.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਵੈਸਾਖੀ ਦਾ ਪੈਗ਼ਾਮ

ਕੁਦਰਤ ਦੇ ਇੱਕ ਬੱਝਵੇਂ ਨਿਯਮ ਵਿੱਚ ਹਰ ਸਾਲ ਪੱਤਝੜ ਮਗਰੋਂ ਬਨਸਪਤੀ ਇੱਕ ਨਵਾਂ ਰੂਪ ਲੈ ਕੇ ਆਉਂਦੀ ਹੈ। ਹਰ ਪਾਸੇ ਕੁਦਰਤ ਦੀ ਗੋਦ ਵਿੱਚ ਬਨਸਪਤੀ ਖਿੜੀ ਹੋਈ ਨਜ਼ਰ ਆਉਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਵਿੱਚ ਬਹੁਤ ਪਿਆਰਾ ਫਰਮਾਇਆ ਹੈ ਕਿ__--

ਵੈਸਾਖੁ ਭਲਾ, ਸਾਖਾ ਵੇਸ ਕਰੇ।।

ਤੁਖਾਰੀ ਮਹਲਾ ੧ ਪੰਨਾ ੧੧੦੮

ਵੈਸਾਖੀ, ਸ਼ਬਦ ਤੇ ਸੁਰਤ ਦਾ ਸਮੇਲ ਸਾਨੂੰ ਦ੍ਰਿੜ ਕਰਾਉਂਦੀ ਹੈ---

ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ।। ੬।।

ਤੁਖਾਰੀ ਮਹਲਾ ੧ ਪੰਨਾ ੧੧੦੮

ਬਨਸਪਤੀ ਵਿੱਚ ਨਵੀਆਂ ਸ਼ਾਖਾਂ, ਨਵੇਂ ਫੁੱਲ ਤੇ ਨਵੀਆਂ ਕਰੂੰਬਲ਼ਾਂ ਨਵਾਂ ਜੀਵਨ ਲੈ ਕੇ ਆਉਂਦੀਆਂ ਹਨ। ਮਨੁੱਖੀ ਸੁਭਾਅ ਵਿੱਚ ਵੀ ਨਵੀਂ ਬਹਾਰ ਤੇ ਨਵਾਂ ਖੇੜਾ ਆ ਸਕਦਾ ਹੈ ਜੇ ਇਸ ਦਾ ਸ਼ਬਦ ਤੇ ਸੁਰਤ ਨਾਲ ਸੁਮੇਲ ਹੋ ਜਾਏ। ਸ਼ਬਦ ਤੇ ਸੁਰਤ ਦਾ ਸੁਮੇਲ ਕੇਵਲ ਅੱਖਰਾਂ `ਤੇ ਆਕੇ ਸਮਾਪਤ ਨਹੀਂ ਹੁੰਦਾ ਸਗੋਂ ਜੀਵਨ ਦੇ ਹਰ ਪਹਿਲੂ ਵਿੱਚ ਲਾਗੂ ਹੁੰਦਾ ਹੈ।

ਵੈਸਾਖੀ ਦੇ ਪੈਗ਼ਾਮ ਨੇ ੧੪੬੯ ਤੋਂ ਲੈ ਕੇ ੧੬੯੯ ਈਸਵੀ ਤੀਕ ਦੋ ਸੌ ਤੀਹ ਸਾਲ ਦਾ ਇੱਕ ਲੰਬਾ ਸਫਰ ਤਹਿ ਕੀਤਾ ਹੈ। ਉਬਲ਼ਦੀਆਂ ਦੇਗਾਂ, ਤੱਤੀਆਂ ਤੱਵੀਆਂ ਤੇ ਆਰੇ ਦੇ ਦੰਦਿਆਂ ਦੇ ਬਿਖੜਿਆਂ ਰਸਤਿਆਂ ਨੂੰ ਤਹਿ ਕਰਦਿਆਂ ਜ਼ਿਉਂਦੀ ਜਾਗਦੀ ਜ਼ਿੰਦਗੀ ਦੇ ਅਰਥ ਸਮਝਾਏ ਹਨ। ਵੈਸਾਖੀ ਦੇ ਪੈਗ਼ਾਮ ਦੀ ਅਧਾਰ ਸ਼ਿਲਾ ਰਾਵੀ ਦੇ ਬੇਲਿਆਂ, ਅਰਬ ਦੇ ਮਾਰੂਥਲਾਂ ਤੇ ਮੱਧ-ਭਾਰਤ ਦੇ ਜੰਗਲਾਂ ਵਿੱਚ ਰਖੀ ਗਈ ਹੈ। ਮਨੁਖੀ ਜੀਵਨ ਦੀ ਘਾੜਤ ਘੜਨ ਲਈ ਸ਼ਬਦ ਦੀ ਜੁਗਤ ਵਰਤੀ ਗਈ---

