇ ਨਾ ਹੀ ਹੋਇਆ ਹੈ। ਜੇ
ਹੁੰਦਾ ਤਾਂ ਰੌਲਾ ਨਾ ਪੈਂਦਾ? ਉਹਨਾ ਦੀ ਇਹ ਦਲੀਲ ਇਤਨੀ ਕੁ ਹੀ ਸੱਚੀ ਹੈ ਜਿਤਨੀ ਕੁ ਭਾਈ ਮਨੀ
ਸਿੰਘ ਨਾਲ ਜੋੜੀ ਜਾ ਰਹੀ ਇੱਕ ਗੰਦੀ ਕਿਤਾਬ ਦਸਮ ਗ੍ਰੰਥ ਬਾਰੇ ਮਾਤਾ ਸੁੰਦਰੀ ਜੀ ਨੂੰ ਲਿਖੀ ਗਈ
ਚਿੱਠੀ। ਇਸ ਗੰਦੀ ਕਿਤਾਬ ਨੂੰ ਦਸਮ ਗੁਰੂ ਦੀ ਕਿਰਤ ਮੰਨਣ ਵਾਲੇ ਵੀ ਇਹੋ ਜਿਹੀ ਹੀ ਦਲੀਲ ਦਿੰਦੇ ਹਨ
ਕਿ ਤੁਸੀਂ ਭਾਈ ਮਨੀ ਸਿੰਘ ਨਾਲੋਂ ਵੀ ਵੱਡੇ ਸਿਆਣੇ ਆ ਗਏ? ਉਹ ਇਤਨਾ ਸਮਾ ਗੁਰੂ ਸਾਹਿਬ ਦੇ ਨਾਲ
ਰਿਹਾ ਹੈ ਕੀ ਉਸ ਨੂੰ ਨਹੀਂ ਸੀ ਪਤਾ ਕਿ ਦਸਮ ਪਾਤਸ਼ਾਹ ਦੀ ਇਹ ਬਾਣੀ ਨਹੀਂ ਹੈ? ਪਹਿਲਾਂ ਤਾਂ ਇਹ
ਚਿੱਠੀ ਕਈ ਚਿਰ ਗੁਪਤ ਰੂਪ ਵਿੱਚ ਇੱਕ ਭੇਤ ਬਣੀ ਚਿੱਠੀ ਹੀ ਰਹੀ। ਜਦੋਂ ਸਾਹਮਣੇ ਆਈ ਇਸ ਦੇ ਜ਼ਾਹਲੀ
ਹੋਣ ਵਿੱਚ ਦੇਰ ਨਾ ਲੱਗੀ। ਇਸ ਚਿੱਠੀ ਨੇ ਹੀ ਕਈ ਸਦੀਆਂ ਸਿੱਖ ਇਤਿਹਾਸ ਅਤੇ ਸਿੱਖਾਂ ਵਿੱਚ
ਭੰਬਲਭੁਸਾ ਪਾਈ ਰੱਖਿਆ। ਜਿਹੜੇ ਸਿੱਖਾਂ ਨੂੰ ਇਸ ਦੀ ਅਸਲੀਅਤ ਸਮਝਣ ਵਿੱਚ ਕਈ ਸਦੀਆਂ ਲੱਗ ਗਈਆਂ
ਤਾਂ ਫਿਰ ਬਾਕੀ ਗੱਲਾਂ ਬਾਰੇ ਉਹਨਾ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਇਸ ਨਕਲੀ ਚਿੱਠੀ ਦੀ ਹੀ ਖਾਸ
ਤੌਰ ਤੇ ਇਹ ਦੇਣ ਹੈ ਜਿਹੜੀ ਕਿ ਇੱਕ ਗੰਦੀ ਕਿਤਾਬ ਨੂੰ ਮਾਨਤਾ ਦਿਵਾਈ ਜਾਂਦੀ ਹੈ ਅਤੇ ਦਸਮੇਂ ਗੁਰੂ
ਦਾ ਚਰਿੱਤਰ ਸਾਰਿਆਂ ਦੇ ਸਾਹਮਣੇ ਭੇਖੀ ਸਿੱਖਾਂ ਵਲੋਂ ਲੀਰੋ-ਲੀਰ ਕਰਵਾਈ ਜਾ ਰਹੀ ਹੈ। ਉਂਜ ਵੀ
