.

ਅਰੰਭਿਕਾ

ਭੱਟ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨਿਖੜਵਾਂ ਅੰਗ ਹੈ ਜੋ ਸਮੁੱਚੀ ਬਾਣੀ ਦੀ ਤਰ੍ਹਾਂ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੁਭਾਇਮਾਨ ਗਿਆਨ ਗੁਰੂ ਦਾ ਦਰਜਾ ਰੱਖਦੀ ਹੈ, ਜਿਸ ਨੂੰ ਸਿੱਖ ਹਮੇਸ਼ਾ ਨਤਮਸਤਕ ਹੁੰਦਾ ਹੈ। ਸਮੇਂ-ਸਮੇਂ ਅਨੁਸਾਰ ਭੱਟ ਬਾਣੀ ਪ੍ਰਤੀ ਵੱਖਰੀਆਂ-ਵੱਖਰੀਆਂ ਵੀਚਾਰਧਾਰਾਵਾਂ ਪੜ੍ਹਨ ਤੇ ਵੇਖਣ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਸਨ। ਗੁਰਬਾਣੀ ਦਾ ਵਿਦਿਆਰਥੀ ਹੋਣ ਦੇ ਨਾਤੇ ਆਪਣਾ ਫ਼ਰਜ਼ ਸਮਝਦੇ ਹੋਇਆਂ ਮਨ ਬਣਾਇਆ ਕਿ ਇਸ ਵੱਡਮੁੱਲੀ ਰਚਨਾ ਨੂੰ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਦੇ ਝਰੋਖੇ ਵਿਚੋਂ ਸਮਝਣ ਦਾ ਯਤਨ ਕੀਤਾ ਜਾਏ, ਕਿਉਂਕਿ ਮਹਲਾ ਪੰਜਵਾਂ, ਪੰਜਵੇਂ ਨਾਨਕ ਜੀ ਵੱਲੋਂ ਇਸ ਰਚਨਾ ਨੂੰ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਦੇ ਸਿਰਲੇਖ ਹੇਠ ਮੁਖਬੰਦ ਲਿਖਣ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਪ੍ਰਵਾਨਗੀ ਦਿੱਤੀ ਗਈ ਹੈ। ਮਹਲਾ ਪੰਜਵਾਂ ਵੱਲੋਂ ਇਸ ਰਚਨਾ ਨੂੰ ਦਿੱਤਾ ਸਿਰਲੇਖ ‘ਮੂਲ ਮੰਤ੍ਰ` ਇਸ ਗੱਲ ਨੂੰ ਸਪੱਸ਼ਟ ਕਰਦਾ ਹੈ ਕਿ ਇਹ ਰਚਨਾ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਉੱਪਰ ਪੂਰਨ ਤੌਰ `ਤੇ ਖਰੀ ਉਤਰਦੀ ਹੈ ਅਤੇ ਅਵਤਾਰਵਾਦ ਦੇ ਰੱਬ ਹੋਣ ਦੇ ਭਰਮ ਨੂੰ ਨਕਾਰਦੀ ਹੈ।

ਗੁਰਬਾਣੀ ਰਚਣਹਾਰਿਆਂ ਨੇ ਗੁਰਬਾਣੀ ਸਿਧਾਂਤ ਨੂੰ ਬੜੇ ਯੋਜਨਾਬੱਧ ਤਰੀਕੇ ਨਾਲ ਸਿਰਜਿਆ ਹੈ। ਇਸ ਸਿਧਾਂਤਕ ਰਚਨਾ ਨੂੰ ਪ੍ਰਚਾਰਿਆ ਇਸ ਤਰ੍ਹਾਂ ਜਾਂਦਾ ਹੈ ਕਿ ਇਹ ਅਗਾਧ ਬੋਧ ਹੈ ਭਾਵ ਨਾ ਜਾਣਿਆ ਜਾਣ ਵਾਲਾ ਸੱਚ ਹੈ। ਇਸ ਸਿਧਾਂਤਕ ਵੱਡਮੁੱਲੀ ਰਚਨਾ ਨੂੰ ਨਾ ਜਾਣਿਆ ਜਾਣ ਵਾਲਾ ਕਹਿ ਕੇ ਖਹਿੜਾ ਛੁਡਾਉਣਾ, ਇਸ ਨੂੰ ਸਿਧਾਂਤਕ ਤੌਰ ਉੱਪਰ ਪਿੱਠ ਦੇਣ ਦੇ ਬਰਾਬਰ ਹੈ।

ਸਵੱਈਏ ਬਾਣੀ ਦੀ ਸ਼ੁਰੂਆਤ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਦੇ ਸਿਰਲੇਖ ਹੇਠ ‘ਸਵਯੇ ਮੁਖਬਾਕ੍ਯ੍ਯ ਮਹਲਾ ੫` ਦੇ ਨਾਲ ਹੁੰਦੀ ਹੈ ਜੋ ਭੱਟ ਬਾਣੀ ਸ਼ੁਰੂ ਹੋਣ ਤੋਂ ਪਹਿਲਾਂ ਮਹਲਾ ਪੰਜਵਾਂ ਵੱਲੋਂ ਭੱਟ ਸਾਹਿਬਾਨ ਦੀ ਬਾਣੀ, ਭੱਟ ਸਾਹਿਬਾਨ ਵੱਲੋਂ ਉਚਾਰਨ ਦਾ ਉਦੇਸ਼, ਵਿਸ਼ਾ, ਮਨੋਰਥ ਪਹਿਲੇ ੨੦ ਸਵਈਯਾਂ ਵਿੱਚ ਮੁਖਬਾਕ੍ਯ੍ਯ੍ਯ੍ਯ (ਭੂਮਿਕਾ) ਨੂੰ ਮੁਖਬੰਦ ਦੇ ਰੂਪ ਵਿੱਚ ਸਮਝਾਇਆ ਗਿਆ ਹੈ। ਇਸ ਤੋਂ ਇਹ ਪ੍ਰਤੱਖ ਰੂਪ ਵਿੱਚ ਸਮਝ ਪੈਂਦੀ ਹੈ ਕਿ ਭੱਟ ਸਾਹਿਬਾਨ ਵੱਲੋਂ ਭੱਟ ਬਾਣੀ ਅਕਾਲ ਪੁਰਖ ਦੀ ਉਸਤਤ ਵਿੱਚ ਗੁਰਮਤਿ ਦੇ ਮੂਲ ਸਿਧਾਂਤ ਨੂੰ ਸਮਰਪਤ ਹੋਣ ਕਰਕੇ ਅਵਤਾਰਵਾਦ ਦੀ ਕਰਮ-ਕਾਂਡੀ ਵਿਚਾਰਧਾਰਾ ਨੂੰ ਖੰਡਨ ਕਰਨ ਦੇ ਉਦੇਸ਼ ਨਾਲ ਉਚਾਰਨ ਕੀਤੀ ਗਈ ਹੈ। ਇਹ ਵੀ ਸਪੱਸ਼ਟ ਹੁੰਦਾ ਹੈ ਕਿ ਭੱਟ ਸਾਹਿਬਾਨ ਦਾ ਆਪਾ ਕਿਵੇਂ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਤੋਂ ਨਿਛਾਵਰ ਹੈ।

