‘ੴ’ ਦਾ ਉਚਾਰਨ ਅਤੇ ਭਾਵ-ਅਰਥ
ਭਾਗ ਪਹਿਲਾ
ਗੁਰਬਾਣੀ ਦੇ ਅਰੰਭ ਵਿੱਚ ਆਉਂਦੇ ‘ੴ’ ਸ਼ਬਦ-ਰੂਪ ਬਾਰੇ ਸਿਖ ਚਿੰਤਕਾਂ
ਵਿਚਕਾਰ ਆਪਸੀ ਵਿਚਾਰ-ਚਰਚਾ ਆਮ ਹੀ ਚਲਦੀ ਰਹਿੰਦੀ ਹੈ। ਜਿੱਥੇ ਕਿਸੇ ਸਾਂਝੇ ਮੁੱਦੇ ਸਬੰਧੀ
ਭਰਮ-ਭੁਲੇਖੇ ਦੂਰ ਕਰਨ ਹਿਤ ਵੱਖ-ਵੱਖ ਧਿਰਾਂ ਵੱਲੋਂ ਸਿਹਤਮੰਦ ਵਿਚਾਰ-ਚਰਚਾ ਕਰ ਲੈਣਾ ਜਾਗਰੂਕਤਾ
ਦੀ ਨਿਸ਼ਾਨੀ ਹੈ ਉੱਥੇ ਇਹ ਵੀ ਇੱਕ ਅਫਸੋਸਨਾਕ ਤੱਥ ਹੀ ਹੈ ਕਿ ਸਿੱਖਾਂ ਨੂੰ ਹਾਲੇ ਤਕ ਇਸ ਸ਼ਬਦ-ਰੂਪ
ਦੇ ਉਚਾਰਨ ਅਤੇ ਇਸ ਦੇ ਭਾਵ-ਅਰਥ ਬਾਰੇ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਸਕੀ। ਹੱਥਲਾ ਲੇਖ ਇਸ
ਦਿਸ਼ਾ ਵੱਲ ਇੱਕ ਨਿਮਾਣਾ ਜਿਹਾ ਯਤਨ ਹੈ।
‘ੴ’ ਸ਼ਬਦ-ਰੂਪ ਦੀ ਮਹੱਤਤਾ ਕਈ ਪੱਖਾਂ ਤੋਂ ਉਜਾਗਰ ਹੁੰਦੀ ਹੈ ਜਿਵੇਂ
1. ਇਹ ਸ਼ਬਦ-ਰੂਪ ਗੁਰਬਾਣੀ ਦਾ ਸਭ ਤੋਂ ਪਹਿਲਾ ਸ਼ਬਦ-ਰੂਪ ਹੈ ਕਿਉਂਕਿ ਇਹ ਉਸ
ਸਤਰ ਦੇ ਮੁੱਢ ਵਿੱਚ ਆਉਂਦਾ ਹੈ ਜੋ ‘ਜਪੁ’ ਬਾਣੀ ਦੇ ਐਨ ਅਰੰਭ ਵਿੱਚ ਆਉਂਦੀ ਹੈ ਅਤੇ ‘ਜਪੁ’ ਬਾਣੀ
ਗੁਰਬਾਣੀ ਦੀ ਸਭ ਤੋਂ ਪਹਿਲੀ ਰਚਨਾ ਹੈ।
2. ਇਸ ਸ਼ਬਦ-ਰੂਪ ਵਿੱਚ ਦੋ ਅੰਸ਼, ਗੁਰਮੁਖੀ ਲਿਪੀ ਵਿੱਚ ਵਰਤਿਆ ਜਾਂਦਾ ਇੱਕ
ਦਾ ਹਿੰਦਸਾ ਅਤੇ ਇੱਸੇ ਲਿਪੀ ਦਾ ਊੜਾ ਅੱਖਰ, ਸ਼ਾਮਲ ਹਨ। ਇੱਥੇ ਊੜਾ ਅੱਖਰ ਉੱਪਰ ਤੋਂ ਖੁੱਲਾ ਹੈ
ਅਤੇ ਆਮ ਕਰਕੇ ਇਸ ਦੀ ਸਭ ਤੋਂ ਉੱਪਰ ਵਾਲੀ ਅਰਧ-ਚੱਕਰ ਰੇਖਾ ਨੂੰ ਸੱਜੇ ਪਾਸੇ ਵੱਲ ਲੇਟਵੇਂ ਰੁਖ
ਵਧਾਉਂਦੇ ਹੋਏ ਇਸ ਵੱਧਵੇਂ ਹਿੱਸੇ ਨੂੰ ਵੱਡੀ ਟਿੱਪੀ ਵਰਗਾ ਕਰ ਦਿੱਤਾ ਜਾਂਦਾ ਹੈ। ਇਸ ਵੱਧਵੇਂ
ਹਿੱਸੇ ਦੇ ਹੋਰ ਵੀ ਰੂਪ ਮੌਜੂਦ ਹਨ।
3. ਇਹ ਸ਼ਬਦ-ਰੂਪ ਗੁਰੂ ਨਾਨਕ ਜੀ ਦੀ ਦੇਣ ਹੈ ਕਿਉਂਕਿ ਇਹ ਉਸ ਸਤਰ ਦਾ
ਹਿੱਸਾ ਹੈ ਜੋ ‘ਜਪੁ’ ਬਾਣੀ ਦੇ ਐਨ ਅਰੰਭ ਵਿੱਚ ਆਉਂਦੀ ਹੈ ਅਤੇ ‘ਜਪੁ’ ਬਾਣੀ ਗੁਰੂ ਨਾਨਕ ਜੀ ਦੀ
ਰਚੀ ਹੋਈ ਮੰਨੀ ਜਾਂਦੀ ਹੈ।
4. ਇਹ ਸ਼ਬਦ-ਰੂਪ ਗੁਰਬਾਣੀ ਦੀ ਜਿਸ ਸਤਰ ਦਾ ਹਿੱਸਾ ਹੈ ਉਸ ਦੀ ਵਿਸ਼ੇਸ਼ਤਾ ਇਹ
ਹੈ ਕਿ ਇਸ ਵਿੱਚ ਪ੍ਰਭੂ-ਪਰਮੇਸ਼ਵਰ ਦੇ ਗੁਣ ਬਿਆਨ ਕੀਤੇ ਹੋਏ ਹਨ। ਗੁਰਬਾਣੀ ਦੀ ਇਸ ਸਤਰ ਨੂੰ ਆਮ
ਕਰਕੇ ਵਾਰਤਕ ਵਿੱਚ ਰਚੀ ਹੋਈ ਸਮਝ ਲਿਆ ਜਾਂਦਾ ਹੈ, ਪਰੰਤੂ ਧਿਆਨ ਨਾਲ ਵੇਖਿਆ ਜਾਵੇ ਤਾਂ ਇਹ ਸਤਰ
ਵੀ ਕਾਵਿ-ਰਚਨਾ ਹੀ ਹੈ ਅਤੇ ‘ੴ’ ਤੋਂ ਲੈ ਕੇ “…ਹੋਸੀ ਭੀ ਸਚੁ॥” ਤਕ ਦੀਆਂ ਚਾਰ ਸਤਰਾਂ ਨੂੰ ਇੱਕ
ਵਿਸ਼ੇਸ਼ ਸ਼ੈਲੀ ਦੀ ਕਾਵਿ-ਟੁਕੜੀ ਕਿਆਸਦੇ ਹੋਏ ਇਸ ਨੂੰ ਇੱਕ ਨਿਵੇਕਲੇ ਅਤੇ ਸੰਪੂਰਨ ਸ਼ਬਦ ਦਾ ਦਰਜਾ
ਦਿੱਤਾ ਜਾ ਸਕਦਾ ਹੈ ਕਿਉਂਕਿ “ਜਪੁ” ਅਤੇ “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ
ਸਚੁ॥” ਵਿੱਚ ਵੀ ਕੇਂਦਰ ਉੱਤੇ ਪ੍ਰਭੂ-ਪ੍ਰਮੇਸ਼ਵਰ ਹੀ ਹੈ।
5. ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ‘ੴ’ ਸ਼ਬਦ-ਰੂਪ ਪ੍ਰਭੂ-ਪਰਮੇਸ਼ਵਰ ਦੇ
ਗੁਣਾਂ ਨੂੰ ਬਿਆਨ ਕਰਦੀ ਸਤਰ
ਵਿੱਚ ਸਭ ਤੋਂ ਪਹਿਲੇ ਸਥਾਨ ਤੇ ਸਥਿਤ ਹੋਣ ਕਰਕੇ ਪ੍ਰਭੂ
ਦੇ ਉਸ ਗੁਣ ਨੂੰ ਰੂਪਮਾਨ ਕਰਦਾ ਹੈ ਜੋ, ਗੁਰਮੱਤ ਅਨੁਸਾਰ, ਸਭ ਤੋਂ ਮਹੱਤਵਪੂਰਨ ਬਣਦਾ ਹੈ।
6. ਹਿੰਦਸੇ ਅਤੇ ਅੱਖਰ ਨੂੰ ਜੋੜ ਕੇ ਬਣੇ ਇਸ ਮਿਸ਼ਰਤ ਲਿਪੀ ਰੂਪ ਦੀ ਬਣਤਰ
ਇਸ ਦੇ ਭਾਵ-ਅਰਥਾਂ ਦੇ ਪ੍ਰਗਟਾਵੇ ਹਿਤ ਵਿਸ਼ੇਸ਼ ਤੌਰ ਤੇ ਘੜੀ ਗਈ ਹੋਈ ਹੈ।
ਜਿਵੇਂ ਕਿ ਉੱਪਰ ਦਸਿੱਆ ਗਿਆ ਹੈ, ‘ੴ’ ਸ਼ਬਦ ਦੇ ਦੋ ਪਹਿਲੂ ਹਨ: ਇੱਕ ਇਸ ਦਾ
