ਇਸ ਪੰਜਵੀਂ ਅਤੇ ਆਖ਼ਰੀ ਕਿਸ਼ਤ ਦੁਆਰਾ ਜਾਤਿ-ਪਾਤਿ ਬਾਰੇ ਭਗਤਾਂ ਦੀ ਬਾਣੀ
ਵਿਚੋਂ ਕੁੱਝ ਕੁ ਸ਼ਬਦ ਸਾਂਝੇ ਕਰਨ ਦਾ ਯੱਤਨ ਕੀਤਾ ਹੈ ਤਾਂ ਜੋ ਅਸੀਂ ਸਾਰੇ ਸਾਂਝੀਵਾਲਤਾ ਕਾਇਮ ਰੱਖ
ਸਕੀਏ ਅਤੇ ਕਿਸੇ ਨਾਲ ਕੋਈ ਵਿਤਕਰਾ ਨਾ ਕਰੀਏ।
ਗੁਰੂ ਗਰੰਥ ਸਾਹਿਬ-ਪੰਨਾ ੩੨੪: ਗਉੜੀ ਕਬੀਰ ਜੀ॥ ਗਰਭ ਵਾਸ ਮਹਿ ਕੁਲੁ ਨਹੀ
ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥ ੧॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥ ਬਾਮਨ ਕਹਿ ਕਹਿ
ਜਨਮੁ ਮਤ ਖੋਏ॥ ੧॥ ਰਹਾਉ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥ ੨॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥ ੩॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥
ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੇ॥ ੪॥ ੭॥
ਅਰਥ: ਜਦੋਂ ਅਕਾਲ ਪੁਰਖ ਹੀ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ, ਤਾਂ
ਮਾਤਾ ਦੇ ਪੇਟ ਅੰਦਰ ਕਿਸੇ ਵੀ ਕੁੱਲ ਜਾਂ ਜਾਤ ਦਾ ਕੋਈ ਫ਼ਰਕ ਨਹੀਂ ਹੁੰਦਾ! ਐ ਪੰਡਤ, ਤੂੰ ਬ੍ਰਾਹਮਣ
ਕਿਵੇਂ ਬਣ ਗਿਆ ਅਤੇ ਤੂੰ ਆਪਣੇ ਆਪ ਨੂੰ ਬ੍ਰਾਹਮਣ ਕਹਿ ਕਹਿ ਕੇ ਆਪਣਾ ਜੀਵਨ ਕਿਉਂ ਵਿਅਰਥ ਹੀ ਗਵਾਈ
ਜਾ ਰਿਹਾ ਹੈਂ? ਜੇ ਤੂੰ ਬ੍ਰਾਹਮਣੀ ਦੇ ਪੇਟ ਵਿਚੋਂ ਜਨਮ ਲੈ ਕੇ ਬ੍ਰਾਹਮਣ ਬਣ ਗਿਆ ਤਾਂ ਕਿਸੇ ਹੋਰ
ਰਸਤੇ ਰਾਹੀਂ ਕਿਉਂ ਨਹੀਂ ਪੈਦਾ ਹੋਇਆ? ਐ ਪੰਡਤ, ਤੂੰ ਇਹ ਵੀ ਦੱਸਣ ਦੀ ਖੇਚਲ ਕਰ ਕਿ ਪੈਦਾਇਸ਼ ਦਾ
ਢੰਗ ਇਕੋ ਹੀ ਹੋਣ ਕਰਕੇ, ਤੁਸੀਂ ਕਿਵੇਂ ਬ੍ਰਹਾਮਣ ਬਣ ਗਏ ਅਤੇ ਅਸੀਂ ਕਿਵੇਂ ਸ਼ੂਦਰ ਹੋ ਗਏ? ਕੀ
