ਆਸਤਕ, ਨਾਸਤਕ, ਅਤੇ ਰੱਬ?
ਅਵਤਾਰ ਸਿੰਘ ਮਿਸ਼ਨਰੀ (5104325827)
ਆਸਾ ਰੱਖਣ ਵਾਲਾ ਆਸਤਕ ਅਤੇ ਨਾਂ
ਰੱਖਣ ਵਾਲਾ ਨਾਸਤਕ। ਅੰਨ੍ਹੀ ਸ਼ਰਧਾ ਦੀ ਆਸਾ ਨਾਲੋਂ ਸੁਜਾਖੀ ਨਾਸਤਕਤਾ ਚੰਗੀ ਹੈ। ਗਿਆਨ ਨਾਲਜ
ਵੱਲੋਂ ਅੱਖਾਂ ਅਤੇ ਕੰਨ ਬੰਦ ਕਰ ਲੈਣੇ ਹੀ ਅਸਲ ਨਾਸਤਕਤਾ ਹੈ। ਅੱਜ ਕੀ ਸਦੀਆਂ ਤੋਂ ਰੱਬ ਅਤੇ ਧਰਮ
ਬਾਰੇ ਲੋਟੂ ਪੁਜਾਰੀਆਂ ਤੇ ਅਖੌਤੀ ਸੰਤਾਂ ਨੇ ਅਨੇਕਾਂ ਭਰਮ, ਭੁਲੇਖੇ ਤੇ ਭੰਬਲ ਭੂਸੇ ਪਾਏ ਹੋਏ ਹਨ
ਜਿਨ੍ਹਾਂ ਨਾਲ ਉਨ੍ਹਾਂ ਦਾ ਹਲਵਾ ਮੰਡਾ ਖੂਬ ਚੱਲ ਰਿਹਾ ਹੈ। ਜਰਾ ਸੋਚੋ! ਮੰਨਿਆ ਗਿਆ ਰੱਬ ਐਡਾ ਹੀ
ਤਾਕਤਵਰ ਹੁੰਦਾ ਤਾਂ ਘੱਟ ਤੋਂ ਘੱਟ ਧਰਮੀ ਅਖਵਾਉਣ ਵਾਲੇ ਲੋਕ ਤਾਂ ਚੋਰ, ਡਾਕੂ, ਡਕੈਤ, ਕਾਤਲ,
ਭੇਖੀ ਅਤੇ ਬੇਇਨਸਾਫ ਨਾਂ ਹੁੰਦੇ। ਅੱਜ ਜਿਨਾ ਅਨਰਥ ਧਰਮ ਅਸਥਾਨਾਂ ਵਿੱਚ ਆਸਤਕ ਜਾਂ ਧਰਮੀ ਲੋਕ ਕਰ
ਰਹੇ ਹਨ ਓਨ੍ਹਾਂ ਆਮ ਲੋਕ ਨਹੀਂ। ਅਸਲ ਵਿੱਚ ਰੱਬ ਤਾਂ ਇੱਕ ਸਿਸਟਮ ਹੈ ਜੇ ਤੁਸੀਂ ਉਸ ਵਿੱਚ ਆ
ਜਾਂਦੇ ਹੋ ਤਾਂ ਬਚਾ ਨਹੀਂ ਤਾਂ ਤਬਾਹੀ ਹੁੰਦੀ ਰਹਿੰਦੀ ਹੈ। ਦੀਪ ਗਿੱਲ ਜੀ! ਆਪ ਜੀ ਨੇ ਫੇਸ ਬੁੱਕ
ਤੇ ਠੀਕ ਹੀ ਲਿਖਿਆ ਹੈ ਕਿ ਬੇਗਾਨੀਆਂ ਧੀਆਂ ਨਾਲ ਬਲਤਕਾਰ ਹੋ ਰਹੇ ਹਨ ਤੇ ਮੰਨਿਆ ਗਿਆ ਰੱਬ ਕਿਤੇ
ਲੰਮੀਆਂ ਤਾਨ ਕੇ ਸੁੱਤਾ ਪਿਆ ਹੈ। ਉਸ ਅੰਤਰਜਾਮੀ ਰੱਬ ਨੂੰ ਭਲਾ ਦਿਸ ਨਹੀਂ ਰਿਹਾ ਕਿ ਕੀ ਕੀ ਜ਼ੁਲਮ,
ਪਾਪ, ਧੱਕੇਸ਼ਾਹੀ, ਸੀਨਾਜੋਰੀ ਜਾਂ ਅਨਰਥ ਹੋ ਰਿਹਾ ਹੈ? ਜਿਨੀ ਮਾਰ ਦੁਨੀਆਂ ਨੇ ਧਰਮ ਅਤੇ ਰੱਬ ਦੇ
ਨਾਂ ਤੇ ਖਾਧੀ ਹੈ ਓਨੀ ਤਰਕ ਜਾਂ ਸਾਂਇੰਸ (ਵਿਗਿਆਨ) ਦੇ ਨਾਂ ਤੇ ਨਹੀਂ। ਅੱਜ ਸੱਚ ਬੋਲਣ, ਲਿਖਣ,
ਕਿਰਤ ਕਮਾਈ ਕਰਨ ਅਤੇ ਸਦਾਚਾਰੀ ਰਹਿਣ ਵਾਲਾ ਨਾਸਤਕ ਅਤੇ ਧਰਮ ਦੇ ਨਾਂ ਤੇ ਸਭ ਕੁਝ ਲੁੱਟਣ ਜਾਂ
ਲੁਟਾ ਦੇਣ ਵਾਲਾ, ਇੱਥੋਂ ਤੱਕ ਕੇ ਬਲਾਤਕਾਰੀ ਸਾਧਾਂ ਦੇ ਡੇਰਿਆਂ ਤੇ ਜਵਾਨ ਧੀਆਂ ਸੇਵਾ ਲਈ ਛੱਡਣ
ਵਾਲਾ ਆਸਤਕ ਮੰਨਿਆਂ ਜਾ ਰਿਹਾ ਹੈ।
ਸੋ ਮਿਤਰੋ! ਇਨਸਾਨੀਅਤ ਧਾਰਨ ਕਰਨਾ ਹੀ ਧਰਮੀ ਅਤੇ ਇਨਸਾਨੀਅਤ ਤੋਂ ਗਿਰਨਾ ਹੀ ਨਾਸਤਕ ਹੋਣਾ ਹੈ।
ਕੁਦਰਤੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਿਰਤ ਕਰਨੀ, ਵੰਡ ਛਕਣਾ ਅਤੇ ਰੱਬੀ ਨਿਯਮਾਂ ਤੇ ਪਹਿਰਾ
ਦੇਣਾ ਹੀ ਧਰਮੀ ਜਾਂ ਆਸਤਕ ਹੋਣਾਂ ਹੈ। ਸੋ ਕੁਦਰਤੀ ਨਿਯਮ ਹੀ ਰੱਬ ਹਨ ਨਾਂ ਕਿ ਕੋਈ ਗੈਬੀ ਸ਼ਕਤੀ।
ਸਾਰੀ ਦੁਨੀਆਂ ਹੀ ਕੁਦਰਤਿ ਦਾ ਰੂਪ ਹੈ-ਜੋ ਦੀਸੈ ਸੋ ਤੇਰਾ ਰੂਪੁ॥ ਗੁਣ
ਨਿਧਾਨ ਗੋਵਿੰਦ ਅਨੂਪੁ॥ (724) ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥ ਕੁਰਦਤਿ
ਪਾਤਾਲੀਂ ਅਕਾਸੀ ਕੁਦਰਤਿ ਸਰਬ ਅਕਾਰੁ॥ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥ ਕੁਦਰਤਿ ਖਾਣਾ
ਪੀਣਾ ਪੈਨ੍ਹ੍ਹਣੁ ਕੁਦਰਤਿ ਸਰਬ ਪਿਆਰੁ ॥ ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥ ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ
ਧਰਤੀ ਖਾਕੁ ॥ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥ ਨਾਨਕ ਹੁਕਮੈ ਅੰਦਰਿ ਵੇਖੈ
