ਜਸਬੀਰ ਸਿੰਘ ਵੈਨਕੂਵਰ
ਜੈਸਾ ਅੰਨ
ਤੈਸਾ ਮਨ
(ਭਾਗ ਪੰਜਵਾਂ)
ਪਿਛਲੇ ਅੰਕ ਵਿੱਚ ਅਸੀਂ ਉਸ ਭੋਜਨ
ਸੰਬੰਧੀ ਚਰਚਾ ਕੀਤੀ ਸੀ ਜਿਸ ਨਾਲ ਮਨੁੱਖੀ ਮਨ ਪ੍ਰਭਾਵਿਤ ਹੁੰਦਾ ਹੈ। ਇਸ ਅੰਕ ਵਿੱਚ ਮਨੁੱਖੀ ਮਨ
ਜਿੱਥੋਂ ਜਿੱਥੋਂ ਇਹ ਭੋਜਨ ਗ੍ਰਹਿਣ ਕਰਦਾ ਹੈ, ਇਸ ਦੀ ਸੰਖੇਪ ਵਿੱਚ ਚਰਚਾ ਕਰ ਰਹੇ ਹਾਂ।
ਮਨੁੱਖੀ ਮਨ ਨੂੰ ਪ੍ਰਭਾਵਿਤ ਕਰਨ ਵਾਲੇ ਭੋਜਨ ਨੂੰ ਮੁੱਖ ਰੂਪ ਵਿੱਚ ਨਿਮਨ ਲਿਖਤ ਹਿਸਿਆਂ ਵਿੱਚ ਵੰਡ
ਸਕਦੇ ਹਾਂ:-
੧. ਘਰ
੨. ਸਕੂਲ
੩. ਧਰਮ
੪. ਵਾਤਾਵਰਨ (ਸਮਾਜਿਕ, ਰਾਜਨੀਤਕ, ਧਾਰਮਿਕ, ਆਰਥਕ ਅਤੇ ਸਭਿਆਚਾਰਕ ਆਦਿ)
੫. ਅਖ਼ਬਾਰਾਂ, ਰੇਡਿਓ, ਟੈਲੀਵੀਜ਼ਨ ਅਤੇ ਇੰਟਰਨੈੱਟ ਆਦਿ।
੬. ਸੰਗਤ
ਘਰ: ਮਨੁੱਖੀ ਮਨ ਨੂੰ ਪ੍ਰਭਾਵਿਤ
ਕਰਨ ਵਾਲਾ ਭੋਜਨ ਮਨੁੱਖ ਨੂੰ ਆਪਣੇ ਘਰ ਤੋਂ ਹੀ ਮਿਲਣਾ ਸ਼ੁਰੂ ਹੋ ਜਾਂਦਾ ਹੈ। ਇਹ ਭੋਜਨ ਕੇਵਲ ਜਨਮ
ਮਗਰੋਂ ਹੀ ਨਹੀਂ ਸਗੋਂ ਮਾਂ ਦੀ ਕੁੱਖ `ਚ ਹੀ ਮਿਲਣਾ ਸ਼ੁਰੂ ਹੋ ਜਾਂਦਾ ਹੈ। ਮਾਂ ਦੀ ਕੁੱਖ ਵਿੱਚ
ਮਾਂ ਦੁਆਰਾ ਤਨ ਦੀ ਖ਼ੁਰਾਕ ਦੇ ਨਾਲ ਨਾਲ ਮਨ ਦੀ ਖ਼ੁਰਾਕ ਵੀ ਮਿਲਣੀ ਸ਼ੁਰੂ ਹੋ ਜਾਂਦੀ ਹੈ। ਮਾਂ ਜੋ
ਕੁੱਝ ਖਾਦੀ-ਪੀਂਦੀ ਹੈ, ਉਸ ਨਾਲ ਬੱਚੇ ਦਾ ਸਰੀਰ ਪ੍ਰਭਾਵਿਤ ਹੁੰਦਾ ਹੈ ਅਤੇ ਜੋ ਕੁੱਝ ਉਹ ਅੱਖਾਂ,
ਕੰਨਾਂ ਆਦਿ ਦੁਆਰਾ ਦੇਖ਼ਦੀ ਸੁਣਦੀ ਹੈ, ਉਸ ਦਾ ਪ੍ਰਭਾਵ ਬੱਚੇ ਦੇ ਮਨ ਉੱਤੇ ਪੈਂਦਾ ਹੈ। ਅਜੋਕੇ
ਸਮੇਂ ਵਿੱਚ ਹੀ ਨਹੀਂ ਸਗੋਂ ਪੁਰਾਣੇ ਸਮੇਂ ਵਿੱਚ ਵੀ ਮਨੁੱਖ ਇਸ ਪੱਖੋਂ ਸੁਚੇਤ ਸੀ। ਇਹ ਹੀ ਕਾਰਨ
ਹੈ ਕਿ ਧਾਰਮਿਕ ਪ੍ਰਵਿਰਤੀ ਵਾਲੇ ਪਰਵਾਰ ਆਪਣੀ ਧੀ ਜਾਂ ਨੂੰਹ ਨੂੰ ਅਜਿਹੇ ਸਮੇਂ ਧਾਰਮਿਕ ਸਾਹਿਤ
ਪੜ੍ਹਣ ਅਤੇ ਕੀਰਤਨ ਆਦਿ ਸੁਣਨ ਦੀ ਪ੍ਰੇਰਨਾ ਕਰਦੇ ਹਨ। ਅਜੋਕੇ ਯੁੱਗ ਵਿੱਚ ਇਸ ਖੇਤਰ ਵਿੱਚ ਹੋਰ ਵੀ
ਬਹੁਤ ਉੱਨਤੀ ਹੋਈ ਹੈ। ਇਸ ਲਈ ਇਸ ਅਵਸਥਾ ਵਿੱਚ, ਇਸ ਵਿਸ਼ੇ ਦੇ ਵਿਸ਼ੇਸ਼ੱਗ ਮਾਤਾ-ਪਿਤਾ ਨੂੰ ਬੱਚੇ
ਨੂੰ ਕਿਸੇ ਇੱਕ ਨਾਮ ਨਾਲ ਬੁਲਾ ਕੇ, ਉਸ ਨਾਲ ਗੱਲ-ਬਾਤ ਕਰਨ ਦੀ ਸਾਲਾਹ ਦਿੰਦੇ ਹਨ।
ਨਵ ਜਨਮੇ ਬੱਚੇ ਨੂੰ ਗਰਭ ਅਵਸਥਾ ਦੌਰਾਨ ਮਾਂ ਤੋਂ ਮਿਲੇ ਸੰਸਕਾਰਾਂ ਨੂੰ ਜਨਮ ਮਗਰੋਂ ਜੇਕਰ ਉਹੋ
ਜਿਹਾ ਮਾਹੌਲ ਨਾ ਮਿਲੇ ਤਾਂ ਉਹ ਬਹੁਤਾ ਸਮਾਂ ਆਪਣੀ ਹੋਂਦ ਨੂੰ ਬਰਕਰਾਰ ਨਹੀਂ ਰੱਖ ਸਕਦੇ। ਸ਼ਾਇਦ ਇਸ
ਲਈ ਆਮ ਤੌਰ `ਤੇ ਇਹ ਕਿਹਾ ਜਾਂਦਾ ਹੈ ਕਿ ਨਵ ਜਨਮੇ ਬੱਚੇ ਦਾ ਮਨ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ
ਹੈ। ਇਸ ਉੱਤੇ ਜੋ ਕੁੱਝ ਲਿਖਿਆ ਜਾਂਦਾ ਹੈ, ਉਹੀ ਇਸ ਦੀ ਸ਼ਖ਼ਸ਼ੀਅਤ ਦਾ ਅਤੁੱਟ ਹਿੱਸਾ ਬਣ ਜਾਂਦਾ ਹੈ।
ਕਰਮ ਸਿਧਾਂਤ ਦੀ ਧਾਰਨਾ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਦੀ ਮਨੌਤ ਇਸ ਨਾਲੋਂ ਭਿੰਨ ਹੈ। ਉਹਨਾਂ
ਅਨੁਸਾਰ ਮਨੁੱਖ ਆਪਣੇ ਪੂਰਬਲੇ ਕਰਮਾਂ ਦੇ ਸੰਸਕਾਰਾਂ ਦੀ ਪੂੰਜੀ ਲੈ ਕੇ ਹੀ ਮਨੁੱਖ ਜਨਮਦਾ ਹੈ। ਇਸ
