. |
|
ਕਰਤਾਰਪੁਰੀ ਬੀੜ ਬਾਰੇ ਸੱਚੋ-ਸੱਚ
ਸਰਵਜੀਤ ਸਿੰਘ
ਜਦੋਂ ਕਦੇ ਵੀ ਪੁਰਾਤਨ ਬੀੜਾਂ ਦੀ ਗੱਲ ਛਿੜਦੀ ਹੈ ਜਾਂ ਹਰ ਸਾਲ ਜਦੋਂ ਪੋਥੀ
ਸਾਹਿਬ ਦੀ ਸੰਪੂਰਨਤਾ ਦਿਵਸ, ਭਾਂਦੋ ਵਦੀ ਏਕਮ, 1 ਭਾਦੋਂ/16 ਅਗਸਤ ਜਾਂ ਪਹਿਲਾ ਪ੍ਰਕਾਸ਼ ਦਿਵਸ
ਭਾਦੋਂ ਸੁਦੀ ਏਕਮ, 17 ਭਾਦੋਂ 1/ਸਤੰਬਰ ਨੂੰ ਮਨਾਇਆ ਜਾਂਦਾ ਹੈ ਤਾਂ ਅਕਸਰ ਕਰਤਾਰਪੁਰੀ ਬੀੜ ਦੀ
ਚਰਚਾ ਹੁੰਦੀ ਹੈ। ਕਰਤਾਰਪੁਰੀ ਬੀੜ ਬਾਰੇ ਚਰਚਾ ਕਰਨ ਵਾਲੇ ਬਹੁਤੇ ਵਿਦਵਾਨਾਂ/ਲੇਖਕਾਂ ਦਾ
ਕਰਤਾਰਪਰੀ ਬੀੜ ਸਬੰਧੀ ਜਾਣਕਾਰੀ ਦਾ ਸੋਮਾ ਭਾਈ ਜੋਧ ਸਿੰਘ ਜੀ ਦੀ ਲਿਖਤ ‘ਕਰਤਾਰਪੁਰੀ ਬੀੜ ਦੇ
ਦਰਸ਼ਨ’ ਹੀ ਹੈ। ਜਿਥੇ, ਮੌਜੂਦਾ ਕਰਤਾਰਪੁਰੀ ਬੀੜ, ਜਿਸ ਨੂੰ ਵੇਖਣ ਦੀ ਲੱਗ ਭੱਗ ਮਨਾਹੀ ਹੈ, ਨੂੰ
ਭਾਈ ਗੁਰਦਾਸ ਜੀ ਦੀ ਹੱਥ ਲਿਖਤ ਸਾਬਿਤ ਕਰਨ ਵਾਲਿਆਂ ਦਾ ਵਸੀਲਾ ਭਾਈ ਜੋਧ ਸਿੰਘ ਜੀ ਦੀ ਲਿਖਤ ਹੀ
ਹੈ ਉਥੇ ਹੀ ਅੱਜ ਸਾਡੇ ਪਾਸ ਮੌਜੂਦਾ ਬੀੜ ਨੂੰ ਕਿਸੇ ਹੋਰ ਬੀੜ ਦਾ ਉਤਾਰਾ ਸਾਬਿਤ ਕਰਨ ਲਈ ਵੀ ਭਾਈ
ਜੋਧ ਸਿੰਘ ਦੀ ਲਿਖਤ ‘ਕਰਤਾਰਪੁਰੀ ਬੀੜ ਦੇ ਦਰਸ਼ਨ’ ਹੀ ਹੈ।
ਪਿਛਲੇ ਦਿਨੀਂ ਯੂ ਟਿਊਬ ਤੇ ਆਈ ਇਕ ਵੀ ਡੀ ਓ ਵੇਖਣ ਦਾ ਮੌਕਾ ਮਿਲਿਆ, ਜਿਸ
ਵਿੱਚ ਇਕ ਨਵੇਂ ਬਣੇ ਪੱਤਰਕਾਰ ਨੇ ਇਕ ਖਾਸ ਰੰਗ ਦੀ ਪੱਤਰਕਾਰੀ ਦਾ ਨਮੂਨਾ ਪੇਸ਼ ਕਰਦਿਆਂ, ਵਿਸ਼ੇ ਤੋਂ
ਬਾਹਰ ਜਾ ਕੇ ਇਕ ਸਵਾਲ ਵਿੱਚ ਕਰਤਾਰਪਰੀ ਬੀੜ ਦਾ ਜਿਕਰ ਕੀਤਾ ਤਾਂ ਇਕ ਉਚ ਕੋਟੀ ਦੇ ਇਤਿਹਾਸਕਾਰ ਨੇ
ਵੀ ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ ਤੇ ਕਿੰਤੂ-ਪ੍ਰੰਤੂ ਕਰਨ ਵਾਲਿਆਂ ਨੂੰ ਸੁਝਾਓ ਦਿੱਤਾ ਕਿ
ਉਨ੍ਹਾਂ ਨੂੰ ਭਾਈ ਜੋਧ ਸਿੰਘ ਦੀ ਕਿਤਾਬ ‘ਕਰਤਾਰਪੁਰੀ ਬੀੜ ਦੇ ਦਰਸ਼ਨ’ ਪੜ੍ਹਨੀ ਚਾਹੀਦੀ ਹੈ।
ਉਥੇ ਹੀ ਉਨ੍ਹਾਂ ਨੇ ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ ਨੂੰ ਸਾਬਿਤ ਕਰਨ ਲਈ ਭਾਈ ਜੋਧ ਸਿੰਘ ਦੀ
ਲਿਖਤ ਦੇ ਹਵਾਲੇ ਨਾਲ ਇਹ ਵੀ ਜਾਣਕਾਰੀ ਦਿੱਤੀ ਕਿ,੧੯੪੬ ਵਿਚ ਲਾਹੌਰ ਹਾਈ ਕੋਰਟ ਵਿਚ ਕਰਤਾਰਪੁਰੀ
ਬੀੜ ਸਬੰਧੀ ਚਲ ਰਹੇ ਮੁਕੱਦਮੇ ਦੌਰਾਨ ਇਹ ਬੀੜ ਭਾਈ ਜੋਧ ਸਿੰਘ ਸਮੇਤ ਦੋ ਅੰਗਰੇਜ ਵਿਦਵਾਨਾਂ ਦੀ
ਨਿਗਰਾਨੀ ਵਿੱਚ ਰਹੀ ਸੀ। ਇਸ ਦੌਰਾਨ ਭਾਈ ਜੋਧ ਸਿੰਘ ਨੇ ਬੀੜ ਦੀ ਜਾਂਚ ਪੜਤਾਲ ਕੀਤੀ ਸੀ ਅਤੇ
ਕਰਤਾਰਪੁਰੀ ਬੀੜ ਦੇ ਦਰਸ਼ਨ ਨਾਂ ਦੀ ਕਿਤਾਬ ਲਿਖੀ ਸੀ। ਜਦੋਂ ਅਸੀਂ ਭਾਈ ਜੋਧ ਸਿੰਘ ਜੀ ਆਪਣੀ ਲਿਖਤ,
‘ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ’ ਵੇਖਦੇ ਹਾਂ ਤਾਂ ਉਹ ਵਿਦਵਾਨ ਇਤਿਹਾਸਕਾਰ ਦੇ ਦਾਵੇ ਦੀ ਪੁਸ਼ਟੀ
ਨਹੀ ਕਰਦੀ ਸਗੋਂ ਉਹ ਤਾਂ ਕੁਝ ਹੋਰ ਦੱਸਦੀ ਹੈ। ਭਾਈ ਜੋਧ ਸਿੰਘ ਜੀ ਖ਼ੁਦ ਲਿਖਦੇ ਹਨ, “ਸਭ ਤੋਂ
ਪਹਿਲਾਂ ਅਸੀਂ ਮੈਨੇਜਰ ਸਾਹਿਬ ਕੋਰਟ ਆਫ ਵਾਰਡ ਸ੍ਰੀ ਕਰਤਾਰਪੁਰ ਅਸਟੇਟ ਨੂੰ ਬੇਨਤੀ ਕੀਤੀ ਕਿ
ਸਾਨੂੰ ਦੱਸਿਆ ਗਿਆ ਹੈ ਕਿ ਆਪ ਜੀ ਦੇ ਪਾਸ ਕਈ ਪੁਰਾਤਨ ਬੀੜਾਂ ਹਨ, ਸਾਨੂੰ ਉਸੇ ਬੀੜ ਦੇ ਦਰਸ਼ਨ
ਕਰਵਾਉਣੇ ਜੋ ਅਸਲੀ ਹੈ”। ਇਸ ਤੋਂ ਸਪੱਸ਼ਟ ਹੈ ਕਿ ਭਾਈ ਜੋਧ ਸਿੰਘ ਜੀ ਨੇ ਆਪਣੇ ਸਾਥੀਆਂ ਪ੍ਰੋ.
ਤੇਜਾ ਸਿੰਘ ਅਤੇ ਪ੍ਰਿੰ. ਗੰਗਾ ਸਿੰਘ ਜੀ ਨਾਲ ੭ ਅਕਤੂਬਰ ੧੯੪੫ ਨੂੰ ਕਰਤਾਰਪੁਰ ਜਾ ਕੇ, ਦੁਪਹਿਰ
ਦੇ 12 ਵਜੇ ਤੋਂ 5.45 ਵਜੇ ਤੱਕ ਬੀੜ ਦੇ ਪਹਿਲੀ ਵਾਰ ਦਰਸ਼ਨ ਕੀਤੇ ਅਤੇ ਰਿਪੋਰਟ ਤਿਆਰ ਕੀਤੀ ਸੀ।
ਇਸ ਰਿਪੋਟ ਤੇ ਪ੍ਰਿੰ. ਗੰਗਾ ਸਿੰਘ, ਪ੍ਰੋ. ਤੇਜਾ ਸਿੰਘ ਅਤੇ ਭਾਈ ਜੋਧ ਸਿੰਘ ਜੀ ਨੇ (11/10/45)
ਦਸਖ਼ਤ ਕੀਤੇ ਸਨ। ਭਾਈ ਜੋਧ ਸਿੰਘ ਨੇ ਦੂਜੀ ਵਾਰ 11 ਨਵੰਬਰ 1945 ਅਤੇ ਤੀਜੀ ਵਾਰ ਅਗਸਤ 1946 ਵਿੱਚ
ਕਰਤਾਰਪੁਰ ਜਾ ਕੇ ਬੀੜ ਦੇ ਦਰਸ਼ਨ ਕੀਤੇ ਸਨ।
ਇਸ ਰਿਪੋਟ ਮੁਤਾਬਕ ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ ਜਿਥੇ ਭਾਈ ਜੋਧ ਸਿੰਘ
ਆਪ ਹੀ ਇਹ ਲਿਖ ਕੇ, “ਸਭ ਤੋਂ ਪਹਿਲਾਂ ਅਸੀਂ ਮੈਨੇਜਰ ਸਾਹਿਬ ਕੋਰਟ ਆਫ ਵਾਰਡ ਸ੍ਰੀ ਕਰਤਾਰਪੁਰ
ਅਸਟੇਟ ਨੂੰ ਬੇਨਤੀ ਕੀਤੀ ਕਿ ਸਾਨੂੰ ਦੱਸਿਆ ਗਿਆ ਹੈ ਕਿ ਆਪ ਜੀ ਦੇ ਪਾਸ ਕਈ ਪੁਰਾਤਨ ਬੀੜਾਂ ਹਨ,
ਸਾਨੂੰ ਉਸੇ ਬੀੜ ਦੇ ਦਰਸ਼ਨ ਕਰਵਾਉਣੇ ਜੋ ਅਸਲੀ ਹੈ” ਸ਼ੱਕੀ ਬਣਾ ਦਿੰਦੇ ਹਨ ਉਥੇ ਹੀ ਤਿੰਨ
ਮੈਂਬਰੀ ਕਮੇਟੀ ਦੇ ਇਕ ਮੈਂਬਰ, ਪ੍ਰੋ. ਤੇਜਾ ਸਿੰਘ ਇਸ ਰਿਪੋਟ ਤੇ ਦਸਖ਼ਤ ਕਰਨ ਵਾਰੇ ਆਪਣੇ ਵਿਸ਼ਵਾਸ
ਪਾਤਰ ਪ੍ਰੋ. ਪ੍ਰੀਤਮ ਸਿੰਘ ਜੀ ਨੂੰ ਇਹ ਕਹਿਣਾ ਕਿ ਮੈਂ ਤਾਂ ਇਸ ਰਿਪੋਟ ਤੇ ਪੰਥਕ ਏਕਤਾ ਵਾਸਤੇ
ਦਸਖ਼ਤ ਕੀਤੇ ਹਨ, ਵੀ ਵਿਚਾਰ ਦੀ ਮੰਗ ਕਰਦਾ ਹੈ। (ਸਿੱਖਾਂ ਦੀ ਭਗਤਮਾਲ-ਪੰਨਾ 171, ਸੰਪਾਦਕ ਡਾ
ਸ ਸ ਸਿੰਘ ਪਦਮ,) ਇਸ ਵਿਚ ਕੋਈ ਸ਼ੱਕ ਨਹੀ ਕਿ ਭਾਈ ਜੋਧ ਸਿੰਘ ਜੀ ਉਚ ਕੋਟੀ ਦੇ ਵਿਦਵਾਨ ਸਨ ਪਰ
ਉਨ੍ਹਾਂ ਦੀ ਖੋਜ ਨਤੀਜਾ ਮੁਖੀ ਹੋਣ ਕਾਰਨ ਜਿਥੇ ਰਾਗਮਾਲਾ ਨੂੰ ਭਾਈ ਗੁਰਦਾਸ ਜੀ ਦੀ ਲਿਖਤ ਸਾਬਿਤ
ਕਰਨਾ ਉਨ੍ਹਾਂ ਦਾ ਉਦੇਸ਼ ਸੀ ਉਥੇ ਹੀ ਉਨ੍ਹਾਂ ਦੀ ਇਮਾਨਦਾਰੀ ਦੀ ਵੀ ਦਾਦ ਦੇਣੀ ਬਣਦੀ ਹੈ।
ਉਨ੍ਹਾਂ ਦੀ ਇਮਾਨਦਾਰੀ ਹੀ,
ਕਰਤਾਰਪੁਰੀ ਬੀੜ ਦੇ ਕਿਸੇ ਹੋਰ ਬੀੜ ਦੀ ਨਕਲ ਹੋਣ ਦੇ ਸਬੂਤ ਵੀ ਛੱਡ ਗਈ ਹੈ।
ਭਾਈ ਜੋਧ ਸਿੰਘ ਦੀ ਕਮੇਟੀ ਦੀ ਰਿਪੋਰਟ ਕਰਤਾਰਪੁਰੀ ਬੀੜ ਵਿਚ ਰਾਗਮਾਲਾ ਦਰਜ
ਹੋਣ ਅਤੇ ਬੀੜ ਦੇ ਲੇਖਕ ਦੀ ਲਿਖੀ ਹੋਈ ਹੋਣ ਦਾ ਨਿਰਨਾ ਕਰਨ ਬਾਰੇ ਸੀ। “ਕਮੇਟੀ ਦੀ ਜਾਂਚ ਪੜਤਾਲ
ਅਨੁਸਾਰ ਰਾਗਮਾਲਾ ਬੀੜ ਦੇ ਲੇਖਕ ਵੱਲੋਂ ਉਸੇ ਕਲਮ ਅਤੇ ਸਿਆਹੀ ਵਿਚ ਲਿਖੀ ਹੋਈ ਹੈ ਜਿਸ ਵਿਚ ਬਾਕੀ
ਸਾਰੀ ਬੀੜ ਹੈ। ਰਿਪੋਟ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਰਾਗਮਾਲਾ ਜਿਸ ਵੇਲੇ ਬੀੜ ਸਮਾਪਤ ਹੋਈ ਉਦੋਂ
ਨਾਲ ਹੀ ਲਿਖੀ ਗਈ। ਲਿਖਾਰੀ ਰਾਗਮਾਲਾ ਦਾ ਵੀ ਉਹੋ ਹੈ ਜਿਸ ਦੇ ਹੱਥੋਂ ਬੀੜ ਲਿਖਾਈ ਗਈ”। (ਪੰਨਾ ੲ)
ਸ਼੍ਰੋਮਣੀ ਕਮੇਟੀ ਨੇ ਰਾਗਮਾਲਾ ਨੂੰ ਗੁਰਬਾਣੀ ਦਾ ਭਾਗ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਭਾਵੇਂ ਇਸ
ਨੂੰ ਬੀੜ ਵਿਚ ਛਾਪਣਾ ਤਾਂ ਜ਼ਰੂਰੀ ਕਰਾਰ ਦਿੱਤਾ ਹੈ ਪਰ ਇਸ ਨੂੰ ਪੜ੍ਹਨ ਜਾਂ ਪੜ੍ਹਨ ਦੀ ਸਿੱਖਾਂ
ਨੂੰ ਖੁਲ੍ਹ ਦੇ ਦਿੱਤੀ ਹੈ।
“ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ
ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ
ਪੰਥ 'ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ
ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ”। (ਸਿੱਖ ਰਹਿਤ ਮਰਯਾਦਾ ਪੰਨਾ 18) ਇਸ ਦਾ ਸਪੱਸ਼ਟ ਭਾਵ ਇਹ
ਬਣਦਾ ਹੈ ਕਿ ਸ਼੍ਰੋਮਣੀ ਕਮੇਟੀ ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦੀ।
ਪਰ ਕਿਉਂਕਿ ਰਾਗਮਾਲਾ ਕਰਤਾਰਪੁਰੀ ਬੀੜ ਦਾ
ਅਨਿਖੜਵਾਂ ਅੰਗ ਹੈ ਇਸ ਲਈ ਸ਼੍ਰੋਮਣੀ ਕਮੇਟੀ ਦਾ ਰਾਗਮਾਲਾ ਬਾਰੇ ਫੈਸਲਾ, ਕਰਤਾਰਪੁਰੀ ਬੀੜ ਦੇ ਅਸਲੀ
ਅਤੇ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਪੋਥੀ ਸਾਹਿਬ ਹੋਣ ਬਾਰੇ ਵੀ ਪ੍ਰਸ਼ਨ ਚਿੰਨ੍ਹ ਲਾ ਦਿੰਦਾ ਹੈ।
ਜਿਸ ਪੋਥੀ ਵਿਚ ਅਪ੍ਰਮਾਣਿਤ ਰਚਨਾ ਦਰਜ ਹੈ ਉਹ ਪੋਥੀ ਅਸਲੀ ਕਿਵੇਂ ਹੋ ਸਕਦੀ ਹੈ?
