.

ਸੁਣਿਆ ਤੇ ਪੇਖਿਆ, ਵਿਦਿਆ ਮਾਰਤੰਡ ਪ੍ਰਿੰਸੀਪਲ ਡਾ: ਧਰਮਾਨੰਤ ਸਿੰਘ

ਅਕਾਲ ਪੁਰਖ ਦੇ ਵਿਸਮਾਦੀ ਹੁਕਮ ਵਿੱਚ ਬਸੰਤ ਰੁੱਤ ਵੇਲੇ ਬਨਸਪਤੀ ਉੱਤੇ ਵੰਨ-ਸੁਵੰਨੇ ਅਨੇਕਾਂ ਫੁੱਲ ਖਿੜ ਕੇ ਜਿਵੇਂ ਧਰਤੀ ਨੂੰ ਸ਼ਿੰਗਾਰਦੇ ਹੋਏ ਆਪਣੇ ਆਲੇ-ਦੁਆਲੇ ਨੂੰ ਮਹਿਕਾਉਂਦੇ ਅਤੇ ਬਿਨਾਂ ਕਿਸੇ ਵਿਤਕਰੇ ਦਰਸ਼ਕਾਂ ਨੂੰ ਬੇਸ਼ਰਤ ਖੇੜੇ ਵੰਡਦੇ ਹਨ। ਪ੍ਰਤੀਤ ਹੁੰਦਾ ਹੈ ਕਿ ਤਿਵੇਂ ਹੀ ਸੰਸਾਰਕ ਤਲ `ਤੇ ਕੁੱਝ ਐਸੇ ਅਵਸਰ ਆਉਂਦੇ ਹਨ, ਜਦੋਂ ਬਸੰਤ ਦੇ ਫੁੱਲਾਂ ਵਾਂਗ ਇਕੱਠੇ ਹੀ ਕੁੱਝ ਐਸੇ ਵਿਦਵਾਨ ਤੇ ਕਰਮਸ਼ੀਲ ਵਿਅਕਤੀ ਜਨਮ ਲੈਂਦੇ ਹਨ; ਜੋ ਆਦਿ ਗੁਰੂ ਨਿਰੰਕਾਰ ਦੀ ਬਖ਼ਸ਼ਿਸ ਅਤੇ ਵਿਦਿਆ ਦੇ ਬਲਬੋਤੇ ਮਨੁਖੀ ਭਾਈਚਾਰੇ ਦੇ ਵਿਕਾਸ ਲਈ ਉਨ੍ਹਾਂ ਨੂੰ ਸਵਾਰਨ ਤੇ ਸ਼ਿੰਗਾਰਨ ਲਈ ਯਤਨਸ਼ੀਲ ਰਹਿੰਦੇ ਹਨ। ਅਸਲ ਵਿੱਚ ਮਨੁਖਾ ਜਨਮ ਨੂੰ ਸਫਲਾਉਣ ਵਾਲੇ ਐਸੇ ਲੋਕ ਹੀ ਸਹੀ ਸੂਰਬੀਰ ਜੋਧੇ ਮੰਨੇ ਜਾਂਦੇ ਹਨ; ਜੋ ਨਿਜੀ ਸੁਖ, ਐਸ਼ਵਰਜ ਤੇ ਇੰਦ੍ਰਾਵੀ ਚਸਕੇ ਭੋਗਣ ਵਾਲੀ ਸੁਆਰਥੀ ਸੋਚ ਦੇ ਅਧੀਨ ਪੈਦਾ ਹੋਣ ਵਾਲੇ ਪਦਾਰਥਿਕ ਤੇ ਪ੍ਰਵਾਰਿਕ ਮੋਹ ਤੋਂ ਉਚੇਰੇ ਹੋ ਕੇ ਮਨੁੱਖਤਾ ਦਾ ਰਾਹ ਰਸ਼ਨਾਉਣ ਦਾ ਪਰਉਪਕਾਰੀ ਕਾਰਜ ਕਰਦੇ ਹਨ। ਭਾਈ ਗੁਰਦਾਸ ਜੀ ਕਥਨ ਹੈ ਕਿ ਐਸੇ ਜੋਧੇ ਜੋਧੀਆਂ ਦੀ ਮਾਂ ਵੀ ਧੰਨ ਹੈ। ਉਨ੍ਹਾਂ ਦੇ ਬੋਲ ਹਨ:

ਗੁਰਮੁਖਿ ਪੰਡਿਤੁ ਹੋਇ ਜਗ ਪਰਬੋਧੀਐ।

ਗੁਰਮੁਖਿ ਆਪੁ ਗਵਾਇ ਅੰਦਰੁ ਸੋਧੀਐ।

……………………………

ਚਹੁ ਵਰਨਾ ਉਪਦੇਸੁ ਸਹਜਿ ਸਮੋਧੀਐ।

ਧੰਨੁ ਜਣੇਦੀ ਮਾਉ ਜੋਧਾ ਜੋਧੀਐ।। (ਵਾਰ ੧੯ ਪਉੜੀ ੧੮)

ਵੀਹਵੀਂ ਸਦੀ ਦੇ ਆਰੰਭਕ ਕਾਲ ਵਿੱਚ ਸਿੱਖ ਜਗਤ ਅੰਦਰ ਪਰਗਟ ਹੋਏ ਸਰ ਜੁਗਿੰਦਰ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਭਾਈ ਵੀਰ ਸਿੰਘ, ਪ੍ਰਿੰਸੀਪਲ ਡਾ. ਜੋਧ ਸਿੰਘ (ਭਾਈ ਸਾਹਿਬ), ਪ੍ਰਿਸੀਪਲ ਤੇਜਾ ਸਿੰਘ, ਪ੍ਰੋ. ਨਰਾਇਣ ਸਿੰਘ, ਪ੍ਰੋ. ਪੂਰਨ ਸਿੰਘ, ਸ੍ਰ. ਕਪੂਰ ਸਿੰਘ, ਡਾ. ਸ਼ੇਰ ਸਿੰਘ, ਪ੍ਰਿੰਸੀਪਲ ਗੁਰਬਚਨ ਸਿੰਘ ਤਾਲਿਬ, ਡਾ. ਤ੍ਰਿਲੋਚਨ ਸਿੰਘ, ਸ੍ਰ ਸਰਦੂਲ ਸਿੰਘ ਕਵੀਸਰ, ਪ੍ਰਿੰਸੀਪਲ ਗੰਗਾ ਸਿੰਘ, ਪ੍ਰੋ. ਸਾਹਿਬ ਸਿੰਘ ਜੀ ਤੇ ਪ੍ਰਿੰਸੀਪਲ ਹਰਿਭਜਨ ਸਿੰਘ (ਭਾਈ ਸਾਹਿਬ) ਵਰਗੇ ਦਾਰਸ਼ਨਿਕ ਬਿਰਤੀ ਵਾਲੇ ਵਿਦਵਾਨ ਅਤੇ ਸ੍ਰ. ਕਰਮ ਸਿੰਘ ਤੇ ਡਾ. ਗੰਡਾ ਸਿੰਘ ਵਰਗੇ ਹਿਸਟੋਰੀਅਨ ਸਾਡੇ ਉਪਰੋਕਤ ਕਥਨ ਦੀ ਪ੍ਰੋੜਤਾ ਕਰਦੇ ਹਨ।