ਉਚਾਰਨ ਅਤੇ ਦੂਸਰਾ ਇਸ ਦਾ ਭਾਵ-ਅਰਥ। ਇਹਨਾਂ ਦੋਵੇਂ ਪੱਖਾਂ ਨੂੰ ਵਿਚਾਰਨ ਹਿਤ ਅਪਣਾਈ ਜਾਂਦੀ
ਪਹੁੰਚ ਦੇ ਵੀ ਦੋ ਪਹਿਲੂ ਹਨ: ਪਹਿਲਾ ਹੈ ਸ਼ਰਧਾ-ਅਧਾਰਿਤ ਨਜ਼ਰੀਆ ਅਤੇ ਦੂਸਰਾ ਹੈ ਤਰਕ-ਅਧਾਰਿਤ
ਵਿਆਖਿਆ। ਇਹ ਤਾਂ ਸਪਸ਼ਟ ਹੈ ਕਿ ਸਾਡੀ ਸਭ ਦੀ ਗੁਰਬਾਣੀ ਪ੍ਰਤੀ ਪੂਰੀ-ਸੂਰੀ ਸ਼ਰਧਾ ਬਣੀ ਹੋਈ ਹੈ
ਪਰੰਤੂ ਇੱਕੱਲੀ ਸ਼ਰਧਾ ਭਾਵਨਾ ਨੂੰ ਹੀ ਅਧਾਰ ਬਣਾਉਂਦਿਆਂ ਗੁਰਬਾਣੀ ਦੇ ਕਿਸੇ ਪਹਿਲੂ ਦੇ ਸਬੰਧ ਵਿੱਚ
ਕੋਈ ਠੋਸ ਸਿੱਟਾ ਨਹੀਂ ਕਢਿੱਆ ਜਾ ਸਕਦਾ। ਗੁਰਬਾਣੀ ਸਾਡੇ ਅੱਗੇ ਮਨੁੱਖੀ ਜੀਵਨ ਦਾ ਇੱਕ ਨਿਵੇਕਲਾ
ਵਿਵਹਾਰਿਕ ਫਲਸਫਾ ਪੇਸ਼ ਕਰਦੀ ਹੈ ਅਤੇ ਗੁਰਬਾਣੀ ਦੀ ਉਹ ਵਿਆਖਿਆ ਹੀ ਲਾਹੇਵੰਦ ਹੋ ਸਕਦੀ ਹੈ ਜੋ ਇਸ
ਪਹਿਲੂ ਨੂੰ ਧਿਆਨ ਵਿੱਚ ਰੱਖੇ। ਤਰਕ-ਅਧਾਰਿਤ ਵਿਆਖਿਆ ਜਿੱਥੇ ਗੁਰਬਾਣੀ ਦੇ ਸਮੁੱਚੇ ਫਲਸਫੇ ਨੂੰ
ਧਿਆਨ ਵਿੱਚ ਰੱਖੇਗੀ ਉੱਥੇ ਇਹ ਭਾਸ਼ਾਵਿਗਿਆਨ ਨੂੰ ਵੀ ਆਪਣਾ ਅਧਾਰ ਬਣਾਏਗੀ।
ਭਾਸ਼ਾਵਿਗਿਆਨਕ ਵਿਸ਼ਲੇਸ਼ਣ ਅੱਗੇ ਚਾਰ
ਭਾਗਾਂ ਵਿੱਚ ਵੰਡਣਾ ਪਵੇਗਾ: ਧੁਨੀਵਿਉਂਤ (Phonology),
ਵਿਆਕਰਨ (Grammar),
ਅਰਥਵਿਗਿਆਨ (Semantics)
ਅਤੇ ਗੁਰਮੁਖੀ ਲਿਪੀ। ਭਾਸ਼ਾਵਿਗਿਆਨ ਵਿੱਚ ‘ਵਿਆਕਰਨ’ ਪਰੰਪਰਾਗਤ ਵਿਆਕਰਨ ਨਹੀਂ ਹੁੰਦੀ ਸਗੋਂ ਇਸ
ਵਿੱਚ ਦੋ ਮਹੱਤਵਪੂਰਨ ਅੰਸ਼ ਰੂਪਵਿਗਿਆਨ
(Morphology)
ਅਤੇ ਵਾਕਵਿਗਿਆਨ (Syntax)
ਆ ਜਾਂਦੇ ਹਨ। ਨਾਲ ਹੀ ਗੁਰਬਾਣੀ ਇੱਕ ਉੱਚ-ਪਾਇ ਦੀ ਸਿਰਜਣਾਤਮਿਕ ਲਿਖਤ ਵੀ ਹੈ ਅਤੇ ਇਸ ਦੇ ਹਰੇਕ
ਪਹਿਲੂ ਦੇ ਅਧਿਐਨ ਦੌਰਾਨ ਸਾਹਿਤਕ ਆਲੋਚਨਾ ਦੇ ਨਜ਼ਰੀਏ ਦਾ ਅਮਲ ਵੀ ਜ਼ਰੂਰੀ ਹੋ ਜਾਂਦਾ ਹੈ। ਜ਼ਾਹਰ ਹੈ
ਕਿ ‘ੴ’ ਦੇ ਉਚਾਰਨ ਅਤੇ ਭਾਵ-ਅਰਥ ਨੂੰ ਚੰਗੀ ਤਰ੍ਹਾਂ ਸਮਝਣ ਲਈ ਗੁਰਬਾਣੀ ਦੇ ਫਲਸਫੇ ਦੇ ਨਾਲ-ਨਾਲ
ਤਰਕ-ਸ਼ਾਸਤਰ, ਭਾਸ਼ਾ ਵਿਗਿਆਨ ਅਤੇ ਸਾਹਿਤਕ ਆਲੋਚਨਾ ਦੇ ਮਾਪਦੰਡਾਂ ਨੂੰ ਵੀ ਅਧਾਰ ਬਣਾਉਣਾ ਪਵੇਗਾ।
ਇੱਥੇ ਇਹ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਗੁਰੂ ਨਾਨਕ ਜੀ ਭਾਸ਼ਾ-ਵਿਗਿਆਨ
ਦੇ ਉੱਚ-ਕੋਟੀ ਦੇ ਮਾਹਰ ਸਨ। ਇਹ ਤੱਥ ਹੋਰ ਵੀ ਮਹੱਤਤਾ ਵਾਲਾ ਬਣ ਜਾਂਦਾ ਹੈ ਜਦੋਂ ਅਸੀਂ ਵੇਖਦੇ
ਹਾਂ ਕਿ ਭਾਸ਼ਾਵਿਗਿਆਨ ਅਜੋਕੇ ਸੰਸਾਰ ਵਿੱਚ ਵੀਹਵੀਂ ਸਦੀ ਈਸਵੀ ਵਿੱਚ ਸਥਾਪਤ ਹੁੰਦਾ ਹੈ। ਪਰੰਤੂ
ਸੋਲ੍ਹਵੀ ਸਦੀ ਦੇ ਅਰੰਭ ਵਿੱਚ ਹੀ ਗੁਰੂ ਜੀ ਆਪਣੀਆਂ ਰਚਨਾਵਾਂ ਰਾਹੀਂ ਇੱਕ ਪਰਬੀਨ ਭਾਸ਼ਾ ਸ਼ਾਸਤਰੀ
ਹੋਣ ਦਾ ਸਬੂਤ ਦਿੰਦੇ ਹਨ। ‘ੴ’ ਦੀ ਵਿਆਖਿਆ ਵਿੱਚੋਂ ਹੀ ਇਹ ਤੱਥ ਪੂਰੀ ਤਰ੍ਹਾਂ ਸਥਾਪਤ ਹੋ ਜਾਂਦਾ
ਹੈ। ਨਾਲ ਹੀ ਸਮੁੱਚੀ ਗੁਰਬਾਣੀ ਦਾ ਸਾਹਿਤਕ ਸਿਰਜਣਾ ਪੱਖੋਂ ਵਿਸ਼ਵ ਸਾਹਿਤ ਵਿੱਚ ਬੜਾ ਹੀ
ਮਹੱਤਵਪੂਰਨ ਸਥਾਨ ਬਣਦਾ ਹੈ।
ਫਲਸਫਾ
ਗੁਰਬਾਣੀ ਦੇ ਸਮੁੱਚੇ ਫਲਸਫੇ ਨੂੰ ਗੁਰਮੱਤ ਕਿਹਾ ਜਾਂਦਾ ਹੈ। ਗੁਰਮੱਤ
ਮਨੁੱਖੀ ਜੀਵਨ ਲਈ ਪੂਰਨ ਤੌਰ ਤੇ ਤਰਕ-ਅਧਾਰਿਤ ਵਿਚਾਰਧਾਰਾ ਪੇਸ਼ ਕਰਦੀ ਹੈ ਅਤੇ ਮਨੁੱਖ ਨੂੰ ਸਦਾ ਹੀ
ਤਰਕਸ਼ੀਲ ਅਤੇ ਕਿਰਿਆਸ਼ੀਲ ਬਣੇ ਰਹਿਣ ਦੀ ਪਰੇਰਣਾ ਦਿੰਦੀ ਹੈ। ਅਧਿਆਤਮਿਕ ਪੱਧਰ ਉੱਤੇ ਗੁਰਮੱਤ
ਕੇਵਲ ਇੱਕ ਪ੍ਰਭੂ-ਪਰਮੇਸ਼ਵਰ ਦੀ ਹੋਂਦ ਨੂੰ ਮਾਨਤਾ ਦਿੰਦੀ ਹੈ, ਪ੍ਰਭੂ ਦੇ ਸ਼ਖਸੀ ਰੂਪ ਨੂੰ
ਸਵੀਕਾਰ ਨਹੀਂ ਕਰਦੀ ਅਤੇ ਪ੍ਰਭੂ ਅਤੇ ਮਨੁੱਖ ਦੇ ਵਿਚਕਾਰ ਕਿਸੇ ਮਨੁੱਖੀ ਜਾਂ ਦੈਵੀ
ਦਖਲ/ਵਿਚੋਲਗਿਰੀ ਨੂੰ ਪਰਵਾਨ ਨਹੀਂ ਕਰਦੀ। ਇਸ ਲਈ ਗੁਰਮੱਤ ਕਿਸੇ ਪਰਾਲੌਕਿਕੀ ਜਾਂ ਕਰਾਮਾਤੀ
