ਲਹੂ-ਭਿੱਜੀ ਸਰਹਿੰਦ
ਕਿਸ਼ਤ ਦੂਜੀ
ਸੁਖਜੀਤ ਸਿੰਘ ਕਪੂਰਥਲਾ
ਸਮੂਹ ਪਰਿਵਾਰ ਦਾ ਆਪੋ ਵਿੱਚ ਵਿਛੋੜਾ
(
Chapter 2/7)
ਨੋਟ:- ਲੜੀ ਜੋੜਣ ਲਈ ਕਿਸ਼ਤ ਨੰ. 1 ਪੜ੍ਹੋ (ਸੁਖਜੀਤ ਸਿੰਘ ਕਪੂਰਥਲਾ)
ਕਲਗੀਧਰ ਪਾਤਸ਼ਾਹ ਨੂੰ ਲਗਭਗ ਸੱਤ ਮਹੀਨੇ ਸ੍ਰੀ ਆਨੰਦਪੁਰ ਸਾਹਿਬ ਦੇ ਘੇਰੇ
ਵਿਚੋਂ ਗੁਜਰਨਾ ਪਿਆ। ਘੇਰੇ ਤੋਂ ਬਾਅਦ ਪੋਹ ਦੇ ਮਹੀਨੇ ਪਹਾੜੀ ਰਾਜਿਆਂ, ਮੁਗਲ ਜਰਨੈਲਾਂ ਅਤੇ
ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜੇਬ ਵਲੋਂ ਖਾਧੀਆਂ ਹੋਈਆਂ, ਧਰਮ ਗ੍ਰੰਥਾਂ ਦੀਆਂ ਕਸਮਾਂ `ਤੇ ਵਿਸ਼ਵਾਸ
ਕਰਕੇ 6 ਅਤੇ 7 ਪੋਹ ਸੰਮਤ 1761 (1704 ਈਸਵੀ) ਦੀ ਰਾਤ ਨੂੰ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ
ਨੂੰ ਛੱਡਿਆ।
ਉਸ ਰਾਤ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਨੂੰ ਛੱਡ ਕੇ ਸਰਸਾ ਨਦੀ ਦੇ
ਕੰਢੇ `ਤੇ ਪਹੁੰਚੇ। ਪਰ ਵੈਰੀਆਂ ਨੇ ਸਰਸਾ ਨਦੀ ਕੰਢੇ, ਆਪਣੀਆਂ ਕਸਮਾਂ ਨੂੰ ਤੋੜ, ਉਹਨਾਂ ਕੀਤੇ
ਹੋਏ ਵਾਅਦਿਆਂ ਨੂੰ ਭੁੱਲ ਕੇ, ਆਪਣੇ ਧਰਮ ਗ੍ਰੰਥਾਂ ਦੀਆਂ ਖਾਧੀਆਂ ਕਸਮਾਂ ਨੂੰ ਤੋੜ ਕੇ ਗੁਰੂ
ਕਲਗੀਧਰ ਅਤੇ ਉਹਨਾਂ ਦੇ ਸਿੰਘ ਸੂਰਬੀਰਾਂ ਉੱਪਰ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕੰਢੇ `ਤੇ ਜੰਗ
ਦਾ ਮੈਦਾਨ ਭਖਿਆ।
ਸਰਸਾ ਨਦੀ ਦੇ ਕੰਢੇ `ਤੇ ਹੋਈ ਜੰਗ ਅਤੇ ਹੜ੍ਹ ਦੇ ਪਾਣੀਆਂ ਨੇ ਕਲਗੀਧਰ
ਪਾਤਸ਼ਾਹ ਕੋਲੋਂ ਬਹੁਤ ਕੁੱਝ ਖੋਹ ਲਿਆ। ਇੱਕ ਸਰਸਾ ਨਦੀ ਦੇ ਕੰਢੇ `ਤੇ ਜੰਗ, ਦੂਜਾ ਸਰਸਾ ਨਦੀ ਨੂੰ
ਪਾਰ ਕਰਦਿਆਂ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਉਸ ਕਾਲੀ ਰਾਤ ਨੂੰ
ਪਰਿਵਾਰ ਦਾ ਇੱਕ ਹਿੱਸਾ, ਜਿਸ ਦੀ ਅਗਵਾਈ ਗੁਰੂ ਕਲਗੀਧਰ ਆਪ ਕਰ ਰਹੇ ਸਨ, ਉਸ ਵਿੱਚ ਸਾਹਿਬਜਾਦਾ
ਅਜੀਤ ਸਿੰਘ, ਸਾਹਿਬਜਾਦਾ ਜੁਝਾਰ ਸਿੰਘ ਅਤੇ ਨਾਲ ਸਿੰਘ ਸੂਰਬੀਰ ਨੇ, ਜੋ ਕਿ ਰੋਪੜ ਵਲੋਂ ਹੁੰਦੇ
ਹੋਏ ਚਮਕੌਰ ਦੀ ਗੜ੍ਹੀ ਤੱਕ ਜਾ ਪਹੁੰਚੇ।
ਦੂਸਰਾ ਹਿੱਸਾ ਭਾਈ ਮਨੀ ਸਿੰਘ, ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ ਦੀ
ਅਗਵਾਈ ਹੇਠ ਗੁਰੂ ਮਹਿਲਾਂ ਦਾ ਦਿੱਲੀ ਵੱਲ ਨੂੰ ਚਲਿਆ ਜਾਂਦਾ ਹੈ।
ਗੁਰੂ ਪਰਿਵਾਰ ਦਾ ਤੀਸਰਾ ਹਿੱਸਾ ਜਿਹੜਾ ਰਹਿ ਗਿਆ, ਜਿਸ ਵਿੱਚ ਮਾਤਾ ਗੁਜਰੀ
ਜੀ, ਦੋ ਛੋਟੇ ਸਾਹਿਬਜਾਦੇ-ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਜੀ ਸਨ, ਅਲੱਗ ਹੋ ਗਿਆ।
ਕਲਗੀਧਰ ਪਾਤਸ਼ਾਹ ਦੇ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ ਅਤੇ ਵੱਖ-ਵੱਖ ਤਿੰਨ
ਦਿਸ਼ਾਵਾ ਨੂੰ ਤੁਰ ਪਏ।
“ਜੋਗੀ ਅਲ੍ਹਾ ਯਾਰ ਖ਼ਾ” ਜਿਸਨੇ ਇਸ ਸਾਕੇ ਨੂੰ 1913 ਈਸਵੀ ਵਿੱਚ
ਕਲਮਬੱਧ ਕੀਤਾ ਅਤੇ ਉਸਨੇ ਇਸ ਸਾਕੇ ਦਾ ਨਾਮ ਰੱਖਿਆ— “ਸ਼ਹੀਦਾਨਿ ਵਫ਼ਾ” (ਅੰਤਿਕਾ-2)।
“ਸ਼ਹੀਦਾਨਿ ਵਫ਼ਾ” ਇਸਨੇ ਬੜਾ ਬਾ-ਕਮਾਲ ਟਾਈਟਲ ਰੱਖਿਆ, ਕਿਉਂਕਿ ਇਹ
ਛੋਟੇ-ਛੋਟੇ ਬਾਲਾਂ ਨੇ ਆਪਣੇ ਗੁਰੂ ਨਾਨਕ ਜੀ ਦੇ ਪੂਰਨਿਆਂ ਤੇ ਚਲ ਕੇ ਆਪਣੇ ਦਾਦਾ ਸ੍ਰੀ ਗੁਰੂ ਤੇਗ
ਬਹਾਦਰ ਜੀ, ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ ਅਤੇ ਸ਼ਹੀਦੀਆ ਦੇ
ਕੇ ਵਫ਼ਾ ਨਿਭਾ ਦਿੱਤੀ, “ਸ਼ਹੀਦਾਨਿ ਵਫ਼ਾ”।
ਛੋਟੇ-ਛੋਟੇ ਬਾਲਾਂ ਨੇ ਮਾਤਾ ਗੁਜਰੀ ਜੀ ਦੀ ਅਗਵਾਈ ਹੇਠ, ਮਾਤਾ ਗੁਜਰੀ ਦੀ
ਪ੍ਰੇਰਣਾ ਨਾਲ ਐਸਾ ਇਤਿਹਾਸ ਰਚ ਕੇ ਆਪਣੇ ਗੁਰੂ ਨਾਨਕ, ਆਪਣੇ ਦਾਦਾ ਗੁਰੂ ਤੇਗ ਬਹਾਦਰ ਜੀ ਅਤੇ
ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਨੂੰ ਹੋਰ ਚਾਰ ਚੰਦ ਲਗਾ ਦਿੱਤੇ।
ਤਿੰਨ ਹਿੱਸਿਆਂ ਵਿੱਚ ਪਰਿਵਾਰ ਵੰਡਿਆਂ ਗਿਆ। ਦਾਦੀ ਮਾਂ ਗੁਜਰੀ ਆਪਣੇ
ਇਹਨਾਂ ਦੋ ਮਾਸੂਮ ਪੋਤਿਆਂ ਨੂੰ ਨਾਲ ਲੈ ਕੇ ਆਪਣੀ ਜਿੰਮੇਵਾਰੀ ਨੂੰ ਨਿਭਾਉਂਦੀ ਹੋਈ ਤੁਰੀ ਜਾ ਰਹੀ
ਹੈ।
ਆਉ, ਜ਼ਰਾ ਆਪਾਂ ਵੀ ਉਸ ਤੇ ਝਾਤ ਮਾਰਨ ਦਾ ਜਤਨ ਕਰੀਏ ਕਿ ਜੋਗੀ ਅਲ੍ਹਾ ਯਾਰ
ਖ਼ਾਂ ਦੀ ਬਾ-ਕਮਾਲ ਲਿਖਤ ਅਨੁਸਾਰ ਸਰਸਾ ਨਦੀ ਦੇ ਕੰਢੇ ਉੱਤੇ ਦਾਦੀ ਮਾਂ ਦੇ ਨਾਲ ਤੁਰੇ ਜਾਂਦੇ ਉਹ
ਛੋੱਟੇ-ਛੋਟੇ ਬਾਲ ਕੈਸੇ ਪਿਆਰ ਦੀਆਂ, ਕੈਸੇ ਬਾਲਪਨ ਦੀਆਂ ਬਾਤਾਂ ਕਰਦੇ ਜਾਂਦੇ ਨੇ। ਆਉ, ਜ਼ਰਾ ਵਾਚਣ
ਦਾ ਯਤਨ ਕਰੀਏ।
ਜੋਗੀ ਅਲ੍ਹਾ ਯਾਰ ਖ਼ਾਂ ਕਹਿੰਦਾ ਹੈ ਕਿ ਕਲਗੀਧਰ ਪਾਤਸ਼ਾਹ ਦੇ ਲਾਡਲਿਆਂ ਨੇ
ਸਰਸਾ ਨਦੀ ਨੂੰ ਪਾਰ ਕਰ ਲਿਆ। ਉਧਰ ਕਲਗੀਧਰ ਪਾਤਸ਼ਾਹ ਦੇ ਖਿਆਲਾਤਾਂ ਨੂੰ ਬਿਆਨ ਕਰਦੇ ਹੋੱਏ, ਜੋਗੀ
ਅਲ੍ਹਾ ਯਾਰ ਖ਼ਾਂ ਕਹਿੰਦਾ ਹੈ:
ਤਾਰੀਖ਼ ਮੇਂ ਲਿਖਾ ਹੈ ਕਿ ਦਰ-ਜੋਸ਼ਿ ਕਾਰਜ਼ਾਰ।
ਸਤਗੁਰ ਬੜ੍ਹਾਤੇ ਹੀ ਗਏ ਆਗੇ ਕੋ ਰਾਹਵਾਰ।
ਹਮਰਾਹ ਰਹਿ ਗਏ ਥੇ ਗ਼ਰਜ਼ ਚੰਦ ਜਾਂ-ਨਿਸਾਰ।
ਫ਼ਰਜੰਦੋ ਮੇਂ ਥੇ ਸਾਥ ਅਜੀਤ ਔਰ ਜੁਝਾਰ।
ਜ਼ੋਰਾਵਰ ਔਰ ਫ਼ਤਹਿ ਜੋ ਦਾਦੀ ਕੇ ਸਾਥ ਥੇ।
ਦਾਯੇਂ ਕੀ ਜਗਹ ਚਲ ਦੀਯੇ ਵੁਹ ਬਾਯੇਂ ਹਾਥ ਥੇ।
ਇਤਿਹਾਸ ਦੇ ਪੰਨਿਆਂ ਨੇ ਇਹ ਗੱਲ ਸਾਂਭੀ ਹੋਈ ਹੈ ਕਿ ਗੁਰੂ ਪਾਤਸ਼ਾਹ ਜੋਸ਼
ਵਿੱਚ ਸਰਸਾ ਨਦੀ ਨੂੰ ਪਾਰ ਕਰ ਕੇ ਅਗਾਂਹ ਨੂੰ ਵਧਦੇ ਤੁਰੇ ਜਾਂਦੇ ਨੇ।
ਹੁਣ ਸਰਸਾ ਨਦੀ ਨੂੰ ਪਾਰ ਕਰਨ ਤੋਂ ਬਾਅਦ ਗੁਰੂ ਕਲਗੀਧਰ ਜੋ ਅਨੰਦਪੁਰ
ਸਾਹਿਬ ਤੋਂ ਚਾਰ ਸਾਹਿਬਜਾਦੇ ਨਾਲ ਲੈ ਕੇ ਚੱਲੇ ਸਨ। ਉਹਨਾਂ ਨਾਲੋਂ ਦੋ ਵਿਛੜ ਗਏ। ਇਸ ਸਮੇ ਪਾਤਸ਼ਾਹ
ਦੇ ਕੋਲ ਦੋ ਸਾਹਿਬਜਾਦੇ, ਅਜੀਤ ਸਿੰਘ, ਜੁਝਾਰ ਸਿੰਘ ਸਿੰਘ ਰਹਿ ਗਏ ਸਨ।
ਇਤਿਹਾਸ ਬੋਲਦਾ ਹੈ ਕਿ ਸਾਹਿਬਜਾਦਾ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ ਦਾ
ਆਪਣੀਆਂ ਮਾਤਾਵਾਂ ਨਾਲੋਂ ਆਪਣੀ ਦਾਦੀ ਮਾਂ ਨਾਲ ਜ਼ਿਆਦਾ ਪਿਆਰ ਸੀ। ਇਹਨਾਂ ਨੇ ਆਪਣੀਆਂ ਮਾਤਾਵਾਂ
ਨਾਲੋਂ ਆਪਣੀ ਦਾਦੀ ਮਾਂ ਦੀ ਗੋਦ ਦਾ ਨਿੱਘ ਸ਼ੁਰੂ ਤੋਂ ਹੀ ਜ਼ਿਆਦਾ ਮਾਣਿਆ।
ਦਾਸ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਸਭ ਗੁਰੂ ਪਾਤਸ਼ਾਹ ਦੀ ਸ਼ੁਰੂ ਤੋਂ ਹੀ
ਪਲਾਨਿੰਗ ਸੀ। ਕਹਿੰਦੇ ਹਨ ਕਿ ਜਦੋ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਲੱਗੇ ਸੀ ਤਾਂ ਗੁਰੂ ਸਾਹਿਬ
ਨੇ ਤੁਰਨ ਲੱਗਿਆਂ ਹੀ ਇਹਨਾਂ ਛੋਟੇ ਸਾਹਿਬਜਾਦਿਆਂ ਨੂੰ ਅਨੰਦਪੁਰ ਸਾਹਿਬ ਤੋਂ ਹੀ ਦਾਦੀ ਮਾਂ ਦੀ
ਉਂਗਲ ਪਕੜਾ ਦਿੱਤੀ ਸੀ। ਸ਼ਾਇਦ ਕਲਗੀਧਰ ਇਹ ਗੱਲ ਜਾਣਦੇ ਸਨ ਇਹ ਦਾਦੀ ਮਾਂ ਹੀ ਹੈ, ਜਿਹੜੀ ਇਹਨਾਂ
ਬੱਚਿਆਂ ਨੂੰ ਇਹਨਾਂ ਦੀ ਧਰਮ ਪੱਖੀ ਸਫਲਤਾ ਵਲ ਲੈ ਕੇ ਜਾਵੇਗੀ, ਕਿਉਂਕਿ ਕਲਗੀਧਰ ਪਾਤਸ਼ਾਹ
ਅੰਤਰਜਾਮੀ ਨੇ।
ਜੋਗੀ ਅਲ੍ਹਾ ਯਾਰ ਖ਼ਾਂ ਲਿਖਦਾ ਹੈ ਕਿ ਸਰਸਾ ਨਦੀ ਨੂੰ ਪਾਰ ਕਰਨ ਤੋਂ ਬਾਅਦ
ਹੋਇਆ ਕੀ?
ਜ਼ੋਰਾਵਰ ਔਰ ਫ਼ਤਹ ਜੋ ਦਾਦੀ ਕੇ ਸਾਥ ਥੇ।
ਦਾਯੇ ਕੀ ਜਗਹ ਚਲ ਦੀਯੇ ਵੁਹ ਬਾਂਯੇ ਹਾਥ ਥੇ।
ਬਸ! ਹੁਣ ਵਿਛੋੜੇ ਦਾ ਕਾਰਨ ਹੀ ਇਹੀ ਬਣ ਗਿਆ ਕਿ ਕਲਗੀਧਰ ਪਾਤਸ਼ਾਹ ਸਰਸਾ
ਨਦੀ ਨੂੰ ਪਾਰ ਕਰਨ ਤੋ ਬਾਅਦ ਸੱਜੇ ਹੱਥ ਤੁਰ ਪਏ, ਪਰ ਦਾਦੀ ਮਾਂ ਇਹਨਾਂ ਦੋ ਛੋਟੇ ਸਾਹਿਬਜਾਦਿਆਂ
ਦੇ ਨਾਲ ਸਰਸਾ ਨਦੀ ਨੂੰ ਪਾਰ ਕਰਕੇ ਖੱਬੇ ਹੱਥ ਨੂੰ ਤੁਰ ਪਏ। ਬਸ! ਇਹੀ ਵਿਛੋੜੇ ਦਾ ਕਾਰਨ ਬਣ ਗਿਆ।
ਹਰ ਚੰਦ ਕੀ ਤਲਾਸ਼ ਨ: ਪਾਯਾ ਨਿਸ਼ਾਂ ਕਹੀਂ।
ਛੋੜਾ ਥਾ ਜਿਸ ਜਗਹ ਪ: ਨਹੀਂ ਥੇ ਵਹਾਂ ਕਹੀਂ।
ਕਲਗੀਧਰ ਪਾਤਸ਼ਾਹ ਨੇ ਅੱਗੇ ਜਾ ਕੇ ਮਾਂ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ
ਨੂੰ ਲੱਭਣ ਦਾ ਯਤਨ ਕੀਤਾ, ਪਰ ਮਾਂ ਗੁਜਰੀ ਅਤੇ ਸਾਹਿਬਜਾਦਿਆਂ ਦਾ ਕੋਈ ਪਤਾ ਨਾ ਲੱਗ ਸਕਿਆ।
ਪਾ ਜਾਏਂ ਫ਼ਿਕਰ ਥਾ ਨਾ ਉਨੇਂ ਦੁਸ਼ਮਨਾਂ ਕਹੀਂ।
ਮਾਤਾ ਕੇ ਸਾਥ ਚਲ ਦੀਏ ਸ਼ਹਿਜ਼ਾਦਗਾਂ ਕਹੀਂ।
ਗੁਰੂ ਕਲਗੀਧਰ ਪਾਤਸ਼ਾਹ ਨੂੰ ਭਰੋਸਾ ਵੀ ਹੈ ਕਿ ਉਹਨਾਂ ਦੇ ਨਾਲ ਦਾਦੀ ਮਾਂ
ਗੁਜਰੀ ਹੈ। ਪਰ:
ਲਖ਼ਤਿ-ਜਿਗਰ ਹਜੂਰ ਕੇ ਜਿਸ ਦਮ ਬਿਛੜ ਗਏ।
ਪਾਓਂ ਵਹੀਂ ਵਫ਼ੂਰਿ-ਮੁਹੱਬਤ ਸੇ ਗੜ ਗਏ।
ਜਦੋ ਕਲਗੀਧਰ ਪਾਤਸ਼ਾਹ ਨੂੰ ਪੂਰਨ ਵਿਸ਼ਵਾਸ ਹੋ ਗਿਆ ਕਿ ਹੁਣ ਸਾਹਿਬਜਾਦੇ
ਸਦੀਵੀਂ ਤੌਰ `ਤੇ ਵਿਛੜ ਗਏ ਹਨ। ਕਲਗੀਧਰ ਪਿਤਾ ਗੁਰੂ ਹੀ ਨਹੀ, ਉਹ ਇੱਕ ਬਾਪ ਵੀ ਨੇ। ਬਾਪ ਦੀ
ਮਮਤਾ ਦੇ ਅਧੀਨ ਕਲਗੀਧਰ ਪਿਤਾ ਦੇ ਕਦਮ ਉਥੇ ਹੀ ਰੁਕ ਗਏ ਅਤੇ ਕਲਗੀਧਰ ਪਿਤਾ ਉਥੇ ਹੀ ਅਕਾਲ ਪੁਰਖ
ਦੇ ਧਿਆਨ ਵਿੱਚ ਜੁੜ ਗਏ। ਸੁਰਤ ਤਾਂ ਹਮੇਸ਼ਾ ਹੀ ਕਲਗੀਧਰ ਪਾਤਸ਼ਾਹ ਦੀ ਜੁੜੀ ਹੈ ਉਸ ਪਰਮੇਸ਼ਰ ਦੇ
ਨਾਲ। ਕਲਗੀਧਰ ਪਾਤਸ਼ਾਹ ਬਾਰੇ ਕਵੀ ਕਹਿੰਦੇ:
ਫ਼ੋਰਨ ਮਰਾਕਬੇ ਮੇਂ ਗਏ ਪੀਰਿ-ਖ਼ੁਸ਼-ਖੁਸਾਲ।
ਚੌਦਹ ਤਬਕ ਕਾ ਕਰ ਲਿਯਾ ਮਾਲੂਮ ਪਲ ਮੇਂ ਹਾਲ।
ਇਹ ਲਾਲ ਕਿਧਰੇ ਹੋਰ ਨਹੀਂ ਗਏ, ਇਹ ਲਾਲ ਆਪਣੀ ਦਾਦੀ ਮਾਂ ਦੇ ਨਾਲ
ਕੁਰਬਾਨੀਆਂ ਦਾ ਇਤਿਹਾਸ ਰਚਣ ਲਈ ਗਏ ਹਨ ਤੇ ਕਿਵੇਂ ਕੁਰਬਾਨ ਹੋਣਗੇਂ? ਕਲਗੀਧਰ ਪਾਤਸ਼ਾਹ ਨਾਲ ਦੇ
ਸਿੰਘ ਸੂਰਬੀਰਾਂ ਨੂੰ ਅਤੇ ਸਾਹਿਬਜਾਦਿਆਂ ਅਜੀਤ ਸਿੰਘ ਅਤੇ ਜੁਝਾਰ ਸਿੰਘ ਨੂੰ ਸੰਬੋਧਨ ਹੋ ਕੇ ਆਖਦੇ
ਨੇ ਕਿ ਕਿਵੇਂ ਕੁਰਬਾਨ ਹੋਣਗੇ ਲਾਲ ਛੋਟੇ, ਕਹਿੰਦੇ:
ਬੁਨਿਯਾਦ ਮੇਂ ਧਰਮ ਕੀ ਚੁਨੇਂਗੇਂ ਉਦੂ ਉਨ੍ਹੇਂ।
ਕਰਤਾਰ ਚਾਹਤਾ ਹੈ, ਕਰੇ ਸੁਰਖ਼ਰੂ ਉਨ੍ਹੇਂ।
ਧਰਮ ਦੀਆਂ ਬੁਨਿਆਦਾਂ ਵਿੱਚ, ਨੀਹਾਂ ਵਿੱਚ ਉਹਨਾਂ ਨੂੰ ਚਿਣ ਦਿੱਤਾ
ਜਾਵੇਗਾ। ਕਲਗੀਧਰ ਪਾਤਸ਼ਾਹ ਆਖਦੇ ਹਨ ਕਿ ਇਸ ਦੇ ਵਿੱਚੋਂ ਮੈਨੂੰ ਕੀ ਮਿਲੇਗਾ? ਉਹ ਚਿਣੇ ਜਾਣਗੇ
ਨੀਹਾਂ ਦੇ ਵਿੱਚ, ਪਰ! ਕਲਗੀਧਰ ਨੂੰ ਇਸ ਵਿੱਚੋ ਕੀ ਪ੍ਰਾਪਤੀ ਹੋਵੇਗੀ?