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।।

ਸਲੋਕ ਮ: ੧ ਪੰਨਾ ੪੭੦

ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ।।

ਸਲੋਕ ਮ: ੧ ਪੰਨਾ ੪੬੯

ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ।।

ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ।। ੩।।

ਸਲੋਕ ਮ: ੧ ਪੰਨਾ ੪੬੯

ਸਚੈ ਮਾਰਗਿ ਚਲਦਿਆ, ਉਸਤਤਿ ਕਰੇ ਜਹਾਨੁ।।

ਪੰਨਾ ੧੩੫

ਤਿਨ ਮਤਿ, ਤਿਨ ਪਤਿ, ਤਿਨ ਧਨੁ ਪਲੈ, ਜਿਨ ਹਿਰਦੈ ਰਹਿਆ ਸਮਾਇ।।

ਸਿਰੀ ਰਾਗ ਮਹਲਾ ੧ ਪੰਨਾ ੧੫

ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ।।

ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ।। ੧।।

ਲੋਗਾ, ਭਰਮਿ ਨ ਭੂਲਹੁ ਭਾਈ।।

ਖਾਲਿਕੁ ਖਲਕ, ਖਲਕ ਮਹਿ ਖਾਲਿਕੁ, ਪੂਰਿ ਰਹਿਓ ਸ੍ਰਬ ਠਾਂਈ।। ੧।। ਰਹਾਉ।।

ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਪੰਨਾ ੧੩੪੯

ਸ਼ਬਦ-ਸੁਰਤ ਦੇ ਸੁਮੇਲ ਦਾ ਅਰਥ ਹੈ ਉਸ ਅਨੁਸਾਰੀ ਹੋਣਾ। ਭਾਵ ਜੋ ਗੁਰੂ ਨੇ ਉਪਦੇਸ਼ ਦ੍ਰਿੜ ਕਰਾਏ ਹਨ ਉਹਨਾਂ ਨੂੰ ਜੀਵਨ ਦੇ ਹਰ ਪਹਿਲੂ ਵਿੱਚ ਲਾਗੂ ਕਰਨਾ ਹੈ।

ਵੈਸਾਖੀ ਦੇ ਪੈਗ਼ਾਮਾਂ ਵਲ ਝਾਤੀ ਮਾਰਿਆਂ ਪਤਾ ਚਲਦਾ ਹੈ ਕਿ ਜਿੱਥੇ ਇਹਨਾਂ ਪੈਗ਼ਾਮਾਂ ਨੂੰ ਅਖੰਡਪਾਠਾਂ, ਕੀਰਤਨਾਂ ਤੇ ਕਥਾ ਦੁਆਰਾ ਪੜ੍ਹਿਆ, ਸੁਣਿਆ ਤੇ ਗਾਇਆ ਜਾ ਰਹਿਆ ਹੈ ਓੱਥੇ ਨਿੱਜੀ ਜੀਵਨ ਵਿੱਚ ਵੀ ਸੁਰਤ ਨੂੰ ਸ਼ਬਦ ਦੇ ਅਨੁਸਾਰੀ ਹੋ ਕੇ ਤੋਰਨਾ ਹੈ।

