.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਜਰਾਤ ਵਿਚੋਂ ਸਿੱਖ ਕਿਸਾਨਾਂ ਦਾ ਉਜਾੜਾ
ਪੰਜਾਬੀਆਂ ਨਾਲ ਇੱਕ ਹੋਰ ਧੱਕਾ

ਭਾਰਤ ਨੂੰ ਅਜ਼ਾਦ ਹੋਇਆਂ ਛਿਹਆਠ ਕੁ ਸਾਲ ਹੋ ਗਏ ਹਨ ਪਰ ਸਿੱਖਾਂ ਨਾਲ ਜੋ ਧੱਕੇ ਹੋਏ ਹਨ ਉਹ ਮਾਲ ਗੱਡੀ ਵਾਂਗ ਲੰਮੇਰੇ ਹਨ। ਇਹ ਉਜਾੜੇ ਜਾਂ ਧੱਕੇ ਹਰ ਰੋਜ਼ ਵੱਡੇ ਹੋਈ ਜਾ ਰਹੇ ਹਨ। ਸਿੱਖਾਂ ਨਾਲ ਹੋ ਰਹੀਆਂ ਬੇ-ਇਨਸਾਫ਼ੀਆਂ ਦੀ ਸੂਚੀ ਕਿਤੇ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ।
ਧੱਕੇ ਦਾ ਅਖਰੀਂ ਅਰਥ ਹੈ—ਸੀਨਾਜ਼ੋਰੀ, ਜ਼ੋਰਾਵਰੀ ਅਤੇ ਧੱਕਾ ਧਕੇਲਣ ਦੀ ਕ੍ਰਿਆ ਹੈ। ਉਜਾੜੇ ਦਾ ਅਰਥ ਹੈ-- ਬਰਬਾਦ ਕਰਨਾ, ਵਸੋਂ ਮਿਟਾਉਣੀ ਤੇ ਗ਼ੈਰ ਆਬਾਦ ਕਰਨਾ। ਇਹ ਦੋਵੇਂ ਸ਼ਬਦ ਸਿੱਖ ਕੌਮ ਤੇ ਕਈ ਵਾਰ ਲਾਗੂ ਕਰਨ ਦੇ ਕੋਝੇ ਯਤਨ ਕੀਤੇ ਗਏ ਹਨ। ਇੱਕ ਸਮੇਂ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਵੀ ਸਿੱਖ ਕਿਸਾਨਾਂ ਦਾ ਧੱਕੇ ਨਾਲ ਉਜਾੜਾ ਕਰਨ ਦਾ ਫੈਸਲਾ ਕੀਤਾ ਸੀ ਜੋ ਅਜੇ ਰੁਕਿਆ ਹੋਇਆ ਹੈ। ਸਾਰੀ ਦੁਨੀਆਂ ਨੂੰ ਪਤਾ ਹੈ ਕਿ ਉੱਤਰ ਪ੍ਰਦੇਸ਼ ਦੀ ਜੰਗਲ਼ੀ ਧਰਤੀ ਨੂੰ ਆਪਣੀਆਂ ਕੀਮਤੀ ਜਾਨਾਂ ਨਾਲ ਖੇਲ ਕੇ ਅਬਾਦ ਕੀਤਾ। ਰਾਜਿਸਤਾਨੀ ਤੇ ਹਿਮਾਚਲੀ ਲੋਕ ਪੰਜਾਬ ਆ ਕੇ ਮਕਾਨ ਬਣਾ ਸਕਦੇ ਹਨ, ਰਹਿ ਸਕਦੇ ਹਨ ਪਰ ਸਿੱਖਾਂ ਨੂੰ ਇਹਨਾਂ ਸੂਬਿਆਂ ਵਿੱਚ ਜ਼ਮੀਨ ਤਾਂ ਕੀ ਇੱਕ ਪਲਾਟ ਖੀਰਦਣ ਦਾ ਵੀ ਅਧਿਕਾਰ ਨਹੀਂ ਹੈ। ਦੇਸ਼ ਦੀ ਕੇਂਦਰੀ ਸਰਕਾਰ ਹਿਮਾਚਲ ਵਿੱਚ ਕਾਰਖਾਨਾ ਲਗਾਉਣ ਵਾਲੇ ਨੂੰ ਸਬਸਿਟੀ ਦੇਂਦੀ ਏ ਪਰ ਪੰਜਾਬ ਵਿੱਚ ਅਜੇਹਾ ਨਹੀਂ ਹੈ।
