. |
|
ਜਿਉ ਕਰਿ ਸੂਰਜ ਨਿਕਲਿਆ
(ਆਧੇਰੈ ਰਾਹੁ ਨ ਕੋਈ।। ਵਿਚਿ ਹਉਮੈ ਕਰਿ ਦੁਖੁ ਰੋਈ।।)
ਸਲੋਕ ਮ: ੧ ਪੰਨਾ ੧੪੫
ਬਾਬੇ ਆਖਿਆ: ਨਾਥ ਜੀ! ਸਚੁ ਚੰਦ੍ਰਮਾ ਕੂੜੁ ਅੰਧਾਰਾ।
ਕੂੜੁ ਅਮਾਵਸਿ ਵਰਤਿਆ ਹਉ ਭਾਲਣਿ ਚੜ੍ਹਿਆ ਸੰਸਾਰਾ।
ਪਾਪ ਗਿਰਾਸੀ ਪਿਰਥਮੀ ਧਉਲ ਖੜਾ ਧਰਿ ਹੇਠ ਪੁਕਾਰਾ।
ਵਾਰ ੧, ਪੌੜੀ ੨੯, ਭਾ. ਗੁ.
ਪੂਰਬ ਨਾਨਕ ਕਾਲ ਵਿੱਚ ਸਾਰਾ ਸੰਸਾਰ ਕਈ ਕਿਸਮ ਦਾ ਗਾੜ੍ਹਾ ਹਨ੍ਹੇਰਾ ਢੋਅ
ਰਿਹਾ ਸੀ। ਇਸ ਹਨੇਰੇ ਨੂੰ ਦੂਰ ਕਰਕੇ ਗੁਰੂ ਨਾਨਕ-ਜੋਤਿ ਨੇ ਭੁੱਲੀ ਭਟਕੀ ਲੋਕਾਈ ਨੂੰ ‘ਮਾਰਗ` ਦੀ
ਸੋਝੀ ਬਖ਼ਸ਼ੀ, ‘ਜੀਅ-ਦਾਨ` ਦਿੱਤਾ। ਰੂਹਾਨੀਅਤ ਉਪਰ ਆਪਣੇ ਪੈਰੋਕਾਰਾਂ ਦੀ ਸਿੱਖ ਕੌਮ ਦੀ ਨੀਂਹ
ਰੱਖੀ। ਡੂੰਘੇ ਹਨੇਰਿਆਂ ਭਰੇ ਭਰਮ-ਗ੍ਰਸਤ ਸੰਸਾਰ ਵਿੱਚ ਗੁਰੂ ਨਾਨਕ-ਜੋਤਿ ਦੁਆਰਾ ਪ੍ਰਕਾਸ਼ਮਾਨ ਹੋਣਾ
ਵਿਸ਼ਵ ਇਤਿਹਾਸ ਦਾ ਇੱਕ ਅਲੌਕਿਕ ਚਮਤਕਾਰ ਹੈ। ਗੁਰੂ ਜੀ ਦੁਆਰਾ ਮਜ਼੍ਹਬਾਂ, ਸਮਾਜਾਂ, ਸ਼ਾਹਾਂ,
ਸਹਿਨਸ਼ਾਹੀਆਂ, ਪੀਰਾਂ, ਪਾਤਸ਼ਾਹਾਂ, ਫ਼ਕੀਰਾਂ, ਕਾਜ਼ੀ, ਜੋਗੀ ਜੰਗਮਾਂ, ਨਾਥਾਂ, ਖੁਣਸੀ ਬ੍ਰਾਹਮਣਾਂ,
ਅਤੇ ਪ੍ਰਚਲਿਤ ਨਿਆਂ ਆਦਿ ਦਾ ਦਲੇਰ ਵਿਸ਼ਲੇਸ਼ਣ ਦਿੰਦੇ ਨਾ ਝਿਜਕਣਾਂ, ਨਾ ਡਰਨਾ, ਨਾ ਕੰਬਣਾਂ, ਨਾ
ਝੁਕਣਾਂ ਝੰਵਣਾਂ, ਚਾਰੇ ਕੂੰਟਾਂ ਵਿੱਚ ਅਭੈ ਵਿਚਰਣਾਂ ਆਪ ਜੀ ਦਾ ਉਸ ਤੋਂ ਵੀ ਵੱਡਾ ਦਮਤਕਾਰ ਹੈ।
ਪ੍ਰੋ. ਮਹਿਬੂਬ ਨੇ ਜਿਥੇ ਨਸਰ ਅਤੇ ਨਜ਼ਮ ਵਿੱਚ ਆਦਿ ਜੋਤ ਗੁਰੂ ਨਾਨਕ ਸਾਹਿਬ ਦੇ ਜੀਵਨ-ਇਤਿਹਾਸ ਨੂੰ
ਅੰਕਿਤ ਕਰਦਿਆਂ ਇਸ ਹਨ੍ਹੇਰੇ ਨੂੰ ਆਪਣੇ ਵਿਲੱਖਣ ਅੰਦਾਜ਼ ਵਿੱਚ ਮੂਰਤੀਮਾਨ ਕੀਤਾ ਉਥੇ ਇਸ ਦੇ ਪੈਦਾ
ਹੋਣ ਦੇ ਕਾਰਨਾਂ ਉਤੇ ਵੀ ਚੋਖਾ ਚਾਨਣਾਂ ਪਾਇਆ ਹੈ। ਦੂਜੇ ਲਫਜ਼ਾਂ ਵਿਚ, ਹਰ ਧਰਮ ਜਾਂ ਮਜ਼੍ਹਬ ਵਿੱਚ
ਪੈਗ਼ੰਬਰਾਂ ਦੇ ਜਾਣ ਮਗਰੋਂ ਪੈਦਾ ਹੋਣ ਵਾਲੇ ਬਿੱਪਰ ਸੰਸਕਾਰ ਦਾ ਨਿਰਖ ਪਾਇਆ। ਧਰਮਾਂ ਦੇ ਸੱਚੇ
ਉਪਦੇਸ਼ਾਂ ਉਪਰ ਕਰਮਕਾਂਡ ਦੀ ਸਖਤ ਪੇਪੜੀ ਜੰਮ ਜਾਣੀ, ਸਦਕਾ ਜਿਸਦਾ ਲੋਕਾਂ ਨੇ ਅਤੇ ਧਰਮ ਜ਼ਰੀਏ ਰੋਟੀ
ਕਮਾਉਣ ਵਾਲਿਆਂ ਦੋਹਾਂ ਤਬਕਿਆਂ ਨੇ ਕਰਮਕਾਡ ਨੂੰ ਹੀ ਧਰਮ ਦੱਸਣਾ ਅਤੇ ਪਰਚਾਰਨਾ, ਸੱਚ ਤੋਂ ਦੂਰ
ਭੱਜਣਾਂ, ਅਤੇ ਧਰਮ ਦੇ ਨਾਂ ਥੱਲੇ ਨਿਰੋਲ ਝੂਠ ਦੇ ਆਸਰੇ ਪਰਨੇ ਹੋਣਾ ਆਦਿ। ਫਲ਼ਸਰੂਪ, ਕੌਮਾਂ ਦਾ
ਨਿੱਘਾਰ ਚ ਚਲੇ ਜਾਣਾ ਅਤੇ ਜਗਤ ਉਤੇ ਚਾਰੇ ਪਾਸੇ ਗਿਲਾਨੀ (ਨਫਰਤ, ਈਰਖਾ, ਸਾੜਾ, ਵੈਰ ਵਿਰੋਧ,
ਜਿਵੇਂ ਅੱਜ ਕਲ੍ਹ ਗੁਰਦਆਰਿਆਂ ਚ ਕੋਈ ਕਿਸੇ ਨੂੰ ਬੁਲਾ ਕੇ ਖੁਸ਼ ਨਹੀਂ: “ਖ਼ੁਦੀ ਬਖੀਲਿ ਤਕਬਰੀ
ਖਿੰਚੋਤਾਣਿ ਕਰੇਨਿ ਧਿਙਾਣੇ” “ਸਚੁ ਕਿਨਾਰੇ ਰਹਿ ਗਿਆ” “ਖਹਿ ਮਰਦੇ” ਆਦਿ) ਵਰਤ ਜਾਣੀ: “ਉਠੀ
ਗਿਲਾਨਿ ਜਗਤ ਵਿਚਿ, ਹਉਮੈ ਅੰਦਰਿ ਜਲੈ ੧ ਲੁਕਾਈ”। ਬਾਦਸ਼ਾਹਾਂ ਦਾ ਬਿਅਦਲੀ ਹੋ ਜਾਣਾ ਅਤੇ “ਕਰਮ
ਭ੍ਰਿਸ਼ਟ ੨ ਸਭਿ ਭਈ ਲੋਕਾਈ” ਭਾਵ ਸ਼ੁਭ ਕਰਮ ਕਰਨ ਦੀ ਥਾਂ ਲੋਕਾਂ ਵਿੱਚ ਪਾਪ ਕਰਮਾਂ ਨੇ ਮਕਬੂਲੀਅਤ
ਹਾਸਿਲ ਕਰ ਲੈਣੀ ਅਤੇ ਇਸੇ ਗ਼ਲਤ ਵਰਤਾਰੇ ਨੇ ਪਰਧਾਨ ਹੋ ਕੇ ਪ੍ਰਚਲਿਤ ਹੋ ਜਾਣਾਂ। ਅਜਿਹੇ ਬਿੱਪਰ
ਸੰਸਕਾਰ ਦੀ ਮੂਲੀ ਜੜ੍ਹ ਦਾ ਪੈਗ਼ੰਬਰੀ ਬੱਜਰ ਤ੍ਰਿਸਕਾਰ ਵਿੱਚ ਪੱਕੇ ਤੌਰ ਤੇ ਲੱਗੇ ਹੋਣਾਂ। ਸੰਸਾਰ
ਦੇ ਸਿਆਣਿਆਂ ਚਿੰਤਕਾਂ ਤੇ ਮੰਨਤਕਾਂ ਨੂੰ ਮਨ ਦੇ ਇਸ ਘੁੱਪ ਹਨ੍ਹੇਰ ਕੋਠੜੀ ਚ ਨਾ ਕੁੱਝ ਸੁਝੱਣਾਂ,
ਨਾ ਕੁੱਝ ਦਿਸਣਾਂ। ਉਨ੍ਹਾਂ ਨੇ ਬੇਥਵੀਆਂ ਦੀਆਂ ਫੜਾਂ ਦੇ ਧਾਗੇ ਫਲ਼ਸਫਿਆਂ ਦੇ ਨਾਂ ਹੇਠ ਛੱਡਣੇ,
ਜਿਨ੍ਹਾਂ ਖਾਲੀ ਧਾਗਿਆਂ ਨੂੰ ਸੰਸਾਰ ਦੇ ਵਿਦਵਾਨਾਂ ਨੇ ਦੋ ਦੋ ਹਜ਼ਾਰ ਸਾਲ ਤੱਕ ਗੰਢਾਂ ਹੀ ਮਾਰਦਿਆਂ
ਪਾਣੀ ਰਿੜਕੀ ਜਾਣਾਂ, ਆਦਿ। ਇਸ ਲੇਖ ਵਿੱਚ ਬੱਜਰ ਤ੍ਰਿਸਕਾਰ, ਸੰਸਾਰ ਦੀ ਸਭ ਤੋਂ ਵੱਡੀ ਹਿੰਸਾ,
ਕਿਸੇ ਕਾਮਿਲ ਰਹਿਬਰ ਦੀ ਘਾਟ, ਧਰਮ ਦੀ ਗਿਲਾਨੀ ਦੇ ਨਾਲ ਨਾਲ ਰੂਹਾਨੀਅਤ ਦਾ ਵਿਕਾਸ ਕਿਵੇਂ ਹੋਇਆ?
ਕਿਵੇਂ ਮਨੁੱਖ ਦੀ ਉਚੀ ਸੁਰਤਿ ਨੇ ਗੁਰੂ ਨਾਨਕ ਦੇ ਘਰੋਂ ਹੋਈ ਸਭ ਤੋਂ ਵੱਡੀ ਬਖ਼ਸ਼ਿਸ਼, “ਨਾਨਕ ਕੈ ੩
ਘਰਿ ਕੇਵਲ ਨਾਮੁ।। “ ਨੂੰ ਪਛਾਣਿਆਂ? ਆਦਿ ਅਹਿਮ ਨੁਕਤਿਆਂ ਨੂੰ ਵੀਚਾਰਿਆ ਗਿਆ ਹੈ। ਜਿਨ੍ਹਾਂ ਚੋਂ
ਅਗਿਆਨ-ਗ੍ਰਸਤ ਸੰਸਾਰ ਨੂੰ ਗੁਰੂ ਨਾਨਕ ਸੂਰਜ ਤੋਂ ਆਪਣੇ ਦਿਲਾਂ ਦਿਮਾਗਾਂ ਦਾ ਹਨ੍ਹੇਰਾ ਦੂਰ ਕਰਨ
ਲਈ ਜ਼ਾਤੀ ਅਤੇ ਸਮੂਹਿਕ ਤੌਰ ਤੇ ਚਾਨਣਾ ਮਿਲਿਆ।
ਗੁਰੂ ਨਾਨਕ ਸਾਹਿਬ ਦੇ ਵਚਨ ‘ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ
ਤਿਨਹਿ ਕੀਆ।। ` ਤੋਂ ਜ਼ਾਹਰ ਹੈ ਕਿ ਸੰਸਾਰ ਸਮੁੰਦਰ, ਵਿੱਚ ਨਿਰਾ ਹਨ੍ਹੇਰਾ ਹੀ ਨਹੀਂ ਹੈ, ਇਸ ਵਿੱਚ
ਪਾਣੀ ਦੇ ਥਾਂ ਗੁੱਝੀ ਅੱਗ ਵੀ ਹੈ, ਜਿਸ ਵਿੱਚ ਜੀਵਾਂ ਦਾ ਨਿਵਾਸ ਹੈ: “ਗੂਝੀ ਭਾਹਿ ੪ ਜਲੈ
ਸੰਸਾਰਾ, ਭਗਤਿ ਨ ਬਿਆਪੈ ਮਾਇਆ।। “ ਇਸ ਅੱਗ ਦੁਆਰਾ ਜੀਵਾਂ ਨੂੰ ਜਾਲਣ ਦੇ ਸੰਬੰਧ ਵਿੱਚ ਮਨੁੱਖਤਾ
ਨੂੰ ਜ਼ਾਤੀ, ਕੌਮੀ ਅਤੇ ਅੰਤਰਦੇਸ਼ੀ ਧਾਰਮਿਕ, ਸਮਾਜਿਕ, ਆਰਥਕ, ਤੇ ਰਾਜਨੀਤਕ ਸਾਰੇ ਤਰ੍ਹਾਂ ਦੇ ਦਰ
ਪੇਸ਼ ਵੱਡੇ ਦੁਖਾਂਤਾਂ ਦੁਆਰਾ ਸਾਰੇ ਜਗਤ ਦੇ ਮਨਮਤੀਏ ਮਨੁੱਖ ਆਪਣੀ ਅੱਗ ਵਿੱਚ ਆਪ ਵੀ ਜਲ ਰਹੇ ਹਨ
ਤੇ ਹੋਰਨਾਂ ਨੂੰ ਵੀ ਜਾਲਦੇ ਹਨ:
ਬੇਦ ਕਤੇਬ ਭੁਲਾਇਕੈ,
ਮੋਹੇ ਲਾਲਚ ਦੁਨੀ ਸੈਤਾਣੇ।
ਸਚੁ ਕਿਨਾਰੇ ਰਹਿ ਗਇਆ,
ਖਹਿ ਮਰਦੇ ਬਾਹਮਣ ਮਉਲਾਣੇ।
ਸਿਰੋ ਨ ਮਿਟੇ ਆਵਣ ਜਾਣੇ।।
ਭਾ. ੫ ਗੁ.)