ਤੁਹਾਡੇ ਸਰੀਰ ਵਿੱਚ ਲਹੂ ਦੀ ਥਾਂ ਸਿਰਫ ਦੁੱਧ ਹੀ ਹੈ? ਭਗਤ ਕਬੀਰ ਜੀ ਬਿਆਨ ਕਰਦੇ ਹਨ ਕਿ ਬ੍ਰਾਹਮਣ
ਤਾਂ ਉਸ ਪ੍ਰਾਣੀ ਨੂੰ ਕਿਹਾ ਜਾ ਸਕਦਾ ਹੈ, ਜਿਹੜਾ ਅਕਾਲ ਪੁਰਖ ਦੇ ਸਿਮਰਨ ਵਿੱਚ ਲੀਨ ਹੋਇਆ ਰਹਿੰਦਾ
ਹੈ।
ਪੰਨਾ ੩੨੮: ਗਉੜੀ ਕਬੀਰ ਜੀ॥ ਜਾਤਿ ਜੁਲਾਹਾ ਮਤਿ ਕਾ ਧੀਰੁ॥ ਸਹਜਿ ਸਹਜਿ
ਗੁਣ ਰਮੈ ਕਬੀਰੁ॥ ੩॥ ੨੬॥
ਅਰਥ: ਭਗਤ ਕਬੀਰ ਜੀ ਕਹਿੰਦੇ ਹਨ ਕਿ ਭਾਵੇਂ ਆਪਣੀ ਕਿਰਤ ਕਰਕੇ ਮੈਨੂੰ
ਜੁਲਾਹਾ ਕਿਹਾ ਜਾਂਦਾ ਹੈ, ਪਰ ਮੇਰੀ ਮਤਿ ਧੀਰਜ ਵਾਲੀ ਹੈ ਕਿਉਂਕਿ ਕੁਦਰਤੀ ਤਰੀਕੇ ਸਦਕਾ ਸੁਭਾਵਕ
ਹੀ ਮੈਂ ਅਕਾਲ ਪੁਰਖ ਦਾ ਨਾਮ ਸਿਮਰਦਾ ਰਹਿੰਦਾ ਹਾਂ।
ਪੰਨਾ-੫੨੪: ਰਾਗੁ ਗੂਜਰੀ ਭਗਤਾ ਕੀ ਬਾਣੀ॥ ਓਛੀ ਮਤਿ ਮੇਰੀ ਜਾਤਿ ਜੁਲਾਹਾ॥
ਹਰਿ ਕਾ ਨਾਮੁ ਲਹਿਓ ਮੈ ਲਾਹਾ॥ ੩॥ ਕਹਤ ਕਬੀਰ ਸੁਨਹੁ ਮੇਰੀ ਮਾਈ॥ ਹਮਰਾ ਇਨ ਕਾ ਦਾਤਾ ਏਕੁ
ਰਘੁਰਾਈ॥ ੪॥ ੨॥
ਅਰਥ: ਭਗਤ ਕਬੀਰ ਜੀ ਬਿਆਨ ਕਰਦੇ ਹਨ ਕਿ ਤੁੱਛ-ਬੁੱਧੀ ਹੋਣ ਕਰਕੇ, ਮੈਂ
ਜੁਲਾਹਿਆਂ ਵਾਲੀ ਕਿਰਤ ਕਰਦਾ ਹਾਂ। ਪਰ ਮੈਂ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਕੇ ਮਾਲਦਾਰ ਬਣ ਗਿਆ
ਹਾਂ। ਮੈਨੂੰ ਤਾਂ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਸੱਭ ਨੂੰ ਪਾਲਣਹਾਰ ਇਕੋ ਅਕਾਲ ਪੁਰਖ ਆਪ ਹੀ ਹੈ।
ਪੰਨਾ-੧੧੫੮: ਭੈਰਉ ਬਾਣੀ ਭਗਤ ਕਬੀਰ ਕੀ॥ ਉਲਟਿ ਜਾਤਿ ਕੁਲ ਦੋਊ ਬਿਸਾਰੀ॥
ਸੁੰਨ ਸਹਜ ਮਹਿ ਬੁਨਤ ਹਮਾਰੀ॥ ੧॥ ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥ ੧॥ ਰਹਾਉ॥
ਅਰਥ: ਭਗਤ ਕਬੀਰ ਜੀ ਕਹਿੰਦੇ ਹਨ ਕਿ ਮਨ ਨੂੰ ਮਾਇਆ ਵਲੋਂ ਉਲਟਾਅ ਕੇ, ਮੈਂ
ਕੁਲ-ਜਾਤ ਦੋਵੇਂ ਵਿਸਾਰ ਦਿੱਤੇ ਹਨ ਅਤੇ ਮੇਰੀ ਲਿਵ ਐਸੀ ਅਵਸਥਾ ਵਿੱਚ ਟਿੱਕ ਗਈ ਹੈ, ਜਿੱਥੇ
