ਸਗਲ ਭਵਨ ਧਾਰੇ ਏਕ ਥੇਂ ਕੀਏ ਬਿਸਥਾਰੇ
ਪੂਰਿ ਰਹਿਓ ਸ੍ਰਬ ਮਹਿ ਆਪਿ ਹੈ ਨਿਰਾਰੇ।।
ਹਰਿ ਗੁਨ ਨਾਹੀ ਅੰਤ ਪਾਰੇ ਜੀਅ ਜੰਤ ਸਭਿ ਥਾਰੇ
ਸਗਲ ਕੋ ਦਾਤਾ ਏਕੈ ਅਲਖ ਮੁਰਾਰੇ।।
ਆਪ ਹੀ ਧਾਰਨ ਧਾਰੇ ਕੁਦਰਤਿ ਹੈ ਦੇਖਾਰੇ
ਬਰਨੁ ਚਿਹਨੁ ਨਾਹੀ ਮੁਖ ਨ ਮਸਾਰੇ।।
ਜਨੁ ਨਾਨਕੁ ਭਗਤੁ ਦਰਿ ਤੁਲਿ
ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ।।
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ।। ੩।।
(ਪੰਨਾ ੧੩੮੫-੮੬)
ਪਦ ਅਰਥ:- ਸਗਲ ਭਵਨ – ਸਾਰੇ ਭਵਨ, ਸਾਰੀ ਸ੍ਰਿਸ਼ਟੀ। ਏਕ ਥੇਂ –
ਤੇਰੇ ਆਪਣੇ ਆਪ ਇਕੁ ਤੋਂ ਆਪ। ਕੀਏ ਬਿਸਥਾਰੇ – ਵਿਸਥਾਰ ਕੀਤਾ ਹੈ, ਭਾਵ ਬਣਾਏ ਹੋਏ
ਹਨ। ਪੂਰਿ ਰਹਿਓ ਸ੍ਰਬ ਮਹਿ – ਪੂਰਨ ਤੌਰ `ਤੇ ਸਾਰੀ ਸ੍ਰਿਸ਼ਟੀ ਵਿੱਚ। ਆਪਿ – ਆਪ।
ਨਿਰਾਰੇ – ਨਿਰਾਲੀ, ਵਿਲੱਖਣ। ਹਰਿ ਗੁਨ – ਹਰੀ ਦੇ ਗੁਣ। ਨਾਹੀ – ਨਹੀਂ। ਅੰਤ
– ਅੰਤ। ਪਾਰੇ – ਬਿਆਨ ਕਰਨ ਤੋਂ ਪਰੇ। ਜੀਅ ਜੰਤ ਸਭਿ ਥਾਰੇ – ਸਭਿ ਜੀਵ ਜੰਤ
ਤੇਰੇ ਹਨ। ਸਗਲ ਕੋ ਦਾਤਾ – ਸਾਰਿਆਂ ਨੂੰ ਦਾਤਾ ਦੇਣ ਵਾਲਾ। ਏਕੈ – ਇਕੁ। ਅਲਖ
– ਨਾ ਲਖਿਆ ਜਾਣ ਵਾਲਾ। ਮੁਰਾਰੇ – ਮੁਰਾਰ, ਕਰਤਾਰ ਹੈ। ਆਪ ਹੀ ਧਾਰਨ ਧਾਰੇ – ਤੂੰ
ਆਪ ਹੀ ਸ੍ਰਿਸ਼ਟੀ ਨੂੰ ਆਸਰਾ ਦੇ ਰਿਹਾ ਹੈਂ ਭਾਵ ਤੇਰੇ ਆਸਰੇ ਹੀ ਸ੍ਰਿਸ਼ਟੀ ਖੜੀ ਹੈ। ਕੁਦਰਤਿ ਹੈ