ਗੁਰੂ ਨਾਨਕ ਆਮਦ ਤੋਂ ਢਾਈ ਤਿੰਨ ਸੌ ਸਾਲ ਪਹਿਲਾਂ ਦੇ ਹਵਾਲੇ ਨਾਲ ਹਿੰਸਾ
ਤੇ ਬੇਤਹਾਸ਼ਾ ਤਸ਼ੱਦਦ ਦੇ ਸ਼ਿਕਾਰ ਹੋਏ ਮਾਸੂਮਾਂ ਦੀਆਂ ਕੁਰਲਾਟਾਂ ਨੂੰ ਬਾਬਰਵਾਣੀ ਵਿਚੋਂ ਪ੍ਰੋ.
ਮਹਿਬੂਬ ਨੇ ਸੁਣਿਆ, ਜਿਥੋਂ ਉਨ੍ਹਾਂ ਦੀਆਂ ਦੋਵੇਂ ਕਿਤਾਬਾਂ ‘ਇਲਾਹੀ ਨਦਰ ਦੇ ਪੈਂਡੇ` (ਮਹਾਂਕਾਵਿ)
ਅਤੇ ‘ਸਹਿਜੇ ਰਚਿਓ ਖ਼ਾਲਸਾ` (ਨਸਰ) ਸ਼ੁਰੂ ਹੁੰਦੀਆਂ ਹਨ।
ਪਾਰਬ੍ਰਹਮ-ਪਰਮੇਸ਼ਰ ਗੁਰੂ–ਜੋਤੀ ਗੁਰ-ਪਰਮੇਸ਼ਰ, ਗੁਰੂ ਨਾਨਕ ਰੂਪ ਧਾਰ ਕੇ ੬
ਕੱਤਕ ਦੀ ਪੂਰਨਮਾਸ਼ੀ ੧੪੬੯ ਈ. ਨੂੰ ਜਗਤ ਉਪਰ ਪ੍ਰਕਾਸ਼ਮਾਨ ਹੋਈ। ਇਹ ਮਾਸੂਮਾਂ ਦੀਆਂ ਕੁਰਲਾਟਾਂ
ਜਿਹੜੀਆਂ ਮਹਾਂਕਵੀ ਨੂੰ ਕ੍ਰਮਵਾਰ ਸੰਨ ੧੨੨੯ ਈ. ਵਿੱਚ ਚੰਗੇਜ਼ ਖਾਂ ਦੁਆਰਾ ਬਗ਼ਦਾਦ ਦੀ
ਕਤਲਿ-ਆਮ ੭ ਦੀਆਂ ਮਹਾਂ ਅਕਾਸ਼ ਵਿਚੋਂ ਸੁਣੀਆਂ, ਫੇਰ ੧੨੫੮ ਈ. ਦੀਆਂ ਹਲਾਕੂ
ਦੁਆਰਾ ਮੁੜ ਬਗ਼ਦਾਦ ਦੇ ਮਾਸੂਮਾਂ ਉਪਰ ਢਾਹੇ ਕਹਿਰ ੮ ਵਿਚੋਂ ਵੀ ਲਗਾਤਾਰ ਸੁਣ ਰਹੀਆਂ ਹਨ। ਤੀਜਾ,
ਬਾਬਰ ਦੇ ੧੫੨੦/੨੧ ਈ. ਦੇ ੯ ਹਮਲੇ “ਜਮ ਕਰਿ ਮੁਗਲ ਚੜ੍ਹਾਇਆ” “ਹਿਦੁਸਤਾਨ ੧੦ ਡਰਾਇਆ” ਦੇ
ਜ਼ੁਲਮੀ ਕਹਿਰ ਦੇ ਹਾੜ ਵੀ ਅਕਸਰ ਕਵੀ ਜੀ ਨੂੰ ਜ਼ਿਹਨ ਵਿੱਚ ਜ਼ਾਹਰਾ ਸੁਣਦੇ ਹਨ ਜਿਵੇਂ ਉਨ੍ਹਾਂ ਕਿਹਾ
ਹੈ: “ਚੜ੍ਹ ਵਿੱਚ ੧੧ ਬਾਬਰ-ਭੇਖ, ਅੰਨ੍ਹੀ ਗਹਿਰ ਨੇ, ਹਿੰਦ ਚ ਧੁਰ ਦੇ ਲੇਖ ਘਰ ਘਰ ਰੋਲਣੇ”।
ਅਤੇ “ਪਰ ਬੇਤਾਲ ਫ਼ਿਤਰਤਾਂ ਵਾਲੇ, ਲਸ਼ਕਰ ਚੜ੍ਹੇ ਯੁਗਾਂ ਤੱਕ ਕਾਲੇ। “ ਤੇਰ੍ਹਵੀਂ, ਚੌਧਵੀਂ,
ਪੰਦਰਵੀਂ ਤੇ ਸੋਲ੍ਹਵੀਂ ਸਦੀ ਤੱਕ ਹਿੰਸਾ ਤੇ ਤਸ਼ੱਦਦ ਦਾ ਦੌਰ ਚਲਦਾ ਰਿਹਾ ਹੈ। ਬਾਬਰ ਨੇ ੧੫੨੬ ਈ.
ਵਿੱਚ ਹਿੰਦੁਸਤਾਨ ਦੇ ਤਖਤ ਉਤੇ ਬਤੌਰ ਸ਼ਹਿਨਸ਼ਾਹ ਬਣ ਕੇ ਬੈਠਣ ਤੋਂ ਪਹਿਲਾਂ ਚਾਰ ਹਮਲੇ ਪਹਿਲਾ ਤੇ
ਦੂਜਾ ੧੫੧੯ ਈ. , ਤੀਜਾ ੧੫੨੦/੨੧ ਈ. ਅਤੇ ਚੌਥਾ ੧੫੨੪ ਈ. ੧੨ ਵਿੱਚ ਕੀਤੇ ਸਨ। ਇਨ੍ਹਾਂ ਹਮਲਿਆਂ
ਦੌਰਾਨ ਹੋਈ ਤਬਾਹੀ ਦਾ ਅੰਦਾਜ਼ਾ ਕਵੀ ਦੀਆਂ ਉਪਰਲੀਆਂ ਦਿੱਤੀਆਂ ਟੂਕਾਂ ਤੋਂ ਹੀ ਲੱਗ ਜਾਂਦਾ ਹੈ
ਜਿਵੇਂ “ਰੁਲੇ ਜਾਨ ਦੇਸਾਂ ਦੀ ਕੁੱਠੀ। ਵੰਗ ਜਿਵੇਂ ਕੋ ਥਲਾਂ ਚ ਟੁਟੀ”।” ਕਾਇਆ ਕਪੜ ਟੁਕ ਟੁਕ
ਹੋਸੀ”।। (ਬਾਬਰਵਾਣੀ)।
ਸੰਸਾਰ ਇਤਿਹਾਸ ਨੇ ਬਾਬਰ ਦੇ ਹਮਲਿਆਂ ਤੱਕ ਦੇ ਕਰੜੇ ਨਰਕੀ ਕਹਿਰ ਤੋਂ
ਪੂਰਬਲੇ ਜ਼ੁਮਾਨੇ ਵਿੱਚ ਦੋ ਪੜਾਅ ਮਜ਼ਲੂਮਾਂ ਉਪਰ ਢੱਠੇ ਅਕਾਰਣ ਕਹਿਰ ਦੇ ਤੱਕੇ ਸਨ। ਪੁਰਾਣੇ ਦੌਰ
ਵਿੱਚ ਬੇਬੀਲੋਨ ਦੇ ਜਾਬਰ, ਵੰਡਾਲ ਕੌਮ ਦੇ ਵਹਿਸ਼ੀ, ਰੋਮਨ ਸਾਮਰਾਜ ਦੇ ਪੂਰਬੀ ਤੇ ਪੱਛਮੀ
ਹਿੱਸੇ ਨੂੰ ਤੋੜ ਸੁੱਟਣ ਵਾਲੇ ਹੂਨਾਂ ਤੇ ਗੋਥਾਂ ਦੇ ਖੂਨੀ ਲਸ਼ਕਰ; ਸੇਰਾਗਨ, ਸਿਕੰਦਰ ਤੇ ਐਟੀਲਾ
ਦੀਆਂ ਮਾਰਾਂ ਮਾਰਨ ਵਾਲੇ ਜ਼ਾਲਮ ਹਿੰਸਕ ੧੩ ਹੋ ਗੁਜ਼ਰੇ ਹਨ। ਇਨ੍ਹਾਂ ਦੇ ਦਿਲੋ-ਦਿਮਾਗ਼ ਦਾ ਨਕਸ਼ਾਂ
ਕਵੀ ਜੀ ਐਉਂ ਦਸਦੇ ਹਨ: “ਭੂਤ ਪ੍ਰੇਤਾਂ ਵਾਂਗੂ ਕੀਨੇ, ਖੌਲ ਰਹੇ ਕੌਮਾਂ ਦੇ ਸੀਨੇ”। ਉਪਰੋਕਤ
੧੨੨੯ ਈ. ਤੇ ੧੨੫੮ ਈ. ਵਾਲੇ ਨਵੇਂ ਦੌਰ ਦੇ ਜ਼ਾਲਮ ਹਿੰਸਕ ਚੰਗੇਜ਼, ਹਲਾਕੂ, ਤੇ ਤੈਮੂਰ (੧੩੩੬-੧੪੦੫
ਈ.) ਆਦਿ ਸਨ, ਜੋ ਪਹਿਲੇ ਦੌਰ ਦੇ ਹਿੰਸਕਾਂ ਨਾਲੋਂ ਬਿਲਕਲੁ ਵੱਖਰੇ ਸਨ। ੧੪ ਬਾਬਰ (੧੪੮੩ –
੧੫੩੦ ਈ.) (ਤੈਮੂਰ ਦੀ ੧੫ ਛੇਵੀਂ ਪੀੜ੍ਹੀ ਚ ਪੜਪੋਤਾ; ਇਸ ਦੀ ਮਾਂ ਚੰਗੇਜ਼ ਦੇ ਖਾਨਦਾਨ ਵਿਚੋਂ ਸੀ)
ਦੇ ਏਮਨਾਬਾਦ ਉਪਰ ੧੬ ਹਮਲੇ (੧੫੨੦ ਈ.) ਦੀ ਜ਼ੁਲਮੀ ਕਸਕ ਵਾਰੇ ਗੁਰੂ ਨਾਨਕ ਸਾਹਿਬ ਜੀ ਦੇ ‘ਬਾਬਰਵਾਣੀ`
ਵਾਲੇ ਸ਼ਬਦਾਂ ਵਿਚੋਂ ਹਾਲਾਤ ਮਾਲੂਮ ਹੁੰਦੇ ਹਨ। ਬਾਬਰਵਾਣੀ ਤੋਂ ਗੱਲ ਸਰ੍ਹੀਂਣ ਸਪਸ਼ਟ ਹੁੰਦੀ
ਹੈ ਕਿ ਮਜ਼ਲੂਮਾਂ ਉਤੇ ਜ਼ੁਲਮ ਦੇ ਸਿਖਰ ਦੀ ਦਾਸਤਾਂ ਇਕੋ ਜੇਹੀ ਹੁੰਦੀ ਹੈ। ਜ਼ਾਲਮਾਂ ਦੇ ਕਈ ਛੁਪੇ
ਕਹਿਰ ਵੀ ਜ਼ਾਹਰਾਂ ਕਹਿਰਾਂ ਦੇ ਸੰਗ ਸਾਥ ਚਲਦੇ ਹਨ: “ਛੁਪੇ ਕਹਿਰ ਵਕਤ ਦੇ ਡੰਗਣ”। ਜ਼ਾਲਮ, ਤੀਵੀਂ
ਜਾਂ ਮਰਦ, ਭਾਵੇਂ ਤੇਰਵੀਂ, ਚੌਧਵੀਂ, ਸੋਲ੍ਹਵੀਂ, ਵੀਹਵੀਂ ਜਾਂ ਇਕੀਵੀਂ ਦਾ ਜਾਂ ਪੁਰਾਤਨ ਕਾਲ ਦਾ
ਹੋਵੇ। ਹਰ ਜ਼ਾਲਮ “ਹੰਸ ਹੇਤ ਲੋਭ ਕੋਪ” ਦੀ ਅੱਗ ਦੀਆਂ ਚਾਰੇ ਨਦੀਆਂ,” ਚਾਰੇ ਨਦੀਆ ੧੭ ਅਗਿ।। “
ਦੁਆਰਾ ਆਪ ਅੰਦਰੋਂ ਜਲਿਆ ਹੋਇਆ ਮਨੂਰ ਆਪਣੇ ਸ਼ਿਕਾਰ ਬਣਾਏ ਮਜ਼ਲੂਮਾਂ ੳਪੁਰ ਚਾਰ ਤਰ੍ਹਾਂ ਦੀ
ਅੱਗ ਵਰ੍ਹਾਉਂਦਾ ਹੈ। ਇਸ ਦੀਆਂ ਕੁੱਝ ਕੁ ਮਿਸਾਲਾਂ ਉਪਰੋਕਤ ਚੰਗੇਜ਼, ਹਲਾਕੂ, ਤੈਮੂਰ, ਹਿਟਲਰ ਅਤੇ
ਇੰਦਰਾ ਗਾਂਧੀ ਆਦਿ ਵਿਚੋਂ ਇਕੀਵੀਂ ਸਦੀ ਤੱਕ ਸਾਡੇ ਦ੍ਰਿਸ਼ਟੀਗੋਚਰ ਹੁੰਦੀਆਂ ਹਨ।
ਇਹੋ ਅੱਗ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਉਪਰੋਕਤ ਸਭ ਤੋਂ ਵੱਡੀ
ਹਿੰਸਾ ਦੇ ਰੂਪ ਵਿੱਚ ਜੰਗਲ ਦੀ ਅੱਗ ਵਾਂਗ ਉੱਠੀ। ਹਿੰਸਾ ਦੀ ਅੰਨ੍ਹੀਂ ਬੇਤਰਤੀਬੀ ਦੇ ਸਾਹਮਣੇ
ਆਮ ਮਨੁੱਖ ਨਿਮਾਣਾ, ਨਿਤਾਣਾ ਤੇ ਨਿਰ-ਧਰਵਾਸ ਸੀ। ਕਵੀ ਜੀ ਦੱਸਦੇ ਹਨ:
ਦਿਸੇ ਨ ਪੁਤ ਖ਼ਲੀਲ, ਸਮਿਆਂ ਮੇਟਿਆ
ਜ਼ਮਜ਼ਮ ਅਸਵਦ ਕੋਲ, ਅਗਨ ਲਪੇਟਿਆ।
ਲਈ ਰਾਬਿਆ ਡੋਬ, ਸੁੰਨ ਬੇਰੰਗ ਨੇ
ਕੋਹੇ ਥਲ ਦਰਵੇਸ਼, ਹਿਰਸ ਦੀ ਜੰਗ ਨੇ।
ਸ਼ੀਹਾਂ ਵਾਂਗ ਚੌਫੇਰ, ਅੱਗਾਂ ਨਸਦੀਆਂ
ਕਿਥੇ ਬਲੀ ਸਿਕੰਦਰ? ਗਾਰਾਂ ਹੱਸਦੀਆਂ।
ਲਾਵਾ ਬਣਿਆ ਪੰਕਜ, ਸੜਦੇ ਸਿੰਧ ਨੇ
ਤੁਰਨਾ ਇਸ ਵਿੱਚ ਕਿੰਜ, ਨਬੀ ਦੀ ਜਿੰਦ ਨੇ?
