ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਇਹੀ ਨਿਰਮਲ ਪੰਥ ਗੁਰੂ ਰਾਮਦਾਸ ਜੀ ਦੇ ਸਮੇਂ
ਗੁਰੂ-ਸੰਗਤ ਰੂਪੀ ਪੰਥ ਦੇ ਰੂਪ ਵਿੱਚ ਸਾਹਮਣੇ ਆਇਆ, ਜਿਵੇਂ ਗੁਰੂ ਰਾਮਦਾਸ ਜੀ ਦੀ ਉਸਤਤ ਕਰਦੇ ਹੋਏ
ਭੱਟ ਕੀਰਤ ਜੀ ਉਚਾਰਣ ਕਰਦੇ ਹਨ-
-ਇਕ ਉਤਮ ਪੰਥੁ ਸੁਨਿਓ ਗੁਰ ਸੰਗਤਿ, ਤਿਹ ਮਿਲੰਤ ਜਮ ਤ੍ਰਾਸ ਮਿਟਾਈ॥
ਇੱਕ ਅਰਦਾਸਿ ਭਾਟ ਕੀਰਤਿ ਕੀ, ਗੁਰ ਰਾਮਦਾਸ ਰਾਖਹੁ ਸਰਣਾਈ॥
(ਗੁਰੂ ਗ੍ਰੰਥ ਸਾਹਿਬ- ੧੪੦੬)
ਇਸ ਚਲ ਰਹੇ ‘ਨਾਨਕ ਨਿਰਮਲ ਪੰਥ’ ਵਿੱਚ 9 ਗੁਰੂ ਸਾਹਿਬਾਨ ਨੇ ਆਪਣੇ-ਆਪਣੇ
ਤਠਖਂ ਵਖ-ਵਖ ਗੁਣ ਭਰ ਦਿਤੇ. ਗੁਰੂ ਨਾਨਕ ਸਾਹਿਬ ਨੇ ਸ਼ਬਦ ਦਾ ਗਿਆਨ, ਗੁਰੂ ਅੰਗਦ ਸਾਹਿਬ ਨੇ ਗੁਰੂ
ਦੇ ਹੁਕਮ ਨੂੰ ਹਰ ਹਾਲਤ ਵਿੱਚ ਸਤਿ ਕਰਕੇ ਮੰਨਣ, ਤੀਜੇ ਗੁਰੁ ਅਮਰਦਾਸ ਜੀ ਨੇ ਸਰੀਰਕ ਉਮਰ ਦੀ
ਪ੍ਰਵਾਹ ਨਾ ਕਰਦੇ ਹੋਏ ਵੀ ਗੁਰੂ ਸੇਵਾ ਅਤੇ ਸਾਂਝੀ ਸੰਗਤ-ਸਾਂਝੀ ਪੰਗਤ ਰਾਹੀਂ ਇਕਸਾਰਤਾ ਦਾ ਗੁਣ,
ਗੁਰੂ ਰਾਮਦਾਸ ਜੀ ਨੇ ਨਿਮਰਤਾ-ਨਿਰਮਾਣਤਾ ਦਾ ਗੁਣ, ਗੁਰੂ ਅਰਜਨ ਦੇਵ ਜੀ ਨੇ ਸਚ ਉਪਰ ਦ੍ਰਿੜਤਾ ਲਈ
ਸ਼ਹਾਦਤ ਦਾ ਗੁਣ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੇ ਮੀਰੀ-ਪੀਰੀ, ਰਾਜ-ਯੋਗ, ਭਗਤੀ-ਸ਼ਕਤੀ,
ਸੰਤ-ਸਿਪਾਹੀ ਦੇ ਗੁਣ ਭਰ ਦਿਤੇ। ਸਤਵੇਂ ਪਾਤਸ਼ਾਹ ਨੇ ਨਿਰਵੈਰਤਾ ਅਤੇ ਗੁਰੂ ਸਿਧਾਂਤਾ ਦੀ
ਪਹਿਰੇਦਾਰੀ ਲਈ ਜੇਕਰ ਪੁਤਰ ਵੀ ਪਾਸੇ ਕਰਨਾ ਪੈ ਜਾਵੈ ਤਾਂ ਸੰਕੋਚ ਨਾ ਕਰਨ ਵਾਲੀ ਪ੍ਰਪਕਤਾ ਦਾ
ਗੁਣ, ਅਠਵੇਂ ਗੁਰੂ ਜੀ ਨੇ ਕਿਸੇ ਵੀ ਹਾਲਤ ਵਿੱਚ ਜਾਲਮ ਅਗੇ ਨਾਂ ਝੁਕਣ ਅਤੇ ਜੁਲਮ ਦੀ ਈਨ ਨਾਂ
ਮੰਨਣ ਦਾ ਗੁਣ, ਨੌਵੇ ਪਾਤਸ਼ਾਹ ਨੇ ਆਪਣੇ ਧਰਮ ਦੀ ਰਖਵਾਲੀ ਦੇ ਨਾਲ ਨਾਲ ਦੂਸਰੇ ਦੇ ਧਰਮ ਦੀ
ਸੁਤੰਤਰਤਾ ਲਈ ਆਪਾ ਕੁਰਬਾਨ ਕਰਨ ਦੇ ਗੁਣ ਭਰ ਦਿਤੇ। ਜਦੋ ਇਹਨਾ ਗੁਣਾ ਨਾਲ ਭਰਪੂਰ ਜਨ ਸਧਾਰਨ ਮਨੁਖ
‘ਗੁਣੀ ਨਿਧਾਨ’ ਬਣ ਗਿਆ ਤਾਂ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ-ਸੰਗਤ
ਵਾਲੇ ਪੰਥ ਨੂੰ ਖਾਲਸਾ ਰੂਪ ਵਿੱਚ ਰੂਪਮਾਨ ਕਰਕੇ ਸੰਸਾਰ ਦੇ ਸਨਮੁਖ ਪੇਸ ਕੀਤਾ।
ਇਸ ਤੋਂ ਸ਼ਪਸ਼ਟ ਹੈ ਕਿ ਇਹੀ ਗੁਰੂ ਸੰਗਤਿ ਰੂਪੀ ਪੰਥ ਹੁਣ ਖਾਲਸਾ ਪੰਥ ਬਣ
