ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਰਿਸਦੇ ਜ਼ਖਮ
ਜੂਨ ਚਉਰਾਸੀ
ਪ੍ਰਿੰਸੀਪਲ
ਗੁਰਬਚਨ ਸਿੰਘ ‘ਪੰਨਵਾਂ`
ਇਤਿਹਾਸ ਦੇ ਪੰਨੇ ਫਰੋਲਣ ਉਪਰੰਤ
ਇੱਕ ਗੱਲ ਦੀ ਨਿਹਸਚੇ ਤੌਰ `ਤੇ ਸਮਝ ਆਉਂਦੀ ਹੈ ਕਿ ਬਾਹਰਲੇ ਹਮਲਵਰਾਂ ਨੇ ਭਾਰਤੀਆਂ `ਤੇ ਨਿਰੇ
ਹਮਲੇ ਹੀ ਨਹੀਂ ਕੀਤੇ ਸਗੋਂ ਲੰਬਾ ਸਮਾਂ ਰਾਜ ਵੀ ਕੀਤਾ ਹੈ। ਜਦੋਂ ਕੋਈ ਮੁਲਕ ਲੰਬਾ ਸਮਾਂ ਗ਼ਲਾਮੀ
ਦੇ ਸਾਏ ਥੱਲੇ ਜਿਉਂਦਾ ਹੈ ਤਾਂ ਉਹ ਆਪਣੀ ਸੋਚਣ ਸ਼ਕਤੀ ਖੋਹ ਬੈਠਦਾ ਹੈ। ਗ਼ੁਲਾਮ ਸੋਚਣੀ ਵਿੱਚ ਮਨੁੱਖ
ਆਪਣੇ ਭਾਗ ਜਾਂ ਆਪਣੀ ਕਿਸਮਤ ਵਿੱਚ ਅਜੇਹਾ ਲਿਖਿਆ ਹੋਇਆ ਮੰਨ ਕੇ ਸਬਰ ਕਰ ਲੈਂਦਾ ਹੈ। ਅਜੇਹੀ
ਸੋਚਣੀ ਵਿੱਚ ਅਣਖ਼, ਗ਼ੈਰਤ, ਸਵੈਮਾਣ ਵਰਗੀਆਂ ਸਚਾਈਆਂ ਕਿਨਾਰਾ ਕਰ ਲੈਂਦੀਆਂ ਹਨ ਤੇ ਜ਼ੁਲਮ ਸਹਿਣ ਦੀ
ਆਦਤ ਬਣ ਜਾਂਦੀ ਹੈ। ਲੋਕ ਆਪਣੀ ਬੋਲੀ, ਪਹਿਰਾਵਾ, ਖਾਣ- ਪਾਣ ਤਿਆਗ ਕੇ ਰਾਜਨੀਤਿਕ ਤੇ ਉਹਨਾਂ ਦੇ
ਥਾਪੇ ਹੋਏ ਧਾਰਮਿਕ ਅਗੂਆਂ ਦੀ ਹੀ ਬੋਲੀ ਬੋਲਣ ਲੱਗ ਜਾਂਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ
ਭਾਰਤੀਆਂ ਦੇ ਸਵੈਮਾਣ ਨੂੰ ਜਗਾਇਆ ਤੇ ਅੰਦਰਲੀ ਤਸਵੀਰ ਉਹਨਾਂ ਦੇ ਸਾਹਮਣੇ ਰੱਖੀ—
ਮਾਣਸ ਖਾਣੇ ਕਰਹਿ ਨਿਵਾਜ।। ਛੁਰੀ ਵਗਾਇਨਿ ਤਿਨ ਗਲਿ ਤਾਗ।।
ਤਿਨ ਘਰਿ ਬ੍ਰਹਮਣ ਪੂਰਹਿ ਨਾਦ।। ਉਨਾੑ ਭਿ ਆਵਹਿ ਓਈ ਸਾਦ।।
ਕੂੜੀ ਰਾਸਿ ਕੂੜਾ ਵਾਪਾਰੁ।। ਕੂੜੁ ਬੋਲਿ ਕਰਹਿ ਆਹਾਰੁ।।
ਸਰਮ ਧਰਮ ਕਾ ਡੇਰਾ ਦੂਰਿ।। ਨਾਨਕ ਕੂੜੁ ਰਹਿਆ ਭਰਪੂਰਿ।।
ਮਥੈ ਟਿਕਾ ਤੇੜਿ ਧੋਤੀ ਕਖਾਈ।। ਹਥਿ ਛੁਰੀ ਜਗਤ ਕਾਸਾਈ।।
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ।। ਮਲੇਛ ਧਾਨੁ ਲੇ ਪੂਜਹਿ ਪੁਰਾਣੁ।।
ਅਭਾਖਿਆ ਕਾ ਕੁਠਾ ਬਕਰਾ ਖਾਣਾ।। ਚਉਕੇ ਉਪਰਿ ਕਿਸੈ ਨ ਜਾਣਾ।।
ਦੇ ਕੈ ਚਉਕਾ ਕਢੀ ਕਾਰ।। ਉਪਰਿ ਆਇ ਬੈਠੇ ਕੂੜਿਆਰ।।
ਮਤੁ ਭਿਟੈ ਵੇ ਮਤੁ ਭਿਟੈ।। ਇਹੁ ਅੰਨੁ ਅਸਾਡਾ ਫਿਟੈ।।
ਤਨਿ ਫਿਟੈ ਫੇੜ ਕਰੇਨਿ।। ਮਨਿ ਜੂਠੈ ਚੁਲੀ ਭਰੇਨਿ।।
ਕਹੁ ਨਾਨਕ ਸਚੁ ਧਿਆਈਐ।। ਸੁਚਿ ਹੋਵੈ ਤਾ, ਸਚੁ ਪਾਈਐ।। ੨।।
ਸਲੋਕ ਮ: ੧ ਪੰਨਾ ੪੭੧
(ਕਾਜ਼ੀ ਤੇ ਮੁਸਲਮਾਨ ਹਾਕਮ) ਹਨ ਤਾਂ ਵੱਢੀ-ਖ਼ੋਰੇ, ਪਰ ਪੜ੍ਹਦੇ ਹਨ ਨਮਾਜ਼ਾਂ। (ਇਹਨਾਂ
ਹਾਕਮਾਂ ਦੇ ਅੱਗੇ ਮੁਨਸ਼ੀ ਉਹ ਖੱਤ੍ਰੀ ਹਨ ਜੋ) ਛੁਰੀ ਚਲਾਂਦੇ ਹਨ (ਭਾਵ, ਗ਼ਰੀਬਾਂ ਉੱਤੇ ਜ਼ੁਲਮ ਕਰਦੇ
ਹਨ), ਪਰ ਉਹਨਾਂ ਦੇ ਗਲ ਵਿੱਚ ਜਨੇਊ ਹਨ। ਇਹਨਾਂ (ਜ਼ਾਲਮ ਖੱਤ੍ਰੀਆਂ) ਦੇ ਘਰ ਵਿੱਚ ਬ੍ਰਾਹਮਣ ਜਾ ਕੇ
ਸੰਖ ਵਜਾਂਦੇ ਹਨ; ਤਾਂ ਤੇ ਉਨ੍ਹਾਂ ਬ੍ਰਾਹਮਣਾਂ ਨੂੰ ਭੀ ਉਹਨਾਂ ਹੀ ਪਦਾਰਥਾਂ ਦੇ ਸੁਆਦ ਆਉਂਦੇ ਹਨ
(ਭਾਵ, ਉਹ ਬ੍ਰਾਹਮਣ ਭੀ ਜ਼ੁਲਮ ਦੇ ਕਮਾਏ ਹੋਏ ਪਦਾਰਥ ਖਾਂਦੇ ਹਨ)। (ਇਹਨਾਂ ਲੋਕਾਂ ਦੀ) ਇਹ ਝੂਠੀ
ਪੂੰਜੀ ਹੈ ਤੇ ਝੂਠਾ ਹੀ ਇਹਨਾਂ ਦਾ (ਇਹ) ਵਪਾਰ ਹੈ। ਝੂਠ ਬੋਲ ਬੋਲ ਕੇ (ਹੀ) ਇਹ ਰੋਜ਼ੀ ਕਮਾਂਦੇ
ਹਨ। ਹੁਣ ਸ਼ਰਮ ਤੇ ਧਰਮ ਦੀ ਸਭਾ ਉਠ ਗਈ ਹੈ (ਭਾਵ, ਇਹ ਲੋਕ ਨਾ ਆਪਣੀ ਸ਼ਰਮ ਹਯਾ ਦਾ ਖ਼ਿਆਲ ਕਰਦੇ ਹਨ
ਅਤੇ ਨਾ ਹੀ ਧਰਮ ਦੇ ਕੰਮ ਕਰਦੇ ਹਨ)। ਹੇ ਨਾਨਕ ! ਸਭ ਥਾਈਂ ਝੂਠ ਹੀ ਪਰਧਾਨ ਹੋ ਰਿਹਾ ਹੈ।
(ਇਹ ਖੱਤ੍ਰੀ) ਮੱਥੇ ਉੱਤੇ ਟਿੱਕਾ ਲਾਂਦੇ ਹਨ, ਲੱਕ ਦੁਆਲੇ ਗੇਰੂਏ ਰੰਗ ਦੀ ਧੋਤੀ (ਬੰਨ੍ਹਦੇ ਹਨ)
