ਨਿਰੰਕਾਰੁ ਆਕਾਰ ਅਛਲ ਪੂਰਨ ਅਬਿਨਾਸੀ।।
ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ।।
ਗੁਣ ਗਾਵਹਿ ਬੇਅੰਤ ਅੰਤੁ ਇਕੁ ਤਿਲੁ ਨਹੀ ਪਾਸੀ।।
ਜਾ ਕਉ ਹੋਂਹਿ ਕ੍ਰਿਪਾਲ ਸੁ ਜਨੁ ਪ੍ਰਭ ਤੁਮਹਿ ਮਿਲਾਸੀ।।
ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲੁ ਹਰਿ ਹਰਿ ਭਯਉ।।
ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ
ਜਨਮ ਮਰਣ ਦੁਹ ਥੇ ਰਹਿਓ।। ੫।।
(ਪੰਨਾ ੧੩੮੬)
ਪਦ ਅਰਥ:- ਨਿਰੰਕਾਰੁ ਆਕਾਰ – ਉਹ ਹਰੀ ਆਕਾਰ ਰਹਿਤ ਹੈ ਭਾਵ ਉਸ ਦਾ
ਕੋਈ ਆਕਾਰ ਨਹੀਂ। ਅਛਲ – ਉਹ ਛਲਿਆ ਨਹੀਂ ਜਾ ਸਕਦਾ। ਪੂਰਨ ਅਬਿਨਾਸੀ – ਪੂਰਨ ਹੈ
ਜੋ ਨਾਸ਼ਵਾਨ ਨਹੀਂ। ਹਰਖਵੰਤ – ਪ੍ਰਸੰਨ। ਆਨੰਤ ਰੂਪ - ਬੇਮਿਸਾਲ ਰੂਪ। ਨਿਰਮਲ
– ਪਵਿੱਤਰ। ਬਿਗਾਸੀ – ਮਉਲਿਆ ਹੋਇਆ। ਗੁਣ ਗਾਵਹਿ – ਗੁਣ ਗਾਉਣੇ ਭਾਵ
ਪ੍ਰਚਾਰ ਕਰਨਾ। ਬੇਅੰਤ ਅੰਤੁ – ਬੇਅੰਤ, ਜਿਸ ਦਾ ਕੋਈ ਅੰਤ ਨਹੀਂ। ਇਕੁ – ਇਕੁ
ਕਰਤਾ। ਤਿਲੁ – ਤਿਲ ਦੇ ਦਾਣੇ ਜਿੰਨਾ। ਨਹੀ – ਨਹੀਂ। ਪਾਸੀ – ਪੈਂਦੇ,
ਪਾਏ ਜਾ ਸਕਦੇ। ਜਾ – ਜਿਸ। ਕਉ – ਨੂੰ। ਹੋਂਹਿ – ਹੁੰਦੀ ਹੈ।
ਕ੍ਰਿਪਾਲ – ਬਖ਼ਸ਼ਿਸ਼। ਸੁ ਜਨੁ – ਉਹ ਜਨ। ਪ੍ਰਭ - ਸੱਚ ਪ੍ਰਭੂ। ਤੁਮਹਿ –
ਤੇਰੇ। ਮਿਲਾਸੀ – ਸਮਝ ਪੈਂਦੀ ਹੈ, ਮਿਲ ਜਾਣਾ, ਪ੍ਰਾਪਤ ਹੋ ਜਾਣਾ, ਸਮਝ ਪੈ ਜਾਣੀ।
ਧੰਨਿ – ਸਲਾਹੁਣਯੋਗ। ਧੰਨਿ ਧੰਨਿ – ਦੁਹਰਾ ਇਸ ਕਰਕੇ ਹੈ ਕਿ ਜ਼ੋਰ ਦੇ ਕੇ ਕਿਸੇ