ਮਹਿਲੀਂ ਕੀਤੇ ਰਾਖ, ਸਜਣ ਜੋ ਰਾਂਗਲੇ
ਸੜਦੇ ਵਣੀਂ ਨ ਪੈਣ, ਪੰਖਣੂੰ ਝਾਂਵਲੇ।
ਵਾਗਾਂ ਹੋਣ ਨ ਥੰਮ੍ਹ, ਅਗਨ-ਹੜ੍ਹ ਅੱਥਰੇ
ਬੇਪਤ ਹੋ ਇਲਹਾਮ, ਰਾਖ ਵਿੱਚ ਲੱਥੜੇ।
ਵਿਚ ਨ ਏਸ ਕਿਆਮਤ, ਸ਼ਾਹਰਗ ਨਬੀ ਦੀ
ਅਦਲ ਲਏ ਨਾ ਸਾਰ, ਸੜਦੀ ਸਦੀ ਦੀ।
ਛੁਪ ਛੁਪ ਕੇ ਕੋਈ ਵਿਸ਼, ਅਗਨ-ਹੜ੍ਹ ਮੇਲ੍ਹਦੀ।
ਪਾਪਣ ਨਰਕ ਦੀ ਜੀਭ, ਡੂੰਘਾਣ ਚ ਠੇਲ੍ਹਦੀ।
(ਪੰਨਾ ੫੬)
ਅਤੇ
ਹੇਠਾਂ ਹੇਠਾਂ ਭਾਂਬੜ, ਹੈਨ ਪਰ ਘੁੰਮਦੇ
ਵਣ ਸਾਗਰ ਸਭ ਪਰਬਤ, ਅਗਨ-ਹੜ੍ਹ ਗੁੰਮਦੇ।
(ਪੰਨਾ ੫੭)
ਇਸ ਅੰਨ੍ਹੀ ਤੇ ਬੇਤਰਤੀਬੀ ਹਿੰਸਾ ਦਾ ਸ਼ਿਕਾਰ ਜਿਥੇ ਲੱਖਾਂ ਆਮ ਲੋਕੀਂ ਹੋਏ
ਉਥੇ ਮਨਤਿਕੁਤ-ਤਾਯਰ ਵਿੱਚ ਵਾਦੀਏ-ਫ਼ਨਾ ਦੀਆਂ ਅਨੁਭਵੀ ਕਹਾਣੀਆਂ ਪਾਉਣ ਵਾਲੇ ਮਹਾਨ ਸੰਤ ਅੱਤਾਰ
ਨੂੰ ਵੀ ੧੨੨੯ ਈ. ਵਿੱਚ ਬਗ਼ਦਾਦ ਦੇ ਚੰਗੇਜ਼ੀ ਕਤਲਿ-ਆਮ ਵਿੱਚ ੧੮ ਸ਼ਹੀਦ ਕਰ ਦਿੱਤਾ ਗਿਆ।
ਬਿਲਕੁਲ ਉਸੇ ਤਰ੍ਹਾਂ ਜਿਵੇਂ ਉਪਰੋਕਤ ਹਿੰਦੂਤਵੀ ਹਿੰਦੂ ਸਾਮਰਾਜੀ ਯੰਤ੍ਰ, ਇੰਦਰਾ ਗਾਂਧੀ ਨੇ
ਕੁਲਦੀਪ ਬਰਾੜ ਨਾਂ ਦੇ ਮੋਨੇ ਘੋਨੇ ਅਖੌਤੀ ਸਿੱਖ ਜਰਨੈਲ ਕੋਲੋਂ ਸਿਖਾਂ ਦੀ ਕਤਲਿ-ਆਮ
(Genocide)
ਕਰੁਆਈ ਸੀ। ਇਸ ਜੰਗੇ-ਸ੍ਰੀ ਅਕਾਲ ਤਖਤ ਵਿੱਚ ਬਾਬਾ ਜਰਨੈਲ
ਸਿੰਘ ਜੀ ਆਪਣੇ ਸਿਰਲੱਥ ਸੂਰਮੇ ਸਾਥੀਆਂ ਸਮੇਤ ਫੌਜ ਦਾ ਸ਼ੇਰਿ-ਮਰਦ ਮੁਕਾਬਲਾ ਕਰਦੇ ਜਾਮੇ-ਸ਼ਹਾਦਤ ਪੀ
ਗਏ। ਇਸ ਕਤਲਿ-ਆਮ ਵਿੱਚ ਸਭ ਸਿੱਖਾਂ ਨੂੰ ਕਤਲ ਕਰਨਾ ਨਿਸ਼ਾਨਾ ਸੀ ਬਿਨਾਂ ਕਿਸੇ ਭਿੰਨ ਭੇਤ ਦੇ। ਇਹ
ਦੋਵੇਂ ਕੋਈ ਤਾਰੀਖ ਦੇ ਆਮ ਜਿਹੇ ਹਾਦਸੇ ਨਹੀਂ ਸਨ।
ਇਸ ਦੋਜ਼ਖ਼ੀ ਹਿੰਸਾ ਤੋਂ ਇਲਾਵਾ ਏਸੇ ਹੀ ਸਮੇਂ ਧਰਮ ਦੇ ਖੇਤਰ ਵਿੱਚ ਦੋ
ਤਰ੍ਹਾਂ ਦਾ ਇੱਕ ਹੋਰ ਵਿਕਾਸ ਵੀ ਜਾਰੀ ਸੀ। ਜਿਥੇ ਇੱਕ ਪਾਸੇ ਸੰਸਾਰ ਦੀ ਕੁੱਲ ਧਰਮ ਚੇਤਨਾ ਉੱਚੀ
ਸੁਰਤਿ ਵਲ ਨੂੰ ਵਿਕਾਸ ਦੀਆਂ ਮੰਜ਼ਿਲਾਂ ਤੈਅ ਕਰ ਰਹੀ ਸੀ, ਉਥੇ ਦੂਜੇ ਪਾਸੇ ਜਗਤ ਦਾ ਸਮੁੱਚਾ ਧਰਮ
ਚੌਖਟਾ ਸੰਕਟ-ਗ੍ਰਸਤ ਵੀ ਸੀ, ਮਸਲਨ, ਇਸਲਾਮ ਧਰਮ ਤਾਜ਼ਾ ਤਾਜ਼ਾ ‘ਬੱਜਰ ੧੯ ਤ੍ਰਿਸਕਾਰ` ਦੀ
ਗਰਿੱਫਤ ਵਿੱਚ ਆਇਆ ਸੀ। ਬਾਵਜੂਦ ਅਰਬ ਦੇ “ਪ੍ਰਾਚੀਨ ਪੈਗ਼ੰਬਰਾਂ ਦੇ ਉਸ ਸਰਦਾਰ” (ਹਜ਼ਰਤ ਮੁਹੰਮਦ
ਸਾਹਿਬ) ਦੀ ਕਰੜੀ ੨੦ ਚੇਤਾਵਨੀ ਦੇ, ਕਿ ਆਪਣੀ ਤਰਜ਼ਿ-ਜ਼ਿੰਦਗ਼ੀ, ਜ਼ਿੰਮੇਦਾਰੀਆਂ, ਅਤੇ ਸ਼ਊਰ (ਅਕਲ)
ਨੂੰ ਬੁੱਤਖਾਨੇ ਦੇ ਸਪੁਰਦ ਨਹੀਂ ਕਰਨਾ। ਜੇ ਕੀਤਾ, ਤਾਂ ਬੁਰੀ ਤਰ੍ਹਾਂ ਤਬਾਹ ਕੀਤੇ ਗਏ ਕਾਰੂੰਨ,
ਫਰਆਉਣ, ਹਾਮਾਨ, ਆਦ ਤੇ ਸਮੂਦ ਕਬੀਲਿਆਂ ਅਤੇ ਅਜੇਹੀਆਂ ਹੋਰ ਅਨੇਕਾਂ ਕੌਮਾਂ ਵਾਂਗ ਨਪੀੜੇ ਜਾਓਗੇ,
ਇਸਲਾਮ ਦੇ ਜਾਬਰ ਪੈਰੋਕਾਰਾਂ ਨੇ ਕੁਰਾਨ ਮਜੀਦ ਦੇ ਇਲਹਾਮ ਨੂੰ ਖਰ੍ਹਵੀਆਂ ਕੀਮਤਾਂ ਵਿੱਚ ਪਲਟਾ ੨੧
ਦਿੱਤਾ ਸੀ। ਜਿਸ ਦੀਆਂ ਕੁੱਝ ਮਿਸਾਲਾਂ ਉਪਲਭਦ ਹਨ: ਖ਼ਲੀਫ਼ਾ ਉਮਰ ਦੀ ਸ਼ਹਾਦਤ ਪਿਛੋਂ ਲੰਮੇ ਸਮੇਂ ਤੱਕ
ਹੋਏ ਜ਼ੁਲਮਾਂ ਦੀ ਦਾਸਤਾਂ, ਮਆਵੀਆਂ ਦੇ ਇਸ਼ਾਰੇ ਤੇ ਕੂਫ਼ਾ ਦੀ ਮਸਜਿਦ ਵਿੱਚ ਨਮਾਜ਼ ਸਮੇਂ ਅਲੀ ਦਾ
ਦਿਲ-ਕੰਬਾਊ ਕਤਲ, ਕਰਬਲਾ ਦੇ ਮੈਦਾਨ ਵਿਚ, ਕਾਲੇ ਦਿਲ ਵਾਲੇ ਯਜ਼ੀਦ ਦੇ ਸ਼ੈਤਾਨੀ ਹੁਕਮ ਰਾਹੀਂ ਹੁਸੈਨ
ਉਤੇ ਸਾਥੀਆਂ ਸਮੇਤ ਢਾਹਿਆ ਜ਼ੁਲਮ, ਉਮੱਈਆਂ ਖ਼ਲੀਫ਼ਿਆਂ ਦੇ ਮੁਆਫ਼ ਨਾ ਹੋ ਸਕਣ ਵਾਲੇ ਗੁਨਾਹ, ਖ਼ਲੀਫ਼ਾ
ਸੁਲੇਮਾਨ ਬਿਨ ਅਬਦੁਲ ਮਲਕ ਰਾਹੀਂ ਇਸਲਾਮ ਦੇ ਸ਼ੇਰਿ-ਮਰਦ ਜਰਨੈਲ ਤਾਰਕ ਦਾ ਜਹੰਨਮ ਨਾਲੋਂ ਸਿਆਹ
ਕਤਲ, ਉਮੱਈਆ ਖਾਨਦਾਨ ਸਮੇਂ ਹੋਈਆਂ ਪਾਕ ਮਦੀਨੇ ਦੀਆਂ ਅਪਮਾਨ-ਜਗਾਉਂਦੀਆਂ ਵੀਰਾਨੀਆਂ, ਕੁੱਝ ਅਬਾਸੀ
ਖ਼ਲੀਫ਼ਿਆਂ ਦਾ ਰੂਹਾਨੀਅਤ ਪਥਰਾਉਂਦਾ ਅਤੇ ਪਾਸ਼ਵੀ ( cannabals,
animals) ਬਿਰਤੀਆਂ ਨੂੰ ਪਹਿਲ ਦਿੰਦਾ ਸੰਸਾਰੀ
ਲਾਲਚ, ਹਸਨ-ਹੁਸੈਨ ਦੇ ਮਕਬਰਿਆਂ ਨੂੰ ਢਾਹੁਣ ਵਾਲਾ ਅਤੇ ਪੰਦਰਾਂ ਸਾਲ ਸ਼ੀਆਂ ਨੂੰ ਤੇਗ਼ ਦੇ ਕਹਿਰ
ਹੇਠ ਰੱਖਣ ਵਾਲਾ ਅਬਾਸੀ ਖ਼ਲੀਫ਼ਾ ਮੁਤਵੱਕਲ, ਅੰਤਲੇ ਅਬਾਸੀ ਖ਼ਲੀਫ਼ਾ ਮੁਸਤਾਸਿਮ ਬਿੱਲਾਹ ਦੀ,
(Hitler and Indira Gandhi)
ਹਿਟਲਰ ਤੇ ਇੰਦਰਾ ਗਾਂਧੀ, ਵਾਂਗ ਹਿੰਸਕ ਪੱਥਰ-ਦਿਲੀ ਤੋਂ ਮਾਸੂਮ ਸ਼ੀਆਂ ਦੇ ਵਗੇ ਖ਼ੂਨ, ਹਲਾਕੂ ਦੀ
ਪੇਸ਼ੀਨਗੋਈ ਕਰਦੀ ਉਸਦੀ ਅੱਗ ਪੀਂਦੀ ਖ਼ੂਨੀ ਤਲਵਾਰ, ਅਤੇ ਅਖ਼ੀਰ ਅਲੀ ਤੇ ਹਸਨ-ਹੁਸੈਨ ਦੇ ਦਰਦਨਾਕ
ਦਿਨਾਂ ਨੂੰ ਯਾਦ ਕਰਵਾਉਂਦੇ ਦਾਰਾ ਸ਼ਿਕੋਹ ਅਤੇ ਸਰਮਦ ਨੂੰ ਕੋਂਹਦੇ ਯਜ਼ੀਦ ਦੇ ਦੋਜ਼ਖ਼ੀ ਦਿਲ ਨੂੰ
ਦੁਹਰਾ ਰਹੇ ਔਰੰਗਜ਼ੇਬ ਦੇ ਦੋ ਜ਼ੁਲਮ)। ਐਨ ਏਸੇ ਤਰ੍ਹਾਂ, ਗ਼ਰੀਬ ਮਜ਼ਲ਼ੂਮਾਂ ਉਪਰ ਕਹਿਰ ਏਨੇ ਹੀ