ਪਰ ਹੱਥ ਵਿਚ, (ਮਾਨੋ) ਛੁਰੀ ਫੜੀ ਹੋਈ ਹੈ ਤੇ (ਵੱਸ ਲਗਦਿਆਂ) ਹਰੇਕ ਜੀਵ ਉੱਤੇ ਜ਼ੁਲਮ ਕਰਦੇ ਹਨ।
ਨੀਲੇ ਰੰਗ ਦੇ ਕੱਪੜੇ ਪਾ ਕੇ (ਤੁਰਕ ਹਾਕਮਾਂ ਦੇ ਪਾਸ ਜਾਂਦੇ ਹਨ, ਤਾਂ ਹੀ) ਉਹਨਾਂ ਪਾਸ ਜਾਣ ਦੀ
ਆਗਿਆ ਮਿਲਦੀ ਹੈ। (ਜਿਨ੍ਹਾਂ ਨੂੰ) ਮਲੇਛ (ਆਖਦੇ ਹਨ, ਉਹਨਾਂ ਹੀ) ਪਾਸੋਂ ਰੋਜ਼ੀ ਲੈਂਦੇ ਹਨ, ਤੇ
(ਫੇਰ ਭੀ) ਪੁਰਾਣ ਨੂੰ ਪੂਜਦੇ ਹਨ (ਭਾਵ, ਫੇਰ ਭੀ ਇਹੀ ਸਮਝਦੇ ਹਨ ਕਿ ਅਸੀ ਪੁਰਾਣ ਦੇ ਅਨੁਸਾਰ ਤੁਰ
ਰਹੇ ਹਾਂ)। (ਇੱਥੇ ਹੀ ਬੱਸ ਨਹੀਂ) ਖ਼ੁਰਾਕ ਇਹਨਾਂ ਦੀ ਉਹ ਬੱਕਰਾ ਹੈ ਜੋ ਕਲਮਾ ਪੜ੍ਹ ਕੇ ਹਲਾਲ
ਕੀਤਾ ਹੋਇਆ ਹੈ (ਭਾਵ, ਜੋ ਮੁਸਲਮਾਨ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਹੈ, ਪਰ ਆਖਦੇ ਹਨ ਕਿ) ਸਾਡੇ
ਚੌਕੇ ਉੱਤੇ ਕੋਈ ਹੋਰ ਮਨੁੱਖ ਨਾ ਆ ਚੜ੍ਹੇ। ਚੌਕਾ ਬਣਾ ਕੇ (ਦੁਆਲੇ) ਲਕੀਰਾਂ ਕੱਢਦੇ ਹਨ, (ਪਰ ਇਸ)
ਚੌਕੇ ਵਿੱਚ ਉਹ ਮਨੁੱਖ ਆ ਬੈਠਦੇ ਹਨ ਜੋ ਆਪ ਝੂਠੇ ਹਨ। (ਹੋਰਨਾਂ ਨੂੰ ਆਖਦੇ ਹਨ—ਸਾਡੇ ਚੌਕੇ ਦੇ
ਨੇੜੇ ਨਾ ਆਉਣਾ) ਕਿਤੇ ਚੌਕਾ ਭਿੱਟਿਆ ਨਾਹ ਜਾਏ ਅਤੇ ਸਾਡਾ ਅੰਨ ਖ਼ਰਾਬ ਨਾਹ ਹੋ ਜਾਏ; (ਪਰ ਆਪ ਇਹ
ਲੋਕ) ਅਪਵਿੱਤਰ ਸਰੀਰ ਨਾਲ ਮੰਦੇ ਕੰਮ ਕਰਦੇ ਹਨ ਅਤੇ ਜੂਠੇ ਮਨ ਨਾਲ ਹੀ (ਭਾਵ, ਮਨ ਤਾਂ ਅੰਦਰੋਂ
ਮਲੀਨ ਹੈ) ਚੁਲੀਆਂ ਕਰਦੇ ਹਨ।
ਹੇ ਨਾਨਕ ! ਆਖ, ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ। ਤਾਂ ਹੀ ਸੁੱਚ-ਪਵਿੱਤਰਤਾ ਹੋ ਸਕਦੀ ਹੈ ਜੇ
ਸੱਚਾ ਪ੍ਰਭੂ ਮਿਲ ਪਏ। ੨।
ਜਿੱਥੇ ਮੁਸਲਮਾਨ ਹਾਕਮ ਧਰਮੀ ਕਾਜ਼ੀਆਂ ਨਾਲ ਮਿਲ ਕੇ ਤੇ ਪਰਜਾ `ਤੇ ਜ਼ੁਲਮ ਕਰ ਰਹੇ ਸਨ ਓੱਥੇ ਭਾਰਤੀ
ਧਾਰਮਕ ਆਗੂ ਵੀ ਹਾਕਮ ਸ਼੍ਰੇਣੀ ਨੂੰ ਖੁਸ਼ ਕਰਨ ਲਈ ਅੰਦਰ ਖਾਤੇ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ
ਸਨ। ਆਪਣੀ ਬੋਲੀ ਤੇ ਪਹਿਰਾਵੇ ਦਾ ਤਿਆਗ ਕਰਦਿਆਂ ਲੋਕਾਂ ਨੂੰ ਧਰਮ ਦੇ ਅਸੂਲ ਦਸ ਰਹੇ ਸੀ ਕਿ
ਮੁਸਲਮਾਨ ਮਲੇਸ਼ ਹਨ ਇਹਨਾਂ ਨਾਲ ਕੋਈ ਸਾਂਝ ਨਾ ਰੱਖੀ ਜਾਏ। ਐਸੀ ਗੁਲਾਮ ਬਿਰਤੀ ਦੇ ਲੋਕ ਆਪਣੀਆਂ
ਧਾਰਮਕ ਪੁਸਤਕਾਂ ਪੜ੍ਹਦਿਆਂ ਹੋਇਆਂ ਲੋਕਾਂ ਨੂੰ ਕਹਿ ਰਹੇ ਸਨ ਕਿ ਅਸੀਂ ਬਹੁਤ ਸੁੱਚੇ ਉੱਚੇ ਇਨਸਾਨ
ਹਾਂ ਇਸ ਲਈ ਸਾਡੇ ਚੌਂਕੇ ਦੇ ਨੇੜੇ ਕਿਸੇ ਨੂੰ ਆਉਣ ਦਾ ਅਧਿਕਾਰ ਨਹੀਂ ਹੈ ਵਰਨਾ ਸਾਡਾ ਚੌਂਕਾ
ਭਿੱਟਿਆ ਜਾਏਗਾ।
ਬ੍ਰਾਹਮਣੀ ਸਭਿਆਚਾਰ ਨੇ ਮਨੁੱਖਤਾ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਅਗਿਆਨਤਾ ਦੀ ਚੱਕੀ
ਵਿੱਚ ਵਿਚਾਰੀ ਜਨਤਾ ਪਿਸ ਰਹੀ ਸੀ। ਅਜੇਹੀਆਂ ਦੁਸ਼ਾਵਰੀਆਂ ਵਿੱਚ ਮੁਲਕ ਕਦੇ ਵੀ ਤਰੱਕੀ ਦੀਆਂ ਲੀਹਾਂ
`ਤੇ ਨਹੀਂ ਆ ਸਕਦਾ।
ਪੰਜਾਬ ਇੱਕ ਅਜੇਹਾ ਖਿੱਤਾ ਹੈ ਜਿੱਥੋਂ ਦੀ ਸਾਰੇ ਹਮਲਾਵਰ ਲੰਘ ਕੇ ਆਏ ਹਨ, ਇਸ ਲਈ ਇਹ ਅਖਾਣ ਹੀ ਬਣ
ਗਿਆ ਕਿ ਪੰਜਾਬ ਦੇ ਜੰਮਦਿਆਂ ਨੂੰ ਨਿੱਤ ਮੁਹਿੰਮਾਂ ਪੈਂਦੀਆਂ ਹਨ। ਆਰੀਆ, ਮੰਗੋਲ, ਹੂਨ, ਮਹਿਮੂਦ
ਗਜ਼ਨੀ, ਤੈਮੂਰ, ਬਾਬਰ, ਨਾਦਰਸ਼ਾਹ, ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ ਪੰਜਾਬ ਤੇ ਨਿੱਤ ਨਵੇਂ ਹਮਲੇ
ਕੀਤੇ। ੧੫੨੬ ਈਸਵੀ ਨੂੰ ਪਾਣੀਪਤ ਦੀ ਲੜਾਈ ਵਿੱਚ ਇਬਰਾਹੀਮ ਲੋਧੀ ਮਾਰਿਆ ਗਿਆ ਤੇ ਮੁਗਲ ਖਾਨਦਾਨ ਦਾ
ਰਾਜ ਲੰਬੇ ਸਮੇਂ ਲਈ ਕਾਇਮ ਹੋ ਗਿਆ।
ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੇ ਪੰਜਾਬੀਆਂ ਦੀ ਅੰਦਰਲੀ ਅਣਖ ਤੇ ਗ਼ੈਰਤ ਨੂੰ ਜਗਾਇਆ। ਜ਼ੁਲਮ
ਦੇ ਵਿਰੁੱਧ ਡੱਟਣ ਲਈ ਕਿਹਾ। ਗੁਰੂ ਸਾਹਿਬ ਜੀ ਨੇ ਜ਼ਿੰਦਗੀ ਦੇ ਮਹੱਤਵ ਦੀ ਘਾੜਤ ਘੜਦਿਆ ਕਿਹਾ ਕਿ
ਜਿੱਥੋਂ ਸ਼ਰਮ-ਧਰਮ ਅਲੋਪ ਹੋ ਜਾਏ ਓੱਥੇ ਕੂੜ ਦਾ ਬੋਲ-ਬਾਲਾ ਹੋ ਜਾਂਦਾ ਹੈ--ਸਰਮੁ
ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ।।
ਸਮੁੱਚੇ ਮਿਸ਼ਨ ਦੀ ਪ੍ਰਾਪਤੀ ਲਈ ਦਸ ਜਾਮੇ ਧਾਰਨ ਕੀਤੇ ਤੇ ਅਦਰਸ਼ ਮਿੱਥਿਆ—
ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ।।
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ।। ੧੬।।
ਸਲੋਕ ਮਹਲਾ ੯ ਪੰਨਾ ੧੪੨੭
ਇਕ ਮੁਕੰਮਲ ਇਨਸਾਨ ਤਿਆਰ ਕਰਨ ਲਈ ਦੋ ਸੌ ਤੀਹ ਸਾਲ ਦਾ ਸਮਾਂ ਲੱਗਿਆ। ਤੱਤੀ ਤਵੀ, ਉਬਲ਼ਦੀ
ਦੇਗ ਦਾ ਰਸਤਾ ਤਹਿ ਕਰਦਿਆ ਦਿੱਲੀ ਦੇ ਚਾਂਦਨੀ ਚੌਂਕ ਨੂੰ ਪਾਰ ਕੀਤਾ ਤੇ ਜ਼ੁਲਮੀ ਸਰਕਾਰ ਦੀਆਂ
ਨੀਹਾਂ ਹਿਲਾ ਦਿੱਤੀਆਂ। ਸਮੁੱਚੇ ਸੰਘਰਸ਼ ਵਿਚੋਂ ਦੀ ਗ਼ੁਜ਼ਰਦਿਆਂ ਇੱਕ ਮੁਕੰਮਲ ਇਨਸਾਨ ਘੜਿਆ ਗਿਆ ਜਿਸ
ਦਾ ਨਾਂ ਖਾਲਸਾ ਰੱਖਿਆ ਗਿਆ ਜੋ ਭਰਮ ਭੇਦ ਤੇ ਜਾਤ-ਪਾਤ ਤੋਂ ਨਿਆਰਾ ਸੀ। ਹਲੇਮੀ ਰਾਜ ਦਾ ਮੁੱਢ
ਬੰਨ੍ਹ ਦਿੱਤਾ—
ਹੁਣਿ ਹੁਕਮੁ ਹੋਆ ਮਿਹਰਵਾਣ ਦਾ।। ਪੈ ਕੋਇ ਨ ਕਿਸੈ ਰਞਾਣਦਾ।।
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ।।
ਸਿਰੀ ਰਾਗ ਮਹਲਾ ੫ ਪੰਨਾ ੭੪
ਗੁਰੂ ਗੋਬਿੰਦ ਸਿੰਘ ਜੀ ਨੇ ਦੇਸ ਪੰਜਾਬ ਨੂੰ ਜਰਵਾਣਿਆਂ ਤੋਂ ਅਜ਼ਾਦ ਕਰਾਉਣ ਲਈ ਬਾਬਾ ਬੰਦਾ
ਸਿੰਘ ਜੀ ਬਹਾਦਰ ਨੂੰ ਪੰਜਾਬ ਭੇਜਿਆ। ਇਸ ਸੂਰਬੀਰ ਬਹਾਦਰ ਨੇ ਪੰਜਾਬ ਦੀ ਜ਼ੁਲਮੀ ਸਰਕਾਰ ਨੂੰ ਦਿਨ
ਦੀਵੀਂ ਲੋਹੇ ਦੇ ਚਨੇ ਚਬਾ ਦਿੱਤੇ। ਖਾਲਸਾ ਰਾਜ ਕਾਇਮ ਕਰਕੇ ਖਾਲਸਈ ਸਿੱਕਾ ਜਾਰੀ ਕਰ ਦਿੱਤਾ।
ਖਾਲਸਈ ਰਾਜ ਨੇ ਉਸ ਸਮੇਂ ਦੀ ਕੇਂਦਰੀ ਸਰਕਾਰ ਦੇ ਨੱਕ ਵਿੱਚ ਦਮ ਕਰ ਦਿੱਤਾ। ਕੇਂਦਰੀ ਤੇ ਸੂਬਾ
ਸਰਕਾਰ ਵਲੋਂ ਸਿੱਖਾਂ `ਤੇ ਇੱਕ ਜ਼ੁਲਮ ਦੀ ਹਨੇਰੀ ਝੁੱਲਾਈ ਗਈ। ਸਿਰਾਂ ਦੇ ਮੁੱਲ ਪਏ, ਘਰਬਾਰ ਤਬਾਹ
ਕੀਤੇ ਗਏ, ਘੋੜਿਆਂ ਦੀਆਂ ਕਾਠੀਆਂ `ਤੇ ਰਾਤਾਂ ਕੱਟਣੀਆਂ ਪਈਆਂ ਪਰ ਖੈਬਰ ਦੇ ਦਰਿਆਂ ਰਾਂਹੀ ਆ ਰਹੇ
ਹਮਲਾਵਰਾਂ ਦਾ ਮੂੰਹ ਮੋੜ ਦਿੱਤਾ।
ਇਸ ਸੰਘਰਸ਼ ਨੂੰ ਓਦੋਂ ਫਲ ਲੱਗਾ ਜਦੋਂ ਜੁਲਾਈ ੭, ੧੭੯੯ ਨੂੰ ਅਠਾਰ੍ਹਾਂ ਵਰ੍ਹਿਆਂ ਦਾ ਭਰ ਗਭਰੂ
ਮਹਾਂਰਾਜਾ ਰਣਜੀਤ ਸਿੰਘ ਲਾਹੌਰ ਕਿਲ੍ਹੇ ਵਿੱਚ ਦਾਖਲ ਹੋਇਆ। ਦੇਸ ਪੰਜਾਬ `ਤੇ ਖਾਲਸਾ ਰਾਜ ਕਾਇਮ
ਹੁੰਦਿਆਂ ਹੀ ਬਾਹਰਲੇ ਹਮਲਾਵਰਾਂ ਦਾ ਸਦਾ ਲਈ ਰਸਤਾ ਬੰਦ ਹੋ ਗਿਆ। ਮਹਾਂਰਾਜਾ ਰਣਜੀਤ ਸਿੰਘ ਨੇ
ਪੂਰੇ ਚਾਲੀ ਸਾਲ ਰਾਜ ਕੀਤਾ। ਖਾਲਸਈ ਰਾਜ ਨੂੰ ਖਤਮ ਕਰਨ ਲਈ ਡੋਗਰਿਆਂ ਤੇ ਬ੍ਰਹਾਮਣਾਂ ਨੇ ਕਈ
ਚਾਲਾਂ ਚੱਲੀਆਂ। ਇਹਨਾਂ ਦੀ ਬੇਈਮਾਨੀ ਤੇ ਨਮਕ ਹਰਾਮ ਕਰਕੇ ਮਾਰਚ ੨੯, ੧੮੪੯ ਦੇ ਦਿਨ ਦੇਖਦਿਆਂ
ਦੇਖਦਿਆ ਇੱਕ ਵੱਡੀ ਸਲਤਨੱਤ ਦਸ ਸਾਲ ਦੇ ਥੋੜੇ ਜੇਹੇ ਸਮੇਂ ਵਿੱਚ ਹੀ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਹੋ
ਗਈ।
ਸਮੁੱਚਾ ਭਾਰਤ ਅੰਗਰੇਜ਼ੀ ਰਾਜ ਦੇ ਅਧੀਨ ਹੋ ਗਿਆ। ਅੰਗਰੇਜ਼ਾਂ ਨੂੰ ਭਾਰਤ ਵਿਚੋਂ ਬਾਹਰ ਕੱਢਣ ਲਈ ਕਈ
