. |
|
ਸ਼ਿਕਾਰੀ ਸਾਧ ਅਤੇ ਸ਼ਰਧਾਲੂ ਭੇਡਾਂ
ਅਵਤਾਰ ਸਿੰਘ ਮਿਸ਼ਨਰੀ (5104325827)
ਸ਼ਿਕਾਰ ਕਰਨ ਵਾਲਾ ਸ਼ਿਕਾਰੀ ਜਾਨਵਰਾਂ ਨੂੰ ਆਪਣੇ ਫੰਦੇ ਵਿੱਚ ਫਸਾਉਣ ਲਈ ਕਈ
ਹਰਬੇ ਵਰਦਾ ਹੈ। ਜਾਲ ਲਾਉਣ ਤੋਂ ਪਹਿਲਾਂ ਕਈ ਤਰ੍ਹਾਂ ਦੀ ਚੂਰੀ ਜਾਂ ਚੋਗਾ ਵੀ ਜਾਨਵਰਾਂ ਅੱਗੇ
ਖਿਲਾਰਦਾ ਹੈ। ਜਿਵੇਂ ਮੱਛੀਆਂ ਫੜਨ ਵਾਲਾ ਮਾਛੀ ਕੁੰਡੀ ਅੱਗੇ ਮਾਸ ਦੀ ਬੋਟੀ ਟੰਗ ਲੈਂਦਾ ਹੈ। ਇਵੇਂ
ਹੀ ਡੇਰੇਦਾਰ ਸਾਧ ਸ਼ਿਕਾਰੀ ਭੋਲੀਆਂ-ਭਾਲੀਆਂ ਸੰਗਤਾਂ ਨਾਲ ਧਰਮ ਦਾ ਚੋਗਾ ਪਾ ਕੇ ਕਰ ਰਹੇ ਹਨ।
ਦੇਖੋ! ਭੇਡ ਇੱਕ ਭੋਲਾ-ਭਾਲਾ ਅਤੇ ਕਮ ਅਕਲ ਜਾਨਵਰ ਹੈ ਜੋ ਕੇਵਲ ਘਾਹ ਫੂਸ ਖਾਂਦਾ ਅਤੇ ਝੁੰਡਾਂ ਦੇ
ਰੂਪ ਵਿੱਚ ਰਹਿੰਦਾ ਹੈ। ਗਡਕਰੀ (ਇਆਲੀ) ਲੋਕ ਇਸ ਨੂੰ ਪਾਲਦੇ, ਇਸ ਦਾ ਦੁੱਧ ਪੀਂਦੇ, ਉੱਨ
ਲ੍ਹਾਉਂਦੇ ਅਤੇ ਮੀਟ ਵੀ ਖਾ ਜਾਂਦੇ ਹਨ। ਇਵੇਂ ਹੀ ਡੇਰੇਦਾਰ ਸਾਧ ਪਾਲੇ ਹੋਏ ਭਾਵ ਸ਼ਰਧਾਲੂ ਬਣ
ਚੁੱਕੇ ਲੋਕਾਂ ਦਾ ਖੂਨ ਵੀ ਪੀਂਦੇ, ਕਰਮਕਾਂਡਾਂ ਜਾਂ ਪੂਜਾ ਪਾਠ ਦੇ ਨਾਂ ਤੇ ਛਿੱਲ ਵੀ ਚੰਗੀ
ਲ੍ਹਾਉਂਦੇ, ਸਵੈਮਾਨ ਅਤੇ ਮਤਿ ਅਕਲ ਵੀ ਮਾਰ ਕੇ ਖਾ ਜਾਂਦੇ ਹਨ। ਦੇਖੋ! ਨਾਂਮ ਨਾਲ ਸਿੰਘ ਜਾਂ ਕੌਰ
ਹੋਵੇ ਤੇ ਜਾਵੇ ਸਾਧਾਂ ਦੇ ਡੇਰਿਆਂ ਉੱਤੇ, ਤਾਂ ਉਹ ਭੇਡ ਹੀ ਹੋ ਸਕਦਾ ਹੈ ਸਿੰਘ ਜਾਂ ਕੌਰ ਨਹੀਂ।
ਗੁਰੂ ਨੇ ਸਾਨੂੰ ਸਿੰਘ ਬਣਾਇਆ ਸੀ ਨਾਂ ਕਿ ਭੇਡਾਂ ਦੇ ਵੱਗ। ਜਦ ਸਾਧਾਂ ਨੇ ਓਥੇ (ਡੇਰਿਆਂ) ਤੇ ਜਾਣ
ਵਾਲਿਆਂ ਦੀ ਚੰਗੇ-ਮੰਦੇ ਦੀ ਪਰਖ ਕਰਨ ਵਾਲੀ ਸੋਚਣ ਸ਼ਕਤੀ ਰੂਪ ਮਤਿ-ਬੁੱਧਿ-ਅਕਲ ਹੀ ਮਾਰ ਕੇ ਖਾ ਲਈ,
