‘ੴ’ ਦਾ ਉਚਾਰਨ ਅਤੇ ਭਾਵ-ਅਰਥ
ਭਾਗ ਦੂਜਾ
ਇੱਥੇ ਅਸੀਂ ਪਹਿਲਾਂ ‘ੴ’ ਵਿੱਚ ਵਰਤੇ ਗਏ ਖੁਲ੍ਹੇ ਊੜੇ ਦੀ ਲਿਪੀਆਤਮਕ
ਸੰਰਚਨਾ ਦੀ ਵਿਆਖਿਆ ਕਰਾਂਗੇ।
ਗੁਰਮੁਖੀ ਵਿੱਚ ਆਉਂਦੇ ਖੁੱਲੇ ਊੜੇ ਦੀ ਬਨਾਵਟ
ਅਸੀਂ ਸਾਰੇ ਜਾਣਦੇ ਹਾਂ ਕਿ ਗੁਰਮੁਖੀ ਵਿੱਚ ਕੱਲੀ-ਕਾਰੀ ਸਵੱਰ ਧੁਨੀ ਨੂੰ
ਪਰਾਪਤ ਕਰਨ ਹਿਤ ੳ, ਅ ਜਾਂ ੲ ਅੱਖਰਾਂ ਨਾਲ ਕੋਈ ਨਾ ਕੋਈ ਲਗ-ਮਾਤਰਾ ਜੋੜ ਲਈ ਜਾਂਦੀ ਹੈ ਜਿਵੇਂ
‘ਉਸ’ ਵਿੱਚ ੳ ਦੇ ਨਾਲ ਔਂਕੜ, ‘ਔਖ’ ਵਿੱਚ ਅ ਦੇ ਨਾਲ ਕਨੌੜਾ ਅਤੇ ‘ਇਸ’ ਵਿੱਚ ੲ ਦੇ ਨਾਲ ਸਿਹਾਰੀ
ਨੂੰ ਜੋੜਿਆ ਗਿਆ ਹੈ। ਹੁਣ, ਹੋੜੇ ਦੀ ਮਾਤਰਾ ਨੇ ੳ ਦੇ ਨਾਲ ਜੁੜਨਾ ਹੁੰਦਾ ਹੈ। ਹੋੜਾ ਕਿਸੇ ਅੱਖਰ
ਦੀ ਚੋਟੀ ਦੇ ਉੱਤੇ ਹੀ ਰੱਖਿਆ ਜਾਂਦਾ ਹੈ। ਪਰੰਤੂ ਊੜੇ ਦੀ ਬਨਾਵਟ ਕੁੱਝ ਐਸੀ ਹੈ ਕਿ ਇਸ ਦੇ ਉੱਤੇ
ਹੋੜਾ ਰੱਖਣ ਨਾਲ ਇਹ ਇਸ ਦੇ ਨਾਲ ਆ ਰਹੇ ਦੂਸਰੇ ਅੱਖਰਾਂ ਦੇ ਮੁਕਾਬਲੇ ਵਧੇਰੇ ਹੀ ਉੱਚਾ ਹੋ
ਜਾਵੇਗਾ। ਊੜੇ ਦੇ ਉੱਪਰ ਹੋੜਾ ਰੱਖਣ ਨਾਲ ਇਸ ਦੀ ਪੰਕਤੀ ਅਤੇ ਇਸ ਤੋਂ ਪਹਿਲਾਂ ਆ ਰਹੀ ਪੰਕਤੀ
ਵਿਚਾਲੇ ਫਾਸਲਾ (
space)
ਵੀ ਵਧਾਉਣਾ ਪਵੇਗਾ ਜਿਸ ਨਾਲ ਸਮੁੱਚੇ ਪੰਨੇ ਦੀ ਲਿਖਤ ਬੇਢਬੀ ਹੋ ਜਾਵੇਗੀ। ਇਹਨਾਂ ਮੁਸ਼ਕਲਾਂ ਨੂੰ
ਦੂਰ ਕਰਨ ਹਿਤ ਲਿਖਾਰੀਆਂ ਨੇ ਪਹਿਲਾਂ ਹੋੜੇ ਨੂੰ ਊੜੇ ਦੇ ਨਾਲ ਸੱਜੇ ਪਾਸੇ ਨੂੰ ਲੇਟਵੇਂ ਰੁਖ ਕਰਕੇ
ਜੋੜਨਾ ਅਰੰਭ ਕਰ ਦਿੱਤਾ ਕਿਉਂਕਿ ਬਿੰਦੀ (ਟਿੱਪੀ ਦੀ ਜਗਹ ਤੇ) ਅਤੇ ਅੱਧਕ ਵੀ ਇੱਸੇ ਤਰ੍ਹਾਂ ਊੜੇ
ਦੇ ਸੱਜੇ ਪਾਸੇ ਜੋੜੀਆਂ ਜਾ ਰਹੀਆਂ ਸਨ। ਪਰੰਤੂ ਹੋੜੇ ਦਾ ਅਕਾਰ ਬਿੰਦੀ ਅਤੇ ਅੱਧਕ ਦੇ ਮੁਕਾਬਲੇ
ਕਾਫੀ ਵੱਡਾ ਹੋਣ ਕਰਕੇ ਸਮਸਿੱਆ ਪੂਰੀ ਤਰ੍ਹਾਂ ਹਲ ਨਹੀਂ ਹੋ ਰਹੀ ਸੀ। ਇਸ ਲਈ ਲਿਖਾਰੀਆਂ ਨੇ ਇਸ
ਲੇਟਵੇਂ ਹੋੜੇ ਨੂੰ ਥੋੜੇ ਵਿੰਗ ਵਾਲੀ ਲਕੀਰ ਵਿੱਚ ਬਦਲ ਦਿੱਤਾ। ਬਾਦ ਵਿੱਚ ਕੁੱਝ ਲਿਖਾਰੀਆਂ ਨੇ
ਊੜੇ ਨੂੰ ਉੱਪਰੋਂ ਖੁਲ੍ਹਾ ਰੱਖ ਕੇ ਹੀ ਇਸ ਨੂੰ ਹੋੜੇ ਵਾਲੇ ਊੜੇ ਦਾ ਵਿਕਲਪ ਮੰਨ ਲਿਆ ਅਤੇ ੳ ਦੇ
ਨਾਲ ਹੋੜੇ ਦੇ ਚਿੰਨ੍ਹ (ਖੜ੍ਹਵੇਂ ਜਾਂ ਲੇਟਵੇਂ) ਦੀ ਲੋੜ ਨੂੰ ਖਤਮ ਕਰ ਦਿੱਤਾ। ਉੱਪਰ ਦਰਸਾਏ
ਸਮੁੱਚੇ ਲਿਪੀਆਤਨਕ ਵਰਤਾਰੇ ਨੂੰ ਚਿਤਰਾਂ ਰਾਹੀਂ ਹੇਠਾਂ ਦਰਸਾਇਆ ਗਿਆ ਹੈ।
ਉੱਪਰ ਦਿੱਤੀ ਗਈ ਵਿਆਖਿਆ ਅਤੇ ਊੜੇ ਦੀ ਬਨਾਵਟ ਸਬੰਧੀ ਦਿੱਤੇ ਗਏ 1 ਤੋਂ 9
ਚਿਤਰਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ‘ੴ’ ਵਿੱਚ ਊੜੇ ਦੇ ਨਾਲ ਸੱਜੇ ਪਾਸੇ ਨੂੰ ਲੱਗੀ ਹੋਈ
ਵਲ-ਵਿੰਗ ਖਾਂਦੀ ਲਕੀਰ ਹੋੜੇ ਦੀ ਲਗ-ਮਾਤਰਾ ਤੋਂ ਹੀ ਪਰਾਪਤ ਹੋਈ ਹੈ।
ਸਥਿਤੀ ਨੂੰ ਹੋਰ ਸਪਸ਼ਟ ਕਰਨ ਹਿਤ ਅਸੀਂ ਹੇਠਾਂ ਗੁਰਬਾਣੀ ਦੀਆਂ ਪੁਰਾਣੀਆਂ
ਹੱਥ-ਲਿਖਤਾਂ ਵਿੱਚ ਸ਼ਾਮਲ ‘ੴ’ ਦੀਆਂ ਕੁੱਝ ਵੰਨਗੀਆਂ ਪੇਸ਼ ਕਰਾਂਗੇ ਜਿਹਨਾਂ ਵਿੱਚੋਂ ਏਕੇ ਦੇ
ਹਿੰਦਸੇ ਅਤੇ ਊੜਾ ਅੱਖਰ ਦੇ ਵੱਖ-ਵੱਖ ਰੂਪ ਵੇਖਣ ਨੂੰ ਮਿਲਣਗੇ। ਇਹ ਵੰਨਗੀਆਂ ਚਿਤਰਾਂ ਦੇ ਰੂਪ
ਵਿੱਚ ਹਨ ਜੋ ਪਿਆਰ ਸਿੰਘ ਰਚਿਤ ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’ ਵਿੱਚੋਂ ਉਤਾਰੇ ਗਏ ਹਨ।
ਉਪਰ ਆਏ 16 ਚਿਤਰਾਂ ਦੇ ਸਰੋਤਾਂ ਦਾ ਵੇਰਵਾ ਹੇਠਾਂ ਦਿੱਤੇ ਅਨੁਸਾਰ ਹੈ:
ਨੰ. 1 ਬਾਬਾ ਮੋਹਨ ਦੀ ਪੋਥੀ (ਅਹੀਆਪੁਰ ਵਾਲੀ): 1600 ਈਸਵੀ ਤੋਂ
ਪਹਿਲਾਂ ਦਾ ਸਮਾਂ। (ਇੱਥੇ ‘ੴ’ ਸ਼ਬਦ-ਰੂਪ ‘ਜਪੁ’ ਬਾਣੀ ਦੇ ਅਰੰਭ ਉੱਤੇ ਆਇਆ ਹੈ)।
ਨੰ. 2 ਬਾਬਾ ਮੋਹਨ ਦੀ ਪੋਥੀ (ਅਹੀਆਪੁਰ ਵਾਲੀ): 1600 ਈਸਵੀ ਤੋਂ
ਪਹਿਲਾਂ ਦਾ ਸਮਾਂ। (ਪੋਥੀ ਦੇ ਅੰਦਰਵਾਰ ਉਪਲਭਦ)।
ਨੰ. 3 ਬਾਹੋਵਾਲ ਵਾਲੀ ਪੋਥੀ: 1550 ਈਸਵੀ ਤੋਂ 1650 ਈਸਵੀ ਦਾ ਸਮਾਂ।
(ਇੱਥੇ ‘ੴ’ ਸ਼ਬਦ-ਰੂਪ ‘ਜਪੁ’ ਬਾਣੀ ਦੇ ਅਰੰਭ ਉੱਤੇ ਆਇਆ ਹੈ)।
ਨੰ. 4 ਪਰਾਚੀਨ ਬੀੜ (ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲਾਇਬ੍ਰੇਰੀ
ਵਿੱਚ ਪਰਪਤ): 1610 ਈਸਵੀ ਤੋਂ 1645 ਈਸਵੀ ਦਾ ਸਮਾਂ (ਬੀੜ ਵਿੱਚ ਕਿਸੇ ਸਮੇਂ ਬਾਦ ਵਿੱਚ ਚਿਪਕਾਏ
ਗਏ ਗੁਰੂ ਤੇਗ ਬਹਾਦਰ ਜੀ ਦੇ ਨੀਸਾਣ ਵਿੱਚੋਂ)।
ਨੰ. 5 ਪਰਾਚੀਨ ਬੀੜ (ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲਾਇਬ੍ਰੇਰੀ
ਵਿੱਚ ਪਰਪਤ): 1610 ਈਸਵੀ ਤੋਂ 1645 ਈਸਵੀ ਦਾ ਸਮਾਂ। (ਇੱਥੇ ‘ੴ’ ਸ਼ਬਦ-ਰੂਪ ‘ਜਪੁ’ ਬਾਣੀ ਦੇ
ਅਰੰਭ ਉੱਤੇ ਆਇਆ ਹੈ)।
ਨੰ. 6 ਪਰਾਚੀਨ ਬੀੜ (ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲਾਇਬ੍ਰੇਰੀ
ਵਿੱਚ ਪਰਪਤ): 1610 ਈਸਵੀ ਤੋਂ 1645 ਈਸਵੀ ਦਾ ਸਮਾਂ। (ਬੀੜ ਦੇ ਅੰਦਰਵਾਰ ਉਪਲਭਦ)।
ਨੰ. 7 ਕੇਂਦਰੀ ਸਿਖ ਅਜਾਇਬ ਘਰ ਵਿੱਚ ਉਪਲਭਦ ਪੁਰਾਤਨ ਬੀੜ: 1610
ਈਸਵੀ ਤੋਂ 1645 ਈਸਵੀ ਦਾ ਸਮਾਂ। (ਬੀੜ ਵਿੱਚ ਸ਼ਾਮਲ ਗੁਰੂ ਹਰਿਗੋਬਿੰਦ ਜੀ ਦੇ ਦੱਸੇ ਗਏ ਨੀਸਾਣ
ਵਿੱਚੋਂ)।