ਜੋਗੀ ਅਲ੍ਹਾ ਯਾਰ ਖ਼ਾਂ ਬੜੇ ਬਾ-ਕਮਾਲ ਸ਼ਬਦਾ ਵਿੱਚ ਲਿਖਦਾ ਹੈ:
ਬੁਨਿਯਾਦ ਮੇਂ ਧਰਮ ਕੀ ਚੁਨੇਂਗੇਂ ਉਦੂ ਉਨ੍ਹੇਂ।
ਕਰਤਾਰ ਚਾਹਤਾ ਹੈ, ਕਰੇ ਸੁਰਖ਼ਰੂ ਉਨ੍ਹੇਂ।
ਕਾਰਤਾਰ ਚਾਹੁੰਦਾ ਹੈ ਕਿ ਉਹਨਾਂ ਲਾਲਾਂ ਨੂੰ ਸੁਰਖ਼ਰੂ ਕਰ ਦੇਵੇ ਕਿ ਜਿਸ ਲਈ
ਉਹ ਸੰਸਾਰ ਅੰਦਰ, ਗੁਰੂ ਕਲਗੀਧਰ ਪਿਤਾ ਦੇ ਘਰ ਅੰਦਰ ਪੈਦਾ ਹੋਏ ਨੇ, ਉਸ ਦੀ ਸੰਪੂਨਰਤਾ ਹੋਵੇਗੀ,
ਜਿਸ ਕਾਰਜ ਲਈ ਅਕਾਲ ਪੁਰਖ ਨੇ ਗੁਰੂ ਕਲਗੀਧਰ ਪਿਤਾ ਦੇ ਗ੍ਰਹਿ ਉਹਨਾਂ ਨੂੰ ਭੇਜਿਆ ਹੈ, ਜਨਮ ਦਿੱਤਾ
ਹੈ, ਨਾਲ ਦੀ ਨਾਲ ਗੁਰੂ ਕਲਗੀਧਰ ਦੀ ਡਿਊਟੀ ਦੀ ਵੀ ਸੰਪੂਰਨਤਾ ਹੋ ਜਾਵੇ। ਹੁਣ ਕਲਗੀਧਰ ਪਿਤਾ ਸਰਸਾ
ਨਦੀ ਦੇ ਕੰਢੇ `ਤੇ ਸਿੰਘ ਸੂਰਬੀਰਾਂ ਨੂੰ ਨਾਲ ਲੈ ਕੇ ਅੱਗੇ ਚੱਲ ਪਏ:
ਯਿਹ ਕਹਿ ਕੇ ਫਿਰ ਹਜੂਰ ਤੋ ਚਮਕੌਰ ਚਲ ਦੀਏ।
ਹਾਲਤ ਪਿ ਅਪਨੀ ਕੁਛ ਨਾ ਕੀਯਾ ਗ਼ੌਰ ਚਲ ਦੀਏ।
ਕਰਤਾਰ ਕੇ ਧਿਯਾਨ ਮੇਂ ਫ਼ਿਲਫੌਰ ਚਲ ਦੀਏ।
ਰਾਜ਼ੀ ਹੁਏ ਰਜ਼ਾ ਪਿ ਬਹਰ-ਤੌਰ ਚਲ ਦੀਏ।
ਕਲਗੀਧਰ ਪਿਤਾ ਇਹ ਕਹਿੰਦੇ ਹੋਏ ਚਮਕੌਰ ਵੱਲ ਨੂੰ ਅੱਗੇ ਵੱਧ ਗਏ ਤੇ ਹੋਇਆ
ਕੀ?
ਅਕਾਲ ਪੁਰਖ ਦੇ ਧਿਆਨ ਵਿੱਚ ਜੁੜੇ ਹੋਈ ਆਤਮਾ, ਗੁਰੂ ਕਲਗੀਧਰ ਪਾਤਸ਼ਾਹ
ਚਮਕੌਰ ਵਲ ਨੂੰ ਚਲਦਿਆਂ ਖ਼ਿਆਲ ਕਰਦੇ ਹਨ ਕਿ ਅਕਾਲ ਪੁਰਖ ਨੇ ਮੇਰੇ ਮਨ ਵਿਚੋਂ ਸਾਹਿਬਜਾਦਿਆਂ ਦਾ
ਫ਼ਿਕਰ ਲਾਹ ਦਿੱਤਾ ਹੈ, ਕਿਉਂਕਿ ਸਾਹਿਬਜਾਦੇ ਵੀ ਜਾਣਦੇ ਹਨ ਕਿ ਉਹ ਗੁਰੂ ਕਲਗੀਧਰ ਦੇ ਪੁੱਤਰ ਹਨ।
ਦੂਸਰਾ ਕਲਗੀਧਰ ਪਾਤਸ਼ਾਹ ਨੂੰ ਇਹ ਵਿਸ਼ਵਾਸ ਸੀ ਕਿ ਦਾਦੀ ਮਾਂ ਵੀ ਉਹਨਾਂ ਦੇ ਨਾਲ ਹੈ। ਬਸ! ਦਾਦੀ
ਮਾਂ ਦੇ ਹੁੰਦਿਆਂ ਬੱਚਿਆਂ ਪ੍ਰਤੀ ਬੇ-ਫ਼ਿਕਰੀ ਹੈ।
ਜ਼ੋਰ-ਅਵਾਰ ਔਰ ਫ਼ਤਹ ਕਾ ਇਸ ਦਮ ਬਯਾਂ ਸੁਨੋ।
ਪਹੁੰਚੇ ਬਿਛੜ ਕਿ ਹਾਏ ਕਹਾਂ ਸੇ ਕਹਾਂ ਸੁਨੋਂ।
ਜੋਗੀ ਅੱਲ੍ਹਾ ਯਾਰ ਖ਼ਾਂ ਬਿਆਨ ਕਰ ਰਿਹਾ ਹੈ ਕਿ ਆਓ, ਹੁਣ ਮੈਂ ਜ਼ੋਰਾਵਰ
ਸਿੰਘ ਅਤੇ ਫ਼ਤਹਿ ਸਿੰਘ ਦੇ ਹਾਲਾਤ ਦਾ ਬਿਆਨ ਕਰਾਂ। ਉਹ ਕਲਗੀਧਰ ਪਿਤਾ ਦੇ ਨਾਲੋਂ, ਆਪਣੀਆਂ
ਮਾਤਾਵਾਂ ਦੇ ਨਾਲੋਂ, ਆਪਣੇ ਭਰਾਵਾਂ ਦੇ ਨਾਲੋਂ, ਆਪਣੇ ਪਿਆਰੇ ਸਾਥੀ ਸਿੰਘ ਸੂਰਬੀਰਾਂ ਦੇ ਨਾਲੋਂ
ਵਿਛੜ ਕੇ ਹੁਣ ਕਿੱਧਰ ਨੂੰ ਜਾਣ ਲੱਗੇ ਨੇ।
ਹੋਣੀ ਹੁਣ ਉਹਨਾਂ ਨੂੰ ਕਿਧਰ ਨੂੰ ਲੈ ਕੇ ਜਾ ਰਹੀ ਹੈ, ਕਹਿੰਦਾ ਹੈ ਕਿ
ਸੁਣੋ, ਮੈਂ (ਕਵੀ-ਜੋਗੀ ਅੱਲ੍ਹਾ ਯਾਰ ਖ਼ਾਂ) ਤੁਹਾਨੂੰ ਸੁਣਾਉਣ ਲੱਗਾ ਹਾਂ:
‘ਸ਼ਹੀਦਾਨਿ-ਵਫ਼ਾ` ਕਿੱਸੇ ਦੀ ਬਾਤ, ਸਾਹਿਬਜਾਦਾ ਜ਼ੋਰਾਵਰ ਸਿੰਘ
ਸਾਹਿਬਜਾਦਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਗਾਥਾ ਨੂੰ ਆਪਸੀ ਗੱਲਬਾਤ ਤੋਂ ਕਿੱਸਾਕਾਰ ਆਰੰਭ
ਕਰਦਾ ਹੈ:
ਰਸਤੇ ਮੇਂ ਜਬ ਭਟਕ ਗਏ ਨੰਨ੍ਹੇ ਸਵਾਰ ਥੇ।
ਤਕਤੇ ਪਿਤਾ ਕੋ ਚਾਰੋਂ ਤਰਫ਼ ਬਾਰ-ਬਾਰ ਥੇ।
ਭਟਕੇ ਹੋਏ ਦੋਨੋਂ ਵੀਰ ਆਪਣੀ ਦਾਦੀ ਮਾਂ ਦੀ ਉਂਗਲੀ ਫੜ ਕੇ ਤੁਰੇ ਜਾ ਰਹੇ
ਨੇ। ਇੱਕ ਨੇ ਦਾਦੀ ਮਾਂ ਦੀ ਸੱਜੇ ਹੱਥ ਦੀ ਉਂਗਲੀ ਅਤੇ ਦੂਸਰੇ ਨੇ ਦਾਦੀ ਮਾਂ ਦੀ ਖੱਬੇ ਹੱਥ ਦੀ
ਉਂਗਲੀ ਫੜੀ ਹੋਈ ਹੈ।
ਦਾਦੀ ਮਾਂ ਦੇ ਆਸਰੇ ਦੇ ਨਾਲ ਉਹ ਛੌਟੇ-ਛੋਟੇ ਬਾਲ ਤੁਰੇ ਜਾ ਰਹੇ ਹਨ, ਪਰ
ਤੁਰਦਿਆਂ-ਤੁਰਦਿਆਂ ਇਹ ਜਰੂਰੀ ਗੱਲ ਹੈ ਕਿ ਬੱਚਿਆਂ ਦੇ ਮਨ ਵਿੱਚ ਮਾਪਿਆਂ ਦੀ ਮਮਤਾ ਦੀ ਗੱਲ ਵੀ
ਹੁੰਦੀ ਹੈ। ਜੋਗੀ ਅੱਲ੍ਹਾ ਯਾਰ ਖ਼ਾਂ ਲਿਖ ਰਿਹਾ ਹੈ ਕਿ ਉਹ ਆਪਣੀ ਦਾਦੀ ਦੇ ਨਾਲ ਤੁਰੇ ਜਾ ਰਹੇ ਹਨ
ਅਗਾਂਹ ਨੂੰ, ਪਰ ਨਾਲ ਦੀ ਨਾਲ ਪਿਛਾਂਹ ਨੂੰ ਵੀ ਤੱਕਦੇ ਹਨ। ਉਹਨਾਂ ਦਾ ਧਿਆਨ ਪਿਛਾਂਹ ਵੱਲ ਵੀ ਹੈ।
ਕਹਿੰਦੇ ਨੇ ਕਿ ਲਾਲ ਆਪਣੇ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਨੂੰ ਚਾਰ ਚੁਫੇਰੇ ਨਜ਼ਰਾਂ ਘੁੰਮਾ ਕੇ
ਲੱਭਦੇ ਵੀ ਨੇ। ਉਹਨਾਂ ਦੀਆਂ ਨਜ਼ਰਾਂ ਇੱਕ ਆਸ ਨਾਲ ਆਪਣੇ ਪਿਤਾ ਗੁਰੂ ਕਲਗੀਧਰ ਨੂੰ ਲੱਭਦੀਆਂ ਹਨ।
ਹੁਣ ਵੇਖੋ ਉਹ ਦਾਦੀ ਮਾਂ ਨਾਲ ਕੈਸੇ ਸਵਾਲ ਵੀ ਕਰਦੇ ਨੇ ਤੁਰੇ ਵੀ ਜਾ ਰਹੇ
ਨੇ, ਤੇ ਦਾਦੀ ਮਾਂ ਦੇ ਲਾਡਲੇ, ਪਿਆਰ ਦੇ ਨਾਲ ਕਿੰਨੀ ਸ਼ਰਧਾ ਅਤੇ ਪਿਆਰ ਨਾਲ ਭਿੱਜੀਆ ਬਾਤਾਂ,
ਸੁਭਾਵਿਕ ਵੀ ਹੈ ਉਹਨਾਂ ਦਾ ਆਪਣੀ ਦਾਦੀ ਮਾਂ ਦੇ ਨਾਲ ਸਵਾਲ ਕਰਨਾ।
ਬਲਿਹਾਰ ਜਾਣ ਨੂੰ ਚਿੱਤ ਕਰਦਾ ਹੈ ਜੋਗੀ ਅੱਲ੍ਹਾ ਯਾਰ ਖ਼ਾਂ ਦੀ ਕਲਮ ਤੋਂ
ਜਿਸ ਨੇ ਇਸ ਸਾਕੇ ਨੂੰ ਕਲਮਬੱਧ ਕਰ ਕੇ ਕਿੰਨੇ ਬਾ-ਕਮਾਲ ਤਰੀਕੇ ਦੇ ਨਾਲ ਲਿਖਿਆ ਹੈ।
ਦਾਸ ਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਕਲਮਾਂ ਲਿਖਦੀਆਂ ਹਨ, ਭਾਵੇਂ ਇਹ ਕਲਮ
ਅੱਲ੍ਹਾ ਯਾਰ ਖ਼ਾਂ ਦੀ ਹੋਵੇ ਜਾਂ ਕਿਸੇ ਹੋਰ ਵਿਦਵਾਨ ਦੀ। ਮੱਤ ਕਦੀ ਸੋਚਿਓ ਕਿ ਇਹ ਮਨੁੱਖੀ ਦਿਮਾਗ਼
ਦੇ ਨਾਲ ਲਿਖਦੀਆਂ ਨੇ, ਇਹ ਤਾਂ ਅਕਾਲ ਪੁਰਖ ਦੀ ਰਹਿਮਤ
(GOD GIFT)
ਦਾ ਹਿੱਸਾ ਹੁੰਦੀਆਂ ਹਨ। ਇਹ ਅਕਾਲ ਪੁਰਖ ਵੱਲੋਂ
ਵਿਦਵਾਨਾਂ ਨੂੰ ਬਖ਼ਸ਼ੀ ਹੋਈ ਸੌਗਾਤ ਹੁੰਦੀਆਂ ਹਨ।
ਜੋਗੀ ਅੱਲ੍ਹਾਂ ਯਾਰ ਖ਼ਾਂ ਜਿੰਨੇ ਸੁੰਦਰ ਸ਼ਬਦਾਂ ਦੇ ਨਾਲ ਦਾਦੀ ਮਾਂ ਗੁਜਰੀ
ਅਤੇ ਸਾਹਿਬਜਾਦਿਆਂ ਦੀ ਬਾਤ ਨੂੰ ਕਰਦਾ ਹੈ, ਆਪਣੇ ਆਪ ਸਾਡਾ ਉਹਨਾਂ ਕਲਮਾਂ ਤੋਂ ਬਲਿਹਾਰ ਜਾਣ ਨੂੰ
ਚਿੱਤ ਕਰਦਾ ਹੈ। ਜੋਗੀ ਅੱਲ੍ਹਾ ਯਾਰ ਖ਼ਾਂ ਕਹਿੰਦਾ ਹੈ:
ਦਾਦੀ ਸੇ ਬੋਲੇ ਅਪਨੇ ਸਿਪਾਹੀ ਕਿਧਰ ਗਏ?
ਦਰਿਯਾ ਪ: ਹਮ ਕੋ ਛੋੜ ਕੇ ਰਾਹੀ ਕਿਧਰ ਗਏ?
ਹੁਣ ਸਾਹਿਬਜਾਦੇ ਆਪਣੀ ਦਾਦੀ ਮਾਂ ਤੋਂ ਪੁੱਛਦੇ ਨੇ “ਦਾਦੀ ਮਾਂ! ਆਪਣੇ
ਸੂਰਬੀਰ ਸਿਪਾਹੀ ਕਿੱਧਰ ਨੂੰ ਚਲੇ ਗਏ ਨੇ? ਆਹ ਸਰਸਾ ਨਦੀ ਤਕ ਤਾਂ ਸਾਰੇ ਆਪਣੇ ਨਾਲ ਸਨ, ਪਰ ਸਰਸਾ
ਨਦੀ ਪਾਰ ਕਰਨ ਤੋਂ ਬਾਅਦ ਸਾਨੂੰ ਉਹ ਛੱਡ ਕੇ ਕਿੱਧਰ ਨੂੰ ਚਲੇ ਗਏ ਨੇ? “
ਇਹ ਬਾਲ ਮਨਾਂ ਦੀ ਤੜਪ! ਦਾਦੀ ਮਾਂ ਨੂੰ ਹੋਰ ਕੀ ਆਖਦੇ ਨੇ?
ਤੜਪਾ ਕੇ ਹਾਏ ਸੂਰਤਿ-ਮਾਹੀ ਕਿਧਰ ਗਏ?
ਅੱਬਾ ਭਗਾ ਕੇ ਲਸ਼ਕਰਿ ਸ਼ਾਹੀ ਕਿਧਰ ਗਏ?
ਉਹ ਪਿਆਰੇ-ਪਿਆਰੇ ਸੁੰਦਰ ਨੌਜਵਾਨ, ਸੂਰਬੀਰ ਸਿੰਘ ਕਿੱਧਰ ਨੂੰ ਚਲੇ ਗਏ ਨੇ
ਤੇ ਅੱਬਾ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਵੀ ਪਤਾ ਨਹੀ ਫ਼ੌਜਾਂ ਦੀ ਕਮਾਨ ਕਰਦਿਆਂ-ਕਰਦਿਆਂ ਕਿੱਧਰ
ਨੂੰ ਚਲੇ ਗਏ ਨੇ?
ਦਾਦੀ ਮਾਂ ਦੇ ਨਾਲ ਦੋਵੇਂ ਲਾਡਲੇ ਆਪਣੇ ਮਨਾਂ ਦੀਆਂ ਭਾਵਨਾਵਾਂ ਨੂੰ ਉਜਾਗਰ
ਕਰਦੇ ਹੋਏ ਕਹਿੰਦੇ ਹਨ:
ਭਾਈ ਭੀ ਹਮ ਕੋ ਭੂਲ ਗਏ ਸ਼ੌਕਿ ਜੰਗ ਮੇਂ।
ਅਪਨਾ ਖ਼ਯਾਲ ਤਕ ਨਹੀਂ ਜ਼ੌਕਿ ਤੁਫ਼ੰਗ ਮੇਂ।
ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਹੋਏ ਇਹ ਲਾਲ ਮਨਾਂ ਵਿੱਚ ਸੋਚ ਰਹੇ
ਹਨ ਕਿ ਸਾਡੇ ਭਰਾ ਵੀ ਸਾਨੂੰ ਛੱਡ ਕੇ ਕਿਥੇ ਚਲੇ ਗਏ ਨੇ। ਭਾਈ ਹੀ ਨਹੀਂ, ਸਾਡੇ ਪਿਤਾ ਜੀ ਵੀ
ਸਾਨੂੰ ਨਜ਼ਰ ਨਹੀਂ ਆਉਂਦੇ। ਲੱਗਦਾ ਹੈ ਕਿ ਉਹ ਵੀ ਸਾਨੂੰ ਛੱਡ ਕੇ ਕਿਥੇ ਚਲੇ ਗਏ ਨੇ।
ਫਿਰ ਮਨ ਨਾਲ ਸਮਝੌਤਾ ਵੀ ਕਰਦੇ ਨੇ ਕਿ ਸਾਡੇ ਵੀਰਾਂ ਅਤੇ ਸਿੰਘ ਸੂਰਬੀਰਾਂ
ਨੂੰ, ਜੰਗ ਦੇ ਮੈਦਾਨ ਵਿੱਚ ਯੁੱਧ ਕਲਾ ਦਿਖਾਉਣ ਦਾ ਸ਼ੌਂਕ ਹੈ ਤੇ ਉਹਨਾਂ ਨੂੰ ਮੌਕਾ ਮਿਲਿਆ ਸੀ। ਉਹ
ਉਸ ਮੌਕੇ ਨੂੰ ਸੰਭਾਲਦਿਆਂ ਹੋਇਆਂ, ਲੱਗਦਾ ਹੈ ਕਿ ਭਖੇ ਜੰਗ ਦੇ ਮੈਦਾਨ ਵਿੱਚ ਯੁੱਧ ਕਲਾ
ਦਿਖਾਉਂਦਿਆਂ ਸਾਡਾ ਚੇਤਾ ਹੀ ਭੁਲਾ ਬੈਠੇ ਹਨ। ਸਾਡੇ ਵੀਰਾਂ ਤੇ ਯੋਧਿਆਂ ਨੂੰ ਸਾਡਾ ਧਿਆਨ ਭੁੱਲ
ਗਿਆ ਹੈ।
ਉਹਨਾਂ ਨੇ ਆਪਣੇ ਵੱਡੇ ਵੀਰਾਂ ਨੂੰ ਅਨੰਦਪੁਰ ਸਾਹਿਬ ਦੀ ਧਰਤੀ `ਤੇ ਸ਼ਸਤਰ
ਵਿੱਦਿਆ ਗ੍ਰਹਿਣ ਕਰਦਿਆਂ ਅਤੇ ਯੁੱਧ ਕਰਦਿਆਂ ਦੇਖਿਆ ਸੀ ਕਿ ਉਹ ਕਿਸ ਤਰ੍ਹਾਂ ਤੀਰ ਚਲਾਉਂਦੇ ਸਨ,
ਕਿਸ ਤਰ੍ਹਾਂ ਉਹ ਤਲਵਾਰ ਚਲਾਉਂਦੇ ਸਨ। ਬਸ! ਇਸ ਯੁੱਧ ਵਿੱਚ ਉਹਨਾਂ ਨੂੰ ਸਾਡਾ ਤੇ ਆਪਣਾ ਖਿਆਲ ਹੀ
ਭੁੱਲ ਗਿਆ ਹੋਵੇਗਾ।
ਇਹ ਸੈਨਾ, ਇਹ ਤੋਪਾਂ, ਇਹ ਬੰਦੂਕਾਂ, ਇਹ ਯੁੱਧ ਕਲਾ, ਲੱਗਦਾ ਹੈ ਕਿ ਸਾਡੇ
ਵੀਰ ਸਾਹਿਬਜਾਦਾ ਅਜੀਤ ਸਿੰਘ ਅਤੇ ਸਾਹਿਬਜਾਦਾ ਜੁਝਾਰ ਸਿੰਘ ਦਾ ਧਿਆਨ ਉਧਰ ਲੱਗਾ ਹੋਵੇਗਾ, ਤਾਂ ਹੀ
ਸਾਡਾ ਉਹਨਾਂ ਨੂੰ ਖਿਆਲ ਨਹੀ ਹੈ।
ਦੇਖੋ ਆਪਣੇ ਆਪ ਨੂੰ ਆਪੇ ਹੀ ਸਵਾਲ ਕਰਦੇ ਨੇ ਤੇ ਆਪਣੇ ਆਪ ਨੂੰ ਆਪ ਹੀ
ਜਵਾਬ ਦੇ ਕੇ ਤਸੱਲੀ ਵੀ ਦਿੰਦੇ ਨੇ। ਚਾਰੇ ਭਰਾਵਾਂ ਦਾ ਆਪਸੀ ਪਿਆਰ ਕੈਸਾ ਹੈ? ਖ਼ਿਆਲ ਕਰਿਓ, ਇਹ
ਛੋਟੇ ਹੋਣ ਦਾ ਹੱਕ ਆਪਣੇ ਵੱਡੇ ਭਰਾਵਾਂ `ਤੇ ਕਿਸ ਤਰ੍ਹਾਂ ਜਤਾ ਰਹੇ ਨੇ, ਕਿੰਨੀ ਪਿਆਰੀ ਤੇ ਸੁੰਦਰ
ਸ਼ਬਦਾਵਲੀ ਨਾਲ ਜੋਗੀ ਅੱਲ੍ਹਾ ਯਾਰ ਖ਼ਾਂ ਬਿਆਨ ਕਰਦਾ ਹੈ:
ਜਬ ਰਨ ਅਜੀਤ ਜੀਤ ਕੇ ਤਸ਼ਰੀਫ ਲਾਏਂਗੇ।
ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆਏਂਗੇ।
ਤੇ ਸੋਚ ਰਹੇ ਨੇ ਕਿ ਜੰਗ ਦੇ ਮੈਦਾਨ ਵਿੱਚ ਸਾਡੇ ਯੋਧੇ ਆਪਣੇ ਕਰਤਬ ਦਿਖਾ
ਰਹੇ ਹੋਣਗੇ ਤਾਂ ਹੀ ਸਾਨੂੰ ਪਿਤਾ ਜੀ ਤੇ ਵੱਡੇ ਵੀਰ ਅਜੇ ਤੱਕ ਮਿਲੇ ਨਹੀ ਹਨ। ਤੇ ਕਹਿੰਦੇ, ਸਾਨੂੰ
ਭਰੋਸਾ ਵੀ ਹੈ ਕਿ ਜਦੋਂ ਸਾਡੇ ਵੀਰ ਜੰਗ ਜਿੱਤ ਕੇ ਆਉਣਗੇ ਤਾਂ ਅਸੀ ਪਤਾ ਕਿਸ ਤਰ੍ਹਾਂ ਦਾ ਵਿਵਹਾਰ
ਉਹਨਾਂ ਨਾਲ ਕਰਾਂਗੇ?