ਸਤਿਕਾਰਯੋਗ ਪ੍ਰਿੰਸੀਪਲ ਡਾ. ਧਰਮਾਨੰਤ ਸਿੰਘ ਜੀ ਵੀ ਭਾਵੇਂ ਵਿਦਵਾਨਾਂ ਦੀ ਉਪਰੋਕਤ ਰਤਨਮਾਲ ਦੇ ਇੱਕ ਅਮੋਲਕ ਰਤਨ ਸਨ। ਪਰ ਵਿਦਿਆ, ਸੰਜਮਮਈ ਜੀਵਨ, ਭਾਸ਼ਨਕਾਰੀ ਅਤੇ ਵਿਸ਼ਵ-ਦਰਸ਼ਨ ਦੀ ਮੂਲਿਕ ਜਾਣਕਾਰੀ ਅਤੇ ਸੋਚ ਤੇ ਸੁਭਾਅ ਪੱਖੋਂ ਉਨ੍ਹਾਂ ਦੀ ਸ਼ਖਸੀਅਤ ਸਭ ਤੋਂ ਨਿਵੇਕਲੀ ਸੀ। ਉਹ ਇੱਕੋ ਸਮੇਂ ਇਲੈਕਟ੍ਰੀਕਲ ਇੰਜੀਨੀਅਰ, ਗੰਭੀਰ ਲੇਖਕ, ਸੁਘੜ ਸੰਪਾਦਕ, ਅਧਿਆਤਮਿਕ ਕਵੀ ਅਤੇ ਦਾਰਸ਼ਨਿਕ ਵਿਆਖਿਆਕਾਰ ਤੇ ਪ੍ਰਭਾਵਸ਼ਾਲੀ ਵਖਿਆਨਕਾਰ ਸਨ। ਲੰਡਨ ਵਿੱਚ ਪੜ੍ਹੇ ਹੋਣ ਕਰਕੇ ਅੰਗਰੇਜ਼ੀ ਬੋਲਣ ਵਿੱਚ ਉਨ੍ਹਾਂ ਨੂੰ ਖਾਸ ਮੁਹਾਰਤ ਹਾਸਲ ਸੀ। ਉਹ ਗੁਰਸਿੱਖੀ ਖੇਤਰ ਦੇ ਗੁਰਮੁਖੀ ਸਾਹਿਤ ਤੋਂ ਇਲਾਵਾ ਸੰਸਾਰ ਭਰ ਦੇ ਮਜ਼ਹਬੀ ਗ੍ਰੰਥਾਂ ਨੂੰ ਉਨ੍ਹਾਂ ਦੀ ਮੂਲਿਕ ਲਿਪੀ/ਭਾਸ਼ਾ ਵਿੱਚ ਪੜ੍ਹਨ ਦੀ ਸਮਰਥਾ ਰਖਦੇ ਸਨ। ਜਿਵੇਂ, ਬਾਈਬਲ ਨੂੰ ਹਿਬਰੂ ਦੀ ਥਾਂ ਲਾਤੀਨੀ ਵਿੱਚ, ਕੁਰਾਨ ਸ਼ਰੀਫ ਨੂੰ ਅਰਬੀ ਵਿੱਚ, ਵੇਦਿਕ ਸਾਹਿਤ ਨੂੰ ਸੰਸਕ੍ਰਿਤ ਵਿੱਚ ਅਤੇ ਯੂਨਾਨੀ ਫ਼ਲਾਸਫ਼ਰ ਸੁਕਰਾਤ ਦੇ ਸ਼ਿਸ਼ ਪਲੈਟੋ ਦੀਆਂ ਲਿਖਤਾਂ ਨੂੰ ਯੂਨਾਨੀ ਵਿੱਚ, ਜੋ ਉਨ੍ਹਾਂ ਦੀਆਂ ਵਧੇਰੇ ਦਿਲ-ਦਾਦਾ ਸਨ। ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮਿਤ੍ਰਸਰ ਨੇੜੇ ਉਨ੍ਹਾਂ ਦੇ ਘਰ ਦੇ ਬਾਹਰ ‘ਪਲੈਟੋਨੀਅਮ` ਨਾਂ ਦਾ ਲੱਗੀ ਤਖਤੀ, ਇਸ ਹਕੀਕਤ ਦੀ ਗਵਾਹੀ ਭਰਦੀ ਮੈਂ ਸੰਨ ੧੯੭੪ ਤੋਂ ੭੬ ਤੱਕ ਹਰ ਰੋਜ਼ ਤੱਕਦਾ ਰਿਹਾ ਹਾਂ।

ਆਪ ਜੀ ਦੇ ਪਿਤਾ ਸ੍ਰ. ਧਰਮ ਸਿੰਘ ਜੀ ਦੀ ਜਨਮ-ਭੂਮੀ ਤਾਂ ਭਾਵੇਂ ਬਲਕਸਰੀ, ਜ਼ਿਲਾ ਜਿਹਲਮ (ਪਾਕਿਸਤਾਨ) ਸੀ, ਪਰ ਇਨ੍ਹਾਂ ਦਾ ਜਨਮ ੧੫ ਅਗਸਤ ੧੮੮੮ ਨੂੰ ਸ੍ਰ. ਧਰਮ ਸਿੰਘ ਸੇਠੀ ਦੇ ਘਰ ਅੰਬਾਲੇ ਸ਼ਹਿਰ ਹੋਇਆ। ੧੯੦੬ ਤੋਂ ੧੯੧੨ ਤਕ ਆਪ ਨੇ ਇੰਗਲੈਂਡ ਵਿੱਚ ਰਹਿ ਕੇ ਇਲੈਕਟ੍ਰੀਕਲ ਇੰਜੀਨੀਅਰ ਦੀ ਡਿਗਰੀ ਪ੍ਰਾਪਤ ਕੀਤੀ। ਪਰ, ਇਸ ਕੋਰਸ ਦਰਿਮਿਆਨ ਇਨ੍ਹਾਂ ਨੂੰ ਯੂਰਪੀਅਨ ਤੇ ਯੂਨਾਨੀ ਦਰਸ਼ਨ ਪੜ੍ਹਣ ਤੇ ਵਿਚਾਰਨ ਦਾ ਵੀ ਮੌਕਾ ਮਿਲਿਆ। ਇਨ੍ਹਾਂ ਅਨੁਭਵ ਕੀਤਾ ਕਿ ਪਲੈਟੋ ਦੀ ਵਿਚਾਰਧਾਰਾ, ਗੁਰੂ ਨਾਨਕ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ। ਤਦੋਂ ਹੀ ਇਨ੍ਹਾਂ ਨੇ ਗੁਰੂ ਨਾਨਕ ਤੇ ਪਲੈਟੋ ਦੀ ਵਿਚਾਰਧਾਰਾ `ਤੇ ਇੱਕ ਵਧੀਆ ਲੇਖ ਲਿਖਿਆ ਅਤੇ ਭਾਈ ਕਾਨ੍ਹ ਸਿੰਘ ਨਾਭਾ ਅਤੇ ਨਾਭਾਪਤਿ ਟਿੱਕਾ ਰਿਪੁਦਮਨ ਸਿੰਘ ਜੀ ਹੁਰਾਂ ਨੂੰ ਪੜ੍ਹ ਕੇ ਸੁਣਾਇਆ, ਜੋ ਉਨ੍ਹੀਂ ਦਿਨੀ ਕਿਸੇ ਕਾਰਣ ਇੰਗਲੈਂਡ ਵਿੱਚ ਸਨ। ਇਨ੍ਹਾਂ ਵਿਦਵਾਨਾਂ ਦੀ ਅਸ਼ੀਰਵਾਦੀ ਸ਼ਾਬਾਸ਼ ਤੇ ਥਾਪੜੇ ਨੇ ਉਨ੍ਹਾਂ ਨੂੰ ਅਜਿਹਾ ਪੱਟਿਆ ਕਿ ਉਨ੍ਹਾਂ ਦਾ ਸਾਰਾ ਧਿਆਨ ਵਿਸ਼ਵ ਧਰਮ-ਦਰਸ਼ਨ ਦੇ ਅਧਿਐਨ ਵਲ ਪਲਟ ਗਿਆ। ਇਹੀ ਕਾਰਣ ਹੈ ਕਿ ਉਸ ਯੁੱਗ ਦੇ ਇੰਜਨੀਅਰ ਹੁੰਦਿਆਂ ਵੀ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਗ਼ਰੀਬੀ ਤੇ ਸਾਦਗੀ `ਚ ਬਤਾਈ, ਪਰ ਅੰਤਲੇ ਸਵਾਸਾਂ ਤੱਕ ਧਰਮ ਅਧਿਐਨ ਦਾ ਪੱਲਾ ਨਹੀਂ ਛੱਡਿਆ। ਪਲੈਟੋ ਅਤੇ ਗੁਰੂ ਨਾਨਕ ਦਰਸ਼ਨ ਦੀ ਨਿਕਟਤਾ ਤੇ ਸਾਂਝ ਨੂੰ ਪ੍ਰਗਟਾਉਂਦਾ ਇਹ ਕੀਮਤੀ ਲੇਖ ਹੀ ਅਧਾਰ ਬਣਿਆ ‘ਪਲੈਟੋ ਐਂਡ ਦ ਟ੍ਰੂ ਐਨਲਾਇਟਰ ਆਫ਼ ਦ ਸੋਲ` (Plato and The True Enlightener of the Soul) ਨਾਂ ਦੀ ਪਹਿਲੀ ਪੁਸਤਕ ਦਾ, ਜੋ ੧੯੧੨ ਵਿੱਚ ਲੰਡਨ ਤੋਂ ਲੂਜ਼ਾਕ ਪ੍ਰਕਾਸ਼ਨਾ (Luzac & Co Publications) ਵਲੋਂ ਛਪੀ।

