. |
|
ਜਪੁ-ਪਉੜੀ ਦੂਜੀ
ਵੀਰ ਭੁਪਿੰਦਰ ਸਿੰਘ
ਹੁਕਮੀ ਹੋਵਨਿ ਆਕਾਰ ਹੁਕਮੁ
ਨ ਕਹਿਆ ਜਾਈ ।।
ਸਤਿਗੁਰ ਦੀ ਮਤ ਧਾਰਣ ਕੀਤਿਆਂ ਹੀ ਨਵਾਂ ਜੀਵਨ ਭਾਵ ਚੰਗੇ ਗੁਣਾਂ ਵਾਲਾ ਆਕਾਰ ਪ੍ਰਾਪਤ
ਹੁੰਦਾ ਹੈ। ਮਨ ਦੀ ਮਤ ਅਧੀਨ ਰੱਬ ਜੀ ਦੇ ਹੁਕਮ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ ਭਾਵ ਟਾਲਿਆ
ਨਹੀਂ ਜਾ ਸਕਦਾ। ਇਹੋ ਅਟਲ ਸੱਚਾਈ ਹੈ।
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ।।
ਰੱਬੀ ਹੁਕਮ (ਸਤਿਗੁਰ) ਰਾਹੀਂ ਚੰਗੇ ਗੁਣਾਂ ਰੂਪੀ ਜੀਅ ਪ੍ਰਾਪਤ ਹੁੰਦੇ ਹਨ ਅਤੇ ਚੰਗੇ
ਗੁਣਾਂ ਨੂੰ ਜਿਊ ਕੇ ਨਿਜਘਰ, ਰੱਬੀ ਦਰ ਤੇ ਵਡਿਆਈ ਮਾਣ ਪ੍ਰਾਪਤ ਹੁੰਦੀ ਹੈ। ਅੰਦਰ ਦੇ ਸੁਭਾਅ ਵਿਚ
ਸੰਸਾਰ ਦੇ ਅਨੇਕ ਜੀਅ ਜੰਤਾਂ ਦੇ ਉਸਾਰੂ ਗੁਣਾਂ ਨੂੰ ਧਾਰਣ ਕਰਕੇ ਪ੍ਰਫੁੱਲਤ ਹੋ ਜਾਈਦਾ ਹੈ।
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ।।
ਰੱਬੀ ਰਜ਼ਾ ਅਧੀਨ ਚੱਲ ਕੇ ਬਖ਼ਸ਼ਿਸ਼ (ਤਤ-ਗਿਆਨ, ਕ੍ਰਿਪਾ) ਪ੍ਰਾਪਤ ਹੁੰਦੀ ਹੈ ਅਤੇ ਮਨ ਦੀ ਮਤ
ਛੁੱਟਦੀ ਹੈ ਭਾਵ ਨੀਚ ਤੋਂ ਉੱਤਮ ਬਣਦੀ ਹੈ। ਇਸ ਤਰ੍ਹਾਂ ਵਿਛੋੜੇ ਦੇ ਦੁੱਖ ਤੋਂ ਛੁੱਟ ਕੇ ਰੱਬੀ
ਮਿਲਨ ਦੇ ਸਦੀਵੀ ਸੁੱਖ ਦਾ ਲੇਖਾ ਲਿਖਣ ਦੀ ਜਾਚ ਆ ਜਾਂਦੀ ਹੈ।
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ।।
ਰਜ਼ਾ ਅਧੀਨ ਚੱਲ ਕੇ ਤੱਤ ਗਿਆਨ (ਬਖ਼ਸ਼ਿਸ਼) ਪ੍ਰਾਪਤ ਕਰੀਦਾ ਹੈ ਨਹੀਂ ਤਾਂ ਮਨ ਕੀ ਮੱਤ ਕਾਰਨ
ਭਉਂਦੇ ਭਟਕਦੇ, ਵਿਕਾਰਾਂ ਵੱਸ ਪਏ ਰਹਿੰਦੇ ਹਾਂ।
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।
ਚੰਗੇ ਗੁਣਾਂ ਵਾਲਾ ਸਚਿਆਰ ਜੀਵਨ ਰੱਬੀ ਰਜ਼ਾ ਅਧੀਨ ਤੁਰ ਕੇ ਹੀ ਬਣਦਾ ਹੈ, ਹੁਕਮ ਤੋਂ ਉਲਟ
(ਬਾਹਰ) ਚਲ ਕੇ ਨਹੀਂ।
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ।।2।।
ਨਾਨਕ ਜੀ (ਅਦਵੈਤ) ਅਵਸਥਾ ’ਚ ਕਹਿੰਦੇ ਹਨ ਕਿ ‘ਮਨ ਕੀ ਮਤ’ ਹੀ ਹਉਮੈ ਹੈ। ਨਿਜਘਰ ਦੇ
ਹੁਕਮ, ਰਜ਼ਾ ਅਨੁਸਾਰ ਜੋ ਜਿਊਣਾ ਸਿੱਖ ਜਾਂਦਾ ਹੈ, ਉਹ ਮਨ ਦੀ ਮਤ ਦੀਆਂ ਬਾਤਾਂ ਸੁਣਨ ਬਦਲੇ ਕੇਵਲ
ਨਿੱਜਘਰ ਦੇ ਰੱਬ (ਸਤਿਗੁਰ) ਦੀਆਂ ਬਾਤਾਂ ਹੀ ਸੁਣਦਾ ਹੈ। ਆਪਣੇ ਮਨ ਦੀ ਮਰਜ਼ੀ ਛੱਡ ਦਿੰਦਾ ਹੈ
(ਸਚਿਆਰ ਹੋਣ ਦੀ ਅਵਸਥਾ)।
|
. |