ਨੰ. 8 ਭਾਈ ਬੰਨੋ ਦੀ ਬੀੜ ਦੀ ਨਕਲ: 1642 ਈਸਵੀ (ਤਤਕਰੇ ਵਾਲੇ ਭਾਗ
ਵਿੱਚੋਂ)।
ਨੰ. 9 ਭਾਈ ਬੰਨੋ ਦੀ ਬੀੜ ਦੀ ਨਕਲ: 1642 ਈਸਵੀ (ਬੀੜ ਵਿੱਚ ਸ਼ਾਮਲ
ਗੁਰੂ ਹਰਿਗੋਬਿੰਦ ਜੀ ਦੇ ਦੱਸੇ ਗਏ ਨੀਸਾਣ ਵਿੱਚੋਂ)।
ਨੰ. 10 ਬੀੜ ਡੇਰਾ ਭਾਈ ਰਾਮ ਕਿਸ਼ਨ: 1653 ਈਸਵੀ (ਬੀੜ ਵਿੱਚ ਚਿਪਕਾਏ
ਹੋਏ ਨੀਸਾਣ ਵਿੱਚੋਂ; ਪਰਾਪਤ ਨੀਸਾਣ ਕਿਸ ਗੁਰੂ ਜੀ ਦਾ ਹੈ ਸਬੰਧਤ ਬੀੜ ਵਿੱਚ ਇਹ ਸਪਸ਼ਟ ਨਹੀਂ ਕੀਤਾ
ਹੋਇਆ)।
ਨੰ. 11 ਬੂੜੇ ਸੰਧੂ ਵਾਲੀ ਬੀੜ: ਸਤਾਰ੍ਹਵੀਂ ਸਦੀ ਈਸਵੀ ਦਾ ਦੂਜਾ
ਅੱਧ। (ਬੀੜ ਵਿੱਚ ਪਰਾਪਤ ਗੁਰੂ ਤੇਗ ਬਹਾਦਰ ਜੀ ਦੇ ਨੀਸਾਣ ਵਿੱਚੋਂ)।
ਨੰ. 12 ਡੇਹਰਾਦੂਨ ਵਾਲੀ ਬੀੜ: 1659 ਈਸਵੀ। (ਬੀੜ ਵਿੱਚ ਪਰਾਪਤ ਗੁਰੂ
ਹਰਿ ਰਾਇ ਜੀ ਦੇ ਨੀਸਾਣ ਵਿੱਚੋਂ)।
ਨੰ. 13. ਬੀੜ ਪੰਜਾਬ ਪੁਰਾਤੱਤਵ ਵਿਭਾਗ: 1666 ਈਸਵੀ। (ਬੀੜ ਵਿੱਚ
ਪਰਾਪਤ ਗੁਰੂ ਤੇਗ ਬਹਾਦਰ ਜੀ ਦੇ ਨੀਸਾਣ ਵਿੱਚੋਂ)।
ਨੰ. 14 ਜੋਗਰਾਜ ਲਿਖਿਤ ਗ੍ਰੰਥ: 1667 ਈਸਵੀ। (ਬੀੜ ਵਿੱਚ ਪਰਾਪਤ
ਗੁਰੂ ਤੇਗ ਬਹਾਦਰ ਜੀ ਦੇ ਨੀਸਾਣ ਵਿੱਚੋਂ)।
ਨੰ. 15 ਸਿਖ ਰੈਫਰੈਂਸ ਲਾਇਬਰੇਰੀ ਵਾਲੀ ਪੋਥੀ: 1671 ਈਸਵੀ। (ਬੀੜ
ਵਿੱਚ ਪਰਾਪਤ ਗੁਰੂ ਤੇਗ ਬਹਾਦਰ ਜੀ ਦੇ ਨੀਸਾਣ ਵਿੱਚੋਂ)।
ਨੰ. 16 ਬੀੜ ਸਲੋਕ ਰੂਪੀ ਨਿਸਾਣ ਵਾਲੀ: 1687 ਈਸਵੀ। (ਬੀੜ ਵਿੱਚ
ਪਰਾਪਤ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਜਾਂਦੇ ਸਲੋਕ ਰੂਪੀ ਨੀਸਾਣ ਵਿੱਚੋਂ; ਉਂਜ ਇਹ ਨੀਸਾਣ
ਗੁਰੂ ਤੇਗ ਬਹਾਦਰ ਜੀ ਦੀ ਲਿਖਤ ਸਮਝਿਆ ਜਾਂਦਾ ਹੈ)।
ਉੱਪਰ ਦਿੱਤੇ ਗਏ ‘ੴ’ ਦੇ ਹੱਥ-ਲਿਖਤ ਨਮੂਨੇ ਸੋਲਵੀਂ ਸਦੀ ਈਸਵੀ ਦੇ ਅੱਧ
ਤੋਂ ਬਾਦ ਦੇ ਸਮੇਂ ਦੇ ਹਨ। ਇਸ ਤੋਂ ਪਹਿਲਾਂ ਦੇ ਸਮੇਂ ਦਾ ਅਜਿਹਾ ਕੋਈ ਵੀ ਨਮੂਨਾ ਉਪਲਭਦ ਨਹੀਂ।
ਉਂਜ ਪਹਿਲੇ ਪੰਜ ਸਿਖ ਗੁਰੂਆਂ ਵਿੱਚੋਂ ਕਿਸੇ ਦੀ ਵੀ ਕੋਈ ਹੱਥ-ਲਿਖਤ ਉਪਲਭਦ ਨਹੀਂ ਰਹੀ। ਬਾਦ ਦੇ
ਸਮੇਂ ਦੀਆਂ ਹੱਥ-ਲਿਖਤਾਂ ਦੇ ਸਿਖ ਗੁਰੂਆਂ ਨਾਲ ਸਬੰਧਤ ਕਰਨ ਬਾਰੇ ਹਾਲੇ ਤਕ ਕੋਈ ਅੰਤਿਮ ਨਿਰਨਾ
ਨਹੀਂ ਲਿਆ ਜਾ ਸਕਿਆ। ਸੋ ਇੱਕ ਪਾਸੇ ਤਾਂ ਇਹ ਕਿਆਸ ਨਹੀਂ ਕੀਤਾ ਜਾ ਸਕਦਾ ਕਿ ਗੁਰੂ ਨਾਨਕ ਜੀ ਨੇ
ਆਪਣੀ ਕਲਮ ਨਾਲ ਲਿਖਣ ਵੇਲੇ ‘ੴ’ ਨੂੰ ਕਿਸ ਰੂਪ ਵਿੱਚ ਲਿਖਿਆ ਸੀ ਭਾਵ ਉਹਨਾਂ ਨੇ ਊੜੇ ਦੇ ਸੱਜੇ
ਪਾਸੇ ਕੋਈ ਲੰਬੀ ਲਕੀਰ ਜੋੜੀ ਵੀ ਸੀ ਕਿ ਨਹੀਂ। ਦੂਸਰੇ ਪਾਸੇ ਇਸ ਲੇਖ ਦੇ ਪ੍ਰਯੋਜਨ ਦੇ ਪੱਖੋਂ ਇਹ