ਗੱਲ ਨੂੰ ਕਹਿਣਾ। ਤੇ – ਉਹ। ਧੰਨਿ – ਸਲਾਹੁਣਯੋਗ। ਜਨ – ਜਨ। ਜਿਹ –
ਜਿਹੜੇ, ਅਜਿਹੇ। ਕ੍ਰਿਪਾਲੁ – ਕ੍ਰਿਪਾਲਤਾ, ਬਖ਼ਸ਼ਿਸ਼। ਹਰਿ ਹਰਿ – ਸੱਚੇ ਹਰੀ ਦੇ ਸੱਚ
ਵਿੱਚ। ਭਯਉ – ਲੀਨ ਹੋ ਗਏ। ਹਰਿ ਗੁਰੁ – ਹਰੀ ਦੇ ਗਿਆਨ ਨੂੰ ਆਪਣੇ ਜੀਵਨ ਵਿੱਚ
ਗ੍ਰਹਿਣ ਕਰਨਾ, ਕੀਤਾ। ਜਿਨ ਪਰਸਿਅਉ – ਜਿਨ੍ਹਾਂ (ਭੱਟ ਸਾਹਿਬਾਨ) ਨੇ ਨਾਨਕ ਦੀ ਤਰ੍ਹਾਂ
ਗਿਆਨ ਨੂੰ ਪਰਸਿਆ। ਸਿ – ਉਹ। ਜਨਮ ਮਰਣ – ਜੰਮ ਕੇ ਮਰ ਜਾਣ ਤੋਂ। ਦੁਹ ਥੇ –
ਦੁਹਾਂ ਗੱਲਾਂ ਤੋਂ। ਰਹਿਉ – ਰਹਿਤ ਹੈ। (ਉਹ ਹਰੀ ਜੰਮਦਾ ਅਤੇ ਮਰਦਾ ਨਹੀਂ, ਉਸ ਦੀ
ਬਖ਼ਸ਼ਿਸ਼ ਨੂੰ ਮੰਨਣ ਵਾਲੇ ਨੂੰ ਨਿਰਾਸਤਾ ਨਹੀਂ ਸਹੇੜਨੀ ਪੈਂਦੀ)
ਇਹ ਭੱਟ ਬਾਣੀ ਦਾ ਉਦੇਸ਼ ਹੈ ਜੋ ਮਹਲਾ ਪੰਜਵਾਂ ਵੱਲੋਂ ਸਮਝਾਇਆ ਜਾ ਰਿਹਾ
ਹੈ।
ਅਰਥ:- ਹੇ ਭਾਈ! ਉਹ ਹਰੀ ਪੂਰਨ ਤੌਰ `ਤੇ ਆਕਾਰ ਰਹਿਤ ਹੈ, ਭਾਵ ਉਸ ਦਾ
ਕੋਈ ਸਰੀਰਕ ਆਕਾਰ ਨਹੀਂ ਹੈ, ਇਸ ਕਰਕੇ ਨਾ ਹੀ ਉਹ ਨਾਸ਼ਵੰਤ ਹੈ, ਨਾ ਹੀ ਛਲਿਆ ਜਾ ਸਕਦਾ ਹੈ। ਉਹ
ਬੇਮਿਸਾਲ ਪਵਿੱਤਰ ਹੈ, ਉਸ ਦੀ ਕਿਸੇ ਨਾਲ ਮਿਸਾਲ ਦੇ ਕੇ ਤੁਲਨਾ ਨਹੀਂ ਕੀਤੀ ਜਾ ਸਕਦੀ। ਉਹ
ਜ਼ੱਰੇ-ਜ਼ੱਰੇ ਵਿੱਚ ਆਪ ਹੀ ਮਉਲਿਆ ਭਾਵ ਰੰਮਿਆ ਹੋਇਆ ਹੈ ਅਤੇ ਸਦੀਵੀ ਪ੍ਰਸੰਨ ਹੈ। ਉਸ ਇਕੁ ਦੇ ਗੁਣ
ਬੇਅੰਤ ਕਹਿ ਕਰਕੇ ਵੀ ਗਾਵੀਏ (ਪ੍ਰਚਾਰੀਏ) ਤਾਂ ਵੀ ਅਖ਼ੀਰ ਉਸ ਦੇ ਗੁਣਾਂ ਦੀ ਬੇਅੰਤਤਾ ਦੇ ਬਰਾਬਰ
ਇੱਕ ਤਿਲ ਜਿੰਨੇ ਵੀ ਨਹੀਂ ਕਹੇ ਜਾ ਸਕਦੇ। ਜਿਸ ਜਨ ਉੱਪਰ ਤੇਰੀ ਸੱਚੇ ਪ੍ਰਭੂ ਦੇ ਸੱਚ (ਗਿਆਨ) ਦੀ