ਦੇਖਾਰੇ – ਤੈਨੂੰ ਤੇਰੀ ਕੁਦਰਤ-ਰਚਨਾ ਵਿੱਚੋਂ ਹੀ। ਦੇਖਾਰੇ – ਦੇਖਿਆ ਜਾ ਸਕਦਾ ਹੈ। ਬਰਨੁ
ਚਿਹਨੁ – ਵਰਨ, ਚਿੰਨ੍ਹ। ਨਾਹੀ – ਨਹੀਂ। ਮੁਖ ਨ ਮਸਾਰੇ – ਮੂੰਹ ਤੋਂ ਬੋਲ
ਕੇ ਨਹੀਂ। ਜਨੁ ਨਾਨਕੁ – ਜਨ ਨਾਨਕ ਨੇ। ਭਗਤੁ – ਇਨਕਲਾਬੀ ਪੁਰਸ਼। ਦਰਿ – ਕਦਰ।
ਤੁਲਿ - ਤੁਲਨਾ। ਬ੍ਰਹਮ – ਇਕੁ ਬ੍ਰਹਮ
(universal truth)।
ਸਮਸਰਿ – ਬਰਾਬਰ। ਏਕ ਜੀਹ – ਇੱਕ ਜੀਵ ਭਾਵ ਕਿਸੇ ਅਵਤਾਰਵਾਦੀ। ਕਿਆ –
ਕਿਵੇਂ। ਬਖਾਨੈ – ਕਿਵੇਂ ਕੋਈ ਵਿਖਾ ਸਕਦਾ ਹੈ। ਹਾਂ ਕਿ – ਇੱਕ ਗੱਲ ਜ਼ਰੂਰ ਹੈ
ਕਿ। ਬਲਿ ਬਲਿ – ਬਲਿਹਾਰ ਜਾਣਾ। ਸਦ ਬਲਿਹਾਰਿ – ਹਮੇਸ਼ਾ ਲਈ ਬਲਿਹਾਰ ਜਾਣਾ।
ਨੋਟ: – ਕੁਦਰਤਿ ਹੈ ਦੇਖਾਰੇ – ਤੈਨੂੰ ਤੇਰੀ ਕੁਦਰਤ ਜੋ ਤੇਰੀ ਆਪਣੀ
ਰਚਨਾ ਹੈ, ਵਿੱਚੋਂ ਹੀ ਦੇਖਿਆ ਜਾ ਸਕਦਾ ਹੈ। “ਬਰਨੁ ਚਿਹਨੁ ਨਾਹੀ ਮੁਖ ਨ ਮੁਸਾਰੇ” –
ਤੇਰਾ ਕੋਈ ਬਰਨ, ਚਿੰਨ੍ਹ ਮੂੰਹ ਤੋਂ ਬੋਲ ਕੇ ਨਹੀਂ ਦੱਸਿਆ ਜਾ ਸਕਦਾ। ਭੱਟ ਬਾਣੀ ਦੀ ਵਿਆਖਿਆ ਕਰਨ
ਅਤੇ ਸਮਝਣ ਵੇਲੇ ਇਹ ਗੱਲ ਯਾਦ ਰੱਖਣੀ ਅਤਿਅੰਤ ਜ਼ਰੂਰੀ ਹੈ। ਇਸ ਕਰਕੇ ਕਿਸੇ ਅਵਤਾਰਵਾਦੀ ਨਾਲ ਅਕਾਲ
ਪੁਰਖ ਦੀ, ਮੂੰਹ ਤੋਂ ਬੋਲ ਕੇ ਤੁਲਨਾ ਕਰਨੀ ਗੁਰਮਤਿ ਸਿਧਾਂਤ ਨਾਲ ਅਨਿਆਇ ਹੈ।
ਅਰਥ:- ਭੱਟ ਸਾਹਿਬਾਨ ਨੇ ਆਪਣੀ ਬਾਣੀ ਅੰਦਰ ਆਖਿਆ ਹੈ, ਹੇ ਹਰੀ! ਸਾਰੇ