ਜੋਸ਼ੋ-ਖ਼ਰੋਸ਼ ਨਾਲ ਢੱਠੇ ਸਨ ਜਿਵੇਂ ਜੂਨ ਅਤੇ ਨਵੰਬਰ ੧੯੮੪ ਈ. ਵਿੱਚ ਸਿੱਖਾਂ ਉਤੇ ੨੨ ਅਕਾਰਨ ਅਜੋਕੇ
ਹਿੰਦੂਤਵੀ ਸਾਮਰਾਜੀ ਯੰਤ੍ਰ ੨੩ (ਇੰਦਰਾ ਗਾਂਧੀ) ਨੇ ਹਿੰਦੂ ਵੋਟ ਉਗਰਾਹੁਣ ਲਈ ਜਾਣ ਬੁੱਝ ਕੇ ਢਾਹੇ
ਸਨ। ਕਹਿਣ ਦਾ ਭਾਵ ਸਪਸ਼ਟ ਹੈ ਕਿ ਜ਼ਾਲਮ ਤੇ ਮਜ਼ਲੂਮ ਦੋਵੇਂ ਇਸ ਬਿੱਪਰ ਸੰਸਕਾਰ ਜਾਂ ‘ਬੱਜਰ
ਤ੍ਰਿਸਕਾਰ` ਦੇ ਤਕੜੇ ਜੱਫੇ ਵਿੱਚ ਜਕੜੇ ਪਏ ਸਨ, ਜਿਵੇਂ “ਕਾਰੂੰ ਡੁੱਬ ਜਾਣ ਵਿੱਚ ਹਿਰਸਾਂ, ਨਿੱਕੇ
ਅਰਥ ਵਡੀਆਂ ਕਿਰਸਾਂ” ਅਤੇ, “ਬੱਜਰ ਸਰਾਪ ਬੱਜਰ ਅਸਮਾਨਾਂ, ਕੀਤੇ ਯਖ ਰੂਹ ਤੇ ਜਾਨਾਂ”। ਇਸ ਕਰਕੇ
ਧਰਮ ਦੇ ਰਾਹ ਕਿਸੇ ਭੈਅ ਵਿੱਚ ਦਿਸਦੇ ਹਨ: ‘ਭੈਅ ਵਿੱਚ ਦਿਸਣ ਮਜ਼੍ਹਬ ਦੇ ਪੈਂਡੇ`ਅਤੇ ‘ਭੈਅ
ਵਿੱਚ ਮਨ ਬਗ਼ਦਾਦ ਚੋਂ ਉੱਠਣ, ਲਰਜ਼ ਲਰਜ਼ ਕੇ ਕਾਂਗਾਂ` (ਸਫਾ ੪੩)। ਇਨ੍ਹਾਂ ਉਪਰੋਕਤ ਚਾਰ ਮਹਾਨ
ਇਤਿਹਾਸਿਕ ਹਵਾਲਿਆਂ ਤੋਂ ਆਪਣੇ ਆਪ ਜ਼ਾਹਰ ਹੈ ਕਿ ਸੰਸਾਰ ਦੇ ਮਜ਼ਲੂਮਾਂ ਦੇ ਸਮੁੱਚੇ ਹਾਲਾਤ ਸਮੇਤ
ਧਾਰਮਿਕ, ਰਾਜਸੀ, ਸਮਾਜਿਕ, ਆਰਥਕ ਸਥਿਤੀਆਂ ਦੇ, ਸੰਕਟ-ਗ੍ਰਸਤ ਰਹੇ ਹਨ ੳਦੋਂ ਵੀ ਤੇ ਹੁਣ ਵੀ।
ਉਸ ਵਕਤ, ਇੱਕ ਤਾਂ ਧਰਮ-ਚੇਤਨਾ ਦਾ ਵਿਕਾਸ ਉਚੀ ਸੁਰਤਿ ਵਲ ਨੂੰ ਪੁਲਾਂਘਾਂ
ਪੁੱਟਦਾ ਜਾ ਰਿਹਾ ਸੀ, ਦੁਜਾ, ਚਿੰਤਕ ਅਤੇ ਮੰਨਤਕ ਆਪਣੀ ਸੋਚ ਦਾ ਫਲਸਫੇ ਦੇ ਖੇਤਰ ਵਿੱਚ ਜ਼ੋਰ ਅਜ਼ਮਾ
ਰਹੇ ਸਨ। ਧਰਮ-ਚੇਤਨਾ ਦਾ ਵਿਕਾਸ ਐਉਂ ਸ਼ੁਰੂ ਹੋਇਆ: ਮਧ-ਯੁਗ ਵਿੱਚ ਪਹਿਲਾਂ ਸੁਪਨ-ਭਰਮ ਦਾ ਅਚੰਭਾ
ਜਾਗਿਆ। ਯੂਨਾਨ ਤੋਂ ਚੀਨ ਤੱਕ ਦਾ ਮਨ ਕਿਸੇ ਪਰਾ-ਭੌਤਿਕ ( Metaphysical)
ਚਿੰਤਨ ਦੀ ਲਾਲਸਾ ਕਰਨ ਲੱਗਾ। ਹਜ਼ਾਰਾਂ ਰਹਿਬਰ ਤੇ ਅਸੰਖਾਂ ਖ਼ਿਆਲ ਹੋਂਦ ਵਿੱਚ ੨੪ ਆਏ, ਫਿਰ ਵੀ ਪਰਾ
(ਅੱਖੋਂ ਪਰ੍ਹੇ ਅਗਲੇ ਸੰਸਾਰ ਜਾਂ ਪਲਤ) ਦੀ ਪ੍ਰਤੀਤੀ ਅਧੂਰੀ ੨੫ ਹੀ ਰਹੀ। ਯੂਨਾਨ-ਰੋਮ ਮਿੱਥ ਤੇ
ਮੌਤ-ਦੇਸ ਦੀਆਂ ਕੰਨਸੋਆਂ ਵਿੱਚ ਉਚੀ ਸੁਰਤਿ ਦਾ ਜ਼ਿਕਰ ਮਾਤਰ ਤਾਂ ਹੋਇਆ ਪਰ ਹੋਮਰ ਤੋਂ ਡਾਂਟੇ ਦੀਆਂ
ਮਿਥਿਹਾਸ ਵੇੜ੍ਹੀਆਂ ਕਾਵਿ-ਕਲਪਣਾਂ, ਕਲਪਨਾਂ ਦੇ ਬੰਜਰ ਇਸ ਕਰਕੇ ਹੀ ਰਹੀਆਂ ਕਿ ਉਹ ਕਿਸੇ ਕਾਮਲ
ਰਹਿਬਰ ਦੀ ਓਟ ਤੋਂ ਸੱਖਣੀਆਂ, ਹੀਣੀਆਂ ੨੬ ਹੀ ਸਨ। ਅਫਲਾਤੂਨ ਤੇ ਕਨਫਿਊਸ਼ਿਸ਼ ਆਦਿ ਦੀਆਂ
“ਦਿਸਦੇ ਦੀ ਭਰਪੂਰ ਅਮੀਰੀ ਤੋਂ ੨੭ ਨਾ-ਵਾਕਫੀ”, ਚੀਨ ਵਿੱਚ ਸਿਰਫ ਖ਼ਾਲਸ ਝਲਕਾਰੇ ਤੱਕ ਹੀ
ਪ੍ਰਾਪਤੀ ਮਹਿਦੂਦ ਰਹੀ, ‘ਅਕਾਲ ਫ਼ਤਹ` ਦੀ ਬਖ਼ਸ਼ਿਸ਼ ਨੂੰ ਪਛਾਨਣ ਦੀ ਸਮਰੱਥਾ ਨਾ ਮੁਹੱਈਆ ੨੮ ਹੋਈ।
ਫਿਰ ਇਸ ਨੂੰ ਹਾਸਿਲ ਕਰਨ ਵਿੱਚ ਕਸਰ ਕੀ ਪੈਂਦੀ ਰਹੀ? ਪ੍ਰੋ. ਮਹਿਬੂਬ ਦਸਦੇ ਹਨ ਕਿ ਰਾਮ, ਕ੍ਰਿਸ਼ਨ,
ਬੁੱਧ ਤੇ ਹਜ਼ਰਤ ਈਸਾ ਰਹਿਬਰ ਤਾਂ ਹਨ ਪਰ ਜ਼ਿੰਦਗੀ ਦੇ ਅਮਲ ਤੇ ਉਪਦੇਸ਼ ਦੀ ਬੇ-ਜੋੜਤਾ ਹੋਣ ਕਰਕੇ
ਦੁਬਿਧਾ ਵਿੱਚ ਖਲੋਤੇ ਹਨ। ਇਨ੍ਹਾਂ ਦਾ ਦ੍ਰਿਸ਼ਟੀਕੋਣ “ਜ਼ਿੰਦਗੀ ਦੀ ਵਚਿੱਤਰ ਅਮੀਰੀ ਤੋਂ
ਦੁਰੇਡੇ” ਇਕਹਿਰੀ ਅਵੱਸਥਾ ਵਿੱਚ ਮੌਜੂਦ ਹੈ, ਜਿਸ ਦੀ “ਸੰਘਣਤਾ ਲਈ ਬਾਹਰਮੁਖੀ ਤਰਕ
ਦੀ ੨੯ ਸ਼ਕਤੀ ਵਰਤੀ ਜਾਂਦੀ ਹੈ”। ਇਉਂ ਹੀ, ਬੁੱਧ ਜੀ ਦੀ ਦੁਖ ਪ੍ਰਤੀਤੀ ੩੦ ਨੂੰ ਪ੍ਰਮਾਣਿਕ
ਦਰਸਾਉਣ ਦੀ ਬੋਧੀ ਲੋਚਾ ਮਨੋਵਿਗਿਆਨਕ ਬਾਰੀਕੀਆਂ ਵਿੱਚ ਸੁਆਦ ਮੁਗਧ ਹੋਈ ਤਾਂ ਸਿੱਟੇ ਵਜੋਂ ਬੋਧੀ
ਵਿਦਵਾਨਾਂ ਨੇ ਇਸ ਤਰਕ ਬਾਰੀਕੀ ਨੂੰ ਸ਼ੂਨਯ (ਸੁੰਨ) ਦਰਸ਼ਨ ਸਿਰਜਣ ਲਈ ਵਰਤ ਲਿਆ ੩੧। ਇਵੇਂ
ਹੀ ਈਸਾਈਆਂ ਦੇ ਸੰਤ ਪਾਲ ਨੇ ਰੋਮ-ਯੂਨਾਨ ਦੇ ਪੁਨਰ-ਸੁਰਜੀਤ ਹੋਣ ਵਾਲੇ ਦੇਵਤਿਆਂ ਦੀ
ਕਾਵਿ-ਮਈ ਦਲੀਲ ਦਾ ਸਹਾਰਾ ਲਿਆ। ਇਨ੍ਹਾਂ ਸਾਰੇ ਯਤਨਾਂ ਚੋਂ ਆਮ ਮਨੁੱਖ ਲਈ ਕੀ ਨਿਕਲਿਆ?
ਧਰਮ ਵਿਕਾਸ ਦੇ ਇਨ੍ਹਾਂ ਯਤਨਾਂ ਦੇ ਅਗਲੇ ਪੜਾ ਵਿੱਚ ਜਦੋਂ ‘ਅਚਿਹਨ` ( Abstract,
formless)
ਦੁਆਲੇ ਮਨ ਦੀ ਪ੍ਰਕਰਮਾ ਕਰਵਾਈ ਤਾਂ ਆਮ ਮਨੁੱਖ ਲਈ ਜਿਥੇ ‘ਇਕੱਲ` (ਤਨਹਾਈ,
Alienation)
ਵਧੀ ਉਥੇ ਮੌਤ ਦਾ ਭੈਅ ਤੇਜ਼ ਹੋਇਆ। ਜਿਸ ਨਾਲ ਭਰਮ ਤੇ ਮਨ ਦਾ ਦੁੱਖ ਵਧਿਆ। ਯਾਨੀ ਮੌਤ ਦਾ ਡਰ ਤਾਂ
ਪਹਿਲਾਂ ਹੀ ਸਤਾਉਣ ਲੱਗ ਪਿਆ ਸੀ, ਤਨਹਾਈ ਤੇ ਭਰਮ ਦੋਵੇਂ ਨਾਲ ਆ ਰਲੇ। ਤਾਂ ਜਲ਼ੇ ਮਨ ਨੂੰ ਚਿੰਤਾ
ਦੀ ਸੰਨ੍ਹੀ ਨੇ ਆ ਫੜਿਆ, ਪਾਪ-ਕੋਲੇ ਤਾਂ ਪਹਿਲਾਂ ਹੀ ਮਘੇ ਹੋਏ ਸਨ: “ਕੋਇਲੇ ਪਾਪ ਪੜੇ ਤਿਸੁ
ਊਪਰਿ ਮਨੁ ਜਲਿਆ ਸੰਨ੍ਹੀ ਚਿੰਤ ੩੨ ਭਈ।। ੩।। “ਵਿਲਕਦਾ ਹਿਰਦਾ ਸ਼ੂਨਯ (ਸੁੰਨ) ਇਕੱਲ
ਵਿੱਚ ੩੩ ਘਿਰਿਆ ਰਿਹਾ”। ਨਿਕਲਣ ਲਈ ਕੋਈ ਰਾਹ ਨਾ ਲੱਭੇ। ਸੰਸਾਰ ਦੇ ਵੱਖਰੇ ਵੱਖਰੇ ਹਿਸਿਆਂ ਵਿੱਚ
ਲੋਕ ਇਸ ਦਾ ਇਲਾਜ ਲੱਭਣ ਲੱਗੇ। ਪਹਿਲਾਂ, ਪਦਾਰਥਵਾਦੀਆਂ
(Epicureans
(੩੪੨ – ੨੭੦ B. C.))