ਜੇਕਰ ਮੂਲ ਮੰਤ੍ਰ ਦੇ ਸਿਧਾਂਤ ਨੂੰ ਮੁਖ ਰੱਖ ਕੇ ਹੀ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਭੱਟ ਸਵਈਏ ਬਾਣੀ ਉੱਪਰ ਕਿਸੇ ਕਿਸਮ ਦਾ ਵਿਰੋਧੀ ਸੱਜਣਾਂ ਵੱਲੋਂ ਕੋਈ ਇਤਰਾਜ਼ ਰਹਿ ਹੀ ਨਹੀਂ ਜਾਂਦਾ। ਜਿਨ੍ਹਾਂ ਸੱਜਣਾਂ ਨੂੰ ਭੱਟ ਬਾਣੀ ਦੇ ਵਿਰੋਧੀ ਕਿਹਾ ਜਾਂਦਾ ਹੈ, ਦਾਸ ਉਨ੍ਹਾਂ ਨੂੰ ਭੱਟ ਬਾਣੀ ਦੇ ਵਿਰੋਧੀ ਨਹੀਂ ਸਮਝਦਾ ਕਿਉਂਕਿ ਜਿਸ ਕਿਸਮ ਦੀ ਭੱਟ ਸਾਹਿਬਾਨ ਵੱਲੋਂ ਉਚਾਰਨ ਕੀਤੀ ਬਾਣੀ ਦੀ ਵਿਆਖਿਆ ਕਰ ਦਿੱਤੀ ਗਈ ਹੈ, ਉਹ ਵਿਆਖਿਆ ਗੁਰਮਤਿ ਸਿਧਾਂਤ ਨਾਲ ਮੇਲ ਨਾ ਖਾਂਦੀ ਹੋਣ ਕਾਰਨ ਹੀ ਵਿਰੋਧ ਕਰਦੇ ਹੋ ਸਕਦੇ ਹਨ, ਪਰ ਬਾਣੀ ਦਾ ਵਿਰੋਧ ਜਾਇਜ਼ ਨਹੀਂ ਮੰਨਿਆ ਜਾ ਸਕਦਾ।

ਮਹਲਾ ੫ ਵੱਲੋਂ ਭੱਟ ਸਵਈਆਂ ਨੂੰ ਮਾਨਤਾ ਦੇਣ ਦੀ ਤਰਤੀਬ

ਸਭ ਤੋਂ ਪਹਿਲਾਂ ਸਵਯੇ ਬਾਣੀ ਦਾ ਸਿਰਲੇਖ, ਮੂਲ ਸਿਧਾਂਤ, ਮੂਲ ਮੰਤ੍ਰ ਅਤੇ ਫਿਰ “ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ ੫।। “

ੴ ਸਤਿ ਨਾਮੁ ਕਰਤਾ ਪੁਰਖੁ

ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।

ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ ੫।।

ਮੂਲ ਮੰਤ੍ਰ ਦੇ ਸਿਰਲੇਖ ਹੇਠ ਮਹਲਾ ੫ ਵੱਲੋਂ ਉਚਾਰਣ ਪਹਿਲੇ ੨੦ ਸਵਈਯੇ ਨਾਨਕ ਨਾਮ ਦੀ ਮੋਹਰ ਹੇਠ ਭੂਮਿਕਾ, ਮੁਖਬੰਦ ਦੇ ਰੂਪ ਵਿੱਚ ਹਨ। ਇਸ ਤੋਂ ਅੱਗੇ ਭੱਟ ਸਾਹਿਬਾਨ ਦੇ ਸਵਈਯੇ ਸ਼ੁਰੂ ਹੁੰਦੇ ਹਨ।

ਨਾਨਕ ਨਾਮ ਹੇਠ ਜੋ ਬਾਣੀ ਹੈ ਉਸ ਵਿੱਚ ਮਹਲਾ ੧, ਮਹਲਾ ੨, ਮਹਲਾ ੩, ਮਹਲਾ ੪, ਮਹਲਾ ੫, ਮਹਲਾ ੯ ਹਰੇਕ ਜਗ੍ਹਾ ਮਹਲਾ ਸ਼ਬਦ ਹੀ ਆਉਂਦਾ ਹੈ। ਪਰ ਭੱਟ ਸਾਹਿਬਾਨ ਵੱਲੋਂ ਉਚਾਰਨ ਕੀਤੀ ਗਈ ਬਾਣੀ ਵਿੱਚ ਸ਼ਬਦ ‘ਮਹਲਾ` ਦੀ ਥਾਂ ‘ਮਹਲੇ` ਆਉਂਦਾ ਹੈ। ਮਹਲੇ ਪਹਿਲੇ ਦਾ ਮਤਲਬ ਹੈ ਮਹਲੇ ਪਹਿਲੇ ਨਾਨਕ ਪਾਤਸ਼ਾਹ ਦੇ ਸਮੇਂ ਉਚਾਰਣ ਕੀਤੀ ਗਈ ਬਾਣੀ। ਮਹਲੇ ਦੂਜੇ ਦਾ ਮਤਲਬ ਹੈ ਮਹਲੇ ਦੂਜੇ ਦੇ ਸਮੇਂ ਉਚਾਰਣ ਕੀਤੀ ਗਈ ਬਾਣੀ। ਇਸ ਤਰ੍ਹਾਂ ਅੱਗੇ ਤੋਂ ਅੱਗੇ ਮਹਲੇ ਸ਼ਬਦ ਮਹਲੇ ਪੰਜਵੇਂ ਤੱਕ ਚਲਦਾ ਹੈ।

ਅੱਗੇ ਤੁਰਨ ਤੋਂ ਪਹਿਲਾਂ ਮਹਲਾ ਦੇ ਅਰਥ ਸਮਝਣੇ ਵੀ ਬੜੇ ਜ਼ਰੂਰੀ ਹਨ ਜੋ ਮਹਾਨ ਕੋਸ਼ ਵਿੱਚ ਇਸ ਤਰ੍ਹਾਂ ਦਿੱਤੇ ਗਏ ਹਨ। ਮਹਾਨ ਕੋਸ਼ - ਦੇਖੋ ਮਹਲ, ਦਬਿਸਤਾਨੇ ਮਜ਼ਾਹਬ ਦਾ ਕਰਤਾ ਲਿਖਦਾ ਹੈ ਕਿ ਹਲੂਲ ਦਾ ਥਾਂ ਮਹਲ ਹੈ। ਇਸੇ ਲਈ ਗੁਰੂ ਨਾਨਕ ਦੇਵ ਜੀ ਦੇ ਜਾਨਸ਼ੀਨ ਮਹਲ ਕਹੇ ਜਾਂਦੇ ਹਨ ਕਿ ਇੱਕ ਗੁਰੂ ਆਪਣੇ ਤਾਈਂ ਦੂਜੇ ਵਿੱਚ ਹਲੂਲ (ਉਤਾਰਦਾ) ਹੈ, ਭਾਵ ਲੀਨ ਕਰਦਾ ਹੈ। (ਮਹਾਨ ਕੋਸ਼)

