ਦੁਬਿਧਾ ਨ
ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥
ਸਿੱਖ ਧਰਮ ਇਕ ਅਜਿਹਾ ਧਰਮ ਹੈ,
ਜਿਸ ਅਨੁਸਾਰ ਮਨੁੱਖ ਨੂੰ ਸਿਰਫ ਤੇ ਸਿਰਫ ਇੱਕ ਅਕਾਲ ਪਰਖ ਨੂੰ ਹਰ ਵੇਲੇ ਹਾਜਰ ਨਾਜ਼ਰ ਸਮਝਣ ਅਤੇ
ਉਸ ਅੱਗੇ ਹੀ ਅਰਦਾਸ ਕਰਨ ਦਾ ਉਪਦੇਸ ਦੇਂਦਾ ਹੈ । ਇਸ ਧਰਮ ਦੇ ਪੈਰੋਕਾਰਾਂ ਦਾ ਗੁਰੂ “ਸ਼ਬਦ ਗੁਰੂ”
ਹੈ । ਜਿਹੜਾ ਅੱਜ ਵੀ ਸਾਡੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਸਾਡੇ ਕੋਲ ਬਿਰਾਜਮਾਨ
ਹੈ । ਸਿੱਖਾਂ ਨੇ ਸਿਰਫ ਇਹਨਾਂ ਦੋ ਅੱਗੇ ਹੀ ਸਿਰ ਝੁਕਾਉਣਾ ਹੁੰਦਾ ਹੈ । ਇਕ ਅਕਾਲ ਪੁਰਖ ਹੈ,
ਜਿਹੜਾ ਸਾਰੀ ਸ੍ਰਸ਼ਟੀ ਦਾ ਮਾਲਕ ਹੈ, ਜੋ ਹਰੇਕ ਥਾਂ ਮਾਜੂਦ ਹੈ ਅਤੇ ਦੂਸਰਾ ਸਾਡਾ ਗੁਰੂ “ਸ਼ਬਦ
ਗੁਰੂ” ਸ੍ਰੀ ਗੁਰੂ ਗ੍ਰੰਥ ਸਾਹਿਬ ਹਨ । ਜਿਸ ਦੇ ਅਨਮੁਲੇ ਗਿਆਨ ਨਾਲ ਆਪਣੇ ਅੰਦਰੋਂ ਅਕਾਲ ਪੁਰਖ ਦੀ
ਹੋਂਦ ਨੂੰ ਮਹਿਸੂਸ ਕਰਨਾ ਤੇ ਆਪਣੀ ਜੀਵਨ ਜਾਚ ਨੂੰ ਸਵਾਰਨਾ ਹੈ । ਇਸ ਤੋਂ ਸਵਾਏ ਕਿਸੇ ਹੋਰ
ਦੇਹਧਾਰੀ ਜਾਂ ਮੜੀਆਂ, ਕਬਰਾਂ ‘ਤੇ ਆਪਣੀ ਓਟ ਨਹੀਂ ਰੱਖਣੀ ।
ਪਰ ਅੱਜ ਕੀ ਸਿੱਖ ਧਰਮ ਦੇ ਪੈਰੋਕਾਰ ਅਤੇ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਅਖਵਾਉਣ
ਵਾਲਿਆਂ ਵਿਚੋਂ ਬਹੁਗਿਣਤੀ ਕੀ ਵਾਕਿਆ ਹੀ ਗੁਰਬਾਣੀ ਦੇ ਦੱਸੇ ਰਸਤੇ ਅਨੁਸਾਰ ਚਲਦੇ ਹੋਏ ਦੇਹਧਾਰੀ
ਗੁਰੂ ਡੰਮ੍ਹ, ਮਰੇ ਹੋਏ ਅਖੌਤੀ ਸਾਧਾਂ ਸੰਤਾਂ ਦੀ ਕਬਰਾਂ ਜਿਹਨਾਂ ਦਾ ਰੂਪ ਅੱਜ ਭਾਂਵੇ ਇਹਨਾਂ
ਲੋਕਾਂ ਨੇ ਉਥੇ ਸਿੱਖਾਂ ਨੂੰ ਇਕਠੇ ਕਰਨ ਦੇ ਬਹਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ
ਕੀਤਾ ਹੁੰਦਾ ਹੈ ਪਰ ਮਨਾਈਆਂ ਸਾਧਾਂ ਦੀ ਬਰਸੀਆਂ ਹੀ ਜਾਂਦੀਆਂ ਹਨ। ਜਿਹੜੇ ਲੋਕ ਉਥੇ ਅਖੰਡ ਪਾਠ
ਜਾਂ ਸਧਾਰਨ ਪਾਠ ਕਰਵਾਉਂਦੇ ਹਨ, ਉਹਨਾਂ ਦੀ ਸ਼ਰਧਾ “ਸ਼ਬਦ ਗੁਰੂ” ਤੋਂ ਗਿਆਨ ਲੈਣ ਦੀ ਨਹੀਂ ਹੁੰਦੀ,
ਸਗੋਂ ਉਸ ਮਰੇ ਹੋਏ ਅਖੌਤੀ ਸਾਧ ‘ਤੇ ਹੁੰਦੀ ਹੈ ਕਿ ਇਸ ਪਾਠ ਕਰਵਾਉਣ ਨਾਲ ਸਾਧ ਦੀ ਰੂਹ ਸਾਨੂੰ
ਅਸ਼ੀਰਵਾਦ ਜਾਂ ਕਰਾਮਾਤ ਕਰਕੇ ਸਾਡੀਆਂ ਖਾਹਸ਼ਾਂ ਪੂਰੀਆਂ ਕਰੇਗੀ ।
ਗੁਰੂ ਨਾਨਕ ਪਾਤਸ਼ਾਹ ਦੇ ਜਿਹਨਾਂ ਪੁੱਤਰਾਂ ਨੇ ਆਪਣੇ ਬਾਪ ਦਾ ਕਹਿਣਾ ਨਹੀਂ ਮੰਨਿਆ ਸੀ ਅਤੇ ਜਿਹਨਾਂ
ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਇਹ ਸ਼ਬਦ ਦਰਜ ਹੈ:
ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥ ਪੁਤ੍ਰੀ ਕਉਲੁ ਨ
ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥ (ਪੰਨਾ 967)
ਅਰਥ:- (ਹੇ ਗੁਰੂ ਅੰਗਦ ਸਾਹਿਬ ਜੀ!) ਗੁਰੂ (ਨਾਨਕ ਸਾਹਿਬ) ਨੇ ਜੋ ਭੀ ਹੁਕਮ ਕੀਤਾ, ਆਪ
ਨੇ ਸੱਚ (ਕਰਕੇ ਮੰਨਿਆ, ਅਤੇ ਆਪ ਨੇ) ਉਸ ਦੇ ਮੰਨਣ ਤੋਂ ਨਾਂਹ ਨਹੀਂ ਕੀਤੀ; (ਸਤਿਗੁਰੂ ਜੀ ਦੇ)
ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ ।
ਪਰ ਕਈ ਗੁਰਮਤ ਤੋਂ ਅਨਜਾਣ ਸਿੱਖ ਜਾਂ ਵਹਿਮੀ ਸਿੱਖ ਕਹਿ ਲਵੋਂ, ਅੱਜ ਉਹਨਾਂ ਨੂੰ ਗੁਰੂ ਸਾਹਿਬਾਨ
ਤੋਂ ਵੀ ਵੱਧ ਲਿਆਕਤ ਵਾਲੇ ਸਮਝੀ ਬੈਠੇ ਹਨ ਅਤੇ ਉਹਨਾਂ ਦੀਆਂ ਮੜੀਆ ‘ਤੇ ਮੱਥੇ ਰਗੜਦੇ ਵੇਖੇ ਜਾ
ਸਕਦੇ ਹਨ ।
ਅਜਿਹੇ ਥਾਵਾਂ ‘ਤੇ ਬੈਠੇ ਗੁਰਮਤਿ ਵਿਰੋਧੀ ਜਿਥੇ ਉਸ ਥਾਂ ਦੀ ਕਮਾਈ ਖਾ ਰਹੇ ਹਨ, ਉਥੇ ਸਿੱਖਾਂ ਨੂੰ