ਇਸ ਤੋਂ ਪਹਿਲਾਂ ਕਿ ਕਰਤਾਰਪੁਰੀ ਬੀੜ ਸਬੰਧੀ, ਭਾਈ ਜੋਧ ਸਿੰਘ ਜੀ ਦੀ ਲਿਖਤ
‘ਕਰਤਾਰਪੁਰੀ ਬੀੜ ਦੇ ਦਰਸ਼ਨ’ ਦੀ ਪੜਤਾਲ ਕੀਤੀ ਜਾਵੇ, ਉਸ ਤੋਂ ਪਹਿਲਾ ਉਨ੍ਹਾਂ ਵਿਦਵਾਨਾਂ (ਗੋਕਲ
ਚੰਦ ਨਾਰੰਗ, Dr C H Loehin & Dr J C Archer)
ਜਿਨ੍ਹਾਂ ਦਾ ਜਿਕਰ ਇਤਿਹਾਸਕਾਰ ਡਾ ਗੁਰਦਰਸ਼ਨ ਸਿੰਘ ਜੀ ਨੇ ਕੀਤਾ ਹੈ, ਉਨ੍ਹਾਂ ਦੇ ਵਿਚਾਰ ਵੀ ਜਾਣ
ਲੈਣੇ ਪਾਠਕਾਂ ਲਈ ਲਾਹੇਵੰਦ ਹੋਣਗੇ।
ਗੋਕਲ ਚੰਦ ਨਾਰੰਗ ਨੇ ਆਪਣੀ ਕਿਤਾਬ, ‘ਸਿੱਖ ਮਤ ਦਾ ਪਰਿਵਰਤਨ’ ਵਿੱਚ
ਕਰਤਾਰਪੁਰੀ ਬੀੜ ਬਾਰੇ ਕੋਈ ਠੋਸ ਜਾਣਕਾਰੀ ਨਹੀ ਦਿੱਤੀ। ‘ਸਿੱਖਾਂ ਦੇ ਧਾਰਮਿਕ ਗ੍ਰੰਥ’ (ਅੰਤਿਕਾ
੧) ਦੇ ਸਿਰਲੇਖ ਹੇਠ ਨਾਰੰਗ ਲਿਖਦਾ ਹੈ, “ਸਿੱਖਾਂ ਦੇ ਪਵਿੱਤਰ ਗ੍ਰੰਥ ਦੋ ਹਨ, ਆਦਿ ਗ੍ਰੰਥ ਅਤੇ
ਦਸਮ ਗ੍ਰੰਥ। ਦਸਮ ਗ੍ਰੰਥ ਨੂੰ ਦਸਮੇਂ ਪਾਤਸ਼ਾਹ ਦਾ ਗ੍ਰੰਥ ਵੀ ਕਹਿੰਦੇ ਹਨ। ਆਦਿ ਗ੍ਰੰਥ ਦਾ ਵਧੇਰੇ
ਸਤਿਕਾਰ ਕੀਤਾ ਜਾਂਦਾ ਹੈ। ਇਸ ਦਾ ਪਾਠ ਬਹੁਤ ਪ੍ਰਚਲਿਤ ਹੈ। ਇਸ ਨੂੰ ਸਿੱਖਾਂ ਦੀ ਅੰਜੀਲ ਹੀ ਸਮਝਿਆ
ਜਾਂਦਾ ਹੈ। ...ਗੁਰੂ ਗ੍ਰੰਥ ਸਾਹਿਬ ਵਿੱਚ ਛੱਤੀ ਲੇਖਕਾਂ ਦੀਆਂ ਰਚਨਾਵਾਂ ਸ਼ਾਮਿਲ ਹਨ, ਜਿਨ੍ਹਾਂ ਦਾ
ਵਰਗੀ ਕਰਨ ਹੇਠ ਲਿਖੇ ਅਨੁਸਾਰ ਕਿਤਾ ਜਾ ਸਕਦਾ ਹੈ; ... ਸੱਤ ਸਿੱਖ ਗੁਰੂ ਸਾਹਿਬਾਨ। ਤਿੰਨ ਅਰਥਾਤ
ਛੇਵੇਂ ਸੱਤਵੇਂ ਅਤੇ ਅੱਠਵੇਂ ਨੇ ਕੁਝ ਨਹੀਂ ਲਿਖਿਆ, ਅਤੇ ਦਸਵੇਂ ਨੇ ਕੇਵਲ ਇਕ ਤੁਕ ਲਿਖੀ ਹੈ ਜਿਸ
ਦੇ ਮੂਲ ਲੇਖਕ ਬਾਰੇ ਸ਼ੰਕਾ ਹੈ।...ਆਦਿ ਗ੍ਰੰਥ ਦੀ ਪਹਿਲੀ ਬੀੜ ਕਰਤਾਰਪੁਰ ਦੇ ਸੋਢੀਆਂ ਦੇ ਕਬਜ਼ੇ
ਵਿਚ ਹੈ ਜਿਸ ਦੇ ਦਰਸ਼ਨ ਸਵਾ ਰੁਪਏ ਦਾ ਕੜਾਹ ਪ੍ਰਸ਼ਾਦ ਚੜ੍ਹਾ ਕੇ ਕੀਤੇ ਜਾ ਸਕਦੇ ਹਨ। ਮਹਾਰਾਜਾ
ਰਣਜੀਤ ਸਿੰਘ ਨੇ 1831 ਵਿੱਚ ਇਸ ਨੂੰ ਲਾਹੌਰ ਮੰਗਵਾ ਲਿਆ ਸੀ ਅਤੇ ਇਸ ਦੇ ਰੱਖਿਅਕਾਂ ਦੇ ਨਾਂ
50,000 ਰੁਪਏ ਦੀ ਜਾਗੀਰ ਲਗਵਾ ਦਿੱਤੀ ਸੀ”। (ਪੰਨਾ 281-83, ਅਨੁਵਾਦਕ ਪੋ: ਗੁਰਚਰਨ ਸਿੰਘ 1973)
“The Sikh religion community has the unique distinction of
having in its possession a manuscript of its original Scripture, namely the Adi
Granth kept at Kartarpur in Jalander District....Let me describe a look I had at
this Granth when its possession was under litigation. I quote from my rough
notes taken on July 7th 1946; Kashmiri paper, brownish, bout 12 * 8 mounted on
newer margins which are lighter in colors, making the page size about 15*
12. Many erasures, some filled in, but several lines completely blotted out in
greenish ink.
On November 21st 1946, Dr J C Archer of Yale University and I
again saw the Kartarpur Granth. Here is Dr Archer’s Account: The local guardian
of the Granth was ready for us and we all went together with the Giani to the
fort and the shish Mahal, hall of mirrors removed our shoes sat on the rugs
spread for us while the Giani went about opening the safe and exposing the
precious volume... But it bears neither dates nor any scribes name nor is its
history clear. Its authenticity cannot be proved”. (Dr C H loehin & Dr J C
Archer)
ਭਾਈ ਜੋਧ ਸਿੰਘ ਜੀ ਲਿਖਦੇ ਹਨ, “ਫਿਰ ਜਦੋਂ ਹਰ ਇਕ ਪਤ੍ਰੇ ਦੀ ਸੰਭਾਲ ਲਈ
ਉਸ ਦੇ ਸਾਰੇ ਪਾਸੇ ਚੇਪੀਆਂ ਲਗਾਈਆਂ ਗਈਆਂ ਤਾਂ ਇਹ ਕੰਮ ਚੰਗੀ ਤਰ੍ਹਾਂ ਤੋਂ ਤਾਂ ਹੀ ਹੋ ਸਕਦਾ ਸੀ
ਜੇ ਜਿਲਦ ਖੋਲੀ ਜਾਵੇ।...ਨਿਸ਼ਾਣ ਗੁਰੂ ਜੀਉ ਕੇ ਦਸਖਤ ਮ:੫ ਜਿਸ ਦਾ ਪਤ੍ਰਾ ਅੰਕ ੪੫ ਸੀ ਉਹ ੨੯ ਹੋ
ਗਿਆ। ਨਿਸ਼ਾਣ ਗੁਰੂ ਜੀਉ ਕੇ ਦਸਖਤ ਮ:੬ ਉਲਟਾ ਕੇ ਲਗਾ ਦਿਤਾ ਤੇ ਇਕ ਅੰਕ ਦਾ ਇਕ ਦਾ ਤਤਕਰੇ ਦੇ ਅੰਕ
ਦਾ ਤਤਕਰੇ ਦੇ ਅੰਕ ਨਾਲ ਉਸ ਦਾ ਭੁਲੇਖਾ ਪੈ ਗਇਆ” (ਪੰਨਾ ਹ) ਇਸ ਲਿਖਤ ਮੁਤਾਬਕ ਇਹ ਸਪੱਸ਼ਟ ਹੈ ਕਿ
ਕਰਤਾਰਪੁਰੀ ਬੀੜ ਦੀ ਕਿਸੇ ਵੇਲੇ ਜਿਲਦ ਖੋਲੀ ਗਈ ਸੀ। ਭਾਈ ਜੋਧ ਸਿੰਘ ਜੀ ਨੇ ਖ਼ੁਦ ਇਹ ਲਿਖ ਕੇ,
“ਇਹ ਕੰਮ ਚੰਗੀ ਤਰ੍ਹਾਂ ਤੋਂ
ਹੀ ਹੋ ਸਕਦਾ ਸੀ ਜੇ ਜਿਲਦ ਖੋਲੀ ਜਾਵੇ” ਪੰਡਤ
ਕਰਤਾਰ ਸਿੰਘ ਜੀ ਦੀ 13-12-1946 ਦੀ ਮੀਟਿੰਗ ਕਹੇ ਸ਼ਬਦਾਂ ਦੀ ਤਸਦੀਕ ਕਰ ਦਿੱਤੀ ਹੈ,
“ਭਾਈ ਕਾਨ੍ਹ ਸਿੰਘ ਨੇ ਜੋ ਕੁਝ ਲਿਖਿਆ
ਸੀ, ਕਿ ਉਹ ਸਾਰਾ ਕੁਝ ਬੀੜ ਵਿੱਚ ਸੀ ਤੇ ਪਿਛੋਂ 1928 ਵਿੱਚ ਚੁਪ-ਚੁਪੀਤੇ ਕੱਢਿਆ ਗਿਆ ਸੀ”
(ਮੁੰਦਾਵਣੀ ਪੰਨਾ 218) ਮੌਜੂਦਾ ਬੀੜ
ਵਿੱਚੋਂ ਕੁਝ ਪੱਤਰੇ ਕੱਢੇ ਜਾਣ ਦਾ ਸਬੂਤ ਇਸ ਬੀੜ ਵਿਚ ਵੀ ਦਰਜ ਹੈ। ਕਰਤਾਰਪੁਰੀ ਬੀੜ ਦੇ ਤਤਕਰੇ
ਮੁਤਾਬਕ ਪੰਨਾ ੯੭੪ ਤੇ ਰਾਗਮਾਲਾ ਤਥਾ ਸਿੰਘਲਦੀਪ ਕੀ ਸਿਵਨਾਭ ਰਾਜੇ ਕੀ ਬਿਧਿ’ ਦਰਜ ਹੈ ਪਰ ਅੱਜ
ਬੀੜ ਵਿੱਚ ‘ਸਿੰਘਲਦੀਪ ਕੀ ਸਿਵਨਾਭ ਰਾਜੇ ਕੀ ਬਿਧਿ’ ਦਰਜ ਨਹੀ ਹੈ। ਸਪੱਸ਼ਟ ਹੈ ਕਿ ਜਿਸ
ਬੀੜ ਦੀ ਜਿਲਦ ਵਾਰ-ਵਾਰ ਖੋਲੀ ਗਈ ਹੋਵੇ, ਉਸ ਬੀੜ ਨੂੰ ਪ੍ਰਮਾਣਿਕ ਮੰਨਣਾ ਕੋਈ ਸਿਆਣਪ ਵਾਲਾ ਫੈਸਲਾ
ਨਹੀ ਮੰਨਿਆ ਜਾ ਸਕਦਾ।
ਗੁਰੂ ਸਾਹਿਬ ਜੀ ਦੇ ਦਸਖ਼ਤਾਂ ਬਾਰੇ:- ਨਿਸ਼ਾਣ ਗੁਰੂ ਜੀਉ ਕੇ ਦਸਖਤ ਮ:
੫, ਕਰਤਾਰਪਰੀ ਬੀੜ ਦੇ ਤਤਕਰੇ ਵਿਚ ਵੀ ਦਰਜ ਹੈ ਬਾਰੇ, ਕਰਤਾਰਪੁਰੀ ਬੀੜ ਦੇ ਦਰਸ਼ਨ ਕਰਕੇ, ਹਰਿਨਾਮ
ਦਾਸ ਉਦਾਸੀ ਵੱਲੋਂ ਲਿਖੀ ਪੁਸਤਕ ‘ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨਿ ਬੀੜਾਂ ਤੇ
ਵਿਚਾਰ’ ਦੇ ਦਰਸ਼ਨ ਵੀ ਕਰ ਲਈਏ, “ਇਹ
ਬੀੜ ਸ਼੍ਰੀ ਸਤਿਗੁਰੂ ਅਰਜਨ ਦੇਵ ਜੀ ਦੀ ਲਿਖਵਾਈ ਹੋਈ ਅਤੇ ਭਾਈ ਗੁਰਦਾਸ ਜੀ ਦੀ ਲਿਖੀ ਹੋਈ’ ਹੇਠ
ਲਿਖੀਆਂ ਵਜੂਹਾਤਾ ਦੀ ਵਜ੍ਹਾ ਨਾਲ ਨਹੀ ਹੈ:- ਇਸ
ਬੀੜ ਦੇ ਪੰਨੇ ੪੦ ਉਤੇ ਸ਼੍ਰੀ ਗੁਰੂ ਅਰਜੁਨ ਦੇਵ ਜੀ ਦਾ ਲਿਖਿਆ ਹੋਇਆ ਮੂਲ ਮੰਤ੍ਰ ਹੈ। ਜਿਸ ਨੂੰ
ਸ਼੍ਰੀ ਗੁਰੂ ਜੀ ਦੇ ਦਸਤਖ਼ਤ ਕਹਿ ਕੇ ਏਥੋਂ ਦੇ ਨਿਵਾਸੀ ਦਰਸ਼ਨ ਕਰਵਾਉਂਦੇ ਹਨ। ਇਸ ਦੀ ਪੜਚੋਲ ਇਉਂ
ਕੀਤੀ ਹੈ ਕਿ ਇਹ ਦਸਤਖ਼ਤ (ਮੂਲ ਮੰਤ੍ਰ) ਇਕ ਛੋਟੇ ਜੇਹੇ ਕਾਗਜ਼ ਦੇ ਟੁਕੜੇ ਤੇ ਲਿਖਿਆ ਹੋਇਆ ਹੈ
ਅਰਥਾਤ ਬੀੜ ਦਾ ਪੱਤਰਾ ਨਹੀ। ਇਸ ਦੇ ਚਾਰ ਚੁਫੇਰੇ ਬੇਲ ਬੂਟੇ ਕੱਢ ਕੇ ਫ਼ਰੇਮ ਤੇ ਫ਼ੋਟੋ ਵਾਂਗੂ
ਲੁਕਾਇਆ ਹੋਇਆ ਹੈ। ਜਿਸ ਦਾ ਦਰਸ਼ਕਾਂ ਨੂੰ ਬਿਲਕੁਲ ਪਤਾ ਨਹੀ ਲਗਦਾ। ਪਤਾ ਸਿਰਫ ਸਪਰਸ਼ਕਾਂ ਨੂੰ ਹੀ
ਲਗਦਾ ਹੈ।...ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਦਸਤਖ਼ਤ ਜਿਸ ਨੂੰ ਮੂਲ ਮੰਤ੍ਰ ਕਿਹਾ ਜਾਂਦਾ ਹੈ। ਇਸ
ਦੇ ਸਪੈਲਿੰਗ ‘ਨਿਰਵੈਰ’ ਆਦਿਕ ਹਨ ਅਤੇ ਜਪੁ ਦੇ ਵਿਚ ਆਏ ਮੂਲ ਮੰਤ੍ਰ ਦੇ ਸਪੈਲਿੰਗ ‘ਨਿਰਵੈਰੁ’
ਅਦਿਕ।... ਵਾਸਤਵ
ਵਿਚ ਇਹ ਹੈ ਕਿ ਦਸਤਖ਼ਤ ਸਤਿਗੁਰਾਂ ਦੇ ਨਹੀਂ ਹਨ ਅਤੇ ਨਾ ਹੀ ਬੀੜ ਦੇ ਲਿਖਣ ਸਮਯ ਵਿਚ ਕੀਤੇ ਹੋਏ
ਹਨ। ਇਹ ਕਿਸੇ ਚਤੁਰ ਪੁਰਸ਼ ਨੇ ਬੀੜ ਵਿਚ ਦਾਖਲ ਕਰ ਦਿੱਤੇ ਹਨ ਅਤੇ ਬਣਾਉਟੀ ਹਨ। (ਪੰਨਾ 7)
ਨਿਸ਼ਾਣੁ ਗੁਰੂ ਜੀਉ ਕੇ ਦਸਖਤ ਮ:੬, ਤਤਕਰੇ ਮੁਤਾਬਕ ਇਹ ਕਰਤਾਰਪੁਰੀ ਬੀੜ ਦੇ
ਪੰਨਾ ੫੪੦ ਨੇ ਤੇ ਦਰਜ ਹੈ। ਕਰਤਾਰਪੁਰੀ ਬੀੜ ਵਿੱਚ ਪੰਨਾ ੫੪੦/੧ ਅਤੇ ੫੪੦/੨ ਖਾਲੀ ਹਨ (ਪੰਨਾ ੮੬)
੫੪੧/੧ ਪੰਨਾ ਬਾਰੇ ਇਹ ਨੋਟ ਦਰਜ ਹੈ; [ਇਸ ਪੰਨੇ ਨੂੰ ਸਜਾ ਕੇ ਵਿਚਕਾਰ ਕਰ ਕੇ ਮੂਲ ਮੰਤ੍ਰ ਲਿਖਿਆ
ਹੈ। ਤਤਕਰੇ ਵਿੱਚ ‘ਨਿਸ਼ਾਣੁ ਗੁਰੂ ਜੀਉ ਕੇ ਦਸਖਤ ਮ:੬’ ਦਾ ਪੱਤਰਾ ਅੰਕ ੪੫੦ ਦਿੱਤਾ ਹੈ। ਮਾਲੂਮ
ਹੁੰਦਾ ਹੈ ਇਹ ਹਾਸ਼ੀਏ ਲਾ ਕੇ ਮੁੜ ਜਿਲਦ ਬੰਨ੍ਹਣ ਵੇਲੇ ਉਲਟਾ ਲਗ ਗਇਆ ਹੈ]
ਮੰਨ ਲਾਉ ਕਿ ਇਹ ਬੀੜ ਭਾਈ ਗੁਰਦਾਸ ਜੀ
ਦੀ ਹੱਥ ਲਿਖਤ ਹੈ ਅਤੇ ਛੇਵੇਂ ਗੁਰੂ ਜੀ ਨੇ ਪਿਛੋਂ ਖਾਲੀ ਪੰਨੇ ਤੇ ਆਪਣੇ ਨਿਸ਼ਾਨ ਜਾਂ ਦਸਤਕ ਕਰ
ਦਿੱਤੇ ਹੋਣਗੇ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਤਤਕਰੇ `ਚ ਕਿਵੇਂ ਦਰਜ ਹੋ ਗਏ? ਜਦੋਂ ਕਿ ਤਤਕਰਾ ਦੀ
ਕਲਮ ਅਤੇ ਲਿਖਾਈ ਇਕੋ ਹੀ ਹੈ, “ਇਥੋਂ ਤਕ
ਦਸਖ਼ਤ ਤੇ ਸਿਆਹੀ ਕਲਮ ਇਕੋ ਹੀ ਹੈ (ਪੰਨਾ ੪) ਜੇ ਤਤਕਰਾ ਇਕੋ ਕਲਮ ਅਤੇ ਇਕ ਲਿਖਾਈ ਭਾਵ ਭਾਈ
ਗੁਰਦਾਸ ਜੀ ਦਾ ਹੀ ਲਿਖਿਆ ਹੋਇਆ ਹੈ ਤਾ ਬੀੜ ਤੇ ਦਰਜ ਤਾਰੀਖ ਮੁਤਾਬਕ ਇਹ ਭਾਂਦੋ ਵਦੀ ਏਕਮ 1661
ਬਿਕ੍ਰਮੀ ਵਿੱਚ ਲਿਖਿਆ ਗਿਆ ਸੀ। ਉਸ ਸਮੇਂ ਤਾਂ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਬਿਰਾਜਮਾਨ ਸਨ।
ਗੁਰੂ ਹਰਿਗੋਬਿੰਦ ਜੀ ਤਾਂ ਜੇਠ ਵਦੀ ੧੪, 1663 ਬਿਕ੍ਰਮੀ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੁੰਦੇ
ਹਨ। 1661 ਬਿਕ੍ਰਮੀ ਵਿੱਚ ਤਾਂ ਹਰਿਗੋਬਿੰਦ ਜੀ ‘ਮ:੬’ ਲਿਖਣ ਦੇ ਅਧਿਕਾਰੀ ਹੀ ਨਹੀ ਸਨ।
ਅਧੂਰੇ ਸ਼ਬਦਾਂ ਅਤੇ ਮੂਲ ਮੰਤਰ ਬਾਰੇ:-
ਭਾਈ ਜੋਧ ਸਿੰਘ ਜੀ ਲਿਖਦੇ ਹਨ, “ਰਾਮਕਲੀ ਮਹਲਾ ੫ ਛੰਤ ‘ਰਣ ਝੁੰਝਨੜਾ ਗਾਓ’
ਤਤਕਰੇ ਵਿੱਚ ਪਰਤੀਕ ਕੋਈ ਨਹੀਂ ਪਰੰਤੂ ਦੋਵੇਂ ਤੁਕਾਂ ਆਪਣੀ ਥਾਂ ਤੇ ਅਖੀਰ ਵਿਚ ਦਿੱਤੀਆਂ ਗਈਆਂ
ਹਨ। ੭੦੩/੧ ਪੰਨੇ ਪੁਰ ਹੜਤਾਲ ਕੋਈ ਨਹੀਂ ਫੇਰੀ। ਅੱਗੇ ਸਫ਼ਾ ਖਾਲੀ ਹੈ। ਇਨ੍ਹਾਂ ਦੋਹਾਂ ਸਤਰਾਂ ਦੀ
ਕਲਮ ਹੋਰ ਹੈ ਪਰ ਲਿਖਤ ਉਹੋ ਜਾਪਦੀ ਹੈ” (ਪੰਨਾ ੫) ਕਰਤਾਰਪੁਰੀ ਬੀੜ ਦੇ ਪੰਨਾ ੭੦੩/੧ ਦਾ ਅਰੰਭ
‘ਜਨਮ ਮਰਣ ਵਿਕਾਰ ਛੁਟੇ’ ਤੋ ਹੁੰਦਾ ਹੈ ਅਤੇ ਅੰਤ ਫਲੁ ਪਾਵਹੁ’ ਉਤੇ। ਅੱਜ ਛਾਪੇ ਦੀ ਬੀੜ (ਪੰਨਾ
927) ਮੁਤਾਬਕ ਇਕ ਕੁਲ 9 ਪੰਗਤੀਆਂ ਬਣਦੀਆਂ ਹਨ। ਕਰਤਾਰਪਰੀ ਬੀੜ ਦਾ ਵੀ ਅੱਧ ਤੋਂ ਵੱਧ ਪੰਨਾ ਖਾਲੀ
ਹੈ। ੭੦੩/੨, ੭੦੪/੧, ੭੦੪/੨ ਅਤੇ ੭੦੫/੧ ਪੰਨੇ ਖਾਲੀ ਹਨ। ਕਹਿਣ ਤੋਂ ਭਾਵ ‘ਰਣ ਝੁੰਝਨੜਾ ਗਾਓ...