ਬਹੁਤ ਹੀ ਮਹੱਤਵਪੂਰਨ ਤੱਥ ਬਣ ਜਾਂਦਾ ਹੈ ਕਿ ਸੋਲ੍ਹਵੀਂ ਸਦੀ ਈਸਵੀ ਤੋਂ ਲੈ ਕੇ ‘ੴ’ ਦੇ ਜੋ
ਹੱਥ-ਲਿਖਤ ਨਮੂਨੇ ਉਪਲਭਦ ਹਨ ਉਹਨਾਂ ਵਿੱਚੋਂ ਬਾਬਾ ਮੋਹਨ ਦੀਆਂ ਪੋਥੀਆਂ ਵਿੱਚ ਸ਼ਾਮਲ ਨਮੂਨੇ ਸਭ
ਤੋਂ ਪਰਾਚੀਨ ਹਨ ਭਾਵੇਂ ਉਹਨਾਂ ਦਾ ਲਿਖਾਰੀ ਕੋਈ ਵੀ ਹੋਵੇ (ਨਿਸਚੇ ਹੀ ਬਾਬਾ ਮੋਹਨ ਦੀਆਂ ਪੋਥੀਆਂ
ਵਿੱਚ ਸ਼ਾਮਲ ਨਮੂਨਿਆਂ ਦਾ ਲਿਖਾਰੀ ਸਿਖ ਗੁਰੂਆਂ ਵਿੱਚੋਂ ਕੋਈ ਨਹੀਂ ਸੀ)।
‘ੴ’ ਦੇ ਉੱਪਰ ਦਿੱਤੇ ਗਏ ਚਿਤਰਾਂ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਜਿੱਥੇ,
ਇੱਕ ਪਾਸੇ, ਊੜੇ ਨਾਲ ਹੋੜੇ ਦੀ ਲਗ-ਮਾਤਰਾ ਜੋੜਨ ਦੀ ਪ੍ਰੀਕਿਰਿਆ ਵਿੱਚੋਂ ਹੀ ਉੱਪਰ ਤੋਂ ਖੁਲ੍ਹਾ
ਊੜਾ ਜਾਂ ‘ੴ’ ਵਿਚਲਾ ਊੜਾ ਹੋਂਦ ਵਿੱਚ ਆਇਆ ਹੈ ਅਤੇ ਦੋਵਾਂ ਵਿੱਚੋਂ ਇੱਕੋ-ਜਿਹੀ ਸਵੱਰ ਧੁਨੀ
ਨਿਕਲਦੀ ਹੈ ਉੱਥੇ, ਦੂਸਰੇ ਪਾਸੇ, ਪਰਾਚੀਨ ਹੱਥ-ਲਿਖਤਾਂ ਵਿੱਚ ਆਏ ‘
Ã’
ਦੀ ਹੋਂਦ ਕਦੀ ਵੀ ਇਕਸਾਰ ਨਹੀਂ ਰਹੀ ਅਤੇ ਇਸ ਵਿਚਲਾ ਉੱਪਰ ਤੋਂ ਖੁਲ੍ਹਾ ਊੜਾ ਸਦਾ ਹੀ ਊੜੇ ਨਾਲ
ਹੋੜੇ ਦੀ ਲਗ-ਮਾਤਰਾ ਜੋੜ ਕੇ ਪਰਾਪਤ ਹੋਣ ਵਾਲੀ ਸਵੱਰ ਧੁਨੀ ਦਾ ਹੀ ਲਿਪੀ-ਰੂਪ ਰਿਹਾ ਹੈ। (ਇੱਥੇ
ਇਹ ਵੀ ਸੋਚਣਾ ਬਣਦਾ ਹੈ ਕਿ ਇਹਨਾਂ ਹੱਥ-ਲਿਖਤਾਂ ਵਿਚਲੇ ਇੱਕ ਦੇ ਹਿੰਦਸੇ ਦੀ ਥਾਂ-ਥਾਂ ਤੇ ਹੇਠਾਂ
ਵੱਲ ਨੂੰ ਵਧੀ ਹੋਈ ਰੇਖਾ ਦਾ ਕੀ ਕੀਤਾ ਜਾਵੇ!) ਇਸ ਲਈ ਇਹ ਕਿਆਸਅਰਾਈਆਂ ਕਿ ‘ੴ’ ਵਿਚਲਾ ਖੁਲ੍ਹਾ
ਊੜਾ ‘ਓਅੰਕਾਰ’ ਦੀ ਧੁਨੀ ਅਤੇ ਅਰਥ ਦਿੰਦਾ ਹੈ ਜਾਂ ਸਮੁੱਚੇ ‘ੴ’ ਨੂੰ ‘ਏਕੰਕਾਰ’ ਕਰਕੇ ਉਚਾਰਨਾ
ਚਾਹੀਦਾ ਹੈ, ਨਿਰਮੂਲ ਸਾਬਤ ਹੋ ਜਾਂਦੀਆਂ ਹਨ। ( ‘ੴ’ ਨੂੰ ‘ਏਕੰਕਾਰ’ ਜਾਂ ‘ਇਕ ਓਅੰਕਾਰ’ ਦੇ ਤੌਰ
ਤੇ ਪੇਸ਼ ਕਰਨ ਦੀ ਰਵਾਇਤ ਸਬੰਧੀ ਹੋਰ ਵਿਚਾਰ ਹੇਠਾਂ ਦਿੱਤੇ ਜਾ ਰਹੇ ਹਨ।)
ਧੁਨੀਵਿਉਂਤ (
Phonology)
ਦਾ ਪੱਖ
ਜਿਵੇਂ ਕਿ ਉੱਪਰ ਦਰਸਾਇਆ ਗਿਆ ਹੈ ‘ੴ’ ਵਿਚਲਾ ਉੱਪਰ ਤੋਂ ਖੁਲ੍ਹਾ ਊੜਾ ਅਸਲ
ਵਿੱਚ ਊੜੇ ਨਾਲ ਹੋੜੇ ਦੀ ਲਗ-ਮਾਤਰਾ ਜੋੜ ਕੇ ਪਰਾਪਤ ਹੋਣ ਵਾਲੀ ਸਵੱਰ ਧੁਨੀ ਦਾ ਹੀ ਲਿਪੀ-ਰੂਪ ਹੈ।
ਗੁਰਮੁਖੀ ਲਿਪੀ ਵਿੱਚ ਉੱਪਰ ਤੋਂ ਖੁਲ੍ਹਾ ਊੜਾ ਭਾਵ ‘ਓ’ ਦੋ ਤਰ੍ਹਾਂ ਦੀਆਂ ਸਵੱਰ ਧੁਨੀਆਂ ਪੈਦਾ
ਕਰਨ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇੱਕ ਹੈ ਸ਼ੁਧ-ਸਵੱਰ ਧੁਨੀ ਜੋ ‘ਦੋ’, ‘ਓਟ’, ‘ਜਾਓ’