ਭਵਣ ਤੇਰੇ ਇਕੁ ਦੇ ਆਪਣੇ ਆਪ ਤੋਂ ਆਪ ਹੀ ਬਣਾਏ ਹੋਏ ਹਨ। ਤੂੰ ਆਪ ਹੀ ਪੂਰਨ ਤੌਰ `ਤੇ ਸਾਰੀ
ਸ੍ਰਿਸ਼ਟੀ ਦੀ ਆਪਣੀ ਵਿਲੱਖਣ ਰਚਨਾ ਵਿੱਚ ਰੰਮਿਆ ਹੋਇਆ ਭਾਵ ਸਮਾਇਆ ਹੋਇਆ ਹੈਂ। ਤੇਰੇ ਗੁਣਾਂ ਦਾ
ਕੋਈ ਅੰਤ ਨਹੀਂ, ਬਿਆਨ ਕਰਨ ਤੋਂ ਪਰੇ ਭਾਵ ਬਾਹਰ ਹਨ। ਸਭ ਜੀਵ ਜੰਤ ਵੀ ਤੇਰੇ ਹੀ ਹਨ। ਤੂੰ ਇਕੁ ਹੀ
ਸਭ ਨੂੰ ਦਾਤਾਂ ਦੇਣ ਵਾਲਾ ਹੈਂ ਅਤੇ ਨਾ ਲਖਿਆ ਜਾਣ ਵਾਲਾ ਮੁਰਾਰ, ਕਰਤਾਰ ਹੈਂ। ਤੂੰ ਆਪ ਹੀ ਸਾਰੀ
ਸ੍ਰਿਸ਼ਟੀ ਨੂੰ ਆਸਰਾ ਦੇ ਰਿਹਾ ਹੈਂ ਭਾਵ ਸ੍ਰਿਸ਼ਟੀ ਤੇਰੇ ਆਸਰੇ ਹੀ ਖੜੀ ਹੈ (ਸ੍ਰਿਸ਼ਟੀ ਨੂੰ ਹੋਰ
ਕਿਸੇ ਅਵਤਾਰਵਾਦੀ ਜੋ ਆਪਣੇ ਆਪ ਨੂੰ ਰੱਬ ਅਖਵਾਉਂਦੇ ਹਨ, ਦਾ ਆਸਰਾ ਨਹੀਂ)। ਤੈਨੂੰ ਤੇਰੀ ਆਪਣੀ
ਕੁਦਰਤ, ਰਚਨਾ ਵਿੱਚੋਂ ਹੀ ਦੇਖਿਆ ਜਾ ਸਕਦਾ ਹੈ। ਤੇਰਾ ਕੋਈ ਬਰਨ, ਚਿੰਨ੍ਹ ਮੂੰਹ ਤੋਂ ਬੋਲ ਕੇ
ਨਹੀਂ ਦੱਸਿਆ ਜਾ ਸਕਦਾ। ਇਹ ਗੱਲ ਇਨਕਲਾਬੀ ਜਨ ਨਾਨਕ ਨੇ ਸਿਧ ਕਰ ਦਿੱਤੀ ਹੈ ਕਿ ਤੇਰੇ ਇਕੁ ਬ੍ਰਹਮ
ਦੇ ਕਦਰ, ਇੱਕ ਜੀਵ ਭਾਵ ਕਿਸੇ (ਅਵਤਾਰਵਾਦੀ) ਨੂੰ ਕਿਵੇਂ ਦਿਖਾਇਆ ਜਾ ਸਕਦਾ ਹੈ। ਹਾਂ, ਇਹ ਗੱਲ
ਜ਼ਰੂਰ ਹੈ ਕਿ ਕੋਈ (ਅਵਤਾਰਵਾਦੀ) ਮਨੁੱਖ ਵੀ ਉਸ ਪ੍ਰਭੂ ਦੀ ਬੇਅੰਤਤਾ ਤੋਂ ਸਦਾ ਬਲਿਹਾਰ ਬਲਿਹਾਰ
ਬਲਿਹਾਰ ਬਲਿਹਾਰ ਤਾਂ ਜਾ ਸਕਦਾ ਹੈ ਪਰ ਉਸ ਦੀ ਬਰਾਬਰਤਾ ਨਹੀਂ ਕਰ ਸਕਦਾ।