ਫਲੁ ਪਾਵਹੁ’ ਤੋਂ ਪਿਛੋਂ ਸਾਢੇ ਚਾਰ ਪੰਨੇ ਖਾਲੀ ਹਨ। ਇਸੇ ਬੀੜ ਦੇ ਪੰਨਾ ੮੦੪/੧ ਤੇ ਸੁਧ ਲਿਖਿਆ
ਹੋਇਆ ਹੈ। ਰਵਾਇਤ ਮੁਤਾਬਕ ਜੋ ਗੁਰੂ ਜੀ ਦੀ ਲਿਖਤ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ
ਗੁਰੂ ਜੀ ਦਾ ਆਪਣਾ ਸ਼ਬਦ ਅਧੂਰਾ ਸੀ ਤਾਂ ਗੁਰੂ ਜੀ ਸੁਧ ਕਿਵੇਂ ਲਿਖ ਸਕਦੇ ਸਨ? ਇਹ ਸ਼ਬਦ ਦਾ ਕੋਈ
ਅੰਕ ਵੀ ਨਹੀ ਹੈ। ਇਹ ਸ਼ਬਦ ਵੱਖਰੀ ਕਲਮ ਦਾ ਲਿਖਿਆ ਹੋਣ ਦੀ ਜਾਣਕਾਰੀ ਸਾਨੂੰ ਭਾਈ ਜੋਧ ਸਿੰਘ ਜੀ
ਖ਼ੁਦ ਦੇ ਰਹੇ ਹਨ। ਜਦੋਂ ਅਸੀਂ ਇਸ ਪੁਰੇ ਸ਼ਬਦ ਨੂੰ ਪੜਦੇ ਹਾਂ ਤਾਂ ਇਹ ਸ਼ਬਦ ਬਾਣੀ ਦੀ ਕਸਵੱਟੀ ਤੇ
ਪੂਰਾ ਨਹੀ ਉਤਰਦਾ। ਤਤਕਰੇ ਵਿਚ ਪਰਤੀਕ ਕੋਈ ਨਹੀਂ, ਖਾਲੀ ਪੰਨਿਆਂ ਉਪਰ ਕਿਸੇ ਹੋਰ ਕਲਮ ਨਾਲ ਲਿਖਿਆ
ਹੋਣਾ ਅਤੇ ਕਿਸੇ ਗਿਣਤੀ ਵਿਚ ਨਾ ਹੋਣ ਕਰਕੇ ਇਸ ਸ਼ਬਦ ਬਾਰੇ ਵਿਚਾਰ ਕਰਨਾ ਗੁਨਾਹ ਕਿਵੇਂ ਹੋ ਗਿਆ?
ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1251 ਤੇ “ਰਾਗ ਸਾਰੰਗ ਬਾਣੀ ਭਗਤਾ ਕੀ”
ਦਰਜ ਹੈ। ਸਭ ਤੋਂ ਪਹਿਲਾ ਭਗਤ ਕਬੀਰ ਜੀ ਦੇ ਦੋ ਸ਼ਬਦ ਦਰਜ ਹਨ,
“ਕਹਾ ਨਰ ਗਰਬਸਿ ਥੋਰੀ ਬਾਤ ॥... ਕਹਤ
ਕਬੀਰੁ ਰਾਮ ਭਜੁ ਬਉਰੇ ਜਨਮੁ ਅਕਾਰਥ ਜਾਤ” ॥੪॥੧॥, “ਰਾਜਾਸ੍ਰਮ ਮਿਤਿ ਨਹੀ ਜਾਨੀ ਤੇਰੀ ॥ ... ਕਹੁ
ਕਬੀਰ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ” ॥੪॥੨॥ (ਪੰਨਾ 1252) ॥੪॥
ਦਾ ਭਾਵ ਹੈ ਕਿ ਇਨ੍ਹਾਂ ਸ਼ਬਦਾਂ ਦੀਆ ਚਾਰ-ਚਾਰ ਪੰਗਤੀਆਂ ਹਨ ਅਤੇ ॥੨॥ ਦਾ ਭਾਵ ਹੈ ਕਬੀਰ ਜੀ ਦੇ
ਕੁਲ ਦੋ ਸ਼ਬਦ। ਇਸ ਤੋਂ ਅੱਗੇ ਭਗਤ ਨਾਮ ਦੇਵ ਜੀ ਦੇ ਤਿੰਨ ਸ਼ਬਦ,
“ਕਾਏਂ ਰੇ ਮਨ ਬਿਖਿਆ ਬਨ ਜਾਇ ॥...
ਨਿਰਭੈ ਹੋਇ ਭਜੀਐ ਭਗਵਾਨ” ॥੪॥੧॥, “ਬਦਹੁ ਕੀ ਨ ਹੋਡ ਮਾਧਉ ਮੋ ਸਿਉ ॥... ਕਹਤ ਨਾਮਦੇਉ ਤੂੰ ਮੇਰੋ
ਠਾਕੁਰੁ ਜਨੁ ਊਰਾ ਤੂ ਪੂਰਾ ॥੨॥੨॥ ਅਤੇ “ਦਾਸ ਅਨਿੰਨ ਮੇਰੋ ਨਿਜ ਰੂਪ॥...ਨਾਮਦੇਵ ਜਾ ਕੇ ਜੀਅ ਐਸੀ
ਤੈਸੋ ਤਾ ਕੈ ਪ੍ਰੇਮ ਪ੍ਰਗਾਸ ॥੨॥੩॥ (ਪੰਨਾ 1252)
ਦਰਜ ਹਨ। ਭਗਤ ਨਾਮਦੇਵ ਜੀ ਦੇ ਇਕ ਸ਼ਬਦ ਦੀਆਂ ੪ ਅਤੇ ਦੋ ਸ਼ਬਦਾਂ ਦੀਆ ੨-੨ ਪੰਗਤੀਆਂ ਹਨ ਅਤੇ ਕੁਲ
ਤਿੰਨ ਸ਼ਬਦ ਹਨ। ਇਸ ਤੋਂ ਅੱਗੇ ਭਗਤ ਪਰਮਾਨੰਦ ਜੀ ਦਾ ਇਕ ਸ਼ਬਦ ਹੈ।
“ਤੈ ਨਰ ਕਿਆ ਪੁਰਾਨੁ ਸੁਨਿ
ਕੀਨਾ॥...ਪਰਮਾਨੰਦ ਸਾਧਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ ॥੩॥੧॥੬॥ (ਪੰਨਾ 1253)
ਇਸ ਸ਼ਬਦ ਦੇ ਅਖੀਰ ॥੬॥ ਦਾ ਭਾਵ ਹੈ ਭਗਤ ਕਬੀਰ ਜੀ ਦੇ ੨, ਭਗਤ ਨਾਮਦੇਵ ਦੇਵ ਜੀ ਦੇ ੩ ਅਤੇ ਭਗਤ
ਪਰਮਾਨੰਦ ਜੀ ਦਾ ੧ ਸ਼ਬਦ ਭਾਵ ਸਾਰੰਗ ਰਾਗ `ਚ ਕੁਲ ੬ ਸ਼ਬਦ ਦਰਜ ਹੋਏ ਹਨ। ਇਸ ਤੋਂ ਅੱਗੇ ਦਰਜ ਹੈ,
‘ਛਾਡਿ ਮਨ ਹਰਿ ਬਿਮੁਖਨ ਕੋ
ਸੰਗੁ’ (ਪੰਨਾ 1253) ਇਸ ਪੰਗਤੀ ਦੇ ਅਖੀਰ ਤੇ
ਕੋਈ ਅੰਕ ਨਹੀ ਹੈ। ਸਿਰਫ ਏਨੀ ਪੰਗਤੀ ਤੋਂ ਇਹ ਜਾਣਕਾਰੀ ਵੀ ਨਹੀ ਮਿਲਦੀ ਕਿ ਇਹ ਪੰਗਤੀ ਕਿਸ
ਮਹਾਂਪੁਰਖ ਵੱਲੋਂ ਉਚਾਰੀ ਗਈ ਹੈ। ਇਸ ਤੋਂ ਅੱਗੇ ਦਰਜ ਹੈ,
“ਸਾਰੰਗ ਮਹਲਾ ੫ ਸੂਰਦਾਸ ॥ ੴ ਸਤਿਗੁਰ
ਪ੍ਰਸਾਦਿ ॥ ਹਰਿ ਕੇ ਸੰਗ ਬਸੇ ਹਰਿ ਲੋਕ॥...ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ
॥੨॥੧॥੮॥ (ਪੰਨਾ 1253) ਇਹ ਸ਼ਬਦ ਗੁਰੂ ਅਰਜਨ ਦੇਵ
ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਦੇ ਅਖੀਰ ਤੇ ਆਏ ਅੰਕ ॥੮॥ ਦਾ ਭਾਵ ਹੈ ਹੁਣ ਤਾਈ ਸਾਰੰਗ
ਰਾਗ ਦੇ ਕੁਲ ੮ ਸ਼ਬਦ ਦਰਜ ਹੋਏ ਹਨ। ਸਾਰੰਗ ਰਾਗ ਦਾ ਆਖਰੀ ਸ਼ਬਦ ਹੈ ਕਬੀਰ ਜੀ ਦਾ।
“ਹਰਿ ਬਿਨੁ ਕਉਨੁ ਸਹਾਈ ਮਨ ਕਾ ॥
...ਕਹੈ ਕਬੀਰੁ ਸੁਨਹੁ ਰੇ ਸੰਤਹੁ ਇਹੁ ਮਨੁ ਉਡਨ ਪੰਖੇਰੂ ਬਨ ਕਾ ॥੨॥੧॥੯॥ (ਪੰਨਾ 1253)
ਇਸ ਸ਼ਬਦ ਦੇ ਅਖੀਰ ਤੇ ਆਏ ਅੰਕ ॥੯॥ ਦਾ ਭਾਵ ਹੈ ਹੁਣ ਤਾਈ ਸਾਰੰਗ ਰਾਗ ਦੇ ਕੁਲ ੯ ਸ਼ਬਦ ਦਰਜ ਹੋਏ
ਹਨ। ਹੁਣ ਸਵਾਲ ਪੈਦਾ ਹੁੰਦਾ
ਹੈ ਕਿ ਅੰਕ ੬ ਤੋਂ ਪਿਛੋਂ ੮ ਕਿਵੇਂ ਆ ਗਿਆ? ਕੀ ਅੰਕ ੭ ‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ’ ਸ਼ਬਦ
ਦਾ ਤਾਂ ਨਹੀ? ਬਾਣੀ ਲਿਖਣ ਵੇਲੇ ਵਰਤੇ ਗਏ ਨਿਯਮ ਮੁਤਾਬਕ ਤਾਂ ਸੰਪੂਰਨ ਸ਼ਬਦ ਤੋਂ ਪਿਛੋਂ ਅੰਕ ੭
ਆਉਣਾ ਚਾਹੀਦਾ ਸੀ। ਵਿਦਵਾਨ ਆਪਣੀਆਂ ਲਿਖਤਾਂ `ਚ ਅਕਸਰ ਹੀ ਇਸ ਅੰਕ ਦੀ ਗੈਰ ਹਾਜ਼ਰੀ ਨੂੰ ਅਣਦੇਖਿਆ
ਕਰ ਜਾਂਦੇ ਹਨ।
ਕਰਤਾਰਪੁਰੀ ਬੀੜ ਦੇ ੮੮੫/੧ ਪੱਤਰੇ ਤੇ,
“ਰਾਗ ਸਾਰੰਗ ਬਾਣੀ ਭਗਤਾ ਕੀ॥ ਕਬੀਰ
ਜੀ॥ ੴ ਸਤਿਗੁਰ ਪ੍ਰਸਾਦਿ ॥ ਕਹਾ ਨਰ ਗਰਬਸਿ ਥੋਰੀ ਬਾਤ ॥... ਤਾ ਕੈ ਪ੍ਰੇਮ ਪ੍ਰਗਾਸ ॥੨॥੩॥
(੨੫ ਪਾਲਾਂ ਲਿਖੀਆਂ ਹਨ) ੮੮੫/੨ ਪਤਰੇ ਤੇ, [ਇਸ ਪੰਨੇ ਤੇ ‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ’ ਇਕੋ
ਤੁਕ ਵੱਖਰੀ ਸਤਰ ਲਿਖੀ ਹੋਈ ਹੈ। ਅੱਗੇ ਚਾਰ ਸਤਰਾਂ ਦੀ ਥਾਂ ਖਾਲੀ ਹੈ। ਹੜਤਾਲ ਨਹੀ ਫੇਰੀ ਹੋਈ ।
ਉਸ ਤੋਂ ਪਿਛੋਂ “ਸਾਰੰਗ ਮਹਲਾ ੫ ਸੂਰਦਾਸ” ਸ਼ੁਰੂ ਹੁੰਦਾ ਹੈ] ਸਾਰੰਗ॥
ਤੈ ਨਰ ਕਿਆ ਪੁਰਾਨ ਸੁਨਿ ਕੀਨਾ॥...ਉਡਨ ਪਮਖੇਰੂ ਬਨ ਕਾ॥੨॥
[ਜੁਮਲਾ ਕਬੀਰ ਜੀ ਦੇ ਸ਼ਬਦਾਂ ਦਾ ਨਹੀਂ ਦਿਤਾ, ਥਾਂ ਨਾ ਹੋਣ ਦੇ ਕਾਰਨ ਸ਼ਬਦ ਕਬੀਰ ਜੀ ਦੇ ਅੱਗੇ
ਪਿਛੇ ਲਿਖੇ ਹਨ] (ਪੰਨਾ 113) ਕਰਤਾਰਪੁਰੀ ਬੀੜ ਪੰਨਾ ੯੦੧/੨ ਉਪਰ ਸ਼ੁਧ ਲਿਖਿਆ ਹੋਇਆ ਹੈ।
ਜੇ ਇਹ ਮੰਨ ਲਈਏ ਕਿ ਸ਼ੁਧ ਗੁਰੂ ਜੀ ਦਾ ਲਿਖਿਆ
ਹੋਇਆ ਹੈ ਤਾ ਇਸ ਅਣਗੈਲ੍ਹੀ ਦਾ ਜਿੰਮੇਵਾਰ ਕਿਸ ਨੂੰ ਮੰਨਿਆ ਜਾਵੇ?
