.

ਗੁਰਮਤਿ ਪ੍ਰਚਾਰਕਾਂ ਦਾ ‘ਰੱਬ` ਅਤੇ ‘ਗੁਰੂ` ਦੀ ਨਿਵੇਕਲੀ ਹੋਂਦ ਤੋਂ ਮਨੁੱਕਰ ਹੋਣ ਦੇ ਰਾਹ ਤੁਰਨਾ ਸਿੱਖੀ ਲਈ ਘਾਤਕ।

ਰੱਬੀ ਗਿਆਨ ਦੇ ਸੋਮੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਗੰਮ ਅਪਾਰ ਫ਼ਲਸਫ਼ੇ ਨੂੰ ਸਟੇਜੀ ਤੇ ਕਿਤਾਬੀ ਰੂਪ ਵਿੱਚ ਪ੍ਰਚਾਰਨ ਵਾਲੇ ਸਾਰੇ ਗੁਰਸਿੱਖ ਭੈਣ ਭਰਾਵਾਂ ਤੇ ਸੰਸਥਾਵਾਂ ਦਾ ਦਾਸ ਸਦਾ ਹੀ ਪ੍ਰਸੰਸਕ ਰਿਹਾ ਹੈ। ਜਿਸ ਕਿਸੇ ਨੇ ਵੀ ਇਸ ਪਾਸੇ ਕਦਮ ਪੁੱਟਿਆ, ਮੈਂ ਸਦਾ ਹੀ ਉਸ ਦਾ ਉਤਸ਼ਾਹ ਵਧਾਇਆ ਤੇ ਸਾਥ ਦਿੱਤਾ ਹੈ। ਕਈ ਪ੍ਰਚਾਰਕ ਸੰਸਥਾਵਾਂ ਦੀ ਸਥਾਪਨਾ ਵਿੱਚ ਵੀ ਸਮਰਥਾ ਮੁਤਾਬਿਕ ਹਿੱਸਾ ਪਾਇਆ ਹੈ। ਪਰ, ਕੁੱਝ ਸਮੇਂ ਤੋਂ ਜਾਗਰੂਕ ਸਮਝੇ ਜਾਣ ਵਾਲੇ ਨੌਜਵਾਨ ਪ੍ਰਚਾਰਕਾਂ ਦੇ ਵਖਿਆਨ ਤੇ ਲਿਖਤਾਂ ਪੜ੍ਹ ਸੁਣ ਕੇ ਦਾਸਰੇ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸਾਰੇ ਉਪਾਸ਼ਕਾਂ ਅੰਦਰ ਘਬਰਾਹਟ ਪੈਦਾ ਹੋ ਰਹੀ ਹੈ। ਕਿਉਂਕਿ ਉਹ, ਸਿੱਖੀ ਦੇ ਮੋਢੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ “ਜਾਗਸਿ, ਜੀਵਣ, ਜਾਗਣਹਾਰਾ”।। (ਅੰ. ੧੩੩੦) ਨਿਰੰਕਾਰੀ ‘ਕਰਤਾਰ` ਅਤੇ ਉਸ ਦਾ ਗੁਣਾਤਮਿਕ ਸਰੂਪ ਹੋ ਕੇ ਲੋਕਾਈ ਨੂੰ ਉਹਦੀ ਸੋਝੀ ਕਰਾਉਣ ਵਾਲੇ ‘ਗੁਰੂ` ਦੀ ਨਿਵੇਕਲੀ ਹੋਂਦ ਤੋਂ ਇਨਕਾਰੀ ਹੋਣ ਦੇ ਰਾਹ ਤੁਰੇ ਜਾਪਦੇ ਹਨ। ਇਹ ਰੁਝਾਨ ਸਿੱਖੀ ਲਈ ਡੇਰੇਦਾਰਾਂ ਦੀ ਸੰਪਰਦਾਇਕ ਵਿਚਾਰਧਾਰਾ ਤੋਂ ਵੀ ਘਾਤਕ ਹੈ।

ਕਿਉਂਕਿ, ਐਸੇ ਸੱਜਣ ‘ਹੁਕਮ` ਅਥਵਾ ‘ਕੁਦਰਤੀ ਨਿਯਮਾਂ` ਦੀ ਗੱਲ ਕਰਦੇ ਤਾਂ ਜ਼ੋਰ-ਸ਼ੋਰ ਨਾਲ ਕਰਦੇ ਹਨ, ਪਰ ਹੁਕਮ ਬੁੱਝ ਤੇ ਮੰਨ ਕੇ ਜਿਸ ‘ਹੁਕਮੀ` ਨਾਲ ਜੁੜਣਾ ਹੈ, ਉਸ ਪੱਖੋਂ ਚੁੱਪ ਧਾਰਨ ਕਰੀ ਰੱਖਦੇ ਹਨ। “ਹੁਕਮੀ ਹੋਵਨਿ ਆਕਾਰ, ਹੁਕਮੁ ਨ ਕਹਿਆ ਜਾਈ।। “ ਦੀ ਵਿਆਖਿਆ ਕਰਦੇ ਹੋਏ “ਹੁਕਮਿ ਰਜਾਈ ਚਲਣਾ; ਨਾਨਕ! ਲਿਖਿਆ ਨਾਲਿ।। “ (ਜਪੁ, ਅੰ. ੧) ਦੀ ਤਾਂ ਜ਼ਬਰਦਸਤ ਪ੍ਰੇਰਨਾ ਕਰਦੇ ਹਨ। ਪਰ, ਸ਼ਾਇਦ ਇਹ ਭੁੱਲ ਜਾਂਦੇ ਹਨ ਕਿ “ਹੁਕਮੁ ਸਾਜਿ, ਹੁਕਮੈ ਵਿਚਿ ਰਖੈ; ਨਾਨਕ! ਸਚਾ ਆਪਿ।। “ (ਅੰਗ ੧੪੫) ਗੁਰਵਾਕ ਮੁਤਾਬਿਕ ਕੋਈ ਹੁਕਮੀ ਕਰਤਾਰ ਵੀ ਹੈ, ਜਿਹੜਾ ਇਨ੍ਹਾਂ ਕੁਦਰਤੀ ਨਿਯਮਾਂ (ਹੁਕਮ) ਦੀ ਸਿਰਜਨਾ ਕਰਕੇ ਆਪਣੀ ਸਾਜੀ ਕੁਦਰਤ ਨੂੰ ਕਾਬੂ ਵਿੱਚ ਰਖਦਾ ਹੈ। “ਹੁਕਮੀ ਹੁਕਮੁ, ਚਲਾਏ ਰਾਹੁ।। “ (ਜਪੁ, ਅੰ ੨) ਗੁਰਵਾਕ ਅਨੁਸਾਰ ਕੋਈ ਹੁਕਮੀ ਕਰਤਾਪੁਰਖ ਵੀ ਹੈ; ਜਿਸ ਦਾ ਹੁਕਮ, ਸੰਸਾਰ ਦਾ ਇਹ ਸਾਰਾ ਸਿਲਸਲਾ ਚਲਾ ਰਿਹਾ ਹੈ।