ਹੁਣ ਉਹ ਮੁਰਦਾ ਲੋਥਾਂ ਹੀ ਹਨ ਜੋ ਹਰਕਤ ਨਹੀਂ ਕਰ ਸਕਦੀਆਂ। ਹਾਂ ਜੇ ਚਾਹੁੰਣ ਤਾਂ ਐਸੀ ਡੇਰੇਦਾਰ
ਸਾਧਾਂ ਦੀ ਮਾਰ ਵਾਲੇ ਨੁਕਸਾਨ ਜਾਂ ਅਤਿਆਚਾਰ ਤੋਂ ਸਬਕ ਲੈ ਕੇ, ਉਨ੍ਹਾਂ ਦੀਆਂ ਅਗਲੀਆਂ ਪੀੜੀਆਂ
ਅਤੇ ਸੰਗਤਾਂ ਜਰੂਰ ਬਚ ਸਕਦੀਆਂ ਹਨ।
ਜਰਾ ਧਿਆਨ ਦਿਓ! ਸਿੱਖ ਕੌਮ ਦੀ
“ਸ਼ੇਰ ਚਾਲ”
ਨੂੰ ਆਏ ਦਿਨ ਡੇਰੇਦਾਰ ਸਾਧ
“ਭੇਡ ਚਾਲ” ਵਿੱਚ ਬਦਲੀ ਜਾ ਰਹੇ ਹਨ। ਇਸ
ਤੋਂ ਬਚਨ ਦਾ ਸਾਧਨ ਕੇਵਲ ਗੁਰਬਾਣੀ ਗਿਆਨ ਹੈ, ਜੋ ਅਸਾਂ ਨੇ ਅਕਲਿ (ਸੂਝ-ਬੂਝ) ਨਾਲ ਪੜ੍ਹਨੀ,
ਸਮਝਨੀ ਅਤੇ ਜੀਵਨ ਵਿੱਚ ਧਾਰਨੀ ਹੈ ਨਾਂ ਕਿ ਡੇਰੇਦਾਰ ਸਾਧਾਂ ਦੇ ਭਰਮ-ਜਾਲ ਵਿੱਚ ਹੀ ਫਸੇ ਰਹਿਣਾ
ਹੈ। ਅੰਨ੍ਹੀ ਸ਼ਰਧਾ ਵੱਸ, ਅਕਲਿ ਨੂੰ ਤਾਲੇ ਲਾ ਕੇ, ਇਨ੍ਹਾਂ ਭੇਖੀ ਸਾਧਾਂ ਦੀਆਂ ਮਨਘੜਤ ਸਾਖੀਆਂ
ਜਾਂ ਕਥਾਵਾਂ ਦਾ ਕੰਨ ਰਸ ਹੀ ਨਹੀਂ ਲੈਂਦੇ ਰਹਿਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਤਾਂ
ਪੁਕਾਰ-ਪੁਕਾਰ ਕੇ ਕਹਿ ਰਹੇ ਹਨ ਕਿ-ਅਕਲੀਂ
ਸਾਹਿਬ ਸੇਵੀਐ ਅਕਲੀਂ ਪਾਈਐ ਮਾਨੁ॥ ਅਕਲੀ ਪੜਿ ਕੇ ਬੁਝੀਐ ਅਕਲੀਂ ਕੀਚੈ ਦਾਨੁ॥ ਨਾਨਕ ਆਖੈ ਰਾਹੁ
ਏਹੁ ਹੋਰਿ ਗਲਾਂ ਸ਼ੈਤਾਨ॥(ਗੁਰੂ ਗ੍ਰੰਥ) ਸੋ
ਸਾਧਾਂ ਦੇ ਡੇਰਿਆਂ ਤੇ ਜਾਣ ਵਾਲਾ ਸਿੱਖ ਜਾਂ ਤਾਂ ਭੇਡ ਹੋ ਸਕਦਾ ਹੈ ਜਾਂ ਉਸ ਔਰਤ ਵਰਗਾ ਜੋ ਆਪਣੇ
ਪਤੀ ਨੂੰ ਛੱਡ ਕੇ ਹੋਰਨਾਂ ਮਗਰ ਤੁਰੀ ਫਿਰਦੀ ਹੈ। ਲੱਖ ਲਾਹਨਤ ਹੈ ਜੋ ਸਰਬ ਸਾਂਝੇ ਗਿਆਨ ਦਾਤਾ
ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਭੇਡਾਂ ਵਾਂਗ ਡੇਰੇਦਾਰ ਸਾਧਾਂ ਦੇ ਮਗਰ-ਮਗਰ ਤੁਰੇ ਫਿਰਦੇ,