ਹਲੂਲ ਉਤਾਰਨ ਦਾ ਮਤਲਬ ਹੈ – ਉੱਤਰ ਅਧਿਕਾਰੀ ਦਾ ਪੂਰਵ ਅਧਿਕਾਰੀ ਦੀ ਵਿਚਾਰਧਾਰਾ ਵਿੱਚ ਸਮੋਅ ਜਾਣਾ।

ਉੱਪਰ ਦਿੱਤੇ ਹਵਾਲੇ ਤੋਂ ਮਹਾਨ ਕੋਸ਼ ਅਨੁਸਾਰ ਇਹ ਵੀ ਸਿੱਧ ਹੁੰਦਾ ਹੈ ਕਿ ਜਿਸ ਤਰ੍ਹਾਂ ਮਹਲਾ ਪਹਿਲਾ ਮੂਲ ਸਿਧਾਂਤ ਸਰਬ-ਵਿਆਪਕ (one universal truth) ਇਕੁ ਬ੍ਰਹਿਮੰਡੀ ਸੱਚ ਵਿੱਚ ਲੀਨ ਹੈ, ਨੂੰ ਸਮਰਪਤ ਹੈ, ਇਸੇ ਤਰ੍ਹਾਂ ਮਹਲਾ ਦੂਜਾ ਵੀ ਸਰਬ-ਵਿਆਪਕ ਦੇ ਮੂਲ ਸਿਧਾਂਤ ਵਿੱਚ ਲੀਨ ਹੈ, ਨੂੰ ਸਮਰਪਤ ਹੈ। ਇਸੇ ਤਰ੍ਹਾਂ ਅੱਗੇ ਤੋਂ ਅੱਗੇ ਮਹਲਾ ਸ਼ਬਦ ਆਉਂਦਾ ਹੈ ਜਿਸ ਤੋਂ ਆਪਣੇ ਆਪ ਹੀ ਮਹਾਨ ਕੋਸ਼ ਦੇ ਹਵਾਲੇ ਤੋਂ ਮਹਲਾ ਦੇ ਅਰਥ ਨਾਨਕ ਘਰਿ ਦਾ ਮੂਲ ਸਿਧਾਂਤ ਵਿੱਚ ਲੀਨ ਹੋਣਾ ਭਾਵ ਸਮਰਪਤ ਹੋਣਾ ਹੀ ਸਿੱਧ ਹੁੰਦੇ ਹਨ, ਜਿਸ ਸੱਚ ਨੂੰ ਨਾਨਕ ਪਾਤਸਾਹ, ਮਹਲਾ ਪਹਿਲਾ ਸਮਰਪਤ ਹੈ ਭਾਵ ਜਿਸ ਸੱਚ ਵਿੱਚ ਲੀਨ ਹੈ, ਉਸੇ ਸੱਚ ਨੂੰ ਲਹਣਾ ਜੀ, ਮਹਲਾ ਦੂਜਾ ਸਮਰਪਤ ਹੈ ਭਾਵ ਉਸੇ ਸੱਚ ਵਿੱਚ ਲੀਨ ਹੈ। ਇਸੇ ਤਰ੍ਹਾਂ ਲੜੀ ਅੱਗੇ ਤੋਂ ਅੱਗੇ ਚਲਦੀ ਹੈ। ਦਰਅਸਲ ਬਾਣੀ ਸੰਸਾਰ ਵੀ ਇਸ ਗੱਲ ਦੀ ਪ੍ਰੋੜ੍ਹਤਾ ਕਰਦਾ ਹੈ।

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ।।

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।।

(ਪੰਨਾ ੯੬੬)

ਜੋਤਿ – ਵਿਚਾਰਧਾਰਾ, ਗਿਆਨ ਦਾ ਪ੍ਰਕਾਸ਼। ਮਹਲਾ – ਲੀਨ, ਸਮਰਪਤ। ਮਹਲਾ ਪਹਿਲਾ ਤੋਂ ਬਾਅਦ ਕਾਇਆ ਭਾਵ ਸਰੀਰ ਹੀ ਬਦਲਿਆ, ਵਿਚਾਰਧਾਰਾ ਨਹੀਂ ਬਦਲੀ। ਜਿਹੜੀ ਵਿਚਾਰਧਾਰਾ ਨਾਨਕ ਜੀ ਦੀ ਸੀ, ਉਸੇ ਹੀ ਵਿਚਾਰਧਾਰਾ ਵਿੱਚ ਲਹਣਾ ਜੀ ਲੀਨ ਭਾਵ ਉਸੇ ਵਿਚਾਰਧਾਰਾ ਨੂੰ ਸਮਰਪਤ ਹਨ।

ਸ਼ੁਰੂ ਵਿੱਚ ਮੂਲ ਮੰਤ੍ਰ ਦੇ ਸਿਰਲੇਖ ਹੇਠ “ਸਵਯੇ ਸ੍ਰੀ ਮੁਖਬਾਕ੍ਹ ਮਹਲਾ ਪ” ਦਾ ਆਉਣਾ ਇਹ ਜ਼ਾਹਰ ਕਰਦਾ ਹੈ ਕਿ ਇਹ ਮੂਲ ਮੰਤ੍ਰ ਦੇ ਸਿਰਲੇਖ ਹੇਠ ੨੦ ਸਵਈਯੇ ਮਹਲਾ ੫ ਦੇ, ਨਾਨਕ ਨਾਮ ਦੀ ਮੋਹਰ ਹੇਠ ਹੀ ਉਚਾਰਨ ਹੋਏ ਹਨ। ਦਰਅਸਲ ਭੱਟ ਬਾਣੀ ਸ਼ੁਰੂ ਹੋਣ ਤੋਂ ਪਹਿਲਾਂ ਮਹਲਾ ੫ਵਾਂ ਨੇ ਭੱਟ ਬਾਣੀ ਮੂਲ ਮੂੰਤ੍ਰ ਦੇ ਸਿਧਾਂਤ ਉੱਪਰ ਖਰੀ ਉਤਰਦੀ ਹੋਣ ਦੀ ਪ੍ਰੋੜਤਾ ਕਰਦਿਆਂ, ਉਦੇਸ਼, ਵਿਸ਼ਾ, ਮੁਖਬੰਦ-ਭੂਮਿਕਾ ਦੇ ਰੂਪ ਵਿੱਚ ਸਪੱਸ਼ਟ ਕਰ ਦਿੱਤਾ ਹੈ।