ਗਿਆ। ਸਮਾਜ ਨੂੰ ਪੂਰੀ ਤਰਾਂ ਬਦਲਣ ਲਈ ਲੰਮੇ ਸਮੇਂ ਦੀ ਲੋੜ ਸੀ। ਇਸ ਕਰਕੇ ਸਾਰਾ ਕੰਮ ਗੁਰੂ ਨਾਨਕ
ਦੇਵ ਜੀ ਨੇ ਦਸ ਜਾਮਿਆਂ (ਸਰੀਰਾਂ) ਵਿੱਚ ਸੰਪੂਰਨ ਕੀਤਾ।
1699 ਦੀ ਵਿਸਾਖੀ ਵਾਲੇ ਦਿਨ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਚੇਚੇ
ਹੁਕਮਨਾਮੇ ਭੇਜ ਕੇ ਦੂਰ ਦੁਰਾਡੇ ਤੋਂ ਸੰਗਤਾਂ ਨੂੰ ਅਨੰਦਪੁਰ ਸਾਹਿਬ ਆਉਣ ਲਈ ਸੱਦਾ-ਪੱਤਰ ਭੇਜੇ।
ਇਤਿਹਾਸਕਾਰਾਂ ਅਨੁਸਾਰ ਉਸ ਦਿਨ ਲਗਭਗ ਅੱਸੀ ਹਜਾਰ ਦੀ ਹਾਜ਼ਰੀ ਸੀ। ਹਾਜਰ ਸੰਗਤਾਂ ਨਾਲ ਖਚਾ-ਖਚ ਭਰੇ
ਦੀਵਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਅੱਜ ਆਪਣੇ ਅਦੁੱਤੀ ਰੰਗ ਵਿੱਚ ਓਤ-ਪੋਤ ਜਲਾਲ ਨਾਲ ਸਟੇਜ ਤੇ
ਆਏ ਅਤੇ ਕਿਰਪਾਨ ਨੂੰ ਮਿਆਨ ਵਿਚੋਂ ਕੱਢ ਦੇ ਲਿਸ਼ਕਦੀ ਤਲਵਾਰ ਹੱਥ ਵਿੱਚ ਲੈ ਕੇ ਉੱਚੇ ਚਬੂਤਰੇ ਉਪਰ
ਖੜੇ ਹੋ ਕੇ ਭਰੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਉੱਚੀ ਸੁਰ ਵਿੱਚ ਮੰਗ ਕੀਤੀ-
ਹੈ ਕੋਈ ਸਿੱਖ ਬੇਟਾ।
ਜੋ ਕਰੇ ਸੀਸ ਭੇਟਾ।
ਸੰਗਤਾਂ ਵਿੱਚ ਇੱਕ ਡੂੰਘੀ ਖਾਮੋਸ਼ੀ ਛਾ ਗਈ। ਇਹ ਕਿਸੇ ਵੱਡੇ ਇਤਿਹਾਸਕ
ਫੈਸਲੇ ਦਾ ਸਮਾਂ ਸੀ, ਜਿਸ ਲਈ ਪੂਰੀ ਕੌਮ 230 ਸਾਲ (1469-1699) ਤੋਂ ਤਿਆਰੀ ਕਰ ਰਹੀ ਸੀ। ਖਾਲਸਾ
ਕੌਮ ਦੀ ਸਾਜਨਾ ਲਈ ਕਲਗੀਧਰ ਪਾਤਸ਼ਾਹ ਨੇ ਸੀਸ ਤਲੀ ਤੇ ਰੱਖ ਕੇ ਗੁਰੂ ਅਰਪਨ ਕਰਨ ਦਾ ਇਹ ਅਲੌਕਿਕ
ਸਮਾਂ ਰਚ ਧਰਿਆ ਸੀ। ਗੁਰੂ ਗੋਬਿੰਦ ਸਿੰਘ ਵਲੋਂ ਐਸੀ ਮੰਗ ਕਰਨਾ ਅੱਜ ਗੁਰੂ ਨਾਨਕ ਪਾਤਸ਼ਾਹ ਅਤੇ
ਉਹਨਾਂ ਦੇ ਉਤਰ-ਅਧਿਕਾਰੀ ਗੁਰੂ ਸਾਹਿਬਾਨ ਵਲੋਂ ਪਾਏ ਪੂਰਨਿਆਂ ਤੇ ਚੱਲਣ ਵਾਲੀ ਸਿੱਖ ਕੌਮ ਦੀ ਪਰਖ
ਕਰਨ ਦਾ ਮਾਨੋ ਸਿਖਰਲਾ ਸਮਾਂ ਆ ਗਿਆ ਸੀ। ਅੱਜ ਉਹ ਸਮਾਂ ਸੀ, ਜਿਸ ਬਾਰੇ ਗੁਰਬਾਣੀ ਪਹਿਲਾਂ ਹੀ
ਸੰਕੇਤ ਦੇ ਰਹੀ ਸੀ-
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥
(ਸਲੋਕ ਵਾਰਾ ਤੇ ਵਧੀਕ, ਮਹਲਾ ੧-੧੪੧੨)
-ਭਗਤਾ ਕੀ ਚਾਲ ਨਿਰਾਲੀ॥
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ॥
ਲਬੁ ਲੋਭੁ ਅਹੁੰਕਾਰ ਤਜਿ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ॥
ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥
(ਰਾਮਕਲੀ ਮਹਲਾ ੩, ਅਨੰਦ-੯੧੮)
-ਪਹਿਲਾ ਮਰਣਿ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥
(ਸਲੋਕ ਮਹਲਾ ੫-੧੧੦੨)
ਕਲਗੀਧਰ ਦੀ ਅਪਾਰ ਬਖਸ਼ਿਸ਼ ਅੱਜ ਗੁਰੂ ਦੀ ਮੰਗ ਤੇ ਬੇਝਿਜਕ ਸੀਸ ਭੇਟਾ ਕਰਨ
ਵਾਲਿਆਂ ਨੂੰ ਨਸੀਬ ਹੋਣੀ ਸੀ। ਗੁਰੂ ਗੋਬਿੰਦ ਸਿੰਘ ਜੀ ਵਲੋਂ ਇਸ ਤਰਾਂ ਪੰਜ ਵਾਰ ਮੰਗ ਕਰਨ ਤੇ
ਵਾਰੀ ਵਾਰੀ ਪੰਜ ਗੁਰਸਿੱਖ, ਲਾਹੌਰ ਤੋ ਭਾਈ ਦਇਆ ਰਾਮ, ਦਿੱਲੀ ਤੋਂ ਭਾਈ ਧਰਮ ਦਾਸ, ਜਗਨ ਨਾਥ ਪੁਰੀ
ਤੋਂ ਭਾਈ ਹਿੰਮਤ ਰਾਏ, ਦੁਆਰਕਾ ਤੋਂ ਭਾਈ ਮੁਹਕਮ ਚੰਦ, ਬਿਦਰ ਤੋਂ ਭਾਈ ਸਾਹਿਬ ਚੰਦ ਪੇਸ਼ ਹੋਏ ਅਤੇ
ਆਪਣੇ-2 ਸੀਸ ਗੁਰੂ ਨੂੰ ਭੇਟਾ ਕਰ ਦਿੱਤੇ। ਕਈਆਂ ਦੇ ਮਨ ਵਿੱਚ ਖਿਆਲ (ਸ਼ੰਕਾ) ਆਉਦਾ ਹੈ ਕਿ ਅਜ
ਦਸਵੇਂ ਜਾਮੇ ਵਿੱਚ ਕੋਈ ਨਵੀਂ ਬਾਤ ਹੋਈ, ਪਰ ਗੁਰ ਇਤਿਹਾਸ ਨੂੰ ਵਾਚੀਏ ਤਾਂ ਸਪਸ਼ਟ ਹੁੰਦਾ ਹੈ ਕਿ
ਗੁਰੂ ਨਾਨਕ ਦੇ ਘਰ ਵਿੱਚ ਸ਼ੁਰੂ ਤੋਂ ਹੀ ਪੰਜ ਗੁਰਸਿੱਖਾਂ ਦੀ ਪ੍ਰਮੁੱਖਤਾ ਸਵੀਕਾਰੀ ਗਈ ਹੈ-
-ਗੁਰ ਘਰ ਕੀ ਮਰਜਾਦਾ ਪੰਚਹੁੰ।
(ਭਾਈ ਸੰਤੋਖ ਸਿੰਘ-ਗੁਰ ਪ੍ਰਤਾਪ ਸੂਰਜ)
“ਗੁਰੂ ਨਾਨਕ ਦੇ ਸਮੇਂ ਤੋਂ ਲੈ ਕੇ ਪੰਜ ਪਯਾਰੇ ਚੁਣੇ ਜਾਂਦੇ ਰਹੇ ਹਨ। ਪਰ
ਇਤਿਹਾਸ ਵਿੱਚ ਸਾਰਿਆਂ ਦੇ ਨਾਮ ਨਹੀਂ ਲਿਖੇ, ਕੇਵਲ ਥੋੜੇ ਨਾਮ ਦਿੱਤੇ ਹਨ, ਜੇਹਾ ਕਿ ਗੁਰੂ ਅਰਜਨ
ਦੇਵ ਜੀ ਦੇ ਪੰਜ ਪਯਾਰੇ ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਲੰਗਾਹ, ਭਾਈ ਪਿਰਾਣਾ ਅਤੇ ਭਾਈ ਪੈੜਾ।
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਆਤਮ ਗਯਾਨੀ ਪੰਜ ਪਯਾਰੇ ਦੀਵਾਨ ਮਤੀ ਦਾਸ, ਭਾਈ ਗੁਰਦਿਤਾ, ਭਾਈ
ਦਿਆਲਾ, ਭਾਈ ਊਦਾ ਅਤੇ ਭਾਈ ਜੈਤਾ”।
(ਗੁਰਮਤਿ ਮਾਰਤੰਡ-ਪੰਨਾ 692- ਭਾਈ ਕਾਨ੍ਹ ਸਿੰਘ ਨਾਭਾ)
ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਪਿਆਰਿਆਂ ਦੀ ਚੋਣ ਦਾ ਮਾਪਦੰਡ ਕੇਵਲ
ਭਗਤੀ ਸੀ। ਪਰ ਇਸ ਵਾਰ ਭਗਤੀ-ਸ਼ਕਤੀ, ਸੰਤ-ਸਿਪਾਹੀ ਦੇ ਮਾਪਦੰਡ ਰਾਹੀਂ ਚੋਣ ਕੀਤੀ ਗਈ।
ਦਸਮ ਪਾਤਸ਼ਾਹ ਨੇ ਸੀਸ ਭੇਟ ਕਰਨ ਵਾਲੇ ਗੁਰਸਿੱਖਾਂ ਨੂੰ ਆਪਣੇ ਹੱਥੀਂ
ਅੰਮ੍ਰਿਤ ਦੀ ਦਾਤ ਦਿੱਤੀ ਅਤੇ ਖਾਲਸਾ ਰੂਪ ਵਿੱਚ ਦੁਨੀਆ ਦੇ ਸਨਮੁੱਖ ਪੇਸ਼ ਕੀਤਾ। ਉਹਨਾਂ ਦੇ ਨਾਮ