ਇਹ ਨੌਜਵਾਨ ਪ੍ਰਚਾਰਕ “ਕਿਵ ਸਚਿਆਰਾ ਹੋਈਐ? ਕਿਵ ਕੂੜੈ ਤੁਟੈ ਪਾਲਿ? ।। (ਜਪੁ, ਅੰ. ੧) ਅਤੇ “ਵਿਣੁ ਗੁਣ ਕੀਤੇ, ਭਗਤਿ ਨ ਹੋਇ।। “ (ਜਪੁ, ਅੰ. ੪) ਅਥਵਾ “ਜਿਨ ਗੁਣ, ਤਿਨ ਸਦ ਮਨਿ ਵਸੈ; ਅਉਗੁਣਵੰਤਿਆ ਦੂਰਿ।। “ (ਅੰ. ੨੭) ਆਦਿਕ ਗੁਰਵਾਕਾਂ ਦੀ ਰੌਸ਼ਨੀ ਵਿੱਚ ਗੁਣ ਗ੍ਰਹਿਣ ਕਰਕੇ ਸੱਚੇ ਸੁੱਚੇ ਅਚਾਰ ਵਾਲੇ ਸਚਿਆਰ ਹੋਣ ਦਾ ਬਲੰਦ ਹੋਕਾ ਦਿੰਦੇ ਹਨ। ਵਧੀਆ ਗੱਲ ਹੈ, ਪਰ “ਗੁਣਾ ਕਾ ਨਿਧਾਨੁ ਏਕੁ ਹੈ; ਆਪੇ ਦੇਇ, ਤਾ ਕੋ ਪਾਏ।। “ (ਅੰ. ੫੫੯) ਵਰਗੇ ਗੁਰਵਾਕ ਉਹ ਪ੍ਰਗਟ ਨਹੀਂ ਕਰਦੇ, ਜਿਨ੍ਹਾਂ ਤੋਂ ਇਹ ਸਚਾਈ ਪ੍ਰਗਟ ਹੁੰਦੀ ਹੋਵੇ ਕਿ ਸਚਿਆਰ ਮਨੁੱਖ ਅੰਦਰਲੇ ਇਨ੍ਹਾਂ ਸਾਰੇ ਗੁਣਾਂ ਦਾ ਖਜ਼ਾਨਾ ਇੱਕ ਅਕਾਲਪੁਰਖੁ ਹੈ। ਜਿਸ ਮਨੁਖ ਨੂੰ ਉਹ ਆਪਣੇ ਦੈਵੀ ਗੁਣ ਬਖ਼ਸ਼ਦਾ ਹੈ, ਉਸ ਦੀ ਸ਼ਖ਼ਸੀਅਤ ਹੀ ਗੁਣ ਭਰਪੂਰ ਹੁੰਦੀ ਹੈ।

ਹੁਣ ਤਾਂ ਹੱਦ ਹੋ ਗਈ, ਜਦੋਂ ਇੱਕ ਉਤਸ਼ਾਹੀ ਨੌਜਵਾਨ ਨੇ ਸਪਸ਼ਟ ਲਫ਼ਜ਼ਾਂ ਵਿੱਚ ਲਿਖ ਦਿੱਤਾ ਕਿ ਕੁਦਰਤੀ ਨਿਯਮ ਹੀ ਰੱਬ ਹਨ, ਨਾ ਕਿ ਕੋਈ ਗੈਬੀ ਸ਼ਕਤੀ। ਕੁਦਰਤਿ ਰਚਨਾ ਨੂੰ ਖੋਜਣਾ, ਸਮਝਣਾ ਤੇ ਕੁਦਰਤੀ ਜੀਵਨ ਜੀਣਾ ਹੀ ਆਸਤਕਪੁਣਾ ਹੈ ਅਤੇ ਇਸ ਦੇ ਉੱਲਟ ਚੱਲਣਾ ਨਾਸਤਕ ਹੋਣਾ। ਜਦੋਂ ਕਿ ਇਸ ਪੱਖ ਦੀ ਸਪਸ਼ਟਤਾ ਲਈ ਜੋ ਗੁਰਵਾਕ ਪ੍ਰਮਾਣਾਂ ਵਜੋਂ ਵਰਤੇ ਹਨ, ਉਨ੍ਹਾਂ ਦੇ ਅਰਥ-ਭਾਵ ਉਪਰੋਕਤ ਕਿਸਮ ਦੀ ਸਾਰੀ ਵਿਚਾਰਧਾਰਾ ਦਾ ਖੰਡਨ ਕਰਦੇ ਹਨ। ਕਿਉਂਕਿ, ਗੁਰਬਾਣੀ ਦਾ ਐਸਾ ਕੋਈ ਸ਼ਬਦ ਜਾਂ ਪਦਾ ਨਹੀਂ, ਜੋ ਸਾਡੀ ਸੁਰਤਿ ਨੂੰ ਸਿਰਜਨਹਾਰ ਕਰਤਾਰ ਨਾਲ ਨਾ ਜੋੜੇ। ਜਿਵੇਂ:

ਜੋ ਦੀਸੈ ਸੋ ਤੇਰਾ ਰੂਪੁ।। ਗੁਣ ਨਿਧਾਨ ਗੋਵਿੰਦ ਅਨੂਪ।।

ਅਰਥ: ਹੇ ਗੁਣਾਂ ਦੇ ਖ਼ਜ਼ਾਨੇ ! ਹੇ ਸੋਹਣੇ ਗੋਬਿੰਦ ! (ਜਗਤ ਵਿਚ) ਜੋ ਕੁੱਝ ਦਿੱਸਦਾ ਹੈ ਤੇਰਾ ਹੀ ਸਰੂਪ ਹੈ।

ਮਃ ੧।। ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ।। ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ।। ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ।। ਕੁਦਰਤਿ ਖਾਣਾ ਪੀਣਾ ਪੈਨੑਣੁ ਕੁਦਰਤਿ ਸਰਬ ਪਿਆਰੁ।। ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ।। ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ।। ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ।। ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ।। ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ।। ੨।। {ਪੰਨਾ ੪੬੪}

ਨੋਟ: ਇਸ ਸ਼ਬਦ ਨੂੰ ਪ੍ਰਮਾਣਿਕ ਅਧਾਰ ਬਨਾਉਣ ਵੇਲੇ ਸਾਰੰਸ਼ ਰੂਪ ਅੰਤਲੀਆਂ ਤੁਕਾਂ ਨੂੰ ਅਣਗੌਲਿਆਂ ਕਰਨ ਕਰਕੇ ਹੀ ਕੁਦਰਤ ਨੂੰ ਕਾਦਰ ਸਮਝਣ ਦੀ ਭੁੱਲ ਹੋ ਰਹੀ ਹੈ।