ਫਰੀਦਕੋਟੀ ਟੀਕੇ `ਚ ਇਸ ਪੰਗਤੀ ਬਾਰੇ ਇਓ ਦਰਜ ਹੈ, “ਇਹੁ ਸਬਦ ਸਾਰਾ ਕਿਉਂ
ਨਾ ਉਚਾਰਾ? ਇਸ ਵਿਕਲਪ ਦਾ ਉਤ੍ਰ ਇਹੁ ਹੈ। ਪ੍ਰੇਮ ਕਰ ਤੁਕ ਉਚਾਰੀ॥ ਪੁਨਾ ਵਹੁ ਸੂਰਦਾਸ ਪ੍ਰੇਮੀ
ਸਮਾਧੀ ਇਸਥਿਤ ਹੋ ਗਾ। ਪੁਨਾ ਗੁਰੂ ਜੀ ਨੇ ਆਪ ਸਬਦ ਉਚਾਰ ਕਰ ਅੰਕ ਕੋ ਸੂਰਦਾਸ ਦਾ ਨਾਮੁ ਲਿਖ ਕਰ
ਸਮਾਪਤ ਕਰ ਤਿਸ ਕੋ ਸਿਰੇਪਾਉ ਦੀਆ ਹੈ॥ ਸੋ ਤੁਕ ਕਹਿਤੇ ਹੈਂ॥ ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥
ਹੇ ਮਨ ਜੋ ਹਰਿ ਸੇ ਬੇਮੁਖ ਹੈਂ ਤਿਨਕਾ ਸੰਗ ਤਾਗ ਦੇ॥ ਤੌ ਇਹ ਸੂਰਦਾਸ ਜੀ ਕਾ ਸਾਰਾ ਸਬਦ ਭਾਈ ਬੰਨੋ
ਦੀ ਬੀੜ ਮੈਂ ਹੈ”॥
“ਇਹ ਸ਼ਬਦ ਬਾਈ ਬੰਨੋ ਦੀ ਬੀੜ ਵਿਚ ਸਾਰੇ ਦਾ ਸਾਰਾ ਦਿੱਤਾ ਹੈ। ਪਰ ਸ੍ਰੀ
ਕਰਤਾਰਪੁਰੀ ਵਾਲੀ ਬੀੜ ਵਿੱਚ ਪਹਿਲੀ ਤੁਕ ਹੀ ਦਿੱਤੀ ਹੈ। ਬਾਕੀਆਂ ਵਿੱਚ ਬੇਮੁਖ ਨੂੰ ਸੱਪ, ਹਾਥੀ,
ਕਾਂ, ਗਦੋਂ, ਪੱਥਰ, ਕਾਲੀ ਕਮਲੀ ਨਾਲ ਤਸ਼ਬੀਹ ਦੇ ਕੇ ਸਦਾ ਲਈ ਅਮੋੜ ਤੇ ਅਭਿੱਗ ਸਾਬਤ ਕੀਤਾ ਹੋਇਆ
ਹੈ, ਅਤੇ ਸੁਧਾਰ ਦੀ ਕੋਈ ਆਸ ਨਹੀਂ ਦੱਸੀ ਹੋਈ, ਇਸ ਲਈ ਗੁਰੂ ਜੀ ਨੇ ਸੂਚਨਾ ਮਾਤਰ ਇਕ ਤੁਕ ਦੇ ਕੇ
ਬਾਕੀ ਦੀਆਂ ਤੁਕਾਂ ਛੱਡ ਦਿੱਤਿਆਂ ਮਲੂਮ ਹੁੰਦੀਆਂ ਹਨ’। (ਸ਼ਬਦਾਰਥ, ਪੰਨਾ 1253)
ਇਸ ਪੰਗਤੀ ਸਬੰਧੀ ਪੋ: ਸਾਹਿਬ ਸਿੰਘ ਜੀ ਲਿਖਦੇ ਹਨ, “ਸ੍ਰੀ ਗ੍ਰੰਥ ਸਾਹਿਬ
ਵਿਚ ਜਿਸ ਭੀ ਭਗਤ ਦੀ ਬਾਣੀ ਦਰਜ ਹੋਈ ਹੈ, ਆਮ ਤੌਰ ਤੇ ਉਸ ਦਾ ਨਾਮ ਉਸ ਦੀ ਬਾਣੀ ਲਿਖਣ ਤੋਂ
ਪਹਿਲਾਂ ਲਿਖ ਦਿੱਤਾ ਗਿਆ ਹੈ। ਪਰ ਇਹ ਕਿਸੇ ਸ਼ਬਦ ਦੀ ਇਕੋ ਹੀ ਤੁਕ ਹੈ, ਇਸ ਦੇ ਸ਼ੁਰੂ ਵਿਚ ਇਸ ਦੇ
ਉੱਚਾਰਣ ਵਾਲੇ ਭਗਤ ਦਾ ਨਾਮ ਭੀ ਨਹੀਂ ਦਿੱਤਾ ਗਿਆ, ਤੇ ਨਾਂਹ ਹੀ ਸਾਰਾ ਸ਼ਬਦ ਹੈ ਜਿਥੋਂ ਉਸ ਦਾ ਨਾਮ
ਪਤਾ ਲੱਗ ਸਕੇ। ਜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਹੋਰ ਕੋਈ ਗਵਾਹੀ ਨਾ ਲਈ ਜਾਏ ਤਾਂ ਇਹ
ਕਿਸ ਦੀ ਉਚਾਰੀ ਹੋਈ ਤੁਕ ਸਮਝੀ ਜਾਏ? ਇਸ ਦਾ ਉੱਤਰ ਅਗਲੇ ਸ਼ਬਦ ਦੇ ਸ਼ੁਰੂ ਵਿਚ ਲਿਖੇ ਸਿਰ-ਲੇਖ ਤੋਂ
ਮਿਲਦਾ ਹੈ; ਭਾਵ, ਇਹ ਇਕ ਤੁਕ ‘ਸੂਰਦਾਸ’ ਜੀ ਦੀ ਹੈ । ਪਰ ਇਹ ਅਗਲਾ ਸਿਰ-ਲੇਖ ਭੀ ਰਤਾ ਗਹੁ ਨਾਲ
ਵੇਖਣ ਵਾਲਾ ਹੈ; ਸਿਰ-ਲੇਖ ਇਉਂ ਹੈ: ‘ਸਾਰੰਗ ਮਹਲਾ ੫ ਸੂਰਦਾਸ’। ਜੇ ਅਗਲਾ ਸ਼ਬਦ ਭਗਤ ਸੂਰਦਾਸ
ਜੀ ਦਾ ਹੁੰਦਾ, ਤਾਂ ਲਫ਼ਜ਼ ‘ਮਹਲਾ 5’ ਇਸ ਸਿਰ-ਲੇਖ ਦੇ ਨਾਲ ਨਾਂਹ ਹੁੰਦੇ । ਲਫ਼ਜ਼ ‘ਮਹਲਾ
੫’ ਦੱਸਦੇ ਹਨ ਕਿ ਇਹ ਅਗਲਾ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਉਚਾਰਿਆ ਹੋਇਆ ਹੈ । ਇਥੇ ਕਿਸ
ਸੰਬੰਧ ਵਿਚ ਇਸ ਸ਼ਬਦ ਦੀ ਲੋੜ ਪਈ? ਉੱਪਰ-ਦਿੱਤੀ ਹੋਈ ਇੱਕ ਤੁਕ ਦੀ ਵਿਆਖਿਆ ਕਰਨ ਲਈ, ਕਿ ਹਰੀ ਤੋਂ
ਬੇ-ਮੁੱਖਾਂ ਦਾ ਸੰਗ ਕਿਵੇਂ ਛੱਡਣਾ ਹੈ”।
“ਛਾਡਿ
ਮਨ ਹਰਿ ਬਿਮੁਖਨ ਕੋ ਸੰਗੁ” ਇਸ ਪੰਗਤੀ ਬਾਰੇ ਸਭ
ਤੋਂ ਮਹੱਤਵਪੂਰਣ ਜਾਣਕਾਰੀ ਸਾਨੂੰ ‘ਪਾਠ ਭੇਦਾਂ ਦੀ ਸੂਚੀ’ ਤੋਂ ਮਿਲਦੀ ਹੈ। ਇਹ ਖੋਜ ਕਾਰਜ
ਸ਼੍ਰੋਮਣੀ ਕਮੇਟੀ ਨੇ ਆਪਣੇ ਵਿਦਵਾਨਾਂ ਸ. ਰਣਧੀਰ ਸਿੰਘ, ਗਿਆਨੀ ਕੁੰਦਨ ਸਿੰਘ ਅਤੇ ਭਾਈ ਗਿਆਨ ਸਿੰਘ
ਨਿਹੰਗ ਤੋਂ ਕਰਵਾਇਆ ਸੀ। 1977 ਵਿਚ ਗੁਰਦਵਾਰਾ ਪ੍ਰਿੰਟਿਂਗ ਪ੍ਰੈਸ ਰਾਮਸਰ ਰੋਡ, ਅੰਮ੍ਰਿਤਸਰ ਵਿਖੇ
ਛਪੀ ਇਸ ਕਿਤਾਬ ਦਾ ਮੁਖਬੰਧ ਅਕਾਲ ਤਖ਼ਤ ਦੇ ਜਥੇਦਾਰ ਕਿਰਪਾਲ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ
ਜਿਹਨਾ ਦੀਆਂ ਕਹੀਆਂ ਗਈਆਂ ਗੱਲਾਂ ਨੂੰ ਕਈ ਸਿੱਖ ਸਭ ਤੋਂ ਵੱਧ ਮਹੱਤਤਾ ਦਿੰਦੇ ਹਨ। ਹੁਣ ਦੇਖਣਾ ਇਹ
ਹੈ ਕਿ ਅਗਲੀ ਲਿਖਤ ਪੜ੍ਹ ਕੇ ਇਹਨਾ ਦਾ ਹਾਜ਼ਮਾ ਖਰਾਬ ਹੁੰਦਾ ਹੈ ਜਾਂ ਇਸ ਨੂੰ ਵੀ ਮਹੱਤਤਾ ਦਿੰਦੇ
ਹਨ?
“ਨੋਟ:- (੧) ਇਹ ਬੇ ਸਿਰ-ਪੈਰ ਤੁਕ, ਅਨੇਕਾਂ
ਪੁਰਾਤਨ ਲਿਖਤੀ ਗ੍ਰੰਥਾਂ ਵਿੱਚ ਹੈ ਹੀ ਨਹੀਂ। ਕਿਸੇ ੨ ਵਿੱਚ ਮਗਰੋਂ ਪਰੇਮੀਆਂ ਪੂਰਾ ਸ਼ਬਦ ਖਾਲੀ
ਥਾਂ ਯਾ ਹਾਸ਼ੀਏ `ਤੇ ਲਿਖ ਦਿੱਤਾ ਹੈ। ਐਪਰ ਅਗਾੜੀ ਦੱਸੇ ਗ੍ਰੰਥਾਂ ਵਿੱਚ ਮੁਖ ਲਿਖਾਰੀਆਂ ਦੇ ਹੱਥੀਂ
ਹੀ ਲਿਖਿਆਂ ਮਿਲਦਾ ਹੈ। ਪੂਰਾ ਪਾਠ ਇਉਂ ਦਿੱਤਾ ਹੈ:-
ਸਾਰੰਗ॥ ਛਾਡਿ ਮਨ ਹਰ ਬਿਮੁਖਨ ਕੋ ਸੰਗ। ਜਾਕੇ ਮਿਲੇ ਕਬੁਧਿ ਉਪਜਤ ਪਰਤ ਭਜਨ
ਮੋ ਭੰਗੁ ॥੧॥ ਰਹਾਉ॥ ਕਾਗਾਂ ਕਹਾ ਕਪੂਰ ਚਰਾਵਤ ਸੁਆਨ ਨਵਾਏ ਗੰਗ। ਖਰ ਕੋ ਕਹਾ ਅਗੁਰਜਾ ਲੇਪਨ ਮਰਕਟ
ਭੂਖਨ ਅੰਗ ॥੧॥ ਪਤਤ ਪਖਾਨ ਬਾਨ ਨਹੀ ਬੇਧੇ ਰੀਤੇ ਭਏ ਨਿਖੰਗ। ਸੂਰਦਾਸ ਕਾਰੀ ਕਮਰੀਆਂ ਚਰਤ ਨ ਦੂਸਰ
ਰੰਗ॥੨॥੨॥ (ਬੀੜ ਨੰਬਰ ੩੬/੧੧੭ ਵਿੱਚ ਰਾਗ ਦੇ ਅੰਤਿ) (੨) ਇਸ ਸ਼ਬਦ ਵਿਚ ਅਨੇਕਾਂ ਪਾਠ-ਭੇਦ ਤੇ ਵੱਧ
ਘੱਟ ਤੁਕਾਂ ਭੀ ਹਨ। ਪੂਰਾ ਤੇ ਸ਼ੁਧ ਪਾਠ ਹਾਲਾ ਤੱਕ ਕਿਸੇ ਇਕ ਬੀੜ ਵਿਚ ਨਹੀ। ਬੀੜ ਨੰ; ੭, ੮/੮,
੨੬/੫੫, ੩੫/੧੧੬, ੩੯/੧੮੨’ ੪੦/੨੩੬’ ਤੋਂ ੫੪ ਵਿਚ, ਰਹਾਉ ਦੀ ਦੁਜੀ ਤੁੱਕ- ‘ਕਹਾ ਭਏ ਪੈ ਪੀ ਪਿਆਏ
ਬਿਖ ਨ ਤਜੇ ਭੁਇਅੰਗੁ’॥– ਹੈ। ਪਰ ਇਸ ਵਿਚ ਕਈ ਪਾਠ ਫਰਕ ਨਾਲ ਲਿਖੇ ਹਨ॥ ਜਿਵੇਂ ਕਿ ‘ਪੈ ਪੀ’ ਦੀ
ਥਾਂ ‘ਪੀ ਪਾਨ’ ਤੇ ਪੀ ਪਾਇ ਆਦਿ॥
ਸੋ; ਇਹ ਇਕੱਲੀ ਤੁਕ ਰਖਣੀ ਠੀਕ ਨਹੀ!