ਅਜਿਹੇ ਭੇਖੀ ਭੜੂਆਂ ਨੂੰ ਇਹ ਨਹੀਂ ਪਤਾ ਕਿ ਨੋਵੇਂ ਗੁਰੂ ਜੀ ਦੀ ਬਾਣੀ ਤਾਂ ਅਨੰਦਪੁਰ ਸਾਹਿਬ ਦੇ
ਦਮਦਮੇ ਦੇ ਅਸਥਾਨ ਤੇ ਪਹਿਲਾਂ ਹੀ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੇ ਵੇਲੇ ਚੜਾਈ ਜਾ
ਚੁੱਕੀ ਸੀ। ਇਸ ਦੇ ਸਬੂਤ ਵਜੋਂ ਅਨੇਕਾਂ ਹੀ ਹੱਥ ਲਿਖਤ ਬੀੜਾਂ ਸਿੱਖ ਰੈਫਰੈਂਸ ਲਾਇਬਰੇਰੀ ਵਿੱਚ
ਮੌਜੂਦ ਸਨ। ਇਹਨਾ ਭੇਖੀਆਂ ਨੇ ਕੁੱਝ ਪੜ੍ਹਿਆ ਵਿਚਾਰਿਆ ਹੋਵੇ ਤਾਂ ਪਤਾ ਹੋਵੇ। ਐਵੇਂ ਹੀ ਝੂਠ ਦੇ
ਅਧਾਰ ਤੇ ਹੀ ਫਰਜ਼ੀ ਘੋੜੇ ਦੁੜਾਈ ਜਾ ਰਹੇ ਹਨ। ਬਾਬਾ ਦੀਪ ਸਿੰਘ ਵਲੋਂ ਸਾਬੋ ਕੀ ਤਲਵੰਡੀ ਵਿਖੇ
ਕੁੱਝ ਬੀੜਾਂ ਲਿਖਣ ਦੀ ਸੰਭਾਵਨਾ ਹੋ ਸਕਦੀ ਹੈ ਪਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪਹਿਲੀ ਵਾਰੀ
ਉਥੇ ਸਾਬੋ ਕੀ ਤਲਵੰਡੀ ਵਿਖੇ ਹੀ ਚੜਾਈ ਗਈ ਸੀ, ਨੂੰ ਠੀਕ ਨਹੀਂ ਮੰਨਿਆ ਜਾ ਸਕਦਾ।
ਆਓ ਹੁਣ ਉਸ ਅਸਲੀ ਗੱਲ ਵੱਲ ਆਈਏ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ:
927 ਤੇ ਜਾ ਕੇ ਪੜ੍ਹੋ। ਉਥੇ ਤੁਹਾਨੂੰ ਇਹ ਹੇਠ ਲਿਖੀਆਂ ਦੋ ਪੰਗਤੀਆਂ ਪੜ੍ਹਨ ਨੂੰ ਮਿਲਣਗੀਆਂ:
ਰਾਗੁ ਰਾਮਕਲੀ ਮਹਲਾ 5॥ ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ॥
ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ॥ {ਪੰਨਾ 927}
ਲਓ ਪੜ੍ਹੋ ਹੁਣ ਪੰਥ ਦੇ ਮਹਾਨ ਵਿਦਵਾਨ ਪ੍ਰੋ: ਸਾਹਿਬ ਸਿੰਘ ਜੀ ਇਹਨਾ