ਨੇ ਰਸ-ਸੁਆਦ ਦਾ ਵਕਤੀ ਓਹਲਾ ਕੀਤਾ। ਦੂਜਾ, ਸਹਿਜ-ਮਾਰਗੀਆਂ
(Stoics)
ਨੇ ਸੰਤੋਖ-ਅਭਿਆਸ ਦੀ ਬਿਨਸਨਹਾਰ ਕੰਧ ਬਣਾਈ। ਪਰ ਸਦਾ ਸਲਾਮਤ ਨਿਸਚੇ ਦਾ ਧਰਵਾਸ ਨਾ ਬੱਝ ਸਕਿਆ।
ਤੀਜਾ, ਪੁਰਾਤਨ ਅੰਜੀਲ ਨੇ ਮੌਤ ਦੇ ਭੈਅ ਦੇ ਵਿੱਚ ਪੁਰਾਤਨ ਬਜ਼ੁਰਗਾਂ ਦੀਆਂ ਯਾਦਗਾਰਾਂ ਦੀ ਓਟ
ਤੱਕੀ। ਧਰਵਾਸ ਤੇ ਨਿਸਚਾ ਤਾਂ ਮਿਲਿਆ ਪਰ ਖ਼ੁਦਾਈ ਬਜ਼ੁਰਗੀ ਅਡੋਲ ਤੇ ਸਦੀਵੀ ਨਾ ਸੀ। ਚੌਥਾ, ਹਜ਼ਰਤ
ਮੂਸਾ ਦੇ ਉਘੜ ਦੁਘੜੇ ਨਿਯਮ-ਪ੍ਰਬੰਧ ਵਿੱਚ ਵੀ ਬੇਜੋੜਤਾ ਕਾਰਨ ਨਿਸਚਾ ਫਿਰ ਵੀ ਨਾ ਬਣ ਸਕਿਆ।
ਮੁਕਦੀ ਗੱਲ, ਮੌਤ ਦਾ ਭੈਅ ਕੋਈ ਮੁਕੰਮਲ ਸਬਕ ਨਾ ਦੇ ਸਕਿਆ।
ਧਰਮ ਦੇ ਵਿਕਾਸ ਦੇ ਦੂਜੇ ਪੱਖ, ਉਚੀ ਸੁਰਤਿ ਦੀ ਤਰੱਕੀ ਦੌਰਾਨ ਉਸ ਵੇਲੇ
ਦੁਖੀ ਮਨੁੱਖਤਾ ਨੇ ਦੋ ਬੜੇ ਅਹਿਮ ਕੰਮ ਪੂਰੀ ਸਫਲਤਾ ਨਾਲ ਕੀਤੇ। ਇੱਕ ਤਾਂ ਰੱਬ ਅੱਗੇ ਦੁਆ ਕੀਤੀ।
ਉਸ ਪੜਾਅ ਉਤੇ ਮਨੁੱਖਤਾ ਦੀ ਦੁਆ ਹਿੰਸਾ ਦੇ ਵੱਡੇ ਤੋਂ ਵੱਡੇ ਫ਼ਨਾ ਨਾਲੋਂ ਵੀ ਉਚੇਰੀ ਸੀ। ਦੂਜਾ,
ਰੱਬ ਦੇ ਬੰਦਿਆਂ (ਅਲਜੀਲੀ, ਰਾਬੀਆਂ, ਨੂਰੀ, ਮਨਸੂਰ, ਅੱਤਾਰ, ਸ਼ੇਖ ਸਾਅਦੀ, ਅਤੇ ਰੂਮੀ) ਨੇ
ਬੇਤਰਤੀਬ ਹਿੰਸਾ ਦੇ ਲਰਜ਼ੇ ਦੇ ਵਿਚਕਾਰ ਕੋਈ ਕੜਕਦੀ ਸਿਖਰ ਦੁਪਹਿਰ ਦੇ ਸੂਰਜ ਦੇ ਤੇਜ ਵਰਗੀ ਅਡੋਲਤਾ
ਹਾਸਿਲ ਕਰ ਲਈ ਸੀ। ਇਹ ਅਡੋਲਤਾ ਕੁਰਾਨ ਮਜੀਦ ਵਿੱਚ ਵੀ ਮੌਜੂਦ ਹੈ। ਸੂਫ਼ੀ ਫ਼ਕੀਰਾਂ ਵਿੱਚ ਇਸ ਦਾ
ਰੂਪ ਦੁਆ ਹੈ। ਇਹ ਦੁਆ ਕਰਮ (ਬਖ਼ਸ਼ਿਸ਼) ਦਾ ਸ਼ਿੱਦਤ (ਜੋਸ਼ੋ ਖ਼ਰੋਸ਼
Forcefulness)
ਭਰਿਆ ਇੰਤਜ਼ਾਰ ਹੈ। ਇੱਕ ਪਾਸੇ ਚੰਗੇਜ਼ੀ ਜ਼ੁਲਮੋ-ਸਿਤਮ ਤੇ ਬੇ-ਤਹਾਸ਼ਾ ਹਿੰਸਾ ਹੈ, ਦੂਜੇ ਪਾਸੇ ਸਬਰ
ਸ਼ੁਕਰ ਹੈ। ਇੱਕ ਪਾਸੇ ਫ਼ਨਾ ਹੈ, ਦੂਜੇ ਪਾਸੇ ਵਿਗਾਸ (ਖੇੜਾ) ਹੈ। ਭਾਵੇਂ ਹਨ੍ਹੇਰਾ ਬਹੁਤ
ਹੈ, ਪਰ ਮਨੁਖੀ ਮਨ ਉਚੀ ਸੁਰਤਿ ਦੇ ਦੌਰ ਵਿੱਚ ਪਰਵੇਸ਼ ਕਰ ਗਿਆ ਹੈ। ਇਸ ਉਚੇ ਖ਼ਿਆਲ ਵਿੱਚ ਗੁਰੂ
ਨਾਨਕ ਸਾਹਿਬ ਦਾ ਪ੍ਰਭਾਵ ਅਵੱਸ਼ ਮੌਜੂਦ ਹੈ ਭਾਵੇਂ ਉਚਾ ਖ਼ਿਆਲ ਗੁਰੂ ਨਾਨਕ ਸਾਹਿਬ ਦਾ ਅਜੇ ਨਾਮ
ਨਹੀਂ ਸੀ ਲੈ ਸਕਦਾ। ਨਾ ਉਸ ਨੂੰ ਭਵਿੱਖ ਵਿੱਚ ਉਭਰਦੀ ਅਣਮੁਲ ਪਰਾਪਤੀ ਹੀ ਦਿਸਦੀ ਸੀ, ਪਰ ਇਸ ਦੀ
ਨੇੜਤਾ ਇਸ ਨੂੰ ਆਪਣੀ ਅਲੌਕਿਕਤਾ ਦਾ ਅਹਿਸਾਸ ਜ਼ਰੂਰ ਕਰਵਾ ਰਹੀ ਸੀ। ਰੱਬੀ ਬੰਦਿਆਂ ਦੀ ਦੁਆ ਗੁਰੂ
ਨਾਨਕ ਦੀ ਨੇੜਤਾ ਹਾਸਿਲ ਕਰ ਰਹੀ ਸੀ। ਬਖ਼ਸ਼ਿਸ਼ (ਕਰਮ) ਦਾ ਇੰਤਜ਼ਾਰ ਅਤੇ ਸ਼ਿੱਦਤ ਇਸ ਨੇੜਤਾ ਦੀਆਂ
ਨਿਸ਼ਾਨੀਆਂ ਹਨ। ਇਹ ਨਿਸ਼ਾਨੀਆਂ ਨਾ ਜ਼ਾਤੀ ਹਨ ਨਾ ਸਮਾਜਿਕ, ਇਹ ਮਨੁੱਖ ਦੇ ਵੱਸ ਅੰਦਰ ਨਹੀਂ, ਇਹ ਦਰ
ਅਸਲ ਸੁਤੰਤਰ ਵਿਚਰਦੀਆਂ ਹਨ। ਦੁਆ ਦੀ ਸ਼ਿੱਦਤ ਭਵਿੱਖ ਦੀ ਮਹਾਨਤਾ ਉਤੇ ਨਿਰਭਰ ਹੈ। ਚੇਤਾ ਰਹੇ,
ਹਿੰਸਾ ਅਤੇ ਦੁਆ ਜਦ ਨਾਲੋ ਨਾਲ ਚਲਦੇ ਹੋਏ ਆਪਣੇ ਆਖਰੀ ਪੜਾ ਉਤੇ ਪਹੁੰਚਦੇ ਹਨ ਤਾਂ ਅਕਾਲ ਫਤਹ
ਆਪਣੇ ਜਾਹੋ ਜਲਾਲ ਦੇ ਚਾਰ ਥੰਮਾਂ, ਨਿਆਂ, ਇਕਰਾਰ, ਸਿਦਕ ਅਤੇ ਸ਼ੁਕਰ, ਨੂੰ ਉਜਾਗਰ ਕਰ
ਦਿੰਦੀ ਹੈ।
ਇਥੇ ਇਹ ਕਹਿਣਾਂ ਕੁਥਾਂ ਨਹੀਂ ਹੋਵੇਗਾ ਕਿ ਮੁਹੰਮਦ ਸਾਹਿਬ ਤੋਂ ਸਾਢੇ ਸੱਤ
ਸਦੀਆਂ ਪਿਛੋਂ ਤੱਕ ਦੀਆਂ ਨਸਲਾਂ ਦੇ ਮਨ ਦੀਆਂ ਜਿਹੜੀਆਂ ਬਾਰੀਕੀਆਂ ਦੁਆ ਵਿੱਚ ਇਕੱਠੀਆਂ ਹੋਈਆਂ,
ਉਨ੍ਹਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਆਮਦ ਦਾ ਅਹਿਸਾਸ ਵੀ ਸੀ, ਜਿਵੇਂ ਉਪਰ ਕਿਹਾ ਹੈ। ਨਸਲਾਂ ਇੱਕ
ਪੈਗ਼ੰਬਰ ਦੀ ਸਿਫਤ (ਹਮਦ) ਰਾਹੀਂ ਦੂਜੇ ਪੈਗ਼ੰਬਰ ਦਾ ਇੰਤਜ਼ਾਰ ੩੪ ਵੀ ਕਰਦੀਆਂ ਹਨ। ਮਨੁੱਖਤਾ ਦੀ
ਅਰਦਾਸ ਤੇ ਬਖ਼ਸ਼ਿਸ਼ ਦੇ ਇੰਤਜ਼ਾਰ ਸਦਕਾ ਗੁਰੂ ਜੀ ਲੋਕਾਈ ਨੂੰ ਪੰਜ ਤੈਹਾਂ ਵਾਲੀ ‘ਅਕਾਲ ਫ਼ਤਹ` ੩੫
ਦੁਆਰਾ ਪਿਤਾ ਧਰਵਾਸ ਦੇਣ ਲਈ ਬਤੌਰ ਮੁਕੰਮਲ ਪੈਗ਼ੰਬਰੀ ਹਸਤੀ ਸੰਸਾਰ ਚ ਪ੍ਰਗਟ ਹੋਏ। ਮਨੁੱਖਤਾ
ਦੀ ਇਹ ਬੁਲੰਦ ਰੁਤਬਾ ਅਕਾਲ ਫਤਹ ਕਿਸੇ ਵੀ ਪੂਰਬ ਨਾਨਕ ਕਾਲ ਦੇ ਪੈਗ਼ੰਬਰ ਦੇ ਹਿੱਸੇ ਨਹੀਂ ਆਈ।
ਹਾਂ, ਕੁੱਝ ਲੋਕਾਂ ਦੀ ਸਫਲਤਾ ਉਚੀ ਸੁਰਤਿ ਦੇ ਖ਼ਾਲਸ ਝਲਕਾਰਿਆਂ ਤੱਕ ਮਹਿਦੂਦ ਜ਼ਰੂਰ ਰਹੀ ਹੈ।
ਰੱਬੀ ਬੰਦਿਆਂ ਨੇ ਕੜਕਦੇ ਸੂਰਜ ਦੀ ਤੇਜ਼ੀ ਵਰਗੀ ਅਡੋਲਤਾ ਹਾਸਿਲ ਕਰ ਲਈ ਸੀ।
ਪਰ ਤੇਜ਼ਾਬੀ ਹਿੰਸਾ ਵਰਤਾਉਣ ਵਾਲਿਆਂ ਵਹਿਸ਼ੀ ਜਾਬਰਾਂ ਨੇ ਇਹ ਸਬਕ ਨਹੀਂ ਸੀ ਸਿਖਿਆ ਕਿ ਸਕਤਾ ਸਕਤੇ
ਨੂੰ ਤਾਂ ਭਾਵੇਂ ਮਾਰੇ! ਪਰ ਨਿਰਦੋਸ਼ ਮਾਸੂਮ ਮਨੁੱਖਤਾ ਤੇ ਕਹਿਰ ਕਿਉਂ ਢਾਵੇ? ਇਸ ਦਾ ਮੁਖ ਕਾਰਨ
ਕਵੀ ਜੀ ਦੀਆਂ ਹੇਠ ਅੰਕਿਤ ਕਾਵਿ ਟੁਕੜੀਆਂ ਤੋਂ ਪਰਗਟ ਹੁੰਦਾ ਹੈ:
ਜਦੋਂ ਕੁਰਾਨ ਸਿਰਾਂ ਤੇ ਚਾ ਕੇ
ਬਾਲ ਬਿਰਧ ਫ਼ਰਿਆਦੀ
ਤੁਰੇ ਤਾਤਾਰੀ ਦੇ ਖੇਮੇ ਵਲ
ਤਰਸ ਜਗਾਉਣ ਅਨਾਦੀ
ਭੈਅ ਵਿੱਚ ਦਿਸਣ ਮਜ਼੍ਹਬ ਦੇ ਪੈਂਡੇ
ਲੰਘ ਬਗ਼ਦਾਦ ਦੇ ਬੂਹੇ
ਗਰਜ ਤਾਤਾਰੀ ਦੀ ਸੁਣ ਕੰਬੇ
ਜਲ ਦਜਲਾ ਦੇ ਸੂਹੇ।
(ਸਫਾ ੪੩)
ਅਤੇ
ਤਖਤਾਂ ਨਾਲ ਜਦੋਂ ਨ ਬਹਿੰਦੇ
ਰਾਜ਼ ਕੁਰਾਨ ਦੇ ਭਾਰੀ।
ਨਾਰ ਬਾਲ ਬਿਰਧ ਦੀ ਆ ਕੇ
ਪਤ ਲੁੱਟਣ ਤਾਤਾਰੀ।
(ਸਫਾ ੪੭)
ਅਤੇ
“ਕੌਮਾਂ ਸੱਚੇ ਸੁਖਨ ਨੂੰ, ਜਦੋਂ ਜਾਂਦੀਆਂ ਟਾਲ
ਰੂਹ ਦੇ ਪਹਿਲੇ ਕੌਲ ਨੂੰ, ਜਦੋਂ ਸਕਣ ਨ ਪਾਲ
ਰਾਜਿ ਰੰਗ ਤੇ ਮਾਲਿ ਰੰਗ, ਜਦ ਦਿਲ ਲੈਂਦੇ ਠੱਗ
ਬੇਪੱਤ ਬੰਦਾ ਜੀਂਵਦਾ, ਤਾਮ ਹਰਾਮ ਤੇ ਲੱਗ।
ਬੰਦਾ ਕਦੇ ਨ ਹਾਰਦਾ, ਹਾਰਣ ਉਸਦੇ ਕੌਲ
ਤਦੋਂ ਹਲਾਕੂ-ਤੇਗ਼ ਤੋਂ, ਜਾਣ ਗ੍ਰੰਥ ਵੀ ਹੌਲ। “
(ਸਫਾ ੬੫੮)
ਬਗ਼ਦਾਦ ਦੇ ਪੁਰਾਣੇ ਜ਼ਖ਼ਮ ਜਦ ਬਹਿਲੋਲ ਦਾਨੇ ਦੇ ਮਨ ਚ ਅਜੇ ਵੀ ਅੱਲੇ ਸਨ ਜਦ ਗੁਰੂ ਜੀ ਉਥੇ ਗਏ
ਸਨ। ਉਹ ਉਸ ਨੂੰ ਕੰਡੇ ਵਾਗ ਚੁੱਭਦੇ ਸਨ ਤਾਂ ਗੁਰਾਂ ਅੱਗੇ ਉਸਦੀ ਅਰਦਾਸ ਕਵੀ ਦੇ ਆਪਣੇ ਲਫਜ਼ਾਂ
ਵਿੱਚ ਐਉਂ ਹੁੰਦੀ ਹੈ:-
ਫਿਰ ਅਰਦਾਸ ਸੁਰਤਿ ਵਿੱਚ ਉਤਰੀ
ਕੁਲ ਵਕਤ ਨੂੰ ਰੰਗੇ,
ਰੋਣ ਛਲਕ ਦਜਲਾ ਦੇ ਪਾਣੀ
ਚੀਸ ਪੁਰਾਣੀ ਡੰਗੇ।
ਬਹੁ ਅਸਗਾਹ ਇਸ਼ਕ ਦੇ ਡੂੰਘੇ!