ਵਰਤਾਰੇ, ਦੇਵੀ/ਦੇਵਤੇ, ਨਰਕ-ਸੁਰਗ, ਆਵਾਗੌਣ, ਆਤਮਾ, ਅਵਤਾਰਵਾਦ, ਪੁਨਰਜਨਮ, ਮਿਥਹਾਸਿਕ
ਮਾਨਤਾਵਾਂ, ਮੰਤਰ-ਤੰਤਰ ਆਦਿਕ ਨੂੰ ਮਾਨਤਾ ਨਹੀਂ ਦਿੰਦੀ। ਗੁਰਮੱਤ ਕਿਸੇ ਵੀ ਸੰਸਥਾਗਤ ਧਰਮ ਨੂੰ
ਨਹੀਂ ਮੰਨਦੀ। ਇਸ ਲਈ ਇਹ ਪੂਜਾ ਦੀਆਂ ਰਹੁ-ਰੀਤਾਂ ਅਤੇ ਫੋਕੇ ਕਰਮ-ਕਾਂਡਾਂ ਨੂੰ ਮੁੱਢੋਂ ਹੀ ਰਦ
ਕਰਦੀ ਹੈ। ਗੁਰਮੱਤ ਮਨੁੱਖ ਅੱਗੇ ਇੱਕ ਆਦਰਸ਼ਕ ਵਿਅਕਤੀ (ਸਚਿਆਰ) ਦਾ ਮੌਡਲ ਪੇਸ਼ ਕਰਦੀ ਹੈ ਅਤੇ ਉਸ
ਨੂੰ ਹਰ ਸਮੇਂ ਪ੍ਰਭੂ ਵਿੱਚ ਧਿਆਨ ਰੱਖਣ, ਸੱਚੀ-ਸੁੱਚੀ ਕਿਰਤ-ਕਮਾਈ ਕਰਨ ਅਤੇ ਇਸ ਕਮਾਈ ਨੂੰ
ਲੋੜਵੰਦਾਂ ਨਾਲ ਵੰਡ ਕੇ ਵਰਤਣ ਦੀ ਸਿਖਿਆ ਦਿੰਦੀ ਹੈ।
ਵਿਆਖਿਆ
ਕਿਉਂਕਿ ਗੁਰਮੱਤ ਕਿਸੇ ਪ੍ਰਾਲੌਕਿਕੀ ਜਾਂ ਕਰਾਮਾਤੀ ਵਰਤਾਰੇ ਅਤੇ ਮਿਥਹਾਸਿਕ
ਮਾਨਤਾਵਾਂ ਨੂੰ ਮਾਨਤਾ ਨਹੀਂ ਦਿੰਦੀ ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਗੁਰਬਾਣੀ ਦੇ ਕਿਸੇ ਹਿੱਸੇ
ਦੀ ਵਿਆਖਿਆ ਕਰਨ ਵੇਲੇ ਅਸੀਂ ਨਿਰੋਲ ਸ਼ਰਧਾ-ਭਾਵਨਾ ਦੇ ਵਹਿਣ ਵਿੱਚ ਨਾ ਵਹਿੰਦੇ ਹੋਏ ਠੋਸ ਤੱਥਾਂ ਤੇ
ਹੀ ਨਿਰਭਰ ਰਹੀਏ। ਦੂਸਰੇ ਪਾਸੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਸਿਖ ਗੁਰੂ ਸਾਹਿਬਾਨ ਨੇ ਗੁਰਬਾਣੀ
ਜਨ-ਸਧਾਰਨ ਵਾਸਤੇ ਰਚੀ ਸੀ ਨਾ ਕਿ ਗੂੜ੍ਹ-ਗਿਆਨ ਵਾਲੇ ਚਿੰਤਕਾਂ, ਵਿਦਵਾਨਾ ਅਤੇ ਪੰਡਤਾਂ ਵਾਸਤੇ।
ਸਾਰੇ ਧਰਮਾਂ ਦੇ ਪੁਜਾਰੀ ਵਰਗ ਨੇ ਸਦਾ ਹੀ ਜਨ-ਸਧਾਰਨ ਨੂੰ ਧਰਮ-ਗ੍ਰੰਥਾਂ ਵਿਚਲੇ ਗਿਆਨ ਤੋਂ ਦੂਰ
ਰੱਖਦੇ ਹੋਏ ਉਹਨਾਂ ਦੀ ਲੁੱਟ ਕੀਤੀ ਸੀ ਜਾਂ ਧਰਮ ਗ੍ਰੰਥ ਹੀ ਮਿਥਹਾਸਿਕ ਕਿਸਮ ਦੇ ਬਣਾ ਰੱਖੇ ਹੋਏ
ਸਨ। ਗੁਰੂ ਸਾਹਿਬਾਨ ਨੇ ਜਨ-ਸਧਾਰਨ ਨੂੰ ਸੰਸਥਾਗਤ ਧਰਮਾਂ ਅਤੇ ਉਹਨਾਂ ਦੇ ਧਰਮ-ਗ੍ਰੰਥਾਂ ਦੇ ਚੁੰਗਲ
ਵਿੱਚੋਂ ਕੱਢਕੇ ਸੌਖਿਆਂ ਹੀ ਸਮਝ ਆ ਜਾਣ ਵਾਲੀ ਭਾਸ਼ਾ ਵਿੱਚ ਵਿਵਹਾਰਕ ਫਲਸਫਾ ਪੇਸ਼ ਕੀਤਾ ਸੀ। ਸੋ
ਵਿਦਵਾਨਾ ਨੂੰ ਚਾਹੀਦਾ ਹੈ ਗੁਰਬਾਣੀ ਦੀ ਵਿਆਖਿਆ ਗੁਰੂ ਆਸ਼ੇ ਮੁਤਾਬਿਕ ਕੀਤੀ ਜਾਵੇ ਨਾਂ ਕਿ ਇਸ ਨੂੰ
ਮਿਥਹਾਸ, ਪ੍ਰਾਲੌਕਿਕਤਾ ਅਤੇ ਰਹੱਸ ਦਾ ਰੰਗ ਦਿੰਦੇ ਹੋਏ ਜਨ ਸਧਾਰਨ ਨੂੰ ਗੁਰਬਾਣੀ ਦੇ ਸੱਚ ਤੋਂ
ਵਾਂਝਿਆਂ ਕੀਤਾ ਜਾਵੇ ਅਤੇ ਉਹਨਾਂ ਨੂੰ ਨਿਰੋਲ ਸ਼ਰਧਾ-ਭਾਵਨਾ ਦੇ ਗੁਲਾਮ ਬਣਾਈ ਰਖਿੱਆ ਜਾਵੇ।
ਸ਼ਬਦ-ਰੂਪ ‘ੴ’ ਦੀ ਵਿਆਖਿਆ ਕਰਨ ਵੇਲੇ ਸਾਨੂੰ ਇਸ ਪੱਖੋਂ ਸੁਚੇਤ ਰਹਿਣ ਦੀ ਵਿਸ਼ੇਸ਼ ਲੋੜ ਹੈ।
ਭਾਵ-ਅਰਥ
‘ਜਪੁ’ ਬਾਣੀ ਦੇ ਐਨ ਅਰੰਭ ਵਿੱਚ ਆਉਂਦਾ ਸ਼ਬਦ-ਰੂਪ ‘ੴ’ ਪ੍ਰਭੂ-ਪਰਮੇਸ਼ਵਰ ਦੇ
‘ਕੇਵਲ ਇਕ’ ਹੋਣ ਦਾ ਭਾਵ ਦਿੰਦਾ ਹੈ ਕਿਉਂਕਿ ਪ੍ਰਭ ਦੇ ‘ਕੇਵਲ ਇਕ’ ਹੋਣ ਦਾ ਇਹ ਭਾਵ ਪ੍ਰਭੂ ਦੇ
ਗੁਣਾਂ ਨੂੰ ਦਰਸਾਉਣ ਵਾਲੀ ‘ਜਪੁ’ ਬਾਣੀ ਦੀ ਅਰੰਭਕ ਸਤਰ
“ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ”
ਵਿੱਚ ਸ਼ਾਮਲ ਕਿਸੇ ਹੋਰ ਸ਼ਬਦ-ਰੂਪ ਜਾਂ ਸ਼ਬਦ-ਜੁੱਟ ਵਿੱਚੋਂ
ਨਹੀਂ ਨਿਕਲਦਾ। ਇਸ ਸਮੁੱਚੀ ਸਤਰ ਦੇ ਭਾਵ-ਅਰਥ ਹੇਠਾਂ ਦਿੱਤੇ ਅਨੁਸਾਰ ਦਰਸਾਏ ਜਾ ਸਕਦੇ ਹਨ:
ਉਹ ਕੇਵਲ ਇੱਕੋ ਹੀ ਹੈ, ਉਸ ਦਾ ਨਾਮ ‘ਸਤਿ’ (ਸੱਚ) ਹੈ, ਉਹ ਸਮੁੱਚੀ
ਸ੍ਰਿਸ਼ਟੀ ਦਾ ਰਚਣਹਾਰਾ ਹੈ, ਉਹ ਕਿਸੇ ਨਾਲ ਵੈਰ ਨਹੀਂ ਰੱਖਦਾ, ਉਹ ਭੈ-ਰਹਿਤ ਹੈ, ਉਸਦੀ ਹੋਂਦ ਸਦਾ
ਰਹਿਣ ਵਾਲੀ ਹੈ ਭਾਵ ਉਹ ਅਮਰ ਹੈ, ਉਹ ਜੰਮਣ-ਮਰਨ ਵਿੱਚ ਨਹੀਂ ਆਉਂਦਾ, ਉਹ ਖੁਦ ਤੋਂ ਹੀ ਬਣਿਆਂ ਹੈ,
ਉਹ ਸਰਵਉੱਚ ਹੈ ਅਤੇ ਉਹ ਸਦਾ-ਸਦਾ ਕਿਰਪਾਲੂ ਹੈ।