੧੯੧੨ ਵਿੱਚ ਇੰਗਲੈਂਡ ਤੋਂ ਦੇਸ਼ ਵਾਪਸ ਆਏ ਅਤੇ ਫਿਰ ਮੂਲਿਕ ਰੂਪ ਵਿੱਚ ਇਸਲਾਮਿਕ ਸਾਹਿਤ ਪੜ੍ਹਣ ਦੇ ਦ੍ਰਿਸ਼ਟੀਕੋਨ ਤੋਂ ਕੁੱਝ ਸਮਾਂ ਅਰਬ ਦੇਸ਼ਾਂ ਵਿੱਚ ਇੰਜੀਨੀਰਿੰਗ ਦੀ ਨੌਕਰੀ ਵੀ ਕੀਤੀ। ਇਥੋਂ ਪਰਤ ਕੇ ਕਈ ਸਾਲ ਭਾਰਤ ਭਰ ਦੇ ਵਖ ਵਖ ਸੰਪਰਦਾਈ ਡੇਰਿਆਂ, ਅਖਾੜਿਆਂ ਤੇ ਮੱਠਾਂ ਦਾ ਭ੍ਰਮਣ ਕੀਤਾ ਅਤੇ ਅਖੌਤੀ ਸਾਧੂਆਂ ਨੂੰ ਮਿਲਣ ਉਪਰੰਤ ‘ਦੰਭ ਪ੍ਰਪੰਚ ਕੀ ਜੈ` ਦੇ ਨਾਂ ਹੇਠ ਲੜੀ ਵਾਰ ਲੇਖ ਲਿਖੇ, ਜਿਨ੍ਹਾਂ ਪਿਛੋਂ ਜਾ ਕੇ ਪੁਸਤਕ ਦਾ ਰੂਪ ਧਾਰਿਆ। ਆਪ ਜੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਦੀ ਸ਼ਖ਼ਸੀਅਤ ਤੋਂ ਕਾਫੀ ਪ੍ਰਭਾਵਤ ਸਨ। ਕੁੱਝ ਸਮਾਂ ਉਹ ਖ਼ਾਲਸਾ ਕਾਲਜ, ਸ੍ਰੀ ਅੰਮ੍ਰਿਤਸਰ ਵਿਖੇ ਧਰਮ ਅਧਿਐਨ ਦੇ ਅਧਿਆਪਕ ਵੀ ਰਹੇ। (ਸੰਨ ੧੯੩੧ ਤੋਂ ੩੪) ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਮ੍ਰਿਤਸਰ ਅਤੇ ਸੰਨ ੧੯੩੫ ਤੋਂ ਪਿਛੋਂ ਉਹ ਲੰਮਾ ਸਮਾਂ ਖ਼ਾਲਸਾ ਪ੍ਰਚਾਰਕ ਵਿਦਿਆਲਾ ਤਰਨਤਾਰਨ ਦੇ ਪ੍ਰਿੰਸੀਪਲ ਵੀ ਰਹੇ। ਉਨ੍ਹਾਂ ਦੇ ਵਿਦਿਆਰਥੀ ਭਲੀਭਾਂਤ ਜਾਣਦੇ ਹਨ ਕਿ ਕੁਰਾਨ ਦੀਆਂ ਆਇਤਾਂ ਉਚਾਰਣ ਸਮੇਂ ਕੋਈ ਮੁੱਲਾ ਅਤੇ ਵੇਦਾਂ, ਸਿਮਰਤੀਆਂ ਤੇ ਉਪਨਿਸ਼ਦਾਂ ਦੇ ਮੰਤਰ ਉਚਾਰਣ ਵੇਲੇ ਕੋਈ ਖ਼ਾਨਦਾਨੀ ਪੰਡਿਤ, ਉਨ੍ਹਾਂ ਦੀ ਉਚਾਰਣਿਕ ਸ਼ੁਧਤਾ ਅਤੇ ਵਿਆਖਿਆਤਮਿਕ ਸਪਸ਼ਟਤਾ ਪੱਖੋਂ ਬਰਾਬਰੀ ਨਹੀਂ ਸੀ ਕਰ ਸਕਦਾ। ਆਪ ਦੀ ਅਵਾਜ਼ ਬਦਲ ਵਾਂਗ ਗਰਜਵੀਂ ਤੇ ਰਸਦਾਇਕ ਸੀ। ਉਰਦੂ ਤੇ ਬ੍ਰਿਜ ਭਾਸ਼ਾ ਵਿੱਚ ਨਜ਼ਮ ਵੀ ਬੜੀ ਸੁੰਦਰ ਲਿਖਦੇ ਸਨ।

੧੯੪੨ ਵਿੱਚ ‘ਵਿਚਾਰ` ਨਾਂ ਦਾ ਇੱਕ ਮਾਸਿਕ ਪਤਰ ਵੀ ਕੱਢਿਆ, ਜਿਸ ਵਿੱਚ ਉਨ੍ਹਾਂ ਦੇ ਵੱਖ ਵੱਖ ਵਿਸ਼ਿਆਂ ਉਪਰ ਬੜੇ ਗੰਭੀਰ ਲੇਖ ਛਪਦੇ ਰਹੇ, ਜਿਸ ਦੀਆਂ ਕੁੱਝ ਕਾਪੀਆਂ ਮੈਂ ਉਨ੍ਹਾਂ ਦੀ ਲਾਇਬ੍ਰੇਰੀ ਵਿੱਚ ਵਾਚੀਆਂ ਸਨ। ਕੁੱਝ ਇਹੀ ਵਿਸ਼ੇਸ ਕਾਰਣ ਹਨ, ਜਿਨ੍ਹਾਂ ਸਦਕਾ ਸਿਰਲੇਖ ਵਿੱਚ ਮੈਂ ਉਨ੍ਹਾਂ ਦੇ ਰਹਸਮਈ ਨਾਂ ਨਾਲ ਵਿਦਿਆ ਮਾਰਤੰਡ ਦਾ ਵਿਸ਼ੇਸ਼ਣ ਲਗਾਇਆ ਹੈ। ਆਪ ਜੀ ਦੀਆਂ ਕੁਲ ੯ ਪੁਸਤਕਾਂ ਦਾਸ ਦੀ ਦ੍ਰਿਸ਼ਟੀਗੋਚਰ ਹੋਈਆਂ ਹਨ, ਜਿਨ੍ਹਾਂ ਵਿਚੋਂ ਹੇਠ ਲਿਖੀ ਤਰਤੀਬ ਮੁਤਾਬਿਕ ਪਹਿਲੀਆਂ ਚਾਰ, ਦਾਸ ਦੀ ਲਾਇਬ੍ਰੇਰੀ ਵਿੱਚ ਨਿਊਯਾਰਕ ਵਿਖੇ ਉਪਲਬਧ ਹਨ ਅਤੇ ਬਾਕੀ ਪੰਜ ਮੈਂ ਉਨ੍ਹਾਂ ਦੀ ਨਿੱਜੀ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੀ ਲਾਇਬ੍ਰੇਰੀ ਵਿੱਚ ਵੇਖੀਆਂ ਸਨ:

1. ਜਪੁ ਪ੍ਰਮਾਰਥ

2. ਵੈਦਿਕ ਗੁਰਮਤਿ-ਹਿੰਦੂ ਸਿੱਖ ਏਕਤਾ ਦਰਪਨ (ਸੰਨ ੧੯੬੫, ਪੰਨੇ ੩੦੪)

3. ਪ੍ਰਫਯੂਮ ਰੇਡੀਅਨਸ ਗੁਰੂ ਨਾਨਕ (ਸੰਨ ੧੯੭੦, ਇੰਗਲਿਸ਼, ਪੰਨੇ ੪੬੮)

4. ਸਿੱਖ ਮਤ ਦਰਪਣ

5. ਪਲੈਟੋ ਐਂਡ ਦ ਟ੍ਰੂ ਐਨਲਾਇਟਰ ਆਫ਼ ਦ ਸੋਲ (ਸੰਨ ੧੯੧੨, ਪੰਨੇ ੩੦੩)