ਸਰਬ ਗੁਣ ਨਿਧਾਨੰ ਕੀਮਤਿ ਨ ਗ੍ਯ੍ਯਾਨੰ ਧ੍ਯ੍ਯਾਨੰ
ਊਚੇ ਤੇ ਊਚੌ ਜਾਨੀਜੈ ਪ੍ਰਭ ਤੇਰੋ ਥਾਨੰ।।
ਮਨੁ ਧਨੁ ਤੇਰੋ ਪ੍ਰਾਨੰ ਏਕੈ ਸੂਤਿ ਹੈ ਜਹਾਨੰ
ਕਵਨ ਉਪਮਾ ਦੇਉ ਬਡੇ ਤੇ ਬਡਾਨੰ।।
ਜਾਨੈ ਕਉਨੁ ਤੇਰੋ ਭੇਉ ਅਲਖ ਅਪਾਰ ਦੇਉ
ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ।।
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ
ਸਮਸਰਿ ਏਕ ਜੀਹ ਕਿਆ ਬਖਾਨੈ।।
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ।। ੪।।
(ਪੰਨਾ ੧੩੮੬)
ਪਦ ਅਰਥ:- ਸਰਬ ਗੁਣ ਨਿਧਾਨੰ – ਹਰੀ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ।
ਕੀਮਤਿ ਨ – ਕੀਮਤ ਨਹੀਂ, ਕੀਮਤ ਰਹਿਤ, ਅਮੁਲ। ਗ੍ਯ੍ਯਾਨੰ – ਗਿਆਨ। ਧ੍ਯ੍ਯਾਨੰ
– ਧਿਆਨ, ਸੁਰਤ ਜੋੜਨ ਨਾਲ। ਊਚੇ ਤੇ ਊਚੌ – ਉੱਚੇ ਤੋਂ ਉੱਚਾ ਭਾਵ ਸਭ ਤੋਂ ਉੱਚਾ।
ਜਾਨੀਜੈ – ਜਾਨਣਾ। ਪ੍ਰਭ ਤੇਰੋ – ਪ੍ਰਭੂ ਤੇਰਾ, ਤੈਨੂੰ। ਥਾਨੰ – ਅਸਥਾਨ।
ਮਨੁ – ਸੰ: ਵੀਚਾਰਵਾਨ, ਵਿਵੇਕੀ ਭਾਵ ਬੁੱਧੀਮਾਨ (ਮ: ਕੋਸ਼)। ਧਨੁ – ਸਲਾਹੁਣ ਲਾਇਕ (ਮ:
ਕੋਸ਼)। ਤੇਰੋ – ਤੇਰਾ। ਪ੍ਰਾਨੰ – ਆਸਰਾ। ਏਕੈ – ਇਕੁ ਦਾ ਹੀ।
ਸੂਤਿ – ਰਜ਼ਾ। ਹੈ ਜਹਾਨੰ – ਸੰਸਾਰ ਨੂੰ ਹੈ। ਕਵਨ – ਕਿਸ ਨਾਲ। ਉਪਮਾ
ਦੇਉ – ਤੁਲਨਾ ਦੇਈਏ। ਬਡੇ ਤੇ ਬਡਾਨੰ – ਆਪਣੇ ਆਪ ਨੂੰ ਵੱਡੇ ਤੋਂ ਵੱਡਾ ਅਖਵਾਉਣ