ਆਦਿਕ ਸ਼ਬਦਾਂ ਦੇ ਉਚਾਰਨ ਵਿੱਚੋਂ ਪਰਾਪਤ ਹੁੰਦੀ ਹੈ। ਦੂਸਰੀ ਹੈ ਸੰਧੀ-ਸਵੱਰ ਧੁਨੀ (
diphthong)
ਜੋ ਸਾਨੂੰ ‘ਲਓ’, ‘ਪਓ’, ‘ਖਓ’ ਆਦਿਕ ਸ਼ਬਦਾਂ ਵਿੱਚ ਮਿਲਦੀ ਹੈ ਅਤੇ ਇਸ ਸਵੱਰ ਧੁਨੀ ਵਿੱਚ ਦੋ ਸਵੱਰ
ਧੁਨੀਆਂ ਸ਼ਾਮਲ ਹਨ, ਪਹਿਲੀ ਐੜਾ ਮੁਕਤਾ ਦੀ ਅਤੇ ਦੂਸਰੀ ‘ਉ’ ਦੀ। ਸੰਧੀ-ਸਵੱਰ ਧੁਨੀ ਦਾ ਨਿਯਮ ਇਹ
ਹੈ ਕਿ ਇਹ ਇੱਕ ਸਵੱਰ ਧੁਨੀ ਤੋਂ ਅਰੰਭ ਹੁੰਦੀ ਹੈ ਅਤੇ ਮੁਕਦੀ ਕਿਸੇ ਹੋਰ ਸਵੱਰ ਧੁਨੀ ਤੇ ਹੈ,
ਪਰੰਤੂ ਇਸਦਾ ਉਚਾਰਨ ਸਮਾਂ ਲੰਬੀ ਸਵੱਰ ਧੁਨੀ ਦੇ ਬਰਾਬਰ ਹੁੰਦਾ ਹੈ। ‘ਲਓ’, ‘ਪਓ’, ‘ਖਓ’ ਵਿੱਚ
ਆਉਂਦੀ ਸੰਧੀ-ਸਵੱਰ ਧੁਨੀ ‘ਅ’ ਤੋਂ ਅਰੰਭ ਹੁੰਦੀ ਹੈ ਅਤੇ ‘ਉ’ ਉੱਤੇ ਮੁਕਦੀ ਹੈ। ਇਹ ਧੁਨੀ ਕਨੌੜੇ
ਦੀ ਧੁਨੀ ਨਾਲੋਂ ਭਿੰਨ ਹੈ। ਇੱਸੇ ਕਰਕੇ ਬਹੁਤੀ ਵਾਰੀ ‘ਲਓ’, ‘ਪਓ’ ਅਤੇ ‘ਖਓ’ ਦੇ ਸ਼ਬਦ-ਜੋੜ
ਕ੍ਰਮਵਾਰ ‘ਲਉ’, ‘ਪਉ’ ਅਤੇ ‘ਖਉ’ ਰੱਖੇ ਜਾਂਦੇ ਹਨ। ਪਰੰਤੂ ‘ੴ’ ਨੂੰ ‘ਇਕ+ਹੋੜੇ’ ਜਾਂ ‘ਏਕ+ਹੋੜੇ’
ਦਾ ਧੁਨੀ-ਜੁੱਟ ਕਿਆਸਦੇ ਹੋਏ ਕ੍ਰਮਵਾਰ ‘ਇੱਕੋ’ ਜਾਂ ‘ਏਕੋ’ ਕਰਕੇ ਹੀ ਉਚਾਰਨਾ ਪਵੇਗਾ ਕਿਉਂਕਿ
ਪੰਜਾਬੀ ਵਿੱਚ ‘ਇਕਉ’ ਸ਼ਬਦ ਮੌਜੂਦ ਨਹੀਂ। ਇੱਥੇ ਹੋੜੇ ਦੀ ਜਗਹ ਤੇ ‘ਓ’ ਇਸ ਲਈ ਵਰਤਿਆ ਗਿਆ ਹੈ ਕਿ
ਇੱਕ ਦੇ ਹਿੰਦਸੇ ਉੱਤੇ ਹੋੜੇ ਦੀ ਲਗ-ਮਾਤਰਾ ਨਹੀਂ ਲਗਾਈ ਜਾ ਸਕਦੀ ਜਿਵੇਂ ‘ਜਾਓ’ ਵਿੱਚ ਕੰਨਾਂ ਦੀ
ਲਗ-ਮਾਤਰ ਉੱਤੇ, ‘ਪੀਓ’ ਦੀ ਬਿਹਾਰੀ ਦੀ ਲਗ-ਮਾਤਰ ਉੱਤੇ ਅਤੇ ‘ਓਟ’ ਵਿੱਚ ‘ਟ’ ਤੋਂ ਪਹਿਲਾਂ ਹੋੜਾ
ਲਗ-ਮਾਤਰ ਨਹੀਂ ਲਗਾਈ ਜਾ ਸਕਦੀ।
ਓਅੰਕਾਰ
ਆਮ ਕਰਕੇ ‘ੴ’ ਦਾ ਉਚਾਰਨ ‘ਇਕ ਓਅੰਕਾਰ’ ਕਰਕੇ ਕਰ ਦਿੱਤਾ ਜਾਂਦਾ ਹੈ ਜਿਸ
ਤੇ ਵਿਚਾਰ ਕਰਨੀ ਬਣਦੀ ਹੈ। ਗੁਰਬਾਣੀ ਵਿੱਚ ਪ੍ਰਭੂ-ਪਰਮੇਸ਼ਵਰ ਦੇ ਕਈ ਨਾਮ ਵਰਤੇ ਗਏ ਹਨ ਜਿਵੇਂ
ਗੋਬਿੰਦ, ਭਗਵੰਤ, ਹਰਿ, ਏਕੰਕਾਰ, ਰਾਮ (ਹਰੇਕ ਸ਼ੈ ਵਿੱਚ ਰਮਿਆ ਹੋਇਆ) ਆਦਿਕ। ‘ਓਅੰਕਾਰ’ ਵੀ
ਗੁਰਬਾਣੀ ਵਿੱਚ ਪ੍ਰਭੂ ਦੇ ਇੱਕ ਨਾਮ ਦੇ ਤੌਰ ਤੇ ਵਰਤਿਆ ਗਿਆ ਹੈ। ਪਰੰਤੂ ਇਸ ਦਾ ਅਰਥ ਇਹ ਨਹੀਂ ਬਣ
ਜਾਂਦਾ ਕਿ ‘ੴ’ ਵਿੱਚ ਆਉਂਦੇ ਉੱਪਰੋਂ ਖੁਲ੍ਹੇ ਊੜੇ ਦਾ ਉਚਾਰਨ ਹੀ ‘ਓਅੰਕਾਰ’ ਹੋ ਗਿਆ।
ਗੁਰਮੁਖੀ ਲਿਪੀ ਵਿੱਚ ਖੁਲ੍ਹਾ ਊੜਾ
ਇੱਕੋ-ਇਕ ਧੁਨੀ (ਹੋੜੇ ਦੀ ਸਵੱਰ ਧੁਨੀ) ਦਿੰਦਾ ਹੈ ਜਦੋਂ ਕਿ ‘ਓਅੰਕਾਰ’ ਵਿੱਚ ਛੇ ਧੁਨੀਆਂ (segmental
phonemes) ਸ਼ਾਮਲ ਹਨ ਜੋ