ਪੰਗਤੀਆਂ ਬਾਰੇ ਕੀ ਲਿਖਦੇ ਹਨ।
“ਨੋਟ :
—ਕਰਤਾਰਪੁਰ ਸਾਹਿਬ ਵਾਲੀ
‘ਬੀੜ’
ਵਿੱਚ ਅਤੇ ਛਾਪੇ ਦੀਆਂ ਬੀੜਾਂ ਵਿੱਚ ਇਸ
‘ਛੰਤ’
ਦੀਆਂ ਸਿਰਫ਼ ਇਹੀ ਦੋ ਤੁਕਾਂ ਹਨ”।
ਪ੍ਰੋ: ਸਾਹਿਬ ਸਿੰਘ ਜੀ ਦੇ ਉਪਰ ਦਿੱਤੇ ਨੋਟ ਦਾ ਸਾਫ ਮਤਲਬ ਤਾਂ ਇਹੀ ਬਣਦਾ
ਹੈ ਕਿ ਇਹ ਛੰਤ ਕਈ ਹੱਥ ਲਿਖਤ ਬੀੜਾਂ ਵਿੱਚ ਪੂਰਾ ਵੀ ਹੈ। ਨਹੀਂ ਤਾਂ ਉਹ ਇਹ ਵੀ ਲਿਖ ਸਕਦੇ ਸਨ ਕਿ
ਸਾਰੀਆਂ ਬੀੜਾਂ ਵਿੱਚ ਸਿਰਫ ਇਹ ਦੋ ਹੀ ਪੰਗਤੀਆਂ ਹਨ। ਗੱਲ ਹੋਰ ਅੱਗੇ ਤੋਰਨ ਤੋਂ ਪਹਿਲਾਂ ਮੈਂ ਇੱਕ
ਗੱਲ ਹੋਰ ਸਪਸ਼ਟ ਕਰ ਦੇਵਾਂ ਕਿ ਇਹ ਜਿਤਨੇ ਵੀ ਵਿਦਵਾਨ ਹੁੰਦੇ ਹਨ ਇਹ ਪੂਰਾ ਸੱਚ ਲਿਖਣ ਤੋਂ ਕਈ
ਵਾਰੀ ਇਸ ਲਈ ਝਿਜਕ ਜਾਂਦੇ ਹਨ ਤਾਂ ਕਿ ਸਾਡੀ ਕੋਈ ਵਿਰੋਧਤਾ ਨਾ ਕਰੇ।
ਲਓ ਹੁਣ ਪੜ੍ਹੋ ਸ਼ਬਦਾਰਥ ਦੇ ਤਿੰਨ ਐਮ. ਏ. ਪੜ੍ਹੇ ਵਿਦਵਾਨ, ਪ੍ਰੋ: ਤੇਜਾ
ਸਿੰਘ ਜੀ, ਬਾਵਾ ਹਰਕ੍ਰਿਸ਼ਨ ਸਿੰਘ ਜੀ ਅਤੇ ਸ: ਨਰਾਇਣ ਸਿੰਘ ਜੀ ਇਹਨਾ ਪੰਗਤੀਆਂ ਬਾਰੇ ਕੀ ਲਿਖਦੇ
ਹਨ।
“ਸ੍ਰੀ ਕਰਤਾਰਪੁਰ ਵਾਲੀ ਬੀੜ ਵਿੱਚ ਇਸ ਸ਼ਬਦ ਦੀਆਂ ਕੇਵਲ ਦੋ ਤੁਕਾਂ
ਦਿੱਤੀਆਂ ਹਨ, ਪਰ ਭਾਈ ਬੰਨੋ ਵਾਲੀ ਬੀੜ ਵਿੱਚ ਚਾਰ ਪਦਾਂ ਦਾ ਛੰਤ ਦਿੱਤਾ ਹੈ। ਮਜ਼ਮੂਨ ਬਾਲਕ
ਹਰਿਗੋਬਿੰਦ ਜੀ ਦੇ ਸੰਬੰਧ ਵਿੱਚ ਕਿਸੇ ਸੰਸਕਾਰ ਦਾ ਨਹੀਂ, ਸਗੋਂ ‘ਅਨੂਪ ਬਾਲਕ’ ਦਾ ਅਲੰਕਾਰ ਲੈ ਕੇ
ਉਸ ਦੇ ਜੀਵਨ ਦੇ ਜ਼ਰੂਰੀ ਮੌਕਿਆਂ (ਜਨਮ, ਨਾਮ-ਕਰਨ, ਭੱਦਣ, ਸਕੂਲੇ ਪੈਣ, ਮੰਗਣਾ ਵਿਆਹ) ਨੂੰ ਲੈ ਕੇ