ਵਾਲੇ ਨਾਲ (ਭਾਵ ਤੇਰੀ ਉਪਮਾ - ਤੁਲਨਾ ਕਿਸੇ ਨਾਲ ਹੋ ਹੀ ਨਹੀਂ ਸਕਦੀ)। ਜਾਨੈ ਕਉਨੁ –
ਕੋਈ ਵਿਰਲਾ ਹੀ ਜਾਣਦਾ ਹੈ। ਤੇਰੋ ਭੇਉ – ਤੇਰੇ ਇਸ ਭੇਦ ਨੂੰ। ਅਲਖ ਅਪਾਰ ਦੇਉ –
ਬਖ਼ਸ਼ਿਸ਼ ਕਰਨ ਵਾਲਾ ਹੈ। ਅਕਲ ਕਲਾ – ਬੇਮਿਸਾਲ ਕਲਾ। ਹੈ – ਹੈ। ਪ੍ਰਭ – ਪ੍ਰਭੂ।
ਧਾਨੰ – ਆਸਰਾ। ਜਨੁ ਨਾਨਕੁ – ਜਨ ਨਾਨਕ ਨੇ। ਭਗਤੁ – ਇਨਕਲਾਬੀ ਪੁਰਸ਼।
ਦਰਿ – ਕਦਰ। ਤੁਲਿ – ਤੁਲਨਾ। ਬ੍ਰਹਮ – ਇਕੁ ਬ੍ਰਹਮ
(one universal truth)।
ਸਮਸਰਿ – ਬਰਾਬਰ। ਏਕ ਜੀਹ – ਇੱਕ ਜੀਵ ਭਾਵ ਕੋਈ ਇੱਕ ਅਵਤਾਰਵਾਦੀ। ਕਿਆ –
ਕਿਵੇਂ। ਬਖਾਨੈ – ਵਿਖਾਇਆ ਜਾ ਸਕਦਾ ਹੈ। ਹਾਂ ਕਿ – ਇੱਕ ਗੱਲ ਜ਼ਰੂਰ ਹੈ ਕਿ।
ਬਲਿ ਬਲਿ – ਬਲਿਹਾਰ ਬਲਿਹਾਰ। ਸਦ ਬਲਿਹਾਰ – ਹਮੇਸ਼ਾ ਲਈ ਬਲਿਹਾਰ ਜਾਣਾ।
ਅਰਥ:- ਭੱਟ ਸਾਹਿਬਾਨ ਆਪਣੀ ਰਚਨਾ ਵਿੱਚ ਆਖਦੇ ਹਨ, ਹੇ ਸਰਬ-ਵਿਆਪਕ
ਹਰੀ! ਤੂੰ ਸਾਰੇ ਗੁਣਾਂ ਦਾ ਖਜ਼ਾਨਾ ਹੈਂ। ਤੇਰੇ ਗੁਣਾਂ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਭਾਵ
ਤੇਰੇ ਗੁਣ ਅਮੁੱਲ ਹਨ। ਗਿਆਨ ਨਾਲ ਆਪਣੀ ਸੁਰਤ ਜੋੜਨ ਭਾਵ ਗਿਆਨ ਨਾਲ ਰਾਬਤਾ ਕਾਇਮ ਕਰਨ ਨਾਲ ਹੀ
ਤੇਰਾ ਸਰਬ ਗੁਣਾਂ ਦੇ ਖ਼ਜ਼ਾਨੇ ਹਰੀ ਦਾ ਅਸਥਾਨ ਹੀ ਊਚੇ ਤੋਂ ਉੱਚਾ ਭਾਵ ਸਭ ਤੋਂ ਉੱਪਰ ਜਾਣਿਆ ਜਾ