ਅਡੋਲਤਾ ਹੀ ਅਡੋਲਤਾ ਹੈ। ਹੁਣ ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ ਰਿਹਾ ਕਿਉਂਕਿ ਪੰਡਤਾਂ ਅਤੇ
ਮੁਲਾਣਿਆਂ ਦੇ ਦਸੇ ਹੋਏ ਰਸਤਿਆਂ ਨੂੰ ਛੱਡ ਕੇ, ਇੱਕ ਅਕਾਲ ਪੁਰਖ ਦਾ ਪ੍ਰੇਮ ਵਾਲਾ ਰਸਤਾ ਪਕੜ ਲਿਆ
ਹੈ।
ਪੰਨਾ-੧੩੪੯: ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ॥ ਅਵਲਿ ਅਲਹ ਨੂਰੁ ਉਪਾਇਆ
ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ ੧॥
ਅਰਥ: ਭਗਤ ਕਬੀਰ ਜੀ ਬਿਆਨ ਕਰਦੇ ਹਨ ਕਿ ਸਾਰੀ ਲੋਕਾਈ ਵਿੱਚ ਇੱਕ ਅਕਾਲ
ਪੁਰਖ ਦੀ ਇਲਾਹੀ-ਜੋਤਿ ਵਿਚਰ ਰਹੀ ਹੈ, ਇਸ ਲਈ ਕਿਸੇ ਪ੍ਰਾਣੀ ਨੂੰ ਚੰਗਾ ਜਾਂ ਬੁਰਾ ਨਹੀਂ ਕਿਹਾ ਜਾ
ਸਕਦਾ।
ਪੰਨਾ-੧੩੬੪: ਸਲੋਕ ਭਗਤ ਕਬੀਰ ਜੀਉ ਕੇ॥ ਕਬੀਰ ਮੇਰੀ ਜਾਤਿ ਕਉ ਸਭੁ ਕੋ
ਹਸਨੋਹਾਰੁ॥ ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ॥ ੨॥
ਅਰਥ: ਭਗਤ ਕਬੀਰ ਜੀ ਬਿਆਨ ਕਰਦੇ ਹਨ ਕਿ ਮੇਰੀ ਜੁਲਾਹਿਆਂ ਦੀ ਜਾਤਿ ਨੂੰ
ਹਰੇਕ ਪ੍ਰਾਣੀ ਮਖੌਲ ਕਰਕੇ ਹੱਸਦਾ ਹੈ, ਪਰ ਮੈਂ ਇਸ ਜਾਤਿ ਤੋਂ ਸਦਕੇ ਜਾਂਦਾ ਹਾਂ ਕਿਉਂਕਿ ਇਸ ਵਿੱਚ
ਜਨਮ ਲੈ ਕੇ, ਮੈਂ ਸਿਰਜਨਹਾਰ ਅਕਾਲ ਪੁਰਖ ਦਾ ਨਾਮ ਜੱਪ ਕੇ, ਆਤਮਿਕ ਆਨਂਦ ਮਾਣ ਰਿਹਾ ਹਾਂ।
ਪੰਨਾ-੧੩੬੭॥ ਕਬੀਰ ਹਰਦੀ ਪੀਰਤਨ ਹਰੈ ਚੂਨ ਚਿਹਨੁ ਨ ਰਹਾਇ॥ ਬਲਿਹਾਰੀ ਇਹ
ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ॥ ੫੭॥
ਅਰਥ: ਭਗਤ ਕਬੀਰ ਜੀ ਬਿਆਨ ਕਰਦੇ ਹਨ ਕਿ ਹਲਦੀ ਪੀਲਾ ਰੰਗ ਛੱਡ ਕੇ ਅਤੇ
ਚੂਨਾ ਆਪਣਾ ਚਿੱਟਾ-ਚਿਹਨ ਗਵਾ ਕੇ ਅਤੇ ਅਕਾਲ ਪੁਰਖ ਦੇ ਨਾਮ ਵਿੱਚ ਲੀਨ ਹੋ ਕੇ, ਪ੍ਰਾਣੀ ਊਚ-ਨੀਚ
ਦੇ ਵਿਤਕਰਿਆਂ ਤੋਂ ਛੁੱਟਕਾਰਾ ਹੋ ਸਕਦਾ ਹੈ।