ਲਹਿਰਾਂ ਚੱਲੀਆਂ। ਮੁਲਕ ਦੀ ਅਜ਼ਾਦੀ ਲਈ ਪੰਜਾਬ ਨੇ ਸਭ ਤੋਂ ਵੱਧ ਆਪਣਾ ਯੋਗਦਾਨ ਪਾਇਆ। ਦੇਸ ਅਜ਼ਾਦ
ਹੋਣ `ਤੇ ਸਭ ਤੋਂ ਵੱਧ ਨੁਕਸਾਨ ਪੰਜਾਬ ਅਤੇ ਬੰਗਾਲ ਦਾ ਹੋਇਆ। ਭੂਗੋਲਿਕ ਤਲ਼ `ਤੇ ਇਹਨਾਂ ਸੂਬਿਆ ਦੀ
ਵੰਡ ਵੀ ਗੈਰ ਕੁਦਰਤੀ ਹੋਈ ਹੈ।
ਸਿੱਖਾਂ ਨੂੰ ਆਪਣੇ ਖੁਸੇ ਹੋਏ ਰਾਜ ਦੀ ਯਾਦ ਅਹਿਸਾਸ ਕਰਾ ਰਹੀ ਸੀ ਕਿ ਕੁਰਬਾਨੀਆਂ ਨਾਲ ਬਣਾਇਆ
ਇਤਿਹਾਸ ਕੁੱਝ ਸਾਲਾਂ ਵਿੱਚ ਹੀ ਅੰਗਰੇਜ਼ ਦੇ ਅਧੀਨ ਚਲਾ ਗਿਆ। ਅਜ਼ਾਦ ਬਿਰਤੀ ਦੇ ਮਾਲਕ ਪੰਜਾਬੀਆਂ ਨੇ
ਅੰਗਰੇਜ਼ਾਂ ਦੀ ਗ਼ੁਲਾਮੀ ਦਾ ਜੂਲ਼ਾ ਆਪਣੇ ਗਲੋਂ ਲਹੁੰਣ ਲਈ ਤੇ ਖਾਲਸਈ ਰਾਜ ਬਹਾਲ ਕਰਨ ਲਈ ਹਰ
ਕੁਰਬਾਨੀ ਦੇਣ ਕਰਨ ਦਾ ਯਤਨ ਕੀਤਾ। ਅੰਗਰੇਜ਼ ਦੇ ਹਰ ਕਾਲੇ ਕਨੂੰਨ ਨੂੰ ਪੰਜਾਬੀਆਂ ਨੇ ਆਪਣੇ ਪਿੰਡੇ
`ਤੇ ਹੰਢਾਇਆ। ਸਿੱਖ ਮਾਨਸਿਕਤਾ ਵਿੱਚ ਆਪਣੇ ਰਾਜ ਦੀ ਪ੍ਰਾਪਤੀ ਦਾ ਸੰਘਰਸ਼ ਸੀ। ਦੂਜੇ ਪਾਸੇ ਭਾਰਤ
ਨੂੰ ਅਜ਼ਾਦ ਕਰਾਉਣ ਲਈ ਕਈ ਪਾਰਟੀਆਂ ਜ਼ੋਰ ਲਗਾ ਰਹੀਆਂ ਸਨ। ਇਨ੍ਹਾਂ ਵਿਚੋਂ ‘ਇੰਡੀਅਨ ਨੈਸ਼ਨਲ ਕਾਂਗਰਸ
ਪਾਰਟੀ` ਸਭ ਤੋਂ ਵੱਧ ਸਰਗਰਮ ਸੀ ਜੋ ੧੮੮੫ ਵਿੱਚ ਕਾਇਮ ਹੋਈ ਸੀ। ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ
ਨੇ ਸਿੱਖ ਲੀਡਰਾਂ ਨਾਲ ਗੱਲ ਕਰਕੇ ਆਪਣੇ ਨਾਲ ਰਲਾ ਲਿਆ ਕਿ ਆਪਾਂ ਸਾਰੇ ਰਲ਼ ਕੇ ਅੰਗਰੇਜ਼ਾਂ ਨੂੰ
ਮੁਲਕ ਵਿਚੋਂ ਬਾਹਰ ਕੱਢੀਏ ਫਿਰ ਆਪਾਂ ਹੀ ਸਾਰੇ ਮੁਲਕ ਦੀ ਵਾਗ ਡੋਰ ਸੰਭਾਲਣੀ ਹੈ। ‘ਇੰਡੀਅਨ ਨੈਸ਼ਨਲ
ਕਾਂਗਰਸ` ਪਾਰਟੀ ਨੇ ਸਿੱਖ ਲੀਡਰਾਂ ਨੂੰ ਅਜ਼ਾਦ ਭਾਰਤ ਦੇ ਸਬਜ਼ ਬਾਗ ਦਿਖਾਉਂਦਿਆਂ ਕੁੱਝ ਮਤੇ ਵੀ ਪਾਸ
ਕੀਤੇ ਗਏ—
੧੯੨੯ ਦੇ ਲਾਹੌਰ ਸੈਸ਼ਨ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਮਤਾ ਪਾਸ ਕੀਤਾ ਸੀ ਕਿ ਕਾਂਗਰਸ ਕੋਈ ਐਸਾ
ਕਾਨੂੰਨ ਮਨਜ਼ੂਰ ਪਾਸ ਨਹੀਂ ਕਰੇਗੀ ਜੋ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਨੂੰ ਮਨਜ਼ੂਰ ਨਹੀਂ ਹੋਏਗਾ।
੧੬ ਮਾਰਚ ੧੯੩੧ ਨੂੰ ਗਾਂਧੀ ਨੇ ਸੀਸ ਗੰਜ ਦਿੱਲੀ ਵਿੱਚ ਕਿਹਾ ਸੀ, “ਕਾਂਗਰਸ ਕਦੀ ਸਿੱਖਾਂ ਨਾਲ
ਵਿਸਾਹਘਾਤ ਨਹੀਂ ਕਰੇਗੀ, ਤੇ ਲਾਹੌਰ ਦੇ ਮਤੇ ਅਨੁਸਾਰ ਕੋਈ ਅਜੇਹਾ ਕਾਨੂੰਨ ਨਹੀਂ ਬਣਾਇਆ ਜਾਏਗਾ ਜੋ
ਸਿੱਖਾਂ ਨੂੰ ਮਨਜ਼ੂਰ ਨਾ ਹੋਵੇ। ਇਸ ਸੂਰਤ ਵਿੱਚ ਸਿੱਖਾਂ ਨੂੰ ਹੱਕ ਹੋਵੇਗਾ ਕਿ ਉਹ ਹੱਥ ਵਿੱਚ
ਤਲਵਾਰ ਫੜ ਕੇ ਬਗਾਵਤ ਕਰਨ, ਵਾਹਿਗੁਰੂ ਤੇ ਮਨੁੱਖ ਜਾਤੀ ਉਹਨਾਂ ਦੀ ਮਦਦ ਕਰਨਗੇ। ਹਵਾਲਾ (ਇੰਡੀਆ
ਜੰਗ, ੧੯ ਮਾਰਚ ੧੯੩੧੦)
ਏਹੀ ਵਾਇਦਾ ਜੁਲਾਈ ੬, ੧੯੪੬ ਨੂੰ ਕਲਕੱਤਾ ਵਿੱਚ ਪੰਡਿਤ ਨਹਿਰੂ ਵਲੋਂ ਫਿਰ ਦੁਹਰਾਇਆ ਗਿਆ। ਨਹਿਰੂ
ਦੇ ਲਫ਼ਜ਼ ਸਨ, “ਪੰਜਾਬ ਦੇ ਬਹਾਦਰ ਸਿੱਖ ਖਾਸ ਸਲੂਕ ਦੇ ਹੱਕਦਾਰ ਹਨ। ਮੈਨੂੰ ਇਸ ਵਿੱਚ ਕੋਈ ਇਤਰਾਜ਼
ਨਹੀਂ ਦਿਸਦਾ ਕਿ ਹਿੰਦੁਸਤਾਨ ਦੇ ਉੱਤਰ ਵਿੱਚ ਇੱਕ ਅਜੇਹਾ ਇਲਾਕਾ ਵੱਖਰਾ ਕਰ ਦਿੱਤਾ ਜਾਏ ਜਿਸ ਵਿੱਚ
ਅਜ਼ਾਦੀ ਦਾ ਨਿੱਘ ਸਿੱਖਾਂ ਦੇ ਲਹੂ ਨੂੰ ਗਰਮਾਵੇ। ਦਸੰਬਰ ੫, ੧੯੪੬ ਨੂੰ ਦਿੱਲੀ ਵਿੱਚ ਹੋਈ ਮੀਟਿੰਗ
ਵਿੱਚ ਵੀ ਏਹੀ ਮਤਾ ਪਾਸ ਕੀਤਾ ਗਿਆ ਕਿ ਅਸੀਂ ਪਵਿੱਤਰ ਸੌਂਹ ਖਾ ਕੇ ਇਹ ਪ੍ਰਣ ਕਰਦੇ ਹਾਂ ਕਿ ਘੱਟ
ਗਿਣਤੀਆਂ ਦੇ ਹੱਕਾਂ ਦੀ ਰਾਖੀ ਕਰਨੀ ਸਾਡਾ ਪਰਮੋ ਧਰਮ ਰਹੇਗਾ।