ਲਈ ਕਿਸੇ ਬੱਚੇ ਦਾ ਵੀ ਮਨ ਕੋਰੀ ਸਲੇਟ ਦੀ ਨਿਆਂਈਂ ਨਹੀਂ ਹੁੰਦਾ ਹੈ। ਇਸ ਮਨ ਰੂਪੀ ਸਲੇਟ ਉੱਤੇ
ਤਾਂ ਕਈ ਜਨਮਾਂ ਦੇ ਸੰਸਕਾਰ ਉਕਰੇ ਹੁੰਦੇ ਹਨ। ਪਿਛਲੇ ਸੰਸਕਾਰਾਂ ਅਨੁਸਾਰ ਹੀ ਮਨੁੱਖ ਇਸ ਜਨਮ `ਚ
ਮਨ ਦੇ ਭੋਜਨ ਵਲ ਰਚਿਤ ਹੁੰਦਾ ਹੈ। ਪਰ ਇਸ ਤਰ੍ਹਾਂ ਦੀ ਧਾਰਨਾ ਸਮੁੱਚੀ ਮਾਨਵ ਜਾਤੀ ਦੀ ਨਹੀਂ ਬਲਕਿ
ਧਾਰਮਿਕ ਦੁਨੀਆਂ ਦੀ ਹੈ। ਧਰਮਾਂ ਵਿੱਚੋਂ ਵੀ ਕੇਵਲ ਹਿੰਦੂ, ਬੋਧੀ ਅਤੇ
ਜੈਨੀਆਂ ਵਿੱਚ ਹੀ ਪਾਈ ਜਾਂਦੀ ਹੈ। ਭਾਵੇਂ ਕਈ ਵਿਦਵਾਨ ਇਸ ਵਿੱਚ ਸਿੱਖ ਧਰਮ ਦੀ ਵੀ ਸ਼ਮੂਲੀਅਤ ਕਰਦੇ
ਹਨ ਪਰ ਗੁਰਬਾਣੀ ਵਿੱਚ ਕਰਮ ਸਿਧਾਂਤ ਦਾ ਸੰਕਲਪ ਪ੍ਰਚਲਤ ਕਰਮ ਸਿਧਾਂਤ ਨਾਲੋਂ ਭਿੰਨ ਹੈ। ਕਰਮ
ਸਿਧਾਂਤ ਸੰਬੰਧੀ ਅਸੀਂ ਵੱਖਰੇ ਤੌਰ `ਤੇ ਚਰਚਾ ਕਰਾਂਗੇ, ਇਸ ਲਈ ਇੱਥੇ ਇਤਨਾ ਕੁ ਲਿਖਣ ਤੀਕ ਹੀ
ਸੀਮਤ ਹਾਂ ਕਿ ਸਿੱਖ ਧਰਮ ਦਾ, ਕਰਮ ਸਿਧਾਂਤ ਦੀ ਪ੍ਰਚਲਤ ਧਾਰਨਾ ਵਿੱਚ ਵਿਸ਼ਵਾਸ ਨਹੀਂ ਹੈ।
ਜਨਮ ਮਗਰੋਂ ਬੱਚਾ ਜਿਸ ਪਰਵਾਰਕ ਮਾਹੌਲ ਵਿੱਚ ਪਾਲਿਆ ਪੋਸਿਆ ਜਾਂਦਾ ਹੈ, (ਜ਼ਿਆਦਾਤਰ) ਉਸ ਤਰ੍ਹਾਂ
ਦੇ ਵਿਚਾਰਾਂ ਦੇ ਸਾਂਚੇ ਵਿੱਚ ਹੀ ਸਹਿਜੇ ਸਹਿਜੇ ਢਲਣਾ ਸ਼ੁਰੂ ਹੋ ਜਾਂਦਾ ਹੈ। ਸ਼ੁਰੂ ਵਿੱਚ ਭਾਵੇਂ
ਬੱਚਾ ਗੱਲ-ਬਾਤ ਕਰਨੋਂ ਅਸਮਰਥ ਹੁੰਦਾ ਹੈ ਪਰ ਉਹ ਦੇਖ, ਸੁਣ ਅਤੇ ਮਹਿਸੂਸ ਕਰ ਸਕਦਾ ਹੈ। ਇਸ ਲਈ ਉਹ
ਇਹਨਾਂ ਇੰਦ੍ਰਿਆਂ (ਅੱਖ, ਕੰਨਾਂ ਆਦਿ) ਦੁਆਰਾ ਬਹੁਤ ਕੁੱਝ ਸਿਖਦਾ ਹੈ। ਇਹ ਸਭ ਕੁੱਝ ਬੱਚੇ ਦੀ
ਸ਼ਖ਼ਸ਼ੀਅਤ ਦਾ ਹਿੱਸਾ ਬਣਦਾ ਜਾਂਦਾ ਹੈ।
ਇਸ ਦੇ ਮਨ ਰੂਪੀ ਕਾਗਜ਼ ਉੱਤੇ ਉਹੀ ਕੁੱਝ ਲਿਖਿਆ (ਉਕਰਿਆ) ਜਾਵੇਗਾ ਜਿਸ ਤਰ੍ਹਾਂ ਦੇ ਮਾਹੌਲ ਵਿੱਚ
ਇਸ ਦੀ ਪਾਲਣਾ-ਪੋਸਣਾ ਹੋ ਰਹੀ ਹੈ। ਜੇਕਰ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਪਰਵਾਰ ਦੇ ਨਵ
ਜਨਮੇ ਬੱਚੇ ਦੀ ਪਾਲਣਾ-ਪੋਸਣਾ ਈਸਾਈ ਧਰਮ ਦੇ ਪੈਰੋਕਾਰ ਪਰਵਾਰ ਵਿੱਚ ਹੋਣ ਲੱਗ ਪਵੇ ਤਾਂ ਉਸ ਦੀ ਮਨ
ਰੂਪੀ ਸਲੇਟ `ਤੇ ਸਿੱਖ ਧਰਮ ਦੇ ਸੰਸਕਾਰਾਂ ਦੀ ਥਾਂ ਈਸਾਈ ਧਰਮ ਦੇ ਸੰਸਕਾਰ ਉਕਰੇ ਜਾਣਗੇ। ਉਦਾਹਰਣ
ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਜਦੋਂ ਅੰਗੇਰਜ਼ ਸਰਕਾਰ
ਨੇ ਗੱਦੀਓਂ ਲਾਹ ਕੇ ਡਾਕਟਰ ਜਾਨ ਲੋਗਿਨ ਦੀ ਨਿਗਰਾਨੀ ਵਿੱਚ ਫਤਹਗੜ੍ਹ ਭੇਜ ਦਿੱਤਾ ਸੀ, ਉਹਨਾਂ ਦੀ
ਉਮਰ ਦਸ ਕੁ ਸਾਲ ਦੀ ਸੀ। ਅੰਗਰੇਜ਼ ਹਕੂਮਤ ਨੇ ਦਲੀਪ ਸਿੰਘ ਨਾਲ ਕਿਸੇ ਸਿੱਖ ਨੂੰ ਨਹੀਂ ਸੀ ਭੇਜਿਆ।
ਜਿਹਨਾਂ ਵਿਅਕਤੀਆਂ ਨੂੰ ਦਲੀਪ ਸਿੰਘ ਦੇ ਨਾਲ ਭੇਜਿਆ ਗਿਆ ਸੀ (ਪੁਰੋਹਤ ਗੁਲਾਬ ਰਾਇ, ਫ਼ਕੀਰ
ਜ਼ਹੁੱਰੁਦੀਨ ਅਤੇ ਭਜਨ ਲਾਲ) ਉਹਨਾਂ ਦੀ ਸਿੱਖ ਧਰਮ ਪ੍ਰਤੀ ਕੋਈ ਰੁਚੀ ਨਹੀਂ ਸੀ। ਭਜਨ ਲਾਲ ਬ੍ਰਾਹਮਣ
ਸੀ ਪਰੰਤੂ ਇਸ ਨੇ ਈਸਾਈ ਧਰਮ ਧਾਰਨ ਕਰ ਲਿਆ ਸੀ। ਇਸ ਮਾਹੌਲ ਵਿੱਚ ਦਲੀਪ ਸਿੰਘ ਨੇ ਬਹੁਤ ਸਮਾਂ