ਪੰਨਾ-੪੮੫: ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ॥ ਕਹਾ ਕਰਉ ਜਾਤੀ ਕਹ ਕਰਉ
ਪਾਤੀ॥ ਰਾਮ ਕੋ ਨਾਮੁ ਜਪਉ ਦਿਨ ਰਾਤੀ॥ ੧॥ ਰਹਾਉ॥
ਅਰਥ: ਭਗਤ ਨਾਮਦੇਵ ਜੀ ਬਿਆਨ ਕਰਦੇ ਹਨ ਕਿ ਮੇਰਾ ਕਿਸੇ ਜਾਤ-ਪਾਤ ਨਾਲ ਕੋਈ
ਲੈਣਾ-ਦੇਣਾ ਨਹੀਂ ਕਿਉਂਕਿ ਮੈਂ ਤਾਂ ਹਰ ਸਮੇਂ ਅਕਾਲ ਪੁਰਖ ਦਾ ਨਾਮ ਜੱਪਦਾ ਰਹਿੰਦਾ ਹਾਂ।
ਪੰਨਾ-੮੭੪: ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ ਘਰੁ ੨॥ ਹਰਿ ਹਰਿ ਕਰਤ
ਮਿਟੇ ਸਭਿ ਭਰਮਾ॥ ਹਰਿ ਕੋ ਨਾਮੁ ਲੈ ਊਤਮ ਧਰਮਾ॥ ਹਰਿ ਹਰਿ ਕਰਤ ਜਾਤਿ ਕੁਲ ਹਰੀ॥ ਸੋ ਹਰਿ ਅੰਧੁਲੇ
ਕੀ ਲਾਕਰੀ॥ ੧॥
ਅਰਥ: ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਅਕਾਲ ਪੁਰਖ ਦਾ ਨਾਮ ਸਿਮਰਿਆਂ ਸੱਭ
ਭਟਕਣਾਂ ਦੂਰ ਹੋ ਜਾਂਦੀਆਂ ਹਨ। ਇਸ ਲਈ ਹਰੇਕ ਪ੍ਰਾਣੀ ਨੂੰ ਬੇਨਤੀ ਕਰਦੇ ਹਨ ਕਿ ਨਾਮ ਸਿਮਰਨਾ ਹੀ
ਸੱਭ ਤੋਂ ਚੰਗਾ ਧਰਮ ਹੈ ਕਿਉਂਕਿ ਇਸ ਤਰ੍ਹਾਂ ਉੱਚੀ ਨੀਵੀਂ ਜਾਤ-ਕੁਲ ਦਾ ਵਿਤਕਰਾ ਦੂਰ ਹੋ ਜਾਂਦਾ
ਹੈ। ਜਿਵੇਂ ਅੰਨ੍ਹੇ ਪ੍ਰਾਣੀ ਨੂੰ ਸੋਟੀ ਦਾ ਸਹਾਰਾ ਹੁੰਦਾ ਹੈ, ਇਵੇਂ ਹੀ ਅਕਾਲ ਪੁਰਖ ਦੇ ਨਾਮ ਦਾ
ਆਸਰਾ ਗ੍ਰਹਿਣ ਕਰਨਾ ਚਾਹੀਦਾ ਹੈ।
ਪੰਨਾ-੪੮੬: ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ॥ ਜਾਤੀ ਓਛਾ ਪਾਤੀ ਓਛਾ ਓਛਾ
ਜਨਮੁ ਹਮਾਰਾ॥ ਰਾਜਾ ਰਾਮ ਕੀ ਸੇਵ ਨ ਕੀਨੀ ਕਹਿ ਰਵਿਦਾਸ ਚਮਾਰਾ॥ ੩॥ ੩॥
ਅਰਥ: ਭਗਤ ਰਵਿਦਾਸ ਜੀ ਬਿਆਨ ਕਰਦੇ ਹਨ ਕਿ ਲੋਕਾਈ ਦੀਆਂ ਨਜ਼ਰਾਂ ਅਨੁਸਾਰ
ਮੇਰੀ ਜਾਤ, ਕੁੱਲ ਅਤੇ ਜਨਮ ਇੱਕ ਨੀਵੀਂ ਪੱਧਰ ਦਾ ਹੈ। ਪਰ, ਹੇ ਅਕਾਲ ਪੁਰਖ ਜੀਓ, ਮੇਰੀ ਜਾਤ,
ਕੁੱਲ ਤੇ ਜਨਮ ਤਾਂ ਹੀ ਨੀਵੇਂ ਕਹੇ ਜਾਣਗੇ, ਜੇ ਮੈਂ ਚਮੜੇ ਦੀ ਕਿਰਤ ਕਰਨ ਵਾਲੇ ਨੇ ਤੇਰੀ ਭਗਤੀ
ਨਾਹ ਕੀਤੀ ਹੁੰਦੀ?