ਬਖ਼ਸ਼ਿਸ਼ ਹੁੰਦੀ ਹੈ, ਉਸ ਜਨ ਨੂੰ ਤੇਰੇ ਇਸ ਸੱਚ ਦੀ ਸਮਝ ਪੈਂਦੀ ਹੈ ਕਿ (ਉਹ ਇਕੁ ਰੰਮਿਆ ਹੋਇਆ
ਹਰੀ-ਸੱਚ ਹੀ ਅਬਿਨਾਸੀ) ਹੈ। ਅਜਿਹੇ ਉਸ ਸੱਚੇ ਹਰੀ ਦੀ ਸੱਚੀ ਬਖ਼ਸ਼ਿਸ਼ ਵਿੱਚ ਲੀਨ ਹੋਣ ਵਾਲੇ ਜੋ ਜਨ
ਹਨ, ਉਹ ਉਸ ਅਬਿਨਾਸੀ ਨੂੰ ਹੀ ਸਲਾਹੁੰਦੇ ਹਨ। ਇਸੇ ਤਰ੍ਹਾਂ ਜਿਨ੍ਹਾਂ (ਭੱਟ ਸਾਹਿਬਾਨ) ਨੇ ਨਾਨਕ
ਦੀ ਤਰ੍ਹਾਂ ਹਰੀ ਦੀ ਬਖ਼ਸ਼ਿਸ਼ ਗਿਆਨ ਨੂੰ ਗ੍ਰਹਿਣ ਕਰਕੇ ਪਰਸਿਆ ਭਾਵ ਜੀਵਨ ਵਿੱਚ ਅਪਣਾਇਆ ਹੈ,
ਉਨ੍ਹਾਂ ਨੇ ਇਹ ਹੀ ਆਖਿਆ ਕਿ ਉਹ ਹਰੀ ਜਨਮ ਮਰਨ ਦੋਨਾਂ ਗੱਲਾਂ ਤੋਂ ਰਹਿਤ ਹੈ (ਭਾਵ ਉਹ ਜੰਮ ਕੇ ਮਰ
ਜਾਣ ਵਾਲੇ ਅਵਤਾਰਵਾਦੀਆਂ ਦੇ ਰੱਬ ਹੋਣ ਦੇ ਭਰਮ ਤੋਂ ਮੁਕਤ ਹੋ ਗਏ)।
ਨੋਟ:-ਇਹ ਭੱਟ ਬਾਣੀ ਉਚਾਰਣ ਦਾ ਉਦੇਸ਼ ਮਹਲਾ ੫ ਨੇ ਸਮਝਾਇਆ ਹੈ।
ਪਾਠਕਾਂ ਨੂੰ ਬੇਨਤੀ ਹੈ ਕਿ ਇਹ ਗੱਲਾਂ ਭੱਟ ਸਾਹਿਬਾਨ ਵੱਲੋਂ ਉਚਾਰਨ ਸਵਈਯਾਂ ਅੰਦਰ ਲੱਭਣੀਆਂ ਹਨ
ਕਿ ਉਹ ਕਰਤਾ ਜਨਮ ਮਰਨ ਤੋਂ ਰਹਿਤ ਹੈ।
ਸਤਿ ਸਤਿ ਹਰਿ ਸਤਿ ਸਤਿ ਸਤੇ ਸਤਿ ਭਣੀਐ।।
ਦੂਸਰ ਆਨ ਨ ਅਵਰੁ ਪੁਰਖੁ ਪਊਰਾਤਨੁ ਸੁਣੀਐ।।
ਅੰਮ੍ਰਿਤੁ ਹਰਿ ਕੋ ਨਾਮੁ ਲੈਤ ਮਨਿ ਸਭ ਸੁਖ ਪਾਏ।।
ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਘਾਏ।।
ਜਿਹ ਠਾਕੁਰੁ ਸੁਪ੍ਰਸੰਨੁ ਭਯ+ ਸਤਸੰਗਤਿ ਤਿਹ ਪਿਆਰੁ।।
ਹਰਿ ਗੁਰੁ ਨਾਨਕੁ ਜਿਨੑ ਪਰਸਿਓ ਤਿਨੑ ਸਭ ਕੁਲ ਕੀਓ ਉਧਾਰੁ।। ੬।।
(ਪੰਨਾ ੧੩੮੬)
ਪਦ ਅਰਥ:- ਸਤਿ ਸਤਿ – ਸਦੀਵੀ ਸਥਿਰ ਰਹਿਣ ਵਾਲਾ। ਹਰਿ –