6. ਸੁਲੇਖ ਰਤਨਾਵਲੀ (ਸੰਨ ੧੯੩੮)

7. ਜਲੂਸਿ ਤਸੱਵਫ਼ (ਉਰਦੂ ਨਜ਼ਮ, ੧੯੬੧)

8. ਕੇਸ਼ ਪਰਮਾਰਥ

9. ਦੰਭ ਪ੍ਰਪੰਚ ਕੀ ਜੈ

ਇਨ੍ਹਾਂ ਪੁਸਤਕਾਂ ਵਿਚੋਂ ‘ਕੇਸ਼ ਪਰਮਾਰਥ` ਨੂੰ ੧੯੮੦ ਦੇ ਲਗਭਗ ਗਿਆਨੀ ਗੁਰਦਿੱਤ ਸਿੰਘ ਜੀ ਨੇ ‘ਸਿੰਘ ਸਭਾ ਪਤ੍ਰਕਾ` ਦੇ ਮਾਸਿਕ ਅੰਕ ਵਿੱਚ ਅਤੇ ‘ਸਿੰਘ ਬ੍ਰਦਰਜ਼` ਨੇ ਪੁਸਤਕ ‘ਸੁਲੇਖ ਰਤਨਾਵਲੀ` ਨੂੰ ਸੰਨ ੨੦੦੩ ਵਿੱਚ ‘ਸਿੱਖ ਮੱਤ ਦਰਪਣ` ਦੇ ਨਾਂ ਹੇਠ ਮੁੜ ਪ੍ਰਕਾਸ਼ਿਤ ਕੀਤਾ ਹੈ। ਇਸ ਦੀ ਭੂਮਿਕਾ ਦੇ ‘ਦੋ ਸ਼ਬਦਾਂ` ਵਿੱਚ ਪ੍ਰੋ. ਪਿਆਰਾ ਸਿੰਘ ‘ਪਦਮ` ਲਿਖਦੇ ਹਨ:

“ਮੈਂ ੧੯੩੯ ਵਿੱਚ ਖ਼ਾਲਸਾ ਪ੍ਰਚਾਰਕ ਵਿਦਿਆਲਾ ਤਰਨ ਤਾਰਨ ਗਿਆ ਤੇ ਗਿਆਨੀ ਦੀ ਪੜ੍ਹਾਈ ਲਈ ਦਾਖਲਾ ਲਿਆ, ਜਿਥੇ ਗਿਆਨੀ ਉਤਮ ਸਿੰਘ ਪੜ੍ਹਾਇਆ ਕਰਦੇ ਸਨ। ਪ੍ਰਚਾਰਕ ਵਿਦਿਆਲੇ ਦੀ ਜਮਾਤ ਵੱਖਰੀ ਸੀ ਤੇ ਇਸ ਦੇ ਪ੍ਰਿੰਸੀਪਲ ਸ੍ਰੀ ਮਾਨ ਧਰਮਾਨੰਤ ਸਿੰਘ ਸਨ। ਉਸ ਸਮੇਂ ਮੇਰੀ ਉਮਰ ਬਹੁਤ ਛੋਟੀ ਸੀ। ਪਰ ਕਦੀ ਕਦਾਈਂ ਮੈਂ ਆਗਿਆ ਲੈ ਕੇ ਪ੍ਰਿੰਸੀਪਲ ਸਾਹਿਬ ਦੇ ਵਖਿਆਨ ਵੀ ਸੁਣਦਾ ਰਿਹਾ, ਉਨ੍ਹਾਂ ਦੀ ਅਵਾਜ਼ ਵਿੱਚ ਰਸ ਸੀ ਤੇ ਵਿਆਖਿਆ ਵਿੱਚ ਸਪਸ਼ਟਤਾ। ……… ਇਸ ਤੋਂ ਪਿਛੋਂ ੧੯੪੦ ਵਿੱਚ ਮੈਂ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਆ ਗਿਆ ਤੇ ਇਥੇ ਪ੍ਰਿੰ. ਗੰਗਾ ਸਿੰਘ ਜੀ ਦੀ ਸੰਗਤ ਦਾ ਡੂੰਘਾ ਪ੍ਰਭਾਵ ਪਿਆ। ਕਾਲਜ ਦੇ ਲਾਗੇ ਹੀ ਪ੍ਰਿੰ. ਧਰਮਾਨੰਤ ਸਿੰਘ ਜੀ ਦਾ ਨਿਵਾਸ ਸੀ, ਜਿਥੇ ਕਿ ਉਨ੍ਹਾਂ ਦਾ ‘ਪਲੈਟੋਨੀਅਮ` ਨਾ ਵਾਲਾ ਬੋਰਡ ਲੱਗਾ ਹੋਇਆ ਸੀ। ………ਇਹੋ ਨਹੀਂ ਕਿ ਉਹ ਅੰਗਰੇਜ਼ੀ, ਲਾਤੀਨੀ ਅਤੇ ਯੂਨਾਨੀ ਦੇ ਗਿਆਤਾ ਸਨ, ਇਸ ਤੋਂ ਇਲਾਵਾ ਉਹਨਾਂ ਨੂੰ ਸੰਸਕ੍ਰਿਤ, ਹਿੰਦੀ ਦਾ ਵੀ ਚੋਖਾ ਅਧਿਐਨ ਸੀ, ਜੋ ਕਿ ਉਨ੍ਹਾਂ ਦੀਆਂ ਲਿਖਤਾਂ ਤੋਂ ਪ੍ਰਗਟ ਹੈ।

ਜਿਥੋਂ ਤੱਕ ਉਨ੍ਹਾਂ ਦੇ ਸੁਭਾ ਦਾ ਸਬੰਧ ਹੈ, ਉਹ ਬਹੁਤ ਸਾਦਾ ਜੀਵਨ ਬਸਰ ਕਰਨ ਵਾਲੇ ਸਨ ਅਤੇ ਬਾਕਾਇਦਾ ਨੌਕਰੀ ਨਾ ਹੋਣ ਕਾਰਣ ਵੀ ਇਸੇ ਤਰ੍ਹਾਂ ਫ਼ਕੀਰੀ ਵਿੱਚ ਹੀ ਦਿਨ ਗੁਜ਼ਾਰਦੇ ਗਏ। ਇੱਕ ਗੱਲ ਜੋ ਮੈਂ ਉਨ੍ਹਾਂ ਵਿੱਚ ਦੇਖੀ, ਉਹ ਸ਼ਹਿਨਸ਼ੀਲਤਾ ਤੇ ਕ੍ਰਿਤੱਗਤਾ ਦੇ ਪੁੰਜ ਸਨ। ਉਨ੍ਹਾਂ ਦੀ ਗੁਪਤ ਸਹਾਇਤਾ ਕਰਨ ਵਾਲੇ ਸ੍ਰ. ਬਹਾਦਰ ਧਰਮ ਸਿੰਘ ਦਿੱਲੀ, ਸ੍ਰ. ਗੋਬਿੰਦਰ ਸਿੰਘ ਪ੍ਰਾਇਮ ਮਨਿਸਟਰ ਪਟਿਆਲਾ, ਸ੍ਰ. ਸੋਹਣ ਸਿੰਘ ਰਈਸੇ-ਆਜ਼ਮ ਰਾਵਲਪਿੰਡੀ, ਸ੍ਰ, ਉਮਰਾਉ ਸਿੰਘ ਸ਼ੇਰਗਿੱਲ, ਡਾ. ਹਰਨਾਮ ਸਿੰਘ ਅਤੇ ਕਰਨਲ ਸਰ ਬੂਟਾ ਸਿੰਘ ਵਰਗੇ ਬੇਗਿਣਤ ਦੋਸਤ ਮਿੱਤਰ ਸਨ, ਜੋ ਖਾਸ ਕਰਕੇ ਕਿਤਾਬਾਂ ਦੀ ਖਰੀਦ ਸਮੇਂ ਆਪ ਦੀ ਮਾਲੀ ਇਮਦਾਦ ਕਰਦੇ ਰਹਿੰਦੇ ਸਨ, ਇਨ੍ਹਾਂ ਦਾ ਬਿਉਰੇ ਵਾਰ ਚਰਚਾ ਉਨ੍ਹਾਂ ਆਪਣੀ ਪੁਸਤਕ ‘ਵੈਦਿਕ ਗੁਰਮਤਿ` ਵਿੱਚ ਨਿਰਸੰਕੋਚ ਕੀਤਾ ਹੈ। “