ਪੰਨਾ-੬੫੯: ਰਾਗੁ ਸੋਰਠਿ ਬਾਣੀ ਰਵਿਦਾਸ ਜੀ ਕੀ॥ ਮੇਰੀ ਜਾਤਿ ਕਮੀਨੀ ਪਾਂਤਿ
ਕਮੀਨੀ ਓਛਾ ਜਨਮੁ ਹਮਾਰਾ॥ ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ॥ ੫॥ ੬॥
ਅਰਥ: ਚਮੜੇ ਦੀ ਕਿਰਤ ਕਰਦਾ ਹੋਇਆ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਹੇ
ਅਕਾਲ ਪੁਰਖ ਜੀਓ, ਮੇਰੀ ਤਾਂ ਜਾਤ, ਕੁੱਲ ਅਤੇ ਜਨਮ ਬਹੁਤ ਨੀਵਾਂ ਹੈ, ਪਰ ਹੁਣ ਮੈਂ ਤੇਰੀ ਸ਼ਰਨ
ਗ੍ਰਹਿਣ ਕਰ ਲਈ ਹੈ।
ਪੰਨਾ-੬੫੮: ਬਿਲਾਵਲੁ ਬਾਣੀ ਰਵਿਦਾਸ ਭਗਤ ਕੀ॥ ਜੋ ਤੇਰੀ ਸਰਨਾਗਤਾ ਤਿਨ
ਨਾਹੀ ਭਾਰੁ॥ ਊਚ ਨੀਚ ਤੁਮ ਤੇ ਤਰੇ ਆਲਜੁ ਸੰਸਾਰੁ॥ ੨॥
ਅਰਥ: ਭਗਤ ਰਵਿਦਾਸ ਜੀ ਫੁਰਮਾਨ ਕਰਦੇ ਹਨ ਕਿ ਜਿਹੜਾ ਪ੍ਰਾਣੀ ਅਕਾਲ ਪੁਰਖ
ਦੀ ਮਿਹਰ ਦਾ ਪਾਤਰ ਬਣ ਗਿਆ, ਉਹ ਭਾਵੇਂ ਉੱਚੀ ਜਾਂ ਨੀਵੀਂ ਜਾਤ ਦਾ ਹੋਵੇ, ਉਹ ਇਸ ਦੁਨਿਆਵੀਂ
ਦੁੱਖ-ਕਲੇਸ਼ਾਂ ਦੇ ਭਾਰ ਤੋਂ ਸੁਰਖੁਰੂ ਹੋ ਜਾਂਦਾ ਹੈ।
ਪੰਨਾ-੮੫੮॥ ਬ੍ਰਹਮਨ ਬੈਸ ਸੂਦ ਅਰੁ ਖ੍ਹਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ॥
ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ॥ ੧॥
ਅਰਥ: ਭਗਤ ਰਵਿਦਾਸ ਜੀ ਬਿਆਨ ਕਰਦੇ ਹਨ ਕਿ ਭਾਵੇਂ ਕੋਈ ਬ੍ਰਾਹਮਨ, ਵੈਸ਼,
ਸ਼ੂਦਰ ਅਤੇ ਖੱਤਰੀ ਹੋਵੇ ਜਾਂ ਡੂਮ, ਚੰਡਾਲ ਅਤੇ ਮਲੀਨ ਮਤਿ ਵਾਲਾ ਹੋਵੇ, ਪਰ ਐਸਾ ਪ੍ਰਾਣੀ ਵੀ ਅਕਾਲ