ਵੀ ਬਦਲ ਦਿੱਤੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੁਹਕਮ ਸਿੰਘ ਅਤੇ ਭਾਈ
ਸਾਹਿਬ ਸਿੰਘ।
ਪ੍ਰਿੰਸੀਪਲ ਸਤਿਬੀਰ ਸਿੰਘ “ਸੌ ਸਵਾਲ” ਪੁਸਤਕ ਵਿੱਚ ਪੰਜ ਪਿਆਰਿਆਂ ਦੇ
ਨਾਵਾਂ ਬਾਰੇ ਬੜਾ ਸੁੰਦਰ ਲਿਖਦੇ ਹਨ-
“ਇਹ ਨਾਂ ਭੁਲਣਾ ਜਿਥੇ ਦਯਾ, ਧਰਮ, ਹਿੰਮਤ, ਦ੍ਰਿੜਤਾ (ਮੋਹਕਮ) ਹੈ। ਉਥੇ
ਸਾਹਿਬ (ਮਾਲਕ, ਵਾਹਿਗੁਰੂ) ਆਪ ਹੈ”
ਫਿਰ ਗੁਰੂ ਜੀ ਨੇ ਇਹਨਾਂ ਪੰਜਾਂ ਪਿਆਰਿਆਂ ਪਾਸੋਂ ਯਾਚਨਾ ਕਰਦੇ ਹੋਏ
ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣ ਗਏ ਅਤੇ
ਨਾਲ ਹੀ ਅੱਗੇ ਤੋਂ ਅੰਮ੍ਰਿਤ ਦੀ ਦਾਤ ਦੇਣ ਦਾ ਅਧਿਕਾਰ ਹਮੇਸ਼ਾ ਲਈ ਪੰਜ ਪਿਆਰਿਆ ਦੀ ਝੋਲੀ ਵਿੱਚ ਪਾ
ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਆਪਣੇ ਹੱਥੀ ਸਾਜੇ ਖਾਲਸੇ ਤੇ ਇਤਨੇ ਪ੍ਰਸੰਨ ਹੋਏ
ਕਿ ਬਖਸ਼ਿਸ਼ਾਂ ਦਾ ਮਾਨੋ ਮੀਂਹ ਹੀ ਵਰਸਾ ਦਿੱਤਾ-
ਸਿੱਖ ਪੰਚਨ ਮਹਿਂ ਮੇਰੋ ਬਾਸਾ। ਪੂਰਨ ਕਰੋਂ ਧਰਂਿਹਂ ਜੋ ਆਸਾ।
(ਗੁਰੂ ਪ੍ਰਤਾਪ ਸੂਰਜ-ਭਾਈ ਸੰਤੋਖ ਸਿੰਘ)
ਦਸਮ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਕੇਵਲ ਸਤਿਗੁਰੂ ਕਿਹਾ ਹੀ ਨਹੀਂ, ਇਸ
ਨੂੰ ਅਮਲੀ ਰੂਪ ਵਿੱਚ ਪ੍ਰਤੱਖ ਕਰ ਕੇ ਵੀ ਵਿਖਾਇਆ। ਜਦੋਂ ਚਮਕੌਰ ਦੀ ਗੜੀ ਵਿੱਚ ਪੰਜ ਪਿਆਰਿਆਂ
(ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ, ਭਾਈ ਸੰਤ ਸਿੰਘ) ਨੇ ਗੁਰੂ
ਗੋਬਿੰਦ ਸਿੰਘ ਜੀ ਵਲੋਂ ਦਿੱਤੇ ਅਧਿਕਾਰ ਅਨੁਸਾਰ ਆਪਣੇ ਗੁਰੂ ਹੋਣ ਦੇ ਹੱਕ ਦੀ ਵਰਤੋਂ ਕਰਦੇ ਹੋਏ
ਹੁਕਮ ਕੀਤਾ-
“ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦਾ ਹੁਕਮ ਹੈ ਤੁਸੀਂ ਸ਼ਹੀਦੀ ਨਹੀਂ ਪਾਉਗੇ,
ਤੁਸੀਂ ਸ਼ਹੀਦ ਹੋ ਗਏ ਤਾਂ ਅਸੀਂ ਸਰਬੱਤ ਖਾਲਸਾ ਰਲ ਕੇ ਵੀ ਇੱਕ ਗੁਰੂ ਗੋਬਿੰਦ ਸਿੰਘ ਪੈਦਾ ਨਹੀਂ ਕਰ
ਸਕਾਂਗੇ, ਜੇ ਤੁਸੀਂ ਸਹੀ ਸਲਾਮਤ ਨਿਕਲ ਗਏ ਤਾਂ ਤੁਸੀਂ ਸਾਡੇ ਵਰਗੇ ਅਨੇਕਾਂ ਖਾਲਸੇ ਹੋਰ ਪੈਦਾ ਕਰ
ਲਵੋਗੇ। ਇਸ ਲਈ ਗੁਰੂ ਖਾਲਸੇ ਦਾ ਹੁਕਮ ਹੈ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਜਾਉਗੇ”