ਦੇਸ ਅਜ਼ਾਦ ਹੁੰਦਿਆ ਹੀ ਭਾਰਤ ਦੀ ਕੇਂਦਰੀ ਸਰਕਾਰ ਆਪਣੇ ਵਾਇਦੇ ਤੋਂ ਮੁਕਰ ਗਈ। ਸੰਨ ਸੰਤਾਲੀ ਦੇ
ਬਟਵਾਰੇ ਦੌਰਾਨ ਲੁੱਟੀ ਪੁੱਟੀ ਅਤੇ ਲਹੂ-ਲੂਹਾਨ ਹੋਈ ਕੌਮ ਨੂੰ ਚਾਰੋਂ ਪਾਸਿਆਂ ਤੋਂ ਕਈ ਪ੍ਰਕਾਰ ਦੇ
ਹਮਲਿਆਂ ਦਾ ਸ਼ਿਕਾਰ ਹੋਣਾ ਪਿਆ। ਸਿੱਖ ਭਾਈਚਾਰੇ ਨੂੰ ਚੜਾਉਣ ਵਾਲੀਆਂ ਇੱਕ ਤੋਂ ਬਆਦ ਇੱਕ ਘਟਨਾਵਾਂ
ਵਾਪਰਦੀਆ ਗਈਆਂ। ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ੧੦ ਅਕਤੂਬਰ ੧੯੪੭ ਨੂੰ ਇੱਕ ਸਰਕਲੁਰ
ਜਾਰੀ ਕੀਤਾ, ਕਿ “ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹਨ ਤੇ ਸੂਬੇ ਦੇ ਇਨਸਾਫ਼ ਪਸੰਦ ਹਿੰਦੂਆਂ ਵਾਸਤੇ
ਖਤਰਾ ਹਨ। ਇਸ ਗਸ਼ਤੀ-ਪੱਤਰ ਨੇ ਘਰੋਂ ਬੇਘਰ ਹੋਏ ਸਿੱਖਾਂ ਦੇ ਹਿਰਦੇ ਛਲਣੀ ਕੀਤੇ। ਜਾਨ ਨਾਲੋਂ
ਪਿਆਰੇ ਗੁਰਦੁਆਰੇ, ਜ਼ਰਖੇਜ਼ ਜ਼ਮੀਨਾਂ, ਵੱਸਦੇ ਰਸਦੇ ਘਰ ਤੇ ਸੋਹਣੀਆਂ ਹਵੇਲੀਆਂ ਛੱਡ ਕੇ ਆਏ ਸਿੱਖਾਂ
ਦੇ ਜ਼ਖ਼ਮਾਂ `ਤੇ ਲੂਣ ਭੁੱਕਿਆ ਗਿਆ। ਕਿਸੇ ਸ਼ਾਇਰ ਦਾ ਬੜਾ ਖੂਬਸੂਰਤ ਵਿਚਾਰ ਹੈ—
ਖੂਬ ਇਲਾਜ ਕੀਆ ਦਰਦੇ ਦਿੱਲ ਕਾ ਓਨ੍ਹੇ,
ਜ਼ਾਲਮ ਨੇ ਮਲ੍ਹਮ ਭੀ ਲਗਾਈ ਤੋ ਕਾਂਟੋਂ ਕੀ ਨੋਕ ਸੇ।
ਸਿੱਖ ਹਿਸਟਰੀ ਵਿੱਚ ਸਰਦਾਰ ਖੁਸ਼ਵੰਤ ਸਿੰਘ ਨੇ ਪੰਨਾ ਨੰ: ੪੧੭ ਤੇ ਕੁੱਝ ਇੰਜ ਲਿਖਿਆ ਹੈ-” ਸੁਤੰਤਰ
ਭਾਰਤ ਵਿੱਚ ਸਿੱਖ ਕੌਮ ਦੀ ਬੇਚੈਨੀ ਦਾ ਮੁੱਖ ਕਾਰਨ ਇਹ ਸੀ ਕਿ ਹਿੰਦੂਵਾਦ ਦੀ ਪੁਨਰ-ਸੁਰਜੀਤੀ ਕਾਰਨ
ਦੇਸ਼ ਦੀਆਂ ਘੱਟ-ਗਿਣਤੀ ਕੌਮਾਂ ਖਤਰੇ ਦੇ ਵਾਤਾਵਰਣ ਵਿੱਚ ਘਿਰ ਗਈਆਂ। ਪੁਨਰ ਉਬਰੇ ਹਿੰਦੂਵਾਦ ਦਾ
ਰੂਪ ਪ੍ਰਤੱਖ ਤੌਰ ਤੇ ਹਿੰਦੂਆਂ ਦੀਆਂ ਧਾਰਮਿਕ ਜੱਥੇਬੰਦੀਆਂ ਦੀ ਵੱਧਦੀ ਗਿਣਤੀ, ਸੰਸਕ੍ਰਿਤ ਭਾਸ਼ਾ
ਦੀ ਮੁੜ ਬਹਾਲੀ ਅਤੇ ਹਿੰਦੀ ਭਾਸ਼ਾ ਦੇ ਹਿੰਦੂਆਂ ਵਿੱਚ ਕੁੱਝ ਵਧੇਰੇ ਹੀ ਟੱਕਰ ਲੈਣ ਵਾਲਾ ਜੋਸ਼ ਸੀ”।
ਸਰਦਾਰ ਖੁਸ਼ਵੰਤ ਸਿੰਘ ਨੇ ਅੱਗੇ ਲਿਖਿਆ ਹੈ, ਕਿ ਇਸ ਸਬੰਧ ਵਿੱਚ ਸਰਦਾਰ ਹੁਕਮ ਸਿੰਘ ਦਾ ਸਤੰਬਰ ੨੯,
੧੯੫੦ ਵਿੱਚ ਟ੍ਰਿਬਿਊਨ ਅੰਗਰੇਜ਼ੀ ਵਿੱਚ ਛਪਿਆ ਪੱਤਰ ਪ੍ਰਾਸੰਗਿਕ ਹੈ-
“ਹਿੰਦੂ ਅਚਾਨਕ ਹੀ ਜ਼ੋਰਾਵਰ, ਰਾਜਸੀ ਤੌਰ ਤੇ ਜਾਗ੍ਰਤ ਘੱਟ ਗਿਣਤੀ, ਜਿਹੜੀ ਅੱਤ ਕੁਚਲੇ ਹੋਏ ਭਾਵ
ਦੀ ਨਮੋਸ਼ੀ ਵਿੱਚ ਸੀ, ਉਹ ਪੂਰਬੀ ਪੰਜਾਬ ਵਿੱਚ ਕਨੂੰਨੀ ਰੂਪ ਦੀ ਬਹੁ ਗਿਣਤੀ ਬਣ ਗਈ। ਉਹਨਾਂ ਆਪਣੇ
ਬੀਤੇ ਸਮੇਂ ਦੇ ਹੀਣ-ਭਾਵ ਇਕਦਮ ਭੁਲਾ ਦਿੱਤੇ ਅਤੇ ਅੱਤ ਦੀ ਤੀਬਰਤਾ ਵਾਲੀ ਕੱਟੜ ਫਿਰਕੇਦਾਰੀ ਚੇਤਨਾ
ਦਾ ਪ੍ਰਗਟਾਵਾ ਕੀਤਾ”—
“ਹੋਰ ਤਾਂ ਹੋਰ ਪੰਡਤ ਨਹਿਰੂ ਵੀ ਮਿਲੀਟੈਂਟ ਹਿੰਦੂ ਘੋਰ ਦੇਸ਼ ਭਗਤੀਵਾਦ ਮੁੱਖੀ ਹੈ। ਭਾਵੇਂ ਉਹ
ਰਾਸ਼ਟਰਵਾਦ ਦੀ ਚਿਕਨੀ-ਚੋਪੜੀ ਗੱਲ ਕਹਿੰਦੇ ਹਨ। ਉਹ ਲੋਕ ਤੰਤਰ ਦਾ ਨਾਅਰਾ ਬਲੰਦ ਕਰਦੇ ਹਨ ਅਤੇ ਉਹ
ਗਲੋਬੀਅਨ ਝੂਠ ਹੁੰਦਾ ਹੈ। ਸੰਖੇਪ ਵਿੱਚ ਇਸ ਨੂੰ ਸਿਆਸੀ ਧੋਖੇਬਾਜ਼ੀ ਕਿਹਾ ਜਾ ਸਕਦਾ ਹੈ। ਭਾਰਤੀ
ਪ੍ਰਤੀਕਰਮ ਦੀ ਸੇਵਾ ਵਿੱਚ ਇਹ ਵਤੀਰਾ ਹੇਰਾ ਫੇਰੀ ਅਤੇ ਦੋਹਰੀ ਨੀਤੀ ਵਾਲਾ ਹੈ”।
ਸਿੱਖ ਹਿਸਟਰੀ ਵਿੱਚ ਅੱਗੇ ਲਿਖਿਆ ਹੈ ਕਿ “ਉਹਨਾਂ ਸਗੰਠਨਾ ਨੇ, ਜਿਨ੍ਹਾਂ ਦਾ ਸਬੰਧ ਆਰੀਆ ਸਮਾਜ
ਨਾਲ ਸੀ ਅਤੇ ਸਿਆਸੀ ਭਾਗ ਜਨਸੰਘ ਨੇ ਪੰਜਾਬੀ-ਭਾਸ਼ੀ ਹਿੰਦੂਆਂ ਅੰਦਰ ਪ੍ਰੇਰਨਾ ਦੀ ਲਹਿਰਾਂ ਜ਼ੋਰਾਂ
`ਤੇ ਚਲਾਈ ਕਿ ਉਹ ਆਪਣੀ ਮਾਤ ਭਾਸ਼ਾ ਤੋਂ ਨਾਬਰ ਹੋ ਕੇ ਹਿੰਦੀ ਨੂੰ ਅਪਨਾਉਣ। ਇਸ ਸੰਦਰਭ ਵਿੱਚ ੧੯੫੧