ਪੁਰਖ ਦੀ ਭਗਤੀ ਦੁਆਰਾ ਉੱਚਾ-ਸੁੱਚਾ ਜੀਵਨ ਬਤੀਤ ਕਰਦਾ ਹੋਇਆ ਆਪਣਾ ਅਤੇ ਆਪਣੇ ਅੰਗੀ-ਸੰਗੀਆਂ ਨੂੰ
ਭੀ ਇਸ ਸੰਸਾਰ-ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
ਪੰਨਾ-੧੧੦੬: ਰਾਗੁ ਮਾਰੂ ਬਾਣੀ ਰਵਿਦਾਸ ਜੀਉ ਕੀ॥ ਜਾ ਕੀ ਛੋਤਿ ਜਗਤ ਕਉ
ਲਾਗੈ ਤਾ ਪਰ ਤੁਹਂੀ ਢਰੈ॥ ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥ ੧॥ ਨਾਮਦੇਵ ਕਬੀਰੁ
ਤਿਲੋਚਨੁ ਸਧਨਾ ਸੈਨੁ ਤਰੈ॥ ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥ ੨॥ ੧॥
ਅਰਥ: ਜਿਸ ਪ੍ਰਾਣੀ ਨੂੰ ਇਤਨਾ ਨੀਵਾਂ ਸਮਝਿਆ ਜਾਂਦਾ ਹੋਵੇ ਕਿ ਉਸ ਦੇ ਛੋਹਣ
ਨਾਲ ਸਾਰਾ ਸੰਸਾਰ ਹੀ ਭਿੱਟਿਆ ਜਾਵੇ, ਹੇ ਅਕਾਲ ਪੁਰਖ ਜੀਓ, ਐਸੇ ਪ੍ਰਾਣੀ ਉੱਪਰ ਤੂੰ ਹੀ ਕਿਰਪਾ
ਕਰਨ ਦੇ ਸਮਰਥ ਹੈਂ। ਅਕਾਲ ਪੁਰਖ ਨੀਚ ਪ੍ਰਾਣੀਆਂ ਨੂੰ ਉੱਚਾ ਬਣਾ ਦਿੰਦਾ ਹੈ ਕਿਉਂਕਿ ਉਹ ਕਿਸੇ ਤੋਂ
ਡਰਦਾ ਨਹੀਂ। (੧) ਭਗਤ ਰਵਿਦਾਸ ਜੀ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਸੱਭ ਨੂੰ ਤਾਰਨ ਵਾਲਾ ਹੈ
ਜਿਵੇਂ ਉਸ ਨੇ ਨਾਮਦੇਵ, ਕਬੀਰ, ਤ੍ਰਿਲੋਚਨ, ਸਧਨਾ ਅਤੇ ਸੈਨ, ਆਦਿਕ ਨੂੰ ਵੀ ਤਾਰ ਦਿੱਤਾ ਸੀ।
ਪੰਨਾ-੧੧੨੪: ਰਾਗੁ ਕੇਦਾਰਾ ਬਾਣੀ ਰਵਿਦਾਸ ਜੀਉ ਕੀ॥ ਰੇ ਚਿਤ ਚੇਤਿ ਚੇਤ
ਅਚੇਤ॥ ਕਾਹੇ ਨ ਬਾਲਮੀਕਹਿ ਦੇਖ॥ ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ॥ ੧॥ ਰਹਾਉ॥
ਅਰਥ: ਭਗਤ ਰਵਿਦਾਸ ਜੀ ਬਿਆਨ ਕਰਦੇ ਹਨ ਕਿ ਐ ਭੋਲੇ ਪ੍ਰਾਣੀ, ਤੂੰ ਸਦਾ