ਛੇਤੀ ਹੀ ਸਿੱਖ ਧਰਮ ਦਾ ਤਿਆਗ ਕਰਕੇ ਈਸਾਈ ਧਰਮ ਧਾਰਨ ਕਰ ਲਿਆ ਸੀ। ਭਾਵੇਂ ਬਾਅਦ ਵਿੱਚ ਦਲੀਪ ਸਿੰਘ
ਨੇ ਆਪਣੀ ਮਾਂ (ਮਹਾਰਾਣੀ ਜਿੰਦਾਂ) ਦੀ ਪ੍ਰੇਰਨਾ ਨਾਲ ਖੰਡੇ ਦੀ ਪਾਹੁਲ ਲੈ ਕੇ ਮੁੜ ਸਿੱਖ ਧਰਮ
ਗ੍ਰਹਿਣ ਕਰ ਲਿਆ ਸੀ।
ਜੇ ਕਿਸੇ ਨਾਸਤਕ ਪਰਵਾਰ ਦੇ ਬੱਚੇ ਦੀ ਪਾਲਣਾ-ਪੋਸਣਾ, ਧਰਮ ਵਿੱਚ ਡੂੰਘੀ ਆਸਥਾ ਰੱਖਣ ਵਾਲੇ ਦੇ ਘਰ
ਹੋਵੇਗੀ ਤਾਂ ਯਕੀਨਨ ਉਹ ਵੀ ਧਰਮ ਵਿੱਚ ਦ੍ਰਿੜ ਵਿਸ਼ਵਾਸ ਰਖਣ ਵਾਲਾ ਹੋਵੇਗਾ। ਇਸੇ ਤਰ੍ਹਾਂ ਜੇਕਰ
ਕਿਸੇ ਆਸਤਕ ਦਾ ਬੱਚਾ ਕਿਸੇ ਨਾਸਤਕ ਪਰਵਾਰ ਵਿੱਚ ਪਲੇ-ਪੋਸੇ ਤਾਂ ਉਹ ਆਸਤਕ ਨਹੀਂ ਸਗੋਂ ਨਾਸਤਕ
ਵਿਚਾਰਾਂ ਦਾ ਹੀ ਧਾਰਨੀ ਹੋਵੇਗਾ। ਇਸੇ ਤਰ੍ਹਾਂ ਦੂਜੇ ਧਰਮਾਂ ਦੇ ਪਰਵਾਰਾਂ ਵਿੱਚ ਨਵ ਜਨਮੇ ਬੱਚਿਆਂ
ਨਾਲ ਵਾਪਰੇਗਾ, ਜੇਕਰ ਉਹਨਾਂ ਨੂੰ ਜਨਮ ਤੋਂ ਕਿਸੇ ਹੋਰ ਧਰਮ ਦੇ ਪੈਰੋਕਾਰ ਦੇ ਹਵਾਲਾ ਕਰ ਦਿੱਤਾ
ਜਾਵੇ।
ਅਕਾਲ ਪੁਰਖ ਨੇ ਮਨੁੱਖ ਪੈਦਾ ਕੀਤੇ ਹਨ, ਹਿੰਦੂ, ਈਸਾਈ, ਮੁਸਲਮਾਨ, ਸਿੱਖ, ਯਹੂਦੀ ਜਾਂ ਨਾਸਤਕ
ਨਹੀਂ। ਇਹਨਾਂ ਰੰਗਾਂ ਵਿੱਚ ਮਨੁੱਖ ਜਨਮ ਤੋਂ ਬਾਅਦ ਹੀ ਰੰਗਿਆ ਜਾਂਦਾ ਹੈ। ਮਾਂ ਦੀ ਕੁੱਖ ਵਿੱਚ ਪਲ
ਰਹੇ ਬੱਚੇ ਬਾਰੇ ਕੋਈ ਵਿਗਿਆਨੀ ਵੀ ਨਹੀਂ ਦਸ ਸਕਦਾ ਕਿ ਉਹ ਆਸਤਕ ਹੈ ਜਾਂ ਨਾਸਤਕ ਹੈ। ਬੱਚੇ ਨੂੰ
ਖ਼ੁਦ ਵੀ ਇਸ ਬਾਰੇ ਕੋਈ ਗਿਆਨ ਨਹੀਂ ਹੁੰਦਾ ਹੈ। ਬੱਚੇ ਨੂੰ ਗਰਭ ਅਵਸਥਾ ਦੌਰਾਨ ਹੀ ਨਹੀਂ ਸਗੋਂ ਜਨਮ
ਮਗਰੋਂ ਵੀ ਕੁੱਝ ਸਾਲਾਂ ਪਿੱਛੋਂ ਹੀ ਇਸ ਗੱਲ ਦਾ ਪਤਾ ਚਲਦਾ ਹੈ ਕਿ ਉਹ ਕਿਸੇ ਧਰਮ ਨਾਲ ਸੰਬੰਧ
ਰੱਖਦਾ ਹੈ ਜਾਂ ਨਹੀਂ। ਬੱਚੇ ਨੂੰ ਮਾਤਾ-ਪਿਤਾ ਦੇ ਵਿਸ਼ਵਾਸਾਂ ਬਾਰੇ ਆਕਾਸ਼ ਬਾਣੀ ਨਹੀਂ ਹੁੰਦੀ ਬਲਕਿ
ਜਿਸ ਤਰ੍ਹਾਂ ਦੇ ਮਾਹੌਲ ਵਿੱਚ ਉਹ ਵਿਚਰਦਾ ਹੈ, ਇਸ ਤੋਂ ਹੀ ਉਸ ਨੂੰ ਪਤਾ ਚਲਦਾ ਹੈ ਅਤੇ ਫਿਰ ਉਹ
ਖ਼ੁਦ ਵੀ ਉਸ ਤਰ੍ਹਾਂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ।
ਜਾਤ-ਪਾਤ ਵਿੱਚ ਵਿਸ਼ਵਾਸ ਰੱਖਣ ਵਾਲੇ ਪਰਵਾਰ ਵਿੱਚ ਜੰਮਿਆ ਪਲਿਆ ਬੱਚਾ ਵੀ ਇਸ ਤਰ੍ਹਾਂ ਦੀ ਧਾਰਨਾ
ਨੂੰ ਅਪਣਾਉਣ ਵਾਲਾ ਹੋਵੇਗਾ। ਇਸੇ ਤਰ੍ਹਾਂ ਜਿਹੜਾ ਪਰਵਾਰ ਵਹਿਮਾਂ-ਭਰਮਾਂ ਦਾ ਦ੍ਰਿੜ ਵਿਸ਼ਵਾਸੀ ਹੈ,
ਉਸ ਦੀ ਸੰਤਾਨ ਵੀ ਇਹਨਾਂ ਦਾ ਸ਼ਿਕਾਰ ਹੋਵੇਗੀ। ਜੇਕਰ ਕੋਈ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦਾ ਤਾਂ
ਬੱਚਾ ਵੀ ਕਿਸੇ ਧਰਮ ਕਰਮ ਵਿੱਚ ਰੁਚੀ ਨਹੀਂ ਲਵੇਗਾ। ਮਾਤਾ-ਪਿਤਾ ਤੋਂ ਇਲਾਵਾ ਰਿਸ਼ਤੇਦਾਰਾਂ ਅਤੇ
ਮਿਤ੍ਰਾਂ ਤੋਂ ਵੀ ਮਨੁੱਖ ਬਹੁਤ ਕੁੱਝ ਗ੍ਰਹਿਣ ਕਰਦਾ ਹੈ, ਭਾਵ, ਇਹਨਾਂ ਤੋਂ ਵੀ ਬੱਚੇ ਦਾ ਮਨ
ਪ੍ਰਭਾਵਿਤ ਹੁੰਦਾ ਹੈ। ਮਾਤਾ-ਪਿਤਾ ਨੂੰ ਇਸ ਲਈ ਹੀ ਬੱਚੇ ਦਾ ਪਹਿਲਾ ਟੀਚਰ ਕਿਹਾ ਜਾਂਦਾ ਹੈ।