ਗੁਰੂ ਖਾਲਸੇ ਦੇ ਇਸ ਹੁਕਮ ਅੱਗੇ ਸੀਸ ਝੁਕਾਉਂਦੇ ਹੋਏ ਦਸਮ ਪਾਤਸ਼ਾਹ ਨੇ
ਪੰਜ ਪਿਆਰਿਆਂ ਦੀਆਂ ਤਿੰਨ ਪ੍ਰਕਰਮਾ ਕੀਤੀਆਂ ਅਤੇ ਅਪਣੀ ਕਲਗੀ-ਸ਼ਸ਼ਤਰ ਉਹਨਾਂ ਨੂੰ ਭੇਟ ਕੀਤੇ ਤੇ
ਕਿਹਾ “ਮੈਂ ਸਰੀਰਕ ਰੂਪ ਵਿੱਚ ਤੁਹਾਨੂੰ ਗੁਰਿਆਈ ਦੇ ਰਿਹਾ ਹਾਂ” ਫਿਰ ‘ਗੁਰੂ ਖਾਲਸੇ’ ਦਾ ਹੁਕਮ
ਮੰਨਦੇ ਹੋਏ ਚਮਕੌਰ ਦੀ ਗੜੀ ਨੂੰ ਛੱਡ ਜਦਮ੍ਰਿ।
(ਮੈਕਾਲਿਫ-ਸਿੱਖ ਰਿਲੀਜਨ)
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਦਾ ਸਬੰਧ ਸਿੱਧਾ ਅਕਾਲ ਪੁਰਖ ਨਾਲ
ਜੋੜਿਆ ਕਿਉਂਕਿ ਖਾਲਸੇ ਦੀ ਸਾਜਨਾ ਹੋਈ ਹੀ ਅਕਾਲ ਪੁਰਖ ਦੇ ਹੁਕਮ ਨਾਲ ਤਜ਼। ਕਿਤੇ ਵੀ ਇਹ ਨਹੀਂ
ਕਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਹੈ ਸਗੋਂ ਅੰਮ੍ਰਿਤ ਦੀ ਦਾਤ ਦੇ ਕੇ ਇਹੀ ਕਿਹਾ ਕਿ
ਬੋਲ-
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਖਾਲਸੇ ਦਾ ਸਿੱਧਾ ਸਬੰਧ ਅਕਾਲ ਪੁਰਖ ਨਾਲ ਜੋੜਨਾ ਜਰੂਰੀ ਸੀ ਕਿਉਕਿ ਭਗਤ
ਕਬੀਰ ਸਾਹਿਬ ਨੇ ਆਪਣੀ ਬਾਣੀ ਵਿੱਚ ਪਹਿਲਾਂ ਹੀ ਸ਼ਪਸ਼ਟ ਕੀਤਾ ਹੈ-
ਕਹੁ ਕਬੀਰ ਜਨ ਭਏ
ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥
(ਸੋਰਠਿ ਕਬੀਰ ਜੀ - ੬੫੫)
ਖਾਲਸਾ ਸ਼ਬਦ ਦਾ ਅਰਥ ਹੀ ਹੈ ਉਹ ਮੁਲਕ ਜਾਂ ਜਮੀਨ ਜੋ ਸਿੱਧੀ ਬਾਦਸ਼ਾਹ ਦੇ
ਅਧੀਨ ਹੋਵੇ। ਦਸ਼ਮੇਸ਼ ਪਿਤਾ ਨੇ ਸਿੱਖ ਨੂੰ ਖਾਲਸਾ ਬਣਾ ਕੇ ਫੁਰਮਾਣ ਕੀਤਾ ਕਿ ਉਹ ਹੁਣ ਕੇਵਲ
ਵਾਹਿਗੁਰੂ ਜੀ ਕਾ ਹੈ। ਖਾਲਸੇ ਦੇ ਅਤੇ ਵਾਹਿਗੁਰੂ ਦਰਮਿਆਨ ਕੋਈ ਵਿਚੋਲਾ ਜਾਂ ਕੋਈ ਸਿਫਾਰਸ਼-ਹਾਮਾ
ਭਰਨ ਵਾਲਾ ਨਹਂੀ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤਾਂ
ਫੁਰਮਾਇਆ ਕਿ ਇਹ ਅੰਮ੍ਰਿਤ, ਜੋ ਕੋਈ ਗੁਰੂ ਦੀ ਦੱਸੀ ਰਹਿਤ ਮਰਯਾਦਾ ਵਿੱਚ ਰਹਿਣ ਦਾ ਪ੍ਰਣ ਕਰੇ, ਹਰ
ਇੱਕ ਲਈ ਹੈ ਅਤੇ ਇਸ ਅੰਮ੍ਰਿਤ ਰਾਹੀਂ ਗਿੱਦੜਾਂ ਤੋਂ ਸ਼ੇਰ ਬਣਾਉਣ ਅਤੇ ਸਵਾ-2 ਲੱਖ ਨਾਲ ਇੱਕਲਾ-2
ਸਿੰਘ ਲੜਾਉਣ ਦਾ ਆਪਣਾ ਅਕੀਦਾ ਮਨੁੱਖਤਾ ਸਾਹਮਣੇ ਪੇਸ਼ ਕੀਤਾ ਤਾਂ ਬੁਜਦਿਲ-ਕਾਇਰ-ਡਰਪੋਕ ਲੋਕ ਪੁਕਾਰ
ਉਠੇ-
-ਹਮ ਤੋ ਤੋਲਣ ਜਾਣੈ ਤਕੜੀ। ਨੰਗੀ ਕਰਦ ਕਬਹੂ ਨਹੀ ਪਕੜੀ।
ਚਿੜੀ ਉੜੇ ਡਰ ਸੇ ਮਰ ਜਾਏਂ। ਮੁਗਲੋਂ ਸੇ ਕੈਸੇ ਲੜ ਪਾਏਂ?