ਜਦੋਂ ਅੱਬਾ ਹਜ਼ੂਰ ਗੁਰੂ ਕਲਗੀਧਰ ਦੇ ਨਾਲ, ਸਾਡੇ ਵੱਡੇ ਵੀਰ ਜੰਗ ਜਿੱਤ ਕੇ
ਸਾਡੇ ਕੋਲ ਆਉਣਗੇ ਤਾਂ:
ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ।
ਮਾਤਾ ਕਭੀ, ਪਿਤਾ ਕਭੀ, ਭਾਈ ਮਨਾਏਂਗੇ।
ਅਸੀ ਉਹਨਾਂ ਨਾਲ ਝੂਠੀ-ਮੂਠੀ ਰੁੱਸ ਜਾਵਾਂਗੇ ਤੇ ਸਾਨੂੰ ਰੁੱਸੇ ਹੋਇਆਂ ਨੂੰ
ਕਦੀ ਮਾਤਾ ਜੀ ਮਨਾਉਣਗੇ, ਕਦੀ ਪਿਤਾ ਜੀ ਮਨਾਉਣਗੇ ਤੇ ਕਦੀ ਸਾਡੇ ਭਰਾ ਸਾਨੂੰ ਮਨਾਉਣ ਦਾ ਯਤਨ
ਕਰਨਗੇ।
ਹਮ ਕੋ ਗਲੇ ਲਗਾ ਕੇ ਕਹੇਂਗੇ ਵੁਹ ਬਾਰ-ਬਾਰ।
ਮਾਨ ਜਾਓ ਲੇਕਿਨ ਹਮ ਨਹੀਂ ਮਾਨੇਂਗੇ ਜ਼ੀਨਹਾਰ।
ਸਾਨੂੰ ਪਿਆਰ ਭਰੀ ਗਲਵਕੜੀ ਵਿੱਚ ਲੈ ਕੇ ਕਦੀ ਮਾਤਾ ਜੀ, ਕਦੀ ਪਿਤਾ ਜੀ,
ਕਦੀ ਵੱਡੇ ਵੀਰ ਅਜੀਤ ਸਿੰਘ ਤੇ ਕਦੀ ਜੁਝਾਰ ਸਿੰਘ ਸਾਨੂੰ ਰੁਸਿਆਂ ਨੂੰ ਮਨਾਉਣਗੇ। ਸਾਨੂੰ ਬਾਰ-ਬਾਰ
ਕਹਿਣਗੇ, ਮੰਨ ਜਾਵੋ ਤੇ ਅਸੀ ਪਤਾ ਕੀ ਕਰਾਂਗੇ?
ਉਹ ਸਾਨੂੰ ਮਨਾਉਣ ਦਾ ਯਤਨ ਕਰਨਗੇ, ਪਰ ਅਸੀ ਨਹੀ ਮੰਨਣਾ! ਕਰ ਲੈਣ ਆਪਣੇ
ਯਤਨ, ਪਹਿਲਾਂ ਸਾਨੂੰ ਇਕੱਲਿਆਂ ਨੂੰ ਛੱਡਿਆ ਕਿਉਂ ਸੀ? ਸਾਡਾ ਰੁਸਣਾ ਵੀ ਤਾਂ ਹੱਕ ਬਣਦਾ ਹੈ, ਅਸੀ
ਨਹੀ ਮੰਨਾਂਗੇ। ਇਹ ਖ਼ਿਆਲਾਤ ਛੋਟੇ ਸਾਹਿਬਜਾਦੇ ਆਪਸ ਵਿੱਚ ਸਾਂਝੇ ਕਰ ਰਹੇ ਹਨ। ਫਿਰ ਕਹਿੰਦੇ ਹਨ ਕਿ
ਆਪਾਂ ਪੱਕੇ ਥੋੜੀ ਰੁੱਸਣਾ ਏ, ਥੋੜੀ ਦੇਰ ਬਾਅਦ ਮੰਨ ਵੀ ਜਾਣਾ ਏ, ਪਰ ਮੰਨਾਂਗੇ ਇੱਕ ਸ਼ਰਤ `ਤੇ, ਉਹ
ਸ਼ਰਤ ਕਿਹੜੀ ਹੋਵੇਗੀ?
ਖ਼ਿਆਲ ਕਰਿਓ! ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਡੇ ਜੀਵਨ
ਦਾ ਕੋਈ ਹਿੱਸਾ ਨਹੀ ਛੱਡਿਆ, ਜਿਸ ਬਾਰੇ ਸਾਨੂੰ ਗੁਰੂ ਸਾਹਿਬਾਨ ਨੇ ਕੋਈ ਅਗਵਾਈ ਨਾ ਦਿੱਤੀ ਹੋਵੇ।
ਇਹ ਵੱਖਰੀ ਗੱਲ ਹੈ ਕਿ ਸਾਨੂੰ ਅਗਵਾਈ ਲੈਣੀ ਨਹੀਂ ਆਉਂਦੀ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ
ਸਰਬ-ਕਲਾ ਸਮਰੱਥ ਹੈ।
ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪਿਤਾ ਅਤੇ ਪੁੱਤਰ ਦੇ ਰਿਸ਼ਤੇ ਦੀ ਬਾਤ ਕੀਤੀ
ਹੈ ਬਾਣੀ ਅੰਦਰ। ਪੁੱਤਰ ਗ਼ਲਤੀ ਕਰਦਾ ਹੈ ਤਾਂ ਬਾਪ ਆਪਣੇ ਬਾਪ ਹੋਣ ਦੇ ਹੱਕ ਦੀ ਵਰਤੋਂ ਕਰਦਿਆਂ
ਹੋਇਆਂ ਆਪਣੇ ਪੁੱਤਰ ਨੂੰ ਝਿੜਕਦਾ ਵੀ ਹੈ ਤੇ ਮਾਰਦਾ ਵੀ ਹੈ, ਪਰ ਬਾਪ ਦੀ ਮਮਤਾ ਉਸ ਨੂੰ ਮਜਬੂਰ ਕਰ
ਦਿੰਦੀ ਹੈ, ਕੁੱਝ ਸਮੇਂ ਬਾਅਦ ਝਿੜਕਾਂ ਮਾਰ ਕੇ ਵੀ ਬਾਪ ਆਪਣੇ ਬੱਚੇ ਨੂੰ ਆਪਣੀ ਪਿਆਰ ਪਰੀ ਗਲਵਕੜੀ
ਵਿੱਚ ਲੈ ਲੈਂਦਾ ਹੈ।
ਸਤਿਗੁਰੂ ਅਰਜਨ ਦੇਵ ਜੀ ਨੇ ਬੜੇ ਸੁੰਦਰ ਬੋਲਾਂ ਵਿੱਚ ਸਾਨੂੰ ਅਗਵਾਈ ਦਿੱਤੀ
ਹੈ:
ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ।।
ਕਰਿ ਉਪਦੇਸ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ।।
(ਸੋਰਠਿ ਮਹਲਾ ੫-੬੨੪)
ਜਦੋਂ ਬੱਚਾ ਗ਼ਲਤੀਆਂ ਕਰਦਾ ਹੈ, ਮਾਰ ਖਾਂਦਾ ਹੈ, ਝਿੜਕਾਂ ਖਾਂਦਾ ਹੈ, ਪਰ
ਜਦੋਂ ਪਿਤਾ ਪਿਆਰ ਭਰੀ ਗਲਵਕੜੀ ਵਿੱਚ ਲੈ ਲੈਂਦਾ ਹੈ ਤਾਂ ਫਿਰ ਬੱਚੇ ਦਾ ਵੀ ਅੱਗੋਂ ਫ਼ਰਜ਼ ਬਣਦਾ ਹੈ।
ਬੱਚੇ ਦਾ ਫ਼ਰਜ਼ ਕੀ ਬਣਦਾ ਹੈ?
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ।।
(ਸੋਰਠਿ ਮਹਲਾ ੫- ੬੨੪)
ਹੇ ਮੇਰੇ ਪਿਤਾ ਗੁਰੂ ਜੀਓ! ਮੇਰੇ ਪਿਛਲੇ ਗੁਨਾਹਾਂ ਨੂੰ ਬਖ਼ਸ਼ ਦਿਉ ਤੇ ਅੱਗੇ
ਤੋਂ ਮੇਰਾ ਮਾਰਗ ਦਰਸ਼ਨ ਕਰ ਦਿਉ। ਖ਼ਿਆਲ ਕਰਿਉ ਕਿ ਗੁਰੂ ਗ੍ਰੰਥ ਸਾਹਿਬ ਤਾਂ ਮਾਰਗ ਦਰਸ਼ਨ ਕਰਨ ਦੇ
ਸਮਰੱਥ ਹਨ, ਪਰ ਅਸੀਂ ਗੁਰੂ ਸਾਹਿਬ ਕੋਲ ਆਪਣੇ ਗੁਨਾਹਾਂ ਨੂੰ ਮੰਨਣ ਲਈ ਤਿਆਰ ਨਹੀਂ ਹਾਂ।
ਸੋਚੋ ਕਿ ਜਿਹੜਾ ਸਿੱਖ ਗੁਰੂ ਕੋਲ ਜਾ ਕੇ ਆਪਣੇ ਗੁਨਾਹਾਂ ਨੂੰ ਨਹੀ ਮੰਨਦਾ
ਤਾਂ ਗੁਰੂ ਜੀ ਉਸ ਨੂੰ ਅਗਵਾਈ ਕਿਵੇਂ ਦੇਣਗੇ? ਇਥੇ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਸਮਝਾਉਣ
ਦਾ ਇੱਕ ਨਿਮਾਣਾ ਜਿਹਾ ਯਤਨ ਕਰਾਂ। ਧਿਆਨ ਦੇਣਾ:
ਇੱਕ ਵਾਰ ਇੱਕ ਮੁਸਾਫ਼ਰ ਤੁਰਿਆ ਜਾ ਰਿਹਾ ਸੀ। ਤੁਰਦਿਆਂ-ਤੁਰਦਿਆਂ ਇੱਕ
ਚੌਰਸਤੇ ਤੇ ਪਹੁੰਚ ਗਿਆ। ਉਹ ਐਸੀ ਜਗ੍ਹਾ ਤੇ ਪਹੁੰਚ ਗਿਆ ਜਿੱਥੋਂ ਉਸਨੂੰ ਪਤਾ ਨਹੀ ਸੀ ਲੱਗ ਰਿਹਾ
ਕਿ ਉਹ ਕਿਹੜੇ ਪਾਸੇ ਨੂੰ ਜਾਵੇ? ਇੱਕ ਬਜ਼ੁਰਗ ਬਾਬਾ ਉਸ ਦੀ ਨਜ਼ਰੀ ਪਿਆ। ਉਹ ਉਸ ਬਜ਼ੁਰਗ ਨੂੰ ਪੁੱਛਣ
ਲੱਗਾ- “ਬਾਬਾ ਜੀ ਆਹ ਸੜਕ ਕਿੱਧਰ ਨੂੰ ਜਾਂਦੀ ਹੈ? “ ਅੱਗੋਂ ਬਜ਼ੁਰਗ ਨੇ ਜਵਾਬ ਦਿੱਤਾ “ਬੇਟਾ!
ਇਹ ਸੜਕ ਕਿਧਰੇ ਵੀ ਨਹੀ ਜਾਂਦੀ। “ਮੁਸਾਫ਼ਰ ਕਹਿਣ ਲੱਗਾ- “ਬਾਬਾ ਜੀ ਕੈਸੀਆਂ ਅਣਭੋਲ ਗੱਲਾਂ
ਪਏ ਕਰਦੇ ਹੋ ਕਿ ਇਹ ਸੜਕ ਕਿਧਰੇ ਵੀ ਨਹੀ ਜਾਂਦੀ ਐਸਾ ਕਿਵੇਂ ਹੋ ਸਕਦਾ ਹੈ। ਹਰ ਕੋਈ ਕਹਿੰਦਾ ਹੈ
ਕਿ ਇਹ ਸੜਕ ਅੰਮ੍ਰਿਤਸਰ ਨੂੰ ਜਾਂਦੀ ਹੈ, ਆਹ ਸੜਕ ਦਿੱਲੀ ਨੂੰ ਜਾਂਦੀ ਹੈ, ਆਹ ਸੜਕ …. । ਪਰ ਤੁਸੀ
ਤਾਂ ਆਹ ਵੀ ਨਵੀਂ ਗਲ ਕਰ ਦਿੱਤੀ ਹੈ ਕਿ ਇਹ ਸੜਕ ਕਿਧਰੇ ਵੀ ਨਹੀ ਜਾਂਦੀ, ਇਹ ਗਲ ਤੁਸੀ ਕਿਵੇ ਕਹਿ
ਰਹੇ ਹੋ? “ ਬਜ਼ੁਰਗ ਕਹਿਣ ਲੱਗਾ “ਪੁੱਤਰ! ਮੈ ਠੀਕ ਕਹਿ ਰਿਹਾ ਹਾਂ, ਆਹ ਜਿਹੜਾ ਪੱਥਰ ਸੜਕ
ਵਿੱਚ ਲੱਗਾ ਹੋਇਆ ਹੈ, ਮੈਨੂੰ 10 ਸਾਲ ਹੋ ਗਏ ਨੇ ਵੇਖਦਿਆਂ, ਪਰ ਇਹ ਇਥੇ ਦਾ ਇਥੇ ਹੀ ਪਿਆ ਹੈ, ਇਸ
ਲਈ ਇਹ ਸੜਕ ਕਿਧਰੇ ਵੀ ਨਹੀ ਜਾਂਦੀ। ਪਰ ਹਾਂ! ਇਸ ਸੜਕ ਤੇ ਚਲਣ ਵਾਲੇ ਜਰੂਰ ਕਿਧਰੇ ਨਾ ਕਿਧਰੇ
ਪਹੁੰਚ ਜਾਂਦੇ ਹਨ। “
ਖਿਆਲ ਕਰਿਓ! ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਕਿਧਰੇ ਨਹੀ ਜਾਂਦੇ, ਪਰ ਹਾਂ!
ਇਸ ਬਾਣੀ ਨੂੰ ਪੜ੍ਹ ਕੇ, ਬਾਣੀ ਦੇ ਉਪਦੇਸ਼ `ਤੇ ਚਲ ਕੇ, ਜੀਵਨ ਬਾਣੀ ਅਨੁਸਾਰ ਬਣਾ ਕੇ ਪ੍ਰਮੇਸ਼ਰ ਦੇ
ਪਿਆਰੇ ਜਰੂਰ ਸੱਚੇ ਘਰ ਵਿੱਚ ਪਹੁੰਚ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਸਾਡੇ ਤੋਂ ਪਹਿਲਾਂ ਵੀ
ਮੌਜੂਦ ਸਨ, ਗੁਰੂ ਗ੍ਰੰਥ ਸਾਹਿਬ ਹੁਣ ਵੀ ਮੌਜੂਦ ਨੇ, ਕੱਲ ਨੂੰ ਅਸੀ ਨਹੀ ਹੋਵਾਂਗੇ, ਪਰ ਗੁਰੂ
ਗ੍ਰੰਥ ਸਾਹਿਬ ਫਿਰ ਵੀ ਮੌਜੂਦ ਰਹਿਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਧਰੇ ਨਹੀ
ਜਾਣਾ, ਪਰ ਬਾਣੀ ਅਨੁਸਾਰ ਚਲਣ ਵਾਲੇ ਜਰੂਰ ਆਪਣੇ ਮੁਕਾਮ, ਪੱਕੇ ਟਿਕਾਣੇ ਤੇ ਪਹੁੰਚ ਜਾਣਗੇ।
ਪਰ ਅਫ਼ਸੋਸ ਕਿ ਅਸੀਂ ਬਾਣੀ ਪੜ੍ਹਦੇ-ਸੁਣਦੇ ਜਰੂਰ ਹਾਂ, ਪਰ ਗੁਰੂ ਸਾਹਿਬ ਦੀ
ਬਾਣੀ ਅਨੁਸਾਰ ਚਲਣ ਲਈ ਤਿਆਰ ਨਹੀ ਹਾਂ। ਅਸੀਂ ਚਲਦੇ ਹਾਂ ਲੋਕਾਂ ਦੇ ਮਾਰਗ ਤੇ, ਅਸੀਂ ਚਲਦੇ ਹਾਂ
ਸਮਾਜ ਦੇ ਮਾਰਗ ਤੇ, ਅਸੀਂ ਚਲਦੇ ਹਾਂ ਰਿਸ਼ਤੇਦਾਰੀ ਦੇ ਮਾਰਗ ਤੇ, ਅਸੀਂ ਚਲਦੇ ਹਾਂ ਦੁਨਿਆਵੀ
ਸਜੱਣਤਾਈ ਦੇ ਮਾਰਗ ਤੇ, ਪਰ ਅਸੀਂ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚਲਣ ਲਈ ਤਿਆਰ ਨਹੀ ਹਾਂ।
ਜਿਸ ਦਿਨ ਅਸੀਂ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚਲਣ ਲਈ ਤਿਆਰ ਹੋ ਗਏ, ਉਸ
ਗੁਰੂ ਸਾਹਿਬ ਨੇ ਆਪ ਸਾਡੇ ਹਮ-ਸਫਰ ਬਣ ਕੇ ਸਾਨੂੰ ਮੰਜ਼ਿਲ ਤਕ ਲੈ ਜਾਣਾ ਹੈ, ਜਿਸ ਮੰਜਿਲ ਦੇ ਦਰਸ਼ਨਾ
ਲਈ ਦੁਨੀਆਂ ਦੇ ਲੋਕ ਤਰਸਦੇ ਹੋਏ ਹੀ ਇਥੋਂ ਤਕ ਜਾਂਦੇ ਹਨ। ਗੁਰੂ ਦੇ ਮਾਰਗ ਦੀ ਮੰਜ਼ਿਲ ਪ੍ਰਮੇਸ਼ਰ ਦੇ
ਘਰ ਨਾਲ ਜੁੜੀ ਹੋਈ ਹੈ। ਪਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਇਸ ਮਾਰਗ ਤੇ ਤੁਰਦੇ ਨਹੀ। ਜਿਹੜੇ ਗੁਰੂ
ਮਾਰਗ ਤੇ ਤੁਰਦੇ ਨੇ, ਉਹਨਾਂ ਦੇ ਜੀਵਨ ਦਾ ਇਤਿਹਾਸ ਹੀ ਸਰਹੰਦ ਦੀਆਂ ਦੀਵਾਰਾਂ ਦੇ ਇਤਿਹਾਸ ਵਾਂਗ
ਸਾਹਮਣੇ ਆਉਂਦਾ ਹੈ।
ਇਧਰ ਜੋਗੀ ਅੱਲ੍ਹਾ ਯਾਰ ਖ਼ਾਂ ਦੀ ਕਲਮ ਸਾਹਿਬਜਾਦਿਆਂ ਦੀ ਭਾਵਨਾ ਨੂੰ ਬਿਆਨ
ਕਰਦੀ ਹੋਈ ਦੱਸਦੀ ਹੈ ਕਿ ਸਾਹਿਬਜਾਦੇ ਆਪਸ ਵਿੱਚ ਸਲਾਹ ਕਰ ਰਹੇ ਹਨ ਕਿ ਅਸੀਂ ਮੰਨਾਂਗੇ ਜਰੂਰ, ਪਰ
ਕੁੱਝ ਵਾਅਦਾ ਲੈ ਕੇ:
ਇਕਰਾਰ ਲੇਂਗੇ ਸਭ ਸੇ ਭੁਲਾਨਾ ਨਾ ਫਿਰ ਕਭੀ।
ਬਾਰਿ-ਦਿਗਰ ਬਿਛੜ ਕੇ ਸਤਾਨਾ ਨਾ ਫਿਰ ਕਭੀ।
ਹਮ ਕੋ ਅਕੇਲੇ ਛੋੜ ਕੇ ਜਾਨਾ ਨਾ ਫਿਰ ਕਭੀ।
ਕਹਿ ਦੇਤੇ ਹੈਂ ਯੋ ਹਮ ਕੋ ਰੁਲਾਨਾ ਨਾ ਫਿਰ ਕਭੀ
ਕਹਿੰਦੇ ਆਪਾਂ ਪਿਤਾ ਜੀ ਕੋਲੋਂ ਵਾਅਦਾ ਲਵਾਂਗੇ ਤੇ ਮਾਤਾ ਜੀ ਕੋਲੋਂ ਵੀ
ਵਾਅਦਾ ਲਵਾਂਗੇ, ਵਾਅਦਾ ਲਵਾਂਗੇ ਆਪਣੇ ਵੱਡੇ ਵੀਰਾਂ ਕੋਲੋਂ ਵੀ ਤੇ ਸਿੰਘ ਸੂਰਬੀਰਾਂ ਕੋਲੋਂ ਵੀ ਕਿ
ਸਾਨੂੰ ਦੁਬਾਰਾ ਇਸ ਤਰ੍ਹਾਂ ਇਕੱਲੇ ਛੱਡ ਕੇ ਨਾ ਜਾਇਓ, ਜੇ ਸਾਡੇ ਨਾਲ ਵਾਅਦਾ ਕਰਦੇ ਹੋ ਤਾਂ ਅਸੀਂ
ਮੰਨਾਂਗੇ।। ਅਸੀਂ ਰੋਣ ਵਾਲੀ ਸੂਰਤ ਬਣਾ ਕੇ ਰੁੱਸ ਜਾਵਾਂਗੇ ਤੇ ਫਿਰ ਦੇਖਾਂਗੇ ਕਿ ਸਾਡੇ ਵੱਡੇ ਵੀਰ
ਕੀ ਕਰਦੇ ਨੇ?