ਮੇਰੀ ਖੁਸ਼ਕਿਸਮਤੀ ਸੀ ਕਿ ਲਗਭਗ ਚਾਰ ਸਾਲ ਮੈਨੂੰ ਇਹੋ ਜੇਹੀ ਚੁੰਬਕੀ, ਸੰਜਮੀ, ਵਿਦਵਾਨ ਤੇ ਬਜ਼ੁਰਗ ਸ਼ਖਸੀਅਤ ਦੀ ਸੰਗਤ ਤੇ ਸੇਵਾ ਕਰਨ ਦਾ ਸੁਭਾਗ ਬਣਿਆ ਰਿਹਾ। ਉਹ ਇੰਞ ਕਿ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਵਿਖੇ (੧੯੭੪ ਤੋਂ ੭੬) ਪ੍ਰਚਾਰਕ ਕੋਰਸ ਕਰਨ ਵੇਲੇ ਮਜ਼ਹਬਾਂ ਦੇ ਤੁਲਨਾਤਮਿਕ ਅਧਿਐਨ ਦੀ ਕਲਾਸ ਵਿੱਚ ਉਨ੍ਹਾਂ ਪਾਸੋਂ ਹਿੰਦੂ ਮੱਤ, ਬੁੱਧ ਮੱਤ, ਇਸਾਈ ਮੱਤ ਤੇ ਇਸਲਾਮ ਤੋਂ ਇਲਾਵਾ ਨਾਮਧਾਰੀ, ਨਿਰੰਕਾਰੀ ਤੇ ਰਾਧਾ-ਸੁਆਮੀ ਆਦਿਕ ਸੰਪਰਦਾਵਾਂ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਕਰਦਿਆਂ ਘਰ ਵਿੱਚ ਕਈ ਪ੍ਰਕਾਰ ਦੀ ਸੇਵਾ ਕਰਨ ਦਾ ਅਵਸਰ ਬਣਿਆ। ਅਤਿਅੰਤ ਬਜ਼ੁਰਗ ਤੇ ਨੇਤ੍ਰਹੀਣ ਹੋਣ ਕਰਕੇ ਸਮੇਂ ਸਮੇਂ ਘਰ ਦੀ ਝਾੜ ਝੰਭ, ਲਕੜਾਂ ਪਾੜਣ ਤੇ ਬਜ਼ਾਰੋਂ ਲੁੜੀਂਦਾ ਸਮਾਨ ਲਿਆਉਣ ਅਤੇ ਪੁਸਤਕਾਂ ਦੇ ਖਾਸ ਖਾਸ ਪੰਨੇ ਪੜ੍ਹ ਕੇ ਸਨਾਉਣ ਦੀ ਸੇਵਾ ਵੀ ਮੈਨੂੰ ਮਿਲਦੀ ਰਹੀ। ਜੋ ਪ੍ਰਚਾਰਕ ਜੀਵਨ ਵਿੱਚ ਮੇਰੇ ਲਈ ਅਤਿਅੰਤ ਲਾਭਦਾਇਕ ਸਿੱਧ ਹੋਈ। ਉਨ੍ਹਾਂ ਦੇ ਵਿਦਿਅਕ ਅਭਿਆਸ ਅਤੇ ਯਾਦ ਸ਼ਕਤੀ ਦਾ ਚਮਤਕਾਰ ਇਹ ਸੀ ਕਿ ਵੱਖ ਵੱਖ ਵਿਸ਼ਿਆਂ ਸਬੰਧੀ ਉਨ੍ਹਾਂ ਨੂੰ ਮਹਤਵ ਪੂਰਨ ਪੁਸਤਕਾਂ ਦੇ ਪੰਨੇ ਵੀ ਯਾਦ ਸਨ। ਇਹੀ ਕਾਰਣ ਸੀ ਕਿ ਨੇਤ੍ਰਾਂ ਦੀ ਜੋਤਿ ਨਾ ਹੋਣ ਕਾਰਣ ਵੀ ਉਨ੍ਹਾਂ ਦੀ ਅਧਿਆਪਕਤਾ ਕਾਇਮ ਰਹੀ ਅਤੇ ਵਿਦਿਆਰਥੀ ਵੀ ਵਿਦਿਅਕ ਤੌਰ `ਤੇ ਪੂਰਾ ਲਾਭ ਪ੍ਰਾਪਤ ਕਰਦੇ ਰਹੇ।

ਸੰਨ ੧੯੭੯ ਵਿੱਚ ਡਾ. ਸਾਹਿਬ ਦੀ ਬੇਟੀ ਉਨ੍ਹਾਂ ਨੂੰ ਆਪਣੇ ਘਰ ਸੈਕਟਰ ੧੮-ਬੀ ਚੰਡੀਗੜ ਲੈ ਆਈ। ਕਿਉਂਕਿ, ਸਰੀਰਕ ਕਮਜ਼ੋਰੀ ਕਾਰਨ ਹੁਣ ਉਨ੍ਹਾਂ ਦਾ ਇਕੱਲਿਆਂ ਰਹਿਣਾ ਮੁਸ਼ਕਲ ਹੋ ਗਿਆ ਸੀ। ਇਤਫ਼ਾਕਨ, ਮੈਂ ਭੀ ਉਥੇ ਸੈਕਟਰ ੧੯-ਡੀ ਦੇ ਗੁਰਦੁਆਰਾ ਸਾਹਿਬ ਵਿਖੇ ਮੁਖ ਗ੍ਰੰਥੀ ਕਥਾਵਾਚਕ ਦੀ ਸੇਵਾ ਨਿਭਾ ਰਿਹਾ ਸਾਂ, ਜਿਥੇ ਦੋ ਸਾਲ ਫਿਰ ਸਮੇਂ ਸਮੇਂ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੋਣ ਦਾ ਅਵਸਰ ਬਣਦਾ ਰਿਹਾ। ਜਦੋਂ ਵੀ ਮੈਂ ਉਨ੍ਹਾਂ ਪਾਸੋਂ ਵਿਦਾ ਹੋਣ ਦੀ ਆਗਿਆ ਮੰਗਦਾ ਤਾਂ ਉਹ ਮਿਹਰਬਾਨ ਹੋ ਕੇ ਕੋਈ ਨਾ ਕੋਈ ਸ਼ਲੋਕ, ਸ਼ੇਅਰ ਜਾਂ ਸੰਸਕ੍ਰਿਤ ਦਾ ਕੋਈ ਮੰਤਰ ਆਦਿਕ ਜ਼ਰੂਰ ਨੋਟ ਕਰਾਉਂਦੇ ਅਤੇ ਉਸ ਦਾ ਸ਼ੁਧ ਉਚਾਰਣ ਵੀ ਸਿਖਾਉਂਦੇ। ਉਨ੍ਹਾਂ ਦੀ ਨਿਜੀ ਲਾਇਬ੍ਰੇਰੀ ਵਿਚੋਂ ਕਈ ਮਹਤਵ ਪੂਰਨ ਸਿਧਾਂਤਕ ਨੋਟ ਵੀ ਆਪਣੀ ਡਾਇਰੀ ਵਿੱਚ ਨੋਟ ਕਰਦਾ ਰਿਹਾ। ਕਿਉਂਕਿ, ਉਹ ਕੋਈ ਵੀ ਪੁਸਤਕ ਬਾਹਰ ਲਿਜਾਣ ਦੀ ਆਗਿਆ ਨਹੀਂ ਸਨ ਦਿੰਦੇ। ਮੇਰਾ ਤਾਂ ਬਸ ਕੇਵਲ ਇਹੀ ਸੁਆਰਥ ਸੀ। ਕਿਉਂਕਿ, ਇੱਕ ਤਾਂ ਮੈਨੂੰ ਗੁਰਬਾਣੀ ਚੋਂ ‘ਗੁਣਵੰਤਿਆਂ ਪਾਛਾਰ` ਦੀ ਸਿਖਿਆ ਮਿਲਦੀ ਸੀ। ਦੂਜੇ, ਮੈਂ ਸਮਝਦਾ ਸੀ ਕਿ ਗਿਆਨ ਦਾ ਇਹ ਭੰਡਾਰਾ ਹੋਰ ਕਿਧਰੋਂ ਨਹੀਂ ਮਿਲਣਾ।