ਮਿਲੇ ਤਾਂ ਸੁੱਧ ਪਾਠ ਵਾਲਾ ਸਾਰਾ ਸ਼ਬਦ ਸ਼ਾਮਿਲ ਕਰ ਲੈਣਾ ਚਾਹੀਦਾ ਹੈ। ਇਹ ਸ਼ਬਦ ਦਸਵੇਂ ਪਾਤਿਸ਼ਾਹ ਦੇ
ਦਰਬਾਰੀ ਲਿਖਾਰੀ ਭਾਈ ਫਤਹ ਚੰਦ ‘ਬਾਲ ਗੋਬਿੰਦ’ ਦੇ ਲਿਖੇ ‘ਸੁਰ ਸਾਗਰ’ ਵਿਚ ਹੈਗਾਇ, ਜਿਸ ਦਾ ਪਾਠ
ਇਉਂ ਹੈ:-
ਸਾਰੰਗ॥ ਛਾਡਿ ਮਨ ਹਰਿ ਬਿਮੁਖਨ ਕੋ ਸੰਗ। ਕਹਾ ਭਇਓ ਪੈ ਪਾਨ ਕਰਾਏ ਬਿਖ ਨਹੀ ਤਜਤ ਭੁਅੰਗ
॥੧॥ ਰਹਾਉ॥ ਖਰ ਕਉ ਕਹਾ ਅਗਰਜਾ ਲੇਪਨ ਸੁਆਨ ਨ੍ਹਾ ਗੰਗ॥ ਕਾਗੇ ਕਹਾ ਕਪੂਰ ਚੁਗਾਏ ਮਰਕਟ ਭੂਖਨ ਅੰਗ
॥੨॥ ਜਿਉ ਪਖਾਣ ਬਾਣ ਨਹੀ ਭੇਦਤ ਰੀਤੋ ਤ ਹੋਇ ਨਿਖੰਗ॥ ਸੂਰਦਾਸ ਜੋ ਕਾਰੀ ਕਾਂਮਰਿ ਚੜ੍ਹੈ ਨ ਦੂਜੋ
ਰੰਗ ॥੩॥੭੦੭॥ (ਸੂਰ ਸਾਗਰ- ਪਤਿ ੭੪੨/੨ ,ਸਤ੍ਰ ੨੭ ਤੋਂ ੨੯ ਤੱਕ)”।
(‘ਪਾਠ ਭੇਦਾਂ ਦੀ ਸੂਚੀ’ ਪਹਿਲੀ
ਐਡੀਸ਼ਨ, ਜਨਵਰੀ ੧੯੭੭, ਪੰਨਾ ੬੬੨ )
ਪ੍ਰੋ: ਸਾਹਿਬ ਸਿੰਘ ਜੀ ਨੇ ਆਪਣੇ ਇਨ੍ਹਾਂ ਸ਼ਬਦਾਂ, “ਪਰ ਇਹ ਅਗਲਾ ਸਿਰ-ਲੇਖ
ਭੀ ਰਤਾ ਗਹੁ ਨਾਲ ਵੇਖਣ ਵਾਲਾ ਹੈ; ਸਿਰ-ਲੇਖ ਇਉਂ ਹੈ: ‘ਸਾਰੰਗ ਮਹਲਾ ੫ ਸੂਰਦਾਸ’। ਜੇ ਅਗਲਾ ਸ਼ਬਦ
ਭਗਤ ਸੂਰਦਾਸ ਜੀ ਦਾ ਹੁੰਦਾ, ਤਾਂ ਲਫ਼ਜ਼ ‘ਮਹਲਾ 5’ ਇਸ ਸਿਰ-ਲੇਖ ਦੇ ਨਾਲ ਨਾਂਹ ਹੁੰਦੇ । ਲਫ਼ਜ਼
‘ਮਹਲਾ ੫’ ਦੱਸਦੇ ਹਨ ਕਿ ਇਹ ਅਗਲਾ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਉਚਾਰਿਆ ਹੋਇਆ ਹੈ । ਇਥੇ
ਕਿਸ ਸੰਬੰਧ ਵਿਚ ਇਸ ਸ਼ਬਦ ਦੀ ਲੋੜ ਪਈ? ਉੱਪਰ-ਦਿੱਤੀ ਹੋਈ ਇੱਕ ਤੁਕ ਦੀ ਵਿਆਖਿਆ ਕਰਨ ਲਈ, ਕਿ ਹਰੀ
ਤੋਂ ਬੇ-ਮੁੱਖਾਂ ਦਾ ਸੰਗ ਕਿਵੇਂ ਛੱਡਣਾ ਹੈ”। ਰਾਹੀਂ ਭਾਵੇ ‘ਛਾਡਿ ਮਨ ਹਰ ਬਿਮੁਖਨ ਕੋ ਸੰਗ’ ਨੂੰ
ਸੂਰਦਾਸ ਜੀ ਦੀ ਪੰਗਤੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਜੇ ਅਸੀਂ ਸਾਰੇ ਸਾਰੰਗ ਰਾਗ ਵਿੱਚ
ਦਰਜ ਭਗਤਾ ਦੇ ਸਾਰੇ ਸ਼ਬਦਾਂ (9 ਸ਼ਬਦ) ਨੂੰ ਗੌਹ ਨਾਲ ਵੇਖੀਏ ਤਾ ਇਕ ਹੋਰ ਸਵਾਲ ਪੈਦਾ ਹੋ ਜਾਂਦਾ
ਹੈ। ਸਭ ਤੋਂ ਪਹਿਲਾ ‘ਰਾਗੁ ਸਾਰੰਗ ਬਾਣੀ ਭਗਤਾਂ ਕੀ’ ਦੇ ਸਿਰਲੇਖ ਹੇਠ ਕਬੀਰ ਜੀ ਦੇ ਦੋ ਸ਼ਬਦ ਦਰਜ
ਹਨ। ਇਨ੍ਹਾਂ ਦੋਹਾ ਸ਼ਬਦਾਂ ਦੇ ਅਖੀਰ ਤੇ ‘ਕਹਤ ਕਬੀਰੁ’ ਅਤੇ ‘ਕਹੁ ਕਬੀਰ’ ਦਰਜ ਹੈ ਜਿਥੋਂ ਇਹ
ਜਾਣਕਾਰੀ ਮਿਲਦੀ ਹੀ ਕਿ ਇਹ ਸ਼ਬਦ ਭਗਤ ਕਬੀਰ ਜੀ ਦੇ ਹਨ। ਇਸ ਤੋਂ ਅੱਗੇ ਹੈ ‘ਸਾਰੰਗ ਬਾਣੀ ਨਾਮਦੇਉ
ਜੀ ਕੀ’, ਇਨ੍ਹਾਂ ਤਿੰਨਾਂ ਸ਼ਬਦਾਂ ਦੇ ਅਖੀਰ ਤੇ ਵੀ ‘ਕਹਤ ਨਾਮਦੇਉ’, ਕਹਤ ਨਾਮਦੇਉ ਅਤੇ ‘ਨਾਮਦੇਵ
ਜਾ ਕੇ ਜੀਅ’ ਭਾਵ ਭਗਤ ਜੀ ਦਾ ਨਾਮ ਦਰਜ ਹੈ। ਇਸ ਤੋਂ ਅੱਗੇ ਸਿਰਫ ‘ਸਾਰੰਗ’ ਦਰਜ ਹੈ। ਇਹ ਸ਼ਬਦ ਕਿਸ
ਮਹਾਂਪੁਰਖ ਦਾ ਹੈ ਇਹ ਜਾਣਕਾਰੀ ਸਾਨੂੰ ਸ਼ਬਦ ਦੀ ਆਖਰੀ ਪੰਗਤੀ ਤੋਂ ਮਿਲਦੀ ਹੈ। “ਪਰਮਾਨੰਦ
ਸਾਧਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ” ਕਿ ਇਹ ਸ਼ਬਦ ਭਗਤ ਪਰਮਾਨੰਦ ਜੀ ਦਾ ਹੈ। ਇਸ ਤੋਂ ਅੱਗੇ ਹੈ।
“ਛਾਡਿ ਮਨ ਹਰਿ ਬਿਮੁਖਨ ਕੋ ਸੰਗੁ”। ਜਿਸ ਦੇ ਕਰਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਗਲੇ ਸ਼ਬਦ ਦਾ
ਸਿਰਲੇਖ ਹੈ, ‘ਸਾਰੰਗ ਮਹਲਾ ੫ ਸੂਰਦਾਸ’ ਜਿਸ ਦੇ ਬਾਰੇ ਪ੍ਰੋ: ਸਾਹਿਬ ਸਿੰਘ ਜੀ ਲਿਖਦੇ ਹਨ,
“ਲਫ਼ਜ਼ ‘ਮਹਲਾ ੫’ ਦੱਸਦੇ ਹਨ ਕਿ ਇਹ ਅਗਲਾ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਉਚਾਰਿਆ ਹੋਇਆ
ਹੈ” ਆਖਰੀ ਸ਼ਬਦ ਹੈ ‘ਸਾਰੰਗ ਕਬੀਰ ਜੀਉ’ ਇਸ ਦੇ ਅਖੀਰ ਵਿੱਚ ਵੀ ਭਗਤ ਕਬੀਰ ਜੀ ਦਾ ਨਾਮ ਦਰਜ ਹੈ,
‘ ਕਹੈ ਕਬੀਰੁ ਸੁਨਹੁ ਰੇ ਸੰਤਹੁ’।
ਜੇ ਹੋਰ ਸਾਰੇ ਸ਼ਬਦਾਂ ਦੇ ਅਖੀਰ ਵਿਚ ਦਰਜ ਨਾਮ ਤੋਂ ਉਸ ਸ਼ਬਦ ਬਾਰੇ ਅਸੀਂ ਇਹ
ਮੰਨਦੇ ਹਾਂ ਕਿ ਇਹ ਉਹ ਸ਼ਬਦ ਉਸੇ ਭਗਤ ਜੀ ਦਾ ਹੈ ਤਾਂ ਇਸ ਸ਼ਬਦ ਦੀ ਆਖਰੀ ਪੰਗਤੀ ‘ਸੂਰਦਾਸ ਮਨੁ
ਪ੍ਰਭਿ ਹਥਿ ਲੀਨੋ’ ਤੋਂ ਇਹ ਸ਼ਬਦ ਸੂਰਦਾਸ ਜੀ ਦਾ ਮੰਨਣ ਬਾਰੇ ਕੀ ਇਤਰਾਜ਼ ਹੋ ਸਕਦਾ ਹੈ? ਦੁਜੇ ਪਾਸੇ
ਸਾਨੂੰ ਹੱਥ ਲਿਖਤਾਂ ਵਿਚ ਅਜੇਹਾ ਮਿਲਦਾ ਹੈ। ਜੇ ਉਪ੍ਰੋਕਤ ਹੱਥ ਲਿਖਤ ਬਾਰੇ ਵਿਚਾਰ ਕੀਤਾ ਜਾਵੇ ਤਾ
ਗਿਣਤੀ ਵਿੱਚ ਆਏ ਫਰਕ ( 6ਤੋਂ ਪਿਛੋਂ 8) ਦੀ ਸਮੱਸਿਆ ਦਾ ਵੀ ਕੋਈ ਸੁਖਾਵਾਂ ਹਲ ਕੀਤਾ ਜਾਂ ਸਕਦਾ
ਹੈ। ਕੀ ਅਜੇਹਾ ਤਾਂ ਨਹੀ ਕਿ ਕਿਸੇ ਉਤਾਰਾ ਕਰਨ ਵਾਲੇ ਨੇ ‘ਸਾਰੰਗ’ ਜਾਂ ‘ਸਾਰੰਗ ਸੂਰਦਾਸ’ ਦੀ
ਥਾਂ ‘ਸਾਰੰਗ ਮਹਲਾ ੫ ਸੂਰਦਾਸ’ ਲਿਖ ਦਿੱਤਾ ਹੋਵੇ? ਇਸ ਪਾਸੇ ਵੀ ਵਿਦਵਾਨਾਂ ਨੂੰ ਧਿਆਨ ਦੇਣਾ
ਚਾਹੀਦਾ ਹੈ।
ਮੂਲ ਮੰਤਰ ਸਬੰਧੀ:-
ਕਰਤਾਰਪਰੀ ਬੀੜ ਦੇ ਪੰਨਾ ੫੩/੧ ਸਿਰੀ ਰਾਗ ਦੇ ਅਰੰਭ ਵਿੱਚ ਸੰਖੇਪ ਮੂਲ
ਮੰਤਰ ‘ੴ ਸਤਿਗੁਰ ਪ੍ਰਸਾਦਿ’ ਜਦੋਂ ਕਿ ਹੱਥ ਲਿਖਤਾਂ `ਚ ਸਾਨੂੰ ਪੂਰਾ ਮੂਲ ਮੰਤਰ ਲਿਖਿਆ ਮਿਲਦਾ
ਹੈ। “ਪੁਰਾਤਨ ਲਿਖਤੀ ਗੁਰੂ
ਗ੍ਰੰਥ ਸਾਹਿਬ ਦੇ ਅਨੇਕਾਂ ਸੰਚਿਆਂ ਵਿੱਚ ਸਾਰੇ ਇਕੱਤੀਹਾਂ ਰਾਗਾਂ ਦੇ ਅਰੰਭ ਵਿੱਚ ਮੰਗਲ ਵੱਜੋਂ
ਪੂਰਨ ਮੂਲ ਮੰਤਰ ਲਿਖੇ ਹੋਏ ਹਨ ਅਤੇ ਅੰਦਰਲੇ ਸਿਰਲੇਖਾਂ ਨਾਲ ਸੰਖੇਪ” (ਪਾਠ ਭੇਦਾਂ ਦੀ ਸੂਚੀ ਪੰਨਾ
16)
ਕਰਤਾਰਪਰੀ ਬੀੜ ਦੇ ਪੰਨਾ ੧੨੫/੧ ਦਾ ਅਰੰਭ, “ ਸ਼੍ਰੀ ਰਾਗ ਬਾਣੀ ਭਗਤ ਬੇਣੀ
ਜੀਉਕੀ ਤੋਂ ਹੁੰਦਾ ਹੈ ਅਤੇ ਆਖਰੀ ਪੰਗਤੀ, ‘ਰਵਿਦਾਸ ਸਮਦਲ ਸਮਜਾਵੇ ਕੋਊ।।੩।। ਦਰਜ ਹੈ। ੧੨੫/੨
ਖਾਲੀ ਹੈ, ੧੨੬/੧ ਦਾ ਅਰੰਭ ਰਾਗੁ ਮਾਝ ਚਉਪਦੇ ਘਰੁ ੧ ਮਹਲਾ ੪...।।੪।।੩।। ਹਰਿ ਜਨ ਸੰਤ ਮਿਲੋ
ਮੇਰੇ ਭਾਈ।। (ਪੰਨਾ 52) ਕਰਤਾਰਪਰੀ ਬੀੜ ਦਾ ਪੰਨਾ ੧੨੫/੧, ਅੱਜ ਛਾਪੇ ਦੀ ਬੀੜ ਦਾ ਪੰਨਾ 93 ਹੈ
ਅਤੇ ੧੨੬/੧ ਪੰਨਾ 94 ਹੈ।
ਛਾਪੇ ਦੀ ਬੀੜ ਵਿੱਚ ਪੰਨਾ 94 ਤੋਂ ਮਾਘ ਰਾਗ ਦੇ ਅਰੰਭ ਵਿੱਚ ਪੂਰਾ ਮੂਲ ਮੰਤਰ ਦਰਜ ਹੈ। ਪਰ
ਕਰਤਾਰਪੁਰੀ ਬੀੜ ਵਿੱਚ ਮਾਝ ਰਾਗ ਦਾ ਅਰੰਭ ‘ਰਾਗੁ ਮਾਝ ਚਉਪਦੇ ਘਰੁ ੧ ਮਹਲਾ ੪’ ਤੋਂ ਹੁੰਦਾ ਹੈ
ਇਥੇ ਮੂਲ ਮੰਤਰ ਪੁਰਾ ਜਾਂ ਸੰਖੇਪ, ਦਰਜ ਹੀ ਨਹੀ ਹੈ। ਪੰਨਾ ੧੬੦/੨ ਤੇ ‘ਸੁਧ’ ਲਿਖਿਆ ਹੋਇਆ ਹੈ
ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਗੁਰੂ ਜੀ ਲਿਖਤ ਨੂੰ ਚੈਕ ਕਰਕੇ ਲਿਖਦੇ ਸਨ। ਸਪੱਸ਼ਟ ਹੈ ਕਿ ਅੱਜ
ਛਾਪੇ ਦੀਆਂ ਬੀੜ ਵਿਚ ਅਤੇ ਕਰਤਾਰਪੁਰੀ ਬੀੜ ਵਿੱਚ ,ਰਾਗਾਂ ਦੇ ਅਰੰਭ `ਚ ਦਰਜ ਮੂਲ ਮੰਤਰ ਮੇਲ ਨਹੀਂ
ਖਾਂਦੇ।
“Thirdly, the words "Sudh" or "Sudh Keeche" ("It is correct"
or "correct it") appear at so many places in the Bir. These are supposed to be
in the hand of the Fifth Guru since these are in a different hand and not in the
hand of the scribe of the Bir. (AUTHENTICITY OF KARTARPURI BIR, Daljit Singh)
ਸਵਾਲ ਪੈਦਾ ਹੁੰਦਾ ਹੈ ਕਿ
ਮਾਝ ਰਾਗ ਦੇ ਅਰੰਭ `ਚ ਮੂਲ ਮੰਤਰ ਦਾ ਨਾ ਲਿਖਿਆ ਜਾਣਾ ਗੁਰੂ ਜੀ ਨੇ ਪ੍ਰਵਾਨ ਕੀਤਾ ਹੋਵੇਗਾ? ਜੇ
ਇਹ ਗੁਰੂ ਜੀ ਨੂੰ ਅਜੇਹਾ ਪ੍ਰਵਾਨ ਸੀ ਤਾ ਅੱਜ ਛਾਪੇ ਦੀਆ ਬੀੜਾਂ ਵਿੱਚ ਪੂਰਾ ਮੂਲ ਮੰਤਰ ਕਿਸ ਨੇ
ਅਤੇ ਕਿਸ ਅਧਿਕਾਰ ਨਾਲ ਲਿਖਿਆਂ ਹੈ?
ਖਾਲੀ ਪੰਨੇ:-
The total numbered leaves of the Kartarpuri Bir are 974,
comprising 1948 pages. Of these pages, 453 are entirely blank, hundreds of other
pages are partly blank, and, considering that a fully utilized page accommodates
24 lines, the total space available on these partly blank pages comes up to
another 133 full pages. Thus, of the total 1948 pages of this volume, the space
of 586 of them remained unused. It is evident that this state of affairs could
only arise in the originally written Aad Granth; it could never have happened in
an Aad Granth which had been copied from the original. It is a fact that none of
the writers like Jodh Singh, Harbhajan Singh and others, who have seen numerous
handwritten Birs, state that any of the old handwritten Birs contains any blank
pages or spaces. ( Daljit Singh)
ਲਿਖ ਕੇ ਕੱਟੇ ਹੋਏ ਸ਼ਬਦ:-
ਕਰਤਾਰਪੁਰੀ ਬੀੜ ਦੇ ਪੰਨਾ ੩੭੪/੧ ਦਾ ਉਪਰ “ਕਾਹੇ ਕਉ ਝਖ ਮਾਰੇ...ਘੁਗੰਟ
ਤੇਰੋ ਤਉ ਪਰਿ’ ਤਾਈ ਬਾਣੀ ਦਰਜ ਹੈ ਅਤੇ ਪੰਨਾ ੩੭੪/੨ ‘ਸਾਚੈ’ ਤੋਂ ‘ਬਾਵਰਿਆ ਸੰਸਾਰਾ’ ਤਾਈ ਬਾਣੀ
ਦਰਜ ਹੈ। ਇਸ ਪੰਨੇ ਤੇ ਨੋਟ ਨੂੰ ਧਿਆਨ ਨਾਲ ਪੜ੍ਹੋ, ਇਸ ਸਫ਼ੇ ਤੇ ‘ਦੇਖਹੁ ਲੋਗਾ ਹਰਿ ਕੀ ਸਗਾਈ”
ਸ਼ਬਦ ਲਿਖ ਕੇ ਕੱਟਿਆ ਹੋਇਆ ਹੈ। ਹੜਤਾਲ ਨਹੀ ਫੇਰੀ। ਅਗਲੇ ਸ਼ਬਦਾਂ ਦੇ ਅੰਕ ਪਿਛੋਂ ਠੀਕ ਕੀਤੇ ਗਏ ਹਨ
ਇਹ ਸ਼ਬਦ ਗਿਣਤੀ ਵਿਚ ਨਹੀ ਹੈ ਸਤ ਪਾਲਾ ਖਾਲੀ ਹਨ) ਅੱਗੇ ੩੭੫/੧ ਤੋਂ ੩੭੭/੧ ਤਾਈ ਪੰਨੇ ਖਾਲੀ
ਹਨ।(ਪੰਨਾ ੭੩)
ਅੱਜ ਛਾਪੇ ਦੀ ਬੀੜ ਵਿਚ, ਕਰਤਾਰਪੁਰੀ ਬੀੜ ਦੇ ਪੰਨਾ ੩੭੪/੨ ਦਾ ‘ਸਾਚੈ’
ਤੋਂ ‘ਬਾਵਰਿਆ ਸੰਸਾਰਾ’ ਤੇ ਦਰਜ ਬਾਣੀ, ੪੮੪ ਪੰਨੇ ਤੇ ਦਰਜ ਹੈ ਅਤੇ ਇਸ ਸ਼ਬਦ ਦੀ ਆਖਰੀ ਪੰਗਤੀ
ਬਾਵਰਿਆ ਸੰਸਾਰਾ’।।੪।।੪।।੩੭।।, ੪੮੫ ਪੰਨੇ ਤੇ ਪਹਿਲੀ ਪੰਗਤੀ ਦਰਜ ਹੈ। ‘ਦੇਖਹੁ ਲੋਗਾ ਹਰਿ ਕੀ
ਸਗਾਈ’ ਸ਼ਬਦ, ਇਨ੍ਹਾਂ ਸ਼ਬਦਾ ‘ਸਾਚੈ’।।੪।।੧।।੩੪ ਅਤੇ ‘ਬਾਵਰਿਆ ਸੰਸਾਰਾ’।।੪।।੪।।੩੭।। ਦੇ
ਦਰਮਿਆਨ ਲਿਖ ਕੇ ਕੱਟਿਆ ਗਿਆ ਹੈ। ਅਤੇ “ਅਗਲੇ ਸ਼ਬਦਾਂ ਦੇ ਅੰਕ ਪਿਛੋਂ ਠੀਕ ਕੀਤੇ ਗਏ ਹਨ”।
ਮੰਨ ਲਉ ਗੁਰੂ ਜੀ ਪੜਤਾਲ ਕਰਨ ਵੇਲੇ (੪੦੨/੧
ਪੰਨੇ ਤੇ ਸੁਧ ਲਿਖਿਆ ਹੋਇਆ ਹੈ) ਇਹ ਸ਼ਬਦ ਕਟਵਾ ਦਿੱਤਾ ਹੋਵੇਗਾ ਤਾਂ ਵੀ ਸਾਨੂੰ ਇਹ ਮੰਨਣਾ ਪਵੇਗਾ
ਕਿ ਭਾਈ ਗੁਰਦਾਸ ਜੀ ਨੇ ਆਪਣੀ ਮਰਜ਼ੀ ਨਾਲ ਹੀ ਇਹ ਸ਼ਬਦ ਦਰਜ ਕੀਤਾ ਹੋਵੇਗਾ।
ਕਰਤਾਰਪੁਰੀ ਬੀੜ ਦੇ ਪੰਨਾ ੪੯੨/੨ ਦਾ ਤੇ ‘ਜਾਨ ਚੁਕਾ।।੩।। ...ਤਉ ਹਿਰ
ਜਾਨਿਆ।।੪।।੧੨।। ਤਾਈ ਬਾਣੀ ਦਰਜ ਹੈ। [ ਨੋਟ:- ਇਸ ਪੰਨੇ ਤੇ ਅੱਠਵੇਂ ਸ਼ਬਦ ਤੋਂ ਬਾਦ ‘ਅੳਧੂ ਸੋ
ਜੋਗੀ ਗੁਰ ਮੇਰਾ।। ਇਸ ਪਦ ਕਾ ਕਰੇ ਨਿਬੇਰਾ।।੧।।ਰਹਾਓ’’ ਲਿਖ ਕੇ ਕੱਟਿਆ ਹੋਇਆ ਹੈ ਤੇ ਅੱਗੇ ਆਢੇ
ਛੇ ਸਤਰਾਂ ਦੀ ਥਾ ਕਾਲਿ ਹੈ ਅਤਗੇ ੴ ਹੈ] (ਪੰਨਾ ੮੩) ਭਗਤ ਕਬੀਰ ਜੀ ਦੇ ਇਹ ਸ਼ਬਦ ਛਾਪੇ ਦੀ ਬੀੜ
ਵਿਚ 655 ਪੰਨੇ ਤੋਂ (ਆਖਰੀ ਤਿੰਨ ਪੰਗਤੀਆਂ)656 ਪੰਨੇ ਤੇ “ਤਉ ਹਿਰ ਜਾਨਿਆ”।।੪।।੧੧।। ਦਰਜ ਹੈ।
ਸਪੱਸ਼ਟ ਹੈ ਕਿ ‘ਅੳਧੂ ਸੋ ਜੋਗੀ ਗੁਰ ਮੇਰਾ ਇਸ ਪਦ ਕਾ ਕਰੇ ਨਿਬੇਰਾ” ਸ਼ਬਦ “ਬਹੁ ਪਰਪੰਚ ਕਰਿ ਪਰ
ਧਨੁ ਲਿਆਵੇ ਤੋਂ ਤਉ ਹਰਿ ਜਾਨਿਆ”
ਇਨ੍ਹਾਂ ਸ਼ਬਦਾਂ ਦੇ ਵਿਚਕਾਰ (ਅੱਠਵੇਂ
ਸ਼ਬਦ ਤੋਂ ਬਾਦ) ਲਿਖ ਕੇ ਕੱਟਿਆ ਗਿਆ ਹੈ ਅਤੇ ਮਗਰਲੇ ਸ਼ਬਦਾਂ ਦੇ ਅੰਕ ਕਰਤਾਰਪੁਰੀ ਬੀੜ ਵਿਚ ਠੀਕ
ਨਹੀ ਕੀਤੇ ਗਏ ਪਰ ਛਾਪੇ ਦੀ ਬੀੜ ਵਿਚ ਕਰ ਦਿੱਤੇ ਗਏ ਹਨ। ਅਜੇਹਾ ਕਿਓ?