ਫੌਜ ਵਿਚੋਂ ਪੰਜਾਬੀਆਂ ਦੀ ਭਰਤੀ ਦਾ ਕੋਟਾ ਹੌਲੀ ਹੌਲੀ ਘਟਾ ਕੇ ਨਾ ਮਾਤਰ ਹੀ ਰਹਿਣ ਦਿੱਤਾ ਗਿਆ ਹੈ। ਸਿੱਖ ਲੀਡਰਾਂ ਨੇ ਸਮੇਂ ਦੇ ਪ੍ਰਧਾਨ ਮੰਤ੍ਰੀ ਮੁਰਾਰ ਜੀ ਦੇਸਾਈ ਨੂੰ ਸਿੱਖਾਂ ਦੀ ਬਹਾਦਰੀ ਦੱਸੀ ਤੇ ਕਿਹਾ ਕਿ ਸਾਡਾ ਫੌਜ ਵਿੱਚ ਘਟਾਇਆ ਹੋਇਆ ਕੋਟਾ ਵਧਾਇਆ ਜਾਏ ਤਾਂ ਉਹ ਬੜੀ ਬੇਰੁੱਖੀ ਨਾਲ ਕਹਿਣ ਲੱਗਾ ਅਬ ਬਹਾਦਰੀ ਕੀ ਜ਼ਰੂਰਤ ਨਹੀਂ ਹੈ ਕਿਉਂਕਿ ਮੁਲਕ ਅਜ਼ਾਦ ਹੋ ਚੁੱਕਾ ਹੈ। ਬਾਕੀ ਲੋਗੋਂ ਕੋ ਭੀ ਨੌਕਰੀ ਕੀ ਜ਼ਰੂਰਤ ਹੈ।
1982 ਦੀਆਂ ਏਸ਼ੀਆ ਖੇਢਾਂ ਸਮੇਂ ਹਰਿਆਣਾ ਸਰਕਾਰ ਨੇ ਸਿੱਖਾਂ ਨਾਲ ਧੱਕਾ ਕਰਦਿਆਂ ਹਰਿਆਣੇ ਵਿਚੋਂ ਲੰਘਣ `ਤੇ ਹੀ ਪਾਬੰਦੀ ਲਗਾ ਦਿੱਤੀ ਸੀ। ਏੱਥੋਂ ਤੀਕ ਕੇ ਬੰਗਲਾ ਦੇਸ਼ ਨੂੰ ਅਜ਼ਾਦ ਕਰਾਉਣ ਵਾਲੇ ਬਹਾਦਰ ਜਰਨੈਲਾਂ ਨੂੰ ਵੀ ਜਰਨੈਲੀ ਸੜਕ ਵਰਤਣ ਦੀ ਭਜਨ ਲਾਲ ਨੇ ਆਗਿਆ ਨਹੀਂ ਦਿੱਤੀ ਸੀ। ਕੁਰਬਾਨੀਆਂ ਕਰਨ ਵਾਲੇ ਸਿਖ ਫੌਜੀ ਅਫ਼ਸਰਾਂ ਨੂੰ ਵੀ ਇਸ ਜ਼ਲਾਲਤ ਦਾ ਸਾਹਮਣਾ ਕਰਨਾ ਪਿਆ ਸੀ।
ਸਖਤ ਮੇਹਨਤ ਕਰਨੀ ਸਿੱਖਾਂ ਦੇ ਖੂਨ ਵਿੱਚ ਰਚਿਆ ਹੋਇਆ ਹੈ। ਦੁਨੀਆਂ ਦੇ ਜਿਸ ਵੀ ਖਿੱਤੇ ਵਿੱਚ ਸਿੱਖ ਗਏ ਹਨ ਇਹਨਾਂ ਨੇ ਨਾ ਦਿਨ ਦੇਖਿਆ ਤੇ ਨਾ ਰਾਤ ਦੇਖੀ ਆਪਣੇ ਖੂਨ ਪਸੀਨੇ ਨਾਲ ਕਮਾਈਆਂ ਕੀਤੀਆਂ ਤੇ ਮੁਲਕ ਦੀ ਆਥਿਕਤਾ ਨੂੰ ਲੀਹਾਂ `ਤੇ ਲਿਆਂਦਾ।