ਅੰਮ੍ਰਿਤ-ਨਾਮ ਦੇ ਵੰਡਣ ਦਾ ਜ਼ਿਕਰ ਕਰਦੇ ਹਨ, ਇਸੇ ਤਰ੍ਹਾਂ ਹੋਰਨਾ ਥਾਵਾਂ ਤੇ ਅਲਾਹਣੀਆਂ, ਘੋੜੀਆਂ,
ਜੰਞ, ਵਿਆਹ ਆਦਿ ਦੇ ਅਲੰਕਾਰ ਵਰਤੇ ਗਏ ਹਨ।”
ਪ੍ਰੋ: ਸਾਹਿਬ ਸਿੰਘ ਜੀ ਦੀ ਤਰ੍ਹਾਂ ਇਹ ਤਿੰਨੇ ਵਿਦਵਾਨ ਵੀ ਗੱਲ ਸਪਸ਼ਟ
ਨਹੀਂ ਕਰਦੇ। ਪਰ ਇਹਨਾ ਦੇ ਖਿਆਲਾਂ ਤੋਂ ਇਹ ਗੱਲ ਤਾਂ ਸਪਸ਼ਟ ਹੁੰਦੀ ਹੈ ਕਿ ਇਹ ਵਿਦਵਾਨ ਇਸ ਛੰਤ
ਨੂੰ ਗੁਰੂ ਅਰਜਨ ਦੇਵ ਜੀ ਦਾ ਲਿਖਿਆ ਮੰਨਦੇ ਹਨ ਅਤੇ ਇਹ ਵੀ ਮੰਨਦੇ ਹਨ ਕਿ ਇਹ ਕਰਤਾਰ ਪੁਰ ਵਾਲੀ
ਬੀੜ ਵਿੱਚ ਅਧੂਰਾ ਭਾਵ ਕਿ ਦੋ ਪੰਗਤੀਆਂ ਹੀ ਹਨ ਪਰ ਭਾਈ ਬੰਨੋ ਵਾਲੀ ਬੀੜ ਵਿੱਚ ਪੂਰਾ, ਚਾਰ ਪਦਾਂ
ਦਾ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਕਰ ਇਹ ਗੁਰੂ ਅਰਜਨ ਦੇਵ ਜੀ ਦਾ ਹੈ ਤਾਂ ਫਿਰ ਇਹ
ਕਰਤਾਰ ਪੁਰ ਵਾਲੀ ਬੀੜ ਵਿੱਚ ਅਧੂਰਾ ਕਿਵੇਂ? ਕੀ ਗੁਰੂ ਜੀ ਨੇ ਆਪਣੀ ਨਿਗਰਾਨੀ ਵਿੱਚ ਲਿਖਾਈ ਬੀੜ
ਵਿੱਚ ਹੀ ਆਪਣਾ ਸ਼ਬਦ ਅਧੂਰਾ ਲਿਖਣਾ ਸੀ? ਫਿਰ ਇਹਨਾ ਦੋ ਪੰਗਤੀਆਂ ਤੋਂ ਬਾਅਦ ਨੰਬਰ ਵੀ ਕੋਈ ਨਹੀਂ
ਹੈ ਜੋ ਕਿ ਗੁਰਬਾਣੀ ਲਿਖਣ ਸ਼ੈਲੀ ਦੇ ਅਨੁਕੂਲ ਨਹੀਂ ਹੈ। ਜੇ ਕਰ ਇਸ ਸਾਰੇ ਸ਼ਬਦ ਨੂੰ ਭੱਦਣ ਕਰਾਉਣ
ਨਾਲ ਜੋੜੀਏ ਤਦ ਵੀ ਗੁਰਬਾਣੀ ਸਿਧਾਂਤਾਂ ਦੀ ਵਿਰੋਧਤਾ ਹੁੰਦੀ ਹੈ। ਕੀ ਗੁਰੂ ਜੀ ਨੇ ਆਪਣੇ ਹੀ ਲੜਕੇ
ਦਾ ਭੱਦਣ ਕਰਵਾਉਣਾ ਸੀ? ਸਾਰੀ ਗੁਰਬਾਣੀ ਤਾਂ ਰੱਬ ਦੀ ਰਜ਼ਾ ਵਿੱਚ ਰਹਿਣ ਨੂੰ ਮੰਨਦੀ ਹੈ ਪਰ ਇਹ