ਪਹਾੜੀ ਰਾਜੇ ਅੰਮ੍ਰਿਤ ਛਕਣ ਲਈ ਸ਼ਰਤਾਂ ਰੱਖਣ ਲੱਗੇ ਕਿ ਅਸੀਂ ਅੰਮ੍ਰਿਤ ਛਕਣ
ਲਈ ਤਿਆਰ ਹਾਂ ਜੇਕਰ ਸਾਡੇ ਲਈ ਅਖਉਤੀ ਸ਼ੂਦਰਾਂ, ਨੀਵੀਆਂ ਜਾਤਾਂ ਨਾਲੋਂ ਅੰਮ੍ਰਿਤ ਦਾ ਬਾਟਾ ਵੱਖਰਾ
ਹੋਵੇ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸਪਸ਼ਟ ਇਨਕਾਰ ਕਰਦੇ ਹੋਏ ਖਾਲਸਾ ਸਾਜਣ ਦੇ ਆਪਣੇ
ਮਨੋਰਥ ਨੂੰ ਸਪਸ਼ਟ ਕੀਤਾ-
-ਜਿਨਕੀ ਜਾਤ ਔਰ ਕੁਲ ਮਾਹੀ, ਸਰਦਾਰੀ ਨ ਭਈ ਕਿਦਾਹੀਂ॥
ਤਿਨਹੀ ਕੋ ਸਰਦਾਰ ਬਨਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ॥
-ਇਨ ਗਰੀਬ ਸਿੱਖਨ ਕੋ ਦੈਂ ਪਾਤਸ਼ਾਹੀ॥
ਯਾਦ ਕਰੈਂ ਹਮਰੀ ਗੁਰਿਆਈ॥
ਦਸਮ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਰਹਿਤਾਂ ਦ੍ਰਿੜ ਕਰਾਈਆਂ ਅਤੇ ਕੁਰਹਿਤਾਂ
ਤੋਂ ਬਚਣ ਦੇ ਸ਼ਪਸ਼ਟ ਆਦੇਸ਼ ਦਿੱਤੇ ਤਾਂ ਜੋ ਖਾਲਸੇ ਦਾ ਨਿਆਰਾਪਣ ਹਰ ਸੂਰਤ ਵਿੱਚ ਕਾਇਮ ਰਹਿ ਸਕੇ-
-ਖਾਲਸਾ ਖਾਸ ਕਹਾਵੈ ਸੋਈ, ਜਾ ਕੇ ਹਿਰਦੇ ਭਰਮ ਨ ਹੋਈ।
ਭਰਮ ਭੇਖ ਤੇ ਰਹੈ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ।
(ਸੈਨਾਪਤਿ ਕ੍ਰਿਤ-ਗੁਰ ਸੋਭਾ)
-ਰਹਿਣੀ ਰਹੈ ਸੋਈ ਸਿਖ ਮੇਰਾ। ਓਹੁ ਠਾਕੁਰ ਮੈਂ ਉਸ ਕਾ ਚੇਰਾ।
ਰਹਿਤ ਬਿਨਾਂ ਨਹਿ ਸਿਖ ਕਹਾਵੈ। ਰਹਿਤ ਬਿਨਾਂ ਦਰ ਚੋਟਾਂ ਖਾਵੈ।
ਰਹਿਤ ਬਿਨ ਸੁਖ ਕਬਹੁੰ ਨ ਲਹੈ। ਤਾਂ ਤੇ ਰਹਿਤ ਸੁ ਦ੍ਰਿੜ ਕਰ ਰਹੈ।
(ਰਹਿਤਨਾਮਾ-ਭਾਈ ਦੇਸਾ ਸਿੰਘ)
-ਕੁੱਠਾ ਹੁੱਕਾ ਚਰਸ ਤਮਾਕੂ। ਗਾਂਜਾ ਟੋਪੀ ਤਾੜੀ ਖਾਕੂ।
ਇਨ ਕੀ ਓਰ ਨ ਕਬਹੂ ਦੇਖ। ਰਹਿਤਵੰਤ ਸੋ ਸਿੰਘ ਵਿਸੇਖੈ।
(ਰਹਿਤਨਾਮਾ-ਭਾਈ ਦੇਸਾ ਸਿੰਘ)
-ਪਰਨਾਰੀ, ਜੂਆ, ਅਸੱਤ, ਚੋਰੀ, ਮਦਿਰਾ ਜਾਨ।
ਪਾਂਚ ਐਬ ਯੇ ਜਗਤ ਮੋ, ਤਜੈ ਸੁ ਸਿੰਘ ਸੁਜਾਨ।
-ਪਰ ਬੇਟੀ ਕੋ ਬੇਟੀ ਜਾਨੈ। ਪਰ ਇਸਤ੍ਰੀ ਕੋ ਮਾਤ ਬਖਾਨੈ।
ਅਪਨੀ ਇਸਤ੍ਰੀ ਸੋ ਰਤ ਹੋਈ। ਰਹਿਤਵਾਨ ਗੁਰੁ ਕਾ ਸਿੰਘ ਸੋਈ।