ਹੇਠਾਂ ਦਿੱਤੇ ਅਨੁਸਾਰ ਹਨ:
ਓਅੰਕਾਰ = ਓ + ਅ + ਙ + ਕ + ਾ + ਰ
ਪੰਜਾਬੀ ਧੁਨੀਵਿਉਂਤ (
phonology)
ਦਾ ਐਸਾ ਕੋਈ ਨਿਯਮ ਮੌਜੂਦ ਨਹੀਂ ਜਿਸ ਰਾਹੀਂ ਇੱਕ ਧੁਨੀ ਨੂੰ ਛੇ ਧੁਨੀਆਂ ਦੇ ਬਰਾਬਰ ਕਰ ਲਿਆ
ਜਾਵੇ। ਨਾ ਹੀ ਪੰਜਾਬੀ ਵਿਆਕਰਨ ਜਾਂ ਗੁਰਮੁਖੀ ਲਿਪੀ ਦਾ ਐਸਾ ਕੋਈ ਨਿਯਮ ਮੌਜੂਦ ਹੈ ਜਿਸ ਰਾਹੀਂ
ਕਿਸੇ ਸ਼ਬਦ ਦਾ ਛੋਟਾ ਰੂਪ (abbreviation)
ਬਣਦਾ ਹੋਵੇ ਅਤੇ ਜਿਸ ਰਾਹੀਂ ‘ਓਅੰਕਾਰ’ ਤੋਂ ‘ਓ7’ ਬਣ ਸਕਦਾ ਹੋਵੇ।
‘ਓਅੰਕਾਰ’ ਦੀ ਰੂਪ-ਵਿਗਿਆਨਕ ਸੰਰਚਨਾ ਦਾ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਇਹ
ਹੇਠਾਂ ਦਿੱਤੇ ਅਨੁਸਾਰ ਹੈ:
‘ਓਅੰਕਾਰ’ = ਓਅੰ + ਕਾਰ
ਸੰਸਕ੍ਰਿਤ ਵਿੱਚ ਪਿਛੇਤਰ ‘ਕਾਰ’ ਦਾ ਅਰਥ ਹੈ ‘ਕਿਸੇ ਵਸਤੂ ਤੋਂ ਘੜਕੇ
ਬਣਾਉਣ ਵਾਲਾ’ ਜਿਵੇਂ ਸਵਰਨਕਾਰ, ਲੋਹਕਾਰ, ਚਰਮਕਾਰ ਆਦਿਕ ਵਿੱਚ ਅਤੇ ਫਾਰਸੀ ਵਿੱਚ ਪਿਛੇਤਰ ‘ਕਾਰ’
ਦਾ ਅਰਥ ਹੈ ‘ਰਚਨਾ ਕਰ ਕੇ ਪੇਸ਼ ਕਰਨ ਵਾਲਾ’ ਜਿਵੇਂ ਦਸਤਕਾਰ, ਮੀਨਾਕਾਰ, ਗੁਲਕਾਰ, ਅਦਾਕਾਰ, ਆਬਕਾਰ
ਆਦਿਕ ਵਿਚ। ਭਾਵ ਸੰਸਕ੍ਰਿਤ ਵਿੱਚ ਫੋਕਸ ਉਸ ਕੱਚੀ ਵਸਤੂ (
raw
material) ਤੇ ਹੈ ਜਿਸ ਨੂੰ ਵਰਤ ਕੇ ਨਵੀਂ ਚੀਜ਼
ਬਣਨੀ ਹੈ ਪਰੰਤੂ ਫਾਰਸੀ ਵਿੱਚ ਫੋਕਸ ਉਸ ਚੀਜ਼ ਤੇ ਹੈ ਜੋ ਬਣ ਕੇ ਤਿਆਰ ਹੋਈ ਹੈ। ਇਸ ਤਰ੍ਹਾਂ
ਗੁਰਬਾਣੀ ਦੇ ‘ਓਅੰਕਾਰ’ ਵਿਚਲੇ ‘ਕਾਰ’ ਉੱਤੇ ਫਾਰਸੀ ਵਾਲੇ ਅਰਥ ਜ਼ਿਆਦਾ ਢੁਕਦੇ ਹਨ ਕਿਉਂਕਿ ਇੱਥੇ
‘ਓਅੰ’ ਦਾ ਅਰਥ ਪ੍ਰਭੂ ਦਾ ਸਰਗੁਣ ਰੂਪ ਹੈ ਜਿਸ ਨੂੰ ਪ੍ਰਭੂ ਵੱਲੋਂ ‘ਸੈਭੰ’ ਹੁੰਦਿਆਂ ਹੋਇਆਂ ਉਸ
ਦੇ (ਪ੍ਰਭੂ ਦੇ) ਨਿਰਗੁਣ ਰੂਪ ਵੱਲੋਂ ਰਚਿਆ ਗਿਆ ਹੋਇਆ ਹੈ। ਆਪਣੇ ਸਰਗੁਣ ਰੂਪ ‘ਓਅੰ’ (ਸਮੁੱਚੀ
ਸ੍ਰਿਸ਼ਟੀ) ਦੇ ਰਚਨਹਾਰ ਨੂੰ ‘ਜਪੁ’ ਬਾਣੀ ਦੀ ਪਹਿਲੀ ਸਤਰ ਵਿੱਚ ‘ਕਰਤਾ ਪੁਰਖ’ ਦੇ ਤੌਰ ਤੇ ਦਰਸਾਇਆ
ਗਿਆ ਹੈ। ਇਸ ਤਰ੍ਹਾਂ ‘ੴ’ ਦੀ ਲਕੀਰ ਨੂੰ ‘ਕਾਰ’ ਕਰਕੇ ਉਚਾਰਨ ਦੀ ਲੋੜ ਹੀ ਨਹੀਂ ਰਹਿੰਦੀ। ਭਾਵ
‘ੴ’ ਵਿਚਲੇ ‘ਓ7’ ਦਾ ਉਚਾਰਨ ‘ਓਅੰਕਾਰ’ ਇਸ ਕਰਕੇ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ‘ਜਪੁ’ ਬਾਣੀ
ਦੀ ਪਹਿਲੀ ਸਤਰ ਵਿੱਚ ‘ਓਅੰਕਾਰ’ ਦੇ ਅਰਥਾਂ ਵਾਲਾ ਸ਼ਬਦ-ਜੁੱਟ ‘ਕਰਤਾ ਪੁਰਖ’ ਪਹਿਲਾਂ ਹੀ ਮੌਜੂਦ
ਹੈ।
ਏਕੰਕਾਰ
ਕੁਝ ਧਿਰਾਂ ਵੱਲੋਂ ‘ੴ’ ਦਾ ਉਚਾਰਨ ‘ਏਕੰਕਾਰ’ ਦੇ ਤੌਰ ਤੇ ਵੀ ਕਰ ਦਿੱਤਾ