ਦੀ ਜਨ-ਗਣਨਾ ਵਿੱਚ ਹਿੰਦੂ ਜਮਾਤਾਂ ਅਤੇ ਸੰਗਠਨਾ ਨੇ ਲਹਿਰ ਚਲਾਈ ਕਿ ਪੰਜਾਬੀ ਬੋਲਣ ਵਾਲੇ ਹਿੰਦੂ
ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਣ। ਇਸ ਜਨ-ਗਣਨਾ ਦੇ ਕਾਰਜ ਸਮੇਂ ਹਿੰਦੂ ਸਿੱਖ ਝਗੜੇ ਵੀ ਹੋਏ”।
ਇੰਡੀਅਨ ਨੈਸ਼ਨਲ ਕਾਂਗਰਸ ਬਾਰ ਬਾਰ ਭਾਸ਼ਾ ਦੇ ਅਧਾਰ ਵਾਲੇ ਸੂਬਿਆਂ ਦੇ ਅਸੂਲ ਦੀ ਪ੍ਰਤੀਬੱਧ ਰਹੀ ਪਰ
ਸੁਤੰਤਰਤਾ ਉਪਰੰਤ ਇਸ ਦਾ ਵਤੀਰਾ ਬਦਲ ਗਿਆ, ਵਿਸ਼ੇਸ਼ ਕਰਕੇ ਜਿੱਥੋਂ ਤਕ ਇਸ ਦਾ ਸਬੰਧ ਪੰਜਾਬ ਅਤੇ
ਸਿੱਖ ਕੌਮ ਨਾਲ ਸੀ। ਜਿੱਥੇ ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਵਾਰ ਵਾਰ ਆਪਣਿਆ ਵਾਇਦਿਆਂ ਤੋਂ ਮੁਕਰੀ
ਜਾ ਰਹੀ ਸੀ ਓੱਥੇ ਪੰਜਾਬ ਦੀਆਂ ਮਹਾਸ਼ਾ ਪ੍ਰੈਸ ਅਤੇ ਹਿੰਦੂ ਸੰਗਠਨਾਂ ਨੇ ਵੀ ਪੰਜਾਬ ਨਾਲ ਇਨਸਾਫ਼
ਨਹੀਂ ਹੋਣ ਦਿੱਤਾ। ੧੯੪੭ ਉਪਰੰਤ ਅਜ਼ਾਦ ਭਾਰਤ ਵਿੱਚ ਬੋਲੀਆਂ ਦੇ ਅਧਾਰਤ ਸੂਬਿਆਂ ਦਾ ਗਠਨ ਹੋਇਆ ਪਰ
ਪੰਜਾਬ ਨੂੰ ਇਹ ਹੱਕ ਹਾਸਲ ਨਾ ਹੋ ਸਕਿਆ। ਪੰਜਾਬ ਦਾ ਪਾਣੀ ਧੱਕੇ ਨਾਲ ਖੋਹ ਕੇ ਦੂਸਰਿਆਂ ਸੂਬਿਆ
ਨੂੰ ਦਿੱਤਾ ਗਿਆ ਪਰ ਦਾ ਇਵਜਾਨਾ ਪੰਜਾਬ ਨੂੰ ਨਾ ਮਿਲਿਆ। ਪੰਜਾਬ ਨੂੰ ਪੰਜਾਬੀ ਸੂਬਾ ਬਣਾਉਣ ਲਈ
ਇੱਕ ਬਹੁਤ ਵੱਡੀ ਜਦੋਜਹਿਦ ਕਰਨੀ ਪਈ। ਜੇ ਪੰਜਾਬੀ ਸੂਬਾ ਬਣਿਆ ਵੀ ਉਹ ਵੀ ਲੰਗੜਾ, ਪੰਜਾਬੀ ਬੋਲਦੇ
ਇਲਾਕੇ ਪੰਜਾਬ ਤੋਂ ਬਾਹਰ ਕੀਤੇ ਗਏ। ਚੰਡੀਗੜ੍ਹ ਤੇ ਭਾਖੜਾ ਡੈਮ ਪੰਜਾਬ ਨੂੰ ਨਾ ਦੇ ਕੇ ਕੇਂਦਰੀ
ਸਰਕਾਰ ਵਲੋਂ ਵਿਤਕਰਿਆਂ ਦੀ ਸੂਚੀ ਲੰਬੀ ਕੀਤੀ ਗਈ। ਫ਼ੌਜ ਵਿਚੋਂ ਸਿੱਖ ਕੋਟਾ ਘਟਾਇਆ ਗਿਆ। ਪੰਜਾਬ
ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਨਾ ਦੇ ਕੇ ਇੱਕ ਕੋਝਾ ਮਜ਼ਾਕ ਕੀਤਾ ਗਿਆ।
ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖਣੇ, ਪਾਣੀਆਂ ਦਾ ਮਸਲਾ ਤੇ ਕਈ ਹੋਰ ਕੇਂਦਰੀ ਸਰਕਾਰ
ਦੀਆਂ ਧੱਕੇ ਸ਼ਾਹੀਆਂ ਸਿੱਖ ਆਗੂਆਂ ਦੇ ਸਾਹਮਣੇ ਸਨ। ਸਿੱਖ ਆਗੂਆਂ ਨੇ ਸੂਬਿਆਂ ਨੂੰ ਵੱਧ ਅਧਿਕਾਰ
ਦੇਣ ਦੀ ਲਈ ਗੱਲ ਕਰਦਿਆਂ ੧੯੭੩ ਨੂੰ ਅਨੰਦਪੁਰ ਦਾ ਮਤਾ ਲਿਆਂਦਾ ਗਿਆ। ਪਰ ਇਸ ਮਤੇ ਨੂੰ ਵੱਖਵਾਦੀ
ਕਹਿ ਕੇ ਭੰਡਿਆ ਗਿਆ। ਪੰਜਾਬ ਦੇ ਦੁਖਾਂਤ ਦੀ ਦੂਸਰੀ ਪਾਰੀ ਸ਼ੁਰੂ ਕਰਨ ਲਈ ਸਤਲੁਜ ਜਮਨਾ ਲਿੰਕ ਨਹਿਰ
ਦੇ ਮਸਲੇ ਨੂੰ ਲਿਆਂਦਾ ਗਿਆ। ਧੱਕੇ ਨਾਲ ਇਸ ਨਹਿਰ ਦਾ ਨਿਰਮਾਣ ਕਰਨ ਲਈ ਸੁਪਰੀਮ ਕੋਟ ਵਿੱਚ ਚਲ ਰਹੇ
ਪਾਣੀਆਂ ਦਾ ਕੇਸ ਵਾਪਸ ਲਿਆ ਗਿਆ। ਇਸ ਨਹਿਰ ਦੇ ਨਿਰਮਾਣ ਨੂੰ ਰੋਕਣ ਲਈ ਅਕਾਲੀ ਦਲ ਨੂੰ ਮੋਰਚਾ
ਲਗਾਉਣਾ ਪਿਆ।
ਤਸਵੀਰ ਦੇ ਦੂਸਰੇ ਪਾਸੇ ਕੇਂਦਰ ਸਰਕਾਰ ਵਲੋਂ ਨਕਲੀ ਨਿੰਰਕਾਰੀਆਂ ਨੂੰ ਥਾਪੜਾ ਦਿੱਤਾ ਗਿਆ ਜੋ ਸਿੱਖ
ਧਰਮ ਨਾਲ ਕੋਝਾ ਮਜ਼ਾਕ ਕਰ ਰਹੇ ਸਨ। ਜਨੀ ਕਿ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ `ਤੇ ਸੱਟ ਮਾਰ ਰਹੇ
ਸਨ। ਇਸ ਸਬੰਧੀ ਡਾ. ਹਰਜਿੰਦਰ ਸਿੰਘ ਦਿਲਗੀਰ ਦੇ ਸ਼ਬਦ ਬਹੁਤ ਹੀ ਭਾਵਪੂਰਤ ਹਨ ਜੋ ਸਿੱਖ ਤਵਾਰੀਖ਼ ਦੇ
ਪੰਨਾ ੧੨੨੬ `ਤੇ ਅੰਕਤ ਹਨ, “ਇਸ ਮਾਹੌਲ ਵਿੱਚ ਅਕਾਲ ਤਖਤ ਸਾਹਿਬ, ਸਰਬੱਤ ਖਾਲਸਾ, ਪੰਥ ਤੇ ਕੌਮ ਦੀ
ਗੱਲ ਕਰਨੀ ਓਪਰੀ ਸਮਝੀ ਜਾਂਦੀ ਸੀ, ਪਰ ਕੁੱਝ ਆਲਮ-ਫ਼ਾਜ਼ਲ ਸ਼ਖ਼ਸ, ਪ੍ਰੋਫੈਸਰ, ਵਕੀਲ, ਲੇਖਕ, ਪਾੜ੍ਹੇ