ਵਰਤੈ ਤਾਕੋ ਤਾਕੁ ॥੨॥ (464)
ਸੋ ਕੁਦਰਤਿ ਰਚਨਾ ਨੂੰ ਖੋਜਣਾ, ਸਮਝਣਾ ਤੇ ਕੁਦਰਤੀ ਜੀਵਨ ਜੀਣਾ ਹੀ ਆਸਤਕਪੁਣਾ ਤੇ ਇਸ ਦੇ ਉਲਟ
ਚੱਲਣਾ ਹੀ ਨਾਸਤਕ ਹੋਣਾਂ ਹੈ। ਬਾਕੀ ਵੱਖ ਵੱਖ ਮਜ਼ਹਬਾਂ ਦੇ ਆਪੋ ਆਪਣੇ ਮੰਨੇ ਜਾਂ ਬਣਾਏ ਗਏ ਰੱਬ
ਮਨੁੱਖਤਾ ਵਿੱਚ ਵੰਡੀਆਂ ਪਾ ਕੇ, ਨਫਰਤ ਦਾ ਕਾਰਨ ਬਣ ਰਹੇ ਹਨ ਜਦ ਕਿ ਰੱਬ ਸਾਰੀ ਦੁਨੀਆਂ ਦਾ ਇੱਕ
ਹੀ ਹੈ ਅਤੇ ਆਪੋ ਆਪਣੀ ਭਾਸ਼ਾ ਅਨੁਸਾਰ ਉਸ ਨਾਮ ਵੱਖ ਵੱਖ ਜਾਪਦੇ ਹਨ। ਜਿਨ੍ਹਾਂ ਗਿਆਨੀਆਂ ਜਾਂ
ਵਿਗਿਆਨੀਆਂ ਨੇ ਕੁਦਰਤੀ ਭੇਦਾਂ ਨੂੰ ਖੋਜਿਆ ਓਨ੍ਹਾਂ ਨੇ ਰੱਬੀ ਭੇਦ ਜਾਣ ਲਿਆ ਕਿ ਰੱਬ ਇੱਕ ਕੁਦਰਤੀ
ਸਿਸਟਮ ਹੈ ਨਾਂ ਕਿ ਮੰਨੀ ਗਈ ਕੋਈ ਗੈਬੀ ਸ਼ਕਤੀ।
ਕਰਮਕਾਂਡੀ ਅਤੇ ਅੰਧਵਿਸ਼ਵਾਸ਼ੀ ਲੋਕ ਆਪਣੇ ਆਪ ਨੂੰ ਆਸਤਕ ਅਤੇ ਕਰਮਯੋਗੀ ਗਿਆਨਵਾਨ ਕਿਰਤੀਆਂ ਨੂੰ
ਨਾਸਤਕ ਆਖ ਕੇ ਨਫਰਤ ਭਰਿਆ ਪ੍ਰਚਾਰ ਕਰਦੇ ਹਨ। ਭਗਤ ਅਤੇ ਗੁਰੂ ਸਾਹਿਬਾਨ ਸਾਨੂੰ ਗੁਰਬਾਣੀ ਰਾਹੀਂ
ਅਸਲੀ ਆਸਤਕ, ਨਾਸਤਕ ਅਤੇ ਕੁਦਰਤੀ ਰੱਬ ਦਾ ਭੇਦ ਦਸਦੇ ਹਨ। ਇਸ ਲਈ ਸਾਨੂੰ ਗੁਰੂਆਂ-ਭਗਤਾਂ ਦੀ ਬਾਣੀ
ਜੋ “ਗੁਰੂ ਗ੍ਰੰਥ ਸਾਹਿਬ” ਵਿਖੇ ਅੰਕਿਤ ਹੈ ਨੂੰ ਫਾਲੋ ਕਰਨਾ ਚਾਹੀਦਾ ਹੈ ਨਾਂ ਕਿ ਵਿਹਲੜ, ਲੋਟੂ
ਸਾਧਾਂ-ਸੰਤਾਂ ਦੀਆਂ ਗਪੌੜਾਂ ਮੱਗਰ ਲੱਗ, ਜੀਵਨ ਦਾ ਅਸਲ ਮਨੋਰਥ ਭੁੱਲ ਕੇ ਵਹਿਮਾਂ, ਭਰਮਾਂ ਅਤੇ
ਮਨਘੜਤ ਡਰਾਵਿਆਂ ਦੇ ਜਾਲ ਵਿੱਚ ਫਸ ਕੇ ਖੂਨ ਪਸੀਨੇ ਦੀ ਕਮਾਈ ਨਾਲ ਕਮਾਇਆ ਧੰਨ ਅਤੇ ਕੁਦਰਤੀ ਰੱਬ
ਵੱਲੋਂ ਦਿੱਤਾ ਦੁਰਲੱਭ ਮਾਨਸ ਜਨਮ ਬਰਬਾਦ ਕਰਨਾ ਚਾਹੀਦਾ ਹੈ।