ਵੀ “ਸ਼ਬਦ ਗੁਰੂ” ਤੋਂ ਬਾਗੀ ਕਰ ਰਹੇ ਹਨ । ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ ਕਿ
ਮੜੀਆਂ ਕਬਰਾਂ ‘ਤੇ ਮੱਥੇ ਨਹੀਂ ਟੇਕਣੇ, ਫਿਰ ਵੀ ਅਖੌਤੀ ਸਾਧ ਬਾਬੇ ਅਜਿਹਾ ਕੋਈ ਥਾਂ ਨਹੀਂ ਰਹਿਣ
ਦੇਂਦੇ, ਜਿਥੇ ਵੀ ਇਹਨਾਂ ਨੂੰ ਸਿੱਖਾਂ ਦੀ ਲੁੱਟ ਕਰਨ ਦੀ ਥਾਂ ਲੱਭਦੀ ਹੈ ਉਸ ਥਾਂ ਨੂੰ ਹੱਥੋਂ
ਨਹੀਂ ਜਾਣ ਦੇਂਦੇ । ਅਜਿਹੇ ਸ਼ਤਾਨ ਦਿਮਾਗ ਲੋਕ ਜਾਣਦੇ ਹਨ ਕਿ ਸਿੱਖਾਂ ਦੀ ਗੁਰਮਿਤ ਪ੍ਰਤੀ ਅਗਿਆਨਤਾ
ਹੋਣ ਕਾਰਨ ਇਹਨਾਂ ਨੂੰ ਸ਼ਰਧਾ ਲਫ਼ਜ ਦੇ ਨਾਂਅ ਹੇਠ ਬਹੁਤ ਛੇਤੀ ਠੱਗਿਆ ਜਾ ਸਕਦਾ ਹੈ । ਬੀੜ ਬਾਬੇ
ਬੁੱਢਾ ਸਾਹਿਬ ਦੇ ਗੁਰਦੁਆਰੇ ਦੇ 400-450 ਗਜ ਦੇ ਲਾਗੇ ਹੀ ਬਾਬੇ ਖੜਕ ਸਿੰਘ ਹੋਰਾਂ ਦੇ ਸਸਕਾਰ
ਵਾਲੀ ਜਗ੍ਹਾ ਤੇ ਹੁਣ ਲੋਕੀ ਉਥੋਂ ਦੇ ਸਾਧ ਦੇ ਪ੍ਰਚਾਰ ਕਾਰਨ ਆਪਣੀਆਂ ਸੁਖਣਾ ਵਾਸਤੇ ਬਾਬੇ ਬੁੱਢੇ
ਸਾਹਿਬ ਦੇ ਗੁਰਦੁਆਰੇ ਦੀ ਬਜਾਏ ਉਥੇ ਅਖੰਡ ਪਾਠ ਕਰਵਾ ਰਹੇ ਹਨ । ਜਦਕਿ ਸਿੱਖ ਧਰਮ ਅਨੁਸਾਰ ਕਿਸੇ
ਵੀ ਤਰ੍ਹਾਂ ਦੀ ਸੁੱਖਣਾ ਸੁਖਣੀ ਅਕਾਲ ਪੁਰਖ ਨਾਲ ਸੋਦੇਬਾਜੀ ਕਰਨੀ ਹੈ; ਜਦਕਿ ਸਿੱਖਾਂ ਨੇ ਸਿਰਫ
ਅਕਾਲ ਪੁਰਖ ਦਾ ਸ਼ੁਕਰਾਨਾ ਹੀ ਕਰਨਾ ਹੁੰਦਾ ਹੈ ।
ਅਨੇਕਾ ਹੀ ਹੋਰ ਵੀ ਥਾਂਵਾਂ ਹਨ ਜਿਥੇ ਅਖੌਤੀ ਸਾਧਾਂ ਦੀਆਂ ਕਬਰਾਂ ਵਾਲੇ ਥਾਂ ਤੇ ਸਿੱਖਾਂ ਦੀਆਂ
ਅੱਖਾਂ ਵਿਚ ਘੱਟਾ ਪਾਉਣ ਖਾਤਰ ਭਾਂਵੇ ਗੁਰਦੁਆਰੇ ਤਾਂ ਬਣਾਏ ਹਨ ਪਰ ਲੋਕ ਉਥੇ ਉਹਨਾਂ ਉਤੇ ਅਖੌਤੀ
ਸਾਧ ਦੀ ਰੂਹ ਵੱਲੋਂ ਖੁਸ਼ ਹੋ ਕੇ ਕਰਾਮਤ ਹੋਣ ਦੀ ਝਾਕ ਵਿਚ ਜਾਂਦੇ ਤੇ ਅਖੰਡ ਪਾਠ ਜਾਂ ਸਧਾਰਨ ਪਾਠ
ਕਰਵਾਉਂਦੇ ਹਨ । ਇਹ ਗੁਰਮਤਿ ਵਿਰੋਧੀ ਕੰਮ ਹੁਣ ਸਾਧਾਂ ਦੇ ਵਿਦੇਸ਼ਾਂ ਵਿਚ ਵੀ ਆਏ ਉਹਨਾਂ ਦੇ ਚੇਲੇ