ਪ੍ਰਭੂ-ਪਰਮੇਸ਼ਵਰ ਦੇ ‘ਕੇਵਲ ਇਕ’ ਹੋਣ ਦੇ ਭਾਵ ਨੂੰ ਸਾਹਮਣੇ ਰੱਖਦੇ ਹੋਏ
ਗੁਰੂ ਨਾਨਕ ਜੀ ਨੇ ‘ਜਪੁ’ ਬਾਣੀ ਦੇ ਅਰੰਭ ਵਿੱਚ ਪ੍ਰਭੂ ਨੂੰ ‘ਇਕੋ’ ਜਾਂ ‘ਏਕੋ’ ਕਹਿ ਕੇ ਦਰਸਾਇਆ
ਹੈ। ਗੁਰਬਾਣੀ ਵਿੱਚ ਵਿਅਕਤ ਹੁੰਦੇ ਪ੍ਰਭੂ ਦੇ ‘ਕੇਵਲ ਇਕ’ ਹੋਣ ਦੇ ਗੁਣ ਨੂੰ ਤਿੰਨ ਰੂਪਾਂ ਵਿੱਚ
ਵੇਖਿਆ ਜਾ ਸਕਦਾ ਹੈ ਜਿਹਨਾਂ ਦਾ ਹਵਾਲਾ ਗੁਰਬਾਣੀ ਵਿੱਚ ਥਾਂ-ਥਾਂ ਆਉਂਦਾ ਹੈ।
1. ਸਾਰੇ ਬ੍ਰਹਿਮੰਡ ਦੀ ਸਰਵਉੱਚ ਹਸਤੀ ਕੇਵਲ ਪ੍ਰਭੂ ਹੀ ਹੈ। ਇਸ
ਵਿਚਾਰ ਨੂੰ ਪਰਗਟ ਕਰਦੀਆਂ ਦੋ ਉਦਾਹਰਨਾਂ ਹੇਠਾਂ ਪੇਸ਼ ਹਨ:
ਸਾਹਿਬ ਮੇਰਾ ਏਕੋ ਹੈ॥
ਏਕੋ ਹੈ ਭਾਈ ਏਕੋ ਹੈ॥ (ਗੁਰੂ ਨਾਨਕ: ਪਵਿੱਤਰ ਗ੍ਰੰਥ ਪੰਨਾਂ 350)
ਗਹਿਰ ਗੰਭੀਰੁ ਅਥਾਹੁ ਅਪਾਰੁ ਅਗਣਤੁ॥
ਨਾਨਕ ਵਰਤੈ ਇਕੁ ਇਕੋ ਇੱਕ ਤੂੰ॥ (ਗੁਰੂ ਅਰਜਨ: ਪਵਿੱਤਰ ਗ੍ਰੰਥ ਪੰਨਾਂ
966)
2. ਕੇਵਲ ਪ੍ਰਭੂ ਹੀ ਇੱਕੋ-ਇਕ ਐਸੀ ਹਸਤੀ ਹੈ ਜੋ ਬ੍ਰਹਿਮੰਡ ਦੇ
ਸਾਰੇ ਅੰਸ਼ਾਂ ਅਤੇ ਜੀਵਾਂ ਦਾ ਕਰਤਾ ਹੋਣ ਦੇ ਨਾਲ-ਨਾਲ ਉਹਨਾ ਦਾ ਪਾਲਣਹਾਰ ਵੀ ਹੈ। ਇਹ ਵਿਚਾਰ ਗੁਰੂ
ਨਾਨਕ ਜੀ ਵੱਲੋਂ ‘ਜਪੁ’ ਬਾਣੀ ਦੀ ਪਹਿਲੀ ਸਤਰ ( ‘ਕਰਤਾ ਪੁਰਖ’ ਰਾਹੀਂ) ਅਤੇ ਗੁਰਬਾਣੀ ਵਿੱਚੋਂ
ਲਈਆਂ ਗਈਆਂ ਹੇਠਾਂ ਦਿੱਤੀਆਂ ਪੰਕਤੀਆਂ ਵਿੱਚ ਸਪਸ਼ਟ ਕੀਤਾ ਗਿਆ ਹੈ:
ਗੁਰਾ ਇੱਕ ਦੇਹ ਬੁਝਾਈ॥
ਸਭਨਾ ਜੀਅ ਕਾ ਇੱਕ ਦਾਤਾ ਸੋ ਮੈ ਵਿਸਰੁ ਨਾ ਜਾਈ॥ ( ‘ਜਪੁ’ ਬਾਣੀ)
ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ॥
ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ॥ (ਗੁਰੂ ਨਾਨਕ: ਪਵਿੱਤਰ
ਗ੍ਰੰਥ ਪੰਨਾਂ 18)
ਕਹੁ ਕਬੀਰ ਜਨ ਏਕੋ ਬੂਝਿਆ॥
ਗੁਰ ਪ੍ਰਸਾਦਿ ਮੈ ਸਭੁ ਕਿਛੁ ਸੂਝਿਆ॥ (ਭਗਤ ਕਬੀਰ: ਪਵਿੱਤਰ ਗ੍ਰੰਥ ਪੰਨਾਂ
476)
3. ਪ੍ਰਭੂ ਅਤੇ ਮਨੁੱਖ ਦੇ ਵਿਚਕਾਰ ਕੋਈ ਹੋਰ ਦੈਵੀ ਸ਼ਕਤੀ ਮੌਜੂਦ ਨਹੀਂ। ਇਸ
ਵਿਚਾਰ ਦੀਆਂ ਗੁਰਬਾਣੀ ਵਿੱਚੋਂ ਉਦਾਹਰਨਾ ਹੇਠਾਂ ਦਿੱਤੇ ਅਨੁਸਾਰ ਲਈਆਂ ਜਾ ਸਕਦੀਆਂ ਹਨ:
ਹਰਿ ਇਕੋ ਦਾਤਾ ਵਰਤਦਾ ਦੂਜਾ ਅਵਰੁ ਨਾ ਕੋਇ॥
ਸਬਦਿ ਸਾਲਾਹੀ ਮਨਿ ਵਸੈ ਸਹਜੇ ਹੀ ਸੁਖੁ ਹੋਇ॥ (ਗੁਰੂ ਅਮਰਦਾਸ: ਪਵਿੱਤਰ
ਗ੍ਰੰਥ ਪੰਨਾਂ 36)
ਮੇਰੇ ਮਨ ਪ੍ਰਭ ਸਰਣਾਈ ਪਾਇ॥
ਹਰਿ ਬਿਨੁ ਦੂਜਾ ਕੋ ਨਹੀਂ ਏਕੋ ਨਾਮੁ ਧਿਆਇ॥ (ਗੁਰੂ ਅਰਜਨ: ਪਵਿੱਤਰ ਗ੍ਰੰਥ
ਪੰਨਾਂ 46)
ਏਕੋ ਵੇਖਾ ਅਵਰੁ ਨਾ ਥੀਆ॥
ਗੁਰ ਪਰਸਾਦੀ ਅੰਮ੍ਰਿਤ ਪੀਆ॥ (ਗੁਰੂ ਅਰਜਨ: ਪਵਿੱਤਰ ਗ੍ਰੰਥ ਪੰਨਾਂ 113)
ਹਿੰਦੂ ਫਲਸਫੇ ਵਿੱਚ ‘ਓਮ’ /ਓਅੰ/ਓਅੰਕਾਰ
ਸ਼ਬਦ-ਰੂਪ ‘ੴ’ ਦਾ ਹਿੰਦੂ ਧਾਰਮਿਕ ਗ੍ਰੰਥਾਂ ਦੇ ਓਮ/ਓਅੰ/ਓਅੰਕਾਰ ਨਾਲ ਕੋਈ
ਵੀ ਸਬੰਧ ਨਹੀਂ ਬਣਦਾ। ਅਸਲ ਵਿੱਚ ‘ਓਮ’ ਵਿੱਚ ਤਿੰਨ ਧੁਨੀਆਂ ਸ਼ਾਮਲ ਹਨ, ਅ, ੳ ਅਤੇ ਮ (ਇਸ ਤਰ੍ਹਾਂ
‘ਓਮ’ ਸ਼ਬਦ ‘ਅਉਮ’ ਦਾ ਵਿਗੜਿਆ ਹੋਇਆ ਰੂਪ ਹੈ) ਅਤੇ ਇਹ ਤਿੰਨ ਧੁਨੀਆਂ ਕ੍ਰਮਵਾਰ ਬ੍ਰਹਮਾ, ਵਿਸ਼ਨੂੰ
ਅਤੇ ਮਹੇਸ਼ ਦੀਆਂ ਲਖਾਇਕ ਹਨ। ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੇਵਤਿਆਂ ਦੇ ਨਾਮ ਹਨ ਪਰੰਤੂ ਗੁਰਬਾਣੀ
ਕਿਸੇ ਦੇਵੀ-ਦੇਵਤੇ ਦੀ ਹੋਂਦ ਨੂੰ ਮਾਨਤਾ ਨਹੀਂ ਦਿੰਦੀ। (ਗੁਰਬਾਣੀ ਵਿੱਚ ਜਿੱਥੇ ਕਿਤੇ ਅਜਿਹੇ
ਪਾਤਰਾਂ ਦਾ ਨਾਮ ਆਇਆ ਹੈ ਉਹ ਪ੍ਰਭੂ ਦੇ ਸਾਹਮਣੇ ਇਹਨਾਂ ਕਲਪਿਤ ਹਸਤੀਆਂ ਦੀ ਕਥਿਤ ਦੈਵੀ ਹਸਤੀ ਨੂੰ