ਸਾਰੀ ਬਾਣੀ ਦਾ ਸਿਰਲੇਖ ਮੂਲ ਸਿਧਾਂਤ, ਮੂਲ ਮੰਤ੍ਰ ਹੈ। ਮੂਲ ਮੰਤ੍ਰ ਅਵਤਾਰਵਾਦ, ਦੇਹਧਾਰੀਆਂ ਦੇ ਰੱਬ ਹੋਣ ਵਾਲੀ ਪਰੰਪਰਾ ਨੂੰ ਨਕਾਰਦਾ ਹੈ ਕਿਉਂਕਿ ਭੱਟ ਬਾਣੀ ਦਾ ਮੁਖਬੰਦ ਮਹਲਾ ਪੰਜਵਾਂ ਵੱਲੋਂ ਮੂਲ ਮੰਤ੍ਰ ਦੇ ਸਿਰਲੇਖ ਹੇਠ ਲਿਖਿਆ ਗਿਆ ਹੈ। ਇਸ ਲਈ ਇਹ ਗੱਲ ਆਪਣੇ ਆਪ ਹੀ ਸਪੱਸ਼ਟ ਹੋ ਜਾਂਦੀ ਹੈ ਕਿ ਭੱਟ ਸਾਹਿਬਾਨ ਵੱਲੋਂ ਉਚਾਰਣ ਸਵਈਯੇ ਵੀ ਮੂਲੋਂ ਹੀ ਅਵਤਾਰਵਾਦ ਦੇ ਰੱਬ ਹੋਣ ਦੇ ਭਰਮ ਜਾਲ ਨੂੰ ਅਸਵੀਕਾਰ ਕਰਦੇ ਭਾਵ ਨਕਾਰਦੇ ਹਨ ਅਤੇ ਸਾਰੇ ਸਵਈਯੇ ਅਕਾਲ ਪੁਰਖ ਦੀ ਉਸਤਤਿ ਬਿਆਨ ਕਰਦੇ ਗੁਰਮਤਿ ਸਿਧਾਂਤ ਨੂੰ ਸਮਰਪਿਤ ਹਨ ਅਤੇ ਮਨੁੱਖਤਾ ਨੂੰ ਸੱਚ ਨਾਲ ਜੁੜਨ ਲਈ ਪ੍ਰੇਰਨਾ-ਸ੍ਰੋਤ ਹਨ।

ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਨੂੰ ਛੱਡ ਕੇ ਗੁਰਬਾਣੀ ਦੀ ਵਿਆਖਿਆ ਕਰਨੀ ਗੁਰਬਾਣੀ ਸਿਧਾਂਤ ਨਾਲ ਅਨਿਆਇ ਹੈ। ਜਿਹੜੇ ਸੱਜਣਾਂ ਦੇ ਕੁੱਝ ਇਤਰਾਜ਼ ਹਨ, ਉਨ੍ਹਾਂ ਦੇ ਇਤਰਾਜ਼ਯੋਗ ਪੱਖ ਨੂੰ ਉਸਾਰੂ ਸੋਚ ਵਜੋਂ ਲੈਣਾ ਚਾਹੀਦਾ ਹੈ ਕਿਉਂਕਿ ਇਹ ਪੱਖ ਹੀ ਸਾਨੂੰ ਗੁਰਬਾਣੀ ਸੱਚ ਵਿਚਲੀ ਡੂੰਘਿਆਈ ਨੂੰ ਜਾਨਣ ਲਈ ਪ੍ਰੇਰਨਾ ਸ੍ਰੋਤ ਬਣਦੇ ਹਨ।

ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਹਨ ਕਿ ਭੱਟ ਬਾਣੀ ਦੇ ਵਿਰੋਧੀਆਂ ਦਾ ਖ਼ਿਆਲ ਹੈ ਕਿ ਗੁਰੂ ਸਾਹਿਬਾਨ ਦੀ ਉਸਤਤ ਕਰਨ ਵੇਲੇ ਉਹ ਕਹਿੰਦੇ ਹਨ ਕਿ ਰਾਘਵਾਂ ਦੀ ਬੰਸ ਵਿੱਚ ਸ਼ਰੋਮਣੀ ਰਾਜਾ ਦਸਰਥ ਦੇ ਘਰ ਪ੍ਰਗਟ ਹੋਏ ਆਪ ਰਾਮ ਚੰਦਰ ਹੋ। ਗੁਰੂ ਸਾਹਿਬਾਨ ਨੂੰ ਰਾਮਚੰਦਰ, ਜਨਕ ਆਦਿ ਰਾਜਿਆਂ ਦਾ ਦਰਜਾ ਦੇ ਕੇ ਨਿਵਾਜਣਾ ਗੁਰੂ ਸਾਹਿਬ ਦੀ ਸਖ਼ਤ ਨਿਰਾਦਰੀ ਹੈ।

ਦੁਆਪੁਰ ਜੁਗ ਕ੍ਰਿਸ਼ਨ ਮੁਰਾਰਿ ਦੇ ਸਿਰਲੇਖ ਹੇਠ “ਚੀਰ ਹਰਨ ਕਥਾ” ਦੇ ਕੇ ਆਪ ਲਿਖਦੇ ਹਨ - ਕੀ ਸਾਡੇ ਗੁਰੂ ਸਾਹਿਬਾਨ ਅਜਿਹੀ ਲੀਲਾ ਰਚਾ ਕੇ. . . . . . ?

ਗੁਰੂ ਨਾਨਕ! ਤੂੰ ਕ੍ਰਿਸ਼ਨ ਮੁਰਾਰੀ ਹੈਂ, ਤੂੰ ਦੁਆਪੁਰ ਜੁਗ ਵਿੱਚ ਇਹ ਕੌਤਕ ਕੀਤੇ। ਸੋਚੋ ਇਹ ਉਸਤਤਿ ਹੈ ਕਿ ਨਿੰਦਾ?

ਇਸ ਤਰ੍ਹਾਂ ਭੱਟ ਬਾਣੀ ਦੇ ਵਿਰੋਧੀ ਸੱਜਣਾਂ ਦੇ ਇਤਰਾਜ਼ ਦਾ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੇ ਹਵਾਲਾ ਦਿੱਤਾ ਹੈ ਕਿ ਭੱਟ ਬਾਣੀ ਦੇ ਵਿਰੋਧੀ ਸੱਜਣਾਂ ਦਾ ਇਹ ਇਤਰਾਜ਼ ਹੈ। ਇਤਰਾਜ਼ ਤਾਂ ਉਨ੍ਹਾਂ ਦੇ ਹੋਰ ਵੀ ਬਹੁਤ ਸਾਰੇ ਸਨ ਪਰ ਇਹ ਟੂਕ ਮਾਤਰ ਦਿੱਤੇ ਹਨ। ਆਪਾਂ ਇਸ ਵਿਸਥਾਰ ਵਿੱਚ ਨਹੀਂ ਜਾਣਾ। ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੇ ਭੱਟ ਬਾਣੀ ਦੇ ਵਿਰੋਧੀ ਸੱਜਣਾਂ ਦੇ ਗੁਰਸਿਖੀ ਵਾਸਤੇ ਪਿਆਰ ਦੇ ਜਜ਼ਬੇ ਨੂੰ ਸਲਾਹੁਣਯੋਗ ਵੀ ਲਿਖਿਆ ਹੈ।