ਜਿਸ ਪਰਵਾਰ ਵਿੱਚ ਬੱਚਾ ਜਨਮਦਾ ਜਾਂ ਪਲਦਾ ਹੈ ਉਸ ਦੇ ਵਿਚਾਰਾਂ ਦਾ ਇਸ ਦੇ ਮਨ ਵਿੱਚ ਗਹਿਰਾ ਅਸਰ
ਪੈਂਦਾ ਹੈ। ਇਹ ਗੱਲ ਠੀਕ ਹੈ ਕਿ ਜਿਉਂ ਜਿਉਂ ਬੱਚਾ ਵਡੇਰਾ ਹੁੰਦਾ ਹੈ, ਉਸ ਦਾ ਘੇਰਾ ਵਿਸ਼ਾਲ ਹੋਣ
ਲੱਗ ਪੈਂਦਾ ਹੈ। ਜਿਉਂ ਜਿਉਂ ਘੇਰਾ ਵਿਸ਼ਾਲ ਹੁੰਦਾ ਹੈ ਤਿਉਂ ਤਿਉਂ ਉਸ ਦੇ ਵਿਚਾਰਾਂ ਵਿੱਚ ਤਬਦੀਲੀ
ਆਉਣ ਲੱਗ ਪੈਂਦੀ ਹੈ। ਸਿੱਟੇ ਵਜੋਂ ਮਾਪਿਆਂ ਤੋਂ ਮਿਲੇ ਹੋਏ ਕਈ ਸੰਸਕਾਰਾਂ `ਤੇ ਸਹਿਜੇ ਸਹਿਜੇ
ਬੱਚੇ ਦੀ ਪਕੜ ਢਿੱਲੀ ਪੈਂਦੀ ਜਾਂਦੀ ਹੈ। ਮਨੁੱਖ ਦੇ ਜੀਵਨ ਵਿੱਚ ਇਹ ਸਿਲਸਿਲਾ ਉਮਰ ਭਰ ਜਾਰੀ
ਰਹਿੰਦਾ ਹੈ। ਇਹ ਠੀਕ ਹੈ ਕਿ ਆਮ ਤੌਰ `ਤੇ ਬਡੇਰੀ ਉਮਰ ਵਿੱਚ ਮਨੁੱਖ ਦੇ ਵਿਚਾਰਾਂ ਵਿੱਚ ਪਕਿਆਈ ਆ
ਜਾਂਦੀ ਹੈ। ਇਸ ਪਕਿਆਈ ਕਾਰਨ ਆਮ ਤੌਰ `ਤੇ ਮਨੁੱਖ ਦੇ ਵਿਚਾਰਾਂ ਵਿੱਚ ਖੜੌਤ ਆ ਜਾਂਦੀ ਹੈ। ਇਸ ਲਈ
ਹੀ (ਥੋਹੜੀ ਕੀਤਿਆਂ) ਵਡੇਰੀ ਉਮਰ ਦੇ ਇਸਤਰੀ ਜਾਂ ਪੁਰਸ਼ ਆਪਣੇ ਬਣੇ ਹੋਏ ਵਿਚਾਰਾਂ ਨੂੰ ਤਿਆਗਨ ਲਈ
ਤਿਆਰ ਨਹੀਂ ਹੁੰਦੇ ਹਨ। ਇਸ ਲਈ ਹੀ ਮਨੁੱਖ ਦੇ ਵਿਚਾਰਾਂ ਵਿੱਚ ਤਬਦੀਲੀ ਦੀ ਇਹ ਪ੍ਰਕ੍ਰਿਆ ਜਾਰੀ
ਰਹਿੰਦੀ ਹੈ। ਇਸ ਨੂੰ ਅਸੀਂ ਮਨੁੱਖ ਦੇ ਮਨ ਦਾ ਬਦਲਣਾ ਜਾਂ ‘ਜੈਸਾ ਅੰਨ ਤੈਸਾ ਮਨ’ ਦਾ ਪ੍ਰਤੱਖ
ਪ੍ਰਭਾਵ ਆਖ ਸਕਦੇ ਹਾਂ।
ਘਰ ਤੋਂ ਇਲਾਵਾ ਆਂਢ-ਗੁਆਂਢ, ਕਰੀਬੀ ਰਿਸ਼ਤੇਦਾਰ, ਸੱਜਣਾਂ-ਮਿਤਰਾਂ ਤੋਂ ਵੀ ਬੱਚਾ ਬਹੁਤ ਕੁੱਝ
ਸਿਖਦਾ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਪੁਰਾਤਨ ਸਮੇਂ ਵਿੱਚ ਮਨੁੱਖੀ ਮਨ ਦੀ ਖ਼ੁਰਾਕ ਦਾ
ਦਾਇਰਾ ਜ਼ਿਆਦਾਤਰ ਘਰ ਅਤੇ ਆਂਢ-ਗਵਾਂਢ ਹੀ ਹੋਇਆ ਕਰਦਾ ਸੀ। ਭਾਂਵੇ ਅਜੋਕੇ ਸਮੇਂ ਵਿੱਚ ਇਸ ਭੋਜਨ ਦਾ
ਦਾਇਰਾ ਬਹੁਤ ਵਿਸ਼ਾਲ ਹੋ ਚੁਕਾ ਹੈ ਪਰ ਫਿਰ ਵੀ ਘਰ ਤੋਂ ਬਿਨਾਂ ਹੋਏ ਭੋਜਨ ਦਾ ਮਨੁੱਖੀ ਜੀਵਨ ਵਿੱਚ
ਇੱਕ ਅਹਿਮ ਸਥਾਨ ਹੈ।
ਸਕੂਲ:- ਮਾਤਾ-ਪਿਤਾ ਤੋਂ ਇਲਾਵਾ
ਮਨੁੱਖ ਸਕੂਲ ਤੋਂ ਬਹੁਤ ਕੁੱਝ ਅਜਿਹਾ ਗ੍ਰਹਿਣ ਕਰਦਾ ਹੈ ਜਿਹੜਾ ਇਸ ਦੇ ਵਿਅਕਤੀਤਵ ਨੂੰ ਬਹੁਤ
ਪ੍ਰਭਾਵਿਤ ਕਰਦਾ ਹੈ। ਸਕੂਲ ਵਿੱਚ ਬੱਚਾ ਕੇਵਲ ਪੜ੍ਹਣਾ, ਲਿਖਣਾ, ਹਿਸਾਬ ਅਤੇ ਜੀਵਨ ਨਾਲ ਸੰਬੰਧਤ
ਪਹਿਲੂਆਂ ਨੂੰ ਹੀ ਨਹੀਂ ਸਿੱਖਦਾ ਸਗੋਂ ਆਲੇ-ਦੁਆਲੇ ਅਥਵਾ ਸੰਸਾਰ ਦਾ ਗਿਆਨ ਹਾਸਲ ਕਰਨ ਦੇ ਨਾਲ ਨਾਲ
ਸਮਾਜ ਵਿੱਚ ਆ ਰਹੀ ਤਬਦੀਲੀ ਦਾ ਗਿਆਨ ਵੀ ਹਾਸਲ ਕਰਦਾ ਹੈ। ਬੱਚਾ ਇਹ ਭੋਜਨ ਕੇਵਲ ਕਿਤਾਬਾਂ `ਚੋਂ
ਹੀ ਨਹੀਂ ਸਗੋਂ ਸਕੂਲ ਦੇ ਚੌਗਿਰਦੇ (ਵਾਤਾਵਰਨ) ਵਿੱਚੋਂ ਵੀ ਸੁਚੇਤ-ਅਚੇਤ ਰੂਪ ਵਿੱਚ ਗ੍ਰਹਿਣ ਕਰਦਾ
ਹੈ। ਬੱਚਾ ਭੋਜਨ ਦੀ ਇਸ ਪ੍ਰਕ੍ਰਿਆ ਨੂੰ ਨਰਸਰੀ ਸਕੂਲ ਤੋਂ ਪ੍ਰਾਰੰਭ ਕਰਕੇ ਫਿਰ ਕਿੰਡਰਗਾਰਡਨ,
ਐਲੀਮੈਂਟਰੀ ਸਕੂਲ, ਮਿਡਲ ਸਕੂਲ, ਜੂਨੀਅਰ ਹਾਈ ਸਕੂਲ, ਹਾਈ ਸਕੂਲ, ਕਮਿਊਨਿਟੀ ਕਾਲਜ ਅਤੇ ਕਾਲਜ ਅਤੇ
ਯੁਨੀਵਰਸਿਟੀ ਤੀਕ ਦੇ ਸਫ਼ਰ ਤੀਕ ਵੰਨ-ਸੁਵੰਨਾ ਭੋਜਨ ਹਾਸਲ ਕਰਦਾ ਰਹਿੰਦਾ ਹੈ।
