.

ਭੱਟ ਬਾਣੀ-3

ਬਲਦੇਵ ਸਿੰਘ ਟੋਰਾਂਟੋ

ਨੋਟ:- ਪਦ ਅਰਥਾਂ ਵਿੱਚ ਕਈ ਸ਼ਬਦਾਂ ਨੂੰ ਅਰਥਾਉਣ ਵੇਲੇ ਪਾਠਕਾਂ ਦੀ ਸਹੂਲਤ ਵਾਸਤੇ ਵਿਸਥਾਰ ਕਰਨਾ ਪਿਆ ਹੈ, ਆਸ ਹੈ ਕਿ ਪਾਠਕ ਇਸ ਗੱਲ ਲਈ ਖਿਮਾ ਕਰਨਗੇ। ਪਾਠਕਾਂ ਨੂੰ ਬੇਨਤੀ ਹੈ ਸਾਰੀ ਲਿਖਤ ਨੂੰ ਲੜੀ ਜੋੜ ਕਰਕੇ ਪੜ੍ਹਨ ਦੀ ਕੋਸ਼ਿਸ਼ ਕਰਨ। ਬਹੁਤ ਗੱਲਾਂ ਭੱਟ ਸਾਹਿਬਾਨ ਨੇ ਐਸੀਆਂ ਕੀਤੀਆਂ ਹਨ ਜਿਨ੍ਹਾਂ ਬਾਰੇ ਅਸੀਂ ਕਦੀ ਸੋਚ ਵੀ ਨਹੀਂ ਸੀ ਸਕਦੇ।

ਆਉ ਹੁਣ ਆਪਾਂ ਬਾਣੀ ਦੇ ਮੂਲ ਸਿਧਾਂਤ, ਜਿਸ ਸਿਰਲੇਖ ਹੇਠ ਭੱਟ ਸਾਹਿਬਾਨ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮਹਲਾ ਪੰਜਵਾਂ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ, ਉਸ ਸਿਰਲੇਖ ਨੂੰ ਮੁੱਖ ਰੱਖ ਕੇ ਭੱਟ ਬਾਣੀ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰੀਏ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ

ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।

ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ ੫।।

ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ।।

ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ।।

ਬ੍ਯ੍ਯਾਪਤੁ ਦੇਖੀਐ ਜਗਤਿ ਜਾਨੈ ਕਉਨੁ

ਤੇਰੀ ਗਤਿ ਸਰਬ ਕੀ ਰਖ੍ਯ੍ਯਾ ਕਰੈ ਆਪੇ ਹਰਿ ਪਤਿ।।

ਅਬਿਨਾਸੀ ਅਬਿਗਤ ਆਪੇ ਆਪਿ ਉਤਪਤਿ।।

ਏਕੈ ਤੂਹੀ ਏਕੈ ਅਨ ਨਾਹੀ ਤੁਮ ਭਤਿ।।

ਹਰਿ ਅੰਤੁ ਨਾਹੀ ਪਾਰਾਵਾਰੁ ਕਉਨੁ ਹੈ ਕਰੈ

ਬੀਚਾਰੁ ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਅਧਾਰੁ।।

ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ

ਸਮਸਰਿ ਏਕ ਜੀਹ ਕਿਆ ਬਖਾਨੈ।।

ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ।। ੧।।

(ਪੰਨਾ ੧੩੮੫)

ਪਦ ਅਰਥ:- ਮੁਖਬਾਕ੍ਯ੍ਯ – ਸੰਗਯਾ- ਗ੍ਰੰਥ ਦੇ ਮੁੱਢ ਲਿਖਿਆ ਲੇਖ ਜਿਸ ਵਿੱਚ ਗ੍ਰੰਥ ਲਿਖਣ ਦਾ ਕਾਰਨ ਅਤੇ ਸੰਖੇਪ ਨਾਲ ਗ੍ਰੰਥ ਦਾ ਵਿਸ਼ਾ ਲਿਖਿਆ ਹੋਵੇ, ਭੂਮਿਕਾ, ਦੀਬਾਚਾ (ਮਹਾਨ ਕੋਸ਼, ਭਾਈ ਕਾਨ੍ਹ ਸਿੰਘ ਨਾਭਾ)। ਭੂਮਿਕਾ, ਜਿਸ ਨੂੰ ਮੁਖਬੰਦ ਵੀ ਕਿਹਾ ਜਾਂਦਾ ਹੈ।

ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ ੫।।

ਮਹਲਾ ੫।। ਭਾਵ ਮਹਲਾ ਪੰਜਵਾਂ ਜੀ ਵੱਲੋਂ ਮੂਲ ਮੰਤ੍ਰ ਦੇ ਸਿਰਲੇਖ ਹੇਠ ਭੱਟ ਸਵਈਏ ਬਾਣੀ ਨੂੰ ਮੁਖਬਾਕ੍ਯ੍ਯ, ਮੁਖਬੰਦ, ਭੂਮਿਕਾ ਲਿਖ ਕੇ ਪਰਵਾਨਗੀ ਦੇਣੀ।

ਪਦ ਅਰਥ:- ਆਦਿ – ਅਰੰਭਤਾ। ਪੁਰਖ – ਪੂਰਣ ਰੂਪ (ਮ: ਕੋਸ਼) ਦੇਖੋ ਪੁਰਖੁ। ਕਰਤਾਰ – ਕਰਤਾ। ਕਰਣ ਕਾਰਣ – ਕਰਣ ਦਾ ਕਾਰਨ, ਸ੍ਰਿਸ਼ਟੀ ਦਾ ਮੁੱਢ (ਗੁ: ਗ੍ਰੰ: ਦਰਪਣ)। ਸਭ ਆਪੇ – ਸਭ ਆਪ ਹੀ। ਸਰਬ – ਸਮੁੱਚੀ, ਸਾਰੀ। ਰਹਿਓ– ਰਿਹਾ ਹੈ। ਭਰਪੂਰਿ – ਪੂਰਨ ਤੌਰ `ਤੇ। ਰਹਿਓ ਬਿਆਪੇ– ਵਿਆਪ ਰਿਹਾ ਹੈ। ਬ੍ਯ੍ਯਾਪਤ – ਉਸ ਵਿਆਪਕ ਸੱਚ ਨੂੰ। ਦੇਖੀਐ ਜਗਤਿ – ਜਗਤ ਰਚਨਾ ਵਿੱਚੋਂ ਦੇਖੀਏ। ਜਾਨੈ – ਜਾਣੇ। ਕਉਨੁ – ਕੋਈ। ਤੇਰੀ – ਤੇਰੀ। ਗਤਿ – ਲੀਲਾ, ਖੇਲ (ਮ: ਕੋਸ਼)। ਸਰਬ ਕੀ – ਕਿਵੇਂ ਸਮੁੱਚੇ ਬ੍ਰਹਿਮੰਡ ਦੀ। ਰਖ੍ਯ੍ਯਾ ਕਰੈ – ਰੱਖਿਆ ਕਰ ਰਿਹਾ ਹੈ। ਆਪੇ – ਆਪਣੀ। ਹਰਿ – ਸੱਚ ਰੂਪ ਹਰੀ। ਪਤਿ – ਮਾਲਕ (ਗੁ: ਗ੍ਰ: ਦਰਪਣ)। ਅਬਿਨਾਸੀ – ਨਾ ਖਤਮ ਹੋਣ ਵਾਲਾ। ਅਬਿਗਤ – ਅਵਿਅਕਤ, ਅਵਤਾਰ ਰਹਿਤ (ਗੁ: ਗ੍ਰ: ਦਰਪਣ)। ਆਪੇ ਆਪਿ – ਆਪਣੇ ਆਪ ਤੋਂ ਆਪ। ਉਤਪਤਿ – ਉਤਪਤੀ ਹੈ। ਏਕੈ ਤੂਹੀ – ਇਕੁ ਤੂੰ ਹੀ ਹੈ। ਏਕੈ – ਇਕੁ ਦੇ। ਅਨ – ਤੁੱਲ, ਤੁਲਨਾ। ਨਾਹੀ – ਨਹੀਂ। ਭਤਿ – ਪ੍ਰਕਾਰ। ਤੁਮ ਭਤਿ – ਤੇਰੀ ਕਿਸੇ ਪ੍ਰਕਾਰ ਵੀ। ਹਰਿ ਅੰਤੁ ਨਾਹੀ – ਹਰੀ ਦਾ ਕੋਈ ਅੰਤ ਨਹੀਂ। ਪਾਰਾਵਾਰੁ – ਬੇਅੰਤ। ਕਉਨੁ – ਕੋਈ। ਹੈ – ਹੈ। ਹੈ ਕਰੈ ਬੀਚਾਰੁ – ਵੀਚਾਰ ਕੇ ਦੇਖਣ ਵਾਲੀ ਗੱਲ ਇਹ ਹੈ ਕਿ। ਜਗਤ ਪਿਤਾ ਹੈ – ਉਹ ਜਗਤ ਪਿਤਾ ਹੈ। ਸ੍ਰਬ ਪ੍ਰਾਨ ਕੋ ਅਧਾਰੁ – ਸਾਰਿਆਂ ਨੂੰ ਪ੍ਰਾਣਾਂ ਦਾ ਆਸਰਾ ਹੈ। ਜਨੁ ਨਾਨਕੁ – ਜਨੁ ਨਾਨਕ ਨੇ। ਭਗਤੁ – ਇਨਕਲਾਬੀ ਪੁਰਸ਼। ਦਰਿ – ਮਹਿਮਾ, ਕਦਰ। ਤੁਲਿ – ਤੁਲਨਾ ਕਰਕੇ। ਬ੍ਰਹਮ – ਇਕੁ ਬ੍ਰਹਮ (universal truth)ਸਮਸਰਿ – ਬਰਾਬਰ। ਏਕ ਜੀਅ – ਇੱਕ ਜੀਵ (ਕੋਈ ਇੱਕ ਅਵਤਾਰਵਾਦੀ)। ਕਿਆ – ਕਿਵੇਂ। ਬਖਾਨੈ – ਵਿਖਾ ਸਕਦਾ ਹੈ।

ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ – ਹਾਂ ਕਿ - ਹਾਂ ਇੱਕ ਗੱਲ ਜ਼ਰੂਰ ਹੈ। ਬਲਿ ਬਲਿ ਬਲਿ ਬਲਿ – ਬਲਿਹਾਰ ਬਲਿਹਾਰ। ਸਦ– ਹਮੇਸ਼ਾ। (ਭਾਵ ਕੋਈ ਅਵਤਾਰਵਾਦੀ ਵੀ ਉਸ ਤੋਂ ਬਲਿਹਾਰ ਤਾਂ ਜ਼ਰੂਰ ਜਾ ਸਕਦਾ ਹੈ ਪਰ ਆਪਣੇ ਆਪ ਨੂੰ ਉਸ ਦੇ ਬਰਾਬਰ ਬੇਅੰਤ ਨਹੀਂ ਅਖਵਾ ਸਕਦਾ ਭਾਵ ਉਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ)।

ਨੋਟ:- ਪਾਠਕ ਜਨਾਂ ਨੂੰ ਬੇਨਤੀ ਹੈ ਕਿ ਉਹ ਸਵਈਯਾਂ ਦੀ ਵਿਆਖਿਆ ਵੀਚਾਰਨ ਵੇਲੇ ਇਹ ਗੱਲਾਂ ਨਾ ਭੁੱਲਣ ਜੋ ਮਹਲਾ ਪੰਜਵਾਂ ਵੱਲੋਂ ਉੱਪਰਲੇ ਸਵਈਏ ਵਿੱਚ ਕਹੀਆਂ ਗਈਆਂ ਹਨ। ਇਹ ਗੱਲਾਂ ਭੱਟ ਸਵਈਯਾਂ ਦੀ ਲਿਖਤ ਦੀ ਪ੍ਰੋੜ੍ਹਤਾ ਵਿੱਚ ਕਹੀਆਂ ਹਨ ਕਿ ਕੋਈ ਇੱਕ ਜੀਵ ਆਪਣੇ ਆਪ ਨੂੰ ਕਰਤੇ ਦੇ ਬਰਾਬਰ ਹਰਗਿਜ਼ ਨਹੀਂ ਦਿਖਾ ਸਕਦਾ। ਪਾਠਕ ਇਸ ਗੁਰਮਤਿ ਦੇ ਪੈਮਾਨੇ ਨੂੰ ਜ਼ਰੂਰ ਯਾਦ ਰੱਖਣ।

ਅਰਥ:- ਮਹਲਾ ਪੰਜਵਾਂ ਨੇ ਸਮਝਾਇਆ ਹੈ ਕਿ ਭੱਟ ਸਾਹਿਬਾਨ ਨੇ ਇਸ ਤਰ੍ਹਾਂ ਕਰਤੇ ਨੂੰ ਆਪਣੀ ਲਿਖਤ ਵਿੱਚ ਸਵੀਕਾਰਿਆ ਹੈ:- ਹੇ! ਪੂਰਣ ਰੂਪ ਕਰਤਾਰ! ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦੀ ਆਰੰਭਤਾ ਦਾ ਮੁੱਢ ਹੈਂ। (ਕੋਈ ਅਵਤਾਰਵਾਦੀ ਨਹੀਂ) ਤੂੰ ਪੂਰਣ ਤੌਰ `ਤੇ ਆਪ ਹੀ ਆਪਣੀ ਰਚੀ ਹੋਈ ਸਾਰੀ ਸ੍ਰਿਸ਼ਟੀ ਦੇ ਜ਼ੱਰੇ ਜ਼ੱਰੇ ਵਿੱਚ ਵਿਆਪਕ ਅਤੇ ਮਾਲਕ ਹੈ, ਤੈਨੂੰ ਵਿਆਪਕ ਨੂੰ ਤੇਰੀ ਆਪਣੀ ਲੀਲਾ-ਜਗਤ-ਰਚਨਾ (creation) ਵਿੱਚੋਂ ਹੀ ਕੋਈ ਦੇਖੇ ਤਾਂ ਹੀ ਕੋਈ ਜਾਣ ਸਕਦਾ ਹੈ ਕਿ ਕਿਵੇਂ ਤੂੰ ਆਪਣੇ ਸਮੁੱਚੇ ਬ੍ਰਹਿਮੰਡ ਦੀ ਦੇਖ-ਰੇਖ ਆਪ ਹੀ ਕਰ ਰਿਹਾ ਹੈਂ। ਇਕੁ ਤੂੰ ਹੀ ਅਵਿਅਕਤ (ਅਵਤਾਰ ਰਹਿਤ ਅਜੂਨੀ) ਅਬਿਨਾਸੀ ਹੈਂ, ਤੇਰੀ ਉੱਤਪਤੀ ਤੇਰੇ ਆਪਣੇ ਆਪ ਤੋਂ ਆਪ ਹੈ, ਤੇਰੀ ਕਿਸੇ ਪ੍ਰਕਾਰ ਵੀ ਕਿਸੇ (ਅਵਤਾਰਵਾਦੀ) ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਤੇਰਾ ਹਰੀ ਦਾ ਕੋਈ ਅੰਤ ਹੈ ਹੀ ਨਹੀਂ, ਤੂੰ ਬੇਅੰਤ ਹੈਂ। ਇਹ ਵੀਚਾਰ ਕੇ ਦੇਖਣ ਵਾਲੀ ਗੱਲ ਹੈ ਕਿ ਤੂੰ ਜਗਤ ਦਾ ਪਿਤਾ ਹੈਂ ਅਤੇ ਸਾਰਿਆਂ ਨੂੰ ਤੇਰੇ ਬਖ਼ਸ਼ੇ ਸੁਆਸਾਂ ਦਾ (ਬਗ਼ੈਰ ਰੰਗ, ਨਸਲ, ਲਿੰਗ, ਜਾਤ-ਪਾਤ, ਭੇਦ) ਆਧਾਰ ਭਾਵ ਆਸਰਾ ਹੈ। (ਕਿਸੇ ਅਵਤਾਰਵਾਦੀ ਦਾ ਨਹੀਂ) ਇਹ ਗੱਲ ਭਗਤ-ਇਨਕਲਾਬੀ ਜਨ ਨਾਨਕ ਨੇ ਸਿੱਧ ਕਰ ਦਿੱਤੀ ਹੈ ਕਿ ਤੇਰੇ ਇਕੁ ਬ੍ਰਹਮ ਦੇ ਵਾਂਗ, ਇੱਕ ਜੀਵ ਭਾਵ ਕਿਸੇ (ਅਵਤਾਰਵਾਦੀ) ਨੂੰ ਕਿਵੇਂ ਦਿਖਾਇਆ ਜਾ ਸਕਦਾ ਹੈ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਕੋਈ (ਅਵਤਾਰਵਾਦੀ) ਮਨੁੱਖ ਵੀ ਉਸ ਪ੍ਰਭੂ ਦੀ ਬੇਅੰਤਤਾ ਤੋਂ ਸਦਾ ਬਲਿਹਾਰ, ਬਲਿਹਾਰ ਤਾਂ ਜਾ ਸਕਦਾ ਹੈ, ਪਰ ਉਸ ਦੀ ਬਰਾਬਰਤਾ ਨਹੀਂ ਕਰ ਸਕਦਾ (ਭਾਵ ਉਸ ਬੇਅੰਤ ਪ੍ਰਭੂ (universal truth) ਦਾ ਕੋਈ ਅੰਤ ਨਹੀਂ ਅਤੇ ਕੋਈ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ)।

ਨੋਟ:- ਇਹ ਭੱਟ ਬਾਣੀ ਦੇ ਲਿਖਣ ਦਾ ਵਿਸ਼ਾ ਭਾਵ ਮਨੋਰਥ ਸਮਝਾਇਆ ਗਿਆ ਹੈ ਅਤੇ ਅੱਗੇ ਤੋਂ ਅੱਗੇ ਸਮਝਾਇਆ ਜਾ ਰਿਹਾ ਹੈ। ਉੱਪਰਲੇ ਸਵਈਯੇ ਵਿੱਚ ਜੋ ਸਾਰੀਆਂ ਗੱਲਾਂ ਕਹੀਆਂ ਹਨ, ਇਹ ਸਾਰੀਆਂ ਗੱਲਾਂ ਭੱਟ ਸਾਹਿਬਾਨ ਦੁਆਰਾ ਉਚਾਰਨ ਸਵਈਯਾਂ ਵਿੱਚੋਂ ਬੜੇ ਧਿਆਨ ਨਾਲ ਆਪਾਂ ਲੱਭਣੀਆਂ ਹਨ ਕਿਉਂਕਿ ਇਹ ਸਾਰੀਆਂ ਗੱਲਾਂ ਉਨ੍ਹਾਂ ਦੀ ਲਿਖਤ ਦੇ ਮੁਖ ਬੰਦ ਦੇ ਰੂਪ ਵਿੱਚ ਪ੍ਰੋੜ੍ਹਤਾ ਕਰਦੀਆਂ ਹਨ। ਇੱਕ ਗੱਲ ਇਥੇ ਹੋਰ ਬਹੁਤ ਜ਼ਰੂਰੀ ਯਾਦ ਰੱਖਣੀ ਹੈ ਕਿ ਕਰਤੇ ਦੀ ਤੁਲਨਾ ਕਿਸੇ ਵੀ ਕੀਮਤ `ਤੇ ਕਿਸੇ ਜੀਵ (ਅਵਤਾਰਵਾਦੀ) ਨਾਲ ਨਹੀਂ ਹੋ ਸਕਦੀ। ਇਹ ਗੱਲ ਉੱਪਰਲੇ ਸਵਯੀਏ ਵਿੱਚ ਮਹਲਾ ਪੰਜਵਾਂ ਵੱਲੋਂ ਭੱਟ ਬਾਣੀ ਦੀ ਪ੍ਰੋੜ੍ਹਤਾ ਵਿੱਚ ਕਹੀ ਗਈ ਹੈ ਜੋ ਵਿਆਖਿਆ ਸਮਝਣ ਵੇਲੇ ਨਹੀਂ ਭੁੱਲਣੀ।

ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ

ਤੇ ਪਰੈ ਅਪਰ ਅਪਾਰ ਪਰਿ।।

ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ

ਓਪਤਿ ਪਰਲੌ ਏਕੈ ਨਿਮਖ ਤੁ ਘਰਿ।।

ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ ਕੋਟਿ

ਪਰਾਛਤ ਜਾਹਿ ਨਾਮ ਲੀਏ ਹਰਿ ਹਰਿ।।

ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ

ਸਮਸਰਿ ਏਕ ਜੀਹ ਕਿਆ ਬਖਾਨੈ।।

ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ।। ੨।।

(ਪੰਨਾ ੧੩੮੫)

ਪਦ ਅਰਥ:- ਅੰਮ੍ਰਿਤ – ਪਵਿੱਤਰ ਗਿਆਨ। ਪ੍ਰਵਾਹ – ਪ੍ਰਵਾਹ। ਸਰਿ – ਤੁੱਲ, ਬਰਾਬਰ (ਮ: ਕੋਸ਼)। ਅਤੁਲ – ਸੰ: ਅਤੁਲਯ, ਜਿਸ ਦੇ ਬਰਾਬਰ ਹੋਰ ਕੋਈ ਨਾ ਹੋਵੇ, ਅਦੁੱਤੀ, ਲਾਸਾਨੀ। ਭਰਿ – ਭਰਿਆ, ਸੰਪੂਰਨ। ਭੰਡਾਰ – ਭੰਡਾਰਾ, ਖ਼ਜ਼ਾਨਾ। ਪਰੈ ਹੀ ਤੇ ਪਰੈ – ਪਰੇ ਤੋਂ ਪਰੇ। ਅਪਰ ਅਪਾਰ ਪਰਿ – ਬੇਅੰਤ ਅਤੇ ਸ੍ਰੇਸ਼ਟ। ਪਰਿ – ਸ੍ਰੇਸ਼ਟ, ਪਵਿੱਤਰ, ਉੱਤਮ (ਮ: ਕੋਸ਼)। ਪਰੇ ਹੀ ਤੇ ਪਰੇ – ਜਿਸ ਦੀ ਉੱਤਮਤਾ ਬਿਆਨ ਕਰਨ ਤੋਂ ਬਾਹਰ ਹੈ। ਆਪਨੋ ਭਾਵਨੁ ਕਰਿ – ਜਿਨ੍ਹਾਂ ਨੇ ਆਪਣੀ ਭਾਵਨਾ ਕਰਕੇ। ਮੰਤ੍ਰਿ ਨ ਦੂਸਰੋ ਧਰਿ – ਵੀਚਾਰਵਾਨ, ਗਿਆਨੀ ਉਸ ਬੇਅੰਤ ਪ੍ਰਭੂ ਤੋਂ ਛੁੱਟ ਕਿਸੇ ਹੋਰ ਦੂਸਰੇ ਦਾ ਓਟ, ਆਸਰਾ ਨਹੀਂ ਲੈਂਦੇ। ਧਰ – ਨਾਨਕ ਮੈ ਧਰ ਅਵਰੁ ਨ ਕਾਈ।। (ਨਟ ਅ: ਮ: ੪) ਧਰ – ਓਟ, ਆਸਰਾ। ਮੰਤ੍ਰਿ – ਸੰ: ਮੰਨਨ, ਵੀਚਾਰਵਾਨ ਗਿਆਨੀ ਭਾਵ ਆਤਮਿਕ ਗਿਆਨੀ, ਜ਼ਮੀਰ ਦੇ ਤੌਰ ਉੱਪਰ ਜਾਗੇ ਹੋਏ। ਓਪਤਿ – ਉਤਪਤੀ। ਪਰਲੌ – (ਮ: ਕੋਸ਼) ਦੇਖੋ ਪਰਲਉ – ਲੀਨ ਹੋਣਾ। ਏਕੈ ਨਿਮਖ – ਇੱਕ ਨਿਮਖ ਵਿੱਚ। ਤੁ – ਤੂੰ, ਤੇਰਾ। ਘਰਿ – ਹਿਰਦੇ ਰੂਪੀ ਘਰਿ ਵਿੱਚ। ਆਨ – ਕੋਈ ਹੋਰ, ਕਿਸੇ ਹੋਰ (ਅਵਤਾਰਵਾਦੀ) ਨੂੰ। ਨਾਹੀ - ਨਹੀਂ। ਸਮਸਰਿ – ਬਰਾਬਰ। ਉਜੀਆਰੋ – ਚਾਨਣ ਕਰਨ ਵਾਲਾ ਭਾਵ ਗਿਆਨ ਦਾ ਪ੍ਰਕਾਸ਼ ਕਰਨ ਵਾਲਾ। ਕੋਟਿ – ਕਰੋੜਾਂ ਭਾਵ ਅਣਗਿਣਤ (ਅਵਤਾਰਵਾਦੀ)। ਪਰਾਛਤ – ਪਾਪ ਭਾਵ ਬੁਰੇ ਕਰਮ ਜੀਵਨ ਵਿੱਚੋਂ ਹਟਾ ਦੇਣ ਦਾ ਕਰਮ। ਜਾਹਿ – ਚਲੇ ਜਾਂਦੇ ਹਨ। ਨਾਮੁ ਲੀਏ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਲੈਣ। ਹਰਿ ਹਰਿ – ਸੱਚ ਰੂਪ ਹਰੀ ਦਾ ਸੱਚ। ਜਨ ਨਾਨਕੁ – ਜਨ ਨਾਨਕ ਨੇ। ਭਗਤੁ – ਇਨਕਲਾਬੀ ਪੁਰਸ਼। ਦਰਿ – ਮਹਿਮਾ, ਕਦਰ (ਮ: ਕੋਸ਼)। ਤੁਲਿ - ਤੁਲਨਾ ਕਰਕੇ। ਬ੍ਰਹਮ – ਇਕੁ ਬ੍ਰਹਮ (universal truth)ਸਮਸਰਿ – ਬਰਾਬਰ। ਏਕ ਜੀਹ – ਇੱਕ ਜੀਵ ਭਾਵ ਕਿਸੇ ਅਵਤਾਰਵਾਦੀ। ਕਿਆ – ਕਿਵੇਂ। ਬਖਾਨੈ – ਵਿਖਾ ਸਕਦਾ ਹੈ। ਹਾਂ ਕਿ– ਇੱਕ ਗੱਲ ਜ਼ਰੂਰ ਹੈ ਕਿ। ਬਲਿ ਬਲਿ – ਬਲਿਹਾਰ ਜਾਣਾ। ਸਦ ਬਲਿਹਾਰਿ – ਸਦਾ ਬਲਿਹਾਰ ਜਾਣਾ।

ਅਰਥ:- ਭੱਟ ਸਾਹਿਬਾਨ ਨੇ ਆਪਣੀ ਰਚਨਾ ਅੰਦਰ ਆਖਿਆ ਹੈ, ਹੇ ਭਾਈ! ਉਸ ਕਰਤੇ ਦੇ ਪਵਿੱਤਰ ਗਿਆਨ ਦੇ ਪ੍ਰਵਾਹ ਦਾ ਖਜ਼ਾਨਾ ਸੰਪੂਰਨ ਅਤੇ ਲਾਸਾਨੀ ਹੈ, ਉਸ ਬੇਅੰਤ ਅਤੇ ਸ੍ਰੇਸ਼ਟ ਪ੍ਰਭੂ ਦੀ ਉੱਤਮਤਾ ਕਿਸੇ (ਅਵਤਾਰਵਾਦੀ) ਦੇ ਬਰਾਬਰ ਕਰਕੇ ਬਿਆਨ ਕਰਨ ਤੋਂ ਬਾਹਰ ਹੈ। ਉਹ ਬੇਅੰਤ ਹਰੀ ਆਪਣੀ ਵਡਿਆਈ ਵੀ ਆਪ ਹੀ ਜਾਣਦਾ ਹੈ। ਜਿਨ੍ਹਾਂ ਨੇ ਆਪਣੀ ਭਾਵਨਾ ਇਕੁ ਸ੍ਰੇਸ਼ਟ ਪ੍ਰਭੂ ਉੱਪਰ ਕੀਤੀ ਉਹ ਆਤਮਿਕ ਗਿਆਨੀ, ਵੀਚਾਰਵਾਨ ਮਨੁੱਖ ਉਸ ਬੇਅੰਤ ਪ੍ਰਭੂ ਸੱਚ ਤੋਂ ਛੁੱਟ ਕਿਸੇ ਹੋਰ (ਅਵਤਾਰਵਾਦੀ) ਦਾ ਓਟ ਆਸਰਾ ਨਹੀਂ ਤੱਕਦੇ। ਇਸ ਤਰ੍ਹਾਂ, ਤੇਰਾ ਸੱਚ ਰੂਪ ਹਰੀ ਦਾ ਓਟ ਆਸਰਾ ਲੈਣ ਵਾਲਿਆਂ ਜਿਨ੍ਹਾਂ ਆਤਮਿਕ ਗਿਆਨੀਆਂ ਦੇ ਹਿਰਦੇ ਰੂਪੀ ਘਰ ਵਿੱਚ ਗਿਆਨ ਦੀ ਉਤਪਤੀ ਇੱਕ ਨਿਮਖ ਭਾਵ ਬਹੁਤ ਥੋੜੇ ਸਮੇਂ ਵਿੱਚ ਹੋਈ, ਉਹ ਤੇਰੀ ਪ੍ਰਭੂ ਦੀ ਬਖਸ਼ਿਸ਼ ਗਿਆਨ ਵਿੱਚ ਹੀ ਲੀਨ ਹੋ ਗਏ ਅਤੇ ਹੋ ਜਾਂਦੇ ਹਨ। ਜਿਹੜੇ ਉਸ ਦੀ ਬਖਸ਼ਿਸ਼ ਵਿੱਚ ਲੀਨ ਹੋਏ, ਉਹ ਉਸ ਬੇਅੰਤ ਪ੍ਰਭੂ ਦੇ ਬਰਾਬਰ ਕਿਸੇ ਹੋਰ (ਅਵਤਾਰਵਾਦੀ) ਨੂੰ ਪਵਿੱਤਰ ਉਜੀਆਰਾ ਭਾਵ ਚਾਨਣ (ਗਿਆਨ ਦਾ ਪ੍ਰਕਾਸ਼) ਕਰਨ ਵਾਲਾ ਨਹੀਂ ਸਮਝਦੇ। ਉਹ ਇਹ ਸਮਝਦੇ ਹਨ ਕਿ ਜੋ ਕਰੋੜਾਂ (ਅਵਤਾਰਵਾਦੀ) ਨਿਤਾਪ੍ਰਤੀ ਆਪਣੇ ਜੀਵਨ ਵਿੱਚ ਪਾਪ ਭਾਵ ਬੁਰੇ ਕਰਮ ਕਰਦੇ ਹਨ, ਜੇਕਰ ਉਹ ਵੀ ਸੱਚ ਰੂਪ ਹਰੀ ਦੇ ਨਾਮੁ ਸੱਚ ਦਾ ਆਪਣੇ ਜੀਵਨ ਵਿੱਚ ਅਭਿਆਸ ਕਰ ਲੈਣ ਭਾਵ ਅਪਣਾ ਲੈਣ ਤਾਂ ਉਨ੍ਹਾਂ ਦੇ ਜੀਵਨ ਵਿੱਚੋਂ ਇਹ ਬੁਰੇ ਕਰਮ ਪਰੇ ਹਟਦੇ ਹਨ, ਭਾਵ ਚਲੇ ਜਾਂਦੇ ਹਨ। ਇਹ ਗੱਲ ਇਨਕਲਾਬੀ ਜਨ ਨਾਨਕ ਨੇ ਸਿਧ ਕਰ ਦਿੱਤੀ ਹੈ ਕਿ ਤੇਰੇ ਇਕੁ ਬ੍ਰਹਮ ਦੇ ਬਰਾਬਰ, ਇੱਕ ਜੀਵ ਭਾਵ ਕਿਸੇ (ਅਵਤਾਰਵਾਦੀ) ਨੂੰ ਕਿਵੇਂ ਦਿਖਾਇਆ ਜਾ ਸਕਦਾ ਹੈ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਕੋਈ (ਅਵਤਾਰਵਾਦੀ) ਮਨੁੱਖ ਵੀ ਉਸ ਪ੍ਰਭੂ ਦੀ ਬੇਅੰਤਤਾ ਤੋਂ ਸਦਾ ਬਲਿਹਾਰ ਤਾਂ ਜਾ ਸਕਦਾ ਹੈ, ਪਰ ਉਸ ਦੀ ਬਰਾਬਰਤਾ ਨਹੀਂ ਕਰ ਸਕਦਾ।

ਨੋਟ:- ਮਹਲਾ ੫ (ਪੰਜਵਾਂ) ਨੇ ਇਹ ਭੱਟ ਸਾਹਿਬਾਨ ਦੀ ਉਚਾਰਣ ਬਾਣੀ ਦਾ ਉਦੇਸ਼, ਮਨੋਰਥ, ਵਿਸ਼ਾ ਸਮਝਾਇਆ ਹੈ ਕਿ ਭੱਟ ਸਾਹਿਬਾਨ ਆਪਣੇ ਵੱਲੋਂ ਉਚਾਰਣ ਬਾਣੀ ਵਿੱਚ ਮੂਲ ਸਿਧਾਂਤ ਨੂੰ ਸਮਰਪਤ ਹੋ ਕੇ ਇਹ ਆਖਦੇ ਹਨ ਕਿ ਕੋਈ ਮਨੁੱਖ ਇੱਕ ਜੀਵ (ਕੋਈ ਅਵਤਾਰਵਾਦੀ) ਆਪਣੇ ਆਪ ਨੂੰ ਉਸ ਸਰਬ-ਵਿਆਪਕ ਬੇਅੰਤ ਪ੍ਰਭੂ ਦੇ ਬਰਾਬਰ ਕਿਵੇਂ ਦਿਖਾ ਸਕਦਾ ਹੈ। ਇਹ ਗੱਲਾਂ ਭੱਟ ਸਾਹਿਬਾਨ ਦੀ ਲਿਖਤ ਵਿੱਚੋਂ ਦੇਖਣੀਆਂ ਹਨ।




.