ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਨਸ਼ਿਆਂ ਦਾ ਕਹਿਰ ਜਵਾਨੀਆਂ ਤਬਾਹ
ਪੰਜ ਆਬਾਂ ਦੇ ਨਾਂ ਤੋਂ ਪੰਜਾਬ
ਬਣਿਆ ਹੈ ਭਾਵ ਪੰਜਾਬ ਦੀ ਧਰਤੀ ਸਮੇਤ ਪੱਛਮੀ ਪੰਜਾਬ ਦੇ ਪੰਜ ਦਰਿਆਵਾਂ ਦੀ ਧਰਤੀ ਅਖਵਾਉਂਦੀ ਹੈ।
ਏੱਥੋਂ ਦੀ ਧਰਤੀ ਨੇ ਤਾਕਤਵਰ ਗਭਰੂਆਂ ਦੇ ਮੁਟਿਆਰਾਂ ਨੂੰ ਜਨਮ ਦਿੱਤਾ ਹੈ। ਦੁੱਧ ਮੱਖਣਾਂ ਨਾਲ
ਜੁਆਨੀਆਂ ਪਲ਼ਦੀਆਂ ਸਨ। ਡੰਡ ਬੈਠਕਾਂ, ਰਵਾਇਤੀ ਘੋਲ਼, ਮੂੰਗਲ਼ੀਆਂ ਫੇਰਨੀਆਂ, ਕਬੱਡੀਆਂ ਖੇਡਣੀਆਂ,
ਰੱਸੇ ਖਿੱਚਣੇ, ਛਾਲ਼ਾਂ ਮਾਰਨੀਆਂ, ਮੀਲਾਂ ਬੱਧੀ ਦੌੜਨਾ, ਸਿੰਝਾਂ ਸਿਰਜਣੀਆਂ, ਮੱਲ ਅਖਾੜਿਆਂ ਨੂੰ
ਕਾਇਮ ਕਰਨਾ ਪੰਜਾਬ ਦੀਆਂ ਕੀਮਤੀ ਰਵਾਵਿਤਾਂ ਰਹੀਆਂ ਹਨ। ਦੁੱਧ ਵੇਚਣ ਨੂੰ ਪੱਤ ਵੇਚਣਾ ਕਿਹਾ ਜਾਂਦਾ
ਸੀ। ਇਹ ਸਮਝਿਆਂ ਜਾਂਦਾ ਸੀ ਕਿ ਪੁੱਤਾਂ ਨੂੰ ਜਵਾਨੀਆਂ ਪ੍ਰਦਾਨ ਕਰਨ ਵਿੱਚ ਸਭ ਤੋਂ ਵੱਡਾ ਹਿੱਸਾ
ਦੁੱਧ ਦਾ ਹੀ ਹੈ। ਭਾਵ ਘਰ ਵਿੱਚ ਖਾਣ ਲਈ ਖੁੱਲਾ ਹੋਣਾ ਚਾਹੀਦਾ ਹੈ। ਜੁੱਗ ਬਦਲ ਗਿਆ ਹੈ, ਅੱਜ
ਖੇਤੀ ਨਾਲ ਦੁੱਧ ਦਾ ਧੰਦਾ ਲਾਹੇ ਵੰਦਾ ਤੇ ਆਰਥਿਕਤਾ ਲਈ ਸਹਾਇਕ ਧੰਦਾ ਹੈ।
ਪੰਜਾਬ ਵਿੱਚ ਨਸ਼ੇ ਕਿਸ ਕਦਰ ਵੱਧ ਗਏ ਜੋ ਹੈਰਾਨੀ ਪੈਦਾ ਕਰਦੇ ਹਨ 19 ਜਨਵਰੀ 2014 ਦੇ ਸਪੋਕਸਮੈਨ
`ਤੇ ਹਰਜੀਟ ਸਿੰਘ ਆਲਮ ਦੀ ਤਾਜ਼ਾ ਰਿਪੋਰਟ ਅਨੁਸਾਰ ਸੁਬੇ ਵਿੱਚ ਹਰ ਸਾਲ ਠੇਕਿਆਂ ਦੀ ਗਿਣਤੀ ਵੱਧਣ
ਦੇ ਨਾਲ ਨਾਲ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧੀ ਹੈ। ਹਲਾਤ ਏੱਥੋਂ ਤੱਕ ਪੁੱਜ ਗਏ
ਹਨ ਕਿ ਨਸ਼ੀਲੇ ਪਦਾਰਥਾ ਦੀ ਵਰਤੋਂ ਕਰਕੇ ਨੌਜਵਾਨ ਹੈਪੇਟਾਇਟਿਸ-ਬੀ, ਐਚ. ਆਈ. ਵੀ, ਕੈਂਸਰ ਅਤੇ ਦਮੇ
ਵਰਗੀਆਂ ਲਾ-ਇਲਾਜ ਬਿਮਾਰੀਆਂ ਦੀ ਜਕੜ ਵਿੱਚ ਆ ਗਏ ਹਨ ਜਿਸ ਕਾਰਨ ਹਰ ਅੱਠ ਮਿੰਟ ਬਾਅਦ ਇੱਕ ਵਿਆਕਤੀ