ਵੀ ਕਰ ਰਹੇ ਹਨ । ਹੈਰਾਨੀ ਦੀ ਗੱਲ ਇਹ ਵੀ ਹੈ ਕਿ ਅਜਿਹੇ ਵਹਿਮਾਂ ਭਰਮਾਂ ਅਤੇ ਕਰਮਕਾਂਡਾਂ ਵਿਚ ਉਹ
ਲੋਕ ਵੀ ਸ਼ਾਮਲ ਹਨ, ਜਿਹੜੇ ਦੁਨੀਆਵੀ ਭੜ੍ਹਾਈ ਦੀਆਂ ਵੱਡੀਆਂ-ਵੱਡੀਆਂ ਡਿਗਰੀਆਂ ਲਈ ਫਿਰਦੇ ਹਨ ।
ਹਾਂ, ਜੇਕਰ ਕਿਸੇ ਵਿਅਕਤੀ ਨੇ ਮਨੁੱਖਤਾ ਦੀ ਭਲਾਈ ਲਈ ਕੁਝ ਚੰਗਾ ਕੰਮ ਕੀਤਾ ਹੈ ਤਾਂ ਉਸਦੇ ਕੀਤੇ
ਉਸ ਚੰਗੇ ਕੰਮਾਂ ਤੋਂ ਸਾਨੂੰ ਵੀ ਸੇਧ ਲੈਣੀ ਚਾਹੀਦੀ ਹੈ; ਪਰ ਜੇ ਕਿਸੇ ਦੇ ਦਿਮਾਗ ਵਿਚ ਇਹ ਸੋਚ
ਬੈਠੀ ਹੈ ਕਿ ਫਲਾਣੇ ਸਾਧ /ਬਾਬਾ ਦੀ ਏਥੇ ਰੂਹ ਬੈਠੀ ਹੈ, ਉਹ ਮੇਰੇ ਵੱਲੋਂ ਕਰਵਾਏ ਅਖੰਡ ਪਾਠ ਜਾਂ
ਸਧਾਰਨ ਪਾਠ ਕਰਵਾਉਣ ਨਾਲ ਉਹ ਰੂਹ/ਆਤਮਾ ਖੁਸ਼ ਹੋ ਕੇ ਮੇਰੇ ਤੇ ਕੋਈ ਕਰਾਮਾਤ ਕਰੇਗੀ ਤਾਂ ਇਹ ਉਸਨੂੰ
ਭੁਲੇਖਾ ਹੈ । ਗੁਰਮਤਿ ਸਿਰਫ ਇਕ ਅਕਾਲ ਪੁਰਖ ਨੂੰ ਹੀ ਸਭ ਕੁਝ ਕਰਨ-ਕਰਵਾਨ ਵਾਲਾ ਸਮਝਦੀ ਹੈ:
ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥ ਓਹੁ ਅਉਹਾਣੀ ਕਦੇ ਨਾਹਿ ਨਾ
ਆਵੈ ਨਾ ਜਾਇ ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ
ਮਰਿ ਜਾਇ ॥ ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥ ਨਾਨਕ ਏਵ ਨ
ਜਾਪਈ ਕਰਤਾ ਕੇਤੀ ਦੇਇ ਸਜਾਇ ॥(ਮ:3,ਪੰਨਾ ੫੦੯)
ਅਰਥ :—ਮੇਰਾ ਪ੍ਰਭੂ ਸਦਾ ਮੌਜੂਦ ਹੈ, ਪਰ 'ਸ਼ਬਦ' ਕਮਾਇਆਂ (ਅੱਖੀਂ) ਦਿੱਸਦਾ ਹੈ, ਉਹ ਕਦੇ
ਨਾਸ ਹੋਣ ਵਾਲਾ ਨਹੀਂ, ਨਾਹ ਜੰਮਦਾ ਹੈ, ਨਾਹ ਮਰਦਾ ਹੈ । ਉਹ ਪ੍ਰਭੂ ਸਭ (ਜੀਵਾਂ) ਵਿਚ ਮੌਜੂਦ ਹੈ
ਉਸ ਨੂੰ ਸਦਾ ਸਿਮਰਨਾ ਚਾਹੀਦਾ ਹੈ ।
(ਭਲਾ) ਉਸ ਦੂਜੇ ਦੀ ਭਗਤੀ ਕਿਉਂ ਕਰੀਏ ਜੋ ਜੰਮਦਾ ਹੈ ਤੇ ਮਰ ਜਾਂਦਾ ਹੈ, ਉਹਨਾਂ ਬੰਦਿਆਂ ਦਾ