ਪੁਰਾਣੇ ਸਮਿਆਂ ਵਿੱਚ ਹਰ ਬੱਚੇ ਨੂੰ ਸਕੂਲ ਜਾਣ ਦਾ ਮੌਕਾ ਨਹੀਂ ਸੀ ਮਿਲਦਾ। ਸਕੂਲ ਜਨ-ਸਾਧਾਰਨ ਲਈ
ਨਹੀਂ ਸੀ ਹੁੰਦਾ ਬਲਕਿ ਵਸ਼ੇਸ਼ ਜਾਤ, ਵਰਗ ਜਾਂ ਨਾਗਰਿਕਾਂ ਲਈ ਹੀ ਹੁੰਦਾ ਸੀ। ਇਸਤਰੀ ਜਾਤੀ ਲਈ ਤਾਂ
ਪਾਠਸ਼ਲਾਵਾਂ ਦੇ ਦਰਵਾਜ਼ੇ ਬੰਦ ਹੁੰਦੇ ਸਨ। ਇਸਤਰੀ ਜਾਤੀ ਨੂੰ (ਆਮ ਤੌਰ `ਤੇ) ਕੇਵਲ ਆਪਣੇ ਪਰਵਾਰਕ
ਮਾਹੌਲ ਵਿੱਚੋਂ ਹੀ ਇਹ ਭੋਜਨ (ਗਿਆਨ) ਹਾਸਲ ਹੁੰਦਾ ਸੀ।
ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਈਸਾਈ ਧਰਮ ਦੇ ਪੈਰੋਕਾਰਾਂ ਨੇ ਸਕੂਲ ਖੋਲਣ ਵਲ ਉਚੇਚਾ ਧਿਆਨ
ਦੇਣਾ ਸ਼ੁਰੂ ਕੀਤਾ ਸੀ। ਇਹਨਾਂ ਵਾਂਗ ਦੂਜੇ ਧਰਮਾਂ ਦੇ ਪੈਰੋਕਾਰਾਂ ਨੇ ਵੀ ਇਸ ਪਾਸੇ ਵਲ ਧਿਆਨ ਦੇ
ਕੇ ਬਹੁਤ ਥਾਈਂ ਆਪੋ ਆਪਣੇ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਸਕੂਲ ਖੋਲੇ ਹੋਏ ਹਨ। ਇਹਨਾਂ ਸਕੂਲਾਂ
ਵਿੱਚ ਬੱਚੇ ਹੋਰ ਵਿਦਿਆ ਦੇ ਨਾਲ ਨਾਲ ਧਾਰਮਿਕ ਵਿਦਿਆ ਵੀ ਪੜ੍ਹਦੇ ਹਨ। ਜਿਹੋ-ਜਿਹੇ ਸਕੂਲ ਵਿੱਚ
ਬੱਚਾ ਪੜ੍ਹਦਾ ਹੈ, ਉਸ ਦਾ ਅਸਰ ਸੁਚੇਤ-ਅਚੇਤ ਰੂਪ ਵਿੱਚ ਮਨੁੱਖ ਅਵੱਸ਼ ਕਬੂਲਦਾ ਹੈ। ਸਿੱਖ ਜਗਤ
ਵਿੱਚ ਵੀ ਜਦੋਂ ਸਿੰਘ ਸਭਾ ਲਹਿਰ ਕਾਰਨ ਜਾਗ੍ਰਤੀ ਆਈ ਤਾਂ ਇਸ ਪਾਸੇ ਧਿਆਨ ਦਿੱਤਾ ਗਿਆ। ਪੰਥਕਾਂ
ਆਗੂਆਂ ਦੇ ਉੱਦਮ ਅਤੇ ਪ੍ਰੇਰਨਾ ਕਾਰਨ ਖ਼ਾਲਸਾ ਕਾਲਜ ਅੰਮ੍ਰਿਤਸਰ ਖੋਲਿਆ ਗਿਆ। ਭਾਵੇਂ ਅੱਜ ਕਲ
ਜ਼ਿਆਦਾਤਰ ਖ਼ਾਲਸਾ ਸਕੂਲ ਜਾਂ ਕਾਲਜ ਨਾਂ ਦੇ ਹੀ ਖ਼ਾਲਸਾ ਸਕੂਲ ਜਾਂ ਕਾਲਜ ਰਹਿ ਗਏ ਹਨ ਪਰੰਤੂ ਮੁਢਲੇ
ਦੌਰ `ਚ ਇਹਨਾਂ ਕਾਲਜਾਂ ਵਿੱਚ ਪੜ੍ਹੇ ਹੋਏ ਵਿਦਿਆਰਥੀਆਂ ਦੇ ਮਨਾਂ ਵਿੱਚ ਅਜੇ ਵੀ ਸਿੱਖੀ ਜਜ਼ਬਾ
ਠਾਠਾਂ ਮਾਰਦਾ ਦੇਖਿਆ ਜਾ ਸਕਦਾ ਹੈ।
ਰਹਿਤਨਾਮਿਆਂ ਵਿੱਚ ਇਸ ਲਈ ਹੀ ਸਿੱਖਾਂ ਨੂੰ ਇਹ ਹਿਦਾਇਤ ਕੀਤੀ ਗਈ ਹੈ ਕਿ, ‘ਗੁਰਮੁਖੀ ਅੱਖਰ ਜੇ
ਹੈਂ ਭਾਈ। ਸਿੰਘ ਸਿੰਘ ਤੇ ਸੀਖਹਿ ਜਾਈ।’ ਰਹਿਤਨਾਮਿਆਂ ਦੇ ਇਹਨਾਂ ਸ਼ਬਦਾਂ ਵਿੱਚ ਕੇਵਲ ਪੰਜਾਬੀ ਦੀ
ਪੜ੍ਹਾਈ ਦੀ ਗੱਲ ਹੀ ਨਹੀਂ ਹੈ, ਗੁਰਮਤਿ ਦੀਆਂ ਕਦਰਾਂ-ਕੀਮਤਾਂ ਦੀ ਹੈ। ਇਸ ਵਿੱਚ ਮੁੱਖ ਰੂਪ ਵਿੱਚ
ਇਹ ਗੱਲ ਹੀ ਦ੍ਰਿੜ ਕਰਵਾਈ ਗਈ ਹੈ ਕਿ ਧਾਰਮਿਕ ਸਿੱਖਿਆ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ ਵਾਲਿਆਂ
ਪਾਸੋਂ ਹੀ ਲੈਣੀ ਚਾਹੀਦੀ ਹੈ। ਜੇਕਰ ਕੋਈ ਅਜਿਹਾ ਪ੍ਰਾਣੀ ਉਸ ਧਰਮ ਨੂੰ ਪੜ੍ਹਾ ਰਿਹਾ ਹੈ, ਜਿਸ
ਵਿੱਚ ਉਸ ਦਾ ਵਿਸ਼ਵਾਸ ਹੀ ਨਹੀਂ ਜਾਂ ਉਹ ਧਰਮ ਵਿੱਚ ਵਿਸ਼ਵਾਸ ਹੀ ਨਹੀਂ ਕਰਦਾ ਤਾਂ ਉਹ ਉਸ ਧਰਮ ਨਾਲ
ਇਨਸਾਫ਼ ਨਹੀਂ ਕਰ ਸਕੇਗਾ। ਕੋਈ ਵਿਰਲਾ ਹੀ ਅਜਿਹਾ ਵਿਅਕਤੀ ਹੋਵੇਗਾ ਜੋ ਪੱਖ-ਪਾਤ ਤੋਂ ਰਹਿਤ
ਹੋਵੇਗਾ। ਇਸ ਲਈ ਜਿੱਥੇ ‘ਗੁਰਮੁਖੀ ਅੱਖਰ ਜੇ ਹੈਂ ਭਾਈ। ਸਿੰਘ ਸਿੰਘ ਤੇ ਸੀਖਹਿ ਜਾਈ।’ ਆਖਿਆ ਹੈ