ਮੂਕ ਰਹਿਣ, ਨਾ ਛਲਕਣ:
ਲਹਿਰ ਕਿਵੇਂ ਉੱਠੇ? ਬਿਨ ਨਾਨਕ
ਰਹੀ ਹੋਰ ਨਾ ਧੜਕਣ।
ਚੁਪ ਦੁਆ ਮੁਰੀਦ ਦੀ ਨਾਨਕ
ਥਰਕਾਈ ਵਿੱਚ ਬਾਣੀ,
ਵਗ ਵਗ ਵਕਤ ਦੇ ਸਭ ਰਾਹਾਂ `ਤੇ
ਸੁਣਦੇ-ਦਜਲਾ ਪਾਣੀ।
ਗੁਰੂ ਜੀ ਬਹਿਲੋਲ ਨੂੰ ਗੱਲ ਸਮਝਾਉਂਦੇ ਹਨ ਕਿ ਵਖਤ ਨੂੰ ਵੀਚਾਰੋ, ਰਹਿਤ ਵਿੱਚ ਜੀਵਨ ਜੀਵੋ,
ਨਿਤਨੇਮ ਨਾ ਛੱਡੋ। ਜੇ ਇਹ ਰਹਿਤ ਛੱਡ ਬੈਠੇ ਤਾਂ ਮੁੜ ਮੁੜ ਬਗ਼ਦਾਦਾਂ ਉਪਰ ਮੰਗੋਲ ਦੇ ਘੋੜੇ ਜਾਂ
ਇੰਦਰਾ ਗਾਂਧੀ ਦੇ ਟੈਂਕ ਵਾਰ ਵਾਰ ਸਦਾ ਹੀ ਹਮਲਾ ਆਵਰ ਹੁੰਦੇ ਕਹਿਣਗੇ। ਕੋਈ ਨਹੀਂ ਰੋਕ ਸਕੇਗਾ:-
ਕਹਿਣੑ ਸੁਣੋ ਬਹਿਲੋਲ! ਵਕਤ ਦੇ
ਹਰ ਗੋਸ਼ੇ ਵਿੱਚ ਜਾਵੋ
ਧੋ ਧੋ ਦਿਲ-ਨਮਾਜ਼ ਦੇ ਚਿਹਰੇ
ਸ਼ੀਰੀ ਰਮਜ਼ ਖਿੜਾਵੋ।
“ਵਕਤ ਨੂੰ ਦੋਸਤ ਵਾਂਗ ਮਿਲੋ ਜਾ
ਮਿਹਰ ਮਸੀਤ ਦੇ ਅੰਦਰ
ਪੰਜ ਨਮਾਜ਼ਾਂ ਦੇ ਰਾਹ ਉੱਤੇ
ਕਦੇ ਵਿਛਣ ਨਾ ਬੰਜਰ
“ਖ਼ੈਰ ਖ਼ੁਦਾਇ ਵਲ ਜੇ ਮੋਮਨ
ਦਿਲ-ਨਮਾਜ਼ ਨਾ ਮੋੜੇ
ਬਗ਼ਦਾਦਾਂ `ਤੇ ਆ ਧਮਕਣ ਗੇ
ਮੁੜ ਮੰਗੋਲ ਦੇ ਘੋੜੇ। “
(ਸਫਾ ੬੨੭ - ੬੨੮)
ਲੋਕ ਕੁਰਾਨ ਸਿਰਾਂ ਉਤੇ ਚੁੱਕ ਕੇ ‘ਤਾਤਾਰੀ` (ਤੁਰਕ, ਮੰਗੋਲ) ਜ਼ਾਲਮ ਦੇ
ਤੰਬੂ ਵਲ ਨੂੰ ਜਾਂਦੇ ਹਨ ਪਰ ਉਸ ਉਪਰ ਮਜ਼ਲੂਮਾਂ ਦੇ ਇਸ ਕਰਮ ਦਾ ਵੀ ਅਸਰ ਕਿਉਂ ਨਹੀਂ ਹੁੰਦਾ?
ਜ਼ਾਲਮਾਂ ਦੇ ਮੁਕਾਬਲੇ ਫੌਜਾਂ ਦੇ ਬਲ ਨਾਲ ਹੁੰਦੇ ਹਨ। ਧਾਰਮਿਕ ਕਿਤਾਬ, ਜ਼ਾਲਮ ਨੂੰ ਸਿਰ ਤੇ ਚੁਕ ਕੇ
ਲਿਜਾ ਕੇ ਇਹ ਦਿਖਾਉਣਾ ਕਿ ਅਸੀਂ ਆਮ ਲੋਕ ਜ਼ਾਲਮਾਂ! ਤੇਰੇ ਦੀਨੀ ਭਾਈ ਹੀ ਹਾਂ, ਲਾਤੋਂ ਕੇ ਭੂਤ
ਬਾਤੋਂ ਸੇ ਨਹੀਂ ਮੰਨਦੇ ਹੁੰਦੇ। ਇਸ ਲਈ ਪਹਿਲਾਂ ਆਪਣੀ ਕੌਮ ਚੋਂ ਬੱਜਰ ਤ੍ਰਿਸਕਾਰ ਦੀ ਲਾਹਣਤ ਖਤਮ
ਕਰਕੇ ਬੀਮਾਰੀ ਦਾ ਇਲਾਜ ਕਰੋ। ਫੇਰ ਫੌਜੀ ਬਲ ਇਕੱਠਾ ਕਰੋ। ਇਉਂ ਜ਼ਾਲਮ ਦਾ ਟਾਕਰਾ ਕਰੋ। ਜਾਦੂ
ਟੂਣਿਆਂ ਨਾਲ ਜਾਂ ਮੰਤ੍ਰਾਂ ਦੇ ਪੂਜਾ ਪਾਠਾਂ ਨਾਲ ਕਦੇ ਬਾਬਰ ਵਰਗੇ ਹਮਲਾ ਆਵਰਾਂ ਦਾ ਬੁਥਾੜ ਕਿਸੇ
ਨੇ ਨਹੀਂ ਭੰਨਿਆ। ਉਪਰੋਕਤ ਸਵਾਲ ਦੇ ਜਵਾਬ ਵਿੱਚ ਕਵੀ ਜੀ ਵੀ ਬੱਜਰ ਤ੍ਰਿਸਕਾਰ ਦੀ ਜੜ੍ਹ ਫੜਦੇ ਗੱਲ
ਇਸਲਾਮ ਦੇ ਸੰਕਟ ਤੋਂ ਸ਼ੁਰੂ ਕਰਦੇ ਹਨ। ਜਿਵੇਂ ‘ਸਫ਼ਾ` ਪਹਾੜੀ ਉਪਰ ਦੋਂਹ ਰੂਹਾਂ ਦੀਆਂ ਆਪਸੀ ਗੱਲਾਂ
ਰਾਹੀਂ ਇਸਲਾਮ ਤੇ ਆਏ ਸੰਕਟ ਨੂੰ ਵਿਸਥਾਰਿਆ ਹੈ। ਸੰਕਟ ਕੀ ਹੈ? ਆਪਣੇ ਗੁਰੂ, ਪੀਰ, ਪੈਗ਼ੰਬਰ ਦਾ ‘ਬੱਜਰ
ਤ੍ਰਿਸਕਾਰ` ਭਾਵ, ਉਪਰੋਂ ਉਪਰੋਂ ੩੬ ਧਰਮ ਕਮਾਉਣਾ ਪਰ ਵਿਚੋਂ ਝੂਠੇ ਅਮਲ ਕਰਨੇ ਯਾਨੀ ਸਲਾਮ
ਜਵਾਬ (ਇਨਕਾਰੀ ਹੋਣਾਂ, ਮੁਨਕਰ ਹੋਣਾਂ) ਦੋਵੇਂ ਕੱਠੇ ਹੀ ਕਰੀ ਜਾਣੇ (ਸਲਾਮ ਜਵਾਬ ਦੋਵੈ ਕਰੈ)।
ਪੈਗ਼ੰਬਰ ਦੀ ਗੱਲ ਬਾਹਰੋਂ ਦਿਖਾਵੇ ਲਈ ਮੰਨਣੀ ਵੀ ਤੇ ਅੰਤਰ-ਆਤਮੈ ਨਾ ਵੀ ਮੰਨਣੀ। ਵਿਚੋਂ ਘੁਟਿ
ਘੁਟਿ ਜੀਆ ਖਾਵਣੇ। ਇਵੇਂ ਹੀ, ਕਈ ਬਲੀ ਅਵਤਾਰ ਲੋਕ ਵੀ ਭੁੱਲ ਚ ਪੈ ਜਾਂਦੇ ਹਨ, ਜਿਵੇਂ “ਕਦੇ ਬਲੀ
ਰਹਿਣ ਲਬ ਜੋਗੇ, ਜਗਤ-ਸੁਆਦ ਕ੍ਰਿਸ਼ਨ ਨੂੰ ਡੋਬੇ। ਜਦ ਅਵਤਾਰ ਅਹੁੰ ਵਿੱਚ ਪੁੱਗਣ, ਹਸਦ-ਹੜ੍ਹਾਂ
ਵਿੱਚ ਨਸਲਾਂ ਡੁੱਬਣ” ਅਤੇ, “ਕੌਮਾਂ ਰਹਿਣ ਮਹਿਵ ਵਿੱਚ ਜੂਏ, ਪੱਤ ਲੁਟਾ ਸਵਾਰ ਨਾ ਕੂਏ”। ਇਸ ਲਈ
ਕਈ ਅਜਿਹੇ ਵੀ ਸਨ ਜਿਨ੍ਹਾਂ ਨੇ ਗ਼ੈਬ ਛੁਹ ਦੀ ਨਜ਼ਰ ਗੁਆ ਦਿੱਤੀ ਸੀ: “ਗ਼ੈਬ ਦੀ ਛੁਹ ਤਜੀ ਫਿਰ
ਨਜ਼ਰਾਂ, ਬੰਦ ਹੋਣ ਵਿੱਚ ਗਾਰਾਂ ਫ਼ਜਰਾਂ”। ਅਜਿਹੇ ਹੋਰ ਵੀ ਰੋਗ ਮਨੁੱਖਤਾ ਨੂੰ ਰੱਬੀ ਨੇਮ ਨਾ ਮੰਨਣ
ਤੋਂ ਆ ਚਿੰਬੜਦੇ ਹਨ, ਜਿਨ੍ਹਾਂ ਚੋਂ ਕਰਮਕਾਂਡ (ਅਥਰਵ) ਵੀ ਇੱਕ ਹੈ:-
ਪਾਵਨ ਮਰਕਜ਼ ਅੰਦਰ, ਹਉਂ ਪਰ ਬਿੱਪਰ ਦੀ
ਰੁਕੀ ਨਾ, ਲਾਂਦੀ ਜ਼ੋਰ, ਚੇਤਨਾ ਸਿਖਰ ਦੀ
ਕਦੇ ਨ ਉੱਜਲ ਰਹਿਣ, ਰੰਗ ਸਭ ਬੇਦ ਦੇ
ਬਿਪਰ ਦੀ ਹਾਸਿਦ-ਅੱਖ, ਬੁੱਤ ਲਪੇਟਦੇ।
ਚਤਰ ਫ਼ਰੇਬੀ ਗਿਆਨ, ਮਨੂ ਦੀ ਦਾਰ ਦਾ
ਧਾਰ ਕੇ ਦੈਵੀ ਭੇਸ, ਹਿਰਸ ਸ਼ਿੰਗਾਰਦਾ
ਮਾਂ ਦੇ ਮੋਹ ਦਰਵੇਸ਼, ਕੈਦ ਕਰ ਡੱਸਦਾ
ਤਰਜ਼ ਦਿਲਾਂ ਦੀ ਕੋਮਲ, ਸਮੇ ਵਿੱਚ ਕੱਸਦਾ।
ਤਰਕ? ਜਿਵੇਂ ਜ਼ੰਜੀਰਾਂ, ਦਿਲ ਨੂੰ ਪੈਂਦੀਆਂ
ਹੇਠ ਮੁਲੰਮੇ ਦਾਰਾਂ, ਛਹਿ ਕੇ ਬਹਿੰਦੀਆਂ
ਘੁੰਮਣ ਹਉਂ ਦੇ ਚੱਕਰ, ਅਰਥ ਗੰਭੀਰ ਨੇ
ਰੂਹ ਦੇ ਰੋਗ ਅਥਰਵ `ਚ, ਸਿਮੇ ਅਖੀਰ ਨੇ।
ਤਰਸ ਮਾਸੂਮ ਗੁਆਚਣ, ਡੂੰਘੇ ਸ਼ਾਸਤਰੀਂ
ਛੁਪਦੇ ਮਨੂ ਦੇ ਡੰਗ, ਪੁਰਾਣ ਦੇ ਬਸਤ੍ਰੀਂ।
ਸਾਂਭੇ ਗੀਤਾ ਅੰਦਰ, ਗਿਆਨ ਪ੍ਰਚੰਡ ਦੇ
ਬਣੇ ਕਿਤੇ ਨ ਮਰਕਜ਼, ਰਹਿਮ ਦੇ ਰੰਗ ਦੇ।
ਰੱਬ ਦਾ ਇੱਕ ਰਸ ਤਾਲ, ਦੁਆ ਨਾ ਬਿਪਰ ਦੀ