ਅਕਾਲ ਪੁਰਖ ਦੇ ਨਾਮ ਦਾ ਹੀ ਸਿਮਰਨ ਕਰਦਾ ਰਹਿ। ਤੂੰ ਬਾਲਮੀਕ ਵਲ ਕਿਉਂ ਨਹੀਂ ਵੇਖਦਾ, ਜਿਹੜਾ ਅਕਾਲ
ਪੁਰਖ ਦੀ ਭਗਤੀ ਸਦਕਾ, ਇੱਕ ਨੀਵੀਂ ਜਾਤ ਤੋਂ ਵੱਡੇ ਦਰਜੇ ਉੱਤੇ ਪਹੁੰਚ ਗਿਆ ਸੀ।
ਪੰਨਾ-੧੧੯੬: ਬਸੰਤੁ ਬਾਣੀ ਰਵਿਦਾਸ ਜੀ ਕੀ॥ ਸਾਧੂ ਕੀ ਜਉ ਲੇਹਿ ਓਟ॥ ਤੇਰੇ
ਮਿਟਹਿ ਪਾਪ ਸਭ ਕੋਟਿ ਕੋਟਿ॥ ਕਹਿ ਰਵਿਦਾਸ ਜ+ ਜਪੈ ਨਾਮੁ॥ ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ॥ ੪॥
੧॥
ਅਰਥ: ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਐ ਪ੍ਰਾਣੀ, ਜੇ ਤੂੰ ਅਕਾਲ ਪੁਰਖ ਦਾ
ਨਾਮ ਜੱਪਦਾ ਰਹੇ ਅਤੇ ਉਸ ਦੀ ਸ਼ਰਨ ਦਾ ਪਾਤਰ ਬਣ ਜਾਂਏ ਤਾਂ ਤੇਰੇ ਅਣਗਿਣਤ ਕੀਤੇ ਪਾਪ ਖ਼ੱਤਮ ਹੋ
ਸਕਦੇ ਹਨ। ਇੰਜ ਹੀ, ਭਗਤੀ ਕਰਨ ਵਾਲੇ ਪ੍ਰਾਣੀ, ਅਖੌਤੀ ਜਾਤ-ਵਿਤਕਰੇ ਤੋਂ ਛੁੱਟਕਾਰਾ ਪਾ ਲੈਂਦੇ ਹਨ
ਅਤੇ ਫਿਰ ਉਨ੍ਹਾਂ ਨੂੰ ਜਨਮ-ਮਰਨ ਦਾ ਡਰ ਨਹੀਂ ਰਹਿੰਦਾ।
ਪੰਨਾ-੧੨੯੩: ਮਲਾਰ ਬਾਣੀ ਭਗਤ ਰਵਿਦਾਸ ਜੀ ਕੀ॥ ਮੇਰੀ ਜਾਤਿ ਕੁਟਬਾਂਢਲਾ
ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ॥ ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ
ਰਵਿਦਾਸੁ ਦਾਸਾ॥ ੩॥ ੧॥
ਅਰਥ: ਭਗਤ ਰਵਿਦਾਸ ਜੀ ਬਿਆਨ ਕਰਦੇ ਹਨ ਕਿ ਬਨਾਰਸ ਸ਼ਹਿਰ ਦੇ ਆਲੇ-ਦੁਆਲੇ
ਮੇਰੀ ਜਾਤ ਦੇ ਲੋਕ ਨਿੱਤ ਮਰਦੇ ਪਸ਼ੂਆਂ ਨੂੰ ਢੋਂਦੇ ਅਤੇ ਚਮੜੇ ਦੀ ਕਿਰਤ ਕਰਦੇ ਹਨ। ਪਰ, ਦੇਖੋ