ਆਪਣਾ ਸਵੈਮਾਨ, ਅਮੁੱਲ ਵਿਲੱਖਣ ਵਿਰਸਾ ਅਤੇ ਗੁਰੂ ਦੀ ਬਖਸ਼ੀ ਅਜ਼ਾਦ ਸੋਚ ਸ਼ਕਤੀ ਗਵਾਈ ਜਾ ਰਹੇ ਹਨ।
ਅਰਦਾਸਿ ਵਿੱਚ ਵੀ ਕਹਿੰਦੇ ਹਾਂ ਕਿ
“ਸਿੱਖਾਂ ਦਾ ਮਨ ਨੀਵਾਂ ਮਤਿ
ਉੱਚੀ” ਗੁਰਸਿੱਖਾਂ ਨੂੰ ਉੱਚੀ-ਸੁੱਚੀ ਮਤਿ
ਅਕਲਿ “ਵਿਹਲੜ ਲੋਟੂ
ਸਾਧਾਂ” ਦੇ ਪੈਰਾਂ ਵਿੱਚ ਰੋਲਣ ਲਈ ਸ਼ਰਧਾਲੂ
ਭੇਡਾਂ ਨਹੀਂ ਬਣਨਾ ਚਾਹੀਦਾ ਸਗੋਂ ਗੁਰਮਤਿ ਗਾਡੀ ਰਾਹ
“ਕਿਰਤ ਕਰੋ, ਵੰਡ ਛਕੋ ਅਤੇ ਨਾਮ
ਜਪੋ” ਅਪਣਾ ਕੇ, ਆਪਣੇ ਘਰ ਪ੍ਰਵਾਰ, ਦੇਸ਼
ਅਤੇ ਸਮੁੱਚੀ ਮਨੁੱਖਤਾ ਦੀ ਸੇਵਾ ਕਰਕੇ, ਮਨੁੱਖਾ ਜਨਮ ਸਫਲਾ ਕਰਨਾ ਹੀ ਚਾਹੀਦਾ ਹੈ। ਕਾਸ਼! ਜੇ ਸਿੱਖ
ਕੌਮ, ਜਗਤ ਗੁਰੂ ਬਾਬਾ ਨਾਨਕ ਦੁਆਰਾ ਦਿੱਤੀ ਸਿੱਖਿਆ
“ਬਾਣੀ ਰੂਪ ਸ਼ਬਦ ਗੁਰੂ ਗਿਆਨ”
ਅਤੇ ਗੁਰੂ ਗੋਬਿੰਦ ਸਿੰਘ ਵੱਲੋਂ ਕੀਤੇ ਹੁਕਮ ਕਿ-ਸਭ
ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥
(ਅਰਦਾਸੀ ਦੋਹਰਾ) ਦੀ ਧਾਰਨੀ ਹੁੰਦੀ ਤਾਂ ਅੱਜ ਵੱਖ-ਵੱਖ
“ਵਿਹਲੜ ਲੋਟੂ ਸਾਧਾਂ”
ਦਾ ਸ਼ਿਕਾਰ ਹੋ ਕੇ, ਭੇਡਾਂ ਵਾਂਗ, ਡੇਰਿਆਂ ਰੂਪ ਮਨਮੱਤਾਂ, ਥੋਥੇ ਕਰਮਾਂ ਅਤੇ ਅੰਨ੍ਹੀ ਸ਼ਰਧਾ ਦੇ
ਡੂੰਘੇ ਖੂਹਾਂ ਵਿੱਚ ਛਾਲਾ ਨਾਂ ਮਾਰਦੀ ਸਗੋਂ
ਕੇਵਲ ਤੇ ਕੇਵਲ ਗੁਰੂ ਗ੍ਰੰਥ ਦੇ
ਪੰਥ (ਗੁਰਮੁਖ ਗਾਡੀ ਰਾਹ) ਤੇ ਚਲਦੀ। ਵਾਸਤਾ
ਰੱਬ ਦਾ, ਗੁਰਸਿੱਖੋ! ਬਚੋ ਸ਼ਿਕਾਰੀ ਤੇ ਪੁਜਾਰੀ ਭੇਖੀ ਸਾਧ-ਸੰਪ੍ਰਦਾਈਆਂ ਦੀ ਅੰਨ੍ਹੀ ਸ਼ਰਧਾ ਅਤੇ
ਕਰਮਕਾਂਡਾਂ ਦੇ ਲੋਟੂ ਖੂੰਨੀ ਪੰਜਿਆਂ ਤੋਂ!
|
. |