ਕਰਤਾਰਪੁਰੀ ਬੀੜ ਦੇ ਪੰਨਾ ੮੧੦/੨ ਦਾ ਅਰੰਭ, ‘ਰਾਗ ਮਾਰੂ ਬਾਣੀ ਜੈ ਦੇਉ ਜੀ
ਕਿ ੴ ਸਤਿਗੁਰ ਪ੍ਰਸ਼ਾਦਿ ਚਮਦ ਸਤ ਬੇਦਿਆ...ਜਨਮ ਮਰਨ ਭੇ ਭਾਗੀ।।੩।। ਦਰਜ ਹੈ। ਅੱਗੇ ਮੀਰਾ ਬਾਈ ਦਾ
ਕਟਿਆ ਸ਼ਬਦ, ਇਸ ਪੰਨੇ ਪੁਰ ਬੀ ਜੁਮਲਾ ਕੋਈ ਨਹੀਂ। ਨਾ ਕਬੀਰ ਜੀ ਦਾ। ਇਸ ਪੰਨੇ ਸੰਚੀ ਦਾ ਅੰਕ ੮੧੧
ਦਰਜ ਹੈ। ਭਗਤਾ ਦੀ ਬਾਣੀ ਦੇ ਸ਼ਬਦ ਅੱਡ ਅੱਡ ਕਲਮ ਵਿਚ ਹਨ, ਲਿਖਾਰੀ ਇਕੋ ਹੈ। ਸਭ ਤੋਂ ਹੇਠ ਮੀਰਾਂ
ਬਾਈ ਦਾ ਸ਼ਬਦ ਲਿਖ ਕੇ ਕੱਟਿਆ ਹੋਇਆ ਹੈ, ਹੜਤਾਲ ਨਹੀਂ ਫੇਰੀ ਹੋਈ] (ਪੰਨਾ ੧੦੬) ਅੱਜ ਛਾਪੇ ਦੀਆ
ਬੀੜਾ ਵਿਚ ਪੰਨਾ ੧੧੦੬ ਉਪਰ ਰਾਗ ਮਾਰੂ ਵਿਚ ਦੋ ਸ਼ਬਦ, ਭਗਤ ਜੈਦੇੳ ਜੀ ਅਤੇ ਭਗਤ ਰਵਿਦਾਸ ਜੀ ਦੇ
ਦਰਜ ਹਨ। ਭਾਈ ਜੋਧ ਸਿੰਘ ਜੀ ਮੁਤਾਬਕ ਕਰਤਾਰਪੁਰੀ ਬੀੜ ਦੇ ਪੰਨਾ ੮੧੦/੨ ਤੇ ਇਨ੍ਹਾਂ ਦੋ ਸ਼ਬਦਾਂ
ਤੋਂ ਇਲਾਵਾ, ਮੀਰਾ ਬਾਈ ਦਾ ਸ਼ਬਦ ਵੀ ਹੈ (ਜੋ ਲਿਖ ਕੇ ਕੱਟਿਆ ਹੋਇਆ ਹੈ)
ਜੇ ਇਨ੍ਹਾਂ ਤਿੰਨਾ ਸ਼ਬਦਾਂ ਦਾ ਲਿਖਾਰੀ ਇਕੋ ਹੈ
ਤਾਂ ਸਪੱਸ਼ਟ ਹੈ ਕਿ ਮੀਰਾ ਬਾਈ ਦਾ ਸ਼ਬਦ ਵੀ ਭਾਈ ਗੁਰਦਾਸ ਜੀ ਨੇ ਹੀ ਲਿਖਿਆ ਹੋਵੇਗਾ। ਕੀ ਇਹ ਸੰਭਵ
ਹੈ?
ਕਰਤਾਰਪੁਰੀ ਬੀੜ ਦੇ ਪੰਨਾ ੯੪੩/੨ ਤੇ ਭਗਤ ਕਬੀਰ ਜੀ ਦੇ ਸਲੋਕ, “ਕਬੀਰ ਜਉ
ਗ੍ਰਿਹੁ ਕਰਹਿ ਤ ਧਰਮੁ ਕਰੁ ਨਾਹੀ ਤ ਕਰੁ ਬੈਰਾਗੁ ॥ ਬੈਰਾਗੀ ਬੰਧਨੁ ਕਰੈ ਤਾ ਕੋ ਬਡੋ ਅਭਾਗੁ” ਦਾ
ਅੰਕ ੨੪੧ ਹੈ ਪਰ ਛਾਪੇ ਦੀ ਬੀੜ ਵਿਚ ੨੪੩ (ਪੰਨਾ੧੩੭੭)
“ਸਿੱਟਾ ਇਹ ਹੈ ਕਿ
ਕਰਤਾਰਪੁਰ ਵਾਲੀ ਬੀੜ ਅਸਲ ਕਾਪੀ ਤੋਂ ਤੀਜੀ ਥਾਂ ਤੇ ਕਾਪੀ ਹੈ। ਅਸਲ ਨਹੀ। ਇਹ ਭਾਈ ਬੰਨੋ ਜੀ ਵਾਲੀ
ਕਿਸੇ ਅਸ਼ੁਧ-ਕਾਪੀ ਦੀ ਕਾਪੀ ਹੈ ਕਿਉਂਕਿ ਏਸ ਦੇ ਮਾਰੂ ਰਾਗ ਵਿਚ ਮੀਰਾਂ ਬਾਈ ਦਾ ਸ਼ਬਦ ਲਿਖ ਕੇ ਕਲਮ
ਨਾਲ ਕੱਟਿਆ ਹੋਇਆ ਹੈ”। (ਹਰਿਨਾਮ ਦਾਸ ਉਦਾਸੀ-ਪੁਰਾਤਨਿ ਬੀੜਾਂ ਤੇ ਵਿਚਾਰ, ਪੰਨਾ 20)
ਡਾ: ਗੁਰਸ਼ਰਨ ਜੀਤ ਸਿੰਘ ਜੀ ‘ਗੁਰੂ ਗ੍ਰੰਥ ਸਾਹਿਬ ਪਰੰਪਰਾ ਅਤੇ ਇਤਿਹਾਸ’
ਵਿਚ ਭਾਈ ਗੁਰਦਾਸ ਵਾਲੀ ਬੀੜ ਦੇ ਸਿਰਲੇਖ ਹੇਠ ਲਿਖਦੇ ਹਨ, “ਗੁਰੂ ਅਰਜਨ ਜੀ ਨੇ 1604 ਈ. ਨੂੰ
ਜਿਹੜੀ ਆਦਿ ਬੀੜ ਤਿਆਰ ਕਰਵਾਈ ਸੀ, ਨੂੰ ਭਾਈ ਗੁਰਦਾਸ ਵਾਲੀ ਬੀੜ ਕਿਹਾ ਜਾਂਦਾ ਹੈ ਕਿ ਇਸਦੇ ਮੁਖ
ਲਿਖਾਰੀ ਭਾਈ ਗੁਰਦਾਸ ਜੀ ਸਨ। ਪਰ ਹੁਣ ਇਹ ਗ੍ਰੰਥ ਕਿਥੇ ਹੈ? ਇਸ ਪ੍ਰਸ਼ਨ ਦਾ ਸਹੀ ਜਵਾਬ ਅਣਸੁਖਾਵਾਂ
ਹੋ ਸਕਦਾ ਹੈ”। (ਪੰਨਾ 130)
ਕਰਤਾਰਪੁਰੀ ਬੀੜ ਬਾਰੇ ਡਾ: ਗੁਰਸ਼ਰਨ ਜੀਤ ਸਿੰਘ ਜੀ ਲਿਖਦੇ ਹਨ, “ਭਾਵੇਂ ਕਿ
ਹੁਣ ਇਹ ਬੀੜ ਦੇਖਣ/ਅਧਿਐਨ ਕਰਨ ਦੀ ਆਗਿਆ ਕਿਸੇ ਨੂੰ ਨਹੀਂ ਦਿੱਤੀ ਜਾਂਦੀ ਪਰ ਬਹੁਤ ਸਾਰੇ
ਵਿਦਵਾਨਾਂ ਨੇ ਇਸ ਬੀੜ ਨੂੰ ਚੰਗੀ ਤਰ੍ਹਾਂ ਘੋਖਿਆ ਹੈ। ਇਸ ਬੀੜ ਦੀ ਪ੍ਰਮਾਣਿਕਤਾ ਪੂਰੀ ਤਰ੍ਹਾਂ
ਸੰਦਿਗਧ ਹੈ। ਹਾਲਾਂਕਿ ਭਾਈ
ਜੋਧ ਸਿੰਘ ਅਤੇ ਸਰਦਾਰ ਦਲਜੀਤ ਸਿੰਘ ਹੁਰਾਂ ਨੇ ਇਸ ਬੀੜ ਨੂੰ ਪ੍ਰਮਾਣਿਕ ਸਿੱਧ ਕਰਨ ਲਈ ਅੱਡੀ-ਚੋਟੀ
ਦਾ ਜੋਰ ਲਗਾਇਆ ਹੈ, ਪਰ ਗਿਆਨੀ ਗੁਰਬਚਨ ਸਿੰਘ ਭਿੰਡਰਾ ਵਾਲੇ ਸਮੇਤ ਕਈ ਵਿਦਵਾਨ ਕਰਤਾਰਪੁਰੀ ਬੀੜ
ਅਤੇ ਛਾਪੇ ਦੀ ਬੀੜ ਦਰਮਿਆਨ ਪਾਠ-ਭੇਦ ਮੰਨਦੇ ਹਨ। ਜਦੋਂ ਕਿ ਬੀੜਾਂ ਸੰਬੰਧੀ ਅਧਿਐਨ ਕਰਕੇ
‘ਬਦਨਾਮੀ’ ਕਮਾਉਣ ਵਾਲੇ ਡਾ. ਪਸ਼ੌਰਾ ਸਿੰਘ ਅਤੇ ਗੁਰਿੰਦਰ ਸਿੰਘ ਮਾਨ ਕਰਤਾਰਪੁਰੀ ਬੀੜ ਨੂੰ ਸ.
ਦਲਜੀਤ ਸਿੰਘ ਵਾਂਗੂ ਹੀ ਪ੍ਰਮਾਣਿਕ ਦੱਸਦੇ ਹਨ।
ਪਿਆਰਾ ਸਿੰਘ ਪਦਮ ਨੇ ਭਾਵੇਂ ਖੁੱਲ ਕੇ ਨਹੀਂ ਲਿਖਿਆ ਪਰ ਉਸਦੀ ਲਿਖਤ ਸਪੱਸ਼ਟ ਕਰ ਦਿੰਦੀ ਹੈ ਕਿ ਉਹ
ਕਰਤਾਰਪੁਰੀ ਬੀੜ ਬਾਰੇ ਭਾਈ ਜੋਧ ਸਿੰਘ ਵਰਗੀ ਸ਼ਰਧਾ ਨਹੀਂ ਰੱਖਦਾ। ਡਾ. ਪਿਆਰ ਸਿੰਘ ਹੁਰਾਂ ਭਾਵੇਂ
ਆਪ ਬੀੜ ਦੇ ਦਰਸ਼ਨ ਨਹੀਂ ਕੀਤੇ, ਪਰ ਉਹ ਦੂਜਿਆਂ ਦੇ ਅਧਿਐਨ ਦੇ ਅਧਾਰ ‘ਤੇ ਕਰਤਾਰਪੁਰੀ ਬੀੜ ਦੀ
ਪ੍ਰਮਾਣਿਕਤਾ ਤੋਂ ਮੁਨਕਰ ਸਨ। ਭਾਈ ਕਾਨ੍ਹ ਸਿੰਘ ਨਾਭਾ ਵਰਗੇ ਪੰਥ-ਪ੍ਰਸਤ ਵਿਦਵਾਨ ਵੀ ਇਸੇ
ਵਿਚਾਰਧਾਰਾ ਦੇ ਮੁੱਦਈ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਸ਼ਬਦਾਰਥ ਸ੍ਰੀ
ਗੁਰੂ ਗ੍ਰੰਥ ਸਾਹਿਬ ਵਿਚ ਐਸੀਆਂ ਅਣਗਿਣਤ ਟਿੱਪਣੀਆਂ ਹਨ ਜੋ ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ ਨੂੰ
ਪ੍ਰਵਾਨ ਨਹੀਂ ਕਰਦੀਆਂ।...ਡਾ. ਸੁਖਦਿਆਲ ਸਿੰਘ ਤਾਂ ਕਰਤਾਰਪੁਰੀ ਬੀੜ ਨੂੰ ਵੀ ਖਾਰੀ ਬੀੜ ਦਾ
ਉਤਾਰਾ ਦੱਸ ਕੇ, ਦੋਹਾਂ ਨੂੰ ਰੱਦ ਕਰਦੇ ਹਨ। (ਪੰਨਾ 134)
“ਹੈਰਾਨੀ ਦੀ ਗੱਲ ਹੈ ਕਿ ਵਿਦਵਾਨਾਂ ਦੇ ਇਕ ਵਰਗ ਨੇ ਸਿੱਖ ਪੰਥ ਵਿਚ
ਮੌਲਾਣਾਵਾਦ ਲਿਆ ਕੇ, ਗਿਆਨ ਦੇ ਅਦਾਨ-ਪ੍ਰਦਾਨ ਦਾ ਰਾਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਕਿ
ਪਹਿਲਾਂ ਸਾਹਿਤਕ ਅਤੇ ਹੋਰ ਮਤਭੇਦਾਂ ਬਾਰੇ ਵਿਚਾਰ ਧੀਰਜ ਨਾਲ ਸੁਣੇ/ਪੜ੍ਹੇ ਜਾਂਦੇ ਸਨ ਅਤੇ ਜੁਆਬ
ਵੀ ਦਿੱਤੇ ਜਾਂਦੇ ਸਨ”। (ਪੰਨਾ 159)
ਆਮ
ਤੌਰ ਤੇ ਕਰਤਾਰਪੁਰੀ ਬੀੜ ਨੂੰ ਅਸਲੀ ਬੀੜ ਨਾ ਮੰਨਣ ਵਾਲਿਆਂ ਨੂੰ, ਤਾਲਬਾਨੀ ਸੋਚ ਵਾਲਿਆਂ ਵੱਲੋਂ
ਮੈਕਲਿਊਡ ਦੇ ਸੋਚ ਦੇ ਧਾਰਨੀ ਕਹਿ ਕੇ ਅਤੇ ਹੋਰ ਕਈ ਤਰ੍ਹਾਂ ਦੇ ਝੂਠ ਬੋਲ ਕੇ ਲੋਕਾਂ ਨੂੰ ਭੜਕਾਇਆ
ਜਾਂਦਾ ਹੈ, ਜੋ ਕਿ ਅਸਲੀਅਤ ਦੇ ਉਲਟ ਹੈ। ਅਸਲ ਵਿਚ ਤਾਂ ਕਹੇ ਜਾਂਦੇ ਮੈਕਲਿਊਡ ਦੇ ਸਾਥੀ, ਡਾ.