ਉੱਥੇ ਨਾਲ ਹੀ ਇਹ ਵੀ ਕਿਹਾ ਹੈ ਕਿ, ‘ਔਰ ਜੁ ਬਿਦਯਾ ਜਹ ਤਹ ਹੋਈ। ਅਵਰਨ ਤੇ ਭੀ ਲੇਵਹੁ ਸੋਈ।’
(ਭਾਈ ਦੇਸਾ ਸਿੰਘ)
ਇਹ ਗੱਲ ਕੇਵਲ ਸਿੱਖ ਧਰਮ ਦੀ ਹੀ ਗੱਲ ਨਹੀਂ ਬਲਕਿ ਹਰ ਇੱਕ ਧਰਮ ਉੱਤੇ ਇਕੋ ਜਿਹੀ ਢੁੱਕਦੀ ਹੈ।
ਕਿਸੇ ਵੀ ਧਰਮ ਦਾ ਪੈਰੋਕਾਰ ਦੂਜੇ ਧਰਮ ਨੂੰ ਪੜ੍ਹਾਉਣ ਸਮੇਂ ਇਨਸਾਫ਼ ਨਹੀਂ ਕਰ ਸਕੇਗਾ। ਇਸੇ ਤਰ੍ਹਾਂ
ਜਿਸ ਦਾ ਧਰਮ ਵਿੱਚ ਵਿਸ਼ਵਾਸ ਨਹੀਂ, ਉਹ ਧਾਰਮਿਕ ਵਿਦਿਆ ਪੜ੍ਹਾਉਣ ਸਮੇਂ ਇਸ ਵਿਸ਼ੇ ਨਾਲ ਨਿਆਂ ਨਹੀਂ
ਕਰ ਸਕੇਗਾ। ਇਹਨਾਂ ਸਕੂਲਾਂ ਵਿੱਚ ਜੇਕਰ ਦੂਜੇ ਧਰਮ ਦਾ ਵਿਦਿਆਰਥੀ ਪੜ੍ਹਦਾ ਹੈ ਤਾਂ ਉਹ ਇਸ ਧਰਮ
ਦੀਆਂ ਕਦਰਾਂ-ਕੀਮਤਾਂ ਤੋਂ ਪ੍ਰਭਾਵਿਤ ਹੋਣ ਤੋਂ ਬਿਨਾਂ ਨਹੀਂ ਰਹਿ ਸਕਦਾ। ਇਹ ਸੁਭਾਵਕ ਹੈ ਕਿ ਜਿਸ
ਧਰਮ ਦੇ ਪੈਰੋਕਾਰਾਂ ਦਾ ਉਹ ਵਿਦਿਅਕ ਅਦਾਰਾ ਹੈ, ਉਹਨਾਂ ਨੇ ਆਪਣੇ ਧਰਮ ਅਨੁਸਾਰ ਹੀ ਸਾਰਾ ਮਾਹੌਲ
ਸਿਰਜਿਆ ਹੁੰਦਾ ਹੈ। ਇਸ ਤਰ੍ਹਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਟੀਚਰ ਅਤੇ ਹੋਰ ਸਟਾਫ਼ ਨੂੰ ਉਸ
ਧਰਮ ਦੇ ਨਿਯਮਾਂ ਅਨੁਸਾਰ ਹੀ ਚਲਣਾ ਪੈਂਦਾ ਹੈ। ਇਸੇ ਤਰ੍ਹਾਂ ਜੇ ਕੋਈ ਵਿਅਕਤੀ ਧਰਮ ਵਿੱਚ ਦ੍ਰਿੜ
ਵਿਸ਼ਵਾਸ ਰੱਖਦਾ ਹੈ ਤਾਂ ਉਹ ਕਾਰਲ ਮਾਰਕਸ ਆਦਿ ਨੂੰ ਪੜ੍ਹਾਉਣ ਲਗਿਆਂ ਪੱਖ-ਪਾਤ ਤੋਂ ਰਹਿਤ ਹੋ ਕੇ
ਨਹੀਂ ਪੜ੍ਹਾ ਸਕੇਗਾ।
ਧਰਮ: ਸਕੂਲ ਤੋਂ ਇਲਾਵਾ ਮਨੁੱਖੀ
ਮਨ ਨੂੰ ਧਰਮ ਦੇ ਖੇਤਰ ਵਿੱਚੋਂ ਵੀ ਭੋਜਨ ਮਿਲਦਾ ਹੈ। ਜਿਸ ਧਰਮ ਨਾਲ ਮਨੁੱਖ ਸੰਬੰਧ ਰੱਖਦਾ ਹੈ, ਉਸ
ਤਰ੍ਹਾਂ ਦੇ ਵਿਚਾਰਾਂ ਰੂਪ ਭੋਜਨ ਇਸ ਨੂੰ ਛਕਣ ਨੂੰ ਮਿਲਦਾ ਹੈ। ਸਿੱਟੇ ਵਜੋਂ ਮਨੁੱਖ ਉਸ ਤਰ੍ਹਾਂ
ਦੀ ਸੋਚ ਦਾ ਧਾਰਨੀ ਹੋ ਜਾਂਦਾ ਹੈ। ਕੋਈ ਵੀ ਧਾਰਮਿਕ ਮਨੁੱਖ ਜੀਵਨ ਅਤੇ ਮੌਤ ਬਾਰੇ ਉਹੋ-ਜਿਹਾ ਹੀ
ਦ੍ਰਿਸ਼ਟੀਕੋਣ ਰੱਖਦਾ ਹੈ, ਜਿਸ ਤਰ੍ਹਾਂ ਦਾ ਉਸ ਦੇ ਧਰਮ ਵਿੱਚ ਦ੍ਰਿੜ ਕਰਾਇਆ ਹੋਇਆ ਹੈ। ਜੇਕਰ ਕੋਈ
ਹਿੰਦੂ ਧਰਮ ਵਿੱਚ ਵਿਸ਼ਵਾਸ ਰੱਖਣ ਵਾਲਾ ਹੈ ਤਾਂ ਉਹ ਹਿੰਦੂ ਧਰਮ ਦੀ ਰਹੁਰੀਤ ਅਤੇ ਵਿਸ਼ਵਾਸਾਂ ਦਾ
ਧਾਰਨੀ ਹੋਵੇਗਾ, ਜੇਕਰ ਈਸਾਈ ਹੈ ਤਾਂ ਈਸਾਈਅਤ, ਜੇਕਰ ਮੁਸਲਮਾਨ ਹੈ ਤਾਂ ਇਸਲਾਮ ਅਤੇ ਜੇਕਰ ਸਿੱਖ
ਧਰਮ ਨਾਲ ਸੰਬੰਧ ਰੱਖਣ ਵਾਲਾ ਹੈ ਤਾਂ ਸਿੱਖ ਧਰਮ ਦੇ ਵਿਸ਼ਵਾਸਾਂ ਦਾ ਧਾਰਨੀ ਹੋਵੇਗਾ।
ਧਾਰਮਿਕ ਪ੍ਰਭਾਵ ਕਾਰਨ ਮਨੁੱਖ ਪਾਪ-ਪੁੰਨ ਦੀ ਧਾਰਨਾ ਵਿੱਚ ਦ੍ਰਿੜ ਵਿਸ਼ਵਾਸ ਰਖਦਾ ਹੈ। ਪਾਪ ਪੁੰਨ
ਤੋਂ ਇਲਾਵਾ ਨਰਕ ਅਤੇ ਸੁਰਗ ਸੰਬੰਧੀ ਵੀ ਮਨੁੱਖੀ ਮਨ ਵਿੱਚ ਤਸਵੀਰ ਉਕਰ ਜਾਂਦੀ ਹੈ। ਇਸ ਤਰ੍ਹਾਂ ਦੀ
ਧਾਰਨਾ ਕਾਰਨ ਮਨੁੱਖ ਦੀ ਸੋਚ ਵਿੱਚ ਪਰਿਵਰਤਨ ਆ ਜਾਂਦਾ ਹੈ। ਰੱਬ ਅਥਵਾ ਧਰਮ ਵਿੱਚ ਵਿਸ਼ਵਾਸ ਨਾ
ਰੱਖਣ ਵਾਲੇ ਲਈ ਰੱਬ, ਧਰਮ-ਕਰਮ, ਨਰਕ-ਸੁਰਗ ਅਤੇ ਪਾਪ-ਪੁੰਨ ਦਾ ਕੋਈ ਅਰਥ ਨਹੀਂ ਹੋਵੇਗਾ। ਖਾਣ-ਪਾਣ
ਸੰਬੰਧੀ ਵੀ ਉਸ ਦੀ ਉਹੀ ਧਾਰਨਾ ਹੋਵੇਗੀ, ਜੋ ਉਸ ਦੇ ਮਾਤਾ-ਪਿਤਾ ਦੀ ਹੈ। ਇਸ ਲਈ ਹੀ ਜੇਕਰ