ਉਲਟਾ ਕਿਉਂ? ਜੇ ਕਰ ਇਸ ਨੂੰ ਅਲੰਕਾਰ ਦੇ ਤੌਰ ਤੇ ਲਈਏ ਜਿਸ ਤਰ੍ਹਾਂ ਕਿ ਸ਼ਬਦਾਰਥ ਦੇ ਵਿਦਵਾਨ
ਕਹਿੰਦੇ ਹਨ ਫਿਰ ਇਹ ਗੱਲ ਆਪਣੇ ਆਪ ਹੀ ਸਾਬਤ ਹੋ ਜਾਂਦੀ ਹੈ ਕਿ ਬਹੁਤ ਸਾਰੀਆਂ ਬੀੜਾਂ ਵਿੱਚ
ਵਾਧੇ-ਘਾਟੇ ਕੀਤੇ ਗਏ ਹਨ ਅਤੇ ਕਰਤਾਰ ਪੁਰ ਵਾਲੀ ਬੀੜ ਵੀ ਅਸਲ ਭਾਈ ਗੁਰਦਾਸ ਦੀ ਲਿਖਾਈ ਹੋਈ ਸਾਬਤ
ਨਹੀਂ ਹੁੰਦੀ। ਕੀ ਇਹ ਕਿਤੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਲਿਖਣ ਵਾਲਿਆਂ ਦੀ ਸ਼ਰਾਰਤ ਤਾਂ ਨਹੀਂ
ਹੋਵੇਗੀ? ਸ਼ਾਇਦ ਕੋਈ ਵਿਦਵਾਨ ਸੱਜਣ ਆਉਣ ਵਾਲੇ ਸਮੇ ਵਿੱਚ ਇਸ ਰਹੱਸ ਨੂੰ ਖੋਲ ਸਕੇ।
ਇਕ ਗੱਲ ਨਾਲ ਤਾਂ ਤਕਰੀਬਨ ਸਾਰੇ ਹੀ ਸਿੱਖ ਸਹਿਮਤ ਹੋਣਗੇ ਕਿ ਗੁਰੂ ਅਰਜਨ
ਦੇਵ ਜੀ ਬਹੁਤ ਦੂਰ-ਅੰਦੇਸ਼ ਸਨ। ਉਹਨਾ ਨੇ ਗੁਰਬਾਣੀ ਇਸ ਤਰਤੀਬ ਨਾਲ ਲਿਖੀ ਹੈ ਕਿ ਇਸ ਵਿੱਚ ਕੋਈ ਵੀ
ਵਾਧਾ ਘਾਟਾ ਨਾ ਕਰ ਸਕੇ। ਪਰ ਜਿੱਥੇ ਇਹ ਤਰਤੀਬ ਪੂਰੀ ਨਾ ਢੁਕਦੀ ਹੋਵੇ ਤਾਂ ਕੀ ਫਿਰ ਉਸ ਨੂੰ ਗੁਰੂ
ਅਰਜਨ ਦੇਵ ਜੀ ਅਣਗਹਿਲੀ ਕਹਾਂਗੇ ਜਾਂ ਆਪਣੀ ਬੇਵਕੂਫੀ? ਜੇ ਕਰ ਇਸ ਇੱਕ ਗੱਲ ਦੀ ਹੀ ਸਮਝ ਆ ਜਾਵੇ
ਫਿਰ ਸਚਾਈ ਆਪਣੇ ਆਪ ਹੀ ਸਮਝ ਆ ਜਾਵੇਗੀ। ਇੱਕ ਗੱਲ ਹੋਰ ਵੀ ਬਹੁਤ ਧਿਆਨ ਦੇਣ ਵਾਲੀ ਹੈ ਜਿਸਦਾ
ਜ਼ਿਕਰ ਮੈਂ ਪਹਿਲਾਂ ਵੀ ਕਰ ਚੁੱਕਾ ਹਾਂ ਕਿ ਗੁਰਬਾਣੀ ਇੱਕ ਜੀਵਨ ਜਾਂਚ ਹੈ ਕੋਈ ਕਰਾਮਾਤੀ ਨਹੀਂ। ਜੇ
ਕਰ ਇਸ ਤਰ੍ਹਾਂ ਹੁੰਦਾ ਤਾਂ ਹੁਣ ਤੱਕ ਸਿੱਖਾਂ ਦੇ ਸਾਰੇ ਮਸਲੇ ਹੱਲ ਹੋ ਚੁੱਕੇ ਹੁੰਦੇ। ਹਰੇਕ ਹਫਤੇ