ਪਸ਼ੌਰਾ ਸਿੰਘ ਅਤੇ ਗੁਰਿੰਦਰ ਸਿੰਘ ਮਾਨ ਕਰਤਾਰਪੁਰੀ ਬੀੜ ਨੂੰ ਇਨ੍ਹਾਂ ਵਾਂਗੂ ਹੀ ਪ੍ਰਮਾਣਿਕ ਦੱਸਦੇ
ਹਨ। ਜੋ ਕਿ ਸਰਾਸਰ ਗੁਰੂ ਜੀ ਦੀ ਪਾਵਨ ਸਖਸ਼ੀਅਤ ਨੂੰ ਦਾਗੀ ਕਰਨ ਵਾਲੀ ਗੱਲ ਹੈ।
ਪਾਠ ਭੇਦਾਂ ਸਬੰਧੀ:-
ਆਓ! ਸਭ ਤੋਂ ਪਹਿਲਾ ਭਾਈ ਜੋਧ ਸਿੰਘ ਜੀ ਦੇ ਵਿਚਾਰ ਜਾਣ ਲਈਏ, “ਸਸਤਾ ਵੇਚਣ
ਦੀ ਦੌੜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿਚ ਲਗ, ਕੰਨੇ ਆਦਿ ਦੀਆਂ ਬਹੁਤ ਅਸ਼ੁੱਧੀਆਂ ਆ
ਗਈਆਂ ਹਨ। ਜੇ ਕਿਸੇ ਜ਼ੁਮੇਵਾਰ ਜੱਥੇ ਨੇ ਇਹ ਬੀੜਾਂ ਪ੍ਰਕਾਸ਼ਿਤ ਕਰਨ ਦਾ ਕੰਮ ਆਪਣੇ ਜ਼ੁਮੇ ਨਾ ਲਿਆ
ਤਾਂ ਥੋੜੇ ਚਿਰ ਮਗਰੋਂ ਸ਼ੁੱਧ ਪਾਠ ਕਰਨਾ ਅਤਿ ਕਠਿਨ ਹੋ ਜਾਵੇਗਾ” (ਗੁਰਮਤਿ ਨਿਰਣਯ–ਉਥਾਨਕਾ, ਨਵੰਬਰ
1932)
ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਣ ਵਾਲੇ ਵੀ ਆਪਣੀਆਂ ਲਿਖਤਾਂ ਵਿੱਚ
ਲਿਖਦੇ ਹਨ ਕਿ “ਇਤਿਆਦਿਕ ਕ੍ਰੀਬਨ ਪੰਦ੍ਰਾਂ ਸੌ ਪਾਠ ਹਨ ਜੋ ਦਮਦਮੀ ਦੇ ਪਾਠਾਂ ਨਾਲ ਨਹੀ ਮਿਲਦੇ”
(ਗੁਰਬਾਣੀ ਪਾਠ ਦਰਪਣ- ਪੰਨਾ 696)
‘ਪਾਠ ਭੇਦਾਂ ਦੀ ਸੂਚੀ’ ਦੇ ਮੁਖਬੰਧ `ਚ ਲਿਖੇ ਜਥੇਦਾਰ ਕਿਰਪਾਲ ਸਿੰਘ ਜੀ
ਦੇ ਬਹੁਤ ਹੀ ਮਹੱਤਵ ਪੂਰਨ ਸ਼ਬਦ, “ਸ੍ਰੀ ਗੁਰੂ ਗ੍ਰੰਥ ਸਾਹਿਬ ਸੰਸਾਰ ਦੇ ਬਾਕੀ ਧਰਮ ਗ੍ਰੰਥਾਂ ਤੋਂ
ਵਿਲੱਖਣ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ‘ਗੁਰੂ’ ਹਨ ਅਤੇ ਹਜ਼ੂਰ ਦੀ ਗੁਰਤਾ ਜੁਗੋਂ-ਜੁਗ ਅਟੱਲ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਤੀ ਉਕਾਈਆਂ ਜੋ ਲਿਖਾਰੀਆਂ ਜਾਂ ਛਾਪੇ ਵਾਲਿਆਂ ਦੀ
ਅਣਗਹਿਲੀ ਕਾਰਨ ਆ ਗਈਆਂ ਹਨ ਦੀ ਪਰਖ- ਪੜਤਾਲ ਕੀਤੀ ਜਾਣੀ ਅਤਿ ਜਰੂਰੀ ਭਾਸਦੀ ਹੈ। ਗੁਰੂ ਕਰਤਾਰ
ਤਾਂ ਅਭੁੱਲ ਹੈ, ਪਰ ਲਿਖਾਰੀਆਂ ਕੋਲੋਂ ਏਡੇ ਵੱਡੇ ਅਕਾਰ ਦੇ ਗ੍ਰੰਥ ਦਾ ਉਤਾਰਾ ਕਰਨ ਵਿੱਚ ਉਕਾਇਆਂ
ਜਰੂਰ ਰਹੀਆਂ ਹਨ ਤੇ ਸੋਧ- ਸੁਧਾਈ ਅਜਿਹੀਆਂ ਉਕਾਈਆਂ ਦੀ ਹੀ ਲੋੜਦੀ ਹੈ”। (ਪਾਠ ਭੇਦਾਂ ਦੀ ਸੂਚੀ,
ਪੰਨਾ ਸ)
“ਪਾਠ ਭੇਦਾਂ ਦੀ ਸੂਚੀ” ਪੁਸਤਕ ਤਿਆਰ ਕਰਨ ਲਈ ਵਿਦਵਾਨਾਂ ਨੇ ਅਤੇ ਖੋਜ
ਕਰਵਾਉਣ ਲਈ ਸ਼ਰੋਮਣੀ ਕਮੇਟੀ ਨੇ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ ਹੈ। ਜਥੇਦਾਰ ਕਿਰਪਾਲ ਸਿੰਘ ਜੀ
ਦੇ ਲਿਖਣ ਮੁਤਾਬਕ, ਗੁਰਬਾਣੀ ਵਿਚ ਲਿਖਾਰੀਆਂ ਵੱਲੋਂ ਕੀਤੀਆਂ ਅਸ਼ੁੱਧੀਆਂ ਨੂੰ ਸੋਧਣਾ ਅਤਿ ਜ਼ਰੂਰੀ
ਹੈ। ਕਿਉਂਕਿ ਉਤਾਰਾ ਕਰਨ ਵਾਲਿਆਂ ਵੱਲੋਂ ਕੀਤੀਆਂ ਗਲਤੀਆਂ ਗੁਰੂ ਸਾਹਿਬਾਨ ਦੇ ਨਾਵ ਨਾਲ ਜੁੜ
ਜਾਂਦੀਆਂ ਹਨ, ਜੋ ਉਹਨਾਂ ਦੀ ਸ਼ਾਨ ਦੇ ਵਿਰੁਧ ਹੈ। ਹੁਣ ਜਦੋਂ ਸਿੱਖ ਧਰਮ ਵਿਸ਼ਵ ਵਿਚ ਆਪਣੀ
ਮਹੱਤਵਪੂਰਨ ਸਥਾਨ ਬਣਾ ਚੁੱਕਾ ਹੈ ਤਾ ਉਤਾਰੇ ਕਰਨ ਵਾਲਿਆਂ ਵੱਲੋਂ ਜਾਣੇ-ਅਣਜਾਣੇ ਕੀਤੀਆਂ ਗਈਆਂ
ਉਕਾਇਆ ਵਿਸ਼ਵ ਦੇ ਵਿਦਵਾਨਾਂ ਨੂੰ ਦੁਬਿਧਾ ਵਿਚ ਪਾਉਣ ਦਾ ਕਾਰਨ ਬਣ ਰਹੀਆਂ ਹਨ। ਇੰਟਰਨੈਟ ਦੁਆਰਾ
ਅਧਿਆਤਮਿਕ ਗਿਆਨ ਦਾ ਸੋਮਾ ਹਰ ਥਾਂ, ਧਾਰਮਕ ਰੁਚੀ ਵਾਲੇ ਵਿਦਵਾਨਾਂ ਅਤੇ ਸ਼ਰਧਾਲੂਆਂ ਨੂੰ ਉਪਲੱਬਧ
ਹੈ। ਇਸ ਲਈ ਗ੍ਰੰਥ ਸਾਹਿਬ ਜੀ ਵਿਚ ਕਾਤਬਾਂ ਵੱਲੋਂ ਕੀਤੀਆਂ ਭੁੱਲਾਂ ਅਤੇ ਅਸ਼ੁੱਧੀਆਂ ਦਾ ਹੋਣਾ
ਚਿੰਤਾਜਨਕ ਹੈ ਜੋ ਕਿ ਇਸ ਵਿਲੱਖਣ ਅਤੇ ਵਡਮੁੱਲੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਾਡੇ ਦਾਵੇ ਨੂੰ,
ਕਿ ਦੁਨੀਆਂ ਦਾ ਇਕੋ ਇਕ ਅਜੇਹਾ ਧਾਰਮਿਕ ਗ੍ਰੰਥ ਹੈ ਜੋ ਗੁਰੂ ਸਾਹਿਬ ਜੀ ਆਪਣੀ ਹੱਥੀ ਲਿਖ ਕੇ ਗਏ
ਹਨ, ਸੰਸਾਰ ਦੇ ਕਿਸੇ ਵੀ ਵਿਦਵਾਨ ਨੂੰ ਸ਼ੰਕੇ ਵਿਚ ਪਾ ਸਕਦਾ ਹੈ। ਵਿਦਵਾਨਾਂ ਨੂੰ ਨਿਮਰਤਾ ਸਹਿਤ
ਬੇਨਤੀ ਹੈ ਕੇ ਇਤਿਹਾਸਿਕ ਦਿਹਾੜਿਆਂ ਤੇ ਰਵਾਇਤੀ ਅਤੇ ਕੰਮ ਚਲਾਊ ਲੇਖ ਲਿਖ ਕੇ ਅਨਪੜ੍ਹ ਪ੍ਰਚਾਰਕਾਂ
ਦੀ ਭੀੜ `ਚ ਸ਼ਾਮਲ ਹੋਣ ਦੀ ਬਜਾਏ ਆਪਣੀ ਕਲਮ ਅਤੇ ਕਾਬਲੀਅਤ ਦੀ ਵਰਤੋਂ, ਉਤਾਰੇ ਕਰਨ ਵਾਲਿਆਂ ਵੱਲੋਂ
ਜਾਣੇ-ਅਣਜਾਣੇ `ਚ ਕੀਤੀਆਂ ਗਈਆਂ ਉਕਾਈਆਂ ਨੂੰ ਦਰੁਸਤ ਕਰਨ ਲਈ ਕਰੋ ਤਾਂ ਜੋ ਇਨ੍ਹਾਂ ਸਮੱਸਿਆਵਾਂ
ਦਾ ਸਦੀਵੀ ਹਲ ਕਰਕੇ ‘ਅੰਮ੍ਰਿਤ ਮਈ ਬਾਣੀ’ ਦੀ ਸ਼ੁਧਤਾ ਨੂੰ ਕਾਇਮ ਰੱਖਿਆ ਜਾ ਸਕੇ। ਸਾਨੂੰ ਇਹ ਸਮਝਣ
‘ਚ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ ਕਿ ਗੁਰੂ ਸਾਹਿਬ ਤਾ ਅਭੁੱਲ ਸਨ ਪਰ ਲਿਖਾਰੀਆਂ ਵੱਲੋਂ ਗ੍ਰੰਥ
ਸਾਹਿਬ ਦੇ ਉਤਾਰੇ ਕਰਨ ਵੇਲੇ ਹੋਈਆਂ ਉਕਾਈਆਂ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ। ਸੋਧ ਸੁਧਾਈ
ਇਨ੍ਹਾਂ ਉਕਾਈਆਂ ਦੀ ਹੋਣੀ ਹੈ ਨਾ ਕਿ ‘ਖਸਮ ਕੀ ਬਾਣੀ’ ਦੀ।
ਸਮੱਸਿਆ ਦੀ ਜੜ੍ਹ ਕਿਥੇ
ਹੈ :- ਕਦੇ ਸਮਾ
ਸੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਜੁੜਵੇਂ ਅੱਖਰਾਂ ਵਿੱਚ ਹੱਥ ਨਾਲ ਲਿਖੇ ਜਾਂਦੇ ਸਨ। ਸ਼ਰਧਾਲੂ
ਸਿੱਖ ਬੀੜ ਪ੍ਰਾਪਤ ਕਰਨ ਲਈ ਲੰਮਾ ਸਮਾਂ ਇੰਤਜ਼ਾਰ ਕਰਦੇ ਸਨ। ਕਾਤਬ ਦੇ ਪਾਸ ਜਿਹੜੀ ਬੀੜ ਹੁੰਦੀ ਸੀ
ਉਹ ਉਸੇ ਦਾ ਉਤਾਰਾ ਕਰ ਦਿੰਦੇ ਸਨ। ਏਹੀ ਕਾਰਨ ਸੀ ਕੇ ਜਿਆਦਾ ਉਤਾਰੇ ਭਾਈ ਬੰਨੋ ਵਾਲੀ ਸ਼ਾਖ ਦੇ ਹੀ
ਹੋਏ ਸਨ । ਭਾਈ ਗੁਰਦਾਸ ਜੀ ਦੀ ਹੱਥ ਲਿਖਤ ਬੀੜ ਤਾਂ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਹੋਣ ਕਰਕੇ
ਉਤਾਰੇ ਕਰਨ ਲਈ ਉਪਲੱਬਧ ਨਹੀ ਸੀ ਹੋ ਸਕਦੀ। ਬੀੜ ਦੇ ਪਿਛੋਕੜ ਬਾਰੇ ਪੜਤਾਲ ਕਰਨ ਦੀ ਨਾ ਤਾਂ ਕਿਸੇ
ਦੀ ਇੱਛਾ ਹੁੰਦੀ ਸੀ ਅਤੇ ਨਾ ਹੀ ਅੱਜ ਵਰਗੇ ਸਾਧਨ। ਇਹ ਵੀ ਜਰੂਰੀ ਨਹੀ ਸੀ ਕਿ ਸਾਰੇ ਕਾਤਬ ਸਿਧਾਂਤ
ਨੂੰ ਸਮਝਦੇ ਹੋਣ। ਇਸ ਦੀ ਮਿਸਾਲ ਸਾਨੂੰ ਮੰਗਲਾਂ ਦੇ ਉਗੱੜ-ਦੁਗੜੇ ਹੋਣ ਤੋਂ ਮਿਲਦੀ ਹੈ। ਕਈਆਂ ਨੇ
ਤਾ ਬੀੜਾ ਦਾ ਉਤਾਰਾ ਕਰਨਾ ਕਿਤੇ ਵੱਜੋਂ ਹੀ ਅਪਨਾਇਆ ਹੋਇਆ ਸੀ।
ਗਿਆਨੀ ਗੁਰਦਿੱਤ ਸਿੰਘ ਜੀ, ਗਿਆਨੀ ਨਰੈਣ ਸਿੰਘ ਮੁਜੰਗਾਂ ਵਾਲੇ ਦੇ ਹਵਾਲੇ
ਨਾਲ ਲਿਖਦੇ ਹਨ ਕਿ ਕੋਹਨੂੰਰ ਪ੍ਰੈਸ ਦੇ ਮਾਲਕ, ਲਾਹੌਰ ਨਿਵਾਸੀ ਲਾਲਾ ਹਰਸੁਖ ਰਾਇ ਨੇ 1860 ਵਿੱਚ
ਅਕਾਲ ਤਖਤ ਸਾਹਿਬ ਤੇ ਫ਼ਰਿਆਦ ਕੀਤੀ ਕਿ ਦਾਸ ਦੀ ਇੱਛਾ ਹੈ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਛਾਪੇ
ਜਾਵਣ, ਪੰਥ ਦਾਸ ਨੂੰ ਹੁਕਮ ਦੇਵੇ ਜੋ ਕਿਹੜੀ ਬੀੜ ਛਾਪੀ ਜਾਵੇ? ਅਰਥਾਤ ਬਾਈ ਬੰਨੋ ਵਾਲੀ ਬੀੜ,
ਦਮਦਮੇ ਸਾਹਿਬ ਵਾਲੀ ਬੀੜ, ਭਾਈ ਗੁਰਦਾਸ ਜੀ ਵਾਲੀ ਬੀੜ, ਇਹ ਤਿੰਨ ਬੀੜਾਂ ਬਹੁਤ ਪ੍ਰਚਲਤ ਹਨ।
ਲਿਖਾਰੀ ਲੋਕ ਬਹੁਤਾ ਪਹਿਲੀਆਂ ਦੋਹਾਂ ਬੀੜਾਂ ਦੇ ਉਤਾਰੇ ਕਰਕੇ ਦਿੰਦੇ ਹਨ, ਤੀਜੀ ਭਾਈ ਗੁਰਦਾਸ ਜੀ
ਵਾਲੀ ਬੀੜ ਦੇ ਉਤਾਰੇ ਘੱਟ ਹੋਏ ਹਨ, ਪਰ ਪੰਥ ਦਾਸ ਨੂੰ ਜਿਹੜੀ ਬੀੜ ਦੀ ਆਗਿਆ ਦੇਵੇ, ਉਹੀ ਛਾਪ
ਦੇਵੇਗਾ”। ਪੰਥ ਨੇ ਫੈਸਲਾ ਕੀਤਾ ਕਿ ਤਿੰਨ ਪਰਚੀਆਂ ਤੇ ਬੀੜਾਂ ਦੇ ਨਾਲ ਲਿਖ ਕੇ ਸਰੋਵਰ ਵਿੱਚ ਪਾ
ਦਿੱਤੀਆਂ ਜਾਣ ਜਿਹੜੀ ਤਰ ਆਵੇ ਉਹ ਬੀੜ ਛਾਪ ਦਿੱਤੀ ਜਾਵੇ। ਪਹਿਲਾ ਤਾਂ ਤਿੰਨੇ ਕਾਗਜ ਸਰੋਵਰ ਵਿੱਚ
ਟੁੱਬੀ ਮਾਰ ਗਏ ਪਰ ਦੋ ਘੰਟੇ ਪਿਛੋਂ ਇਕ ਕਾਗਜ ਤਰ ਆਇਆ। ਜਦੋਂ ਉਸ ਨੂੰ ਪੜ੍ਹਿਆ ਗਿਆ ਤਾ ਉਸ ਉਪਰ
ਲਿਖਿਆ ਹੋਇਆ ਸੀ “ਦਮਦਮੇ ਸਾਹਿਬ ਵਾਲੀ ਬੀੜ ਛਪੇ” (ਮੁੰਦਾਵਣੀ ਪੰਨਾ 196) ਉਪ੍ਰੋਕਤ ਵਾਰਤਾ ਤੋਂ
ਇਹ ਤਾ ਸਪੱਸ਼ਟ ਹੋ ਗਿਆ ਹੈ ਕਿ 1860 ਵਿੱਚ ਅਕਾਲ ਬੁੰਗੇ ਤੇ ਕਾਬਜ਼ ਪੰਥ ਨੂੰ ਇਹ ਵੀ ਨਹੀ ਸੀ ਪਤਾ