ਨਸ਼ਿਆਂ ਦੀ ਭੇਟ ਚੜ੍ਹ ਜਾਂਦਾ ਹੈ।
ਰੈਡਕਰਾਸ ਨਸ਼ਾ ਛਡਾਊ ਕੇਂਦਰ ਅਤੇ ਪੁਨਰਵਾਸ ਕੇਂਦਰ ਗੁਰਦਾਸਪੁਰ ਪ੍ਰਾਜੈਕਟ ਡਾਇਰੈਕਟਰ ਰੁਮੇਸ਼ ਮਹਾਜਨ
ਅਤੇ ਮੁੱਖ ਸਲਾਹਕਾਰ ਇੰਜੀ. ਜੋਗਿੰਦਰ ਸਿੰਘ ਨਾਨੋਵਾਲੀਆ ਨੇ ਦੱਸਿਆ ਕਿ ਇੱਕ ਸਰਵੇ ਅਨੁਸਾਰ 67 ਫੀ
ਸਦੀ ਪਰਵਾਰਾਂ `ਚੋਂ ਘੱਟੋ ਘੱਟ ਇੱਕ ਜੀਅ ਤਰ੍ਹਾਂ ਤਰ੍ਹਾਂ ਦੇ ਨਸ਼ਿਆਂ ਦਾ ਸ਼ਿਕਾਰ ਹੋਇਆ ਪਿਆ ਹੈ।
ਪੰਜਾਬ ਦੀ ਚਾਰ ਹਜ਼ਾਰ ਅਬਾਦੀ ਵਾਲੇ ਦੇ ਇੱਕ ਪਿੰਡ ਦੇ ਲੋਕ ਇੱਕ ਸਾਲ ਵਿੱਚ ਹੀ 25 ਲੱਖ ਰੁਪਏ ਦੀ
ਸ਼ਰਾਬ ਡਕਾਰ ਜਾਂਦੇ ਹਨ। ਸਮੇਂ ਸਮੇਂ ਦੀਆਂ ਸਰਕਾਰਾਂ ਦੀ ਮੁਜਰਾਮਾ ਲਾਪਰਵਾਹੀ ਕਾਰਨ ਕਿਸਾਨ ਖਾਸਕਰ
ਨੌਜਵਾਨ ਤਰ੍ਹਾਂ ਤਰ੍ਹਾਂ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਕਰਕੇ ਆਰਥਿਖ ਤੌਰ `ਤੇ ਕਮੰਜ਼ੋਰ ਹੁੰਦੇ ਜਾ
ਰਹੇ ਹਨ।
ਜ਼ਿਲ੍ਹਾ ਤਰਨਤਾਰਨ, ਅੰਮ੍ਰਿਤਸਰ, ਫ਼ਿਰੋਜ਼ਪੁਰ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਹਾਲਾਤ ਜ਼ਿਆਦਾ ਖਰਾਬ ਹਨ।
ਬੀ. ਐਸ. ਐਫ. ਨੇ ਸਰਹੱਦ ਤੋਂ ਹੁਣ ਤੱਕ ਸੈਂਕੜੇ ਕੁਇੰਟਲ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਫੜੇ
ਹਨ। ਸਾਫ਼ ਜ਼ਾਹਰ ਹੈ ਇਹਨਾਂ ਨਸ਼ਿਆਂ ਦੀ ਪੰਜਾਬ ਜਾਂ ਹੋਰ ਕਿਸੇ ਪਾਸੇ ਵਰਤੋਂ ਕੀਤੀ ਜਾਣੀ ਸੀ। ਹਰ
ਥਾਂਈਂ ਨਸ਼ਿਆਂ ਦੀ ਖੁਲ੍ਹੀ ਵਰਤੋਂ ਅਤੇ ਵਿਕਰੀ ਹੋ ਰਹੀ ਹੈ।
ਏਸੇ ਤਰ੍ਹਾਂ ਬੀਤੇ ਸੱਤ ਸਾਲਾਂ ਵਿੱਚ 12190 ਠੇਕੇ ਖੁਲ੍ਹੇ ਹਨ। ਸਾਲ 2006 ਵਿੱਚ ਸ਼ਰਾਬ ਦੇ
ਠੇਕਿਆਂ ਦੀ ਗਿਣਤੀ ਕੇਵਲ 4912 ਸੀ। ਪੰਜਾਬ ਸਰਕਾਰ ਸ਼ਰਾਬ ਨੂੰ ਆਪਣੀ ਅਮਦਨ ਲਈ ਦਾ ਸਭ ਤੋਂ ਵੱਧ