ਅਸਰਜ ਖੇਡ ਕਿ ਮੈਂ ਵੀ ਉਨ੍ਹਾਂ ਵਿੱਚ ਜਨਮ ਲੈ ਕੇ, ਅਕਾਲ ਪੁਰਖ ਦਾ ਨਾਮ ਸਿਮਰਨ ਕਰਕੇ, ਮੇਰੀ ਐਸੀ
ਅਵਸਥਾ ਬਣ ਗਈ ਹੈ ਕਿ ਇਲਾਕੇ ਦੇ ਬ੍ਰਾਹਮਣ ਚੌਧਰੀ ਵੀ ਨਮਸਕਾਰ ਕਰਦੇ ਹਨ।
ਇੰਜ, ਸਾਫ਼ ਜ਼ਾਹਰ ਹੈ ਕਿ ਗੁਰਬਾਣੀ ਸਮੁੱਚੀ ਮਨੁੱਖਤਾ ਨੂੰ ਸਾਂਝਾ ਓਪਦੇਸ਼
ਦਿੰਦੀ ਹੈ ਅਤੇ ਜਿਹੜਾ ਪ੍ਰਾਣੀ ਗੁਰਬਾਣੀ ਨੂੰ ਸੋਚ-ਵੀਚਾਰ ਕੇ ਪੜ੍ਹਦਾ ਤੇ ਅਮਲ ਕਰਦਾ ਹੈ, ਉਹ
ਸਚਿਆਰ, ਗੁਰਮੁੱਖ, ਗੁਰਸਿੱਖ, ਖ਼ਾਲਸਾ ਬਣ ਜਾਂਦਾ ਹੈ। ਐਸਾ ਗੁਰਮੁੱਖ ਪ੍ਰਾਣੀ ਫਿਰ ਕਿਸੇ ਨਾਲ
ਜਾਤ-ਪਾਤ ਜਾਂ ਊਚ-ਨੀਚ ਦਾ ਵਿਤਕਰਾ ਨਹੀਂ ਕਰਦਾ। ਇਵੇਂ ਹੀ, ਗੁਰੂ ਸਾਹਿਬਾਨ (੧੪੬੯ ਤੋਂ ੧੭੦੮) ਨੇ
ਸਾਰੀ ਲੋਕਾਈ ਨੂੰ ਇੱਕ ਅਕਾਲ ਪੁਰਖ ਨਾਲ ਜੋੜਿਆ ਅਤੇ ਏਕਤਾ/ਸਾਂਝੀਵਾਲਤਾ ਦਾ ਓਪਦੇਸ਼ ਦਿੱਤਾ। ਇਸ
ਤਰ੍ਹਾਂ, ਬਿਅੰਤ ਪ੍ਰਾਣੀ ਆਪਣੇ ਪੁਰਾਣੇ ਅਲੱਗ ਅਲੱਗ ਰੀਤੀ-ਰਿਵਾਜ਼ ਛੱਡ ਕੇ, ਗੁਰੂ ਦੇ ਸਿੱਖ ਬਣੇ।
ਪਰ, ੧੯੪੭ ਤੋਂ ਪੰਜਾਬ, ਇੰਡੀਆ ਵਿਖੇ ਹਿੰਦੂ ਸਰਕਾਰਾਂ ਦੇ ਅਧੀਨ ਇਹ ਜਾਤ-ਪਾਤ ਦੀ ਬਿਮਾਰੀ ਫਿਰ
ਫੈਲ ਗਈ ਹੈ। ਜੇ ਐਸੇ ਹਾਲਾਤ ਚਲਦੇ ਰਹੇ ਤਾਂ ਅਗਲੀ ੨੦੨੧ ਮਰਦਮ ਸ਼ੁਮਾਰੀ ਨੂੰ ਪੰਜਾਬ ਵਿਖੇ ਸਿੱਖਾਂ
ਦੀ ਆਬਾਦੀ ੫੦% ਤੋਂ ਵੀ ਘੱਟ ਜਾਏਗੀ! ਇਸ ਲਈ, ਅਜੇ ਵੀ ਸਮਾਂ ਹੈ ਕਿ ਬਿੱਪਰ-ਰੀਤਾਂ ਦਾ ਤਿਆਗ
ਕਰਕੇ, ਖੰਡੇ ਦੀ ਪਾਹੁਲ ਗ੍ਰਹਿਣ ਕਰਕੇ, ਗੁਰੂ ਦੇ ਖ਼ਾਲਸੇ ਸਿੰਘ-ਕੌਰ ਬਣ ਜਾਈਏ।
ਖਿਮਾ ਦਾ ਜਾਚਕ,