ਵੈਸਾਖੀ ਦਾ ਪਹਿਲਾ ਪੈਗ਼ਾਮ ਭਾਈਚਾਰਕ ਸਾਂਝ ਪ੍ਰਗਟਾਉਂਦਾ ਹੈ। ਵੱਖ ਵੱਖ ਥਾਂਵਾਂ ਤੋਂ ਆਏ ਹੋਏ ਵੱਖ ਵੱਖ ਬ੍ਰਾਦਰੀਆਂ ਨਾਲ ਸਾਂਝ ਰੱਖਣ ਵਾਲਿਆਂ ਨੂੰ ਇੱਕ ਥਾਂ ਬਿਠਾ ਕਿ ਇੱਕ ਪ੍ਰਭੂ ਦੀ ਜੋਤ, ਇੱਕ ਮੁਲਕ ਤੇ ਇੱਕ ਨਿੰਰਕਾਰੀ ਸੋਚ ਦਾ ਅਹਿਸਾਸ ਕਰਾਇਆ। ਸਦੀਆਂ ਦੀ ਤੰਗਦਿੱਲੀ ਤੇ ਹੀਣ ਭਾਵਨਾਂ ਨੂੰ ਇਕਵੱਢਿਓਂ ਖਤਮ ਕਰ ਦਿੱਤਾ।

ਜ਼ਰਾ ਇਸ ਪੈਗ਼ਾਮ ਵਲ ਸਰਸਰੀ ਜੇਹੀ ਨਜ਼ਰ ਮਾਰੀਏ ਤਾਂ ਅਸੀਂ ਨਿਸਚੇ ਨਾਲ ਕਹਿ ਸਕਦੇ ਹਾਂ ਕਿ ਇਸ ਪੈਗ਼ਾਮ ਵਿਚੋਂ ਦੁਨੀਆਂ ਨਾਲ ਭਾਈਚਾਰਕ ਸਾਂਝ ਦਾ ਅਮਲੀ ਜਨਮ ਹੁੰਦਾ ਹੈ। ਇਹ ਸਾਂਝ ਜਾਤ-ਪਾਤ, ਰੰਗ-ਨਸਲ ਤੇ ਮੁਲਕਾਂ ਦੇ ਹੱਦ ਬੰਨਿਆਂ ਦੀ ਮੁਥਾਜ ਨਹੀਂ ਹੈ। ਦੱਬੇ, ਕੁਚਲੇ, ਨਿਤਾਣਿਆਂ ਤੇ ਹਰ ਪਾਸਿਓਂ ਬੇਬੱਸ ਹੋਇਆਂ ਨੂੰ ਨਵੀਂ ਨਰੋਈ ਜ਼ਿੰਦਗੀ ਦੇਂਦਾ ਹੈ। ਭਾਈਚਾਰਕ ਸਾਂਝ ਦੀਆਂ ਪੈੜਾਂ ਪੱਕੀਆਂ ਤੇ ਖੁਲ੍ਹੀਆਂ ਕਰਨ ਦੀ ਥਾਂ `ਤੇ ਅਸੀਂ ਆਪਸੀ ਖਹਿ ਬਾਜ਼ੀ ਵਿੱਚ ਹੀ ਉਲ਼ਝ ਕੇ ਰਹਿ ਗਏ ਜਾਪਦੇ ਹਾਂ। ਭਾਈਚਾਰਕ ਕਦਰਾਂ ਕੀਮਤਾਂ ਦੀ ਥਾਂ `ਤੇ ਆਪਸੀ ਧੜੇ ਬੰਦੀ ਦੇ ਸ਼ਿਕਾਰ ਹੋਏ ਪਏ ਹਾਂ। ਵੈਸਾਖੀ ਦੇ ਇਸ ਪੈਗ਼ਾਮ ਨੂੰ ਅੱਖੋਂ ਪਰੋਖੇ ਕਰਕੇ ਨਫਰਤ, ਈਰਖਾ, ਭਰਾ ਮਾਰੂ ਜੰਗ, ਆਪਸੀ ਦੁਸ਼ਮਣੀਆਂ ਤੇ ਆਪੋ ਆਪਣੀਆਂ ਜੱਥੇਬੰਦੀਆਂ ਦੇ ਰਾਗ ਅਲਾਪ ਰਹੇ ਹਾਂ।