ਹਰੀ। ਸਤੇ ਸਤਿ – ਹਮੇਸ਼ਾ ਸਦੀਵੀ ਸਥਿਰ। ਭਣੀਐ – ਆਖਣਾ। ਦੂਸਰ ਆਨ –
ਕਿਸੇ ਦੂਸਰੇ ਨੂੰ। ਅਵਰੁ – ਹੋਰ ਨੂੰ। ਪੁਰਖੁ – ਪੁਰਖ। ਪਊਰਾਤਨੁ – ਆਦਿ ਪੁਰਖ (ਮ:
ਕੋਸ਼)। ਭਾਵ ਕਰਤਾਰ। ਸੁਣੀਐ – ਸੁਣਨਾ ਚਾਹੀਦਾ ਹੈ, ਇਸ ਪੰਗਤੀ ਵਿੱਚ ਸ਼ਬਦ “ਨ” ਜੋ ਨਾਂਹ ਵਾਚਕ
ਹੈ ਸੋ ਸੁਣੀਐ ਦੇ ਨਾਲ ਨਾਂਹ ਵਾਚਕ ਸ਼ਬਦ ਜੁੜਨਾ ਹੈ - ਨਹੀਂ ਸੁਣਨਾ ਚਾਹੀਦਾ। ਅੰਮ੍ਰਿਤੁ ਹਰਿ
ਕੋ ਨਾਮੁ – ਸੱਚ ਨੂੰ ਜੀਵਨ ਵਿੱਚ ਅਪਨਾਉਣਾ ਹੀ ਹਰੀ ਦਾ ਅੰਮ੍ਰਿਤ ਹੈ। ਮਨਿ – ਮਨ
ਲੈਣ ਵਿੱਚ ਹੀ। ਸਭ – ਸਾਰੇ, ਸਦੀਵੀ। ਸੁਖ – ਸੁਖ। ਪਾਏ – ਪ੍ਰਾਪਤੀ ਹੈ। ਨਾਮੁ –
ਸੱਚ ਨੂੰ ਅਪਣਾਉਣਾ, ਗ੍ਰਹਿਣ ਕਰਨਾ। ਲੈਤ – ਲੈਣ ਨਾਲ। ਜੇਹ ਰਸਨ ਚਾਖਿਓ –
ਜਿਨ੍ਹਾਂ ਜਨਾਂ ਨੇ ਇਹ ਰਸ ਆਪਣੀ ਰਸਨਾ ਨਾਲ ਚੱਖਿਆ। ਤੇਹ ਜਨ ਤ੍ਰਿਪਤਿ ਅਘਾਏ – ਉਹ ਜਨ
ਤ੍ਰਿਪਤ ਹੋ ਗਏ। ਜਿਹ – ਜਿਹੜੇ। ਠਾਕੁਰੁ – ਠਾਕੁਰ ਦੀ। ਸੁਪ੍ਰਸੰਨੁ – ਉਸ ਦੀ
ਪ੍ਰਸ਼ੰਸਾ ਦੇ ਪਾਤਰ। ਭਯ+ – ਬਣਦੇ ਹਨ। ਸਤ – ਸਦੀਵੀ, ਸਥਿਰ ਰਹਿਣ ਵਾਲੇ।
ਸੰਗਤਿ –ਸੰਗ ਕਰਕੇ ਗਤਿ ਪ੍ਰਾਪਤ ਕਰ ਲੈਂਦੇ ਹਨ। ਤਿਹ – ਉਹ। ਪਿਆਰੁ – ਪਿਆਰ ਨਾਲ।
ਹਰਿ – ਹਰੀ ਕਰਤਾ। ਗੁਰੁ – ਗਿਆਨ ਨੂੰ ਜੀਵਨ ਵਿੱਚ ਗ੍ਰਹਿਣ ਕਰਨਾ, ਕਰਕੇ। ਨਾਨਕੁ –
ਨਾਨਕ ਦੇ। ਜਿਨੑ – ਜਿਨ੍ਹਾਂ। ਪਰਸਿਓ – ਅਪਣਾਇਆ। ਤਿਨੑੑ – ਉਨ੍ਹਾਂ
ਨੇ। ਸਭ ਕੁਲ – ਤਮਾਮ ਕੁਲ, ਮਾਨਵਤਾ। ਕੀਓ ਉਧਾਰੁ – ਉਧਾਰ ਕਰਨ ਵਾਲਾ।
ਅਰਥ:- ਹੇ ਭਾਈ! ਉਹ ਹਰੀ ਹੀ ਜਨਮ ਮਰਨ ਤੋਂ ਰਹਿਤ ਹੈ, ਉਹ ਹਰੀ ਹੀ