ਦਾਸ ਅਨੁਸਾਰ ਜਜ਼ਬਾ ਇਸ ਕਰਕੇ ਸਲਾਹੁਣਯੋਗ ਹੈ ਕਿ ਭੱਟ ਬਾਣੀ ਦੀ ਕੀਤੀ ਗਈ ਪ੍ਰਚਲਿਤ ਵਿਆਖਿਆ ਅੰਦਰ ਉਹ ਨਾਨਕ ਪਾਤਸ਼ਾਹ ਦੀ ਤੁਲਨਾ ਕਿਸੇ ਅਜਿਹੇ ਕਿਸਮ ਦੇ ਅਵਤਾਰਵਾਦੀਆਂ, ਜਿਨ੍ਹਾਂ ਦੇ ਜੀਵਨ ਨਾਲ ਤਰ੍ਹਾਂ-ਤਰ੍ਹਾਂ ਦੀਆਂ ਜੀਵਨ ਪੱਖ ਤੋਂ ਹਾਰੀਆਂ ਹੋਈਆਂ ਘਟਨਾਵਾਂ ਜੁੜਦੀਆਂ ਹਨ, ਨਹੀਂ ਦੇਖਣਾ, ਸੁਣਨਾ ਚਾਹੁੰਦੇ, ਨਾ ਅਜਿਹਾ ਕੁੱਝ ਪ੍ਰਵਾਨ ਹੀ ਹੋ ਸਕਦਾ ਹੈ ਅਤੇ ਨਾ ਹੀ ਭੱਟ ਸਾਹਿਬਾਨ ਵੱਲੋਂ ਅਜਿਹਾ ਕੁੱਝ ਕਿਹਾ ਗਿਆ ਹੈ। ਇਹ ਗੱਲ ਭੱਟ ਸਾਹਿਬਾਨ ਦੀ ਆਪਣੀ ਰਚਨਾ ਦੇ ਹੀ ਵਿਰੁੱਧ ਹੈ। ਭੱਟ ਸਾਹਿਬਾਨ ਆਪਣੀ ਰਚਨਾ ਸਵਈਏ ਮਹਲੇ ਪੰਜਵੇਂ ਕੇ ਅੰਦਰ ਸੋਰਠੇ ਛੰਦ ਵਿੱਚ ਲਿਖਦੇ ਹਨ ਕਿ ਜੋ ਸੱਚ ਨੂੰ ਪ੍ਰਣਾਏ ਹੋਏ ਮਰਦ ਪੁਰਖ ਹਨ, ਉਹ ਆਪਣੀ ਮਿਸਾਲ ਆਪ ਹੀ ਹੁੰਦੇ ਹਨ ਭਾਵ ਉਨ੍ਹਾਂ ਨੂੰ ਕਿਸੇ ਕਰਮ-ਕਾਂਡੀ (ਅਵਤਾਰਵਾਦੀ) ਨਾਲ ਨਹੀਂ ਤੋਲਿਆ ਜਾ ਸਕਦਾ ਹੈ। ਦੂਸਰੀ ਗੱਲ ਇਹ ਹੈ ਕਿ ਭੱਟ ਸਾਹਿਬਾਨ ਨੇ ਇਹ ਵੀ ਆਪਣੀ ਰਚਨਾ ਅੰਦਰ ਬਹੁਤ ਜਗ੍ਹਾ ਲਿਖਿਆ ਹੈ ‘ਕਰਤੇ ਦੀ ਤੁਲਨਾ ਕਿਸੇ (ਅਵਤਾਰਵਾਦੀ) ਨਾਲ ਵੀ ਨਹੀਂ ਹੋ ਸਕਦੀ` ਜਿਵੇਂ:-

ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ।।

ਕਵਨ ਉਪਮਾ ਦੇਉ ਕਵਨ

ਸੇਵਾ ਸਰੇਉ ਏਕ ਮੁਖ ਰਸਨਾ ਰਸਹੁ ਜੁਗ ਜੋਰਿ ਕਰ।।

(ਸਵਈਏ ਮਹਲੇ ਚਉਥੇ ਕੇ, ਪੰਨਾ ੧੩੯੮)

ਭੱਟ ਬਾਣੀ ਅੰਦਰ ਭੱਟ ਸਾਹਿਬਾਨ ਵੱਲੋਂ ਸਿਰਜਿਆ ਸੱਚ ਬਹੁਤ ਵੱਡਾ ਸੱਚ ਹੈ, ਜਿਸ ਨੂੰ ਲਫ਼ਜ਼ਾਂ ਅੰਦਰ ਬਿਆਨ ਕਰਨਾ ਮੇਰੇ ਲਈ ਵੀ ਛੋਟਾ ਮੂੰਹ ਵੱਡੀ ਗੱਲ ਕਹਿਣ ਦੇ ਬਰਾਬਰ ਹੈ। ਪਰ ਜੇਕਰ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਵਿਚਾਰੀਏ ਤਾਂ ਕਿਧਰੇ ਵੀ ਭੱਟ ਸਵਈਏ ਬਾਣੀ ਅੰਦਰ ਭੱਟ ਸਾਹਿਬਾਨ ਵੱਲੋਂ ਨਾਨਕ ਪਾਤਸ਼ਾਹ ਜੀ ਦੀ ਤੁਲਨਾ ਰਾਮ, ਕ੍ਰਿਸ਼ਨ ਨਾਲ ਨਹੀਂ ਕੀਤੀ ਗਈ ਪ੍ਰੰਤੂ ਵਿਆਖਿਆਕਾਰਾਂ ਵੱਲੋਂ ਵਿਆਖਿਆ ਜ਼ਰੂਰ ਕੁੱਝ ਅਜਿਹੀ ਕਿਸਮ ਦੀ ਕਰ ਦਿੱਤੀ ਗਈ ਹੈ ਜੋ ਇਤਰਾਜ਼ ਕਰਨ ਵਾਲਿਆਂ ਸਿੱਖਾਂ ਦੇ ਮਨਾਂ ਨੂੰ ਵਲੂੰਧਰਦੀ ਹੈ। ਸੱਚ ਇਹ ਹੈ ਕਿ ਭੱਟ ਸਾਹਿਬਾਨ ਨੇ ਆਪਣੀ ਰਚਨਾ ਅੰਦਰ ਅਵਤਾਰਵਾਦੀ ਦੇਹਧਾਰੀ ਪਰੰਪਰਾ ਦਾ ਪੂਰਨ ਤੌਰ `ਤੇ ਬੜੇ ਜ਼ੋਰਦਾਰ ਸ਼ਬਦਾਂ ਅੰਦਰ ਖੰਡਨ ਕੀਤਾ ਹੈ।