ਸ਼ਬਦ ਦੇ ਸਪੂੰਰਨ ਅਰਥ ਇਸ ਪ੍ਰਕਾਰ ਹਨ: — (ਹੇ ਪ੍ਰਭੂ !) ਜੋ ਕੁੱਝ ਦਿੱਸ ਰਿਹਾ ਹੈ ਤੇ ਜੋ ਕੁੱਝ ਸੁਣੀ ਆ ਰਿਹਾ ਹੈ, ਇਹ ਸਭ ਤੇਰੀ ਹੀ ਕਲਾ ਹੈ; ਇਹ ਭਉ ਜੋ ਸੁਖਾਂ ਦਾ ਮੂਲ ਹੈ, ਇਹ ਭੀ ਤੇਰੀ ਕੁਦਰਤ ਹੈ। ਪਤਾਲਾਂ ਤੇ ਅਕਾਸ਼ਾਂ ਵਿੱਚ ਤੇਰੀ ਹੀ ਕੁਦਰਤ ਹੈ, ਇਹ ਸਾਰਾ ਅਕਾਰ (ਭਾਵ, ਇਹ ਸਾਰਾ ਜਗਤ ਜੋ ਦਿੱਸ ਰਿਹਾ ਹੈ) ਤੇਰੀ ਹੀ ਅਚਰਜ ਖੇਡ ਹੈ।

ਵੇਦ, ਪੁਰਾਣ ਤੇ ਕਤੇਬਾਂ, (ਹੋਰ ਭੀ) ਸਾਰੀ ਵਿਚਾਰ-ਸੱਤਾ ਤੇਰੀ ਹੀ ਕਲਾ ਹੈ; (ਜੀਵਾਂ ਦਾ) ਖਾਣ, ਪੀਣ, ਪੈਨ੍ਹਣ (ਦਾ ਵਿਹਾਰ) ਅਤੇ (ਜਗਤ ਵਿਚ) ਸਾਰਾ ਪਿਆਰ (ਦਾ ਜਜ਼ਬਾ) ਇਹ ਸਭ ਤੇਰੀ ਕੁਦਰਤ ਹੈ।

ਜਾਤਾਂ ਵਿਚ, ਜਿਨਸਾਂ ਵਿਚ, ਰੰਗਾਂ ਵਿਚ, ਜਗਤ ਦੇ ਜੀਵਾਂ ਵਿੱਚ ਤੇਰੀ ਹੀ ਕੁਦਰਤ ਵਰਤ ਰਹੀ ਹੈ, (ਜਗਤ ਵਿਚ) ਕਿਤੇ ਭਲਾਈ ਦੇ ਕੰਮ ਹੋ ਰਹੇ ਹਨ, ਕਿਤੇ ਵਿਕਾਰ ਹਨ; ਕਿਤੇ ਕਿਸੇ ਦਾ ਆਦਰ ਹੋ ਰਿਹਾ ਹੈ, ਕਿਤੇ ਅਹੰਕਾਰ ਪਰਧਾਨ ਹੈ—ਇਹ ਤੇਰਾ ਅਚਰਜ ਕੌਤਕ ਹੈ।

ਪਉਣ, ਪਾਣੀ, ਅੱਗ, ਧਰਤੀ ਦੀ ਖ਼ਾਕ (ਆਦਿਕ ਤੱਤ), ਇਹ ਸਾਰੇ ਤੇਰਾ ਹੀ ਤਮਾਸ਼ਾ ਹਨ। (ਹੇ ਪ੍ਰਭੂ !) ਸਭ ਤੇਰੀ ਕਲਾ ਵਰਤ ਰਹੀ ਹੈ, ਤੂੰ ਕੁਦਰਤ ਦਾ ਮਾਲਕ ਹੈਂ, ਤੂੰ ਹੀ ਇਸ ਖੇਲ ਦਾ ਰਚਨਹਾਰ ਹੈਂ, ਤੇਰੀ ਵਡਿਆਈ ਸੁੱਚੀ ਤੋਂ ਸੁੱਚੀ ਹੈ, ਤੂੰ ਆਪ ਪਵਿੱਤਰ (ਹਸਤੀ ਵਾਲਾ) ਹੈਂ।

ਹੇ ਨਾਨਕ ! ਪ੍ਰਭੂ (ਇਸ ਸਾਰੀ ਕੁਦਰਤ ਨੂੰ) ਆਪਣੇ ਹੁਕਮ ਵਿੱਚ (ਰੱਖ ਕੇ) (ਸਭ ਦੀ) ਸੰਭਾਲ ਕਰ ਰਿਹਾ ਹੈ, (ਤੇ ਸਭ ਥਾਈਂ, ਇਕੱਲਾ) ਆਪ ਹੀ ਆਪ ਮੌਜੂਦ ਹੈ। ੨।

ਇਸ ਸ਼੍ਰੇਣੀ ਦੇ ਵਿਦਵਾਨ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢਲੇ ਗੁਰਵਾਕ “ਆਦਿ ਸਚੁ ਜੁਗਾਦਿ ਸਚੁ।। ਹੈ ਭਿ ਸਚੁ ਨਾਨਕ ਹੋਸੀ ਭਿ ਸਚੁ।। “ ਦੁਆਰਾ ਕਰਤਾਪੁਰਖੁ ਦੀ ਪ੍ਰਗਟ ਹੁੰਦੀ ਅਕਾਲ-ਮੂਰਤੀ ਹੋਂਦ ਤੋਂ ਮਨੁਕਰ ਹੋਣ ਦੇ ਰਾਹ ਪੈ ਕੇ ਗੁਰੂ ਨਾਨਕ-ਸਰੂਪ ਦਸ ਗੁਰੂ ਸਾਹਿਬਾਨ ਦੇ ਰੂਪ ਵਿੱਚ ‘ਗੁਰੂ` ਦੀ ਨਿਵੇਕਲੀ ਹੋਂਦ ਮੰਨਣ ਤੋਂ ਵੀ ਇਨਕਾਰੀ ਹੋ ਰਹੇ ਹਨ। ਇਹੀ ਕਾਰਣ ਹੈ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਂ ਨਾਲ ‘ਗੁਰੂ` ਵਿਸ਼ੇਸ਼ਣ ਲਾਉਣਾ ਮੁਸ਼ਕਲ ਹੋ ਰਿਹਾ ਹੈ। ਇਸ ਲਈ ਉਹ ਗੁਰੂ ਸਾਹਿਬ ਜੀ ਨੂੰ ‘ਬਾਬਾ ਨਾਨਕ` ਜਾਂ ‘ਨਾਨਕ ਪਾਤਸ਼ਾਹ` ਆਖਣ ਲੱਗ ਪਏ ਹਨ। ਹੋਰ ਹਾਨੀਕਾਰਕ ਪੱਖ ਇਹ ਹੈ ਕਿ ਉਪਰੋਕਤ ਨੁਕਤੇ ਨੂੰ ਅਧਾਰ ਬਣਾ ਕੇ ਬਚਿਤ੍ਰ ਨਾਟਕ (ਦਸਮ ਗ੍ਰੰਥ) ਨੂੰ ਗੁਰੂ ਦਾ ਦਰਜਾ ਦੇਣ ਵਾਲੇ ਕੁੱਝ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਪੋਥੀ ਸਾਹਿਬ` ਪ੍ਰਚਾਰਣਾ ਸ਼ੁਰੂ ਕਰ ਦਿੱਤਾ ਹੈ।

ਰੱਬ ਅਤੇ ਗੁਰੂ ਦੀ ਨਿਵੇਕਲੀ ਹੋਂਦ ਤੋਂ ਮਨੁਕਰ ਹੋਣ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਬਖ਼ਸ਼ਿਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ “ੴ ਤੋਂ ਗੁਰਪ੍ਰਸਾਦਿ” ਤੱਕ ਦਾ ਆਦਿ ਮੰਗਲਾਚਰਨ ਧਿਆਨ ਵਿੱਚ ਰੱਖ ਕੇ ਉਨ੍ਹਾਂ ਦਾ ਆਸਾ ਦੀ ਵਾਰ ਵਿੱਚਲਾ ਹੇਠ ਲਿਖਿਆ ਐਲਾਨ-ਨਾਮਾ ਗਹੁ ਤੇ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ:

ਬਿਨੁ ਸਤਿਗੁਰ, ਕਿਨੈ ਨ ਪਾਇਓ; ਬਿਨੁ ਸਤਿਗੁਰ, ਕਿਨੈ ਨ ਪਾਇਆ।। ਸਤਿਗੁਰ ਵਿਚਿ, ਆਪੁ ਰਖਿਓਨੁ; ਕਰਿ ਪਰਗਟੁ ਆਖਿ ਸੁਣਾਇਆ।। ਸਤਿਗੁਰ ਮਿਲਿਐ, ਸਦਾ ਮੁਕਤੁ ਹੈ; ਜਿਨਿ, ਵਿਚਹੁ ਮੋਹੁ ਚੁਕਾਇਆ।। ਉਤਮੁ ਏਹੁ ਬੀਚਾਰੁ ਹੈ; ਜਿਨਿ, ਸਚੇ ਸਿਉ ਚਿਤੁ ਲਾਇਆ।। ਜਗਜੀਵਨੁ ਦਾਤਾ ਪਾਇਆ।। ੬।। {ਅੰ. ੪੬੬}

ਅਰਥ : —ਕਿਸੇ ਮਨੁੱਖ ਨੂੰ ( ‘ਜਗ ਜੀਵਨੁ ਦਾਤਾ`) ਸਤਿਗੁਰ ਤੋਂ ਬਿਨਾ (ਭਾਵ, ਸਤਿਗੁਰੂ ਦੀ ਸ਼ਰਨ ਪੈਣ ਤੋਂ ਬਿਨਾ) ਨਹੀਂ ਮਿਲਿਆ, (ਇਹ ਸੱਚ ਜਾਣੋ ਕਿ) ਕਿਸੇ ਮਨੁੱਖ ਨੂੰ ਸਤਿਗੁਰ ਦੀ ਸ਼ਰਨ ਪੈਣ ਤੋਂ ਬਿਨਾ ( ‘ਜਗ ਜੀਵਨ ਦਾਤਾ`) ਨਹੀਂ ਮਿਲਿਆ। (ਕਿਉਂਕਿ ਪ੍ਰਭੂ ਨੇ) ਆਪਣੇ ਆਪ ਨੂੰ ਰੱਖਿਆ ਹੀ ਸਤਿਗੁਰੂ ਦੇ ਅੰਦਰ ਹੈ, (ਭਾਵ, ਪ੍ਰਭੂ ਗੁਰੂ ਦੇ ਅੰਦਰ ਸਾਖਿਆਤ ਹੋਇਆ ਹੈ) (ਅਸਾਂ ਹੁਣ ਇਹ ਗੱਲ ਸਭ ਨੂੰ) ਖੁਲ੍ਹਮ-ਖੁਲ੍ਹਾ ਆਖ ਕੇ ਸੁਣਾ ਦਿੱਤੀ ਹੈ। ਜੇ (ਇਹੋ ਜਿਹਾ) ਗੁਰੂ, ਜਿਸ ਨੇ ਆਪਣੇ ਅੰਦਰੋਂ (ਮਾਇਆ ਦਾ) ਮੋਹ ਦੂਰ ਕਰ ਦਿੱਤਾ ਹੈ, ਮਨੁੱਖ ਨੂੰ ਮਿਲ ਪਏ ਤਾਂ ਮਨੁੱਖ ਮੁਕਤ (ਭਾਵ, ਮਾਇਕ ਬੰਧਨਾਂ ਤੋਂ ਅਜ਼ਾਦ) ਹੋ ਜਾਂਦਾ ਹੈ। (ਹੋਰ ਸਾਰੀਆਂ ਸਿਆਣਪਾਂ ਨਾਲੋਂ) ਇਹ ਵਿਚਾਰ ਸੋਹਣੀ ਹੈ ਕਿ ਜਿਸ ਮਨੁੱਖ ਨੇ ਆਪਣੇ ਗੁਰੂ ਨਾਲ ਚਿੱਤ ਜੋੜਿਆ ਹੈ ਉਸ ਨੂੰ ਜਗ-ਜੀਵਨ ਦਾਤਾ ਮਿਲ ਪਿਆ ਹੈ। ੬।

ਸਪਸ਼ਟ ਹੈ ਕਿ ਮਾਇਆ ਦੇ ਮੋਹ ਤੋਂ ਮੁਕਤ ਹੋਣ ਕਾਰਣ ਜਿਸ ਵਡਭਾਗੇ ਵਿਅਕਤੀ ਦੇ ਅੰਦਰ ਅਕਾਲਪੁਰਖੁ ਆਪਣੇ ਗੁਣਾਤਮਿਕ ਰੂਪ ਵਿੱਚ ਪ੍ਰਗਟ ਹੁੰਦਾ ਹੈ, ਉਹ ਗੁਰੂ ਹੈ ਅਤੇ ਉਸ ਦੀ ਸੰਗਤ ਕਾਰਨ ਵਾਲਾ ਮਨੁੱਖ ਵੀ ਵਿਕਾਰੀ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਹਜ਼ੂਰ ਨੇ ਆਪਣੇ ਪੰਜਵੇਂ ਸਰੂਪ ਵਿੱਚ ਇਸ ਪੱਖ ਨੂੰ ਹੋਰ ਸਰਲਾਂ ਸ਼ਬਦਾਂ ਵਿੱਚ ਇਉਂ ਆਖਿਆ ਹੈ:

ਸਤਿ ਪੁਰਖੁ, ਜਿਨਿ ਜਾਨਿਆ; ਸਤਿਗੁਰੁ ਤਿਸ ਕਾ ਨਾਉ।।

ਤਿਸ ਕੈ ਸੰਗਿ, ਸਿਖੁ ਉਧਰੈ; ਨਾਨਕ! ਹਰਿ ਗੁਨ ਗਾਉ।। (ਅੰ. ੨੮੬)

ਸਾਡੇ ਦਸ ਗੁਰੂ ਸਾਹਿਬਾਨ ਉਪਰੋਕਤ ਕੋਟੀ ਦੇ ਰੱਬ-ਰੂਪ ਗੁਰੂ ਸਨ। ਜਦੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਹੇਠ ਲਿਖੇ ਬਚਨਾਂ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਪ੍ਰਗਟ ਕਰਦੇ ਹਨ ਤਾਂ ਕਿਸੇ ਪ੍ਰਕਾਰ ਦੀ ਸ਼ੰਕਾ ਨਹੀਂ ਰਹਿ ਜਾਂਦੀ। ਹਜ਼ੂਰ ਦੇ ਫ਼ਰਮਾਨ ਹਨ:

ਸਭੇ ਇਛਾ ਪੂਰੀਆ, ਜਾ ਪਾਇਆ ਅਗਮ ਅਪਾਰਾ।।

ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ; ਤੇਰਿਆ ਚਰਣਾ ਕਉ ਬਲਿਹਾਰਾ।। {ਅੰ. ੭੪੬}

ਅਰਥ : —ਹੇ ਅਪਹੁੰਚ ਪ੍ਰਭੂ ! ਹੇ ਬੇਅੰਤ ਪ੍ਰਭੂ ! ਜਦੋਂ (ਕਿਸੇ ਵਡ-ਭਾਗੀ ਨੂੰ) ਤੂੰ ਮਿਲ ਪੈਂਦਾ ਹੈਂ, ਉਸ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਜਾਂਦੀਆਂ ਹਨ (ਉਸ ਨੂੰ ਕੋਈ ਥੁੜ ਨਹੀਂ ਰਹਿ ਜਾਂਦੀ, ਉਸ ਦੀ ਤ੍ਰਿਸਨਾ ਮੁੱਕ ਜਾਂਦੀ ਹੈ)। ਹੇ ਪ੍ਰਭੂ ! ਮੈਂ ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਹੇ ਭਾਈ ! ਜਿਸ ਮਨੁੱਖ ਨੂੰ ਗੁਰੂ ਨਾਨਕ ਮਿਲ ਪਿਆ, ਉਸ ਨੂੰ ਪਰਮਾਤਮਾ ਮਿਲ ਪਿਆ।

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ; ਸਾਰ ਨ ਜਾਣਾ ਤੇਰੀ।। ਸਭ ਤੇ ਵਡਾ ਸਤਿਗੁਰੁ ਨਾਨਕੁ; ਜਿਨਿ, ਕਲ ਰਾਖੀ ਮੇਰੀ।। (ਅੰ. ੭੫੦)

ਅਰਥ : — ਹੇ ਮੇਰੇ ਮਾਲਕ-ਪ੍ਰਭੂ ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿੱਚ ਸੁਰਤਿ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ। ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿੱਚ ਜੋੜ ਦਿੱਤਾ)।

ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤੋਂ ਵਰੋਸਾਏ ਤੇ ਗੁਰੂ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹ ਕੇ ਬੰਧਨ ਮੁਕਤ ਹੋਏ ਭੱਟ ਸਾਹਿਬਾਨ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ ਗੁਰਮਤਿ ਦੇ ਮੁੱਢਲੇ ਤੇ ਪ੍ਰਮਾਣੀਕ ਵਿਆਖਿਆਕਾਰ, ਗੁਰੂ ਨਾਨਕ ਪਾਤਸ਼ਾਹ ਅਤੇ ਉਨ੍ਹਾਂ ਦੇ ਸਰੂਪ ਬਾਕੀ ਗੁਰੂ ਸਾਹਿਬਾਨ ਦੇ ਨਾਵਾਂ ਨਾਲ ‘ਗੁਰੂ` ਜਾਂ ‘ਸਤਿਗੁਰੂ` ਵਿਸ਼ੇਸ਼ਣ ਲਗਾਉਣ ਕਦੇ ਵੀ ਸੰਕੋਚ ਨਹੀ ਕੀਤਾ। ਇਸ ਪੱਖੋਂ ਦਰਜਨਾਂ ਪ੍ਰਮਾਣ ਪੇਸ਼ ਕੀਤੇ ਜਾ ਸਕਦੇ ਹਨ। ਜਿਵੇਂ:

ਸਤਿਗੁਰੂ ਧੰਨੁ ਨਾਨਕੁ, ਮਸਤਕਿ ਤੁਮ ਧਰਿਓ ਜਿਨਿ ਹਥੋ।। (ਭਟ ਕਲ੍ਯ੍ਯ, ਅੰ. ੧੩੯੧)

ਸਤਿਗੁਰ ਨਾਨਕ ਦੇਉ, ਗੁਰਾ ਗੁਰੁ ਹੋਇਆ। (ਭਾਈ ਗੁਰਦਾਸ ਜੀ, ਵਾਰ ੩ ਪਉੜੀ ੧੨)

ਇਹ ਵੀ ਇੱਕ ਸੱਚ ਹੈ ਕਿ ਮਾਇਆ ਮੋਹ ਤੋਂ ਮੁਕਤ ਹੋਈ ਗੁਰੂ ਸ਼ਖਸੀਅਤ ਅੰਦਰ ਕਿਸੇ ਵੀ ਕਿਸਮ ਦੀ ਵਿਅਕਤੀਗਤ ਹਉਂ ਵੀ ਨਹੀਂ ਰਹਿੰਦੀ। ਉਸ ਅੰਦਰ ਗੁਰੂ ਨਾਨਕ ਸਾਹਿਬ ਵਾਂਗ ਇਹੀ ਇੱਛਾ ਪ੍ਰਬਲ ਹੋਈ ਰਹਿੰਦੀ ਹੈ ਕਿ: “ਨਾ ਹਉ, ਨਾ ਮੈ, ਨਾ ਹਉ ਹੋਵਾ; ਨਾਨਕ! ਸਬਦੁ ਵੀਚਾਰਿ।। “ (ਅੰ. ੧੩੯) ਉਹ ਇਹ ਹਕੀਕਤ ਵੀ ਸਮਝ ਲੈਂਦੇ ਹਨ ਕਿ ਜਿਵੇਂ ਕੋਈ ਪਾਣੀ ਨੂੰ ਸੰਭਾਲਣ ਲਈ ਘੜ੍ਹਾ ਲੋੜੀਂਦਾ ਹੈ, ਪਰ ਪਿਆਸੇ ਦੀ ਪਿਆਸ ਪਾਣੀ ਹੀ ਮਿਟਾਉਂਦਾ ਹੈ, ਘੜ੍ਹਾ ਨਹੀਂ। ਤਿਵੇਂ “ਗੁਰ ਕਾ ਸਬਦੁ, ਗੁਰ ਥੈ ਟਿਕੈ; ਹੋਰ ਥੈ, ਪਰਗਟੁ ਨ ਹੋਇ।। “ (ਅੰ. ੧੨੪੯) ਗੁਰਵਾਕ ਮੁਤਾਬਿਕ ਆਦਿ ਗੁਰੂ ਨਿਰੰਕਾਰ ਦਾ ਸ਼ਬਦ ਅ੍ਰਥਾਤ ਗਿਆਨ ਟਿਕਾਉਣ ਅਤੇ ਬਾਣੀ ਤੇ ਕਰਣੀ ਰੂਪ ਵਿੱਚ ਪ੍ਰਗਟਾਉਣ ਲਈ ਸਰੀਰ ਦੀ ਲੋੜ ਹੈ। ਪਰ, ਜਗਿਆਸੂ-ਜਨਾਂ ਦੀ ਰੱਬੀ ਪਿਆਸ ਗੁਰੂ ਸ਼ਬਦ ਨੇ ਮਿਟਾਉਣੀ ਹੈ। ਸਰੀਰ ਦਾ ਮਹਤਵ ਤਾਂ ਘੜ੍ਹੇ ਵਰਗਾ ਹੈ, ਜੋ ਕਾਲ ਦੇ ਠਨਕੇ ਨਾਲ ਕਦੇ ਵੀ ਟੁੱਟ ਭੱਜ ਸਕਦਾ ਹੈ। ਇਸ ਲਈ ਉਹ ਸਰੀਰ ਨੂੰ ਸੰਬੋਧਨ ਹੋ ਕੇ ਗੁਰੂ ਨਾਨਕ ਸਾਹਿਬ ਵਾਂਗ ਅਜਿਹੇ ਬਚਨ ਕਰਦੇ ਰਹਿੰਦੇ ਹਨ: ਤੂੰ ਕਾਇਆ, ਮੈ ਰੁਲਦੀ ਦੇਖੀ; ਜਿਉ, ਧਰ ਉਪਰਿ ਛਾਰੋ।। (ਅੰ. ੧੫੪)

ਇਹੀ ਕਾਰਣ ਹੈ ਕਿ ਗੁਰੂ ਅਵਸਥਾ ਨੂੰ ਪ੍ਰਾਪਤ ਸ਼ਖ਼ਸੀਅਤਾਂ, ਸਰੀਰ ਨੂੰ ਗੁਰੂ ਕਹਿ ਕੇ ਪੁਜਵਾਉਣ ਦੀ ਥਾਂ ਗੁਰ ਗਿਆਨ ਸਰੂਪ ਸ਼ਬਦ ਬਾਣੀ ਨੂੰ ਗੁਰੂ ਕਹਿ ਕੇ ਸਤਿਕਾਰਦੇ ਹਨ। ਜਿਵੇਂ, ਪ੍ਰਸਿੱਧ ਗੁਰਵਾਕ ਹੈ:

ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ।। ਗੁਰੁ ਬਾਣੀ ਕਹੈ, ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ।। (ਅੰ. ੯੮੨)

ਅਰਥ : — (ਹੇ ਭਾਈ ! ਗੁਰੂ ਦੀ) ਬਾਣੀ (ਸਿੱਖ ਦਾ) ਗੁਰੂ ਹੈ, ਗੁਰੂ ਬਾਣੀ ਵਿੱਚ ਮੌਜੂਦ ਹੈ। (ਗੁਰੂ ਦੀ) ਬਾਣੀ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿਚ) ਸਾਂਭ ਰੱਖਦਾ ਹੈ। ਗੁਰੂ ਬਾਣੀ ਉਚਾਰਦਾ ਹੈ, (ਗੁਰੂ ਦਾ) ਸੇਵਕ ਉਸ ਬਾਣੀ ਉਤੇ ਸਰਧਾ ਧਾਰਦਾ ਹੈ। ਗੁਰੂ, ਉਸ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।

ਆਮ ਜਨਤਾ ਨੂੰ ਕਿਸੇ ਦੀਵਾਰ `ਤੇ ਇਸ਼ਤਿਹਾਰ ਆਦਿਕ ਲਗਾਉਣ ਲਈ ਮਨ੍ਹਾ ਕਰਨਾ ਹੋਵੇ ਤਾਂ ਉਥੇ ਲਿਖਣਾ ਪੈਂਦਾ ਹੈ “ਇਥੇ ਇਸ਼ਤਿਹਾਰ ਲਗਾਉਣਾ ਮਨ੍ਹਾ ਹੈ”। ਭਾਵੇਂ ਕਿ ਆਪਣੇ ਆਪ ਵਿੱਚ ਉਹ ਲਿਖਤ ਵੀ ਇੱਕ ਇਸ਼ਤਿਹਾਰ ਹੀ ਹੁੰਦਾ ਹੈ। ਇਸੇ ਤਰ੍ਹਾਂ ਸਾਡੇ ਦਸ ਗੁਰੂ ਸਾਹਿਬਾਨ ਦੇ ਵਿਅਕਤਵ, ਲੋਕਾਈ ਨੂੰ ਰੱਬੀ ਗਿਆਨ ਕਰਾਉਣ ਤੇ ਸ਼ਬਦ ਗੁਰੂ ਦੀ ਸਚਾਈ ਨੂੰ ਸਮਝਾਉਣ ਲਈ ਦੀਵਾਰ `ਤੇ ਮਨਾਹੀ ਦੇ ਇਸ਼ਤਿਹਾਰ ਵਾਂਗ ਹੀ ਸਨ। ਕਿਉਂਕਿ, ਮਨੁੱਖਤਾ ਨੂੰ ਮਨੁੱਖੀ ਭਾਸ਼ਾ ਵਿੱਚ ਹੀ ਕੋਈ ਸਚਾਈ ਸਮਝਾਈ ਜਾ ਸਕਦੀ ਹੈ, ਹੋਰ ਕੋਈ ਚਾਰਾ ਨਹੀਂ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਿੱਖੀ ਵਿੱਚ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਦਾ ਲਈ ਖ਼ਤਮ ਕਰਕੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕਰਨਾ, ਉਪਰੋਕਤ ਸਚਾਈ ਦਾ ਅਕੱਟ ਪ੍ਰਮਾਣ ਹੈ। ਸਤਿਗੁਰੂ ਜੀ ਦੇ ਇਸ ਉਪਕਾਰੀ ਉਪਰਾਲੇ ਤੇ ਦੂਰਦਰਸ਼ੀ ਅੰਤਮ ਹੁਕਮ ਨੂੰ ਆਪਣੀ ਸਿਮ੍ਰਤੀ ਦਾ ਅੰਗ ਬਣਾਈ ਰੱਖਣ ਲਈ ਹੀ ਪੰਥ ਵਿੱਚ ਹਰੇਕ ਦੀਵਾਨ ਦੀ ਸਮਾਪਤੀ ਵੇਲੇ ਗਿਆਨੀ ਗਿਆਨ ਸਿੰਘ ਜੀ ਰਚਿਤ ਹੇਠ ਲਿਖਿਆ ਦੋਹਰਾ ਦਹੁਰਾਉਣ ਦੀ ਪਰੰਪਰਾ ਕਾਇਮ ਹੋਈ ਹੈ:

ਆਗਿਆ ਭਾਈ ਅਕਾਲ ਕੀ, ਤਬੀ ਚਲਾਇਓ ਪੰਥ।

ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। (ਪੰਥ ਪ੍ਰਕਾਸ਼)