ਇਕਸਾਰ ਜਨਮ ਲੈਣ ਵਾਲੀ ਮਨੁੱਖਤਾ ਨੂੰ ਬ੍ਰਹਾਮਣੀ ਵਿਚਾਰਧਾਰਾ ਨੇ ਲੀਰੋ ਲੀਰ ਕੀਤਾ ਹੋਇਆ ਸੀ। ਸਦੀਆਂ ਦੇ ਇਸ ਵਿਗੜੇ ਹੋਏ ਖਿਆਲ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸੋਧਿਆ ਹੀ ਨਹੀਂ ਸਗੋਂ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਇੱਕ ਨਵੀਂ ਕ੍ਰਾਂਤੀ ਨੂੰ ਜਨਮ ਦਿੱਤਾ। ਗੁਰੂ ਅਮਰਦਾਸ ਜੀ ਨੇ ਉੱਚ ਜਾਤ ਦੇ ਇਸ ਕੋਹੜ ਨੂੰ ਜੜ੍ਹੋਂ ਵੱਢਦਿਆਂ ਇੱਕ ਥਾਂ `ਤੇ ਮਿਲ ਬੈਠਣ ਦੀ ਸਾਂਝੀ ਪ੍ਰਥਾ ਨੂੰ ਕਾਇਮ ਕੀਤਾ। ਪਾਣੀ ਦੀ ਭਿੱਟ ਨੂੰ ਸਦਾ ਲਈ ਖਤਮ ਕਰਦਿਆ ਸਰੋਵਰਾ ਖੂਹਾਂ ਦਾ ਵਿਕਾਸ ਕੀਤਾ। ਸਿੱਖੀ ਵਿਚਾਰਧਾਰਾ ਵਿੱਚ ਭਾਂਵੇ ਜਾਤ-ਪਾਤ ਦੀ ਇਸ ਅਮਰ ਵੇਲ ਨੂੰ ਸਟੇਜਾਂ ਤੇ ਪਾਣੀ ਪੀ ਪੀ ਕੇ ਕੋਸਿਆ ਜਾਂਦਾ ਹੈ ਪਰ ਅਮਲੀ ਤੱਥ ਕੁੱਝ ਹੋਰ ਬੋਲਦੇ ਹਨ। ਭਾਂਵੇ ਜਾਤ ਪਾਤ ਨੂੰ ਅਸੀਂ ਨਹੀਂ ਮੰਨਦੇ ਪਰ ਡੇਰਾਵਾਦੀ ਬਿਰਤੀ ਨੇ ਨਵੇਂ ਸਿਰੇ ਤੋਂ ਸਿੱਖੀ ਵਿੱਚ ਕਈ ਵੱਖਵਾਦੀ ਲੀਕਾਂ ਖਿੱਚੀਆਂ ਹੋਈਆਂ ਹਨ, ਜੋ ਜਾਤ-ਪਾਤ ਨੂੰ ਵੀ ਮਾਤ ਪਉਂਦੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲੇ ਸ਼ਾਇਦ ਹੀ ਕਿਸੇ ਇੱਕ ਮੁੱਦੇ `ਤੇ ਇਕੱਠੇ ਹੋਣ।

ਵੈਸਾਖੀ ਦਾ ਇੱਕ ਅਹਿਮ ਪੈਗ਼ਾਮ ਜੋ ਮਿਲ ਬੈਠ ਕੇ ਸਵੈ ਪੜਚੋਲ ਕਰਨੀ ਦ੍ਰਿੜ ਕਰਾਉਂਦਾ ਹੈ। ਨਿੱਜੀ ਹਉਮੇ ਈਰਖਾ ਤੇ ਦਵੈਸ਼ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ।

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।।

ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ।। ੧।।

ਬਸੰਤ ਮਹਲਾ ੫ ਪੰਨਾ ੧੧੮੫

ਇਹ ਪੈਗ਼ਾਮ ਨਵੇਂ ਰਸਤੇ ਖੋਜਣ ਲਈ ਤੇ ਨਵੀਆਂ ਸਵੇਰਾਂ ਦਾ ਪਾਂਧੀ ਬਣਾਉਂਦਾ ਹੈ। ਨਿੱਜਤਵ ਵਿੱਚ ਸੁੱਤੇ ਹੋਏ ਮਨੁੱਖ ਨੂੰ ਸਰਬੱਤ ਤੇ ਭਲੇ ਦਾ ਅਹਿਸਾਸ ਕਰਾਉਂਦਾ ਹੈ।

ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ।।

ਨਾਨਕ ਸਿਝਿ ਇਵੇਹਾ ਵਾਰ, ਬਹੁੜਿ ਨ ਹੋਵੀ ਜਨਮੜਾ।। ੧।।

ਸਕੋਲ ਮ: ੫ ਪੰਨਾ ੧੦੯੬

ਵੈਸਾਖੀ ਦੇ ਇਸ ਪੈਗ਼ਾਮ ਵਲ ਅੱਜ ਧਿਆਨ ਦੇਣ ਦੀ ਲੋੜ ਹੈ। ਵੈਸਾਖੀ ਦਾ ਇਹ ਪੈਗ਼ਾਮ ਸੁਧਾਰਵਾਦੀ ਨਹੀਂ ਬਲ ਕੇ ਇਨਕਲਾਬੀ ਹੈ। ਸੁਧਾਰ ਦਾ ਅਰਥ ਹੈ ਚਲ ਰਹੇ ਸਮਾਜ ਵਿੱਚ ਕੁੱਝ ਲੈਣ ਦੇਣ ਕਰਕੇ ਸਮਝੌਤਾ ਕੀਤਾ ਜਾਏ ਜਾਂ ਸਰਕਾਰਾਂ ਨਾਲ ਮਿਲ ਕੇ ਆਪਣੀ ਸਵੈ ਰੱਖਿਆ ਵਿੱਚ ਵਾਧਾ ਕੀਤਾ ਜਾਏ ਤੇ ਕੁੱਝ ਲੋਕ ਲੁਭਾਉਣੇ ਫੈਸਲੇ ਵੀ ਕੀਤੇ ਜਾਣ ਪਰ ਇਹਨਾਂ ਸੁਧਾਰਾਂ ਵਿੱਚ ਲਾਭ ਕੇਵਲ ਸੁਧਾਰਵਾਦੀਆਂ ਦਾ ਹੀ ਹੁੰਦਾ ਹੈ। ਅਜੇਹੇ ਸੁਧਾਰ ਦੇਖ ਕੇ ਕੁੱਝ ਲੋਕ ਵੀ ਖੁਸ਼ ਹੋ ਜਾਂਦੇ ਹਨ।

ਸ਼ਬਦ ਦੇ ਪੈਗ਼ਾਮ ਵਿਚੋਂ ਇਨਕਲਾਬੀ ਲਹਿਰ ਨੇ ਜਨਮ ਲਿਆ। ਨਾਨਕਈ ਸੋਚ ਨਾਲ ਰਲ਼ਦੀ ਹੋਰ ਸੋਚ ਨੂੰ ਇਕੱਠਿਆਂ ਕਰਕੇ ਇੱਕ ਥਾਂ ਬੈਠਾਇਆ। ਇਸ ਸਮੁੱਚੀ ਇਨਕਲਾਬੀ ਸੋਚ ਨੇ ਸਦੀਆਂ ਦੀ ਸੁੱਤੀ ਹੋਈ ਅਣਖ ਨੂੰ ਜਗਾਇਆ ਤੇ ਜਾਗਦੀ ਜ਼ਮੀਰ ਦੇ ਅਰਥ ਸਮਝਾਏ।