ਦਰਅਸਲ ਅਸਲੀਅਤ ਇਹ ਹੈ ਕਿ ਭੱਟ ਸਾਹਿਬਾਨ ਵੱਲੋਂ ਗੁਰਮਤਿ ਸਿਧਾਂਤ ਦੀ ਸੂਝ ਨੂੰ ਸਮਝ ਕੇ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਉੱਪਰ ਥੀਸਿਸ (thesis) ਭਾਵ ਖੋਜ ਪ੍ਰਬੰਧ ਲਿਖਿਆ ਗਿਆ ਹੈ, ਜਿਸ ਨੂੰ ਮਹਲਾ ਪੰਜਵਾਂ ਵੱਲੋਂ ਆਪ ਮੂਲ ਮੰਤ੍ਰ ਦੇ ਸਿਰਲੇਖ ਹੇਠ (ਭੱਟ ਸਵਈਏ ਗੁਰਮਤਿ ਦੇ ਮੂਲ ਸਿਧਾਂਤ ਉੱਪਰ ਖਰੇ ਉੱਤਰਦੇ ਹੋਣ ਕਰਕੇ ਆਪਣੀ ਕਲਮ ਨਾਲ ਮੁਖਬਾਕ-ਮੁਖਬੰਦ ਲਿਖ ਕੇ) ਪ੍ਰਵਾਨਗੀ ਦਿੱਤੀ ਹੈ। ਹੁਣ ਇਥੇ ਵਿਚਾਰਨਾ ਬਣਦਾ ਹੈ ਕਿ ਜਿਸ ਲਿਖਤ ਦਾ ਮੁਖਬੰਦ ਹੀ ਮਹਲਾ ਪੰਜਵਾਂ ਵੱਲੋਂ ਆਪ ਲਿਖ ਕੇ ਮੂਲ ਮੰਤ੍ਰ ਦੇ ਸਿਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਪ੍ਰਵਾਨਗੀ ਦਿੱਤੀ ਗਈ ਹੋਵੇ, ਕੀ ਉਹ ਲਿਖਤ ਗੁਰਮਤਿ ਵਿਰੋਧੀ ਹੋ ਸਕਦੀ ਹੈ? ਹਰਗਿਜ਼ ਨਹੀਂ।

ਭੱਟ ਸਵਈਆਂ ਦੀ ਤਰਤੀਬ:-

(੧) ੴਸਤਿਗੁਰ ਪ੍ਰਸਾਦਿ।। ਸਵਈਏ ਮਹਲੇ ਪਹਿਲੇ ਕੇ।।

(੨) ੴਸਤਿਗੁਰ ਪ੍ਰਸਾਦਿ।। ਸਵਈਏ ਮਹਲੇ ਦੂਜੇ ਕੇ।।

(੩) ੴ ਸਤਿਗੁਰ ਪ੍ਰਸਾਦਿ।। ਸਵਈਏ ਮਹਲੇ ਤੀਜੇ ਕੇ।।

(੪) ੴ ਸਤਿਗੁਰ ਪ੍ਰਸਾਦਿ।। ਸਵਈਏ ਮਹਲੇ ਚਉਥੇ ਕੇ।।

(੫) ੴਸਤਿਗੁਰ ਪ੍ਰਸਾਦਿ।। ਸਵਈਏ ਮਹਲੇ ਪੰਜਵੇ ਕੇ।।

ਸਵਈਆਂ ਦੀ ਤਰਤੀਬ ਤੋਂ ਇਹ ਭੁਲੇਖਾ ਵੀ ਦੂਰ ਹੋ ਜਾਂਦਾ ਹੈ ਕਿ ਭੱਟ ਸਾਹਿਬਾਨ ਵੱਲੋਂ ਸਵਈਏ ਕਦੋਂ ਲਿਖੇ ਗਏ। ‘ਸਵਈਏ ਮਹਲੇ ਪਹਲੇ ਕੇ` ਤੋਂ ਭਾਵ ਹੈ ਕਿ ਮਹਲੇ ਪਹਿਲੇ (ਗੁਰੂ ਨਾਨਕ ਜੀ) ਦੇ ਸਮੇਂ ਲਿਖੇ ਗਏ ਸਵਈਏ। ‘ਸਵਈਏ ਮਹਲੇ ਦੂਜੇ ਕੇ` ਤੋਂ ਭਾਵ ਹੈ ਕਿ ਮਹਲੇ ਦੂਜੇ (ਗੁਰੂ ਅੰਗਦ ਜੀ) ਦੇ ਸਮੇਂ ਲਿਖੇ ਗਏ ਸਵਈਏ। ‘ਸਵਈਏ ਮਹਲੇ ਤੀਜੇ ਕੇ` ਤੋਂ ਭਾਵ ਹੈ ਕਿ ਮਹਲੇ ਤੀਜੇ (ਗੁਰੂ ਅਮਰਦਾਸ ਜੀ) ਦੇ ਸਮੇਂ ਲਿਖੇ ਗਏ ਸਵਈਏ। ‘ਸਵਈਏ ਮਹਲੇ ਚੌਥੇ ਕੇ` ਤੋਂ ਭਾਵ ਹੈ ਕਿ ਮਹਲੇ ਚੌਥੇ (ਗੁਰੂ ਰਾਮਦਾਸ ਜੀ) ਦੇ ਸਮੇਂ ਲਿਖੇ ਗਏ ਸਵਈਏ। ਇਸੇ ਤਰ੍ਹਾਂ ‘ਸਵਈਏ ਮਹਲੇ ਪੰਜਵੇਂ ਕੇ` ਤੋਂ ਭਾਵ ਹੈ ਕਿ ਮਹਲੇ ਪੰਜਵੇਂ (ਗੁਰੂ ਅਰਜਨ ਦੇਵ ਜੀ) ਦੇ ਸਮੇਂ ਲਿਖੇ ਗਏ ਸਵਈਏ।