(ਰਹਿਤਨਾਮਾ-ਭਾਈ ਦੇਸਾ ਸਿੰਘ)
ਗੁਰੂ ਗੋਬਿਂਦ ਸਿੰਘ ਜੀ ਨੇ ਇਹ ਰਹਿਤਾਂ ਖਾਲਸੇ ਨੂੰ ਕੋਈ ਵੱਖਰੀਆਂ ਨਹੀਂ,
ਸਗੋਂ ਉਹੀ ਸਨ ਜੋ ਪਹਿਲੇ ਗੁਰੂ ਸਾਹਿਬਾਨ ਨੇ ਦ੍ਰਿੜ ਕਰਾਈਆਂ-
-ਪਰ ਤ੍ਰਿਯ ਰੂਪ ਨ ਪੇਖੈ ਨੇਤ੍ਰ॥ (ਗਉੜੀ ਮਹਲਾ ੫-੨੭੪)
-ਦੇਖਿ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੈ।
(ਭਾਈ ਗੁਰਦਾਸ ਜੀ, ਵਾਰ ੨੯- ਪਉੜੀ ੧੧)
ਅੱਖਾਂ ਨਾਲ ਸੰਸਾਰ ਦੇ ਰੰਗ ਰੂਪ, ਸੁੰਦਰਤਾ ਨੂੰ ਸਹੀ ਅਰਥਾਂ ਵਿੱਚ ਵੇਖਣ
ਦੇ ਢੰਗ ਪ੍ਰਥਾਇ ਇੱਕ ਕਵੀ ਨੇ ਬੜੇ ਸੁੰਦਰ ਸ਼ਬਦਾਂ ਵਿੱਚ ਇਉਂ ਬਿਆਨ ਕੀਤਾ ਹੈ-
-ਅੱਖੀਓ ਤੱਕਣਾ ਸਿਫਤ ਤੁਹਾਡੀ,
ਕੌਣ ਕਹੈ ਤੁਸੀ ਤੱਕੋ ਨਾ।
ਜਗਤ ਤਮਾਸ਼ਾ ਜੰਮ ਜੰਮ ਤੱਕੋ,
ਤੱਕਦੀਆਂ ਤੱਕਦੀਆਂ ਥੱਕੋ ਨਾ।
ਐਪਰ ਇਸ ਤੱਕਣੀ ਵਿੱਚ ਚੇਤਾ ਰੱਖਿਓ,
ਮੈਲੀਆ ਮੂਲ ਨ ਹੋਈਓ ਜੇ।
ਦਾਤੇ ਦੇ ਉਸ ਅੰਮ੍ਰਿਤ ਨੂੰ,
ਜ਼ਹਿਰ ਬਣਾ ਕੇ ਫੱਕੋ ਨਾ।
ਗੁਰੂ ਗੋਬਿੰਦ ਸਿੰਘ ਜੀ ਨੇ ਆਮ ਮਨੁੱਖ ਭਾਵ ਜਨ ਨੂੰ ਖਾਲਸੇ ਦੀ ਪਦਵੀ ਤੱਕ
ਲਿਜਾ ਕੇ ਗੁਰੂ ਨਾਨਕ ਆਗਮਨ (1469 ਈਸਵੀ) ਤੋਂ ਅਰੰਭ ਹੋਈ ਸਿੱਖ ਲਹਿਰ ਨੂੰ 1699 ਦੀ ਵਿਸਾਖੀ
ਵਾਲੇ ਦਿਨ ਸੰਪੂਰਨਤਾ ਬਖਸ਼ਿਸ਼ ਕੀਤੀ ਅਤੇ ਆਪਣੇ ਖਾਲਸੇ ਨੂੰ ਇਤਨੀਆਂ ਵਡਿਆਈਆਂ ਦਿੱਤੀਆਂ ਕਿ
ਸਤਿਗੁਰੂ ਬੇ –ਅਖਤਿਆਰ ਹੋ ਕੇ ਪੁਕਾਰ ਉਠੇ ਕਿ ਜਿਵੇਂ ਪ੍ਰਮਾਤਮਾ ਅਤੇ ਗੁਰੂ ਵਿੱਚ ਕੋਈ ਅੰਤਰ ਨਹੀਂ
ਇਸੇ ਤਰਾਂ ਗੁਰੂ ਅਤੇ ਖਾਲਸੇ ਵਿੱਚ ਵੀ ਕੋਈ ਅੰਤਰ ਨਹੀਂ, ਤਿੰਨੇ ਇੱਕ ਹੀ ਲੜੀ ਦੇ ਰੂਪ ੀਅ।
ਦੁਨੀਆਂ ਦੇ ਇਤਿਹਾਸ ਅੰਦਰ ਕਿਸੇ ਰਹਿਬਰ ਨੇ ਆਪਣੇ ਹੱਥੀਂ ਸਾਜਿਆਂ ਨੂੰ
ਇਤਨਾ ਮਾਣ ਨਹੀਂ ਬਖਸ਼ਿਆ, ਜਿਤਨਾ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤਾ। ਇਥੋਂ ਤੱਕ ਕਹਿ ਦਿੱਤਾ
ਕਿ ਜੇਕਰ ਦੁਨੀਆਂ ਉਹਨਾਂ ਨੂੰ ਸਤਿਗੁਰੂ ਆਖ ਕੇ ਵਡਿਆਉਂਦੀ ਹੈ ਤਾਂ ਇਸ ਵਡਿਆਈ ਦੇ ਹੱਕਦਾਰ ਉਹ ਆਪ