ਛੁਟਿਆਉਣ ਵਾਸਤੇ ਆਇਆ ਹੈ।) ਮਹਾਂਭਾਰਤ ਅਤੇ ਉਪਨਿਸ਼ਦਾਂ ਵਰਗੇ ਹਿੰਦੂ ਗ੍ਰੰਥਾਂ ਵਿੱਚ ‘ਓਮ’ ਨੂੰ ਹੀ
‘ਓਅੰ’ ਕਰਕੇ ਲਿਖਿਆ ਗਿਆ ਹੈ ਅਤੇ ਉੱਥੇ ਇਹ ਸ਼ਬਦ-ਰੂਪ ‘ਓਅੰਇਤਿ’ ਦੇ ਹਿੱਸੇ ਦੇ ਤੌਰ ਤੇ ਵਿਖਾਇਆ
ਗਿਆ ਹੈ। ਅਸਲ ਵਿੱਚ ਹਿੰਦੂ ਫਲਸਫੇ ਵਿੱਚ ‘ਅਉਮ’ ਨੂੰ ਇੱਕ ਧੁਨੀ ਸਮੂਹ ਦੇ ਤੌਰ ਤੇ ਚਿਤਵਿਆ ਗਿਆ
ਹੈ ਅਤੇ ਉੱਥੇ ‘ਅ’ ਦੀ ਧੁਨੀ’ ਵਾਸਤੇ ਸ਼ਬਦ-ਰੂਪ ‘ਆਕਾਰ’ ਵਰਤਿਆ ਜਾਂਦਾ ਹੈ। ਹਿੰਦੂ ਫਲਸਫੇ ਵਿੱਚ
ਇੱਸੇ ‘ਆਕਾਰ’ ਨੂੰ ਹੀ ‘ਓਅੰ’ ਨਾਲ ਜੋੜ ਕੇ ‘ਓਅੰਕਾਰ’ ਬਣਾਇਆ ਗਿਆ ਹੈ (ਇੱਥੇ ‘ਓਅੰਕਾਰ’ ਦਾ ਅਰਥ
ਹੋਇਆ ‘ਅੳਮ’ ਨੂੰ ਲੰਬਾ ਕਰਕੇ ਉਚਾਰਨ ਦੀ ਧੁਨੀ)। ਇੱਥੋਂ ਤਕ ਕਿ ਅ, ੳ ਅਤੇ ਮ ਨਾਲ ਵੀ ‘ਆਕਾਰ’
ਜੋੜ ਕੇ ਕ੍ਰਮਵਾਰ ‘ਅਆਕਾਰ’, ‘ਓਂਆਕਾਰ’ ਅਤੇ ‘ਮਆਕਾਰ’ ਬਣਾ ਲਿਆ ਜਾਂਦਾ ਹੈ। ਇਸ ਤਰ੍ਹਾਂ ਹਿੰਦੂ
ਫਲਸਫੇ ਵਿੱਚ ‘ਓਮ’ /’ ਓਅੰ’ /’ ਓਅੰਕਾਰ’ ਨੂੰ ਲੈਕੇ ਵੱਡਾ ਭੰਬਲਭੂਸਾ ਬਣਿਆਂ ਹੋਇਆ ਹੈ। ਗੁਰੂ
ਨਾਨਕ ਜੀ ਨੇ ਜਨ-ਸਧਾਰਨ ਨੂੰ ਇਸ ਭੰਬਲਭੂਸੇ ਵਿੱਚੋਂ ਕੱਢਣ ਹਿਤ ਹੀ ‘ਦੱਖਣੀ ਓਅੰਕਾਰ’ ਵਾਲਾ ਸ਼ਬਦ
ਉਚਾਰਿਆ ਸੀ। ਗੁਰੂ ਜੀ ਨੇ ਇਸ ਸ਼ਬਦ ਰਾਹੀਂ ਇਹ ਸੰਦੇਸ਼ ਦਿੱਤਾ ਹੈ ਕਿ ਅਸਲੀ ‘ਓਅੰਕਾਰ’ ਇੱਕੋ-ਇਕ
ਪ੍ਰਭੂ-ਪਰਮੇਸ਼ਵਰ ਹੀ ਹੈ ਨਾ ਕਿ ਕੋਈ ਦੇਵਤਾ। ਪਰੰਤੂ ‘ੴ’ ਵਿਚਲੇ ਊੜੇ ਦੇ ਉਚਾਰਨ ਅਤੇ ਭਾਵ-ਅਰਥ ਦਾ
‘ਦੱਖਣੀ ਓਅੰਕਾਰ’ ਵਿੱਚ ਆਉਂਦੇ ‘ਓਅੰਕਾਰ’ ਜਾਂ ‘ਏਕੰਕਾਰ’ ਨਾਲ ਕੋਈ ਸਿੱਧਾ ਸਬੰਧ ਨਹੀਂ ਸਥਾਪਤ
ਕੀਤਾ ਜਾ ਸਕਦਾ। ਅਜਿਹਾ ਸਬੰਧ ਸਥਾਪਤ ਕਰਨ ਲਈ ਪਹਿਲਾਂ ਸਾਨੂੰ ‘ੴ’ ਦਾ ਭਾਸ਼ਾਈ ਰੂਪ ਨਿਰਧਾਰਿਤ
ਕਰਨਾ ਪਵੇਗਾ। ਦੂਸਰੇ ਪਾਸੇ ‘ੴ’ ਵਿਚਲੇ ਊੜੇ ਨੂੰ ‘ਓਅੰਕਾਰ’ ਕਰਕੇ ਦਰਸਾਉਣ ਵਾਲੀਆਂ ਧਿਰਾਂ ਅਸਲ
ਵਿੱਚ ‘ਓਅੰਕਾਰ’ ਵਿਚਲੇ ‘ਓਅੰ’ ਨੂੰ ‘ਓਮ’ ਦਾ ਬਦਲਿਆ ਹੋਇਆ ਰੂਪ ਹੀ ਕਿਆਸ ਕਰ ਰਹੀਆਂ ਹੁੰਦੀਆਂ
ਹਨ। ਅਜਿਹਾ ਕਰਦੇ ਸਮੇਂ ਉਹ ‘ਓਮ’ ਨੂੰ ਕੋਈ ਵਿਕਲਪਿਕ ਅਰਥ ਦੇਣ ਲਈ ਵੀ ਤਿਆਰ ਰਹਿੰਦੀਆਂ ਹਨ।
ਅਜਿਹਾ ਇਸ ਕਰਕੇ ਹੈ ਕਿ ਉਹਨਾਂ ਨੂੰ ਗੁਰਬਾਣੀ ਵਿੱਚ ਵਰਤੇ ਗਏ ‘ਓਅੰ’ ਅਤੇ ‘ਓਅੰਕਾਰ’ ਦੇ ਅਰਥ
ਸਪਸ਼ਟ ਨਹੀਂ (ਨੋਟ: ਇਹ ਅਰਥ ਅੱਗੇ ਜਾ ਕੇ ਦੇ ਦਿੱਤੇ ਗਏ ਹਨ)।
‘ਕਾਰ’ ਬਾਰੇ
ਕੁਝ ਸੱਜਣ ‘ੴ’ ਵਿੱਚ ਊੜੇ ਦੇ ਨਾਲ ਸੱਜੇ ਪਾਸੇ ਵੱਲ ਨੂੰ ਵਧਾ ਕੇ ਖਿੱਚੀ
ਹੋਈ ਰੇਖਾ ਨੂੰ ‘ਕਾਰ’ ਦੇ ਉਚਾਰਨ ਦਾ ਚਿੰਨ੍ਹ ਦਰਸਾਉਣ ਦਾ ਯਤਨ ਕਰਦੇ ਹਨ। ਅਜਿਹੇ ਸੱਜਣਾ ਅਨੁਸਾਰ
‘ੴ’ ਵਿਚਲਾ ਊੜਾ ‘ਓਅੰ’ ਕਰਕੇ ਬੋਲੇਗਾ ਅਤੇ ਇਸ ਦੇ ਨਾਲ ਵਧੀ ਹੋਈ ਰੇਖਾ ਨੂੰ ‘ਕਾਰ’ ਦਾ ਉਚਾਰਨ ਦੇ
ਕੇ ‘ੴ’ ਨੂੰ ‘ਓਅੰਕਾਰ’ ਕਰਕੇ ਬੋਲ ਲਿਆ ਜਾਵੇਗਾ। ਪਰੰਤੂ ਇਹ ਦਲੀਲ ਬਿਲਕੁਲ ਹੀ ਤਰਕਹੀਣ ਹੈ।
ਪਹਿਲਾਂ ਤਾਂ ‘ਓ’ ਵਿੱਚੋਂ ਕੇਵਲ ਇੱਕ ਸਵੱਰ ਧੁਨੀ (ਹੋੜਾ ਲਗ-ਮਾਤਰ ਦੀ ਧੁਨੀ) ਪਰਾਪਤ ਹੁੰਦੀ ਹੈ
ਅਤੇ ਇਥੇ ਕੋਈ ਐਸਾ ਲਿਪੀ-ਅੰਸ਼ ਮੌਜੂਦ ਨਹੀਂ ਜਿਸ ਤੋਂ ‘ਅੰ’ ਦੀ ਧੁਨੀ ਪਰਾਪਤ ਕੀਤੀ ਜਾ ਸਕੇ।
ਦੂਸਰਾ, ਗੁਰਮੁਖੀ ਲਿਪੀ ਵਿੱਚ ਇਹ ਗੱਲ ਸ਼ਾਮਲ ਨਹੀਂ ਕਿ ਕਿਸੇ ਤਸਵੀਰ ਨੂੰ ਵੇਖਕੇ ਉਸਦਾ ਉਚਾਰਨ ਬਣਾ
ਲਿਆ ਜਾਵੇ ਜਿਵੇਂ ਕਿ ਇੱਥੇ ਲੇਟਵੇਂ ਰੁਖ ਵਿੱਚ ਵਾਹੀ ਹੋਈ ਰੇਖਾ ‘----’ ਜਾਂ‘’ ਨੂੰ ‘ਕਾਰ’ ਦਾ
ਉਚਾਰਨ ਦਿੱਤਾ ਜਾ ਰਿਹਾ ਹੈ ਕਿਉਂਕਿ ‘ਕਾਰ’ ਦਾ ਅਰਥ ‘ਰੇਖਾ’ ਵੀ ਹੁੰਦਾ ਹੈ। ਸਪਸ਼ਟ ਤੌਰ ਤੇ ਇੱਥੇ
ਤਸਵੀਰ ਨੂੰ ਵੇਖ ਕੇ ਉਸ ਵਿੱਚੋਂ ਨਜ਼ਰ ਆ ਰਹੀ ਸ਼ੈ ਦਾ ਨਾਮ ਬੋਲਿਆ ਜਾ ਰਿਹਾ ਹੈ ਜਿਵੇਂ ਕਿਸੇ ਦਰਖਤ
ਦੀ ਤਸਵੀਰ ਨੂੰ ਵੇਖ ਕੇ ‘ਦਰਖਤ’ ਬੋਲ ਦਿੱਤਾ ਜਾਵੇ ਜਾਂ ਕਿਸੇ ਮੋਰ ਦੀ ਤਸਵੀਰ ਨੂੰ ਵੇਖ ਕੇ ‘ਮੋਰ’
ਬੋਲ ਦਿੱਤਾ ਜਾਵੇ। ਪਰੰਤੂ ਤਸਵੀਰਾਂ ਵਿੱਚੋਂ ਉਚਾਰਨ ਪਰਾਪਤ ਕਰਨਾ ਗੁਰਮੁਖੀ ਲਿਪੀ ਦਾ ਲੱਛਣ ਨਹੀਂ।
ਜੇਕਰ ਅਜਿਹਾ ਹੋਵੇ ਤਾਂ ਰੇਖਾ (
line)
ਨੂੰ ਪੰਜਾਬੀ ਵਿੱਚ ‘ਲੀਕ’ ਜਾਂ ‘ਲਕੀਰ’ ਵੀ ਕਿਹਾ ਜਾਂਦਾ ਹੈ ਅਤੇ ‘ੴ’ ਦੇ ਊੜੇ ਨਾਲ ਸੱਜੇ ਪਾਸੇ
ਨੂੰ ਲੱਗੀ ਹੋਈ ਰੇਖਾ ਨੂੰ ‘ਕਾਰ’ ਦੀ ਜਗਹ ਤੇ ‘ਲੀਕ’ ਜਾਂ ‘ਲਕੀਰ’ ਦਾ ਉਚਾਰਨ ਦਿੰਦੇ ਹੋਏ ਅਤੇ ਉਸ
ਤੋਂ ਪਹਿਲਾਂ ‘ਅੰ’ ਆਪਣੇ ਕੋਲੋਂ ਲਗਾ ਕੇ ‘ਓ’ ਨੂੰ ‘ਓਅੰਲੀਕ’ ਜਾਂ ‘ਓਅੰਲਕੀਰ’ ਕਰਕੇ ਉਚਾਰਨਾ ਵੀ
ਗਲਤ ਨਹੀਂ ਹੋਵੇਗਾ। ਦੂਸਰੇ ਪਾਸੇ ਕਿਸੇ ਲਕੀਰ ਨੂੰ ਵੇਖ ਕੇ ਉਸ ਦਾ ਉਚਾਰਨ ‘ਕਾਰ’ ਦੇ ਤੌਰ ਤੇ ਕਰਨ
ਵਾਲੀਆਂ ਧਿਰਾਂ ਨੂੰ ਇਹ ਪੁੱਛਣਾ ਬਣਦਾ ਹੈ ਕਿ ਕਈ ਪੁਰਾਤਨ ਹੱਥ-ਲਿਖਤਾਂ ਵਿੱਚ ‘ੴ’ ਵਿਚਲੇ ਇੱਕ ਦੇ
ਹਿੰਦਸੇ ਦੀ ਹੇਠਾਂ ਵੱਲ ਨੂੰ ਕਾਫੀ ਲੰਬਾਈ ਵਿੱਚ ਵਧਾਈ ਗਈ ਲਕੀਰ ਦਾ ਉਹ ੳਚਾਰਨ ਕਿਸ ਤਰ੍ਹਾਂ
ਕਰਨਗੇ (ਵੇਖੋ ਭਾਗ ਦੂਜਾ ਵਿੱਚ ਵਿਖਾਈਆਂ ਗਈਆਂ ਅਜਿਹੀਆਂ ਉਦਾਹਰਨਾਂ)।
ਅਸਲ ਵਿੱਚ ਤਸਵੀਰਾਂ ਵਿੱਚੋਂ ਉਚਾਰਨ ਪਰਾਪਤ ਕਰਨ ਦਾ ਨਿਯਮ ਸੰਸਾਰ ਦੀ ਕਿਸੇ
ਭਾਸ਼ਾ ਵਿੱਚ ਕਦੀ ਵੀ ਮੌਜੂਦ ਨਹੀਂ ਰਿਹਾ। ਉਂਜ ਚੀਨੀ ਅਤੇ ਜਾਪਾਨੀ ਭਾਸ਼ਾਵਾਂ ਦੀਆਂ ਲਿਪੀਆਂ ਵਿੱਚ
ਤਸਵੀਰਾਂ ਵਿੱਚੋਂ ਉਚਾਰਨ ਪਰਾਪਤ ਕਰਨ ਦੀ ਜੁਗਤ ਸੀਮਿਤ ਰੂਪ ਵਰਤੀ ਜਾਂਦੀ ਹੈ। ਪਰੰਤੂ ਇਹਨਾਂ
ਲਿਪੀਆਂ ਵਿੱਚ ਕੇਵਲ ਰੂਪਗ੍ਰਾਮਾਂ (
morphemes)
ਲਈ ਹੀ ਤਸਵੀਰਾਂ ਨੁਮਾ ਲਿਪੀ-ਅੰਸ਼ ਵਰਤੇ ਜਾਂਦੇ ਹਨ, ਇਕਹਿਰੀਆਂ ਧੁਨੀਆਂ (phonemes)
ਜਾਂ ਸੰਪੂਰਨ ਸ਼ਬਦਾਂ ਲਈ ਨਹੀਂ। ਅਜਿਹੀ ਲਿਪੀ ਨੂੰ ਲੌਗੋਸਿਲੇਬਿਕ (logosyllabic)
ਦਾ ਨਾਮ ਦਿੱਤਾ ਜਾਂਦਾ ਹੈ। ਉੱਧਰ ਗੁਰਮੁਖੀ ਇੱਕ ਸ਼ੁਧ ਧੁਨੀਆਤਮਕ (phonetic)
ਲਿਪੀ ਹੈ ਅਤੇ ਇਸ ਵਿੱਚ ਇਕਹਿਰੀਆਂ ਧੁਨੀਆਂ ਨੂੰ ਆਪਸ ਵਿੱਚ ਜੋੜ ਕੇ ਹੀ ਧੁਨੀਗਰਾਮ ਜਾਂ ਸੰਪੂਰਨ
ਸ਼ਬਦ-ਰੂਪ ਪਰਾਪਤ ਹੁੰਦੇ ਹਨ ਜਦੋਂ ਕਿ ਇਕਹਿਰੀਆਂ ਧੁਨੀਆਂ ਕੇਵਲ ਅੱਖਰਾਂ ਜਾਂ ਲਗਾ-ਮਾਤਰਾਵਾਂ
ਵਿੱਚੋਂ ਹੀ ਪਰਾਪਤ ਕੀਤੀਆਂ ਜਾਂਦੀਆਂ ਹਨ (ਉੱਪਰ ਦਰਸਾਏ ਦੋ ਲਿਪੀ-ਰੂਪਾਂ ਤੋਂ ਇਲਾਵਾ ਤਿੰਨ ਹੋਰ
ਪਰਮੁੱਖ ਲਿਪੀ-ਰੂਪ ਹਨ, ਸਿਲੇਬਿਕ ਜਿਵੇਂ ਸੰਸਕ੍ਰਿਤ ਦਾ, ਵਰਣਕ ਜਿਵੇਂ ਅੰਗਰੇਜ਼ੀ
ਦਾ ਅਤੇ ਅਬਜਦ ਜਿਵੇਂ ਅਰਬੀ/ਫਾਰਸੀ ਦਾ ਪਰੰਤੂ ਕਿਸੇ ਵੀ ਇੱਕ ਲਿਪੀ ਦੇ ਨਿਯਮ ਦੂਸਰੀ ਲਿਪੀ
ਉੱਤੇ ਲਾਗੂ ਨਹੀਂ ਕੀਤੇ ਜਾ ਸਕਦੇ)। ਇਸ ਤਰ੍ਹਾਂ ਲਿਪੀ-ਸ਼ਾਸਤਰ ਪੱਖੋਂ ‘ੴ’ ਵਿੱਚ ਖੁਲ੍ਹੇ ਊੜੇ ਦੇ
ਨਾਲ ਸੱਜੇ ਪਾਸੇ ਵੱਲ ਵਧਾਈ ਗਈ ਲਕੀਰ ਨੂੰ ‘ਕਾਰ’ ਦਾ ਉਚਾਰਨ ਦਿੰਦੇ ਹੋਏ ‘ਓ’ ਨੂੰ ‘ਓਅੰਕਾਰ’
ਬਣਾ ਲੈਣਾ ਇੱਕ ਅਟਕਲਪੱਚੂ ਹੀ ਹੈ, ਤਰਕਸੰਗਤ ਦਲੀਲ ਨਹੀਂ।
ਵਿਚਿੱਤਰ ਸ਼ਬਦ-ਰੂਪ
ਇਹ ਮੰਨਣ ਵਾਲੀ ਗੱਲ ਹੈ ਕਿ ਗੁਰਮੁਖੀ ਲਿਪੀ ਦੀ ਨੁਹਾਰ ਦੇ ਪੱਖੋਂ ‘ੴ’ ਇੱਕ
ਵਿਚਿੱਤਰ ਸ਼ਬਦ-ਰੂਪ ਹੈ ਕਿਉਂਕਿ, ਜਿਵੇਂ ਅਸੀਂ ਪਹਿਲਾਂ ਵੇਖ ਆਏ ਹਾਂ, ਇਸ ਸ਼ਬਦ-ਰੂਪ ਵਿੱਚ ਇੱਕ
ਹਿੰਦਸਾ (ਇਕ ਦਾ) ਸ਼ਾਮਲ ਹੈ ਅਤੇ ਇੱਕ ਅੱਖਰ (ਖੁੱਲਾ ਊੜਾ) ਸ਼ਾਮਲ ਹੈ ਅਤੇ ਕਈ ਸੱਜਣ ਖੁੱਲ੍ਹੇ ਊੜੇ
ਦੇ ਉਪਰਲੇ ਹਿੱਸੇ ਦੇ ਨਾਲ ਸੱਜੇ ਪਾਸੇ ਨੂੰ ਲੇਟਵੇਂ ਰੁਖ ਇੱਕ ਰੇਖਾ ਵੀ ਜੋੜ ਦਿੰਦੇ ਹਨ ਅਤੇ ਇਸ