ਭੱਟ ਸਾਹਿਬਾਨ ਦੁਆਰਾ ਰਚਿਤ ਬਾਣੀ ਦੀ ਵਿਆਖਿਆ ਨੂੰ ਸਿਰੇ ਚਾੜ੍ਹਨ ਵਿੱਚ ਜਿਨ੍ਹਾਂ ਗੁਰਸਿੱਖਾਂ ਦਾ ਸਹਿਯੋਗ ਮਿਲਿਆ, ਉਨ੍ਹਾਂ `ਚੋਂ ਗਿਆਨੀ ਹਰਪਾਲ ਸਿੰਘ ਕਸੂਰ ਜੀ ਹੋਰਾਂ ਦਾ ਦਾਸ ਧੰਨਵਾਦ ਕਰਦਾ ਹੈ, ਕਿਉਂਕਿ ਸਵਈਏ ਮਹਲੇ ਪਹਿਲੇ ਕਿਆਂ ਦੇ ਦਸਵੇਂ ਸਵਈਏ ਅੰਦਰ ਜੋ ਸ਼ਬਦ ‘ਦੂਰਬਾ` ਵਰਤਿਆ ਗਿਆ ਹੈ, ਉਸ ਨੂੰ ਸ਼ਪੱਸਟ ਕਰਨ ਵਿੱਚ, ਉਨ੍ਹਾਂ ਦੀ ਦੂਰਬਾ ਸ਼ਬਦ `ਤੇ ਕੀਤੀ ਰੀਸਰਚ ਕਾਫ਼ੀ ਸਹਾਇਕ ਹੋਈ। ਉਨ੍ਹਾਂ ਵੱਲੋਂ ਕਈ ਹੋਰ ਵੀ ਦਿੱਤੇ ਗਏ ਨਿੱਘਰ ਸੁਝਾਵਾਂ ਕਰਕੇ ਦਾਸ ਉਨ੍ਹਾਂ ਦਾ ਧੰਨਵਾਦੀ ਹੈ। ਜਿੱਥੇ ਦਾਸ ਉਨ੍ਹਾਂ ਦਾ ਧੰਨਵਾਦ ਕਰਦਾ ਹੈ, ਉਥੇ ਨਾਲ ਹੀ ਕਰਤੇ ਅੱਗੇ ਅਰਦਾਸ ਕਰਦਾ ਹੈ ਜੋ ਕਿ ਉਨ੍ਹਾਂ ਦੀ ਇਤਿਹਾਸ ਦੇ ਖੇਤਰ ਵਿੱਚ ਉਨ੍ਹਾਂ ਦੇ ਦੱਸਣ ਮੁਤਾਬਕ ਪ੍ਰੋਫ਼ੈਸਰ ਸਾਹਿਬ ਸਿੰਘ ਅਤੇ ਡਾ: ਗੰਡਾ ਸਿੰਘ ਹੋਰਾਂ ਨੇ ਜ਼ਿੰਮੇਵਾਰੀ ਲਗਾਈ ਸੀ, ਉਹ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਵਿੱਚ ਹਨ। ਕਰਤਾ ਉਨ੍ਹਾਂ ਨੂੰ ਇਸ ਕਾਰਜ ਵਿੱਚ ਸਫਲਤਾ ਬਖਸ਼ੇ। ਹਰਪਾਲ ਸਿੰਘ ਹੋਰਾਂ ਦੀ ਖੋਜ ਬਾਰੇ ਉਨ੍ਹਾਂ ਦੀ ਵੈਬਸਾਈਟ www.satguru.weebly.com ਤੋਂ ਪਾਠਕ ਹੋਰ ਜਾਣਕਾਰੀ ਲੈ ਸਕਦੇ ਹਨ।

ਪਾਠਕਾਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਲਿਖਤ ਵਿੱਚ ਕਿਤੇ ਵੀ ਲਗਾਂ ਮਾਤ੍ਰਾ ਵਿੱਚ ਕੋਈ ਗ਼ਲਤੀ ਹੋਵੇ ਤਾਂ ਜ਼ਰੂਰ ਧਿਆਨ ਵਿੱਚ ਲਿਆਉਣ ਦੀ ਖੇਚਲ ਕਰਨ, ਖਾਸ ਕਰਕੇ ਗੁਰਬਾਣੀ ਦੀਆਂ ਪੰਗਤੀਆਂ ਵਿੱਚ। ਇੱਕ ਗੱਲ ਹੋਰ ਯਾਦ ਰੱਖਣ ਕਿ ਜਿੱਥੇ ਕਿਤੇ ਈੜੀ (ੲ) ਨੂੰ ਸਿਹਾਰੀ (ਿ), ਕੱਕੇ (ਕ) ਨੂੰ ਔਂਕੜ (ੁ) ਨਾਲ (ਇਕੁ) ਲਿਖਿਆ ਗਿਆ ਹੈ, ਇਹ ਉਸ ਕਰਤੇ ਵਾਸਤੇ ਹੈ ਜਿਸ ਦਾ ਕੋਈ ਸਾਨੀ ਨਹੀਂ ਭਾਵ ਇਕ-ਵਚਨ ਸ਼ਬਦ ਹੈ, ਬਹੁ-ਵਚਨ ਸ਼ਬਦ ਨਹੀਂ। ਮਿਸਾਲ ਵਜੋਂ “ਗੁਰਾ ਇੱਕ ਦੇਹਿ ਬੁਝਾਈ।। ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।। ੫।। “ ਗੁਰਬਾਣੀ ਵਿੱਚ ਜਿੱਥੇ ਵੀ ਕਰਤੇ ਦੇ/ਦਾਤੇ ਦੇ, ਇਕੁ ਹੋਣ ਦੀ ਗੱਲ ਅੱਖਰਾਂ ਵਿੱਚ ਹੈ, ਉਥੇ ਕੱਕੇ ਨੂੰ ਔਂਕੜ ਨਾਲ ਲਿਖਿਆ ਹੈ, ਬਾਕੀ ਜਿੱਥੇ ਮੂਲ ਮੰਤ੍ਰ ਹੈ, ਉਥੇ ਗਿਣਤੀ ਦਾ ਹਿੰਦਸਾ (੧) ਵਰਤਿਆ ਗਿਆ ਹੈ।

ਇਕ ਹੋਰ ਪਾਠਕਾਂ ਦੇ ਧਿਆਨ ਗੋਚਰੀ ਬੇਨਤੀ: - ਕੁੱਝ ਕੁ ਸ਼ਬਦਾਂ ਦੇ ਸ਼ਬਦ-ਜੋੜ (spellings) ਇਕੋ ਜਿਹੇ ਹੀ ਹੁੰਦੇ ਹਨ ਪਰ ਚੱਲ ਰਹੇ ਪਰਕਰਣ ਅਨੁਸਾਰ, ਵਿਆਕਰਣ ਦੇ ਹਿਸਾਬ ਨਾਲ ਉਨ੍ਹਾਂ ਦੇ ਅਰਥ ਬਦਲਦੇ ਰਹਿੰਦੇ ਹਨ, ਜਿਵੇਂ: - ਭੱਟ ਸਵਈਯਾਂ ਦੇ ਅੰਦਰ ਸ਼ਬਦ ਕਲ, ਕਲੁ, ਕਲਿ, ਕਲ੍ਯ੍ਯ, ਕਲਚਰੈ ਆਦਿ। ਸ਼ਬਦ-ਜੋੜ (spellings) ਕਈ ਵਾਰ ਇਕੋ ਜਿਹੇ ਹੀ ਹੁੰਦੇ ਹਨ, ਪਰ ਅਰਥ ਚੱਲ ਰਹੇ ਪਰਕਰਣ ਅਤੇ ਵਿਆਕਰਣ ਦੇ ਨਿਯਮ ਅਨੁਸਾਰ ਬਦਲਦੇ ਰਹਿੰਦੇ ਹਨ, ਜਿੱਥੇ ਅਰਥ ਬਦਲਦੇ ਹਨ, ਉਥੇ ਕਈ ਸ਼ਬਦਾਂ ਦਾ ਉਚਾਰਨ ਵੀ ਬਦਲ ਜਾਂਦਾ ਹੈ। ਜਿਵੇਂ:-