ਨਹੀਂ, ਸਗੋਂ ਇਸ ਦਾ ਅਸਲ ਹੱਕਦਾਰ ਤਾਂ ਖਾਲਸਾ ਹੀ ੀਢ।
ਸ਼ਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਖਾਲਸੇ ਨੂੰ ਇੱਕ ਆਦਰਸ਼ਕ
ਇਨਸਾਨ ਦੇ ਰੂਪ ਵਿੱਚ ਪੇਸ਼ ਕਰਨਾ ਚਾਹੁੰਦੇ ਸਨ, ਇਸ ਲਈ ਖਾਲਸੇ ਦੀ ਪ੍ਰੀਭਾਸ਼ਾ-ਕਰਮ ਵਿਧੀ ਵੀ
ਬਿਲਕੁਲ ਸਪਸ਼ਟ ਕਰ ਜਦ੍ਰਜ਼।
ਖਾਲਸਾ ਸਾਜਨਾ ਦਿਹਾੜੇ ਸਮੇਂ ਲੋੜ ਹੈ ਕਿ ਅਸੀਂ ਜਨ ਤੋਂ ਖਾਲਸੇ ਦੇ ਸੰਕਲਪ
ਨੂੰ ਸਮਝਦੇ ਹੋਏ ਆਪਾ ਪੜਚੋਲੀਏ ਅਤੇ ਵੇਖਣ ਦਾ ਯਤਨ ਕਰੀਏ ਕਿ ਅਸੀਂ ਦਸਵੇਂ ਗੁਰੂ ਜੀ ਦੇ ਸਾਜੇ
ਖਾਲਸੇ ਦੀ ਕਸਵੱਟੀ ਤੇ ਕਿਤਨਾ ਕੁ ਖਰਾ ਉਤਰਦੇ ਹਾਂ। ਕਿਤੇ ਐਸਾ ਤਾਂ ਨਹੀਂ ਜਿਵੇ ਇੱਕ ਸ਼ਾਇਰ ਗੁਰੂ
ਨਾਨਕ ਸਾਹਿਬ ਦੇ ਜੀਵਨ ਕਾਲ ਦੀ ਮੱਕੇ ਦੇ ਫਿਰਨ ਅਤੇ ਵਲੀ ਕੰਧਾਰੀ ਦੇ ਪੱਥਰ ਨੂੰ ਰੋਕਣ ਵਾਲੀਆਂ
ਇਤਿਹਾਸਿਕ ਘਟਨਾਵਾਂ ਵੱਲ ਇਸ਼ਾਰਾ ਕਰਦਾ ਹੋਇਆ ਲਿਖਦਾ ਹੈ-
-ਹਮ ਜਬ ਭੀ ਤੁਮਾਰੇ ਦਰ ਪੇ ਗਏ,
ਹਾਥੋਂ ਮੇਂ ਲੇਕਰ ਫੂਲ ਗਏ।
ਵੋਹ ਫਿਰਨਾ ਹਰਸੂ ਮੱਕੇ ਕਾ,
ਵੋਹ ਰੁਕਨਾ ਗਿਰਤੇ ਪੱਥਰ ਕਾ।
ਹਰ ਚੀਜ ਤੁਮ੍ਹਾਰੀ ਯਾਦ ਰਹੀ,
ਪੈਗਾਮ ਤੁਮਾਰਾ ਭੂਲ ਗਏ।
ਆਉ ਆਪਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ
1469 ਤੋਂ 1708 ਈਸਵੀ ਤੱਕ ਦੇ 239 ਸਾਲ ਦੇ ਗੁਰ ਇਤਿਹਾਸ ਦੇ ਮੂਲ ਸੰਦੇਸ਼
ਆਤਮਾ ਗ੍ਰੰਥ ਵਿਚ
ਸਰੀਰ ਪੰਥ ਵਿਚ
ਪੂਜਾ ਅਕਾਲ ਕੀ
ਪਰਚਾ ਸ਼ਬਦ ਕਾ
ਦੀਦਾਰ ਖਾਲਸੇ ਕਾ
ਨੂੰ ਆਪਣੇ ਪੱਲੇ ਬੰਨ ਕੇ ਜੀਵਨ ਦਾ ਇੱਕ ਹਿੱਸਾ ਬਣਾ ਲਈਏ ਤਾਂ ਅਸੀ ਵੀ “ਜਨ
ਭਏ ਖਾਲਸੇ” ਤੱਕ ਦੇ ਸਫਰ ਨੂੰ ਗੁਰੂ ਸਿਧਾਤਾਂ ਦੀ ਰੋਸ਼ਨੀ ਵਿੱਚ ਨਿਰਵਿਘਨਤਾ ਸਹਿਤ ਸੰਪੂਰਨ ਕਰ
ਸਕਦੇ ਹਾਂ।
**************
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201/6 ਮੁਹੱਲਾ ਸੰਤਪੁਰਾ, ਕਪੂਰਥਲਾ
98720-76876, 01822-276876
ਈ. ਮੇਲ-