ਜਾਂਦਾ ਹੈ ਜੋ ਕਿ ਬਿਲਕੁਲ ਹੀ ਤਰਕਹੀਣ ਕਾਰਵਾਈ ਹੈ। ‘ਏਕੰਕਾਰ’ ਦਾ ਸੰਧੀ-ਛੇਦ ਕਰਦੇ ਸਮੇਂ ਇਸ
ਸ਼ਬਦ-ਰੂਪ ਦਾ ਵਿਸ਼ਲੇਸ਼ਣ ਹੇਠਾਂ ਦਿੱਤੇ ਅਨੁਸਾਰ ਹੋਵੇਗਾ:
ਏਕੰਕਾਰ = ਏਕ + ਅਙ +ਕਾਰ
ਹੁਣ, ਇੱਥੇ ‘ਏਕ’ ਤਾਂ ਇੱਕ ਦੇ ਹਿੰਦਸੇ ਲਈ ਆਇਆ ਸਮਝਿਆ ਜਾ ਸਕਦਾ ਹੈ
ਪਰੰਤੂ ‘ਅਙ’ ਅਤੇ ‘ਕਾਰ’ ਕਿਸ ਤਰ੍ਹਾਂ ‘ੴ’ ਦੇ ਉਚਾਰਨ ਦਾ ਹਿੱਸਾ ਬਣ ਗਏ ਹਨ ਇਹ ਕਿਸੇ ਤਰ੍ਹਾਂ ਵੀ
ਸਮਝਾਇਆ ਨਹੀਂ ਜਾ ਸਕਦਾ। ਇਹਨਾਂ ਧਿਰਾਂ ਕੋਲ ਇੱਕ ਹੀ ਦਲੀਲ ਹੈ ਕਿ ‘ਏਕੰਕਾਰ’ ਸ਼ਬਦ-ਰੂਪ ਗੁਰਬਾਣੀ
ਵਿੱਚ ਕਈ ਵਾਰੀ ਆਇਆ ਹੈ। ਪਰੰਤੂ ਇਹ ਦਲੀਲ ਇੱਕ ਨਿਰੋਲ ਅਟਕਲਪੱਚੂ ਤੋਂ ਵੱਧ ਕੁੱਝ ਨਹੀਂ। ਗੁਰਬਾਣੀ
ਵਿੱਚ ‘ਓਅੰਕਾਰ’ ਵਾਂਗ ‘ਏਕੰਕਾਰ’ ਵੀ ਇਸ ਸ੍ਰਿਸ਼ਟੀ ਦੇ ਰਚਨਹਾਰ ਦੇ ਅਰਥਾਂ ਵਿੱਚ ਹੀ ਆਇਆ ਹੈ
ਜਿਵੇਂ ਕਿ ਗੁਰਬਾਣੀ ਵਿੱਚ ਹੇਠਾਂ ਦਰਸਾਏ ਅਨੁਸਾਰ ਦਰਜ ਹੈ:
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰ॥
ਅਨਿਕ ਭਾਂਤ ਹੋਇ ਪਸਰਿਆ ਨਾਨਕ ਏਕੰਕਾਰ॥ (ਗੁਰੂ ਅਰਜਨ: ਪਵਿੱਤਰ ਗ੍ਰੰਥ
ਪੰਨਾਂ 296)
ਇਸ ਲਈ ਉੱਸੇ ਹੀ ਸਤਰ ਵਿੱਚ ‘ਕਰਤਾ ਪੁਰਖ’ ਆ ਰਿਹਾ ਹੋਣ ਕਰਕੇ ‘ੴ’ ਨੂੰ
‘ਏਕੰਕਾਰ’ ਦਾ ਰੂਪ ਨਹੀਂ ਦਿੱਤਾ ਜਾ ਸਕਦਾ।
ਭਾਈ ਗੁਰਦਾਸ
‘ੴ” ਨੂੰ ‘ਏਕੰਕਾਰ’ ਅਤੇ ‘ਓਅੰਕਾਰ’ ਕਰਕੇ ਪੇਸ਼ ਕਰਨ ਦੀ ਪਰੰਪਰਾ ਭਾਈ
ਗੁਰਦਾਸ ਨਾਲ ਜੋੜੀ ਜਾ ਸਕਦੀ ਹੈ। ਧਿਆਨ ਨਾਲ ਵੇਖਿਆ ਜਾਵੇ ਤਾਂ ਸਿਖ ਫਲਸਫੇ ਅਤੇ ਸਿਖ ਜੀਵਨ-ਜਾਚ
ਵਿੱਚ ਬ੍ਰਾਹਮਣਵਾਦ ਨੂੰ ਘਸੋੜਨ ਦੀ ਕਾਰਵਾਈ ਦਾ ਅਰੰਭ ਭਾਈ ਗੁਰਦਾਸ ਤੋਂ ਹੀ ਹੁੰਦਾ ਹੈ। ਭਾਈ
ਗੁਰਦਾਸ ਨੇ ਸਿਖ ਵਿਚਾਰ-ਧਾਰਾ ਨੂੰ ਬ੍ਰਾਹਮਣਵਾਦੀ ਪਰੰਪਰਾ ਦਾ ਹਿੱਸਾ ਬਣਾਉਣ, ਸਿਖ ਗੁਰੂਆਂ ਨੂੰ
ਅਵਤਾਰ ਬਣਾ ਕੇ ਪੇਸ਼ ਕਰਨ ਅਤੇ ਸਿਖ ਫਲਸਫੇ ਨੂੰ ਬ੍ਰਾਹਮਣਵਾਦ ਨਾਲ ਰਲਗੱਢ ਕਰਨ ਹਿਤ ਵੱਡਾ ਯੋਗਦਾਨ
ਪਾਇਆ ਹੈ। ਉਦਾਹਰਨ ਵਜੋਂ ਉਹ ‘ਵਾਹਿਗੁਰੂ’ ਸ਼ਬਦ ਦੀ ਵਿਆਖਿਆ ਕਰਦੇ ਹੋਏ ਇਸ ਵਿਚਲੇ ‘ਵ’ ਨੂੰ
ਵਿਸ਼ਨੂੰ ਨਾਲ, ‘ਹ’ ਨੂੰ ਕ੍ਰਿਸ਼ਨ ਨਾਲ, ‘ਗ’ ਨੂੰ ਗੋਵਿੰਦ ਨਾਲ ਅਤੇ ‘ਰ’ ਨੂੰ ਰਾਮ ਨਾਲ ਜੋੜ ਕੇ ਇਸ
ਨੂੰ ਹਿੰਦੂ ਦੇਵਤਿਆਂ ਅਤੇ ਅਵਤਾਰਾਂ ਦਾ ਲਖਾਇਕ ਬਣਾ ਕੇ ਪੇਸ਼ ਕਰਦਾ ਹੈ। ‘ਮੰਗਲਾਚਰਨ’,
‘ਮੂਲ-ਮੰਤਰ’ ਅਤੇ ‘ਬੀਜ-ਮੰਤਰ’ ਵਰਗੇ ਸ਼ਬਦ-ਰੂਪ ਵੀ ਭਾਈ ਗੁਰਦਾਸ ਦੀ ਦੇਣ ਹਨ। ‘ੴ’ ਸਬੰਧੀ ਭਾਈ