‘ੴ ਦਰਪਣ` ਪੁਸਤਕ ਲਿਖਣ ਵੇਲੇ ਨਿਊਯਾਰਕ ਦੀ ਇਕਾਂਤ ਵਿੱਚ ਜਦੋਂ ਮੈਂ ਮੂਲਮੰਤ੍ਰ ਨੂੰ ਭਾਰਤੀ ਦਰਸ਼ਨ ਦੇ ਪਰਿਪੇਖ ਵਿੱਚ ਲਿਖਣ ਦਾ ਉਪਰਾਲਾ ਕੀਤਾ ਤਾਂ ਉਹ ਭੰਡਾਰਾ ਮੇਰਾ ਸਭ ਤੋਂ ਵਧ ਸਹਾਇਕ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਇੰਨਸੀਚਿਊਟ ਮੈਲਬਰਨ (ਅਸਟ੍ਰੇਲੀਆ) ਯਤਨਸ਼ੀਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਾ ਵੀਡੀਓ ਤਿਆਰ ਕਰਨ ਉਪਰੰਤ ਮੂਲਮੰਤ੍ਰ ਨੂੰ ਵਿਸ਼ਵ ਦਰਸ਼ਨ ਦੇ ਪਰਿਪੇਖ ਵਿੱਚ ਵੀ ਵਿਚਾਰਿਆ ਜਾਏ। ਇੰਟਰਨੈਟ ਦੇ ਯੁੱਗ ਵਿੱਚ ਸਿੱਖੀ ਦੀ ਵਿਸ਼ੇਸ਼ਤਾ ਦਰਸਾਉਣ ਲਈ ਇਹ ਇੱਕ ਬਹੁਤ ਮਹਤਵ ਪੂਰਨ ਤੇ ਅਤਿ ਲੁੜੀਂਦਾ ਫੈਸਲਾ ਹੈ। ਹੈਰਾਨੀ ਦੀ ਗੱਲ ਹੈ ਕਿ ਇੰਨਸੀਚਿਊਟ ਦੇ ਕੁੱਝ ਜਾਗਰੂਕ ਤੇ ਖੋਜੀ ਬਿਰਤੀ ਵਾਲੇ ਨੌਜਵਾਨ ਜਦੋਂ ਇਸ ਪੱਖੋਂ ਵਿਚਾਰ ਵਿਟਾਂਦਰਾ ਕਰ ਸਨ, ਤਾਂ ਇੱਕ ਨੇ ਕਿਹਾ ਕਿ ਯੂਨਾਨੀ ਫ਼ਿਲਾਸਫ਼ਰ ਪਲੈਟੋ ਦੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਨਾਲ ਮੇਲ ਖਾਂਦੀ ਹੈ।

ਐਸਾ ਸੁਣ ਕੇ ਮੇਰਾ ਇੱਕ ਦਮ ਮੱਥਾ ਠਣਕਿਆ ਤੇ ਧਿਆਨ ਗਿਆ ਡਾ. ਸਾਹਿਬ ਵੱਲ; ਜਦੋਂ ਮੈਂ ਬੋਲਿਆ “ਮੇਰੇ ਅਨਮੱਤ ਦੇ ਪ੍ਰੋਫੈਸਰ ਡਾ. ਧਰਮਾਨੰਤ ਸਿੰਘ ਜੀ ਤਾਂ ਆਪਣੇ ਆਪ ਨੂੰ ਅਖਵਾਉਂਦੇ ਹੀ ‘ਪਲੈਟੋਨੀਅਮ` ਸਨ। ਉਨ੍ਹਾਂ ਇਸ ਵਿਸ਼ੇ `ਤੇ ਅੱਜ ਤੋਂ ੧੦੦ ਸਾਲ ਪਹਿਲਾਂ ਅੰਗਰੇਜ਼ੀ ਵਿੱਚ ਇੱਕ ਬੁੱਕ ਵੀ ਲਿਖੀ ਸੀ”। ਅਜਿਹਾ ਸੁਣ ਕੇ ਇੱਕ ਵਾਰ ਤਾਂ ਉਹ ਹੈਰਾਨੀ ਭਰੀ ਸੋਚ ਵਿੱਚ ਡੁੱਬ ਗਏ ਤੇ ਫਿਰ ਦੋ ਸੁਆਲ ਖੜੇ ਕੀਤੇ “ਐੱਡਾ ਵੱਡਾ ਵਿਦਵਾਨ, ਹੁਣ ਤੱਕ ਛੁਪਿਆ ਕਿਵੇਂ ਰਹਿ ਗਿਆ? ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਇਸ ਵਿਸ਼ੇ `ਤੇ ਕੋਈ ਖੋਜ ਕਾਰਜ ਕਿਉਂ ਨਾ ਆਰੰਭਿਆ? “

ਇੱਕ ਹੋਰ ਅਹਿਮ ਰਾਜ਼ ਮੈਂ ਪਾਠਕਾਂ ਨਾਲ ਸਾਂਝਾ ਕਰਨਾ ਚਹੁੰਦਾ ਹਾਂ। ਮੈਲਬਰਨ ਦੇ ਜਗਿਆਸੂ ਨੌਜਵਾਨ, ਸ਼ਾਇਦ ਆਪਣੇ ਸੁਆਲਾਂ ਦੇ ਜਵਾਬ ਵੀ ਉਸ `ਚੋਂ ਢੂੰਡ ਸਕਣ। ਉਹ ਰਾਜ਼ ਇਹ ਹੈ ਕਿ ਡਾ. ਸਾਹਿਬ ਜੀ ਕੋਲ ਸੇਵਾ ਲਈ ਜਾਣ ਦੀ ਗੱਲ, ਮੈਂ ਸਤਿਕਾਰਯੋਗ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਤੋਂ ਸਦਾ ਛੁਪਾ ਕੇ ਰੱਖੀ। ਕਿਉਂਕਿ, ਉਹ ਕਾਲਜ ਦੇ ਪ੍ਰਿੰਸੀਪਲ ਸਨ ਤੇ ਗੁਰਬਾਣੀ ਦੀ ਸੋਝੀ ਲਈ ਮੈਂ ਗਊ ਦੇ ਵੱਛੇ ਵਾਂਗ ਉਨ੍ਹਾਂ ਦੇ ਪਿੱਛੇ ਵੀ ਪਿਆ ਰਹਿੰਦਾ ਸਾਂ। ਉਹ ਵੀ ਮੈਨੂੰ ਹੱਦੋਂ ਵੱਧ ਪਿਆਰ ਦਿੰਦੇ ਤੇ ਵਿਸ਼ਵਾਸ਼ ਕਰਦੇ ਸਨ। ਉਹ ਨਹੀਂ ਸੀ ਚਹੁੰਦੇ ਕਿ ਕਾਲਜ ਦੇ ਅਨਾੜੀ ਵਿਦਿਆਰਥੀ ਡਾ. ਸਾਹਿਬ ਦੇ ਵਧੇਰੇ ਨਿਕਟ ਜਾਣ ਅਤੇ ਉਨ੍ਹਾਂ ਦੇ ਵਿਚਾਰਾਂ ਤੋਂ ਵਧੇਰੇ ਪ੍ਰਭਾਵਿਤ ਹੋਣ। ਇਸ ਦਾ ਮੁਖ ਕਾਰਨ ਸੀ ਡਾ. ਸਾਹਿਬ ਵੱਲੋਂ ਆਰੀਆ ਸਮਾਜ ਦੀ ਬੌਧਿਕ ਸਾਜਿਸ਼ ਦਾ ਸ਼ਿਕਾਰ ਹੋ ਕੇ ੧੯੬੫ ਵਿੱਚ ਲਿਖੀ ‘ਵੈਦਿਕ ਗੁਰਮਤਿ` ਨਾਂ ਦੀ ਪੁਸਤਕ; ਜਿਸ ਵਿੱਚ ਉਨ੍ਹਾਂ ਸਿੱਧ ਕੀਤਾ ਹੈ ਕਿ ਗੁਰਮਤਿ ਦਾ ਮੂਲ ਸ਼੍ਰੋਤ ਵੇਦ ਹਨ। ਅਸਲ ਵਿੱਚ ਇਹੀ ਕਾਰਣ ਹੈ ਕਿ ਪੰਥਕ ਪਿੜ ਵਿੱਚ ਉਨ੍ਹਾਂ ਨੂੰ ਭਾਈ ਸਾਹਿਬ ਡਾ. ਜੋਧ ਸਿੰਘ ਅਤੇ ਪ੍ਰਿੰਸੀਪਲ ਤੇਜਾ ਸਿੰਘ ਵਾਲਾ ਸਤਿਕਾਰ ਨਾ ਮਿਲ ਸਕਿਆ, ਜਦ ਕਿ ਵਿਦਿਅਕ ਪੱਖੋਂ ਉਨ੍ਹਾਂ ਦਾ ਕੋਈ ਵੀ ਸਾਨੀ ਨਹੀਂ ਸੀ।