ਤੇ ਸੰਜੀਦਾ ਨੌਜਵਾਨ ਤੇ ਹੋਰ ਪੰਥ-ਦਰਦੀ ਤੜਫ ਰਹੇ ਸਨ। ਉਹਨਾਂ ਦੇ ਸੀਨੇ ਵਿੱਚ ਇੱਕ ਤੂਫ਼ਾਨ ਦੱਬਿਆ
ਬੈਠਾ ਸੀ। ਜਾਪਦਾ ਸੀ ਕਿ ਇੱਕ ਤੂਫ਼ਾਨ ਆਵੇਗਾ ਤੇ ਇੱਕ ਭਾਂਬੜ ਮਚੇਗਾ। ਇੰਤਜ਼ਾਰ ਸਿਰਫ ਇੱਕ ਚਿੰਗਾੜੀ
ਦੀ। --ਤੇ ਉਹ ਚਿੰਗਾੜੀ ੧੩ ਅਪ੍ਰੈਲ ੧੯੭੮ ਦੇ ਦਿਨ ਭੜਕ ਉੱਠੀ, ਜਿਸ ਨੇ ਪੰਥ, ਪੰਜਾਬ, ਭਾਰਤ ਤੇ
ਸਾਰੀ ਦੁਨੀਆਂ ਦੇ ਸਿੱਖਾਂ ਨੂੰ ਹਿਲਾ ਕੇ ਰੱਖ ਦਿੱਤਾ।
ਸਿੱਖ ਭਾਈਚਾਰੇ ਨੂੰ ਚਿੜਾਉਣ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹਨ। ਜਿਸ ਤਰ੍ਹਾਂ ੨੯ ਮਈ
੧੯੮੧ ਨੂੰ ਭਾਰਤੀ ਜਨਤਾ ਪਾਰਟੀ, ਜਨਸੰਘ, ਰਾਸ਼ਟਰੀ ਸੰਘ ਤੇ ਹੋਰ ਫਿਰਕੂ ਜੱਥੇਬੰਦੀਆਂ ਨੇ ਇੱਕ ਜਲੂਸ
ਕੱਢਿਆ ਜਿਸ ਵਿੱਚ ਘਟੀਆ ਤੋਂ ਘਟੀਆ ਨਾਅਰੇ ਲਗਾਏ। ਜਿਸ ਤਰ੍ਹਾਂ ਕੱਛਾ ਕੜਾ ਕਿਰਪਾਨ- ਸਿੱਖਾਂ ਨੂੰ
ਭੇਜੋ ਪਾਕਿਸਤਾਨ। ਉੜੀ ਐੜੀ ਨਹੀਂ ਪੜ੍ਹਗੇਂ—ਜੂੜੀ ਜਾੜੀ ਕਾਟ ਧਰੇਗੇਂ। ਸਿਗਰਟ ਬੀੜੀ ਪੀਏਂਗੇ—ਓਰ
ਸ਼ਾਨ ਸੇ ਜੀਏਂਗੇ।
੧੯੮੨ ਵਿੱਚ ਏਸ਼ੀਆ ਖੇਡਾਂ ਸਮੇਂ ਹਰਿਆਣਾ ਸਰਕਾਰ ਨੇ ਹਰਿਆਣੇ ਵਿਚੋਂ ਸਿੱਖਾਂ ਦੇ ਲਾਂਘੇ `ਤੇ ਪਬੰਦੀ
ਲਗਾ ਦਿੱਤੀ ਜਿਸ ਨੇ ਬਲਦੀ `ਤੇ ਤੇਲ ਪਉਣ ਦਾ ਕੰਮ ਕੀਤਾ। ਇੰਜ ਮਹਿਸੂਸ ਹੁੰਦਾ ਹੈ ਕਿ ਇਹ ਸਾਰੀਆਂ
ਕਾਰਵਾਈਆਂ ਸਿੱਖਾਂ ਦੇ ਜ਼ਜਬਾਤ ਨੂੰ ਭੜਕਾਉਣ ਲਈ ਹੀ ਕੀਤੀਆਂ ਗਈਆਂ ਹੋਣ।
੧੯੭੫ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਕਰਕੇ ਮੁਲਕ ਵਿੱਚ ਐਮਰਜੈਂਸੀ ਲਗਾਈ ਤਾਂ ਸਾਰੇ ਮੁਲਕ
ਨੇ ਇਸ ਨੂੰ ਰੱਬ ਦਾ ਭਾਣਾ ਕਰਕੇ ਮੰਨ ਲਿਆ ਪਰ ਅਕਾਲੀ ਦਲ ਨੇ ਇਸ ਐਮਰਜੈਂਸੀ ਨੂੰ ਸਿਰੇ ਤੋਂ
ਨਿਕਾਰਦਿਆਂ ਮਨੁੱਖੀ ਅਧਿਕਾਰਾਂ ਦੀ ਬਹਾਲੀ ਲਈ ਮੋਰਚਾ ਲਗਾ ਦਿੱਤਾ। ਦੁੱਖ ਇਸ ਗੱਲ ਦਾ ਹੈ ਕਿ ਜਦੋਂ
ਮੁਲਕ ਵਿੱਚ ਐਮਰਜੈਂਸੀ ਲਗਾਈ ਤਾਂ ਸਾਰੇ ਮੁਲਕ ਨੇ ਸਵੀਕਾਰ ਕਰ ਲਈ ਸੀ। ਇਸ ਦੇ ਵਿਰੁੱਧ ਜਦੋਂ
ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਨੂੰ ਰਗੜਿਆ ਜਾ ਰਿਹਾ ਸੀ ਤਾਂ ਕਟੜ ਹਿੰਦੂ ਜੱਥੇਬੰਦੀਆਂ ਨੇ ਇਸ
ਕਾਲੇ ਕਨੂੰਨ ਦੇ ਹੱਕ ਵਿੱਚ ਅਵਾਜ਼ ਉਠਾਈ। ਪੰਜਾਬ ਵਿੱਚ ਕਰੜੇ ਤੋਂ ਕਰੜਾ ਕਨੂੰਨ ਬਣਾ ਕਿ ਨੌਜਵਾਨਾਂ
`ਤੇ ਤਸ਼ੱਦਦ ਕੀਤਾ ਗਿਆ।
ਭਾਰਤ ਦੀ ਕੇਂਦਰੀ ਸਰਕਾਰ ਨੇ ਪੰਜਾਬ ਨੂੰ ਬਣਦਾ ਹੱਕ ਦੇਣ ਦੀ ਥਾਂ `ਤੇ ਹਮੇਸ਼ਾਂ ਲਾਰਾ ਲੱਪਾ ਲਉਂਦੀ
ਰਹੀ। ਹਕੀਕੀ ਮੰਗਾਂ ਮੰਨਣ ਦੀ ਥਾਂ `ਤੇ ਸੋਚੀ ਸਮਝੀ ਸਕੀਮ ਅਨੁਸਾਰ ਅਕਾਲ ਤਖਤ ਤੇ ਬਾਕੀ ਹੋਰ ਬਹੁਤ
ਸਾਰੇ ਗੁਰਦੁਆਰਿਆਂ `ਤੇ ਭਾਰਤੀ ਫੌਜ ਵਲੋਂ ਹਮਲਾ ਕੀਤਾ ਗਿਆ। ਇਸ ਦੁਖਾਂਤ ਦਾ ਪਹਿਲੂ ਇਹ ਹੈ ਕਿ
ਅਜ਼ਾਦ ਭਾਰਤ ਵਿੱਚ ਆਪਣੇ ਮੁਲਕ ਦੇ ਧਾਰਮਕ ਅਸਥਾਨਾਂ `ਤੇ ਆਪਣੀ ਹੀ ਫੌਜ ਵਲੋਂ ਭਿਆਨਕ ਰੂਪ ਵਿੱਚ
ਹਮਲਾ ਕੀਤਾ ਗਿਆ। ਇਹ ਹਮਲਾ ਵੀ ਓਦੋਂ ਕੀਤਾ ਗਿਆ ਜਦੋਂ ਜੂਨ ਦੇ ਮਹੀਨੇ ਵਿੱਚ ਗੁਰੂ ਅਰਜਨ ਪਾਤਸ਼ਾਹ
ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਦੂਰ ਦਰਾਡ ਤੋਂ ਦਰਬਾਰ ਸਾਹਿਬ ਸੰਗਤਾਂ ਆਈਆਂ ਹੋਈਆਂ ਸਨ। ਅਕਾਲ
ਤੱਖਤ ਅਤੇ ਬਾਕੀ ਗੁਰਦੁਆਰਿਆਂ `ਤੇ ਮਸ਼ੀਨ ਗੰਨਾਂ, ਟੈਂਕਾਂ ਨਾਲ ਕੀਤਾ ਗਿਆ ਹਮਲਾ ਘੱਟ ਗਿਣਤੀ ਵਿੱਚ
ਰਹਿ ਰਹੀਆਂ ਕੌਮਾਂ ਨੂੰ ਅਹਿਸਾਸ ਕਰਾਉਣਾ ਹੈ ਕਿ ਹੱਕ ਮੰਗਣ ਵਾਲਿਆਂ ਨਾਲ ਅਜੇਹਾ ਸਲੂਕ ਕੀਤਾ ਜਾ