ਸਾਂਭੀ ਚਿਰਾਂ ਦੀ ਬਾਤ, ਹਉਂ ਵਿੱਚ ਬਿਖਰਦੀ।
(ਸਫਾ ੫੮, ਇ. ਨ. ਦੇ ਪੈਂ. ਜਿਲਦ ਪਹਿਲੀ)
ਸਾਰੀ ਕੌਮ ਜਾਂ ਸਾਰੇ ਕਬੀਲੇ ਦਾ ਹੀ ਆਵਾ ਊਤ ਜਾਵੇ ਤਾਂ ਕਿਸੇ ਧਰਮ ਦੀ
ਰੂਹਾਨੀ ਤੀਬਰਤਾ ਜਾਂ ਪਹਿਲ-ਤਾਜ਼ਗੀ ਉਸ ਕੌਮ ਕਬੀਲੇ ਵਿੱਚ ਏਨੀ ਨਿਘਰੀ ਦਸ਼ਾ ਤੱਕ ਘਟ ਜਾਂਦੀ ਹੈ ਕਿ
ਉਸ ਨੂੰ ਕੌਮ ਉਪਰ ਵਾਰਦ ਹੋਇਆ “ਭਿਅੰਕਰ ਸੋਕਾ” ਵੀ ਕਿਹਾ ਜਾ ਸਕਦਾ ਹੈ। ਜਾਂ ਇਉਂ ਵੀ ਕਹਿ
ਲਓ: ਨਫ਼ਸ (ਮਨ ਦੇ ਮਾੜੇ ਫੁਰਨੇ) ਦੇ ਹਨੇਰੇ ਨੇ ਪੈਗ਼ੰਬਰੀ ਚਾਨਣ ਦੀ ਰੌਸ਼ਨੀ ਨੂੰ ਮਾਤ ਪਾ
ਦਿੱਤਾ ਹੁੰਦਾ ਹੈ; ਵਿਰੋਧ ਉਲਟ ਰੁਖ ਧਾਰਨ ਕਰ ਲੈਂਦਾ ਹੈ। ਸਮੇਂ ਦੇ ਪ੍ਰਭਾਵ ਦਾ ਰਾਹ ਸ਼ੈਤਾਨ ੩੭
ਵਲ ਖੁਲ਼੍ਹ ਜਾਂਦਾ ਹੈ, ਜਿਵੇਂ ਸਾਊਥੌਲ ਚ ਕਥਾਕਾਰ ਪ੍ਰੋ. ਸਰਬਜੀਤ ਸਿੰਘ ਧੂੰਦੇ ਨੂੰ ਜ਼ਜੀਲ ਕਰਨਾ।
ਦੂਜਾ, ਪ੍ਰੋ. ਦਰਸ਼ਣ ਸਿੰਘ ਉਤੇ ਥਾਂ ਥਾਂ ਖੂਨੀ ਹਮਲੇ ਹੋਣੇ ਜਾਂ ਕਰਨੇ। ਤੀਜਾ, ਬਜ਼ੁਰਗ ਕਥਾਕਾਰ
ਗਿਆਨੀ ਗੁਰਮੀਤ ਸਿੰਘ ਗੌਰਵ ਤੇ ਸਲੋਹ ਗੁਰਦੁਆਰੇ ਉਨ੍ਹਾਂ ਦੇ ਨਿੱਜੀ ਕਮਰੇ ਵਿੱਚ ਸਿੱਖਾਂ ਨੇ
ਹਮਲਾੳਾਵਰ ਹੋਣਾਂ। ਚੌਥਾ, ਵਿਆਹ ਕਰਾਉਣ ਵੇਲੇ ਗ਼ੈਰ-ਮਜ਼੍ਹਬ ਚ ਸਿੱਖ ਮੁੰਡੇ ਕੁੜੀ ਨੇ ਤਬਦੀਲ ਹੋ
ਜਾਣਾਂ, ਨਾ ਕਿ ਗ਼ੈਰ-ਮਜ਼੍ਹਬ ਵਾਲੇ ਨੂੰ ਸਿੱਖ ਕਰਕੇ ਵਿਆਹ ਸੰਸਕਾਰ ਰਚਾਉਣਾਂ। ਇਹ ਸਿੱਖਾਂ ਚ ਬੱਜਰ
ਤ੍ਰਿਸਕਾਰ ਦੀ ਹੀ ਤਾਂ ਮਿਹਰਬਾਨੀ ਸਦਕਾ ਹੈ। ਦਾਨਿਆਂ ਨੇ ਇਹ ਨੂੰ ਜਾਗਦਿਆਂ ਹੀ ਸੁੱਤੇ ਹੋਏ ਹੋਣਾ
ਕਿਹਾ ਹੈ। ਖੌਰ੍ਹੇ ਤਾਂ ਹੀ ਕਿਸੇ ਨੇ ਕਿਹਾ ਹੈ: ਤੂੰ ਸੁੱਤਾ ਰੱਬ ਜਾਗਦਾ ੩੮ ਤੇਰੀ ਡਾਢੇ ਨਾਲ
ਪ੍ਰੀਤ। ਇਸ ਅਖੌਤ ਦਾ ਹੋਰਨਾਂ ਅਰਥਾਂ ਸਮੇਤ ਇੱਕ ਅਰਥ ਹੈ: ਆਪਣੇ ਧਰਮ ਦੀ ਇਲਾਹੀ ਰਮਜ਼ ਭੁਲਾ ਕੇ
ਜੀਵਨ ਜੀਊਣ ਨੂੰ ਜਾਗਦਿਆਂ ਨੀਂਦ ਵਿਆਪਣਾਂ ਕਹਿੰਦੇ ਹਨ: “ਨੀਂਦ ਚ ਸਿਦਕ ਪੀਣ ਤਦ ਬਦੀਆਂ, ਕੌਮਾਂ
ਰੁਲਣ ਬੇਪਤ ਹੋ ਸਦੀਆਂ”। ਅਤੇ “ਸ਼ੁਕਰ ਸਿਦਕ ਜਦੋਂ ਨ ਪੁਗੇ” ਉਦੋਂ ਅਸਲ ਧਰਮ ਦੀ ਥਾਂ ਨਕਲ ਦੀ
ਬਿਖ-ਬੂਟੀ ਧਰਮ ਵਿਚੋਂ ਹੀ ਅਸਲ ਦਾ ਭੁਲੇਖਾ ਦੇਣ ਲਈ ਉਗ ਪੈਂਦੀ ਹੈ: “ਧਰਮ-ਜਲੋਂ ਬਿਖ-ਬੂਟੀ ਉਗੇ”।
ਜਿਸ ਨੂੰ ਦੂਜੇ ਲਫਜ਼ਾਂ ਵਿੱਚ ਕਵੀ ਇਉਂ ਕਹਿੰਦਾ ਹੈ:
“ਕੁਫ਼ਰ ਦੇ ਦਾਗ਼ ਵਿੱਚ ਈਮਾਨਾਂ,
ਛਹਿ ਬੈਠੇ ਪਈਆਂ ਜਦ ਸ਼ਾਮਾਂ।
ਸਜ਼ਾ ਧੁਰਾਂ ਦੀ ਵਿੱਚ ਚੰਗੇਜ਼ਾਂ,
ਛੁਪੀ ਰਹੀ ਵਿੱਚ ਦੀਨ ਦੇ ਤੇਜਾਂ।
ਹੇਠ ਕੁਰਾਨ ਜਲਣ ਤੁਗਯਾਨੀ
ਨਕਲ ਬਣੀ ਮਿਅਰਾਜ `ਸਮਾਨੀ “
(ਸਫਾ ੮੧)
ਜ਼ਾਹਰ ਹੈ ਧਰਮ ਵਿੱਚ ਪ੍ਰਗਟੀ ਬਿਖ-ਬੂਟੀ ( ‘ਅਸਲ` ਦਾ ਭੁਲੇਖਾ ਦਿੰਦੀ
‘ਨਕਲ`) ਨੂੰ ਹੀ ਬੱਜਰ ਤ੍ਰਿਸਕਾਰ ਕਿਹਾ ਹੈ। ਉਪਰੋਕਤ ਹਿੰਸਾ ਦੇ ਦੌਰ ਲੋਕਾਂ ਉਤੇ ਵਰਤਾਉਣ ਵਾਲੇ
ਹਿੰਸਕ, ਜ਼ਾਲਮ ਅਤੇ ਚੁੱਪ ਕਰਕੇ ਜ਼ੁਲਮ ਸਹਿੰਦੇ ਮਜ਼ਲੂਮ ਦੋਵੇਂ ਆਪੋ ਆਪਣੇ ਧਰਮਾਂ ਦੇ ‘ਬੱਜਰ
ਤ੍ਰਿਸਕਾਰ` ਦੀ ਮਜ਼ਬੂਤ ਜਕੜ ਵਿੱਚ ਨੂੜੇ ਪਏ ਸਨ/ਹਨ, ਕਿਉਂਕਿ ਉਹ ਹੰਕਾਰੀ ਹੋ ਕੇ ਅਦਲ ਨੂੰ ਭੁੱਲ
ਗਏ: “ਅੰਬਰ-ਸੁੰਞ ਤੀਕ ਅਹੁੰ-ਦਾਰਾਂ, ਅਦਲ ਭੁਲਾ ਦਿੱਤੇ ਅਸਵਾਰਾਂ”, ਅਤੇ “ਅਦਲਾਂ ਬਾਝ ਲੋਕਾਈ
ਰੁੰਨੀ; ਰੂਹ ਬੇਕਿਰਕ ਲਸ਼ਕਰਾਂ ਭੁੰਨੀ”। ਜਿਵੇਂ ਅੱਜ ਕਲ੍ਹ ਭਾਰਤੀ ਹਿੰਦੂਤਵੀ ਸਾਮਰਾਜੀ ਪ੍ਰਬੰਧਕੀ
ਢਾਂਚਾ ਜ਼ਾਲਮ ਹੈ ਅਤੇ ਘੱਟ ਗਿਣਤੀਆਂ ਆਮ ਕਰਕੇ ਅਤੇ ਸਿੱਖ ਲੋਕ ਖਾਸ ਤੋਰ ਤੇ ਮਜ਼ਲ਼ੂਮ ਹਨ। ਜਦੋਂ
ਤਿੰਨੋ ਤਰ੍ਹਾਂ ਦੀ ੩੯ ਹਿੰਦੂਤਵੀ ਸਾਮਰਾਜੀ ਭਾਰਤੀ ਫੌਜ ਨੇ ਸ੍ਰੀ ਹਰਿਮੰਦਰ ਤੇ ਸ੍ਰੀ ਅਕਾਲ ਤਖਤ
ਸਾਹਿਬ ਉਤੇ ਪਹਿਲਾਂ ਜੂਨ ੧੯੮੪ ਈ. ਨੂੰ ਹਮਲਾ ਕੀਤਾ। ਫੇਰ ਨਵੰਬਰ ੧੯੮੪ ਈ. ਚ ਅਤੇ ੧੯੮੫-੧੯੯੫
ਤੱਕ ਆਮ ਸਿੱਖਾਂ ਉਪਰ ਸਰਕਾਰੀ ਮਸ਼ਨਿਰੀ ਨੇ, ਮੁਲਕ ਦੇ ਮੌਕੇ ਦੇ ਪ੍ਰਧਾਨ ਮੰਤ੍ਰੀ ਦੀ ਉਚੇਚੀ ਚੁੱਕ
ਤੇ ਅਥਾਹ ਅਣਚਿਤਵਿਆ ਕਹਿਰ, ਕਈਆਂ ਰੂਪਾਂ ਚ ਅਣਭੋਲ ਸਿੱਖ ਮਰਦਾਂ, ਬੀਬੀਆਂ, ਬੁਢਿਆਂ, ਤੇ ਬੱਚਿਆਂ
ਉਤੇ ਢਾਹਿਆ। ਇਸ ਘਿਣਾਉਣੇ ਕਾਰੇ ਦੇ ਦੋਸ਼ੀ, ਹਿੰਦੂਤਵੀ ਸਾਮਰਾਜੀ ਯੰਤ੍ਰ ਤੇ ਜ਼ਾਲਮ ਨੇ ਅੱਜ ਤੱਕ
ਆਪਣੇ ਪਰਾਂ ਹੇਠ ਲੁਕੋਏ ਹੋਏ ਸਨ। ਹੁਣ ਉਨ੍ਹਾਂ ਨੂੰ ਸਾਫ਼ ਬਰੀ ਕਰ ਦਿੱਤਾ ਗਿਆ। ਅੱਜ ਹਿੰਦੂਤਵੀ
ਹਿੰਦੁਸਤਾਨ ਵਿੱਚ ਕੋਈ ਅਦਲ ਇਨਸਾਫ਼ ਨਹੀਂ। ਕਵੀ ਨੇ ਕਿਹਾ ਹੈ:
ਦਿਲ ਇਸਲਾਮ ਵਸੀ ਚੰਗੇਜ਼ੀ,
ਤਖਤਾਂ ਨਾਲ ਉਡੀ ਖੂੰ-ਰੇਜ਼ੀ।
ਯਾਦ ਪੈਗ਼ੰਬਰ ਨਾਲ ਸ਼ਹੀਦਾਂ
ਦਿੱਤੀ ਤਖਤਾਂ ਲਈ ਯਜ਼ੀਦਾਂ
ਵਿਚੋਂ ਕੱਢ ਦੀਨ ਦਾ ਸੀਨਾ
ਸਿਰ ਤੇ ਚੜ੍ਹੇ ਪਾਲਿਆ ਕੀਨਾ!