ਪਰ, ਹੈਰਾਨੀ ਦੀ ਗੱਲ ਹੈ ਕਿ ਉਪਰੋਕਤ ਮੱਤਭੇਦਾਂ ਦੇ ਬਾਵਜੂਦ ਵੀ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਉਨ੍ਹਾਂ ਦੀ ਵਿਦਿਅਕ ਪੱਖੋਂ ਦਿਲੋਂ ਕਦਰ ਕਰਦੇ ਸਨ। ਇਸੇ ਲਈ ਉਨ੍ਹਾਂ ਨੇ ਮਿਸ਼ਨਰੀ ਕਾਲਜ ਦੀ ਤੁਲਨਾਤਮਿਕ ਅਧਿਐਨ ਦੀ ਕਲਾਸ ਲਈ ਉਨ੍ਹਾਂ ਨੂੰ ਕਾਲਜ ਨਾਲ ਜੋੜੀ ਰੱਖਿਆ। ਕਿਉਂਕਿ, ਉਹ ਸਮਝਦੇ ਸਨ ਕਿ ਅਨਮੱਤ ਪੜਾਉਣ ਲਈ ਡਾ. ਸਾਹਿਬ ਦੇ ਤੁੱਲ ਕੋਈ ਹੋਰ ਦੂਜਾ ਅਧਿਆਪਕ ਨਹੀਂ ਹੈ। ਮੇਰਾ ਖ਼ਿਆਲ ਹੈ ਕਿ ਇੱਕ ਬਜ਼ੁਰਗ ਵਿਦਵਾਨ ਦੀ ਆਰਥਿਕ ਸਹਾਇਤਾ ਵੀ ਜਾਰੀ ਰਖਣਾ ਚਹੁੰਦੇ ਸਨ। ਕਿਉਂਕਿ, ਉਹ ਸਮਝਦੇ ਸਨ ਕਿ ਡਾ. ਸਾਹਿਬ ਵਰਗਾ ਕੋਈ ਵਿਦਵਾਨ, ਜਦੋਂ ਪੰਥ ਵਿਰੋਧੀ ਸ਼ਕਤੀਆਂ ਦੀ ਝੋਲੀ ਪੈ ਜਾਂਦਾ ਹੈ। ਤਾਂ ਉਸ ਲਈ, ਕੇਵਲ ਓਹੀ ਦੋਸ਼ੀ ਨਹੀਂ ਹੁੰਦਾ। ਉਸ ਦਾ ਮੁੱਖ ਕਾਰਣ ਹੈ ਪ੍ਰਮੁੱਖ ਸਿੱਖ ਸੰਸਥਾਵਾਂ ਵੱਲੋਂ ਵਿਦਵਾਨਾਂ ਦੀ ਬੇਕਦਰੀ ਅਤੇ ਸੇਵਾ-ਸੰਭਾਲ ਵੱਲੋਂ ਲਪ੍ਰਵਾਹੀ ਅਤੇ ਦੂਜਾ ਹੈ ਕੁੱਝ ਆਰਥਿਕ ਕਮਜ਼ੋਰੀ।

ਵਿਦਿਆਰਥੀ ਕਾਲ ਵਿੱਚ ਅਸਾਂ ਇਹ ਵੀ ਨੋਟ ਕੀਤਾ ਕਿ ਜਦੋਂ ਵੀ ਕੋਈ ਵਿਦੇਸ਼ੀ ਵਿਦਵਾਨ ਕਿਸੇ ਕਿਸਮ ਦੀ ਸਿਧਾਂਤਕ ਚਰਚਾ ਜਾਂ ਸਿੱਖ ਧਰਮ ਦੀ ਜਾਣਕਾਰੀ ਲਈ ਕਾਲਜ ਆਉਂਦਾ ਤਾਂ ਵੀ ਡਾ. ਸਾਹਿਬ ਨੂੰ ਵਿਸ਼ੇਸ਼ ਸੱਦੇ `ਤੇ ਬੁਲਾਇਆ ਜਾਂਦਾ ਸੀ। ਇਹ ਵੀ ਸੱਚ ਹੈ ਕਿ ਪ੍ਰਿੰਸੀਪਲ ਦੇ ਪ੍ਰਭਾਵ ਸਦਕਾ ਉਨ੍ਹਾਂ ਨੇ ਵੀ ਕਲਾਸ ਦੇ ਵਖਿਆਨਾਂ ਅਤੇ ਵਿਦੇਸ਼ੀਆਂ ਨਾਲ ਗਲਬਾਤ ਵੇਲੇ ਕਦੇ ਵੀ ‘ਵੈਦਿਕ ਗੁਰਮਤਿ` ਵਾਲੀ ਪੱਧਤੀ ਨੂੰ ਵਧੇਰੇ ਨਹੀਂ ਸੀ ਉਭਾਰਿਆ; ਦਲੀਲਾਂ ਸਹਿਤ ਸਦਾ ਗੁਰਮਤਿ ਦੀ ਵਿਸ਼ੇਸ਼ਤਾ ਹੀ ਪ੍ਰਗਟ ਕਰਦੇ। ਹਾਂ! ਕਦੀ ਕਦਾਈਂ ਉਹ ਆਪਣੀ ਗਰਜਵੀਂ ਧੁਨੀ ਵਿੱਚ ਅਕਾਲ ਪੁਰਖ ਦੇ ਗੁਣਾਂ ਦੀ ਬੇਅੰਤਤਾ ਪ੍ਰਗਟਾਉਂਦਾ ਗੁਰਵਾਕ “ਸਿਮ੍ਰਿਤਿ ਸਾਸਤ੍ਰ ਬੇਦ ਪੁਰਾਣ।। ਪਾਰਬ੍ਰਹਮ ਕਾ ਕਰਹਿ ਵਖਿਆਣ”।। (ਅੰਗ ੮੬੭) ਬੋਲ ਕੇ ਇਸ਼ਾਰਾ ਜ਼ਰੂਰ ਕਰ ਜਾਂਦੇ ਸਨ। ਭਾਵੇਂ ਕਿ ਇਹ ਗੁਰਵਾਕ ਇਸ ਹਕੀਕਤ ਦਾ ਪ੍ਰਮਾਣ ਨਹੀਂ ਹੈ ਕਿ ਉਪਰੋਕਤ ਗ੍ਰੰਥਾਂ ਵਿੱਚ ਨਿਰੋਲ ਪਾਰਬ੍ਰਹਮ ਪਰਮੇਸ਼ਰ ਦੀ ਸਿਫਤ ਸਲਾਹ ਹੈ।

੧੯੭੦ ਵਿੱਚ ‘ਪ੍ਰਫਯੂਮ ਰੇਡੀਅਨਸ ਗੁਰੂ ਨਾਨਕ` ਲਿਖ ਕੇ ਭਾਵੇਂ ਉਨ੍ਹਾਂ ਨੇ ਮੁੜ ਪੰਥਕ ਖੇਤਰ ਦੇ ਵਿਦਵਾਨਾਂ ਵਿੱਚ ਆਦਰ ਮਾਣ ਹਾਸਲ ਕਰਨ ਦਾ ਯਤਨ ਕੀਤਾ। ਪਰ, ਪ੍ਰਤੀਤ ਹੁੰਦਾ ਹੈ ਕਿ ਗੁਰਸਿੱਖਾਂ ਨੇ ਮੁੜ ਕੇ ਉਨ੍ਹਾਂ ਨੂੰ ਆਪਣੇ ਹਿਰਦਿਆਂ ਵਿੱਚ ਥਾਂ ਨਹੀਂ ਦਿੱਤੀ। ਕਿਉਂਕਿ, ਕਿਸੇ ਵੀ ਪੰਥਕ ਖੇਤਰ ਵਿੱਚ, ਕਿਸੇ ਪੱਖੋਂ ਉਨ੍ਹਾਂ ਦਾ ਕਦੇ ਕੋਈ ਜ਼ਿਕਰ ਨਹੀਂ ਸੁਣਿਆ ਜਾਂਦਾ। ਸਿਤਮ ਦੀ ਗੱਲ ਤਾਂ ਇਹ ਹੈ ਕਿ ਲੰਡਨ ਵਿੱਚ ਪ੍ਰਕਾਸ਼ਤ ਹੋਈ ਪੁਸਤਕ ਦੇ ਨਾਂ ਤੋਂ ਬਗੈਰ ਇੰਟਰਨੈਟ `ਤੇ ਵੀ ਉਨ੍ਹਾਂ ਬਾਰੇ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਹੀਂ ਮਿਲਦੀ।