ਸਕਦਾ ਹੈ। ਜਿਹੜੇ ਵੀਚਾਰਵਾਨ ਮਨੁੱਖ ਗਿਆਨ ਨਾਲ ਤੇਰੇ ਵਿੱਚ ਆਪਣੀ ਸੁਰਤ ਨੂੰ ਜੋੜਦੇ ਭਾਵ ਤੈਨੂੰ
ਸਮਰਪਤ ਹੁੰਦੇ ਹਨ, ਉਨ੍ਹਾਂ ਲਈ ਇਕੁ ਤੂੰ ਹੀ ਸਲਾਹੁਣਯੋਗ ਹੈਂ ਕਿਉਂਕਿ ਤੇਰਾ ਇਕੁ ਦਾ ਹੀ ਸਾਰੀ
ਸ੍ਰਿਸ਼ਟੀ ਨੂੰ ਆਸਰਾ ਹੈ। ਇਸ ਜਹਾਨ ਵਿੱਚੋਂ ਕਿਸੇ (ਅਵਤਾਰਵਾਦੀ) ਆਪਣੇ ਆਪ ਨੂੰ ਵੱਡਾ ਅਖਵਾਉਣ
ਵਾਲੇ ਨਾਲ ਤੁਲਨਾ ਕਰਕੇ ਤੇਰੀ ਉਪਮਾ ਨਹੀਂ ਕੀਤੀ ਜਾ ਸਕਦੀ ਕਿਉਂਕਿ “ਬਡਾਨੰ” ਤੂੰ ਇਤਨਾ ਵੱਡਾ ਹੈ
ਕਿ ਬੋਲ ਕੇ ਨਹੀਂ ਦੱਸਿਆ ਜਾ ਸਕਦਾ (ਭਾਵ ਤੇਰੀ ਉਪਮਾ ਕਿਸੇ (ਅਵਤਾਰਵਾਦੀ) ਨਾਲ ਤੁਲਨਾ ਕਰਕੇ ਹੋ
ਹੀ ਨਹੀਂ ਸਕਦੀ)। ਤੇਰੇ ਇਸ ਵੱਡੇਪਣ ਦੇ ਭੇਦ ਨੂੰ ਕੋਈ ਵਿਰਲਾ ਹੀ ਜਾਣਦਾ ਹੈ ਕਿ ਇਕੁ ਪ੍ਰਭੂ ਤੂੰ
ਹੀ ਅਲਖ ਅਪਾਰ ਬਖ਼ਸ਼ਿਸ਼ ਕਰਨ ਵਾਲਾ ਹੈਂ ਅਤੇ ਇਹ ਤੇਰੀ ਆਪਣੀ ਹੀ “ਅਕਲ ਕਲਾ” ਬੇਮਿਸਾਲ ਕਲਾ ਹੈ ਜਿਸ
ਦਾ ਸਾਰੀ ਹੀ ਸ੍ਰਿਸ਼ਟੀ ਨੂੰ ਆਸਰਾ ਹੈ। ਇਹ ਗੱਲ ਇਨਕਲਾਬੀ ਜਨ ਨਾਨਕ ਨੇ ਸਿਧ ਕਰ ਦਿੱਤੀ ਹੈ ਕਿ
ਤੇਰੇ ਇਕੁ ਬ੍ਰਹਮ ਦੇ ਕਦਰ/ਬਰਾਬਰ ਇੱਕ ਜੀਵ ਭਾਵ ਕਿਸੇ (ਅਵਤਾਰਵਾਦੀ) ਨੂੰ ਕਿਵੇਂ ਦਿਖਾਇਆ ਜਾ
ਸਕਦਾ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਕੋਈ (ਅਵਤਾਰਵਾਦੀ) ਮਨੁੱਖ ਵੀ ਸਦਾ/ਹਮੇਸ਼ਾ ਲਈ ਤੇਰੇ ਤੋਂ
ਬਲਿਹਾਰ ਬਲਿਹਾਰ ਤਾਂ ਜਾ ਸਕਦਾ ਹੈ (ਪਰ ਤੇਰੀ ਬਰਾਬਰਤਾ ਨਹੀਂ ਕਰ ਸਕਦਾ)।