ਅਹਿਮ ਸਾਧਨ ਮੰਨਦੀ ਹੈ। ਜਿਸ ਕਰਕੇ ਠੇਕਿਆਂ ਦੀ ਗਿਣਤੀ ਵਿੱਚ ਹਰ ਸਾਲ ਵਾਧਾ ਕਰ ਦਿੱਤਾ ਜਾਂਦਾ ਹੈ।
ਸਾਲ 2011 ਵਿੱਚ ਪੰਜਾਬ ਸਰਕਾਰ ਨੂੰ 3069 ਕ੍ਰਰੜ ਰੁਪਏ ਅਤੇ ਸਾਲ 2012 ਵਿੱਚ 3410 ਕਰੋੜ ਰੁਪਏ
ਦਾ ਮਾਲੀਆ ਸ਼ਰਾਬ ਤੋਂ ਇਕੋਠਾ ਹੋਇਆ ਸੀ। ਸਰਵੇਖਣ ਅਨੁਸਾਰ ਪੰਜਾਬ ਦੇ 73 ਫੀ ਸਦੀ ਲੋਕ ਤਰਹਾਂ
ਤਰ੍ਹਾਂ ਦੇ ਨਸ਼ਿਆਂ ਤੋਂ ਪੀੜਤ ਹਨ ਅਤੇ ਇਹ ਗਿਜ਼ਤੀ ਦਿਨ-ਬਦਿਨ ਵੱਧਦੀ ਜਾ ਰਹੀ ਹੈ।
ਇਕ ਹੋਰ ਜਾਣਕਾਰੀ ਅਨੁਸਾਰ ਕਰੀਬ ਕਰੀਬ ਚਾਰ ਲੱਖ ਦੀ ਅਬਾਦੀ ਵਾਲੇ ਪੰਜਾਬ ਵਿੱਚ 3 ਕਰੋੜ ਤੋਂ ਵੱਧ
ਕੀਮਤ ਦੀ ਸ਼ਰਾਬ ਛੱਕ ਜਾਂਦੇ ਹਨ। ਨਜਾਇਜ਼ ਦੇਸੀ ਜਾਂ ਰੂੜੀ ਮਾਰਕਾ ਸ਼ਰਾਬ ਦੀ ਖਪਤ ਇਸ ਤੋਂ ਵੱਖਰੀ
ਹੈ। ਸੂਬੇ ਦੇ ਵੀਹ ਹਜ਼ਾਰ ਤੋਂ ਵੱਧ ਨੌਜਵਾਨ ਤਰ੍ਹਾਂ ਤਰਾਂ ਦੇ ਨਸ਼ਿਆਂ ਦੀਆਂ ਗੋਲ਼ੀਆਂ-ਦਵਾਈਆਂ
ਦੁਕਾਨਾਂ ਆਦਿ ਤੋਂ ਆਪਣੇ ਪੱਧਰ `ਤੇ ਖਰੀਦ ਕੇ ਖਾਈ ਜਾਂਦੇ ਹਨ। ਉੱਚ ਦਰਜੇ ਦੇ ਅਧਿਕਾਰੀ ਨੇ ਆਪਣਾ
ਨਾਂ ਗੁਪਤ ਰੱਖਣ ਦੀ ਸ਼ਰਤ `ਤੇ ਦੱਸਿਆ ਕਿ ਇੱਕ ਸਰਵੇਖਣ ਅਨੁਸਾਰ ਸਕੂਲਾਂ ਅਤੇ ਕਾਲਜਾਂ ਦੇ 66 ਫੀ
ਸਦੀ ਲੜਕੇ ਲੜਕੀਆਂ ਤਰ੍ਹਾਂ ਤਰ੍ਹਾਂ ਦੇ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਪਏ ਹਨ। ਉਹਨਾਂ ਦੱਸਿਆ ਕਿ
ਸਰਕਾਰੀ ਅਰਧ ਸਰਕਾਰੀ ਕਾਲਜਾਂ ਦੇ 10 ਮੁੰਡਿਆਂ `ਚੋਂ 7 ਨੂੰ ਤਰ੍ਹਾਂ ਤਰ੍ਹਾਂ ਦੇ ਨਸ਼ਿਆਂ ਦੀ ਲਤ
ਲੱਗੀ ਹੋਈ ਹੈ।
ਪੰਜਾਬ ਵਿੱਚ ਭੰਗ, ਪੋਸਤ, ਅਫ਼ੀਮ, , ਚਰਸ, ਸਮੈਕ, ਹੈਰਇਨ, ਮਾਰਫ਼ਿਨ, ਐਲ. ਐਸ. ਡੀ. ਵਰਗੇ ਘਾਤਕ
ਨਸ਼ਿਆਂ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ। ਇਹਨਾਂ ਭਿਆਨਕ ਨਸ਼ਿਆਂ ਕਰਕੇ ਪੰਜਾਬ ਦੀ ਨੌਜਵਾਨ ਪੀੜ੍ਹੀ
ਨਸ਼ੇੜੀ ਬਣਦੀ ਜਾ ਰਹੀ ਹੈ।