ਤਰ੍ਹਾਂ ‘੧ਓ’ ਨੂੰ ‘ੴ ‘ਜਾਂ ‘੧ਓ--’ ਦਾ ਰੂਪ ਦੇ ਦਿੰਦੇ ਹਨ। ਭਾਵੇਂ ਅਜ ਕਲ ਅੰਗਰੇਜ਼ੀ ਵਿੱਚ
3rd, 4th
ਵਰਗੇ ਅਜਿਹੀ ਬਣਤਰ ਦੇ ਸ਼ਬਦ ਮੌਜੂਦ ਹਨ ਜਿਸ ਦੀ ਨਕਲ ਤੇ ਗੁਰਮੁਖੀ ਵਿੱਚ ਵੀ 5ਵਾਂ, 9ਵਾਂ ਆਦਿਕ
ਸ਼ਬਦ ਪਰਚਲਤ ਹੋ ਗਏ ਹਨ। ਪਰੰਤੂ ਪੰਦਰਵੀਂ/ਸੋਲਵੀਂ ਸਦੀ ਦੀ ਗੁਰਮੁਖੀ ਵਿੱਚ ਹਿੰਦਸੇ ਅਤੇ ਅੱਖਰਾਂ
ਦੇ ਮਿਸ਼ਰਤ ਸ਼ਬਦ ਮੌਜੂਦ ਨਹੀਂ ਸਨ। ਗੁਰਬਾਣੀ ਵਿੱਚ ਵੀ ਅਜਿਹੀ ਮਿਸ਼ਰਤ ਸੰਰਚਨਾ ਵਾਲਾ ਹੋਰ ਕੋਈ
ਸ਼ਬਦ-ਰੂਪ ਸ਼ਾਮਲ ਨਹੀਂ। ਗੁਰੂ ਨਾਨਕ ਜੀ ਨੇ ਨਿਸਚੇ ਹੀ ਕਿਸੇ ਵਿਸ਼ੇਸ਼ ਮਕਸਦ ਤਹਿਤ ਅਜਿਹੀ ਵਿਚਿੱਤਰ
ਸ਼ਬਦ-ਸੰਰਚਨਾ ਪੇਸ਼ ਕੀਤੀ ਹੈ।
ਉਦੇਸ਼
ਇੱਥੇ ਇਹ ਸਵਾਲ ਸੁਭਾਵਕ ਹੀ ਸਾਹਮਣੇ ਆ ਜਾਂਦਾ ਹੈ ਕਿ ਜੇਕਰ ਗੁਰੂ ਨਾਨਕ ਜੀ
ਨੇ ‘ਜਪੁ’ ਬਾਣੀ ਦਾ ਪਹਿਲਾ ਸ਼ਬਦ-ਰੂਪ ‘ਇਕੋ’ ਜਾਂ ‘ਏਕੋ’ ਦੇ ਤੌਰ ਤੇ ਸੋਚਿਆ ਸੀ ਤਾਂ ਉਹਨਾਂ ਨੂੰ
ਕੀ ਲੋੜ ਸੀ ਇਸ ਨੂੰ ‘੧ਓ’ ਦਾ ਰੂਪ ਦੇਣ ਦੀ। ਇਸ ਸਵਾਲ ਦਾ ਉੱਤਰ ਗੁਰਬਾਣੀ ਦੇ ਫਲਸਫੇ ਵਿੱਚੋਂ
ਭਲੀ-ਭਾਂਤ ਪਰਾਪਤ ਹੋ ਜਾਂਦਾ ਹੈ। ਅਜ ਅਸੀਂ ਕਿਸੇ ਸ਼ਬਦ ਦੇ ਅਰਥਾਂ ਵੱਲ ਪਾਠਕ ਦਾ ਧਿਆਨ ਖਿੱਚਣ ਹਿਤ
ਉਸ ਸ਼ਬਦ ਨੂੰ ਅੰਡਰਲਾਈਨ (
underline)
ਕਰ ਦਿੰਦੇ ਹਾਂ, ਜਾਂ ਉਸ ਨੂੰ ਗੂੜ੍ਹਾ (bold)
ਕਰ ਦਿੰਦੇ ਹਾਂ, ਜਾਂ ਉਸ ਦੀ ਸਿਆਹੀ ਨੂੰ ਵਿਸ਼ੇਸ਼ ਰੰਗ ਦੇ ਦਿੰਦੇ ਹਾਂ, ਜਾਂ ਉਸ ਦੀ ਪਿੱਠ-ਭੂਮੀ
ਨੂੰ ਵਿਸ਼ੇਸ਼ ਰੰਗ ਦੇ ਦਿੰਦੇ ਹਾਂ, ਜਾਂ ਉਸ ਨੂੰ ਪੁੱਠੇ ਕੌਮਿਆਂ ਵਿੱਚ ਰੱਖ ਦਿੰਦੇ ਹਾਂ। ਕਿਉਂਕਿ
ਗੁਰੂ ਜੀ ਪ੍ਰਭੂ ਦੇ ਕੇਵਲ ਇੱਕ ਹੋਣ ਦੇ ਗੁਣ ਨੂੰ ਵਿਸ਼ੇਸ਼ ਮਹੱਤਵ ਦਿੰਦੇ ਹੋਏ ਪਾਠਕਾਂ ਦਾ
ਧਿਆਨ ਇਸ ਪਾਸੇ ਵੱਲ ਖਿੱਚਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ‘ਇਕ/ਏਕ’ ਨੂੰ ਹਿੰਦਸੇ ਦਾ ਰੂਪ ਦੇ
ਦਿੱਤਾ ਅਤੇ ਇਸ ਨਾਲ ਆਉਣ ਵਾਲੀ ਸਵੱਰ-ਧੁਨੀ ਲਈ ਖੁਲ੍ਹੇ ਊੜੇ ਦਾ ਪਰਯੋਗ ਕਰ ਲਿਆ। ਗੁਰਬਾਣੀ ਵਿੱਚ
ਪ੍ਰਭੂ ਦੇ ਕੇਵਲ ਇੱਕ ਹੋਣ ਦੇ ਗੁਣ ਦੀ ਕੀ ਮਹੱਤਤਾ ਹੈ ਇਸ ਬਾਰੇ ਅਸੀਂ ਉੱਪਰ ਵਿਚਾਰ ਕਰ
ਆਏ ਹਾਂ।
ਚਿੰਨ੍ਹ, ਨਾਮ ਜਾਂ ਵਿਸ਼ੇਸ਼ਣ?
‘ੴ’ ਸਬੰਧੀ ਇਹ ਭੁਲੇਖਾ ਵੀ ਦੂਰ ਕਰਨ ਦੀ ਲੋੜ ਹੈ ਕਿ ਇਹ ਸ਼ਬਦ-ਰੂਪ ਇੱਕ
ਚਿੰਨ੍ਹ ਹੈ, ਨਾਮ ਹੈ ਜਾਂ ਵਿਸ਼ੇਸ਼ਣ ਹੈ। ‘ੴ’ ਕੋਈ ਚਿੰਨ੍ਹ ਨਹੀਂ ਕਿਉਂਕਿ ਗੁਰਮੱਤ ਅਨੁਸਾਰ
ਅਧਿਆਤਮਕ ਸੰਦਰਭ ਵਿੱਚ ਕਿਸੇ ਚਿੰਨ੍ਹ, ਪਰਤੀਕ, ਤਸਵੀਰ ਜਾਂ ਮੂਰਤੀ ਦੀ ਵਰਤੋਂ ਨਹੀਂ ਕੀਤੀ ਜਾ
ਸਕਦੀ। ਗੁਰਬਾਣੀ ਦੀ ਪਹਿਲੀ ਸਤਰ ਵਿੱਚ ‘ਸਤਿ’, ‘ਨਾਮ’, ‘ਪੁਰਖ’ ਅਤੇ ‘ਮੂਰਤਿ’ ਚਾਰ ਨਾਂਵ ਰੂਪ
ਵਰਤੇ ਗਏ ਹਨ ਅਤੇ ਬਾਕੀ ਸਾਰੇ ਵਿਸ਼ੇਸ਼ਣੀ ਰੂਪ ਹੀ ਹਨ ਜੋ ਪ੍ਰਭੂ ਦੇ ਗੁਣਾਂ ਨੂੰ ਦਰਸਾਉਣ ਹਿਤ ਵਰਤੇ
ਗਏ ਹਨ। ‘ੴ’ ਵੀ ਇੱਕ ਅਜਿਹਾ ਹੀ ਵਿਸ਼ੇਸ਼ਣੀ ਸ਼ਬਦ-ਰੂਪ ਹੈ। ‘ਸਤਿ’ ਨੂੰ ਪ੍ਰਭੂ ਦੇ ਨਾਮ ਵਜੋਂ
ਦਰਸਾਇਆ ਗਿਆ ਹੈ ( ‘ਮੂਰਤਿ’ ਅਤੇ ‘ਪੁਰਖ’ ਪ੍ਰਭੂ ਦੀ ‘ਹੋਂਦ’ ਵਾਸਤੇ ਆਏ ਹਨ)। ਇਸ ਸਬੰਧੀ ‘ਜਪੁ’
ਬਾਣੀ ਵਿੱਚ ਹੀ ਗੁਰੂ ਨਾਨਕ ਜੀ ਹੇਠਾਂ ਦਿੱਤੇ ਅਨੁਸਾਰ ਫੁਰਮਾਉਂਦੇ ਹਨ:
ਸਾਚਾ ਸਾਹਿਬੁ ਸਾਚਿ ਨਾਇ ਭਾਖਿਆ ਭਾਉ ਅਪਾਰੁ॥
ਗੁਰਬਾਣੀ ਵਿੱਚ ਪ੍ਰਭੂ ਦੇ ਅਨੇਕਾਂ ਨਾਮ ਸ਼ਾਮਲ ਹਨ ਜਿਵੇਂ ਹਰਿ, ਭਗਵੰਤ,
ਪ੍ਰਭੂ, ਪਾਰਬਰਹਮ, ਜਗਦੀਸ, ਅਲਹ, ਖੁਦਾ, ਰਾਮ (ਹਰ ਸ਼ੈ ਵਿੱਚ ਰਮਿਆ ਹੋਇਆ), ਓਅੰਕਾਰ, ਏਕੰਕਾਰ,