ਕਹਿੰਦੇ ਨੇ ਇੱਕ ਬਾਦਸ਼ਾਹ ਨੇ ਆਪਣੀ ਐਸ਼ ਵਿੱਚ ਵਾਧਾ ਕਰਨ ਲਈ ਲੋਕਾਂ ਤੇ ਥੋੜਾ ਟੈਕਸ ਲਗਾ ਦਿੱਤਾ ਇਹ ਦੇਖਣ ਲਈ ਕਿ ਮੇਰੇ ਇਸ ਹੁਕਮ ਦਾ ਲੋਕ ਕਿੰਨਾ ਕੁ ਵਿਰੋਧ ਕਰਦੇ ਹਨ। ਹੁਕਮ ਲਾਗੂ ਕਰਨ ਉਪਰੰਤ ਬਾਦਸ਼ਾਹ ਨੇ ਰਿਪੋਰਟ ਮੰਗੀ ਕਿ ਕਿੰਨਿਆਂ ਕੁ ਲੋਕਾਂ ਨੇ ਮੇਰੇ ਇਸ ਹੁਕਮ ਦਾ ਵਿਰੋਧ ਕੀਤਾ ਹੈ ਤਾਂ ਅੱਗੋਂ ਰਿਪੋਰਟ ਮਿਲੀ ਕਿ ਕੇਵਲ ਦਸ ਪੰਦਰ੍ਹਾਂ ਬੰਦਿਆਂ ਹੀ ਵਿਰੋਧ ਕੀਤਾ ਹੈ, ਬਾਕੀ ਸਾਰਿਆਂ ਨੇ ਬਾਦਸ਼ਾਹ ਨੂੰ ਟੈਕਸ ਦੇਣਾ ਸਵੀਕਾਰ ਕਰ ਲਿਆ ਹੈ। ਭੇਡਾਂ ਵਾਲੀ ਚਾਲ ਚੱਲਣ ਵਾਲਿਆਂ `ਤੇ ਬਾਦਸ਼ਾਹ ਨੇ ਛਿਆਂ ਕੁ ਮਹੀਨਿਆਂ ਮਗਰੋਂ ਆਪਣੀ ਐਸ਼ ਤੇ ਪੈਸਾ ਖਰਚਣ ਲਈ ਹੋਰ ਟੈਕਸ ਲਗਾ ਦਿੱਤਾ। ਥੋੜਿਆਂ ਵਿਰੋਧ ਕੀਤਾ ਬਾਕੀਆਂ ਨੇ ਸਵੀਕਾਰ ਕੀਤਾ। ਬਾਦਸ਼ਾਹ ਨੂੰ ਚਿੰਤਾ ਹੋਈ ਕਿ ਜੇ ਕਲ੍ਹ ਨੂੰ ਮੇਰੇ ਮੁਲਕ ਤੇ ਹਮਲਾ ਹੋਇਆ ਤਾਂ ਕੀ ਦੁਸ਼ਮਣ ਦੇ ਵਿਰੋਧ ਵਿੱਚ ਇਹ ਲੋਕ ਲਾਮਬੰਦ ਹੋਣਗੇ? ਬਾਦਸ਼ਾਹ ਨੇ ਆਪਣੇ ਮੁਲਕ ਦੇ ਲੋਕਾਂ ਦੀ ਅਣਖ ਦੇਖਣ ਲਈ ਆਪਣਿਆਂ ਕਰੰਦਿਆਂ ਨੂੰ ਕਿਹਾ ਜੇ ਲੋਕਾਂ ਨੇ ਮੇਰੀ ਐਸ਼ ਵਾਲੀ ਜ਼ਿੰਦਗੀ `ਤੇ ਵਿਰੋਧ ਨਹੀਂ ਕੀਤਾ ਤਾਂ ਕਲ੍ਹ ਨੂੰ ਇਹ ਕਿਸੇ ਆਫਤ ਦਾ ਮੁਕਾਬਲਾ ਵੀ ਨਹੀਂ ਕਰਨਗੇ। ਬਾਦਸ਼ਾਹ ਨੇ ਨਵਾਂ ਹੁਕਮ ਲਾਗੂ ਕੀਤਾ ਕਿ ਜਿਸ ਪਾਸੋਂ ਟੈਕਸ ਲੈਂਦੇ ਹੋ ਉਸ ਨੂੰ ਦਸ ਛਿੱਤਰ ਵੀ ਮਾਰੇ ਜਾਣ। ਬਾਦਸ਼ਾਹ ਨੇ ਸੋਚਿਆ ਕਿ ਹੁਣ ਤਾਂ ਬਗਾਵਤ ਹੋਵੇਗੀ ਹੀ ਹੋਵੇਗੀ, ਲੋਕ ਇਸ ਧੱਕੇ ਦੇ ਵਿਰੋਧ ਵਿੱਚ ਜ਼ਰੂਰ ਖੜੇ ਹੋਣਗੇ, ਜ਼ਮੀਰ ਜਾਗੇਗੀ। ਬਾਦਸ਼ਾਹ ਨੇ ਰਿਪੋਰਟ ਮੰਗਵਾਈ ਤੇ ਪੁੱਛਿਆ ਕਿ ਕਿੰਨਿਆਂ ਕੁ ਲੋਕਾਂ ਨੇ ਇਸ ਧੱਕੇ ਦਾ ਵਿਰੋਧ ਕੀਤਾ ਹੈ ਤਾਂ ਅੱਗੋਂ ਜੁਆਬ ਆਇਆ ਕਿ ਬਾਦਸ਼ਾਹ! ਕਿਸੇ ਨੇ ਵੀ ਵਿਰੋਧ ਨਹੀਂ ਕੀਤਾ ਸਗੋਂ ਲੋਕਾਂ ਨੇ ਸਰਕਾਰ `ਤੇ ਧੱਕਾ ਕਰਨ ਦਾ ਦੋਸ਼ ਲਗਾਇਆ ਹੈ ਕਿ ਛਿੱਤਰ ਮਾਰਨ ਵਾਲਿਆਂ ਦੀ ਗਣਤੀ ਵਧਾਈ ਜਾਏ ਕਿਉਂਕਿ ਸਾਨੂੰ ਛਿੱਤਰ ਖਾਣ ਵਿੱਚ ਦੇਰ ਹੁੰਦੀ ਹੈ ਤੇ ਅਸੀਂ ਕੰਮ ਤੋਂ ਲੇਟ ਹੋ ਜਾਂਦੇ। ਅਜੇਹੀ ਕੰਮਜ਼ੋਰ ਬਿਮਾਰ ਮਾਨਸਿਕਤਾ ਵਾਲੀ ਮਨੁੱਖਤਾ ਦੇ ਜੰਮੇ ਹੋਏ ਖੂਨ ਨੂੰ ਸ਼ਬਦੇ ਗਿਆਨ ਦੁਆਰਾ ਪਿਘਲਾਇਆ।