ਇਹ ਬਾਲਪਨ ਦੀਆਂ ਬਾਤਾਂ ਨੇ, ਫਿਰ ਕਹਿੰਦੇ ਜਦੋਂ ਸਾਨੂੰ ਵੀਰ ਮਨਾਉਂਣਗੇ
ਤਾਂ ਅਸੀਂ ਮੰਨ ਜਾਵਾਂਗੇ ਤੇ ਮੁਸਕਰਾ ਦੇਵਾਂਗੇ ਤੇ ਹੱਸ ਕੇ ਆਖਾਂਗੇ, ਬਿਲਕੁਲ ਠੀਕ, ਜੇ ਤੁਸੀਂ
ਵਾਅਦਾ ਕਰ ਲਿਆ ਤਾਂ ਹੁਣ ਅਸੀਂ ਵੀ ਮੰਨ ਗਏ ਹਾਂ।
ਇਹ ਸਭ ਅਸੀਂ ਛੋਟੇ-ਛੋਟੇ ਬੱਚਿਆਂ ਵਿੱਚ ਆਮ ਦੇਖਿਆ ਹੋਵੇਗਾ। ਇਹ ਬਾਤਾਂ,
ਤੋਤਲੀਆਂ-ਤੋਤਲੀਆਂ ਅਵਾਜ਼ਾਂ ਨੂੰ ਦਾਦੀ ਮਾਂ ਸੁਣੀ ਜਾ ਰਹੀ ਹੈ। ਜ਼ਿਕਰ ਹੈ:
ਬੱਚੇ ਕੀ ਗੁਫਤਗੂ ਜੋ ਸੁਨੀ ਦਾਦੀ ਜ਼ਾਨ ਨੇ।
ਬੇ-ਇਖਿਤਿਯਾਰ ਰੋ ਦੀਯਾ ਇਸ ਵਾਲਾ-ਸ਼ਾਨ ਨੇ।
ਇਹ ਭੋਲੀਆਂ ਸੂਰਤਾਂ ਦੀਆ ਭੋਲੀਆਂ ਬਾਤਾਂ ਨੂੰ ਸੁਣ ਕੇ ਉਹ ਉੱਚੀ ਸ਼ਾਨ ਵਾਲੀ
ਦਾਦੀ ਮਾਂ ਗੁਜਰੀ ਵੈਰਾਗ ਵਿੱਚ ਆ ਗਈ ਅਤੇ ਅੱਖਾਂ ਭਰ ਲਈਆਂ। ਪਿਆਰ ਵਿੱਚ ਭਿੱਜੀ ਹੋਈ ਦਾਦੀ ਮਾਂ
ਦੀਆ ਅੱਖਾਂ ਵਿਚੋਂ ਛਮ-ਛਮ ਨੀਰ ਵਹਿਣ ਲੱਗ ਪਿਆ ਕਿਉਂਕਿ ਬੱਚਿਆਂ ਦੀਆਂ ਭਾਵਨਾਵਾਂ ਅਤੇ ਪਿਆਰ
ਭਰੀਆਂ ਗੱਲਾਂ ਸੁਣ ਕੇ ਦਾਦੀ ਮਾਂ ਗੁਜਰੀ ਦਾ ਸੇਜਲ ਹੋਣਾ ਸੁਭਾਵਿਕ ਸੀ।
ਹੁਣ ਇਹ ਦਾਦੀ ਮਾਂ ਦੇ ਮਨ ਦੇ ਕੈਸੇ ਵਲਵਲੇ ਨੇ? ਇਹ ਜੋਗੀ ਅੱਲ੍ਹਾ ਯਾਰ
ਖ਼ਾਂ ਬਿਆਨ ਕਰਨ ਲੱਗਾ ਹੈ। ਕਹਿੰਦਾ ਹੈ:
ਕਹਤੀ ਥੀ ਜੀ ਮੇਂ ਲੇ ਕੇ ਇਨ੍ਹੇ ਕਿਸ ਤਰਫ਼ ਕੋ ਜਾਊਂ।
ਬੇਟੇ ਕੋ ਔਰ ਬਹੂਓਂ ਕੋ ਯਾ ਰੱਬ ਮੈਂ ਕੈਸੇ ਪਾਊਂ।
ਕਿਉਕਿ ਹੁਣ ਦਾਦੀ ਮਾਂ ਦੇ ਕੋਲ ਹੁਣ ਕੋਈ ਹੁਣ ਹੋਰ ਦੁਨਿਆਵੀ ਆਸਰਾ ਨਹੀ
ਹੈ। ਨਾ ਸੂਰਬੀਰ ਸਿਪਾਹੀ ਨੇ, ਨਾ ਪੁੱਤਰ ਹੈ, ਨਾ ਵੱਡੇ ਸਾਹਿਬਜਾਦੇ ਨੇ, ਕੋਈ ਵੀ ਦਾਦੀ ਮਾਂ ਦੇ
ਕੋਲ ਨਹੀ ਹੈ, ਸਿਵਾਏ ਇਹ ਦੋ ਛੋਟੇ ਸਾਹਿਬਜਾਦਿਆਂ ਦੇ।
ਦਾਦੀ ਮਾਂ ਦੇ ਮਨ ਵਿੱਚ ਤੌਖਲਾ ਹੈ ਕਿ ਮੈ ਆਪਣੇ ਬੇਟੇ ਅਤੇ ਆਪਣੀਆਂ ਬਹੂਆਂ
ਨੂੰ ਕਿਵੇਂ ਲੱਭਾਂ? ਹੇ ਮੇਰੇ ਅਕਾਲ ਪੁਰਖ, ਮੇਰੇ ਰੱਬ! ਮੈਂ ਉਹਨਾਂ ਨੂੰ ਕਿਵੇ ਲੱਭਾਂ?
ਲਖ਼ਤਿ-ਜਿਗਰ ਕੇ ਲਾਲ ਯਿਹ ਦੋਨੋਂ ਕਹਾਂ ਛੁਪਾਊਂ।
ਤੁਰਕੋਂ ਸੇ, ਰਾਜਪੂਤੋ ਸੇ, ਕਿਉਂ ਕਰ ਇਨ੍ਹੇ ਬਚਾਊਂ।
ਦਾਦੀ
ਮਾਂ ਸੋਚ ਰਹੀ ਹੈ ਕਿ ਮੈਂ ਇਹਨਾਂ ਲਾਲਾਂ ਨੂੰ ਕਿੱਥੇ
ਲੁਕਾਵਾਂ? ਇਹਨਾਂ ਲਾਲਾਂ ਨੂੰ ਲੱਭਣ ਲਈ ਉਹ ਤੁਰਕ ਤੇ ਰਾਜਪੂਤ ਫੌਜਾਂ, ਉਹ ਮੁਗ਼ਲ ਜਰਨੈਲਾਂ ਦੀਆ
ਫੌਜਾਂ ਸ਼ਿਕਾਰ ਕਰਨ ਲਈ ਭੱਜੀਆ ਫਿਰਦੀਆਂ ਨੇ, ਮੈ ਇਹਨਾਂ ਨੂੰ ਕਿਥੇ ਛੁਪਾ ਲਵਾਂ?
ਦੇਖਿਓ, ਇਹ ਬਾਤ ਜਿਵੇਂ-ਜਿਵੇਂ ਅੱਗੇ ਤੁਰਦੀ ਜਾਵੇਗੀ, ਦਾਦੀ ਮਾਂ ਗੁਜਰੀ
ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦੀ ਜਾਵੇਗੀ। ਦਾਸ ਨੂੰ ਲੱਗਦਾ ਹੈ ਕਿ ਦਾਦੀ ਮਾਂ ਗੁਜਰੀ ਆਪਣੇ ਫਰਜਾਂ
ਦੀ ਪੂਰਤੀ ਉਸੇ ਤਰ੍ਹਾਂ ਕਰੇਗੀ ਜਿਵੇਂ ਉਦਾਹਰਨ ਦੇ ਤੌਰ `ਤੇ ਅਸੀਂ ਮੁਰਗੀ ਨੂੰ ਦੇਖ ਲਈਏ, ਉਹ
ਆਪਣੇ ਬੱਚਿਆਂ ਨੂੰ ਦਾਣਾ ਵੀ ਚੁਗਾਉਂਦੀ ਹੈ, ਪਰ ਉਸਨੂੰ ਕਿਸੇ ਵੀ ਖ਼ਤਰੇ ਦਾ ਅਹਿਸਾਸ ਹੁੰਦਾ ਹੈ
ਤਾਂ ਉਹ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਛੁਪਾ ਲੈਂਦੀ ਹੈ। ਆਪਣੇ ਖੰਭਾਂ ਹੇਠ ਛੁਪਾ ਕੇ ਉਹ
ਆਪਣੇ ਬੱਚਿਆਂ ਦੀ ਬਾਹਰੀ ਹੋਂਦ ਨੂੰ ਖ਼ਤਮ ਕਰ ਦੇਂਦੀ ਹੈ, ਪਰ ਖ਼ਿਆਲ ਕਰਿਓ ਉਹ ਮੁਰਗੀ ਆਪਣੀ ਜਾਨ ਦੀ
ਪਰਵਾਹ ਨਾ ਕਰਦੀ ਹੋਈ ਆਪਣੇ ਬੱਚਿਆਂ ਦੀ ਹਿਫ਼ਾਜਤ ਕਰਦੀ ਹੈ।
ਦਾਦੀ ਮਾਂ ਗੁਜਰੀ ਨੇ ਵੀ ਉਸੇ ਤਰ੍ਹਾਂ ਹੀ ਆਪਣੇ ਪੋਤਿਆਂ ਦੀ ਹਿਫ਼ਾਜਤ ਲਈ
ਆਪਣੇ ਫ਼ਰਜ਼ਾਂ ਦੀ ਪੂਰਤੀ ਕਰਨੀ ਹੈ। ਦਾਦੀ ਮਾਂ ਕਹਿ ਰਹੀ ਹੈ:
ਲਖ਼ਤਿ-ਜਿਗਰ ਕੇ ਲਾਲ ਯਿਹ ਦੋਨੋਂ ਕਹਾਂ ਛੁਪਾਊਂ।
ਤੁਰਕੋਂ ਸੇ, ਰਾਜਪੂਤੋ ਸੇ, ਕਿਉਂ ਕਰ ਇਨ੍ਹੇ ਬਚਾਊਂ।
ਬਿਪਤਾ ਜੀਅਫ਼ਯੋ ਮੇਂ ਯਿਹ ਕਯਾ ਮੁਝ ਪਰ ਪੜ ਗਈ।
ਥੀ ਕੌਨ ਸੀ ਘੜੀ ਮੈਂ ਪਿਸਰ ਸੇ ਬਿਛੜ ਗਈ।
ਇਤਿਹਾਸਕਾਰਾਂ ਨੇ ਛੋਟੇ ਲਾਲਾਂ ਦੀ ਉਮਰ ਕ੍ਰਮਵਾਰ ਲਗਭਗ 8 ਸਾਲ ਅਤੇ 6 ਸਾਲ
ਲਿਖੀ ਹੈ। ਇੱਕ ਪਾਸੇ ਦਾਦੀ ਮਾਂ ਇਹਨਾਂ ਲਾਲਾਂ ਦੀ ਉਮਰ ਵੱਲ ਤੱਕਦੀ ਹੈ, ਦੂਸਰੇ ਪਾਸੇ ਆਪਣੀ ਉਮਰ
ਵਲ ਤੱਕਦੀ ਹੈ। ਹੁਣ ਕਿੰਨਾ ਫਰਕ ਹੈ ਉਹਨਾਂ ਦੀ ਉਮਰ ਵਿਚ। ਦਾਦੀ ਮਾਂ ਆਪਣੀ ਉਮਰ ਦੇ ਅਖਰੀਲੇ ਪੜਾਅ
ਵਿੱਚ ਪਹੁੰਚ ਚੁੱਕੀ ਹੈ, ਜਦ ਕਿ ਬੱਚੇ ਆਪਣੀ ਉਮਰ ਦੇ ਪਹਿਲੇ ਪੜਾਅ ਵਿੱਚ ਹਨ। ਜਿਵੇਂ ਮੈਂ ਪਹਿਲਾਂ
ਗੱਲ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖ ਦੇ ਹਰ ਪੜਾਅ ਨੂੰ ਅਗਵਾਈ ਦਿੰਦੀ ਹੈ, ਪਰ
ਇਹ ਸਾਡੀ ਬਦ-ਕਿਸਮਤੀ ਹੈ ਕਿ ਅਸੀਂ ਅਗਵਾਈ ਲੈਣ ਨੂੰ ਤਿਆਰ ਨਹੀ ਹਾਂ।
ਗੁਰੂ ਨਾਨਕ ਸਾਹਿਬ ਨੇ ਮਨੁੱਖਾ ਜੀਵਨ ਨੂੰ 10 ਹਿੱਸਿਆਂ ਵਿੱਚ ਵੰਡ ਕੇ
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ? ਇਹ ਵੀ ਦੇਖਣਾ ਕਿ ਇਹਨਾਂ 10 ਹਿੱਸਿਆਂ ਵਿਚੋਂ ਕੋਈ
ਹਿੱਸਾ ਪ੍ਰਮੇਸ਼ਰ ਦੀ ਯਾਦ ਵਾਲਾ ਹੈ ਕਿ ਨਹੀਂ? ਗੁਰੂ ਸਾਹਿਬ ਆਪਣੀ ਬਾਣੀ ਰਾਹੀਂ ਸਾਨੂੰ ਦਸ ਰਹੇ ਹਨ
ਕਿ ਮਨੁੱਖ ਦਾ 10 ਹਿੱਸਿਆਂ ਦੇ ਜੀਵਨ ਵਿੱਚ ਵੀ ਪਿਆਰ ਕਿਥੇ-ਕਿਥੇ ਲਗਾ ਹੋਇਆ ਹੈ। ਗੁਰੂ ਸਾਹਿਬ
ਫੁਰਮਾਨ ਕਰਦੇ ਹਨ:
ਪਹਿਲੈ ਪਿਆਰਿ ਲਗਾ ਥਣ ਦੁਧਿ।। ਦੂਜੇ ਮਾਇ ਬਾਪ ਕੀ ਸੁਧਿ।।
ਤੀਜੈ ਭਯਾ ਭਾਭੀ ਬੇਬ।। ਚਉਬੈ ਪਿਆਰਿ ਉਪੰਨੀ ਖੇਡ।।
ਪੰਜਵੇ ਖਾਣ ਪੀਅਣ ਕੀ ਧਾਤੁ।। ਛਿਵੈ ਕਾਮੁ ਨ ਪੁਛੈ ਜਾਤਿ।।
ਸਤਵੈ ਸੰਜਿ ਕੀਆ ਘਰ ਵਾਸੁ।। ਅਠਵੈ ਕ+ਧੁ ਹੋਆ ਤਨ ਨਾਸੁ।।
ਨਾਵੈ ਧਉਲੇ ਉਭੇ ਸਾਹ।। ਦਸਵੈ ਤਧਾ ਹੋਆ ਸੁਆਹ।।
(ਮਹਲਾ ੧-੧੩੭)
ਗੁਰੂ ਸਾਹਿਬ ਕਹਿੰਦੇ ਹਨ ਕਿ ਜੀਵਨ ਦਾ ਨੌਵਾਂ ਹਿੱਸਾ ਆ ਗਿਆ, ਧਉਲੇ ਆ ਗਏ,
ਸਾਹ ਵੀ ਹੁਣ ਪੂਰੀ ਤਰ੍ਹਾਂ ਨਾਲ ਰੈਗੂਲਰ ਨਹੀ ਚੱਲਦਾ ਤੇ ਫਿਰ ਇਸ ਅਵਸਥਾ ਤੋਂ ਅੱਗੇ ਤਾਂ ਅੰਤ ਹੀ
ਹੈ।
ਜਿਵੇਂ ਬਾਬਾ ਫ਼ਰੀਦ ਸਾਹਿਬ ਨੇ ਲਿਖਿਆ ਹੈ:
ਬੁਢਾ ਹੋਆ ਸ਼ੇਖ ਫ਼ਰੀਦ ਕੰਬਣਿ ਲਗੀ ਦੇਹ।।
ਜੇ ਸਉ ਵਰਿਆ ਜੀਵਣਾ ਭੀ ਤਨੁ ਹੋਸੀ ਖੇਹ।।
(ਸਲੋਕ ਸ਼ੇਖ ਫਰੀਦ ਕੇ -੧੩੮੦)
ਇਸ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਦੇ ਵਸ ਵਿੱਚ ਕੁੱਝ ਵੀ ਨਹੀ ਰਹਿ
ਜਾਂਦਾ।
ਇਕ ਕਵੀ ਦੀਆਂ ਮੈਂ ਆਪ ਦੇ ਸਾਹਮਣੇ ਇਸ ਪ੍ਰਥਾਏ ਦੋ ਲਾਈਨਾਂ ਰੱਖਾਂ। ਉਹ
ਕਹਿੰਦਾ ਹੈ:
ਪੁੱਤਾਂ ਘਰ ਸੰਭਾਲੇ ਰਾਮ, ਨੂੰਹਾਂ ਜਿੰਦਰੇ ਮਾਰੇ ਰਾਮ।
ਧੰਨ ਬੁੱਢੜੀ ਦਾ ਜਿਗਰਾ, ਬੁੱਢੜੀ ਅਜੇ ਵੀ ਨਾ ਜਪਦੀ, ਹਰਿ ਕਾ ਨਾਮ।
ਇਹ ਹੈ ਸਾਡੇ ਘਰਾਂ ਦਾ ਸੱਚ, ਸਾਡੀ ਜਿੰਦਗੀ ਦੀ ਹਾਲਤ ਦਾ ਸੱਚ।
ਮਨੁੱਖ ਜੀਵਨ ਦੀ ਹਾਲਤ ਗੁਰੂ ਨਾਨਕ ਸਾਹਿਬ ਜੀ ਨੇ ਦਸ ਹਿੱਸਿਆਂ ਵਿੱਚ ਵੰਡ
ਕੇ ਬਿਆਨ ਕੀਤੀ ਹੈ।
ਪਹਿਲੈ ਪਿਆਰਿ … … … … … … …. . ।।
… …. ਦਸਵੈ ਦਧਾ ਹੋਆ ਸੁਆਹ।।
ਫਿਰ ਕਹਿੰਦੇ ਹਨ:
ਗਏ ਸਿਗੀਤ ਪੁਕਾਰੀ ਧਾਹ।। ਉਡਿਆ ਹੰਸੁ ਦਸਾਏ ਰਾਹ।।
ਆਇਆ ਗਇਆ ਮੁਇਆ ਨਾਉ।। ਪਿਛੈ ਪਤਲਿ ਸਦਿਹੁ ਕਾਵ।।
(ਮਹਲਾ ੧-੧੩੮)
ਹੁਣ ਬਾਬਾ ਨਾਨਕ ਜੀ ਨੂੰ ਪੁੱਛੀਏ ਕਿ ਆਪ ਨੇ ਮਨੁੱਖ ਦੀਆਂ 10 ਹਾਲਾਤਾਂ ਦਾ
ਵਰਨਣ ਕਰ ਦਿੱਤਾ ਹੈ, ਪਰ ਇਨਸਾਨ ਦੇ ਜੀਵਨ ਵਿੱਚ ਰੱਬ ਤਾਂ ਕਿਧਰੇ ਲੱਭਾ ਨਹੀ। ਰੱਬ ਕਿਉਂ ਨਹੀ
ਲੱਭਾ? ਕੀ ਕਾਰਨ ਹੈ ਇਨਸਾਨ ਦੇ ਜੀਵਨ ਨੂੰ ਅਗਵਾਈ ਕਿਉਂ ਲਈ ਮਿਲੀ? ਬਾਬਾ ਜੀ ਇਹ ਆਪ ਜੀ ਦੇ ਦੱਸੇ
ਹੋਏ ਮਾਰਗ `ਤੇ ਕਿਉਂ ਨਹੀ ਤੁਰਿਆ? ਤਾਂ ਬਾਬਾ ਜੀ ਨੇ ਅਗਲੀਆਂ ਦੋ ਪੰਗਤੀਆ ਵਿੱਚ ਇਸ ਗੱਲ ਦਾ ਉੱਤਰ
ਵੀ ਬੜੇ ਤਸੱਲੀਬਖ਼ਸ਼ ਤਰੀਕੇ ਨਾਲ ਦਿੱਤਾ:
ਨਾਨਕ ਮਨਮੁਖਿ ਅੰਧੁ ਪਿਆਰੁ।। ਬਾਝੁ ਗੁਰੂ ਡੁਬਾ ਸੰਸਾਰੁ।।
(ਮਹਲਾ ੧-੧੩੮)
ਕਿ ਮਨੁੱਖ ਗੁਰੂ ਦੀ ਮੱਤ ਦਾ ਧਾਰਨੀ ਨਹੀ ਬਣਿਆ ਤੇ ਨਾ ਹੀ ਇਹ ਗੁਰੂ ਵਾਲਾ
ਬਣਿਆ ਹੈ। ਇਹੀ ਕਾਰਨ ਹੈ ਕਿ ਇਸ ਦੇ ਜੀਵਨ ਵਿੱਚ ਰੱਬ ਦੀ ਹੋਂਦ ਨਹੀਂ ਹੈ।
ਇੱਕ ਵਿਅਕਤੀ ਕਿਸੇ ਮਹਾਤਮਾ ਕੋਲ ਗਿਆ ਤੇ ਪੁੱਛਣ ਲੱਗਾ ਕਿ ਰੱਬ ਕਿਥੇ ਹੈ?