ਤਾਜ਼ਾ ਸਥਿੱਤੀ ਗੁਜਰਾਤ ਸੂਬੇ ਦੀ ਹੈ ਜਿੱਥੇ ਸਿੱਖ ਦਹਾਕਿਆਂ ਤੋਂ ਰਹਿ ਰਹੇ ਹਨ। 1965 ਦੀ ਜੰਗ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਕੱਛ ਤੇ ਭੁਜ ਦੇ ਇਲਾਕੇ ਵਿੱਚ 39--39 ਏਕੜ ਜ਼ਮੀਨ ਦੇ ਕੇ ਇਸ ਲਈ ਵਸਾਇਆ ਸੀ ਕਿ ਇੱਕ ਤਾਂ ਸਰਹੱਦ ਦੀ ਰਾਖੀ ਹੋਏਗੀ ਦੂਜਾ ਬੰਜਰ ਜ਼ਮੀਨ ਅਬਾਦ ਹੋ ਜਾਏਗੀ। ਤਿੰਨ ਕੁ ਹਜ਼ਾਰ ਸਿੱਖ ਕਿਸਾਨਾਂ ਨੇ ਸੱਪਾਂ ਦੀਆਂ ਸਿਰੀਆਂ ਮਿੱਧਦਿਆਂ ਹੋਇਆ ਬੇ-ਅਬਾਦ ਬੰਜਰ ਜ਼ਮੀਨਾਂ ਨੂੰ ਫਸਲਾਂ ਪੈਦਾ ਕਰਨ ਦੇ ਰੂਪ ਵਿੱਚ ਬਦਲਿਆ। 1975 ਦੇ ਐਕਟ ਦਾ ਸਹਾਰਾ ਲੈਂਦਿਆਂ ਸਿੱਖ ਕਿਸਾਨਾਂ ਨੂੰ ਬਾਹਰਲੇ ਦੱਸਦਿਆਂ ਹੋਇਆਂ ਜ਼ਮੀਨਾਂ ਛੱਡਣ ਦਾ ਦਬਾ ਪਾਇਆ। ਖ਼ਬਰਾਂ ਅਨੁਸਾਰ ਗੁਜਰਾਤ ਸਰਕਾਰ ਨੇ ਇਹ ਫੁਰਮਾਣ ਜਾਰੀ ਕੀਤਾ ਕਿ ਸਿੱਖ ਕਿਸਾਨ ਆਪਣੀਆਂ ਜ਼ਮੀਨਾਂ ਛੱਡ ਕੇ ਆਪਣੇ ਪਿੱਤਰੀ ਰਾਜ ਪੰਜਾਬ ਵਿੱਚ ਚਲੇ ਜਾਣ। ਸੂਬਾ ਸਰਕਾਰ ਦੇ ਇਸ ਸ਼ਾਹੀ ਫਰਮਾਣ ਨੂੰ ਸਿੱਖ ਕਿਸਾਨਾਂ ਨੇ ਹਾਈ ਕੋਰਟ ਵਿੱਚ ਚੁਨੌਤੀ ਦਿੱਤੀ। ਇਸ ਕੇਸ ਸਬੰਧੀ ਵਿਦਵਾਨ ਜੱਜਾਂ ਨੇ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਦਿੱਤਾ। ਗੁਜਰਾਤ ਵਿੱਚ ਸਨਅਤਾਂ ਲੱਗਣ ਕਰਕੇ ਜ਼ਮੀਨਾਂ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ ਭੂ-ਮਾਫੀਆ ਚਹੁੰਦਾ ਹੈ ਕਿ ਕਿਸਾਨਾਂ ਦੀ ਉਪਜਾਊ ਜ਼ਮੀਨ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਹਥਿਆਈ ਜਾਏ। ਸਿੱਖ ਕਿਸਾਨਾਂ ਦੇ ਹੱਕ ਵਿੱਚ ਆਏ ਫੈਸਲੇ ਦੇ ਵਿਰੁੱਧ ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਦੁਬਾਰਾ ਕੇਸ ਠੋਕ ਦਿੱਤਾ ਹੈ। ਇਸ ਦਾ ਸਿੱਧਾ ਭਾਵ ਹੈ ਕਿ ਗੁਜਰਾਤ ਸਰਕਾਰ ਸਿੱਖ ਕਿਸਾਨਾਂ ਨੂੰ ਧੱਕੇ ਨਾਲ ਉਜਾੜਨ `ਤੇ ਤੁੱਲੀ ਬੈਠੀ ਹੈ। ਇਸ ਕੇਸ ਦਾ ਇੱਕ ਪਹਿਲੂ ਇਹ ਵੀ ਹੈ ਕਿ ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਰਾਜ ਕਰ ਰਹੀ ਹੈ ਤੇ ਪੰਜਾਬ ਵਿੱਚ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨਾਲ ਰਲ਼ ਕੇ ਰਾਜ ਕਰ ਰਹੇ ਹਨ। ਸਿੱਖ ਲੀਡਰਸ਼ਿੱਪ ਨੂੰ ਗੁਜਰਾਤ ਵਿੱਚ ਦਹਾਕਿਆਂ ਤੋਂ ਵੱਸ ਰਹੇ ਕਿਸਾਨਾਂ ਦੇ ਹੱਕ ਵਿੱਚ ਜ਼ੋਰਦਾਰ ਪੈਰਵੀ ਕਰਨੀ ਚਾਹੀਦੀ ਹੈ ਤਾਂ ਜੋ ਵੱਸਦੇ ਰਸਦੇ ਸਿੱਖ ਪਰਵਾਰ ਬਚਾਏ ਜਾਣ।
ਖਬਰਾਂ ਵਿੱਚ ਇਹ ਪੜ੍ਹਨ ਨੂੰ ਮਿਲਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਟੈਲੀਫੂਨ ਤੇ ਮੋਦੀ ਕੋਲ ਸਿੱਖ ਕਿਸਾਨਾਂ ਦੇ ਉਜਾੜੇ ਦਾ ਮੁੱਦਾ ਉਠਾਇਆ ਤਾਂ ਨਰੇਂਦਰ ਮੋਦੀ ਨੇ ਉਹਨਾਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਮੈਂ ਇਸ ਵਿੱਚ ਮੁਆਮਲੇ ਵਿੱਚ ਕੋਈ ਮਦਦ ਨਹੀਂ ਕਰ ਸਕਦਾ। ਏਥੇ ਗੱਲ ਬਿਲਕੁਲ ਸਿੱਧੀ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੂੰ ਸਿੱਖਾਂ ਨਾਲ ਪਿਆਰ ਹੈ ਤਾਂ ਸੁਪਰੀਮ ਕੋਰਟ ਵਿੱਚ ਪਾਇਆ ਹੋਇਆ ਕੇਸ ਨਰੇਂਦਰ ਮੋਦੀ ਨੂੰ ਕਹਿ ਕੇ ਤੁਰੰਤ ਵਾਪਸ ਕਰਾਉਣ ਤੇ ਸਿੱਖ ਲੀਡਰਸ਼ਿੱਪ ਤੇ ਕਿਸਾਨ ਜੱਥੇਬੰਦੀਆਂ ਨੂੰ ਸਿਰਫ ਏਨਾਂ ਹੀ ਕਹਿਣ ਦੀ ਲੋੜ ਹੈ ਕਿ ਭਾਰਤ ਦੇ ਮਹਾਨ ਲੀਡਰ ਬਣਨ ਜਾ ਰਹੇ ਮੋਦੀ ਜੀਓ ਸਿੱਖਾਂ ਦਾ ਉਜਾੜਾ ਤੁਰੰਤ ਰੋਕਿਆ ਜਾਏ ਤੇ ਸੁਪਰੀਮ ਕੋਰਟ ਵਿਚੋਂ ਇਹ ਕੇਸ ਵਾਪਸ ਲਿਆ ਜਾਏ।
ਅਸੀਂ ਚਹੁੰਦੇ ਹਾਂ ਕਿ ਇਸ ਮੁੱਦੇ `ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਭਾਰਤੀ ਜਨਤਾ ਪਾਰਟੀ `ਤੇ ਦਬਾ ਬਣਾਉਣ ਤਾਂ ਸਿੱਖ ਕਿਸਾਨਾਂ ਦਾ ਉਜਾੜਾ ਰੋਕਿਆ ਜਾਏ।
ਇਸੇ ਤਰਾਂ ਹੀ ਹਰਿਆਣੇ ਦੇ ਸਿਖ ਕਿਸਾਨਾਂ ਦੇ ਉਜਾੜੇ ਦੀ ਖਬਰ ਵੀ ਅਖਬਾਰਾਂ ਦੀ ਸੁਰਖੀ ਬਣ ਗਈ ਹੈ, ਜਿਸ ਵਿੱਚ ਸਰਕਾਰੀ ਜ਼ਮੀਨਾਂ ਜੋ ਸਰਕਾਰ ਵਲੋਂ ਪਾਕਿਸਤਾਨ ਤੋਂ ਉਜੜ ਕੇ ਆਏ ਸਿਖਾਂ ਨੂੰ ਪਟੇ ਤੇ ਦਿਤੀਆਂ ਗਈਆਂ ਸਨ ਦੁਬਾਰਾ ਕਾਨੂੰਨੀ ਸਹਾਇਤਾ ਨਾਲ ਵਾਪਸ ਲੈ ਲਈਆਂ ਗਈਆਂ ਹਨ। ਸਵਾਲ ਪੈਦਾ ਹੁੰਦਾ ਹੈ ਕਿ ਪਾਕਿਸਤਾਨ ਤੋਂ ਉਜੜ ਕੇ ਆਏ ਤੇ ਘਰ ਜਾਇਦਾਦ ਤੇ ਜ਼ਮੀਨਾਂ ਛਡ ਕੇ ਆਏ ਸਿਖਾਂ ਦਾ ਫੇਰ ਉਜਾੜਾ ਕਿਉਂ ਕੀਤਾ ਜਾ ਰਿਹਾ ਹੈ? ਕੇਵਲ ਜ਼ਮੀਨਾਂ ਹੀ ਨਹੀਂ ਉਨ੍ਹਾਂ ਦੇ ਘਰ ਤਕ ਵੀ ਢਾਹੇ ਜਾਣ ਦੀ ਖਬਰ ਮਿਲ ਰਹੀ ਹੈ। ਹੈਰਾਨੀ ਹੁੰਦੀ ਹੈ ਕਿ ਇੱਕ ਪਾਸੇ ਤਾਂ ਨਾਜਾਇਜ਼ ਕਲੋਨੀਆਂ ਪਕੀਆਂ ਕਰਨ ਦੀ ਕਵਾਇਦ ਕੀਤੀ ਜਾਂਦੀ ਹੈ ਤੇ ਦੂਜਰੇ ਪਾਸੇ ਮਿਹਨਤ ਨਾਲ ਬਣੇ ਬਣਾਏ ਸਿਖਾਂ ਦੇ ਘਰ ਵੀ ਢਾਹੇ ਜਾ ਰਹੇ ਹਨ। ਕੀ ਉਪਰੋਕਤ ਸਾਰਾ ਕੁੱਝ ਸਿਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਸਾਬਤ ਨਹੀਂ ਹੁੰਦਾ? ਅਜਿਹੇ ਸਮੇਂ ਵੇਖਣਾ ਹੈ ਕਿ ਸਿਖ ਲੀਡਰਸ਼ਿਪ ਕਿਵੇਂ ਸਿਖ ਕਿਸਾਨਾਂ ਦੇ ਉਜਾੜੇ ਨੂੰ ਰੋਕਣ ਦੇ ਸਮਰੱਥ ਹੁੰਦੀ ਹੈ। ਕਿ ਜਾਂ ਫਿਰ ਨਿਜੀ ਸੁਆਰਥਾਂ ਵੱਸ ਮੱਗਰਮੱਛ ਦੇ ਹੰਝੂ ਹੀ ਕੇਰੇ ਜਾ ਰਹੇ ਨੇ।
(ਸੰਪਾਦਕੀ ਟਿੱਪਣੀ:- ਇਸ ਤਰ੍ਹਾਂ ਦੇ ਰੋਣੇ ਰੋਣ ਨਾਲ ਕੁੱਝ ਨਹੀਂ ਹੋਣਾ। ਇਸ ਵਿੱਚ ਸਾਰੇ ਦੁਨੀਆਂ ਦੇ ਸਿੱਖ ਦੋਸ਼ੀ ਹਨ। ਇਸ ਗੱਲ ਦਾ ਤਾਂ ਚਿੱਟੇ ਦਿਨ ਵਾਂਗ ਸਾਰਿਆਂ ਨੂੰ ਗਿਆਨ ਹੈ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਕਿਹਾ ਜਾਂਦਾ ਅਕਾਲ ਤਖ਼ਤ ਅਤੇ ਪੰਜਾਬ ਦੇ ਸਾਰੇ ਮੀਡੀਏ ਉਪਰ ਬਾਦਲ ਪਰਵਾਰ ਦਾ ਕਬਜ਼ਾ ਹੈ। ਅੱਗੋਂ ਬਾਦਲ ਪਰਵਾਰ ਨਰਿੰਦਰ ਮੋਦੀ, ਭਾਜਪਾ, ਅਤੇ ਆਰ. ਐੱਸ. ਐੱਸ. ਦੇ ਕਬਜ਼ੇ ਵਿੱਚ ਹੈ। ਫਿਰ ਉਹੀ ਹੋਣਾ ਜੋ ਇਹਨਾ ਨੇ ਕਰਨਾ ਹੈ। ਰੋਈ ਜਾਓ ਰੋਣੇ, ਕੁੱਝ ਨਹੀਂ ਹੋਣਾ। ਜੇ ਕੁੱਝ ਕਰਨਾ ਹੈ ਤਾਂ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣਾ ਪਵੇਗਾ। ਫਿਰਕੂ ਨੂੰ ਫਿਰਕੂ ਕਹਿਣਾ ਪਵੇਗਾ। ਉਹ ਭਾਵੇਂ ਮੋਦੀ ਹੋਵੇ ਜਾਂ ਕੋਈ ਆਪਣਾ। ਜਿਸ ਇਨਸਾਨ ਵਿੱਚ ਚੰਗੇ ਇਨਸਾਨੀਅਤ ਦੇ ਗੁਣ ਹੋਣ ਉਸ ਦੀ ਸਲਾਹੁਣਾ ਕਰਨੀ ਹੋਵੇਗੀ। ਉਸ ਦਾ ਧਰਮ ਜ਼ਾਤ ਲਿੰਗ ਭਾਵੇਂ ਕੋਈ ਵੀ ਹੋਵੇ। ਜਿਹੜੇ ਹੁਣ ਤੱਕ ਇਨਸਾਨੀਅਤ ਦੇ ਗੁਣ ਅਰਵਿੰਦ ਕੇਜਰੀਵਾਲ ਵਿੱਚ ਦੇਖਣ ਨੂੰ ਮਿਲੇ ਹਨ ਇਸ ਤਰ੍ਹਾਂ ਦੇ ਗੁਣ ਤਾਂ ਸ਼ਾਇਦ ਹੀ ਕਿਸੇ ਸਿੱਖ ਲੀਡਰ ਵਿੱਚ ਹੋਣ। ਜਦੋਂ ਸਿੱਖਾਂ ਨੂੰ ਅਤੇ ਸਿੱਖ ਲੀਡਰਾਂ ਨੂੰ ਸੱਚ ਤੇ ਦਰਿੜਤਾ ਨਾਲ ਪਹਿਰਾ ਦੇਣ ਦੀ ਅਕਲ ਆ ਗਈ ਤਾਂ ਸਾਰੇ ਮਸਲੇ ਆਪਣੇ ਆਪ ਹੀ ਹੱਲ ਹੋਣ ਲੱਗ ਪੈਣੇ ਹਨ। ਜਦੋਂ ਸਿੱਖ ਅਤੇ ਲੀਡਰ ਲਾਲਚ ਦੀਆਂ ਕੁੱਝ ਬੁਰਕੀਆਂ ਨੂੰ ਦੇਖ ਕੇ ਡੋਲਦੇ ਰਹਿਣਗੇ ਤਾਂ ਕੁੱਝ ਨਹੀਂ ਹੋਣਾ। ਸਾਰਾ ਦੋਸ਼ ਦੂਜਿਆਂ ਨੂੰ ਦੇਣੀ ਜਾਣਾ ਵੀ ਬਹੁਤੀ ਚੰਗੀ ਗੱਲ ਨਹੀਂ ਲਗਦੀ। ਕੇਜਰੀਵਾਲ ਨੇ ਅਸਤੀਫਾਂ ਦੇਣ ਤੋਂ ਪਹਿਲਾਂ ਕਈ ਗੱਲਾਂ ਸਿੱਖਾਂ ਦੇ ਹੱਕ ਦੀਆਂ ਕੀਤੀਆਂ ਸਨ। ਮੇਰਾ ਨਹੀਂ ਖਿਆਲ ਕਿ ਕਿਸੇ ਦਾੜੀ ਕੇਸਾਂ ਵਾਲੇ ਬਾਦਲ ਅਤੇ ਭਾਜਪਾ ਨਾਲ ਸੰਬੰਧਿਤ ਸੱਜਣ ਨੇ ਕੇਜਰੀਵਾਲ ਲਈ ਦੋ ਸ਼ਬਦ ਪ੍ਰਸੰਸਾ ਦੇ ਬੋਲੇ ਹੋਣ, ਵਿਰੋਧਤਾ ਭਾਵੇਂ ਕੀਤੀ ਹੋਵੇ। ਸ: ਗੁਰਬਚਨ ਸਿੰਘ ਜੀ ਤੁਸੀਂ ਗੁਰਬਾਣੀ ਬਾਰੇ ਮੇਰੇ ਵਰਗੇ ਬੰਦੇ ਨਾਲੋਂ ਜਿਆਦਾ ਜਾਣਦੇ ਹੋ ਇਸ ਲਈ ਤੁਹਾਨੂੰ ਸਲਾਹ ਹੈ ਕਿ ਤੁਸੀਂ ਆਪਣੇ ਆਪ ਨੂੰ ਗੁਰਬਾਣੀ ਦੇ ਵਿਚਾਰਾਂ ਤੱਕ ਹੀ ਸੀਮਤ ਰੱਖੋ ਤਾਂ ਚੰਗੀ ਗੱਲ ਹੈ, ਅੱਗੇ ਤੁਹਾਡੀ ਮਰਜੀ। ਇਸ ਤਰ੍ਹਾਂ ਦੀਆਂ ਰਵਾਇਤੀ ਜਿਹੀਆਂ ਗੱਲਾਂ ਕਰਨ ਵਾਲੇ ਹੋਰ ਬਥੇਰੇ ਹਨ।)




.