ਕਿ ਅਸਲੀ ਬੀੜ ਕਿਹੜੀ ਹੈ। ਫਰਜ਼ ਕਰੋ ਜੇ ਪਰਚੀ ਭਾਈ ਬੰਨੋ ਵਾਲੀ ਬੀੜ ਦੀ ਤਰ ਆਉਂਦੀ ਤਾਂ ਕੀ
ਹੁੰਦਾ? ਬੀੜਾਂ ਦੇ ਛਾਪੇ ਖ਼ਾਨੇ ਵਿਚ ਛਪਣ ਦਾ ਅਰੰਭ 1864 ਤੋਂ ਮੰਨਿਆ ਜਾਂਦਾ ਹੈ। ਉਸ ਵੇਲੇ ਜਿਹੜੇ
ਪੰਥ ਨੂੰ ਇਹ ਵੀ ਨਹੀਂ ਸੀ ਪਤਾ ਕਿ ਗੁਰੂ ਸਾਹਿਬ ਜੀ ਨੇ ਕਿਸ ਬੀੜ ਨੂੰ ਗੁਰਗੱਦੀ ਦਿੱਤੀ ਸੀ,
ਕਿਹੜੀ ਬੀੜ ਅਸਲੀ ਹੈ। ਉਸ ਪੰਥ ਨੂੰ, ਉਤਾਰੇ ਕਰਨ ਵਾਲਿਆਂ ਵੱਲੋਂ ਜਾਣੇ-ਅਣਜਾਣੇ `ਚ ਕੀਤੀਆਂ
ਭੁਲਾਂ ਅਤੇ ਮੰਗਲਾਂ ਦੀ ਸਹੀ ਤਰਤੀਬ ਬਾਰੇ ਕਿੰਨੀ ਕੁ ਫਿਕਰ ਮੰਦੀ ਹੋਵੇਗੀ? ਗੁਰੂ ਗ੍ਰੰਥ ਸਾਹਿਬ
ਜੀ ਨੂੰ ਛਾਪੇ ਖ਼ਾਨੇ `ਚ ਛਾਪਣ ਦਾ ਦੂਜਾ ਯਤਨ ‘ਵਿੱਦਿਆ ਪ੍ਰਕਾਸ਼ ਪ੍ਰੈਸ’ ਦੇ ਮਾਲਕ, ਲਾਹੌਰ ਨਿਵਾਸੀ
ਮੁਨਸ਼ੀ ਹੀਰਾ ਨੰਦ ਨੇ ਕੀਤਾ ਸੀ ਮੁਨਸ਼ੀ ਹੀਰਾ ਨੰਦ ਨੇ ਹੀ 1893 ਵਿੱਚ 1430 ਪੰਨੇ ਵਾਲੀ ਬੀੜ ਛਾਪੀ
ਸੀ । ਹੁਣ ਤਾਈ ਸਫਿਆਂ ਦੀ ਇਹ ਗਿਣਤੀ ਮਿਆਰ ਬਣੀ ਹੋਈ ਹੈ। (ਪਰੰਪਰਾ ਅਤੇ ਇਤਿਹਾਸ, ਪੰਨਾ 54)
1952 ਵਿਚ ਸਿਖ ਸੰਗਤਾਂ ਦੀ ਇੱਛਾ ਅਤੇ ਲੋੜ ਨੂੰ ਮੁਖ ਰੱਖਦੇ ਹੋਏ, ਬੀੜਾਂ
ਨੂੰ ਛਾਪਣ ਦਾ ਕਾਰਜ ਸ਼੍ਰੋਮਣੀ ਕਮੇਟੀ ਨੇ ਅਰੰਭ ਕੀਤਾ ਸੀ। ਸ਼੍ਰੋਮਣੀ ਕਮੇਟੀ ਨੇ ਬੀੜਾਂ ਛਾਪਣ ਵੇਲੇ
ਮੁਖ ਤਾਂ ਦਮਦਮੀ ਬੀੜ ਨੂੰ ਰੱਖਿਆ ਸੀ ਪਰ ਉਸ ਦੀ ਸੋਧ ਮੌਜੂਦਾ ਕਰਤਾਰਪਰੀ ਬੀੜ ਨਾਲ ਹੀ ਕੀਤੀ ਸੀ।
ਇਸ ਨਾਲ ਜਿਥੇ ਮੰਗਲਾਂ ਨੂੰ ਸਹੀ ਥਾਂ ਸਿਰ ਛਾਪਣ ਦਾ ਚੰਗਾ ਕਾਰਜ ਹੋਇਆ ਉਥੇ ਹੀ ਕਰਤਾਰਪੁਰੀ ਬੀੜ
ਦੇ ਦੋਸ਼ ਵੀ ਬਿਨਾ ਸੋਚੇ-ਸਮਝੇ ਅਪਨਾ ਲਏ ਗਏ। ਸ਼੍ਰੋਮਣੀ ਕਮੇਟੀ ਵਿੱਚ, ਬੀੜਾਂ ਛਾਪਣ ਦੇ ਅਰੰਭ ਤੋਂ
ਲੈ ਕੇ ਮੰਗਲਾਂ ਸਬੰਧੀ ਫੈਸਲਾ ਵਾਪਸ ਲੈਣ ਦੇ ਸਮੇ ਦਰਮਿਆਨ ਜੋ ਘਮਸਾਨ ਪਿਆ ਰਿਹਾ ਉਸ ਦੇ ਦਰਸ਼ਨ,
ਪ੍ਰਿ: ਹਰਭਜਨ ਸਿੰਘ ਜੀ ਦੀ ਲਿਖਤ ‘ਗੁਰਬਾਣੀ ਸੰਪਾਦਨ ਨਿਰਣੈ’ ਵਿੱਚ ਕੀਤੇ ਜਾ ਸਕਦੇ ਹਨ। ਸ਼੍ਰੋਮਣੀ
ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਮੰਗਲ ਰਾਗ ਦੇ ਸਿਰਲੇਖ ਤੋਂ ਪਹਿਲਾ ਛਾਪੇ ਗਏ ਸਨ ਪਰ
ਸਿਆਸਤ, ਅਤੇ ਕੁਝ ਵਿਦਵਾਨਾਂ ਦੇ ਦੁਕਾਨਦਾਰਾਂ ਨਾਲ ਸਬੰਧਾਂ ਕਰਕੇ ਇਹ ਫੈਸਲਾ ਵਾਪਸ ਲੈ ਲਿਆ ਗਿਆ
ਸੀ। ਉਸ ਸਮੇਂ ਦੌਰਾਨ ਛਾਪੀਆਂ ਗਈਆਂ ਬੀੜਾਂ ਅੱਜ ਨਹੀ ਮਿਲਦੀਆਂ। ਮੈਂ ਇਕ ਅਜੇਹੇ ਸੱਜਣ ਨੂੰ ਜਾਣਦਾ
ਹਾਂ ਜਿਨ੍ਹਾਂ ਪਾਸ ਇਸ ਸਮੇਂ ਦੌਰਾਨ ਛਾਪੀ ਗਈ ਬੀੜ ਸੀ। ਉਨ੍ਹਾਂ ਨੇ ਦੱਸਿਆ ਕਿ ਅਮਰੀਕਾ ਆਉਣ ਤੋਂ
ਪਹਿਲਾ ਮੈਂ, ਉਹ ਬੀੜ ਗੁਰਦਵਾਰਾ ਸਾਹਿਬ (ਜੋ ਟਕਸਾਲ ਨਾਲ ਸਬੰਧਿਤ ਹੈ) ਵਿਖੇ ਪੁੱਜਦੀ ਕਰ ਦਿੱਤੀ
ਸੀ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਹੁਣ ਤੁਸੀਂ ਪੰਜਾਬ ਨੂੰ ਜਾ ਰਹੇ ਹੋ, ਪਤਾ ਕਰਨਾ ਕਿ ਜੇ
ਉਹ ਬੀੜ ਤੁਹਾਨੂੰ ਵਾਪਸ ਦੇ ਦੇਣ। ਆਪਾਂ ਉਸ ਬੀੜ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਮਿਸ਼ਨਰੀ ਕਾਲਜ
ਨੂੰ ਸੌਂਪ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਕੋਈ ਇਤਰਾਜ਼ ਨਹੀ ਹੈ। ਜਦੋਂ ਉਨ੍ਹਾਂ ਨੇ
ਗੁਰਦਵਾਰਾ ਸਾਹਿਬ ਜਾ ਕੇ, ਬੀੜ ਬਾਰੇ ਪੁਛ-ਪੜਤਾਲ ਕੀਤੀ ਤਾਂ ਜਾਣਕਾਰੀ ਮਿਲੀ ਕਿ ਉਹ ਬੀੜ ਅੰਗੀਠਾ
ਸਾਹਿਬ ਦੀ ਭੇਟ ਕੀਤੀ ਜਾ ਚੁੱਕੀ ਹੈ। ਪੰਥ ਦਰਦੀ ਵਿਦਵਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ
ਤੋਂ ਪਹਿਲਾ ਕਿ ਬਾਬੇ ਸਾਜ਼ਿਸ਼ ਅਧੀਨ ਸਾਰੀਆਂ ਪੁਰਾਤਨ ਬੀੜਾਂ ਨੂੰ ਅੰਗੀਠਾ ਦੀ ਭੇਟ ਕਰ ਦੇਣ, ਮਸਲੇ
ਦਾ ਹੱਲ ਕਰ ਲੈਣਾ ਚਾਹੀਦਾ ਹੈ। ਪੁਰਾਤਨ ਹੱਥ ਲਿਖਤਾਂ ਅਤੇ ਛਾਪੇ ਦੀਆਂ ਬੀੜਾਂ ਨੂੰ, ਜੇ ਧਿਆਨ ਨਾਲ
ਵੇਖਿਆ ਜਾਵੇ ਤਾਂ ਇਹ ਅੰਦਾਜ਼ਾ ਲਾਉਣਾ ਕੋਈ ਬਹੁਤ ਮੁਸ਼ਕਲ ਨਹੀ ਹੈ ਕਿ ਭਾਈ ਗੁਰਦਾਸ ਜੀ ਦੀ ਮਿਸਲ
ਦੀਆਂ ਬੀੜਾਂ, ਛਾਪੇ ਦੀਆਂ ਬੀੜਾਂ ਦਾ ਅਧਾਰ ਨਹੀ ਹਨ।
ਅੱਜ ਸਾਡੀ ਸਮੱਸਿਆ ਇਹ ਹੈ ਕਿ ਅਸੀਂ ਅਜੇਹੇ ਮਸਲਿਆ ਬਾਰੇ ਵਿਚਾਰ ਚਰਚਾ ਕਰਨ
ਤੋਂ ਡਰਦੇ ਹਾਂ। ਆਪਣੇ ਮਸਲਿਆਂ ਦੇ ਹੱਲ ਲਈ ਅਸੀਂ ਉਨ੍ਹਾਂ ਵੱਲ ਵੇਖ ਰਹੇ ਹਾਂ ਜੋ ਸਿੱਧੇ-ਅਸਿੱਧੇ
ਤਰੀਕੇ ਨਾਲ ਸਾਡੇ ਮਸਲਿਆਂ `ਚ ਵਾਧਾ ਕਰ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਹੈ ਨਾਨਕਸ਼ਾਹੀ ਕੈਲੰਡਰ।
ਰਾਗਮਾਲਾ ਬਾਰੇ ਜਦੋਂ ਭਾਈ ਜੋਧ ਸਿੰਘ ਨੇ ਆਪਣੀ ਰਿਪੋਟ `ਚ ਸਪੱਸ਼ਟ ਲਿਖਿਆ ਹੈ, “ਸਭ ਤੋਂ ਜਰੂਰੀ
ਨੋਟ ਇਹ ਗਲ ਕੀਤੀ ਗਈ ਕਿ ਇਸ ਬੀੜ ਦੇ ਅੰਤ ਵਿੱਚ ਰਾਗਮਾਲਾ ਹੈ ਅਤੇ ਇਹ ਉਨ੍ਹਾਂ ਹੀ ਦਸਤਖਤਾਂ ਤੇ
ਉਸੇ ਲਿਖਤ ਵਿੱਚ ਹੈ ਜਿਸ ਵਿਚ ਰਾਗਮਾਲਾ ਤੋਂ ਪਹਿਲਾਂ ਆਉਣ ਵਾਲੇ ਕਈ ਸਫ਼ੇ ਲਿਖੇ ਹੋਏ ਹਨ”। (ਪੰਨਾ
ੲ) ਤਾਂ ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ ਨੇ ਪਿਛਲੇ 7 ਦਹਾਕਿਆਂ ਵਿਚ ਵੀ ਸਪੱਸ਼ਟ
ਫੈਸਲਾ ਕਿਉਂ ਨਹੀ ਕੀਤਾ? ਸਾਡੇ ਕੇਂਦਰੀ ਮੁਖੀਆਂ ਦਾ ਧਿਆਨ ਮਸਲੇ ਹਲ ਕਰਨ ਵੱਲ ਨਹੀ ਹੈ ਸਗੋਂ ਉਹ
ਤਾਂ ਆਪਣੇ ਅਹੁਦੇ ਦੀ ਮਿਆਦ ਲਮੇਰੀ ਕਰਨ ਲਈ ਸਿਆਸਤਦਾਨਾਂ ਦੇ ਪਿੱਛਲਗ ਬਣ ਬੈਠੇ ਹਨ। ਆਪਣੀਆਂ
ਸਮੱਸਿਆਵਾਂ ਦੇ ਹਲ ਲਈ ਸਿੱਖਾਂ ਨੂੰ ਆਪ ਹੀ ਉੱਦਮ ਕਰਨਾ ਪੈਣਾ ਹੈ। ਇਸੇ ਸੋਚ ਤਹਿਤ ਹੀ, ‘ਸਿੱਖ
ਮਾਰਗ’ ਉਪਰ, ਪੂਰੀ ਇਮਾਨਦਾਰੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਰੋਸਾ ਰੱਖਦੇ ਹੋਏ,
ਬਹੁਤ ਸਾਰੇ ਸੱਜਣਾ ਵੱਲੋਂ, ਪੰਥਕ ਮੁੱਦਿਆਂ ਬਾਰੇ ਪਿਛਲੇ ਲੰਮੇ ਸਮੇਂ ਤੋਂ ਵਿਚਾਰ ਚਰਚਾ ਕੀਤੀ
ਜਾਂਦੀ ਰਹੀ ਹੈ ਜੋ ਅੱਗੋਂ ਵੀ ਜਾਰੀ ਰਹੇਗੀ। ਪਰ ਕਈਆਂ ਨੂੰ ਇਥੇ ਲਿਖਿਆ ਸੱਚ ਬਹੁਤਾ ਹਾਜ਼ਮ ਨਹੀਂ
ਹੁੰਦਾ। ਇਸੇ ਲਈ ਪਹਿਲਾਂ ਤੋਂ ਹੀ ਕਈ ਸਿੱਖੀ ਭੇਸ ਵਿਚਲੇ ਲੋਕ ਜੋ ਦੇਖਣ ਨੂੰ ਸਿੱਖ ਲਗਦੇ ਹਨ ਇਸ
ਸਾਈਟ ਦੀ ਵਿਰੋਧਤਾ ਕਰਦੇ ਆ ਰਹੇ ਹਨ। ਅਜਿਹੇ ਲੋਕ ਚਾਹੁੰਦੇ ਹਨ ਕਿ ਸਚਾਈ ਦਾ ਲੋਕਾਂ ਨੂੰ ਪਤਾ
ਨਹੀਂ ਲੱਗਣਾ ਚਾਹੀਦਾ ਸਗੋਂ ਵੱਧ ਤੋਂ ਵੱਧ ਧਰਮ ਦੇ ਨਾਮ ਤੇ ਝੂਠ ਬੋਲਣਾ ਚਾਹੀਦਾ ਹੈ। ਪਾਂਡੇ ਵੀ
ਅਜਿਹਾ ਹੀ ਕਰਦੇ ਸਨ। ਅੱਜ ਕੱਲ ਦਾੜੀਆਂ ਕੇਸਾਂ ਵਾਲੇ ਪਾਂਡੇ ਕਰ ਰਹੇ ਹਨ। ਜਿਹਨਾ ਬਾਬਤ ਗੁਰੂ
ਨਾਨਕ ਦੇਵ ਜੀ ਨੇ ਕਿਹਾ ਸੀ:
ਝੂਠੁ ਨ ਬੋਲਿ ਪਾਡੇ ਸਚੁ ਕਹੀਐ॥ ਹਉਮੈ ਜਾਇ ਸਬਦਿ ਘਰਿ ਲਹੀਐ॥ ਪੰਨਾ ੯੦੪॥
ਅਖੀਰ ਵਿਚ ਖੁੰਬਾਂ ਵਾਂਗੂ ਉੱਗ ਰਹੇ ਪੱਤਰਕਾਰਾਂ ਨੂੰ, ਜੋ ਪੀਲੀ ਪੱਤਰਕਾਰੀ
ਦੀ ਮਿਸਾਲ ਕਾਇਮ ਕਰਦੇ ਹੋਏ ਦੂਜਿਆਂ ਨੂੰ ਸਿੱਖ ਮੰਨਣ ਜਾਂ ਨਾ ਮੰਨਣ ਦੇ ਪ੍ਰਮਾਣ ਪੱਤਰ ਵੰਡ ਰਹੇ
ਹਨ ਅਤੇ ਜਾਗਰੂਕ ਵਰਗ ਵਿੱਚ ਫੁਟ ਪਾਉਣ ਦੇ ਕੋਝੇ ਯਤਨ ਕਰ ਰਹੇ ਹਨ, ਡਾ: ਗੁਰਸ਼ਰਨਜੀਤ ਸਿੰਘ ਜੀ ਦੇ
ਸ਼ਬਦਾਂ ‘ਚ ਨਸੀਹਤ “ਇਸ ਤੋਂ ਪਹਿਲਾਂ ਕਿ ਬੇਗਾਨੇ ਸਾਡੇ ਧਰਮ-ਗ੍ਰੰਥ ਉੱਪਰ ਉਂਗਲ ਉਠਾਉਣ, ਸਾਨੂੰ
ਪੰਥਕ ਤੌਰ ‘ਤੇ ਯਤਨ ਕਰਕੇ ਐਸੇ ਪਾਠ ਭੇਦਾਂ ਨੂੰ ਠੀਕ ਕਰ ਲੈਣਾ ਚਾਹੀਦਾ ਹੈ। ਇਸ ਵਿੱਚ ਨਾ ਤਾਂ
ਮਿਹਣੇ ਵਾਲੀ ਅਤੇ ਨਾ ਹੀ ਸ਼ਰਮ ਵਾਲੀ ਗੱਲ ਹੈ। ਸਭ ਧਰਮ ਗ੍ਰੰਥ ਸਮੇਂ ਦੇ ਨਾਲ ਦੂਸ਼ਿਤ ਹੁੰਦੇ ਆਏ
ਹਨ। ਸੂਝਵਾਨ ਕੌਮਾਂ ਚਾਰ ਸਦੀਆਂ ਤੀਕ ਅਜਿਹੇ ਗੰਭੀਰ ਕੰਮ ਕਰਨ ਲਈ ਇੰਤਜ਼ਾਰ ਨਹੀਂ ਕਰਦੀਆਂ। ਹੱਠ
ਛੱਡ ਕੇ ਆਪਣੀ ਸੋਚ ਨੂੰ ਖੁੱਲ੍ਹਾ ਕਰਨ ਨਾਲ ਮਸਲੇ ਹੱਲ ਹੋ ਸਕਦੇ ਹਨ। ਵਿਦਵਾਨਾਂ ਨੂੰ ਨਿੰਦਣ ਨਾਲ
ਕੋਈ ਫਾਇਦਾ ਨਹੀਂ” (ਗੁਰੂ ਗ੍ਰੰਥ ਸਾਹਿਬ: ਪਰੰਪਰਾ ਅਤੇ ਇਤਿਹਾਸ, ਪੰਨਾ 200)
|
. |