ਹੁਣ ਮਹਾਤਮਾ ਦਾ ਉਸ ਨੂੰ ਸਮਝਾਉਣ ਦਾ ਤਰੀਕਾ ਬੜਾ ਹੀ ਸੰਤੋਸ਼ਜਨਕ ਹੈ। ਉਹ ਮਹਾਤਮਾ ਕਹਿਣ ਲੱਗੇ “ਭਲਿਆ
ਪੁਰਸ਼ਾ! ਤੂੰ ਇਸ ਤਰ੍ਹਾਂ ਕਰ, ਆਹ ਕਾਗ਼ਜ਼ ਪੈਨ ਫੜ ਤੇ ਇਸ ਉੱਪਰ ਉਸ ਦਾ ਨਾਮ ਲਿਖ, ਜਿਸ ਨੂੰ ਆਪਣਾ
ਸਭ ਤੋਂ ਨਜ਼ਦੀਕ ਮੰਨਦਾ ਏਂ, ਫਿਰ ਤੂੰ ਇਸ ਦੇ ਦੁਆਲੇ ਇੱਕ ਸਰਕਲ ਬਣਾ ਦੇ। “ਉਸ ਭਲੇ ਪੁਰਸ਼ ਨੇ
ਇਸੇ ਤਰ੍ਹਾਂ ਹੀ ਕੀਤਾ, ਆਪਣੇ ਇੱਕ ਨਜ਼ਦੀਕੀ ਦਾ ਨਾਮ ਲਿਖਿਆ ਤੇ ਫਿਰ ਉਸ ਨਾਮ ਦੇ ਦੁਆਲੇ ਇੱਕ ਸਰਕਲ
ਬਣਾ ਦਿੱਤਾ। ਫਿਰ ਮਹਾਤਮਾ ਨੇ ਕਿਹਾ “ਹੁਣ ਇਸ ਸਰਕਲ ਦੇ ਬਾਹਰਵਾਰ ਆਪਣੇ ਦੋ ਨਜ਼ਦੀਕੀਆਂ ਦੇ ਨਾਮ
ਲਿਖ ਅਤੇ ਫਿਰ ਉਸ ਦੇ ਆਲੇ ਦੁਆਲੇ ਹੋਰ ਸਰਕਲ ਬਣਾ ਦੇ। “ ਭਲੇ ਪੁਰਸ਼ ਨੇ ਇਸੇ ਤਰ੍ਹਾਂ ਹੀ
ਕੀਤਾ।
ਮਹਾਤਮਾ ਨੇ ਫਿਰ ਉਸ ਦੂਸਰੇ ਸਰਕਲ ਦੇ ਬਾਹਰਵਰ ਕਿਸੇ ਚਾਰ ਨਸ਼ਦੀਕੀਆਂ ਦੇ
ਨਾਮ ਲਿਖ ਕੇ ਫਿਰ ਬਾਹਰਵਾਰ ਹੋਰ ਸਰਕਲ ਬਨਾਉਣ ਲਈ ਕਿਹਾ। ਭਲੇ ਪੁਰਸ਼ ਨੇ ਫਿਰ ਮਹਾਤਮਾ ਦੀ ਗੱਲ ਮੰਨ
ਕੇ ਉਹ ਕਿਰਿਆ ਕੀਤੀ। ਹੁਣ ਜਦ ਇਹ ਕਿਰਿਆ ਪੂਰੀ ਹੋ ਗਈ ਤਾਂ ਪਰਮਾਤਮਾ ਨੇ ਭਲੇ ਪੁਰਸ਼ ਤੋਂ ਪੁੱਛਿਆ
“ਭਾਈ ਤੂੰ ਕਿਸ ਕਿਸ ਦੇ ਨਾਮ ਲਿਖੇ ਹਨ, ਜ਼ਰਾ ਪੜ੍ਹ ਕੇ ਸੁਣਾ। “ਭਲੇ ਪੁਰਸ਼ ਨੇ ਪੜ੍ਹ ਕੇ
ਦੱਸਿਆ ਕਿ ਮੈਂ ਆਪਣੇ ਪੁੱਤਰਾਂ ਦਾ, ਧੀਆਂ ਦਾ, ਪਤਨੀ ਦਾ, ਮਾਤਾ- ਪਿਤਾ ਦਾ ਅਤੇ ਆਪਣੇ ਭਰਾਵਾਂ ਦੇ
ਨਾਮ ਲਿਖੇ ਹਨ। ਮਹਾਤਮਾ ਹੱਸ ਪਏ ਤੇ ਕਹਿਣ ਲੱਗੇ “ਭਲਿਆ! ਦੱਸ ਰੱਬ ਦਾ ਨਾਮ ਕਿਥੇ ਹੈ? ਰੱਬ
ਤੇਰੇ ਜੀਵਨ ਵਿੱਚ ਕਿਥੇ ਹੈ? ਰੱਬ ਨੂੰ ਤਾਂ ਤੂੰ ਆਪਣਾ ਬਣਾਇਆ ਹੀ ਨਹੀ, ਉਸ ਦਾ ਨਾਮ ਤਾਂ ਤੇਰੇ
ਕਾਗ਼ਜ਼ `ਤੇ ਕਿਧਰੇ ਵੀ ਨਹੀਂ ਲਿਖਿਆ ਗਿਆ। “
ਸਭੁ ਕਿਛੁ ਅਪਨਾ ਇਕੁ ਰਾਮ ਪਰਾਇਆ।।
(ਪ੍ਰਭਾਤੀ ਮਹਲਾ ੧-੧੩੪੨)
ਸਾਡੀ ਹਾਲਤ ਇਹ ਹੈ। ਅਸੀਂ ਕਹਿੰਦੇ ਤਾਂ ਹਾਂ ਕਿ ਰੱਬ ਨੂੰ ਮਿਲਣਾ ਹੈ। ਮੈਂ
ਬੇਨਤੀ ਕਰਾਂ ਕਿ ਅਸੀਂ ਵੀ ਉਸ ਭਲੇ ਪੁਰਸ਼ ਵਾਂਗ ਕਾਗ਼ਜ਼ `ਤੇ ਸਰਕਲ ਬਣਾ ਕੇ ਆਪਣੇ ਨਜਦੀਕੀਆਂ ਦੇ ਨਾਮ
ਲਿਖ ਕੇ ਵੇਖੀਏ ਤਾਂ ਰੱਬ ਦਾ ਨਾਮ ਸਾਡੇ ਸਰਕਲ ਵਿੱਚ ਨਹੀ ਆਵੇਗਾ। ਅਸੀ ਰੱਬ ਨੂੰ ਮਿਲਣਾ ਤਾਂ
ਲੋਚਦੇ ਹਾਂ, ਪਰ ਕੀ ਅਸੀ ਰੱਬ ਦੇ ਨੇੜੇ ਜਾ ਰਹੇ ਹਾਂ?
ਸਭ ਰਿਸ਼ਤੇਦਾਰ ਨਜ਼ਦੀਕੀ ਹਨ, ਸਬੰਧੀ ਸਾਡੇ ਨਜ਼ਦੀਕੀ ਹਨ, ਸਾਡਾ ਪਰਿਵਾਰ ਸਾਡੇ
ਨਜ਼ਦੀਕ ਹੈ। ਪਰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਇਹਨਾਂ ਰਿਸ਼ਤੇਦਾਰੀਆਂ, ਨਜ਼ਦੀਕੀਆਂ ਬਾਰੇ ਬਹੁਤ ਹੀ
ਬਰੀਕੀ ਨਾਲ ਸਮਝਾਉਂਦੇ ਹਨ:
ਸੁਖ ਮੈ ਆਨਿ ਬਹੁਤ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ।।
ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ।।
(ਸੋਰਠਿ ਮਹਲਾ ੯-੬੩੪)
ਇਹ ਨਜ਼ਦੀਕੀਆਂ ਕਦੋਂ ਤੱਕ ਰਹਿਣਗੀਆਂ, ਜ਼ਰਾ ਸੋਚਿਓ!
ਜੇਕਰ ਹੋਰ ਅਗਵਾਈ ਲੈਣੀ ਹੋਵੇ ਤਾਂ ਗੁਰੂ ਰਾਮਦਾਸ ਜੀ ਕੋਲੋਂ ਲੈ ਲਓ। ਗੁਰੂ
ਸਾਹਿਬ ਆਪਣੀ ਬਾਣੀ ਦੁਆਰਾ ਫੁਰਮਾਨ ਕਰ ਰਹੇ ਨੇ ਕਿ ਜਿਨ੍ਹਾਂ ਤੂੰ ਆਪਣਾ-ਆਪਣਾ ਕਹਿੰਦਾ ਫਿਰਦਾ ਹੈ
ਨਾ, ਇਹਨਾਂ ਆਪਣਿਆਂ ਦੇ ਸਬੰਧ ਪਤਾ ਕਿਸ ਤਰਾਂ ਦੇ ਨੇ? ਇਹ ਸਭ ਸਬੰਧੀ, ਰਿਸ਼ਤੇਦਾਰ ਆਪਣੇ-ਆਪਣੇ
ਸੁਆਰਥ ਦੀ ਪੂਰਤੀ ਲਈ ਹੀ ਤੇਰੇ ਤਕ ਸੀਮਤ ਨੇ, ਜਿਸ ਦਿਨ ਇਹਨਾਂ ਦੇ ਸੁਆਰਥ ਦੀ ਪੂਰਤੀ ਤੇਰੇ ਪਾਸੋਂ
ਨਹੀ ਹੋਵੇਗੀ ਤਾਂ ਇਹ ਸਬੰਧ ਵੀ ਖ਼ਤਮ ਹੋ ਜਾਣਗੇ। ਗੁਰੂ ਸਾਹਿਬ ਫ਼ੁਰਮਾਣ ਕਰਦੇ ਹਨ:
ਜੋ
ਸੰਸਾਰੇ ਕੇ ਕੁਟੰਬ ਮਿਤ੍ਰ ਭਾਈ ਦੀਸਹਿ ਮਨ ਮੇਰੇ ਤੇ ਸਭਿ
ਅਪਨੈ ਸੁਆਇ ਮਿਲਾਸਾ।।
ਜਿਤੁ ਦਿਨਿ ਉਨ੍ਰ ਕਾ ਸੁਆਉ ਹੋਇ ਨ ਆਵੈ ਤਿਤੁ ਦਿਨਿ ਨੇੜੈ ਕੋ ਨ ਢੁਕਾਸਾ।।
(ਗੋਂਡ ਮਹਲਾ ੪-੮੬੦)
ਇਹ ਗੁਰੂ ਰਾਮਦਾਸ ਜੀ ਕਹਿ ਰਹੇ ਹਨ। ਫਿਰ ਅਸੀਂ ਇਸ ਅਟੱਲ ਸਚਾਈ ਤੋਂ ਕਿਵੇਂ
ਮੁਨਕਰ ਹੋ ਸਕਦੇ ਹਾਂ? ਇਹ ਵੱਖਰੀ ਗੱਲ ਹੈ ਕਿ ਅਸੀਂ ਗੁਰੂ ਸਾਹਿਬ ਦੀ ਬਾਣੀ ਨੂੰ ਪੜ੍ਹ ਸੁਣ ਕੇ
ਸਮਝੇ ਨਹੀ ਜਾਂ ਫਿਰ ਜਾਣ ਬੁੱਝ ਕੇ ਬਾਣੀ ਦੀ ਸਚਾਈ ਨੂੰ ਆਪਣੇ ਜੀਵਨ ਵਿੱਚ ਧਾਰਨ ਨਹੀਂ ਕਰਨਾ
ਚਾਹੁੰਦੇ। ਤਾਂ ਫਿਰ ਭਗਤ ਕਬੀਰ ਜੀ ਨੂੰ ਕਹਿਣਾ ਪਿਆ:
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ।।
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ।।
(ਸਲੋਕ ਭਗਤ ਕਬੀਰ ਜੀਉ ਕੇ-੧੩੭੨)
ਕਬੀਰ ਸਾਹਿਬ ਕਹਿੰਦੇ ਹਨ ਕਿ ਐ ਸਿੱਖੋ! ਕਸੂਰ ਸਤਿਗੁਰੂ ਦਾ ਨਹੀ ਹੈ, ਕਸੂਰ
ਸਾਡਾ ਹੈ। ਜ਼ਰਾ ਆਪਣੇ ਅੰਦਰ ਝਾਤੀ ਮਾਰ, ਤੂੰ ਗੁਰੂ ਦੀ ਗੱਲ ਇੱਕ ਕੰਨ ਤੋਂ ਸੁਣਦਾ ਏਂ ਤੇ ਦੂਸਰੇ
ਕੰਨ ਦੇ ਰਾਹੀਂ ਕੱਢ ਦੇਂਦਾ ਏਂ। ਤੇਰੀ ਹਾਲਤ ਤਾਂ ਅੰਦਰੋਂ ਪੋਲੇ ਬਾਂਸ ਵਰਗੀ ਹੈ, ਜਿਸ ਦੇ ਇੱਕ
ਪਾਸਿਓਂ ਫੂਕ ਮਾਰਏ ਤੇ ਦੂਸਰੇ ਪਾਸੇ ਤੋਂ ਬਾਹਰ ਨਿਕਲ ਜਾਂਦੀ ਹੈ।
ਦਾਸ ਦੇ ਇੱਕ ਮਿੱਤਰ ਹਨ। ਉਹ ਅਕਸਰ ਵਿਅੰਗਾਤਮਕ ਰੂਪ ਵਿੱਚ ਇਹ ਗੱਲ ਕਹਿੰਦੇ
ਹਨ ਕਿ ਜਦੋਂ ਸਿੱਖ ਨੇ ਗੁਰਦੁਆਰਾ ਸਾਹਿਬ ਆਉਣਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਆਪਣੇ ਇੱਕ ਕੰਨ
ਵਿੱਚ ਰੂੰ ਦੇ ਕੇ ਆਵੇ ਤਾਂ ਕਿ ਜੋ ਵੀ ਉਪਦੇਸ਼ ਗੁਰੂ ਦਾ ਸੁਣੇ, ਕਿਧਰੇ ਦੂਸਰੇ ਕੰਨ ਰਾਹੀਂ ਬਾਹਰ
ਨਾ ਨਿਕਲ ਸਕੇ। ਗੱਲ ਤਾਂ ਸਮਝਣ ਦੀ ਹੈ ਜੋ ਸਾਡੀ ਸੋਚ `ਤੇ ਨਿਰਭਰ ਕਰਦੀ ਹੈ।
ਮੈਂ ਬੇਨਤੀ ਕਰ ਰਿਹਾ ਸਾਂ ਕਿ ਦਾਦੀ ਮਾਂ ਗੁਜਰੀ ਕਹਿ ਰਹੀ ਹੈ ਕਿ ਇਸ
ਬੁਢੇਪੇ ਵਿੱਚ ਮੇਰੇ `ਤੇ ਇਹ ਜਿੰਮੇਵਾਰੀ ਆ ਗਈ ਹੈ।
ਲਖ਼ਤਿ ਜਿਗਰ ਕੇ ਲਾਲ
ਯਿਹ ਦੋਨੋ ਕਹਾਂ ਛੁਪਾਉਂ।
ਤੁਰਕੋ ਸੇ, ਰਾਜਪੂਤੋਂ ਸੇ ਕਿਉਂ ਕਰ ਇੰਨ੍ਹੇ ਬਚਾਊਂ।
ਬਿਪਤਾ ਜ਼ੀਅਫ਼ਯੋਂ ਮੇ ਯਿਹ ਕਯਾ ਮੁਝ ਪਰ ਪੜ ਗਈ।
ਥੀ ਕੌਨ ਸੀ ਘੜੀ ਮੈਂ ਪਿਸਰ ਸੇ ਬਿਛੜ ਗਈ।
ਉਹ ਕਿਹੜੀ ਮਾੜੀ ਘੜੀ ਸੀ, ਜਿਸ ਸਮੇਂ ਮੈਂ ਆਪਣੇ ਬੇਟੇ ਗੁਰੂ ਕਲਗੀਧਰ
ਨਾਲੋਂ ਵਿਛੜ ਗਈ। ਦੇਖੋ! ਇਹ ਮਾਂ ਦੀ ਮਮਤਾ ਬੋਲ ਰਹੀ ਹੈ। ਪਰ ਖ਼ਿਆਲ ਕਰਿਓ! ਕਿ ਸਾਡੇ ਆਪਣੇ ਘਰਾਂ
ਵਿੱਚ ਮਮਤਾ ਕਿਥੇ ਚਲੀ ਜਾਂਦੀ ਹੈ। ਇਥੇ ਮੈਂ ਛੋਟੀ ਜਿਹੀ ਗਾਥਾ ਕਹਿਣੀ ਚਾਹੁੰਦਾ ਹਾਂ: ਇੱਕ ਘਰ ਦੇ
ਅੰਦਰ ਮਾਂ ਬੁਢੀ ਹੋ ਗਈ। ਪੁੱਤਰ ਨੂੰ ਅਕਾਲ ਪੁਰਖ ਨੇ ਮਾਇਆ ਬਹੁਤ ਜਿਆਦਾ ਦੇ ਦਿੱਤੀ ਤੇ ਪੁੱਤਰ ਨੇ
ਬਹੁਤ ਵਧੀਆ ਕੋਠੀ ਵੀ ਬਣਾ ਲਈ। ਹੁਣ ਪੁੱਤਰ ਨੂੰ ਲੱਗਦਾ ਹੈ ਕਿ ਮੇਰੀ ਇਸ ਕੋਠੀ ਦੇ ਅੰਦਰ, ਮੇਰੇ
ਵਧੀਆ ਬਣਾਏ ਹੋਏ ਬੈਡਰੂਮਾਂ ਦੇ ਅੰਦਰ ਇਹ ਬੁੱਢੀ ਮਾਂ ਚੰਗੀ ਨਹੀਂ ਲੱਗਦੀ, ਹਰ ਵੇਲੇ ਖੰਘਦੀ
ਰਹਿੰਦੀ ਹੈ, ਇਹ ਮੇਰੀ ਵਧੀਆ ਕੋਠੀ ਵਿੱਚ ਚੰਗੀ ਨਹੀ ਲੱਗਦੀ, ਮੇਰੀ ਸ਼ਾਨੋ ਸ਼ੌਕਤ ਵਿੱਚ ਫ਼ਰਕ ਪੈਂਦਾ
ਹੈ। ਪੁੱਤਰ ਨੇ ਬਾਹਰ ਵਾਲੇ ਗੇਟ ਦੇ ਕੋਲ ਇੱਕ ਕਮਰਾ ਬਣਾ ਦਿੱਤਾ। ਮਾਤਾ ਦਾ ਮੰਜਾ-ਬਿਸਤਰਾ,
ਖਾਣ-ਪੀਣ, ਰਹਿਣ-ਸਹਿਣ ਆਦਿ ਦਾ ਸਾਰਾ ਇੰਤਜਾਮ ਉਥੇ ਹੀ ਕਰ ਦਿੱਤਾ ਕਿਉਂਕਿ ਮਾਂ ਕੋਠੀ ਦੇ ਸ਼ਿੰਗਾਰ
ਵਿੱਚ ਵਿਘਨ ਲੱਗਦੀ ਹੈ। ਇੱਕ ਦਿਨ ਹੋਇਆ ਕਿ ਪੁੱਤਰ ਦਾ ਆਪਣਾ ਪਰਿਵਾਰ ਖਾਣਾ ਖਾਣ ਲਈ ਡਾਇਨਿੰਗ
ਟੇਬਲ ਤੇ ਬੈਠਾ ਤੇ ਤਾਂ ਘਰ ਵਿਚੋਂ ਛੋਟੇ ਬੱਚੇ ਨੇ ਦਾਦੀ ਮਾਂ ਦਾ ਮਿੱਟੀ ਦਾ ਕਟੋਰਾ ਲਿਆ ਕੇ
ਡਾਇਨਿੰਗ ਟੇਬਲ ਤੇ ਰੱਖ ਦਿੱਤਾ। ਜਦੋਂ ਪਿਤਾ ਨੇ ਇਹ ਦੇਖਿਆ ਤਾਂ ਬੱਚੇ ਨੂੰ ਕਹਿਣ ਲੱਗਾ “ਬੇਟਾ,
ਇਹ ਕਟੋਰਾ ਦਾਦੀ ਮਾਂ ਦਾ ਹੈ ਉਸ ਨੂੰ ਵਾਪਸ ਕਰ ਕੇ ਆਉ। “ ਪਰ ਬੱਚੇ ਨੇ ਜਿੱਦ ਕੀਤੀ “ਮੈਂ
ਵਾਪਸ ਨਹੀ ਦੇਣਾ, ਮੈ ਇਹ ਇਥੇ ਹੀ ਰੱਖਣਾ ਹੈ। “ਘਰ ਦਾ ਮਾਲਕ ਪਿਤਾ ਸਮਝਾ ਰਿਹਾ ਹੈ “ਬੇਟਾ
ਇਸ ਨਾਲ ਡਾਇੰਨਿੰਗ ਟੇਬਲ ਦੀ ਸ਼ੋਭਾ ਨਹੀ ਬਣਦੀ, ਮੈਂ ਤੈਨੂੰ ਵਧੀਆ ਕਰਾਕਰੀ ਹੋਰ ਲਿਆ ਕੇ ਦਿਆਂਗਾ,
“ ਪਰ ਬੱਚਾ ਮਿਟੀ ਦਾ ਕਟੋਰਾ ਛੱਡਣ ਲਈ ਤਿਆਰ ਨਹੀਂ ਤੇ ਬਾਪ ਖੋਹਣਾ ਚਾਹੁੰਦਾ ਹੈ। ਇਸੇ ਤਰਾਂ
ਜਿੱਦ ਵਿੱਚ ਕਟੋਰਾ ਫਰਸ਼ ਤੇ ਡਿੱਗਾ ਅਤੇ ਟੁੱਟ ਗਿਆ। ਬੱਚਾ ਜ਼ਾਰ-ਜ਼ਾਰ ਰੋਣ ਲੱਗ ਪਿਆ। ਬਾਪ ਕਹਿੰਦਾ
“ਤੂੰ ਇਸ ਮਿੱਟੀ ਦੇ ਕਟੋਰੇ ਪਿੱਛੇ ਰੋ ਰਿਹਾ ਏਂ, ਮੈਂ ਤੈਨੂੰ ਚਾਂਦੀ ਦਾ, ਸੋਨੇ ਦਾ ਕਟੋਰਾ
ਲਿਆ ਦਿਆਂਗਾ, ਤੂੰ ਰੋ ਨਾ, ਚੁੱਪ ਕਰ ਜਾ। ਤੂੰ ਇਸ 5-10 ਰੁਪਏ ਦੇ ਮਿੱਟੀ ਦੇ ਕਟੋਰੇ ਦਾ ਕੀ ਕਰਨਾ
ਹੈ? “ ਬੱਚਾ ਜਵਾਬ ਦਿੰਦਾ ਹੈ “ਨਹੀ ਡੈਡੀ! ਮੈਂ ਇਹ ਕਟੋਰਾ ਤੁਹਾਡੇ ਲਈ ਸਾਂਭ ਕੇ ਰੱਖਣਾ
ਸੀ, ਜਦੋਂ ਤੁਸੀਂ ਬੁੱਢੇ ਹੋ ਜਾਉਗੇ ਮੈਂ ਤੁਹਾਨੂੰ ਰੋਟੀ ਪਾਣੀ ਕਿਸ ਵਿੱਚ ਦੇਵਾਂਗਾ”।
ਖ਼ਿਆਲ ਕਰਿਓ! ਜੇਕਰ ਅਸੀਂ ਆਪਣੇ ਘਰਾਂ ਵਿੱਚ ਬਜੁਰਗਾਂ ਦਾ ਮਾਣ ਸਤਿਕਾਰ ਨਹੀ
ਕਰਦੇ ਤਾਂ ਇਹ ਸਭ ਸਾਡੇ ਬੱਚੇ ਵੇਖ ਰਹੇ ਨੇ, ਅਸੀਂ ਵੀ ਆਪਣੇ ਹਸ਼ਰ ਨੂੰ ਮਹਿਸੂਸ ਕਰ ਲਈਏ ਤਾਂ ਹੀ
ਸਤਿਗੁਰੂ ਸਾਨੂੰ ਕਹਿ ਰਹੇ ਹਨ:
ਕਾਹੇ ਪੂਤ ਝਗਰਤ ਹਉ ਸੰਗਿ ਬਾਪ।।
ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ।।
(ਸਾਰਗ ਮਹਲਾ ੪-੧੨੦੦)
ਮੈਂ ਹੈਰਾਨ ਹੁੰਦਾ ਹਾਂ ਕਿ ਕਈ ਕੱਟੜਵਾਦੀ ਸਿੱਖ ਅਖਣਾਉਣ ਵਾਲੇ ਧਰਮ ਦੀ
ਦੁਨੀਆਂ ਦੇ ਨਾਮ ਉਤੇ ਆਪਣੇ ਹੀ ਬਜ਼ੁਰਗਾਂ ਨਾਲ ਈਰਖਾ ਕਰੀ ਜਾਂਦੇ ਨੇ। ਮੈਂ ਬੇਨਤੀ ਕਰਾਂ ਗੁਰੂ
ਬਾਅਦ ਵਿੱਚ ਹੈ ਪਹਿਲਾ ਮਾਂ-ਬਾਪ। ਜੇਕਰ ਭਾਈ ਗੁਰਦਾਸ ਜੀ ਨੂੰ ਪੁੱਛੀਏ ਤਾਂ ਉਹ ਕਹਿੰਦੇ ਹਨ ਕਿ
ਕੋਈ ਮਨੁੱਖ ਜਿੰਨਾਂ ਮਰਜ਼ੀ ਧਰਮੀ ਹੋਣ ਦਾ ਦਾਅਵੇਦਾਰ ਬਣਦਾ ਫਿਰੇ, ਬਹੁਤ ਵੱਡਾ ਤੀਰਥ ਇਸ਼ਨਾਨੀ, ਬੜਾ
ਵੱਡਾ ਦਾਨੀ ਬਣਦਾ ਫਿਰੇ ਆਪਣੇ ਆਪ ਵਿਚ। ਭਾਈ ਸਾਹਿਬ ਲਿਖਦੇ ਹਨ:
ਮਾਂ ਪਿਉ ਪਰਹਰਿ ਕਰੈ ਦਾਨ ਬੇਈਮਾਨ ਅਗਿਆਨ ਪਰਾਣੀ।।
ਗੁਰ ਪਰਮੇਸ਼ਰੁ ਸਾਰੁ ਨ ਜਾਣੀ।। (ਵਾਰ ੩੭, ਪਉੜੀ ੧੩)
ਮੈਂ ਨਹੀਂ ਕਹਿ ਰਿਹਾ ਇਹ ਭਾਈ ਗੁਰਦਾਸ ਜੀ ਕਹਿ ਰਹੇ ਹਨ ਕਿ ਜੋ ਮਾਂ-ਪਿਉ
ਨੂੰ ਛੱਡ ਕੇ ਬਹੁਤ ਵੱਡਾ ਧਰਮੀ ਹੋਣ ਦਾ ਦਾਅਵਾ ਕਰਦਾ ਫਿਰੇ, ਉਹ ਸਭ ਤੋਂ ਵੱਡਾ ਬੇਈਮਾਨ ਮਨੁੱਖ
ਹੈ, ਜੋ ਮਾਂ-ਬਾਪ ਪ੍ਰਤੀ ਆਪਣੇ ਫ਼ਰਜਾਂ ਨੂੰ ਭੁੱਲ ਕੇ ਹੋਰ ਫੋਕੇ ਕਰਮਕਾਂਡਾਂ ਦਾ ਦਿਖਾਵਾ ਕਰਦਾ
ਹੈ। ਜ਼ਰਾ ਆਪਣੇ ਅੰਦਰ ਝਾਤੀ ਮਾਰੀਏ। ਠੀਕ ਸਮਾਜ ਉਸਰਦਾ ਹੀ ਉਸ ਸਮੇ ਹੈ, ਜਦੋਂ ਸੁਚੱਜੇ ਸਮਾਜ ਦੀ
ਉਸਾਰੀ ਆਪਣੇ ਆਪ ਤੋਂ ਆਰੰਭ ਕਰੀਏ। ਨਿੱਜੀ ਜੀਵਨ ਤੋਂ ਬਾਅਦ, ਪਰਿਵਾਰਕ ਜੀਵਨ, ਫਿਰ ਸਮੁੱਚਾ ਸਮਾਜ
ਅਤੇ ਆਪਣੇ ਫ਼ਰਜਾਂ ਪ੍ਰਤੀ ਦ੍ਰਿੜਤਾ। ਕਿਧਰੇ ਆਪਾਂ ਵੀ ਸਮੁੱਚੇ ਸਮਾਜ ਦੀ ਉਸਾਰੀ ਕਰ ਸਕੀਏ। ਭਗਤ
ਰਵਿਦਾਸ ਜੀ ਦਾ ਦਰਸਾਇਆ ਉਹ ਸਮਾਜ ਜੋ ਬਾਣੀ ਵਿੱਚ ਬਖ਼ਸ਼ਿਸ਼ ਕਰਦੇ ਹਨ:
ਬੇਗਮ ਪੁਰਾ ਸਹਰ ਕੋ ਨਾਉ।। ਦੂਖੁ ਅੰਦੋਹੁ ਨਹੀ ਤਿਹੀ ਠਾਉ।।
(ਗਉੜੀ ਰਵਿਦਾਸ ਜੀ-੩੪੫)
ਰਲ ਮਿਲ ਕੇ ਉਹ ਸਮਾਜ ਉਸਾਰੀਏ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ
ਕੋਲੋਂ ਚਾਹੁੰਦੀ ਹੈ। ਜਿਸ ਦੇ ਵਸਨੀਕਾਂ ਦੇ ਜੀਵਨ ਦੀ ਗੱਲ ਗੁਰੂ ਤੇਗ਼ ਬਹਾਦਰ ਜੀ ਕਰਦੇ ਹਨ-
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ।।
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ।।
(ਸੋਰਠਿ ਮਹਲਾ ੯-੬੩੩)
ਮੱਤ ਕਿਧਰੇ ਸੋਚਿਓ! ਕਿ ਕੋਈ ਬਾਹਰੋਂ ਆ ਕੇ ਸੁੱਚਜਾ ਸਮਾਜ ਉਸਾਰੇਗਾ, ਨਹੀ!