ਮਾਤਾ-ਪਿਤਾ ਸ਼ਾਕਾਹਾਰੀ ਹਨ ਤਾਂ ਬੱਚੇ ਵੀ (ਜ਼ਿਆਦਾਤਰ) ਸ਼ਾਕਾਹਾਰੀ ਹੀ ਹੁੰਦੇ ਹਨ। ਖਾਣ-ਪੀਣ ਸੰਬੰਧੀ
ਜੈਨ ਧਰਮ `ਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਦਾ ਦ੍ਰਿਸ਼ਟੀਕੋਣ ਇਸਲਾਮ ਵਿੱਚ ਵਿਸ਼ਵਾਸ ਰੱਖਣ ਵਾਲੇ
ਪ੍ਰਾਣੀ ਨਾਲੋਂ ਭਿੰਨ ਹੋਵੇਗਾ। ਖਾਣ-ਪੀਣ ਸੰਬੰਧੀ ਹੀ ਨਹੀਂ ਸਗੋਂ ਪਾਪ ਅਤੇ ਪੁੰਨ ਬਾਰੇ
ਦ੍ਰਿਸ਼ਟੀਕੋਣ ਵਿੱਚ ਵੀ ਭਿੰਨਤਾ ਹੋਵੇਗੀ। ਇਸੇ ਤਰ੍ਹਾਂ ਬਾਕੀ ਧਰਮਾਂ ਦੇ ਪੈਰੋਕਾਰਾਂ ਸੰਬੰਧੀ ਕਿਹਾ
ਜਾ ਸਕਦਾ ਹੈ।
ਵਾਤਾਵਰਨ:- ਧਰਮ ਤੋਂ ਇਲਾਵਾ
ਰਾਜਨੀਤਕ, ਸਮਾਜਿਕ ਅਤੇ ਆਰਥਿਕ ਵਾਤਾਵਰਨ ਵੀ ਮਨੁੱਖੀ ਮਨ ਨੂੰ ਪ੍ਰਭਾਵਿਤ ਕਰਦਾ ਹੈ। ਜਿਹੋ-ਜਿਹਾ
ਰਾਜਨੀਤਕ ਮਾਹੌਲ ਹੁੰਦਾ ਹੈ, ਮਨੁੱਖ ਉਸ ਤੋਂ ਪ੍ਰਭਾਵਤ ਹੋਣ ਤੋਂ ਬਿਨਾਂ ਨਹੀਂ ਰਹਿ ਸਕਦਾ। ਅਸੀਂ
ਦੇਖਦੇ ਹਾਂ ਕਿ ਰੂਸ ਦੇ ਵਸਨੀਕਾਂ ਅਤੇ ਅਰਬ ਦੇਸ਼ ਦੇ ਵਸਨੀਕਾਂ ਦੀ ਸੋਚ ਵਿੱਚ ਅੰਤਰ ਹੈ। ਭਾਰਤ ਅਤੇ
ਚੀਨ ਦੇ ਵਸਨੀਕਾਂ ਦੀ ਸੋਚ (ਕਈ ਪੱਖਾਂ) ਵਿੱਚ ਵੀ ਅੰਤਰ ਦਿਖਾਈ ਦਿੰਦਾ ਹੈ। ਇਹ ਠੀਕ ਹੈ ਕਿਸੇ ਵੀ
ਦੇਸ਼ ਦੇ ਸਮੂਹ ਵਸਨੀਕਾਂ ਦੀ ਸੋਚ ਇਕੋ ਜਿਹੀ ਨਹੀਂ ਹੁੰਦੀ ਪਰ ਫਿਰ ਵੀ ਬਹੁਤਾਤ ਵਿੱਚ ਸੱਤਾਧਾਰੀਆਂ
ਦੀ ਸੋਚ ਤੋਂ ਜਨ-ਸਾਧਾਰਨ ਪ੍ਰਭਾਵਤ ਹੁੰਦਾ ਹੈ। ਇਸ ਸੰਬੰਧੀ ਇੱਕ ਅਖਾਣ ਵੀ ਪ੍ਰਚਲਤ ਹੈ ਕਿ ‘ਜਥਾ
ਰਾਜਾ ਤਥਾ ਪਰਜਾ’।
ਰਾਜਨੀਤਕ ਵਾਤਾਵਰਨ ਤੋਂ ਇਲਾਵਾ ਸਮਾਜਿਕ ਅਤੇ ਆਰਥਿਕ ਵਾਤਾਵਰਨ ਵੀ ਮਨੁੱਖੀ ਮਨ ਨੂੰ ਪ੍ਰਭਾਵਿਤ
ਕਰਦਾ ਹੈ। ਜਿਵੇਂ ਪੱਛਮੀ ਦੇਸ਼ਾਂ ਦੀਆਂ ਕਈ ਸਮਾਜਿਕ ਕਦਰਾਂ-ਕੀਮਤਾਂ ਪੂਰਬੀ ਦੇਸ਼ਾਂ ਦੀਆਂ
ਕਦਰਾਂ-ਕੀਮਤਾਂ ਨਾਲੋਂ ਭਿੰਨ ਹਨ। ਉਦਾਹਰਣ ਵਜੋਂ ਜਿਸ ਤਰ੍ਹਾਂ ਏਸ਼ਿਆਈ ਦੇਸਾਂ ਵਿੱਚ ਕੁੜੀਆਂ ਨੂੰ
ਖ਼ਾਨਦਾਨ ਦੀ ਇੱਜ਼ਤ ਆਦਿ ਲਈ ਮਾਰਨ ਦਾ ਰੁਝਾਣ ਹੈ, ਪੱਛਮੀ ਦੇਸ਼ਾਂ ਵਿੱਚ ਨਹੀਂ ਹੈ। ਇਹ ਠੀਕ ਹੈ ਕਿ
ਪੱਛਮੀ ਦੇਸਾਂ ਦੇ ਕਈ ਵਸਨੀਕ (ਖ਼ਾਸ ਤੌਰ `ਤੇ ਸਿੱਖ ਅਤੇ ਮੁਸਲਮਾਨ ਭਾਈਚਾਰੇ ਨਾਲ ਸੰਬੰਧਤ ਵਿਅਕਤੀ)
ਵੀ ਇਸ ਤਰ੍ਹਾਂ ਦੀ ਕਥਿਤ ਇੱਜ਼ਤ ਦੀ ਖ਼ਾਤਰ ਧੀਆਂ ਭੈਣਾਂ ਨੂੰ ਮਾਰ ਦਿੰਦੇ ਹਨ। ਭਾਵੇਂ ਹੁਣ ਤੇਜ਼ੀ
ਨਾਲ ਇਹ ਵਿੱਥ ਮਿਟ ਰਹੀ ਹੈ ਪਰੰਤੂ ਫਿਰ ਵੀ ਕਈ ਗੱਲਾਂ ਵਿੱਚ ਪ੍ਰਤੱਖ ਅੰਤਰ ਦੇਖਣ ਨੂੰ ਮਿਲਦਾ ਹੈ।
ਅਖ਼ਬਾਰਾਂ, ਰੇਡਿਓ, ਟੈਲੀਵੀਜ਼ਨ ਅਤੇ ਇੰਟਰਨੈੱਟ
ਆਦਿ:- ਮਾਤਾ-ਪਿਤਾ ਆਦਿ ਤੋਂ ਇਲਾਵਾ ਅਜੋਕੇ ਯੁੱਗ ਵਿੱਚ ਟੈਲੀਵੀਨ ਅਤੇ ਕੰਪਿਊਟਰ ਤੋਂ
ਵੀ ਬੱਚਾ ਬਹੁਤ ਕੁੱਝ ਗ੍ਰਹਿਣ ਕਰਨ ਲੱਗ ਪਿਆ ਹੈ। ਅੱਜ ਤੋਂ ਕੁੱਝ ਦਹਾਕੇ ਪਹਿਲਾਂ ਅਜਿਹਾ ਕੁੱਝ ਵੀ
ਨਹੀਂ ਸੀ। ਬੱਚੇ ਦਾ ਗਿਆਨ ਹਾਸਲ ਕਰਨ ਦਾ ਦਾਇਰਾ ਬਹੁਤ ਹੀ ਛੋਟਾ ਸੀ ਜਿਵੇਂ ਕਿ ਘਰ ਜਾਂ
ਆਂਢ-ਗਵਾਂਢ ਦਾ ਮਾਹੌਲ ਜਾਂ ਗਲੀ ਮੁਹੱਲੇ `ਚ ਰਹਿਣ ਵਾਲੇ ਹਾਣੀ, ਜਿਹਨਾਂ ਨਾਲ ਇਸ ਨੂੰ ਖੇਡਣ ਦਾ