ਗੁਰਦਾਸ ਨੇ ਹੇਠਾਂ ਦਿੱਤੇ ਅਨੁਸਾਰ ਲਿਖਿਆ ਹੈ:
ਏਕਾ ਏਕੰਕਾਰ ਲਿਖਿ ਵੇਖਾਲਿਆ।
ਊੜਾ ਓਅੰਕਾਰ ਪਾਸਿ ਬਹਾਲਿਆ।
‘ੴ’ ਦੀ ਵਿਆਖਿਆ ਦੇ ਸਬੰਧ ਵਿੱਚ ਭਾਈ ਗੁਰਦਾਸ ਵੱਲੋਂ ਲਗਾਇਆ ਹੋਇਆ ਇਹ
ਅਟਕਲਪੱਚੂ ਬੜੀ ਹੀ ਅਜੀਬ ਸਥਿਤੀ ਪੈਦਾ ਕਰ ਦਿੰਦਾ ਹੈ: ਉਹ ਏਕੇ ਦੇ ਹਿੰਦਸੇ ਨੂੰ ‘ਏਕੰਕਾਰ’ ਕਰਕੇ
ਪੇਸ਼ ਕਰਦਾ ਹੈ ਅਤੇ ਖੁਲ੍ਹੇ ਊੜੇ ਨੂੰ ‘ਓਅੰਕਾਰ’ ਕਰਕੇ। ਇਸ ਨਾਲ ‘ੴ’ ਦਾ ਸਮੁੱਚਾ ਉਚਾਰਨ ‘ਏਕੰਕਾਰ
ਓਅੰਕਾਰ’ ਬਣ ਜਾਂਦਾ ਹੈ ਜੋ ਕਿਸੇ ਚਮਤਕਾਰ ਤੋਂ ਘਟ ਨਹੀਂ ਕਿਹਾ ਜਾ ਸਕਦਾ। ਇਸ ਵਿੱਚ ਕੋਈ ਸ਼ਕ ਨਹੀਂ
ਕਿ ਭਾਈ ਗੁਰਦਾਸ ਦੇ ਇਸ ਚਮਤਕਾਰ ਕਰਕੇ ਹੀ ਸਿਖ ਸ਼ਰਧਾਲੂ ‘ੴ’ ਦਾ ਉਚਾਰਨ ‘ਇਕ ਓਂਕਾਰ’ ਕਰਕੇ ਕਰਦੇ
ਆ ਰਹੇ ਹਨ।
ਸੋ ਸਾਰੇ ਪੱਖਾਂ ਤੋਂ ਵੇਖਿਆ ਜਾਵੇ ਤਾਂ ‘ੴ ‘ਦਾ ਸਹੀ ਉਚਾਰਨ ‘ਏਕੋ’ ਜਾਂ
‘ਇੱਕੋ’ ਹੈ, ‘ਇਕ ਓਅੰਕਾਰ’ ਜਾਂ ‘ਏਕੰਕਾਰ’ ਨਹੀਂ ਅਤੇ ਇਸ ਸ਼ਬਦ-ਰੂਪ ਦਾ ਅਰਥ ਬਣਦਾ ਹੈ ‘ਪ੍ਰਭੂ
ਕੇਵਲ ਇੱਕ ਹੀ ਹੈ’।
(ਸਮਾਪਤ)
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ।
(ਟਿੱਪਣੀ:- ਡਾ: ਇਕਬਾਲ
ਸਿੰਘ ਜੀ ਤੁਹਾਡੀਆਂ ਸਾਰੀਆਂ ਦਲੀਲਾਂ ਵਿੱਚ ਵਜ਼ਨ ਹੈ ਪਰ ਜਿਹੜੀ ਗੱਲ ਤੁਸੀਂ ਭਾਈ ਗੁਰਦਾਸ ਜੀ ਬਾਬਤ
ਲਿਖੀ ਹੈ ਉਸ ਨਾਲ ਸਹਿਮਤ ਹੋਣਾ ਮੁਸ਼ਕਲ ਹੈ। ਕਿਉਂਕਿ ਜਿਸ ਵਿਆਕਤੀ ਨੇ ਇਤਨੇ ਸਾਲ ਗੁਰੂਆਂ ਦੀ ਸੰਗਤ
ਕੀਤੀ ਹੋਵੇ ਅਤੇ ਪਹਿਲੀ ਬੀੜ ਲਿਖਣ ਦਾ ਮਾਣ ਹਾਸਲ ਹੋਇਆ ਹੋਵੇ, ਉਹ ਜਾਣ ਬੁੱਝ ਕੇ ਬ੍ਰਾਹਮਣਵਾਦ
ਘੁਸੇੜੇ, ਇਹ ਗੱਲ ਮੰਨਣ ਯੋਗ ਨਹੀਂ ਲਗਦੀ। ਜਿਹੜੀ ਪਹਿਲੀ ਵਾਰ ਦੀ ਅਖੀਰਲੀ ਪਉੜੀ ਵਾਹਿਗੁਰੂ ਸ਼ਬਦ
ਵਾਲੀ ਦਾ ਤੁਸੀਂ ਜ਼ਿਕਰ ਕੀਤਾ ਹੈ ਉਹ ਵਾਕਿਆ ਈ ਗੁਰਮਤਿ ਵਿਰੋਧੀ ਹੈ। ਇਸ ਬਾਰੇ ਪਹਿਲਾਂ ਹੀ ਅਨੇਕਾਂ
ਵਿਦਵਾਨ ਸ਼ੰਕਾ ਕਰ ਚੁੱਕੇ ਹਨ ਕਿ ਇਹ ਪਉੜੀ ਭਾਈ ਗੁਰਦਾਸ ਦੀ ਲਿਖੀ ਹੋਈ ਨਹੀਂ ਹੋ ਸਕਦੀ। ਜਿਹਨਾ
ਵਿੱਚ ਭਾਈ ਵੀਰ ਸਿੰਘ, ਗਿ: ਹਜ਼ਾਰਾ ਸਿੰਘ ਅਤੇ ਪੰਡਿਤ ਕਰਤਾਰ ਸਿੰਘ ਦਾਖਾ ਦੇ ਨਾਮ ਵਰਨਣ ਯੋਗ ਹਨ।
ਇਸ ਗੱਲ ਦੀ ਜ਼ਿਆਦਾ ਸੰਭਾਵਨਾ ਲਗਦੀ ਹੈ ਕਿ ਜਿਸ ਤਰ੍ਹਾਂ ਦਸਮ ਗ੍ਰੰਥ ਅਤੇ ਕਈ ਹੋਰ ਗੁਰਮਤਿ ਵਿਰੋਧੀ
ਗ੍ਰੰਥ ਰਚ ਕੇ ਗੁਰੂਆਂ ਅਤੇ ਮਹਾਨ ਸਿੱਖਾਂ ਨਾਲ ਜੋੜ ਦਿੱਤੇ ਗਏ ਸਨ ਇਸੇ ਤਰ੍ਹਾਂ ਕਈ ਗੁਰਮਤਿ
ਵਿਰੋਧੀ ਵਾਰਾਂ ਰਚ ਕੇ ਭਾਈ ਗੁਰਦਾਸ ਜੀ ਦੇ ਨਾਮ ਨਾਲ ਜੋੜ ਦਿੱਤੀਆਂ ਹੋਵਣ-ਸੰਪਾਦਕ)