ਇਹ ਅਸੀਂ ਉਸਾਰਨਾ ਹੈ, ਇਹ ਜਿੰਮੇਵਾਰੀ ਸਾਡੀ ਹੈ। ਸਤਿਗੁਰੂ ਜੀ ਨੇ ਇਹ ਜਿੰਮੇਵਾਰੀ ਸਾਡੀ ਲਾਈ ਹੈ,
ਜੇਕਰ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਕਹਿੰਦੇ ਹਾਂ, ਜਿੰਨਾਂ ਨੂੰ ਅਸੀਂ ਗੁਰੂ ਸਾਹਿਬ ਆਖਦੇ
ਹਾਂ, ਉਹ ਗੁਰੂ ਜੀ ਸਾਡੇ ਕੋਲੋਂ ਮੰਗ ਕਰਦੇ ਹਨ-ਸਿੱਖਾ! ਕੇਵਲ ਮੱਥੇ ਹੀ ਨਾ ਟੇਕੀ ਜਾ, ਗੁਰੂ ਦੀ
ਮੱਤ ਵੀ ਲੈ।
ਖ਼ੈਰ! ਮੈਂ ਬੇਨਤੀ ਕਰ ਰਿਹਾ ਸੀ ਕਿ ਮਾਤਾ ਗੁਜਰੀ ਜੀ ਕਹਿ ਰਹੇ ਹਨ ਕਿ:
ਬੱਚੋ ਕਾ ਸਾਥ ਰਾਹ ਕਠਨ ਸਰ ਪਿ ਸ਼ਾਮ ਹੈ।
ਸੁੰਨਸਾਨ ਦਸ਼ਤ ਚਾਰਸ ਹੂ ਕਾ ਮੁਕਾਮ ਹੈ।
ਮਾਂ ਗੁਜਰੀ ਕਹਿੰਦੀ ਹੈ ਕਿ ਛੋਟੇ-ਛੋਟੇ ਬੱਚੇ ਮੇਰੇ ਨਾਲ ਹਨ, ਉਪਰੋਂ ਸ਼ਾਮ
ਦਾ ਸਮਾਂ ਹੈ ਤੇ ਸੂਰਜ ਵੀ ਡੁੱਬ ਰਿਹਾ ਹੈ। ਇਹ ਕਿਹੜੀ ਸ਼ਾਮ ਦਾ ਸਮਾਂ ਹੈ? 6 ਅਤੇ 7 ਪੋਹ ਦੀ ਰਾਤ
ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਿਆ ਹੈ ਅਤੇ 7 ਪੋਹ ਦੀ ਸਵੇਰ ਨੂੰ
ਆਸਾ ਕੀ ਵਾਰ ਦਾ ਦੀਵਾਨ ਸਰਸਾ ਨਦੀ ਦੇ ਕੰਢੇ ਤੇ ਲਗਾਇਆ। ਜੰਗ ਦਾ ਮੈਦਾਨ ਭੱਖਿਆ, ਫਿਰ ਸਰਸਾ ਨਦੀ
ਨੂੰ ਪਾਰ ਕੀਤਾ। ਸਰਸਾ ਨਦੀ ਨੂੰ ਪਾਰ ਕਰਨ ਤੋਂ ਬਾਅਦ, ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ।
ਹੁਣ 7 ਪੋਹ ਨੂੰ ਸ਼ਾਮ ਦਾ ਸਮਾਂ ਹੋ ਗਿਆ ਹੈ। ਸਵੇਰ ਤੋਂ ਹੀ ਦਾਦੀ ਮਾਂ ਲਾਲਾਂ ਨੂੰ ਛੁਪਾਉਂਦੀ
ਹੋਈ, ਸਾਰਾ ਦਿਨ ਹੀ ਤੁਰੀ ਫਿਰਦੀ ਰਹੀ, ਪਰ ਹੁਣ ਸ਼ਾਮ ਦਾ ਸਮਾਂ ਹੋ ਗਿਆ ਹੈ। ਕਿੱਥੇ ਅੰਮ੍ਰਿਤ
ਵੇਲੇ ਤੋਂ ਸ਼ਾਮ ਹੋ ਗਈ, ਬੱਚਿਆਂ ਨੂੰ ਬਚਾਉਂਦੀ-ਬਚਾਉਂਦੀ ਦਾਦੀ ਮਾਂ ਨੇ ਕਿੰਨੀ ਖੇਚਲ ਕੀਤੀ
ਹੋਵੇਗੀ?
ਦਾਦੀ ਮਾਂ ਨੂੰ ਡਰ
ਕਿੰਨਾਂ-ਕਿੰਨਾਂ ਗੱਲਾਂ ਦਾ ਖਾ ਰਿਹਾ ਹੈ? ਇੱਕ ਤਾਂ ਜੰਗਲੀ ਰਸਤਾ, ਉਪਰੋਂ ਸਾਥ ਵੀ ਨਹੀ ਕੋਈ, ਸ਼ਾਮ
ਵੀ ਪੈ ਗਈ ਹੈ। ਹੁਣ ਦਾਦੀ ਮਾਂ ਆਪਣੇ ਵਲ ਝਾਤੀ ਮਾਰਦੀ ਹੈ ਤਾਂ ਬੁਢੇਪਾ ਦਿਖਾਈ ਦਿੰਦਾ ਹੈ ਤੇ
ਜਦੋਂ ਬੱਚਿਆ ਵਲ ਝਾਤੀ ਮਾਰਦੀ ਹੈ ਤਾਂ ਬਾਲਪਨ ਦਿਖਾਈ ਦਿੰਦਾ ਹੈ। ਜਿਨ੍ਹਾਂ ਦਾ ਕੋਈ ਆਪਸ ਵਿੱਚ
ਮੇਲ ਨਹੀਂ ਹੈ।
ਮੈਂ ਇੱਕ ਹੋਰ ਬੇਨਤੀ ਕਰਾਂ! ਇਸ ਨਾਲੋ ਵੀ ਜਿਹੜੀ ਔਖੀ ਗੱਲ ਹੈ ਕਿ ਇਹ ਜੋ
ਠੰਢ ਹੈ ਨਾ ਠੰਢ, ਇਹ ਦੋ ਸਟੇਜਾਂ ਤੇ ਜਿਆਦਾ ਤੰਗ ਕਰਦੀ ਹੈ ਮਨੁੱਖੀ ਸਰੀਰ ਨੂੰ। ਇੱਕ ਬਾਲਪਨ ਨੂੰ
ਤੇ ਦੂਸਰਾ ਬੁਢੇਪੇ ਨੂੰ, ਤੇ ਏਥੇ ਇਹ ਦੋਵੇ ਹੀ ਸਟੇਜਾਂ ਵਾਲੇ ਨੇ, ਬਜ਼ੁਰਗ ਵੀ ਤੇ ਬਾਲਪਨ ਵੀ।
ਉਪਰੋਂ ਸ਼ਾਮ ਨੂੰ ਸੂਰਜ ਡੁੱਬਣ ਦਾ ਸੰਕੇਤ ਦੇ ਰਿਹਾ ਹੈ। ਜੰਗਲੀ ਰਸਤਾ ਅਤੇ ਕੋਲ ਕੋਈ ਕਪੜਾ ਵੀ ਨਹੀ
ਹੈ, ਜਿਨ੍ਹਾ ਨਾਲ ਦਾਦੀ ਮਾਂ ਆਪਣੇ ਜਿਗਰ ਦੇ ਟੋਟਿਆਂ ਨੰ ਢੱਕ ਸਕੇ, ਆਪਣੇ ਲਾਲਾਂ ਨੂੰ ਠੰਢ ਤੋਂ
ਬਚਾਅ ਸਕੇ। ਕਹਿੰਦੇ ਹਨ:
ਹੋਤਾ ਕਹਾਂ ਪਰ ਦੇਖੀਏ ਸ਼ਬ ਕੋ ਕਯਾਮ ਹੈ।
ਖ਼ਾਦਿਮ ਹੈ ਔਰ ਕੋਈ ਨਾ ਹਮਰਾਹ ਗ਼ੁਲਾਮ ਹੈ।
ਦਾਦੀ ਮਾਂ ਹੁਣ ਸੋਚਦੀ ਹੈ ਕਿ ਪਤਾ ਨਹੀ ਰਾਤ ਕਟੱਣ ਨੂੰ ਜਗਾ ਕਿਥੇ
ਮਿਲੇਗੀ।
ਇਤਿਹਾਸਕਾਰ ਲਿਖਦੇ ਹਨ ਕਿ ਹੁਣ ਦਾਦੀ ਮਾਂ ਆਪਣੇ ਦੋ ਸਾਹਿਬਜਾਦਿਆਂ ਨੂੰ ਲਈ
ਜਾ ਰਹੀ ਹੈ। ਹੁਣ ਚਲਦਿਆਂ-ਚਲਦਿਆਂ ਉਹ 7 ਪੋਹ ਦੀ ਸ਼ਾਮ ਨੂੰ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ
ਪਹੁੰਚੇ। ਕੁੰਮੇ ਮਾਸ਼ਕੀ ਨੇ ਮਾਤਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ “ਮਾਤਾ ਜੀ, ਤੁਸੀ ਅੱਜ
ਦੀ ਰਾਤ ਬੱਚਿਆਂ ਦੇ ਨਾਲ ਮੇਰੀ ਝੁੱਗੀ ਵਿੱਚ ਵਿਸ਼ਰਾਮ ਕਰ ਲਉ। “ ਇਤਿਹਾਸ ਵਿੱਚ ਉਸ ਕੁੰਮੇ
ਮਾਸ਼ਕੀ ਦੀ ਘਰ ਵਾਲੀ ਦਾ ਨਾਮ ‘ਲਛਮੀ` ਲਿਖਿਆ ਹੈ। ਉਸ ਲਛਮੀ ਨੇ ਆਪਣੀ ਝੁੱਗੀ ਵਿੱਚ ਜੋ ਵੀ ਰੁੱਖਾ
ਸੁੱਖਾ ਖਾਣ ਲਈ ਸੀ, ਉਹ ਦਾਦੀ ਮਾਂ ਤੇ ਬੱਚਿਆਂ ਨੂੰ ਖਾਣ ਲਈ ਦਿੱਤਾ। ਕੁੰਮੇ ਮਾਸ਼ਕੀ ਦੀ ਝੁੱਗੀ
ਵਿੱਚ ਮਾਤਾ ਜੀ ਅਤੇ ਬੱਚਿਆਂ ਨੇ 7-8 ਪੋਹ ਵਾਲੀ ਰਾਤ ਕੱਟੀ। ਇਥੋਂ ਗੁਰੂ ਕਲਗੀਧਰ ਪਾਤਸ਼ਾਹ ਦੀ ਇੱਕ
ਛੋਟੀ ਜਿਹੀ ਇਤਿਹਾਸਕ ਗੱਲ ਯਾਦ ਆਈ, ਆਪ ਜੀ ਨਾਲ ਸਾਂਝੀ ਕਰਾਂ:
ਇੱਕ ਵਾਰ ਗੁਰੂ ਕਲਗੀਧਰ ਪਾਤਸ਼ਾਹ ਜੀ ਸਿੰਘ ਸੂਰਬੀਰਾਂ ਦੇ ਨਾਲ
ਚਲਦਿਆਂ-ਚਲਦਿਆਂ ਕਾਫੀ ਲੇਟ ਪਿੰਡ ਸੋਹਰਾਮ ਵਿਖੇ ਪਹੁੰਚੇ। ਸਤਿਗੁਰੂ ਜੀ ਨੇ ਸੰਦੇਸ਼ਾ ਭੇਜਿਆ ਕਿ
ਰਾਤ ਪਿੰਡ ਸੋਹਰਾਮ ਵਿਖੇ ਗੁਜਾਰਨੀ ਹੈ। ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸਿੰਘ ਸੂਰਬੀਰਾਂ ਨਾਲ
ਇਸ ਪਿੰਡ ਸੋਹਰਾਮ ਵਿਖੇ ਪੜਾਓ ਕੀਤਾ ਤੇ ਪੁੱਛਿਆ “ਸਿੰਘੋ! (ਪਿੰਡ ਵਾਲਿਆਂ ਨੂੰ) ਲੰਗਰ ਪਾਣੀ
ਦਾ ਕੀ ਪ੍ਰਬੰਧ ਹੈ? “ਪਿੰਡ ਵਾਲੇ ਕਹਿਣ ਲੱਗੇ “ਪਾਤਸ਼ਾਹ! ਜੇਕਰ ਹੁਣ ਲੰਗਰ ਪਾਣੀ ਲਈ ਦੇਗਾਂ ਚੜਾਉਣ
ਲੱਗੇ, ਪਰਸ਼ਾਦੇ ਬਨਾਉਣ ਲੱਗੇ ਤਾਂ ਸਾਰੀ ਰਾਤ ਦਾ ਸਮਾਂ ਲੰਘ ਜਾਵੇਗਾ, ਰਾਤ ਤਾਂ ਪਹਿਲਾਂ ਹੀ ਕਾਫੀ
ਹੋ ਚੁੱਕੀ ਹੈ। “
ਕਲਗੀਧਰ ਪਾਤਸ਼ਾਹ ਹੱਸ ਪਏ ਤੇ ਕਹਿਣ ਲੱਗੇ “ਲੱਗਦਾ ਹੈ ਕਿ ਤੁਸੀਂ ਅੱਜ
ਦੀ ਰਾਤ ਖਾਲਸਾ ਫੌਜਾਂ ਨੂੰ ਫਾਕਾ ਹੀ ਕਟਵਾਉਣਾ ਹੈ। ਲੱਗਦਾ ਨਹੀ ਕਿ ਤੁਸੀਂ ਸਾਨੂੰ ਤੇ ਸਾਡੀਆਂ
ਫੌਜਾਂ ਨੂੰ ਲੰਗਰ ਪਾਣੀ ਛਕਾਉਂਗੇ? “ਪਰ ਉਸ ਪਿੰਡ ਸੋਹਰਾਮ ਦੇ ਵਸਨੀਕ ਹੱਥ ਜੋੜ ਕੇ ਕੇ ਬੇਨਤੀ
ਕਰਨ ਲੱਗੇ “ਪਾਤਸ਼ਾਹ! ਇਹ ਕਿਸ ਤਰਾਂ ਹੋ ਸਕਦਾ ਹੈ। ਸਾਡੀ ਇੰਨੀ ਹਿੰਮਤ ਨਹੀ, ਅਸੀ ਇਹ ਕਿਵੇਂ
ਸੋਚ ਸਕਦੇ ਹਾਂ ਕਿ ਆਪ ਜੀ ਨੂੰ ਤੇ ਸਿੱਖ ਫੌਜਾਂ ਨੂੰ ਫਾਕਾ ਕਟਵਾ ਦਈਏ, ਆਪ ਜੀ ਦੀ ਸੇਵਾ ਨਾ ਕਰ
ਸਕੀਏ। ਸਤਿਗੁਰੂ ਜੀ! ਅਸੀ ਆਪ ਜੀ ਦੀਆਂ ਸੇਵਾਵਾਂ ਲਈ ਹੋਰ ਤਰੀਕੇ ਦਾ ਪ੍ਰਬੰਧ ਕੀਤਾ ਹੈ, ਉਹ ਇਹ
ਹੈ ਕਿ ਅਸੀ ਸਾਰੇ ਪਿੰਡ ਵਾਲਿਆਂ ਨੇ ਸਲਾਹ ਕੀਤੀ ਹੈ ਕਿ ਦੋ-ਦੋ, ਚਾਰ-ਚਾਰ ਸਿੰਘਾਂ ਨੂੰ ਘਰਾਂ
ਵਿੱਚ ਵੰਡ ਦਿਉ ਤਾਂ ਉਹਨਾਂ ਦੀ ਰਾਤ ਵੀ ਵਧੀਆ ਕੱਟੀ ਜਾਵੇਗੀ ਭਾਵ ਕਿ ਮੰਜਾ ਬਿਸਤਰਾ ਵੀ ਮਿਲ
ਜਾਵੇਗਾ ਤੇ ਨਾਲ ਹੀ ਦੋ-ਦੋ, ਚਾਰ-ਚਾਰ ਸਿੰਘਾਂ ਦੇ ਪਰਸ਼ਾਦੇ- ਪਾਣੀ ਦੀ ਸੇਵਾ ਵੀ ਭਾਵਨਾ ਨਾਲ
ਸੁਖਾਲੀ ਹੋ ਜਾਵੇਗੀ। “
ਸਤਿਗੁਰੂ ਜੀ ਕਹਿੰਦੇ “ਮੈਂ ਤੁਹਾਡੀ ਸੋਚ ਤੋਂ ਬਲਿਹਾਰ ਜਾਂਦਾ ਹਾਂ। “ਹੁਣ
ਪਿੰਡ ਦੇ ਵਸਨੀਕਾਂ ਵਿਚੋਂ ਵਾਰੀ-ਵਾਰੀ ਇਕ-ਇਕ ਪ੍ਰਾਣੀ ਖੜਾ ਹੁੰਦਾ ਹੈ ਤੇ ਪਾਤਸ਼ਾਹ ਦੋ-ਦੋ,
ਚਾਰ-ਚਾਰ, ਛੇ-ਛੇ ਸਿੰਘਾਂ ਨੂੰ ਨਾਲ ਭੇਜ ਰਹੇ ਹਨ। ਹੁਣ ਕਲਗੀਧਰ ਦੇ ਬਹੁਤ ਨਜਦੀਕ ਸੋਹਰਾਮ ਪਿੰਡ
ਦਾ ਇੱਕ ਸਿੱਖ ਬੈਠਾ ਹੈ, ਜੋ ਕਿ ਬਹੁਤ ਗਰੀਬ ਹੈ ਤੇ ਮਨ ਵਿੱਚ ਆਪਣੀ ਗ਼ਰੀਬੀ ਬਾਰੇ ਸੋਚ ਰਿਹਾ ਹੈ,
ਪਰ ਕਲਗੀਧਰ ਦੇ ਦੀਦਾਰ ਵੀ ਕਰ ਰਿਹਾ ਹੈ।
ਕਲਗੀਧਰ ਪਾਤਸ਼ਾਹ ਉਸ ਨੂੰ ਕਹਿਣ ਲੱਗੇ “ਸਿੱਖਾ! ਤੂੰ ਕਿਉਂ ਨਹੀ ਉਠਦਾ?