ਸਦਾ ਸਦੀਵੀ ਸਥਿਰ ਰਹਿਣ ਵਾਲਾ ਹੈ ਅਤੇ ਹਮੇਸ਼ਾ ਉਸ ਨੂੰ ਹੀ ਸਦੀਵੀ ਸਥਿਰ ਰਹਿਣ ਵਾਲਾ ਆਖਣਾ ਚਾਹੀਦਾ
ਹੈ, ਭਾਵ ਜਾਨਣਾ ਚਾਹੀਦਾ ਹੈ। ਉਸ ਇਕੁ ਆਦਿ ਪੁਰਖ ਸਦਾ ਸਦੀਵੀ ਸਥਿਰ ਰਹਿਣ ਵਾਲੇ ਕਰਤਾਰ ਤੋਂ
ਬਿਨਾਂ ਜੇਕਰ ਕੋਈ ਕਿਸੇ ਹੋਰ (ਅਵਤਾਰਵਾਦੀ) ਨੂੰ ਕਰਤਾ ਆਖੇ ਤਾਂ ਇਹ ਸੁਣਨਾ ਵੀ ਨਹੀਂ ਚਾਹੀਦਾ।
ਇਕੁ ਸੱਚ ਨੂੰ ਜੀਵਨ ਵਿੱਚ ਅਪਣਾਉਣਾ ਹੀ ਹਰੀ ਦਾ ਅੰਮ੍ਰਿਤ ਹੈ। ਇਹ ਗੱਲ ਮੰਨ ਲੈਣ ਵਿੱਚ ਹੀ
ਸਾਰਿਆਂ ਸੁੱਖਾਂ ਦੀ ਪ੍ਰਾਪਤੀ ਭਾਵ ਸਦੀਵੀ ਸੁਖ ਹੈ। ਇਸ ਤਰ੍ਹਾਂ ਜਿਨ੍ਹਾਂ ਇਸ ਸੱਚ ਨੂੰ ਆਪਣੀ
ਰਸਨਾ ਨਾਲ ਚੱਖਿਆ ਭਾਵ ਆਪਣੇ ਜੀਵਨ ਵਿੱਚ ਸੱਚ ਦਾ ਅਭਿਆਸ ਕੀਤਾ, ਉਹ ਜਨ ਹੀ ਤ੍ਰਿਪਤ ਭਾਵ ਨਿਹਾਲ
ਹੋਏ। ਇਸ ਤਰ੍ਹਾਂ ਜਿਹੜੇ ਉਸ ਠਾਕੁਰ-ਕਰਤੇ ਦੀ ਪ੍ਰਸ਼ੰਸਾ ਦੇ ਪਾਤਰ ਬਣਦੇ ਹਨ, ਉਹ ਉਸ ਸਦੀਵੀ ਸਥਿਰ
ਰਹਿਣ ਵਾਲੇ ਸੱਚ ਦਾ ਸੰਗ ਕਰਕੇ ਪਿਆਰ ਨਾਲ ਗਿਆਨ ਨੂੰ ਜੀਵਨ ਵਿੱਚ ਅਪਣਾਉਂਦੇ ਹਨ ਅਤੇ ਜੋ
(ਅਵਤਾਰਵਾਦੀ) ਆਪਣੇ ਆਪ ਨੂੰ ਰੱਬ ਅਖਵਾਉਂਦੇ ਹਨ, ਦੇ ਝੁਠ ਤੋਂ ਗਤਿ ਭਾਵ ਛੁਟਕਾਰਾ ਪ੍ਰਾਪਤ ਕਰ
ਲੈਂਦੇ ਹਨ। ਇਸ ਤਰ੍ਹਾਂ ਜਿਨ੍ਹਾਂ (ਭੱਟ ਸਾਹਿਬਾਨ) ਨੇ ਨਾਨਕ ਦੀ ਤਰ੍ਹਾਂ ਹਰੀ ਦੀ ਬਖ਼ਸ਼ਿਸ਼ ਗਿਆਨ
ਨੂੰ ਗ੍ਰਹਿਣ ਕਰਕੇ ਆਪਣੇ ਜੀਵਨ ਵਿੱਚ ਪਰਸਿਆ ਭਾਵ ਅਪਣਾਇਆ, ਉਨ੍ਹਾਂ ਨੇ ਨਾਨਕ ਵਾਂਗ ਹੀ ਇਹ ਜਾਣਿਆ
ਕਿ ਤਮਾਮ ਸਮੂਹ, ਕੁਲ ਮਾਨਵਤਾ ਦਾ ਉਧਾਰ ਕਰਨ ਵਾਲਾ ਇਕੁ ਹਰੀ ਹੀ ਹੈ (ਕੋਈ ਅਵਤਾਰਵਾਦੀ ਨਹੀਂ)।