ਮੇਰਾ ਖ਼ਿਆਲ ਹੈ ਕਿ ਲੰਡਨ ਵਿੱਚ ਰਹਿੰਦਿਆਂ ਡਾ. ਸਾਹਿਬ ਨੇ ਜਦੋਂ ਯੂਨਾਨੀ ਫ਼ਿਲਾਸਫ਼ਰ ਬਾਬਾ ਪਲੈਟੋ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਕ ਸਾਂਝ ਪ੍ਰਗਟ ਕਰਕੇ ਭਾਈ ਕਾਨ੍ਹ ਸਿੰਘ ਨਾਭਾ ਤੋਂ ਥਾਪੜਾ ਪ੍ਰਾਪਤ ਕਰਨ ਉਪਰੰਤ ੧੯੧੨ ਵਿੱਚ ‘ਪਲੈਟੋ ਐਂਡ ਦ ਟ੍ਰੂ ਐਨਲਾਇਟਰ ਆਫ਼ ਦ ਸੋਲ` ਪੁਸਤਕ ਪ੍ਰਕਾਸ਼ਤ ਕਰਵਾ ਦਿੱਤੀ। ਤਦੋਂ ਤੋਂ ਹੀ ਉਥੇ ਬੈਠੇ ਆਰੀਆ ਸਮਾਜੀ ਲਾਲਾ ਹਰਿਦਿਆਲ ਦੀ ਜੁੰਡਲੀ ਨੇ ਇਰਾਦਾ ਬਣਾ ਲਿਆ ਸੀ ਕਿਸੇ ਤਰ੍ਹਾਂ ਇਸ ਵਿਅਕਤੀ ਪਾਸੋਂ ਹੀ ਗੁਰਮਤਿ ਨੂੰ ਵੇਦਾਂ ਦੀ ਉਪਜ ਸਿੱਧ ਕਰਵਾਇਆ ਜਾਏ। ਕਿਉਂਕਿ, ਉਨ੍ਹਾਂ ਨੂੰ ਖ਼ਤਰਾ ਭਾਸ ਗਿਆ ਸੀ ਕਿ ਜੇ ਐਸਾ ਨਾ ਹੋ ਸਕਿਆ ਤਾਂ ਸੰਸਾਰ ਦੀ ਦਾਰਸ਼ਨਿਕ ਸ੍ਰਦਾਰੀ ਸੰਭਾਲਣ ਦਾ ਯਤਨ ਕਰ ਰਹੀ ਵਿਚਾਰਧਾਰਾ ਭਵਿੱਖ ਵਿੱਚ ਪਛੜ ਜਾਏਗੀ ਅਤੇ ਦੁਨੀਆਂ ਗੁਰੂ ਨਾਨਕ ਵਲ ਝੁਕ ਜਾਏਗੀ। ਆਖ਼ਿਰ ੫੩ ਸਾਲਾਂ ਪਿਛੋਂ ਉਹ ਆਪਣੇ ਮਿਸ਼ਨ ਵਿੱਚ ਤਦੋਂ ਕਾਮਯਾਬ ਹੋਏ, ਜਦੋਂ ਡਾ. ਸਾਹਿਬ ਨੇ ‘ਵੈਦਿਕ ਗੁਰਮਤਿ` ਨਾਂ ਦੀ ਪੁਸਤਕ ਲਿਖ ਮਾਰੀ। ਇਸ ਵਿੱਚ ਉਨ੍ਹਾਂ ਵਿਸਥਾਰ ਪੂਰਵਕ ਜ਼ਿਕਰ ਕੀਤਾ ਕਿ ਕਿਵੇਂ ਉਹ, ਲੰਡਨ ਬੈਠੇ ਵੀਰ ਸਾਵਰਕਰ, ਲਾਲਾ ਹਰਿਦਿਆਲ, ਡਾ. ਗੋਕਲ ਚੰਦ ਨਾਰੰਗ ਅਤੇ ਮਦਨ ਲਾਲ ਢੀਂਗਰਾ ਵਰਗੇ ਉਤਸ਼ਾਹੀ ਗਭਰੂਆਂ ਦੇ ਸਪੰਰਕ ਵਿੱਚ ਆਏ, ਜਿਹੜੇ ਉਥੇ ਪੜ੍ਹਦੇ ਹੋਏ ਇੰਡੀਆ ਨੂੰ ਅਜ਼ਾਦ ਕਰਵਾਉਣ ਦੀਆਂ ਸਕੀਮਾਂ ਸੋਚ ਰਹੇ ਸਨ। ਨੋਟ ਕਰਨ ਵਾਲੀ ਗੱਲ ਹੈ ਕਿ ਇਸ ਕਿਤਾਬ ਦੀ ਭੂਮਿਕਾ ਵੀ ਇੱਕ ਕੱਟੜ ਆਰੀਆ ਸਮਾਜੀ ਨੇ ਲਿਖੀ ਹੈ।

ਅਜਿਹਾ ਕਰਕੇ ਉਸ ਦੁਸ਼ਟ ਚੌਂਕੜੀ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ। ਇੱਕ ਤਾਂ ‘ਪਲੈਟੋ ਐਂਡ ਦ ਟ੍ਰੂ ਐਨਲਾਇਟਰ ਆਫ਼ ਦ ਸੋਲ` ਵਰਗੀ ਮਹਤਵ ਪੂਰਨ ਤੇ ਸੰਸਾਰ `ਤੇ ਛਾ ਜਾਣ ਵਾਲੀ ਪੁਸਤਕ ਦੀਆਂ ਜੜ੍ਹਾਂ ਵੱਢੀਆਂ। ਦੂਜੇ, ਡਾ. ਸਾਹਿਬ ਨੂੰ ਸਿੱਖ ਭਾਈਚਾਰੇ ਦੀ ਦ੍ਰਿਸ਼ਟੀ ਵਿੱਚ ਵੀ ਮਨਫ਼ੀ ਕਰ ਦਿੱਤਾ। ਇਹੀ ਕਾਰਣ ਹੈ ਕਿ ਉਨ੍ਹਾਂ ਦੀ ਕੋਈ ਵੀ ਪੁਸਤਕ ਦੂਜੀ ਵਾਰ ਨਹੀਂ ਛਪ ਸਕੀ। ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਡਾ. ਸਾਹਿਬ ਜੀ ਦੀਆਂ ਸੇਵਾਵਾਂ ਨੂੰ ਸਿਜਦਾ ਕੀਤਾ ਜਾ ਰਿਹਾ ਹੈ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਮੁੱਖ ਫਰਜ਼ ਬਣ ਜਾਂਦਾ ਹੈ ਕਿ ਉਹ ਡਾ. ਸਾਹਿਬ ਜੀ ਦੀ ਪਲੈਟੋ ਨਾਲ ਸਬੰਧਤ ਪੁਸਤਕ ਨੂੰ ਢੂੰਡੇ, ਮੁੜ ਛਪਾਈ ਕਰਾਏ ਅਤੇ ਅਤੇ ਇਸ ਪੱਖੋਂ ਖੋਜ ਨੂੰ ਅੱਗੇ ਵਧਾਉਂਦੀ ਹੋਈ ਵਿਸ਼ਵ ਭਰ ਵਿੱਚ ਗੁਰਮਤਿ ਦਾ ਝੰਡਾ ਝੁਲਾਏ, ਜਿਹੜੀ ਵਿਚਾਰਧਾਰਾ ਮਾਨਵ-ਏਕਤਾ ਦਾ ਹੋਕਾ ਦਿੰਦੀ ਹੋਈ ਵਿਸ਼ਵ-ਏਕਤਾ ਦਾ ਮੰਦਰ ਉਸਾਰਦੀ ਹੈ। ਭੁੱਲ-ਚੁੱਕ ਮੁਆਫ਼।

ਜਗਤਾਰ ਸਿੰਘ ਜਾਚਕ




.