(ਸਫਾ ੮੧)
ਉਡੇ ਗਹਿਰੀ ਸਾਜਿਸ਼, ਨਾਲ ਪਾਕੀਜ਼ਗੀ
ਅਦਲ ਨੂੰ ਦੇਵੇ ਡੋਬ, ਖ਼ੁਦਾਈ ਦੀਦ ਵੀ।
ਜਲਦੇ ਪਏ ਪਰਹੇਜ਼, ਕੌਮਾਂ ਰੋਂਦੀਆਂ
ਪੁੱਟਣ ਗਾਰ ਚੋਂ ਗਾਰ, ਫ਼ਰੇਬ ਲਕੋਂਦੀਆਂ।
(ਸਫਾ ੮੨)
ਅਜੇਹੀਆਂ ਹੋਰ ਅਨੇਕਾਂ ਮਿਸਾਲਾਂ ਅਜੋਕੇ ਮਾਹੌਲ ਦੀਆਂ ਕਰਨੀਆਂ ਕਰਤੂਤਾਂ
ਵਿਚੋਂ ੳਪਲਭਦ ਹਨ। ਇਹ ਸਾਡਾ ਅਜੋਕਾ ੨੧ਵੀਂ ਸਦੀ ਦਾ ਤਾਜ਼ਾ ਸੰਕਟ ਹੈ। ਆਪਣ ਹਥੀਂ ਆਪਣਾ ੪੦ ਆਪ ਹੀ
ਕਾਜ ਸੁਆਰਨਾ ਹੁੰਦਾ ਹੈ। ਇਸ ਸੰਬੰਧ ਵਿੱਚ ਬਾਬਰਵਾਣੀ ਦਾ ਸਿੱਟਾ, ਤਾਤਪਰਜ ਜਾਂ ਉਪਦੇਸ਼ ਤਾਂ ਜ਼ਾਹਰਾ
ਹੈ: ਅੱਗੋਂ ਦੇ ਜੇ ਚੇਤੀਐ ਤਾ ੪੧ ਕਾਇਤ ਮਿਲੈ ਸਜਾਇ।। (ਬਾਬਰਵਾਣੀ)।
ਮੁਕਦੀ ਗੱਲ, ਇਹ ਗੁਰੂ ਨਾਨਕ ਸਾਹਿਬ ਦੀ ਕਾਮਲ ਪੈਗ਼ੰਬਰੀ ਬਜ਼ੁਰਗੀ ਹੈ ਕਿ ਆਪ
ਜੀ ਨੇ ਜਿਥੇ ਮਨੁੱਖਤਾ ਨੂੰ ਧਰਵਾਸ ਬਖ਼ਸ਼ਿਆ ਉਥੇ ਬਿੱਪਰ ਸੰਸਕਾਰ ਦੀ ਮੂਲੀ ਜੜ੍ਹ ਬੱਜਰ ਤ੍ਰਿਸਕਾਰ
ਦੀ ਸੂਝ ਬੂਝ ਦੇ ਨਾਲ ਨਾਲ ਧਰਮ ਦੀ ਅਸਲੀਅਤ ਕਮਾਉਣੋ ਹਟਣਾਂ ਜਾਂ ਝੂਠ ਨੂੰ ਪਿਆਰ ਅਤੇ ਸੱਚ ਨੂੰ
ਨਫਰਤ ਕਰਨ (ਗਿਲਾਨੀ) ਆਦਿ ਵਾਰੇ ਸਮਝਾਇਆ। ਇਸ ਲੇਖ ਵਿੱਚ ਬੱਜਰ ਤ੍ਰਿਸਕਾਰ, ਸੰਸਾਰ ਦੀ ਸਭ ਤੋਂ
ਵੱਡੀ ਹਿੰਸਾ, ਜਗਤ ਦਾ ਧਰਮ ਵਿਕਾਸ ਕਿਵੇਂ ਹੋਇਆ, ਇਸਲਾਮ ਦਾ ਰੂਹਾਨੀ ਸੰਕਟ, ਫਲਸਫਈਆਂ ਦੁਆਰਾ
ਅਖੀਰਲੀ ਅਸਲੀਅਤ ਨੂੰ ਖੋਜਣ ਲਈ ਕੀਤੀਆਂ ਬੌਧਿਕ ਕੋਸ਼ਿਸ਼ਾਂ, ਪੈਗ਼ੰਬਰਾਂ ਅਤੇ ਸਾਮਰਾਜਾਂ ਦਾ ਮਨੁੱਖ
ਨੂੰ ਧਰਵਾਸ ਦੇਣ ਪਖੋਂ ਫੇਲ ਹੋਣਾਂ ਆਦਿ ਮਸਲਿਆਂ ਨੂੰ ਇਸ ਲੇਖ ਵਿੱਚ ਛੋਹਿਆ ਹੈ। ਪ੍ਰੋ. ਮਹਿਬੂਬ
ਜੀ ਨੇ ਉਚੀ ਸੁਰਤਿ ਦਾ ਦੂਜਾ ਨਾਮ ਖ਼ਾਲਸ ਕੁਦਰਤ ਰਖਿਆ ਹੈ। ਇਵੇਂ ਹੀ ਜਦ ਉਚੀ ਸੁਰਤਿ ਜਲਾਲ ਅਤੇ
ਜਮਾਲ ਦੇ ਕ੍ਰਿਸ਼ਮੇ ਕਰ ਦਿਖਾਉਂਦੀ ਹੈ ਤਾਂ ਵਲੀ ਕੰਧਾਰੀ ਦੇ ਚਸ਼ਮਿਆਂ ਚੋਂ ਪਾਣੀ ਮਰਦਾਨੇ ਦੀ ਪਿਆਸ
ਬੁਝਾਉਣ ਲਈ ਆ ਬਹੁੜਦਾ ਹੈ। ਜਾਂ ਰੁਹਤਾਸ ਦੇ ਕਿਲ੍ਹੇ ਦੀ ਵਲਗਣ ਚ ਵਗਲ਼ੇ ਜਾਣ ਤੋਂ ਆਕੀ ਗੁਰੂ ਨਾਨਕ
ਚਸ਼ਮਾਂ ਆਪਣੀ ਆਜ਼ਾਦ ਹਸਤੀ ਦਾ ਉਚੇਚਾ ਇਜ਼ਹਾਰ ਕਰਦਾ ਹੈ। ਅਜਿਹੀਆਂ ਰੂਹਾਨੀ ਔਜ ਦੀਆਂ
ਜਿੱਤਾਂ ਨੂੰ ਕਵੀ ਜੀ ‘ਅਕਾਲ ਫ਼ਤਹ` ਦਾ ਨਾਮ ਦਿੰਦੇ ਹਨ। ਇਹ ਗੁਰੂ ਲਿਵ ਦੀਆਂ ਜਿੱਤਾਂ ਹਨ: ਪੜ੍ਹੋ
ਪ੍ਰੋ. ਮਹਿਬੂਬ ਦੇ ਆਪਣੇ ਲਫਜ਼: “ਗੁਰੂ ਲਿਵ ਦੇ ਅਗੰਮ ਵਲਵਲੇ ਸਾਹਮਣੇ ਅਫਲਾਤੂਨੀ ਗਿਆਨ ਦੀਆਂ
ਨਿਰੰਕੁਸ਼ ਉਡਾਰੀਆਂ, ਅਰਸਤੂ ਦੀਆਂ ਰਾਜਸੀ ਸਫਾਈਆਂ, ਅਤੇ ਸ਼ੰਕਰ ਦੀ ਦਿਗ-ਵਿਜੈ ਦਾ ਮਾਣ ਕੋਈ ਸਥਾਨ
੪੨ ਨਹੀਂ ਰਖਦਾ। “ ਇਵੇਂ ਹੀ ਨਾਥਾਂ ਜੋਗੀਆਂ ਨੂੰ ਬਿੱਪਰ ਸੰਸਕਾਰ ਦਾ ਤਗੜਾ ਹੱਠ ਉਨ੍ਹਾਂ ਦੇ ਮਨ
ਨੂੰ ਵਾਰ ਵਾਰ ਖੁਣਸ ਦੀ ਸਦੀਆਂ ਪੁਰਾਣੀ ਜਕੜ ਵਿੱਚ ਲੈ ਆਉਂਦਾ ਸੀ। ਉਨ੍ਹਾਂ ਨੂੰ ਸਵੈ-ਜਿੱਤ ਦਾ
ਲਘੂ ਸੁਆਦ ਤੇ ਮਹਾਂ ਸੁੰਨ ਦੇ ਹਉਮੈ-ਰਸ ਦਾ ਮਿੱਠਾ ਚਸਕਾ ਸੀ। ਦੂਜਾ, ਉਹ ਦੀ ਪਰਾ-ਸ਼ਕਤੀ ਸੰਸਾਰੀ
ਉਪਯੋਗਤਾ ਵਾਲੀ ਸੀ, ਅਕਾਲ ਫ਼ਤਹ ਨੂੰ ਪ੍ਰਾਪਤ ਨਹੀਂ ਸੀ। ਅਕਾਲ ਫ਼ਤਹ ਬਿਨਾਂ ਰੂਹਾਨੀ ਪਾਤਸ਼ਾਹੀ
ਕਿਥੋਂ ਭਾਲਣ ਜੋਗੀ? ਰੂਹਾਨੀ ਪਾਤਸ਼ਾਹੀ ਬਿਨਾਂ ਸਭ ਕੁੱਝ ਗੁਆਚ ਜਾਵੇਗਾ। ਕਿਉਂਕਿ ਜਿਥੇ ਰੂਹਾਨੀ
ਪਾਤਸ਼ਾਹੀ ਨਹੀਂ, ਉਥੇ ਵੀਰਾਨੀ ਹੈ: “ਅੱਗੇ ਵਿਸ਼ੈਲੇ ਲੂੰਬਿਆਂ ਵਾਲੀ ਲਹਿਰਾ ਰਹੀ ਭਾਰੀ ਨਦੀ ਹੈ।
ਅੱਗ ਦਾ ਸਮੁੰਦਰ ਕਹਿਰ ਵਿੱਚ ਭੜਕ ਰਿਹਾ ਹੈ। ਇਸ ਵੀਰਾਨ-ਇਕੱਲ ਵਿੱਚ ਕੋਈ ਯਾਰ-ਬੇਲੀ ਵੀ ਨਹੀਂ।
ਮਨਮੁਖਾਂ ਦੇ ਟੋਲੇ ਇਸ ਭੜਕ ਰਹੀ ੪੩ ਅਗਨੀ ਵਿੱਚ ਗੋਤਾ ਖਾ ਰਹੇ ਹਨ”। (ਮਾਰੂ ਰਾਗ)। ਇਨ੍ਹਾਂ
ਸਭਨਾਂ ਵਿਸ਼ਿਆਂ ਦੀ ਵਧੇਰੇ ਵਾਕਫੀ ਲਈ ਚੰਗਾ ਹੋਵੇ ਜੇ ਉਪਰੋਕਤ ਮੂਲ ਪੁਸਤਕਾਂ ਦਾ ਦੀਰਘ ਮੁਤਾਲਿਆ
ਕਰ ਲਿਆ ਜਾਏ ਤਾਂ ਜੋ ਰਹਿੰਦੇ ਸ਼ੱਕ ਸ਼ੁਬ੍ਹੇ ਨਿਕਲ ਜਾਣ।
ਅਮਰੀਕ ਸਿੰਘ ਧੌਲ
ਹਵਾਲੇ:
1. ੭ਵੀਂ ਪੌੜੀ, ਵਹਿਲੀ
ਵਾਰ, ਭਾ. ਗੁ.
2. ਸਫਾ ੭, ੧੪,
ਵਾਰਾਂ ਭਾ. ਗੁ. ਸਟੀਕ ੧੯੮੪; ਖ਼ਾਲਸਾ ਸਮਾਚਾਰ
3. ਭੈਰਉ ਮਹਲਾ ੫, ਪੰਨਾ ੧੧੩੬
4. ਧਨਾਸਰੀ ਮ. ੫, ਪੰਨਾ ੬੭੩
5. ਵਾਰ ੧, ਪੌੜੀ ੨੧, ਭਾ. ਗੁ.
6. ਸ. ਰ. ਖ਼ਾ. ੧੯੮੮ ਪੰਨਾ ੧
7. ਸਹਿਜੇ ਰਚਿਓ ਖ਼ਾਲਸਾ ੧੯੮੮: ੩੮
8. ਇ. ਨ ਦ. ਪੈ. ਜਿਲਦ ੧; ੧੯੯੯: ੩੯
9. ਭਾ. ਵੀਰ ਸਿੰਘ, ਪੋਥੀ ਛੇਵੀਂ, ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਈ
ਵੀਰ ਸਿੰਘ ਸਾਹਿਤ ਸਦਨ, ੨੦੦੨
10. ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੩੬੦
11. ਇ. ਨ. ਦੇ. ਪੈਂ. ੧੯੯੯ ਸਫਾ ੬੪੪
12. ਡਾ. ਗੋਪਾਲ ਸਿੰਘ ੧੯੯੯,
A History of the Sikh People
ਸਫਾ ੯੯-੧੦੦
13. ਪ੍ਰੋ. ਮਹਿਬੂਬ ੧੯੮੮: ੩੮-੯
14. ਸ. ਰ. ਖ. ੧੯੮੮: ੩੯
15. ਮਹਾਨ ਕੋਸ਼, ਸਫਾ ੬੦੨; ੮੫੪
16. ਡਾ. ਗੋਪਾਲ ਸਿੰਘ ੧੯੭੯: ੧੮
A History of the Sikh People,
World Sikh University Press
17. ਗੁ. ਗ੍ਰੰਥ ਸਾਹਿਬ ਪੰਨਾ ੧੪੬
18. ਸਹਿਜੇ ਰਚਿਓ ਖ਼ਾਲਸਾ ੧੯੮੮, ਪੰਨਾ ੩੮
19. ਸਹਿਜੇ ਰਚਿਓ ਖ਼ਾਲਸਾ ੧੯੮੮ ਪੰਨਾ ੨੫੧-੨੮੪
20. ਮਹਿਬੂਬ ੧੯੮੮: ੨੦
21. ਸ. ਰ. ਖ਼ਾ. ੧੯੮੮, ਸਫਾ ੯੨੦; ੯੨੯-੯੩੦; ੧੧੮੨
22. ਅਜਮੇਰ ਸਿੰਘ (੨੦੦੪: ੩੯੮; ੪੦੬-੭; ੪੧੬, ੪੧੮-੪੨੦) ਵੀਹਵੀਂ ਸਦੀ ਦੀ
ਸਿੱਖ ਰਾਜਨੀਤੀ
23. An indian Torture
Chamber; Punjab Human rights Organisation 1990
24. ਸਹਿਜੇ ਰਚਿਓ ਖ਼ਾਲਸਾ (੧੯੮੮: ੩੬)
25. ਸਹਿਜੇ ਰਚਿਓ ਖ਼ਾਲਸਾ (੧੯੮੮: ੩੭)
26. ਸਹਿਜੇ ਰਚਿਓ ਖ਼ਾਲਸਾ (੧੯੮੮: ੩੭)
27. ਸਹਿਜੇ ਰਚਿਓ ਖ਼ਾਲਸਾ (੧੯੮੮: ੩੭)
28. ਸਹਿਜੇ ਰਚਿਓ ਖ਼ਾਲਸਾ (੧੯੮੮: ੩੭
29. ਸਹਿਜੇ ਰਚਿਓ ਖ਼ਾਲਸਾ (੧੯੮੮: ੩੭)
30. ਸਹਿਜੇ ਰਚਿਓ ਖ਼ਾਲਸਾ (੧੯੮੮: ੩੮
31. ਸਹਿਜੇ ਰਚਿਓ ਖ਼ਾਲਸਾ (੧੯੮੮: ੩੮; ੮੯੫-੯੯,)
32. ਮਾਰੂ ਮਹਲਾ ੧, ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੯੯੦
33. ਸਹਿਜੇ ਰਚਿਓ ਖ਼ਾਲਸਾ (੧੯੮੮: ੩੮
34. ਸਹਿਜੇ ਰਚਿਓ ਖ਼ਾਲਸਾ (੧੯੮੮: ੩੮
35. ਸਹਿਜੇ ਰਚਿਓ ਖ਼ਾਲਸਾ (੧੯੮੮: ੧੭, ੩੯)
36. ਸਹਿਜੇ ਰਚਿਓ ਖ਼ਾਲਸਾ (੧੯੮੮: ੧੭-੧੯
37. ਸ. ਰ. ਖ਼ਾ. ੨੦੦੪: ੧੬-੧੭ ਸਫਰ ਅਤੇ ਮਨੋਰਥ;
38. ਮਨੋਹਰ ਸਿੰਘ ਮਾਰਕੋਜ਼, ੧੯੭੬, ਚਿੱਠੀਆਂ ਲਿਖ ਸਤਗੁਰਾਂ ਵਲ ਪਾਈਆਂ
39. ਅਜਮੇਰ ਸਿੰਘ ੨੦੦੪: ੪੨੦-੧ (ਵਹਿਵੀਂ ਸਦੀ ਦੀ ਸਿੱਖ ਰਾਜਨੀਤੀ
40. ਆਸਾ ਦੀ ਵਾਰ
41. ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ ੪੧੭
42. ਸਹਿਜੇ ਰਚਿਓ ਖ਼ਾਲਸਾ (੧੯੮੮: ੧੫੯-੬੦)।
43. ਸਹਿਜੇ ਰਚਿਓ ਖ਼ਾਲਸਾ (੧੯੮੮: ੧੦੦-੧)
|
. |