ਗੁਰਬਾਣੀ ਅੰਦਰ ਸ਼ਬਦ ਹੈ:- ਖਾਣਿ – ਭਾਵ ਕਿਸੇ ਵੱਲੋਂ ਕਿਸੇ ਪਦਾਰਥ ਨੂੰ ਖਾਣਾ। ਇਹੀ ਸ਼ਬਦ ਜਦੋਂ ਕਿਸੇ ਹੋਰ ਸੰਦਰਭ ਵਿੱਚ ਵਰਤਾਂਗੇ ਤਾਂ ਇਸ ਦੇ ਅਰਥ ਬਦਲਣਗੇ। ਦੂਸਰੇ ਰੂਪ ਵਿੱਚ ਇਹੀ ਸ਼ਬਦ ਖਾਣਿ (mine) – ਲੋਹੇ ਦੀ ਖਾਣਿ, ਸੋਨੇ ਦੀ ਖਾਣਿ, ਸੱਚ ਦੀ ਖਾਣਿ ਆਦਿ ਵਾਸਤੇ ਵੀ ਵਰਤਿਆ ਜਾਂਦਾ ਹੈ ਅਤੇ ਬਾਣੀ ਅੰਦਰ ਵਰਤਿਆ ਵੀ ਗਿਆ ਹੈ। ਇਸੇ ਤਰ੍ਹਾਂ ਸ਼ਬਦ ਹੈ:- ਜਨਕ – ਰਾਜਾ ਜਨਕ। ਅਫ਼ਸੋਸਜਨਕ, ਯਾਨੀ ਕਿ ਦੁੱਖ ਵਾਲੀ ਘਟਨਾ। ਜਨਕ – ਜਨਮ ਦਾਤਾ, ਸ਼ਬਦ ਕਰਤੇ ਲਈ ਵੀ ਬਾਣੀ ਅੰਦਰ ਵਰਤਿਆ ਗਿਆ ਹੈ। ਇੱਕ ਹੋਰ ਸ਼ਬਦ ਦੀ ਉਦਾਹਰਣ “ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ।। “ ਇਥੇ ਗਲੀ ਦਾ ਭਾਵ ਗੱਲਾਂ ਤੋਂ ਹੈ। ਦੂਸਰੇ ਰੂਪ ਵਿੱਚ “ਗਲੀ ਜਿਨਾੑ ਜਪਮਾਲੀਆ ਲੋਟੇ ਹਥਿ ਨਿਬਗ।। “ ਇਥੇ ਇਸ ਸ਼ਬਦ ਦੇ ਪਰਕਰਣ ਮੁਤਾਬਕ ਇਸ ਦੇ ਅਰਥ ਗਲਾਂ ਹਨ। ਇਹੀ ਸ਼ਬਦ ਤੀਸਰੇ ਰੂਪ ਵਿੱਚ “ਸਿਰੁ ਧਰਿ ਤਲੀ ਗਲੀ ਮੇਰੀ ਆਉ।। “ ਇਥੇ ਗਲੀ ਦਾ ਭਾਵ ਗਲੀ (street) ਤੋਂ ਹੈ। ਜਿਥੇ, ਇੱਕ ਗਲੀ ਸ਼ਬਦ ਦਾ ਤਿੰਨ ਵਾਰ ਉਚਾਰਣ (pronunciation) ਬਦਲਿਆ, ਉਥੇ ਤਿੰਨ ਵਾਰ ਅਰਥ ਵੀ ਬਦਲੇ ਹਨ ਪਰ ਸ਼ਬਦ-ਜੋੜ (spellings) ਨਹੀਂ ਬਦਲੇ।

ਇਹ ਨੁਕਤਾ ਹਰੇਕ ਭਾਸ਼ਾ ਵਿੱਚ ਲਾਗੂ ਹੁੰਦਾ ਹੈ, ਜਿਵੇਂ ਅੰਗਰੇਜ਼ੀ ਦਾ ਸ਼ਬਦ ਹੈ: - left – ਯਾਨੀ ਕਿ ਖੱਬਾ, ਜਿਵੇਂ ਖੱਬੇ ਪਾਸੇ ਮੁੜਨਾ। left – ਚਲਾ ਗਿਆ, ਉਹ ਇਥੋਂ ਚਲਾ ਗਿਆ ਹੈ। ਇਸ ਸ਼ਬਦ ਦਾ ਉਚਾਰਨ (pronunciation) ਨਹੀਂ ਬਦਲਿਆ ਪਰ ਅਰਥ (meanings) ਜ਼ਰੂਰ ਬਦਲੇ ਹਨ। live – ਲਿਵ, ਜੀਉਂਦੇ ਹੋਣਾ। live – ਲਾਈਵ, ਸਿੱਧਾ ਪ੍ਰਸਾਰਨ। ਇਥੇ ਇਸ ਸ਼ਬਦ ਦੇ ਅਰਥਾਂ ਦੇ ਨਾਲ-ਨਾਲ ਉਚਾਰਨ (pronunciation) ਵੀ ਬਦਲਿਆ ਹੈ। ਸੋ ਇਸ ਤਰ੍ਹਾਂ ਕਈ ਸ਼ਬਦਾਂ ਦੇ ਸ਼ਬਦ-ਜੋੜ (spellings) ਕਈ ਵਾਰੀ ਇਕੋ ਜਿਹੇ ਹੀ ਹੁੰਦੇ ਹਨ ਪਰ ਉਨ੍ਹਾਂ ਦਾ ਉਚਾਰਨ (pronunciation) ਅਤੇ ਅਰਥ (meanings) ਵੀ ਵਿਆਕਰਣ ਅਨੁਸਾਰ ਬਦਲ ਜਾਂਦੇ ਹਨ। ਪਾਠਕਾਂ ਨੂੰ ਇਹ ਬੇਨਤੀ ਹੈ ਕਿ ਇਹ ਨੁਕਤਾ ਵੀ ਧਿਆਨ ਗੋਚਰਾ ਕਰਨ ਦੀ ਕ੍ਰਿਪਾਲਤਾ ਕਰਨ। ਜ਼ਿਆਦਾ ਵਿਸਥਾਰ ਵਿੱਚ ਨਾ ਜਾਂਦਾ ਹੋਇਆ:-

ਗੁਰੂ ਗ੍ਰੰਥ ਦੇ ਪੰਥ ਦਾ ਦਾਸ:

ਬਲਦੇਵ ਸਿੰਘ




.