ਗੋਬਿੰਦ, ਪਰਾਤਮਾ, ਪਰਮਾਤਮ, ਵਾਹਿਗੁਰੂ, ਪਰਮੇਸਰ ਆਦਿਕ (ਗੁਰਬਾਣੀ ਵਿੱਚ ਪ੍ਰਭੂ ਲਈ ‘ਪਰਮਾਤਮਾ’
ਨਾਮ ਨਹੀਂ ਵਰਤਿਆ ਗਿਆ)। ਪਰੰਤੂ ਇਹ ਸਭ ਕਿਰਤਮ (ਘੜੇ ਹੋਏ) ਨਾਮ ਹੀ ਹਨ ਅਤੇ ‘ੴ’ ਇਹਨਾਂ ਵਿੱਚ
ਸ਼ਾਮਲ ਨਹੀਂ। ਕੇਵਲ ‘ਸਤਿ’ (ਸੱਚ) ਹੀ ਪ੍ਰਭੂ ਦਾ ਅਸਲੀ ਨਾਮ ਹੈ ਅਤੇ ਇਹ ਕਿਰਤਮ ਨਾਮ ਨਹੀਂ। ਇਹ
ਵਿਚਾਰ ਗੁਰਬਾਣੀ ਵਿੱਚ ਹੇਠਾਂ ਦਿੱਤੇ ਅਨੁਸਾਰ ਦਰਜ ਹੈ:
ਕਿਰਤਮ ਨਾਮ ਕਥੇ ਤੇਰੇ ਜਿਹਬਾ॥
ਸਤਿ ਨਾਮੁ ਤੇਰਾ ਪਰਾ ਪੂਰਬਲਾ॥ (ਗੁਰੂ ਅਰਜਨ: ਪਵਿੱਤਰ ਗ੍ਰੰਥ ਪੰਨਾਂ
1023)
ਕੁਝ ਧਿਰਾਂ ਇਹ ਪ੍ਰਸ਼ਨ ਕਰ ਸਕਦੀਆਂ ਹਨ ਕਿ ਭਾਸ਼ਾ ਖੁਦ ਚਿੰਨ੍ਹਾਂ ਦੀ ਬਣੀ
ਹੁੰਦੀ ਹੈ, ਇਸ ਦੀ ਵਰਤੋਂ ਅਧਿਆਤਮਕ ਮੰਤਵ ਲਈ ਕਿਵੇਂ ਜਾਇਜ਼ ਹੈ। ਇਸ ਸ਼ੰਕਾ ਨੂੰ ਨਵਿਰਤ ਕਰਨ ਲਈ ਇਹ
ਸਮਝਣਾ ਜ਼ਰੂਰੀ ਹੈ ਕਿ ਗੁਰਮੱਤ ਅਨੁਸਾਰ ਕਿਸੇ ਗੈਰ-ਭਾਸ਼ਾਈ ਮਾਧਿਅਮ ਜਿਵੇਂ ਕਿ
ਚਿੰਨ੍ਹ/ਪਰਤੀਕ/ਤਸਵੀਰ/ਮੂਰਤੀ ਦੀ ਅਧਿਆਤਮਿਕਤਾ ਦੇ ਸੰਦਰਭ ਵਿੱਚ ਵਰਤੋਂ ਹੇਠਾਂ ਦਿੱਤੇ
ਕਾਰਨਾਂ ਕਰਕੇ ਉਚਿਤ ਨਹੀਂ:
1. ਪ੍ਰਭੂ ਤੋਂ ਬਿਨਾ ਕਿਸੇ ਹੋਰ ਹਸਤੀ ਦਾ ਅਧਿਆਤਮਿਕਤਾ ਦੇ ਨਾਲ ਸਬੰਧ
ਨਹੀਂ ਬਣਦਾ। ਇਸ ਕਰਕੇ ਅਜਿਹੀ ਕਿਸੇ ਵੀ ਹਸਤੀ ਨਾਲ ਸਬੰਧਤ ਕੋਈ ਚਿੰਨ੍ਹ/ਪਰਤੀਕ/ਤਸਵੀਰ/ਮੂਰਤੀ
ਅਧਿਆਤਮਿਕਤਾ ਦੇ ਪੱਖੋਂ ਸਵੀਕ੍ਰਿਤ ਨਹੀਂ ਹੋ ਸਕਦੀ।
2. ਗੁਰਮੱਤ ਅਨੁਸਾਰ ਪ੍ਰਭੂ-ਪਰਮੇਸ਼ਵਰ ਨਿਰੰਕਾਰ ਹੈ। ਇਸ ਲਈ ਪ੍ਰਭੂ ਲਈ
ਕਿਸੇ ਚਿੰਨ੍ਹ/ਪਰਤੀਕ/ਤਸਵੀਰ/ਮੂਰਤੀ ਦੀ ਵਰਤੋਂ ਨਹੀਂ ਹੋ ਸਕਦੀ।
ਗੁਰੂ ਨਾਨਕ ਜੀ ਚਿੰਨ੍ਹ/ਪਰਤੀਕ/ਤਸਵੀਰ/ਮੂਰਤੀ ਦੀ ਅਧਿਆਤਮਿਕਤਾ ਦੇ ਸੰਦਰਭ
ਵਿੱਚ ਹੋਣ ਵਾਲੀ ਵਰਤੋਂ ਵਿੱਚੋਂ ਉਪਜਦੀ ਮਨੋਵਿਗਿਆਨਕ ਸਥਿਤੀ ਨੂੰ ਖੂਬ ਸਮਝਦੇ ਸਨ ਕਿਉਂਕਿ ਇਸ
ਸਥਿਤੀ ਵਿੱਚ ਚਿੰਨ੍ਹ/ਪਰਤੀਕ/ਤਸਵੀਰ/ਮੂਰਤੀ ਹੀ ਸਾਡੀ ਧਾਰਮਿਕ ਸ਼ਰਧਾ ਦਾ ਕੇਂਦਰ ਬਣ ਜਾਂਦਾ ਹੈ ਅਤੇ
ਸਾਡਾ ਇਸ਼ਟ ਪਿੱਠ-ਭੂਮੀ ਵਿੱਚ ਚਲਾ ਜਾਂਦਾ ਹੈ। ਪਰੰਤੂ ਭਾਸ਼ਾ ਦੇ ਖੇਤਰ ਵਿੱਚ ਅਜਿਹਾ ਨਹੀਂ ਹੁੰਦਾ।
ਭਾਸ਼ਾ ਕੇਵਲ ਇੱਕ ਸੰਚਾਰ ਮਾਧਿਅਮ ਹੈ ਅਤੇ ਇਸਦੇ ਚਿੰਨ੍ਹ ਸਥਾਈ ਨਹੀਂ ਹੁੰਦੇ ਜਦੋਂ ਕਿ ਅਧਿਆਮਿਕਤਾ
ਲਈ ਵਰਤੇ ਗਏ ਚਿੰਨ੍ਹ ਸਥਾਈ ਹੋ ਨਿਬੜਦੇ ਹਨ। ਭਾਸ਼ਾ ਸੰਚਾਰ ਦੇ ਇੱਕ ਸਾਧਨ ਦੇ ਤੌਰ ਤੇ ਆਪਣੀ ਹੋਂਦ
ਨੂੰ ਕਾਇਮ ਰੱਖਣ ਦੇ ਮਕਸਦ ਨਾਲ ਚਿੰਨ੍ਹਾਂ ਦਾ ਪਰਯੋਗ ਤਾਂ ਕਰਦੀ ਹੈ ਪਰੰਤੂ ਭਾਸ਼ਾਈ ਸਮੱਗਰੀ
(ਧੁਨੀਆਂ, ਧੁਨੀ-ਸਮੂਹ, ਅੱਖਰ, ਅੱਖਰ-ਸਮੂਹ ਅਤੇ ਵਾਕ) ਖੁਦ ਸ਼ਰਧਾ ਦਾ ਪਾਤਰ ਕਦੇ ਨਹੀਂ ਬਣਦੀ। ਭਾਵ
ਭਾਸ਼ਾ ਰਾਹੀਂ ਅਸੀਂ ਆਪਣੇ ਇਸ਼ਟ ਦਾ ਗੁਣ-ਗਾਇਨ ਤਾਂ ਕਰ ਸਕਦੇ ਹਾਂ ਪਰੰਤੂ ਭਾਸ਼ਾ ਆਪਣੇ-ਆਪ ਵਿੱਚ ਇਸ਼ਟ
ਕਦੇ ਨਹੀਂ ਬਣਦੀ। ਗੁਰਬਾਣੀ ਵਿੱਚ ਤਾਂ ਸਗੋਂ ਸ਼ਬਦ (ਭਾਸ਼ਾਈ ਸਮੱਗਰੀ) ਨੂੰ ਵਡਿਆਇਆ ਗਿਆ ਹੈ ਕੇਵਲ
ਇਸ ਲਈ ਕਿ ਇਹ ਪ੍ਰਭੂ ਦੇ ਗੁਣ-ਗਾਇਨ ਦਾ ਉੱਤਮ ਸਾਧਨ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਗੁਰਬਾਣੀ
ਵਿੱਚ ਸ਼ਬਦ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਸਿੱਟੇ ਦੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ
ਗੁਰਮੱਤ ਅਨੁਸਾਰ ‘ੴ’ ਨੁੰ ਇੱਕ ਭਾਸ਼ਾਈ ਸੰਰਚਨਾ ਦੇ ਤੌਰ ਤੇ ਦਰਸਾਉਣਾ ਹੀ ਉਚਿਤ ਹੋਵੇਗਾ ਨਾ ਕਿ
ਇੱਕ ਅਧਿਆਤਮਿਕ ਚਿੰਨ੍ਹ ਦੇ ਤੌਰ ਤੇ।
(ਚਲਦਾ)
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ।