ਜਪੁ-ਪਉੜੀ ਪਹਿਲੀ
ਵੀਰ ਭੁਪਿੰਦਰ ਸਿੰਘ
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ।।
ਮਨ ਉਪਰ ਕੂੜ (ਵਿਕਾਰਾਂ ਦੀ ਮੱਲ) ਕਾਰਨ ਸੁਚਮਤਾ (ਸੋਚਿ) ਨਹੀਂ ਹੋ ਸਕਦੀ
ਭਾਵੇਂ ਸਰੀਰ ਨੂੰ ਲੱਖਾਂ ਵਾਰੀ ਪਾਣੀ ਨਾਲ ਧੋ ਲਵੋ ਤੇ ਭਾਵੇਂ ਤੀਰਥਾਂ ’ਤੇ ਇਸ਼ਨਾਨ ਕਰਾ ਲਵੋ।
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ।।
ਕੂੜ ਕਾਰਨ ਮਨ ਚੁੱਪ ਨਹੀਂ ਕਰਦਾ, ਭਾਵੇਂ ਲਗਾਤਾਰ ਜ਼ਬਾਨ ਨਾਲ ਨਾ ਬੋਲਣ ਦੀ
ਚੁੱਪੀ ਸਾਧ ਕੇ ਸਮਾਧੀ ਲਾ ਲਵੋ।
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ।।
ਕੂੜ ਕਾਰਨ ਮਨ ਸੰਤੋਖੀ ਨਹੀਂ ਹੋ ਸਕਦਾ, ਭਾਵੇਂ ਦੁਨੀਆ ਭਰ ਦੇ ਅਨੇਕ ਪਦਾਰਥ
ਮਿਲ ਜਾਣ।
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ।।
ਸਿਆਣਪਾਂ (ਚਤੁਰਾਈਆਂ) ਵਾਲੇ ਭਾਵੇਂ ਜਿਤਨੇ ਕਰਮਕਾਂਡ ਕਰ ਲਵੋ ਤਾਂ ਵੀ ਮਨ
ਦੀ ਕੂੜੀ ਮਤ (ਮੈਲ) ਨਾਲ ਹੀ ਰਹਿੰਦੀ ਹੈ ਇਸ ਲਈ ਨਿਜਘਰ ’ਚ ਰੱਬੀ ਇਕਮਿਕਤਾ ਨਹੀਂ ਮਿਲਦੀ।
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੂਟੈ ਪਾਲਿ।।
ਕੂੜ ਨਾਲ ਦੁਖੀ ਮਨ ਦਾ ਸਵਾਲ ਉਠਿਆ ਹੈ ਕਿ ਜੇ ‘‘ਉਪਰਲੀ ਕਿਸੀ ਵੀ ਜੁਗਤੀ,
ਕਰਮ ਕਾਂਡ, ਪਾਖੰਡ, ਚਲਾਕੀ, ਸਿਆਣਪ ਨਾਲ ਮਨ ਕੀ ਮਤ, ਕੂੜ ਮੈਲ ਤੋਂ ਛੁੱਟਿਆ ਨਹੀਂ ਜਾ ਸਕਦਾ’’
ਤਾਂ ਫਿਰ ਸਚਿਆਰ ਕਿਵੇਂ ਹੋ ਸਕੀਦਾ ਹੈ ?
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।।1।।
ਨਿਜਘਰ, ਅੰਤਰ ਆਤਮੇ ਵਾਲੇ ਰੱਬ (ਸਤਿਗੁਰ) ਅਨੁਸਾਰ (ਅਧੀਨ) ਜੀਵਨ ਜਿਊ ਕੇ
ਹੀ ਮਨ ਕੀ ਮਤ ਦੀ ਮੈਲ (ਕੂੜ) ਉਤਰਦੀ ਹੈ। ਹਰੇਕ ਮਨੁੱਖ ਦੇ ਨਿਜਘਰ ’ਚ ਰੱਬ ਜੀ ਦਾ ਸੁਨੇਹਾ ਨਾਲ
ਲਿਖਿਆ ਹੋਇਆ ਹੈ। ਉਸੇ ਦੀ ਰਜ਼ਾ, ਨਿਯਮ, ਹੁਕਮ ਅਨੁਸਾਰ (ਅਧੀਨ) ਚੱਲਣ ਨਾਲ ਹੀ ਰੱਬੀ ਮਿਲਣ ਦੀ
ਅਵਸਥਾ ਪ੍ਰਾਪਤ ਹੁੰਦੀ ਹੈ।
ਨੋਟ : ਨਿੱਜਘਰ ਵਿਚ ਵਸਦੇ ਰੱਬ ਜੀ (ਸਤਿਗੁਰ) ਦੇ ਹੁਕਮ ਅਨੁਸਾਰ ਚੱਲਣਾ ਹੀ
ਰਜ਼ਾ ’ਚ ਚੱਲਣਾ ਹੈ। ‘ਮਨ ਦੀ ਮਤ’ ਦੇ ਹੁਕਮ ਅਨੁਸਾਰ ਚਲ ਕੇ ਕੂੜ (ਮੈਲ) ਨਹੀਂ ਛੁੱਟਦੀ। ਮਨ ਦੀ ਮਤ
ਨਾਲ ਅਵਗੁਣੀ ਜੀਵਨ ਬਣਦਾ ਹੈ ਅਤੇ ਸਤਿਗੁਰ (ਰੱਬੀ ਸੁਨੇਹੇ) ਨਾਲ ਚੰਗੇ ਗੁਣਾਂ ਦਾ ਨਵਾਂ ਜੀਵਨ
(ਅਕਾਰ, ਸ੍ਰਿਸ਼ਟੀ, ਜਗ) ਪ੍ਰਾਪਤ ਹੁੰਦਾ ਹੈ।