ਉੱਠ! ਤੈਨੂੰ ਵੀ ਸੇਵਾ ਲਈ ਸਿੰਘ ਦਿਆਂ। “ ਉਸ ਸਿਖ ਦੇ ਨਾਲ ਕਲਗੀਧਰ ਪਾਤਸ਼ਾਹ ਨੇ ਇੱਕ ਸਿੰਘ
ਸੂਰਬੀਰ ਭੇਜਿਆ, , ਜਿਸ ਦਾ ਨਾਮ ਭਾਈ ਮਲਾਗਰ ਸਿੰਘ ਹੈ। ਉਹ ਗ਼ਰੀਬ ਸਿੱਖ ਕਲਗੀਧਰ ਪਾਤਸ਼ਾਹ ਨੂੰ
ਨਾਂਹ ਤਾਂ ਨਹੀ ਕਰ ਸਕਿਆ, ਪਰ ਆਪਣੇ ਘਰ ਦੀ ਗ਼ਰੀਬੀ ਬਾਰੇ ਸੋਚੀ ਜਾ ਰਿਹਾ ਹੈ ਤੇ ਨਾਲ ਤੁਰਿਆ
ਜਾਂਦਾ ਹੈ ਕਿ ਮੇਰੇ ਆਪਣੇ ਘਰ ਵਿੱਚ ਤਾਂ ਬੱਚਿਆਂ ਦਾ ਪੇਟ ਭਰਨ ਲਈ ਭੋਜਨ ਨਹੀਂ ਹੈ, ਘਰ ਵਿੱਚ
ਮੰਜਾ ਬਿਸਤਰਾ ਵੀ ਨਹੀ ਹੈ। ਚਲਦਾ-ਚਲਦਾ ਉਹ ਭਾਈ ਮਲਾਗਰ ਸਿੰਘ ਨੂੰ ਲੈ ਕੇ ਆਪਣੇ ਘਰ ਪਹੁੰਚ ਗਿਆ।
ਉਸ ਗ਼ਰੀਬ ਸਿੱਖ ਨੇ ਆਪਣੇ ਸਿਰ ਉਤੋਂ ਸਾਫਾ ਲਾਹਿਆ, ਉਸ ਸਾਫੇ ਨੂੰ ਜਮੀਨ ਤੇ ਵਿਛਾਇਆ, ਹੱਥ ਜੋੜ ਕੇ
ਮਲਾਗਰ ਸਿੰਘ ਨੂੰ ਕਿਹਾ “ਸਿੰਘ ਜੀ! ਬੈਠੋ। “
ਫਿਰ ਭੋਜਨ ਛਕਾਉਣ ਦੀ ਵਾਰੀ ਆਈ ਤਾਂ ਚੁੱਲੇ ਵਿੱਚ ਅੱਗ ਬਾਲ ਕੇ ਉੱਪਰ
ਪਤੀਲਾ ਰੱਖ ਦਿੱਤਾ ਤੇ ਸਿਰਫ ਪਾਣੀ ਪਤੀਲੇ ਵਿੱਚ ਪਾ ਦਿੱਤਾ ਕਿਉਂਕਿ ਘਰ ਵਿੱਚ ਰਾਸ਼ਨ ਨਾਮ ਦੀ ਕੋਈ
ਚੀਜ ਨਹੀ ਸੀ। ਫਿਰ ਬਾਹਰ ਗਿਆ ਤੇ ਕੱਚੇ ਪੀਲੂ ਲਿਆ ਕੇ ਗਰਮ ਪਾਣੀ ਨਾਲ ਪੋਲੇ ਕਰ-ਕਰ ਕੇ ਭਾਈ
ਮਲਾਗਰ ਸਿੰਘ ਨੂੰ ਛਕਾਉਣ ਲੱਗਾ। ਪਰ ਕੱਚੇ ਪੀਲੂ ਭਾਈ ਮਲਾਗਰ ਸਿੰਘ ਦੇ ਅੰਦਰ ਨਹੀਂ ਲੰਘਦੇ। ਸਿੰਘ
ਨੇ ਹਰ ਪੀਲੂ ਨੂੰ ਪਾਣੀ ਦੇ ਘੁੱਟ ਭਰ-ਭਰ ਕੇ ਅੰਦਰ ਲੰਘਾਇਆ ਤੇ ਪੰਜ ਸੱਤ ਪੀਲੂ ਛਕ ਕੇ ਕਹਿਣ ਲੱਗਾ
“ਸਿੱਖਾ ਬਸ! ਮੈਂ ਤ੍ਰਿਪਤ ਹੋ ਗਿਆ ਹਾਂ। “
ਉਹ ਗ਼ਰੀਬ ਸਿੱਖ ਮਨ ਵਿੱਚ ਸੋਚਣ ਲੱਗਾ ਕਿ ਇਹ ਸਿੰਘ ਕੱਲ੍ਹ ਸਵੇਰੇ ਮੇਰੀ
ਸ਼ਿਕਾਇਤ ਗੁਰੂ ਸਾਹਿਬ ਜੀ ਕੋਲ ਕਰੇਗਾ, ਪਰ ਭਾਈ ਮਲਾਗਰ ਸਿੰਘ ਕੱਚੇ ਪੀਲੂ ਛਕ ਕੇ ਫਿਰ ਖੜੇ ਹੋ ਕੇ
ਗਲ ਵਿੱਚ ਪੱਲ੍ਹਾ ਪਾ ਕੇ ਗੁਰੂ ਕਲਗੀਧਰ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰਨ ਲੱਗਾ: “ਹੇ
ਮੇਰੇ ਕਲਗੀਧਰ ਪਾਤਸ਼ਾਹ ਜੀ! ਆਪ ਜੀ ਦੇ ਸਿੱਖ ਨੇ, ਆਪ ਜੀ ਦੇ ਬਖ਼ਸ਼ੇ ਹੋਏ ਖ਼ਜਾਨਿਆਂ ਵਿਚੋਂ ਬੜੇ
ਪ੍ਰੇਮ ਭਾਵਨਾਂ ਨਾਲ ਆਪ ਜੀ ਦੇ ਦਾਸ ਦੀ ਸੇਵਾ ਕੀਤੀ, ਦਾਸ ਤ੍ਰਿਪਤ ਹੋ ਗਿਆ ਹੈ। ਸਿੱਖ ਦੀ ਸੇਵਾ
ਥਾਂਇ ਪਾਉਣੀ, ਸਿੱਖ ਦੇ ਬੰਧਨ ਕੱਟ ਦੇਣੇ। “
ਦਿਨ ਚੜ੍ਹਿਆ ਤੇ ਦੋਵੇਂ
ਸਿੰਘ ਕਲਗੀਧਰ ਦੇ ਪਾਸ ਪਹੁੰਚ ਗਏ। ਭਾਈ ਮਲਾਗਰ ਸਿੰਘ ਦੇ ਨਾਲ ਗ਼ਰੀਬ ਸਿੱਖ ਵੀ ਪਹੁੰਚ ਗਿਆ। ਗ਼ਰੀਬ
ਸਿੱਖ ਸੋਚ ਰਿਹਾ ਹੈ ਕਿ ਇਹ ਸਿੰਘ ਮੇਰੀ ਸ਼ਿਕਾਇਤ ਗੁਰੂ ਸਾਹਿਬ ਪਾਸ ਕਰੇਗਾ। ਗੁਰੂ ਸਾਹਿਬ ਨੂੰ ਭਰੀ
ਸੰਗਤ ਵਿੱਚ ਕਿਸੇ ਨੇ ਸਵਾਲ ਕਰ ਦਿੱਤਾ “ਪਾਤਸ਼ਾਹ ਕਿਸੇ ਪੂਰਨ ਸਿੱਖ ਦੇ ਦਰਸ਼ਨ ਕਰਵਾਉ”
ਗੁਰੂ ਸਾਹਿਬ ਨੇ ਸਾਰੀ ਸੰਗਤ ਵਲ ਝਾਤੀ ਮਾਰੀ, ਫਿਰ ਭਾਈ ਮਲਾਗਰ ਸਿੰਘ ਨੂੰ ਬਾਂਹ ਤੋਂ ਫੜ ਕੇ ਖੜੇ
ਕਰ ਲਿਆ ਤੇ ਕਹਿਣ ਲੱਗੇ “ਆਹ ਜੇ ਪੂਰਨ ਗੁਰਸਿੱਖ। “
ਕਲਗੀਧਰ ਪਾਤਸ਼ਾਹ ਕਹਿਣ ਲੱਗੇ “ਹੋਰ ਸਿੰਘਾਂ ਵਾਂਗ ਇਸ ਨੂੰ ਰਾਤ ਖਾਣ ਲਈ
ਸੁਆਦਲੇ ਪਕਵਾਨ ਨਹੀਂ ਮਿਲੇ, ਨਾ ਹੀ ਇਸਨੂੰ ਵਧੀਆ ਮੰਜਾ ਬਿਸਤਰਾ ਮਿਲਿਆ ਹੈ, ਪਰ ਫਿਰ ਵੀ ਇਸ ਨੇ
ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਕੀਤੀ ਹੈ ਕਿ ਸਤਿਗੁਰੂ ਜੀ ਇਸ ਸਿੱਖ ਦੀ ਸੇਵਾ ਥਾਂਇ
ਪਾਉਣੀ, ਇਸ ਦੇ ਬੰਧਨ ਕੱਟ ਦੇਣੇ” ਕਲਗੀਧਰ ਪਾਤਸ਼ਾਹ ਸੁਭਾਵਿਕ ਹੀ ਆਪਣੇ ਮੁਖਾਬਬਿੰਦ ਤੋਂ
ਉਚਾਰਦੇ ਹਨ:
“ਧੰਨ ਸਿੱਖਾ, ਧੰਨ ਤੇਰੀ ਸਿੱਖੀ
ਧੰਨ ਸਿੱਖਾ, ਧੰਨ ਤੇਰੀ ਸਿੱਖੀ”
ਪਰ ਦੂਜੇ ਪਾਸੇ ਭਾਈ ਮਲਾਗਰ ਸਿੰਘ ਜੋ ਕਿ ਗੁਰੂ ਬਖ਼ਸ਼ਿਸ਼ਾਂ ਨਾਲ ਨਿਵਾਜਿਆ
ਹੋਇਆ ਹੈ, ਆਖੀ ਜਾ ਰਿਹਾ ਹੈ:
“ਸਤਿਗੁਰੂ ਜੀ ਸਭ ਆਪ ਜੀ ਦੀ ਕ੍ਰਿਪਾ।
ਸਤਿਗੁਰੂ ਜੀ ਸਭ ਆਪ ਜੀ ਦੀ ਕ੍ਰਿਪਾ।
ਸਤਿਗੁਰੂ ਜੀ ਸਭ ਆਪ ਜੀ ਦੀ ਕ੍ਰਿਪਾ।
ਕਿਧਰੇ ਐਸੇ ਜੀਵਨ ਦੀਆਂ ਬਾਤਾਂ, ਸਾਡੇ ਜੀਵਨ ਵਿੱਚ ਵੀ ਆ ਜਾਣ ਅਤੇ ਗੁਰੂ
ਜੀ ਸਾਡੇ ਲਈ ਵੀ ਇੱਕ ਵਾਰ ਕਹਿ ਦੇਣ ਕਿ ਧੰਨ ਸਿੱਖਾ, ਧੰਨ ਤੇਰੀ ਸਿੱਖੀ।
ਪਰ ਖ਼ਿਆਲ ਕਰਿਓ ਜੋ ਸਾਡਾ ਅੱਜ ਦਾ ਜੀਵਨ ਹੈ, ਸਾਡਾ ਜੀਵਨ ਵੇਖ ਕੇ ਸ਼ਾਇਦ
ਗੁਰੂ ਕਲਗੀਧਰ ਪਾਤਸ਼ਾਹ ਦੇ ਮੁਖਾਰਬਿੰਦ ਵਿਚੋਂ ਇਹ ਬਚਨ ਨਾ ਨਿਕਲਣ। ਭਾਈ ਮਲਾਗਰ ਸਿੰਘ ਦੇ ਜੀਵਨ
ਵੱਲ ਝਾਤ ਮਾਰ ਕੇ ਫਿਰ ਆਪਣੇ ਜੀਵਨ ਵੱਲ ਝਾਤ ਮਾਰਿਓ ਕਿ ਸਾਡੇ ਪ੍ਰਤੀ ਗੁਰੂ ਸਾਹਿਬ ਦਾ ਕੀ ਨਿਰਣਾ
ਹੋਵੇਗਾ?
ਕਬੀਰ ਸਾਹਿਬ ਆਪਣੀ ਬਾਣੀ ਰਾਹੀਂ ਸਾਨੂੰ ਆਖ ਰਹੇ ਹਨ ਕਿ ਐ ਬੰਦੇ! ਜੇਕਰ
ਤੂੰ ਸਿੱਖੀ ਦੇ ਮਾਰਗ `ਤੇ ਚਲਣਾ ਹੈ ਤਾਂ ਤੈਨੂੰ ਕੀ ਕਰਨਾ ਪਵੇਗਾ:
ਬੰਦੇ ਖੋਜੁ ਦਿਲ ਹਰ ਰੋਜ਼ ਨ ਫਿਰੁ ਪਰੇਸਾਨੀ ਮਾਹਿ।।
(ਤਿਲੰਗ ਕਬੀਰ ਜੀ -੭੨੭)
ਰੋਜਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਪੂਰੇ ਦਿਨ ਦੀ ਕਿਰਿਆ ਨੂੰ ਜਰਾ ਪੜਚੋਲ
ਕੇ ਵੇਖੀਂ ਕਿ ਗੁਰੂ ਦੀ ਮੱਤ ਕੀ ਸੀ ਤੇ ਤੂੰ ਕੀ-ਕੀ ਕੀਤਾ ਹੈ। ਜੇਕਰ ਤੂੰ ਰੋਜ਼ ਹੀ ਆਪਣੇ ਆਪ ਨੂੰ
ਪੜਚੋਲੀ ਜਾਵੇਗਾ ਤਾਂ ਇੱਕ ਦਿਨ ਪਤਾ ਕੀ ਰਿਜਲਟ ਨਿਕੇਲੇਗਾ? ਤੂੰ ਆਪਣੇ ਆਪ ਨੂੰ
ਪੜਚੋਲਦਿਆਂ-ਪੜਚੋਲਦਿਆਂ ਆਪਣੀ ਜਿੰਦਗੀ ਦੇ ਅਵਗੁਣਾਂ ਨੂੰ ਪਾਸੇ ਕਰਦਾ ਜਾਵੇਂਗਾ, ਫਿਰ ਜੀਵਨ ਦੀਆਂ
ਪਰੇਸ਼ਾਨੀਆ ਖ਼ਤਮ ਹੋ ਜਾਣਗੀਆਂ, ਜੀਵਨ ਦੇ ਔਗੁਣ ਇੱਕ ਦਿਨ ਖ਼ਤਮ ਹੋ ਜਾਣਗੇ। ਪਰ ਅਸੀਂ ਆਪਣੇ ਆਪ ਨੂੰ
ਕਦੀ ਪੜਚੋਲਦੇ ਹੀ ਨਹੀਂ। ਜਿਸ ਦਿਨ ਅਸੀਂ ਵੀ ਗੁਰੂ ਦੀ ਮੱਤ ਰੂਪੀ ਕਸਵੱਟੀ ਤੇ ਆਪਣੇ ਆਪ ਨੂੰ ਪੂਰੇ
ਕਰ ਲਵਾਂਗੇ, ਉਸ ਦਿਨ ਗੁਰੂ ਜੀ ਵੀ ਸਾਡੇ ਬਾਰੇ ਕਹਿਣਗੇ: “ਧੰਨ ਸਿੱਖਾ, ਧੰਨ ਤੇਰੀ ਸਿੱਖੀ। “
ਉਹ ਕਿੰਨਾ ਮਹਾਨ ਸਿੱਖ ਹੋਵੇਗਾ, ਜਿਸ ਦੇ ਲਈ ਗੁਰੂ ਸਾਹਿਬ ਦੇ ਮੁਖਾਰਬਿੰਦ
ਤੋਂ ਇਹ ਸ਼ਬਦ ਨਿਕਲੇ ਹੋਣਗੇ।
ਹੁਣ ਮਾਤਾ ਜੀ ਅਤੇ ਛੋਟੇ ਲਾਲਾਂ ਨੂੰ ਕੁੰਮੇ ਮਾਸ਼ਕੀ ਦੀ ਪਤਨੀ ਲਛਮੀ ਨੇ
ਰੁੱਖਾ-ਸੁੱਖਾ ਪ੍ਰਸ਼ਾਦਾ ਛਕਾਇਆ। ਖ਼ਿਆਲ ਕਰਿਓ! ਮੱਤ ਕਿਧਰੇ ਸੋਚ ਲੈਣਾ ਕਿ ਲਛਮੀ ਨੇ ਕੋਈ ਵਧੀਆਂ
ਪਕਵਾਨਾਂ ਨਾਲ ਸੇਵਾ ਕੀਤੀ ਹੋਵੇਗੀ। ਨਹੀਂ। ਉਸ ਦੇ ਘਰ ਜੋ ਕੁੱਝ ਸੀ ਉਸ ਨੇ ਉਹੀ ਭੇਟਾ ਕਰ ਦਿੱਤਾ।
ਹੁਣ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜਾਦਿਆਂ ਨੇ ਰਾਤ ਇਥੇ ਹੀ ਕੱਟ ਲਈ ਤੇ ਕੁੰਮੇ ਮਾਸ਼ਕੀ ਦੀ
ਝੁੱਗੀ ਤੋਂ ਅਗਲਾ ਪੜਾਅ ਜੋ ਆਰੰਭ ਹੋਇਆ, ਉਸ ਦੀ ਬਾਤ ਜੋਗੀ ਅੱਲ੍ਹਾ ਯਾਰ ਖ਼ਾਂ ਆਪਣੇ ਢੰਗ ਨਾਲ ਕਰ
ਰਿਹਾ ਹੈ।
ਹੋਤਾ ਕਹਾਂ ਪਰ ਦੇਖੀਏ ਸ਼ਬ ਕੋ ਕਯਾਮ ਹੈ।
ਖ਼ਾਦਿਮ ਹੈ ਔਰ ਕੋਈ ਨਾ ਹਮਰਾਹ ਗ਼ੁਲਾਮ ਹੈ।
ਨਾ ਤਾਂ ਕੋਈ ਸਿੱਖ ਸੇਵਾਦਾਰ ਨਾਲ ਹੈ ਤੇ ਨਾ ਹੀ ਕੋਈ ਨੌਕਰ ਚਾਕਰ ਹੈ, ਕੋਈ
ਵੀ ਨਾਲ ਨਹੀ ਹੈ। ਬਸ! ਮਾਂ ਗੁਜਰੀ ਦੇ ਨਾਲ ਛੋਟੇ ਸਾਹਿਬਜਾਦੇ ਹਨ।
ਗੰਗੂ ਰਸੋਈਆ ਹੈ ਫ਼ਕਤ ਸਾਥ ਰਹ ਗਯਾ।
ਲੈ ਦੇ ਕੇ ਰਹਬਰੀ ਕੋ ਯਿਹ ਹੈਯਾਤ ਰਹ ਗਯਾ।
ਹੁਣ ਗੰਗੂ ਜੋ ਕਿ ਗੁਰੂ ਜੀ ਦੇ ਘਰ ਦਾ ਰਸੋਈਆ ਸੀ, ਉਹ ਮਾਤਾ ਜੀ ਨੂੰ ਮਿਲ
ਗਿਆ। ਮਾਤਾ ਜੀ ਕਹਿੰਦੇ ਹਨ ਕਿ ਮੇਰੇ ਕੋਲ ਹੁਣ ਕੋਈ ਹੋਰ ਦੁਨਿਆਵੀ ਟਿਕਾਣਾ ਜਾਂ ਆਸਰਾ ਨਹੀਂ ਹੈ।
ਪਰ ਇਹ ਗੰਗੂ ਮਿਲ ਗਿਆ, ਇਹੀ ਆਸਰਾ ਹੈ, ਜਿਥੇ ਉਹ ਬੱਚਿਆਂ ਨੂੰ ਲੈ ਕੇ ਚਲੀ ਜਾਵੇ। ਹੁਣ ਗੰਗੂ
ਰਸੋਈਆ ਮਾਂ ਗੁਜਰੀ ਅਤੇ ਬੱਚਿਆਂ ਨੂੰ ਲੈ ਕੇ ਆਪਣੇ ਪਿੰਡ ਵੱਲ ਨੂੰ ਚੱਲ ਪਿਆ।
ਆਤੇ ਥੇ ਸ਼ੇਰ ਸਾਮਨੇ ਗਰਦਨ ਕੋ ਡਾਲ ਕੇ।
ਤਕਤੇ ਹਿਰਨ ਭੀ ਆਜ ਹੈਂ ਆਖੇਂ ਨਿਕਾਲ ਕੇ।
ਮਾਨੋ ਇਸ ਤਰਾਂ ਲੱਗਦਾ ਸੀ ਜਿਵੇਂ ਹਰ ਚੀਜ਼ ਡਰਾ ਰਹੀ ਹੋਵੇ।
ਖ਼ਿਆਲ ਕਰਿਓ! ਜਦੋ ਮਨ ਦੇ ਅੰਦਰ ਡਰ ਹੋਵੇ, ਉਦੋਂ ਹਨੇਰੇ ਵਿੱਚ ਪਈ ਰੱਸੀ ਵੀ
ਸੱਪ ਦਿਖਾਈ ਦਿੰਦੀ ਹੈ। ਮਾਂ ਗੁਜਰੀ ਅਤੇ ਲਾਲਾਂ ਦੀ ਬਾਤ ਜੋਗੀ ਅੱਲ੍ਹਾ ਯਾਰ ਖ਼ਾਂ ਕਰ ਰਿਹਾ ਹੈ ਕਿ
ਰਸਤੇ ਵਿੱਚ ਕੋਈ ਜਾਨਵਰ ਆਦਿ ਵੀ ਮਿਲਦਾ ਹੈ ਤਾਂ ਮਾਂ ਗੁਜਰੀ ਨੂੰ ਇਵੇਂ ਪ੍ਰਤੀਤ ਹੁੰਦਾ ਹੈ ਕਿ ਇਹ
ਅੱਖਾਂ ਪਾੜ-ਪਾੜ ਕੇ ਸਾਡੇ ਵੱਲ ਤੱਕ ਰਿਹਾ ਹੈ। ਪਤਾ ਨਹੀ ਮੇਰੇ ਕੋਲੋਂ ਕਦੋਂ ਇਹ ਲਾਲਾਂ ਨੂੰ ਖੋਹ
ਕੇ ਖਾ ਜਾਣਗੇ?
ਏਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਮਾਂ ਗੁਜਰੀ ਦੀ ਅਵਸਥਾ ਇਸ ਮਾਤ-ਲੋਕ
ਤੋਂ ਕਿਧਰੇ ਉੱਚੀ ਸੋਚ ਵਾਲੀ ਸੀ। ਇਹ ਵਲਵਲੇ
¸ਇਹ
ਖ਼ਿਆਲ ਕਵੀ ਦੇ ਆਪਣੇ ਅਨੁਭਵ ਅਤੇ ਸਮੇ ਦੀ ਨਜਾਕਤ ਨੂੰ ਮੱਦੇਨਜਰ ਰੱਖਦਿਆਂ, ਕਵੀ ਦੇ ਮਨ ਵਿੱਚ ਆ
ਰਹੇ ਹਨ। ਸ਼ਾਇਦ ਆਮ ਦਿਲਾਂ ਵਿੱਚ ਇਹ ਖ਼ਿਆਲ ਮਨ ਵਿੱਚ ਆ ਹੀ ਜਾਂਦੇ ਹਨ।
ਨੈਰੰਗ ਹੈਂ ਤਮਾਮ ਜ਼ਮਾਨੇ ਕੀ ਚਾਲ ਕੇ।
ਤੇਵਰ ਹੈਂ ਬਨ ਮੇਂ ਬਦਲੇ ਹੂਏ ਹਰ ਸ਼ਗਾਲ ਕੇ।
ਜ਼ਮਾਨੇ ਦੀ ਚਾਲ ਹੀ ਮਾਂ ਗੁਜਰੀ ਨੂੰ ਬਦਲੀ ਹੋਈ ਲੱਗ ਰਹੀ ਹੈ ਤੇ ਗਿੱਦੜ ਵੀ
ਅੱਜ਼ ਸ਼ੇਰ ਬਣੇ ਦਿਖਾਈ ਦੇ ਰਹੇ ਹਨ।
ਦਰਪੇਸ਼ ਅਨ ਕਰੀਬ ਕੋਈ ਇਮਤਿਹਾਨ ਹੈ।
ਖ਼ਤਰੇ ਮੇਂ ਦਿਖ ਰਹੀ ਮੁਝੇ ਬਚੋਂ ਕੀ ਜਾਨ ਹੈ।
ਮਾਤਾ ਗੁਜਰੀ ਜਾਣਦੀ ਹੈ ਕਿ ਇਹ ਹੁਣ ਖ਼ਤਰੇ ਦਾ ਸਮਾਂ ਹੈ ਅਤੇ ਇਮਤਿਹਾਨ ਦੀ
ਘੜੀ ਵੀ ਚੱਲ ਰਹੀ ਹੈ।
ਪੂਰਾ ਜਰੂਰ ਹੋਗਾ ਇਰਾਦਾ ਹਜੂਰ ਕਾ।
ਕਰਤਾ ਪੁਰਖ ਕਾ, ਵਾਹੇਗੁਰੂ ਕਾ, ਗੁਫ਼ੂਰ ਕਾ।
ਇਹ ਸਭ ਵਲਵਲੇ ਕਵੀ ਦੇ ਮਨ ਵਿਚੋਂ ਉਠ ਰਹੇ ਹਨ, ਪਰ ਦਾਦੀ ਮਾਂ ਨੂੰ ਪਰਮੇਸ਼ਰ
`ਤੇ ਪੂਰਾ ਭਰੋਸਾ ਹੈ ਕਿ ਹੋਣਾ ਉਹੀ ਹੈ ਜੋ ਅਕਾਲ ਪੁਰਖ ਦੇ ਮਨ ਨੂੰ ਭਾਉਂਦਾ ਹੈ, ਜੋ ਅਕਾਲ ਪੁਰਖ
ਨੂੰ ਚੰਗਾ ਲੱਗਦਾ ਹੈ, ਕਿਉਂਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਸੂਹੀ ਰਾਗ ਵਿੱਚ ਪਾਵਨ ਬਾਣੀ
ਬਖ਼ਸ਼ਿਸ਼ ਕੀਤੀ ਹੈ, ਜੋ ਕਿ ਅਸੀ ਸਭ ਹੁਕਮਨਾਮੇ ਦੇ ਰੂਪ ਵਿੱਚ ਸਰਵਣ ਵੀ ਕਰਦੇ ਹਾਂ, ਪਰ ਕਦੀ ਵਿਚਾਰ
ਦੀ ਜਰੂਰਤ ਮਹਿਸੂਸ ਨਹੀ ਕੀਤੀ ਜਦ ਕਿ ਸਾਨੂੰ ਗੁਰੂ ਸਾਹਿਬ ਦੀ ਬਾਣੀ ਪੜ੍ਹਨ-ਸੁਨਣ ਦੇ ਨਾਲ-ਨਾਲ
ਵਿਚਾਰਨ ਦੀ ਲੋੜ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਬੰਦਿਆ! ਜੇਕਰ ਤੂੰ ਪਰਮੇਸ਼ਰ ਦੇ ਹੁਕਮ ਅੱਗੇ
ਕੁੱਝ ਕਰ ਸਕਦਾ ਹੈਂ ਤਾਂ ਫਿਰ ਕਰ ਕੇ ਵੇਖ ਲੈ। ਫੁਰਮਾਨ ਹੈ:
ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ।।
ਆਪਣਾ ਕੀਤਾ ਕਿਛੁ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ।।
(ਸੂਹੀ ਮਹਲਾ ੪-੭੩੬)
ਸਾਡੇ ਵਿੱਚ ਕੋਈ ਜ਼ੋਰ ਨਹੀਂ ਹੈ। ਸਤਿਗੁਰੂ ਜੀ ਨੇ ਇਹ ਵੀ ਕਹਿ ਦਿੱਤਾ ਕਿ
ਇਹ ਸ੍ਰਿਸ਼ਟੀ ਪੰਜ ਤੱਤਾਂ ਤੋਂ ਬਣੀ ਹੋਈ ਹੈ। ਅਕਾਲ ਪੁਰਖ ਦੀ ਮਿਹਰ ਨਾਲ ਪੰਜ ਤੱਤਾਂ ਦੀ ਸਾਜੀ ਹੋਈ
ਸ੍ਰਿਸ਼ਟੀ ਨੂੰ ਕੋਈ ਬਦਲ ਕੇ ਦਿਖਾਵੇ, ਭਾਵ ਕੋਈ ਛੇਵਾਂ ਤੱਤ ਪੈਦਾ ਕਰ ਕੇ ਵਿਖਾਵੇ। ਫ਼ੁਰਮਾਨ ਕਰਦੇ
ਹਨ:
ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ
ਹੋਵੈ।।
(ਸੂਹੀ ਮਹਲਾ ੪-੭੩੬)
ਪਰਮੇਸ਼ਰ ਦੀ ਸਾਜੀ ਹੋਈ ਪੰਜ ਤੱਤਾਂ ਦੀ ਸ੍ਰਿਸ਼ਟੀ ਵਿੱਚ ਪੰਜ ਤੱਤ ਹੀ
ਰਹਿਣਗੇ, ਛੇਵਾਂ ਤੱਤ ਕਦੀ ਵੀ ਨਹੀਂ ਹੋ ਸਕਦਾ। ਬੰਦਾ ਭਾਵੇਂ ਆਪਣੀ ਸਿਆਣਪ ਦੇ ਲੱਖ ਢੰਡੋਰੇ ਪਿਟਦਾ
ਫਿਰੇ, ਪਰ ਹੋਣਾ ਉਹੀ ਹੈ ਜੋ ਪਰਮੇਸ਼ਰ ਚਾਹੁੰਦਾ ਹੈ। ਫ਼ੁਰਮਾਨ ਹੈ:
ਸਿਆਨਪ ਕਾਹੂ ਕਾਮਿ ਨ ਆਤ।।
ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ।।
(ਗੂਜਰੀ ਮਹਲਾ ੫-੪੯੬)
ਗੁਰੂ ਅਰਜਨ ਦੇਵ ਜੀ ਵਲੋਂ ਦਿਤੀ ਉਦਾਹਰਣ ਵੇਖੋ: ਬੰਦਾ ਘਰੋਂ ਨਿਕਲਦਾ ਹੈ
ਕਿ ਮੈਂ ਡੁੱਬਦੇ ਸੂਰਜ ਪਾਸੇ ਵਲ ਨੂੰ ਜਾਣਾ ਹੈ, ਪਰ ਅਕਾਲ ਪੁਰਖ ਦੀ ਐਸੀ ਲੀਲ੍ਹਾ ਵਰਤਦੀ ਹੈ ਕਿ
ਚੜ੍ਹਦੇ ਸੂਰਜ ਪਾਸੇ ਵਲ ਨੂੰ ਜਾਣਾ ਪੈ ਜਾਂਦਾ ਹੈ। ਫ਼ੁਰਮਾਨ ਹੈ:
ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ।।
(ਗੂਜਰੀ ਮਹਲਾ ੫-੪੯੬)
ਇਹ ਪਰਮੇਸ਼ਰ ਦੀਆਂ ਬਾਤਾਂ ਹਨ। ਪਰਮੇਸ਼ਰ ਦੇ ਹੁਕਮ ਨੂੰ ਦੁਨੀਆਂ ਨਹੀ ਬਦਲ
ਸਕਦੀ। ਬੰਦਿਆ! ਤੂੰ ਆਪਣੀਆ ਸਿਆਣਪਾਂ `ਤੇ ਮਾਣ-ਅੰਹਕਾਰ ਨਾ ਕਰਿਆ ਕਰ।
ਦੇਖੋ! ਹੁਣ ਅਮਰੀਕਾ (ਨਾਸਾ) ਦੇ ਸਾਇੰਸਦਾਨਾਂ ਨੇ ਕੋਈ ਘੱਟ ਸਿਆਣਪ ਵਰਤੀ
ਹੋਵੇਗੀ ਜਦੋਂ ਕਲਪਨਾ ਚਾਵਲਾ ਅਤੇ ਉਸ ਦੇ ਸਾਥੀ ਵਿਗਿਆਨੀ ਪੁਲਾੜ ਚੋਂ ਵਾਪਸ ਆਉਂਦਿਆਂ ਪਰਮੇਸ਼ਰ ਨੂੰ
ਪਿਆਰੇ ਹੋ ਗਏ। ਕੋਈ ਘੱਟ ਸਿਆਣਪ ਤਾਂ ਨਹੀ ਵਰਤੀ ਹੋਵੇਗੀ ਅਮਰੀਕਾ ਨੇ, ਪਰ ਅਕਾਲ ਪੁਰਖ ਨੂੰ ਉਹਨਾਂ
ਦਾ ਵਾਪਸ ਆਉਣਾ ਮਨਜ਼ੂਰ ਨਹੀ ਸੀ। ਬੇਹੱਦ ਸਿਆਣਪਾਂ ਵੀ ਅਕਾਲ ਪੁਰਖ ਅੱਗੇ ਫ਼ੇਲ ਹੋ ਗਈਆਂ। ਅਸੀਂ
ਬੇਅੰਤ ਉਦਾਹਰਣਾ ਲੈ ਸਕਦੇ ਹਾਂ ਜਿਥੇ ਆਪਣੀਆਂ ਸਿਆਣਪਾਂ ਕੰਮ ਨਹੀ ਆਉਦੀਆਂ।
ਤੇ ਦਾਦੀ ਮਾਂ ਗੁਜਰੀ ਕਹਿ ਰਹੀ ਹੈ ਕਿ:
ਪੂਰਾ ਜ਼ਰੂਰ ਹੋਗਾ ਇਰਾਦਾ ਹਜੂਰ ਕਾ।
ਕਰਤਾ ਪੁਰਖ ਕਾ, ਵਾਹੇਗੁਰੂ ਕਾ, ਗਫ਼ੂਰ ਕਾ।
ਹੈ ਸਖ਼ਤ ਇਮਤਿਹਾਂ ਯਿਹ ਕਿਸੀ ਬੇ-ਕਸੂਰ ਕਾ।
ਹਾਫ਼ਿਜ਼ ਤੋ ਆਪ ਹੀ ਹੈ ਦਿਲਿ ਨਾਸਬੂਰ ਕਾ।
ਮਾਤਾ ਗੁਜਰੀ ਦਾ ਇਮਤਿਹਾਨ ਵਾਲਾ ਸਮਾਂ ਤਾਂ ਹੈ, ਪਰ ਮਾਂ ਗੁਜਰੀ ਜਾਣਦੀ ਹੈ
ਕਿ ਇਮਤਿਹਾਨ ਨੂੰ ਲੈਣ ਵਾਲਾ ਵੀ ਪਰਮੇਸ਼ਰ ਹੈ ਤੇ ਇਸ ਇਮਤਿਹਾਨ ਵਿਚੋਂ ਕੱਢੇਗਾ ਵੀ ਪਰਮੇਸ਼ਰ ਆਪ।
ਮਾਂ ਗੁਜਰੀ ਭਰੋਸੇ ਦੀ ਬਾਤ ਕਰਦੀ ਹੈ ਕਿ ਜੇਕਰ ਮੈਨੂੰ ਪਰਮੇਸ਼ਰ ਨੇ ਇਸ ਇਮਤਿਹਾਨ ਵਿੱਚ ਪਾਇਆ ਹੈ
ਤਾਂ ਮੈਨੂੰ ਉਸ ਪਰਮੇਸ਼ਰ `ਤੇ ਭਰੋਸਾ ਹੈ ਕਿ ਮੈਨੂੰ ਪਾਰ ਵੀ ਉਹੀ ਲਗਾਏਗਾ।
ਪਯਾਰੇ ਪਤੀ ਕੋ ਪਹਿਲੇ ਹੀ ਮੈਂ ਹੂੰ ਕਟਾ ਚੁਕੀ।
ਕੁਦਰਤ ਤੋ ਹੈ ਸਬਰ ਮਿਰਾ ਆਜ਼ਮਾਂ ਚੁਕੀ।
ਮਾਂ ਗੁਜਰੀ ਕਹਿ ਰਹੀ ਹੈ ਕਿ ਮੈਂ ਆਪਣੇ ਪਿਆਰੇ ਪਤੀ ਨੂੰ ਧਰਮ ਲਈ ਪਹਿਲਾਂ
ਹੀ ਕੁਰਬਾਨ ਕਰ ਚੁੱਕੀ ਹਾਂ, ਕੁਦਰਤ ਨੇ ਮੇਰੇ ਸਬਰ ਦਾ ਇਮਤਿਹਾਨ ਪਹਿਲਾਂ ਹੀ ਲੈ ਲਿਆ ਹੈ। ਕੋਈ
ਗੱਲ ਨਹੀਂ ਜੇਕਰ ਇੱਕ ਇਮਤਿਹਾਨ ਹੋਰ ਆ ਗਿਆ ਹੈ ਤਾਂ ਮੈਂ ਇਹ ਵੀ ਉਸ ਪਰਮੇਸ਼ਰ ਦੀ ਕ੍ਰਿਪਾ ਨਾਲ ਪਾਸ
ਕਰ ਲਵਾਂਗੀ।
ਹੁਣ ਮਾਂ ਗੁਜਰੀ ਨੂੰ ਇੱਕ ਪਤਨੀ ਦੇ ਰੂਪ ਵਿੱਚ ਦੇਖਿਉ ਕਿ ਮਾਂ ਗੁਜਰੀ
ਕੈਸੀ ਪਤਨੀ ਹੈ।
ਸ੍ਰੀ ਰਾਮ ਚੰਦਰ ਜੀ ਨੇ 14 ਸਾਲ ਬਨਵਾਸ ਕੱਟਿਆ ਤੇ ਉਸ ਮਿਥਿਹਾਸਕ ਬਨਵਾਸ
ਦੇ ਮੁਕਾਬਲੇ ਮਾਂ ਗੁਜਰੀ ਦਾ ਜੀਵਨ ਦੇਖੀਏ ਉਹ ਕੈਸਾ ਅਨੋਖਾ ਬਨਵਾਸ ਸੀ। ਸ੍ਰੀ ਰਾਮਚੰਦਰ ਜੀ ਦਾ
ਭਰਾ ਨਾਲ ਹੈ, ਪਤਨੀ ਨਾਲ ਹੈ। ਪਰ ਜੇਕਰ ਉਸ ਤੋਂ ਵੀ ਵੱਡਾ ਕਠਿਨ ਬਨਵਾਸ ਵੇਖਣਾ ਹੋਵੇ ਤਾਂ ਮਾਂ
ਗੁਜਰੀ ਦੇ ਜੀਵਨ ਵੱਲ ਝਾਤੀ ਮਾਰਿਉ ਕਿ ਪਤੀ ਭੋਰੇ ਵਿੱਚ ਹੈ ਤੇ ਬਾਬੇ ਬਕਾਲੇ ਦੀ ਧਰਤੀ `ਤੇ ਮਾਂ
ਗੁਜਰੀ ਜਿਸ ਨੂੰ ਪਤਾ ਹੈ ਕਿ ਮੇਰਾ ਪਤੀ ਦਿੱਲੀ ਦੇ ਚਾਂਦਨੀ ਚੌਂਕ ਨੂੰ ਜਾ ਰਿਹਾ ਹੈ, ਪਰ ਵਾਪਸ
ਆਵੇਗਾ ਨਹੀ, ਪਰ ਫਿਰ ਵੀ ਮਾਂ ਗੁਜਰੀ ਆਪਣੇ ਪਤੀ ਗੁਰੂ ਤੇਗ਼ ਬਹਾਦਰ ਜੀ ਨੂੰ ਖ਼ੁਸ਼ੀ ਨਾਲ ਵਿਦਾ ਕਰਦੇ
ਹਨ। ਧੰਨ ਹੈ “ਮਾਂ ਗੁਜਰੀ ਦਾ ਜਿਗਰਾ” ਜਿਸ ਦੇ ਕੋਲ ਪਤੀ ਦਾ ਧੜ ਵੀ ਨਹੀਂ ਆਉਂਦਾ, ਕੇਵਲ ਸੀਸ ਹੀ
ਆਉਦਾ ਹੈ, ਕੈਸਾ ਹੈ ਮਾਂ ਗੁਜਰੀ ਦਾ ਜਿਗਰਾ।
ਜਦੋਂ ਮਾਂ ਗੁਜਰੀ ਜੀ ਦੇ ਕੋਲ ਭਾਈ ਜੈਤਾ ਜੀ ਸ੍ਰੀ ਗੁਰੂ ਤੇਗ਼ ਬਹਾਦਰ
ਸਾਹਿਬ ਦਾ ਸੀਸ ਲੈ ਕੇ ਪਹੁੰਚੇ ਸਨ। ਤਾਂ ਮਾਂ ਗੁਜਰੀ ਨੇ ਝੋਲੀ ਅੱਡ ਦਿੱਤੀ ਸੀ ਅਤੇ ਆਪਣੇ ਪਤੀ ਦਾ
ਸੀਸ ਆਪਣੀ ਝੋਲੀ ਵਿੱਚ ਪੁਆ ਲਿਆ ਸੀ, ਕਿੰਨੇ ਵਿਸ਼ਾਲ ਜਿਗਰੇ ਦੀ ਮਾਲਿਕ ਹੋਵੇਗੀ ਮਾਂ ਗੁਜਰੀ। ਜਦੋਂ
ਆਪਣੀ ਝੋਲੀ ਵਿੱਚ ਪਤੀ ਦਾ ਸੀਸ ਪੁਆ ਲਿਆ ਤਾਂ ਅਰਦਾਸ ਦੀ ਸ਼ਬਦਾਵਲੀ ਕੀ ਸੀ? ਮਾਂ ਗੁਜਰੀ ਦੀ:
“ਹੇ ਮੇਰੇ ਪਤੀ
ਪਰਮੇਸ਼ਰ! ਆਪ ਜੀ ਦੀ ਨਿੱਭ ਗਈ, ਮੇਰੀ ਵੀ ਨਿਭ ਜਾਵੇ”
ਕਿੰਨੀ ਮਹਾਨ ਆਤਮਾ ਤੇ ਮਹਾਨ ਸੋਚ ਦੀ ਮਾਲਿਕ ਹੋਵੇਗੀ, ਮਾਂ ਗੁਜਰੀ। ਅਸੀਂ
ਮਾਂ ਗੁਜਰੀ ਦੇ ਵਿਰਸੇ ਦੇ ਮਾਲਿਕ ਹਾਂ, ਕਾਸ਼! ਅੱਜ ਘਰ-ਘਰ ਵਿੱਚ ਮਾਂ ਗੁਜਰੀ ਵਰਗੀਆ ਮਾਤਾਵਾਂ
ਪੈਦਾ ਹੋ ਜਾਵਣ।
ਮੈਂ ਬੇਨਤੀ ਕਰਾਂ। ਜਿਸ ਘਰ ਵਿੱਚ ਮਾਂ ਗੁਜਰੀ ਵਰਗੀ ਸੋਚ ਹੋਵੇਗੀ, ਉਸ ਘਰ
ਵਿੱਚ ਕਲਗੀਧਰ ਵਰਗਾ ਜੀਵਨ ਦਾਤਾ ਜਰੂਰ ਹੋਵੇਗਾ, ਉਸ ਘਰ ਵਿੱਚ ਜ਼ੋਰਾਵਰ ਸਿੰਘ, ਫ਼ਤਹਿ ਸਿੰਘ ਵਰਗੇ
ਸਾਹਿਬਜਾਦੇ ਵੀ ਜਰੂਰ ਹੋਣਗੇ।
ਸਾਡੇ ਸਿੱਖ ਪਰਿਵਾਰਾਂ ਵਿਚੋਂ ਅੱਜ ਵੀ ਸਿੱਖੀ ਅਲੋਪ ਹੋ ਰਹੀ ਹੈ। ਇਸਦੇ
ਵਿੱਚ ਕਸੂਰ ਬੱਚਿਆਂ ਦਾ ਨਹੀ ਹੈ, ਕਸੂਰ ਸਾਡਾ ਹੈ, ਕਿਉਂਕਿ ਮਾਂ ਗੁਜਰੀ ਦਾ ਕਿਰਦਾਰ ਅਸੀਂ ਆਪਣੇ
ਘਰਾਂ ਵਿੱਚ ਨਹੀ ਨਿਭਾ ਸਕੇ।
ਆਓ। ਅਸੀ ਵੀ ਆਪਣੇ ਘਰਾਂ ਵਿੱਚ ਮਾਂ ਗੁਜਰੀ ਦਾ ਵਿਰਸਾ ਦੁਬਾਰਾ ਪੈਦਾ ਕਰ
ਲਈਏ, ਜੇਕਰ ਅਸੀਂ ਕਾਮਯਾਬ ਹੋ ਜਾਂਦੇ ਹਾਂ, ਤਾਂ ਦੁਨੀਆ ਦੀ ਕੋਈ ਵੀ ਤਾਕਤ ਸਾਡੇ ਘਰਾਂ ਵਿਚੋਂ
ਸਿੱਖੀ ਖ਼ਤਮ ਨਹੀ ਕਰ ਸਕੇਗੀ। ਆਓ। ਅਸੀਂ ਅਪਣੀ ਸੋਚ ਨੂੰ, ਮਾਂ ਗੁਜਰੀ ਦੀ ਸ਼ਹਾਦਤ ਨੂੰ ਸੱਚੀ ਸ਼ਰਧਾ
ਦੇ ਫੁੱਲ ਅਰਪਣ ਕਰੀਏ।
===== (ਚਲਦਾ …)