ਸਕਦਾ ਹੈ। ‘ਲਾਸਾਨੀ ਇਨਕਲਾਬ` ਪੁਸਤਕ ਦੇ ਪੰਨਾ ਨੂੰ. ੨੪੯ ਤੇ ਇੱਕ ਅੰਦਾਜ਼ੇ ਮੁਤਾਬਿਕ ਤਿੰਨ ਲੱਖ
ਭਾਰਤੀ ਫੌਜ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸ਼ਾਮਲ ਹੋਈ। ਜੂਨ ਚੌਰਾਸੀ ਅਜੇਹਾ ਰਿਸਦਾ ਜ਼ਖਮ ਹੈ ਜਿਸ
ਦੀ ਕਦੇ ਵੀ ਭਰਪਾਈ ਨਹੀਂ ਹੋ ਸਕਦੀ। ਇਸ ਸਾਰੀ ਭਿਆਨਕ ਦਾਸਤਾਂ ਨੂੰ ਲੋਕ ਹਿਤਾਂ ਨਾਲ ਪਿਆਰ ਕਰਨ
‘ਸਿਟੀਜ਼ਨ ਫਾਰ ਡੈਮੋਕ੍ਰੇਸੀ` ਜੱਥੇਬੰਦੀ ਨੇ ਦਰਬਾਰ ਸਾਹਿਬ ਅੰਦਰ ਅਣਮਨੁੱਖੀ ਢਾਏ ਕਹਿਰ ਦਾ ਕਾਲਾ
ਚਿੱਠਾ ਜਦ ਲੋਕ ਕਚਹਿਰੀ ਵਿੱਚ ਰੱਖਿਆ ਤਾਂ ਉਸ `ਤੇ ਫੋਰਨ ਪਾਬੰਦੀ ਲਗਾ ਦਿੱਤੀ ਗਈ। ਇਸ ਰਿਪੋਰਟ ਦੇ
ਅੰਸ਼ਾਂ ਅਨੁਸਾਰ ਅਜ਼ਾਦ ਹਿੰਦੁਸਤਾਨ ਵਿੱਚ ਇਹ ਵਹਿਸ਼ੀ ਕਾਰਨਾਮਾ ਅੰਗਰੇਜ਼ਾਂ ਵਲੋਂ ਜਲ੍ਹਿਆਂ ਵਾਲੇ ਬਾਗ
ਦੇ ਕੀਤੇ ਕਾਲੇ ਨਾਮੇ ਨੂੰ ਗਿਣਤੀ ਤੇ ਮਾਰਨ ਦੇ ਢੰਗ ਤਰੀਕਿਆਂ ਨੂੰ ਮਾਤ ਪਉਂਦਾ ਹੈ।
ਦਰਬਾਰ ਸਾਹਿਬ ਦੇ ਹਮਲੇ ਦੀ ਤਿਆਰੀ ਇਂਦਰਾ ਗਾਂਧੀ ਵਲੋਂ ਪਹਿਲਾਂ ਹੀ ਕਰ ਲਈ ਗਈ ਸੀ। ਇਸ ਮਕਸਦ ਲਈ
`ਚਕਰਾਤਾ` ਨੇੜੇ (ਦੇਰਾਦੂਨ) ਅਤੇ ‘ਸਰਸਾਵਾਂ` ਨੇੜੇ (ਸਹਾਰਨਪੁਰ) ਵਿਖੇ ਦਰਬਾਰ ਸਾਹਿਬ ਦਾ ਮਾਡਲ
ਬਣਾ ਕਿ ਬਕਾਇਦਾ ਫੌਜੀਆਂ ਨੂੰ ਸਿਖਲਾਈ ਦਿੱਤੀ ਗਈ।
ਦਰਬਾਰ ਸਾਹਿਬ ਦੇ ਹਮਲੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੀਆਂ ਦੁਰਲੱਭ ਗ੍ਰੰਥ, ਪੁਸਤਕਾਂ ਤੇ
ਹੋਰ ਕੀਮਤੀ ਸਮਾਨ ਦੋ ਸੌ ਤੋਂ ਵੱਧ ਬਕਸਿਆਂ ਵਿੱਚ ਪਾ ਕੇ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਬਾਕੀ ਦੇ
ਨੂੰ ਅੱਗ ਲਗਾ ਦਿੱਤੀ। ਦਰਬਾਰ ਸਾਹਿਬ ਦੇ ਹਮਲੇ ਦੇ ਰੋਸ ਵਜੋਂ ਸਿੱਖ ਕੌਮ ਦੇ ਬੁੱਧੀਜੀਵੀ ਵਰਗ ਤਥਾ
ਸਾਰੇ ਹੀ ਸੁਹਿਰਦ ਜਾਗਦੀ ਜ਼ਮੀਰ ਵਾਲਿਆਂ ਨੇ ਸਰਾਕਾਰ ਵਲੋਂ ਮਿਲੇ ਮਾਣ-ਸਨਮਾਨ ਪੱਤਰਾਂ ਨੂੰ ਵਾਪਸ
ਕਰਕੇ ਆਪਣਾ ਰੋਸ ਜਿਤਾਇਆ। ਜੂਨ ਚੌਰਾਸੀ ਦੇ ਇਹ ਭਿਆਨਕ ਕਾਂਡ ਵਿੱਚ ਮੂਲਵਾਦੀ ਬਹੁ-ਗਿਣਤੀ ਵਾਲੇ
ਬਿੱਪਰ ਅਤੇ ਪ੍ਰੈਸ ਨੇ ਇਨ੍ਹਾਂ ਜ਼ਖਮਾਂ `ਤੇ ਹਮੇਸ਼ਾਂ ਲੂਣ ਹੀ ਭੁੱਕਿਆ ਹੈ। ਬਹੁ-ਗਿਣਤੀ ਨੂੰ ਖੁਸ਼
ਕਰਕੇ ਵੋਟਾਂ ਲੈਣ ਲਈ ਸਿੱਖ ਕੌਮ ਨੂੰ ਕਦੇ ਜ਼ਰਾਇਮ ਪੇਸ਼ਾ ਕਦੇ ਵੱਖਵਾਦੀ ਕਦੇ ਅੱਤਵਾਦੀ ਕਹਿ ਕੇ
ਦੁਨੀਆਂ ਵਿੱਚ ਭੰਡਣ ਦਾ ਕੋਜ਼ਾ ਮਜ਼ਾਕ ਹੁੰਦਾ ਆ ਰਿਹਾ ਹੈ। ਲੰਬੇ ਸਮੇਂ ਤੋਂ ਸਿੱਖ ਮਾਨਸਕਤਾ ਨੂੰ
ਵਲੂੰਦਰਨ ਲਈ ਸਮੇਂ ਸਮੇਂ ਸਰਕਾਰ ਨੇ ਆਪਣੇ ਹੱਥ-ਕੰਡੇ ਵਰਤੇ ਹਨ ਜਿਸ ਦਾ ਸਾਥ ਬਾਕੀ ਰਾਜਸੀ
ਪਾਰਟੀਆਂ ਨੇ ਦਿੱਤਾ ਹੈ। ਅੱਜ ਲੋੜ ਹੈ ਸਿੱਖੀ ਦੇ ਨਿਆਰੇਪਨ ਨੂੰ ਕਾਇਮ ਰੱਖਣ ਦੀ ਤੇ ਬਿਪਰ ਦੇ
ਮਾਰੂ ਹਮਲਿਆਂ ਤੋਂ ਬਚਾ ਕੇ ਉਸ ਦੀ ਪਹਿਛਾਣ ਕਰਨ ਦੀ। ਭਾਈ ਸਿਮਰਨ ਸਿੰਘ ਦੀਆਂ ਕੁੱਝ ਸਤਰਾਂ ਬੜੀਆਂ
ਭਾਵ ਪੂਰਤ ਹਨ--
ਦਿੰਦੇ ਜੇ ਨਾਂ ਛਾਤੀਆਂ ਇਕ੍ਹੱਤਰ ਚ ਟੈਕਾਂ ਅੱਗੇ , ਦਿੱਲੀ ਤੱਕ ਹਰੇ ਨੇ ਸੀ ਝੁੱਲਣਾਂ । ਦਿੱਤਾ
ਜੋ ਇਨਾਮ ਸਾਨੂੰ ਉਸੇ ਹੀ ਬਹਾਦਰੀ ਦਾ , ਉਨੀਂ ਸੌ ਚਰਾਸੀ ਕਦੋਂ ਭੁਲਣਾਂ । ਕਦੇ ਗਦਰੀ ਓਹ ਬਾਬੇ ,
ਕਦੇ ਉਧਮ ਸਰ੍ਹਾਭੇ , ਹੁਣ ਭੁੱਲਰ ਵੀ ਜਰਨ ਲਈ ਅਸੀਂ ਹੀ ਬਚੇ ਹਾਂ । ਕੀ ਫਾਂਸੀਆਂ ਤੇ ਚੜਨ ਲਈ
ਅਸੀਂ ਹੀ ਬਚੇ ਹਾਂ , ਕੀ ਜ੍ਹੇਲਾਂ ਵਿੱਚ ਸੜਨ ਲਈ ਅਸੀਂ ਹੀ ਬਚੇ ਹਾਂ
ਪਿੰਸੀਪਲ ਗੁਰਬਚਨ ਸਿੰਘ ‘ਪੰਨਵਾਂ`