ਜੀਊਣਾ ਵਿਅਰਥ ਹੈ ਜੋ (ਪ੍ਰਭੂ ਨੂੰ ਛੱਡ ਕੇ) ਕਿਸੇ ਹੋਰ ਵਿਚ ਚਿੱਤ ਲਾ ਕੇ ਆਪਣੇ ਖਸਮ-ਪ੍ਰਭੂ ਨੂੰ
ਨਹੀਂ ਪਛਾਣਦੇ । ਅਜੇਹੇ ਬੰਦਿਆਂ ਨੂੰ, ਹੇ ਨਾਨਕ ! ਕਰਤਾਰ ਕਿਤਨੀ ਕੁ ਸਜ਼ਾ ਦੇਂਦਾ ਹੈ, ਇਹ ਗੱਲ
ਇਸ ਤਰ੍ਹਾਂ (ਅੰਦਾਜ਼ੇ ਲਾਇਆਂ) ਨਹੀਂ ਪਤਾ ਲਗਦੀ ।
ਜਦ ਭਾਈ ਗੁਰਦਾਸ ਜੀ ਦੀ ਵਾਰ ਦੀਆਂ ਇਹ ਪੰਗਤੀਆਂ ਯਾਦ ਆਉਂਦੀਆਂ ਹਨ ਤਾਂ ਸੋਚੀਦਾ ਹੈ ਕਿ ਭਾਈ
ਸਾਹਿਬ ਸੋਚਦੇ ਹੋਣਗੇ ਕਿ ਹੁਣ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਨਮੋਲ ਗਿਆਨ ਪੜ੍ਹ-ਸੁਣ ਕੇ
ਪਹਿਲਾਂ ਜਿਹੜੇ ਪੁਜਾਰੀ ਲੋਕ ਉਹਨਾਂ ਨੂੰ ਵਹਿਮਾਂ ਭਰਮ ਅਤੇ ਅੰਧਵਿਸ਼ਵਾਸਾਂ ਵਿਚ ਪਾਕੇ ਕਰਮਕਾਡ
ਕਰਵਾ ਰਹੇ ਸਨ, ਹੁਣ ਸਿੱਖ ਉਹਨਾਂ ਪੁਜਾਰੀਵਾਦ ਦੇ ਵਿਛਾਏ ਅੰਧਵਿਸ਼ਵਾਸਾਂ ਦੇ ਜਾਲ ਵਿਚੋਂ ਨਿਕਲ
ਜਾਣਗੇ । ਇਸੇ ਕਰਕੇ ਭਾਈ ਸਾਹਿਬ ਲਿਖਦੇ ਹਨ:
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥(ਵਾਰ1,ਪਾਉੜੀ27)
ਭਾਈ ਸਾਹਿਬ ਹੁਰਾਂ ਦੀ ਇਹ ਵਾਰ ਪੜ੍ਹਨ ਨੂੰ ਤਾਂ ਹਰ ਸਾਲ ਹੀ ਗੁਰੂ ਨਾਨਕ ਪਾਤਸ਼ਾਹ ਹੁਰਾਂ ਦੇ
ਮਨਾਏ ਜਾਂਦੇ ਅਵਤਾਰ ਪੁਰਬ ਵਾਲੇ ਦਿਨ ਰਾਗੀ ਸਿੰਘ ਬਹੁਤ ਵਾਰੀ ਪੜ੍ਹਦੇ ਹਨ ਪਰ ਕੀ ਅਸੀਂ ਵਾਕਿਆ ਹੀ
ਕਰਮਕਾਡਾਂ, ਵਹਿਮਾਂ ਭਰਮਾਂ ਤੋਂ ਨਿਕਲ ਕੇ “ਸ਼ਬਦ ਗੁਰੂ” ਦੇ ਗਿਆਨ ਨੂੰ ਮੰਨਣ ਅਤੇ ਕਿਸੇ ਮੜੀ,
ਮਸਾਣ ਜਾਂ ਦੇਹਧਾਰੀ ਸਾਧ ਦੇ ਅੱਗੇ ਮੱਥੇ ਰੱਗੜਨ ਦੀ ਬਜਾਏ ਸਿਰਫ ਇਕ ਅਕਾਲ ਪੁਰਖ ਅੱਗੇ ਹੀ ਅਰਦਾਸ
ਕਰਦੇ ਹਾਂ । ਇਹ ਸਾਨੂੰ ਆਪਣੇ ਗਿਰੇਬਾਨ ਵਿਚ ਝਾਤੀ ਮਾਰਨ ਦੀ ਲੋੜ ਹੈ ।