ਹਜ਼ਾਰਾਂ ਹੀ ਅਖੰਡਪਾਠ ਦੁਨੀਆਂ ਤੇ ਹੋ ਰਹੇ ਹਨ, ਕੀ ਇਸ ਤਰ੍ਹਾਂ ਕਰਨ ਨਾਲ ਮਸਲੇ ਹੱਲ ਹੋਈ ਜਾਂਦੇ
ਹਨ ਜਾਂ ਕਿ ਇਹ ਇੱਕ ਰਸਮ ਅਤੇ ਬਿਜ਼ਨਸ ਬਣ ਚੁੱਕਾ ਹੈ? ਸੋ ਗੁਰਬਾਣੀ ਪੜ੍ਹ ਕੇ ਵਿਚਾਰਨ ਲਈ ਹੈ। ਜੇ
ਕਰ ਕੋਈ ਵਿਆਕਤੀ ਸਿਰਫ ਮੰਗਲਾਚਰਨ ਅਥਵਾ ਮੂਲ ਮੰਤਰ ਨੂੰ ਹੀ ਸਮਝ ਕੇ ਆਪਣੇ ਜੀਵਨ ਵਿੱਚ ਅਪਣਾ ਲਵੇ
ਤਾਂ ਉਸ ਦੇ ਜੀਵਨ ਵਿੱਚ ਤਬਦੀਲੀ ਆ ਸਕਦੀ ਹੈ।
‘ਸਿੱਖ ਮਾਰਗ’ ਦੇ ਬਹੁਤੇ ਵਿਰੋਧੀ ਇਹੀ ਸਮਝਦੇ ਹਨ ਕਿ ਅਸੀਂ ਗੁਰਬਾਣੀ ਤੇ
ਸ਼ੰਕੇ ਖੜੇ ਕਰ ਰਹੇ ਹਾਂ ਪਰ ਅਸਲੀਅਤ ਇਹ ਹੈ ਕਿ ਸ਼ੰਕੇ ਤਾਂ ਪਹਿਲਾਂ ਹੀ ਸਦੀਆਂ ਤੋਂ ਖੜੇ ਅਤੇ ਤੁਰੇ
ਆ ਰਹੇ ਹਨ ਅਸੀਂ ਸਿਰਫ ਉਹਨਾ ਨੂੰ ਸੰਗਤਾਂ ਸਾਹਮਣੇ ਰੱਖ ਕੇ ਸਚਾਈ ਲੱਭ ਕੇ ਦੱਸਣ ਦੀ ਕੋਸ਼ਿਸ਼ ਕਰ
ਰਹੇ ਹਾਂ ਅਤੇ ਇਹ ਸ਼ੰਕੇ ਸਿੱਖਾਂ ਦੀਆਂ ਆਪਣੀਆਂ ਬੇਵਕੂਫੀਆਂ ਹਨ। ਪਰ ਸਿੱਖ ਮਾਰਗ ਦੇ ਵਿਰੋਧੀ,
ਪਹਿਲੀ ਵਾਰੀ ਛਾਪੇ ਖਾਨੇ ਦੀ ਬੀੜ ਛਪਣ ਵੇਲੇ ਗੈਰ-ਜੁੰਮੇਵਾਰ ਵਾਲੀ ਨਿਭਾਈ ਗਈ ਭੂਮਿਕਾ, ਕਾਤਬਾਂ
ਵਲੋਂ ਉਤਾਰੇ ਸਮੇਂ ਕੀਤੀਆਂ ਜਾਂਦੀਆਂ ਰਹੀਆਂ ਗਲਤੀਆਂ ਅਤੇ ਹੋਰ ਬਹੁਤ ਸਾਰੀਆਂ ਕੀਤੀਆਂ ਗਈਆਂ
ਬੇਵਕੂਫਾਂ ਵਾਲੀਅਆਂ ਗਲਤੀਆਂ ਤੇ ਪੜਦੇ ਪਾ ਕੇ ਅਤੇ ਉਹਨਾ ਨੂੰ ਗੁਰੂ ਨਾਲ ਜੋੜ ਕੇ ਪੱਕੇ ਗੁਰੂ ਕੇ
ਨਿੰਦਕ ਬਣ ਰਹੇ ਹਨ ਤਾਂ ਕਿ ਗੁਰੂਆਂ ਦੀ ਸ਼ਖਸ਼ੀਅਤ ਨੂੰ ਦਾਗੀ ਕੀਤਾ ਜਾ ਸਕੇ।
ਮੱਖਣ ਸਿੰਘ ਪੁਰੇਵਾਲ,
ਫਰਵਰੀ 02, 2014.
|
. |