ਮੌਕਾ ਮਿਲਦਾ ਸੀ। ਅੱਜ ਤੋਂ ਕੁੱਝ ਦਹਾਕੇ ਪਹਿਲਾਂ ਅਜਿਹਾ ਕੁੱਝ ਵੀ ਨਹੀਂ ਸੀ। ਅਜੋਕੇ ਸਮੇਂ ਵਿੱਚ
ਨਵ ਜਨਮਿਆ ਬੱਚਾ ਜਿਤਨਾ ਟੈਲੀਵੀਜ਼ਨ ਜਾਂ ਕੰਪਿਊਟਰ ਆਦਿ ਦੇ ਮਾਧਿਆਮ ਰਾਂਹੀ ਸਿਖਦਾ ਹੈ, ਉਤਨਾ
ਮਾਤਾ-ਪਿਤਾ, ਭੈਣਾਂ-ਭਰਾਵਾਂ, ਰਿਸ਼ਤੇਦਾਰਾਂ ਜਾਂ ਸੱਜਣਾਂ ਮਿੱਤਰਾਂ ਤੋਂ ਨਹੀਂ ਸਿਖਦਾ ਹੈ।
ਅਜੋਕੇ ਯੁੱਗ ਵਿੱਚ ਅਖ਼ਬਾਰਾਂ, ਰੇਡਿਓ, ਟੈਲੀਵੀਜ਼ਨ ਅਤੇ ਇੰਟਰਨੈੱਟ ਆਦਿ ਮਨੁੱਖੀ ਮਨ ਦੇ ਭੋਜਨ ਦਾ
ਭੰਡਾਰ ਹਨ। ਇਹਨਾਂ ਦੁਆਰਾ ਮਨੁੱਖ ਨੂੰ ਦਿਲ-ਪਰਚਾਵੇ ਦੇ ਸਾਧਨ ਦੇ ਨਾਲ ਨਾਲ ਸਮਾਜਿਕ, ਰਾਜਨੀਤਕ,
ਧਾਰਮਿਕ, ਆਰਥਿਕ ਅਤੇ ਸਭਿਆਚਾਰਕ ਆਦਿ ਪੱਖਾਂ `ਤੇ ਭਾਸ਼ਨਾ, ਮੁਲਾਕਾਤਾਂ, ਦੇਸ-ਪਰਦੇਸ ਦੀਆਂ
ਤਸਵੀਰਾਂ ਰਾਹੀਂ ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਵੀ ਮਿਲਦੀ ਹੈ। ਇਹਨਾਂ ਸਾਧਨਾ ਦੁਆਰਾ ਮਨੁੱਖੀ
ਜੀਵਨ ਨਾਲ ਸੰਬੰਧਤ ਹਰੇਕ ਪਹਿਲੂ ਬਾਰੇ ਮਹੱਤਵ ਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਹਨਾਂ ਰਾਂਹੀਂ
ਮਿਲੇ ਭੋਜਨ ਨਾਲ ਮਨੁੱਖ ਦੇ ਮਨ ਵਿੱਚ ਤਬਦੀਲੀ ਦੀ ਰਫ਼ਤਾਰ ਪਹਿਲਾਂ ਨਾਲੋਂ ਕਈ ਗੁਣਾਂ ਵਧੀਕ ਹੋ ਗਈ
ਹੈ। ਇਹ ਗੱਲ ਵਧੇਰੇ ਵਿਆਖਿਆ ਦੀ ਮੁਹਤਾਜ ਨਹੀਂ ਹੈ ਕਿ ਅੱਜ ਮੀਡੀਆ ਮਨੁੱਖੀ ਮਨ ਨੂੰ ਸਭ ਤੋਂ ਵੱਧ
ਪ੍ਰਭਾਵਿਤ ਕਰ ਰਿਹਾ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਅੱਖੀਂ ਦੇਖੀ ਹੋਈ ਚੀਜ਼ ਦਾ ਅਸਰ
ਵਧੇਰੇ ਹੁੰਦਾ ਹੈ। ਇਸ ਲਈ ਹਰ ਵਰਗ ਇਸ ਮਾਧਿਅਮ ਦੀ ਵਰਤੋਂ ਕਰ ਰਿਹਾ ਹੈ। ਅਜੋਕੇ ਸਮੇਂ ਵਿੱਚ
ਮੀਡੀਏ ਦੁਆਰਾ ਮਨੁੱਖੀ ਮਨ ਲਈ ਵੰਨ-ਸੁਵੰਨਾ ਭੋਜਨ ਪਰੋਸਿਆ ਜਾ ਰਿਹਾ ਹੈ। ਇਸ ਤਰ੍ਹਾਂ ਵੰਨ-ਸੁਵੰਨਾ
ਭੋਜਨ ਸਾਡੇ ਪੂਰਵਜਾਂ ਨੂੰ ਨਸੀਬ ਨਹੀਂ ਸੀ।
ਸੰਗਤ:-ਅਜੋਕੇ ਯੁੱਗ ਵਿੱਚ ਸੰਗਤ
ਨੂੰ ਮਿਲਣ ਵਾਲੇ ਭੋਜਨ ਦਾ ਘੇਰਾ ਵੀ ਬਹੁਤ ਵਿਸ਼ਾਲ ਹੋ ਗਿਆ ਹੈ। ਸੰਗਤ ਕੇਵਲ ਮਨੁੱਖਾਂ ਦੀ ਹੀ ਨਹੀਂ
ਸਗੋਂ ਕਿਤਾਬਾਂ, ਟੈਲਵੀਜ਼ਨ, ਕੰਪਿਊਟਰ ਆਦਿ। ਹਰ ਤਰ੍ਹਾਂ ਦੀ ਸੰਗਤ ਤੋਂ ਮਿਲਦਾ ਭੋਜਨ ਮਨੁੱਖੀ ਮਨ
ਨੂੰ ਪ੍ਰਭਾਵਿਤ ਕਰਦਾ ਹੈ। ਸੰਗਤ ਦਾ ਮਨੁੱਖੀ ਮਨ ਉੱਤੇ ਅਮਿੱਟ ਪ੍ਰਭਾਵ ਪੈਂਦਾ ਹੈ। ਜਿਸ ਤਰ੍ਹਾਂ
ਦੇ ਮਨੁੱਖਾਂ ਨਾਲ ਮਨੁੱਖ ਦਾ ਬਹਿਣ-ਖਲੋਣ ਹੁੰਦਾ ਹੈ, ਉਸੇ ਤਰ੍ਹਾਂ ਦੇ ਰੰਗ ਵਿੱਚ ਮਨੁੱਖ ਰੰਗਿਆ
ਜਾਂਦਾ ਹੈ। ਇਸ ਲਈ ਇੱਕ ਵਿਚਾਰਵਾਨ ਨੇ ਕਿਹਾ ਹੈ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਅਮਕੇ ਵਿਅਕਤੀ ਦਾ
ਕਿੰਨਾਂ ਲੋਕਾਂ ਨਾਲ ਬਹਿਣ-ਖਲੋਣ ਹੈ, ਮੈਂ ਤੁਹਾਨੂੰ ਦਸ ਦੇਵਾਂਗਾ ਕਿ ਉਹ ਕਿਹੋ-ਜਿਹਾ ਇਨਸਾਨ ਹੈ।
ਸਿਆਣੇ ਪੁਰਸ਼ ਮਨੁੱਖ ਦੀ ਸੰਗਤ ਤੋਂ ਹੀ ਉਸ ਦੀ ਸ਼ਖ਼ਸ਼ੀਅਤ ਬਾਰੇ ਅੰਦਾਜ਼ਾ ਲਗਾ ਲੈਂਦੇ ਹਨ। (ਚੱਲਦਾ)