ਆਓ, ਮੜੀਆਂ, ਸਮਾਧਾਂ, ਕਬਰਾਂ ਭਾਂਵੇ ਕਿਸੇ ਅਖੋਤੀ ਸਾਧ/ਸੰਤ ਦੀਆਂ ਹੋਣ ਤੇ ਭਾਂਵੇ ਕਿਸੇ ਹੋਰ ਧਰਮ
ਦੇ ਪੀਰ ਦੀਆਂ, ਸਾਰੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨਮੋਲ ਗਿਆਨ ਦੇ ਸਾਗਰ ਅੱਗੇ ਸਿਰ
ਝੁਕਾਈਏ ਅਤੇ ਅਕਾਲ ਪੁਰਖ ‘ਤੇ ਓਟ ਆਸਰਾ ਰੱਖੀਏ । ਸਾਧਾਂ ਦੀਆਂ ਗੱਪਾਂ ਤੇ ਯਕੀਨ ਕਰਨ ਦੀ ਥਾਂ
ਗੁਰਬਾਣੀ ਦੇ ਸ਼ਬਦ ਤੇ ਯਕੀਨ ਕਰਨ ਵਾਸਤੇ ਆਪਣੀ ਸੋਚ ਨੂੰ ਤਿਆਰ ਕਰੀਏ:
ੴ ਸਤਿਗੁਰ ਪ੍ਰਸਾਦਿ ॥ ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ
ਮਸਾਣਿ ਨ ਜਾਈ ॥ ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥ ਘਰ ਭੀਤਰਿ ਘਰੁ ਗੁਰੂ
ਦਿਖਾਇਆ ਸਹਜਿ ਰਤੇ ਮਨ ਭਾਈ ॥ ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ ॥੧॥ (ਮ:1,ਪੰਨਾ
934)
ਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਨਹੀਂ ਪੈਂਦਾ, ਮੈਂ ਪ੍ਰਭੂ ਤੋਂ
ਬਿਨਾ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਕਿਤੇ ਸਮਾਧਾਂ ਤੇ ਮਸਾਣਾਂ ਵਿਚ ਭੀ ਨਹੀਂ ਜਾਂਦਾ। ਮਾਇਆ
ਦੀ ਤ੍ਰਿਸ਼ਨਾ ਵਿਚ ਫਸ ਕੇ ਮੈਂ (ਪਰਮਾਤਮਾ ਦੇ ਦਰ ਤੋਂ ਬਿਨਾ) ਕਿਸੇ ਹੋਰ ਘਰ ਵਿਚ ਨਹੀਂ ਜਾਂਦਾ,
ਮੇਰੀ ਮਾਇਕ ਤ੍ਰਿਸ਼ਨਾ ਪਰਮਾਤਮਾ ਦੇ ਨਾਮ ਨੇ ਮਿਟਾ ਦਿੱਤੀ ਹੈ। ਗੁਰੂ ਨੇ ਮੈਨੂੰ ਮੇਰੇ ਹਿਰਦੇ ਵਿਚ
ਹੀ ਪਰਮਾਤਮਾ ਦਾ ਨਿਵਾਸ-ਅਸਥਾਨ ਵਿਖਾ ਦਿੱਤਾ ਹੈ, ਅਤੇ ਅਡੋਲ ਅਵਸਥਾ ਵਿਚ ਰੱਤੇ ਹੋਏ ਮੇਰੇ ਮਨ ਨੂੰ
ਉਹ ਸਹਿਜ-ਅਵਸਥਾ ਚੰਗੀ ਲੱਗ ਰਹੀ ਹੈ। ਟੀਕਾਕਾਰ:ਪ੍ਰੋ. ਸਾਹਿਬ ਸਿੰਘ ਜੀ
ਗੁਰਸ਼ਰਨ ਸਿੰਘ ਕਸੇਲ