ਇਥੇ ਪਹੁੰਚ ਕਿ ਪ੍ਰਚਾਰਿਆ ਜਾ ਰਿਹਾ ਉਹ ਖ਼ਿਆਲ ਵੀ ਥੋਥਾ ਤੇ ਗੁੰਮਰਾਹਕੁੰਨ ਜਾਪਣ ਲਗਦਾ ਹੈ ਕਿ ਸ਼ਬਦ-ਗੁਰੂ ਉਹ ਧੁਨੀ ਹੈ, ਜਿਹੜੀ ਸੰਸਾਰ ਦੀ ਸਿਰਜਨਾ ਦੇ ਆਰੰਭ ਵਿੱਚ ਹੋਈ। ਕਿਉਂਕਿ, ਐਸੀ ਕੋਈ ਵੀ ਧੁਨੀ (ਅਵਾਜ਼) ਜਿਹੜੀ ਕਿਸੇ ਮਨੁਖੀ ਭਾਸ਼ਾ ਵਿੱਚ ਕੁੱਝ ਸਮਝਾਉਣ ਦੇ ਸਮਰਥ ਨਹੀਂ, ਉਹ ਮਨੁੱਖਤਾ ਨੂੰ ਅਗਵਾਈ ਦੇਣ ਵਾਲੀ ਗੁਰੂ ਨਹੀਂ ਮੰਨੀ ਜਾ ਸਕਦੀ। ਅਜਿਹੀ ਵਿਚਾਰਧਾਰਾ ਤਾਂ ਗੁਰਸਿੱਖਾਂ ਨੂੰ ਗੁਰਬਾਣੀ ਤੋਂ ਦੂਰ ਕਰਨ ਵਾਲੀ ਇੱਕ ਚਾਲ ਹੀ ਮੰਨੀ ਜਾ ਸਕਦੀ ਹੈ।

ਇਸ ਲਈ ਮੈਂ ਅੰਤ ਵਿੱਚ ਆਪਣੇ ਅਤਿ ਸਤਿਕਾਰਯੋਗ ਤੇ ਪਿਆਰੇ ਗੁਰਸਿੱਖ ਵਿਦਵਾਨ ਪ੍ਰਚਾਰਕਾਂ ਤੇ ਨਵੀਨ ਲੇਖਕਾਂ ਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਕਰਨੀ ਚਹੁੰਦਾ ਹਾਂ ਕਿ ਗੁਰਬਾਣੀ ਦੇ ਪਾਠ, ਗਾਇਨ ਤੇ ਵੀਚਾਰ ਦੁਆਰਾ ਰੱਬੀ ਹੁਕਮ ਨੂੰ ਬੁੱਝਦਿਆਂ ਸਚਿਆਰ ਹੋਣ ਅਤੇ ਦੈਵੀ ਗੁਣ ਗ੍ਰਹਿਣ ਕਰਕੇ ਜੀਊਣ ਦੀ ਪ੍ਰੇਰਨਾ ਜਮ ਜਮ ਕਰੋ। ਕਿਉਂਕਿ, ਮਨੁਖੀ ਭਾਈਚਾਰੇ ਨੂੰ ਦੰਭੀ ਗੁਰੂਆਂ ਦੇ ਮੱਕੜ ਜਾਲ ਦੀਆਂ ਰੱਬੀ ਮਿਲਾਪ ਵਾਲੀਆਂ ਕਥਿਤ ਜੋਗ-ਜੁਗਤੀਆਂ ਅਤੇ ਮਾਲਾ ਵਾਲੇ ਗਿਣਤੀ ਦੇ ਜਾਪ ਚਕ੍ਰਵਿਊ ਚੋਂ ਕੱਢਣ ਲਈ ਐਸਾ ਉਦਮ ਅਤਿਅੰਤ ਲੁੜੀਂਦਾ ਹੈ। ਪਰ, ਪਾਠਕਾਂ ਤੇ ਸ੍ਰੋਤਿਆਂ ਦੀ ਸੁਰਤਿ ਨੂੰ ਹੁਕਮ ਸਾਜਣ ਵਾਲੇ ਗੁਣਨਿਧਾਨ ਹੁਕਮੀ ਪ੍ਰਭੂ ਨਾਲ ਜੋੜਣ ਅਤੇ ਗੁਰਪ੍ਰਸਾਦਿ ਦੇ ਪਾਤਰ ਬਣਾਈ ਰੱਖਣ ਲਈ ਉਨ੍ਹਾਂ ਅੰਦਰ ਇਹ ਭਾਵਨਾ ਭਰਨੀ ਵੀ ਅਤਿਅੰਤ ਜ਼ਰੂਰੀ ਹੈ ਕਿ ਉਹ ਜਪਦੇ ਰਹਿਣ “ਸਭਿ ਗੁਣ ਤੇਰੇ ਮੈ ਨਾਹੀ ਕੋਇ।। ਵਿਣੁ ਗੁਣ ਕੀਤੇ ਭਗਤਿ ਨ ਹੋਇ।।” (ਜਪੁ, ਅੰ. ੫) ਪ੍ਰਭੂ ਜੀ! ਮੇਰੀ ਕੋਈ ਪਾਂਇਆਂ ਨਹੀਂ ਕਿ ਮੈਂ ਆਪਣੇ ਬਲਬੋਤੇ ਤੇਰੇ ਗੁਣ ਗਾ ਸਕਾਂ। ਜੇ ਮੈਂ ਗੁਣ ਗਾਉਂਦਾ ਹੋਇਆ ਤੇਰੇ ਗੁਣ ਗ੍ਰਹਿਣ ਕਰ ਰਿਹਾਂ ਹਾਂ ਤਾ ਇਹ ਸਭ ਤੇਰੀਆਂ ਹੀ ਵਡਿਆਈਆਂ (ਮਿਹਰਾਂ) ਹਨ। ਕਿਉਂਕਿ, ਜੇ ਤੂੰ ਆਪ ਆਪਣੇ ਗੁਣ ਮੇਰੇ ਵਿੱਚ ਪੈਦਾ ਨਾ ਕਰੇ ਤਾਂ ਮੈਥੋਂ ਤੇਰੀ ਭਗਤੀ ਹੋ ਸਕਣੀ ਅਸੰਭਵ ਹੈ।