ਵੈਸਾਖੀ ਦੇ ਪੈਗ਼ਾਮ ਨੇ ਰੀਂਗ ਕੇ ਚੱਲਣ ਵਾਲਿਆਂ ਨੂੰ ਤੇਜ਼ ਦੌੜਨਾ ਸਿਖਾਇਆ, ਪੁਰਾਣੀਆਂ ਰਜ਼ਾਈਆਂ ਵਿੱਚ ਉਂਘਲਾਈ ਜਾਣ ਵਾਲ਼ਿਆਂ ਨੂੰ ਨਵੀ ਸਵੇਰ ਦਿਖਾਈ---

ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ।। ਨਾਨਕ ਅਵਰੁ ਨ ਜੀਵੈ ਕੋਇ।।

ਜੇ ਜੀਵੈ, ਪਤਿ ਲਥੀ ਜਾਇ।। ਸਭੁ ਹਰਾਮੁ ਜੇਤਾ ਕਿਛੁ ਖਾਇ।।

ਰਾਜਿ ਰੰਗੁ, ਮਾਲਿ ਰੰਗੁ, ਰੰਗਿ ਰਤਾ, ਨਚੈ ਨੰਗੁ।। ਨਾਨਕ ਠਗਿਆ ਮੁਠਾ ਜਾਇ।।

ਵਿਣੁ ਨਾਵੈ ਪਤਿ ਗਇਆ ਗਵਾਇ।। ੧।।

ਸਲੋਕੁ ਮ: ੧ ਪੰਨਾ ੧੪੨

ਸ਼ਬਦ ਨੂੰ ਸੁਰਤ ਵਿੱਚ ਲਿਆਉਣ ਦੀ ਥਾਂ `ਤੇ ਅਸੀਂ ਗੈਰ ਕੁਦਰਤੀ ਪ੍ਰੰਪਰਾਵਾਂ ਨਿਭਹੁੰਣ ਨੂੰ ਪੁਰਾਤਨ ਰਵਾਇਤ ਦਾ ਨਾਂ ਦੇ ਕੇ ਸਿੱਖੀ ਸਮਝਾ ਰਹੇ ਹਾਂ। ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਗੁਰਦੁਆਰਿਆਂ ਵਿਚੋਂ ਵੈਸਾਖੀ ਦਾ ਪੈਗ਼ਾਮ ਸਮਝਣ ਦੀ ਥਾਂ `ਤੇ ਕੌਮ ਵਿੱਚ ਮਜ਼ਬੂਤੀ ਨਾਲ ਵੰਡੀਆਂ ਪੈਂਦੀਆਂ ਜਾ ਰਹੀਆਂ ਹਨ। ਅੱਜ ਕਿਹੜਾ ਗੁਰਦੁਆਰਾ ਹੈ ਜਿੱਥੇ ਚੌਧਰ ਦੀ ਲੜਾਈ ਨਹੀਂ ਹੋ ਰਹੀ? ਕੀ ਅਦਾਲਤਾਂ ਵਿੱਚ ਕੌਮ ਦਾ ਲੱਖਾਂ ਰੁਪਇਆ ਬਰਬਾਦ ਨਹੀਂ ਕੀਤਾ ਜਾ ਰਿਹਾ ਹੈ? ਵੈਸਾਖੀ ਦਾ ਪੈਗ਼ਾਮ ਸਾਨੂੰ ਸਵੈ ਪੜਚੋਲ ਕਰਨ ਲਈ ਪ੍ਰੇਰਤ ਕਰਦਾ ਹੈ। ਵੈਸਾਖੀ ਦੇ ਪੁਰਬ `ਤੇ ਕੀ ਕਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਜਾਂ ਸੰਗਤ ਨੇ ਆਪਣੀ ਕੌਮ ਦੇ ਕੌਮੀ ਮਸਲਿਆਂ ਲਈ ਸਵੈ ਪੜਚੋਲ ਕੀਤੀ ਹੈ?

ਵੈਸਾਖੀ ਦੇ ਪੈਗ਼ਾਮ ਤੇ ਕੁੱਝ ਕਰਨ ਵਾਲੇ ਕੰਮਾਂ ਵਲ ਝਾਤ ਮਾਰਨ ਦਾ ਯਤਨ ਕਰੀਏ।

ਨੌਜਵਾਨ ਪੀੜ੍ਹੀ ਨੂੰ ਸ਼ਬਦ ਸੁਰਤ ਦੇ ਮਹੱਤਵ ਤੋਂ ਜਾਣੂ ਕਰਾਈਏ।

ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਲੋਂ ਮੋੜ ਕੇ, ਜਵਾਨੀ ਸੰਭਾਲਣ ਵਲ ਲਗਾਉਣ ਦਾ ਯਤਨ ਕਰੀਏ।

ਧੜੇਬੰਦੀਆਂ ਨੂੰ ਮਜ਼ਬੂਤ ਕਰਨ ਦੀ ਥਾਂ `ਤੇ ਆਪਸ ਵਿੱਚ ਮਿਲ ਬੈਠਣ ਦੇ ਢੰਗ ਤਰੀਕਿਆਂ ਨੂੰ ਸਮਝਣ ਦਾ ਯਤਨ ਕਰੀਏ।

ਵੈਸਾਖੀ ਦੇ ਪੈਗ਼ਾਮ ਨੂੰ ਕਿਸੇ ਅਦੀਬ ਨੇ ਕਿੰਨਾ ਸੁੰਦਰ ਲਿਖਿਆ ਹੈ---

ਸਰ ਬੁਲੰਦੀ, ਸਰ ਫਰੋਸ਼ੀ, ਅਨਿਕਸਾਰੀ, ਆਸ਼ਤੀ,

ਇਨਕੀ ਕੀ ਯਕਜਾਈ ਕਾ ਤੋ ਨਾਮ ਹੈ ਇੱਕ ਖਾਲਸਾ।




.