ਕੁਦਰਤਿ ਕਰਿ ਕੈ ਵਸਿਆ ਸੋਇ।। (ਅੰ. ੮੩) ਗੁਰਵਾਕ ਦੀ ਰੌਸ਼ਨੀ ਵਿੱਚ ਪਾਠਕਾਂ ਤੇ ਸ੍ਰੋਤਿਆਂ ਨੂੰ ਕੁਦਰਤੀ ਨਿਯਮਾਂ ਨੂੰ ਖੋਜਣ ਤੇ ਸਮਝ ਕੇ ਜੀਊਣ ਦੀ ਪ੍ਰੇਰਨਾ ਕਰੋ; ਮੁਬਾਰਕ। ਕਿਉਂਕਿ, ਕਰਤੇ ਕੁਦਰਤੀ ਮੁਸਤਾਕੁ।। (ਅੰਗ ੭੨੪) ਗੁਰਵਾਕ ਦੇ ਰੂਪ ਵਿੱਚ ਸਤਿਗੁਰਾਂ ਦਾ ਕਥਨ ਹੈ: ਹੇ ਕਰਤਾਰ! ਤੇਰੀ ਕੁਦਰਤ ਨੂੰ ਸਮਝ ਕੇ ਹੀ ਮੈਂ ਤੇਰੇ ਦਰਸ਼ਨਾਂ ਦਾ ਅਭਿਲਾਖੀ ਬਣਿਆ ਹਾਂ। ਇਹ ਵੀ ਸੱਚ ਹੈ ਕਿ ਵਿਗਿਆਨੀਆਂ ਨੇ ਮਨੁਖਤਾ ਲਈ ਜਿਨ੍ਹੀਆਂ ਵੀ ਸੁਖ ਸਹੂਲਤਾਂ ਪੈਦਾ ਕੀਤੀਆਂ ਹਨ, ਉਹ ਕੁਦਰਤੀ ਨਿਯਮਾਂ ਨੂੰ ਸਮਝਣ ਦਾ ਹੀ ਸਿੱਟਾ ਹਨ। ਪ੍ਰੰਤੂ, ਗੁਰਮਤਿ ਦ੍ਰਿਸ਼ਟੀਕੋਨ ਤੋਂ ਇਸ ਨਾਲੋਂ ਵੀ ਜ਼ਰੂਰੀ ਹੈ ਹੇਠ ਲਿਖੇ ਗੁਰਵਾਕ ਦੁਆਰਾ ਸਤਿਸੰਗੀਆਂ ਨੂੰ ਕੁਦਰਤ ਦੇ ਕਾਦਰ ਕਰੀਮ ਕਰਤੇ ਦੀ ਯਾਦ ਦਿਵਾਉਣਾ, ਜੋ ਆਪਣੀ ਸਾਰੀ ਰਚਨਾ ਨੂੰ ਹੁਕਮ ਵਿੱਚ ਰੱਖ ਕੇ ਬਗੀਚੇ ਦੇ ਮਾਲੀ ਵਾਂਗ ਦੇਖ-ਭਾਲ ਕਰ ਰਿਹਾ ਹੈ:

ਸਭ ਤੇਰੀ ਕੁਦਰਤਿ, ਤੂੰ ਕਾਦਿਰੁ ਕਰਤਾ; ਪਾਕੀ ਨਾਈ ਪਾਕੁ।।

ਨਾਨਕ! ਹੁਕਮੈ ਅੰਦਰਿ ਵੇਖੈ; ਵਰਤੈ ਤਾਕੋ ਤਾਕੁ।। (ਅੰ. ੪੬੪)

ਮਨੁੱਖੀ ਜ਼ਿੰਦਗੀ ਦੀ ਵੱਡੀ ਸਮਸਿਆ ਹੀ ਇਹੀ ਹੈ ਕਿ ਉਹ ਅਗਿਆਨਤਾ ਵੱਸ ਕਰਤਾਪੁਰਖ ਨੂੰ ਭੁੱਲ ਕੇ ਆਪਣੇ ਆਪ ਨੂੰ ਹੀ ਸਭ ਕੁੱਝ ਕਰਨ ਦੇ ਸਮਰਥ ਸਮਝਣ ਲਗਦਾ ਹੈ ਤੇ ਇਹ ਅਭਿਮਾਨ ਉਸ ਅੰਦਰੋਂ ਕਦੇ ਦੂਰ ਨਹੀਂ ਹੁੰਦਾ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਣ ਵਿੱਚ ਇਸੇ ਲਈ ਆਉਂਦੇ ਹਾਂ ਕਿ ਮੂਲਮੰਤਰ ਅੰਦਰਲੇ ਕਰਤਾਪੁਰਖੁ ਦੇ ਸਿਧਾਂਤ ਨੂੰ ਸਮਝਦਿਆਂ ਕਰਤੇ ਹੋਣ ਦਾ ਅਭਿਮਾਨ ਮਿਟਾ ਕੇ ਸਦਾ ਲਈ ਗੁਰਪ੍ਰਸਾਦਿ ਦੇ ਪਾਤਰ ਬਣੇ ਰਹੀਏ। ਤਾਂ ਕਿ ਸਾਡੇ ਅੰਦਰ ਵੀ “ਕਬੀਰ! ਤੂੰ ਤੂੰ ਕਰਤਾ ਤੂ ਹੂਆ, ਮੁਝ ਮਹਿ ਰਹਾ ਨ ਹੂੰ।। “ (੧੩੭੫) ਗੁਰਵਾਕ ਵਾਲਾ ਅਨੁਭਵੀ ਅਜਪਾ ਜਾਪ ਸ਼ੁਰੂ ਹੋ ਜਾਵੇ। ਪਰ, ਜੇਕਰ ਅਸੀਂ ਕਾਮਰੇਡਾਂ ਵਾਂਗ ਕੇਵਲ ਇਹੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਕਿ ਕੁਦਰਤ ਅਥਵਾ ਕੁਦਰਤੀ ਨਿਯਮ ਹੀ ਸਭ ਕੁੱਝ ਹਨ। ਇਹੀ ਰੱਬ ਹੈ, ਹੋਰ ਕੁੱਝ ਨਹੀਂ; ਤਾਂ ਇਸ ਮੂਰਖਤਾ ਕਾਰਨ ਸਾਡੇ ਪੱਲੇ ਵਿਕਾਰੀ ਖ਼ੁਆਰੀ ਤੋਂ ਬਗੈਰ ਹੋਰ ਕੁੱਝ ਨਹੀਂ ਬਚੇਗਾ। ਇਹ ਤਾਂ ਸਿੱਖੀ ਦੀਆਂ ਜੜ੍ਹਾਂ ਤੇ ਆਪ ਹੀ ਕੁਹਾੜਾ ਚਲਾਉਣ ਵਾਲੀ ਭੁੱਲ ਹੋਏਗੀ। ਕਿਉਂਕਿ, ਰੱਬੀ ਹੋਂਦ ਦਾ ਵਿਸ਼ਵਾਸ਼ ਹੀ ਗੁਰੂ ਨਾਨਕ ਦੇ ਆਸਤਕਵਾਦ ਦਾ ਸਭ ਤੋਂ ਵੱਡਾ ਥੰਮ ਹੈ। ਇਸ ਲਈ ਆਓ ਭਰਾਵੋ! ਹੋਈਆਂ ਭੁੱਲਾਂ ਬਖ਼ਸ਼ਾਈਏ ਅਤੇ ਰੱਬੀ ਬਖ਼ਸ਼ਿਸ਼ ਦੇ ਪਾਤ੍ਰ ਬਣਨ ਲਈ ਗੁਰੂ ਨਾਲ ਮਿਲ ਕੇ ਇਹ ਗਾਉਂਦੇ ਹੋਏ ਅਰਦਾਸ ਕਰੀਏ:

ਆਪੇ ਕਰੇ ਕਰਾਏ ਕਰਤਾ; ਜਿਨਿ ਏਹ ਰਚਨਾ ਰਚੀਐ।।

ਹਰਿ! ਅਭਿਮਾਨੁ ਨ ਜਾਈ ਜੀਅਹੁ; ਅਭਿਮਾਨੇ ਪੈ ਪਚੀਐ।। (ਅੰ. ੧੩੪੪)

ਗੁਣਵੰਤਿਆਂ ਪਾਛਾਰ: ਜਗਤਾਰ ਸਿੰਘ ਜਾਚਕ, ਲੁਧਿਆਣਾ। ਮਿਤੀ ੮ ਮਾਚਰ ੨੦੧੪




.